ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਮੁਸ਼ਾਇਰੇ ’ਚ ਛਾਇਆ ਲੋਕ ਰੰਗ
ਲੁਧਿਆਣਾ: 13 ਜੁਲਾਈ 2019: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ)::
ਸੱਠਵਿਆਂ ਦੇ ਦਹਾਕੇ ਦੌਰਾਨ ਜਦੋਂ ਪੰਜਾਬ ਵਿੱਚ ਨਕਸਲਬਾੜੀ ਲਹਿਰ ਉੱਠੀ ਸੀ ਤਾਂ ਬੜੇ ਪੜ੍ਹੇ ਲਿਖੇ ਸੂਝਵਾਨ ਨੌਜਵਾਨ ਅਤੇ ਬਜ਼ੁਰਗ ਵੀ ਇਸ ਲਹਿਰ ਵੱਲ ਖਿੱਚੇ ਗਏ। ਲੋਕਾਂ ਨੂੰ ਲੱਗਣ ਲੱਗਿਆ ਸ਼ਾਇਦ ਇਸ ਨਾਲ ਹਾਲਾਤ ਵਿੱਚ ਆਈ ਖੜੋਤ ਟੁੱਟ ਜਾਵੇਗੀ। ਸ਼ਾਇਦ ਲੋਕ ਪੱਖੀ ਸਿਆਸਤ ਵਿੱਚ ਕੋਈ ਨਵੀਂ ਸਰਗਰਮੀ ਆ ਜਾਵੇਗੀ। ਇਸ ਲਹਿਰ ਦੀ ਆਮਦ ਨੇ ਇਸ ਖੜੋਤ ਅਤੇ ਨਿਰਾਸ਼ਾ ਨੂੰ ਤੋੜਿਆ ਵੀ ਸੀ ਪਰ ਫਿਰ ਵੀ ਇਹ ਲਹਿਰ ਮੰਜ਼ਿਲਾਂ ਵੱਲ ਨਹੀਂ ਵੱਧ ਸਕੀ। ਦਮਨ ਚੱਕਰ ਨਾਲ ਇਸ ਲਹਿਰ ਨੂੰ ਦਬਾ ਦਿੱਤਾ ਗਿਆ। ਦਮਨ ਦਾ ਇਸ ਦੌਰ ਵਿੱਚ ਵੀ ਪੰਜਾਬ ਦੀ ਕਲਮ ਵਿੱਚ ਇੱਕ ਵੱਡੀ ਤਬਦੀਲੀ ਦੇਖਣ ਵਿੱਚ ਆਈ। ਬਹੁਤ ਕੁਝ ਅਜਿਹਾ ਰਚਿਆ ਗਿਆ ਜਿਹੜਾ ਅੱਜ ਵੀ ਪ੍ਰਸੰਗਿਕ ਹੈ।
ਉਦੋਂ ਆਲ ਇੰਡੀਆ ਰੇਡੀਓ ਵਿੱਚ ਕੰਮ ਕਰਦੇ ਜਨਾਬ ਐਸ ਐਸ ਮੀਸ਼ਾ (ਸੋਹਣ ਸਿੰਘ ਮੀਸ਼ਾ) ਹੁਰਾਂ ਨੇ ਲਿਖਿਆ:
ਲਹਿਰਾਂ ਸੱਦਿਆ ਸੀ ਸਾਨੂੰ ਵੀ ਇਸ਼ਾਰਿਆਂ ਦੇ ਨਾਲ;
ਸਾਥੋਂ ਮੋਹ ਤੋੜ ਹੋਇਆ ਨ ਕਿਨਾਰਿਆਂ ਦੇ ਨਾਲ।
ਡਾਕਟਰ ਜਗਤਾਰ ਹੁਰਾਂ ਨੇ ਲਿਖਿਆ:
ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ!
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ!
ਲਹਿਰ ਦੇ ਦਮਨ ਤੋਂ ਬਾਅਦ ਦਾਅਵੇ ਕੀਤੇ ਗਏ ਕਿ ਇਹ ਲਹਿਰ ਲੋਕਾਂ ਨਾਲੋਂ ਕੱਟੀ ਗਈ। ਨਾਕਾਮ ਹੋ ਗਈ। ਅਜਿਹਾ ਬਹੁਤ ਕੁਝ ਆਖਿਆ ਅਤੇ ਪ੍ਰਚਾਰਿਆ ਗਿਆ। ਅਜਿਹੀ ਸਥਿਤੀ ਵਿੱਚ ਡਾਕਟਰ ਜਗਤਾਰ ਹੁਰਾਂ ਨੇ ਆਖਿਆ:
ਬੇੜੀਆਂ ਦੀ ਛਣਕ ਵਿੱਚ ਜੋ ਰਮਜ਼ ਹੈ,
ਕੌਣ ਕਹਿੰਦੈ, ਲੋਕਾਂ ਪਹਿਚਾਣੀ ਨਹੀਂ।
ਬੇੜੀਆਂ ਦੀ ਛਣਕ ਵਿੱਚ ਜੋ ਰਮਜ਼ ਹੈ,
ਕੌਣ ਕਹਿੰਦੈ, ਲੋਕਾਂ ਪਹਿਚਾਣੀ ਨਹੀਂ।
ਇਸ ਸਬੰਧੀ ਹੀ ਉਹਨਾਂ ਹੋਰ ਅੱਗੇ ਜਾ ਕੇ ਇੱਕ ਥਾਂ ਆਖਿਆ:
ਪੱਥਰ 'ਤੇ ਨਕਸ਼ ਹਾਂ ਮੈਂ, ਮਿੱਟੀ 'ਤੇ ਤਾਂ ਨਹੀਂ ਹਾਂ,
ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ।
ਕਿੰਨੀ ਕੁ ਦੇਰ ਆਖ਼ਿਰ, ਧਰਤੀ ਹਨੇਰ ਜਰਦੀ,
ਕਿੰਨੀ ਕੁ ਦੇਰ ਰਹਿੰਦਾ, ਖ਼ਾਮੋਸ਼ ਖੂਨ ਮੇਰਾ।
ਪੈਰਾਂ 'ਚ ਬੇੜੀਆਂ ਨੇ, ਨਚਦੇ ਨੇ ਲੋਕ ਫਿਰ ਵੀ,
ਕਿਉਂ ਵੇਖ ਵੇਖ ਉੱਡਦੈ, ਚਿਹਰੇ ਦਾ ਰੰਗ ਤੇਰਾ।
ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ।
ਕਿੰਨੀ ਕੁ ਦੇਰ ਆਖ਼ਿਰ, ਧਰਤੀ ਹਨੇਰ ਜਰਦੀ,
ਕਿੰਨੀ ਕੁ ਦੇਰ ਰਹਿੰਦਾ, ਖ਼ਾਮੋਸ਼ ਖੂਨ ਮੇਰਾ।
ਪੈਰਾਂ 'ਚ ਬੇੜੀਆਂ ਨੇ, ਨਚਦੇ ਨੇ ਲੋਕ ਫਿਰ ਵੀ,
ਕਿਉਂ ਵੇਖ ਵੇਖ ਉੱਡਦੈ, ਚਿਹਰੇ ਦਾ ਰੰਗ ਤੇਰਾ।
ਇਹ ਸਭ ਕੁਝ ਯਾਦ ਆ ਰਿਹਾ ਸੀ ਸ਼ਨੀਵਾਰ 13 ਜੁਲਾਈ 2019 ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਹੋਏ ਕਵੀ ਦਰਬਾਰ ਨੂੰ ਦੇਖ ਕੇ।
ਇਸ ਮੁਸ਼ਾਇਰੇ ਦੇ ਆਯੋਜਨ ਦੀ ਵੀ ਇੱਕ ਦਿਲਚਸਪ ਅਤੇ ਸੱਚੀ ਕਹਾਣੀ ਹੈ। ਗੱਲ ਕਰਦੇ ਹਾਂ ਮੈਡਮ ਕੁਲਵੰਤ ਕੌਰ ਦੀ। ਜ਼ਿੰਦਗੀ ਗੁਜ਼ਾਰਨ ਲਈ ਕੰਮ ਕਰਨਾ ਜ਼ਰੂਰੀ ਸੀ ਸੋ ਇੱਕ ਸਰਕਾਰੀ ਸਕੂਲ ਵਿੱਚ ਸੇਵਾਦਾਰੀ ਦਾ ਨੌਕਰੀ ਮਿਲ ਗਈ। ਗੁਰਸ਼ਰਨ ਭਾਅ ਜੀ ਅਕਸਰ ਵਿੱਚ ਮੌਜੂਦਾ ਸਥਿਤ ਨੂੰ ਦਿਖਾਉਂਦੇ ਹਾਲਾਤ ਪੇਸ਼ ਕਰਿਆ ਕਰਦੇ ਸਨ। ਚਾਰ ਪੰਜ ਦਹਾਕੇ ਪਹਿਲਾਂ ਇੱਕ ਵਾਰ ਉਹਨਾਂ ਅੰਮ੍ਰਿਤਸਰ ਦੇ ਇੱਕ ਓਪਨ ਏਅਰ ਥਿਏਟਰ ਵਿੱਚ ਇੱਕ ਨਾਟਕ ਖੇਡਿਆ ਜਿਹੜਾ ਨਾਨਕ ਸਿੰਘ ਹੁਰਾਂ ਦੇ ਇੱਕ ਨਾਵਲ 'ਤੇ ਅਧਾਰਿਤ ਸੀ। ਇਸ ਨਾਟਕ ਦਾ ਨੌਜਵਾਨ ਨਾਇਕ ਬੀਏ ਪਾਸ ਕਰਕੇ ਵੀ ਬੂਟ ਪਾਲਸ਼ ਕਰਨ ਲਈ ਮਜਬੂਰ ਹੋ ਜਾਂਦਾ ਹੈ। ਉਸਤੋਂ ਬਾਅਦ ਵੀ ਹਾਲਾਤ ਲਗਾਤਾਰ ਵਿਗੜਦੇ ਹੀ ਚਲੇ ਗਏ। ਅੱਜ ਡਿਗਰੀਆਂ ਦਾ ਥੱਬਾ ਲੈ ਕੇ ਵੀ ਨੌਕਰੀਆਂ ਨਹੀਂ ਮਿਲਦੀਆਂ। ਅਜਿਹੇ ਸਿਸਟਮ ਵਿਛ ਸੇਵਾਦਾਰੀ ਦੀ ਨੌਕਰੀ ਕੋਈ ਛੋਟੀ ਨਹੀਂ ਸੀ। ਇਸ ਨੌਕਰੀ ਨੂੰ ਕਰਦਿਆਂ ਮੈਡਮ ਕਮਲੇਸ਼ ਕੁਮਾਰੀ ਨੇ ਬਹੁਤ ਕੁਝ ਦੇਖਿਆ। ਜ਼ਿੰਦਗੀ ਦੀਆਂ ਹਕੀਕਤਾਂ ਅਤੇ ਸਿਸਟਮ ਦੀਆਂ ਹਕੀਕਤਾਂ। ਇਹਨਾਂ ਕੌੜੀਆਂ ਹਕੀਕਤਾਂ ਨੂੰ ਦੇਖ ਦੇਖ ਕੇ ਉਸਦੀ ਸੰਵੇਦਨਸ਼ੀਲਤਾ ਵਧਦੀ ਚਲੀ ਗਈ। ਮਹੀਨੇ ਗੁਜ਼ਰੇ, ਸਾਲ ਗੁਜ਼ਰੇ ਆਖਿਰ ਰਿਟਾਇਰਮੈਂਟ ਦਾ ਸਮਾਂ ਆ ਗਿਆ। ਵਿਦਾਇਗੀ ਪਾਰਟੀ ਦੇ ਆਯੋਜਨ ਦੀ ਤਿਆਰੀ ਹੋਣ ਲੱਗੀ ਤਾਂ ਮੈਡਮ ਕਮਲੇਸ਼ ਕੁਮਾਰੀ ਨੂੰ ਪੁੱਛਿਆ ਗਿਆ ਕਿ ਅਸੀਂ ਸਾਰੇ ਰਲ ਕੇ ਅੱਜ ਕਿਹੜੀ ਕਿਹੜੀ ਸੌਗਾਤ ਦੇਈਏ? ਰਿਵਾਜ ਵੀ ਇਹੀ ਸੀ ਅਤੇ ਦਸਤੂਰ ਵੀ। ਉਹ ਕੋਈ ਵੀ ਦੁਨਿਆਵੀ ਸੁੱਖ ਸਹੂਲਤਾਂ ਵਾਲੀ ਚੀਜ਼ ਮੰਗ ਸਕਦੀ ਸੀ। ਪਰ ਕਮਲੇਸ਼ ਕੁਮਾਰੀ ਨੇ ਬੜੀ ਹਲੀਮੀ ਨਾਲ ਆਖਿਆ ਤੁਸੀਂ ਮੇਰੀ ਵਿਦਾਇਗੀ ਮੌਕੇ ਇਕ ਕਵੀ ਦਰਬਾਰ ਕਰਵਾ ਦਿਓ। ਉਹ ਕਵੀ ਦਰਬਾਰ ਪੰਜਾਬੀ ਭਵਨ ਵਿੱਚ ਹੀ ਸ਼ਾਇਦ 2017 ਵਿੱਚ ਹੋਇਆ ਸੀ। ਉਹ ਵੀ ਕਾਮਯਾਬ ਸੀ ਅਤੇ ਅਤੇ ਉਸੇ ਲੜੀ ਵਿੱਚ ਹੀ ਇਹ ਦੂਸਰਾ ਕਵੀ ਦਰਬਾਰ ਸੀ ਜਿਹੜਾ ਸ਼ਨੀਵਾਰ 13 ਜੁਲਾਈ 2019 ਨੂੰ ਪੰਜਾਬੀ ਭਵਨ ਵਿੱਚ ਹੋਇਆ।
ਸ਼ਹੀਦ ਭਗਤ ਸਿੰਘ ਸਭਿਆਚਾਰ ਮੰਚ ਲੁਧਿਆਣਾ ਵੱਲੋਂ ਜਲ੍ਹਿਆਂ ਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ਕਰਦਿਆਂ ਪੰਜਾਬੀ ਭਵਨ ਲੁਧਿਆਣਾ ਵਿੱਚ ਪੰਜਾਬ ਦੇ ਕਈ ਨਾਮਵਰ ਨੌਜਵਾਨ ਕਵੀਆਂ ਨੇ ਜਿੱਥੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਉੱਥੇ ਉਨਾਂ ਅੱਜ ਦੇ ਸਮਿਆਂ ਦੀ ਗੱਲ ਵੀ ਕੀਤੀ। ਇਸਦੇ ਨਾਲ ਹੀ ਵੱਖ ਵੱਖ ਸਮਾਜਿਕ ਕੁਰੀਤੀਆਂ, ਮੁੱਦਿਆਂ ਅਤੇ ਲੋਕਾਂ ਨੂੰ ਸੇਧ ਦੇਣ ਵਾਲੀਆਂ ਆਪਣੀਆਂ ਕਵਿਤਾਵਾਂ ਰਾਹੀਂ ਸਰੋਤਿਆਂ ਨੂੰ ਕੀਲ ਕੇ ਬਿਠਾਈ ਰੱਖਿਆ ਅਤੇ ਕਵਿਤਾਵਾਂ ਰਾਹੀਂ ਚੰਗਾ ਰੰਗ ਬੰਨਿਆ।ਇਸ ਕਵੀ ਦਰਬਾਰ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਸੁਖਵਿੰਦਰ ਲੀਲ੍ਹ, ਮੈਡਮ ਕਮਲੇਸ਼ ਕੁਮਾਰੀ, ਰੁਪਿੰਦਰਪਾਲ ਸਿੰਘ ਗਿੱਲ, ਮਾਸਤਰ ਤਰਲੋਚਨ ਸਿੰਘ ਸਮਰਾਲਾ, ਕਸਤੂਰੀ ਲਾਲ, ਅਤੇ ਮੈਡਮ ਸੁਰਿੰਦਰ ਕੌਰ ਨੇ ਕੀਤੀ।
ਇਸ ਮੌਕੇ ਜਗਵਿੰਦਰ ਜੋਧਾਂ, ਡਾਕਟਰ ਗੁਲਜ਼ਾਰ ਪੰਧੇਰ, ਸੁਰਜੀਤ ਗੱਗ, ਪਾਲੀ ਖਾਦਿਮ, ਹਰਬੰਸ ਮਾਲਵਾ, ਜਸਵੰਤ ਕਾਫ਼ਰ, ਸਾਧਨਾ ਗੁਪਤਾ, ਕੇ. ਸਾਧੂ ਸਿੰਘ, ਅਮਰ ਸੂਫ਼ੀ, ਪੂਜਾ ਸ਼ਰਮਾ, ਤਰਲੋਚਨ ਸਮਰਾਲਾ, ਲਖਵਿੰਦਰ, ਰਾਜਦੀਪ ਤੂਰ, ਮੁਕੇਸ਼ ਆਲਮ, ਜਗਤਾਰ ਹਿਸੋਵਾਲ, ਪ੍ਰਭਜੋਤ ਸੋਹੀ ਅਤੇ ਕਾਰਤਿਕਾ ਆਦਿ ਕਵੀਆਂ ਨੇ ਕਵਿਤਾਵਾਂ ਸੁਣਾ ਕੇ ਦਾਜ ਦੀ ਲਾਹਨਤ, ਧੀਆਂ ਦਾ ਸਤਿਕਾਰ, ਨਸ਼ਿਆ ਦੀ ਅਲਾਮਤ, ਲੱਚਰ ਸਭਿਆਚਾਰ, ਅੰਤਰ ਜਾਤੀ ਪਿਆਰ ਵਿਆਹ, ਭਿਸ਼ਟਾਚਾਰ ਦਾ ਬੋਲਬਾਲਾ, ਵਿੱਦਿਆ ਵਿਚਾਰੀ ਪਰਉਪਕਾਰੀ, ਵਾਤਾਵਰਣ ਬਚਾਓ ਸਮੇਤ ਹੋਰ ਅਹਿਮ ਆਰਥਿਕ ਤੇ ਸਮਾਜਿਕ ਮੁੱਦਿਆਂ ਉੱਪਰ ਆਪਣੀਆਂ ਕਵਿਤਾਵਾਂ ਪੜ੍ਹੀਆ। ਮੰਚ ਦੇ ਆਗੂ ਰਪਿੰਦਰਪਾਲ ਸਿੰਘ ਗਿੱਲ ਨੇ ਸ਼ਹੀਦ ਭਗਤ ਸਭਿਆਚਾਰ ਮੰਚ ਦੇ ਕੰਮਕਾਜ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਮੰਚ ਦੇ ਪ੍ਰਧਾਨ ਸੁਖਵਿੰਦਰ ਲੀਲ੍ਹ ਵੱਲੋਂ ਮੰਚ ਦੀ ਮੁਖ ਸਹਿਯੋਗੀ ਕਮਲੇਸ਼ ਕੁਮਾਰੀ ਦੀ ਸੁਲਾਘਾ ਕਰਦੇ ਦੱਸਿਆ ਕਿ ਬਹੁਤ ਘੱਟ ਲੋਕ ਹੁੰਦੇ ਹਨ ਜੋ ਸਰਕਾਰੀ ਸੇਵਾ ਤੋਂ ਮੁਕਤ ਹੋ ਕੇ ਸਮਾਜ ਸੇਵਾ ਲਈ ਅੱਗੇ ਆਉਂਦੇ ਹਨ। ਇਸ ਮੌਕੇ ਹਾਜਰ ਕਵੀਆਂ ਨੂੰ ਅਗਾਂਹਵਧੂ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ। ਮੰਚ ਵੱਲੋਂ ਸ੍ਰੀਮਤੀ ਕਮਲੇਸ਼ ਕੁਮਾਰੀ,ਸੁਰਿੰਦਰ ਕੌਰ ਸਮੇਤ ਮੋਮੈਂਟੋ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰੀਸ਼ ਪੱਖੋਵਾਲ, ਰਮਨਜੀਤ ਸੰਧੂ, ਪਰਮਜੀਤ ਲੀਲ੍ਹ, ਅਮਰੀਕ ਪੱਖੋਵਾਲ, ਹਰਪ੍ਰੀਤ ਜੀਰਖ, ਸਵਰਨਜੀਤ ਕੌਰ, ਪ੍ਰਭਾ ਰਾਣੀ, ਪ੍ਰਵੀਨ ਕੁਮਾਰੀ, ਜਸਵੰਤ ਜੀਰਖ, ਅਰੁਣ ਕੁਮਾਰ, ਸਮੇਤ ਵੱਡੀ ਗਿਣਤੀ ਸਰੋਤੇ ਹਾਜਰ ਸਨ।
No comments:
Post a Comment