Sunday, January 20, 2019

ਪੰਜਾਬੀ ਭਵਨ ਦੀ ਲਾਇਬਰੇਰੀ ਨੂੰ ਨਵਾਂ ਹਾਲ ਮਿਲਣ 'ਤੇ ਖੁਸ਼ੀ ਦੇ ਲਹਿਰ

ਇਹ ਪੰਜਾਬ ਦੀ ਸਭ ਤੋਂ ਵੱਡੀ ਰੈਫਰੈਂਸ ਅਤੇ ਖੋਜ ਲਾਇਬਰੇਰੀ-ਡਾ. ਸੁਰਜੀਤ
ਲੁਧਿਆਣਾ: 20 ਜਨਵਰੀ 2019: (ਪੰਜਾਬ ਸਕਰੀਨ ਟੀਮ):: 
ਸਾਹਿਤ, ਸਿੱਖਿਆ ਅਤੇ ਸੱਭਿਆਚਾਰਕ ਸਰਗਰਮੀਆਂ ਦੇ ਕੇਂਦਰ ਵੱਜੋਂ ਸਥਾਪਿਤ ਹੋ ਚੁੱਕੇ ਪੰਜਾਬੀ ਭਵਨ ਵਿੱਚ ਅੱਜ ਇੱਕੋ ਵੇਲੇ ਕਈ ਆਯੋਜਨ ਹੋਏ।  ਸਿੱਖਿਆ ਦੇ ਖੇਤਰ ਵਿੱਚ ਹੋ ਰਹੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਕਰਨ ਵਾਲਾ ਸੈਮੀਨਾਰ, ਲਾਇਬਰੇਰੀ ਦੀ ਨਵੀਂ ਇਮਾਰਤ ਦਾ ਉਦਘਾਟਨ, ਪੰਜਾਬੀ ਸਾਹਿਤ ਅਕਾਦਮੀ ਦੇ ਅੰਤਰਿੰਗ ਬੋਰਡ ਦੀ ਮੀਟਿੰਗ ਅਤੇ ਸਾਹਿਤਕ ਸੰਗਠਨ "ਪੰਜਾਬੀ ਗ਼ਜ਼ਲ ਮੰਚ, ਫਿਲੌਰ" ਦੀ ਮੀਟਿੰਗ। 
ਪੰਜਾਬੀ ਭਵਨ ਵਿਚਲੀ ਲਾਇਬਰੇਰੀ ਨੂੰ ਚਿਰਾਂ ਤੋਂ ਕਿਸੇ ਖੁੱਲੇ ਡੁੱਲੇ ਹਵਾਦਾਰ ਹਾਲ ਦੀ ਉਡੀਕ ਸੀ। ਇਹ ਮਸਲਾ ਬੜੇ ਚਿਰਾਂ ਤੋਂ ਲਟਕ ਰਿਹਾ ਸੀ। ਜਿਸ ਸਮਾਜ ਵਿੱਚ ਦਾਰੂ ਦੇ ਬੋਤਲ ਦਾ ਖਰਚਾ ਤਾਂ ਜ਼ਰੂਰੀ ਲੱਗੇ ਪਰ ਕਿਤਾਬ ਖਰੀਦਣਾ ਫਜ਼ੂਲਖਰਚੀ ਤਾਂ ਉਸ ਮਾਹੌਲ ਵਿੱਚ ਲਾਇਬਰੇਰੀਆਂ ਵਾਲਾ ਪੁਸਤਕ ਸੱਭਿਆਚਾਰ ਪੈਦਾ ਕਰਨਾ ਕੋਈ ਆਸਾਨ ਕੰਮ ਨਹੀਂ ਹੁੰਦਾ। ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾਕਟਰ ਸੁਰਜੀਤ ਸਿੰਘ ਅਤੇ ਉਹਨਾਂ ਦੇ ਕਈ ਹੋਰ ਸਾਥੀ ਇਸ ਪੁਸਤਕ ਸੱਭਿਆਚਾਰ ਨੂੰ ਪੈਦਾ ਕਰਨ ਅਤੇ ਪਰਫੁੱਲਿਤ ਕਰਨ ਲਈ ਚਿਰਾਂ ਤੋਂ ਜਤਨਸ਼ੀਲ ਸਨ। ਉਹਨਾਂ ਕਈ ਨਿਜੀ ਲਾਇਬਰੇਰੀਆਂ ਸ਼ੁਰੂ ਕਰਾਉਣ ਵਿੱਚ ਵੀ ਬੜਾ ਹੀ ਚੁਪਕੀਤੇ ਰਹਿ ਕੇ ਆਪਣਾ ਸਰਗਰਮ ਯੋਗਦਾਨ ਦਿੱਤਾ।
ਅੱਜ ਜਦੋਂ ਪੰਜਾਬੀ ਭਵਨ ਦੀ ਰੈਫਰੈਂਸ ਅਤੇ ਖੋਜ ਲਾਇਬਰੇਰੀ ਲਈ ਨਵੇਂ ਹਾਲ ਦਾ ਉਦਘਾਟਨ ਹੋਇਆ ਤਾਂ ਸਭ ਤੋਂ ਖੁਸ ਨਜ਼ਰ ਆਉਣ ਵਾਲਿਆਂ ਵਿੱਚ ਡਾਕਟਰ ਸੁਰਜੀਤ ਸਿੰਘ ਵੀ ਸ਼ਾਮਲ ਸਨ। ਇਸ ਇਤਿਹਾਸਿਕ ਮੌਕੇ ਉਹਨਾਂ ਦੱਸਿਆ ਕਿ ਇਹ ਪੰਜਾਬ ਦੀ ਸਭ ਤੋਂ ਵੱਡੀ ਰੈਫਰੈਂਸ ਅਤੇ ਖੋਜ ਲਾਇਬਰੇਰੀ ਹੈ। ਇਸ ਲਾਇਬਰੇਰੀ ਵਿੱਚ ਇਸ ਮੌਕੇ 60 ਹਜ਼ਾਰ ਦੇ ਕਰੀਬ ਕਿਤਾਬਾਂ ਹਨ। ਛੇਤੀ ਹੀ ਇਸ ਵਿਚ ਈ-ਪੁਸਤਕਾਂ ਦੇ ਮਾਮਲੇ ਵਿੱਚ ਠੋਸ ਵਿਕਾਸ ਦੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਇਸ ਮਕਸਦ ਲਈ ਈ-ਕਿਤਾਬਾਂ ਦੇਣ ਅਤੇ ਹੋਰ ਸਬੰਧਤ ਸਹਿਯੋਗ ਦੇਣ ਵਾਲਿਆਂ ਨੂੰ ਵੀ ਖੁੱਲ੍ਹਾ ਸੱਦਾ ਹੈ। 
ਸਾਹਿਰ ਲੁਧਿਆਣਵੀ ਲਾਇਬ੍ਰੇਰੀ ਹਾਲ ਦੇ ਇਸ ਸ਼ੁਭ ਆਰੰਭ ਦੀ ਘੜੀ ਵੀ ਬੜੀ ਉਡੀਕ ਮਗਰੋਂ ਆਈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਿਖੇ ਡਾ. ਮਨੋਹਰ ਸਿੰਘ ਗਿੱਲ ਵਲੋਂ ਦਿੱਤੀ ਪੱਚੀ ਲੱਖ ਰੁਪਏ ਦੀ ਗਰਾਂਟ ਨਾਲ ਪੰਚਾਇਤੀ ਰਾਜ ਵਿਭਾਗ ਰਾਹੀਂ ਤਿਆਰ ਹੋਏ ਸਾਹਿਰ ਲੁਧਿਆਣਵੀ ਲਾਇਬਰੇਰੀ ਹਾਲ ਨੂੰ ਅੱਜ ਪਾਠਕਾਂ ਲਈ ਖੋਹਲ ਦਿੱਤਾ ਗਿਆ ਹੈ। ਇਸ ਸਬੰਧੀ ਇਕ ਸੰਖੇਪ ਜਿਹਾ ਉਦਘਾਟਨੀ ਸਮਾਗਮ ਆਯੋਜਿਤ ਕੀਤਾ ਗਿਆ। ਉੱਘੇ ਨਾਟਕਕਾਰ ਡਾ. ਆਤਮਜੀਤ ਨੇ ਰਿਬਨ ਕੱਟ ਕੇ ਪਹਿਲੇ ਪਾਠਕ ਵਜੋਂ ਹਾਜ਼ਰੀ ਲਵਾਈ। ਹੁਣ ਇਸ ਨਵੇਂ ਬਣੇ ਲਾਇਬਰੇਰੀ ਹਾਲ ਵਿਚ ਅੱਜ ਤੋਂ ਪਾਠਕ, ਵਿਦਿਆਰਥੀ ਅਤੇ ਖੋਜਾਰਥੀ ਲਾਇਬ੍ਰੇਰੀ ਦੇ ਅਨਮੋਲ ਖ਼ਜ਼ਾਨੇ ਦਾ ਲਾਭ ਉਠਾ ਸਕਣਗੇ। ਇਸ ਵੇਲੇ 60,000 ਤੋਂ ਵੱਧ ਪੁਸਤਕਾਂ ਵਾਲੀ ਇਸ ਲਾਇਬਰੇਰੀ ਵਿਚ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਅਤੇ ਫ਼ਾਰਸੀ ਭਾਸ਼ਾਵਾਂ ਵਿਚ ਪੁਸਤਕਾਂ ਉਪਲੱਬਧ ਹਨ। ਅਕਾਡਮੀ ਦੇ ਪੰਜਾਬ ਰੈਫ਼ਰੇਂਸ ਤੇ ਖੋਜ ਕੇਂਦਰ ਵਿਚ ਪੰਜਾਬੀ ਵਿਚ ਖੋਜ ਕਰਵਾਉਣ ਵਾਲੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਪੀਐੱਚ.ਡੀ., ਐਮ.ਫ਼ਿਲ, ਐਮ.ਲਿਟ ਅਤੇ ਐਮ.ਏ. ਦੇ ਖੋਜ ਨਿਬੰਧ/ਖੋਜ ਪਰਬੰਧ ਵੱਡੀ ਮਾਤਰਾ ਵਿਚ ਉਪਲੱਬਧ ਹਨ।
ਪੰਜਾਬੀ ਸਾਹਿਤ ਅਕਾਡਮੀ ਦੇ ਪਰਧਾਨ ਪਰੋਫ਼ੈਸਰ ਰਵਿੰਦਰ ਸਿੰਘ ਭੱਠਲ ਨੇ ਦਸਿਆ ਕਿ 1954 ਵਿਚ ਸਥਾਪਿਤ ਇਹ ਲਾਇਬਰੇਰੀ ਪਹਿਲਾਂ ਇਕ ਤਤਕਾਲੀ ਜਨਰਲ ਸਕੱਤਰ ਜੀ ਦੇ ਘਰ ਵਿਚ ਚਲਦੀ ਰਹੀ ਅਤੇ 1968 ਵਿਚ ਇਹ ਬਕਾਇਦਾ ਪੰਜਾਬੀ ਭਵਨ ਵਿਚ ਸਥਾਪਿਤ ਲਾਇਬਰੇਰੀ ਹਾਲ ਵਿਚ ਸਥਾਪਿਤ ਕੀਤੀ ਗਈ। 1993 ਤੋਂ ਪਰਿੰਸੀਪਾਲ ਪਰੇਮ ਸਿੰਘ ਬਜਾਜ ਦੀ ਦੇਖਰੇਖ ਹੇਠ ਚਲਣ ਵਾਲੀ ਇਸ ਲਾਇਬਰੇਰੀ ਵਿਚ ਕਿਤਾਬਾਂ ਦੀ ਗਿਣਤੀ ਵਿਚ ਵੱਡੀ ਪੱਧਰ ਤੇ ਇਜ਼ਾਫ਼ਾ ਹੋਇਆ ਜਿਸ ਕਰਕੇ ਨਵੀਂ ਇਮਾਰਤ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ। ਇਸ ਜ਼ਰੂਰਤ ਦੀ ਪੂਰਤੀ ਕਰਨ ਦਾ ਵਾਇਦਾ ਡਾ. ਮਨੋਹਰ ਸਿੰਘ ਗਿੱਲ ਹੋਰਾਂ ਕੀਤਾ ਅਤੇ ਨਵੀਂ ਇਮਾਰਤ ਦੀ ਉਸਾਰੀ ਵਿਚ ਵਿਸ਼ੇਸ਼ ਦਿਲਚਸਪੀ ਲਈ।
ਇਸ ਲਾਇਬਰੇਰੀ ਦੀ ਸਾਂਭ ਸੰਭਾਲ ਅਤੇ ਸੰਚਾਲਨ ਦਾ ਕਾਰਜ ਪ੍ਰਿੰ. ਪ੍ਰੇਮ ਸਿੰਘ ਬਜਾਜ ਹੋਰਾਂ ਦੀ ਅਗਵਾਈ ਵਿਚ ਚਲ ਰਿਹਾ ਹੈ। ਉਹਨਾਂ ਤੋਂ ਇਲਾਵਾ ਦੋ ਸਿਖਲਾਈ ਹਾਸਲ ਕਰ ਰਹੀਆਂ ਲਾਇਬਰੇਰੀਅਨ ਵੀ ਕਾਰਜਸ਼ੀਲ ਹਨ ਜੋ ਪਾਠਕਾਂ ਨੂੰ ਭਰਪੂਰ ਸਹਿਯੋਗ ਦਿੰਦੇ ਹਨ। ਅੱਜ ਲਾਇਬਰੇਰੀ ਦੇ ਸ਼ੁਭ ਆਰੰਭ ਸਮੇਂ ਡਾ. ਆਤਮਜੀਤ ਸਿੰਘ ਹੋਰਾਂ ਦੇ ਨਾਲ ਅਕਾਡਮੀ ਦੇ ਪਰਧਾਨ ਪਰੋਫ਼ੈਸਰ ਰਵਿੰਦਰ ਸਿੰਘ ਭੱਠਲ, ਜਨਰਲ ਸਕੱਤਰ ਡਾ. ਸੁਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਸਹਿਜਪਰੀਤ ਸਿੰਘ ਮਾਂਗਟ, ਖੁਸ਼ਵੰਤ ਬਰਗਾੜੀ, ਡਾ. ਗੁਰਇਕਬਾਲ ਸਿੰਘ, ਮਨਜਿੰਦਰ ਧਨੋਆ, ਡਾ. ਤੇਜਵੰਤ ਮਾਨ, ਗੁਲਜ਼ਾਰ
ਸਿੰਘ ਸ਼ੌਂਕੀ, ਭਗਵੰਤ ਰਸੂਲਪੁਰੀ, ਤ੍ਰ੍ਰੈਲੋਚਨ ਲੋਚੀ, ਜਸਵੀਰ ਝੱਜ, ਸੁਖਦਰਸ਼ਨ ਗਰਗ, ਭੁਪਿੰਦਰ ਸੰਧੂ, ਜਨਮੇਜਾ ਸਿੰਘ ਜੌਹਲ, ਮੇਜਰ ਸਿੰਘ ਗਿੱਲ, ਪਰਿੰਸੀਪਲ ਪਰੇਮ ਸਿੰਘ ਬਜਾਜ, ਸੁਰਿੰਦਰ ਦੀਪ ਅਤੇ ਲਾਇਬਰੇਰੀ ਸਟਾਫ਼ ਸੁਰਿੰਦਰ ਕੌਰ, ਕਮਲਪਰੀਤ ਕੌਰ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਤੇ ਪਾਠਕ ਹਾਜ਼ਰ ਸਨ
ਇਸ ਸਬੰਧੀ ਤੁਸੀਂ ਪੂਰਾ ਵੇਰਵਾ ਡਾਕਟਰ ਸੁਰਜੀਤ ਸਿੰਘ ਹੁਰਾਂ ਦੀ ਜ਼ੁਬਾਨੀ ਪੰਜਾਬ ਸਕਰੀਨ ਦੀ ਵੀਡੀਓ ਵਿੱਚ ਵੀ ਦੇਖ-ਸੁਣ ਸਕਦੇ ਹੋ।  

No comments: