Showing posts with label Reactions. Show all posts
Showing posts with label Reactions. Show all posts

Monday, July 12, 2021

ਪ੍ਰਧਾਨ ਮੰਤਰੀ ਮੋਦੀ ਨੂੰ ਭੇਟ ਪੁਸਤਕ ਦੀ ਕੇਂਦਰੀ ਸਿੰਘ ਸਭਾ ਵੱਲੋਂ ਵੀ ਆਲੋਚਨਾ

Monday: 12th July 2021 at 4:42 PM  WhatsApp

ਗੁਰੂ ਗੋਬਿੰਦ ਸਿੰਘ ਦੀ ਰਮਾਇਣ-ਸਿੱਖ-ਸਿਧਾਂਤਾਂ ਤੇ ਹਮਲਾ-ਕੇਂਦਰੀ ਸਿੰਘ ਸਭਾ


ਚੰਡੀਗੜ੍ਹ
: 12 ਜੁਲਾਈ 2021: (ਪੰਜਾਬ ਸਕਰੀਨ ਬਿਊਰੋ):: 

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨਾਲ ਜੁੜ੍ਹੇ ਬੁਧੀਜੀਵੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਬਕਾ ਰਾਜ ਸਭਾ ਮੈਂਬਰ ਸੀਨੀਅਰ ਸੁਪਰੀਮ ਕੋਰਟ ਵਕੀਲ ਕੇ.ਟੀ.ਐਸ ਤੁਲਸੀ ਵੱਲੋਂ ਭੇਟ ‘ਗੁਰੂ ਗੋਬਿੰਦ ਸਿੰਘ ਜੀ ਦੀ ਰਮਾਇਣ’ ਸਿੱਖ ਸਿਧਾਂਤ ਉੱਤੇ ਸਿੱਧਾ ਹਮਲਾ ਹੈ ਕਿਉਂਕਿ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਰਮਾਇਣ ਨਹੀਂ ਲਿਖੀ।

ਸ੍ਰੀ ਗੁਰੂ ਕੇਂਦਰੀ ਸਿੰਘ ਸਭਾ ਦੀ ਫਾਈਲ ਫੋਟੋ 
ਦਸਵੇਂ ਪਾਤਸ਼ਾਹ ਦੇ ਨਾਮ ਨਾਲ ਰਮਾਇਣ ਜੋੜ੍ਹਕੇ ਹਿੰਦੂਤਵੀਂ ਬ੍ਰਾਹਮਣਵਾਦੀ ਤਾਕਤਾਂ ਵੱਲੋਂ ਸਿੱਖ ਧਰਮ ਅਤੇ ਹਿਸਟਰੀ ਦੇ ਨਿਵੇਕਲੇਪਣ ਨੂੰ ਖਤਮ ਕਰਨਾ ਅਤੇ ਹਿੰਦੂ ਮਿਥਿਹਾਸਕ ਰਚਨਾਵਾਂ ਨੂੰ ਇਤਿਹਾਸਕ ਪ੍ਰਮਾਣਤਾ ਦੇਣ ਦੀਆਂ ਪੇਤਲੀਆਂ ਕੋਸ਼ਿਸ਼ਾਂ ਹਨ।

ਪਹਿਲਾਂ ਵੀ ਅਯੁੱਧਿਆਂ ਵਿੱਚ ਰਾਮ ਮੰਦਰ ਦੀ ਨੀਂਹ ਰੱਖਣ ਵੇਲੇ ਦੀ ਨਰਿੰਦਰ ਮੋਦੀ ਨੇ ਆਪਣੀ ਤਕਰੀਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਮਾਇਣ ਲਿਖੇ ਜਾਣ ਦਾ ਝੂਠਾ ਹਵਾਲਾ ਦਿੱਤਾ ਸੀ ਜਿਸ ਦਾ ਸਿੱਖ ਵਿਦਵਾਨਾਂ ਨੇ ਭਰਵਾਂ ਵਿਰੋਧ ਕੀਤਾ ਸੀ।

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰਾਮ ਦਸ਼ਰਥ-ਪੁੱਤਰ ਨਹੀਂ ਸਗੋਂ ਬ੍ਰਹਿਮੰਡ ਦੇ ਕਣ-ਕਣ ਵਿੱਚ ਰਮਿਆ ਹੋਇਆ ਰਾਮ ਹੈ।

ਰਮਤ ਰਾਮੁ ਸਭ ਰਹਿਓ ਸਮਾਇ॥ (ਪੰਨਾ 865)।

ਰਮਤ ਰਾਮ ਘਟ ਘਟ ਆਧਾਰ। (ਪੰਨਾ 897)

ਦਸ਼ਰਥ ਪੁਤਰ ਰਾਮ ਚੰਦ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਵਿਚ ਬੜਾ ਸਪਸ਼ਟ ਦਰਜ ਹੈ

ਰੋਵੈ ਰਾਮੁ ਨਿਕਾਲਾ ਭਇਆ॥

ਸੀਤਾ ਲਖਮਣੁ ਵਿਛੁੜਿ ਗਇਆ॥ (ਪੰਨਾ 954)।

ਬੁੱਧੀਜੀਵੀਆਂ ਨੇ ਕਿਹਾ ਕਾਂਗਰਸ ਨੇ ਤੁਲਸੀ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਸੀ ਕਿਉਂਕਿ ਉਹ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਵਿੱਚ ਫਸੇ ਪੁਲਿਸ ਅਫਸਰਾਂ ਦੇ ਕੇਸ ਸੁਪਰੀਮ ਕੋਰਟ ਵਿੱਚ ਲੜ੍ਹਦਾ ਰਿਹਾ ਸੀ। ਹੁਣ ਉਹ ਆਪਣੀ ਸਵਰਗਵਾਸੀ ਮਾਤਾ ਵੱਲੋਂ ਲਿਖੀ ਅਖੌਤੀ ‘ਗੁਰੂ ਗੋਬਿੰਦ ਸਿੰਘ ਜੀ ਦੀ ਰਮਾਇਣ’ ਨੂੰ ਪ੍ਰਧਾਨ ਮੰਤਰੀ ਨੂੰ ਪੇਸ਼ ਕਰਕੇ ਅੱਜ ਦੀ ਸੱਤਾ ਦੇ ਗਲਿਆਰਿਆਂ ਵਿੱਚ ਆਪਣੀ ਥਾਂ ਬਣਾਉਣੀ ਚਾਹੁੰਦਾ ਹੈ।

ਦੁਖਦਾਇਕ ਪਹਿਲੂ ਇਹ ਹੈ ਕਿ ਭਾਜਪਾ ਦੀਆਂ ਸਰਕਾਰਾਂ ਵੱਲੋਂ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਹਿੰਦੂ ਤੀਰਥਾਂ ਉੱਤੇ ਬਣੀਆਂ ਯਾਦਗਾਰਾਂ ਨੂੰ ਸੁਚੇਤ ਰੂਪ ਵਿੱਚ ਖਤਮ ਕੀਤਾ ਜਾ ਰਿਹਾ ਹੈ। ਇਹਨਾਂ ਵਿੱਚੋਂ ਹਰਿਦੁਆਰ ਵਿੱਚ ਗੁਰਦੁਆਰਾ ਗਿਆਨ ਗੋਦੜੀ, ਜਗਨ ਨਾਥਪੁਰੀ ਵਿੱਚ “ਮੰਗੂ ਮੱਠ” ਕੁਰਕਸ਼ੇਤਰ ਵਿੱਚ ਫੇਰੀ ਦੀ ਯਾਦ ਵਿੱਚ ਬਣੇ ਇਤਿਹਾਸਕ ਅਸਥਾਨ ਖਾਸ ਹਵਾਲੇਯੋਗ ਹਨ।

ਬੁੱਧੀਜੀਵੀਆਂ ਨੇ ਕਿਹਾ ਹਿੰਦੂਤਵ ਹਾਕਮਾਂ ਵੱਲੋਂ ਨਿਵੇਕਲੇ ਸਿੱਖ ਸਿਧਾਂਤ ਅਤੇ ਤਵਾਰੀਖ ਨੂੰ ਗੰਧਲਾ ਕਰਨ ਦੀ ਕੋਸ਼ਿਸ਼ਾਂ ਦਾ ਸਿੱਖਾਂ ਵੱਲੋਂ ਪੁਰਜ਼ੋਰ ਵਿਰੋਧ ਕਰਨਾ ਚਾਹੀਦਾ ਹੈ।

ਇਸ ਸਾਂਝੇ ਬਿਆਨ ਵਿੱਚ ਜਸਪਾਲ ਸਿੰਘ ਸਿੱਧੂ ਪੱਤਰਕਾਰ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ ਸੰਪਾਦਕ ਦੇਸ ਪੰਜਾਬ, ਡਾ: ਕੁਲਦੀਪ ਸਿੰਘ ਸਰਜਨ ਪਟਿਆਲਾ, ਪ੍ਰੋਫੈਸਰ ਬਾਵਾ ਸਿੰਘ ਕੌਮੀ ਘੱਟ ਗਿਣਤੀਆ ਕਮਿਸ਼ਨ,  ਰਜਿੰਦਰ ਸਿੰਘ (ਖਾਲਸਾ ਪੰਚਾਇਤ), ਡਾ. ਪਿਆਰੇ ਲਾਲ ਗਰਗ, ਇੰਜ. ਗੁਰਪਾਲ ਸਿੰਘ ਸਿੱਧੂ, ਪ੍ਰੋਫੈਸਰ ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਂਸਲ, ਸੁਰਿੰਦਰ ਸਿੰਘ ਕਿਸ਼ਨਪੁਰਾ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ ਸਿੰਘ ਦੇ ਨਾਮ ਵੀ ਸ਼ਾਮਲ ਹਨ। 

ਜ਼ਿਕਰਯੋਗ ਹੈ ਕਿ ਜਦੋਂ 9 ਜੁਲਾਈ ਨੂੰ ਇਸ ਪੁਸਤਕ ਦੀ ਪਹਿਲੀ ਕਾਪੀ ਪ੍ਰਧਾਨਮੰਤਰੀ ਨਰੇਂਦਰ ਮੋਦੀ ਹੁਰਾਂ ਨੂੰ  ਭੇਂਟ ਕੀਤੀ ਗਈ ਤਾਂ ਇਸ ਪੁਸਤਕ ਰਿਲੀਜ਼ ਦੀਆਂ ਇਹਨਾਂ ਤਸਵੀਰਾਂ ਦਾ ਹੜ੍ਹ ਜਿਹਾ ਆ ਗਿਆ। ਖੁਦ ਪ੍ਰਧਾਨਮੰਤਰੀ ਮੋਦੀ ਵੱਲੋਂ ਟਵਿੱਟਰ ਤੇ ਕਈ ਤਸਵੀਰਾਂ ਰਿਲੀਜ਼ ਕੀਤੀਆਂ ਗਈਆਂ। ਇਸ ਫ਼ੰਕਸ਼ਨ ਨੇ ਸਾਬਿਤ ਕੀਤਾ ਕਿ ਜੇ ਸਰਕਾਰਾਂ ਚਾਹੁਣ ਤਾਂ ਬਿਨਾ ਕੋਈ ਵੱਡਾ ਫ਼ੰਕਸ਼ਨ ਕੀਤਿਆਂ ਵੀ ਰਸਮੀ ਜਿਹੇ ਫ਼ੰਕਸ਼ਨ ਨੂੰ ਸੋਸ਼ਲ ਮੀਡੀਆ ਦੇ ਸਹਾਰੇ ਨਾਲ ਵੱਡੀ ਪੱਧਰ ਤੇ ਪ੍ਰਚਾਰਿਆ ਜਾ ਸਕਦਾ ਹੈ। ਇਸ ਸਮਾਗਮ ਦੀਆਂ ਖਬਰਾਂ ਬਾਹਰ ਆਉਣ ਤੋਂ ਬਾਅਦ ਸਰਗਰਮ ਸਿੱਖ ਚਿੰਤਕ ਅਤੇ ਖੱਬੇਪੱਖੀ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਨੇ ਕੁਝ ਲੋਕਾਂ ਅੱਗੇ ਸੁਆਲ ਵੀ ਖੜੇ ਕੀਤੇ ਸਨ।  

ਉਹਨਾਂ ਵਟਸਐਪ ਰਾਹੀਂ ਭੇਜੇ ਆਪਣੇ ਇੱਕ ਸੁਨੇਹੇ ਵਿੱਚ ਕਿਹਾ ਸੀ,"ਆਪਣੇ ਆਪ ਨੂੰ ਸਿੱਖੀ ਦੇ ਰਾਖੇ , ਵਿਦਵਾਨ ਤੇ ਇਤਿਹਾਸਕਾਰ ਕਹਾਉਣ ਵਾਲੇ ਅਜਮੇਰ ਸਿੰਘ, ਸੁਖਪ੍ਰੀਤ ਸਿੰਘ ਉੱਧੋਕੇ , ਕਰਮਜੀਤ ਸਿੰਘ ਪੱਤਰਕਾਰ, ਗੁਰਦਰਸ਼ਨ ਸਿੰਘ ਢਿੱਲੋਂ, ਗੁਰਤੇਜ ਸਿੰਘ, ਅਜੇਪਾਲ ਸਿੰਘ, ਗੁਰਬਚਨ ਸਿੰਘ ਜਲੰਧਰ, ਜਸਪਾਲ ਸਿੰਘ ਸਿੱਧੂ , ਅਮਰੀਕਨ ਸਿੱਖ ਕਾਕਸ ਬਣਾਉਣ ਵਾਲੇ ਰ ਸ ਸ ਦੀ ਸਰਪ੍ਰਸਤੀ ਵਾਲੇ ਡਾ: ਪਿਰਤਪਾਲ ਸਿੰਘ, ਜਸਜੀਤ ਸਿੰਘ ਚੇਲਾ, ਪ੍ਰਭਸ਼ਰਨਦੀਪ ਸਿੰਘ , ਰੈਫਰੰਡਮ 2020 ਵਾਲੀ ਘੋਨਮੋਨ ਸੈਨਾ , ਰਵੀ ਸਿੰਘ ਖਾਲਸਾ ਏਡ , tv 84 ਵਾਲਾ ਅਮਰਜੀਤ ਤੇ ਸਰਬਜੀਤ ਘੁਮਾਣ, ਨਿਸ਼ਾਨ ਸਾਹਬੀਏ ਦੀਪ ਸਿੱਧੂ ਤੇ ਉਸਦੀ ਫੇਸ ਬੁੱਕੀ ਮੰਢੀਰ ਹੁਣ ਇਸ ਬਾਰੇ ਆਪਣਾ ਪੱਖ ਰੱਖੇ ਸਿੱਖਾਂ ਸਾਹਮਣੇ। ਹੁਣ ਚਰਚਾ ਸ਼ੁਰੂ ਹੈ ਅਤੇ ਦੇਖਣਾ ਹੈ ਕੌਣ ਕੌਣ ਇਸ ਬਾਰੇ ਆਪਣਾ ਕੀ ਕੀ ਪੱਖ ਸਾਹਮਣੇ ਰੱਖਦਾ ਹੈ! 

ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਾੜਨ ਅਤੇ ਕਦੇ ਸਰੂਪ ਨੂੰ ਅੱਗਾਂ ਲਾਉਣ ਦੀਆਂ ਘਟਨਾਵਾਂ ਤੋਂ ਬਾਅਦ ਅਜਿਹੇ ਘਟਨਾਕ੍ਰਮ ਕੀ ਸੰਕੇਤ ਦੇਂਦੇ ਹਨ?


Saturday, July 06, 2019

ਕੇਂਦਰੀ ਬਜਟ ਪਿੰਡਾਂ ਦੇ ਕਿਰਤੀਆਂ ਨੂੰ ਨਿਰਾਸ਼ ਕਰਨ ਵਾਲਾ : ਗੁਲਜ਼ਾਰ ਗੋਰੀਆ

Jul 6, 2019, 6:21 PM
ਲੰਬਾ ਬਿਆਨਬਾਜੀ ਵਾਲਾ ਅਤੇ ਪ੍ਰਵਚਨ ਦੇਣ ਵਾਲਾ ਬਜਟ 
ਲੁਧਿਆਣਾ: 6 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਕਾਮਰੇਡ ਗੁਲਜ਼ਾਰ ਗੋਰੀਆ 
ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾ. ਗੁਲਜ਼ਾਰ ਸਿੰਘ ਗੋਰੀਆ ਨੇ ਅੱਜ ਇੱਥੇ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਰਾਹੀਂ ਪੇਸ਼ ਕੀਤਾ ਨਵੀਂ ਸਰਕਾਰ ਦਾ ਪਹਿਲਾ ਬਜਟ ਪਿੰਡਾਂ ਦੇ ਕਿਰਤੀਆਂ ਨੂੰ ਨਿਰਾਸ਼ ਕਰਨ ਵਾਲਾ ਹੈ। ਇਸ ਵਿਚ ਇਹਨਾਂ ਕਾਮਿਆਂ ਵਾਸਤੇ ਬਦਲਵੇਂ ਕੰਮ ਦਾ ਪ੍ਰਬੰਧ ਕਰਨ ਦਾ ਕੋਈ ਠੋਸ ਫੈਸਲਾ ਨਹੀਂ ਕੀਤਾ ਗਿਆ। ਪਹਿਲਾਂ ਚੱਲ ਰਹੇ ਮਨਰੇਗਾ ਕਾਨੂੰਨ ਵਿਚ ਅਨੁਮਾਨਿਤ ਬਜਟ ਵਿਚ 61084 ਕਰੋੜ ਰੁਪਏ ਰੱਖੇ ਸਨ, ਪਰ ਹੁਣ ਇਹ ਰਕਮ ਘਟਾ ਕੇ 60 ਹਜ਼ਾਰ ਕਰੋੜ ਰੁਪਏ ਕਰ ਦਿੱਤੀ ਗਈ ਹੈ ਕਿਉਂਕਿ ਮੋਦੀ ਸਰਕਾਰ ਪਹਿਲਾਂ ਹੀ ਮਨਰੇਗਾ ਕਾਨੂੰਨ ਨੂੰ ਲਾਗੂ ਕਰਨ ਵਾਸਤੇ ਗੰਭੀਰ ਨਹੀਂ। ਇਹ ਬਜਟ ਇਕ ਲੰਬਾ ਬਿਆਨਬਾਜੀ ਵਾਲਾ ਅਤੇ ਪ੍ਰਵਚਨ ਦੇਣ ਵਾਲਾ ਭਾਸ਼ਣ ਹੈ। ਸਭ ਤੋਂ ਜਟਿਲ ਅਤੇ ਗੰਭੀਰ ਸਮੱਸਿਆ ਬੇਰੁਜਗਾਰੀ ਨੂੰ ਇਸਨੇ ਛੂਹਿਆ ਤੱਕ ਵੀ ਨਹੀਂ। ਅੱਜ ਇਹ ਬੇਰੁਜਗਾਰੀ ਦੀ ਦਰ 45 ਸਾਲਾਂ ਵਿਚ ਸਭ ਤੋਂ ਉਚੀ ਭਾਵ 6.1% ਤੇ ਪਹੁੰਚ ਗਈ ਹੈ। ਦੇਸ਼ ਵਿਚ 16% ਦੇ ਲਗਭਗ ਲੋਕ ਬੇਰੁਜਗਾਰ ਹਨ। ਬਜਟ ਵਿਚ 'ਗਾਓਂ ਗਰੀਬ ਅਤੇ ਕਿਸਾਨ' ਦਾ ਜ਼ਿਕਰ ਕੀਤਾ ਹੈ, ਪਰ ਅਮਲ ਵਿਚ ਪਿੰਡਾਂ ਦੇ ਕਾਮੇਂ ਲੋਕ ਜਿਹੜੇ ਗਰੀਬੀ ਅਤੇ ਬੇਕਾਰੀ ਦੀ ਚੱਕੀ ਵਿਚ ਪੀਸੇ ਜਾ ਰਹੇ ਹਨ ਅਤੇ ਆਤਮ-ਹੱਤਿਆਵਾਂ ਕਰਨ ਲਈ ਮਜ਼ਬੂਰ ਹਨ ਉਹਨਾਂ ਦੇ ਜੀਵਨ ਨਿਰਵਾਹ ਵਾਸਤੇ ਇਹ ਬਜਟ ਜਾਣਬੁੱਝ ਕੇ ਚੁੱਪ ਹੈ। ਸਮਾਜਿਕ ਸੁਰੱਖਿਆ ਅਧੀਨ ਪੈਨਸ਼ਨ ਵਾਸਤੇ ਕੁੱਝ ਉਮੀਦਾਂ ਸਨ ਉਹ ਵੀ ਹੁਣ ਕੰਟਰੀਬਿਊਟਰੀ ਪੈਨਸ਼ਨ ਇਕ ਸੁਪਨਾ ਹੀ ਬਣ ਕੇ ਰਹਿ ਗਈ ਹੈ। ਸਾਲ-2022 ਤੱਕ ਬੇਘਰਿਆਂ ਨੂੰ ਘਰ ਦੇਣ ਬਾਰੇ ਬਿਆਨਬਾਜੀ ਹੀ ਵਧੇਰੇ ਹੈ । ਕੇਂਦਰ ਸਰਕਾਰ ਨੇ ਜਨਤਕ ਖੇਤਰ ਨੂੰ ਨਿੱਜੀ ਖੇਤਰ ਵਿਚ ਦੇਣ ਦਾ ਰੋਡ ਮੈਪ ਤਿਆਰ ਕਰ ਲਿਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਮਹਿੰਗਾਈ ਵਿਚ ਹੋਰ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕਰਕੇ ਰੁਜ਼ਗਾਰ ਤੋਂ ਵਾਂਝੇ ਇਸ ਬਜਟ ਦੇ ਖਿਲਾਫ ਵਿਸ਼ਾਲ ਏਕਾ ਬਣਾ ਕੇ ਸੰਘਰਸ਼ ਕਰਨ ਤੋਂ ਬਿਨਾਂ ਹੋਰ ਕੋਈ ਵੀ ਚਾਰਾ ਨਹੀਂ। ਆਉਣ ਵਾਲੇ ਦਿਨਾਂ ਵਿਚ ਪੰਜਾਬ ਖੇਤ ਮਜ਼ਦੂਰ ਸਭਾ ਪਿੰਡਾਂ ਦੇ ਕਾਮਿਆਂ ਦੀਆਂ ਭੱਖਦੀਆਂ ਮੰਗਾਂ ਅਤੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਸੰਘਰਸ਼ ਤੇਜ ਕਰੇਗੀ। 

Friday, June 28, 2019

ਕੇਂਦਰੀ ਜੇਲ੍ਹ ਲੁਧਿਆਣਾ ਦੀਆਂ ਹਿੰਸਕ ਘਟਨਾਵਾਂ ਦੀ CPI ਵੱਲੋਂ ਵੀ ਨਿਖੇਧੀ

Jun 28, 2019, 3:52 PM
ਪਰ ਮੌਤਾਂ ਅਤੇ ਸਿਆਸੀ ਪੱਖ ਬਾਰੇ ਬਿਆਨ ਖਾਮੋਸ਼
ਲੁਧਿਆਣਾ:28 ਜੂਨ 2019:(ਪੰਜਾਬ ਸਕਰੀਨ ਬਿਊਰੋ)::
ਕੱਲ 27 ਜੂਨ ਵੀਰਵਾਰ ਨੂੰ ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਬਾਰੇ 24 ਘੰਟਿਆਂ ਮਗਰੋਂ ਅੱਜ 28 ਜੂਨ ਸ਼ਨੀਵਾਰ ਨੂੰ ਆਪਣੀ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਭਾਰਤੀ ਕਮਿਉਨਿਸਟ ਪਾਰਟੀ ਨੇ ਇੱਕ ਜਾਰੀ ਬਿਆਨ ਜਾਰੀ ਕੀਤਾ ਹੈ।     
ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸਨੇ ਪੁਲਿਸ ਦੀ ਲਾਪਰਵਾਹੀ ਤੇ ਅਸਫ਼ਲ ਸੁਰੱਖਿਆ ਵਿਵਸਥਾ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਪੁਲਿਸ ਵਿੱਚ ਫ਼ੈਲੇ ਭ੍ਰਿਸ਼ਟਾਚਾਰ ਦੇ ਕਾਰਨ ਹੀ ਜੇਲ ਵਿੱਚ ਮੋਬਾਈਲ ਫ਼ੋਨ ਪਾਏ ਗਏ ਤੇ ਇਹ ਗੱਲ ਅਨੇਕਾਂ ਵਾਰ ਸਾਹਮਣੇ ਆ ਚੁੱਕੀ ਹੈ ਪਰ ਇਸਤੇ ਕੋਈ ਨੱਥ ਨਹੀਂ ਪਾਈ ਗਈ। ਰਿਪੋਰਟਾਂ ਮੁਤਾਬਿਕ ਜੇਲ ਵਿੱਚ ਨਸ਼ੇ ਵੀ ਮਿਲਦੇ ਹਨ। ਕੱਲ ਵਾਪਰੀਆਂ ਘਟਨਾਵਾਂ ਨੇ ਪੁਲਿਸ ਤੇ ਮਾਫ਼ੀਆ ਦੀ ਗਾਂਢ ਸਾਂਢ ਦੀ ਵੀ ਪੋਲ ਖੋਲ ਦਿੱਤੀ ਹੈ ਕਿਉਂਕਿ ਸਧਾਰਨ ਕੈਦੀ ਅਜਿਹੀ ਹਿੰਸਾ ਨਹੀਂ ਕਰ ਸਕਦੇ ਤੇ ਨਾਂ ਹੀ ਨਸ਼ੇ ਵੇਚਦੇ ਫਿਰਦੇ ਹਨ। ਪਾਰਟੀ ਦੇ ਆਗੂਆਂ ਜ਼ਿਲਾ ਸਕੱਤਰ-ਕਾਮਰੇਡ ਡੀ ਪੀ ਮੌੜ,  ਟੀਮ ਦੇ ਹੋਰਨਾਂ ਮੈਂਬਰਾਂ ਡਾ: ਅਰੁਣ ਮਿੱਤਰਾ, ਚਮਕੌਰ ਸਿੰਘ, ਐਮ ਐਸ ਭਾਟੀਆ, ਰਮੇਸ਼ ਰਤਨ ਤੇ ਗੁਰਨਾਮ ਸਿੱਧੂ ਨੇ ਕਿਹਾ ਕਿ ਇੱਕ ਪਾਸੇ ਪੁਲਿਸ ਮਾਫ਼ੀਆ ਨੂੰ ਬਚਾਉਂਦੀ ਹੈ ਦੂਜੇ ਪਾਸੇ ਆਮ ਨਾਗਰਿਕਾਂ ਵੱਲ ਉਸਦਾ ਵਤੀਰਾ ਨਾਂਹ ਪੱਖੀ ਹੈ। 
ਡੇਰਾਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕਤਲ 
ਉਹ ਮਾਫ਼ੀਆ ਦੇ ਨਾਲ ਗਠਜੋੜ ਤੇ ਰਾਜਨੀਤਿਕ ਦਬਾਅ ਹੇਠ ਆਮ ਲੋਕਾਂ ਦੇ ਮਸਲਿਆਂ ਵੱਲ ਧਿਆਨ ਨਹੀਂ ਦਿੰਦੀ ਜਿਸ ਕਾਰਨ ਲੋਕ ਥਾਣਿਆਂ ਵਿੱਚ ਜਾਣ ਤੋਂ ਗੁਰੇਜ਼ ਕਰਦੇ ਹਨ। ਪਾਰਟੀ ਆਗੂਆਂ ਨੇ ਕਿਹਾ ਕਿ ਉਹਨਾਂ ਨੇ ਕਈ ਕੇਸ ਪੁਲਿਸ ਦੇ ਉੱਚ ਅਧਿਕਾਰੀਆਂ ਤੱਕ ਵੀ ਪੁਚਾਏ ਹਨ ਪਰ ਜ਼ਿਆਦਾ ਤਰ ਵਿੱਚ ਪੁਲਿਸ ਨੇ ਧਿਆਨ ਨਹੀਂ ਦਿੱਤਾ ਤੇ ਪੀੜਿਤਾਂ ਨੂੰ ਨਿਆਂ ਨਹੀਂ ਮਿਲਿਆ। ਇਸਦੇ ਉਲਟ ਅਨੇਕਾਂ ਵਾਰ ਪੀੜਿਤਾਂ ਨੂੰ ਹੀ ਦੋਸ਼ੀ ਬਣਾ ਦਿੱਤਾ ਜਾਂਦਾ ਹੈ। ਇਸ ਸਾਰੇ ਬਿਆਨ ਵਿੱਚ ਨਾ ਤਾਂ ਕਾਂਗਰਸ ਸਰਕਾਰ ਬਾਰੇ ਕੋਈ ਗੱਲ ਕਹਿ ਗਈ ਹੈ ਅਤੇ ਨਾ ਹੀ ਇਸ ਹਿੰਸਕ ਟਕਰਾਓ ਵਿੱਚ ਹੋਈ ਮੌਤ ਅਤੇ ਕੈਦੀਆਂ ਦੀ ਫਰਾਰੀ ਬਾਰੇ। ਜਿਸ ਕੈਦੀ ਸੰਨੀ ਸੂਦ ਦੀ ਮੌਤ ਕਾਰਨ ਇਹ ਸਭ ਵਾਪਰਿਆ ਉਸ ਬਾਰੇ ਵੀ ਸੀਪੀਆਈ ਨੇ ਕੋਈ ਸ਼ਬਦ ਨਹੀਂ ਕਿਹਾ। ਜ਼ਿਕਰਯੋਗ ਹੈ ਕਿ ਸਾਰਾ ਮਾਮਲਾ 28 ਸਾਲਾਂ ਦੀ ਉਮਰ ਦੇ ਕੈਦੀ ਸੰਨੀ ਸੂਦ ਦੀ ਮੌਤ ਨੂੰ ਲੈ ਕੇ ਭੜਕਿਆ। ਮ੍ਰਿਤਕ ਸੰਨੀ ਸੂਦ ਦੇ ਸਾਥੀ ਕੈਦੀਆਂ ਦਾ ਕਹਿਣਾ ਹੈ ਕਿ ਉਸਦੀ ਅੰਨੇਵਾਹ ਕੀਤੀ ਗਈ ਕੁੱਟਮਾਰ ਕਾਰਨ ਹੋਈ ਜਦਕਿ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਸੰਨੀ ਸੂਦ ਨੇ ਜ਼ਹਿਰੀਲੀ ਚੀਜ਼ ਖਾ ਲਈ ਸੀ। ਜੇ ਪ੍ਰਸ਼ਾਸਨ ਦੀ ਗੱਲ ਮੰਨ ਵੀ ਲਈ ਜਾਵੇ ਤਾਂ ਇਹ ਜ਼ਹਿਰੀਲੀ ਚੀਜ਼ ਸੰਨੀ ਸੂਦ ਕੋਲ ਕਿਸਤਰਾਂ ਅਤੇ ਕਿੱਥੋਂ ਪਹੁੰਚੀ? ਪੋਸਟ ਮਾਰਟਮ ਰਿਪੋਰਟ ਮੁਤਾਬਿਕ ਸੰਨੀ ਸੂਦ ਦੇ ਗੋਡਿਆਂ ਅਤੇ ਮੋਢਿਆਂ ਉੱਤੇ ਕੁੱਟਮਾਰ ਦੇ ਨਿਸ਼ਾਨ ਵੀ ਮਿਲੇ ਹਨ। ਇਸ ਤਰਾਂ ਅਚਾਨਕ ਤਬੀਅਤ ਖਰਾਬ ਹੋਣ ਮਗਰੋਂ ਮੌਤ ਹੋ ਜਾਣ  ਦੀਆਂ ਘਟਨਾਵਾਂ  ਪਿਛਲੇ ਕੁਝ ਸਮੇਂ ਦੌਰਾਨ ਆਮ ਹੁੰਦੀਆਂ ਜਾ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਹਿੰਸਕ ਘਟਨਾਵਾਂ ਦੌਰਾਨ ਸ਼ਿਮਲਾਪੁਰੀ ਇਲਾਕੇ ਦਾ ਰਹਿਣ ਵਾਲੇ ਅਜੀਤ ਸਿੰਘ ਨਾਮੀ  ਨੌਜਵਾਨ ਨੂੰ ਪੁਲਿਸ ਦੀ ਗੋਲੀ ਉਸਦੇ ਦਿਲ ਵਿੱਚ ਲੱਗੀ। ਅੱਜਕਲ੍ਹ ਦੇ ਜਮਹੂਰੀ ਸਿਸਟਮ ਵਿੱਚ ਕਾਂਗਰਸ ਸਰਕਾਰ ਦੀ ਇਸ ਸਭ ਤੋਂ ਵੱਡੀ ਕੇਂਦਰੀ ਜੇਲ੍ਹ ਦੀ ਜਿਹੜੀ ਸਥਿਤੀ ਉਭਰ ਕੇ ਸਾਹਮਣੇ ਆਈ ਹੈ ਉਸ ਦੇ ਸਿਆਸੀ ਪੱਖ ਬਾਰੇ ਬਿਆਨ ਖਾਮੋਸ਼ ਹੈ। ਜ਼ਿਕਰਯੋਗ ਹੈ ਕਿ ਇਹਨਾਂ ਘਟਨਾਵਾਂ ਤੋਂ ਪਹਿਲਾਂ ਨਾਭਾ ਦੀ ਹਾਈ ਸਕਿਓਰਿਟੀ ਜੇਲ੍ਹ ਵਿੱਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕਤਲ ਵੀ ਹੋ ਚੁੱਕਿਆ ਹੈ। ਸੁਰੱਖਿਆ ਦੀ ਹਾਲ ਇਹ ਬਣ ਗਈ ਹੈ ਕਿ ਹੁਣ ਜੇਹਲਾਂ ਦੇ ਕੈਦੀ ਪੁਲਸ ਘੇਰੇ ਵਿੱਚ ਹੋਣ ਦੇ ਬਾਵਜੂਦ ਸੁਰੱਖਿਅਤ ਨਹੀਂ ਰਹੇ। ਕਿਸੇ ਦਾ ਕਤਲ ਹੋ ਜਾਂਦਾ ਹੈ, ਕਿਸੇ ਦੇ "ਬਿਮਾਰ ਹੋਣ ਕਾਰਨ ਮੌਤ" ਹੋ ਜਾਂਦੀ ਹੈ ਅਤੇ ਕੋਈ ਜ਼ਹਿਰੀਲੀ ਚੀਜ਼ ਖਾ ਲੈਂਦਾ ਹੈ। ਆਲੇ ਦੁਆਲੇ ਦੇ ਲੋਕਾਂ ਦੀ ਇਹ ਗੱਲ ਹਰ ਵਾਰ ਅਣਸੁਣੀ ਕਰ  ਕਿ ਇਹ ਮੌਤ ਅਸਲ ਵਿੱਚ ਪੁਲਿਸ ਦੀ ਕੁੱਟਮਾਰ ਕਾਰਨ ਹੋਈ ਹੈ। ਹੁਣ ਦੇਖਣਾ ਹੈ ਕਿ ਲੋਕਾਂ ਦੀਆਂ ਪਾਰਟੀਆਂ ਇਹਨਾਂ ਹਾਲਤਾਂ ਬਾਰੇ ਕਦੋਂ ਆਪਣੀ ਖਾਮੋਸ਼ੀ ਤੋੜਣਗੀਆਂ?

Thursday, February 01, 2018

ਬਜਟ ਵਿਚ ਸਿਹਤ ਨੂੰ ਨਜ਼ਰਅੰਦਾਜ਼ ਕੀਤਾ ਗਿਆ-ਡਾ. ਅਰੁਣ ਮਿੱਤਰਾ

Updated on Thu, Feb 1, 2018 at 6:29 PM
ਦੇਸ਼ ਦੇ ਲੋਕਾਂ ਨੂੰ ਅਸਲ ਸਿਹਤ ਵਾਲਾ ਕੋਈ ਲਾਭ ਨਹੀਂ ਮਿਲੇਗਾ
ਲੁਧਿਆਣਾ: 1 ਫਰਵਰੀ 2018: (ਪੰਜਾਬ ਸਕਰੀਨ ਬਿਊਰੋ)::
ਬਜਟ ਬਾਰੇ ਟਵਿੱਟਰ ਤੇ ਆਇਆ ਇੱਕ ਆਰਟ ਪ੍ਰਤੀਕਰਮ 
ਬਜਟ ਬਾਰੇ ਮਿਲੇ ਜੁਲੇ ਪ੍ਰਤੀਕਰਮ ਬੜੀ ਤੇਜ਼ੀ ਨਾਲ ਆ ਰਹੇ ਹਨ। ਬਹੁਤ ਸਾਰੇ ਪ੍ਰਤੀਕਰਮ ਸਿਆਸਤ ਤੋਂ ਪ੍ਰੇਰਿਤ ਹਨ ਅਤੇ ਬਹੁਤ ਸਾਰੇ ਆਮ ਜਨਤਾ ਉੱਤੇ ਪੈਣ ਵਾਲੇ ਪ੍ਰਭਾਵਾਂ ਉੱਤੇ ਆਧਾਰਿਤ ਹਨ।  ਵਾਤਾਵਰਨ ਅਤੇ ਅਤੇ ਆਮ ਜਨਤਾ ਦੀਆਂ ਤਕਲੀਫ਼ਾਂ ਬਾਰੇ ਸੁਚੇਤ ਰਹਿਣ ਵਾਲੇ ਬੁਧੀਜੀਵੀਆਂ ਵਿੱਚੋਂ ਇੱਕ ਡਾਕਟਰ ਅਰੁਣ ਮਿੱਤਰਾ ਨੇ ਵੀ ਇਸ ਬਾਰੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ। 
ਸਿਹਤ ਬਾਰੇ ਬਜਟ ਸਬੰਧੀ ਤਜਵੀਜਾਂ ‘ਤੇ ਪ੍ਰਤੀਕਿਰਿਆ ਕਰਦੇ ਹੋਏ ਇੰਡੀਅਨ ਡਾਕਟਰਜ ਫਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਦੇ ਸੀਨੀਅਰ ਉਪ ਪ੍ਰਧਾਨ ਡਾ. ਅਰੁਣ ਮਿੱਤਰਾ ਨੇ ਕਿਹਾ ਹੈ ਕਿ ਇਹ ਕੇਵਲ ਨਾਟਕੀ ਗੱਲਾਂ ਹਨ।  ਡਾਕਟਰ ਮਿੱਤਰਾ ਨੇ ਸਪਸ਼ਟ ਕਿਹਾ ਕਿ ਇਸ ਬਜਟ ਨਾਲ ਇਸ ਨਾਲ ਦੇਸ਼ ਦੇ ਲੋਕਾਂ ਨੂੰ ਅਸਲ ਸਿਹਤ ਵਾਲਾ ਕੋਈ ਲਾਭ ਨਹੀਂ ਮਿਲੇਗਾ। ਕਿਓਂਕਿ ਇਸ ਬਜਟ ਵਿੱਚ ਵਿਆਪਕ ਸਿਹਤ ਸੇਵਾਵਾਂ ਦਾ ਕੋਈ ਪ੍ਰਸਤਾਵ ਹੀ ਨਹੀਂ ਹੈ। 
ਸਿਹਤ ਦੇ ਸਿੱਧੇ ਤੌਰ ‘ਤੇ ਰਾਜ ਦੇ ਖਰਚਿਆਂ ਦੀ ਬਜਾਏ 10 ਕਰੋੜ ਪਰਿਵਾਰਾਂ ਨੂੰ ਬੀਮਾ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਨਾਲ ਜਨਤਕ ਨਿੱਜੀ ਭਾਈਵਾਲੀ ਰਾਹੀਂ  ਤੇ ਲੋਕਾਂ ਦਾ ਪੈਸਾ ਨਿਜੀ ਖੇਤਰ ਨੂੰ ਵੰਡਿਆ ਜਾਵੇਗਾ।
ਸਰਕਾਰੀ ਖੇਤਰ ਦੇ ਸਿਰਫ 24 ਮੈਡੀਕਲ ਕਾਲਜ ਹੀ ਅਪਗਰੇਡ ਕੀਤੇ ਜਾਣਗੇ। ਇਹ ਪ੍ਰਾਈਵੇਟ ਸੈਕਟਰ ਨੂੰ ਡਾਕਟਰੀ ਸਿੱਖਿਆ ਨੂੰ ਨਿਜੀ ਖੇਤਰ ਦੇ ਲਈ ਖੋਲ੍ਹਣ ਅਤੇ ਇਸ ਨੂੰ ਹੋਰ ਮਹਿੰਗਾ ਬਣਾਉਣ ਦੇ ਰੁਝਾਨ ਨੂੰ ਦਰਸਾਉਂਦਾ ਹੈ ਜਿਸ ਨਾਲ ਮੈਡੀਕਲ ਵਿਦਿਆ ਹੋਰ ਮਹਿੰਗੀ ਹੋ ਜਾਏਗੀ। ਸਿੱਟੇ ਵੱਜੋਂ ਸਿਹਤ ਸੇਵਾਵਾਂ ਵੀ ਜ਼ਿਆਦਾ ਮਹਿੰਗੀਆਂ ਹੋ ਜਾਣਗੀਆਂ। ਸਰਕਾਰ ਟੀ ਬੀ ਨਾਲ ਬੀਮਾਰ ਲੋਕਾਂ ਨੂੰ ਪੋਸ਼ਕ ਤੱਤਾਂ ਵਾਲੀ ਪੌਸ਼ਟਿਕ ਖੁਰਾਕ ਦੇਵੇਗੀ-ਇਹ ਇਕ ਮਜ਼ਾਕ ਹੀ ਲੱਗਦਾ ਹੈ। ਗਰੀਬ ਲੋਕਾਂ ਨੂੰ ਖੁਰਾਕ ਸੁਰੱਖਿਆ ਦੀ ਜਰੂਰਤ ਹੈ ਤਾਂ ਜੋ ਸਮਾਜ ਦੇ ਪੋਸ਼ਕ ਤੱਤਾਂ ਦੀ ਸਥਿਤੀ ਵਿੱਚ ਸੁਧਾਰ ਹੋ ਸਕੇ ਤੇ ਸਮੁੱਚੇ ਤੌਰ ਤੇ ਲੋਕਾਂ ਦੀ ਪੌਸ਼ਟਿਕਤਾ ਵਿੱਚ ਸੁਧਾਰ ਹੋਏ। ਬਿਮਾਰ ਲੋਕਾਂ ਨੂੰ ਕੁਝ ਭੋਜਨ ਦੇਣ ਦਾ ਮਤਲਬ ਅਸਲ ਵਿੱਚ ਕੁਝ ਵੀ ਨਹੀਂ ਹੈ। 
ਡਾਕਟਰ ਮਿਤੱਤਰਾ ਨੇ ਇਹ ਵੀ ਕਿਹਾ ਕਿ ਇਸ ਬਜਟ ਵਿੱਚ ਦਵਾਈਆਂ ਦੀਆਂ ਕੀਮਤਾਂ ਨੂੰ ਸੁਚਾਰੂ ਬਣਾਉਣ ਦੀ ਕੋਈ ਗੱਲ ਨਹੀਂ ਕਹੀ ਗਈ ਹੈ। ਦਵਾਈਆਂ 'ਤੇ ਆਉਣ ਵਾਲਾ ਖਰਚ  ਹੈਲਥ 'ਤੇ ਜੇਬ ਖਰਚੇ ਦਾ 70% ਬਣਦਾ ਹੈ। ਬਜਟ ਵਿੱਚ ਲੱਛੇਦਾਰ ਸ਼ਬਦਾਂ ਵਾਲੇ ਜਾਦੂ ਦਾ ਸਹਾਰਾ ਲੈਂਦਿਆਂ ਇਹ ਤਾਂ ਕਿਹਾ ਗਿਆ ਹੈ ਕਿ ਗਰੀਬ ਲੋਕਾਂ ਲਈ ਡਾਇਲਾਇਸਸ ਮੁਫਤ ਹੋਵੇਗਾ ਪਰ ਇਸ ਵਿੱਚ ਗਰੀਬੀ ਦੀ ਪਰਿਭਾਸ਼ਾ ਨਹੀਂ ਦੱਸੀ ਗਈ ਹੈ। ਇਸ ਕਾਰਨ ਬਹੁਤ ਸਾਰੇ ਲੋਕ ਇਸ ਸਹੂਲਤ ਤੋਂ ਵਾਂਝੇ ਰਹਿ ਜਾਣਗੇ। ਟੈਕਸ ਦਾਤਾ ਤੇ  3% ਤੋਂ 4% ਤੱਕ ਸਿਹਤ ਸੈੱਸ ਵਿਚ ਵਾਧਾ ਆਮ ਲੋਕਾਂ 'ਤੇ ਹੀ ਬੋਝ ਪਾਵੇਗਾ। ਸਮੁੱਚੇ ਤੌਰ ਤੇ ਇਸ ਬਜਟ  ਵਿਚ ਸਿਹਤ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।

Monday, October 17, 2016

ਜੇ ਮੋਦੀ ਪੰਜਾਬ ਦੇ ਹਿਤੈਸ਼ੀ ਹਨ ਤਾਂ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦਾ ਐਲਾਨ ਕਰਨ

Mon, Oct 17, 2016 at 1:29 PM
ਬੈਂਸ ਨੇ ਮੋਦੀ ਦੀ ਫੇਰੀ ਨੂੰ ਮਗਰਮੱਛ ਦੇ ਹੰਝੂ ਵਹਾਉਣ ਬਰਾਬਰ ਆਖਿਆ 
ਲੁਧਿਆਣਾ: 17 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ): 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣ ਦੌਰੇ ਦਾ ਟਾਕਰਾ ਸਿਆਸੀ ਵਿਰੋਧੀਆਂ ਵੱਲੋਂ ਵੀ ਚੋਣ ਮੁੱਦੇ ਉਠਾ ਕੇ ਕੀਤਾ ਜਾ ਰਿਹਾ ਹੈ। ਜਿੱਥੇ ਟਰੇਡ ਯੂਨੀਅਨਾਂ ਰੋਸ ਵਖਾਵਿਆਂ  ਦੀ ਯੋਜਨਾ ਬਣਾ ਰਹੀਆਂ ਹਨ ਅਤੇ ਖੱਬੀਆਂ ਧਿਰਾਂ ਨੇ ਆਪੋ ਆਪਣੇ ਪ੍ਰੋਗਰਾਮ ਐਲਾਨੇ ਹੋਏ ਹਨ ਉੱਥੇ ਚੌਥੀ ਧਿਰ ਵੱਜੋਂ ਉਭਰਨ ਦੀ ਕੋਸ਼ਿਸ਼ ਵਿੱਚ ਲੱਗੇ ਬੈਂਸ ਭਰਾਵਾਂ ਨੇ ਵੀ ਮੋਦੀ ਦੇ ਦੌਰੇ ਨੂੰ ਲੰਮੇ ਹੱਥੀਂ ਲਿਆ ਹੈ। ਉਹਨਾਂ ਸੁਆਲ ਕੀਤਾ ਕਿ ਜਦੋਂ ਪੰਜਾਬ ਤਬਾਹ ਹੋ ਰਿਹਾ ਸੀ ਮੋਦੀ ਉਦੋਂ ਕਿਓਂ ਨ ਪੰਜਾਬ ਆਏ? ਐਮ ਐਲ ਏ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਆਏ ਦਿਨ ਪੰਜਾਬ ਸਰਕਾਰ ਦੀਆਂ ਕਿਸਾਨਾਂ ਅਤੇ ਸਨਅਤਕਾਰਾਂ ਪ੍ਰਤੀ ਲੋਕਮਾਰੂ ਨਿਤੀਆਂ  ਤੋਂ ਪਰੇਸ਼ਾਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਸਨਅਤਕਾਰ ਆਏ ਦਿਨ ਬਾਹਰੀ ਸੂਬਿਆਂ ਵਿੱਚ ਇੰਡਸਟਰੀ ਨੂੰ ਪਲਾਨ ਕਰ ਰਹੇ ਹਨ। ਇੰਡਸਟਰੀ ਬਾਹਰੀ ਸੂਬਿਆਂ ਵਿਚ ਜਾਣ ਨਾਲ ਪੰਜਾਬ ਦਾ ਨੌਜਵਾਨ ਬੇਰੋਜਗਾਰ ਹੋ ਰਿਹਾ ਹੈ ਅਤੇ ਨਸ਼ਿਆਂ ਦੀ ਦਲਦਲ ਵਿੱਚ ਧੱਸਦਾ ਜਾ ਰਿਹਾ ਹੈ। ਜਦੋਂ ਪੰਜਾਬ ਤਬਾਅ ਹੋ ਰਿਹਾ ਸੀ ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਕਿਸਾਨਾਂ ਅਤੇ ਸਨਅਤਕਾਰਾਂ ਦੀ ਸਾਰ ਨਹੀਂ ਲਈ, ਪਰ ਹੁਣ ਜਦੋਂ ਵਿਧਾਨ ਸਭਾ ਦੀਆਂ ਚੌਣਾਂ ਨਜਦੀਕ ਆ ਰਹੀਆਂ ਹਨ  ਅਤੇ ਪੰਜਾਬ ਵਿੱਚ ਅਕਾਲੀ ਭਾਜਪਾ ਗਠਜੋੜ ਦਾ ਅੰਤ ਨਜਦੀਕ ਆ ਰਿਹਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੰਜਾਬ ਵਾਸੀਆਂ ਅੱਗੇ ਮੱਗਰਮੱਛ ਦੇ ਹੰਝੂ ਵਹਾਉਣ ਲਈ ਆ ਰਹੇ ਹਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਉਪਕਾਰ ਨਗਰ ਸ਼ਿਵ ਦੁਰਗਾ ਮੰਦਿਰ ਵਿੱਖੇ ਅਮਿਤ ਕਪੂਰ ਵਲੋਂ ਰੱਖੀ ਗਈ ਮੀਟਿੰਗ ਦੌਰਾਨ  ਕੀਤਾ। ਬੈਂਸ ਨੇ ਕਿਹਾ ਕਿ ਮੋਦੀ ਲੁਧਿਆਣਾ ਵਿੱਚ ਸਿਰਫ ਸਨਅਤਕਾਰਾਂ ਅਤੇ ਲੁਧਿਆਣਾ ਵਾਸੀਆਂ ਨੂੰ ਗੁੰਮਰਾਹ ਕਰਨ ਲਈ ਫੇਰੀ ਪਾ ਰਹੇ ਹਨ। ਬੈਂਸ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਪੰਜਾਬ ਦੇ ਕਿਸਾਨਾਂ ਅਤੇ ਸਨਅਤਕਾਰਾਂ ਦੇ ਹਿਤੈਸ਼ੀ ਸਨ ਤਾਂ ਪੰਜਾਬ ਦੇ ਕਿਸਾਨਾਂ ਦਾ ਕਰਜਾ ਮਾਫ ਕਰਨ ਅਤੇ ਸਨਅਤਕਾਰਾਂ ਨੂੰ ਟੈਕਸਾਂ ਤੋਂ ਛੁੱਟ ਦਿੱਤੀ ਜਾਵੇ ਤਾਂ ਕਿ ਪੰਜਾਬ ਦਾ ਸਨਅਤਕਾਰ ਪੰਜਾਬ ਵਿੱਚ ਰਹੇ ਕੇ ਹੀ ਇੰਡਸਟਰੀ ਚਲਾ ਸਕੇ ਅਤੇ ਪੰਜਾਬ ਵਾਸੀਆਂ ਨੂੰ ਕਾਰੋਬਾਰ ਮਿਲ ਸਕੇ। ਬੈਂਸ ਨੇ ਕਿਹਾ ਕਿ ਮੋਦੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਬਾਦਲਾਂ ਨੇ ਪੰਜਾਬ ਵਿੱਚ ਕਿਹੜੇ-ਕਿਹੜੇ ਘੋਟਾਲੇ ਕੀਤੇ ਹਨ। ਮੋਦੀ ਬਾਦਲਾਂ ਵੱਲੋਂ ਕੀਤੇ ਘੋਟਾਲਿਆਂ ਤੇ ਪਰਦਾ ਪਾਉਣ ਲਈ ਲੁਧਿਆਣਾ ਫੇਰੀ ਤੇ ਆ ਰਹੇ ਹਨ ਤਾਂ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ ਪਰ ਹੁਣ ਜਨਤਾ ਸਮੱਝਦਾਰ ਹੋ ਗਈ ਹੈ ਅਤੇ ਮੋਦੀ ਦੇ ਲੱਛੇਦਾਰ ਭਾਸ਼ਣ ਵਿੱਚ ਆਉਣ ਵਾਲੀ ਨਹੀਂ ਅਤੇ ਇਸ ਵਾਰ ਅਕਾਲੀ ਭਾਜਪਾ ਦੀ ਡੁੱਬਦੀ ਬੇੜੀ ਨੂੰ ਮੋਦੀ ਵੀ ਨਹੀਂ ਬਚਾ ਸਕਦੇ। ਮੀਟਿੰਗ ਦੌਰਾਨ ਵਿਧਾਇਕ ਬੈਂਸ ਅਤੇ ਕੌਂਸਲਰ ਸੀਬੀਆ ,ਖੁਰਾਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਦੀਪਕ ਸ਼ਰਮਾ, ਲਖਵਿੰਦਰ ਕਾਹਲੋਂ, ਗੋਲਡੀ, ਮਨਦੀਪ ਸਿੰਘ, ਸੁੱਖੀ, ਮਨਿੰਦਰ, ਵਰੁਣ, ਰਵਿ ਵਰਮਾਨੀ, ਵਿਸ਼ਾਲ ਕਪੂਰ, ਕਰਣ ਸਿੰਘ, ਹਨੀ ਅਨੇਜਾ, ਮਨਮੀਤ ਡੌਲਰ, ਚੰਨੂੰ, ਵਿਸ਼ਾਲ ਕਪੂਰ, ਕੌਂਸਲਰ ਰਣਧੀਰ ਸਿੰਘ ਸੀਬੀਆ,ਕੌਂਸਲਰ ਗੁਰਪ੍ਰੀਤ ਸਿੰਘ ਖੁਰਾਣਾ 
ਕੈਪਸ਼ਨ-  ਵਿਧਾਇਕ ਸਿਮਰਜੀਤ ਸਿੰਘ ਬੈਂਸ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ

Friday, August 26, 2016

ਸੁੱਚਾ ਸਿੰਘ ਛੋਟੇਪੁਰ ਦੀ ਬਰਖਾਸਤਗੀ 'ਤੇ ਤਿੱਖੇ ਸਿਆਸੀ ਪ੍ਰਤੀਕਰਮ


SMWP: 15;31
ਇਹ ਬਰਖਾਸਤਗੀ 'ਆਪ' ਦੀ ਪੰਜਾਬ ਵਿੱਚੋ ਸਫ ਵਲੇਟ ਦੇਵੇਗੀ- ਸਰਨਾ       
ਅੰਮ੍ਰਿਤਸਰ//ਲੁਧਿਆਣਾ: 26 ਅਗਸਤ 2016: (ਜਸਬੀਰ ਸਿੰਘ ਪੱਟੀ//ਪੰਜਾਬ ਸਕਰੀਨ):
ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੇ ਟਿੱਪਣੀ ਕਰਦਿਆ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿੱਚੋ ਬਰਖਾਸਤਰਗੀ 'ਆਪ' ਦੀ ਪੰਜਾਬ ਵਿੱਚੋ ਸਫ ਵਲੇਟ ਦੇਵੇਗੀ।


       ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਸ੍ਰ ਸੁੱਚਾ ਸਿੰਘ ਛੋਟੇਪੁਰ ਨੂੰ ਉਹ ਕਰੀਬ ਪਿਛਲੇ 35 ਸਾਲਾ ਤੋ ਜਾਣਦੇ ਹਨ ਤੇ ਉਸ ਵਰਗਾ ਕੋਈ ਇਮਾਨਦਾਰ ਵਿਅਕਤੀ ਨਹੀ ਹੈ। ਉਹਨਾਂ ਕਿਹਾ ਕਿ ਇੱਕ ਸਾਜਿਸ਼ ਤਹਿਤ ਛੋਟੇਪੁਰ ਨੂੰ ਫਸਾਇਆ ਗਿਆ ਹੈ ਜਿਹੜੇ ਵਿਅਕਤੀ ਅੱਜ ਕੇਜਰੀਵਾਲ ਨੂੰ ਪੱਤਰ ਲਿੱਖ ਕੇ ਛੋਟੇਪੁਰ ਨੂੰ ਪਾਰਟੀ ਵਿੱਚੋ ਕੱਢਣ ਲਈ ਚਿੱਠੀਆ ਲਿਖ ਰਹੇ ਹਨ ਉਹ ਵੀ ਕਲ੍ਵ ਨੂੰ ਤਿਆਰ ਰਹਿਣ। ਉਹਨਾਂ ਕਿਹਾ ਕਿ ਕੇਜਰੀਵਾਲ ਇੱਕ ਮੌਕਾਪ੍ਰਸਤ ਵਿਅਕਤੀ ਹੈ ਅਤੇ ਉਸ ਨੇ ਪਹਿਲਾਂ ਅੰਨਾ ਹਜ਼ਾਰੇ ਨੂੰ ਧੋਖਾ ਦਿੱਤਾ ਤੇ ਫਿਰ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਯੋਗੇਦਰ ਯਾਦਵ ਤੇ ਪ੍ਰਸ਼ਾਤ ਭੂਸ਼ਨ ਨੂੰ ਪਾਰਟੀ ਵਿੱਚੋ ਕੱਢਿਆ। ਇਥੇ ਹੀ ਬੱਸ ਨਹੀ ਪੰਜਾਬ ਵਿੱਚ ਉਸ ਦੀ ਪਾਰਟੀ ਦੀ ਜੜ• ਲਗਾਉਣ ਵਾਲੇ ਹਰਿੰਦਰ ਸਿੰਘ ਖਾਲਸਾ ਤੇ ਧਰਮਵੀਰ ਗਾਂਧੀ ਨੂੰ ਇਸ ਕਰਕੇ ਪਾਰਟੀ ਵਿੱਚੋ ਮੁਅੱਤਲ ਕੀਤਾ ਗਿਆ ਕਿਉਕਿ ਉਹ ਕੇਜਰੀਵਾਲ ਦੀ ਤਾਨਾਸ਼ਾਹੀ ਦੇ ਖਿਲਾਫ ਅਵਾਜ ਬੁਲੰਦ ਕਰਦੇ ਸਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸੁੱਚਾ ਸਿੰਘ ਛੋਟੇਪੁਰ ਇੱਕ ਵੱਡ ਅਕਾਰੀ ਵਿਅਕਤੀ ਤੇ ਪੰਥਕ ਸਫਾਂ ਵਿੱਚ ਉਸ ਦੀ ਵੱਡੀ ਪਛਾਣ ਹੈ। ਉਹਨਾਂ ਕਿਹਾ ਕਿ ਸਾਕਾ ਨੀਲਾ ਤਾਰਾ ਦਾ ਵਿਰੋਧ ਕਰਨ ਵਾਲਿਆ ਵੀ ਛੋਟੇਪੁਰ ਪਹਿਲੇ ਕਤਾਰ ਵਿੱਚ ਖੜਾ ਸੀ ਤੇ ਬਰਨਾਲਾ ਸਰਕਾਰ ਵੇਲੋ ਜਦੋ ਸ੍ਰੀ ਦਰਬਾਰ ਸਾਹਿਬ ਵਿਖੇ ਸਰਕਾਰ ਨੇ ਪੁਲੀਸ ਭੇਜੀ ਸੀ ਤਾਂ ਉਸ ਵੇਲੇ ਵੀ ਸੁੱਚਾ ਸਿੰਘ ਰੋਸ ਵਜੋ ਅਸਤੀਫਾ ਦੇ ਕੇ ਸਰਕਾਰ ਤੋ ਬਾਹਰ ਆ ਗਿਆ ਸੀ। 
           ਉਹਨਾਂ ਕਿਹਾ ਕਿ ਛੋਟੇਪੁਰ ਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਕਿਸੇ ਵਿਅਕਤੀ ਨੂੰ ਟਿਕਟ ਦਿਵਾਉਣ ਬਦਲੇ ਦੋ ਲੱਖ ਦੀ ਰਿਸ਼ਵਤ ਲਈ ਸੀ ਤੇ ਸਟਿੰਗ ਆਪਰੇਸ਼ਨ ਵਿੱਚ ਇਹ ਗੱਲ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਆਗੂ ਪਵਿੱਤਰ ਸਿੰਘ ਨੇ ਵੀ ਕੇਜਰੀਵਾਲ ਦੇ ਲੈਫਟੈਣ ਸੰਜੇ ਸਿੰਘ ਤੇ ਟਿਕਟ ਵੰਡ ਕਰਨ ਸਮੇਂ ਰਿਸ਼ਵਤ ਲੈਣ ਦੇ ਦੋਸ਼ ਲਗਾਏ ਹਨ। ਜੱਸੀ ਜਸਰਾਜ ਵੀ ਕਈ ਵਾਰੀ ਕਹਿ ਚੁੱਕਾ ਹੈ ਕਿ ਕੇਜਰੀਵਾਲ ਸਿਰਫ ਪੈਸੇ ਦਾ ਪੀਰ ਹੈ। ਇਸੇ ਤਰ•ਾ ਕੁਲਦੀਪ ਸਿੰਘ ਕਿੰਗਰਾ ਨੇ ਵੀ ਦੋਸ਼ ਲਾਇਆ ਹੈ ਕਿ ਪਾਰਟੀ ਵਿੱਚ ਭ੍ਰਿਸ਼ਟਾਟਾਰ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਸਪੱਸ਼ਟ ਕਰੇ ਉਸ ਦੀ ਪਾਰਟੀ ਫੰਡ ਤੋ ਬਗੈਰ ਕਿਵੇਂ ਚੱਲਦੀ ਹੈ ਜਦ ਕਿ ਪਿਛਲੀ ਦਿਨੀ ਉਹ ਵਿਦੇਸ਼ ਯਾਤਰਾ ਤੇ ਜਾ ਕੇ ਆਏ ਹਨ ਤੇ ਉਥੋ ਕਿੰਨੀ ਰਕਮ ਉਗਰਾਹੀ ਕੀਤੀ ਹੈ ਉਸਦੀ ਕੋਈ ਜਾਣਕਾਰੀ ਨਹੀ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੀ ਮੁੱਖ ਮੰਤਰੀ ਬਣਨਾ ਹੈ ਤਾਂ ਜਰੂਰ ਬਣੇ ਪਰ ਇਮਾਨਦਾਰ ਤੇ ਇਖਲਾਕ ਵਾਲੇ ਆਗੂਆਂ ਖਿਲਾਫ ਸਾਜਿਸ਼ਾਂ ਰਚ ਕੇ ਕਾਰਵਾਈਆ ਕਰਨਾ ਉਸ ਨੂੰ ਪੰਜਾਬ ਵਿੱਚ ਮਹਿੰਗਾ ਪਵੇਗਾ। ਉਹਨਾਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਦੋ ਵਾਰੀ ਵਿਧਾਇਕ ਰਿਹਾ ਹੈ ਜਿਸ ਨਾਲ ਪੰਜਾਬ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਜਾਤੀ ਤੇ ਜਮਾਤੀ ਤੌਰ ਤੇ ਜੁੜੇ ਹੋਏ ਹਨ ਅਤੇ ਆਮ ਆਦਮੀ ਪਾਰਟੀ ਲਈ ਸੁੱਚਾ ਸਿੰਘ ਛੋਟੇਪੁਰ ਦੀ ਬਰਖਾਸਤਗੀ ਪੰਜਾਬ ਵਿੱਚੋ ਬੋਰੀਆ ਬਿਸਤਰਾ ਗੋਲ ਕਰਨ ਦਾ ਸਾਧਨ ਬਣੇਗੀ।

Thursday, June 02, 2016

ਸਮਾਰਟ ਸਿਟੀ ਦੀਆਂ ਗੱਲਾਂ ਕੇਵਲ ਸੁਪਨੇ--CPI

Wed, Jun 1, 2016 at 3:43 PM
ਮੱਧਮ ਵਰਗ ਤੇ ਗਰੀਬ ਜਨਤਾ ਨੂੰ ਪੂਰੀ ਤਰਾਂ ਨਜ਼ਰ ਅੰਦਾਜ਼ ਕੀਤਾ ਗਿਆ
ਲੁਧਿਆਣਾ:: 1 ਜੂਨ 2016: (ਪੰਜਾਬ ਸਕਰੀਨ ਬਿਊਰੋ)::
ਕੱਲ ਇੱਥੇ ਪੰਜਾਬ ਦੇ ਪ੍ਰਮੁੱਖ ਸਕੱਤਰ ਸ਼੍ਰੀ ਸਰਵੇਸ਼ ਕੌਸ਼ਲ ਵਲੋ ਲੁਧਿਆਣਾ ਨੂੰ ਸਮਾਰਟ ਸਿਟੀ ਬਨਾਉਣ ਬਾਰੇ ਦਿੱਤੇ ਬਿਆਨਾ ਬਾਬਤ ਇੱਕ ਬਿਆਨ ਵਿੱਚ ਭਾਰਤੀ ਕਮਿਉਨਿਸਟ ਪਾਰਟੀ ਨੇ ਕਿਹਾ ਹੈ ਕਿ ਇਸ ਵਿੱਚ ਮੱਧਮ ਵਰਗ ਤੇ ਗਰੀਬ ਜਨਤਾ ਨੂੰ ਪੂਰੀ ਤਰਾਂ ਨਜ਼ਰ ਅੰਦਾਜ਼ ਕੀਤਾ ਗਿਆ ਹੈ।  ਇਹ ਤਾਂ ਕੇਵਲ ਖ਼ੂਬਸੂਰਤੀ ਦੀਆਂ ਗੱਲਾਂ ਹਨ ਜਦੋ ਕਿ ਵੱਡੀ ਗਿਣਤੀ ਵਿੱਚ ਰਹਿੰਦੀ ਵੱਸੋ ਦੀਆਂ ਰੋਜ਼ ਮੱਰਾ ਦੀਆਂ ਲੋੜਾਂ ਨੂੰ ਪੂਰੀ ਤਰਾਂ ਅਣਗੌਲਿਆ ਕੀਤਾ ਗਿਆ ਹੈ। ਪਾਰਟੀ ਦੇ ਜ਼ਿਲ੍ਹੇ ਦੇ ਸਕੱਤਰ ਕਾ: ਕਰਤਾਰ ਬੁਆਣੀ, ਸਹਾਇਕ ਸਕੱਤਰ ਡਾ: ਅਰੁਣ ਮਿੱਤਰਾ ਤੇ ਕਾ: ਡੀ ਪੀ ਮੌੜ, ਸ਼ਹਿਰੀ ਸਕੱਤਰ ਕਾ: ਰਮੇਸ਼ ਰਤਨ ਤੇ ਸਹਾਇਕ ਸਕੱਤਰ ਕਾ: ਗੁਰਨਾਮ ਸਿੱਧੂ ਨੇ ਕਿਹਾ ਕਿ  ਟਾਈ ਬੱਨ੍ਹਣ ਤੇ ਕਲਫ਼ ਲਾਉਣ ਯਾ ਬਿੰਦੀ ਸੁਰਖੀ ਦੇ ਨਾਲ ਕੋਈ ਵਿਅਕਤੀ ਸਮਾਰਟ ਨਹੀ ਬਣ ਜਾਂਦਾ,  ਅਸਲੀ ਸਮਾਰਟਨੈਸ ਤਾਂ ਤਨ ਤੇ ਮਨ ਵਿੱਚ ਹੁੰਦੀ ਹੈ। ਇਸੇ ਤਰਾਂ ਜਿਸ ਨਗਰ ਵਿੱਚ ਲੱਖਾਂ ਲੋਕਾਂ ਦੇ ਲਈ ਰਹਿਣ ਦੀ ਥਾਂ ਨਾ ਹੋਵੇ, ਸਿਖਿਆ ਤੇ ਸਿਹਤ ਦੀਆਂ ਸਹੂਲਤਾਂ ਉਸਦੀ ਪਹੁੰਚ ਤੋ ਬਾਹਰ ਹੋਣ ਨੂੰ ਸਮਾਰਟ ਕਿਵੇ ਕਿਹਾ ਜਾ ਸਕਦਾ ਹੈ। ਮੱਧਮ ਵਰਗ ਵਲੋ ਪਿਛਲੇ ਲੰਮੇ ਸਮੇ ਤੋ ਫ਼ੀਸਾਂ ਨੂੰ ਲੈ ਕੇ ਅੰਦੋਲਨ ਚਲ ਰਹੇ ਹਨ ਕਿਉਕਿ ਉਹ ਵਿਦਿਆ ਮਹਿੰਗੀ   ਹੋਣ ਕਰ ਕੇ ਬੱਚਿਆਂ ਨੂੰ ਚੰਗੀ ਵਿਦਿਆ ਦੇਣ ਵਿੱਚ ਅਸਮਰਥ ਹੁੰਦੇ ਜਾ ਰਹੇ ਹਨ, ਪਰ ਇਸ ਗੱਲ ਦਾ ਕੋਈ ਜ਼ਿਕਰ ਨਹੀ ਹੈ। ਲੋਕਾਂ ਵਲੋ ਸਿਵਲ ਹਸਪਤਾਲ ਨੂੰ ਆਧਨਿਕ ਸਹੂਲਤਾਂ ਵਾਲਾ ਊੱਚ ਕੋਟੀ ਦਾ ਹਸਪਤਾਲ ਬਨਾਉਣ ਦੀ ਮੰਗ ਕੀਤੀ ਜਾ ਰਹੀ ਹੇ ਤੇ ਭਾਰਤੀ ਕਮਿਉਨਿਸਟ ਪਾਰਟੀ ਨੇ ਇਸ ਬਾਰੇ ਪ੍ਰਦਰਸ਼ਨ  ਵੀ ਕੀਤੇ ਹਨ ਪਰ ਇਹਨਾਂ ਗੱਲਾਂ ਬਾਰੇ ਕੋਈ ਜਿਕਰ ਨਹੀ ਹੈ। ਰੇਹੜੀ ਫੜੀ ਵਾਲਿਆਂ, ਜਿਹੜੇ ਕਿ ਆਮ ਮੱਧਮ ਵਰਗੀ ਤੇ ਗਰੀਬ ਪਰਵਾਰ ਦੀਆਂ ਲੋੜਾਂ ਪੂਰੀਆਂ ਕਰਦੇ ਹਨ ਦੇ ਵੈਂਡਿੰਗ ਜ਼ੋਨ ਬਨਾਉਣ ਦੀ ਕੋਈ ਗੱਲ ਨਹੀ ਹੈ। ਛੋਟੇ ਉਦਮੀਆਂ ਤੇ ਕਾਰਖਾਨੇਦਾਰਾਂ ਦੀਆਂ ਲੋੜਾਂ ਬਾਰੇ ਕੌਈ ਜਿਕਰ ਨਹੀ ਹੈ। ਬੁੱਢੇ ਨਾਲੇ ਦੀ ਸਫ਼ਾਈ ਬਾਰੇ ਕੋਈ ਜਿਕਰ ਨਹੀ ਹੈ। ਨਗਰ ਵਿੱਚ ਅਨੇਕਾਂ ਥਾਵਾਂ ਤੇ ਗੈਰ ਸਮਾਜੀ ਅੰਸਰਾਂ ਵਲੋ ਸਰਕਾਰੀ ਜ਼ਮੀਨਾਂ ਤੇ ਕੀਤੇ ਕਬਜ਼ੇ ਛੁਡਾਉਣ ਦਾ ਕੋਈ ਜ਼ਿਕਰ ਨਹੀ ਹੈ। ਬੱਚਿਆਂ ਦੇ ਲਈ ਖੇਲ੍ਹਣ ਦੀਆਂ ਥਾਵਾਂ ਬਨਾਉਣ ਦੀ ਕੋਈ ਚਰਚਾ ਨਹੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਇਸ਼ਾਰਿਆਂ ਤੇ ਪੰਜਾਬ ਸਰਕਾਰ ਦਾ ਇਹ ਇੱਕ ਛਲਾਵੇ ਭਰਿਆ ਸੁਪਨਾਂ ਲੋਕਾਂ ਨੂੰ ਦਿਖਾਇਆ ਗਿਆ ਹੈ ਜਿਸਤੇ ਕਰੋੜਾਂ ਰੁਪਏ ਲਗਾ ਕੇ ਬਰਬਾਦ ਕਰ ਦਿੱਤੇ ਜਾਣ ਗੇ ਤੇ ਕੇਵਲ ਲੀਪਾਪੋਤੀ ਕਰਕੇ ਲੋਕਾਂ ਨੂੰ ਅੱਛੇ ਦਿਨ ਦੇ ਸੁਪਣੇ ਦਿਖਾਏ ਜਾਂਦੇ ਰਹਿਣਗੇ। 

Saturday, August 03, 2013

ਪੰਜਾਬੀ ਭਾਸ਼ਾ ਪ੍ਰਤੀ ਵਿਤਕਰੇ ਵਿਰੁਧ ਐਸਜੀਪੀਸੀ ਹੋਈ ਹੋਰ ਸਰਗਰਮ

Sat, Aug 3, 2013 at 4:48 PM
110 ਮੁਲਕਾਂ ਵਿੱਚ ਰਹਿ ਰਹੇ,11 ਕਰੋੜ ਪੰਜਾਬੀਆਂ ਦੀ ਮਹੱਤਵਪੂਰਨ ਜੁਬਾਨ
ਕੇਂਦਰ ਸਰਕਾਰ ਪੰਜਾਬੀ ਭਾਸ਼ਾ ਲਾਗੂ ਕਰਨ ਹਿੱਤ ਟਾਲ ਮਟੋਲ ਵਾਲੀ ਨੀਤੀ ਬੰਦ ਕਰੇ- ਜਥੇ:ਅਵਤਾਰ ਸਿੰਘ
ਰਾਸ਼ਟਰਪਤੀ 'ਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ
ਅੰਮ੍ਰਿਤਸਰ: 03 ਅਗਸਤ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਨੂੰ ਚਾਰ ਸਾਲਾ ਗਰੈਜੂਏਸ਼ਨ ਨੀਤੀ 'ਚ ਲਾਗੂ ਨਾ ਕਰਨ ਦਾ ਫੈਸਲਾ ਅਤਿ ਮੰਦਭਾਗਾ ਹੈ ਤੇ ਇਸ ਸਬੰਧੀ ਕੇਂਦਰ ਦੀ ਕਾਂਗਰਸ ਸਰਕਾਰ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਹਿੱਤ ਟਾਲ ਮਟੋਲ ਵਾਲੀ ਨੀਤੀ ਤੁਰੰਤ ਬੰਦ ਕਰੇ। ਉਹਨਾਂ ਕਿਹਾ ਕਿ ਇਸ ਸਬੰਧੀ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਤੇ ਮਾਨਯੋਗ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਪੱਤਰ ਲਿਖ ਕੇ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਮੰਗ ਕੀਤੀ ਗਈ  ਹੈ, ਪ੍ਰੰਤੂ ਉਹਨਾਂ ਵੱਲੋਂ ਇਸ ਸਬੰਧੀ ਗੱਲਬਾਤ ਕਰਨ ਦਾ ਸਮਾਂ ਨਾ ਦੇਣਾ ਤੇ ਟਾਲ-ਮਟੋਲ ਕਰਨਾ, ਕੋਈ ਚੰਗਾ ਸੰਕੇਤ ਨਹੀਂ ਦੇ ਰਿਹਾ ਬਲਕਿ ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਵਿਰਸੇ ਨਾਲ ਮਤਰੇਈ ਮਾਂ ਵਾਲਾ ਸਲੂਕ ਸਾਬਤ ਹੋ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਸਤਾ ਅਧੀਨ, ਸਵਾ ਸੌ ਸਾਲ ਤੋਂ ਪੰਜਾਬੀ ਭਾਸ਼ਾ, ਸਹਿਤ ਅਤੇ ਸੱਭਿਆਚਾਰ ਦੀ ਭਰਪੂਰ ਜਾਣਕਾਰੀ ਤੇ ਵਿਕਾਸ ਦੀ ਸਿੱਖਿਆ ਪ੍ਰਣਾਲੀ ਨੂੰ ਜਿਹਨਾਂ ਯੂਨੀਵਰਸਿਟੀਆਂ ਨੇ ਢਾਹ ਲਗਾਈ ਹੈ ਉਹਨਾਂ ਪ੍ਰਤੀ ਧਿਆਨ ਨਾ ਦੇਣਾ ਉਚਿਤ ਨਹੀਂ ਹੈ। ਅਜਿਹੀ ਸਥਿਤੀ ਵਿੱਚ ਕੇਂਦਰ ਸਰਕਾਰ ਵੱਲੋਂ ਯੂਨੀਵਰਸਿਟੀਆਂ ਦਾ ਅਜੋਕਾ ਸਿੱਖਿਆ ਪੱਧਰ ਆਮ ਜਨਤਾ ਤੱਕ ਪਹੁੰਚ ਵਾਲਾ ਨਾ ਹੋ ਕੇ ਖਾਸ ਵਰਗ ਦੀ ਸੇਵਾ ਨੂੰ ਮੁੱਖ ਰੱਖ ਕੇ ਹੈ। ਬਾਹਰਲੀਆਂ ਭਾਸ਼ਾਵਾਂ ਦੇ ਗ੍ਰੰਥਾਂ ਦੇ ਅਨੂਵਾਦ, ਖੋਜ ਪ੍ਰਣਾਲੀ, ਸ਼ਬਦ-ਨਿਰਮਾਣ ਆਦਿ ਲੋਕ ਬੋਲੀ ਨੂੰ ਸੰਗੇੜਨ ਦਾ ਯਤਨ ਹੈ। ਜੇ ਕੇਂਦਰ ਸਰਕਾਰ ਦੀ ਇਹੋ ਚਾਲ ਰਹੀ ਤਾਂ ਯੂਨੀਵਰਸਿਟੀਆਂ ਦੀ ਭਾਸ਼ਾ ਆਮ ਲੋਕਾਂ ਨਾਲੋਂ ਬੁਰਾ ਤਰ੍ਹਾਂ ਨਾਲ ਟੁੱਟ ਜਾਵੇਗੀ ਤੇ ਇਸ ਦਾ ਆਉਣ ਵਾਲੀ ਪੀੜ੍ਹੀ ਤੇ ਬਹੁਤ ਬੁਰੀ ਅਸਰ ਪਾਵੇਗਾ ਤੇ ਉਹ ਆਪਣੀ ਮਾਂ ਬੋਲੀ ਨੂੰ ਭੁੱਲ ਕੇ ਦੂਸਰੀਆਂ ਭਾਸ਼ਾਵਾਂ ਨੂੰ ਤਰਜੀਹ ਦੇਵੇਗੀ। ਨਤੀਜੇ ਵਜੋਂ ਉਹ ਪੰਜਾਬੀ ਬੋਲੀ ਦੇ ਨਾਲ ਪੰਜਾਬੀ ਵਿਰਸੇ ਤੇ ਸੱਭਿਆਚਾਰ ਦੀ ਪਹਿਚਾਣ ਵੀ ਗਵਾ ਬੈਠੇਗੀ। ਉਹਨਾਂ ਕਿਹਾ ਕਿ ਪੰਜਾਬੀ ਜੁਬਾਨ 110 ਮੁਲਕਾਂ ਵਿੱਚ ਰਹਿ ਰਹੇ, ਅੰਦਾਜਨ 11 ਕਰੋੜ ਪੰਜਾਬੀਆਂ ਦੀ ਇੱਕ ਮਹੱਤਵਪੂਰਨ ਜੁਬਾਨ ਹੈ ਤੇ ਦੁਨੀਆਂ ਦੀ ਤੇਰਵੀਂ ਭਾਸ਼ਾ ਦਾ ਸਥਾਨ ਪ੍ਰਾਪਤ ਕਰ ਚੁੱਕੀ ਹੈ। ਇਸ ਦਾ ਵਿਸ਼ਵ ਭਰ ਵਿੱਚ ਆਪਣਾ ਨਿਵੇਕਲਾ ਸਥਾਨ ਹੈ।
ਉਹਨਾਂ ਕਿਹਾ ਕਿ ਸਾਡੇ ਮੁਲਕ ਵਿੱਚ ਅਨੇਕਾ ਭਾਸ਼ਾਵਾਂ ਆਪਣੀ-ਆਪਣੀ ਭੂਮਿਕਾ ਨਿਭਾਅ ਰਹੀਆਂ ਹਨ ਤੇ ਉਹਨਾਂ  ਨੂੰ ਬੋਲਣ ਤੇਪੜ੍ਹਨ ਵਾਲੇ ਵੀ ਉਸ ਦੀ ਸਦੀਵਤਾ ਦੇ ਅਭਿਲਾਖੀ ਹਨ। ਕੋਈ ਵੀ ਬੋਲੀ ਜਾਂ ਭਾਸ਼ਾ ਕੁਝ ਬੋਲਾਂ ਦੇ ਅੱਖਰਾਂ ਦਾ ਮਿਸ਼ਰਣ ਨਹੀਂ ਹੁੰਦੀ। ਇਸ ਦੇ ਨਾਲ ਇੱਕ ਪੂਰੀ ਸੱਭਿਅਤਾ ਜੁੜੀ ਹੁੰਦੀ ਹੈ। ਉਹਨਾਂ ਸਖਤ ਨਰਾਜ਼ਗੀ ਜਿਤਾਉਂਦੇ ਹੋਏ ਕਿਹਾ ਕਿ ਪਹਿਲਾਂ ਤਾਂ ਬੋਲੀਆਂ ਤੇ ਭਾਸ਼ਾਵਾਂ ਨੂੰ ਨਜ਼ਰ ਅੰਦਾਜ਼ ਕਰਨ ਦਾ ਕੋਝਾ ਕਾਰਾ ਰਾਜ ਸਰਕਾਰਾਂ ਕਰਦੀਆਂ ਰਹੀਆਂ ਹਨ ਤੇ ਹੁਣ ਕੇਂਦਰ ਸਰਕਾਰ ਦੀ ਵਿੱਦਿਅਕ ਨੀਤੀ ਵੀ ਕਈ ਹੋਰ ਭਾਸ਼ਾਵਾਂ ਨੂੰ ਮਾਰਨ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦੀ ਬੇਕਦਰੀ ਕਰਨ ਦੇ ਰਾਹ ਤੇ ਤੁਰ ਪਈ ਹੈ। ਉਹਨਾਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਵੱਲੋ ਲਏ ਗਏ ਪੰਜਾਬੀ ਵਿਰੋਧੀ ਫੈਸਲੇ ਨੇ ਹਰ ਪੰਜਾਬੀ ਨੂੰ ਦੁਖੀ ਤੇ ਬੇਚੈਨ ਕੀਤਾ ਹੈ ਤੇ ਦੁੱਖ ਓਦੋਂ ਹੋਰ ਵੱਧ ਜਾਂਦਾ ਹੈ ਜਦੋਂ ਕਿ ਦਿੱਲੀ ਵਿੱਚ ਪੰਜਾਬੀਆਂ ਦੀ ਗਿਣਤੀ ਲੱਖਾਂ 'ਚ ਹੋਵੇ ਤੇ ਪੰਜਾਬੀ ਬੋਲਣ ਤੇ ਸਮਝਣ ਵਾਲੇ ਲੱਖਾਂ ਦੀ ਗਿਣਤੀ 'ਚ ਹੋਣ ਤੇ ਦਿੱਲੀ ਵਿੱਚ ਪੰਜਾਬੀ ਨੂੰ ਦੂਸਰੀ ਭਾਸ਼ਾ ਦਾ ਦਰਜ਼ਾ ਵੀ ਹਾਸਲ ਹੋਇਆ ਹੋਵੇ। ਉਹਨਾਂ ਕਿਹਾ ਕਿ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ 'ਚ ਵੀ ਪੰਜਾਬੀ ਸਖ਼ਤ ਮਿਹਨਤ ਤੇ ਕਾਰੋਬਾਰ ਸਥਾਪਤ ਕਰਕੇ ਜਿਥੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਰਹੇ ਹਨ, ਉਥੇ ਦੇਸ਼ ਦੀ ਤਰੱਕੀ ਵਿੱਚ ਵੀ ਯੋਗਦਾਨ ਪਾ ਰਹੇ ਹਨ। ਉਹਨਾਂ ਕਿਹਾ ਕਿ ਕੈਨੇਡਾ ਦੀ ਧਰਤੀ ਤੇ ਵਸੇ ਪੰਜਾਬੀ ਭਾਈਚਾਰੇ ਦੇ ਯੋਗਦਾਨ ਨੂੰ ਸਮਝਦਿਆਂ ਕੈਨੇਡਾ ਸਰਕਾਰ ਨੇ ਬਹੁਤ ਸਾਰੀਆਂ ਥਾਵਾਂ ਤੇ ਸਾਈਨ ਬੋਰਡ ਪੰਜਾਬੀ ਭਾਸ਼ਾ 'ਚ ਲਗਵਾਏ ਹਨ ਜਿਸ ਨੂੰ ਵੇਖ ਕੇ ਹਰ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਕਿਉਂਕਿ ਵਿਦੇਸ਼ੀ ਧਰਤੀ ਤੇ ਮਾਂ ਬੋਲੀ ਪੰਜਾਬੀ ਨੂੰ ਮਾਣ ਮਿਲਣਾ ਕੋਈ ਛੋਟੀ ਗੱਲ ਨਹੀਂ ਪਰ ਉਹ ਮਾਂ ਬੋਲੀ ਪੰਜਾਬੀ ਜਿਸ ਨੂੰ ਵਿਦੇਸ਼ੀ ਸਰਕਾਰਾਂ ਅਤਿ ਸਤਿਕਾਰਤ ਦਰਜ਼ਾ ਦੇ ਕੇ ਗਲ ਨਾਲ ਲਗਾ ਰਹੀਆਂ ਹਨ ਅੱਜ ਉਸੇ ਪੰਜਾਬੀ ਬੋਲੀ ਨੂੰ ਆਪਣੇ ਹੀ ਦੇਸ਼ ਵਿੱਚ ਦੁਰਕਾਰ ਕੇ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਇਹ ਪ੍ਰਾਏਪਨ ਵਾਲਾ ਸਲੂਕ ਨਹੀਂ ਤਾਂ ਹੋਰ ਕੀ ਹੈ! ਉਹਨਾਂ ਕਿਹਾ ਕਿ ਪੰਜਾਬੀ ਨੂੰ ਉੱਚ ਵਿਦਿਆ ਅਦਾਰਿਆਂ 'ਚੋਂ ਇੱਕ ਗਿਣੀ ਮਿਥੀ ਸਾਜਿਸ਼ ਅਧੀਨ ਉੱਚੇ ਵਿਦਿਅਕ ਕੋਰਸਾਂ ਵਿੱਚੋਂ ਖਾਰਜ ਕਰ ਦੇਣ ਦੇ ਮਨਸੂਬੇ ਅਤਿ ਨਿੰਦਣਯੋਗ ਹਨ ਤੇ ਦਿੱਲੀ ਯੂਨੀਵਰਸਿਟੀ ਦੀ ਦੋਗਲੀ ਵਿਦਿਅਕ ਨੀਤੀ ਨੂੰ ਬੇਪਰਦ ਵੀ ਕਰਦੇ ਹਨ। ਉਹਨਾਂ ਕਿਹਾ ਕਿ ਪੰਜਾਬੀ ਬੋਲੀ ਤੇ ਭਾਸ਼ਾ ਕਿਸੇ ਵਰਗ/ਫਿਰਕੇ ਤੇ ਜਮਾਤ ਲਈ ਰਾਖਵੀਂ ਨਹੀਂ ਹੈ। ਦਿੱਲੀ ਵਿੱਚ ਪੰਜਾਬੀ ਬੋਲਣ ਵਾਲਾ ਹਰ ਸਖਸ਼ ਆਪਣੇ ਆਪ ਵਿੱਚ ਇੱਕ ਸੱਭਿਅਕ ਹੈ। ਉਹਨਾਂ ਨੇ ਮੁੜ ਦੇਸ਼ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੂੰ ਮਿਲਣ ਲਈ ਸਮਾਂ ਦੇਣ ਦੀ ਮੰਗ ਕੀਤੀ ਹੈ। ਉਹਨਾਂ ਹਰ ਪੰਜਾਬੀ ਨੂੰ ਅਪੀਲ ਕਰਦਿਆਂ ਹੋਇਆ ਕਿਹਾ ਕਿ ਉਹ ਹਰ ਸਖਸ਼ ਜੋ ਆਪਣੇ ਆਪ ਨੂੰ ਪੰਜਾਬੀ ਕਹਾਉਦਾਂ ਹੈ ਤੇ ਉਸ ਨੂੰ ਪੰਜਾਬੀ ਹੋਣ ਤੇ ਮਾਣ ਹੈ ਲਾਮਬੰਦ ਹੋਵੇ ਤੇ ਪੰਜਾਬੀਆਂ ਨਾਲ ਕੀਤੇ ਗਏ ਇਸ ਵਿਤਕਰੇ ਵਿਰੁੱਧ ਇਕਜੁੱਟ ਹੋ ਕੇ ਅਵਾਜ ਉਠਾਏ।

Friday, August 02, 2013

ਕੈਲੇਫੋਰਨੀਆ ਵਿੱਚ ਗੁਰਦੁਆਰਾ ਸਾਹਿਬ ਤੇ ਹਮਲੇ ਦਾ ਮਾਮਲਾ ਗਰਮਾਇਆ

Fri, Aug 2, 2013 at 4:47 PM
ਜਥੇ:ਅਵਤਾਰ ਸਿੰਘ ਨੇ ਨਸਲੀ ਹਮਲੇ ਨੂੰ ਦੱਸਿਆ ਅਤਿਅੰਤ ਮੰਦਭਾਗਾ 
ਨਾਲ ਹੀ ਕੀਤੀ ਹਮਲਾਵਰਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ 
ਅੰਮ੍ਰਿਤਸਰ: 02 ਅਗਸਤ- ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ 'ਚ ਗੁਰਦੁਆਰਾ ਸਾਹਿਬ ਉੱਪਰ ਹਮਲਾ ਕਰਕੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਭੰਨਤੋੜ ਅਤੇ ਕੰਧਾਂ ਉੱਪਰ ਅੱਤਵਾਦੀ ਸ਼ਬਦ ਲਿਖੇ ਜਾਣ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨਿੰਦਾ ਕਰਦਿਆਂ ਅਮਰੀਕੀ ਪ੍ਰਸਾਸ਼ਨ ਨੂੰ ਅਪੀਲ ਕੀਤੀ ਹੈ ਕਿ ਸ਼ਰਾਰਤੀ ਅਨਸਰਾਂ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾਵੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਖ਼ਤ ਸਜਾ ਦਿੱਤੀ ਜਾਵੇ।
ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਵਿਭਾਗ ਤੋਂ ਜਾਰੀ ਪ੍ਰੈੱਸ ਰਲੀਜ਼ 'ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਕੁਝ ਫਿਰਕੂ ਕਿਸਮ ਦੇ ਸ਼ਰਾਰਤੀ ਲੋਕ ਜਿਹਨਾਂ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ, ਉਹ ਅਜਿਹੇ ਨਸਲੀ ਹਮਲੇ ਕਰਦੇ ਹਨ ਅਜਿਹੇ ਲੋਕਾਂ ਦੀ ਕੇਵਲ ਇਹੀ ਮਨਸ਼ਾ ਹੁੰਦੀ ਹੈ ਕਿ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾਇਆ ਜਾਵੇ ਤੇ ਫਿਰਕਿਆਂ 'ਚ ਆਪਸੀ ਕੁੜੱਤਣ ਪੈਦਾ ਕੀਤੀ ਜਾਵੇ। ਉਹਨਾਂ ਕਿਹਾ ਕਿ ਪਿਛਲੇ ਸਾਲ ਵੀ ਇਹਨਾਂ ਦਿਨਾਂ 'ਚ ਹੀ ਵਿਸਕਾਂਸਨ ਦੇ ਗੁਰਦੁਆਰਾ ਓਕਕਰੀਕ ਵਿੱਚ ਇੱਕ ਗੋਰੇ ਵਿਅਕਤੀ ਵੱਲੋਂ ਨਸਲੀ ਹਮਲਾ ਕਰਕੇ ਨਿੱਤਨੇਮ ਕਰਦੇ ਛੇ ਸਿੱਖਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ 'ਤੇ ਬਹੁਤ ਸਾਰਿਆਂ ਨੂੰ ਜਖ਼ਮੀ ਕਰ ਦਿੱਤਾ ਗਿਆ ਸੀ 'ਤੇ ਹੁਣ ਫੇਰ ਤਕਰੀਬਨ ਉਹਨਾਂ ਦਿਨਾਂ 'ਚ ਹੀ ਗੁਰਦੁਆਰਾ ਸਾਹਿਬ 'ਚ ਭੰਨ-ਤੋੜ ਕਰਕੇ ਕੰਧ ਤੇ ਅੱਤਵਾਦੀ ਸ਼ਬਦ ਲਿਖਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਤੇ ਇਸ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ ਕਿ ਆਖਰ ਅਜਿਹੇ ਕੌਣ ਲੋਕ ਹਨ ਜਿਹਨਾਂ ਨੂੰ ਸਾਂਤੀ ਚੰਗੀ ਨਹੀਂ ਲੱਗਦੀ। ਉਹਨਾਂ ਕਿਹਾ ਕਿ ਸਿੱਖਾਂ ਦੀ ਮਿਹਨਤ ਤੇ ਸੁਭਾਅ ਬਾਰੇ ਹੁਣ ਜ਼ਿਆਦਾਤਰ ਅਮਰੀਕੀ ਲੋਕਾਂ ਨੂੰ ਪਤਾ ਹੈ ਕਿ ਇਹ ਆਪਸੀ ਮਿਲ ਵਰਤਣ ਤੇ ਭਾਈਚਾਰਕ ਸਾਂਝ ਦੇ ਹਾਮੀ ਹਨ।
ਉਹਨਾਂ ਕਿਹਾ ਕਿ ਸਾਰੇ ਧਰਮ ਸਤਿਕਾਰ ਯੋਗ ਹਨ ਕੋਈ ਵੀ ਧਰਮ ਨਫ਼ਰਤ ਫੈਲਾਉਣ ਦੀ ਆਗਿਆ ਨਹੀਂ ਦਿੰਦਾ। ਧਰਮ 'ਚ ਰਹਿ ਕੇ ਸਗੋਂ ਹਰ ਇਨਸਾਨ ਸੁਧਰਦਾ ਹੈ, ਪਰ ਕੁਝ ਗੈਰ ਧਰਮੀ ਲੋਕ ਗੁਰੂ ਘਰਾਂ ਦੀ ਨਿਰਾਦਰੀ ਕਰਨ 'ਚ ਆਪਣੀ ਵਡਿਆਈ ਸਮਝਦੇ ਹਨ। ਉਹਨਾਂ ਅਮਰੀਕੀ ਪ੍ਰਸਾਸ਼ਨ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਲੋਕਾਂ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾਵੇ ਤੇ ਗੁਨਾਹਗਾਰਾਂ ਨੂੰ ਗ੍ਰਿਫਤਾਰ ਕਰਕੇ ਸਖ਼ਤ ਧਾਰਾਵਾਂ ਹੇਠ ਕੇਸ ਦਰਜ਼ ਕਰਕੇ ਸਜਾ ਦਿੱਤੀ ਜਾਵੇ।



Tuesday, May 28, 2013

ਨਕਸਲੀਆਂ ਵਿਰੁਧ ਹੋਵੇਗੀ ਹੁਣ ਹੋਰ ਸਖਤੀ

 ਕੇਂਦਰੀ ਗ੍ਰਹਿ ਸਕੱਤਰ ਨੇ ਕੀਤੀ ਪੁਲਿਸ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ
ਛਤੀਸਗੜ੍ਹ 'ਚ ਕਾਂਗਰਸ ਪਾਰਟੀ ਦੇ ਕਾਫ਼ਿਲੇ ਤੇ ਹੋਏ ਹਮਲੇ ਮਗਰੋਂ ਆਖਿਰ ਕੇਂਦਰ ਸਰਕਾਰ ਨੇ ਨਕਸਲ ਪ੍ਰਭਾਵਿਤ ਹਲਕਿਆਂ ਵਿੱਚ ਹੋਰ ਸਖਤੀ ਦੀ ਗੱਲ ਸਪਸ਼ਟ ਸ਼ਬਦਾਂ ਵਿੱਚ ਆਖ ਦਿੱਤੀ ਹੈ। ਕੇਂਦਰੀ ਗ੍ਰਹਿ ਸਕੱਤਰ ਆਰ. ਕੇ. ਸਿੰਘ ਨੇ ਅੱਜ ਸਾਫ਼ ਸਾਫ਼ ਕਿਹਾ ਕਿ ਨਕਸਲੀ ਕਾਰਵਾਈਆਂ ਤੋਂ ਪ੍ਰਭਾਵਿਤ ਖੇਤਰਾਂ 'ਚ ਹੋਰ ਆਪ੍ਰੇਸ਼ਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕੇਂਦਰ ਵੱਲੋਂ ਹੋਰ ਨੀਮ ਫੌਜੀ ਬਲਾਂ ਦੀਆਂ ਟੁਕੜੀਆਂ ਨੂੰ ਪੂਰੀ ਤਰ੍ਹਾਂ ਆਧੁਨਿਕ ਹਥਿਆਰ ਮੁਹੱਈਆ ਕਰਕੇ ਨਕਸਲੀਆਂ ਵਿਰੋਧੀ ਆਪਰੇਸ਼ਨਾਂ 'ਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਰਾਏਪੁਰ ਦੇ ਪੁਲਿਸ ਹੈਡਕੁਆਟਰ ਵਿਖੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਅਸੀਂ ਛੱਤੀਸਗਡ਼੍ਹ ਨਾਲ ਲੱਗਦੇ ਨਕਸਲੀ ਹਿੰਸਾ ਤੋਂ ਪ੍ਰਭਾਵਿਤ ਸੂਬਿਆਂ ਨਾਲ ਵੀ ਤਾਲਮੇਲ ਕਰਾਂਗੇ ਅਤੇ ਕੇਂਦਰ ਵੱਲੋਂ ਨਕਸਲੀਆਂ ਵਿਰੋਧੀ ਆਪਰੇਸ਼ਨਾਂ ਲਈ ਹੋਰ ਸੁਰੱਖਿਆ ਬਲ ਅਤੇ ਆਧੁਨਿਕ ਹਥਿਆਰ ਮੁਹੱਈਆ ਕੀਤੇ ਜਾਣਗੇ। ਜਦੋਂ ਉਨ੍ਹਾਂ ਨੂੰ ਨਕਸਲੀਆਂ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਬਾਰੇ ਪੁੱਛਿਆ, ਜਿਸ ਵਿਚ ਉਨ੍ਹਾਂ ਕੁਝ ਨਿਰਦੋਸ਼ ਲੋਕਾਂ ਦੇ ਮਾਰੇ ਜਾਣ 'ਤੇ ਅਫ਼ਸੋਸ ਜ਼ਾਹਿਰ ਕੀਤਾ ਹੈ, ਤਾਂ ਸ੍ਰੀ ਸਿੰਘ ਨੇ ਕਿਹਾ ਕਿ ਹਾਂ, ਉਨ੍ਹਾਂ ਨੂੰ ਗੋਲੀ ਮਾਰ ਕੇ ਮਾਰ ਦੇਣ ਦੇ ਬਾਵਜੂਦ ਉਹ ਵਿਅਕਤੀ ਉਨ੍ਹਾਂ ਦੇ ਨਿਸ਼ਾਨੇ 'ਤੇ ਨਹੀਂ ਸਨ। ਨਕਸਲੀਆਂ ਖਿਲਾਫ਼ ਫੌਜ ਦੀ ਵਰਤੋਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਬਹੁਤ ਹੀ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਸ ਖੇਤਰ 'ਚ ਫੌਜ ਦੀ ਵਰਤੋਂ ਦੀ ਕੋਈ ਲੋੜ ਨਹੀਂ। ਜਿਕਰਯੋਗ ਹੈ ਕਿ ਸਨਿਚਰਵਾਰ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਨਕਸਲੀਆਂ ਦੇ ਹਮਲੇ 'ਚ ਸੂਬਾ ਕਾਂਗਰਸ ਪ੍ਰਧਾਨ ਨੰਦ ਕੁਮਾਰ ਪਟੇਲ, ਉਨ੍ਹਾਂ ਦਾ ਪੁੱਤਰ ਦਿਨੇਸ਼ ਪਟੇਲ, ਕਾਂਗਰਸੀ ਨੇਤਾ ਮਹੇਂਦਰ ਕਰਮਾ ਸਮੇਤ 29 ਵਿਅਕਤੀ ਮਾਰੇ ਗਏ ਅਤੇ 36 ਹੋਰ ਜ਼ਖ਼ਮੀ ਹੋ ਗਏ ਸਨ। ਇਸ ਹਮਲੇ ਵਿੱਚ ਨਕਸਲਬਾੜੀਆਂ ਦੇ ਕੱਟੜ ਦੁਸ਼ਮਨ ਮਹਿੰਦਰ ਕਰਮਾ ਦੀ ਮੌਤ ਤੋਂ ਬਾਅਦ ਉਹਨਾਂ ਧਿਰਾਂ ਦਾ ਮਨੋਬਲ ਕਮਜ਼ੋਰ ਹੋਣ ਦਾ ਖਦਸ਼ਾ ਵੀ ਪੈਦਾ ਹੋ ਗਿਆ ਸੀ ਜਿਹੜੀਆਂ ਖੁੱਲ ਕੇ ਨਕਸਲੀ ਗਰੁੱਪਾਂ ਵਿਰੁਧ ਲੜ ਰਹੀਆਂ ਹਨ। ਹੁਣ ਨਵਾਂ ਮਹਿੰਦਰ ਕਰਮਾ ਲਭਣਾ ਸਰਕਾਰ  ਲਈ ਕੋਈ ਆਸਾਨ ਕੰਮ ਨਹੀਂ ਹੋਣਾ। ਕੇਂਦਰ ਵੱਲੋਂ ਕਾਰਵਾਈ 'ਚ ਤੇਜ਼ੀ ਲਿਆਉਣ ਦੇ ਬਿਆਨਾਂ ਨਾਲ ਨਕਸਲੀ ਚੁਨੌਤੀ ਵਿਰੁਧ ਸਰਗਰਮ ਤਾਕਤਾਂ ਨੂੰ ਇੱਕ ਨਵੀਂ ਹੱਲਾਸ਼ੇਰੀ ਵੀ ਮਿਲੇਗੀ।

Sunday, February 17, 2013

ਹੌਦ ਚਿੱਲਡ਼ ਸਿੱਖ ਕਤਲੇਆਮ ਦਾ ਸਬੂਤ

Sun, Feb 17, 2013 at 8:17 AM
ਕਿਸੇ ਵੀ ਸਰਕਾਰ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਸਿੱਖ ਜਗਤ ਤੋਂ ਮੁਆਫੀ ਨਹੀਂ ਮੰਗੀ 
ਹੌਦ ਚਿੱਲਡ਼ ਦੀ ਸੁਲਘਦੀ ਚੰਗਿਆਡ਼ੀ ਵੱਡਾ ਭਾਂਬਡ਼ ਬਣਨ ਦਾ ਖਤਰਾ
ਸਿੱਖ ਪੰਥ ਨੂੰ ਹੋਦ ਚਿੱਲਡ਼ ਜਨਵਰੀ 2011 ਨੂੰ ਲੱਭਿਆ। ਪਿੰਡਾਂ ਦਾ ਗੰਦਾ ਪਾਣੀ ਅਤੇ ਮੀਂਹ ਦਾ ਪਾਣੀ ਜਿੱਥੇ ਇਕੱਠਾ ਹੁੰਦਾ ਹੈ, ਉਸ ਨੂੰ ਛੱਪਡ਼ ਜਾਂ ਟੋਭਾ ਕਿਹਾ ਜਾਂਦਾ ਹੈ। ਇਹ ਛੱਪਡ਼ ਕੁਦਰਤੀ ਬਣਦੇ ਹਨ । ਜਿਥੇ ਲੋਕਾਂ ਨੇ ਆਪਣੀ ਵਰਤੋਂ ਵਾਸਤੇ ਮੀਂਹ ਦਾ ਪਾਣੀ ਇਕੱਠਾ ਕੀਤਾ ਹੋਵੇ, ਉਸ ਨੂੰ ਹੌਦ ਕਹਿੰਦੇ ਹਨ। ਹੌਦ ਲੋਕਾਂ ਦੁਆਰਾ ਬਣਾਏ ਹੁੰਦੇ ਹਨ, ਜਿਵੇਂ ਸ਼ਹਿਰਾਂ ਵਿੱਚ ਸੀਵਰੇਜ ਦੀਆਂ ਅਤੇ ਪਾਣੀ ਦੀਆਂ ਹੌਦੀਆਂ ਹੁੰਦੀਆਂ ਹਨ। ਹੌਦੀ ਦਾ ਵਿਰਾਟ ਰੂਪ ਹੌਦ ਹੁੰਦਾ ਹੈ। ਹਰਿਆਣੇ ਦੇ ਰਿਵਾਡ਼ੀ ਜਿਲੇ ਵਿੱਚ ਇੱਕ ਪਿੰਡ ਹੈ ਚਿੱਲਡ਼। ਚਿੱਲਡ਼ ਦੇ ਬਾਹਰਵਾਰ 2 ਕੁ ਮਿਲੋਮੀਟਰ ਹਟਵਾਂ 1947 ਤੋਂ ਪਹਿਲਾਂ ਲੋਕਾਂ ਨੇ ਮੀਂਹ ਦਾ ਪਾਣੀ ਇਕੱਠਾ ਕਰਨ ਲਈ ਇੱਕ ਹੌਦ ਬਣਾਇਆ ਸੀ। 1947 ਤੋਂ ਬਾਅਦ ਕੁੱਝ ਲੋਕ ਜੋ ਪਾਕਿਸਤਾਨ ਦੇ ਮੀਆਂਵਾਲੀ ਸ਼ਹਿਰ ਤੋਂ ਉੱਜਡ਼ ਕੇ, ਆਪਣਾ ਸੱਭ ਕੁੱਝ ਲੁਟਵਾ ਕੇ ਆਏ ਸਨ, ਉਹਨਾਂ ਇਸ ਹੌਦ ਦੇ ਆਲੇ ਦੁਆਲ਼ੇ ਖੇਤੀ ਕਰਨੀ ਆਰੰਭ ਕਰ ਦਿਤੀ ਸੀ। ਇਹ ਸਾਰੇ ਹੀ ਸਿੱਖ ਸਨ ਅਤੇ ਦਿਨਾਂ ਵਿੱਚ ਹੀ ਖੁਸ਼ਹਾਲ ਹੋ ਗਏ। ਇਹਨਾਂ ਦਾ ਮਨੋਰੰਜਕ ਕੰਮ ਸੀ ਗੁਰਪੁਰਵ ਮਨਾਉਣੇ। ਲਾਗਲੇ ਪਿੰਡਾਂ ਦੇ ਗਰੀਬ ਲੋਕ ਇਥੇ ਲੰਗਰ ਛਕਣ ਤੁਰੇ ਹੀ ਰਹਿੰਦੇ ਸਨ। ਪਹਿਲਾਂ ਇਹ ਪੰਜਾਬ ਦਾ ਹਿੱਸਾ ਸੀ ਬਾਅਦ ਵਿੱਚ ਹਰਿਆਣੇ ਵਿੱਚ ਆ ਗਿਆ। ਇਸ ਹੌਦ ਦੇ ਨਾਮ ਤੋਂ ਹੀ ਇਸ ਪਿੰਡ ਦਾ ਨਾਮ ਹੌਦ ਹੋ ਗਿਆ। ਚਿੱਲ਼ਡ਼ ਪਿੰਡ ਲਾਗੇ ਹੋਣ ਕਾਰਨ ਹੌਦ ਚਿੱਲਡ਼ ਨਾਮ ਹੋ ਗਿਆ । ਹੌਦ ਅਤੇ ਚਿੱਲਡ਼ ਪਿੰਡ ਦੀ ਇੱਕ ਹੀ ਪੰਚਾਇਤ ਹੁੰਦੀ ਸੀ। ਸਰਪੰਚ ਜਿਆਦਾਤਰ ਹੌਦ ਦਾ ਹੀ ਹੁੰਦਾ ਸੀ। 
ਪਹਿਲਾਂ ਹਰਿਆਣੇ ਦੇ ਜਾਟ ਅਤੇ ਪੰਜਾਬੀ ਦੇ ਜੱਟਾਂ ਵਿਚ ਕੋਈ ਫ਼ਰਕ ਨਹੀਂ ਹੁੰਦਾ ਸੀ। ਹਿੰਦੂਵਾਦੀਆਂ ਨੇ ਜੱਟ ਨੂੰ ਹਿੰਦੂ ਬਣਾਉਣ ਲਈ ਇਸ ਦਾ ਹਿੰਦੂ ਨਾਮ ਜਾਟ ਕਰ ਦਿਤਾ। ਪੰਜਾਬ ਦੇ ਜੱਟਾਂ ਨੂੰ ਜੱਟ ਸਿੱਖ ਬਣਾ ਦਿਤਾ, ਅਤੇ ਆਲ਼ੇ ਦੁਆਲ਼ੇ ਦੇ ਜਾਟ ਹੌਦ ਵਾਲ਼ੇ ਜੱਟਾਂ ਦੀ ਖੁਸਹਾਲੀ ਦੇ ਕੇ ਮੱਚਣ ਲੱਗ ਪਏ ਅਤੇ ਨਵੰਬਰ 1984 ਨੂੰ ਹੌਦ ਦੇ ਆਲ਼ੇ ਦੁਆਲ਼ੇ ਖੇਤੀ ਕਰਨ ਵਾਲ਼ਿਆਂ ਨੂੰ ਮਾਰ ਦਿਤਾ, ਖਪਾ ਦਿਤਾ, ਭਜਾ ਦਿਤਾ ਅਤੇ ਸਾਰੇ ਪਿੰਡ ਨੂੰ ਲੁੱਟ ਪੁੱਟ ਲਿਆ। ਅੱਗਾਂ ਲਗਾ ਦਿਤੀਆਂ। ਬੱਚੇ ਬੁੱਢੇ ਜਵਾਨਾਂ ਨੂੰ ਇਉਂ ਭੁੰਨ ਦਿਤਾ ਗਿਆ ਜਿਵੇਂ ਮੁਰਗੇ ਨੂੰ ਤੰਦੂਰ ਵਿੱਚ ਭੁੰਨੀਦਾ ਹੈ। ਕਿਉਂਕਿ ਸਾਰੇ ਡਰਦੇ ਮਾਰੇ ਆਪੋ ਆਪਣੇ ਘਰਾ ਵਿੱਚ ਦੁਬਕ ਗਏ ਸਨ ਅਤੇ ਜਨੂੰਨੀਆਂ ਨੇ ਘਰਾਂ ਦੀਆਂ ਛੱਤਾਂ ਪਾਡ਼ ਕੇ ਅੰਦਰੋ ਅੰਦਰੀ ਪੈਟਰੌਲ, ਡੀਜਲ ਸੁੱਟ ਫੂਕ ਦਿਤਾ ਸੀ। ਸਬੂਤ ਵਜੋਂ ਅੱਜ ਵੀ ਛੱਤਾਂ ਤੋਂ ਬਗੈਰ ਹਵੇਲੀਆਂ ਦੇਖੀਆਂ ਜਾ ਸਕਦੀਆਂ ਹਨ। ਸਾਰਾ ਪਿੰਡ ਖੰਡਰ ਬਣਾ ਦਿਤਾ ਗਿਆ । ਇਹ ਹੌਦ ਵਾਸੀ 26 ਸਾਲ ਕਿਸੇ ਦੇ ਨਜ਼ਰੀਂ ਨਹੀਂ ਪਏ, ਨਾਂ ਹੀ ਇਹ ਖੰਡਰ ਬਣਿਆ ਸਰਦਾਰਾਂ ਦਾ ਪਿੰਡ ਕਿਸੇ ਦੇ ਨਜ਼ਰੀਂ ਚਡ਼ਿਆ । ਹਰਿਆਣੇ ਦੀ ਸਰਕਾਰ ਨੇ ਵੀ ਨਹੀਂ ਗੌਲ਼ਿਆ । ਹੌਦ ਪਿੰਡ ਦੇ ਖੰਡਰ ਵੀ ਇੱਕ-ਇੱਕ ਕਰਕੇ ਅਲੋਪ ਹੁੰਦੇ ਗਏ । ਜੋ ਕਿਸੇ ਦੇ ਕੋਈ ਕੰਮ ਆਉਣ ਵਾਲ਼ੀ ਚੀਜ ਹੁੰਦੀ ਉਹ ਚੁੱਕ ਕੇ ਲੈ ਜਾਂਦੇ । ਕਿਸੇ ਨੂੰ ਕੋਈ ਟਾਕੀ ਦਿਖੀ ਉਹ ਟਾਕੀ ਖਿੱਚ ਕੇ ਲੈ ਗਿਆ । ਕਿਸੇ ਨੂੰ ਇੱਟ ਬਾਲਾ ਦਿਖਿਆ ਉਹ ਇੱਟ ਬਾਲਾ ਲੈ ਗਿਆ। ਅੱਜ ਉਹਨਾਂ ਖੰਡਰਾਂ ਵਿੱਚ ਬੱਸ ਇਕੋ ਚੀਜ ਬਚੀ ਹੈ ਉਹ ਹੈ ‘ਜਲ਼ੀ ਹੋਈ ਕਣਕ’ । ਬੱਸ ਹੁਣ ਤਾਂ ਚਾਰ ਪੰਜ ਕੁ ਖੰਡਰ ਬਚੇ ਹਨ। ਹਾਂ ! ਕਈ ਕਿਲਿਆਂ ਵਿੱਚ ਹੌਦ ਜਰੂਰ ਹੈ। ਉਹਦੇ ਕੰਢੇ ਤੇ ਪਿੱਪਲ਼ ਹੈ। ਪਿੱਪਲ਼ ਲਾਗੇ ਡੰਗਰਾਂ ਨੂੰ ਪੱਠੇ ਪਾਉਣ ਲਈ ਵੱਡੀ ਸਾਰੀ ਖੁਰਲੀ ਹੈ। ਲਾਗ ਹੀ ਇੱਕ ਖੂਹ ਹੈ ਅਤੇ ਖੂਹ ਦੇ ਲਾਗੇ ਹੀ ਗੁਰਦੁਆਰੇ ਦਾ ਖੰਡਰ ਵੀ ਹੈ। ਗੁਰਦੁਆਰੇ ਤੇ ਧੁੰਦਲਾ ਜਿਹਾ ‘ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਿ ਨਾ ਜਾਈ’ ਲਿਖ ਕੇ ਥੱਲੇ ‘ਜੀ ਆਇਆ ਨੂੰ’ ਵੀ ਲਿਖਿਆ ਹੈ । ਗੁਰਦੁਆਰੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਪੱਕਾ ਥਡ਼ਾ ਵੀ ਬਣਿਆ ਹੋਇਆ ਹੈ। ਇਹ ਪਿੰਡ ਸਿੱਖ ਪੰਥ ਦੇ ਨਜ਼ਰੀ ਇਉਂ ਪਿਆ।
ਗੁਡ਼ਗਾਵਾਂ ਦੀ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਪੰਜਾਬ ਤੋਂ ਇੱਕ ਅੰਮ੍ਰਿਤਧਾਰੀ ਨੌਜੁਆਨ ਕੰਮ ਕਰਦਾ ਸੀ । ਉਹਦੀ ਸੋਹਣੀ ਤਨਖਾਹ ਸੀ। ਬੱਚਿਆਂ ਨਾਲ਼ ਗੁਡ਼ਗਾਵਾਂ ਸੈਟ ਸੀ। ਗੁਡ਼ਗਾਵਾਂ ਦੇ ਸੱਭ ਤੋਂ ਵਧੀਆਂ ਸਕੂਲ (ਯੂਰੋ ਇੰਟਰਨੈਸ਼ਨਲ ) ‘ਚ ਉਸ ਦੇ ਬੱਚੇ ਪਡ਼ਦੇ ਸਨ। ਲਡ਼ਕਾ ਪੰਜਵੀਂ ਵਿੱਚ ਅਤੇ ਛੋਟੀ ਬੱਚੀ ਮੌਨਟੈਸਰੀ ਤਿੰਨ ਵਿੱਚ। ਬੱਚੇ ਵੀ ਅੰਮ੍ਰਿਤਧਾਰੀ ਅਤੇ ਆਪੋ ਆਪਣੀਆਂ ਜਮਾਤਾ ਵਿੱਚ ਪਹਿਲੇ ਸਥਾਨ ਤੇ ਸਨ। ਪੰਜਵੀ ਵਿੱਚ ਪਡ਼ਦਾ ਲਡ਼ਕਾ ਤਾਂ ਮੈਥ / ਸਾਇੰਸ ਉਲੰਪੀਅਡ ਵਿੱਚੋਂ ਗੋਲਡ ਮੈਡਲ ਲੈ ਕੇ ਪੂਰੇ ਹਰਿਆਣੇ ਵਿੱਚੋਂ ਪਹਿਲੇ ਸਥਾਨ ਤੇ ਸੀ । ਇਹ ਚੌਹਾਂ ਜਣਿਆ ਦਾ ਪਰਿਵਾਰ  ਹਰ ਸ਼ਨੀਵਾਰ ਦੀ ਰਾਤ ਅਤੇ ਹਰ ਗੁਰਪੁਰਵ ਤੇ ਗੁਡ਼ਗਾਵਾਂ ਦੇ ਗੁਰਦੁਆਰਿਆਂ ਵਿੱਚ ਵੀ ਜਾਂਦੇ ਸਨ। ਇਹਨਾਂ ਨੂੰ ਆਪਣੇ ਸਿੱਖ ਹੋਣ ਤੇ ਪੂਰਾ ਮਾਣ ਸੀ। ਇਹ ਗੁਰਦੁਆਰੇ ਸੇਵਾ ਵੀ ਨਿਭਾਉਂਦੇ ਸਨ ਇਸ ਲਈ ਗੁਰਦੁਆਰਿਆਂ ਦੇ ਪ੍ਰਬੰਧਕ ਇਸ ਪਰਿਵਾਰ ਦੀ ਉਡੀਕ ਵਿੱਚ ਰਹਿੰਦੇ ਸਨ। ਇਸ ਨੌਜੁਆਨ ਨੂੰ ਤਾਂ ਆਪਣੇ ਸਿੱਖ ਹੋਣ ਤੇ ਬਹੁਤਾ ਹੀ ਮਾਣ ਸੀ। ਸੇਹਤ ਵੀ ਅੱਛੀ ਸੀ। ਦਸਤਾਰ ਵਧੀਆ ਬੰਨਦਾ ਸੀ। ਦਾਹਡ਼ਾ ਛਾਹ ਕਾਲ਼ਾ ਤੇ ਪ੍ਰਕਾਸ਼ ਕਰਕੇ ਰੱਖਦਾ ਸੀ। ਪਾਰਟੀਆਂ ਆਦਿ ਤੇ ਇਸਨੂੰ ਪੁੱਛਿਆ ਭੀ ਗਿਆ ਕਿ ਉਹ ਆਪਣੀ ਦਾਹਡ਼ੀ ਨੂੰ ਕੀ ਲਗਾਉਂਦੇ ਹਨ। ਆਖਦਾ ਕੁੱਝ ਨਹੀਂ । ਮੁੱਛਾਂ ਤਾਂ ਆਮ ਹੀ ਰੱਖਦਾ ਸੀ ਪਰ ਉਸਨੇ ਆਪਣੀ ਫੇਸਬੁੱਕ ਤੇ ਫੋਟੋ ਦੋਵੇਂ ਹੱਥ ਨਾਲ਼ ਮੁੱਛਾਂ ਨੂੰ ਉਤਾਂਹ ਚੁੱਕਦੇ ਦੀ ਲਗਾਈ ਹੋਈ ਸੀ। ਉਸ ਦੀ ਮੁੱਛਾ ਨੂੰ ਉਤਾਹ ਚੁੱਕਦੇ ਦੀ ਫੋਟੋ ਤੇ ਤਾਂ ਕਰਨੈਲ ਸਿੰਘ ਪੀਰਮੁਹੰਮਦ ਨੂੰ ਵੀ ਰਸ਼ਕ ਹੋਈ ਸੀ, ਉਸ ਨੇ ਕਹਿ ਦਿਤਾ ਕਿ ਇਹ ਫੋਟੋ ਬਦਲ ਦੇਵੇ ਸਿੱਖ ਨੂੰ ਨਿਮਰਤਾ ਵਿੱਚ ਰਹਿਣਾ ਚਾਹੀਦਾ ਹੈ। 
ਇਹ ਨੌਜੁਆਨ ਅਕਸਰ ਇੱਕ ਲਤੀਫਾ ਸੁਣਾਉਂਦਾ ਹੁੰਦਾ ਹੈ : ਦੋ ਦੋਸਤ ਇੱਕ ਮੁਸਲਮਾਨ ਅਤੇ ਇੱਕ ਸਿੱਖ ਪ੍ਰਸਾਦਾ ਛਕ ਰਹੇ ਸਨ । ਅਖੀਰ ਵਿੱਚ ਖੀਰ ਛਕਣ ਲੱਗੇ । ਖੀਰ ਜਰਾ ਪਤਲੀ ਸੀ। ਮੁਸਲਮਾਨ ਦੋਸਤ ਨੇ ਪੀ ਲਈ। ਇਸ ਦੀ ਰੀਸੇ ਸਿੱਖ ਨੇ ਭੀ ਕੌਲੀ ਨੂੰ ਮੂੰਹ ਲਗਾਇਆ ਅਤੇ ਖੀਰ ਪੀ ਗਿਆ । ਮੁਸਮਾਨ ਦੋਸਤ ਠਹਾਕਾ ਮਾਰ ਕੇ ਹੱਸਿਆ ਤੇ ਕਹਿਣ ਲੱਗਿਆ, ‘ਦੇਖਿਆ ਅਸੀਂ ਤਾਂ ਹੀ ਮੁੱਛਾਂ ਕਟਵਾਲੈਂਦੇ ਹਾਂ ਤਾ ਕਿ ਖੀਰ ਆਦਿ ਨਾਲ਼ ਮੁੱਛਾਂ ਨਾਂ ਲਿਬਡ਼ਨ। ਸਿੱਖ ਦੋਸਤ ਨੇ ਲਿਬਡ਼ੀਆਂ ਮੁੱਛਾਂ ਨਾਲ਼ ਹੀ ਕਿਹਾ, ‘ਉਇ ਅਨਵਰ ਤੁਸੀਂ ਕੇਵਲ ਖਾਣ ਵਾਸਤੇ ਹੀ ਮੁੱਛਾਂ ਕਟਵਾਉਂਦੇ ਹੋ ਪਰ ਅਸੀਂ ਖਾਂਦੇ ਹੀ ਮੁੱਛਾਂ ਲਈ ਹਾਂ। ਇਸ ਤਰਾਂ ਦੇ ਠਹਾਕੇ ਮਾਰਦੇ ਤੇ ਲਤੀਫੇ ਸੁਣਾਉਂਦੇ ਨਜੁਆਨ ਕੋਲ਼ ਇੱਕ ਡਰਾਇਵਰ ਕਿਸੇ ਕੰਮ ਆਇਆ। ਡਰਾਇਵਰ ਇਸ ਦੀ ਦਾਹਡ਼ੀ ਮੁੱਛ ਦੇਖ ਕੇ ਕਹਿ ਉੱਠਿਆ। ਤੁਹਾਨੂੰ ਏ.ਸੀ. ਕਮਰਿਆਂ ਵਿੱਚ ਬੈਠ ਕੇ ਮੁੱਛਾਂ ਖਡ਼ੀਆਂ ਕਰਕੇ ਗੱਲਾਂ ਆਉਂਦੀਆਂ ਹਨ । ਇਥੋਂ 50 ਕੁ ਕਿਲੋਮੀਟਰ ਤੇ ਇੱਕ ਸਰਦਾਰਾਂ ਦਾ ਪਿੰਡ ਸੀ । ਉਸ ਪਿੰਡ ਦੇ ਸਾਰੇ ਬੰਦੇ ਫੂਕ ਦਿੱਤੇ ਅਤੇ ਇੱਸ ਪੂਰੇ ਪਿੰਡ ਨੂੰ ਹੀ 1984 ਵਿੱਚ ਜਲ਼ਾ ਦਿਤਾ ਗਿਆ ਸੀ । ਉਦੋਂ ਤੋਂ ਅੱਜ ਤੱਕ ਉਸ ਪਿੰਡ ਵਿੱਚ ਕਿਸੇ ਸਿੱਖ ਨੇ ਪੈਰ ਨਹੀਂ ਪਾਇਆ । ਜੇ ਹਿੰਮਤ ਹੈ ਤਾਂ ਜਾ ਕੇ ਦਿਖਾਉ । ਸਿੱਖ ਨੌਜੁਆਨ ਨੇ ਇਸ ਗੱਲ ਨੂੰ ਗੰਭੀਰਤਾ ਨਾਲ਼ ਲਿਆ । ਪਿੰਡ ਦਾ ਪਤਾ ਪੁੱਛਿਆ । ਇਕੱਲਾ ਹੀ ਕਾਰ ਕੈਮਰਾ ਚੁੱਕ ਕੇ ਉਸ ਪਿੰਡ ਚਲਾ ਗਿਆ । ਸੱਭ ਕੁੱਝ ਦੇਖਿਆ । ਬਚੇ ਖੰਡਰਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ । ਵਿਸਥਾਰ ਨਾਲ਼ ਸਾਰਾ ਹਾਲ ਲਿਖਿਆ । ਫੇਸ ਬੁੱਕ ਤੇ ਪਾ ਦਿਤਾ । ਲੇਖ ਨੂੰ ਕਈ ਅਖਬਾਰਾਂ ਵੱਲ਼ਿਆਂ ਨੂੰ ਭੇਜਿਆ । ਮੈਗਜੀਨ ਵਾਲਿਆਂ ਨੂੰ ਭੇਜਿਆ ਅਤੇ ਇਹ ਪਿੰਡ ਸਾਰੇ ਸੰਸਾਰ ਦੀ ਨਜ਼ਰੀ ਚਡ਼੍ਹ ਗਿਆ । ਜਿਸ ਨੌਜੁਆਨ ਨੇ ਇਸ ਪਿੰਡ ਦੀ ਖੋਜ ਕੀਤੀ ਹੈ ਉਸ ਨੌਜੁਆਨ ਦਾ ਨਾਮ ਹੈ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ‘ਖੋਜ ਕਰਤਾ ਹੌਦ ਚਿੱਲਡ਼’।
ਪਿੰਡ ਦੇ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ 03 ਮਾਰਚ 2011 ਨੂੰ ਸ਼੍ਰੀ ਅਖੰਡ ਪਾਠ ਰਖਵਾਇਆ ਗਿਆ । 06-03-2011 ਨੂੰ ਸ਼ਹੀਦ ਹੋਏ ਸਾਰੇ ਸਿੰਘਾਂ ਦੀ ਯਾਦ ਵਿੱਚ ਕੀਰਤਨ ਦਰਬਾਰ ਸਜਿਆ । ਇਸੇ ਦਿਨ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਨੇ ਇਸ ਪਿੰਡ ਦੇ ਖੰਡਰ ਹੋਏ ਗੁਰਦੁਆਰੇ ਦੀ ਦੀਵਾਰ ਨਾਲ਼ ਸਿੱਖ ਕਤਲੇਆਮ ਦੇ ਸਬੂਤ ਵਜੋਂ ਇੱਕ ਯਾਦਗਾਰੀ ਪੱਥਰ ਵੀ ਲਗਾਇਆ । ਇਧਰ 03-03-2011 ਨੂੰ ਹੌਦ ਚਿੱਲਡ਼ ਵਿਖੇ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਅਖੰਡ ਪਾਠ ਰਖਵਾਉਣ ਵਿੱਚ ਲੀਨ ਸੀ ਉਧਰ ਮਨਵਿੰਦਰ ਸਿੰਘ ਦੇ ਘਰ ਚੋਰੀ ਹੋ ਗਈ । ਚੋਰ ਸੱਭ ਕੁੱਝ ਲੁੱਟ ਕੇ ਲੈ ਗਏ । ਮਨਵਿੰਦਰ ਸਿੰਘ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ । ਸਕੂਲੋਂ ਬੱਚੇ ਹਟਾਉਣੇ ਪਏ ਅਤੇ ਲੁਧਿਆਣੇ ਆਪਣੇ ਪਿੰਡ ਗਿਆਸਪੁਰੇ ਆਉਣਾ ਪਿਆ । ਧਾਗੇ ਕੱਪਡ਼ੇ ਦੇ ਵਪਾਰ ਦਾ ਕੰਮ ਸੁਰੂ ਕੀਤਾ । ਐਵੇਂ ਹੀ ਮਨਵਿੰਦਰ ਸਿੰਘ ਦੇ ਸਿਰ ਦੇਸ਼ ਧ੍ਰੋਹੀ ਦਾ ਕੇਸ ਜਡ਼ ਦਿਤਾ ਗਿਆ ਧਾਰਾ ਲਗਾਈ ਗਈ ‘153 ਏ’ । ਇਤਨਾ ਕੁੱਝ ਹੋਣ ਉਪਰੰਤ ਵੀ ਮਨਵਿੰਦਰ ਸਿੰਘ ਨੇ ਹੌਸਲਾ ਨਹੀਂ ਛੱਡਿਆ । ਹੌਦ ਚਿੱਲਡ਼ ਅਤੇ ਹਰਿਆਣੇ ਦੇ ਰਹਿ ਗਏ ਗੁਡ਼ਗਾਵਾਂ ਅਤੇ ਪਟੌਦੀ ਵਿੱਚ ਹੋਏ ਸਿੱਖ ਕਤਲੇਆਮ ਦੀ ਜਾਚ ਲਈ ਹਾਈ ਕੋਰਟ ਵਿੱਚ ਕੇਸ ਕਰ ਦਿਤਾ । ਹਾਈ ਕੋਰਟ ਨੇ ਜਸਟਿਸ ਗਰਗ ਨੂੰ ਜਾਂਚ ਦੇ ਆਦੇਸ਼ ਦਿਤੇ । ਇੰਜੀ. ਮਨਵਿੰਦਰ ਸਿੰਘ ਹਰੇਕ ਤਾਰੀਕ ਵਿੱਚ ਹਾਜਰੀ ਭਰਦਾ ਹੈ । ਇਹ ਅਦਾਲਤ ਹਿਸਾਰ ਵਿੱਚ ਲੱਗਦੀ ਹੈ । ਐਤਕੀ ਸਿਆਲ਼ ਵਿੱਚ ਛੇ ਤਰੀਕਾਂ ਹਿਸਾਰ ਭੁਗਤ ਕੇ ਆਇਆ ਹੈ। 
ਆਉ ਜਰਾ ਹੁਣ ਇਹ ਸਮਝਣ ਦੀ ਕੋਸ਼ਿਸ ਕਰੀਏ ਕਿ ਇਹਨਾਂ ਹਿੰਦੂਵਾਦੀਆਂ ਨੇ ਸਿੱਖਾਂ ਦਾ ਇਸ ਤਰਾਂ ਕਤਲੇਆਮ ਕਿਉਂ ਕੀਤਾ ? ਇਹ ਹਿੰਦੂ ਵਾਦੀ ਭਾਰਤ ਦੀ ਭੋਲ਼ੀ-ਭਾਲ਼ੀ ਜਨਤਾ ਨੂੰ ਵਹਿਮਾਂ ਭਰਮਾ ਵਿੱਚ ਉਲਝਾ ਕੇ ਇਹਨਾਂ ਨੂੰ ਹੋਲੀ, ਦੀਵਾਲੀ, ਛੱਟ ਅਤੇ ਮੂਰਤੀ ਵਿਸਰਜਨ ਵਿੱਚ ਮਸਤ ਕਰਕੇ ਦੇਸ਼ ਵਿੱਚ ਲੁੱਟ ਮਚਾਉਂਦੇ ਹਨ। ਭਰਿਸਟਾਚਾਰ ਰਾਹੀ ਲੁੱਟੇ ਪੈਸੇ ਦਾ ਢੇਰ ਸਾਰੀ ਦੁਨੀਆਂ ਨੇ ਸੰਸਦ ਵਿੱਚ ਦੇਖਿਆ ਹੈ । ਲਡ਼ਾਈ ਸਿਰਫ ਆਰੀਅਨ ਅਤੇ ਦ੍ਰਾਵਡ਼ਾਂ ਦੀ ਹੈ । ਦ੍ਰਾਵਡ਼ਾਂ ਨੂੰ ਆਰੀਅਨਾਂ ਨੇ ਗੁਲਾਮ ਬਣਾ ਕੇ ਦਲਿਤ ਬਣਾ ਦਿਤਾ ਹੈ । ਦਲਿਤਾਂ ਦੀ ਮਿਹਨਤ ਨੂੰ ਇਹਨਾਂ ਨੇ ਲੁੱਟਣਾ ਹੈ ਅਤੇ ਵਿਦੇਸ਼ੀ ਬੈਂਕਾਂ ਵਿੱਚ ਆਪਣੀ ਲੁੱਟ ਦਾ ਮਾਲ ਰੱਖਣਾ ਹੈ । ਲੁੱਟ ਦੇ ਧੰਨ ਨਾਲ਼ ਦਲਿਤਾਂ ਦੀਆਂ ਵੋਟਾਂ ਖਰੀਦ ਕੇ ਰਾਜ ਕਰਦੇ ਰਹਿਣਾ ਹੈ । ਸਿੱਖ ਇਸ ਗੱਲ ਨੂੰ ਸਮਝਦੇ ਹਨ ਕਿਉਂਕਿ ਸਿੱਖ ਨਾਂ ਆਰੀਅਨ ਹਨ ਨਾ ਦ੍ਰਾਵਡ਼ੀਅਨ । ਸਿੱਖਾ ਨੇ ਜੁਲਮ ਦੇ ਖਿਲਾਫ ਆਪਣੀ ਕਿਰਪਾਨ ਕੱਢੀ ਹੋਈ ਹੈ ਅਤੇ ਇਹ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਹਨ । ਇਸੇ ਕਾਰਨ ਵੱਸ ਇਹ ਸਿੱਖਾਂ ਦੇ ਕਤਲੇਆਮ ਵਿੱਚ ਸ਼ਾਮਿਲ ਹਰ ਬੰਦੇ ਦੀ ਸਹਾਇਤਾ ਕਾਨੂੰਨ ਤੋਂ ਬਾਹਰ ਹੋ ਕੇ ਵੀ ਕਰਦੇ ਹਨ । ਸਿੱਖਾਂ ਦਾ ਕਤਲੇਆਮ ਕਰਨ ਲਈ ਇਹ ਭਾਰਤ ਦੀ ਭੋਲ਼ੀ-ਭਾਲ਼ੀ ਜੰਨਤਾ ਨੂੰ ਹੀ ਵਰਤਦੇ ਹਨ। 
ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਇਹ ਹੌਦ ਚਿਲਡ਼ ਮਸਲਾ ਇਸ ਲਈ ਭਖਦਾ ਰੱਖ ਰਿਹਾ ਹੈ ਕਿ ਸੰਸਾਰ ਨੂੰ ਦੱਸਿਆ ਜਾਵੇ ਕਿ ਹਿੰਦੂਵਾਦੀਆਂ ਨੇ ਨਵੰਬਰ 1984 ਵਿੱਚ ਸਿੱਖਾਂ ਦਾ ਕਤੇਆਮ ਕੀਤਾ ਸੀ । ਇਹ ਕੋਈ ਦੰਗੇ ਨਹੀਂ ਸਨ । ਇਹਨਾਂ ਹਿੰਦੂਵਾਦੀਆਂ ਵਿੱਚ ਅਹਿੰਸਾ ਪਰਮੋਂ ਧਰਮ ਵਾਲ਼ੀ ਕੋਈ ਗੱਲ ਨਹੀਂ ਨਾਂ ਹੀ ਇਹਨਾ ਵਿੱਚ ਕੋਈ ਸਤਆਮੇਵ ਜਯਤੇ ਵਾਲ਼ੀ ਕੋਈ ਗੱਲ ਹੈ। ਇਹ ਸੱਭ ਪਖੰਡ ਕਰਦੇ ਹਨ। ਜੇ ਇਸ ਤਰਾਂ ਨਾਂ ਹੁੰਦਾ ਤਾਂ 1985 ਦੀਆਂ ਲੋਕ ਸਭਾ ਚੋਣਾ ਵਿੱਚ ਸਿੱਖਾਂ ਦੀ ਕਾਤਲ ਪਾਰਟੀ ਨੂੰ ਭਾਰੀ ਬਹੁਮਤ ਨਾਲ਼ ਨਾਂ ਜਿਤਾਉਂਦੇ । ਇਹਨਾਂ ਨੇ ਸਿੱਖ ਕਤਲੇਆਮ  ਦੇ ਦੋਸ਼ੀਆਂ ਦੀ ਕਾਨੂੰਨ ਤੋ ਬਾਹਰ ਹੋ ਕੇ ਵੀ ਮੱਦਦ ਕੀਤੀ ਹੈ ਅਤੇ ਸਿਖਾਂ ਨੂੰ ਫਟਾਫਟ ਫਾਂਸੀ ਚਾਡ਼ਿਆ ਹੈ । ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਦੇ ਹਨ । ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਹਿੰਦੂ ਮੰਨਿਆ ਗਿਆ ਹੈ ਜਦਕਿ ਇਹਨਾਂ ਨੇ ਸਿੱਖਾਂ ਦਾ ਸਿਰਫ ਸਿੱਖ ਹੋਣ ਕਰਕੇ ਹੀ ਕਤਲੇਆਮ ਕੀਤਾ ਹੈ । ਜਦੋਂ ਸਿੱਖ ਇਹ ਗੱਲ ਕਹਿੰਦੇ ਹਨ ਕਿ ‘ਸਿੱਖ ਇੱਕ ਵੱਖਰੀ ਕੌਮ ਹੈ’ ਫਿਰ ਇਹ ਉਹਨਾਂ ਤੇ ਵੱਖਵਾਦੀ ਹੋਣ ਦਾ ਦੂਸ਼ਣ ਲਗਾਉਂਦੇ ਹਨ । ਹੌਦ ਚਿੱਲਡ਼ ਸਿਖ ਕਤਲੇਆਮ ਦਾ ਸਬੂਤ ਹੈ । ਸਿੱਖ ਹਿੰਦੂ ਨਹੀਂ ਹਨ ਇਸ ਲਈ ਇਹਨਾਂ ਨੇ ਸਿਰਫ ਸਿੱਖਾਂ ਦਾ ਹੀ ਕਤਲੇਆਮ ਕੀਤਾ । ਇਸ ਗੱਲ ਨੂੰ ਸੰਵਿਧਾਨ ਵਿੱਚ ਦਰਜ ਕਰਵਾਉਣ ਲਈ ਭੀ ਹੌਦ ਚਿਲਡ਼ ਸੁਲਘਦਾ ਰੱਖਣਾ ਹਰ ਸਿੱਖ ਦੀ ਜਿੰਮੇਵਾਰੀ ਹੈ । ਇਹ ਇਤਨੇ ਸ਼ਾਤਰ ਹਨ ਕਿ ਇਹ ਇਸ ਕਾਂਡ ਨੂੰ ਭੁੱਲ ਜਾਣ ਲਈ ਭੀ ਸਿੱਖਾਂ ਦੇ ਮੂੰਹੋ ਕਢਵਾ ਰਹੇ ਹਨ । 28 ਸਾਲਾਂ ਵਿੱਚ ਦੇਖਣ ਨੂੰ ਤਾਂ ਕਈ ਕਿਸਮ ਦੀਆਂ ਸਰਕਾਰਾਂ ਆਈਆਂ ਪਰ ਕਿਸੇ ਵੀ ਸਰਕਾਰ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਸਿੱਖ ਜਗਤ ਤੋਂ ਮੁਆਫੀ ਨਹੀਂ ਮੰਗੀ । ਜਦੋਂ ਤੱਕ ਇਹ ਸੰਸਦ ਵਿੱਚ ਮਤੇ ਪਾ ਕੇ ਸਿੱਖ ਜਗਤ ਪਾਸੋਂ ਮੁਆਫੀ ਨਹੀਂ ਮੰਗਦੇ ਅਤੇ ਘੱਟ ਗਿਣਤੀਆਂ ਦੇ ਕਤਲੇਆਮ ਨੂੰ ਰੋਕਣ ਦਾ ਕਾਨੂੰਨ ਪਾਸ ਨਹੀਂ ਕਰਦੇ ਅਤੇ ਸੰਵਿਧਾਨਿਕ ਤੌਰ ਤੇ ‘ਸਿੱਖ ਇੱਕ ਵੱਖਰੀ ਕੌਮ ਹੈ’ ਨਹੀਂ ਮੰਨਦੇ ਉਦੋਂ ਤੱਕ ਹੌਦ ਚਿੱਲਡ਼ ਦਾ ਮਸਲਾ ਸੁਲਘਦਾ ਰੱਖਣਾ ਹੈ । ਜੇ ਇਹ ਉਪਰੋਕਤ ਗੱਲਾਂ ਨੂੰ ਨਹੀਂ ਗੌਲ਼ਦੇ ਤਾ ਹੌਦ ਚਿੱਲਡ਼ ਦੀ ਸੁਲਘਦੀ ਚੰਗਿਆਡ਼ੀ ਵੱਡਾ ਭਾਂਬਡ਼ ਬਣਨ ਦਾ ਖਤਰਾ ਹੈ ਜਿਸ ਨਾਲ਼ ਸਾਰੇ ਦੇਸ਼ ਦਾ ਭਾਰੀ ਨੁਕਸਾਨ ਹੋਵੇਗਾ । ਇਸੇ ਖਤਰੇ ਨੂੰ ਰੋਕਣਾ ਹੀ ਇੰਜੀ.ਮਨਵਿੰਦਰ ਸਿੰਘ ਦੀ ਕੋਸ਼ਿਸ਼ ਹੈ।

ਗੁਰਮੇਲ ਸਿੰਘ ਖਾਲਸਾ ਗਿਆਸਪੁਰਾ
09914701469


ਸੰਪਾਦਕੀ ਟਿੱਪਣੀ: ਇਸ ਲਿਖਤ ਨੂੰ ਪੜ੍ਹਦਿਆਂ ਕਈ ਵਾਰ ਮਹਿਸੂਸ ਹੁੰਦਾ ਹੈ ਕਿ ਲੇਖਕ ਫਿਰਕੂ ਜਹੀ  ਗੱਲ ਕਰ ਰਿਹਾ ਹੈ ਪਰ ਇਸ ਵਿੱਚ  ਕਸੂਰ ਲੇਖਕ ਦਾ ਨਹੀਂ ਉਹਨਾਂ ਦਾ ਹੈ ਜਿਹਨਾਂ ਨੇ ਬੇਗਾਨਗੀ ਦੀ ਇਸ ਭਾਵਨਾ ਨੂੰ ਨਾ ਸਿਰਫ ਜਨਮ ਦਿੱਤਾ ਬਲਕਿ ਬਾਰ ਬਾਰ ਮਜਬੂਤ ਵੀ ਕੀਤਾ। ਵਿਸਥਾਰ ਵੱਖਰੀ ਪੋਸਟ ਵਿੱਚ। --ਰੈਕਟਰ ਕਥੂਰੀਆ                     

ਗੱਲ ਹਿੰਦੂ, ਸਿਖ, ਮੁਸਲਿਮ ਜਾਂ ਇਸਾਈ ਦੀ ਨਹੀਂ

Monday, August 06, 2012

ਪੁਲਿਸ ਐਕਸ਼ਨ ਦਾ ਜਮਹੂਰੀ ਅਧਿਕਾਰ ਸਭਾ ਨੇ ਲਿਆ ਗੰਭੀਰ ਨੋਟਿਸ

 ਅਧਿਆਪਕ ਯੂਨੀਅਨ ਉੱਪਰ ਪੁਲਿਸ ਲਾਠੀਚਾਰਜ ਦੀ ਸਖ਼ਤ ਨਿਖੇਧੀ 
ਰੋਜ਼ਾਨਾ ਜਗ ਬਾਣੀ ਦੇ ਖਬਰਾਂ ਵਾਲੇ ਮੁੱਖ ਸਫੇ 'ਤੇ ਪ੍ਰਕਾਸ਼ਿਤ ਲਾਠੀਚਾਰਜ ਦੀ ਖਬਰ ਜਿਸ ਦੀ ਕਵਰੇਜ ਕੀਤੀ ਨੌਜਵਾਨ ਅਤੇ ਉਤਸ਼ਾਹੀ ਪੱਤਰਕਾਰ ਵਿੱਕੀ ਨੇ.
ਲੁਧਿਆਣਾ 6 ਅਗਸਤ,2012: ਇੱਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਸੂਬਾ ਪ੍ਰੈੱਸ ਸਕੱਤਰ ਪ੍ਰੋਫੈਸਰ ਏ ਕੇ ਮਲੇਰੀ ਨੇ ਲੁਧਿਆਣਾ 'ਚ ਈ ਐੱਸ ਐੱਸ, ਰਸਮਾ ਅਤੇ ਸੀ ਐੱਸ ਐੱਸ ਅਧਿਆਪਕ ਯੂਨੀਅਨ ਉੱਪਰ ਪੁਲਿਸ ਵਲੋਂ ਕੀਤੇ ਵਹਿਸ਼ੀਆਨਾ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਾਗਰਿਕਾਂ ਵਲੋਂ ਹਕੂਮਤ ਤੋਂ ਜਵਾਬਦੇਹੀ ਦੀ ਮੰਗ ਕਰਨਾ, ਆਪਣੀਆਂ ਮੰਗਾਂ-ਮਸਲਿਆਂ ਦੇ ਹੱਲ ਲਈ ਇਕੱਠੇ ਹੋਣਾ ਅਤੇ ਜਥੇਬੰਦੀ ਬਣਾਉਣਾ ਮੁਲਕ ਦੇ ਨਾਗਰਿਕਾਂ ਦਾ ਬੁਨਿਆਦੀ ਜਮਹੂਰੀ ਹੱਕ ਅਤੇ ਮੁੱਖ ਸ਼ਹਿਰੀ ਆਜ਼ਾਦੀ ਹੈ। ਪਰ ਹੁਕਮਰਾਨ ਧਿਰ ਵਲੋਂ ਕੀਤੇ ਵਾਅਦੇ ਯਾਦ ਦਿਵਾਉਣ ਲਈ ਮੁੱਖ ਮੰਤਰੀ ਨੂੰ ਯਾਦ-ਪੱਤਰ ਦੇਣਾ ਚਾਹੁੰਦੇ ਸੈਂਕੜੇ ਅਧਿਆਪਕਾਂ ਅਤੇ ਅਧਿਆਪਕਾਵਾਂ ਦੀ ਆਵਾਜ਼ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨਾ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਤੋਂ ਦੂਰ ਰੱਖਣ ਲਈ ਬਿਨਾ ਕਿਸੇ ਭੜਕਾਹਟ ਤੋਂ ਡਾਗਾਂ ਨਾਲ ਕੁੱਟਵਾਉਣਾ ਦਰਸਾਉਂਦਾ ਹੈ ਕਿ ਹੁਕਮਰਾਨ ਅਵਾਮ ਦੇ ਪੁਰਅਮਨ ਮੁਜ਼ਾਹਰਿਆਂ ਅਤੇ ਮੰਗਾਂ ਲਈ ਰੋਸ ਵਿਖਾਵਿਆਂ ਨੂੰ ਵੀ ਸਹਿਣ ਲਈ ਤਿਆਰ ਨਹੀਂ ਹਨ ਅਤੇ ਲੋਕਾਂ ਪ੍ਰਤੀ ਜਵਾਬਦੇਹ ਹੋਣ ਦੀ ਕੋਈ ਲੋੜ ਹੀ ਨਹੀਂ ਸਮਝਦੇ ਅਤੇ ਲੋਕਾਂ ਦੇ ਜਮਹੂਰੀ ਹੱਕ ਨੂੰ ਲਾਠੀ-ਗੋਲੀ ਨਾਲ ਕੁਚਲਣ ਲਈ ਬਜ਼ਿੱਦ ਹਨ। ਉਨ੍ਹਾਂ ਨੇ ਬੁੱਧੀਜੀਵੀਆਂ, ਲੇਖਕਾਂ, ਚਿੰਤਕਾਂ, ਪੱਤਰਕਾਰਾਂ ਸਮੇਤ ਸਭਨਾਂ ਜਮਹੂਰੀ ਤਾਕਤਾਂ ਨੂੰ ਹਕੂਮਤ ਦੇ ਫਾਸ਼ੀਵਾਦ ਦੇ ਰੁਝਾਨ ਨੂੰ ਗੰਭੀਰਤਾ ਨਾਲ ਅਤੇ ਇਸ ਵਿਰੁੱਧ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ।  (ਮਿਤੀ : 6 ਅਗਸਤ 2012)