Friday, June 28, 2019

ਕੇਂਦਰੀ ਜੇਲ੍ਹ ਲੁਧਿਆਣਾ ਦੀਆਂ ਹਿੰਸਕ ਘਟਨਾਵਾਂ ਦੀ CPI ਵੱਲੋਂ ਵੀ ਨਿਖੇਧੀ

Jun 28, 2019, 3:52 PM
ਪਰ ਮੌਤਾਂ ਅਤੇ ਸਿਆਸੀ ਪੱਖ ਬਾਰੇ ਬਿਆਨ ਖਾਮੋਸ਼
ਲੁਧਿਆਣਾ:28 ਜੂਨ 2019:(ਪੰਜਾਬ ਸਕਰੀਨ ਬਿਊਰੋ)::
ਕੱਲ 27 ਜੂਨ ਵੀਰਵਾਰ ਨੂੰ ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਬਾਰੇ 24 ਘੰਟਿਆਂ ਮਗਰੋਂ ਅੱਜ 28 ਜੂਨ ਸ਼ਨੀਵਾਰ ਨੂੰ ਆਪਣੀ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਭਾਰਤੀ ਕਮਿਉਨਿਸਟ ਪਾਰਟੀ ਨੇ ਇੱਕ ਜਾਰੀ ਬਿਆਨ ਜਾਰੀ ਕੀਤਾ ਹੈ।     
ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸਨੇ ਪੁਲਿਸ ਦੀ ਲਾਪਰਵਾਹੀ ਤੇ ਅਸਫ਼ਲ ਸੁਰੱਖਿਆ ਵਿਵਸਥਾ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਪੁਲਿਸ ਵਿੱਚ ਫ਼ੈਲੇ ਭ੍ਰਿਸ਼ਟਾਚਾਰ ਦੇ ਕਾਰਨ ਹੀ ਜੇਲ ਵਿੱਚ ਮੋਬਾਈਲ ਫ਼ੋਨ ਪਾਏ ਗਏ ਤੇ ਇਹ ਗੱਲ ਅਨੇਕਾਂ ਵਾਰ ਸਾਹਮਣੇ ਆ ਚੁੱਕੀ ਹੈ ਪਰ ਇਸਤੇ ਕੋਈ ਨੱਥ ਨਹੀਂ ਪਾਈ ਗਈ। ਰਿਪੋਰਟਾਂ ਮੁਤਾਬਿਕ ਜੇਲ ਵਿੱਚ ਨਸ਼ੇ ਵੀ ਮਿਲਦੇ ਹਨ। ਕੱਲ ਵਾਪਰੀਆਂ ਘਟਨਾਵਾਂ ਨੇ ਪੁਲਿਸ ਤੇ ਮਾਫ਼ੀਆ ਦੀ ਗਾਂਢ ਸਾਂਢ ਦੀ ਵੀ ਪੋਲ ਖੋਲ ਦਿੱਤੀ ਹੈ ਕਿਉਂਕਿ ਸਧਾਰਨ ਕੈਦੀ ਅਜਿਹੀ ਹਿੰਸਾ ਨਹੀਂ ਕਰ ਸਕਦੇ ਤੇ ਨਾਂ ਹੀ ਨਸ਼ੇ ਵੇਚਦੇ ਫਿਰਦੇ ਹਨ। ਪਾਰਟੀ ਦੇ ਆਗੂਆਂ ਜ਼ਿਲਾ ਸਕੱਤਰ-ਕਾਮਰੇਡ ਡੀ ਪੀ ਮੌੜ,  ਟੀਮ ਦੇ ਹੋਰਨਾਂ ਮੈਂਬਰਾਂ ਡਾ: ਅਰੁਣ ਮਿੱਤਰਾ, ਚਮਕੌਰ ਸਿੰਘ, ਐਮ ਐਸ ਭਾਟੀਆ, ਰਮੇਸ਼ ਰਤਨ ਤੇ ਗੁਰਨਾਮ ਸਿੱਧੂ ਨੇ ਕਿਹਾ ਕਿ ਇੱਕ ਪਾਸੇ ਪੁਲਿਸ ਮਾਫ਼ੀਆ ਨੂੰ ਬਚਾਉਂਦੀ ਹੈ ਦੂਜੇ ਪਾਸੇ ਆਮ ਨਾਗਰਿਕਾਂ ਵੱਲ ਉਸਦਾ ਵਤੀਰਾ ਨਾਂਹ ਪੱਖੀ ਹੈ। 
ਡੇਰਾਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕਤਲ 
ਉਹ ਮਾਫ਼ੀਆ ਦੇ ਨਾਲ ਗਠਜੋੜ ਤੇ ਰਾਜਨੀਤਿਕ ਦਬਾਅ ਹੇਠ ਆਮ ਲੋਕਾਂ ਦੇ ਮਸਲਿਆਂ ਵੱਲ ਧਿਆਨ ਨਹੀਂ ਦਿੰਦੀ ਜਿਸ ਕਾਰਨ ਲੋਕ ਥਾਣਿਆਂ ਵਿੱਚ ਜਾਣ ਤੋਂ ਗੁਰੇਜ਼ ਕਰਦੇ ਹਨ। ਪਾਰਟੀ ਆਗੂਆਂ ਨੇ ਕਿਹਾ ਕਿ ਉਹਨਾਂ ਨੇ ਕਈ ਕੇਸ ਪੁਲਿਸ ਦੇ ਉੱਚ ਅਧਿਕਾਰੀਆਂ ਤੱਕ ਵੀ ਪੁਚਾਏ ਹਨ ਪਰ ਜ਼ਿਆਦਾ ਤਰ ਵਿੱਚ ਪੁਲਿਸ ਨੇ ਧਿਆਨ ਨਹੀਂ ਦਿੱਤਾ ਤੇ ਪੀੜਿਤਾਂ ਨੂੰ ਨਿਆਂ ਨਹੀਂ ਮਿਲਿਆ। ਇਸਦੇ ਉਲਟ ਅਨੇਕਾਂ ਵਾਰ ਪੀੜਿਤਾਂ ਨੂੰ ਹੀ ਦੋਸ਼ੀ ਬਣਾ ਦਿੱਤਾ ਜਾਂਦਾ ਹੈ। ਇਸ ਸਾਰੇ ਬਿਆਨ ਵਿੱਚ ਨਾ ਤਾਂ ਕਾਂਗਰਸ ਸਰਕਾਰ ਬਾਰੇ ਕੋਈ ਗੱਲ ਕਹਿ ਗਈ ਹੈ ਅਤੇ ਨਾ ਹੀ ਇਸ ਹਿੰਸਕ ਟਕਰਾਓ ਵਿੱਚ ਹੋਈ ਮੌਤ ਅਤੇ ਕੈਦੀਆਂ ਦੀ ਫਰਾਰੀ ਬਾਰੇ। ਜਿਸ ਕੈਦੀ ਸੰਨੀ ਸੂਦ ਦੀ ਮੌਤ ਕਾਰਨ ਇਹ ਸਭ ਵਾਪਰਿਆ ਉਸ ਬਾਰੇ ਵੀ ਸੀਪੀਆਈ ਨੇ ਕੋਈ ਸ਼ਬਦ ਨਹੀਂ ਕਿਹਾ। ਜ਼ਿਕਰਯੋਗ ਹੈ ਕਿ ਸਾਰਾ ਮਾਮਲਾ 28 ਸਾਲਾਂ ਦੀ ਉਮਰ ਦੇ ਕੈਦੀ ਸੰਨੀ ਸੂਦ ਦੀ ਮੌਤ ਨੂੰ ਲੈ ਕੇ ਭੜਕਿਆ। ਮ੍ਰਿਤਕ ਸੰਨੀ ਸੂਦ ਦੇ ਸਾਥੀ ਕੈਦੀਆਂ ਦਾ ਕਹਿਣਾ ਹੈ ਕਿ ਉਸਦੀ ਅੰਨੇਵਾਹ ਕੀਤੀ ਗਈ ਕੁੱਟਮਾਰ ਕਾਰਨ ਹੋਈ ਜਦਕਿ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਸੰਨੀ ਸੂਦ ਨੇ ਜ਼ਹਿਰੀਲੀ ਚੀਜ਼ ਖਾ ਲਈ ਸੀ। ਜੇ ਪ੍ਰਸ਼ਾਸਨ ਦੀ ਗੱਲ ਮੰਨ ਵੀ ਲਈ ਜਾਵੇ ਤਾਂ ਇਹ ਜ਼ਹਿਰੀਲੀ ਚੀਜ਼ ਸੰਨੀ ਸੂਦ ਕੋਲ ਕਿਸਤਰਾਂ ਅਤੇ ਕਿੱਥੋਂ ਪਹੁੰਚੀ? ਪੋਸਟ ਮਾਰਟਮ ਰਿਪੋਰਟ ਮੁਤਾਬਿਕ ਸੰਨੀ ਸੂਦ ਦੇ ਗੋਡਿਆਂ ਅਤੇ ਮੋਢਿਆਂ ਉੱਤੇ ਕੁੱਟਮਾਰ ਦੇ ਨਿਸ਼ਾਨ ਵੀ ਮਿਲੇ ਹਨ। ਇਸ ਤਰਾਂ ਅਚਾਨਕ ਤਬੀਅਤ ਖਰਾਬ ਹੋਣ ਮਗਰੋਂ ਮੌਤ ਹੋ ਜਾਣ  ਦੀਆਂ ਘਟਨਾਵਾਂ  ਪਿਛਲੇ ਕੁਝ ਸਮੇਂ ਦੌਰਾਨ ਆਮ ਹੁੰਦੀਆਂ ਜਾ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਹਿੰਸਕ ਘਟਨਾਵਾਂ ਦੌਰਾਨ ਸ਼ਿਮਲਾਪੁਰੀ ਇਲਾਕੇ ਦਾ ਰਹਿਣ ਵਾਲੇ ਅਜੀਤ ਸਿੰਘ ਨਾਮੀ  ਨੌਜਵਾਨ ਨੂੰ ਪੁਲਿਸ ਦੀ ਗੋਲੀ ਉਸਦੇ ਦਿਲ ਵਿੱਚ ਲੱਗੀ। ਅੱਜਕਲ੍ਹ ਦੇ ਜਮਹੂਰੀ ਸਿਸਟਮ ਵਿੱਚ ਕਾਂਗਰਸ ਸਰਕਾਰ ਦੀ ਇਸ ਸਭ ਤੋਂ ਵੱਡੀ ਕੇਂਦਰੀ ਜੇਲ੍ਹ ਦੀ ਜਿਹੜੀ ਸਥਿਤੀ ਉਭਰ ਕੇ ਸਾਹਮਣੇ ਆਈ ਹੈ ਉਸ ਦੇ ਸਿਆਸੀ ਪੱਖ ਬਾਰੇ ਬਿਆਨ ਖਾਮੋਸ਼ ਹੈ। ਜ਼ਿਕਰਯੋਗ ਹੈ ਕਿ ਇਹਨਾਂ ਘਟਨਾਵਾਂ ਤੋਂ ਪਹਿਲਾਂ ਨਾਭਾ ਦੀ ਹਾਈ ਸਕਿਓਰਿਟੀ ਜੇਲ੍ਹ ਵਿੱਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕਤਲ ਵੀ ਹੋ ਚੁੱਕਿਆ ਹੈ। ਸੁਰੱਖਿਆ ਦੀ ਹਾਲ ਇਹ ਬਣ ਗਈ ਹੈ ਕਿ ਹੁਣ ਜੇਹਲਾਂ ਦੇ ਕੈਦੀ ਪੁਲਸ ਘੇਰੇ ਵਿੱਚ ਹੋਣ ਦੇ ਬਾਵਜੂਦ ਸੁਰੱਖਿਅਤ ਨਹੀਂ ਰਹੇ। ਕਿਸੇ ਦਾ ਕਤਲ ਹੋ ਜਾਂਦਾ ਹੈ, ਕਿਸੇ ਦੇ "ਬਿਮਾਰ ਹੋਣ ਕਾਰਨ ਮੌਤ" ਹੋ ਜਾਂਦੀ ਹੈ ਅਤੇ ਕੋਈ ਜ਼ਹਿਰੀਲੀ ਚੀਜ਼ ਖਾ ਲੈਂਦਾ ਹੈ। ਆਲੇ ਦੁਆਲੇ ਦੇ ਲੋਕਾਂ ਦੀ ਇਹ ਗੱਲ ਹਰ ਵਾਰ ਅਣਸੁਣੀ ਕਰ  ਕਿ ਇਹ ਮੌਤ ਅਸਲ ਵਿੱਚ ਪੁਲਿਸ ਦੀ ਕੁੱਟਮਾਰ ਕਾਰਨ ਹੋਈ ਹੈ। ਹੁਣ ਦੇਖਣਾ ਹੈ ਕਿ ਲੋਕਾਂ ਦੀਆਂ ਪਾਰਟੀਆਂ ਇਹਨਾਂ ਹਾਲਤਾਂ ਬਾਰੇ ਕਦੋਂ ਆਪਣੀ ਖਾਮੋਸ਼ੀ ਤੋੜਣਗੀਆਂ?

No comments: