Showing posts with label ਸਿੱਖ ਮਾਮਲੇ. Show all posts
Showing posts with label ਸਿੱਖ ਮਾਮਲੇ. Show all posts

Wednesday, September 11, 2013

ਸਿੱਖੀ ਦੇ ਪ੍ਰਚਾਰ ਲਈ ਐਸਜੀਪੀਸੀ ਵੱਲੋਂ ਨਵੀਂ ਮੁਹਿੰਮ

Wed, Sep 11, 2013 at 3:14 PM
ਅਮਰੀਕਾ ਵਿੱਚ ਸਥਾਪਤ ਕੀਤਾ ਜਾਏਗਾ ਸਿੱਖ ਮਿਸ਼ਨ- ਜਥੇ:ਅਵਤਾਰ ਸਿੰਘ
ਜੰਮੂ-ਕਸ਼ਮੀਰ ਸਰਕਾਰ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਵੇ
ਦੇਗਸਰ ਕਟਾਣਾ ਸਾਹਿਬ ਵਿਖੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ’ਚ ਕੀਤੇ ਗਏ ਅਹਿਮ ਫੈਸਲੇ
ਅੰਤ੍ਰਿੰਗ ਕਮੇਟੀ ਮੀਟਿੰਗ ਦੀ ਪ੍ਰਧਾਨਗੀ  ਕਰਦੇ ਐਸਜੀਪੀਸੀ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ  ਮੱਕੜ 
ਕਟਾਣਾ ਸਾਹਿਬ (ਲੁਧਿਆਣਾ): 11 ਸਤੰਬਰ 2013: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ ਦੇ ਮੀਟਿੰਗ ਹਾਲ ਵਿੱਚ ਹੋਈ ਜਿਸ ਵਿੱਚ ਸੈਕਸ਼ਨ 85, ਸੈਕਸ਼ਨ 87, ਟ੍ਰੱਸਟ ’ਤੇ ਅਮਲਾ ਵਿਭਾਗ ਦੇ ਮਾਮਲੇ ਵਿਚਾਰੇ ਗਏ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅੱਜ ਦੀ ਇਕੱਤਰਤਾ ਵਿੱਚ ਸ.ਸੁਖਬੀਰ ਸਿੰਘ ਜੀ ਬਾਦਲ ਨੂੰ ਦੂਜੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਨਣ ਤੇ ਵਧਾਈ ਦਿੱਤੀ ਗਈ ਹੈ ਤੇ ਅਰਦਾਸ ਕੀਤੀ ਹੈ ਕਿ ਸਤਿਗੁਰ ਜੀ ਉਨ੍ਹਾਂ ਨੂੰ ਤੰਦਰੁਸਤੀ ਬਖ਼ਸ਼ੇ ਤੇ ਉਨ੍ਹਾਂ ਤੇ ਮੇਹਰ ਭਰਿਆ ਹੱਥ ਰੱਖ ਕੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੱਸਦੇ ਸਿੱਖ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਸਮਰੱਥਾ ਬਖ਼ਸ਼ਣ। ਉਨ੍ਹਾਂ ਕਿਹਾ ਕਿ ਅੱਜ ਹੀ ਪਤਾ ਲੱਗਾ ਹੈ ਕਿ ਕਸ਼ਮੀਰ ਦੇ ਸ਼ੋਪੀਆ ਦੇ ਗੁਰਦੁਆਰਾ ਸਾਹਿਬ ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕਰਕੇ ਭੰਨ-ਤੋੜ ਕੀਤੀ ਗਈ ਹੈ ਤੇ ਉਥੇ ਵੱਸਦੇ ਪੰਜ ਸਿੱਖ ਪਰਿਵਾਰਾਂ ਨਾਲ ਦੁਰਵਿਹਾਰ ਕੀਤਾ ਗਿਆ ਹੈ ਜਿਸ ਦੀ ਨਿਖੇਧੀ ਕਰਦੇ ਹਾਂ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸ੍ਰੀ ਉਮਰ ਅਬਦੁਲਾ ਨੂੰ ਬੇਨਤੀ ਕਰਦੇ ਹਾਂ ਕਿ ਜੰਮੂ-ਕਸ਼ਮੀਰ ’ਚ ਵੱਸਦੇ ਸਮੁੱਚੇ ਸਿੱਖ ਪਰਿਵਾਰਾਂ ਅਤੇ ਸਿੱਖ ਜਾਇਦਾਦਾਂ ਦੀ ਪਹਿਲ ਦੇ ਅਧਾਰ ਤੇ ਹਿਫਾਜਤ ਕੀਤੀ ਜਾਵੇ। ਇਸੇ ਤਰਾਂ ਕਸ਼ਮੀਰ ’ਚ ਮੁਸਲਮ ਭਾਈਚਾਰੇ ਅਤੇ ਹੁਰੀਅਤ ਨਾਲ ਸਬੰਧਤ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਵੀ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਪਹਿਲ ਕਦਮੀ ਕਰਨ।
ਹਰਿਆਣੇ ਦੇ ਪੀੜ੍ਹਤ ਸਿੱਖ ਕਿਸਾਨਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਕਿਸਾਨਾਂ ਦੀ ਹਰੇਕ ਪੱਖੋਂ ਮਦਦ ਕੀਤੀ ਗਈ ਸੀ ਲੋੜ ਅਨੁਸਾਰ ਇਹਨਾਂ ਕਿਸਾਨਾਂ ਨੂੰ ਦਵਾਈਆਂ, ਬਿਜਲੀ ਵਾਸਤੇ ਜਨਰੇਟਰ ਤੋਂ ਇਲਾਵਾ ਖਾਣ-ਪੀਣ ਦਾ ਸਮਾਨ ਅਤੇ 21 ਲੱਖ ਰੁਪਏ ਸਹਾਇਤਾ ਰਾਸ਼ੀ ਪ੍ਰਵਾਨ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਕੈਲੇਫੋਰਨੀਆਂ ਸ਼ਹਿਰ ਵਿੱਚ ਸ਼੍ਰੋਮਣੀ ਕਮੇਟੀ ਨੂੰ 13 ਏਕੜ ਤੋਂ ਵੱਧ ਜ਼ਮੀਨ ਦਾਨ ਵਜੋਂ ਪ੍ਰਾਪਤ ਹੋਈ ਹੈ ਇਸ ਜ਼ਮੀਨ ਦੇ ਕਾਗਜ਼ ਪੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਹੋ ਚੁੱਕੇ ਹਨ। ਸ਼੍ਰੋਮਣੀ ਕਮੇਟੀ ਇਸ ਜਗ੍ਹਾ ਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਿੱਖ ਮਿਸ਼ਨ ਬਨਾਉਣ ਜਾ ਰਹੀ ਹੈ ਤੇ ਇਸ ਮਿਸ਼ਨ ਰਾਹੀਂ ਪੂਰੇ ਯੂਰਪ ਵਿੱਚ ਸਿੱਖੀ ਪ੍ਰਚਾਰ ਨੂੰ ਅੱਗੇ ਵਧਾਇਆ ਜਾਵੇਗਾ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦਾ ਇੱਕ ਵਫਦ ਕੈਲੇਫੋਰਨੀਆਂ (ਅਮਰੀਕਾ) ਜਾਵੇਗਾ। ਵਿਦੇਸ਼ਾਂ ਵਿੱਚ ਗਲਤ ਪਹਿਚਾਣ ਕਾਰਨ ਸਿੱਖਾਂ ਉਪਰ ਹੋ ਰਹੇ ਹਮਲਿਆਂ ਸਬੰਧੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਹੀ ਰੀਸਰਚ ਸਕਾਲਰਾਂ ਦੀ ਕਮੇਟੀ ਬਣਾ ਕੇ ਉਨ੍ਹਾਂ ਪਾਸੋਂ ਦਸਤਾਰ ਅਤੇ ਕਕਾਰਾਂ ਬਾਰੇ ਬਹੁ-ਭਾਸ਼ਾਈ ਟਰੈਕਟ ਤਿਆਰ ਕਰਵਾਏਗੀ ਜੋ ਪੂਰੇ ਯੂਰਪ ਵਿੱਚ ਵੰਡਿਆ ਜਾਵੇਗਾ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਇਟਲੀ ਵਿਖੇ 450 ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਭੇਜੇ ਗਏ ਸਨ, ਜਿਸ ਪੁਰ ਤਕਰੀਬਨ 50 ਲੱਖ ਰੁਪਏ ਖਰਚਾ ਆਇਆ ਸੀ। ਭੇਜੇ ਗਏ ਪਾਵਨ ਸਰੂਪਾਂ ਦੀ ਕੋਈ ਭੇਟਾ ਨਹੀਂ ਲਈ ਗਈ।
ਮੀਟਿੰਗ ਸਬੰਧੀ ਹੋਰ ਵੇਰਵੇ ਦੇਂਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਆਪਣੇ ਕਾਲਜਾਂ ਦੀਆਂ ਖਾਲਸਾਈ ਖੇਡਾਂ ਕਰਵਾਈਆਂ ਜਾਂਦੀਆਂ ਹਨ ਤੇ ਇਸ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਨਵਾਂ ਉਪਰਾਲਾ ਕਰਦੇ ਹੋਏ ਸਕੂਲਾਂ ਦੀਆਂ ਵੀ ਅਕਤੂਬਰ ਮਹੀਨੇ ’ਚ ਖਾਸਲਾਈ ਖੇਡਾਂ ਕਰਵਾਈਆਂ ਜਾਣਗੀਆਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਨਮੋਲ ਖ਼ਜ਼ਾਨੇ ਤੋਸ਼ਾਖਾਨੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਸ਼ੋਭਿਤ ਇਤਿਹਾਸਕ ਸਸ਼ਤਰਾਂ ਦੀ ਮੁਕੰਮਲ ਫੋਟੋਗ੍ਰਾਫੀ ਕਰਕੇ ਰੰਗਦਾਰ ਸੁੰਦਰ ਕਿਤਾਬਚਾ ਤਿਆਰ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ ਵਿਖੇ ਯਾਤਰੂਆਂ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਸਰਾਂ ਲਈ ਕਮਰੇ ਅਤੇ ਸਟਾਫ ਲਈ ਕੁਆਟਰ ਤਿਆਰ ਕਰਨ ਲਈ ਪਹਿਲਾਂ ਤੋਂ ਕਾਰਸੇਵਾ ਕਰਵਾ ਰਹੇ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਨੂੰ ਇਹ ਕਾਰਜ ਸੌਂਪਿਆ ਗਿਆ ਹੈ। ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਲੰਗਰ ਵਾਲੀ ਸਾਈਡ ਤੇ ਨਵਾਂ ਪ੍ਰਬੰਧਕੀ ਬਲਾਕ ਤਿਆਰ ਕਰਨ ਲਈ ਪਹਿਲਾਂ ਹੀ ਇਸ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਵਾ ਰਹੇ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਪਾਸੋਂ ਇਹ ਸੇਵਾ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਦਰਬਾਰ ਸਾਹਿਬ ਅੰਦਰ ਪਾਲਕੀ ਸਾਹਿਬ ਦੇ ਗੁੰਬਦ ਉੱਪਰ ਸੋਨੇ ਦੇ ਪੱਤਰੇ ਸੇਵਾ ’ਚ ਲਗਵਾਉਣ ਲਈ ਸ.ਕੰਵਲਨੈਨ ਸਿੰਘ ਡਡਵਿੰਡੀ (ਕਪੂਰਥਲਾ) ਦੀ ਇੱਛਾ ਨੂੰ ਪ੍ਰਵਾਨ ਕਰਦਿਆਂ ਫੈਸਲਾ ਕੀਤਾ ਹੈ ਕਿ ਇਸ ਕਾਰਜ ਲਈ ਕੋਈ ਉਗਰਾਹੀ ਜਾਂ ਟੋਕਰੀ ਆਦਿ ਨਾ ਰੱਖਣ ਦਿੱਤੀ ਜਾਵੇ। ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਨਾਲ ਅਟੈਚ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਨੀਬਦਰਪੁਰ ਦੀ ਇਮਾਰਤ ਨਵੀਂ ਤਿਆਰ ਕਰਵਾਉਣ ਲਈ ਕਾਰਸੇਵਾ ਬਾਬਾ ਸੁਬੇਗ ਸਿੰਘ ਨੂੰ ਸੌਂਪੀ ਗਈ ਹੈ। ਗੁਰਦੁਆਰਾ ਸਾਹਿਬ ਗੁਰੂਸਰ ਸਤਲਾਣੀ ਪਿੰਡ ਹੁਸ਼ਿਆਰਨਗਰ (ਅੰਮ੍ਰਿਤਸਰ) ਦੇ ਕੰਪਲੈਕਸ ਵਿੱਚ ਲਾਈਟ ਲਈ ਨਵਾਂ ਸੋਲਰ ਸਿਸਟਮ ਅਤੇ ਸਾਊਂਡ ਸਿਸਟਮ ਲਗਾਏ ਜਾਣ ਨੂੰ ਪ੍ਰਵਾਨਗੀ ਦਿਤੀ ਗਈ ਹੈ। ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਦਸਵੀਂ ਭਗਤਾ ਭਾਈ ਬਠਿੰਡਾ ਵਿਖੇ ਸੰਗਤਾਂ ਦੀ ਸੁੱਖ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ ਅੰਦਰ 4 ਨਗ ਏ.ਸੀ. ਲਗਵਾਉਣ ਨੂੰ ਪ੍ਰਵਾਨਗੀ ਦਿਤੀ ਗਈ ਹੈ। ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਲੁਧਿਆਣਾ ਵਿਖੇ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਮਾੜੇ ਅਨਸਰਾਂ ਤੇ ਨਿਗਾਹ ਰੱਖਣ ਲਈ ਹੋਰ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ।
ਇਸ ਇਕੱਤਰਤਾ ’ਚ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਕਰਨਾਲ, ਸ.ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਸ. ਸੁਖਦੇਵ ਸਿੰਘ, ਅੰਤ੍ਰਿੰਗ ਮੈਂਬਰਾਨ ਸ.ਦਿਆਲ ਸਿੰਘ ਕੋਲਿਆਂਵਾਲੀ, ਸ.ਸੂਬਾ ਸਿੰਘ ਡੱਬਵਾਲੀ, ਸ. ਰਜਿੰਦਰ ਸਿੰਘ ਮਹਿਤਾ, ਸ: ਨਿਰਮੈਲ ਸਿੰਘ ਜੌਲਾਂ ਕਲਾਂ, ਸ: ਕਰਨੈਲ ਸਿੰਘ ਪੰਜੋਲੀ, ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਮੰਗਲ ਸਿੰਘ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਮੋਹਨ ਸਿੰਘ ਬੰਗੀ, ਸ. ਭਜਨ ਸਿੰਘ ਸ਼ੇਰਗਿੱਲ ਤੇ ਸ. ਸੁਰਜੀਤ ਸਿੰਘ ਗੜ੍ਹੀ ਸ਼ਾਮਲ ਹੋਏ।
ਇਸ ਮੌਕੇ ਸ. ਤਰਲੋਚਨ ਸਿੰਘ, ਸ. ਦਲਮੇਘ ਸਿੰਘ ਖੱਟੜਾ ਤੇ ਸ.ਰੂਪ ਸਿੰਘ ਸਕੱਤਰ, ਸ. ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ. ਦਿਲਜੀਤ ਸਿੰਘ ਬੇਦੀ, ਸ. ਮਹਿੰਦਰ ਸਿੰਘ ਆਹਲੀ ਤੇ ਸ.ਬਲਵਿੰਦਰ ਸਿੰਘ ਜੌੜਾ ਐਡੀ:ਸਕੱਤਰ, ਸ. ਪ੍ਰਮਜੀਤ ਸਿੰਘ ਸਰੋਆ, ਸ.ਸੁਖਦੇਵ ਸਿੰਘ ਭੂਰਾਕੋਹਨਾ ਤੇ ਸ.ਕੇਵਲ ਸਿੰਘ ਮੀਤ ਸਕੱਤਰ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਇੰਚਾਰਜ ਸ. ਪ੍ਰਮਦੀਪ ਸਿੰਘ, ਸ.ਸੁਖਬੀਰ ਸਿੰਘ ਤੇ ਸ.ਗੁਰਦਿਆਲ ਸਿੰਘ, ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ ਦੇ ਮੈਨਜਰ ਸ. ਬੇਅੰਤ ਸਿੰਘ, ਸ.ਹਰਜਿੰਦਰ ਸਿੰਘ, ਸ.ਬਲਵਿੰਦਰ ਸਿੰਘ ਤੇ ਸ.ਗੁਰਚਰਨ ਸਿੰਘ ਸੁਪਰਵਾਈਜਰ, ਸ.ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ, ਸ.ਜਸਵੀਰ ਸਿੰਘ ਕੰਪਿਊਟਰ ਉਪਰੇਟਰ, ਸ.ਜਤਿੰਦਰ ਸਿੰਘ ਫੋਟੋਗ੍ਰਾਫਰ ਤੇ ਸ.ਹਰਬੰਸ ਸਿੰਘ ਆਦਿ ਮੌਜੂਦ ਸਨ।

Tuesday, August 20, 2013

ਵੇਰਵਾ ਅਤੇ ਵਿਸ਼ਲੇਸ਼ਣ: ਕਾਵੈਂਟਰੀ ਵਿਚ ਸਿੱਖ ਬਜ਼ੁਰਗ ਤੇ ਹਮਲਾ

 ਰੌਸ਼ਨੀ ਤਾਂ ਕਰ ਲਵੋ ਜੀਅ ਸਦਕੇ ਸ਼ਹਿਰ ਅੰਦਰ, ਜੇ ਦਿਲ ਦਾ ਨੇਰ ਨਾ ਮਿਟਿਆ ਤਾਂ ਉਹ ਰੌਸ਼ਨੀ ਕੀ ਹੋਈ
 ਜਾਗ ਮਨ ਜਾਗਣ ਦਾ ਵੇਲਾ             -ਕੁਲਵੰਤ ਸਿੰਘ ਢੇਸੀ Mon, Aug 19, 2013 at 8:27 PM
 ਪਗੜੀ ਸੰਭਾਲ ਸਿੰਘਾ ਪਗੜੀ ਸੰਭਾਲ ਜੀ
ਜੱਗ ਸਾਰਾ ਦੇਖਦਾ ਏ ਕਰ ਲਈਂ ਖਿਆਲ ਵੀ
ਤਾਜ  ਤੇਰੇ  ਸਿਰ  ਦੇ  ਦਾ  ਵੱਖਰਾ ਮਲਾਲ ਈ
     kulwant Singh Dhesi
         07854 136 413
15 ਅਗਸਤ ਵਾਲੇ ਦਿਨ ਸਾਰੀ ਦੁਨੀਆਂ ਦੇ ਸਿੱਖਾਂ ਦੀਆਂ ਨਜ਼ਰਾਂ ਦਿੱਲੀ ਵਿਚ ਅਚਾਨਕ ਸ਼ੁਰੂ ਹੋ ਗਏ ਦੰਗਿਆਂ ਵਲ ਲੱਗ ਗਈਆਂ । ਅਜੇ ਇਹ ਕਿਆਸ ਅਰਾਈਆਂ ਚਲ ਹੀ ਰਹੀਆਂ ਸਨ ਕਿ ਕੀ ਇਹ ਵਾਕਈ ਦੰਗੇ ਸਨ ਜੋ ਕਿ ਬੱਚਿਆਂ ਦੀ ਪਤੰਗ ਬਾਜੀ ਜਾਂ ਮੋਟਰਸਾਈਕਲ ਵਾਲੇ ਮੁੰਡਿਆਂ ਦੀ ਬੇਪਰਵਾਹੀ ਤੋਂ ਸ਼ੁਰੂ ਹੋਏ ਸਨ ਜਾਂ ਕਿ ਇਹਨਾਂ ਦੰਗਿਆਂ ਦੀ ਅਗਵਾਈ ਕਰ ਰਹੇ ਕਾਂਗਰਸ ਦੇ ਸੱਤਿਆ ਨਰਾਇਣ , ਪੰਕਜ ਅਤੇ ਦੀਪਕ ਟੈਂਟ ਵਾਲਾ ਦੀ ਮਿਲੀ ਭੁਗਤ ਨਾਲ ਕੋਈ ਸਾਜਸ਼ ਸੀ ਕਿ ਦੁਨੀਆਂ ਦੀਆਂ ਨਜ਼ਰਾਂ ਅਚਾਨਕ ਹੀ ਕਾਵੈਂਟਰੀ ਦੀ ਘਟਨਾਂ ਤੇ ਆ ਟਿਕੀਆਂ। ਕਾਵੈਂਟਰੀ ਸਾਡਾ ਸ਼ਹਿਰ ਜੋ ਕਿ ਆਪਣੀ ਕੁੱਖ ਵਿਚ ਜਿਥੇ ਇਤਹਾਸ ਦੇ ਖੰਡਰਾਂ ਨੂੰ ਸਮੇਟਣ ਕਰ ਕੇ ਮਸ਼ਹੂਰ ਹੈ ਉਥੇ ਅਸੀਂ ਇਹ ਗੱਲ ਮਾਣ ਨਾਲ ਕਰਦੇ ਹਾਂ ਕਿ ਇਹ ਹੀ ਯੂ ਕੇ ਵਿਚ ਇੱਕ ਐਸਾ ਸ਼ਹਿਰ ਹੈ ਜਿਸ ਦੇ ਇਕ ਚੌਂਕ ਵਿਚ ਸਿੱਖ ਭਾਈਚਾਰੇ ਵਲੋਂ ਸਥਾਪਤ ਕੀਤਾ ਹੋਇਆ ਖੰਡਾ ਸਾਰੀ ਦੁਨੀਆਂ ਨੂੰ ਸਿੱਖਾਂ ਦੇ ਉਸ ਮਾਣ ਮੱਤੇ ਇਤਹਾਸ ਨਾਲ ਵੀ ਜੋੜਦਾ ਹੈ ਜਿਸ ਮੁਤਾਬਕ ਸੰਸਾਰ ਦੀਆਂ ਦੋ ਜੰਗਾਂ ਵਿਚ ਦਸਤਾਰ ਧਾਰੀ 83000 ਹਜ਼ਾਰ ਦਸਤਾਰ ਧਾਰੀ ਸਿੱਖ ਫੌਜੀਆਂ ਨੇ ਸਮੇਂ ਦੀਆਂ ਵਿਕਰਾਲ ਫਾਸ਼ੀ ਤਾਕਤਾਂ ਨਾਲ ਲੋਹਾ ਲੈਂਦਿਆਂ ਆਪਣੀ ਜਾਨ ਦੀ ਬਾਜੀ ਲਾ ਦਿੱਤੀ ਸੀ ਅਤੇ ਸਵਾ ਲੱਖ ਦੇ ਕਰੀਬ ਜ਼ਖਮੀ ਹੋਏ ਸਨ । ਜੀ ਹਾਂ ਜਿੰਨੀ ਕੁ ਇਸ ਕਾਵੈਂਟਰੀ ਸ਼ਹਿਰ ਦੀ ਅੱਜ ਜਨ ਸੰਖਿਆ ਹੈ ਉਸੇ ਮੁਤਾਬਕ ਕਰੀਬ ਚਾਰ ਲੱਖ ਸਿੱਖ ਅੰਮ੍ਰਿਤਧਾਰੀ ਫੌਜੀਆਂ ਨੇ ਸੰਸਾਰ ਦੀਆਂ ਦੋ ਵੱਡੀਆਂ ਜੰਗਾਂ ਵਿਚ ਸੂਰਬੀਰਤਾ ਦਾ ਇੱਕ ਐਸਾ ਇਤਹਾਸ ਸਿਰਜਿਆ  ਕਿ ਸਾਰਾ ਗੜ੍ਹੀ ਵਰਗੇ ਮਾਅਰਕੇ ਦੁਨੀਆਂ ਵਿਚ ਆਪਣਾਂ ਨਿਸ਼ਾਨ ਸਥਾਪਤ ਕਰ ਗਏ। ਜਿਥੇ ਉਹਨਾਂ ਅੰਮ੍ਰਿਤਧਾਰੀ ਅਤੇ ਦਸਤਾਰ ਧਾਰੀ ਸਿੰਘਾਂ ਨੇ ਦੁਨੀਆਂ ਵਿਚ ਆਪਣੇ ਨਿਆਰੇ ਰੂਪ ਸਰੂਪ ਅਤੇ ਸੂਰਬੀਰਤਾ ਕਰਕੇ ਅੱਜ ਸਾਨੂੰ ਇਹਨਾਂ ਦੇਸ਼ਾਂ ਵਿਚ ਸਿਰ ਉੱਚਾ ਕਰ ਕੇ ਜਿਊਣ ਦਾ ਸਨਮਾਨ ਬਖਸ਼ਿਆ ਉਥੇ ਅੱਜ ਉਸੇ ਖਾਲਸੇ ਸਾ ਮਾਨ ਸਨਮਾਨ ਸਮਝੀ ਜਾਂਦੀ ਦਸਤਾਰ ਨੂੰ ਕਾਵੈਂਟਰੀ ਸ਼ਹਿਰ ਦੇ ਸਿਟੀ ਸੈਂਟਰ ਵਿਚ ਰੁਲਦਿਆਂ ਦੇਖ ਕੇ ਸਿੱਖ ਹਿਰਦਿਆਂ ਦਾ ਤਰਾਹ ਨਿਕਲਣਾਂ ਸਹਿਵਨ ਹੀ ਸੀ। ਦਸਤਾਰ ਸਿੱਖ ਦੇ ਸਿਰ ਦਾ ਤਾਜ ਅਤੇ ਗੁਰੂ ਸਾਹਿਬਾਨ ਦਾ ਦਿੱਤਾ ਹੋਇਆ ਬੇਸ਼ਕੀਮਤੀ ਤੋਹਫਾ ਹੈ-ਸਿੱਖ ਨੂੰ ਆਪਣੀ  ਜਾਨ ਤੋਂ ਵੀ ਵੱਧ ਪਿਆਰੀ ਹੈ ਆਪਣੀ ਦਸਤਾਰ। ਕਾਵੈਂਟਰੀ ਦੀ ਸ਼ਰਮਨਾਕ ਘਟਨਾ 10 ਅਗਸਤ ਦੀ ਸ਼ਾਮ ਨੂੰ ਸਿਟੀ ਸੈਂਟਰ ਦੀ ਟ੍ਰਿਨਟੀ ਸਟਰੀਟ 'ਚ ਵਾਪਰੀ, ਜਿੱਥੇ ਸੜਕ 'ਤੇ ਜਾ ਰਹੇ ਇਕ 80 ਸਾਲ ਦੇ ਬਜ਼ੁਰਗ ਵਿਅਕਤੀ 'ਤੇ ਇਕ ਗੋਰੀ ਕੁੜੀ ਨੇ ਹਮਲਾ ਕਰ ਦਿੱਤਾ।
ਇਸ ਮਨਹੂਸ ਘਟਨਾਂ ਸਬੰਧੀ ਜੋ ਵੀਡੀਓ ਕਲਿਪ ਸੰਸਾਰ ਵਿਚ ਦੇਖੀ ਗਈ ਉਸ ਮੁਤਾਬਕ ਸ਼ਹਿਰ ਵਿਚ ਇੱਕ ਗੋਰੀ ਲੜਕੀ ਦੂਸਰੇ ਗੋਰੇ ਨਾਲ ਲੜ ਰਹੀ ਹੈ ਜਿਸ ਨੂੰ ਦੇਖ ਕੇ ਇਹ ਅੱਸੀ ਸਾਲ ਦੀ ਉਮਰ ਵਾਲਾ ਬਜ਼ੁਰਗ ਉਹਨਾਂ ਵਲ ਵਧਦਾ ਹੈ ਅਤੇ ਫਿਰ ਜੋ ਅਗਲੀ ਗੱਲ ਦੇਖਣ ਨੂੰ ਮਿਲਦੀ ਹੈ ਉਹ ਇਹ ਹੀ ਹੈ ਕਿ ਉਹ ਗੋਰੀ ਕੁੜੀ ਸਿੰਘ ਤੇ ਹਮਲਾਵਰ ਹੋ ਜਾਂਦੀ ਹੈ ਜਿਸ ਕਾਰਨ ਬਜ਼ੁਰਗ ਜ਼ਮੀਨ ਤੇ ਡਿੱਗ ਪੈਂਦਾ ਹੈ ਅਤੇ ਉਸ ਦੀ ਦਸਤਾਰ ਸਿਰੋਂ ਲਹਿ ਕੇ ਪਰਾਂਹ ਜਾ ਪੈਂਦੀ ਹੈ। ਡਿੱਗੇ ਹੋਏ ਬਜ਼ੁਰਗ ਤੇ ਇਹ ਕੁੜੀ ਥੁੱਕਣ ਦੀ ਭੱਦੀ ਹਰਕਤ ਕਰਦੀ ਹੋਈ ਅਤੇ ਬਜ਼ੁਰਗ ਤੇ ਇਲਜ਼ਾਮ ਲਾਉਂਦੀ ਹੋਈ ਆਪਣੇ ਸਾਥੀਆਂ ਨਾਲ ਉਥੋਂ ਖਿਸਕ ਜਾਂਦੀ ਹੈ। ਆਪਣੇ ਆਪ ਨੂੰ ਸੰਭਾਲਦਾ ਹੋਇਆ ਬਜ਼ੁਰਗ ਪੰਜਾਬੀ ਸੁਭਾਅ ਅਨੁਸਾਰ ਗਾਲ ਕੱਢਦਾ ਹੈ ਅਤੇ ਪਿਛੋਂ ਆ ਰਿਹਾ ਇੱਕ ਹੋਰ ਗੋਰਾ ਬਜ਼ੁਰਗ ਦੀ ਦਸਤਾਰ ਉਠਾ ਲੈਂਦਾ ਹੈ ਅਤੇ ਇਥੇ ਹੀ ਇਹ ਵੀਡੀਓ ਕਲਿਪ ਖਤਮ ਹੋ ਜਾਂਦੀ ਹੈ। ਪਰ ਇੱਕ ਅੱਧੇ ਮਿੰਟ ਦੀ ਇਸ ਵੀਡੀਓ ਫਿਲਮ ਨੂੰ ਦੇਖ ਕੇ ਸਿੱਖ ਜਗਤ ਵਿਚ ਇਸ ਦਾ ਬੜਾ ਹੀ ਤਿੱਖਾ ਪ੍ਰਤੀਕਰਮ ਹੋਇਆ ਅਤੇ ਹਰ ਪਾਸੇ ਨਮੋਸ਼ੀ ਛਾ ਗਈ। ਇਸ ਹਮਲੇ ਵਿਚ ਇਸ ਬਜ਼ੁਰਗ ਦੀ ਅੱਖ ਨੀਲੀ ਪੈ ਗਈ ਅਤੇ ਮੂੰਹ ਵਿਚੋਂ ਖੂਨ ਨਿਕਲ ਆਇਆ। ਜਿਸ ਗੋਰੇ ਨੇ ਬਜ਼ੁਰਗ ਦੀ ਦਸਤਾਰ ਜ਼ਮੀਨ ਤੋਂ ਉਠਾਈ ਸੀ ਦੱਸਿਆ ਜਾਂਦਾ ਹੈ ਕਿ ਉਹ ਹੀ ਮਗਰੋਂ ਬਜ਼ੁਰਗ ਨੂੰ ਹਸਪਤਾਲ ਵੀ ਲੈ ਕੇ ਗਿਆ। ਫੇਸ ਬੁੱਕ ਤੇ ਇੱਕ ਮਾਈਕਲ ਨਾਮ ਦੇ ਵਿਅਕਤੀ ਨੇ ਕੁਮੈਂਟ ਕੀਤਾ ਹੈ ਕਿ 19 ਸਾਲ ਦੀ ਇਹ ਗੋਰੀ ਕੁੜੀ ਹੈ ਹੀ ਇਸੇ ਕਿਸਮ ਦੀ ਜਦ ਕਿ ਮਨਦੀਪ ਸਿੰਘ ਨਾਮ ਦੇ ਇਕ ਨੌਜਵਾਨ ਨੇ ਬੜਾ ਹੀ ਸੰਜੀਦਾ ਕੁਮੈਂਟ ਕੀਤਾ ਹੈ ਕਿ ਇੱਕ ਸਿੱਖ ਤੇ ਇਹ ਹਮਲਾ ਟੋਰੀ ਸਰਕਾਰ ਦੀਆਂ ਏਸ਼ੀਅਨਾਂ ਖਿਲਾਫ ਇਮੀਗਰੇਸ਼ਨ ਪਾਲਸੀਆਂ ਦਾ ਨਤੀਜਾ ਹੈ। ਚੇਤੇ ਰਹੇ ਕਿ ਯੂ ਕੇ ਬਾਰਡਰ ਏਜੰਸੀ ਦਾ ਅੱਜ ਕਲ ਸਾਰਾ ਜ਼ੋਰ ਇਸ ਪਾਸੇ ਲੱਗਾ ਹੋਇਆ ਹੈ। ੲਜੰਸੀ  ਨੇ ਆਪਣੀਆਂ ਵੈਨਾਂ ਤੇ, ਆਪਣੇ ਦੇਸ਼ ਨੂੰ ਵਾਪਸ ਚਲੇ ਜਾਓ, ਜਾਂ ਗ੍ਰਿਫਤਾਰੀ ਲਈ ਤਿਆਰ ਰਹੋ ਦਾ ਨਾਅਰਾ ਲਿਖਿਆ ਹੋਇਆ ਹੈ ਅਤੇ ਇਹ ਵੈਨਾਂ ਸਾਡੀ ਸੰਘਣੀ ਵਸੋਂ ਵਾਲੀਆਂ ਥਾਵਾਂ ਤੇ ਘੁਮਾਈ ਜਾ ਰਹੀ ਹੈ। ਮਨਦੀਪ ਸਿੰਘ ਮੁਤਾਬਕ ਸਰਕਾਰ ਦੀ ਏਸ਼ੀਅਨਾਂ ਖਿਲਾਫ ਇਸ ਤਰਾਂ ਦੀ ਕਾਰਗੁਜ਼ਾਰੀ ਦੇਖ ਕੇ ਇਥੋਂ ਦੀ ਮੇਨ ਸਟਰੀਮ ਵਿਚ ਪ੍ਰਤੀਕਰਮ ਹੋਣਾਂ ਸੁਭਾਵਕ ਹੈ। ਇਸ ਵਿਅਕਤੀ ਮੁਤਬਕ ਕਾਵੈਂਟਰੀ ਦੇ ਬਜ਼ੁਰਗ ਤੇ ਇਹ ਘਿਨਾਉਣਾਂ ਹਮਲਾ ਵੀ ਟੋਰੀ ਸਰਕਾਰ ਦੀਆਂ ਏਸ਼ੀਅਨਾਂ ਖਿਲਾਫ ਇਮੀਗਰੇਸ਼ਨ ਪਾਲਸੀਆਂ ਦਾ ਹੀ ਨਤੀਜਾ ਹੈ।
ਜਿਥੋਂ ਤਕ ਟੋਰੀ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਦਾ ਸਵਾਲ ਹੈ ਇਸ ਸਬੰਧੀ ਆਉਣ ਵਾਲੇ ਦਿਨਾਂ ਵਿਚ ਨਤੀਜੇ ਨਿਕਲਣ ਵਾਲੇ ਹਨ ਪਰ ਇਸ ਘਟਨਾਂ ਦੀ ਕਈ ਹੋਰ ਪੱਖਾਂ ਤੋਂ ਪੜਚੋਲ ਕਰਨੀ ਜ਼ਰੂਰੀ ਹੈ। ਇਹ ਘਟਨਾਂ ਸ਼ਾਮ ਸਾਢੇ ਅੱਠ ਦੇ ਕਰੀਬ ਸ਼ਹਿਰ ਦੇ ਚਹਿਲ ਪਹਿਲ ਵਾਲੇ ਇਲਾਕੇ ਵਿਚ ਹੋਈ ਹੈ। ਪੁਲਿਸ ਨੇ ਇਸ ਸਬੰਧੀ ਚਸ਼ਮਦੀਦ ਗਵਾਹਾਂ ਨੂੰ ਅੱਗੇ ਆਉਣ ਲਈ ਕਿਹਾ ਹੈ ਅਤੇ ਦੋ ਸੰਪਰਕ ਨੰਬਰ ਵੀ ਦਿੱਤੇ ਹਨ। ਪਹਿਲਾ ਨੰਬਰ 101 ਹੈ ਅਤੇ ਦੂਸਰਾ 0800 555 111 ਹੈ। ਪੁਲਿਸ ਇਸ ਘਟਨਾਂ ਦੀ ਛਾਣ ਬੀਣ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਦੇ ਸਹੀ ਪੱਖ ਲੋਕਾਂ ਸਾਹਮਣੇ ਆਉਣ ਵਾਲੇ ਹਨ। ਸੀ.ਸੀ.ਟੀ.ਵੀ ਕੈਮਰੇ, ਫੇਸ ਬੁੱਕ, ਟਵਿਟਰ ਅਤੇ ਇਲੈਕਟਰੌਨਿਕ ਮੀਡੀਏ ਦੀ ਕਿਰਪਾ ਨਾਲ ਉਸ ਉਨੀ ਸਾਲ ਦੀ ਲੜਕੀ ਨੂੰ ਗਲੌਸਟਰ ਤੋਂ ਉਸ ਦੇ ਐਡਰਸ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੁਣ ਇਹ ਕੇਸ ਅਦਾਲਤ ਵਿਚ ਚੱਲੇਗਾ।

ਅਸੀਂ ਇਸ ਸਬੰਧੀ ਕੀ ਕਰ ਸਕਦੇ ਹਾਂ?

ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮੁੱਦਾ ਭਾਵੇਂ ਟੋਰੀ ਸਰਕਾਰ ਦੀਆਂ ਇਮੀਗ੍ਰੇਸ਼ਨ ਪਾਲਸੀਆਂ ਦਾ ਹੋਵੇ ਜਾਂ ਫਿਰ ਦੇਸ਼ ਵਿਚ ਵਧ ਰਹੇ ਜ਼ੁਰਮ ਦਾਂ ਜਾਂ ਆਰਥਕ ਮੰਦਵਾੜੇ ਦਾ ਇਹਨਾ ਸਾਰੇ ਪੱਖਾਂ ਦਾ ਅਸਰ ਸਾਡੇ ਭੂਰੇ ਲੋਕਾਂ ਤੇ ਬੁਰਾ ਹੀ ਪੈਣ ਵਾਲਾ ਹੈ ਅਤੇ ਇਸ ਸਬੰਧੀ ਭਵਿੱਖ ਵਿਚ ਸਾਨੂੰ ਵਧੇਰੇ ਇਹਤਿਆਤ ਵਰਤਣ ਦੀ ਲੋੜ ਹੈ। ਦੇਰ ਸਵੇਰ ਸੁੰਨੀਆਂ ਜਾਂ ਜਨਤਕ ਥਾਵਾਂ ਤੇ ਜਾਣ ਸਮੇਂ ਸਾਵਧਾਨੀ ਵਰਤਣ ਦੀ ਲੋੜ ਹੈ ਅਤੇ ਕਿਸੇ ਦੇ ਝਗੜੇ ਵਿਚ ਦਖਲ ਦੇਣ ਤੋਂ ਅਵਲ ਤਾਂ ਉੱਕਾ ਹੀ ਪਰਹੇਜ਼ ਕੀਤਾ ਜਾਵੇ ਜਾਂ ਫਿਰ ਬਹੁਤ ਸੁਰੱਖਿਅਤ ਰਹਿ ਕੇ ਦਖਲ ਦਿੱਤਾ ਜਾਵੇ ਅਤੇ ਅਜੇਹੀ ਕਿਸੇ ਘਟਨਾਂ ਸਮੇਂ ਸਾਨੂੰ ਆਪਣਾ ਅੰਧਾ ਧੁੰਦ ਫਤਵਾ ਦੇਣ ਸਮੇਂ ਵੀ ਸੰਜਮ ਵਰਤਣ ਦੀ ਲੋੜ ਹੈ। ਜਦੋਂ ਤਕ ਅਦਾਲਤ ਦਾ ਫੈਸਲਾ ਨਹੀਂ ਆਉਂਦਾ ਸਾਨੂੰ ਆਪਣੇ ਜਜ਼ਬਾਤਾਂ ਅਤੇ ਭਾਵਨਾਵਾਂ ਪ੍ਰਤੀ ਸੰਜਮ ਵਰਤਣ ਦੀ ਲੋੜ ਹੈ। ਹਾਂ ਇਸ ਕੇਸ ਸਬੰਧੀ ਅਗਰ ਸਾਡੇ ਕੋਲ ਪੁਲਿਸ ਨੂੰ ਦੱਸਣ ਯੋਗ ਕੋਈ ਜਾਣਕਾਰੀ ਹੋਵੇ ਤਾਂ ਇਸ ਸਬੰਧੀ ਸਾਨੂੰ ਆਪਣੇ ਫਰਜ਼ ਦੀ ਪਾਲਣਾਂ ਤਤਕਾਲ ਕਰਨੀ ਚਾਹੀਦੀ ਹੈ। 
ਕੁਝ ਹੋਰ ਜ਼ਰੂਰੀ ਲਿੰਕ:

ਪ੍ਰੋ. ਭੁੱਲਰ, ਸ਼ਿਵੂ ਤੇ ਜਡੇਸਵਾਮੀ ਨੂੰ ਭਲਕੇ ਫਾਂਸੀ ਦਿੱਤੇ ਜਾਣ ਦਾ ਖਦਸ਼ਾ


ਦਿੱਲੀ:ਨਿੱਕੀ ਜਹੀ ਚੰਗਾਰੀ ਨੇ ਲਾਂਬੂ ਲਾ ਦਿੱਤੇ






Saturday, August 10, 2013

ਖਾੜਕੂ ਭਿਉਰਾ: ਅਗਲੀ ਸੁਣਵਾਈ 21 ਅਗਸਤ ਨੂੰ

Sat, Aug 10, 2013 at 12:20 AM
ਅਸੀ ਆਜ਼ਾਦ ਦੇਸ਼ ਅੰਦਰ ਗੁਲਾਮ ਹਾਂ: ਭਾਈ ਭਿਉਰਾ
ਨਵੀਂ ਦਿੱਲੀ 9 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਅਜ ਦਿੱਲੀ ਦੀ ਇਕ ਅਦਾਲਤ ਵਿਚ ਬਬੱਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਪੁਲਿਸ ਦੀ ਸਖਤ ਸੁਰਖਿਆ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ । ਭਾਈ ਭਿਉਰਾ ਦੇ ਕੇਸ ਵਿਚ ਇਸ ਵਕਤ ਗਵਾਹੀਆਂ ਚਲ ਰਹੀਆਂ ਹਨ ਤੇ ਅਜ ਕੋਈ ਵੀ ਗਵਾਹ ਹਾਜ਼ਿਰ ਨਾ ਹੋਣ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਸੁਣਵਾਈ ਨਹੀ ਹੋ ਸਕੀ, ਜਿਸ ਕਰਕੇ ਮਾਮਲੇ ਦੀ ਅਗਲੀ ਸੁਣਵਾਈ ਹੁਣ 21 ਅਗਸਤ ਨੂੰ ਹੋਵੇਗੀ ।
ਪੇਸ਼ੀ ਉਪਰੰਤ ਭਾਈ ਭਿਉਰਾ ਨੇ ਗਲਬਾਤ ਦੌਰਾਨ ਮੋਦੀ ਵਲੋਂ ਸਿੱਖ ਕਿਸਾਨਾਂ ਨੂੰ ਉਜਾੜੇ ਜਾਣ ਦਾ ਸਖਤ ਨੋਟਿਸ ਲੈਦਿਆਂ ਕਿਹਾ ਕਿ ਕਿਹਾ ਕਿ ਅਸੀ ਆਜਾਦ ਦੇਸ਼ ਦੇ ਅੰਦਰ ਗੁਲਾਮ ਹਾਂ ਤੇ ਸਾਡਾ ਹਰ ਸਾਹ ਹਿੰਦੂਤਵੀਆਂ ਦੇ ਸੰਗਲਾਂ ਹੇਠ ਲਿਆ ਜਾ ਰਿਹਾ ਹੈ । ਘੱਟ ਗਿਣਤੀਆਂ ਦਾ ਘਾਣ ਕਰਨ ਹੇਠ ਹਿੰਦੁਤਵੀ ਤਾਕਤਾਂ ਹੁਣ ਮੁਸਲਮਾਨਾਂ  ਦੇ "ਵੱਡੇ ਕਾਤਿਲ" ਨਰਿੰਦਰ ਮੋਦੀ ਨੂੰ ਪ੍ਰਧਾਨਮੰਤਰੀ ਬਣਾਂ ਕੇ ਸਿਰਫ ਮੁਸਲਮਾਨਾਂ ਦਾ ਹੀ ਨਹੀ ਸਗੋ ਸਮੂਹ ਘੱਟ ਗਿਣਤੀਆਂ ਦਾ ਘਾਣ ਕਰਕੇ ਉਨ੍ਹਾਂ ਨੂੰ ਹਿੰਦੂ ਬਣਾਉਣਾ ਚਾਹੁੰਦੀਆਂ ਹਨ ਜਿਸ ਤੋ ਸਿੱਖ ਕੌਮ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ । ਉਨ੍ਹਾਂ ਬਹੁਤ ਹੀ ਗੰਭੀਰ ਲਹਿਜੇ ਵਿਚ ਕਿਹਾ ਕਿ ਜਦ ਅਸੀ ਇਸ ਮੁਲਕ ਵਿਚ ਆਜ਼ਾਦ ਹੀ ਨਹੀ ਹਾਂ ਤੇ ਸਾਨੂੰ ਕੋਈ ਹੱਕ ਨਹੀ ਕਿ ਅਸੀ ਕਿਸੇ ਕਿਸਮ ਦੀ ਆਜਾਦੀ ਦਾ ਜਸ਼ਨ ਮਨਾਇਏ । ਉਨ੍ਹਾਂ ਕੌਮ ਨੂੰ ਸੁਨੇਹਾ ਦੇਦੇਂ ਹੋਏ ਕਿਹਾ ਕਿ ਤੁਸੀ ਬਾਦਲਾਂ ਤੇ ਵਿਸ਼ਵਾਸ ਨਾ ਕਰੋ ਇਹ ਹਿੰਦੁਤਵੀ ਤਾਕਤਾਂ ਨਾਲ ਮਿਲ ਕੇ ਕੌਮ ਨੂੰ ਰਸਾਤਲ ਵਲ ਲੈ ਕੇ ਜਾ ਰਹੇ ਹਨ ਤੇ ਸਮੇਂ ਦੀ ਪਹਿਚਾਨ ਕਰਦੇ ਹੋਏ ਇਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਜਤਨ ਕਰਦੇ ਹੋਏ ਕੌਮ ਦੇ ਦੁਖਾਂ ਦਾ ਦਰਦ ਰਖਣ ਵਾਲੇ ਵੀਰਾਂ ਨੂੰ ਅੱਗੇ ਲਿਆ ਕੇ ਕੌਮ ਦੀ ਡੁਬਦੀ ਵਾਗਡੋਰ ਉਨ੍ਹਾਂ ਦੇ ਹੱਥ ਦੇ ਕੇ ਕੌਮ ਦੀ ਚੜਦੀ ਕਲਾ ਵਿਚ ਸਹਿਯੋਗ ਦੇਵੋ ।
ਭਾਈ ਭਿਉਰਾ ਵਲੋਂ ਵਕੀਲ ਵਿਕਾਸ ਪਢੋਰਾ ਅਦਾਲਤ ਵਿਚ ਹਾਜਿਰ ਸਨ ।

Tuesday, July 23, 2013

ਪੰਥਕ ਚੇਤਨਾ ਲਹਿਰ ਦਾ ਅਰੰਭ

ਫਲਕ ਕੋ ਆਦਤ ਹੈ ਜਹਾਂ ਬਿਜਲੀਆਂ ਗਿਰਾਨੇ ਕੀ, ਹਮੇਂ  ਭੀ ਜ਼ਿੱਦ ਹੈ ਵਹਾਂ ਆਂਸ਼ਿਆਂ ਬਨਾਨੇ ਕੀ
ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਦੇ ਆਗੂਆਂ ਵਲੋਂ ਸ਼ੁਭ ਕਦਮ 
ਪਿੰਡ ਖੋਜੇਵਾਲੀ ਵਿਚ ਬਾਬਾ ਰਾਮ ਸਿੰਘ ਅਤੇ ਭਾਈ ਸਾਹਿਬ
ਭਾਈ ਬਖਸ਼ੀਸ਼ ਸਿੰਘ ਦਾ ਇਤਹਾਸਕ ਇਕੱਠ
ਅੱਜ ਦੇ ਸੰਕਟਮਈ ਸਮੇਂ ਵਿਚ ਜਦੋਂ ਕਿ ਤਲ ਚਟ ਰਾਜਨੀਤਕਾਂ ਨੇ ਖਾਲਸਾ ਪੰਥ ਦੀਆਂ ਗੌਰਵਮਈ ਕੀਮਤਾਂ ਨੂੰ ਨਸ਼ਟ ਕਰਨ ਦਾ ਤਹੱਈਆ ਕਰ ਲਿਆ ਹੈ ਤਾਂ ਇਸ ਸਮੇਂ ਦਮਦਮੀ ਟਕਸਾਲ ਦੇ ਆਗੂ ਬਾਬਾ ਰਾਮ ਸਿੰਘ ਜੀ ਅਤੇ ਅਖੰਡ ਕੀਰਤਨੀ ਜਥੇ ਦੇ ਜਥੇਦਾਰ ਭਾਈ ਸਾਹਿਬ ਬਖਸ਼ੀਸ਼ ਸਿੰਘ ਨੇ ਇਸ ਸੰਕਟਮਈ ਸਮੇਂ ਵਿਚ ਇੱਕਠੇ ਹੋ ਕੇ ਖਾਲਸਾਈ ਮਾਨ ਸਨਮਾਨ ਨੂੰ ਬਹਾਲ ਕਰਨ ਅਤੇ ਕੌਮ ਵਿਚ ਨਵੇਂ ਸਿਰਿਓਂ ਖਾਲਸਾਈ ਰੂਹ ਲਿਬਰੇਜ਼ ਕਰਨ ਲਈ ਇੱਕ ਪ੍ਰੋਗ੍ਰਾਮ ਤਹਿ ਕੀਤਾ ਹੈ । ਇਹਨਾਂ ਆਗੂਆਂ ਦਾ ਇਸ ਸਬੰਧ ਵਿਚ ਇਤਹਾਸਕ ਇਕੱਠ ਪਿੰਡ ਖੋਜੇਵਲੀ ਵਿਚ ਹੋਇਆ ਜਿਸ ਨੂੰ ਸਰ-ਅੰਜਾਮ ਦੇਣ ਲਈ ਬ੍ਰਿਟਿਸ਼ ਸਿੱਖ ਕੌਂਸਲ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਢੇਸੀ, ਜਨਰਲ ਸਕੱਤਰ ਭਾਈ ਤਰਸੇਮ ਸਿੰਘ ਦਿਓਲ, ਭਾਈ ਰਛਪਾਲ ਸਿੰਘ ਫੌਜੀ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੇ ਮੋਹਰੀ ਰੋਲ ਅਦਾ ਕੀਤਾ । ਇਸ ਮੁਹਾਜ਼ ਤੇ ਪੰਥ ਦੇ ਇਹ ਆਗੂ ਚੇਤੰਨ ਅਤੇ ਪਹਿਰਾ ਦੇ ਰਹੇ ਬਾਕੀ ਦੇ ਪੰਥਕ ਦਲਾਂ ਨੂੰ ਵੀ ਇੱਕ ਮੰਚ ਤੇ ਇਕੱਠਿਆਂ ਕਰਨ ਲਈ ਪ੍ਰਮੁਖ ਭੂਮਿਕਾ ਤਹਿ ਕਰਨਗੇ । ਇਹਨਾਂ ਆਗੂਆਂ ਦੇ ਇਸ ਪ੍ਰੋਗ੍ਰਾਮ ਨਾਲ ਕੌਮ ਵਿਚ ਨਵੀਂ ਰੂਹ ਫੂਕਣ ਲਈ ਹੋਰ ਵੀ ਅਨੇਕਾਂ ਸਿੱਖਾਂ ਨੇ ਵੀ ਸਹੀ ਪਾਈ ।

ਚੇਤੇ ਰਹੇ ਕਿ ਪਿਛਲੇ ਦਿਨੀ ਬ੍ਰਿਟਿਸ਼ ਸਿੱਖ ਕੌਂਸਲ ਨੇ ਜਦੋਂ ਸਿਕਲੀਗਰ, ਵਣਜਾਰੇ ਅਤੇ ਸਤਨਾਮੀਏਂ ਸਿੱਖਾਂ ਦੀ ਪੰਥ ਵਾਪਸੀ ਲਈ ਮਹਾਂਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਗੁਰਦੁਆਰਿਆਂ ਦੇ ਉਘਾਟਨ ਕੀਤੇ ਤਾਂ ਉਸ ਪ੍ਰੋਗ੍ਰਾਮ ਵਿਚ ਅਕਾਲ ਤਖਤ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਜੀ, ਦਮਦਮੀ ਟਕਸਾਲ ਦੇ ਬਾਬਾ ਰਾਮ ਸਿੰਘ ਜੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਭਾਈ ਬਲਦੇਵ ਸਿੰਘ ਸਮੂਹ ਆਗੂਆਂ ਨੇ ਹਿੱਸਾ ਲਿਆ ਅਤੇ ਇਸ ਲਹਿਰ ਨੂੰ ਦੇਸ਼ ਵਿਆਪੀ ਬਣਾਉਣ ਲਈ ਪੁਰਜ਼ੋਰ ਸਹਿਯੋਗ ਦੇਣ ਲਈ ਵਚਨ ਦਿੱਤਾ । ਬ੍ਰਿਟਿਸ਼ ਸਿੱਖ ਕੌਂਸਲ ਵਲੋਂ ਪੰਜਾਬ ਵਿਚ ਵੱਖ ਵੱਖ ਜਗ੍ਹਾ ਗੁਰਮਤ ਕੈਂਪ ਲਗਾਏ ਜਾ ਰਹੇ ਹਨ ਅਤੇ ਇਹਨਾਂ ਆਗੂਆਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਉਹ ਸਿੱਖ ਸਮੂਹ ਦਾ ਸਹੀ ਮਾਰਗ ਦਰਸ਼ਨ ਕਰਨ ਲਈ ਅਗਵਾਈ ਕਰਨ । ਕੌਂਸਲ ਵਲੋਂ ਪਿਛਲੇ ਕੁਝ ਅਰਸੇ ਤੋਂ ਪੰਥ ਤੋਂ ਵਿਛੜੇ ਸਿੱਖਾਂ ਲਈ ਮਹਾਂਰਾਸ਼ਟਰ ਵਿਚ ਛੇ ਗੁਰਦੁਆਰਿਆਂ ਅਤੇ ਮੱਧ ਪ੍ਰਦੇਸ਼ ਵਿਚ ਦੋ ਗੁਰਦੁਆਰਿਆਂ ਦੀ ਸੇਵਾ ਕੀਤੀ ਗਈ ਹੈ । ਵੱਡੀ ਗਿਣਤੀ ਵਿਚ ਇਹ ਸਿੱਖ ਸਮਾਜ ਭਾਰਤ ਭਰ ਵਿਚ ਝੁੱਗੀਆਂ ਝੌਂਪੜੀਆਂ ਵਿਚ ਅੱਤ ਗਰੀਬੀ ਦਾ ਜੀਵਨ ਬਸਰ ਕਰ ਰਹੇ ਹਨ ਅਤੇ ਅਨੇਕਾਂ ਥਾਵਾਂ ਤੇ ਸਵੱਛ ਪੀਣ ਵਾਲੇ ਪਾਣੀ ਦੀ ਸੁਵਿਧਾ ਵੀ ਹਾਸਲ ਨਹੀਂ ਹੈ । ਸਿੱਖ ਡੇਰੇਦਾਰਾਂ, ਅਖੌਤੀ ਬਾਬਿਆਂ ਅਤੇ ਕ੍ਰੋੜਪਤੀ ਪ੍ਰਚਾਰਕਾਂ ਦੀ ਇਹਨਾਂ ਗਰੀਬ ਸਿੱਖਾਂ ਪ੍ਰਤੀ ਉੱਕਾ ਬੇਰੁਖੀ ਹੈ ਅਤੇ ਸ਼੍ਰੋਮਣੀ ਕਮੇਟੀ ਵੀ ਕੋਈ ਖਾਸ ਉੱਦਮ ਨਹੀਂ ਕਰ ਰਹੀ । ਅੱਜ ਖਾਲਸਾ ਪੰਥ ਨੂੰ ਜਿਥੇ ਇਹਨਾਂ ਸਿਖਾਂ ਦੀ ਪੰਥ ਵਾਪਸੀ ਲਈ ਉੱਦਮ ਕਰਨ ਦੀ ਲੋੜ  ਹੈ ਉਥੇ ਪੰਜਾਬ ਦੀ ਰਸਾਤਲ ਵਿਚ ਜਾ ਰਹੀ ਜਵਾਨੀ ਨੂੰ ਸਾਂਭਣ ਦੀ ਵੀ ਅਤਿਅੰਤ ਲੋੜ ਹੈ ।

ਦਮਦਮੀ ਟਕਸਾਲ, ਅਖੰਡ ਕੀਰਤਨੀ ਜਥੇ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਪੰਜਾਬ ਦੇ ਸਿੱਖਾਂ ਨੂੰ ਤੰਗ ਰਾਜਨੀਤਕ ਹਿੱਤਾਂ ਤੋਂ ਉਪਰ ਉੱਠ ਕੇ ਇੱਕਮੁੱਠ ਅਤੇ ਇੱਕਜੁੱਟ ਹੋ ਕੇ ਸੇਵਾ ਕਰਨ ਲਈ ਅਪੀਲ ਕੀਤੀ ਗਈ ਹੈ । ਇਥੇ ਇਹ ਜ਼ਿਕਰ ਕਰਨਾਂ ਵੀ ਜ਼ਰੂਰੀ ਹੈ ਕਿ ਪੰਚ ਪ੍ਰਧਾਨੀ ਦੇ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੇ ਆਰ ਐਸ ਐਸ ਵਲੋਂ ਘੁਸਪੈਠ ਕਰਕੇ ਸ਼੍ਰੋਮਣੀ ਕਮੇਟੀ ਰਾਹੀਂ ਜੋ ਗੁਰਮਤ ਵਿਰੋਧੀ ਸਾਹਿਤ ਛਪਵਾਇਆ ਜਾ ਰਿਹਾ ਹੈ ਉਸ ਸਬੰਧੀ ਜਿਥੇ ਸ਼੍ਰੋਮਣੀ ਕਮੇਟੀ ਨੂੰ ਜਵਾਬ ਦੇਹ ਬਣਾਇਆ ਹੈ ਉਥੇ ਇਸ ਸਬੰਧ ਵਿਚ ਸਿੱਖ ਸਮੂਹ ਨੂੰ ਚੇਤੰਨ ਕਰਨ ਲਈ ਕੌਮਾਂਤਰੀ ਪੱਧਰ ਤੇ ਪੁਰਜ਼ੋਰ ਉੱਦਮ ਕੀਤੇ ਗਏ ਹਨ । ਪੰਜਾਬ ਵਿਚ ਅੱਜ ਅਖੌਤੀ ਧਾਰਮਕ ਅਤੇ ਰਾਜਨੀਤਕ ਆਖੇ ਜਾਂਦੇ ਆਗੂ ਜਿਥੇ ਉਲਾਰ ਨਾਅਰੇਬਾਜੀ ਨਾਲ ਨੌਜਵਾਨਾਂ ਦਾ ਜਜ਼ਬਾਤੀ ਸ਼ੋਸ਼ਣ ਕਰ ਰਹੇ ਹਨ ਉਥੇ ਪਰਦੇ ਦੇ ਪਿੱਛੇ ਦੇਹਧਾਰੀ ਗੁਰੂ ਡੰਮ ਅਤੇ ਸਿੱਖ ਵਿਰੋਧੀ ਰਾਜਨੀਤਕ ਧਿਰਾਂ ਨਾਲ ਆਂਢਾ ਸਾਂਢਾ ਵੀ ਕਰ ਰਹੇ ਹਨ । ਇਹਨਾਂ ਆਗੂਆਂ ਦੀ ਦੋਗਲੀ ਅਤੇ ਦੰਭੀ ਨੀਤੀ ਕਾਰਨ ਪੰਜਾਬ ਦੀ ਨੌਜਵਾਨੀ ਭਾਵਨਾਤਮਕ ਉਦਰੇਵੇਂ ਅਤੇ ਗੁਰਮਤ ਵਿਰੋਧੀ ਸਰੋਕਾਰਾਂ ਵਲ ਸਰਕਦੀ ਜਾ ਰਹੀ ਹੈ । ਪੰਜਾਬ ਦੀ ਸਿੱਖ ਨੌਜਵਾਨੀ ਨੂੰ ਨਸ਼ੇ ਦੇ ਛੇਵੇਂ ਦਰਿਆ ਵਿਚ ਧੱਕਣ ਲਈ ਇਹਨਾਂ ਦੋਗਲੇ ਤੇ ਦੰਭੀ ਆਗੂਆਂ ਦਾ ਵੱਡਾ ਹੱਥ ਹੈ । ਇਹਨਾਂ ਹਾਲਾਤਾਂ ਦਾ ਸਾਹਮਣਾਂ ਕਰਨ ਲਈ ਸਿੰਘ ਸਭਾ ਲਹਿਰ ਵਾਂਗ ਹੀ ਗੁਰਮਤ ਚੇਤਨਾਂ ਲਹਿਰ ਦੀ ਅੱਜ ਅਤਿਅੰਤ ਲੋੜ ਹੈ । ਇਸ ਸਬੰਧੀ ਦੰਭੀ / ਦੋਗਲੀ ਅਤੇ ਖੁਦਗਰਜ਼ ਲੀਡਰਸ਼ਪ ਤੋਂ ਖਹਿੜਾ ਛੁਡਵਾਉਣ ਲਈ ਕੇਵਲ ਰਸਮੀ ਅਤੇ ਸਟੇਜ ਸ਼ੋ ਬਣੇ ਧਾਰਮਕ ਅਮਲਾਂ ਤੋਂ ਵੀ ਉਪਰ ਉੱਠਣਾਂ ਪਏਗਾ ।

ਪੰਜਾਬ ਵਿਚ ਅੱਜ ਹਰ ਵਰਗ ਦੇ ਲੋਕ ਗਰੀਬੀ ਦੀ ਦਲਦਲ ਵਿਚ ਧੱਸਦੇ ਜਾ ਰਹੇ ਹਨ ਅਤੇ ਸਰਕਾਰੀ ਮੁਲਾਜ਼ਮ ਨਿੱਤ ਸੜਕਾਂ ਤੇ ਹਾਹਾਕਾਰ ਮਚਾ ਰਹੇ ਹਨ । ਦੇਸ਼ ਭਰ ਵਿਚ ਹਰ ਪੱਖ ਤੋਂ ਅੱਵਲ ਰਹਿਣ ਵਾਲਾ ਪੰਜਾਬ ਅੱਜ ਆਰਥਕ, ਸਿਹਤ, ਸਾਖਰਤਾ ਅਤੇ ਜੀਵਨ ਦੇ ਹੋਰ ਪੱਖਾਂ ਵਿਚ ਲੁੜਕਦਾ ਜਾ ਰਿਹਾ ਹੈ । ਪੰਜਾਬ ਤੋਂ ਬਾਹਰ ਵਸਦਾ ਐਨ ਆਰ ਆਈ ਆਪਣੇ ਦੇਸ਼ ਪ੍ਰਤੀ ਹਮੇਸ਼ਾਂ ਹੀ ਫਿਕਰ ਮੰਦ ਰਿਹਾ ਹੈ ਆਪਣੇ ਵਿਰਸੇ ਨੂੰ ਪਛਾਣਦਿਆਂ  ਹੋਇਆਂ ਬ੍ਰਿਟਿਸ਼ ਸਿੱਖ ਕੌਂਸਲ ਵਲੋਂ ਪੰਜਾਬ ਵਿਚ ਦਿਆਨਤਦਾਰ ਅਤੇ ਸਮਰਪਤ ਪੰਥਕ ਧਿਰਾਂ ਨੂੰ ਇੱਕ ਨਿਸ਼ਾਨ ਅਤੇ ਇੱਕ ਵਿਧਾਨ ਥੱਲੇ ਇਕੱਤਰ ਕਰਨ ਲਈ ਪਿਛਲੇ ਦਿਨੀ ਭਰਪੂਰ ਯਤਨ ਕੀਤੇ ਗਏ ਹਨ । ਬ੍ਰਿਟਿਸ਼ ਸਿੱਖ ਕੌਂਸਲ ਦੇ ਆਗੂਆਂ ਵਲੋਂ ਬਾਦਲ ਸਰਕਾਰ ਵਲੋਂ ਨਜਾਇਜ਼ ਨਜ਼ਰਬੰਦ ਕੀਤੇ ਗਏ ਭਾਈ ਪਾਲ ਸਿੰਘ ਫਰਾਂਸ, ਭਾਈ ਨਰਾਇਣ ਸਿੰਘ ਚੌੜਾ, ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਦੀ ਰਿਹਾਈ ਸਬੰਧੀ ਵੀ ਪੰਥਕ ਆਗੂਆਂ ਨਾਲ ਸਲਾਹ ਮਸ਼ਵਰਾ ਕੀਤਾ ਗਿਆ ।

ਬ੍ਰਿਟਿਸ਼ ਸਿੱਖ ਕੌਂਸਲ ਦੇ ਆਗੂਆਂ ਨੇ ਪੰਜਾਬ ਦੇ ਹਿੱਤਾਂ ਨੂੰ ਪਿੱਠ ਦੋ ਚੁੱਕੇ ਦੋ ਰਾਜਨੀਤਕ ਦਲਾਂ ਦੇ ਮੁਕਾਬਲੇ ਪੰਜਾਬ ਦੇ ਲੋਕਾਂ ਲਈ ਤੀਸਰੇ ਬਦਲ ਦੀ ਸੰਭਾਵਨਾਂ ਪ੍ਰਤੀ ਵੀ ਯਤਨ ਅਰੰਭੇ ਹਨ ਅਤੇ ਦਿਆਨਤਦਾਰ ਆਗੂਆਂ ਨਾਲ ਵਿਚਾਰ ਗੋਸ਼ਟੀਆਂ ਕੀਤੀਆਂ ਹਨ । ਭ੍ਰਿਸ਼ਟਾਚਾਰ ਅਤੇ ਭਾਈ ਭਤੀਜਾਵਾਦ ਦੇ ਗੰਧਲੇ ਵਾਤਾਵਰਨ ਵਿਚ ਅੱਜ ਪੰਜਾਬ ਦਾ ਕਿਰਤੀ ਵਰਗ ਬੁਰੀ ਤਰਾਂ ਪੀੜਤ ਹੈ । ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਨੇ ਹਮੇਸ਼ਾਂ ਹੀ ਚਣੌਤੀਆਂ ਭਰੇ ਸਮੇਂ ਵਿਚ ਪੰਥਕ ਅਗਵਾਈ ਕੀਤੀ ਹੈ । ਅੱਜ ਜਦੋਂ ਅਨੇਕਾਂ ਧਾਰਮਕ ਅਤੇ ਰਾਜਨੀਤਕ ਸੂਰਤਾਂ ਦੇਹਧਾਰੀ ਗੁਰੂ ਡੰਮ ਅਤੇ ਭ੍ਰਿਸ਼ਟ ਰਾਜਨੀਤੀ ਨਾਲ ਬਗਲਗੀਰ  ਹੋ ਰਹੀਆਂ ਹਨ ਤਾਂ ਇਸ ਸਮੇਂ ਤੱਤ ਗੁਰਮਤ ਅਸੂਲਾਂ ਤੇ ਪਹਿਰਾ ਦੇਣ ਵਾਲੇ ਗੁਰਸਿੱਖਾਂ ਲਈ ਜ਼ਰੂਰੀ ਹੈ ਕਿ ਉਹ ਆਪਣੀ ਵਿਰਾਸਤ ਤੇ ਪਹਿਰਾ ਦਿੰਦੇ ਹੋਏ ਪੰਥ ਨੂੰ ਗੁਰਮਤ ਚੇਤਨਾ ਲਹਿਰ ਪ੍ਰਤੀ ਲਾਮਬੰਦ ਕਰਨ । ਬ੍ਰਿਟਿਸ਼ ਸਿੱਖ ਕੌਂਸਲ ਦੇ ਆਗੂਆਂ ਨੇ ਅੱਜ ਸਮੂਹ ਖਾਲਸਾ ਜੀ ਨੂੰ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥੇ ਅਤੇ ਅਕਾਲੀਦਲ ਪੰਚ ਪ੍ਰਧਾਨੀ ਦੇ ਨਾਲ ਲਾਮਬੰਦ ਹੋ ਰਹੇ ਸਮੂਹ ਪੰਥਕ ਦਲਾਂ ਦਾ ਸਾਥ ਦੇਣ ਲਈ ਅਪੀਲ ਕੀਤੀ ਹੈ ਅਤੇ ਮੌਕਾ ਪ੍ਰਸਤ ਅਤੇ ਦੋਗਲੀ ਦੰਭੀ ਰਾਜਨੀਤੀ ਤੋਂ ਖਹਿੜਾ ਛੁਡਵਾਉਣ ਦੀ ਅਪੀਲ ਕੀਤੀ ਹੈ । ਬ੍ਰਿਟਿਸ਼ ਸਿੱਖ ਕੌਂਸਲ ਵਲੋਂ ਉਹਨਾਂ ਸਿੱਖ ਸੰਗਤਾਂ ਦਾ ਧੰਨਵਾਦ ਵੀ ਕੀਤਾ ਹੈ ਜਿਹਨਾਂ ਨੇ ਕਿ ਕੌਂਸਲ ਵਲੋਂ ਅਰੰਭੀ ਸਿਕਲੀਗਰ ਵਣਜਾਰਾ ਮੁਹਿੰਮ ਦਾ ਆਰਥਕ ਅਤੇ ਇਖਲਾਕੀ ਸਹਿਯੋਗ ਦਿੱਤਾ ਹੈ ਅਤੇ ਕੌਸਲ ਦੇ ਪੰਥਕ ਏਜੰਡੇ ਵਿਚ ਵਿਸ਼ਵਾਸ ਕੀਤਾ ਹੈ। ਕੌਂਸਲ ਨੇ ਪਿਛਲੇ ਦਿਨੀਂ ਯੂ ਕੇ ਦੇ ਸ਼ਹਿਰ ਵਿਲਨਹਾਲ ਵਿਚ ਮਰਦੇ ਮੁਜਾਹਿਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦਾ ਜਨਮ ਦਿਨ ਮਨਾਉਂਦਿਆਂ ਪੰਥ ਦੇ ਸਮੂਹ ਹੀਰਿਆਂ ਦਾ ਸੁਨੇਹਾ ਕੌਮਾਂਤਰੀ ਪੱਧਰ ਤੇ ਪ੍ਰਚਾਰਨ ਲਈ ਪੁਰਜ਼ੋਰ ਯਤਨ ਕੀਤੇ ਹਨ ਅਤੇ ਭਾਰਤੀ ਸਰਕਾਰ ਦੇ ਸਿੱਖ ਵਿਰੋਧੀ ਪੈਂਤੜੇ ਨੂੰ ਦੁਨੀਆਂ ਭਰ ਵਿਚ ਨੰਗਿਆਂ ਕੀਤਾ ਹੈ । ਚੇਤੇ ਰਹੇ ਕਿ ਭਾਰਤ ਦੀ ਭੂਤਪੂਰਵ ਪ੍ਰਧਾਨ ਮੰਤ੍ਰੀ ਇੰਦਰਾਂਗਾਂਧੀ ਦੀ ਮੌਤ ਤੋਂ ਪਿਛੋਂ ਭਾਰਤ ਭਰ ਵਿਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਦੇ ਮੁਖ ਦੋਸ਼ੀਆਂ ਨੂੰ ਭਾਰਤੀ ਸਰਕਾਰ ਨੇ ਆਪਣੇ ਖੰਭਾਂ ਵਿਚ ਲੁਕੋਇਆ ਹੋਇਆ ਹੈ ਪਰ ਪ੍ਰੋ: ਭੁੱਲਰ ਅਤੇ ਸਾਥੀ ਸਿੰਘਾਂ ਨੂੰ ਫਾਂਸੀਆਂ ਤੇ ਚਾੜ੍ਹਨ ਲਈ ਬਜ਼ਿੱਦ ਹੈ । ਜਾਰੀ ਕਰਤਾ --ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ

Sunday, February 17, 2013

ਹੌਦ ਚਿੱਲਡ਼ ਸਿੱਖ ਕਤਲੇਆਮ ਦਾ ਸਬੂਤ

Sun, Feb 17, 2013 at 8:17 AM
ਕਿਸੇ ਵੀ ਸਰਕਾਰ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਸਿੱਖ ਜਗਤ ਤੋਂ ਮੁਆਫੀ ਨਹੀਂ ਮੰਗੀ 
ਹੌਦ ਚਿੱਲਡ਼ ਦੀ ਸੁਲਘਦੀ ਚੰਗਿਆਡ਼ੀ ਵੱਡਾ ਭਾਂਬਡ਼ ਬਣਨ ਦਾ ਖਤਰਾ
ਸਿੱਖ ਪੰਥ ਨੂੰ ਹੋਦ ਚਿੱਲਡ਼ ਜਨਵਰੀ 2011 ਨੂੰ ਲੱਭਿਆ। ਪਿੰਡਾਂ ਦਾ ਗੰਦਾ ਪਾਣੀ ਅਤੇ ਮੀਂਹ ਦਾ ਪਾਣੀ ਜਿੱਥੇ ਇਕੱਠਾ ਹੁੰਦਾ ਹੈ, ਉਸ ਨੂੰ ਛੱਪਡ਼ ਜਾਂ ਟੋਭਾ ਕਿਹਾ ਜਾਂਦਾ ਹੈ। ਇਹ ਛੱਪਡ਼ ਕੁਦਰਤੀ ਬਣਦੇ ਹਨ । ਜਿਥੇ ਲੋਕਾਂ ਨੇ ਆਪਣੀ ਵਰਤੋਂ ਵਾਸਤੇ ਮੀਂਹ ਦਾ ਪਾਣੀ ਇਕੱਠਾ ਕੀਤਾ ਹੋਵੇ, ਉਸ ਨੂੰ ਹੌਦ ਕਹਿੰਦੇ ਹਨ। ਹੌਦ ਲੋਕਾਂ ਦੁਆਰਾ ਬਣਾਏ ਹੁੰਦੇ ਹਨ, ਜਿਵੇਂ ਸ਼ਹਿਰਾਂ ਵਿੱਚ ਸੀਵਰੇਜ ਦੀਆਂ ਅਤੇ ਪਾਣੀ ਦੀਆਂ ਹੌਦੀਆਂ ਹੁੰਦੀਆਂ ਹਨ। ਹੌਦੀ ਦਾ ਵਿਰਾਟ ਰੂਪ ਹੌਦ ਹੁੰਦਾ ਹੈ। ਹਰਿਆਣੇ ਦੇ ਰਿਵਾਡ਼ੀ ਜਿਲੇ ਵਿੱਚ ਇੱਕ ਪਿੰਡ ਹੈ ਚਿੱਲਡ਼। ਚਿੱਲਡ਼ ਦੇ ਬਾਹਰਵਾਰ 2 ਕੁ ਮਿਲੋਮੀਟਰ ਹਟਵਾਂ 1947 ਤੋਂ ਪਹਿਲਾਂ ਲੋਕਾਂ ਨੇ ਮੀਂਹ ਦਾ ਪਾਣੀ ਇਕੱਠਾ ਕਰਨ ਲਈ ਇੱਕ ਹੌਦ ਬਣਾਇਆ ਸੀ। 1947 ਤੋਂ ਬਾਅਦ ਕੁੱਝ ਲੋਕ ਜੋ ਪਾਕਿਸਤਾਨ ਦੇ ਮੀਆਂਵਾਲੀ ਸ਼ਹਿਰ ਤੋਂ ਉੱਜਡ਼ ਕੇ, ਆਪਣਾ ਸੱਭ ਕੁੱਝ ਲੁਟਵਾ ਕੇ ਆਏ ਸਨ, ਉਹਨਾਂ ਇਸ ਹੌਦ ਦੇ ਆਲੇ ਦੁਆਲ਼ੇ ਖੇਤੀ ਕਰਨੀ ਆਰੰਭ ਕਰ ਦਿਤੀ ਸੀ। ਇਹ ਸਾਰੇ ਹੀ ਸਿੱਖ ਸਨ ਅਤੇ ਦਿਨਾਂ ਵਿੱਚ ਹੀ ਖੁਸ਼ਹਾਲ ਹੋ ਗਏ। ਇਹਨਾਂ ਦਾ ਮਨੋਰੰਜਕ ਕੰਮ ਸੀ ਗੁਰਪੁਰਵ ਮਨਾਉਣੇ। ਲਾਗਲੇ ਪਿੰਡਾਂ ਦੇ ਗਰੀਬ ਲੋਕ ਇਥੇ ਲੰਗਰ ਛਕਣ ਤੁਰੇ ਹੀ ਰਹਿੰਦੇ ਸਨ। ਪਹਿਲਾਂ ਇਹ ਪੰਜਾਬ ਦਾ ਹਿੱਸਾ ਸੀ ਬਾਅਦ ਵਿੱਚ ਹਰਿਆਣੇ ਵਿੱਚ ਆ ਗਿਆ। ਇਸ ਹੌਦ ਦੇ ਨਾਮ ਤੋਂ ਹੀ ਇਸ ਪਿੰਡ ਦਾ ਨਾਮ ਹੌਦ ਹੋ ਗਿਆ। ਚਿੱਲ਼ਡ਼ ਪਿੰਡ ਲਾਗੇ ਹੋਣ ਕਾਰਨ ਹੌਦ ਚਿੱਲਡ਼ ਨਾਮ ਹੋ ਗਿਆ । ਹੌਦ ਅਤੇ ਚਿੱਲਡ਼ ਪਿੰਡ ਦੀ ਇੱਕ ਹੀ ਪੰਚਾਇਤ ਹੁੰਦੀ ਸੀ। ਸਰਪੰਚ ਜਿਆਦਾਤਰ ਹੌਦ ਦਾ ਹੀ ਹੁੰਦਾ ਸੀ। 
ਪਹਿਲਾਂ ਹਰਿਆਣੇ ਦੇ ਜਾਟ ਅਤੇ ਪੰਜਾਬੀ ਦੇ ਜੱਟਾਂ ਵਿਚ ਕੋਈ ਫ਼ਰਕ ਨਹੀਂ ਹੁੰਦਾ ਸੀ। ਹਿੰਦੂਵਾਦੀਆਂ ਨੇ ਜੱਟ ਨੂੰ ਹਿੰਦੂ ਬਣਾਉਣ ਲਈ ਇਸ ਦਾ ਹਿੰਦੂ ਨਾਮ ਜਾਟ ਕਰ ਦਿਤਾ। ਪੰਜਾਬ ਦੇ ਜੱਟਾਂ ਨੂੰ ਜੱਟ ਸਿੱਖ ਬਣਾ ਦਿਤਾ, ਅਤੇ ਆਲ਼ੇ ਦੁਆਲ਼ੇ ਦੇ ਜਾਟ ਹੌਦ ਵਾਲ਼ੇ ਜੱਟਾਂ ਦੀ ਖੁਸਹਾਲੀ ਦੇ ਕੇ ਮੱਚਣ ਲੱਗ ਪਏ ਅਤੇ ਨਵੰਬਰ 1984 ਨੂੰ ਹੌਦ ਦੇ ਆਲ਼ੇ ਦੁਆਲ਼ੇ ਖੇਤੀ ਕਰਨ ਵਾਲ਼ਿਆਂ ਨੂੰ ਮਾਰ ਦਿਤਾ, ਖਪਾ ਦਿਤਾ, ਭਜਾ ਦਿਤਾ ਅਤੇ ਸਾਰੇ ਪਿੰਡ ਨੂੰ ਲੁੱਟ ਪੁੱਟ ਲਿਆ। ਅੱਗਾਂ ਲਗਾ ਦਿਤੀਆਂ। ਬੱਚੇ ਬੁੱਢੇ ਜਵਾਨਾਂ ਨੂੰ ਇਉਂ ਭੁੰਨ ਦਿਤਾ ਗਿਆ ਜਿਵੇਂ ਮੁਰਗੇ ਨੂੰ ਤੰਦੂਰ ਵਿੱਚ ਭੁੰਨੀਦਾ ਹੈ। ਕਿਉਂਕਿ ਸਾਰੇ ਡਰਦੇ ਮਾਰੇ ਆਪੋ ਆਪਣੇ ਘਰਾ ਵਿੱਚ ਦੁਬਕ ਗਏ ਸਨ ਅਤੇ ਜਨੂੰਨੀਆਂ ਨੇ ਘਰਾਂ ਦੀਆਂ ਛੱਤਾਂ ਪਾਡ਼ ਕੇ ਅੰਦਰੋ ਅੰਦਰੀ ਪੈਟਰੌਲ, ਡੀਜਲ ਸੁੱਟ ਫੂਕ ਦਿਤਾ ਸੀ। ਸਬੂਤ ਵਜੋਂ ਅੱਜ ਵੀ ਛੱਤਾਂ ਤੋਂ ਬਗੈਰ ਹਵੇਲੀਆਂ ਦੇਖੀਆਂ ਜਾ ਸਕਦੀਆਂ ਹਨ। ਸਾਰਾ ਪਿੰਡ ਖੰਡਰ ਬਣਾ ਦਿਤਾ ਗਿਆ । ਇਹ ਹੌਦ ਵਾਸੀ 26 ਸਾਲ ਕਿਸੇ ਦੇ ਨਜ਼ਰੀਂ ਨਹੀਂ ਪਏ, ਨਾਂ ਹੀ ਇਹ ਖੰਡਰ ਬਣਿਆ ਸਰਦਾਰਾਂ ਦਾ ਪਿੰਡ ਕਿਸੇ ਦੇ ਨਜ਼ਰੀਂ ਚਡ਼ਿਆ । ਹਰਿਆਣੇ ਦੀ ਸਰਕਾਰ ਨੇ ਵੀ ਨਹੀਂ ਗੌਲ਼ਿਆ । ਹੌਦ ਪਿੰਡ ਦੇ ਖੰਡਰ ਵੀ ਇੱਕ-ਇੱਕ ਕਰਕੇ ਅਲੋਪ ਹੁੰਦੇ ਗਏ । ਜੋ ਕਿਸੇ ਦੇ ਕੋਈ ਕੰਮ ਆਉਣ ਵਾਲ਼ੀ ਚੀਜ ਹੁੰਦੀ ਉਹ ਚੁੱਕ ਕੇ ਲੈ ਜਾਂਦੇ । ਕਿਸੇ ਨੂੰ ਕੋਈ ਟਾਕੀ ਦਿਖੀ ਉਹ ਟਾਕੀ ਖਿੱਚ ਕੇ ਲੈ ਗਿਆ । ਕਿਸੇ ਨੂੰ ਇੱਟ ਬਾਲਾ ਦਿਖਿਆ ਉਹ ਇੱਟ ਬਾਲਾ ਲੈ ਗਿਆ। ਅੱਜ ਉਹਨਾਂ ਖੰਡਰਾਂ ਵਿੱਚ ਬੱਸ ਇਕੋ ਚੀਜ ਬਚੀ ਹੈ ਉਹ ਹੈ ‘ਜਲ਼ੀ ਹੋਈ ਕਣਕ’ । ਬੱਸ ਹੁਣ ਤਾਂ ਚਾਰ ਪੰਜ ਕੁ ਖੰਡਰ ਬਚੇ ਹਨ। ਹਾਂ ! ਕਈ ਕਿਲਿਆਂ ਵਿੱਚ ਹੌਦ ਜਰੂਰ ਹੈ। ਉਹਦੇ ਕੰਢੇ ਤੇ ਪਿੱਪਲ਼ ਹੈ। ਪਿੱਪਲ਼ ਲਾਗੇ ਡੰਗਰਾਂ ਨੂੰ ਪੱਠੇ ਪਾਉਣ ਲਈ ਵੱਡੀ ਸਾਰੀ ਖੁਰਲੀ ਹੈ। ਲਾਗ ਹੀ ਇੱਕ ਖੂਹ ਹੈ ਅਤੇ ਖੂਹ ਦੇ ਲਾਗੇ ਹੀ ਗੁਰਦੁਆਰੇ ਦਾ ਖੰਡਰ ਵੀ ਹੈ। ਗੁਰਦੁਆਰੇ ਤੇ ਧੁੰਦਲਾ ਜਿਹਾ ‘ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਿ ਨਾ ਜਾਈ’ ਲਿਖ ਕੇ ਥੱਲੇ ‘ਜੀ ਆਇਆ ਨੂੰ’ ਵੀ ਲਿਖਿਆ ਹੈ । ਗੁਰਦੁਆਰੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਪੱਕਾ ਥਡ਼ਾ ਵੀ ਬਣਿਆ ਹੋਇਆ ਹੈ। ਇਹ ਪਿੰਡ ਸਿੱਖ ਪੰਥ ਦੇ ਨਜ਼ਰੀ ਇਉਂ ਪਿਆ।
ਗੁਡ਼ਗਾਵਾਂ ਦੀ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਪੰਜਾਬ ਤੋਂ ਇੱਕ ਅੰਮ੍ਰਿਤਧਾਰੀ ਨੌਜੁਆਨ ਕੰਮ ਕਰਦਾ ਸੀ । ਉਹਦੀ ਸੋਹਣੀ ਤਨਖਾਹ ਸੀ। ਬੱਚਿਆਂ ਨਾਲ਼ ਗੁਡ਼ਗਾਵਾਂ ਸੈਟ ਸੀ। ਗੁਡ਼ਗਾਵਾਂ ਦੇ ਸੱਭ ਤੋਂ ਵਧੀਆਂ ਸਕੂਲ (ਯੂਰੋ ਇੰਟਰਨੈਸ਼ਨਲ ) ‘ਚ ਉਸ ਦੇ ਬੱਚੇ ਪਡ਼ਦੇ ਸਨ। ਲਡ਼ਕਾ ਪੰਜਵੀਂ ਵਿੱਚ ਅਤੇ ਛੋਟੀ ਬੱਚੀ ਮੌਨਟੈਸਰੀ ਤਿੰਨ ਵਿੱਚ। ਬੱਚੇ ਵੀ ਅੰਮ੍ਰਿਤਧਾਰੀ ਅਤੇ ਆਪੋ ਆਪਣੀਆਂ ਜਮਾਤਾ ਵਿੱਚ ਪਹਿਲੇ ਸਥਾਨ ਤੇ ਸਨ। ਪੰਜਵੀ ਵਿੱਚ ਪਡ਼ਦਾ ਲਡ਼ਕਾ ਤਾਂ ਮੈਥ / ਸਾਇੰਸ ਉਲੰਪੀਅਡ ਵਿੱਚੋਂ ਗੋਲਡ ਮੈਡਲ ਲੈ ਕੇ ਪੂਰੇ ਹਰਿਆਣੇ ਵਿੱਚੋਂ ਪਹਿਲੇ ਸਥਾਨ ਤੇ ਸੀ । ਇਹ ਚੌਹਾਂ ਜਣਿਆ ਦਾ ਪਰਿਵਾਰ  ਹਰ ਸ਼ਨੀਵਾਰ ਦੀ ਰਾਤ ਅਤੇ ਹਰ ਗੁਰਪੁਰਵ ਤੇ ਗੁਡ਼ਗਾਵਾਂ ਦੇ ਗੁਰਦੁਆਰਿਆਂ ਵਿੱਚ ਵੀ ਜਾਂਦੇ ਸਨ। ਇਹਨਾਂ ਨੂੰ ਆਪਣੇ ਸਿੱਖ ਹੋਣ ਤੇ ਪੂਰਾ ਮਾਣ ਸੀ। ਇਹ ਗੁਰਦੁਆਰੇ ਸੇਵਾ ਵੀ ਨਿਭਾਉਂਦੇ ਸਨ ਇਸ ਲਈ ਗੁਰਦੁਆਰਿਆਂ ਦੇ ਪ੍ਰਬੰਧਕ ਇਸ ਪਰਿਵਾਰ ਦੀ ਉਡੀਕ ਵਿੱਚ ਰਹਿੰਦੇ ਸਨ। ਇਸ ਨੌਜੁਆਨ ਨੂੰ ਤਾਂ ਆਪਣੇ ਸਿੱਖ ਹੋਣ ਤੇ ਬਹੁਤਾ ਹੀ ਮਾਣ ਸੀ। ਸੇਹਤ ਵੀ ਅੱਛੀ ਸੀ। ਦਸਤਾਰ ਵਧੀਆ ਬੰਨਦਾ ਸੀ। ਦਾਹਡ਼ਾ ਛਾਹ ਕਾਲ਼ਾ ਤੇ ਪ੍ਰਕਾਸ਼ ਕਰਕੇ ਰੱਖਦਾ ਸੀ। ਪਾਰਟੀਆਂ ਆਦਿ ਤੇ ਇਸਨੂੰ ਪੁੱਛਿਆ ਭੀ ਗਿਆ ਕਿ ਉਹ ਆਪਣੀ ਦਾਹਡ਼ੀ ਨੂੰ ਕੀ ਲਗਾਉਂਦੇ ਹਨ। ਆਖਦਾ ਕੁੱਝ ਨਹੀਂ । ਮੁੱਛਾਂ ਤਾਂ ਆਮ ਹੀ ਰੱਖਦਾ ਸੀ ਪਰ ਉਸਨੇ ਆਪਣੀ ਫੇਸਬੁੱਕ ਤੇ ਫੋਟੋ ਦੋਵੇਂ ਹੱਥ ਨਾਲ਼ ਮੁੱਛਾਂ ਨੂੰ ਉਤਾਂਹ ਚੁੱਕਦੇ ਦੀ ਲਗਾਈ ਹੋਈ ਸੀ। ਉਸ ਦੀ ਮੁੱਛਾ ਨੂੰ ਉਤਾਹ ਚੁੱਕਦੇ ਦੀ ਫੋਟੋ ਤੇ ਤਾਂ ਕਰਨੈਲ ਸਿੰਘ ਪੀਰਮੁਹੰਮਦ ਨੂੰ ਵੀ ਰਸ਼ਕ ਹੋਈ ਸੀ, ਉਸ ਨੇ ਕਹਿ ਦਿਤਾ ਕਿ ਇਹ ਫੋਟੋ ਬਦਲ ਦੇਵੇ ਸਿੱਖ ਨੂੰ ਨਿਮਰਤਾ ਵਿੱਚ ਰਹਿਣਾ ਚਾਹੀਦਾ ਹੈ। 
ਇਹ ਨੌਜੁਆਨ ਅਕਸਰ ਇੱਕ ਲਤੀਫਾ ਸੁਣਾਉਂਦਾ ਹੁੰਦਾ ਹੈ : ਦੋ ਦੋਸਤ ਇੱਕ ਮੁਸਲਮਾਨ ਅਤੇ ਇੱਕ ਸਿੱਖ ਪ੍ਰਸਾਦਾ ਛਕ ਰਹੇ ਸਨ । ਅਖੀਰ ਵਿੱਚ ਖੀਰ ਛਕਣ ਲੱਗੇ । ਖੀਰ ਜਰਾ ਪਤਲੀ ਸੀ। ਮੁਸਲਮਾਨ ਦੋਸਤ ਨੇ ਪੀ ਲਈ। ਇਸ ਦੀ ਰੀਸੇ ਸਿੱਖ ਨੇ ਭੀ ਕੌਲੀ ਨੂੰ ਮੂੰਹ ਲਗਾਇਆ ਅਤੇ ਖੀਰ ਪੀ ਗਿਆ । ਮੁਸਮਾਨ ਦੋਸਤ ਠਹਾਕਾ ਮਾਰ ਕੇ ਹੱਸਿਆ ਤੇ ਕਹਿਣ ਲੱਗਿਆ, ‘ਦੇਖਿਆ ਅਸੀਂ ਤਾਂ ਹੀ ਮੁੱਛਾਂ ਕਟਵਾਲੈਂਦੇ ਹਾਂ ਤਾ ਕਿ ਖੀਰ ਆਦਿ ਨਾਲ਼ ਮੁੱਛਾਂ ਨਾਂ ਲਿਬਡ਼ਨ। ਸਿੱਖ ਦੋਸਤ ਨੇ ਲਿਬਡ਼ੀਆਂ ਮੁੱਛਾਂ ਨਾਲ਼ ਹੀ ਕਿਹਾ, ‘ਉਇ ਅਨਵਰ ਤੁਸੀਂ ਕੇਵਲ ਖਾਣ ਵਾਸਤੇ ਹੀ ਮੁੱਛਾਂ ਕਟਵਾਉਂਦੇ ਹੋ ਪਰ ਅਸੀਂ ਖਾਂਦੇ ਹੀ ਮੁੱਛਾਂ ਲਈ ਹਾਂ। ਇਸ ਤਰਾਂ ਦੇ ਠਹਾਕੇ ਮਾਰਦੇ ਤੇ ਲਤੀਫੇ ਸੁਣਾਉਂਦੇ ਨਜੁਆਨ ਕੋਲ਼ ਇੱਕ ਡਰਾਇਵਰ ਕਿਸੇ ਕੰਮ ਆਇਆ। ਡਰਾਇਵਰ ਇਸ ਦੀ ਦਾਹਡ਼ੀ ਮੁੱਛ ਦੇਖ ਕੇ ਕਹਿ ਉੱਠਿਆ। ਤੁਹਾਨੂੰ ਏ.ਸੀ. ਕਮਰਿਆਂ ਵਿੱਚ ਬੈਠ ਕੇ ਮੁੱਛਾਂ ਖਡ਼ੀਆਂ ਕਰਕੇ ਗੱਲਾਂ ਆਉਂਦੀਆਂ ਹਨ । ਇਥੋਂ 50 ਕੁ ਕਿਲੋਮੀਟਰ ਤੇ ਇੱਕ ਸਰਦਾਰਾਂ ਦਾ ਪਿੰਡ ਸੀ । ਉਸ ਪਿੰਡ ਦੇ ਸਾਰੇ ਬੰਦੇ ਫੂਕ ਦਿੱਤੇ ਅਤੇ ਇੱਸ ਪੂਰੇ ਪਿੰਡ ਨੂੰ ਹੀ 1984 ਵਿੱਚ ਜਲ਼ਾ ਦਿਤਾ ਗਿਆ ਸੀ । ਉਦੋਂ ਤੋਂ ਅੱਜ ਤੱਕ ਉਸ ਪਿੰਡ ਵਿੱਚ ਕਿਸੇ ਸਿੱਖ ਨੇ ਪੈਰ ਨਹੀਂ ਪਾਇਆ । ਜੇ ਹਿੰਮਤ ਹੈ ਤਾਂ ਜਾ ਕੇ ਦਿਖਾਉ । ਸਿੱਖ ਨੌਜੁਆਨ ਨੇ ਇਸ ਗੱਲ ਨੂੰ ਗੰਭੀਰਤਾ ਨਾਲ਼ ਲਿਆ । ਪਿੰਡ ਦਾ ਪਤਾ ਪੁੱਛਿਆ । ਇਕੱਲਾ ਹੀ ਕਾਰ ਕੈਮਰਾ ਚੁੱਕ ਕੇ ਉਸ ਪਿੰਡ ਚਲਾ ਗਿਆ । ਸੱਭ ਕੁੱਝ ਦੇਖਿਆ । ਬਚੇ ਖੰਡਰਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ । ਵਿਸਥਾਰ ਨਾਲ਼ ਸਾਰਾ ਹਾਲ ਲਿਖਿਆ । ਫੇਸ ਬੁੱਕ ਤੇ ਪਾ ਦਿਤਾ । ਲੇਖ ਨੂੰ ਕਈ ਅਖਬਾਰਾਂ ਵੱਲ਼ਿਆਂ ਨੂੰ ਭੇਜਿਆ । ਮੈਗਜੀਨ ਵਾਲਿਆਂ ਨੂੰ ਭੇਜਿਆ ਅਤੇ ਇਹ ਪਿੰਡ ਸਾਰੇ ਸੰਸਾਰ ਦੀ ਨਜ਼ਰੀ ਚਡ਼੍ਹ ਗਿਆ । ਜਿਸ ਨੌਜੁਆਨ ਨੇ ਇਸ ਪਿੰਡ ਦੀ ਖੋਜ ਕੀਤੀ ਹੈ ਉਸ ਨੌਜੁਆਨ ਦਾ ਨਾਮ ਹੈ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ‘ਖੋਜ ਕਰਤਾ ਹੌਦ ਚਿੱਲਡ਼’।
ਪਿੰਡ ਦੇ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ 03 ਮਾਰਚ 2011 ਨੂੰ ਸ਼੍ਰੀ ਅਖੰਡ ਪਾਠ ਰਖਵਾਇਆ ਗਿਆ । 06-03-2011 ਨੂੰ ਸ਼ਹੀਦ ਹੋਏ ਸਾਰੇ ਸਿੰਘਾਂ ਦੀ ਯਾਦ ਵਿੱਚ ਕੀਰਤਨ ਦਰਬਾਰ ਸਜਿਆ । ਇਸੇ ਦਿਨ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਨੇ ਇਸ ਪਿੰਡ ਦੇ ਖੰਡਰ ਹੋਏ ਗੁਰਦੁਆਰੇ ਦੀ ਦੀਵਾਰ ਨਾਲ਼ ਸਿੱਖ ਕਤਲੇਆਮ ਦੇ ਸਬੂਤ ਵਜੋਂ ਇੱਕ ਯਾਦਗਾਰੀ ਪੱਥਰ ਵੀ ਲਗਾਇਆ । ਇਧਰ 03-03-2011 ਨੂੰ ਹੌਦ ਚਿੱਲਡ਼ ਵਿਖੇ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਅਖੰਡ ਪਾਠ ਰਖਵਾਉਣ ਵਿੱਚ ਲੀਨ ਸੀ ਉਧਰ ਮਨਵਿੰਦਰ ਸਿੰਘ ਦੇ ਘਰ ਚੋਰੀ ਹੋ ਗਈ । ਚੋਰ ਸੱਭ ਕੁੱਝ ਲੁੱਟ ਕੇ ਲੈ ਗਏ । ਮਨਵਿੰਦਰ ਸਿੰਘ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ । ਸਕੂਲੋਂ ਬੱਚੇ ਹਟਾਉਣੇ ਪਏ ਅਤੇ ਲੁਧਿਆਣੇ ਆਪਣੇ ਪਿੰਡ ਗਿਆਸਪੁਰੇ ਆਉਣਾ ਪਿਆ । ਧਾਗੇ ਕੱਪਡ਼ੇ ਦੇ ਵਪਾਰ ਦਾ ਕੰਮ ਸੁਰੂ ਕੀਤਾ । ਐਵੇਂ ਹੀ ਮਨਵਿੰਦਰ ਸਿੰਘ ਦੇ ਸਿਰ ਦੇਸ਼ ਧ੍ਰੋਹੀ ਦਾ ਕੇਸ ਜਡ਼ ਦਿਤਾ ਗਿਆ ਧਾਰਾ ਲਗਾਈ ਗਈ ‘153 ਏ’ । ਇਤਨਾ ਕੁੱਝ ਹੋਣ ਉਪਰੰਤ ਵੀ ਮਨਵਿੰਦਰ ਸਿੰਘ ਨੇ ਹੌਸਲਾ ਨਹੀਂ ਛੱਡਿਆ । ਹੌਦ ਚਿੱਲਡ਼ ਅਤੇ ਹਰਿਆਣੇ ਦੇ ਰਹਿ ਗਏ ਗੁਡ਼ਗਾਵਾਂ ਅਤੇ ਪਟੌਦੀ ਵਿੱਚ ਹੋਏ ਸਿੱਖ ਕਤਲੇਆਮ ਦੀ ਜਾਚ ਲਈ ਹਾਈ ਕੋਰਟ ਵਿੱਚ ਕੇਸ ਕਰ ਦਿਤਾ । ਹਾਈ ਕੋਰਟ ਨੇ ਜਸਟਿਸ ਗਰਗ ਨੂੰ ਜਾਂਚ ਦੇ ਆਦੇਸ਼ ਦਿਤੇ । ਇੰਜੀ. ਮਨਵਿੰਦਰ ਸਿੰਘ ਹਰੇਕ ਤਾਰੀਕ ਵਿੱਚ ਹਾਜਰੀ ਭਰਦਾ ਹੈ । ਇਹ ਅਦਾਲਤ ਹਿਸਾਰ ਵਿੱਚ ਲੱਗਦੀ ਹੈ । ਐਤਕੀ ਸਿਆਲ਼ ਵਿੱਚ ਛੇ ਤਰੀਕਾਂ ਹਿਸਾਰ ਭੁਗਤ ਕੇ ਆਇਆ ਹੈ। 
ਆਉ ਜਰਾ ਹੁਣ ਇਹ ਸਮਝਣ ਦੀ ਕੋਸ਼ਿਸ ਕਰੀਏ ਕਿ ਇਹਨਾਂ ਹਿੰਦੂਵਾਦੀਆਂ ਨੇ ਸਿੱਖਾਂ ਦਾ ਇਸ ਤਰਾਂ ਕਤਲੇਆਮ ਕਿਉਂ ਕੀਤਾ ? ਇਹ ਹਿੰਦੂ ਵਾਦੀ ਭਾਰਤ ਦੀ ਭੋਲ਼ੀ-ਭਾਲ਼ੀ ਜਨਤਾ ਨੂੰ ਵਹਿਮਾਂ ਭਰਮਾ ਵਿੱਚ ਉਲਝਾ ਕੇ ਇਹਨਾਂ ਨੂੰ ਹੋਲੀ, ਦੀਵਾਲੀ, ਛੱਟ ਅਤੇ ਮੂਰਤੀ ਵਿਸਰਜਨ ਵਿੱਚ ਮਸਤ ਕਰਕੇ ਦੇਸ਼ ਵਿੱਚ ਲੁੱਟ ਮਚਾਉਂਦੇ ਹਨ। ਭਰਿਸਟਾਚਾਰ ਰਾਹੀ ਲੁੱਟੇ ਪੈਸੇ ਦਾ ਢੇਰ ਸਾਰੀ ਦੁਨੀਆਂ ਨੇ ਸੰਸਦ ਵਿੱਚ ਦੇਖਿਆ ਹੈ । ਲਡ਼ਾਈ ਸਿਰਫ ਆਰੀਅਨ ਅਤੇ ਦ੍ਰਾਵਡ਼ਾਂ ਦੀ ਹੈ । ਦ੍ਰਾਵਡ਼ਾਂ ਨੂੰ ਆਰੀਅਨਾਂ ਨੇ ਗੁਲਾਮ ਬਣਾ ਕੇ ਦਲਿਤ ਬਣਾ ਦਿਤਾ ਹੈ । ਦਲਿਤਾਂ ਦੀ ਮਿਹਨਤ ਨੂੰ ਇਹਨਾਂ ਨੇ ਲੁੱਟਣਾ ਹੈ ਅਤੇ ਵਿਦੇਸ਼ੀ ਬੈਂਕਾਂ ਵਿੱਚ ਆਪਣੀ ਲੁੱਟ ਦਾ ਮਾਲ ਰੱਖਣਾ ਹੈ । ਲੁੱਟ ਦੇ ਧੰਨ ਨਾਲ਼ ਦਲਿਤਾਂ ਦੀਆਂ ਵੋਟਾਂ ਖਰੀਦ ਕੇ ਰਾਜ ਕਰਦੇ ਰਹਿਣਾ ਹੈ । ਸਿੱਖ ਇਸ ਗੱਲ ਨੂੰ ਸਮਝਦੇ ਹਨ ਕਿਉਂਕਿ ਸਿੱਖ ਨਾਂ ਆਰੀਅਨ ਹਨ ਨਾ ਦ੍ਰਾਵਡ਼ੀਅਨ । ਸਿੱਖਾ ਨੇ ਜੁਲਮ ਦੇ ਖਿਲਾਫ ਆਪਣੀ ਕਿਰਪਾਨ ਕੱਢੀ ਹੋਈ ਹੈ ਅਤੇ ਇਹ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਹਨ । ਇਸੇ ਕਾਰਨ ਵੱਸ ਇਹ ਸਿੱਖਾਂ ਦੇ ਕਤਲੇਆਮ ਵਿੱਚ ਸ਼ਾਮਿਲ ਹਰ ਬੰਦੇ ਦੀ ਸਹਾਇਤਾ ਕਾਨੂੰਨ ਤੋਂ ਬਾਹਰ ਹੋ ਕੇ ਵੀ ਕਰਦੇ ਹਨ । ਸਿੱਖਾਂ ਦਾ ਕਤਲੇਆਮ ਕਰਨ ਲਈ ਇਹ ਭਾਰਤ ਦੀ ਭੋਲ਼ੀ-ਭਾਲ਼ੀ ਜੰਨਤਾ ਨੂੰ ਹੀ ਵਰਤਦੇ ਹਨ। 
ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਇਹ ਹੌਦ ਚਿਲਡ਼ ਮਸਲਾ ਇਸ ਲਈ ਭਖਦਾ ਰੱਖ ਰਿਹਾ ਹੈ ਕਿ ਸੰਸਾਰ ਨੂੰ ਦੱਸਿਆ ਜਾਵੇ ਕਿ ਹਿੰਦੂਵਾਦੀਆਂ ਨੇ ਨਵੰਬਰ 1984 ਵਿੱਚ ਸਿੱਖਾਂ ਦਾ ਕਤੇਆਮ ਕੀਤਾ ਸੀ । ਇਹ ਕੋਈ ਦੰਗੇ ਨਹੀਂ ਸਨ । ਇਹਨਾਂ ਹਿੰਦੂਵਾਦੀਆਂ ਵਿੱਚ ਅਹਿੰਸਾ ਪਰਮੋਂ ਧਰਮ ਵਾਲ਼ੀ ਕੋਈ ਗੱਲ ਨਹੀਂ ਨਾਂ ਹੀ ਇਹਨਾ ਵਿੱਚ ਕੋਈ ਸਤਆਮੇਵ ਜਯਤੇ ਵਾਲ਼ੀ ਕੋਈ ਗੱਲ ਹੈ। ਇਹ ਸੱਭ ਪਖੰਡ ਕਰਦੇ ਹਨ। ਜੇ ਇਸ ਤਰਾਂ ਨਾਂ ਹੁੰਦਾ ਤਾਂ 1985 ਦੀਆਂ ਲੋਕ ਸਭਾ ਚੋਣਾ ਵਿੱਚ ਸਿੱਖਾਂ ਦੀ ਕਾਤਲ ਪਾਰਟੀ ਨੂੰ ਭਾਰੀ ਬਹੁਮਤ ਨਾਲ਼ ਨਾਂ ਜਿਤਾਉਂਦੇ । ਇਹਨਾਂ ਨੇ ਸਿੱਖ ਕਤਲੇਆਮ  ਦੇ ਦੋਸ਼ੀਆਂ ਦੀ ਕਾਨੂੰਨ ਤੋ ਬਾਹਰ ਹੋ ਕੇ ਵੀ ਮੱਦਦ ਕੀਤੀ ਹੈ ਅਤੇ ਸਿਖਾਂ ਨੂੰ ਫਟਾਫਟ ਫਾਂਸੀ ਚਾਡ਼ਿਆ ਹੈ । ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਦੇ ਹਨ । ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਹਿੰਦੂ ਮੰਨਿਆ ਗਿਆ ਹੈ ਜਦਕਿ ਇਹਨਾਂ ਨੇ ਸਿੱਖਾਂ ਦਾ ਸਿਰਫ ਸਿੱਖ ਹੋਣ ਕਰਕੇ ਹੀ ਕਤਲੇਆਮ ਕੀਤਾ ਹੈ । ਜਦੋਂ ਸਿੱਖ ਇਹ ਗੱਲ ਕਹਿੰਦੇ ਹਨ ਕਿ ‘ਸਿੱਖ ਇੱਕ ਵੱਖਰੀ ਕੌਮ ਹੈ’ ਫਿਰ ਇਹ ਉਹਨਾਂ ਤੇ ਵੱਖਵਾਦੀ ਹੋਣ ਦਾ ਦੂਸ਼ਣ ਲਗਾਉਂਦੇ ਹਨ । ਹੌਦ ਚਿੱਲਡ਼ ਸਿਖ ਕਤਲੇਆਮ ਦਾ ਸਬੂਤ ਹੈ । ਸਿੱਖ ਹਿੰਦੂ ਨਹੀਂ ਹਨ ਇਸ ਲਈ ਇਹਨਾਂ ਨੇ ਸਿਰਫ ਸਿੱਖਾਂ ਦਾ ਹੀ ਕਤਲੇਆਮ ਕੀਤਾ । ਇਸ ਗੱਲ ਨੂੰ ਸੰਵਿਧਾਨ ਵਿੱਚ ਦਰਜ ਕਰਵਾਉਣ ਲਈ ਭੀ ਹੌਦ ਚਿਲਡ਼ ਸੁਲਘਦਾ ਰੱਖਣਾ ਹਰ ਸਿੱਖ ਦੀ ਜਿੰਮੇਵਾਰੀ ਹੈ । ਇਹ ਇਤਨੇ ਸ਼ਾਤਰ ਹਨ ਕਿ ਇਹ ਇਸ ਕਾਂਡ ਨੂੰ ਭੁੱਲ ਜਾਣ ਲਈ ਭੀ ਸਿੱਖਾਂ ਦੇ ਮੂੰਹੋ ਕਢਵਾ ਰਹੇ ਹਨ । 28 ਸਾਲਾਂ ਵਿੱਚ ਦੇਖਣ ਨੂੰ ਤਾਂ ਕਈ ਕਿਸਮ ਦੀਆਂ ਸਰਕਾਰਾਂ ਆਈਆਂ ਪਰ ਕਿਸੇ ਵੀ ਸਰਕਾਰ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਸਿੱਖ ਜਗਤ ਤੋਂ ਮੁਆਫੀ ਨਹੀਂ ਮੰਗੀ । ਜਦੋਂ ਤੱਕ ਇਹ ਸੰਸਦ ਵਿੱਚ ਮਤੇ ਪਾ ਕੇ ਸਿੱਖ ਜਗਤ ਪਾਸੋਂ ਮੁਆਫੀ ਨਹੀਂ ਮੰਗਦੇ ਅਤੇ ਘੱਟ ਗਿਣਤੀਆਂ ਦੇ ਕਤਲੇਆਮ ਨੂੰ ਰੋਕਣ ਦਾ ਕਾਨੂੰਨ ਪਾਸ ਨਹੀਂ ਕਰਦੇ ਅਤੇ ਸੰਵਿਧਾਨਿਕ ਤੌਰ ਤੇ ‘ਸਿੱਖ ਇੱਕ ਵੱਖਰੀ ਕੌਮ ਹੈ’ ਨਹੀਂ ਮੰਨਦੇ ਉਦੋਂ ਤੱਕ ਹੌਦ ਚਿੱਲਡ਼ ਦਾ ਮਸਲਾ ਸੁਲਘਦਾ ਰੱਖਣਾ ਹੈ । ਜੇ ਇਹ ਉਪਰੋਕਤ ਗੱਲਾਂ ਨੂੰ ਨਹੀਂ ਗੌਲ਼ਦੇ ਤਾ ਹੌਦ ਚਿੱਲਡ਼ ਦੀ ਸੁਲਘਦੀ ਚੰਗਿਆਡ਼ੀ ਵੱਡਾ ਭਾਂਬਡ਼ ਬਣਨ ਦਾ ਖਤਰਾ ਹੈ ਜਿਸ ਨਾਲ਼ ਸਾਰੇ ਦੇਸ਼ ਦਾ ਭਾਰੀ ਨੁਕਸਾਨ ਹੋਵੇਗਾ । ਇਸੇ ਖਤਰੇ ਨੂੰ ਰੋਕਣਾ ਹੀ ਇੰਜੀ.ਮਨਵਿੰਦਰ ਸਿੰਘ ਦੀ ਕੋਸ਼ਿਸ਼ ਹੈ।

ਗੁਰਮੇਲ ਸਿੰਘ ਖਾਲਸਾ ਗਿਆਸਪੁਰਾ
09914701469


ਸੰਪਾਦਕੀ ਟਿੱਪਣੀ: ਇਸ ਲਿਖਤ ਨੂੰ ਪੜ੍ਹਦਿਆਂ ਕਈ ਵਾਰ ਮਹਿਸੂਸ ਹੁੰਦਾ ਹੈ ਕਿ ਲੇਖਕ ਫਿਰਕੂ ਜਹੀ  ਗੱਲ ਕਰ ਰਿਹਾ ਹੈ ਪਰ ਇਸ ਵਿੱਚ  ਕਸੂਰ ਲੇਖਕ ਦਾ ਨਹੀਂ ਉਹਨਾਂ ਦਾ ਹੈ ਜਿਹਨਾਂ ਨੇ ਬੇਗਾਨਗੀ ਦੀ ਇਸ ਭਾਵਨਾ ਨੂੰ ਨਾ ਸਿਰਫ ਜਨਮ ਦਿੱਤਾ ਬਲਕਿ ਬਾਰ ਬਾਰ ਮਜਬੂਤ ਵੀ ਕੀਤਾ। ਵਿਸਥਾਰ ਵੱਖਰੀ ਪੋਸਟ ਵਿੱਚ। --ਰੈਕਟਰ ਕਥੂਰੀਆ                     

ਗੱਲ ਹਿੰਦੂ, ਸਿਖ, ਮੁਸਲਿਮ ਜਾਂ ਇਸਾਈ ਦੀ ਨਹੀਂ

Saturday, January 26, 2013

ਦੁਬਈ ਮੈਰਾਥਨ 'ਚ ਦੌੜਾਕ ਜਗਜੀਤ ਸਿੰਘ

Sat, Jan 26, 2013 at 4:24 PM
ਇੱਕ ਵਾਰ ਇਰ ਲਹਿਰਾਇਆ ਸਿੱਖ ਕੌਮ ਅਤੇ ਪੰਜਾਬੀਅਤ ਦਾ ਪਰਚਮ 
ਦੁਬਈ ਤੋਂ ਜਤਿੰਦਰ ਸਿੰਘ
ਦੁਬਈ, 26 ਜਨਵਰੀ,2013: - ਦੁਬਈ ਵਿਖੇ ਕਰਵਾਈ ਗਈ ਸਟੈਂਡਰਡ ਚਾਰਟਡ ਦੁਬਈ ਮੈਰਾਥਨ ਵਿਚ ਜਗਜੀਤ ਸਿੰਘ ਦੌੜਾਕ ਨੇ ਆਪਣੇ ਸਿਖੀ ਸਰੂਪ ਰਾਹੀ ਸਰਦਾਰ ਫੌਜਾ ਸਿੰਘ ਵਲੋਂ ਦੁਨੀਆ ਦੇ ਕੋਨੇ ਕੋਨੇ ਵਿਚ ਹੁੰਦੀਆ ਮੈਰਾਥਨ  ਵਿਚ ਭਾਗ ਲੈਣ ਦੀ ਕੀਤੀ ਸੁਰੂਆਤ ਨੂੰ ਅਗਾਂਹ ਵਧਾਉਂਦੇ ਹੋਏ,ਸਿਖ ਕੋਮ ਅਤੇ ਪੰਜਾਬੀਅਤ ਦੇ ਪਰਚਮ ਨੂੰ ਲਹਿਰਾਉਂਦਿਆਂ 42 ਕਿਲੋਮੀਟਰ ਦੀ ਦੌੜ 4 ਘੰਟੇ 35 ਮਿੰਟ ਲੈ ਕੇ ਪੂਰੀ ਕੀਤੀ । ਮੈਰਾਥਨ ਦੀ ਦੌੜ ਵਿੱਚ ਕੁਝ ਕਰ ਦਿਖਾਉਣ ਦਾ ਟੀਚਾ ਦਸਤਾਰ ਨੂੰ ਦੁਨੀਆ ਵਿਚ ਲੈ ਕੇ ਜਾਣਾ ਅਤੇ ਦਸਤਾਰ ਦੇ ਮਾਮਲੇ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਕੁਝ ਕਰਨਾ। ਉਸਨੇ  ਬਾਰੇ ਕੋਈ  ਨਹੀਂ ਕੀਤੀ, ਫੋਕੀ ਸ਼ੋਹਰਤ ਲੈ ਕੋਈ ਬਿਆਨ ਨਹੀਂ ਦਿੱਤੇ ਕਿਸੇ ਕਿਸਮ ਦੀ ਕੋਈ ਧਮਕੀ ਬਾਰੇਵੀ ਨਹੀਂ ਸੋਚਿਆ। ਬਸ ਉਸਨੇ ਗੁਰੂ ਨੂੰ ਯਾਦ ਕਰਦਿਆਂ ਸਾਬਿਤ  ਦਿਖਾਇਆ ਕਿ ਦਸਤਾਰ ਬੰਨਣ ਵਾਲੇ ਸਿੰਘ ਹਰ ਖੇਤਰ ਵਿੱਚ ਸਰਦਾਰੀ ਕਰਦੇ ਹਨ। ਉਸਨੇ ਸਿੱਖੀ ਦੀ ਸ਼ਾਨ ਦਸਤਾਰ ਨੂੰ  ਦੁਨਿਆ ਸਾਬਿਤ  ਹੈ। ਦਸਤਾਰ ਦੇ ਮਹਤਵ ਬਾਰੇ ਦੱਸਿਆ ਹੈ। ਇੱਕ ਮੁਲਾਕਾਤ ਵਿੱਚ ਉਹਨਾਂ ਨਾਲ ਹੀ ਇਹ ਵੀ ਦਸਿਆ ਕਿ  ਹੁਣ ਤੱਕ 76 ਮੈਰਾਥਨ ਰਾਹੀ ਮੈ 5 ਮਹਾਂਦੀਪ ਦੌੜ ਲਏ ਹਨ । ਅੱਜ ਕਰਵਾਈ ਗਈ ਮੈਰਾਥਨ ਦੌਰਾਨ ਪੁਰਸ਼ਾਂ ਦੇ ਵਰਗ ਵਿਚੋਂ ਇਥੋਪੀਆ ਦੇ ਲੇਲਿਸਾ ਦੇਸਿਸਾ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਇਸ ਦੇਸ਼ ਦੇ ਕਈ ਹੋਰ ਐਥਲੀਟਾਂ ਨੇ ਕਈ ਅਹਿਮ ਸਥਾਨ ਹਾਸਲ ਕੀਤੇ | ਦੇਸਿਸਾ ਨੇ 2 ਲੱਖ ਯੂ.ਐੱਸ. ਡਾਲਰ ਦੇ ਇਨਾਮ ਵਾਲੀ ਇਸ ਮੈਰਾਥਨ ਨੂੰ 2 ਘੰਟੇ 4  ਮਿੰਟਾਂ ਵਿਚ ਪੂਰੀ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਪੁਰਸ਼ ਵਰਗ ਵਿਚ ਇਤੋਪੀਆ ਦਾ ਦੌੜਾਕ ਹੀ ਉਪ ਜੇਤੂ ਰਿਹਾ | ਦੇਸਿਸਾ ਨੇ ਪਹਿਲੀ ਵਾਰ ਕੋਈ ਕੌਮਾਤਰੀ ਖਿਤਾਬ ਜਿੱਤਿਆ ਹੈ | ਔਰਤਾਂ ਦੇ ਵਰਗ ਵਿਚ ਇਥੋਪੀਆ ਦੀ ਹੀ ਤਿਰਫੀ ਸੇਯਾਗੋ ਨੇ 2 ਘੰਟੇ 23 ਮਿੰਟਾਂ ਵਿਚ ਦੌਡ਼ ਪੂਰੀ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਦੂਜੇ ਸਥਾਨ 'ਤੇ ਵੀ ਇਥੋਪੀਆ ਦੀ ਹੀ ਦੌੜਾਕ  ਰਹੀ ।

ਜਗਜੀਤ ਸਿੰਘ ਦੌੜਾਕ ਨੂੰ ਸਰਬੱਤ ਦਾ ਭਲਾ ਸੰਸਥਾ ਦੁਬਈ ਨੇ  ਮੈਰਾਥਨ ਤੋਂ ਬਾਦ ਇਸ ਦੀਆ ਕੀਤਿਆ ਪ੍ਰਾਪਤੀਆ ਲਈ ਦੁਬਈ ਗਰੈਂਡ ਹੋਟਲ ਵਿਚ ਸੰਸਥਾ ਦੇ ਸੀਨੀਅਰ ਕੋਰ ਕਮੇਟੀ ਮੈਂਬਰ ਸ. ਐੱਸ. ਪੀ. ਸਿੰਘ ਓਬਰਾਏ ਅਤੇ ਖੇਡਾਂ ਦੇ ਵਿੰਗ ਦੇ ਮੁਖੀ ਜਗਰੂਪ ਸਿੰਘ ਅਤੇ ਕਮਾਂਡ ਸੈਂਟਰ ਮੈਂਬਰ ਗੁਰਦੇਵ ਸਿੰਘ, ਜਤਿੰਦਰ ਸਿੰਘ, ਬਲਜਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਹਰਮਨਪ੍ਰੀਤ ਸਿੰਘ ਆਦਿ ਨੇ ਹਾਜ਼ਿਰ ਹੋ ਕੇ ਬੜੀ ਹੀ ਗਰਮਜੋਸ਼ੀ ਨਾਲ ਸਨਮਾਨਿਤ ਕੀਤਾ ।
Jatinder Singh
00971-55-5309686

Friday, January 18, 2013

ਸਰਬਲੋਹ ਦੀ ਆਰਤੀ//ਹਰਫਾਂ ਦੇ ਆਰ-ਪਾਰ//ਵਰਿੰਦਰ ਵਾਲੀਆ

ਲਹਿਜ਼ਾ ਹੋਰ ਹੁੰਦਾ ਏ ਨਿਰ੍ਹੇ ਮਿਸਰੀ ਦੇ ਪਾਣੀ ਵਿੱਚ
ਤੇ ਮਕਸਦ ਹੋਰ ਹੁੰਦਾ ਸੀ ਮੇਰੇ ਅੰਮ੍ਰਿਤ ਛਕਾਵਣ ਦਾ

ਸਿੱਖ ਇਤਿਹਾਸ ਵਿੱਚ 16 ਤੋਂ 31 ਦਸੰਬਰ ਤਕ ‘ਸ਼ਹੀਦੀ ਪੰਦਰਵਾਡ਼ਾ’ ਮਨਾਇਆ ਜਾਂਦਾ ਹੈ। ਪੋਹ ਮਹੀਨੇ ਦਾ ਇਹ ਪੰਦਰਵਾਡ਼ਾ ਕਹਿਰ ਦਾ ਮਹੀਨਾ ਸੀ ਜਦੋਂ ਸਰਹਿੰਦ, ਚਮਕੌਰ ਅਤੇ ਮਾਛੀਵਾਡ਼ੇ ਦੀ ਸਰਜ਼ਮੀਨ ’ਤੇ ਲੋਕ-ਕਥਾ ਲਿਖੀ ਗਈ। ਪੰਜਾਬ, ਖ਼ਾਸ ਤੌਰ ’ਤੇ ਸਿੱਖ ਪੰਥ ਵਿੱਚ ‘ਲੋਹ’ (ਗੁਰ ਪਾਰਸ, ਹਮ ਲੋਹ), ‘ਲੋਹ ਲੰਗਰ’, ‘ਲੋਹਾ ਖਡ਼ਕਾਉਣਾ’ (ਜੰਗ ਕਰਨਾ), ‘ਲੋਹਕਲਮ’, ‘ਲੋਹਾ ਘਸਾਉਣਾ’ (ਕਡ਼ਾਹ-ਪ੍ਰਸ਼ਾਦ ਤਿਆਰ ਕਰਨਾ), ‘ਲੋਹਪੁਰਸ਼’ ਅਤੇ ‘ਸਰਬਲੋਹ’ ਸ਼ਬਦਾਂ ਦਾ ਖ਼ਾਸ ਮਹੱਤਵ ਹੈ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਆਨੰਦਪੁਰ ਛੱਡਣ ਪਿੱਛੋਂ 7 ਪੋਹ ਸੰਮਤ 1761 ਵਿੱਚ ਬਾਦਸ਼ਾਹੀ ਫ਼ੌਜਾਂ ਦਾ ਟਾਕਰਾ ਕਰਦੇ ਹੋਏ ਚਮਕੌਰ ਸਾਹਿਬ ਦੀ ਗਡ਼੍ਹੀ ਵਿੱਚ ਪਧਾਰੇ ਸਨ। ਇਸੇ ਧਰਤੀ ’ਤੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਅਲੌਕਿਕ ਵੀਰਤਾ ਦਿਖਾਉਂਦੇ ਹੋਏ ਸ਼ਹੀਦ ਹੋਏ ਸਨ। ਚਾਰਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਮਾਛੀਵਾਡ਼ੇ ਦੇ ਘਣੇ ਜੰਗਲ ਵਿੱਚ ਪਹੁੰਚਣ ਵਾਲੇ ਸਰਬੰਸਦਾਨੀ ਦੇ ਸਾਹਸ ਨੂੰ ਅਣਗਿਣਤ ਕਵੀਆਂ ਨੇ ਭਾਵਪੂਰਤ ਸ਼ਬਦਾਂ ਵਿੱਚ ਚਿਤਰਨ ਦੀ ਕੋਸ਼ਿਸ਼ ਕੀਤੀ ਹੈ। ਪੋਹ ਦੀਆਂ ਰਾਤਾਂ ਦਾ ਕਹਿਰ ਵਰਣਨ ਕਰਨ ਲਈ ਕੋਈ ਵੀ ਬਹਿਰ ਅਧੂਰੀ ਹੈ। ਨੀਲੇ ਘੋਡ਼ੇ ਦੇ ਅਸਵਾਰ ਨੇ ਆਪਣੇ ਸ਼ਸਤਰਾਂ ਨੂੰ ਪਾਸੇ ਰੱਖਿਆ ਤੇ ਅੰਬਰ ਵੱਲ ਤੱਕਦਿਆਂ ਰੱਬ ਨੂੰ ਮਿੱਠਾ ਜਿਹਾ ਨਿਹੋਰਾ ਮਾਰਿਆ। ਲੋਹਕਲਮ ਸੁਤੇਸਿੱਧ ਬੋਲ ਪਈ:
ਮਿੱਤਰ ਪਿਆਰੇ ਨੂੰ
ਹਾਲੁ ਮੁਰੀਦਾ ਦਾ ਕਹਣਾ…

ਉਰਦੂ ਜ਼ਬਾਨ ਵਿੱਚ ਲਗਪਗ ਇੱਕ ਸਦੀ ਪਹਿਲਾਂ ਲਿਖੀਆਂ ਦੋ ਨਜ਼ਮਾਂ ਵਿੱਚ ਹਕੀਮ ਅੱਲ੍ਹਾ ਯਾਰ ਖਾਂ ਜੋਗੀ ਨੇ ਸਰਹਿੰਦ ਅਤੇ ਚਮਕੌਰ ਸਾਹਿਬ ਦੇ ਖ਼ੂਨੀ ਸਾਕਿਆਂ ਨੂੰ ਕਲਮਬੱਧ ਕਰਕੇ ਕਬਰਾਂ ਵਿੱਚ ਸੌਂ  ਰਹੇ ਜ਼ਾਲਮਾਂ ਦੀਆਂ ਰੂਹਾਂ ਤਕ ਨੂੰ ਕੰਬਣੀ ਛੇਡ਼ ਦਿੱਤੀ ਸੀ। ਚਮਕੌਰ ਸਾਹਿਬ ਦੀ ਅਸਾਵੀਂ ਜੰਗ ਵਿੱਚ ਕੁੱਦਣ ਤੋਂ ਪਹਿਲਾਂ ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਆਪਣੇ ਗੁਰੂ-ਪਿਤਾ ਤੋਂ ਆਗਿਆ ਮੰਗਦਾ ਹੈ:
ਲਡ਼ਨਾ ਨਹੀਂ ਆਤਾ ਮੁਝੇ
ਮਰਨਾ ਤੋ ਹੈ ਆਤਾ
ਖ਼ੁਦ ਬਡ਼ ਕੇ ਗਲਾ
ਤੇਗ ਪੇ ਧਰਨਾ ਤੋ ਹੈ ਆਤਾ

ਸਰਬੰਸ ਦਾਨ ਕਰਨ ਤੋਂ ਬਾਅਦ ਵੀ ਜੇ ਕੋਈ ਸਾਬਤ ਰਹਿੰਦਾ ਹੈ ਤਾਂ ਉਹ ਸੱਚਮੁੱਚ ਹੀ ‘ਸਾਹਿਬੇ ਕਮਾਲ’ ਹੋਣ ਦਾ ਸਬੂਤ ਹੈ। ਦੌਲਤ ਰਾਏ ਆਪਣੀ ਪੁਸਤਕ ਵਿੱਚ ਅੱਲ੍ਹਾ ਯਾਰ ਖਾਂ ਜੋਗੀ ਦੀ ਨਜ਼ਮ ਦਾ ਹਵਾਲਾ ਦਿੰਦਾ ਹੈ:
ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ।
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵੋਹ ਕਮ ਹੈ।
ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ ਤੋਂ ਪ੍ਰਭਾਵਤ ਹੋ ਕੇ, ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਅਤੇ ‘ਬਿਰਹਾ ਦਾ ਸੁਲਤਾਨ’ ਵਜੋਂ ਮਕਬੂਲ ਸ਼ਿਵ ਕੁਮਾਰ ਬਟਾਲਵੀ ਨੇ ਵੀ ਕੁਝ ਨਜ਼ਮਾਂ ਲਿਖੀਆਂ ਹਨ। ਵਿਦਵਾਨ ਲੇਖਕ ਇਕਬਾਲ ਸਿੰਘ ਲਾਲਪੁਰਾ ਨੂੰ ਸ਼ਿਕਵਾ ਹੈ ਕਿ ਆਲੋਚਕਾਂ ਨੇ ਸ਼ਿਵ ਕੁਮਾਰ ਦੀ ਗੁਰੂ ਗੋਬਿੰਦ ਸਿੰਘ ਬਾਰੇ ਲਿਖੀ ਨਜ਼ਮ ‘ਆਰਤੀ’ ਨੂੰ ਬਹੁਤ ਘੱਟ ਮਹੱਤਵ ਦਿੱਤਾ ਹੈ। ‘ਆਰਤੀ’ ਵਿੱਚ ਸ਼ਿਵ ਦੀ ਕਾਵਿ-ਉਡਾਰੀ ਭਾਵੇਂ ਕਮਾਲ ਦੀ ਹੈ, ਫਿਰ ਵੀ ਉਹ ਆਪਣੀ ਕਲਮ ਨੂੰ ਬੌਣਾ ਸਮਝਦਾ ਹੈ। ਆਪਣੀ ਨਜ਼ਮ ਵਿੱਚ ਉਹ ਭਾਵੇਂ ਗੁਰੂ ਗੋਬਿੰਦ ਸਿੰਘ ਦਾ ਜ਼ਿਕਰ ਨਹੀਂ ਕਰਦਾ ਪਰ ਸ਼ਬਦ-ਚਿੱਤਰ ਵਿੱਚੋਂ ਉਨ੍ਹਾਂ ਦੀ ਸ਼ਖ਼ਸੀਅਤ  ਸੁਤੇਸਿੱਧ ਡਲ੍ਹਕਾਂ ਮਾਰਦੀ ਹੈ:
ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ
ਤੇਰੀ ਆਰਤੀ ਗਾਵਾਂ
  …     …
ਮੇਰਾ ਕੋਈ ਗੀਤ ਨਹੀਂ ਐਸਾ
ਜੋ ਤੇਰੇ ਮੇਚ ਆ ਜਾਵੇ
ਭਰੇ ਬਾਜ਼ਾਰ ਵਿੱਚ ਜਾ ਕੇ
ਜੋ ਆਪਣਾ ਸਿਰ ਕਟਾ ਆਵੇ
ਜੋ ਆਪਣੇ ਸੁਹਲ ਛਿੰਦੇ ਬੋਲ
ਨੀਂਹਾਂ ਵਿੱਚ ਚਿਣਾ ਆਵੇ
ਤਿਹਾਏ ਸ਼ਬਦ ਨੂੰ ਤਲਵਾਰ ਦਾ
ਪਾਣੀ ਪਿਆ ਆਵੇ
ਜੋ ਲੁੱਟ ਜਾਵੇ ਤੇ ਮੁਡ਼ ਵੀ
ਯਾਰਡ਼ੇ ਦੇ ਸੱਥਰੀਂ ਗਾਵੇ
ਚਿਡ਼ੀ ਦੇ ਖੰਭ ਦੀ ਲਲਕਾਰ
ਸੌ ਬਾਜਾਂ ਨੂੰ ਖਾ ਜਾਵੇ
ਮੈਂ ਕਿੰਜ ਤਲਵਾਰ ਦੀ ਗਾਨੀ
ਅੱਜ ਆਪਣੇ ਗੀਤ ਗਲ ਪਾਵਾਂ
ਮੇਰਾ ਹਰ ਗੀਤ ਬੁਜ਼ਦਿਲ ਹੈ
ਮੈਂ ਕਿਹਡ਼ਾ ਗੀਤ ਅੱਜ ਗਾਵਾਂ
ਮੈਂ ਕਿਹਡ਼ੇ ਬੋਲ ਦੀ ਭੇਟਾ
ਲੈ ਕੇ ਤੇਰੇ ਦੁਆਰ ਆਵਾਂ
ਮੇਰੇ ਗੀਤਾਂ ਦੀ ਮਹਿਫ਼ਲ ’ਚੋਂ
ਕੋਈ ਉਹ ਗੀਤ ਨਹੀਂ ਲੱਭਦਾ
ਜੋ ਤੇਰੇ ਸੀਸ ਮੰਗਣ ’ਤੇ
ਤੇਰੇ ਸਾਹਵੇਂ ਖਡ਼ਾ ਹੋਵੇ
ਜੋ ਮੈਲੇ ਹੋ ਚੁੱਕੇ ਲੋਹੇ ਨੂੰ
ਆਪਣੇ ਖ਼ੂਨ ਵਿੱਚ ਧੋਵੇ
ਕਿ ਜਿਸ ਦੀ ਮੌਤ ਪਿੱਛੋਂ
ਓਸ ਨੂੰ ਕੋਈ ਸ਼ਬਦ ਨਾ ਰੋਏ
ਕਿ ਜਿਸ ਨੂੰ ਪੀਡ਼ ਤਾਂ ਕੀਹ
ਪੀਡ਼ ਦਾ ਅਹਿਸਾਸ ਨਾ ਛੋਹਵੇ
ਜੋ ਲੋਹਾ ਪੀ ਸਕੇ ਉਹ ਗੀਤ
ਕਿੱਥੋਂ ਲੈ ਕੇ ਮੈਂ ਆਵਾਂ
   …      …
ਮੈਂ ਤੇਰੀ ਉਸਤਤੀ ਦਾ ਗੀਤ
ਚਾਹੁੰਦਾ ਹਾਂ ਕਿ ਉਹ ਹੋਵੇ
ਜਿਦ੍ਹੇ ਹੱਥ ਸੱਚ ਦੀ ਤਲਵਾਰ
ਤੇ ਨੈਣਾਂ ’ਚ ਰੋਹ ਹੋਵੇ…

ਸ਼ਿਵ ਕੁਮਾਰ ਬਟਾਲਵੀ ਢੁੱਕਵੇਂ ਬਿੰਬਾਂ ਦੀ ਵਰਤੋਂ ਕਰਕੇ ਸਰਬਲੋਹ ਨਾਲ ਬਣੇ ਖੰਡੇ-ਬਾਟੇ ਦੀ ਗੱਲ ਕਹਿ ਜਾਂਦਾ ਹੈ। ਖੰਡੇ ਦੀ ਹਰਕਤ ਨਾਲ ਹੀ ਤਾਂ ਅੰਮ੍ਰਿਤ ਤਿਆਰ ਹੁੰਦਾ ਹੈ। ਸੱਥਰ ਦੇ ਜ਼ਿਕਰ ਨਾਲ, ‘ਯਾਰਡ਼ੇ ਦਾ ਸਾਨੂੰ ਸਥਰ ਚੰਗਾ, ਭਠ ਖੇਡ਼ਿਆ ਦਾ ਰਹਣਾ’ ਵੱਲ ਇਸ਼ਾਰਾ ਕਰਦਾ ਹੈ। ਸ਼ਿਵ ਦੀ ‘ਆਰਤੀ’ ਨਾਲ ਗੁਰੂ ਗੋਬਿੰਦ ਸਿੰਘ ਵੱਲੋਂ ਜਨ-ਸਾਧਾਰਨ ਖਾਤਰ ਵਿੱਢਿਆ ਸੰਘਰਸ਼ ਅਤੇ ਲਾਸਾਨੀ ਕੁਰਬਾਨੀਆਂ ਸਨਮੁੱਖ ਆ ਜਾਂਦੀਆਂ ਹਨ। ਸੰਨ 1960 ਵਿੱਚ ਪ੍ਰਕਾਸ਼ਤ ਹੋਈ ਸ਼ਿਵ ਦੀ ਪਹਿਲੀ ਪੁਸਤਕ ‘ਪੀਡ਼ਾਂ ਦਾ ਪਰਾਗਾ’ ਅਤੇ 1964 ਵਿੱਚ ਛਪੀ ‘ਬਿਰਹਾ ਤੂ ਸੁਲਤਾਨ’ ਤੋਂ ਬਾਅਦ, ਬਿਰਹਾ ਨੇ ਉਸ ਦਾ ਮਰਨ ਤਕ ਸਾਥ ਨਹੀਂ ਛੱਡਿਆ ਜਿਸ ਕਰਕੇ ‘ਆਰਤੀ’ ਵਰਗੀਆਂ ਮਹਾਨ ਰਚਨਾਵਾਂ ਬਾਰੇ ਬਹੁਤੀ ਚਰਚਾ ਹੀ ਨਾ ਹੋ ਸਕੀ। ‘ਸਿੱਖ ਪੰਥ ਵਿਸ਼ਵਕੋਸ਼’ (ਡਾ.ਰਤਨ ਸਿੰਘ ਜੱਗੀ) ਵਿੱਚ ‘ਆਰਤੀ’ ਸ਼ਬਦ ਦੀ ਵਿਸਤ੍ਰਿਤ ਵਿਆਖਿਆ ਦਿੱਤੀ  ਗਈ ਹੈ। ਇੱਕ ਮਤ ਅਨੁਸਾਰ ‘ਆਰਤੀ’ ਸੰਸਕ੍ਰਿਤ ਦੇ ‘ਆਰਾਤ੍ਰਿਕ’ ਸ਼ਬਦ ਦਾ ਅਪਭ੍ਰੰਸ਼ ਰੂਪ ਹੈ, ਭਾਵ ਉਹ ਜੋਤਿ ਜੋ ਰਾਤ ਤੋਂ ਬਿਨਾਂ ਵੀ ਜਗਾਈ ਜਾਏ। ਦੂਜੇ ਮਤ ਅਨੁਸਾਰ ਇਹ ਸੰਸਕ੍ਰਿਤ ਦੇ ‘ਆਰੁਤ’ ਸ਼ਬਦ ਤੋਂ ਬਣਿਆ ਹੈ ਜਿਸ ਤੋਂ ਭਾਵ ਹੈ ਦੁਖ-ਪੂਰਣ ਜਾਂ ਆਜਿਜ਼ੀ ਦੇ ਸੁਰ ਵਿੱਚ ਇਸ਼ਟ-ਦੇਵ ਤੋਂ ਮੰਗਲ-ਕਾਮਨਾ ਕਰਨੀ… ਮੱਧ-ਯੁਗ ਦੇ ਵੈਸ਼ਣਵ ਭਗਤਾਂ ਵਿੱਚ ਆਰਤੀ ਉਤਾਰਨ ਦਾ ਬਹੁਤ ਰਿਵਾਜ ਸੀ। ਨਿਰਗੁਣ ਉਪਾਸ਼ਕ ਭਗਤਾਂ ਨੇ ਇਸ ਦਿਖਾਵੇ ਦੇ ਆਚਾਰ ਨੂੰ ਵਿਅਰਥ ਸਮਝ ਕੇ ਸੱਚੇ ਅਰਥਾਂ ਵਿੱਚ ਸਹਿਜ-ਸੁਭਾਵਿਕ ਆਰਤੀ ਕਰਨ ਉੱਤੇ ਬਲ ਦਿੱਤਾ ਹੈ। ਗੁਰੂ ਨਾਨਕ ਦੇਵ ਨੇ ਧਨਾਸਰੀ ਰਾਗ ਵਿੱਚ ਪਰਮਾਤਮਾ ਦੇ ਵਿਰਾਟ ਰੂਪ ਵਾਲੀ ਸਹਿਜ ਆਰਤੀ ਦਾ ਸਰੂਪ ਸਪਸ਼ਟ ਕੀਤਾ ਹੈ ਜਿਸ ਵਿੱਚ ਬ੍ਰਹਿਮੰਡ ਦੀ ਹਰ ਵਸਤੂ ਆਪਣੀ ਸ਼ਕਤੀ ਅਤੇ ਸਮਰੱਥਾ ਅਨੁਸਾਰ ਜੁਟੀ ਹੋਈ ਹੈ- ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ (ਅੰਬਰ ਦੀ ਥਾਲੀ ਵਿੱਚ ਸੂਰਜ-ਚੰਨ ਦੀਵੇ ਹਨ। ਤਾਰੇ ਆਪਣੇ ਚੱਕਰਾਂ ਸਣੇ ਜਡ਼ੇ ਹੋਏ ਹਨ।)
ਸੰਤ ਰਾਮ ਉਦਾਸੀ ਨੇ ‘ਗੁਰੂ ਗੋਬਿੰਦ ਸਿੰਘ ਜੀ ਦਾ ਲੋਕਾਂ ਦੇ ਨਾਂ ਅੰਤਿਮ ਸੁਨੇਹਾ’ ਅਨੁਵਾਨ ਹੇਠ ਲਿਖੀ ਲੰਮੀ ਕਵਿਤਾ ਵਿੱਚ ਸੰਤ-ਸਿਪਾਹੀ ਦੇ ਮਹਾਨ ਮਿਸ਼ਨ ਨੂੰ ਇੰਜ ਉਲੀਕਿਆ ਹੈ:
ਮੈਂ ਆਪਣੇ ਪੁੱਤ ਨੂੰ ਪਾਣੀ ਦੀ ਨਾ ਸੀ ਬੂੰਦ ਵੀ ਦਿੱਤੀ
ਮਕਸਦ ਹੋਰ ਸੀ ਘਨੱਈਏ ਦੇ ਪਾਣੀ ਪਿਲਾਵਣ ਦਾ
ਲਹਿਜ਼ਾ ਹੋਰ ਹੁੰਦਾ ਏ ਨਿਰ੍ਹੇ ਮਿਸਰੀ ਦੇ ਪਾਣੀ ਵਿੱਚ
ਤੇ ਮਕਸਦ ਹੋਰ ਹੁੰਦਾ ਸੀ ਮੇਰੇ ਅੰਮ੍ਰਿਤ ਛਕਾਵਣ ਦਾ

ਜ਼ਾਲਮ ਮੁਗ਼ਲ ਸਾਮਰਾਜ ਨਾਲ ਲੋਹਾ ਲੈ ਕੇ ਪੰਜਾਬ ਨਹੀਂ ਸਗੋਂ ਸਮੁੱਚੇ ਦੇਸ਼ ਦਾ ਇਤਿਹਾਸ ਬਦਲਣ ਵਾਲਿਆਂ ਦੀ ਲੋਹਕਲਮ ਨਾਲ ਲਿਖੀ ਲੋਹ-ਕਥਾ ਆਉਣ ਵਾਲੀਆਂ ਪੀਡ਼੍ਹੀਆਂ ਦੇ ਕਵੀਆਂ ਨੂੰ ਵੀ ਟੁੰਬਦੀ ਰਹੇਗੀ।

ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ//ਹਰਫ਼ਾਂ ਦੇ ਆਰ-ਪਾਰ 

Tuesday, January 08, 2013

ਟਕਸਾਲ ਅਤੇ ਅਖੰਡ ਕੀਰਤਨੀ ਜਥਾ:ਸਾਂਝੇ ਯਤਨਾਂ ਤੇ ਆਮ ਸਹਿਮਤੀ ਪ੍ਰਗਟ

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥
ਹਰਿ ਨਾਮੈ ਕੇ ਹੋਵਹੁ ਜੋਡ਼ੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥

ਆਪਣੇ ਬਹੁਮੁੱਲੇ ਇਤਹਾਸਕ ਵਿਰਸੇ ਵਲ ਪਰਤ ਰਹੇ ਹਨ—
ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥਾ

Damdami Taksal and AKJ UK Historical Meeting for Panthik Unity!

Head of Damdami Taksaal, Singh Sahib Giani Ram Singh Khalsa Bhindranwale, visits Singh Sabha Gurdwara Derby to meet AKJ UK Executive Committee members to discuss ways forward to work together in uniting the Panth and tackling the following issues:

1) Gurudom
2) Rising Patit-punna (Apostasy)
3) Crime, Drugs and Social Evils in Panjab
4) Hatred and controversy being spread and Maryada differences being manipulated in the youth on Facebook, or media
5) Respecting Sri Akal Takht Sahib Maryada and not opposing it

Baba Ram Singh Ji discussed in the meeting that the historically Damdami Taksaal and AKJ have had a lot pyaar, and the differences on issues like Raagmala and Mool Mantar has never been an issue and nor debated by the early Singhs. Baba Ji was concerned at how youngsters could use these issues to create divide and hate. Baba Ji said AKJ used to come to Mehta to do Keertan and Taksaal Singhs attended Rainsbaayees.

Vahegurooo!
ਦਮਦਮੀ ਟਕਸਾਲ ਦੇ ਜਥੇਦਾਰ ਬਾਬਾ ਰਾਮ ਸਿੰਘ ਖਾਲਸਾ
ਭਿੰਡਰਾਂਵਾਲੇ ਅਤੇ ਅਖੰਡ ਕੀਰਤਨੀ ਜਥੇ ਦੇ ਜਥੇਦਾਰ
ਭਾਈ ਰਘਬੀਰ ਸਿੰਘ ਜੀ ਇਤਹਾਸਕ ਮਿਲਣੀ ਸਮੇਂ
 
ਪਿਛਲੇ ਕੁਝ ਸਮੇ ਤੋਂ ਦਮਦਮੀ ਟਕਸਾਲ ਦਾ ਨਾਮ ਲੈ ਕੇ ਕੁਝ ਲੋਕਾਂ ਵਲੋਂ ਆਪਣੇ ਸੌਡ਼ੇ ਸਿਆਸੀ ਹਿੱਤਾਂ ਲਈ ਜਿਵੇਂ ਨਫਰਤ ਦੀ ਖੇਡ ਖੇਡਣੀ ਸ਼ੁਰੂ ਕੀਤੀ ਗਈ ਸੀ ਉਸ ਨੂੰ ਲੈ ਕੇ ਯੂ ਕੇ ਵਿਚ ਹਰ ਪੰਥਕ ਹਿਰਦਾ ਤਡ਼ਫ ਕੇ ਰਹਿ ਗਿਆ ਸੀ । ਫੇਸ ਬੁੱਕ ਤੇ ਭਾਈ ਰਣਧੀਰ ਸਿੰਘ ਜੀ ਦੀ ਤਸਵੀਰ ਨਾਲ ਨੀਵੇਂ ਦਰਜੇ ਦੀਆਂ ਹਰਕਤਾਂ ਕਰਨ ਅਤੇ ਅਖੰਡ ਕੀਰਤਨੀ ਜਥੇ ਸਬੰਧੀ ਗਲਤ ਬਿਆਨ ਬਾਜ਼ੀ ਨੇ ਨੌਜਵਾਨਾਂ ਨੂੰ ਆਹਮੋ ਸਾਹਮਣੇ ਖਡ਼ੇ ਕਰ ਦਿੱਤਾ ਸੀ ਜੋ ਕਿ ਕੁਝ ਸ਼ਰਾਰਤੀ ਅਨਸਰਾਂ ਅਤੇ ਪੰਥ ਵਿਰੋਧੀ ਪ੍ਰਚਾਰਕਾਂ ਦੀ ਗਿਣੀ ਮਿਥੀ ਸਾਜਸ਼ ਅਧੀਨ ਹੀ ਹੋ ਰਿਹਾ ਸੀ । ਇਸ ਨਾਜ਼ਕ ਮੌਕੇ ਤੇ ਦਮਦਮੀ ਟਕਸਾਲ ਦੇ ਮੌਜੂਦਾ ਜਥੇਦਾਰ ਬਾਬਾ ਰਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਯੂ ਕੇ ਵਿਚ ਆ ਕੇ ਖਾਲਸਾਈ ਅਕੀਦਿਆਂ ਅਨੁਸਾਰ ਦੋਹਾਂ ਪੰਥਕ ਜਥੇਬੰਦੀਆਂ ਵਿਚ ਪ੍ਰਸਪਰ ਏਕਤਾ ਬਣਾਈ ਰੱਖਣ ਲਈ ਪ੍ਰਮੁਖ ਭੂਮਿਕਾ ਅਦਾ ਕੀਤੀ ਹੈ ।
ਯੂ ਕੇ ਵਿਚ ਨੌਜਵਾਨਾਂ ਦਰਮਿਆਨ ਕਸ਼ਿਦਗੀ ਪ੍ਰਤੀ ਬਾਬਾ ਰਾਮ ਸਿੰਘ ਜੀ ਨੇ ਬੇਹੱਦ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਇਹਨਾਂ ਪੰਥਕ ਦਲਾਂ ਦਰਮਮਿਆਨ ਏਕਤਾ ਦੀ ਲੋਡ਼ ਦੀ ਅਹਿਮੀਅਤ ਬਾਬਤ ਸੰਗਤਾ ਨੂੰ ਜਾਣੂ ਕਰਵਾਇਆ । ਐਤਵਾਰ 6 ਜਨਵਰੀ 2013 ਦੀ ਸ਼ਾਮ ਨੂੰ ਸਿੰਘ ਸਭਾ ਗੁਰਦੁਆਰਾ ਡਰਬੀ ਵਿਖੇ ਅਖੰਡ ਕੀਰਤਨੀ ਜਥੇ ਦੇ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਪੁਰੇਵਾਲ ਵਲੋਂ ਬੁਲਾਏ ਇਕੱਠ ਵਿਚ ਦੋਹਾਂ ਜਥੇਬੰਦੀਆਂ ਦੇ ਜਥੇਦਾਰਾਂ ਤੋਂ ਇਲਾਵਾ ਅਨੇਕਾਂ ਹੀ ਹੋਰ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਿਆਂ ਦੇ ਸੇਵਾਦਾਰ ਹਾਜ਼ਰ ਸਨ । ਇਸ ਇਕੱਠ ਦੀ ਕਵਰੇਜ ਸੰਗਤ ਟੈਲੀਵੀਯਨ ਤੇ ਲਾਈਵ ਕੀਤੀ ਗਈ । ਜਿਓਂ ਹੀ ਇਹ ਪ੍ਰੋਗ੍ਰਾਮ ਸ਼ੁਰੂ ਹੋਇਆ ਤਾਂ ਸਾਰੇ ਹੀ ਯੂਰਪ ਤੋਂ ਵਧਾਈ ਸੰਦੇਸ਼ਾਂ ਦਾ ਤਾਂਤਾ ਲੱਗ ਗਿਆ । ਇਸ ਪ੍ਰੋਗ੍ਰਾਮ ਵਿਚ ਕਾਹਲੀ ਨਾਲ ਅਨੇਕਾਂ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਦੇ ਨਾਮ ਪਡ਼੍ਹ ਕੇ ਸੁਣਾਏ ਗਏ । ਆਉਂਦੇ ਐਤਵਾਰ 13 ਜਨਵਰੀ ਸ਼ਾਮ ਚਾਰ ਵਜੇ ਸਿੰਘ ਸਭਾ ਡਰਬੀ ਤੋਂ ਸੰਗਤ ਟੀ ਵੀ ਦੇ ਗੁਰਮਤ ਸਵਾਲ ਜਵਾਬ ਦੇ ਪ੍ਰੋਗ੍ਰਾਮ ਵਿਚ ਬਾਕੀ ਦੇ ਸਾਰੇ ਨਾਮ ਵੀ ਪਡ਼੍ਹ ਕੇ ਸੁਣਾਏ ਜਾਣੇ ਹਨ ।
ਇਸ ਇਕੱਠ ਵਿਚ ਬਾਬਾ ਰਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਦੀ ਇਤਹਾਸਕ ਸਾਂਝ ਅਤੇ ਪ੍ਰੇਮ ਪਿਆਰ ਬਾਬਤ ਸੰਗਤਾਂ ਨੂੰ ਜਾਣੂ ਕਰਵਾਇਆ ਕਿ ਕਿਵੇਂ ਰਾਗ ਮਾਲਾ ਦੇ ਮੁੱਦੇ ਤੇ ਮਤ ਭੇਦ ਹੁੰਦੇ ਹੋਏ ਵੀ ਦਮਦਮੀ ਟਕਸਾਲ ਨੇ ਹਮੇਸ਼ਾਂ ਹੀ ਅਖੰਡ ਕੀਰਤਨੀ ਜਥੇ ਨਾਲ ਨੇਡ਼ਤਾ ਬਣਾਈ ਰੱਖੀ ; ਜਥੇ ਵਲੋਂ ਅਯੋਜਤ ਰੈਣਸਬਾਈਆਂ ਦੇ ਲਾਹੇ ਸਾਂਝੇ ਤੌਰ ਤੇ ਲਏ ਜਾਂਦੇ ਰਹੇ; 1978 ਦੇ ਨਿਰੰਕਾਰੀ ਕਾਂਡ ਵਿਚ ਦੋਵਾਂ ਦਲਾਂ ਨੇ ਬਗਲਗੀਰ ਹੋ ਕੇ ਹਾਲਾਤਾਂ ਦਾ ਸਾਹਮਣਾਂ ਕੀਤਾ ਅਤੇ ਧਰਮ ਯੁੱਧ ਮੋਰਚੇ ਅਥਵਾ 1984 ਦੇ ਦਰਬਾਰ ਸਾਹਿਬ ਦੇ ਹਮਲੇ ਸਮੇਂ ਵੀ ਦੋਹਾਂ ਦਲਾਂ ਦੇ ਆਗੂ ਸਾਂਝੇ ਤੌਰ ਤੇ ਰਣ ਵਿਚ ਜੂਝੇ । 
ਅੱਜ ਦੇ ਸਮੇ ਪੰਜਾਬ ਦੇ ਹਾਲਾਤਾਂ ਅਤੇ ਕੌਮਾਂਤਰੀ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਦੋਹਾਂ ਜਥੇਬੰਦੀਆਂ ਦੇ ਆਗੁਆਂ ਵਲੋਂ ਹੇਠ ਲਿਖੇ ਮੁੱਦਿਆਂ ਤੇ ਪਹਿਰਾ ਦੇਣ ਲਈ ਮੁਕੰਮਲ ਏਕਤਾ ਦਾ ਐਲਾਨ ਕੀਤਾ ਗਿਆ-
1) ਪੰਥ ਦੀਆਂ ਬਹੁਤੀਆਂ ਸੰਸਥਾਵਾਂ ਵਿਚ ਮਰਿਯਾਦਾ ਅਤੇ ਕੁਝ ਪੰਥਕ ਮੁੱਦਿਆਂ ( ਜਿਹਨਾਂ ਬਾਰੇ ਅਜੇ ਪੰਥ ਵਿਚ ਸਹਿਮਤੀ ਨਹੀਂ ਹੈ ) ਬਾਰੇ ਬੇਸ਼ੱਕ ਦੀ ਇੱਕ ਰਾਏ ਨਹੀਂ ਹੈ, ਉਹਨਾਂ ਮੁੱਦਿਆਂ ਨੂੰ ਲੈ ਕੇ ਪੰਥ ਵਿਚ ਫੁੱਟ ਨਾਂ ਪਾਈ ਜਾਵੇ, ਜਿਸ ਨਾਲ ਸਮੁੱਚੀ ਸਿੱਖ ਕੌਮ ਦਾ ਨੁਕਸਾਨ ਹੁੰਦਾ ਹੈ । ਆਪਸ ਵਿਚ ਪੰਥਕ ਪਿਆਰ ਦੀ ਭਾਵਨਾਂ ਬਣਾਈ ਰੱਖੀ ਜਾਵੇ ।
2) ਪੰਥਕ ਸੰਸਥਾਵਾਂ ਜਿਵੇਂ ਕਿ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਸਿੱਖ ਮਿਸ਼ਨਰੀ, ਨਿਹੰਗਸਿੰਘ ਜਥੇਬੰਦੀਆਂ ਅਤੇ ਹੋਰ ਸਿੱਖ ਸੰਸਥਾਵਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸਿੱਖੀ ਦਾ ਪ੍ਰਚਾਰ ਕਰਦੀਆਂ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਕੌਮ ਨੂੰ ਜੋਡ਼ਦੀਆਂ ਹਨ, ਉਹਨਾਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਦਾ ਸਤਿਕਾਰ ਕੀਤਾ ਜਾਵੇ ।
3) ਪੰਥ ਦੀ ਸੇਵਾ ਕਰਨ ਵਾਲੇ ਪੁਰਾਤਨ ਗੁਰਸਿੱਖਾਂ, ਸਿੱਖ ਸੰਸਥਾਵਾਂ, ਸਿੱਖ ਆਗੂਆਂ ਜਿਹਨਾਂ ਨੇ ਪੰਥ ਦੀ ਵੱਡਮੁੱਲੀ ਸੇਵਾ ਕੀਤੀੈ, ਉਹਨਾਂ ਨੂੰ ਪੂਰਨ ਸਤਿਕਾਰ ਦਿੱਤਾ ਜਾਵੇ ਅਤੇ ਉਹਨਾਂ ਦੇ ਖਿਲਾਫ ਕੋਈ ਨਿੰਦਿਆਂ ਵਾਲਾ ਲਫਜ਼ ਨਾਂ ਵਰਤਿਆ ਜਾਵੇ ।
4) ਹਰ ਗੁਰਸਿੱਖ ਨਿਤਨੇਮ (ਪੰਜ ਬਾਣੀਆਂ) ਤੋਂ ਇਲਾਵਾ ਹੋਰ ਗੁਰਬਾਣੀ ਸ਼ਰਧਾ ਮੁਤਾਬਿਕ ਪਡ਼੍ਹਦਾ ਹੈ, ਇਸ ਵਿਸ਼ੇ ਨੂੰ ਲੈ ਕੇ ਆਪਸ ਵਿਚ ਬਹਿੰਸ ਨਾਂ ਕੀਤੀ ਜਾਵੇ ।
੫) ਦੇਸ਼ ਅਤੇ ਵਿਦੇਸ਼ ਦੇ ਸਿੱਖ ਨੌਜਵਾਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਪੰਥ ਦੇ ਇਹਨਾਂ ਮੁੱਦਿਆਂ ਨੂੰ ਲੈ ਕੇ ਇੰਟਰਨੈਟ, ਫੇਸਬੁੱਕ ਅਤੇ ਕਿਸੇ ਵੀ ਮੀਡੀਏ ਰਾਹੀਂ ਇੱਕ ਦੂਜੇ ਦਾ ਵਿਰੋਧ ਨਾਂ ਕੀਤਾ ਜਾਵੇ ਸਗੋਂ ਸਮੁੱਚੇ ਪੰਥ ਦੀ ਚਡ਼੍ਹਦੀ ਕਲਾ ਲਈ ਇੱਕ ਦੂਸਰੇ ਦਾ ਸਾਥ ਦੇ ਕੇ ਕੌਮ ਦੀ ਸੇਵਾ ਕੀਤੀ ਜਾਵੇ ।
6) ਜਿਹਡ਼ੇ ਸ਼ਰਾਰਤੀ ਅਨਸਰ ਸਿੱਖੀ ਦੇ ਭੇਸ ਵਿਚ ਗੁਰਸਿੱਖਾਂ ਲਈ ਅਪਮਾਨਿਤ ਸ਼ਬਦ ਜਿਵੇਂ ਗੁਰ ਨਿੰਦਕ, ਨਾਸਤਕ, ਬੇਮੁੱਖ, ਮਸੰਦ, ਗਦਾਰ ਆਦਿ ਸ਼ਬਦ ਵਰਤਦੇ ਹਨ ਉਹਨਾਂ ਪ੍ਰਤੀ ਸਮੂਹ ਪੰਥਕ ਜਥੇਬੰਦੀਆਂ ਦੇ ਨੌਜਵਾਨ ਸੁਚੇਤ ਰਹਿਣ ।
ਇਸ ਤੋਂ ਇਲਾਵਾ ਦੋਹਾਂ ਜਥੇਬੰਦੀਆਂ ਦਰਮਿਆਨ ਪੰਜਾਬ ਦੇ ਹਾਲਾਤਾਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਦੇਹ ਧਾਰੀ ਗੁਰੂ ਡਮ, ਪਤਿਤ ਪੁਣਾਂ, ਸ਼ਰਾਬ, ਡਰੱਗ, ਜ਼ੁਰਮ ਅਤੇ ਸਮਾਜਿਕ ਬੁਰਾਈਆਂ ਦੀ ਰੋਕ ਥਾਮ ਲਈ ਸਾਂਝੇ ਯਤਨਾਂ ਤੇ ਆਮ ਸਹਿਮਤੀ ਪ੍ਰਗਟ ਕੀਤੀ ਗਈ । 
ਦਮਦਮੀ ਟਕਸਾਲ ਦੀ ਜਥੇਦਾਰੀ ਦੇ ਮੁੱਦੇ ਤੇ ਬਾਬਾ ਰਾਮ ਸਿੰਘ ਜੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਬਾਬਾ ਠਾਕੁਰ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੌਰਾਨ 17) ਜੂਨ 2003 ਨੂੰ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟਰੇਸੀ, ਅਮਰੀਕਾ ਵਿਖੇ ਉਹਨਾਂ ਨੂੰ ਦਮਦਮੀ ਟਕਸਾਲ ਦੀਆਂ ਸਮੁੱਚੀਆਂ ਸੇਵਾਵਾਂ ਲਿਖਤੀ ਰੂਪ ਵਿਚ ਬਖਸ਼ਿਸ਼ ਕੀਤੀਆਂ ਸਨ । ਦੁਸਹਿਰੇ ਮੌਕੇ 2 ਜਨਵਰੀ 2005 ਨੂੰ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਨੇ ਪੰਜਾਬ ਦੇ ਨਗਰ ‘ਸੰਗਰਾਵਾਂ’ ਵਿਖੇ ਬਾਬਾ ਠਾਕੁਰ ਸਿੰਘ ਜੀ ਦੇ ਹੁਕਮਾਂ ਅਨੁਸਾਰ ਬਾਬਾ ਰਾਮ ਸਿੰਘ ਜੀ ਨੂੰ ਦਮਦਮੀ ਟਕਸਾਲ ਦੇ ਪੰਦਰਵੇਂ ਜਥੇਦਾਰ ਵਜੋਂ ਮਾਨਤਾ ਦਿੱਤੀ । 1978 ਤੋਂ ਲੈ ਕੇ ਹੁਣ ਤਕ ਦੇ ਸ਼ਹੀਦਾਂ ਦੀ ਯਾਦਗਾਰ ਉਸਾਰਨ ਲਈ ਦਮਦਮੀ ਟਕਸਾਲ ਦੇ ਨਵੇਂ ਹੈਡਕੁਾਰਟਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ।
ਇਸ ਇਕੱਠ ਵਿਚ ਬਾਬਾ ਰਾਮ ਸਿੰਘ ਜੀ ਤੋਂ ਇਲਾਵਾ ਅਖੰਡ ਕੀਰਤਨੀ ਜਥੇ ਦੇ ਜਥੇਦਾਰ ਭਾਈ ਰਘਬੀਰ ਸਿੰਘ ਜੀ, ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਪੁਰੇਵਾਲ , ਕਾਰ ਸੇਵਾ ਪਾਕਿਸਤਾਨ ਗੁਰਧਾਮ ਸੇਵਾ ਦੇ ਆਗੂ ਭਾਈ ਅਵਤਾਰ ਸਿੰਘ ਸੰਘੇਡ਼ਾ, ਸਿੰਘ ਸਭਾ ਗੁਰਦੁਆਰਾ ਕਾਵੈਂਟਰੀ ਦੇ ਮੁਖ ਸੇਵਾਦਾਰ ਭਾਈ ਕੁਲਵੰਤ ਸਿੰਘ ਢੇਸੀ, ਸਿੰਘ ਸਭਾ ਡਰਬੀ ਦੇ ਡਾ: ਦਲਜੀਤ ਸਿੰਘ ਵਿਰਕ, ਬ੍ਰਮਿੰਘਮ ਗੁਰਦੁਆਰਾ ਦੇ ਭਾਈ ਹਰਭਜਨ ਸਿੰਘ ਦਈਆ, ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਦੇ ਸਾਬਕਾ ਮੁਖ ਸੇਵਾਦਾਰ ਭਾਈ ਰਵਿੰਦਰ ਸਿੰਘ, ਖਾਲਸਾ ਕੌਂਸਲ ਦੇ ਬਾਬਾ ਦਿਲਬਾਗ ਸਿੰਘ, ਅਖੰਡ ਕੀਰਤਨੀ ਜਥੇ ਦੇ ਭਾਈ ਜੋਗਿੰਦਰ ਸਿੰਘ, ਬ੍ਰਿਟਿਸ਼ ਸਿੱਖ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਬਲਬੀਰ ਸਿੰਘ ਅਤੇ ਜਨਰਲ ਸਕੱਤਰ ਭਾਈ ਤਰਸੇਮ ਸਿੰਘ ਦਿਓਲ ਤੋਂ ਇਲਾਵਾ ਅਨੇਕਾਂ ਹੋਰ ਗੁਰੂ ਘਰਾਂ ਦੇ ਸੇਵਾਦਾਰਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਵਿਚਾਰ ਦਿੱਤੇ ।  
ਜਾਰੀ ਕਰਤਾ – ਭਾਈ ਕੁਲਵੰਤ ਸਿੰਘ ਢੇਸੀ- ਕਾਵੈਂਟਰੀ- ਯੂ ਕੇ
kulwantsinghdhesi@hotmail.com   

Tuesday, September 18, 2012

ਸਾਡੇ ਤਾਂ “ਨਿਤ ਦਿਵਾਲੀ ਸਾਧ ਦੀ ਅੱਠ ਪਹਿਰ ਬਸੰਤ”

ਖਾਲਸਾ ਜੀ ਜਰਾ ਸੋਚੋ! ਕੀ ਕੋਈ ਦਿਨ ਅਸ਼ੁੱਧ ਵੀ ਹੋ ਸਕਦਾ ਹੈ?
ਰੇਸ਼ਮ ਸਿੰਘ  ਹੁਰਾਂ ਨੇ ਇੱਕ ਰਚਨਾ ਪੋਸਟ ਕੀਤੀ ਹੈ  ਫੇਸਬੁਕ ਦੇ ਬਹੁਚਰਚਿਤ ਗਰੁੱਪ  ਬਚਿੱਤਰ ਨਾਟਕ (ਇੱਕ ਸਾਜਿਸ਼) ਵਿੱਚ ਸੋਮਵਾਰ 17 ਸਤੰਬਰ 2012 ਨੂੰ।  ਰਚਨਾ  ਨਾਮ ਹੈ ਤੇਰਵਾਂ ਮਹੀਨਾ  ਰਚਨਾ ਦਲੀਲ ਭਰਪੂਰ ਹੈ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਵੀ ਬਣੀ ਰਹੇਗੀ।-ਰੈਕਟਰ ਕਥੂਰੀਆ 
ਤੇਰਵਾਂ ਮਹੀਨਾ-ਸਰਵਜੀਤ ਸਿੰਘ ਸੈਕਰਾਮੈਂਟੋ

Resham Singh
ਪਿਛਲੇ ਦਿਨੀਂ ਯੂ ਟਿਊਬ ਤੇ ਇਕ ਵੀਡੀਓ ਵੇਖ ਰਿਹਾ ਸੀ ਜੋ ਇੰਗਲੈਂਡ ਦੇ ਇਕ ਗੁਰਦਵਾਰਾ ਸਾਹਿਬ ਵਿਚ ਹੋਏ ਇਕ ਸੈਮੀਨਾਰ ਨਾਲ ਸਬੰਧਿਤ ਸੀ। ਇਕ ਵਿਦਵਾਨ ਸੱਜਣ, ਸੋਧਾਂ ਦੇ ਨਾਮ ਤੇ ਵਿਗਾਡ਼ੇ ਗਏ ਕੈਲੰਡਰ ਦੇ ਹੱਕ `ਚ ਦਲੀਲਾਂ ਦੇ ਰਿਹਾ ਸੀ। ਵਿਦਵਾਨ ਸੱਜਣ ਨੇ ਇਕ ਸਵਾਲ ਕੀਤਾ ਕਿ ਅੱਜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ‘ਹਿੰਦੂ ਕੈਲੰਡਰ’ ਸਾਡੇ ਤੇ ਠੋਸਿਆ ਜਾ ਰਿਹਾ ਹੈ। ਮੈਂ, ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਚੰਦ ਹਿੰਦੂਆਂ ਦਾ ਹੈ? ਜੇ ਚੰਦ ਹਿੰਦੂਆਂ ਦਾ ਹੈ ਤਾਂ ਸੂਰਜ ਕਿਸ ਦਾ ਹੈ? ਉਹ ਹਰ ਰੋਜ ਸਵੇਰੇ ਉਠ ਕੇ ਸੂਰਜ ਨੂੰ ਪਾਣੀ ਦਿੰਦੇ ਹਨ ਇਸ ਲਈ ਸੂਰਜ ਵੀ ਹਿੰਦੂਆਂ ਦਾ ਹੈ। ਹੁਣ ਸਿੱਖ ਕਿਧਰ ਨੂੰ ਜਾਣ? ਸੰਗਤਾਂ ਦੀ ਜਾਣਕਾਰੀ `ਚ ਵਾਧਾ ਕਰਦਿਆਂ ਉਸ ਸੱਜਣ ਨੇ ਕਿਹਾ ਕਿ ਇਸਲਾਮ ਧਰਮ ਦਾ ਕੈਲੰਡਰ ਵੀ ਚੰਦ ਅਧਾਰਿਤ ਹੈ। ਜੇ ਇਸਲਾਮ ਧਰਮ ਦਾ ਕੈਲੰਡਰ ਚੰਦ ਅਧਾਰਿਤ ਹੋ ਸਕਦਾ ਹੈ ਤਾਂ ਸਿੱਖਾਂ ਦਾ ਕਿਉ ਨਹੀ ਹੋ ਸਕਦਾ? 
ਇਸ ਵਿਚ ਕੋਈ ਦੋ ਰਾਵਾਂ ਨਹੀ ਕਿ ਚੰਦ ਹਿੰਦੂਆਂ, ਮੁਸਲਮਾਨਾ, ਬੋਧੀਆਂ, ਜੈਨੀਆਂ, ਇਸਾਈਆਂ ਜਾਂ ਸਿੱਖਾਂ ਇਕੱਲਿਆਂ ਦਾ ਨਹੀ ਹੈ। ਇਹ ਤਾਂ ਕਾਦਰ ਦੀ ਕਿਰਤ ਹੋਣ ਦੇ ਨਾਤੇ ਸਾਰੀ ਮਨੁੱਖਤਾ ਦਾ ਸਾਂਝਾ ਹੈ। ਅਕਾਲ ਪੁਰਖ ਦੇ ਬਣਾਏ ਹੋਏ ਨਿਯਮ ਮੁਤਾਬਕ, ਧਰਤੀ ਆਪਣੇ ਧੁਰੇ ਦੁਵਾਲੇ, ਚੰਦ ਧਰਤੀ ਦੁਵਾਲੇ ਅਤੇ ਧਰਤੀ ਸੂਰਜ ਦੁਵਾਲੇ ਘੁੰਮਦੀ ਹੈ। ਇਹ ਨਿਰੰਤਰ ਚਾਲ ਨਾਲ ਆਦਿ ਤੋਂ ਚਲਦਾ ਆ ਰਿਹਾ ਹੈ। ਇਸ ਗਤੀ ਨੂੰ ਕਾਬੂ ਕਰਨਾ ਇਨਸਾਨ ਦੇ ਵੱਸ ਦਾ ਰੋਗ ਨਹੀ ਹੈ। ਹਾਂ! ਇਸ ਗਤੀ ਨੂੰ ਸਮਝ ਕੇ, ਇਨਸਾਨ ਦੀ ਜ਼ਿੰਦਗੀ ਨੂੰ ਸੁਖਾਵਾਂ ਬਣਾਉਣ ਲਈ, ਇਸ ਦੀ ਵਰਤੋ ਕਰਨੀ ਇਨਸਾਨ ਨੇ ਜ਼ਰੂਰ ਸਿਖ ਲਈ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀ ਕਿ ਜਦੋਂ ਇਸ ਧਰਤੀ ਤੇ ਇਨਸਾਨ ਨੇ ਹੋਸ਼ ਸੰਭਾਲੀ ਤਾਂ ਸਭ ਤੋਂ ਪਹਿਲਾ ਚੰਦ ਦੇ ਚਾਨਣੇ ਪੱਖ ਅਤੇ ਹਨੇਰੇ ਪੱਖ ਨੂੰ ਮੁੱਖ ਰੱਖ ਕੇ ਹੀ ਕੈਲੰਡਰ ਬਣਾਏ ਗਏ ਸਨ। ਜਿਵੇਂ-ਜਿਵੇਂ ਇਨਸਾਨ ਦੀ ਜਾਣਕਾਰੀ `ਚ ਵਾਧਾ ਹੁੰਦਾ ਗਿਆ ਤਾਂ ਕੈਲੰਡਰ `ਚ ਸੋਧਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਅੱਜ ਸੂਰਜੀ ਕੈਲੰਡਰ, ਚੰਦ ਅਧਾਰਿਤ ਕੈਲੰਡਰ ਤੋਂ ਵੱਧ ਪ੍ਰਚੱਲਤ ਕੁਸ਼ਲ ਹਨ।
ਵੱਖ-ਵੱਖ ਕੈਲੰਡਰ ਵੀ ਚੰਦ, ਧਰਤੀ ਅਤੇ ਸੂਰਜ ਦੇ ਆਪਸੀ ਰਿਸ਼ਤੇ ਨੂੰ ਸਮਝ ਕੇ ਅਤੇ ਇਨ੍ਹਾਂ ਦੀ ਚਾਲ ਦੀ ਗਿਣਤੀ-ਮਿਣਤੀ ਕਰਕੇ ਹੀ ਬਣਾਏ ਗਏ ਹਨ। ਚੰਦ ਧਰਤੀ ਦੁਵਾਲੇ ਇਕ ਚੱਕ 29.53 ਦਿਨਾਂ `ਚ ਪੂਰਾ ਕਰਦਾ ਹੈ। ਇਹ ਚੰਦਾ ਦਾ ਇਕ ਮਹੀਨਾ ਗਿਣਿਆ ਜਾਂਦਾ ਹੈ। ਚੰਦ ਦੇ ਕੈਲੰਡਰ ਵਿਚ ਇਕ ਸਾਲ ਦੇ 354.37 ਦਿਨ ਹੁੰਦੇ ਹਨ। ਧਰਤੀ ਸੂਰਜ ਦੁਵਾਲੇ ਆਪਣਾ ਇਕ ਚੱਕਰ 365.2422 ਦਿਨਾਂ `ਚ ਪੂਰਾ ਕਰਦੀ ਹੈ ਇਸ ਨੂੰ ਮੌਸਮੀ ਜਾਂ ਰੁੱਤੀ ਸਾਲ ਕਹਿੰਦੇ ਹਨ। ਚੰਦ ਦਾ ਇਕ ਸਾਲ ਸੂਰਜੀ ਸਾਲ ਤੋਂ 11 ਦਿਨ ਛੋਟਾ ਹੁੰਦਾ ਹੈ। ਇਸਲਾਮ ਧਰਮ `ਚ ਪ੍ਰਚਲਤ ਹਿਜਰੀ ਕੈਲੰਡਰ ਕੇਵਲ ਚੰਦ ਅਧਾਰਿਤ ਕੈਲੰਡਰ ਹੈ। ਇਸ ਮੁਤਾਬਕ ਇਸਲਾਮ ਧਰਮ ਦੇ ਪਵਿੱਤਰ ਦਿਹਾਡ਼ੇ ਹਰ ਸਾਲ (ਸੀ. ਈ. ਕੈਲੰਡਰ ਮੁਤਾਬਕ) ਪਿਛਲੇ ਸਾਲ ਨਾਲੋਂ 11 ਦਿਨ ਪਹਿਲਾਂ ਆਉਂਦੇ ਹਨ। ਸਾਡੇ ਅਜੇਹਾ ਨਹੀਂ ਹੁੰਦਾ। ਕਿਓ?
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾਡ਼ਾ ਚੰਦ ਦੇ ਕੈਲੰਡਰ ਮੁਤਾਬਕ ਪੋਹ ਸੁਦੀ 7 ਨੂੰ ਮਨਾਇਆ ਜਾਂਦਾ ਹੈ। 2011 ਵਿਚ ਇਹ ਦਿਹਾਡ਼ਾ 11 ਜਨਵਰੀ ਨੂੰ ਮਨਾਇਆ ਗਿਆ ਸੀ। ਉਸ ਤੋਂ ਅਗਲਾ ਦਿਹਾਡ਼ਾ, ਇਸੇ ਸਾਲ 31 ਦਸੰਬਰ 2011 ਵਿਚ ਮਨਾਇਆ ਗਿਆ ਸੀ। ਇਸ ਹਿਸਾਬ ਨਾਲ ਤਾਂ ਹੁਣ ਇਹ ਦਿਹਾਤਾਂ 20 ਦਸੰਬਰ 2012 ਵਿਚ ਆਉਣਾ ਚਾਹੀਦਾ ਹੈ ਪਰ ਅਜੇਹਾ ਨਹੀ ਹੋਵੇਗਾ। ਹੁਣ ਇਹ ਦਿਹਾਡ਼ਾ 18 ਜਨਵਰੀ 2013 ਵਿਚ ਮਨਾਇਆ ਜਾਵੇਗਾ। ਜਿਹਡ਼ਾ ਦਿਹਾਡ਼ਾ ਚੰਦ ਦੇ ਕੈਲੰਡਰ ਮੁਤਾਬਕ 31 ਦਸੰਬਰ ਤੋਂ 11 ਦਿਨ ਪਹਿਲਾ ਭਾਵ 20 ਦਸੰਬਰ ਨੂੰ 2012 ਆਉਣਾ ਚਾਹੀਦਾ ਸੀ ਉਹ ਹੁਣ 18 ਦਿਨ ਮਗਰੋਂ ਭਾਵ 18 ਜਨਵਰੀ 2013 ਨੂੰ ਕਿਵੇਂ ਹੋ ਗਿਆ? ਇਹ ਹੈ ਤੇਰਵੇਂ ਮਹੀਨੇ ਦਾ ਕਮਾਲ!
ਚੰਦ ਦਾ ਸਾਲ, ਇਕ ਸਾਲ ਵਿਚ 11 ਦਿਨ ਅਤੇ ਦੋ ਸਾਲਾਂ ਵਿਚ 22 ਦਿਨ ਅਤੇ ਤੀਜੇ ਸਾਲ 33 ਦਿਨ, ਸੂਰਜੀ ਸਾਲ ਤੋਂ ਪਿਛੇ ਰਹਿ ਜਾਵੇ ਤਾਂ ਇਸ ਨੂੰ ਸੂਰਜੀ ਸਾਲ ਦੇ ਨੇਡ਼ੇ ਤੇਡ਼ੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋਡ਼ ਦਿੱਤਾ ਜਾਂਦਾ ਹੈ। ਭਾਵ ਉਸ ਸਾਲ ਚੰਦ ਦੇ ਸਾਲ ਦੇ ਮਹੀਨੇ 12 ਨਹੀ ਸਗੋਂ 13 ਕਰ ਦਿੱਤੇ ਜਾਂਦੇ। ਚੰਦ ਦੇ ਸਾਲ ਦੇ ਦਿਨ ਜੋ ਸਧਾਰਨ ਸਾਲ ਵਿਚ 354 ਹੁੰਦੇ ਹਨ ਉਹ ਤੇਰਵਾਂ ਮਹੀਨਾ ਜੋਡ਼ੇ ਜਾਣ ਕਾਰਨ 383/84 ਹੋ ਜਾਂਦੇ ਹਨ। ਅਜੇਹਾ 19 ਸਾਲਾਂ ਵਿਚ 7 ਵਾਰੀ ਕੀਤਾ ਜਾਂਦਾ ਹੈ। ਇਸ ਸਾਲ (ਸੰਮਤ 2069 ਬਿਕ੍ਰਮੀ/2012-13 ਸੀ: ਈ:) ਵੀ ਚੰਦ ਦੇ ਸਾਲ ਦੇ ਤੇਰਾ ਮਹੀਨੇ ਹਨ। ਭਾਦੋਂ ਦੇ ਦੋ ਮਹੀਨੇ, ਇਕ ਸ਼ੁੱਧ ਭਾਦੋਂ ਅਤੇ ਦੂਜਾ ਮਲ ਮਾਸ ਜਾਂ ਅਸ਼ੁੱਧ ਭਾਦੋਂ। ਸੰਮਤ 2067 ਬਿਕ੍ਰਮੀ/2010-11 ਈ: ਵਿਚ ਵੈਸਾਖ, ਸੰਮਤ 2069 ਬਿਕ੍ਰਮੀ/2012-13ਈ: ਵਿਚ ਭਾਦੋਂ, ਸੰਮਤ 2072 ਬਿਕ੍ਰਮੀ/2015-16ਈ: ਵਿਚ ਹਾਡ਼, ਸੰਮਤ 2075 ਬਿਕ੍ਰਮੀ/2018-19ਈ: ਵਿਚ ਜੇਠ ਅਤੇ ਸੰਮਤ 2077 ਬਿਕ੍ਰਮੀ/2020-21 ਈ: ਵਿਚ ਅੱਸੂ ਦਾ ਮਹੀਨਾ ਦੋ ਵਾਰੀ ਭਾਵ ਤੇਰਵਾਂ ਮਹੀਨਾ ਆਵੇਗਾ। ਇਸ ਤੇਰਵੇਂ ਮਹੀਨੇ ਨੂੰ ਮਲ ਮਾਸ ਕਿਹਾ ਜਾਂਦਾ ਹੈ ਇਸ ਵਿਚ ਕੋਈ ਵੀ ਸ਼ੁਭ ਦਿਹਾਡ਼ਾ ਨਹੀ ਮਨਾਇਆ ਜਾਂ ਸਕਦਾ।
ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਭਾਦੋਂ ਮਹੀਨੇ ਦਾ ਅਰੰਭ ਭਾਵ ਭਾਦੋਂ ਵਦੀ ਏਕਮ, 19 ਸਾਵਣ/3 ਅਗਸਤ ਨੂੰ ਹੋਇਆ ਸੀ। ਭਾਦੋਂ ਦੀ ਮੱਸਿਆ 2 ਭਾਦੋਂ/17 ਅਗਸਤ ਨੂੰ ਆਈ ਸੀ ਅਤੇ ਭਾਦੋਂ ਸੁਦੀ ਪੂਰਨਮਾਸ਼ੀ 16 ਭਾਦੋਂ/31 ਅਗਸਤ ਨੂੰ ਆਈ ਸੀ। ਇਸ ਮੁਤਾਬਕ ਤਾਂ 17 ਭਾਦੋਂ/1 ਸਤੰਬਰ ਨੂੰ ਅੱਸੂ ਮਹੀਨੇ ਦਾ ਅਰੰਭ ਭਾਵ ਅੱਸੂ ਵਦੀ ਏਕਮ ਹੋਣੀ ਚਾਹੀਦੀ ਸੀ ਪਰ ਅਜੇਹਾ ਨਹੀ ਹੋਇਆ। ਕਿਓ? ਕਿਉਂਕਿ ਇਸ ਸਾਲ ਚੰਦ ਦਾ ਸਾਲ ਸੂਰਜੀ ਸਾਲ ਤੋਂ 33 ਦਿਨ ਪਿਛੇ ਰਹਿ ਗਿਆ ਸੀ ਇਸ ਲਈ ਇਸ ਸਾਲ `ਚ ਤੇਰਵਾਂ ਮਹੀਨਾ ਜੋਡ਼ਿਆ ਗਿਆ ਹੈ। ਹੁਣ 17 ਭਾਦੋਂ/1 ਸਤੰਬਰ ਨੂੰ ਅੱਸੂ ਵਦੀ ਏਕਮ ਨਹੀਂ ਸਗੋਂ ਦੂਜੀ ਵੇਰ ਭਾਦੋਂ ਵਦੀ ਏਕਮ ਹੀ ਆਈ ਸੀ। ਹੁਣ ਇਸ ਦੂਜੇ ਭਾਦੋਂ ਦੀ ਆਖਰੀ ਤਾਰੀਖ ਭਾਵ ਭਾਦੋਂ ਸੁਦੀ ਪੂਰਨਮਾਸ਼ੀ 15 ਅੱਸੂ/30 ਸਤੰਬਰ ਨੂੰ ਆਏਗੀ। ਉਸ ਤੋਂ ਅਗਲੇ ਦਿਨ ਭਾਵ 16 ਅੱਸੂ/1 ਅਕਤੂਬਰ ਨੂੰ ਚੰਦ ਦੇ ਅੱਸੂ ਮਹੀਨੇ ਦਾ ਅਰੰਭ ਹੋਵੇਗਾ ਭਾਵ ਅੱਸੂ ਵਦੀ ਏਕਮ ਹੋਵੇਗੀ।
ਪਹਿਲੇ ਭਾਦੋਂ ਦਾ ਪਹਿਲਾ ਅੱਧ ਭਾਵ ਭਾਦੋਂ ਵਦੀ ਏਕਮ ਤੋਂ ਭਾਦੋਂ ਵਦੀ ਮੱਸਿਆ (19 ਸਾਵਣ/3 ਅਗਸਤ ਤੋਂ 2 ਭਾਦੋਂ/17 ਅਗਸਤ) ਤਾਈ ਸ਼ੁੱਧ ਭਾਦੋਂ ਹੈ। ਪਹਿਲੇ ਭਾਦੋਂ ਦਾ ਆਖਰੀ ਅੱਧ ਅਤੇ ਦੂਜੇ ਭਾਦੋਂ ਦਾ ਪਹਿਲਾ ਅੱਧ (3 ਭਾਦੋਂ/18 ਅਗਸਤ ਤੋਂ 1 ਅੱਸੂ/16 ਸਤੰਬਰ) ਤਾਈ ਮਲ ਮਾਸ/ ਅਸ਼ੁੱਧ ਭਾਦੋਂ ਹੈ। ਦੂਜੇ ਭਾਦੋਂ ਦਾ ਆਖਰੀ ਅੱਧ ਭਾਵ ਭਾਦੋਂ ਸੁਦੀ ਏਕਮ ਤੋਂ ਭਾਦੋਂ ਸੁਦੀ ਪੂਰਨਮਾਸ਼ੀ (1 ਅੱਸੂ/16 ਸਤੰਬਰ ਤੋਂ 15 ਅੱਸੂ/30 ਸਤੰਬਰ) ਸ਼ੁੱਧ ਭਾਦੋਂ ਹੈ। ਸੋ ਸਪੱਸ਼ਟ ਹੈ ਕਿ ਪਹਿਲੇ ਭਾਦੋਂ ਦੇ ਦੂਜੇ ਅੱਧ ਅਤੇ ਦੂਜੇ ਭਾਦੋਂ ਦੇ ਪਹਿਲੇ ਅੱਧ ਵਿਚਕਾਰ ਦਾ ਮਹੀਨਾ (3 ਭਾਦੋਂ/18 ਅਗਸਤ ਤੋਂ 1 ਅੱਸੂ/16 ਸਤੰਬਰ), ਅਸ਼ੁੱਧ ਜਾਂ ਮਲ ਮਾਸ ਹੋਣ ਕਾਰਨ, ਇਸ ਮਹੀਨੇ ਕੋਈ ਵੀ ਦਿਹਾਡ਼ਾ ਨਹੀਂ ਮਨਾਇਆ ਜਾ ਸਕਦਾ। ਇਥੇ ਇਕ ਹੋਰ ਸਮੱਸਿਆ ਆ ਗਈ ਹੈ। ਦੂਜੇ ਭਾਦੋਂ ਦੇ ਪਹਿਲੇ ਅੱਧ ਦਾ ਆਖਰੀ ਦਿਨ ਭਾਵ ਭਾਦੋਂ ਵਦੀ ਮੱਸਿਆ ਜੋ 1 ਅੱਸੂ/16 ਸਤੰਬਰ ਨੂੰ ਹੈ ਇਹ ਮਲ ਮਾਸ ਦਾ ਦਿਨ ਹੈ ਇਸ ਦਿਨ ਕੋਈ ਚੰਗਾ ਕੰਮ ਨਹੀਂ ਕੀਤਾ ਜਾ ਸਕਦਾ ਪਰ ਦੂਜੇ ਭਾਦੋਂ ਦੇ ਦੂਜੇ ਅੱਧ ਦਾ ਪਹਿਲਾ ਦਿਨ ਭਾਵ ਭਾਦੋਂ ਸੁਦੀ ਏਕਮ ਜੋ ਸ਼ੁੱਧ ਹੈ, ਦੋਵੇਂ ਇਕੇ ਦਿਨ ਹੀ ਭਾਵ 1 ਅੱਸੂ/16 ਸਤੰਬਰ ਦਿਨ ਐਤਵਾਰ ਨੂੰ ਇਕੱਠੇ ਹੀ ਹਨ।(ਦੇਵੀ ਦਿਆਲ-ਤਿਥ ਪਤ੍ਰਿਕਾ) ਹੁਣ ਸਵਾਲ ਪੈਦਾ ਹੁੰਦਾ ਹੈ ਕੇ ਜੇ 1 ਅੱਸੂ 16 ਸਤੰਬਰ ਦਿਨ ਐਤਵਾਰ ਦੂਜੇ ਭਾਦੋਂ ਦੇ ਦੂਜੇ ਅੱਧ ਦਾ ਪਹਿਲਾ ਦਿਨ ਹੋਣ ਕਾਰਨ ਸ਼ੁੱਧ ਦਿਨ ਹੈ ਤਾਂ ਦੂਜੇ ਭਾਦੋਂ ਦੇ ਪਹਿਲੇ ਅੱਧ ਦਾ ਆਖਰੀ ਦਿਨ ਹੋਣ ਕਾਰਨ ਮਲ ਮਾਸ ਦਾ ਦਿਨ ਭਾਵ ਅਸ਼ੁੱਧ ਕਿਵੇਂ ਹੋ ਗਿਆ? ਜੇ ਇਹ ਬਿਪਰਵਾਦ ਨਹੀ ਹੈ ਤਾਂ ਹੋਰ ਕੀ ਹੈ?
ਇਹ ਕੈਲੰਡਰ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਬਹੁਤ ਪਹਿਲਾ ਦਾ ਪ੍ਰਚੱਲਤ ਹੈ। ਇਸ ਨੂੰ ਹਿੰਦੂ ਵਿਦਵਾਨਾਂ ਨੇ ਹੀ ਬਣਾਇਆ ਸੀ। ਇਥੇ ਇਕ ਹੋਰ ਵੀ ਧਿਆਨ ਦੇਣ ਵਾਲੀ ਹੈ ਉਹ ਕਿ ਅੱਜ ਜੋ ਕੈਲੰਡਰ ਸਾਡੇ ਤੇ ਠੋਸਿਆ ਜਾਂ ਰਿਹਾ ਹੈ ਇਹ ਉਹੀ ਕੈਲੰਡਰ ਨਹੀਂ ਹੈ ਜੋ ਗੁਰੂ ਕਾਲ ਵੇਲੇ ਪ੍ਰਚੱਲਤ ਸੀ। ਇਸ ਵਿਚ ਹਿੰਦੂ ਵਿਦਵਾਨਾਂ ਵੱਲੋਂ (18-19 ਨਵੰਬਰ 1964) ਸੋਧ ਕੀਤੀ ਜਾ ਚੁੱਕੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕੈਲੰਡਰ `ਚ ਹਿੰਦੂ ਵਿਦਵਾਨਾਂ ਵੱਲੋਂ ਕੀਤੀ ਸੋਧ ਤਾਂ ਪ੍ਰਵਾਨ ਹੈ ਪਰ ਸਿੱਖ ਵਿਦਵਾਨਾਂ ਵੱਲੋਂ ਲੱਗ ਭੱਗ 11 ਸਾਲ (1992 ਤੋਂ 2003) ਵਿਚਾਰ-ਚਰਚਾ ਕਰਨ ਉਪ੍ਰੰਤ ਕੀਤੀ ਗਈ ਸੋਧ ਪ੍ਰਵਾਨ ਨਹੀ। ਖਾਲਸਾ ਜੀ ਜਰਾ ਸੋਚੋ! ਕੀ ਕੋਈ ਦਿਨ ਅਸ਼ੁੱਧ ਵੀ ਹੋ ਸਕਦਾ ਹੈ? ਕਿਸੇ ਦਿਨ ਦਾ ਅਸ਼ੁਭ ਹੋਣਾ, ਕੀ ਇਹ ਸਿੱਖ ਸਿਧਾਂਤ ਹੈ ਜਾਂ ਹਿੰਦੂਆਂ ਦਾ ਲੁੱਟ ਦਾ ਸਿਧਾਂਤ? ਸਾਡੇ ਤਾਂ “ਨਿਤ ਦਿਵਾਲੀ ਸਾਧ ਦੀ ਅੱਠ ਪਹਿਰ ਬਸੰਤ” ਵਾਲਾ ਸਿਧਾਂਤ ਲਾਗੂ ਹੈ।
ਸਫਲ ਮੂਰਤੁ ਸਫਲਾ ਘਡ਼ੀ ਜਿਤੁ ਸਚੇ ਨਾਲਿ ਪਿਆਰੁ ॥ (ਪੰਨਾ 44)

ਹੁਣ ਸਵਾਲ ਪੈਦਾ ਹੁੰਦਾ ਹੈ ਕੇ ਜਿਸ ਕੈਲੰਡਰ `ਚ ਹਰ ਤੀਜੇ ਜਾਂ ਚੌਥੇ ਸਾਲ ਪੂਰਾ ਮਹੀਨਾ ਹੀ ਭਾਵ

Saturday, September 15, 2012

ਸਾਰਾਗਡ਼੍ਹੀ ਬਹਾਨੇ ਗੁਲਾਮ ਮਾਨਸਿਕਤਾ ????

Courtesy Photo
ਜ਼ਰਾ ਸਾ ਤੌਰ ਤਰੀਕੋਂ ਮੇਂ ਹੇਰਫੇਰ ਕਰੋ, 
ਤੁਮ੍ਹਾਰੇ ਹਾਥੋਂ ਮੇਂ ਕਾਲਰ ਹੋ ਆਸਤੀਨ ਨਹੀਂ ! 
Courtesy Photo 
ਦੁਸ਼ਿਅੰਤ ਕੁਮਾਰ ਦਾ ਇਹ ਸ਼ਿਅਰ ਅਤੇ  ਸਮਰ ਲੁਧਿਆਣਾ ਦੀ ਇੱਕ ਪੋਸਟ ਨਾਲ ਕੁਝ ਗੱਲਾਂ ਇੱਕ ਵਾਰ ਫਿਰ ਉਭਰ ਆਈਆਂ ਹਨ। ਮੈਨੂੰ ਯਾਦ ਹੈ ਕਈ ਸਾਲ ਪਹਿਲਾਂ ਜ਼ਿਲਾ ਫਿਰੋਜਪੁਰ ਦੇ ਇੱਕ ਧਾਰਮਿਕ ਅਸਥਾਨ ਦੀ ਸੇਵਾ ਲੁਧਿਆਣਾ ਜ਼ਿਲੇ ਦੇ ਇੱਕ ਪ੍ਰਸਿਧ ਧਾਰਮਿਕ ਅਸਥਾਨ ਵਾਲੇ ਬਾਬਿਆਂ ਨੇ ਕਰਾਈ। ਕਈ lਅਖ ਰੁਪੈ ਖਰਚ ਹੋ ਗਾਏ ਅਪਰ ਇੱਕ ਦਿਨ ਅਚਾਨਕ ਹੀ ਫੌਜ ਨੇ ਫਿਰੋਜਪੁਰ ਵਾਲੇ ਧਾਰਮਿਕ ਅਸਥਾਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਅਸਲ ਵਿੱਚ ਇਹ ਅਸਥਾਨ ਵੀ ਸਾਰਾਗੜੀ ਹੀ ਸੀ। ਸੇਵਾ  ਵਾਲੇ  ਅਤੇ ਉਹਨਾਂ ਦੇ  ਬਹੁਤ ਨਿਰਾਸ਼ ਹੋਏ ਪਰ ਫੌਜ ਅੱਗੇ ਕਿਸਦਾ ਵੱਸ ਚੱਲ ਸਕਦਾ ਸੀ। ਨਿਯਮਾਂ ਮੁਤਾਬਿਕ ਵੀ ਸਾਰਾਗੜੀ ਫੌਜ ਦੇ ਕੰਟਰੋਲ ਹੇਠਲਾ ਧਾਰਮਿਕ ਅਸਥਾਨ ਸੀ। ਇਹ ਗੱਲ ਮੀਡੀਆ ਵਿੱਚ ਭਾਵੇਂ ਖੁੱਲ ਕੇ ਨਹੀਂ ਸੀ ਆ ਰਹੀ ਪਰ ਅੰਦਰ ਹੀ ਅੰਦਰ ਸਿਆਸੀ ਹਲਕਿਆਂ ਦੇ ਨਾਲ ਸਾਹਿਤਿਕ ਅਤੇ ਬੌਧਿਕ ਹਲਕੇ ਇਸ ਮਾਮਲੇ ਵਿੱਚ ਸਰਗਰਮ ਸਨ। ਉਸ ਵੇਲੇ ਫਿਰੋਜਪੁਰ ਸ਼ਹਿਰ ਵਾਲੇ ਬਸ ਅੱਡੇ ਨੇੜਲਾ ਇੱਕ ਕੋਚਿੰਗ ਸੈਂਟਰ ਸਾਹਿਤਿਕ ਸਰਗਰਮੀਆਂ ਦਾ ਗਧ ਵੀ ਹੋਇਆ ਕਰਦਾ ਸੀ। ਕਈ ਕਾਰਨਾਂ ਕਰਕੇ ਮੇਰਾ ਵੀ ਉਥੇ ਅਕਸਰ ਆਉਣਾ ਜਾਣਾ ਸੀ। ਮੈਂ ਕਈ ਇਮਤਿਹਾਨ ਵੀ ਉਥੇ ਹੀ ਦਿੱਤੇ ਸਨ। ਇੱਕ ਦਿਨ ਕਲਾਸ ਖਤਮ ਹੋਈ ਤਾਂ ਵਿਦਿਆਰਥੀਆਂ ਦੇ ਜਾਣ ਮਗਰੋਂ ਬਾਕੀ ਬਚੇ ਮਹਿਮਾਨਾਂ ਵਿੱਚ ਸਾਰਾਗੜ੍ਹੀ ਬਾਰੇ ਬਹਿਸ ਛਿੜ ਪਈ। ਹੋਰਨਾਂ ਚਿਹਰਿਆਂ ਬਾਰੇ ਮੈਨੂੰ ਪੂਰਾ ਪੂਰਾ ਯਾਦ  ਨਹੀਂ ਆ ਰਿਹਾ ਪਰ ਮੇਰੇ ਸਮੇਤ ਤਿੰਨ ਜਣੇ ਇਸ ਬਹਿਸ ਵਿੱਚ ਸ਼ਾਮਿਲ ਸਾਂ। ਸਾਰਾਗੜ੍ਹੀ ਦੀ (ਕਾਰ ਸੇਵਾ) ਕਰਾਉਣ ਵਾਲੇ ਬਾਬਿਆਂ ਦਾ ਸਮਰਥਨ ਕਰਨ ਵਾਲੇ ਇੱਕ ਵਿਦਵਾਨ ਲੇਖਕ ਹੁਣ ਇਸ ਦੁਨੀਆ  ਵਿੱਚ ਨਹੀਂ ਹਨ। ਬਾਬਿਆਂ ਦਾ ਵਿਰੋਧ ਕਰਨ ਵਾਲੇ ਇੱਕ ਹੋਰ ਵਿਦਵਾਨ ਸੱਜਣ ਅੱਜ ਕਲ੍ਹ ਇੱਕ ਉਚ ਸਰਕਾਰੀ ਨੌਕਰੀ ਤੇ ਹਨ। ਉਸ ਸਮੇਂ ਹੋਈ ਬਹਿਸ ਸਮੇਂ ਕਈ ਗੱਲਾਂ ਹੋਈਆਂ  ਇੱਕ ਵਿਚਾਰ ਇਹ ਸੀ ਕਿ ਇਹ ਸੇਵਾ ਵਾਪਿਸ ਬਾਬਿਆਂ ਨੂੰ ਮਿਲ ਜਾਣੀ ਚਾਹੀਦੀ ਹੈ। ਦੂਸਰਾ ਖਿਆਲ ਇਹ ਚੱਲ ਰਿਹਾ ਸੀ ਕਿ ਗੁਲਾਮ ਮਾਨਸਿਕਤਾ ਦੀ ਯਾਦ ਨੂੰ ਤਾਜ਼ਾ ਕਰਨਾ ਕਿਸ ਪਾਸਿਓਂ ਸਿੱਖੀ ਦੀ ਸੇਵਾ ਹੈ ? ਏਥੋਂ ਹੀ ਮਾਮਲਾ ਭਖਿਆ। ਬਾਬਿਆਂ ਦੇ ਸਮਰਥਕ ਉਸ ਵੇਲੇ ਦੇ ਸਿੰਘਾਂ ਦੀਆਂ ਕੁਰਬਾਨੀਂ ਨੂੰ ਨੈਸ਼ਨਲ ਸਪਿਰਿਟ ਆਖ ਕੇ ਜਾਇਜ਼ ਠਹਿਰਾ ਰਹੇ ਸਨ. ਇਸਦਾ ਵਿਰੋਧ ਕਰਨ ਵਾਲੇ ਇਸਦੇ ਜੁਆਬ ਵਿੱਚ ਕਹਿ ਰਹੇ ਸਨ ਕਿ ਫਿਰ ਤਾਂ ਬਲਿਊ ਸਟਾਰ ਓਪਰੇਸ਼ਨ ਵਿੱਚ ਭਾਗ ਲੈਣ ਵਾਲੇ ਸਿਖ ਜਵਾਨਾਂ ਨੂੰ ਕਿਓਂ ਮਾਦਾ ਕਿਹਾ ਜਾਂਦਾ ਹੈ।।ਆਖਿਰਕਾਰ ਓਹ ਵੀ ਤਾਂ ਨੈਸ਼ਨਲ ਸਪਿਰਿਟ ਹੇਠ ਲੜਾਈ ਲੜ ਰਹੇ ਸਨ। ਭੁੱਲਿਆ ਵਿਸਰਿਆ ਇਹ ਸਭ ਕੁਝ ਯਾਦ ਆਇਆ ਹੈ ਅੱਜ ਫੇਸਬੁਕ ਤੇ ਇੱਕ ਪੋਸਟ ਪੜ੍ਹਕੇ। ਸਮਰ ਲੁਧਿਆਣਾ ਦੀ ਇਹ ਪੋਸਟ ਫੇਸਬੁਕ ਦੇ ਇੱਕ ਗਰੁੱਪ ਆਜ਼ਾਦ ਕਲਾ ਮੰਚ ਧਨੌਲਾ ਵਿੱਚ ਪੜ੍ਹੀ। ਇਸ ਪੋਸਟ ਵਿੱਚ ਹਵਾਲਾ ਹੈ ਇੱਕ ਲੇਖ ਦਾ ਜਿਸਨੂੰ ਲਿਖਿਆ ਹੈ ਡਾਕਟਰ ਅਮ੍ਰਿਤ ਨੇ।       
                                                                                                                                     Courtesy Photo
ਸਾਰਾਗਡ਼੍ਹੀ ਬਹਾਨੇ ਗੁਲਾਮ ਮਾਨਸਿਕਤਾ ਬਾਰੇ ਕੁਝ ਗੱਲਾਂ— ਡਾ. ਅੰਮ੍ਰਿਤ
ਅੰਗਰੇਜ਼ਾਂ ਦੀ ਗੁਲਾਮੀ ਨੇ ਭਾਰਤ ਵਿੱਚ ਇੱਕ ਅਜਿਹਾ ਤਬਕਾ ਪੈਦਾ ਕੀਤਾ ਜਿਸ ਦਾ ਕੰਮ ਹੀ ਅੰਗਰੇਜ਼ ਮਾਲਕਾਂ ਦੀ ਵਫ਼ਾਦਾਰੀ ਵਜਾਉਣਾ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਤਬਕਾ ਅੰਗਰੇਜ਼ਾਂ ਦੇ ਜਾਣ ਨਾਲ਼ ਹੀ ਖ਼ਤਮ ਨਹੀਂ ਹੋ ਗਿਆ, ਸਗੋਂ ਅੱਜ ਵੀ ਅੰਗਰੇਜ਼ਾਂ ਤੇ ਉਹਨਾਂ ਦੇ ਸਾਮਰਾਜੀ ਹਿੱਤਾਂ ਲਈ ਲਡ਼ੇ ਲੋਕਾਂ ਨੂੰ ਆਮ ਲੋਕਾਂ ਤੇ ਨੌਜਵਾਨਾਂ ਦੇ 'ਰੋਲ ਮਾਡਲ' ਤੇ 'ਨਾਇਕ' ਬਣਾਉਣ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ਤੇ ਉਹਨਾਂ ਨੂੰ ਅੱਜ ਦੇ 'ਕਾਲੇ ਅੰਗਰੇਜ਼ਾਂ' ਤੋਂ ਭਰਵੀਂ ਹਮਾਇਤ ਵੀ ਮਿਲਦੀ ਹੈ (ਆਖਰ ਮਿਲੇ ਵੀ ਕਿਉਂ ਨਾ!). ਅਜੇਹੀ ਹੀ ਇੱਕ ਕਹਾਣੀ, ਸਾਰਾਗਡ਼੍ਹੀ ਦੀ ਲਡ਼ਾਈ ਦੀ ਹੈ ਜੋ ਅੰਗਰੇਜ਼ਾਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਭਾਰਤੀ ਫੌਜੀਆਂ ਨੇ ਲਡ਼ੀ...ਹੱਥਲੇ ਲੇਖ ਦਾ ਵਿਸ਼ਾ ਵੀ ਸਾਰਾਗਡ਼੍ਹੀ ਦੀ ਲਡ਼ਾਈ ਦੀ ਘਟਨਾ ਦਾ ਵਰਣਨ ਕਰਦੇ ਮਾਨਸਿਕ ਗੁਲਾਮੀ ਤੇ ਬਸਤੀਵਾਦੀ ਜ਼ਿਹਨੀਅਤ ਦੀ ਪੁਣਛਾਣ ਕਰਨਾ ਹੈ ਅਤੇ ਇਸ ਦੇ ਵਰਤਮਾਨ 'ਆਜ਼ਾਦ ਭਾਰਤ' ਵਿੱਚ ਵੀ ਬਣੇ ਰਹਿਣ ਦੇ ਕਾਰਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਨਾ ਹੈ।

ਇਹ ਪੂਰਾ ਲੇਖ ਪਡ਼ਨ ਲਈ ਤੁਸੀਂ ਏਥੇ ਕਲਿੱਕ ਕਰ ਸਕਦੇ ਹੋ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ।ਸਿੱਖ ਜਗਤ ਲਈ ਇਹ ਸੁਆਲ ਕਾਫੀ ਸਮੇਂ ਤੋਂ ਚਰਚਾ ਵਿੱਚ ਹੈ। ਇਸ ਬਾਰੇ ਸੇਧ ਬਹੁਤ ਜ਼ਰੂਰੀ ਹੈ ਕਿ ਇਹ ਬਹਿਸ ਸਿੱਖ ਕੌਮ ਨੂੰ ਕਿਸੇ ਉਸਾਰੂ ਪਾਸੇ ਲੈ ਜਾ ਰਹੀ ਹੈ  ਜਾਂ ਸਿੱਖ ਕੁਰਬਾਨੀਆਂ ਨੂੰ ਮਿੱਟੀ ਘੱਟੇ ਰੋਲਣ ਵਾਲੀ ਕੋਈ ਨਵੀਂ ਸਾਜ਼ਿਸ਼ ? ਇੱਕ ਖਾਸ ਗੱਲ ਕਿ ਦੂਜੇ ਪਾਸੇ ਦੁਸ਼ਮਨ ਦੀ ਭਾਰੀ ਫੌਜ (ਦਸ ਹਜ਼ਾਰ) ਦੇ ਨਾਲ ਇੱਕੀ ਸਿੱਖ ਜਵਾਨਾਂ ਦੀ ਬੇਹੱਦ ਛੋਟੀ ਜਹੀ ਟੁਕੜੀ  ਜਿਸ ਬਹਾਦਰੀ ਨਾਲ ਲੜੀ ਉਸਨੇ ਉਸ ਪੁਰਾਤਨ ਫਲਸਫੇ ਨੂੰ ਆਪਣੇ ਅਮਲ ਨਾਲ ਸਾਬਿਤ ਕੀਤਾ ਕਿ ਸਿੰਘ ਤਾਂ ਸਵਾ ਲੱਖ ਨਾਲ ਵੀ ਇੱਕਲਾ ਲੜ ਸਕਦਾ ਹੈ। ਇਸ ਕੁਰਬਾਨੀ ਨੇ ਫੌਜ ਪ੍ਰਤੀ ਵਫਾਦਾਰੀ ਅਤੇ ਪ੍ਰਤਿਬਧਤਾ ਨੂੰ ਵੀ ਸਾਬਿਤ ਕੀਤਾ ਜਦਕਿ ਅੱਜਕਲ੍ਹ ਹਰ ਵਰਗ ਦੇਸ਼ ਨੂੰ ਵੇਚਣ ਵੱਟਣ ਲਈ  ਛੋਟੇ ਛੋਟੇ ਲਾਲਚਾਂ ਪਿਛੇ ਡੋਲ ਜਾਂਦਾ ਹੈ। ਇਸ ਲਈ ਮੁੱਦਾ ਉਹਨਾਂ ਸਿੰਘਾਂ ਦੀ ਬਹਾਦਰੀ ਜਾਂ ਕੁਰਬਾਨੀ ਦਾ ਨਹੀਂ ਬਲਕਿ ਇਹੀ ਹੈ ਸਿੰਘਾਂ ਨੂੰ ਇਹ ਜੰਗ ਕਿਸ ਧੀਰ ਵੱਲ ਹੋ ਕੇ ਲੜਨੀ ਚਾਹੀਦੀ ਸੀ। ਇਸ ਮੁਦੇ ਨਾਲ ਸਬੰਧਿਤ  ਸੁਆਲ ਦਾ ਜੁਆਬ ਸਿੱਖ ਫਿਲਾਸਫੀ ਅਤੇ ਸਿੱਖ ਤਰਕ ਮੁਤਾਬਿਕ ਹੋਵੇ ਤਾਂ ਉਸਨੂੰ ਸਵੀਕਾਰਨ ਵਿੱਚ ਆਮ ਸਿੱਖ ਲਈ ਵੀ ਕਾਫੀ ਆਸਾਨੀ ਰਹੇਗੀ। ਸੋ ਇਸਦੇ ਹੱਕ ਜਾਂ ਵਿਰੋਧ ਵਿੱਚ ਆਪਣੇ ਵਿਚਾਰ ਜ਼ਰੂਰ ਭੇਜੋ ਪਰ ਦਲੀਲ ਦੇ ਨਾਲ
।       --ਰੈਕਟਰ ਕਥੂਰੀਆ