ਕੇਂਦਰੀ ਗ੍ਰਹਿ ਸਕੱਤਰ ਨੇ ਕੀਤੀ ਪੁਲਿਸ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ
ਛਤੀਸਗੜ੍ਹ 'ਚ ਕਾਂਗਰਸ ਪਾਰਟੀ ਦੇ ਕਾਫ਼ਿਲੇ ਤੇ ਹੋਏ ਹਮਲੇ ਮਗਰੋਂ ਆਖਿਰ ਕੇਂਦਰ ਸਰਕਾਰ ਨੇ ਨਕਸਲ ਪ੍ਰਭਾਵਿਤ ਹਲਕਿਆਂ ਵਿੱਚ ਹੋਰ ਸਖਤੀ ਦੀ ਗੱਲ ਸਪਸ਼ਟ ਸ਼ਬਦਾਂ ਵਿੱਚ ਆਖ ਦਿੱਤੀ ਹੈ। ਕੇਂਦਰੀ ਗ੍ਰਹਿ ਸਕੱਤਰ ਆਰ. ਕੇ. ਸਿੰਘ ਨੇ ਅੱਜ ਸਾਫ਼ ਸਾਫ਼ ਕਿਹਾ ਕਿ ਨਕਸਲੀ ਕਾਰਵਾਈਆਂ ਤੋਂ ਪ੍ਰਭਾਵਿਤ ਖੇਤਰਾਂ 'ਚ ਹੋਰ ਆਪ੍ਰੇਸ਼ਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕੇਂਦਰ ਵੱਲੋਂ ਹੋਰ ਨੀਮ ਫੌਜੀ ਬਲਾਂ ਦੀਆਂ ਟੁਕੜੀਆਂ ਨੂੰ ਪੂਰੀ ਤਰ੍ਹਾਂ ਆਧੁਨਿਕ ਹਥਿਆਰ ਮੁਹੱਈਆ ਕਰਕੇ ਨਕਸਲੀਆਂ ਵਿਰੋਧੀ ਆਪਰੇਸ਼ਨਾਂ 'ਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਰਾਏਪੁਰ ਦੇ ਪੁਲਿਸ ਹੈਡਕੁਆਟਰ ਵਿਖੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਅਸੀਂ ਛੱਤੀਸਗਡ਼੍ਹ ਨਾਲ ਲੱਗਦੇ ਨਕਸਲੀ ਹਿੰਸਾ ਤੋਂ ਪ੍ਰਭਾਵਿਤ ਸੂਬਿਆਂ ਨਾਲ ਵੀ ਤਾਲਮੇਲ ਕਰਾਂਗੇ ਅਤੇ ਕੇਂਦਰ ਵੱਲੋਂ ਨਕਸਲੀਆਂ ਵਿਰੋਧੀ ਆਪਰੇਸ਼ਨਾਂ ਲਈ ਹੋਰ ਸੁਰੱਖਿਆ ਬਲ ਅਤੇ ਆਧੁਨਿਕ ਹਥਿਆਰ ਮੁਹੱਈਆ ਕੀਤੇ ਜਾਣਗੇ। ਜਦੋਂ ਉਨ੍ਹਾਂ ਨੂੰ ਨਕਸਲੀਆਂ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਬਾਰੇ ਪੁੱਛਿਆ, ਜਿਸ ਵਿਚ ਉਨ੍ਹਾਂ ਕੁਝ ਨਿਰਦੋਸ਼ ਲੋਕਾਂ ਦੇ ਮਾਰੇ ਜਾਣ 'ਤੇ ਅਫ਼ਸੋਸ ਜ਼ਾਹਿਰ ਕੀਤਾ ਹੈ, ਤਾਂ ਸ੍ਰੀ ਸਿੰਘ ਨੇ ਕਿਹਾ ਕਿ ਹਾਂ, ਉਨ੍ਹਾਂ ਨੂੰ ਗੋਲੀ ਮਾਰ ਕੇ ਮਾਰ ਦੇਣ ਦੇ ਬਾਵਜੂਦ ਉਹ ਵਿਅਕਤੀ ਉਨ੍ਹਾਂ ਦੇ ਨਿਸ਼ਾਨੇ 'ਤੇ ਨਹੀਂ ਸਨ। ਨਕਸਲੀਆਂ ਖਿਲਾਫ਼ ਫੌਜ ਦੀ ਵਰਤੋਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਬਹੁਤ ਹੀ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਸ ਖੇਤਰ 'ਚ ਫੌਜ ਦੀ ਵਰਤੋਂ ਦੀ ਕੋਈ ਲੋੜ ਨਹੀਂ। ਜਿਕਰਯੋਗ ਹੈ ਕਿ ਸਨਿਚਰਵਾਰ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਨਕਸਲੀਆਂ ਦੇ ਹਮਲੇ 'ਚ ਸੂਬਾ ਕਾਂਗਰਸ ਪ੍ਰਧਾਨ ਨੰਦ ਕੁਮਾਰ ਪਟੇਲ, ਉਨ੍ਹਾਂ ਦਾ ਪੁੱਤਰ ਦਿਨੇਸ਼ ਪਟੇਲ, ਕਾਂਗਰਸੀ ਨੇਤਾ ਮਹੇਂਦਰ ਕਰਮਾ ਸਮੇਤ 29 ਵਿਅਕਤੀ ਮਾਰੇ ਗਏ ਅਤੇ 36 ਹੋਰ ਜ਼ਖ਼ਮੀ ਹੋ ਗਏ ਸਨ। ਇਸ ਹਮਲੇ ਵਿੱਚ ਨਕਸਲਬਾੜੀਆਂ ਦੇ ਕੱਟੜ ਦੁਸ਼ਮਨ ਮਹਿੰਦਰ ਕਰਮਾ ਦੀ ਮੌਤ ਤੋਂ ਬਾਅਦ ਉਹਨਾਂ ਧਿਰਾਂ ਦਾ ਮਨੋਬਲ ਕਮਜ਼ੋਰ ਹੋਣ ਦਾ ਖਦਸ਼ਾ ਵੀ ਪੈਦਾ ਹੋ ਗਿਆ ਸੀ ਜਿਹੜੀਆਂ ਖੁੱਲ ਕੇ ਨਕਸਲੀ ਗਰੁੱਪਾਂ ਵਿਰੁਧ ਲੜ ਰਹੀਆਂ ਹਨ। ਹੁਣ ਨਵਾਂ ਮਹਿੰਦਰ ਕਰਮਾ ਲਭਣਾ ਸਰਕਾਰ ਲਈ ਕੋਈ ਆਸਾਨ ਕੰਮ ਨਹੀਂ ਹੋਣਾ। ਕੇਂਦਰ ਵੱਲੋਂ ਕਾਰਵਾਈ 'ਚ ਤੇਜ਼ੀ ਲਿਆਉਣ ਦੇ ਬਿਆਨਾਂ ਨਾਲ ਨਕਸਲੀ ਚੁਨੌਤੀ ਵਿਰੁਧ ਸਰਗਰਮ ਤਾਕਤਾਂ ਨੂੰ ਇੱਕ ਨਵੀਂ ਹੱਲਾਸ਼ੇਰੀ ਵੀ ਮਿਲੇਗੀ।
No comments:
Post a Comment