Monday, July 12, 2021

ਪ੍ਰਧਾਨ ਮੰਤਰੀ ਮੋਦੀ ਨੂੰ ਭੇਟ ਪੁਸਤਕ ਦੀ ਕੇਂਦਰੀ ਸਿੰਘ ਸਭਾ ਵੱਲੋਂ ਵੀ ਆਲੋਚਨਾ

Monday: 12th July 2021 at 4:42 PM  WhatsApp

ਗੁਰੂ ਗੋਬਿੰਦ ਸਿੰਘ ਦੀ ਰਮਾਇਣ-ਸਿੱਖ-ਸਿਧਾਂਤਾਂ ਤੇ ਹਮਲਾ-ਕੇਂਦਰੀ ਸਿੰਘ ਸਭਾ


ਚੰਡੀਗੜ੍ਹ
: 12 ਜੁਲਾਈ 2021: (ਪੰਜਾਬ ਸਕਰੀਨ ਬਿਊਰੋ):: 

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨਾਲ ਜੁੜ੍ਹੇ ਬੁਧੀਜੀਵੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਬਕਾ ਰਾਜ ਸਭਾ ਮੈਂਬਰ ਸੀਨੀਅਰ ਸੁਪਰੀਮ ਕੋਰਟ ਵਕੀਲ ਕੇ.ਟੀ.ਐਸ ਤੁਲਸੀ ਵੱਲੋਂ ਭੇਟ ‘ਗੁਰੂ ਗੋਬਿੰਦ ਸਿੰਘ ਜੀ ਦੀ ਰਮਾਇਣ’ ਸਿੱਖ ਸਿਧਾਂਤ ਉੱਤੇ ਸਿੱਧਾ ਹਮਲਾ ਹੈ ਕਿਉਂਕਿ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਰਮਾਇਣ ਨਹੀਂ ਲਿਖੀ।

ਸ੍ਰੀ ਗੁਰੂ ਕੇਂਦਰੀ ਸਿੰਘ ਸਭਾ ਦੀ ਫਾਈਲ ਫੋਟੋ 
ਦਸਵੇਂ ਪਾਤਸ਼ਾਹ ਦੇ ਨਾਮ ਨਾਲ ਰਮਾਇਣ ਜੋੜ੍ਹਕੇ ਹਿੰਦੂਤਵੀਂ ਬ੍ਰਾਹਮਣਵਾਦੀ ਤਾਕਤਾਂ ਵੱਲੋਂ ਸਿੱਖ ਧਰਮ ਅਤੇ ਹਿਸਟਰੀ ਦੇ ਨਿਵੇਕਲੇਪਣ ਨੂੰ ਖਤਮ ਕਰਨਾ ਅਤੇ ਹਿੰਦੂ ਮਿਥਿਹਾਸਕ ਰਚਨਾਵਾਂ ਨੂੰ ਇਤਿਹਾਸਕ ਪ੍ਰਮਾਣਤਾ ਦੇਣ ਦੀਆਂ ਪੇਤਲੀਆਂ ਕੋਸ਼ਿਸ਼ਾਂ ਹਨ।

ਪਹਿਲਾਂ ਵੀ ਅਯੁੱਧਿਆਂ ਵਿੱਚ ਰਾਮ ਮੰਦਰ ਦੀ ਨੀਂਹ ਰੱਖਣ ਵੇਲੇ ਦੀ ਨਰਿੰਦਰ ਮੋਦੀ ਨੇ ਆਪਣੀ ਤਕਰੀਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਮਾਇਣ ਲਿਖੇ ਜਾਣ ਦਾ ਝੂਠਾ ਹਵਾਲਾ ਦਿੱਤਾ ਸੀ ਜਿਸ ਦਾ ਸਿੱਖ ਵਿਦਵਾਨਾਂ ਨੇ ਭਰਵਾਂ ਵਿਰੋਧ ਕੀਤਾ ਸੀ।

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰਾਮ ਦਸ਼ਰਥ-ਪੁੱਤਰ ਨਹੀਂ ਸਗੋਂ ਬ੍ਰਹਿਮੰਡ ਦੇ ਕਣ-ਕਣ ਵਿੱਚ ਰਮਿਆ ਹੋਇਆ ਰਾਮ ਹੈ।

ਰਮਤ ਰਾਮੁ ਸਭ ਰਹਿਓ ਸਮਾਇ॥ (ਪੰਨਾ 865)।

ਰਮਤ ਰਾਮ ਘਟ ਘਟ ਆਧਾਰ। (ਪੰਨਾ 897)

ਦਸ਼ਰਥ ਪੁਤਰ ਰਾਮ ਚੰਦ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਵਿਚ ਬੜਾ ਸਪਸ਼ਟ ਦਰਜ ਹੈ

ਰੋਵੈ ਰਾਮੁ ਨਿਕਾਲਾ ਭਇਆ॥

ਸੀਤਾ ਲਖਮਣੁ ਵਿਛੁੜਿ ਗਇਆ॥ (ਪੰਨਾ 954)।

ਬੁੱਧੀਜੀਵੀਆਂ ਨੇ ਕਿਹਾ ਕਾਂਗਰਸ ਨੇ ਤੁਲਸੀ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਸੀ ਕਿਉਂਕਿ ਉਹ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਵਿੱਚ ਫਸੇ ਪੁਲਿਸ ਅਫਸਰਾਂ ਦੇ ਕੇਸ ਸੁਪਰੀਮ ਕੋਰਟ ਵਿੱਚ ਲੜ੍ਹਦਾ ਰਿਹਾ ਸੀ। ਹੁਣ ਉਹ ਆਪਣੀ ਸਵਰਗਵਾਸੀ ਮਾਤਾ ਵੱਲੋਂ ਲਿਖੀ ਅਖੌਤੀ ‘ਗੁਰੂ ਗੋਬਿੰਦ ਸਿੰਘ ਜੀ ਦੀ ਰਮਾਇਣ’ ਨੂੰ ਪ੍ਰਧਾਨ ਮੰਤਰੀ ਨੂੰ ਪੇਸ਼ ਕਰਕੇ ਅੱਜ ਦੀ ਸੱਤਾ ਦੇ ਗਲਿਆਰਿਆਂ ਵਿੱਚ ਆਪਣੀ ਥਾਂ ਬਣਾਉਣੀ ਚਾਹੁੰਦਾ ਹੈ।

ਦੁਖਦਾਇਕ ਪਹਿਲੂ ਇਹ ਹੈ ਕਿ ਭਾਜਪਾ ਦੀਆਂ ਸਰਕਾਰਾਂ ਵੱਲੋਂ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਹਿੰਦੂ ਤੀਰਥਾਂ ਉੱਤੇ ਬਣੀਆਂ ਯਾਦਗਾਰਾਂ ਨੂੰ ਸੁਚੇਤ ਰੂਪ ਵਿੱਚ ਖਤਮ ਕੀਤਾ ਜਾ ਰਿਹਾ ਹੈ। ਇਹਨਾਂ ਵਿੱਚੋਂ ਹਰਿਦੁਆਰ ਵਿੱਚ ਗੁਰਦੁਆਰਾ ਗਿਆਨ ਗੋਦੜੀ, ਜਗਨ ਨਾਥਪੁਰੀ ਵਿੱਚ “ਮੰਗੂ ਮੱਠ” ਕੁਰਕਸ਼ੇਤਰ ਵਿੱਚ ਫੇਰੀ ਦੀ ਯਾਦ ਵਿੱਚ ਬਣੇ ਇਤਿਹਾਸਕ ਅਸਥਾਨ ਖਾਸ ਹਵਾਲੇਯੋਗ ਹਨ।

ਬੁੱਧੀਜੀਵੀਆਂ ਨੇ ਕਿਹਾ ਹਿੰਦੂਤਵ ਹਾਕਮਾਂ ਵੱਲੋਂ ਨਿਵੇਕਲੇ ਸਿੱਖ ਸਿਧਾਂਤ ਅਤੇ ਤਵਾਰੀਖ ਨੂੰ ਗੰਧਲਾ ਕਰਨ ਦੀ ਕੋਸ਼ਿਸ਼ਾਂ ਦਾ ਸਿੱਖਾਂ ਵੱਲੋਂ ਪੁਰਜ਼ੋਰ ਵਿਰੋਧ ਕਰਨਾ ਚਾਹੀਦਾ ਹੈ।

ਇਸ ਸਾਂਝੇ ਬਿਆਨ ਵਿੱਚ ਜਸਪਾਲ ਸਿੰਘ ਸਿੱਧੂ ਪੱਤਰਕਾਰ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ ਸੰਪਾਦਕ ਦੇਸ ਪੰਜਾਬ, ਡਾ: ਕੁਲਦੀਪ ਸਿੰਘ ਸਰਜਨ ਪਟਿਆਲਾ, ਪ੍ਰੋਫੈਸਰ ਬਾਵਾ ਸਿੰਘ ਕੌਮੀ ਘੱਟ ਗਿਣਤੀਆ ਕਮਿਸ਼ਨ,  ਰਜਿੰਦਰ ਸਿੰਘ (ਖਾਲਸਾ ਪੰਚਾਇਤ), ਡਾ. ਪਿਆਰੇ ਲਾਲ ਗਰਗ, ਇੰਜ. ਗੁਰਪਾਲ ਸਿੰਘ ਸਿੱਧੂ, ਪ੍ਰੋਫੈਸਰ ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਂਸਲ, ਸੁਰਿੰਦਰ ਸਿੰਘ ਕਿਸ਼ਨਪੁਰਾ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ ਸਿੰਘ ਦੇ ਨਾਮ ਵੀ ਸ਼ਾਮਲ ਹਨ। 

ਜ਼ਿਕਰਯੋਗ ਹੈ ਕਿ ਜਦੋਂ 9 ਜੁਲਾਈ ਨੂੰ ਇਸ ਪੁਸਤਕ ਦੀ ਪਹਿਲੀ ਕਾਪੀ ਪ੍ਰਧਾਨਮੰਤਰੀ ਨਰੇਂਦਰ ਮੋਦੀ ਹੁਰਾਂ ਨੂੰ  ਭੇਂਟ ਕੀਤੀ ਗਈ ਤਾਂ ਇਸ ਪੁਸਤਕ ਰਿਲੀਜ਼ ਦੀਆਂ ਇਹਨਾਂ ਤਸਵੀਰਾਂ ਦਾ ਹੜ੍ਹ ਜਿਹਾ ਆ ਗਿਆ। ਖੁਦ ਪ੍ਰਧਾਨਮੰਤਰੀ ਮੋਦੀ ਵੱਲੋਂ ਟਵਿੱਟਰ ਤੇ ਕਈ ਤਸਵੀਰਾਂ ਰਿਲੀਜ਼ ਕੀਤੀਆਂ ਗਈਆਂ। ਇਸ ਫ਼ੰਕਸ਼ਨ ਨੇ ਸਾਬਿਤ ਕੀਤਾ ਕਿ ਜੇ ਸਰਕਾਰਾਂ ਚਾਹੁਣ ਤਾਂ ਬਿਨਾ ਕੋਈ ਵੱਡਾ ਫ਼ੰਕਸ਼ਨ ਕੀਤਿਆਂ ਵੀ ਰਸਮੀ ਜਿਹੇ ਫ਼ੰਕਸ਼ਨ ਨੂੰ ਸੋਸ਼ਲ ਮੀਡੀਆ ਦੇ ਸਹਾਰੇ ਨਾਲ ਵੱਡੀ ਪੱਧਰ ਤੇ ਪ੍ਰਚਾਰਿਆ ਜਾ ਸਕਦਾ ਹੈ। ਇਸ ਸਮਾਗਮ ਦੀਆਂ ਖਬਰਾਂ ਬਾਹਰ ਆਉਣ ਤੋਂ ਬਾਅਦ ਸਰਗਰਮ ਸਿੱਖ ਚਿੰਤਕ ਅਤੇ ਖੱਬੇਪੱਖੀ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਨੇ ਕੁਝ ਲੋਕਾਂ ਅੱਗੇ ਸੁਆਲ ਵੀ ਖੜੇ ਕੀਤੇ ਸਨ।  

ਉਹਨਾਂ ਵਟਸਐਪ ਰਾਹੀਂ ਭੇਜੇ ਆਪਣੇ ਇੱਕ ਸੁਨੇਹੇ ਵਿੱਚ ਕਿਹਾ ਸੀ,"ਆਪਣੇ ਆਪ ਨੂੰ ਸਿੱਖੀ ਦੇ ਰਾਖੇ , ਵਿਦਵਾਨ ਤੇ ਇਤਿਹਾਸਕਾਰ ਕਹਾਉਣ ਵਾਲੇ ਅਜਮੇਰ ਸਿੰਘ, ਸੁਖਪ੍ਰੀਤ ਸਿੰਘ ਉੱਧੋਕੇ , ਕਰਮਜੀਤ ਸਿੰਘ ਪੱਤਰਕਾਰ, ਗੁਰਦਰਸ਼ਨ ਸਿੰਘ ਢਿੱਲੋਂ, ਗੁਰਤੇਜ ਸਿੰਘ, ਅਜੇਪਾਲ ਸਿੰਘ, ਗੁਰਬਚਨ ਸਿੰਘ ਜਲੰਧਰ, ਜਸਪਾਲ ਸਿੰਘ ਸਿੱਧੂ , ਅਮਰੀਕਨ ਸਿੱਖ ਕਾਕਸ ਬਣਾਉਣ ਵਾਲੇ ਰ ਸ ਸ ਦੀ ਸਰਪ੍ਰਸਤੀ ਵਾਲੇ ਡਾ: ਪਿਰਤਪਾਲ ਸਿੰਘ, ਜਸਜੀਤ ਸਿੰਘ ਚੇਲਾ, ਪ੍ਰਭਸ਼ਰਨਦੀਪ ਸਿੰਘ , ਰੈਫਰੰਡਮ 2020 ਵਾਲੀ ਘੋਨਮੋਨ ਸੈਨਾ , ਰਵੀ ਸਿੰਘ ਖਾਲਸਾ ਏਡ , tv 84 ਵਾਲਾ ਅਮਰਜੀਤ ਤੇ ਸਰਬਜੀਤ ਘੁਮਾਣ, ਨਿਸ਼ਾਨ ਸਾਹਬੀਏ ਦੀਪ ਸਿੱਧੂ ਤੇ ਉਸਦੀ ਫੇਸ ਬੁੱਕੀ ਮੰਢੀਰ ਹੁਣ ਇਸ ਬਾਰੇ ਆਪਣਾ ਪੱਖ ਰੱਖੇ ਸਿੱਖਾਂ ਸਾਹਮਣੇ। ਹੁਣ ਚਰਚਾ ਸ਼ੁਰੂ ਹੈ ਅਤੇ ਦੇਖਣਾ ਹੈ ਕੌਣ ਕੌਣ ਇਸ ਬਾਰੇ ਆਪਣਾ ਕੀ ਕੀ ਪੱਖ ਸਾਹਮਣੇ ਰੱਖਦਾ ਹੈ! 

ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਾੜਨ ਅਤੇ ਕਦੇ ਸਰੂਪ ਨੂੰ ਅੱਗਾਂ ਲਾਉਣ ਦੀਆਂ ਘਟਨਾਵਾਂ ਤੋਂ ਬਾਅਦ ਅਜਿਹੇ ਘਟਨਾਕ੍ਰਮ ਕੀ ਸੰਕੇਤ ਦੇਂਦੇ ਹਨ?


No comments: