Showing posts with label ਇੰਜੀ. ਮਨਵਿੰਦਰ ਸਿੰਘ ਗਿਆਸਪੁਰ. Show all posts
Showing posts with label ਇੰਜੀ. ਮਨਵਿੰਦਰ ਸਿੰਘ ਗਿਆਸਪੁਰ. Show all posts

Saturday, March 02, 2019

ਮਨਵਿੰਦਰ ਸਿੰਘ ਗਿਆਸਪੁਰਾ ਦੇ ਉੱਦਮ ਸਦਕਾ ਸੰਗੋਵਾਲ 'ਚ ਲੋਕ ਲਾਮਬੰਦੀ ਸ਼ੁਰੂ

ਦਲਿਤ ਪਰਿਵਾਰ ਦੇ ਹੱਕ ਵਿੱਚ ਟੋਰਾਂਟੋ ਦੀ ਸੋਸਾਇਟੀ ਵੀ ਪਰਿਵਾਰ ਕੋਲ ਪੁੱਜੀ
ਲੁਧਿਆਣਾ: 2 ਮਾਰਚ 2019: (ਪੰਜਾਬ ਸਕਰੀਨ ਬਿਊਰੋ)::
ਅਜੇ ਈਸੇਵਾਲ ਅਤੇ ਹੋਰਨਾਂ ਥਾਵਾਂ ਤੇ ਇਆਨ ਘਟਨਾਵਾਂ ਦੀ ਚਰਚਾ ਠੰਡੀ ਵੀ ਨਹੀਂ ਸੀ ਪਈ ਕਿ ਪਿਡਂ ਸੰਗੋਵਾਲ ਵਿੱਚ ਨਵਾਂ ਕਾਂਡ ਵਾਪਰ ਗਿਆ। ਇੱਕ ਗਰੀਬ ਦਲਿਤ ਪਰਿਵਾਰ ਦੀ ਕੁੜੀ ਨੇ ਸਮਾਜਿਕ ਨਮੋਸ਼ੀ ਅਤੇ ਬਹੂਬਲੀਆਂ ਦੇ ਦਾਬੇ ਕਾਰਨ ਖ਼ੁਦਕੁਸ਼ੀ ਵਾਲਾ ਰਾਹ ਚੁਣ ਲਿਆ। ਚੇਤੇ ਰਹੇ ਕਿ ਪਿੰਡ ਸੰਗੋਵਾਲ ਵਿੱਚ ਦੋ ਲੜਕਿਆਂ ਵਲੋਂ ਦਲਿਤ ਲੜਕੀ ਨਾਲ ਦਿਨ ਦਿਹਾੜੇ ਜਬਰਦਸਤੀ ਕੀਤੀ ਗਈ ਸੀ। ਸ਼ਰੇਆਮ ਕੀਤਾ ਗਿਆ ਇਹ ਕਾਰਾ ਅਮਨ ਕਾਨੂੰਨ ਦੀ ਮੌਜੂਦਾ ਸਥਿਤੀ ਦੀ ਤਾਜ਼ਾ ਤਸਵੀਰ ਸੀ। ਇਹ ਘਟਨਾ ਦੱਸਦੀ ਸੀ ਕਿ ਅਮਨ ਕਾਨੂੰਨ ਦੇ ਰੱਖੀਆਂ ਦਾ ਹੁਣ ਗੁੰਡਾਗਰਦੀ ਕਰਨ ਵਾਲਿਆਂ ਨੂੰ ਕੋਈ ਡਰ ਨਹੀਂ ਰਿਹਾ। ਇਸ ਘਟਨਾ ਤੋਂ ਬਾਅਦ ਪੈਦਾ ਹੋਏ ਲੋਕ ਰੋਹ ਨੇ ਇਹ ਸਾਰਾ ਮਾਮਲਾ ਰਫੜਫਾ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਵੀ ਨਾਕਾਮ ਕਰ ਦਿਤੀਆਂ। ਇਸ ਘਟਨਾ ਨੇ ਦੂਰ ਤੱਕ ਆਪਣਾ ਅਸਰ ਛੱਡਿਆ ਅਤੇ ਟੋਰਾਂਟੋ ਰਹਿੰਦੇ ਲੋਕ ਪੱਖੀ ਸੰਗਠਨ ਵੀ ਇਸ ਪਰਿਵਾਰ ਦੀ ਸਹਾਇਤਾ ਲਈ ਆ ਪਹੁੰਚੇ। ਇਹ ਜਾਣਕਾਰੀ ਦੇਂਦਿਆਂ ਹੋਂਦ ਚਿਲੱੜ ਵਾਲੇ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਉਹ ਵੀ ਆਪਣੇ ਸਾਥੀਆਂ ਸਮੇਤ ਪਿੰਡ ਸੰਗੋਵਾਲ ਵਿੱਚ ਕਈ ਵਾਰ ਪੁੱਜੇ ਤਾਂਕਿ ਪੀੜਿਤ ਪਰਿਵਾਰ ਅਤੇ ਆਲੇ ਦੁਆਲੇ ਦੇ ਲੋਕਾਂ ਦਾ ਮਨੋਬਲ ਤਕੜਾ ਰੱਖਿਆ ਜਾ ਸਕੇ। ਇਸ ਦਾ ਮਕਸਦ ਇਹ ਵੀ ਸੀ ਤਾਂਕਿ ਪਤਾ ਲਾਇਆ ਜਾ ਸਕੇ ਕਿ ਆਖਿਰ ਲੜਕੀ ਨੇ ਕਿਉਂ ਕੀਤੀ ਆਤਮ ਹੱਤਿਆ?  ਦੋਸੀਆਂ ਨੂੰ ਕਿਸ ਨੇ ਬਚਾਇਆ? ਪੁਲਿਸ ਦਾ ਰੋਲ ਕਿਹੋ ਜਿਹਾ ਰਿਹਾ?  ਜੱਟ ਕਮਿਉਨਿਟੀ ਦਾ ਰੋਲ ਕੀ ਸੀ???
ਸੰਗੋਵਾਲ ਦਾ ਦਲਿਤ ਪਰਿਵਾਰ ਇਕ ਧਨਾਢ ਕੋਲ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੇ ਘਰ ਦਾ ਸਾਫ ਸਫਾਈ ਤੇ ਖੇਤੀਬਾੜੀ ਦਾ ਕੰਮ ਕਰਦਾ ਸੀ। ਦਲਿਤ ਪਰਿਵਾਰ ਦਾ ਇੱਕ ਨੌਜਵਾਨ ਲੜਕਾ ਵੀ ਸੀ ਪਰ ਬਦਕਿਸਮਤੀ ਕਿ ਉਸ ਦੀ ਮਹੀਨਾ ਕੁ ਪਹਿਲਾ ਮੌਤ ਹੋ ਗਈ ਸੀ। ਪਰਿਵਾਰ ਅਜੇ ਗਹਿਰੇ ਸਦਮੇ ਤੋਂ ਉਭਰ ਵੀ ਨਹੀਂ ਸੀ ਪਾਇਆ ਕਿ ਹਵਸ ਦੇ ਭੇੜੀਆਂ ਨੇ ਭਰਾ ਦੀ ਮੌਤ ਮਗਰੋਂ ਇਸ ਕੁੜੀ ਨੂੰ ਲਾਵਾਰਸ ਹੀ ਸਮਝ ਲਿਆ। ਭਰਾ ਦੀ ਮੌਤ ਤੋਂ ਬਾਅਦ ਇਸ ਪਰਿਵਾਰ ਵਿੱਚ ਇਕ ਲੜਕੀ ਅਤੇ ਇਕ ਲੱਤਾਂ ਤੋ ਨਕਾਰਾ ਲੜਕਾ ਅਤੇ ਬੇਹੱਦ ਗਰੀਬ ਮਾਂ ਬਾਪ ਹੀ ਸਨ। ਲੜਕੀ ਸੁਨੱਖੀ ਸੀ ਤੇ ਉੱਚ ਜਾਤੀਏ ਭੇੜੀਆਂ ਦੀ ਉਸ 'ਤੇ ਮਾੜੀ ਨਜ਼ਰ ਸੀ। ਮਹੀਨਾ ਪਹਿਲਾਂ ਹੀ ਭਰਾ ਦੀ ਮੌਤ ਹੋ ਜਾਣ ਕਾਰਨ ਉਹਨਾਂ ਲਈ ਲੜਕੀ ਨੂੰ ਨਿਸ਼ਾਨਾ ਬਣਾਉਣਾ ਹੋਰ ਵੀ ਸੁਖਾਲਾ ਹੋ ਗਿਆ ਸੀ। ਇਹ ਦਰਿੰਦਗੀ ਭਰੀ ਘਟਨਾ ਸਾਡੇ ਸਮਾਜ ਦਾ ਕਰੂਪ ਚੇਹਰਾ ਬੇਨਕਾਬ ਕਰਦੀ ਹੈ। 
ਮਿਲੇ ਵੇਰਵੇ ਮੁਤਾਬਿਕ 19 ਫਰਵਰੀ 2019 ਨੂੰ ਸ਼ਾਮੀ ਤਕਰੀਬਨ 5 ਵਜੇ ਇਹ ਲੜਕੀ ਜਮੀਦਾਰਾਂ ਦੇ ਘਰ ਤੋਂ ਘਰੇਲੂ ਕੰਮ ਨਿਪਟਾ ਕੇ ਘਰ ਵਾਪਿਸ ਆ ਰਹੀ ਸੀ ਤਾਂ ਪਹਿਲਾਂ ਤੋਂ ਹੋ ਘਾਤ ਲਗਾਈ ਬੈਠੇ ਜਮੀਦਾਰਾਂ ਦੇ ਲੜਕਿਆਂ ਨੇ ਸਰੇਆਮ ਇਸ ਲੜਕੀ ਨੂੰ ਫੜ ਲਿਆ। ਉਹਨਾਂ ਭੇੜੀਏ ਦੀ ਤਰਾਂ ਇਸ ਲੜਕੀ ਨੂੰ ਨੋਚਣਾ ਸੁਰੂ ਕਰ ਦਿਤਾ। ਲੜਕੀ ਨੇ ਬਹੁਤ ਰੌਲਾ ਪਾਇਆ  ਕੁੱਝ ਬੀਬੀਆਂ ਭੱਜ ਕੇ ਵੀ ਆਈਆਂ ਪਰ ਅਮਨ ਕਾਨੂੰਨ ਅਤੇ ਸਮਾਜ ਤੋਂ ਬੇਖੌਫ ਹੋਏ ਹਵਸ ਦੇ ਉਹਨਾਂ ਦਰਿੰਦਿਆਂ ਦੀ ਹਿੰਮਤ ਐਨੀ ਸੀ ਕਿ ਲੜਕੀ ਨੂੰ ਛੱਡ ਨਹੀ ਸੀ ਰਹੇ। ਸਭ ਦੇ ਸਾਹਮਣੇ ਵੀ ਖਿੱਚੇ ਧੂਹੀ ਕਰਦੇ ਰਹੇ। ਕਹਿੰਦੇ ਚਮਾਰੀ ਮਸਾਂ ਹੱਥ ਆਈ ਆ ਅੱਜ ਨੀ ਛੱਡਦੇ। ਲੜਕੀ ਦੇ ਮਾ ਬਾਪ ਪਹੁੰਚ ਗਏ ਉਹਨਾ ਨੇ ਇਹਨਾਂ ਮੁਸ਼ਟੰਡਿਆਂ ਨੂੰ ਕਾਬੂ ਕੀਤਾ। ਏਨੇ ਨੂੰ ਉਹ ਜਮੀਦਾਰ ਜਿਸ ਕੋਲ ਲੜਕੀ ਕੰਮ ਕਰਦੀ ਸੀ ਉਹ ਆਇਆ ਤੇ ਉਹਨਾਂ ਲੜਕਿਆਂ ਨੂੰ ਇਹ ਕਹਿ ਕੇ ਗੱਡੀ ਵਿਚ ਬੈਠਾ ਕੇ ਨਾਲ ਲੈ ਗਿਆ ਕਿ ਮੈਂ ਇਹਨਾਂ ਸਾਲਿਆਂ ਦਾ ਕੰਮ ਮੁਕਾ ਕੇ ਆਉਂਦਾ ਹਾਂ ਤੁਸੀ ਫਿਕਰ ਨਾ ਕਰੋ ਕਿਸੇ ਕੋਲ ਗੱਲ ਨਹੀਂ ਕਰਨੀ।
ਧਨਾਢ ਜਿੰਮੀਦਾਰ ਉਹਨਾਂ ਨੂੰ ਗੱਡੀ ਵਿੱਚ ਬੈਠਾ ਕੇ ਆਲਮਗੀਰ ਛੱਡ ਆਇਆ। ਇਹ ਗੱਲ ਹੌਲੀ ਹੌਲੀ ਪਿੰਡ ਵਿੱਚ ਫੈਲਣ ਲੱਗੀ।  ਉਸ ਧਨਾਢ ਨੇ ਪਰਿਵਾਰ ਨੂੰ ਧਮਕੀ ਦਿੱਤੀ ਕਿ ਜੇ ਉਹਨਾਂ ਨੇ ਇਸ ਬਾਰੇ ਕਿਸੇ ਕੋਲ ਮੂੰਹ ਖੋਲਿਆ ਤਾਂ ਉਸਨੂੰ ਮਾਰ ਦਿਤਾ ਜਾਵੇਗਾ। ਇਸਦੇ ਨਾਲ ਹੀ ਉਸਨੇ ਇਸ ਲੜਕੀ ਨੂੰ ਕੰਮ ਤੇ ਆਉਣ ਤੋਂ ਵੀ ਮਨਾ ਕਰ ਦਿਤਾ। ਜੰਗ ਦੇ ਮਾਹੌਲ ਵਿੱਚ ਇਹ ਪਰਿਵਾਰ ਆਪਣੀ ਇਜ਼ਤ ਦੀ ਜੰਗ ਹਾਰ ਗਿਆ ਸੀ। ਬਾਹੂਬਲੀਏ ਇੱਕ ਵਾਰ ਫੇਰ ਜਿੱਤ ਗਏ ਸਨ। 
ਲੜਕੀ ਇਕ ਤਾਂ ਇੱਜ਼ਤ ਗੁਆਉਣ ਕਾਰਨ ਸਦਮੇ ਵਿੱਚ ਸੀ ਦੂਸਰਾ ਜਿਸ ਕੋਲ 8 ਸਾਲ ਤੋਂ ਬਿਨਾ ਤਨਖਾਹ ਲਏ ਇਸ ਆਸ ਤੇ ਹੀ ਕੰਮ ਕਰ ਰਹੀ ਸੀ ਕਿ ਇਹ ਧਨਾਢ ਮੇਰੇ ਵਿਆਹ ਤੇ ਖਰਚਾ ਕਰੇਗਾ ਉਸ ਵਲੋਂ ਹੀ ਧੋਖਾ ਦਿੱਤੇ ਜਾਣ ਤੋਂ ਗਹਿਰੇ ਸਦਮੇ ਵਿੱਚ ਆ ਗਈ ਸੀ।  ਉਸ ਨੇ ਜੀਣ ਨਾਲੋਂ ਮੌਤ ਨੂੰ ਗਲੇ ਲਗਾਉਣਾ ਠੀਕ ਸਮਝਿਆ ਕਿਉਕਿ ਉਸ ਨੂੰ ਪਤਾ ਸੀ ਕਿ ਉਸ ਦੇ ਬੇਹੱਦ ਗਰੀਬ ਮਾਂ ਬਾਪ ਅਤੇ ਅਪਾਹਜ ਭਰਾ ਇਹਨਾਂ ਬਾਹੂਬਲੀਆਂ ਨਾਲ ਨਹੀਂ ਲੜ ਸਕਣਗੇ।  ਸੋਹਣੀ ਸੁਨੱਖੀ ਸੁਚੱਜੀ ਧੀ ਨੇ ਪੱਖੇ ਨੂੰ ਚੁੰਨੀ ਵਲੇਟ ਕੇ ਮੌਤ ਨੂੰ ਗਲੇ ਲਗਾਉਣਾ ਠੀਕ ਸਮਝਿਆ ਕਿਉਕਿ ਸਾਡੇ ਗਰੀਬਾਂ ਪੱਲੇ ਇੱਜ਼ਤ ਤੋਂ ਬਿਨਾ ਹੀ ਹੈ ਹੋਰ ਹੈ ਕੀ??
ਏਨਾ ਕੁਝ ਹੋ ਜਾਣ ਤੇ ਵੀ ਪੁਲਿਸ ਨਹੀਂ ਜਾਏਗੀ। ਪੁਲਿਸ ਦਾ ਰੋਲ ਮਾਮਲੇ ਨੂੰ ਰਫੜਫਾ ਕਰਾਉਣ ਵਾਲੇ ਵਿਚੋਲੀਏ ਵਾਂਗ ਰਿਹਾ। 
22 ਫਰਵਰੀ ਦੀ ਦੁਪਿਹਰ ਦਲਿਤ ਦੀ ਬੇਟੀ ਨੇ ਇੱਜ਼ਤ ਗੁਆ ਕੇ ਮੌਤ ਨੂੰ ਅਪਣਾਉਣ ਦੀ ਤਰਜੀਹ ਦੇਣ ਤੋਂ ਬਾਅਦ ਪੁਲਿਸ ਆਈ ਅਤੇ ਉਸ ਨੇ ਪੋਸਟਮਾਰਟਮ ਕਰਵਾਉਣ ਲਈ ਲਾਸ਼ ਨੂੰ ਕਬਜੇ ਵਿੱਚ ਲਿਆ ਅਤੇ ਲੁਧਿਆਣੇ ਸਿਵਲ ਹਸਪਤਾਲ ਲੈ ਆਏ। ਪਿੰਡ ਦੇ ਗਮਗੀਨ ਲੋਕ ਵੀ ਹਸਪਤਾਲ ਪਹੁੰਚੇ। ਸ਼ਾਮੀ ਸੱਤ ਵਜੇ ਤੱਕ ਖੜੇ ਰਹੇ। ਕੋਈ ਪਰਸ਼ਾਸਨਿਕ ਅਧਿਕਾਰੀ ਨਹੀ ਪੁੱਜਾ। ਪਰਸ਼ਾਸਨ ਨੇ  ਸ਼ਾਇਦ ਗਰੀਬਾਂ ਨੂੰ ਕੀੜੇ ਮਕੌੜੇ ਹੀ ਸਮਝਿਆ ਹੋਇਆ ਹੈ। ਉਹਨਾਂ ਨੂੰ ਕੀ! ਥਾਣਾ ਡੇਹਲੋਂ ਇੰਚਾਰਜ ਆਇਆ ਤੇ ਅਗਲੇ ਦਿਨ 23 ਫਰਵਰੀ ਨੂੰ ਸਵੇਰੇ 9 ਵਜੇ ਪੋਸਟਮਾਰਟਮ ਦਾ ਟਾਈਮ ਦੇ ਕੇ ਚਲਾ ਗਿਆ। ਪੁਲਿਸ ਦੀ ਹਰ ਗੱਲ ਨੂੰ ਸੱਤ ਕਹਿ ਕੇ ਮੰਨਣ ਵਾਲੇ ਲੋਕ ਘਰਾਂ ਨੂੰ ਪਰਤ ਗਏ। ਅਗਲੇ ਦਿਨ ਸਵੇਰੇ 9 ਵਜੇ ਪਿੰਡ ਵਾਸੀ ਹਸਪਤਾਲ ਪਹੁੰਚੇ।  ਤਕਰੀਬਨ 200 ਲੋਕ ਪੋਸਟਮਾਰਟਮ ਦਾ ਇੰਤਜ਼ਾਰ ਕਰ ਰਹੇ ਸਨ ਪਰ ਕਿਸੇ ਦੇ ਕੰਨ ਤੇ ਕੋਈ ਜੂੰ ਨਹੀਂ ਸੀ ਸਰਕ ਰਹੀ ਸੀ। ਲੋਕੀ ਅੱਕ ਥੱਕ ਚੁੱਕੇ ਸਨ। ਆਖਿਰ ਦੁਪਹਿਰ ਦੇ 12 ਵੱਜ ਗਏ ।  ਲੋਕਾਂ ਦਾ ਪਾਰਾ ਚੜਨਾ ਸ਼ੁਰੂ ਹੋ ਗਿਆ ਅਤੇ ਨਾਹਰੇਬਾਜੀ ਸੁਰੂ ਹੋ ਗਈ। ਇਥੋਂ ਹੀ ਇਸ ਮਾਮਲੇ ਨੇ ਸੰਘਰਸ਼ ਵਾਲਾ ਰੁੱਖ ਅਖਤਿਆਰ ਕੀਤਾ। ਬਾਅਦ ਦੁਪਹਿਰ 12.30 ਤੇ ਇੰਸਪੈਕਟਰ ਪਰੇਮ ਸਿੰਘ ਪਹੁੰਚਿਆ ਅਤੇ ਉਸ ਨੇ ਆਉਂਦਿਆਂ ਹੀ ਰੋਅਬ ਝਾੜਨਾ ਸੁਰੂ ਕਰ ਦਿਤਾ। ਏਥੋਂ ਤੱਕ ਕਹਿ ਦਿਤਾ ਕਿ ਮੈਂ ਬੜੇ ਮਾਰੇ ਨੇ 1984 ਵਿਚ ਤੁਸੀ ਕਿਹੜੇ ਬਾਗ ਦੀ ਮੂਲੀ ਹੋ ਚੁੱਪ ਕਰ ਜਾਓ। ਗਰੀਬ ਹੱਥ ਜੋੜ ਕੇ ਪਿੱਛੇ ਖੜ ਗਏ। ਪੋਸਟ ਮਾਰਟਮ ਹੋਇਆ। ਬੇਟੀ ਦੀ ਲਾਸ਼ ਨੂੰ ਕੱਪੜੇ ਵਿੱਚ ਲਪੇਟ ਕੇ ਮੰਜੇ ਤੇ ਪਾ ਗੇਟ ਤੇ ਰੱਖ ਦਿਤਾ। ਸਾਰੇ ਇਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਕਿ ਸ਼ਾਇਦ  ਵਾਪਿਸ  ਲੈ ਜਾਣ ਦਾ ਕੋਈ ਇੰਤਜ਼ਾਮ ਹੋਵੇਗਾ। ਲੋਕਾਂ ਦੇ ਗੁੱਸੇ ਦਾ ਕਿਸੇ ਵੀ ਅਧਿਕਾਰੀ ਨੇ ਕੋਈ ਨੋਟਿਸ ਨਹੀਂ ਲਿਆ। ਅੱਧੇ ਘੰਟੇ ਦੀ ਉਡੀਕ ਤੋ ਬਾਅਦ ਲੋਕਾਂ ਦਾ ਗੁੱਸਾ ਭਾਂਬੜ ਬਣ ਬਲਣ ਲੱਗਾ ਉਹਨਾਂ ਲਾਸ਼ ਨੂੰ ਮੋਢਿਆਂ ਤੇ ਚੁੱਕ ਕਮਿਸ਼ਨਰ ਦਫਤਰ ਲੈ ਜਾਣ ਦਾ ਫੈਸਲਾ ਕੀਤਾ ਕਿਉਂਕਿ ਕਮਿਸਨਰ ਸਾਹਿਬ ਕੋਲ ਗਰੀਬ ਦਲਿਤ ਲਈ ਟਾਈਮ ਨਹੀਂ ਸੀ ਕਿਉਂ ਨਾ ਲਾਸ਼ ਹੀ ਉਸ ਤੱਕ ਲਿਜਾਈ ਜਾਏ ।
ਗੁੱਸੇ ਵਿੱਚ ਭੀੜ ਨੇ ਨਾਹਰੇਬਾਜੀ ਕਰਦਿਆਂ ਛੇ ਕਿਲੋਮੀਟਰ ਦਾ ਲੰਬਾ ਪੈਂਡਾ ਤਹਿ ਕੀਤਾ। ਰਸਤੇ ਵਿੱਚ ਪੁਲਿਸ ਨੇ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਅਤੇ ਇਸ ਮਕਸਦ ਲਈ ਹਰ ਵਧੀਕੀ ਵੀ ਕੀਤੀ ।
ਹੰਕਾਰੀ ਅਧਿਕਾਰੀ ਪਰੇਮ ਸਿੰਘ ਨੇ ਸੰਗੋਵਾਲ ਦੇ ਪੰਚ ਰਣਬੀਰ ਸਿੰਘ ਦੀ ਕੁੱਟਮਾਰ ਕਰ ਕੇ ਦਸਤਾਰ ਉਤਾਰ ਦਿਤੀ। ਲੋਕੀ ਹੋਰ ਭੜਕ ਪਏ ਅਤੇ ਉਹਨਾਂ ਨੇ ਲਾਸ਼ ਨੂੰ ਕਚਹਿਰੀਆਂ ਵਿੱਚ ਲਿਜਾ ਕੇ ਹੀ ਦਮ ਲਿਆ।
ਪਰਸ਼ਾਸਨ ਨੇ ਕਾਰਵਾਈ ਦਾ ਵਿਸ਼ਵਾਸ ਦਿਵਾਇਆ। ਪਰਿਵਾਰ ਨੇ ਫੈਸਲਾ ਕੀਤਾ ਕਿ ਲੜਕੀ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਦੋਸ਼ੀ ਫੜੇ ਨੀ ਜਾਂਦੇ ਅਤੇ ਦਸਤਾਰ ਉਤਾਰਨ ਵਾਲੇ 'ਤੇ ਕਾਰਵਾਈ ਨਹੀ ਹੋ ਜਾਂਦੀ। ਲੜਕੀ ਦੀ ਲਾਸ਼ ਸੰਗੋਵਾਲ ਲੁਧਿਆਣੇ ਫਰੀਜਰ ਵਿੱਚ ਰੱਖ ਦਿੱਤੀ। ਏਧਰੋਂ ਸੰਘਰਸ਼ ਦੇ ਪਰਚੰਡ ਹੋਣ ਦਾ ਸਮਾਂ ਆਇਆ ਤਾਂ ਇਸਦਾ ਵਿਰੋਧ ਵੀ ਤਿੱਖਾ ਹੋ ਗਿਆ। ਜੱਟ ਕਮਿਉਨਿਟੀ ਦਾ ਰੋਲ ਵੀ ਵਿਵਾਦਤ ਰਿਹਾ।
ਇਹ ਗੱਲ ਉਦੋਂ ਸਾਹਮਣੇ ਆਈ ਜਦੋਂ  23 ਫਰਵਰੀ ਦੀ ਸ਼ਾਮ ਨੂੰ ਜਦੋਂ ਪੁਲਿਸ ਨੇ ਕਾਰਵਾਈ ਕਰ ਕੇ  ਦੋਸ਼ੀ ਫੜੇ ਤਾਂ ਸੰਗੋਵਾਲ ਦੇ ਜੱਟ ਭਰਾਂਵਾ ਨੇ ਉਹਨਾਂ ਬਲਤਕਾਰੀਆਂ ਨੂੰ ਬੱਚਾਉਣ ਲਈ ਗਿਲ ਨਹਿਰ ਤੇ ਧਰਨਾ ਲਗਾ ਦਿਤਾ। ਇਸ ਤੇ ਸੰਘਰਸ਼ ਹੋਰ ਤਿੱਖਾ ਹੋ ਗਿਆ। ਇਸ ਪਿੰਡ ਦਾ ਦੌਰਾ ਕਰਨ ਮਗਰੋਂ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਇਸ ਸੰਘਰਸ਼ ਦੌਰਾਨ ਇਹ ਗੱਲ ਦੱਸਣੀ ਵੀ ਜ਼ਰੂਰੀ ਹੈ ਕਿ ਇਹ ਦਲਿਤ ਪਰਿਵਾਰ ਬੇਹੱਦ ਗਰੀਬ ਹੈ। ਜੇ ਮਦਦ ਨਾ ਮਿਲੀ ਤਾਂ ਉਹ ਜਲਦੀ ਟੁੱਟ ਜਾਵੇਗਾ। ਇਸ ਪਰਿਵਾਰ ਨੂੰ ਲੜਾਈ ਵਿੱਚ ਖੜਾ ਰੱਖਣ ਲਈ ਮਾਇਆ ਦੀ ਲੋੜ ਹੈ। ਜੇ ਕਿਸੇ ਨੇ ਮੱਦਦ ਨਾ ਕੀਤੀ ਤਾਂ ਮਾਮਲਾ ਦੋ ਚਾਰ ਦਿਨਾ ਵਿੱਚ ਹੀ ਰਫਾ ਦਫਾ ਹੋ ਜਾਵੇਗਾ। 
ਕੌੜੀ ਸਚਾਈ ਹੈ ਕਿ ਸਿਰਫ ਕਰਜ਼ਿਆਂ ਕਰਕੇ ਆਤਮ ਹੱਤਿਆ ਕਰਨ  ਵਾਲਿਆਂ ਲਈ ਪਰਸ਼ਾਸਨ ਤੁਰੰਤ ਹਰਕਤ ਵਿੱਚ ਆ ਜਾਂਦਾ ਹੈ ਅਤੇ ਰਾਹਤ ਰਾਸ਼ੀ ਵਾਲੀ ਸਮੇਤ ਰਕਮ ਕਰਜਾ ਮੁਆਫੀ ਲੈ ਕੇ ਤੁਰੰਤ ਪਹੁੰਚ ਜਾਂਦਾ ਹੈ ਪਰ ਏਥੇ ਗਰੀਬ ਦੀ ਲੜਕੀ ਨਾਲ ਧੱਕਾ ਹੋਇਆ ਅਤੇ ਉਸਨੂੰ ਆਤਮਹੱਤਿਆ ਲਈ ਮਜਬੂਰ ਕੀਤਾ ਗਿਆ ਕੋਈ ਮੱਦਦ ਦੇਣ ਨਹੀਂ ਬਹੁੜਿਆ। ਹੁਣ ਉਮੀਦ ਇੰਨਸਾਫ ਪਸੰਦ ਲੋਕਾਂ ਤੋਂ ਹੀ ਹੈ।
ਇਸ ਅਪੀਲ ਨੇ ਅਸਰ ਦਿਖਾਇਆ ਅਤੇ ਲੋਕ ਅੱਗੇ ਆਉਣਾ ਸ਼ੁਰੂ ਹੋਏ। 
ਦਲਿਤ ਲੜਕੀ ਨਾਲ ਛੇੜ ਛਾੜ ,ਜਗੀਰਦਾਰ ਪਰਿਵਾਰ ਵਲੋਂ ਸੁਰੱਖਿਆ ਦਾ ਭਰੋਸਾ ਦੇ ਕੇ ਗੁੰਡਿਆ ਨਾਲ ਰਲ ਜਾਣਾ ਅਤੇ ਲੜਕੀ ਵਲੋਂ ਆਤਮਹੱਤਿਆ ਕਰ ਜਾਣਾ ਸਾਡੇ ਸਮਾਜ ਲਈ ਕਲੰਕਿਤ ਗੱਲ ਹੈ। ਪੁਲਿਸ ਵਲੋਂ ਇੰਨਸਾਫ ਮੰਗਦੇ ਲੋਕਾਂ ਤੇ ਡਾਗਾਂ ਵਰਾਉਣੀਆਂ, ਉਹਨਾਂ ਦਰਿੰਦਿਆਂ ਦਾ ਬਿਨਾ ਰਿਮਾਂਡ ਲਏ ਬਿਨਾ ਪੁੱਛਗਿੱਛ ਦੇ ਜੇਲ ਭੇਜ ਲੇਣਾ ਕਿਤੇ ਨਾ ਕਿਤੇ ਪੁਲਿਸ ਅਤੇ ਗੁੰਡਾਤੰਤਰ ਦਾ ਮੈਲੇ ਹੋਣਾ ਸਿੱਧ ਕਰਦਾ ਹੈ। ਘਟਨਾ ਨੂੰ ਬੀਤਿਆਂ ਛੇ ਦਿਨ ਹੋ ਜਾਣੇ ਕਿਸੇ ਵੀ ਲੀਡਰ ਵਲੋਂ ਨਾ ਬਹੁੜਨਾ ਨਾ ਹੀ ਇਲਾਕੇ ਦੇ  ਐਮ ਐਲ ਏ  ਨਾ ਹੀ ਇਲਾਕੇ ਦੇ ਐਮ ਪੀ ਦਾ ਨਾ ਆਉਣਾ ਦਲਿਤਾਂ ਨੂੰ ਸਿਰਫ ਭੇਡਾਂ ਬੱਕਰੀਆਂ ਸਮਝਣ ਦੇ ਤੁਲ ਹੈ ਕਿ ਇਹਨਾਂ ਦੀਆਂ ਵੋਟਾਂ ਜਿਵੇ ਮਰਜੀ ਕੰਨਮਰੋੜ ਕੇ ਪੁਆਈਆ ਜਾ ਸਕਦੀਆਂ ਹਨ। ਗੁੰਡਿਆ ਅਤੇ ਰਾਜਨੀਤਕ ਲੋਕਾਂ ਦਾ ਗੱਠਜੋੜ ਤੋੜਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।
ਵਧਾਈ ਦੇ ਪਾਤਰ ਹਨ ਬਸਪਾ ਵਾਲੇ ਜਿਹਨਾਂ ਨੇ ਮਜ਼ਲੂਮ ਦੀ ਬਾਂਹ ਫੜੀ। ਸਿਮਰਜੀਤ ਸਿੰਘ ਬੈਂਸ ਜਿਹਨਾਂ ਨੇ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਉਠਾਉਣ ਲਈ ਡਿਟੇਲ ਲਈ ਅਤੇ ਉਹਨਾਂ ਵਲੋਂ ਵਾਕਾਉਟ ਕੀਤੇ ਜਾਣ ਕਾਰਨ ਨਹੀਂ ਉਠਾ ਸਕੇ। ਉਹਨਾਂ ਸੁਨੇਹਾ ਦਿਤਾ ਕਿ ਉਹ ਇਸ ਮਾਮਲੇ ਨੂੰ ਲੈ ਪਿੰਡ ਵਿੱਚ ਆਉਂਦੇ ਰਹਿਣਗੇ ਤਾਂਕਿ ਦਲਿਤ ਪਰਿਵਾਰ ਦਾ ਹੌਂਸਲਾ ਬਣਿਆ ਰਹੇ। 
ਮਨਵਿੰਦਰ ਸਿੰਘ ਗਿਆਸਪੁਰਾ ਅਤੇ ਉਹਨਾਂ ਦੀ ਟੀਮ ਨੇ ਮੀਡੀਆ ਨੂੰ ਵੀ ਕਿਹਾ ਕਿ ਅਸੀਂ ਪੁੱਛਣਾ ਚਹੁੰਦੇ ਹਾ ਕਿ ਹੁਣ ਵੂਮੈਨ ਕਮਿਸ਼ਨ ਕਿਥੇ ਹੈ? ਕੀ ਉਹਨਾ ਨੂੰ ਸਿਰਫ ਕੁਲੀਨ ਵਰਗ ਹੀ ਦਿਸਦਾ ਹੈ?
ਐਸ ਸੀ ਐਸ ਟੀ ਕਮਿਸ਼ਨ ਕਿਥੇ ਹੈ? ਕੀ ਉਹ ਸਿਰਫ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਹਨ? ਡੀਸੀ ਕਿਥੇ ਹੈ ਕੀ ਉਹ ਜਿਲੇ ਦਾ ਮਾਲਕ ਨਹੀ?
ਇੰਨਸਾਫ ਪਸੰਦ ਲੋਕਾਂ ਨੂੰ ਅਪੀਲ ਹੈ ਕਿ ਕਿਸੇ ਨੇ ਕੁੱਝ ਨੀ ਕਰਨਾ ਤੁਹਾਡੇ ਸਹਿਯੋਗ ਨਾਲ ਹੀ ਮੋਰਚਾ ਸਰ ਹੋਵੇਗਾ। ਭੈਣ ਦੀ ਅੰਤਿਮ ਅਰਦਾਸ 5 ਮਾਰਚ ਦਿਨ ਮੰਗਲਵਾਰ ਨੂੰ ਪਿੰਡ ਸੰਗੋਵਾਲ ਵਿਖੇ ਰੱਖੀ ਗਈ ਹੈ। ਆਪ ਸੱਭ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਅਤੇ ਪਰਸ਼ਾਸਨ ਤੇ ਲੋਕਾਂ ਨੂੰ ਜਗਾਓ।
ਸੰਗੋਵਾਲ ਕਾਂਡ ਨੇ ਲੋਕਾਂ ਨੂੰ ਉਹਨਾਂ ਦੀ ਅਸਲੀ ਹਾਲਤ ਇੱਕ ਵਾਰ ਫੇਰ ਦਿਖਾਈ ਹੈ। ਉਹਨਾਂ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਟੋਰਾਂਟੋ ਵਾਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਜਿਹਨਾਂ ਨੇ ਉਚ ਨੀਚ ਜਾਤ ਬਰਾਦਰੀ ਦੀਆਂ ਸਾਰੀਆਂ ਹੱਦਾਂ ਤੋੜਦੇ ਹੋਏ ਗਰੀਬ ਮਜਲੂਮ ਦੇ ਹੱਕ ਵਿੱਚ ਖੜਨ ਦਾ ਫੈਸਲਾ ਕੀਤਾ। ਅਸੀਂ ਧੰਨਵਾਦੀ ਹਾਂ ਟਰਾਂਟੋ ਵਾਲੇ ਵੀਰਾਂ ਦਾ ਜਿਹਨਾ ਬਿਨਾ ਦੇਰੀ ਕੀਤਿਆਂ 15 ਹਜਾਰ ਦੀ ਰਾਸੀ ਨੂੰ ਪਰਿਵਾਰ ਤੱਕ ਪਹੁੰਚਾਇਆ ਹੀ ਨਹੀ ਸਗੋ ਉਹਨਾਂ ਦੇ ਘਰ ਪਹੁੰਚ ਕੇ ਉਹਨਾਂ ਨੂੰ ਲੜਨ ਲਈ ਪਰੇਰਿਤ ਵੀ ਕੀਤਾ ਅਤੇ ਭਵਿੱਖ  ਵਿੱਚ ਵੀ ਨਾਲ ਖੜਨ ਦਾ ਅਹਿਦ ਵੀ ਲਿਆ। ਇਹ ਉਹਨਾਂ ਮੁਤੱਸਬੀ ਲੋਕਾਂ ਦੇ ਮੂੰਹ 'ਤੇ ਇੱਕ ਚਪੇੜ ਹੈ ਜਿਹੜੇ ਜਾਤ ਬਰਾਦਰੀ ਦੀਆਂ ਗੱਲਾਂ ਕਰਕੇ ਜ਼ਾਲਮਾਂ ਦੇ ਹੱਕ ਵਿੱਚ ਧਰਨੇ ਲਗਾ ਰਹੇ ਹਨ ਅਤੇ ਸੁਣਨ ਵਿੱਚ ਇਹ ਵੀ ਆਇਆ ਹੈ ਕਿ ਐਤਵਾਰ ਨੂੰ ਗੁਰੂਘਰ ਇਕੱਠ ਕਰ ਕਰਕੇ ਗਰੀਬ ਬੇਟੀ ਦੇ ਘਰ ਮੰਗਲਵਾਰ ਨੂੰ ਭੋਗ ਤੇ ਸਮੂਹਿਕ ਰੂਪ ਵਿੱਚ ਨਾ ਜਾਣ ਦਾ ਅਹਿਦ ਲੈਣਗੇ। ਉਹਨਾਂ ਦੀ ਸੋਚ ਉਹਨਾਂ ਨੂੰ ਮੁਬਾਰਕ ਪਰ ਅਜਿਹੇ ਕੁਕਰਮੀਆਂ ਦੇ ਹੱਕ ਵਿੱਚ ਗੁਰੂਘਰ ਨੂੰ ਵਰਤਣ ਦੀ ਆਗਿਆ ਨਹੀ ਹੋਣੀ ਚਾਹੀਦੀ। ਸੋ ਇੰਨਸਾਫ ਅਤੇ ਮਨੁੱਖਤਾ ਪਰਸਤ  ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਗਰੀਬ ਪਰਿਵਾਰ ਦਾ ਮਾਇਆ ਰੂਪ  ਵਿਚ ਵੱਧ ਤੋਂ ਵੱਧ ਸਹਿਯੋਗ ਦੇਣ।
ਨਾਲ ਹੀ ਅਪੀਲ ਹੈ ਕਿ ਸਮਾਜ ਸੇਵੀ ਜਥੇਬੰਦੀਆਂ ਗੱਲ ਕਰਨ ਤੇ ਗੁਰੂਘਰ ਅਜਿਹੇ ਇਕੱਠ ਨੂੰ ਰੋਕਿਆ ਜਾਵੇ। ਕਿਸੇ ਨੂੰ ਕੇਸ ਸੰਬੰਧੀ ਸੱਕ ਹੋਵੇ ਤਾਂ ਦਾਸ ਕਿਸੇ ਨਾਲ ਵੀ ਵਾਰਤਾ ਕਰਨ ਲਈ ਹਾਜ਼ਿਰ ਹੈ।
5 ਮਾਰਚ ਦਿਨ ਮੰਗਲਵਾਰ ਵੱਧ ਤੋਂ ਵੱਧ ਸੰਗਤਾਂ ਨੂੰ ਅਪੀਲ ਹੈ ਕਿ ਉਹ ਪਹੁੰਚ ਕੇ ਦਰਦ ਵੰਡਾਓ ਅਤੇ ਦਿਲ ਖੋਲ ਕੇ ਮੱਦਦ ਦੇਵੋ। ਹੁਣ ਦੇਖਣਾ ਹੈ ਕਿ ਲੋਕ ਰੋਹ ਕਿੰਨੀ ਜਲਦੀ ਇਸ ਪਰਿਵਾਰ ਨੂੰ ਇਨਸਾਫ ਦੁਆਉਂਦਾ ਹੈ!

Friday, April 06, 2018

ਜਾਨਵਰ ਨੂੰ ਬਿਨਾ ਬੋਲੇ ਇੰਨਸਾਫ ਮਿਲ਼ ਗਿਆ ਪਰ ਇਨਸਾਨਾਂ ਦੀ ਵਾਰੀ ਕਦੋਂ ?

ਸਿੱਖ 1984 ਤੋਂ ਚੀਖ ਰਹੇ ਨੇ ਪਰ ਕੋਈ ਇੰਨਸਾਫ ਨਹੀਂ
ਲੁਧਿਆਣਾ: 6 ਅਪਰੈਲ 2018: (ਪੰਜਾਬ ਸਕਰੀਨ ਬਿਊਰੋ)::
ਅੱਜ ਇਤਿਹਾਸਿਕ ਫੈਸਲੇ ਵਿੱਚ ਕਾਲੇ ਹਿਰਨ ਨੂੰ ਮਾਰਨ ਤੇ ਸਲਮਾਨ ਖਾਨ ਨੂੰ ਸਜਾ ਸੁਣਾ ਦਿੱਤੀ ਗਈ, ਇਹ ਚੰਗੀ ਗੱਲ ਹੈ ਜਾਨਵਰ ਨੂੰ ਮਾਰਨਾ ਗੁਨਾਹ ਹੈ ਪਰ ਕੀ ਭਾਰਤੀ ਅਦਾਲਤਾਂ ਨੂੰ ਨਵੰਬਰ 1984 ਇੰਨਸਾਫ ਲਈ ਚੀਖ ਰਹੇ ਲੋਕ ਦਿਖਾਈ ਨਹੀਂ ਦਿੰਦੇ ।ਭਾਰਤ ਦੇ 26 ਰਾਜਾਂ ਵਿੱਚ ਹਜਾਰਾਂ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ, ਬਲਦੇ ਟਾਇਰ ਉਹਨਾਂ ਦੇ ਗਲਾਂ ਵਿੱਚ ਪਾਏ ਗਏ, ਪਰ ਕੋਈ ਇੰਨਸਾਫ ਨਹੀਂ। ਸਿੱਖਾਂ ਨਾਲ਼ੋ ਤਾਂ ਇਸ ਦੇਸ਼ ਵਿੱਚ ਹਿਰਨ ਕਿਸਮਤ ਵਾਲ਼ੇ ਹਨ ਜੀਹਨਾਂ ਨੂੰ ਬਿਨਾ ਬੋਲੇ ਇੰਨਸਾਫ ਤਾਂ ਮਿਲ਼ ਗਿਆ ਪਰ ਹਜ਼ਾਰਾਂ ਸਿੱਖਾਂ ਨੂੰ ਮਾਰਨ ਵਾਲ਼ੇ, ਧੀਆਂ ਭੈਣਾ ਨੂੰ ਸਰੇ ਬਜ਼ਾਰ ਬੇਪੱਤ ਕਰਨ ਵਾਲ਼ੇ, ਉਹਨਾਂ ਦੇ ਘਰ ਬਾਰ ਉਜਾੜਨ ਵਾਲ਼ੇ ਸੱਜਣ ਕੁਮਾਰ, ਟਾਈਟਲਰ ਵਰਗੇ ਗੁੰਡੇ ਰਾਜਗੱਦੀਆਂ ਮਾਣਦੇ ਹਨ। ਚਾਰੇ ਪਾਸੇ ਹਿਰਨ ਮਾਰਨ ਦਾ ਮੁੱਦਾ ਛਾਇਆ ਹੋਇਆ ਹੈ , ਇਹਨਾਂ ਲਈ ਹਜਾਰਾਂ ਸਿੱਖਾਂ ਨੂੰ ਮਾਰਨ ਦਾ ਕੋਈ ਮੁੱਦਾ ਹੀ ਨਹੀਂ , ਕਦੇ ਕਦੇ ਤਾਂ ਇਸ ਤਰਾਂ ਪਰਤੀਤ ਹੁੰਦਾ ਹੈ ਕਿ ਇਹ ਦੇਸ਼ ਨਹੀਂ 'ਚਿੜੀਆਘਰ' ਹੈ। ਇਹਨਾਂ ਗੱਲਾਂ ਦਾ ਪਰਗਟਾਵਾ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪਰ੍ਧਾਨ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਨੇ ਪੱਤਰਕਾਰਾਂ ਨੂੰ ਭੇਜੇ ਪਰੈਸ ਨੋਟ ਵਿੱਚ ਕੀਤਾ। ਉਹਨਾਂ ਅੱਗੇ ਕਿਹਾ ਕਿ ਬਿਸ਼ਨੋਈ ਸਮਾਜ ਜਿਹਨਾਂ ਨੇ ਕਾਲ਼ੇ ਹਿਰਨ ਦੀ ਲੜਾਈ ਲੜੀ ਹੈ ਸਿੱਖਾਂ ਨਾਲ਼ੋ ਤਕੜੇ ਹਨ, ਅਫਸੋਸ ਸਿੱਖਾਂ ਦੇ ਆਗੂ ਸਿਰਫ ਬਿਆਨਬਾਜੀ ਤੱਕ ਸੀਮਿਤ ਹਨ। ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੂੰ ਬਿਸ਼ਨੋਈ ਸਮਾਜ ਤੋਂ ਸੇਧ ਲੈਂਦੇ ਹੋਏ ਸਿੱਖਾਂ ਦੀ ਇੰਨਸਾਫ ਲਈ ਲੜੀ ਜਾ ਰਹੀ ਜੰਗ ਵਿੱਚ ਮੋਹਰੀ ਰੋਲ ਅਦਾ ਕਰਨਾ ਚਾਹੀਦਾ ਹੈ ਪਰ ਅਫਸੋਸ ਸ਼ਰੋਮਣੀ ਕਮੇਟੀ ਦੇ ਉੱਚ ਅਧਿਕਾਰੀ ਇੰਨਸਾਫ ਲਈ ਲੜਨ ਵਾਲ਼ਿਆਂ ਨਾਲ ਬੜਾ ਮਾੜਾ ਵਿਵਹਾਰ ਕਰਦੇ ਹਨ। ਪੀੜਤਾਂ ਦੇ ਪਰਿਵਾਰ ਧੱਕੇ ਖਾ ਰਹੇ ਹਨ ਅਤੇ ਇਹ ਆਪਣੀ ਐਸ਼ਪ੍ਰ੍ਸਤੀ ਵਿੱਚ ਮਸਤ ਹਨ। ਭਾਰਤ ਅੰਦਰ ਦੋ ਕਿਸਮ ਦਾ ਕਾਨੂੰਨ ਚੱਲਦਾ ਹੈ ਸਿੱਖਾਂ ਅਤੇ ਘੱਟਗਿਣਤੀਆਂ ਲਈ ਕਨੂੰਨ ਹੋਰ ਹੈ ਅਤੇ ਦੂਸਰਿਆਂ ਲਈ ਕਾਨੂੰਨ ਹੋਰ, ਸੋਚਣ ਵਾਲ਼ੀ ਗੱਲ ਹੈ ਕਿ ਮੁਸਲਮਾਨ ਸਲਮਾਨ ਖਾਨ ਕਹਿੰਦਾ ਕਿ ਉਸ ਨੇ ਕੋਈ ਹਿਰਨ ਨਹੀਂ ਮਾਰਿਆ ਤੇ ਉਸ ਨੂੰ ਪੰਜ ਸਾਲ ਦੀ ਸਜ਼ਾ ਅਤੇ ਦੂਸਰੇ ਪਾਸੇ ਜਗਦੀਸ਼ ਟਾਈਟਲਰ ਸ਼ਰੇਆਮ ਕਹਿੰਦਾ ਕਿ ਉਸ ਨੇ 100 ਸਿੱਖ ਮਾਰੇ ਨੇ, ਇਸ ਕਬੂਲਨਾਮੇ ਦੇ ਬਾਵਜੂਦ ਉਸ ਨੂੰ ਰਾਜਗੱਦੀ। ਸਿੱਖਾਂ ਅਤੇ ਘੱਟਗਿਣਤੀਆਂ ਲਈ ਸੋਚਣ ਦੀ ਘੜੀ ਹੈ ਕਿ ਉਹਨਾਂ ਨੇ ਕੀ ਕਰਨਾ ਹੈ। 

Saturday, February 15, 2014

November 1984: ਦੇਸ਼ ਦਾ ਰਾਖਾ ਵੀ ਕਤਲ ਕੀਤਾ ਜਨੂੰਨੀਆਂ ਦੀ ਭੀੜ ਨੇ

Sat, Feb 15, 2014 at 7:27 AM
ਫੌਜੀ ਇੰਦਰਜੀਤ ਸਿੰਘ ਸਮੇਤ 32 ਸਿੰਘ ਸਿੰਘਣੀਆਂ ਜਿਊਂਦੇ ਜਲਾ ਦਿਤੇ ਗਏ 
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
ਇਹ ਫੌਜੀ ਸਿੰਘ ਇੰਦਰਜੀਤ ਸਿੰਘ ਦੀ ਫੋਟੋ ਹੈ । ਇਹ ਜੈਕ ਰਾਈਫਲ ਵਿੱਚ ਸੀ । ਇਸ ਜਵਾਨ ਦੇ ਵਿਆਹ ਨੂੰ ਸਾਲ ਹੀ ਪੂਰਾ ਹੋਇਆ ਸੀ । ਇਹ 31 ਅਕਤੂਬਰ 1984 ਨੂੰ ਆਪਣੀ ਰਜਮੈਂਟ ਤੋਂ ਆਪਣੇ ਘਰ ਬਟਾਲ਼ੇ ਨੂੰ ਆ ਰਿਹਾ ਸੀ । ਰਾਸਤੇ ਵਿੱਚ ਸਿੱਖਾਂ ਦਾ ਕਤਲੇਆਮ ਸੁਰੂ ਹੋ ਗਿਆ ਅਤੇ ਇਹ ਦਿਲੀ ਜਾਣ ਦੀ ਬਜਾਏ ਰੇਵਾੜੀ ਆ ਗਿਆ ਗਿਆ । ਇਸ ਨੂੰ ਕਿਸੇ ਨੇ ਦੱਸਿਆ ਕਿ ਏਥੇ ਲਾਗੇ ਹੀ ਸਿੱਖਾਂ ਦਾ ਪਿੰਡ ਹੋਦ ਹੈ ਤੂੰ ਓਥੇ ਚਲਾ ਜਾਹ ਤੇਰਾ ਬਚਾਅ ਹੋ ਜਾਵੇਗਾ । ਇਹ ਰੇਵਾੜੀ ਤੋਂ ਲਾਈਨਾ ਦੇ ਨਾਲ਼ ਤੁਰਦਾ ਤੁਰਦਾ ਪੁੱਛਦਾ ਪੁਛਾਉਂਦਾ 2 ਨਵੰਬਰ ਦੀ ਸਵੇਰ 7 ਵਜੇ ਹੋਦ ਪਹੁੰਚ ਗਿਆ । ਓਥੇ ਇਸ ਨੂੰ ਬਾਪੂ ਉੱਤਮ ਸਿੰਘ ਮਿਲਿਆ । ਉਸ ਨੇ ਇਸ ਨੂੰ ਨਹਾਉਣ ਲਈ ਪਾਣੀ ਦਿਤਾ ਅਤੇ ਰੋਟੀ ਵੀ ਖੁਆਈ । ਫੌਜੀ ਜਵਾਨ ਗੁਰੁ ਘਰ ਵਿੱਚ ਅਰਾਮ ਕਰਨ ਲੱਗ ਗਿਆ । ਏਨੇ ਨੂੰ 11 ਵਜੇ ਤਕਰੀਬਨ ਕਾਤਲ ਭੀੜ ਨੇ ਪਿੰਡ ਨੂੰ ਘੇਰ ਲਿਆਂ ਅਤੇ ਇਸ ਨੂੰ ਪਿੰਡ ਦੇ ਲੋਕਾਂ ਨਾਲ਼ ਹੀ ਜਿੰਦਾ ਜਲ਼ਾ ਦਿਤਾ । ਹੋਦ ਵਿੱਚ 31 ਪਿੰਡ ਦੇ ਵਸਨੀਕ ਸ਼ਹੀਦ ਹੋਏ ਅਤੇ ਇੱਕ ਇਹ ਫੌਜੀ ਜਵਾਨ ਇੰਦਰਜੀਤ ਸਿੰਘ ਸਾਰਿਆਂ ਨੂੰ ਮਿਲ਼ਾ ਕੇ ਟੋਟਲ 32 ਸਿੰਘ/ਸਿੰਘਣੀਆਂ/ਬੱਚੇ ਸ਼ਹੀਦ ਹੋਏ ।
ਇੰਦਰਜੀਤ ਸਿੰਘ ਦੀ ਪਤਨੀ ਕੰਵਲਦੀਪ ਕੌਰ ਮਨ ਭਰ ਕੇ ਆਖਦੀ ਹੈ ਕਿ ਪਹਿਲਾਂ ਪਹਿਲ ਤਾਂ ਇਹਨਾਂ ਨੂੰ ਪੁਲਿਸ ਅਤੇ ਫੌਜ ਨੇ ਖੂਬ ਤੰਗ ਪ੍ਰੇਸਾਨ ਕੀਤਾ ਕਿ ਉਹ ਭਗੌੜਾ ਹੋ ਗਿਆ ਸਾਨੂੰ ਦੱਸੋ ਕਿਥੇ ਹੈ । ਸਾਨੂੰ ਬੜਾ ਖੱਜਲ਼ ਖੁਆਰ ਕੀਤਾ ਫਿਰ 7 ਸਾਲਾਂ ਬਾਅਦ ਫੌਜ ਨੇ ਮਿੰਸਿਗ ਸ਼ੋ ਕਰ ਦਿਤਾ । ਮਾਰਚ 2011 ਨੂੰ ਜਦੋਂ ਹੋਦ ਪਿੰਡ ਵਿੱਚ ਸਮਾਗਮ ਹੋਇਆਂ ਤਾਂ ਉਹ ਉਸ ਵਿੱਚ ਸ਼ਾਮਿਲ ਹੋਈ ਸੀ ਅਤੇ ਆਪਣੇ ਪਤੀ ਦੀ ਫੋਟੋ ਉੱਤਮ ਸਿੰਘ ਨੂੰ ਦਿਖਾਈ। ਉਹਨਾਂ ਝੱਟ ਪਛਾਣ ਲਿਆ ਅਤੇ ਇਹਨਾਂ ਨੂੰ 26 ਸਾਲਾਂ ਬਾਅਦ ਪਤਾ ਲੱਗਾ ਕਿ ਉਹਨਾਂ ਦੀ ਮੌਤ ਹੋਦ ਚਿਲੱੜ ਵਿੱਚ ਹੋਈ ਹੈ ।
ਕੰਵਲਦੀਪ ਕੌਰ ਨੇ ਪੰਜਾਬ ਸਰਕਾਰ ਬਾਰੇ ਕਿਹਾ ਕਿ ਉਸ ਦਾ ਲਾਲ ਕਾਰਡ ਨਹੀਂ ਬਣਿਆ ਕਿਉਂਕਿ ਉਸ ਕੋਲ਼ ਕੋਈ ਸਬੂਤ ਹੀ ਨਹੀਂ ਸੀ ਕਿ ਉਸ ਦਾ ਪਤੀ 84 ਦੀ ਭੇਂਟ ਚੜਿਆ ਹੈ ਹੁਣ ਪੰਜਾਬ ਸਰਕਾਰ ਮੇਰੇ ਤੇ ਮੇਹਰਬਾਨੀ ਕਰੇ ਮੈਂਨੂੰ ਜਾਂ ਮੇਰੀ ਬੇਟੀ ਨੂੰ ਤਰਸ ਦੇ ਅਧਾਰ ਤੇ ਨੌਕਰੀ ਦੇਵੇ।
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ: 9872099100

Friday, December 06, 2013

"ਪੁਲਿਸ" ਨੇ ਚੁੱਕਿਆ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ

ਬਾਬਾ ਬਲਜੀਤ ਸਿੰਘ ਦਾਦੂਸਾਹਿਬ ਮੌਕੇ ਤੇ ਪੁੱਜੇ 
ਪੰਜ ਹੋਰ ਸਿੱਖ ਬੈਠੇ ਭੁੱਖ ਹੜਤਾਲ 'ਤੇ  
Manwinder Singh Giaspur
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।
06.12.13 ਅੱਜ ਭਾਣਾ ਵਰਤ ਗਿਆ । ਰਾਤ ਦੇ 12 ਵਜੇ ਦੇ ਕਰੀਬ 50 ਤੋਂ 60 ਪੁਲਿਸ ਵਾਲੇ ਸਮੇਤ ਬੀਬੀਆਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਜੱਥੇ ਸਮੇਤ ਅੰਬ ਸਾਹਿਬ ਪਹੁੰਦੇ ਉਸੇ ਜਗਾ ਜਿਥੇ ਭਾਈ ਸਾਹਿਬ ਮਰਨ ਵਰਤ ਤੇ ਬੈਠੇ ਸਨ । ਪਹਿਰੇ ਤੇ ਬੈਠੇ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ aਤੇ ਕਿਹਾ ਕਿ ਅਸੀਂ ਭਾਈ ਸਾਹਿਬ ਦੇ ਦਰਸਨ ਕਰਨੇ ਹਨ । ਉਸ ਜਗਾ ਮੌਜੂਦ ਸਿੰਘਾਂ ਨੇ ਕਿਹਾ ਕਿ ਭਾਈ ਸਾਹਿਬ ਆਰਾਮ ਕਰ ਰਹੇ ਹਨ ਤੁਸੀਂ ਸਵੇਰੇ ਕਰ ਲੈਣਾ । ਉਹ ਜਬਰਦਸਤੀ ਅੰਦਰ ਵੜੇ ਅਤੇ ਸੱਭ ਤੋਂ ਪਹਿਲਾਂ ਉਹਨਾਂ ਕੈਮਰੇ ਤੋੜੇ ਫਿਰ ਭਾਈ ਹਰਪਾਲ ਸਿੰਘ ਚੀਮਾਂ ਜੀ ਨਾਲ਼ ਹੱਥਾ-ਪਾਈ ਵੀ ਹੋਈ । ਭਾਈ ਸਾਹਿਬ ਨੂੰ ਦੋ ਜਣਿਆ ਲੱਤਾਂ ਤੋਂ ਫੜਿਆ ਦੋ ਜਣਿਆ ਬਾਹਾਂ ਤੋਂ ਇਸ ਤਰਾਂ ਸੁੱਟਿਆ ਜਿਵੇ ਕਣਕ ਵਾਲੀ ਬੋਰੀ ਸੁੱਟੀਦੀ ਐ । ਐਬੂਲੈਂਸ ਵਿੱਚ ਪਾਇਆਂ ਅਤੇ ਹਸਪਤਾਲ਼ ਲੈ ਗਏ । 

ਹੁਣ ਕੀ ਹੋ ਰਿਹਾ :- ਪੰਜ ਸਿੰਘ ਭੁੱਖ ਹੜਤਾਲ਼ ਤੇ ਬੈਠ ਗਏ ਹਨ ਅਤੇ ਸਿੰਘ ਵੀ ਪੁੱਜਣੇ ਸ਼ੁਰੂ ਹੋ ਗਏ ਹਨ । ਬਾਬਾ ਬਲਜੀਤ ਸਿੰਘ ਦਾਦੂਸਾਹਿਬ ਵਾਲੇ ਪੁੱਜ ਗਏ ਹਨ ।
ਅਗਲੀ ਰਣਨੀਤੀ :-ਸਿੰਘ ਪੁੱਜਣੇ ਸ਼ੁਰੂ ਹੋ ਗਏ ਹਨ । ਵੱਧ ਤੋਂ ਵੱਧ ਗਿਣਤੀ ਵਿੱਚ ਸਿੰਘ ਪੁੱਜੋ । ਸਾਰਿਆਂ ਨਾਲ਼ ਸਲਾਹ ਕਰਕੇ ਇੱਕ ਵਿਸਾਲ ਰੋਸ ਮਾਰਚ ਸਿਵਲ ਹਸਪਤਾਲ਼ ਤੱਕ ਕੱਢਿਆ ਜਾਵੇਗਾ । ਨਾਲ਼ ਹੀ ਪੰਜਾਬ ਬੰਦ ਦਾ ਸੱਦਾ ਦੇਣ ਦਾ ਵੀ ਵਿਚਾਰ ਹੈ ਜੀ । ਸੋ ਸਾਰੇ ਜਿੰਨੀ ਜਲਦੀ ਹੋ ਸਕੇ ਅੰਬ ਸਾਹਿਬ ਪਹੁੰਚੋ। 

ਧੰਨਵਾਦ:

ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ : 9872099100


Saturday, August 24, 2013

ਹੋਦ ਚਿੱਲੜ ਤਾਲਮੇਲ ਕਮੇਟੀ ਵੱਲੋਂ ਐਸਜੀਪੀਸੀ ਦਾ ਧੰਨਵਾਦ

Sat, Aug 24, 2013 at 4:11 PM
ਐਸਜੀਪੀਸੀ ਵੱਲੋਂ ਯਾਦਗਾਰ ਦੀ ਉਸਾਰੀ ਕਰਵਾਉਣਾ ਇੱਕ ਇਤਿਹਾਸਿਕ ਫੈਸਲਾ 
*ਹੋਦ ਚਿੱਲੜ ਵਿੱਚ ਜਲਿਆਂ ਵਾਲੇ ਬਾਗ ਦੀ ਤਰਜ ਤੇ ਸ਼ਹੀਦੀ ਮੀਨਾਰ ਬਣਾਇਆ ਜਾਏ 
*ਇਸ ਮੀਨਾਰ ਤੇ ‘ਹੋਦ ਚਿੱਲੜ’ ਅਤੇ ‘ਗੁੜਗਾਉਂ’ ‘ਪਟੌਦੀ’ ਵਿੱਚ ਸ਼ਹੀਦ ਕੀਤੇ ਸਿੱਖਾਂ ਦੇ ਨਾਮ ਸਾਝੇ ਰੂਪ ਵਿੱਚ ਲਿਖੇ ਜਾਣ 
ਲੁਧਿਆਣਾ:  24 ਅਗਸਤ 2013: (ਪੰਜਾਬ ਸਕਰੀਨ ਬਿਊਰੋ): ਆਖਿਰਕਾਰ  ਨਵੰਬਰ 1984 ਨੂੰ ਭਾਰਤ ਦੇ ਵੱਖ ਵੱਖ ਸਟੇਟਾਂ ਵਿੱਚ ਵਾਪਰੇ ਭਿਆਨਕ ਕਤਲੇਆਮ ਦੇ ਸਬੂਤ ਦੀ ਹਰਿਆਣਾ ਸਥਿਤ ਤਬਾਹੀ ਨੂੰ ਵੀ ਯਾਦਗਾਰ ਵੱਜੋਂ ਸੰਭਾਲਣ ਦਾ ਐਲਾਨ ਹੋ ਹੀ ਗਿਆ ਹੈ। ਹਰਿਆਣੇ ਦੇ ਰੇਵਾੜੀ ਜਿਲੇ ਦੇ ਪਿੰਡ, ‘ਹੋਦ ਚਿੱਲੜ’ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਲਿਆਂ ਵਾਲ਼ੇ ਬਾਗ ਦੀ ਤਰਜ ਤੇ ਸੰਭਾਲਣ ਲਈ ਕੀਤਾ ਫੈਸਲਾ ਅਸਲ ਵਿੱਚ ਇਤਿਹਾਸਿਕ ਅਤੇ ਕੌਮੀ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ 1984 ਕਤਲੇਆਮ ਦੇ ਕੇਸ ਲੜ ਰਹੀ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਦਰਸਨ ਸਿੰਘ ਘੋਲੀਆ, ਭਾਈ ਸੁਖਜਿੰਦਰ ਸਿੰਘ ਜੌੜਾ, ਐਡਵੋਕੇਟ ਬਰਜਿੰਦਰ ਸਿੰਘ ਲੂੰਬਾ, ਲਖਵੀਰ ਸਿੰਘ ਰੰਡਿਆਲ਼ਾ, ਸੁਖਵਿੰਦਰ ਸਿੰਘ ਖਾਲਸਾ ਅਤੇ ਕੰਵਰਬੀਰ ਸਿੰਘ ਨੇ ਕੀਤਾ।
ਉਹਨਾਂ ਪੱਤਰਕਾਰਾਂ ਨੂੰ ਭੇਜੇ ਪ੍ਰੈਸ ਨੋਟ ਵਿੱਚ ਕਿਹਾ ਕਿ ਕੱਲ ਹੋਦ ਚਿੱਲੜ ਵਿੱਚ ਬਣਨ ਜਾ ਰਹੀ ਯਾਦਗਾਰ ਦੇ ਸਬੰਧੀ ਸ੍ਰੋਮਣੀ ਕਮੇਟੀ ਅਤੇ ਹੋਦ ਚਿੱਲੜ ਤਾਲਮੇਲ ਕਮੇਟੀ ਦੀ ਅਹਿਮ ਮੀਟਿੰਗ ਪੂਰੀ ਤਰ੍ਹਾਂ ਸਫਲ ਰਹੀ। ਕੱਲ੍ਹ ਦੀ ਮੀਟਿੰਗ ਦਾ ਵੇਰਵਾ ਦਿੰਦੇ ਹੋਏ ਉਨਾ ਕਿਹਾ ਕਿ ਪੀੜਤ ਪਰਿਵਾਰਾਂ ਵਲੋਂ, ਉਹਨਾਂ ਦੇ ਪੁਰਖਿਆਂ ਦੀ, ਸਦੀਵੀ ਯਾਦ ਤਾਜਾ ਬਣਾਈ ਰੱਖਣ ਲਈ, ‘ਹੋਦ ਚਿੱਲੜ’ ਪਿੰਡ ਦੀ ਪੰਚਾਇਤੀ ਜਮੀਨ ਨੂੰ ਅਸ਼ਟਾਮ ਪੇਪਰ ਤੇ ਸਾਰਿਆਂ ਦੀ ਸਹਿਮਤੀ ਨਾਲ਼ ਸ੍ਰੋਮਣੀ ਕਮੇਟੀ ਨੂੰ ਸਤਿਕਾਰ ਸਹਿਤ ਭੇਂਟ ਵੀ ਕੀਤਾ। ਸਾਰੇ ਪਰਿਵਾਰਾਂ ਨੇ ਸਾਝੇ ਰੂਪ ਵਿੱਚ ਕਿਹਾ ਕਿ ਹੋਦ ਚਿੱਲੜ ਵਿੱਚ ਜਲਿਆਂ ਵਾਲੇ ਬਾਗ ਦੀ ਤਰਜ ਤੇ ਸ਼ਹੀਦੀ ਮੀਨਾਰ ਬਣਾ ਕੇ ‘ਹੋਦ ਚਿੱਲੜ’ ਅਤੇ ‘ਗੁੜਗਾਉਂ’ ‘ਪਟੌਦੀ’ ਵਿੱਚ ਸ਼ਹੀਦ ਕੀਤੇ ਸਿੱਖਾਂ ਦੇ ਨਾਮ ਸਾਝੇ ਰੂਪ ਵਿੱਚ ਜਰੂਰ ਲਿਖੇ ਜਾਣ । ਜਲਿਆਂ ਵਾਲੇ ਬਾਗ ਦੀ ਤਰਾਂ ਹੋਦ ਚਿੱਲੜ ਵਿੱਚ ਇੱਕ ਖੂਨੀ ਖੂਹ ਵੀ ਹੈ ਜਿਸ ਵਿਚ ਉਹਨਾਂ ਦੇ ਪੁਰਖਿਆਂ ਦੀਆਂ ਲਾਸ਼ਾ ਨੂੰ ਅੱਧਸੜਿਆ ਕਰ ਕੇ ਸੁੱਟ ਦਿਤਾ ਗਿਆ ਸੀ ਨੁੰ ਵੀ ਸੰਭਾਲਣ ਦੀ ਲੋੜ ਹੈ । ਇਸ ਤੇ ਤੁਰੰਤ ਐਕਸ਼ਨ ਕਰਦਿਆਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਸ.ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਜਲਦੀ ਹੀ ਇੱਕ ਵਧੀਆ ਆਰਕੀਟੈਕਚਰ ਅਤੇ ਇੰਜੀਨੀਅਰ ਨੂੰ ਬੁਲਾ ਕੇ ਹੋਦ ਚਿੱਲੜ ਤਾਲਮੇਲ ਕਮੇਟੀ ਨਾਲ਼ ਹੋਦ ਪਿੰਡ ਦਾ ਦੌਰਾ ਕਰਵਾਇਆ ਜਾਵੇਗਾ ਤਾਂ ਜੋ ਵਧੀਆਂ ਮਿਆਰੀ ਪੰਥ ਦੀਆਂ ਭਾਵਨਾਵਾਂ ਦੇ ਅਨੁਕੂਲ ਡਿਜਾਇਨ ਤਿਆਰ ਕਰਵਾ ਜਲਦੀ ਉਸਾਰੀ ਕਰਵਾਈ ਆਰੰਭ ਕਰਵਾਈ ਜਾਵੇ, ਇਸ ਦੇ ਨਾਲ਼ ਹੀ ਉਹਨਾਂ ਹੋਦ ਚਿੱਲੜ ਵਿੱਚ ਸੱਤ ਜੀਅ ਗੁਆ ਚੁੱਕੀ ਗੁੱਡੀ ਦੇਵੀ ਅਤੇ 12 ਜੀਅ ਗੁਆ ਚੁੱਕੀ ਸੁਰਜੀਤ ਕੌਰ ਨਾਲ਼ ਹਮਦਰਦੀ ਪ੍ਰਗਟ ਕਰਦਿਆਂ ਦੋ ਦੋ ਲੱਖ ਰੁਪੈ ਵਿੱਤੀ ਸਹਾਇਤਾ ਲਈ ਵੀ ਮਨਜੂਰ ਕੀਤੇ। ਪੀੜਤਾਂ ਦੀਆਂ ਹੋਰ ਮੰਗਾ ਲਾਲ ਕਾਰਡ ਬਣਵਾਉਣ ਅਤੇ ਸ੍ਰੋਮਣੀ ਕਮੇਟੀ ਵਿੱਚ ਨੌਕਰੀਆਂ ਵਿੱਚ ਰਾਖਵੇਕਰਨ ਦੀ ਮੰਗ ਨੂੰ ਵੀ ਗੰਭੀਰਤਾ ਨਾਲ਼ ਲਿਆ ਅਤੇ ਜਲਦ ਹੀ ਪੂਰੀਆਂ ਕਰਨ ਦਾ ਭਰੋਸਾ ਵੀ ਦਿਤਾ ।
 ਇਸ ਥਾਂ ਤੇ  ਵਾਪਰੇ ਕਹਿਰ ਦਾ ਸੰਖੇਪ ਇਤਿਹਾਸ:
ਏਥੇ ਇਹ ਗੱਲ ਵੀ ਕਾਬਲੇ ਗੌਰ ਹੈ ਕਿ ਹੋਦ ਚਿੱਲੜ ਇੱਕ ਅਜਿਹਾ ਪਿੰਡ ਹੈ ਜਿਸ ਦੇ ਵਸਨੀਕਾ ਨੂੰ ਨਵੰਬਰ 1984 ਨੂੰ ਜਿਉਂਦਿਆਂ ਜਲ਼ਾ ਕੇ ਅੱਧ ਸੜੇ ਕਰ ਕੇ ਖੂਹ ਵਿੱਚ ਸੁੱਟ ਦਿਤਾ ਗਿਆ ਸੀ । ਏਥੇ ਇਹ ਗੱਲ ਵੀ ਕਾਬਲੇ ਗੌਰ ਹੈ ਕਿ ਇਹ ਪਿੰਡ 26 ਸਾਲਾਂ ਤੱਕ ਅਣਗੌਲਿਆ ਰਿਹਾ । ਇਸ ਪਿੰਡ ਦੇ ਵਾਰਸ ਵੀ ਇਹ ਪਿੰਡ ਨੂੰ ਛੱਡ ਕੇ ਦੂਰ ਦੁਰਾਡੇ ਇਲਾਕਿਆਂ ਵਿੱਚ ਵਸ ਗਏ ਸਨ । ਗੁੜਗਾਉਂ ਦੀ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦੇ ਇੱਕ ਨੌਜੁਆਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦੀ ਮਿਹਨਤ ਸਦਕਾ ਮਾਰਚ 2011 ਨੂੰ ਇਸ ਪਿੰਡ ਨੂੰ ਪ੍ਰਕਾਸ਼ ਵਿੱਚ ਲਿਆਂਦਾ ਅਤੇ ਇਹ ਪਿੰਡ ਸਿੱਖ ਜਗਤ ਦੀ ਨਜ਼ਰੀ ਚੜਿਆ । ਇਸ ਪਿੰਡ ਦੀਆਂ ਢਹਿਆਂ ਹਵੇਲੀਆਂ ਨੂੰ ਦੇਖ ਮਨੁੱਖਤਾ ਪ੍ਰਸਤ ਲੋਕਾਂ ਵਿੱਚ ਹਾਹਾਕਾਰ ਮੱਚ ਗਈ ਸੀ । 6 ਮਾਰਚ 2011 ਨੂੰ ਏਸੇ ਉੱਜੜੇ ਲੁੱਟੇ ਪਿੰਡ ਵਿੱਚ ਸ਼ਹੀਦ ਕੀਤੇ ਸਿੱਖਾਂ ਦੀ ਯਾਦ ਵਿੱਚ ਸ਼ਹੀਦੀ ਸ਼ਮਾਗਮ ਵੀ ਕਰਵਾਇਆਂ ਗਿਆਂ ਸੀ ਅਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਏਸੇ ਪਿੰਡ ਸਿੱਖ ਜੈਨੋਸਾਈਡ ਦਾ ਪੱਥਰ ਵੀ ਲਗਾ ਕੇ ਆਏ ਸਨ । ਏਸ ਪੱਥਰ ਨੂੰ ਜਨੂੰਨੀਆਂ ਵਲੋਂ ਪਿਛਲੇ ਦਿਨੀ ਤੋੜ ਵੀ ਦਿਤਾ ਗਿਆ ਸੀ ।
-----------------------------

Friday, August 23, 2013

ਐਸਜੀਪੀਸੀ ਬਣਾਏਗੀ ਹੋਂਦ ਚਿੱਲੜ ਦੇ ਸ਼ਹੀਦਾਂ ਦੀ ਯਾਦਗਾਰ

Fri, Aug 23, 2013 at 7:11 PM
ਇਨਸਾਫ ਲਈ ਕਾਨੂੰਨੀ ਜੰਗ ਦਾ ਖਰਚਾ ਵੀ ਕਰਾਂਗੇ-ਜੱਥੇ:ਅਵਤਾਰ ਸਿੰਘ
ਅੰਮ੍ਰਿਤਸਰ: 23 ਅਗਸਤ 2013: ਤਕਰੀਬਨ ਤਿੰਨ ਦਹਾਕੇ ਪਹਿਲਾਂ ਨਵੰਬਰ 1984 ਦੌਰਾਨ ਹੋਂਦ ਚਿੱਲੜ ਵਿਖੇ ਹੋਏ ਸਿੱਖ ਕਤਲੇਆਮ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਦੀਵੀ ਤੌਰ 'ਤੇ ਕਾਇਮ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਲਦੀ ਹੀ ਪਿੰਡ ਹੋਂਦ ਚਿੱਲਣ ਵਿਖੇ ਆਪਣੇ ਖਰਚੇ 'ਤੇ ਸ਼ਹੀਦੀ ਸਮਾਰਕ ਦਾ ਨਿਰਮਾਣ ਕਰੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ।
ਉਹਨਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਮੁੱਖ ਮੈਂਬਰਾਂ ਅਤੇ ਉਕਤ ਕਾਂਡ ਦੇ ਚਸ਼ਮਦੀਦ ਗਵਾਹਾਂ ਵੱਲੋਂ ਯਾਦਗਾਰ ਬਣਾਉਣ ਸਬੰਧੀ ਕੀਤੀ ਜਾ ਰਹੀ ਮੰਗ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਕਤ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਹੈ।
ਉਹਨਾਂ ਇਹ ਵੀ ਕਿਹਾ ਕਿ ਹੋਂਦ ਚਿੱਲੜ ਵਿਖੇ ਬਣਾਈ ਜਾਣ ਵਾਲੀ ਸ਼ਹੀਦਾਂ ਦੀ ਯਾਦਗਾਰ ਰੂਹਾਨੀਅਤ ਤੇ ਸ਼ਹਾਦਤ ਦਾ ਮੁਜੱਸਮਾ ਹੋਵੇਗੀ ਜੋ ਕਿ ਸਮੁੱਚੀ ਮਨੁੱਖਤਾ ਨੂੰ ਨਫਰਤ ਤੇ ਵੈਰ ਵਿਰੋਧ ਤੋਂ ਉਪਰ ਉਠ ਕੇ ਆਪਸੀ ਭਾਈਚਾਰੇ ਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦੇਵੇਗੀ। ਆਪਣੀ ਗੱਲਬਾਤ ਦੌਰਾਨ ਜਥੇਦਾਰ ਅਵਤਾਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਨਵੰਬਰ 1984 ਦੌਰਾਨ ਪਿੰਡ ਹੋਂਦ ਚਿੱਲੜ ਵਿਖੇ ਫਿਰਕੂ ਜਨੂੰਨੀਆਂ ਵੱਲੋਂ ਕੀਤੇ ਗਏ ਸਿੱਖ ਕਤਲੇਆਮ ਤੋਂ ਪੀੜਤ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦੀ ਪ੍ਰਾਪਤੀ ਲਈ ਹੋਂਦ ਚਿੱਲੜ ਤਾਲਮੇਲ ਕਮੇਟੀ ਵੱਲੋਂ ਲੜੀ ਜਾ ਰਹੀ ਕਾਨੂੰਨੀ ਲੜਾਈ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰਨ ਸਹਿਯੋਗ ਦੇਵੇਗੀ ਅਤੇ ਅਦਾਲਤ ਵਿਚ ਆਪਣੇ ਹੱਕਾਂ ਦੀ ਪ੍ਰਾਪਤੀ ਅਤੇ ਕਤਲੇਆਮ ਦੇ ਮੁੱਖ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲੜੇ ਜਾ ਰਹੇ ਕੇਸ ਦੀ ਪੈਰਵਾਈ ਦਾ ਸਮੁੱਚਾ ਖਰਚ ਵੀ ਦੇਵੇਗੀ। 
ਇਸ ਮੌਕੇ ਉਹਨਾਂ ਨਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਮੁੱਖ ਅਹੁਦੇਦਾਰਾਂ ਇੰਜੀ:ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਦਰਸ਼ਨ ਸਿੰਘ ਘੋਲੀਆ ਅਤੇ ਭਾਈ ਸੁਖਵਿੰਦਰ ਸਿੰਘ ਨਾਲ 10 ਪਰਿਵਾਰਾਂ ਦੇ ਮੈਂਬਰ ਵੀ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਪੁੱਜੇ ਹੋਏ ਸਨ। ਉਹਨਾਂ ਇਹ ਵੀ ਐਲਾਨ ਕੀਤਾ ਕਿ ਹੱਕ ਤੇ ਸੱਚ ਦੀ ਲੜੀ ਜਾ ਰਹੀ ਲੜਾਈ ਉਦੋਂ ਤਕ ਜਾਰੀ ਰਹੇਗੀ ਜਦੋਂ ਤੱਕ ਹੋਂਦ ਚਿੱਲੜ ਦੇ ਪੀੜਤ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਨਹੀਂ ਮਿਲਦਾ।
ਜਥੇਦਾਰ ਅਵਤਾਰ ਸਿੰਘ ਨੇ ਹੋਂਦ ਚਿੱਲੜ ਕਾਂਡ ਦੇ ਪੀੜਤ ਮੈਂਬਰ ਜੋ ਸਹਾਇਤਾ ਲੈਣ ਤੋਂ ਰਹਿ ਗਏ ਸਨ ਨੂੰ ਵੀ ਸਹਾਇਤਾ ਸ਼੍ਰੋਮਣੀ ਕਮੇਟੀ ਵੱਲੋਂ ਦੇਣ ਦਾ ਵਿਸ਼ਵਾਸ ਦਿੱਤਾ। 
--------------------------------

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

Sunday, February 17, 2013

ਹੌਦ ਚਿੱਲਡ਼ ਸਿੱਖ ਕਤਲੇਆਮ ਦਾ ਸਬੂਤ

Sun, Feb 17, 2013 at 8:17 AM
ਕਿਸੇ ਵੀ ਸਰਕਾਰ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਸਿੱਖ ਜਗਤ ਤੋਂ ਮੁਆਫੀ ਨਹੀਂ ਮੰਗੀ 
ਹੌਦ ਚਿੱਲਡ਼ ਦੀ ਸੁਲਘਦੀ ਚੰਗਿਆਡ਼ੀ ਵੱਡਾ ਭਾਂਬਡ਼ ਬਣਨ ਦਾ ਖਤਰਾ
ਸਿੱਖ ਪੰਥ ਨੂੰ ਹੋਦ ਚਿੱਲਡ਼ ਜਨਵਰੀ 2011 ਨੂੰ ਲੱਭਿਆ। ਪਿੰਡਾਂ ਦਾ ਗੰਦਾ ਪਾਣੀ ਅਤੇ ਮੀਂਹ ਦਾ ਪਾਣੀ ਜਿੱਥੇ ਇਕੱਠਾ ਹੁੰਦਾ ਹੈ, ਉਸ ਨੂੰ ਛੱਪਡ਼ ਜਾਂ ਟੋਭਾ ਕਿਹਾ ਜਾਂਦਾ ਹੈ। ਇਹ ਛੱਪਡ਼ ਕੁਦਰਤੀ ਬਣਦੇ ਹਨ । ਜਿਥੇ ਲੋਕਾਂ ਨੇ ਆਪਣੀ ਵਰਤੋਂ ਵਾਸਤੇ ਮੀਂਹ ਦਾ ਪਾਣੀ ਇਕੱਠਾ ਕੀਤਾ ਹੋਵੇ, ਉਸ ਨੂੰ ਹੌਦ ਕਹਿੰਦੇ ਹਨ। ਹੌਦ ਲੋਕਾਂ ਦੁਆਰਾ ਬਣਾਏ ਹੁੰਦੇ ਹਨ, ਜਿਵੇਂ ਸ਼ਹਿਰਾਂ ਵਿੱਚ ਸੀਵਰੇਜ ਦੀਆਂ ਅਤੇ ਪਾਣੀ ਦੀਆਂ ਹੌਦੀਆਂ ਹੁੰਦੀਆਂ ਹਨ। ਹੌਦੀ ਦਾ ਵਿਰਾਟ ਰੂਪ ਹੌਦ ਹੁੰਦਾ ਹੈ। ਹਰਿਆਣੇ ਦੇ ਰਿਵਾਡ਼ੀ ਜਿਲੇ ਵਿੱਚ ਇੱਕ ਪਿੰਡ ਹੈ ਚਿੱਲਡ਼। ਚਿੱਲਡ਼ ਦੇ ਬਾਹਰਵਾਰ 2 ਕੁ ਮਿਲੋਮੀਟਰ ਹਟਵਾਂ 1947 ਤੋਂ ਪਹਿਲਾਂ ਲੋਕਾਂ ਨੇ ਮੀਂਹ ਦਾ ਪਾਣੀ ਇਕੱਠਾ ਕਰਨ ਲਈ ਇੱਕ ਹੌਦ ਬਣਾਇਆ ਸੀ। 1947 ਤੋਂ ਬਾਅਦ ਕੁੱਝ ਲੋਕ ਜੋ ਪਾਕਿਸਤਾਨ ਦੇ ਮੀਆਂਵਾਲੀ ਸ਼ਹਿਰ ਤੋਂ ਉੱਜਡ਼ ਕੇ, ਆਪਣਾ ਸੱਭ ਕੁੱਝ ਲੁਟਵਾ ਕੇ ਆਏ ਸਨ, ਉਹਨਾਂ ਇਸ ਹੌਦ ਦੇ ਆਲੇ ਦੁਆਲ਼ੇ ਖੇਤੀ ਕਰਨੀ ਆਰੰਭ ਕਰ ਦਿਤੀ ਸੀ। ਇਹ ਸਾਰੇ ਹੀ ਸਿੱਖ ਸਨ ਅਤੇ ਦਿਨਾਂ ਵਿੱਚ ਹੀ ਖੁਸ਼ਹਾਲ ਹੋ ਗਏ। ਇਹਨਾਂ ਦਾ ਮਨੋਰੰਜਕ ਕੰਮ ਸੀ ਗੁਰਪੁਰਵ ਮਨਾਉਣੇ। ਲਾਗਲੇ ਪਿੰਡਾਂ ਦੇ ਗਰੀਬ ਲੋਕ ਇਥੇ ਲੰਗਰ ਛਕਣ ਤੁਰੇ ਹੀ ਰਹਿੰਦੇ ਸਨ। ਪਹਿਲਾਂ ਇਹ ਪੰਜਾਬ ਦਾ ਹਿੱਸਾ ਸੀ ਬਾਅਦ ਵਿੱਚ ਹਰਿਆਣੇ ਵਿੱਚ ਆ ਗਿਆ। ਇਸ ਹੌਦ ਦੇ ਨਾਮ ਤੋਂ ਹੀ ਇਸ ਪਿੰਡ ਦਾ ਨਾਮ ਹੌਦ ਹੋ ਗਿਆ। ਚਿੱਲ਼ਡ਼ ਪਿੰਡ ਲਾਗੇ ਹੋਣ ਕਾਰਨ ਹੌਦ ਚਿੱਲਡ਼ ਨਾਮ ਹੋ ਗਿਆ । ਹੌਦ ਅਤੇ ਚਿੱਲਡ਼ ਪਿੰਡ ਦੀ ਇੱਕ ਹੀ ਪੰਚਾਇਤ ਹੁੰਦੀ ਸੀ। ਸਰਪੰਚ ਜਿਆਦਾਤਰ ਹੌਦ ਦਾ ਹੀ ਹੁੰਦਾ ਸੀ। 
ਪਹਿਲਾਂ ਹਰਿਆਣੇ ਦੇ ਜਾਟ ਅਤੇ ਪੰਜਾਬੀ ਦੇ ਜੱਟਾਂ ਵਿਚ ਕੋਈ ਫ਼ਰਕ ਨਹੀਂ ਹੁੰਦਾ ਸੀ। ਹਿੰਦੂਵਾਦੀਆਂ ਨੇ ਜੱਟ ਨੂੰ ਹਿੰਦੂ ਬਣਾਉਣ ਲਈ ਇਸ ਦਾ ਹਿੰਦੂ ਨਾਮ ਜਾਟ ਕਰ ਦਿਤਾ। ਪੰਜਾਬ ਦੇ ਜੱਟਾਂ ਨੂੰ ਜੱਟ ਸਿੱਖ ਬਣਾ ਦਿਤਾ, ਅਤੇ ਆਲ਼ੇ ਦੁਆਲ਼ੇ ਦੇ ਜਾਟ ਹੌਦ ਵਾਲ਼ੇ ਜੱਟਾਂ ਦੀ ਖੁਸਹਾਲੀ ਦੇ ਕੇ ਮੱਚਣ ਲੱਗ ਪਏ ਅਤੇ ਨਵੰਬਰ 1984 ਨੂੰ ਹੌਦ ਦੇ ਆਲ਼ੇ ਦੁਆਲ਼ੇ ਖੇਤੀ ਕਰਨ ਵਾਲ਼ਿਆਂ ਨੂੰ ਮਾਰ ਦਿਤਾ, ਖਪਾ ਦਿਤਾ, ਭਜਾ ਦਿਤਾ ਅਤੇ ਸਾਰੇ ਪਿੰਡ ਨੂੰ ਲੁੱਟ ਪੁੱਟ ਲਿਆ। ਅੱਗਾਂ ਲਗਾ ਦਿਤੀਆਂ। ਬੱਚੇ ਬੁੱਢੇ ਜਵਾਨਾਂ ਨੂੰ ਇਉਂ ਭੁੰਨ ਦਿਤਾ ਗਿਆ ਜਿਵੇਂ ਮੁਰਗੇ ਨੂੰ ਤੰਦੂਰ ਵਿੱਚ ਭੁੰਨੀਦਾ ਹੈ। ਕਿਉਂਕਿ ਸਾਰੇ ਡਰਦੇ ਮਾਰੇ ਆਪੋ ਆਪਣੇ ਘਰਾ ਵਿੱਚ ਦੁਬਕ ਗਏ ਸਨ ਅਤੇ ਜਨੂੰਨੀਆਂ ਨੇ ਘਰਾਂ ਦੀਆਂ ਛੱਤਾਂ ਪਾਡ਼ ਕੇ ਅੰਦਰੋ ਅੰਦਰੀ ਪੈਟਰੌਲ, ਡੀਜਲ ਸੁੱਟ ਫੂਕ ਦਿਤਾ ਸੀ। ਸਬੂਤ ਵਜੋਂ ਅੱਜ ਵੀ ਛੱਤਾਂ ਤੋਂ ਬਗੈਰ ਹਵੇਲੀਆਂ ਦੇਖੀਆਂ ਜਾ ਸਕਦੀਆਂ ਹਨ। ਸਾਰਾ ਪਿੰਡ ਖੰਡਰ ਬਣਾ ਦਿਤਾ ਗਿਆ । ਇਹ ਹੌਦ ਵਾਸੀ 26 ਸਾਲ ਕਿਸੇ ਦੇ ਨਜ਼ਰੀਂ ਨਹੀਂ ਪਏ, ਨਾਂ ਹੀ ਇਹ ਖੰਡਰ ਬਣਿਆ ਸਰਦਾਰਾਂ ਦਾ ਪਿੰਡ ਕਿਸੇ ਦੇ ਨਜ਼ਰੀਂ ਚਡ਼ਿਆ । ਹਰਿਆਣੇ ਦੀ ਸਰਕਾਰ ਨੇ ਵੀ ਨਹੀਂ ਗੌਲ਼ਿਆ । ਹੌਦ ਪਿੰਡ ਦੇ ਖੰਡਰ ਵੀ ਇੱਕ-ਇੱਕ ਕਰਕੇ ਅਲੋਪ ਹੁੰਦੇ ਗਏ । ਜੋ ਕਿਸੇ ਦੇ ਕੋਈ ਕੰਮ ਆਉਣ ਵਾਲ਼ੀ ਚੀਜ ਹੁੰਦੀ ਉਹ ਚੁੱਕ ਕੇ ਲੈ ਜਾਂਦੇ । ਕਿਸੇ ਨੂੰ ਕੋਈ ਟਾਕੀ ਦਿਖੀ ਉਹ ਟਾਕੀ ਖਿੱਚ ਕੇ ਲੈ ਗਿਆ । ਕਿਸੇ ਨੂੰ ਇੱਟ ਬਾਲਾ ਦਿਖਿਆ ਉਹ ਇੱਟ ਬਾਲਾ ਲੈ ਗਿਆ। ਅੱਜ ਉਹਨਾਂ ਖੰਡਰਾਂ ਵਿੱਚ ਬੱਸ ਇਕੋ ਚੀਜ ਬਚੀ ਹੈ ਉਹ ਹੈ ‘ਜਲ਼ੀ ਹੋਈ ਕਣਕ’ । ਬੱਸ ਹੁਣ ਤਾਂ ਚਾਰ ਪੰਜ ਕੁ ਖੰਡਰ ਬਚੇ ਹਨ। ਹਾਂ ! ਕਈ ਕਿਲਿਆਂ ਵਿੱਚ ਹੌਦ ਜਰੂਰ ਹੈ। ਉਹਦੇ ਕੰਢੇ ਤੇ ਪਿੱਪਲ਼ ਹੈ। ਪਿੱਪਲ਼ ਲਾਗੇ ਡੰਗਰਾਂ ਨੂੰ ਪੱਠੇ ਪਾਉਣ ਲਈ ਵੱਡੀ ਸਾਰੀ ਖੁਰਲੀ ਹੈ। ਲਾਗ ਹੀ ਇੱਕ ਖੂਹ ਹੈ ਅਤੇ ਖੂਹ ਦੇ ਲਾਗੇ ਹੀ ਗੁਰਦੁਆਰੇ ਦਾ ਖੰਡਰ ਵੀ ਹੈ। ਗੁਰਦੁਆਰੇ ਤੇ ਧੁੰਦਲਾ ਜਿਹਾ ‘ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਿ ਨਾ ਜਾਈ’ ਲਿਖ ਕੇ ਥੱਲੇ ‘ਜੀ ਆਇਆ ਨੂੰ’ ਵੀ ਲਿਖਿਆ ਹੈ । ਗੁਰਦੁਆਰੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਪੱਕਾ ਥਡ਼ਾ ਵੀ ਬਣਿਆ ਹੋਇਆ ਹੈ। ਇਹ ਪਿੰਡ ਸਿੱਖ ਪੰਥ ਦੇ ਨਜ਼ਰੀ ਇਉਂ ਪਿਆ।
ਗੁਡ਼ਗਾਵਾਂ ਦੀ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਪੰਜਾਬ ਤੋਂ ਇੱਕ ਅੰਮ੍ਰਿਤਧਾਰੀ ਨੌਜੁਆਨ ਕੰਮ ਕਰਦਾ ਸੀ । ਉਹਦੀ ਸੋਹਣੀ ਤਨਖਾਹ ਸੀ। ਬੱਚਿਆਂ ਨਾਲ਼ ਗੁਡ਼ਗਾਵਾਂ ਸੈਟ ਸੀ। ਗੁਡ਼ਗਾਵਾਂ ਦੇ ਸੱਭ ਤੋਂ ਵਧੀਆਂ ਸਕੂਲ (ਯੂਰੋ ਇੰਟਰਨੈਸ਼ਨਲ ) ‘ਚ ਉਸ ਦੇ ਬੱਚੇ ਪਡ਼ਦੇ ਸਨ। ਲਡ਼ਕਾ ਪੰਜਵੀਂ ਵਿੱਚ ਅਤੇ ਛੋਟੀ ਬੱਚੀ ਮੌਨਟੈਸਰੀ ਤਿੰਨ ਵਿੱਚ। ਬੱਚੇ ਵੀ ਅੰਮ੍ਰਿਤਧਾਰੀ ਅਤੇ ਆਪੋ ਆਪਣੀਆਂ ਜਮਾਤਾ ਵਿੱਚ ਪਹਿਲੇ ਸਥਾਨ ਤੇ ਸਨ। ਪੰਜਵੀ ਵਿੱਚ ਪਡ਼ਦਾ ਲਡ਼ਕਾ ਤਾਂ ਮੈਥ / ਸਾਇੰਸ ਉਲੰਪੀਅਡ ਵਿੱਚੋਂ ਗੋਲਡ ਮੈਡਲ ਲੈ ਕੇ ਪੂਰੇ ਹਰਿਆਣੇ ਵਿੱਚੋਂ ਪਹਿਲੇ ਸਥਾਨ ਤੇ ਸੀ । ਇਹ ਚੌਹਾਂ ਜਣਿਆ ਦਾ ਪਰਿਵਾਰ  ਹਰ ਸ਼ਨੀਵਾਰ ਦੀ ਰਾਤ ਅਤੇ ਹਰ ਗੁਰਪੁਰਵ ਤੇ ਗੁਡ਼ਗਾਵਾਂ ਦੇ ਗੁਰਦੁਆਰਿਆਂ ਵਿੱਚ ਵੀ ਜਾਂਦੇ ਸਨ। ਇਹਨਾਂ ਨੂੰ ਆਪਣੇ ਸਿੱਖ ਹੋਣ ਤੇ ਪੂਰਾ ਮਾਣ ਸੀ। ਇਹ ਗੁਰਦੁਆਰੇ ਸੇਵਾ ਵੀ ਨਿਭਾਉਂਦੇ ਸਨ ਇਸ ਲਈ ਗੁਰਦੁਆਰਿਆਂ ਦੇ ਪ੍ਰਬੰਧਕ ਇਸ ਪਰਿਵਾਰ ਦੀ ਉਡੀਕ ਵਿੱਚ ਰਹਿੰਦੇ ਸਨ। ਇਸ ਨੌਜੁਆਨ ਨੂੰ ਤਾਂ ਆਪਣੇ ਸਿੱਖ ਹੋਣ ਤੇ ਬਹੁਤਾ ਹੀ ਮਾਣ ਸੀ। ਸੇਹਤ ਵੀ ਅੱਛੀ ਸੀ। ਦਸਤਾਰ ਵਧੀਆ ਬੰਨਦਾ ਸੀ। ਦਾਹਡ਼ਾ ਛਾਹ ਕਾਲ਼ਾ ਤੇ ਪ੍ਰਕਾਸ਼ ਕਰਕੇ ਰੱਖਦਾ ਸੀ। ਪਾਰਟੀਆਂ ਆਦਿ ਤੇ ਇਸਨੂੰ ਪੁੱਛਿਆ ਭੀ ਗਿਆ ਕਿ ਉਹ ਆਪਣੀ ਦਾਹਡ਼ੀ ਨੂੰ ਕੀ ਲਗਾਉਂਦੇ ਹਨ। ਆਖਦਾ ਕੁੱਝ ਨਹੀਂ । ਮੁੱਛਾਂ ਤਾਂ ਆਮ ਹੀ ਰੱਖਦਾ ਸੀ ਪਰ ਉਸਨੇ ਆਪਣੀ ਫੇਸਬੁੱਕ ਤੇ ਫੋਟੋ ਦੋਵੇਂ ਹੱਥ ਨਾਲ਼ ਮੁੱਛਾਂ ਨੂੰ ਉਤਾਂਹ ਚੁੱਕਦੇ ਦੀ ਲਗਾਈ ਹੋਈ ਸੀ। ਉਸ ਦੀ ਮੁੱਛਾ ਨੂੰ ਉਤਾਹ ਚੁੱਕਦੇ ਦੀ ਫੋਟੋ ਤੇ ਤਾਂ ਕਰਨੈਲ ਸਿੰਘ ਪੀਰਮੁਹੰਮਦ ਨੂੰ ਵੀ ਰਸ਼ਕ ਹੋਈ ਸੀ, ਉਸ ਨੇ ਕਹਿ ਦਿਤਾ ਕਿ ਇਹ ਫੋਟੋ ਬਦਲ ਦੇਵੇ ਸਿੱਖ ਨੂੰ ਨਿਮਰਤਾ ਵਿੱਚ ਰਹਿਣਾ ਚਾਹੀਦਾ ਹੈ। 
ਇਹ ਨੌਜੁਆਨ ਅਕਸਰ ਇੱਕ ਲਤੀਫਾ ਸੁਣਾਉਂਦਾ ਹੁੰਦਾ ਹੈ : ਦੋ ਦੋਸਤ ਇੱਕ ਮੁਸਲਮਾਨ ਅਤੇ ਇੱਕ ਸਿੱਖ ਪ੍ਰਸਾਦਾ ਛਕ ਰਹੇ ਸਨ । ਅਖੀਰ ਵਿੱਚ ਖੀਰ ਛਕਣ ਲੱਗੇ । ਖੀਰ ਜਰਾ ਪਤਲੀ ਸੀ। ਮੁਸਲਮਾਨ ਦੋਸਤ ਨੇ ਪੀ ਲਈ। ਇਸ ਦੀ ਰੀਸੇ ਸਿੱਖ ਨੇ ਭੀ ਕੌਲੀ ਨੂੰ ਮੂੰਹ ਲਗਾਇਆ ਅਤੇ ਖੀਰ ਪੀ ਗਿਆ । ਮੁਸਮਾਨ ਦੋਸਤ ਠਹਾਕਾ ਮਾਰ ਕੇ ਹੱਸਿਆ ਤੇ ਕਹਿਣ ਲੱਗਿਆ, ‘ਦੇਖਿਆ ਅਸੀਂ ਤਾਂ ਹੀ ਮੁੱਛਾਂ ਕਟਵਾਲੈਂਦੇ ਹਾਂ ਤਾ ਕਿ ਖੀਰ ਆਦਿ ਨਾਲ਼ ਮੁੱਛਾਂ ਨਾਂ ਲਿਬਡ਼ਨ। ਸਿੱਖ ਦੋਸਤ ਨੇ ਲਿਬਡ਼ੀਆਂ ਮੁੱਛਾਂ ਨਾਲ਼ ਹੀ ਕਿਹਾ, ‘ਉਇ ਅਨਵਰ ਤੁਸੀਂ ਕੇਵਲ ਖਾਣ ਵਾਸਤੇ ਹੀ ਮੁੱਛਾਂ ਕਟਵਾਉਂਦੇ ਹੋ ਪਰ ਅਸੀਂ ਖਾਂਦੇ ਹੀ ਮੁੱਛਾਂ ਲਈ ਹਾਂ। ਇਸ ਤਰਾਂ ਦੇ ਠਹਾਕੇ ਮਾਰਦੇ ਤੇ ਲਤੀਫੇ ਸੁਣਾਉਂਦੇ ਨਜੁਆਨ ਕੋਲ਼ ਇੱਕ ਡਰਾਇਵਰ ਕਿਸੇ ਕੰਮ ਆਇਆ। ਡਰਾਇਵਰ ਇਸ ਦੀ ਦਾਹਡ਼ੀ ਮੁੱਛ ਦੇਖ ਕੇ ਕਹਿ ਉੱਠਿਆ। ਤੁਹਾਨੂੰ ਏ.ਸੀ. ਕਮਰਿਆਂ ਵਿੱਚ ਬੈਠ ਕੇ ਮੁੱਛਾਂ ਖਡ਼ੀਆਂ ਕਰਕੇ ਗੱਲਾਂ ਆਉਂਦੀਆਂ ਹਨ । ਇਥੋਂ 50 ਕੁ ਕਿਲੋਮੀਟਰ ਤੇ ਇੱਕ ਸਰਦਾਰਾਂ ਦਾ ਪਿੰਡ ਸੀ । ਉਸ ਪਿੰਡ ਦੇ ਸਾਰੇ ਬੰਦੇ ਫੂਕ ਦਿੱਤੇ ਅਤੇ ਇੱਸ ਪੂਰੇ ਪਿੰਡ ਨੂੰ ਹੀ 1984 ਵਿੱਚ ਜਲ਼ਾ ਦਿਤਾ ਗਿਆ ਸੀ । ਉਦੋਂ ਤੋਂ ਅੱਜ ਤੱਕ ਉਸ ਪਿੰਡ ਵਿੱਚ ਕਿਸੇ ਸਿੱਖ ਨੇ ਪੈਰ ਨਹੀਂ ਪਾਇਆ । ਜੇ ਹਿੰਮਤ ਹੈ ਤਾਂ ਜਾ ਕੇ ਦਿਖਾਉ । ਸਿੱਖ ਨੌਜੁਆਨ ਨੇ ਇਸ ਗੱਲ ਨੂੰ ਗੰਭੀਰਤਾ ਨਾਲ਼ ਲਿਆ । ਪਿੰਡ ਦਾ ਪਤਾ ਪੁੱਛਿਆ । ਇਕੱਲਾ ਹੀ ਕਾਰ ਕੈਮਰਾ ਚੁੱਕ ਕੇ ਉਸ ਪਿੰਡ ਚਲਾ ਗਿਆ । ਸੱਭ ਕੁੱਝ ਦੇਖਿਆ । ਬਚੇ ਖੰਡਰਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ । ਵਿਸਥਾਰ ਨਾਲ਼ ਸਾਰਾ ਹਾਲ ਲਿਖਿਆ । ਫੇਸ ਬੁੱਕ ਤੇ ਪਾ ਦਿਤਾ । ਲੇਖ ਨੂੰ ਕਈ ਅਖਬਾਰਾਂ ਵੱਲ਼ਿਆਂ ਨੂੰ ਭੇਜਿਆ । ਮੈਗਜੀਨ ਵਾਲਿਆਂ ਨੂੰ ਭੇਜਿਆ ਅਤੇ ਇਹ ਪਿੰਡ ਸਾਰੇ ਸੰਸਾਰ ਦੀ ਨਜ਼ਰੀ ਚਡ਼੍ਹ ਗਿਆ । ਜਿਸ ਨੌਜੁਆਨ ਨੇ ਇਸ ਪਿੰਡ ਦੀ ਖੋਜ ਕੀਤੀ ਹੈ ਉਸ ਨੌਜੁਆਨ ਦਾ ਨਾਮ ਹੈ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ‘ਖੋਜ ਕਰਤਾ ਹੌਦ ਚਿੱਲਡ਼’।
ਪਿੰਡ ਦੇ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ 03 ਮਾਰਚ 2011 ਨੂੰ ਸ਼੍ਰੀ ਅਖੰਡ ਪਾਠ ਰਖਵਾਇਆ ਗਿਆ । 06-03-2011 ਨੂੰ ਸ਼ਹੀਦ ਹੋਏ ਸਾਰੇ ਸਿੰਘਾਂ ਦੀ ਯਾਦ ਵਿੱਚ ਕੀਰਤਨ ਦਰਬਾਰ ਸਜਿਆ । ਇਸੇ ਦਿਨ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਨੇ ਇਸ ਪਿੰਡ ਦੇ ਖੰਡਰ ਹੋਏ ਗੁਰਦੁਆਰੇ ਦੀ ਦੀਵਾਰ ਨਾਲ਼ ਸਿੱਖ ਕਤਲੇਆਮ ਦੇ ਸਬੂਤ ਵਜੋਂ ਇੱਕ ਯਾਦਗਾਰੀ ਪੱਥਰ ਵੀ ਲਗਾਇਆ । ਇਧਰ 03-03-2011 ਨੂੰ ਹੌਦ ਚਿੱਲਡ਼ ਵਿਖੇ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਅਖੰਡ ਪਾਠ ਰਖਵਾਉਣ ਵਿੱਚ ਲੀਨ ਸੀ ਉਧਰ ਮਨਵਿੰਦਰ ਸਿੰਘ ਦੇ ਘਰ ਚੋਰੀ ਹੋ ਗਈ । ਚੋਰ ਸੱਭ ਕੁੱਝ ਲੁੱਟ ਕੇ ਲੈ ਗਏ । ਮਨਵਿੰਦਰ ਸਿੰਘ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ । ਸਕੂਲੋਂ ਬੱਚੇ ਹਟਾਉਣੇ ਪਏ ਅਤੇ ਲੁਧਿਆਣੇ ਆਪਣੇ ਪਿੰਡ ਗਿਆਸਪੁਰੇ ਆਉਣਾ ਪਿਆ । ਧਾਗੇ ਕੱਪਡ਼ੇ ਦੇ ਵਪਾਰ ਦਾ ਕੰਮ ਸੁਰੂ ਕੀਤਾ । ਐਵੇਂ ਹੀ ਮਨਵਿੰਦਰ ਸਿੰਘ ਦੇ ਸਿਰ ਦੇਸ਼ ਧ੍ਰੋਹੀ ਦਾ ਕੇਸ ਜਡ਼ ਦਿਤਾ ਗਿਆ ਧਾਰਾ ਲਗਾਈ ਗਈ ‘153 ਏ’ । ਇਤਨਾ ਕੁੱਝ ਹੋਣ ਉਪਰੰਤ ਵੀ ਮਨਵਿੰਦਰ ਸਿੰਘ ਨੇ ਹੌਸਲਾ ਨਹੀਂ ਛੱਡਿਆ । ਹੌਦ ਚਿੱਲਡ਼ ਅਤੇ ਹਰਿਆਣੇ ਦੇ ਰਹਿ ਗਏ ਗੁਡ਼ਗਾਵਾਂ ਅਤੇ ਪਟੌਦੀ ਵਿੱਚ ਹੋਏ ਸਿੱਖ ਕਤਲੇਆਮ ਦੀ ਜਾਚ ਲਈ ਹਾਈ ਕੋਰਟ ਵਿੱਚ ਕੇਸ ਕਰ ਦਿਤਾ । ਹਾਈ ਕੋਰਟ ਨੇ ਜਸਟਿਸ ਗਰਗ ਨੂੰ ਜਾਂਚ ਦੇ ਆਦੇਸ਼ ਦਿਤੇ । ਇੰਜੀ. ਮਨਵਿੰਦਰ ਸਿੰਘ ਹਰੇਕ ਤਾਰੀਕ ਵਿੱਚ ਹਾਜਰੀ ਭਰਦਾ ਹੈ । ਇਹ ਅਦਾਲਤ ਹਿਸਾਰ ਵਿੱਚ ਲੱਗਦੀ ਹੈ । ਐਤਕੀ ਸਿਆਲ਼ ਵਿੱਚ ਛੇ ਤਰੀਕਾਂ ਹਿਸਾਰ ਭੁਗਤ ਕੇ ਆਇਆ ਹੈ। 
ਆਉ ਜਰਾ ਹੁਣ ਇਹ ਸਮਝਣ ਦੀ ਕੋਸ਼ਿਸ ਕਰੀਏ ਕਿ ਇਹਨਾਂ ਹਿੰਦੂਵਾਦੀਆਂ ਨੇ ਸਿੱਖਾਂ ਦਾ ਇਸ ਤਰਾਂ ਕਤਲੇਆਮ ਕਿਉਂ ਕੀਤਾ ? ਇਹ ਹਿੰਦੂ ਵਾਦੀ ਭਾਰਤ ਦੀ ਭੋਲ਼ੀ-ਭਾਲ਼ੀ ਜਨਤਾ ਨੂੰ ਵਹਿਮਾਂ ਭਰਮਾ ਵਿੱਚ ਉਲਝਾ ਕੇ ਇਹਨਾਂ ਨੂੰ ਹੋਲੀ, ਦੀਵਾਲੀ, ਛੱਟ ਅਤੇ ਮੂਰਤੀ ਵਿਸਰਜਨ ਵਿੱਚ ਮਸਤ ਕਰਕੇ ਦੇਸ਼ ਵਿੱਚ ਲੁੱਟ ਮਚਾਉਂਦੇ ਹਨ। ਭਰਿਸਟਾਚਾਰ ਰਾਹੀ ਲੁੱਟੇ ਪੈਸੇ ਦਾ ਢੇਰ ਸਾਰੀ ਦੁਨੀਆਂ ਨੇ ਸੰਸਦ ਵਿੱਚ ਦੇਖਿਆ ਹੈ । ਲਡ਼ਾਈ ਸਿਰਫ ਆਰੀਅਨ ਅਤੇ ਦ੍ਰਾਵਡ਼ਾਂ ਦੀ ਹੈ । ਦ੍ਰਾਵਡ਼ਾਂ ਨੂੰ ਆਰੀਅਨਾਂ ਨੇ ਗੁਲਾਮ ਬਣਾ ਕੇ ਦਲਿਤ ਬਣਾ ਦਿਤਾ ਹੈ । ਦਲਿਤਾਂ ਦੀ ਮਿਹਨਤ ਨੂੰ ਇਹਨਾਂ ਨੇ ਲੁੱਟਣਾ ਹੈ ਅਤੇ ਵਿਦੇਸ਼ੀ ਬੈਂਕਾਂ ਵਿੱਚ ਆਪਣੀ ਲੁੱਟ ਦਾ ਮਾਲ ਰੱਖਣਾ ਹੈ । ਲੁੱਟ ਦੇ ਧੰਨ ਨਾਲ਼ ਦਲਿਤਾਂ ਦੀਆਂ ਵੋਟਾਂ ਖਰੀਦ ਕੇ ਰਾਜ ਕਰਦੇ ਰਹਿਣਾ ਹੈ । ਸਿੱਖ ਇਸ ਗੱਲ ਨੂੰ ਸਮਝਦੇ ਹਨ ਕਿਉਂਕਿ ਸਿੱਖ ਨਾਂ ਆਰੀਅਨ ਹਨ ਨਾ ਦ੍ਰਾਵਡ਼ੀਅਨ । ਸਿੱਖਾ ਨੇ ਜੁਲਮ ਦੇ ਖਿਲਾਫ ਆਪਣੀ ਕਿਰਪਾਨ ਕੱਢੀ ਹੋਈ ਹੈ ਅਤੇ ਇਹ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਹਨ । ਇਸੇ ਕਾਰਨ ਵੱਸ ਇਹ ਸਿੱਖਾਂ ਦੇ ਕਤਲੇਆਮ ਵਿੱਚ ਸ਼ਾਮਿਲ ਹਰ ਬੰਦੇ ਦੀ ਸਹਾਇਤਾ ਕਾਨੂੰਨ ਤੋਂ ਬਾਹਰ ਹੋ ਕੇ ਵੀ ਕਰਦੇ ਹਨ । ਸਿੱਖਾਂ ਦਾ ਕਤਲੇਆਮ ਕਰਨ ਲਈ ਇਹ ਭਾਰਤ ਦੀ ਭੋਲ਼ੀ-ਭਾਲ਼ੀ ਜੰਨਤਾ ਨੂੰ ਹੀ ਵਰਤਦੇ ਹਨ। 
ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਇਹ ਹੌਦ ਚਿਲਡ਼ ਮਸਲਾ ਇਸ ਲਈ ਭਖਦਾ ਰੱਖ ਰਿਹਾ ਹੈ ਕਿ ਸੰਸਾਰ ਨੂੰ ਦੱਸਿਆ ਜਾਵੇ ਕਿ ਹਿੰਦੂਵਾਦੀਆਂ ਨੇ ਨਵੰਬਰ 1984 ਵਿੱਚ ਸਿੱਖਾਂ ਦਾ ਕਤੇਆਮ ਕੀਤਾ ਸੀ । ਇਹ ਕੋਈ ਦੰਗੇ ਨਹੀਂ ਸਨ । ਇਹਨਾਂ ਹਿੰਦੂਵਾਦੀਆਂ ਵਿੱਚ ਅਹਿੰਸਾ ਪਰਮੋਂ ਧਰਮ ਵਾਲ਼ੀ ਕੋਈ ਗੱਲ ਨਹੀਂ ਨਾਂ ਹੀ ਇਹਨਾ ਵਿੱਚ ਕੋਈ ਸਤਆਮੇਵ ਜਯਤੇ ਵਾਲ਼ੀ ਕੋਈ ਗੱਲ ਹੈ। ਇਹ ਸੱਭ ਪਖੰਡ ਕਰਦੇ ਹਨ। ਜੇ ਇਸ ਤਰਾਂ ਨਾਂ ਹੁੰਦਾ ਤਾਂ 1985 ਦੀਆਂ ਲੋਕ ਸਭਾ ਚੋਣਾ ਵਿੱਚ ਸਿੱਖਾਂ ਦੀ ਕਾਤਲ ਪਾਰਟੀ ਨੂੰ ਭਾਰੀ ਬਹੁਮਤ ਨਾਲ਼ ਨਾਂ ਜਿਤਾਉਂਦੇ । ਇਹਨਾਂ ਨੇ ਸਿੱਖ ਕਤਲੇਆਮ  ਦੇ ਦੋਸ਼ੀਆਂ ਦੀ ਕਾਨੂੰਨ ਤੋ ਬਾਹਰ ਹੋ ਕੇ ਵੀ ਮੱਦਦ ਕੀਤੀ ਹੈ ਅਤੇ ਸਿਖਾਂ ਨੂੰ ਫਟਾਫਟ ਫਾਂਸੀ ਚਾਡ਼ਿਆ ਹੈ । ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਦੇ ਹਨ । ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਹਿੰਦੂ ਮੰਨਿਆ ਗਿਆ ਹੈ ਜਦਕਿ ਇਹਨਾਂ ਨੇ ਸਿੱਖਾਂ ਦਾ ਸਿਰਫ ਸਿੱਖ ਹੋਣ ਕਰਕੇ ਹੀ ਕਤਲੇਆਮ ਕੀਤਾ ਹੈ । ਜਦੋਂ ਸਿੱਖ ਇਹ ਗੱਲ ਕਹਿੰਦੇ ਹਨ ਕਿ ‘ਸਿੱਖ ਇੱਕ ਵੱਖਰੀ ਕੌਮ ਹੈ’ ਫਿਰ ਇਹ ਉਹਨਾਂ ਤੇ ਵੱਖਵਾਦੀ ਹੋਣ ਦਾ ਦੂਸ਼ਣ ਲਗਾਉਂਦੇ ਹਨ । ਹੌਦ ਚਿੱਲਡ਼ ਸਿਖ ਕਤਲੇਆਮ ਦਾ ਸਬੂਤ ਹੈ । ਸਿੱਖ ਹਿੰਦੂ ਨਹੀਂ ਹਨ ਇਸ ਲਈ ਇਹਨਾਂ ਨੇ ਸਿਰਫ ਸਿੱਖਾਂ ਦਾ ਹੀ ਕਤਲੇਆਮ ਕੀਤਾ । ਇਸ ਗੱਲ ਨੂੰ ਸੰਵਿਧਾਨ ਵਿੱਚ ਦਰਜ ਕਰਵਾਉਣ ਲਈ ਭੀ ਹੌਦ ਚਿਲਡ਼ ਸੁਲਘਦਾ ਰੱਖਣਾ ਹਰ ਸਿੱਖ ਦੀ ਜਿੰਮੇਵਾਰੀ ਹੈ । ਇਹ ਇਤਨੇ ਸ਼ਾਤਰ ਹਨ ਕਿ ਇਹ ਇਸ ਕਾਂਡ ਨੂੰ ਭੁੱਲ ਜਾਣ ਲਈ ਭੀ ਸਿੱਖਾਂ ਦੇ ਮੂੰਹੋ ਕਢਵਾ ਰਹੇ ਹਨ । 28 ਸਾਲਾਂ ਵਿੱਚ ਦੇਖਣ ਨੂੰ ਤਾਂ ਕਈ ਕਿਸਮ ਦੀਆਂ ਸਰਕਾਰਾਂ ਆਈਆਂ ਪਰ ਕਿਸੇ ਵੀ ਸਰਕਾਰ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਸਿੱਖ ਜਗਤ ਤੋਂ ਮੁਆਫੀ ਨਹੀਂ ਮੰਗੀ । ਜਦੋਂ ਤੱਕ ਇਹ ਸੰਸਦ ਵਿੱਚ ਮਤੇ ਪਾ ਕੇ ਸਿੱਖ ਜਗਤ ਪਾਸੋਂ ਮੁਆਫੀ ਨਹੀਂ ਮੰਗਦੇ ਅਤੇ ਘੱਟ ਗਿਣਤੀਆਂ ਦੇ ਕਤਲੇਆਮ ਨੂੰ ਰੋਕਣ ਦਾ ਕਾਨੂੰਨ ਪਾਸ ਨਹੀਂ ਕਰਦੇ ਅਤੇ ਸੰਵਿਧਾਨਿਕ ਤੌਰ ਤੇ ‘ਸਿੱਖ ਇੱਕ ਵੱਖਰੀ ਕੌਮ ਹੈ’ ਨਹੀਂ ਮੰਨਦੇ ਉਦੋਂ ਤੱਕ ਹੌਦ ਚਿੱਲਡ਼ ਦਾ ਮਸਲਾ ਸੁਲਘਦਾ ਰੱਖਣਾ ਹੈ । ਜੇ ਇਹ ਉਪਰੋਕਤ ਗੱਲਾਂ ਨੂੰ ਨਹੀਂ ਗੌਲ਼ਦੇ ਤਾ ਹੌਦ ਚਿੱਲਡ਼ ਦੀ ਸੁਲਘਦੀ ਚੰਗਿਆਡ਼ੀ ਵੱਡਾ ਭਾਂਬਡ਼ ਬਣਨ ਦਾ ਖਤਰਾ ਹੈ ਜਿਸ ਨਾਲ਼ ਸਾਰੇ ਦੇਸ਼ ਦਾ ਭਾਰੀ ਨੁਕਸਾਨ ਹੋਵੇਗਾ । ਇਸੇ ਖਤਰੇ ਨੂੰ ਰੋਕਣਾ ਹੀ ਇੰਜੀ.ਮਨਵਿੰਦਰ ਸਿੰਘ ਦੀ ਕੋਸ਼ਿਸ਼ ਹੈ।

ਗੁਰਮੇਲ ਸਿੰਘ ਖਾਲਸਾ ਗਿਆਸਪੁਰਾ
09914701469


ਸੰਪਾਦਕੀ ਟਿੱਪਣੀ: ਇਸ ਲਿਖਤ ਨੂੰ ਪੜ੍ਹਦਿਆਂ ਕਈ ਵਾਰ ਮਹਿਸੂਸ ਹੁੰਦਾ ਹੈ ਕਿ ਲੇਖਕ ਫਿਰਕੂ ਜਹੀ  ਗੱਲ ਕਰ ਰਿਹਾ ਹੈ ਪਰ ਇਸ ਵਿੱਚ  ਕਸੂਰ ਲੇਖਕ ਦਾ ਨਹੀਂ ਉਹਨਾਂ ਦਾ ਹੈ ਜਿਹਨਾਂ ਨੇ ਬੇਗਾਨਗੀ ਦੀ ਇਸ ਭਾਵਨਾ ਨੂੰ ਨਾ ਸਿਰਫ ਜਨਮ ਦਿੱਤਾ ਬਲਕਿ ਬਾਰ ਬਾਰ ਮਜਬੂਤ ਵੀ ਕੀਤਾ। ਵਿਸਥਾਰ ਵੱਖਰੀ ਪੋਸਟ ਵਿੱਚ। --ਰੈਕਟਰ ਕਥੂਰੀਆ                     

ਗੱਲ ਹਿੰਦੂ, ਸਿਖ, ਮੁਸਲਿਮ ਜਾਂ ਇਸਾਈ ਦੀ ਨਹੀਂ

Friday, February 10, 2012

ਆਖਰ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੂੰ ਮਿਲੀ ਜ਼ਮਾਨਤ

ਦਾਸਤਾਨ ਜ਼ੁਲਮ ਵਿਰੁਧ ਖੜੇ ਹੋਣ ਬਦਲੇ ਮਿਲੀਆਂ ਖੱਜਲ ਖੁਆਰੀਆਂ ਦੀ
ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦੀ ਜਿੰਦਗੀ ਬਹੁਤ ਹੀ ਵਧੀਆ ਲੰਘ ਰਹੀ ਸੀ.ਵਧੀਆ ਨੌਕਰੀ,ਵਧੀਆ ਤਨਖਾਹ ਅਤੇ ਜਿੰਦਗੀ ਦਾ ਹਰ ਸੁੱਖ ਆਰਾਮ ਜਿਹੜਾ ਉਸਨੂੰ ਬੜੀ ਹੀ ਮਿਹਨਤ ਮੁਸ਼ੱਕਤ ਮਗਰੋਂ ਨਸੀਬ ਹੋਇਆ ਸੀ. ਅਚਾਨਕ ਹੀ ਅਜਿਹਾ ਕੀ ਵਾਪਰਿਆ ਕਿ ਉਸ ਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ. ਇਹ ਸਭ ਕੁਝ ਜਾਨਣ ਲਈ ਹੇਠਾਂ ਦਿੱਤੀ ਦਾਸਤਾਨ ਨੂੰ ਪੜ੍ਹਨਾ ਜਰੂਰੀ ਹੈ ਜਿਹੜੀ ਇੱਕ ਵਾਰ ਫੇਰ ਯਾਦ ਕਰਾਉਂਦੀ ਹੈ ਕਿ  ਸਚ ਨੂੰ ਸਚ ਆਖਣ ਦੀ ਕੀਮਤ ਹਮੇਸ਼ਾਂ ਅਦਾ ਕਰਨੀ ਪੈਂਦੀ ਹੈ. ਈਮੇਲ ਰਾਹੀਂ ਮਿਲੀ ਇਸ ਦਾਸਤਾਨ ਨੂੰ ਜਿਊਂ ਦਾ ਤਿਊਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ.--ਰੈਕਟਰ ਕਥੂਰੀਆ 
ਮੈਨੇ ਆਵਾਜ਼ ਉਠਾਈ ਥੀ ਰਿਵਾਜੋੰ ਕੇ ਖਿਲਾਫ਼, 
ਬਰਛੀਆਂ ਲੇਕਰ ਘਰੋਂ ਸੇ ਨਿਕਲ ਆਏ ਕੁਛ ਲੋਗ ! 
                                    (ਕਤੀਲ ਸ਼ਿਫਾਈ)
ਲਓ ਜੀ ! ਆਖਰ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੂੰ ਉਚ ਅਦਾਲਤ ‘ਚੋ ਅਗਾਊ ਜਮਾਨਤ ਮਿਲ਼ ਗਈ।
ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਇਕ ਬੇਹੱਦ ਗਰੀਬ ਪਰਿਵਾਰ ਵਿੱਚ ਪਲ਼ਿਆ–ਪਡ਼ਿਆ ਅੰਮ੍ਰਿਤਧਾਰੀ ਨੌਜਵਾਨ ਹੈ। ਨਿੰਟਿੰਗ ਟੈਕਨਾਲੋਜੀ ਦੇ ਡਿਪਲੋਮੇ ਤੋਂ ਬਾਅਦ ਵੀ ਪਡ਼੍ਹਦਾ ਰਿਹਾ ਅਤੇ ਆਪਣੀ ਬੋਲੀ ਵਿੱਚ ਪੋਸਟ ਗਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਆਪਣੇ ਪਿਤਾ ਜੀ ਪਾਸੋਂ ਗੁਰਮਤ ਸਿੱਖੀ। ਲੁਧਿਆਣੇ ਕਈ ਫਰਮਾਂ ਵਿੱਚ ਕੰਮ ਕੀਤਾ। ਪੰਜਾਬ ਦੇ ਹੌਜਰੀ ਵਾਲੇ ਬਾਬੂਆਂ ਨੂੰ ਇਹ ਅੰਮ੍ਰਿਤਧਾਰੀ ਨੌਜੁਵਾਨ ਰਾਸ ਨਾਂ ਆਇਆ। ਲੁਧਿਆਣੇ ਦੀ ਤਕਰੀਬਨ ਸਾਰੀ ਹੌਜਰੀ ਆਰ.ਐਸ.ਐਸ. ਵਾਲ਼ਿਆਂ ਦੇ ਹੱਥ ਵਿੱਚ ਹੈ। ਮਨਵਿੰਦਰ ਸਿੰਘ ਨੇ ਪੰਜਾਬ ਛੱਡ ਦਿਤਾ। ਹਰਿਆਣਾ ਦੇ ਗੁਡ਼ਗਾਵਾਂ ਸ਼ਹਿਰ ਵਿੱਚ ਇੰਟਰਵਿਊ ਦੇ ਆਇਆ। ਆਪਣੇ ਪਿਤਾ ਜੀ ਨੂੰ ਦੱਸਿਆ ਕਿ ਸਿਲੈਕਟ ਤਾਂ ਹੋ ਗਿਆ, ਤਨਖਾਹ ਵੀ ਜਿੰਨੀ ਮੰਗੀ ਉਹ ਮੰਨ ਗਏ ਪਰ ਇੱਕ ਗਲਤੀ ਹੋ ਗਈ। ਪਿਤਾ ਨੇ ਗਲਤੀ ਬਾਰੇ ਪੁਛਿਆ ਤਾਂ ਮਨਵਿੰਦਰ ਸਿੰਘ ਨੇ ਦੱਸਿਆ ਕਿ ਉਹਨੇ ਦਾਹਡ਼ੀ ਬੰਨ ਕੇ ਇੰਟਰਵਿਊ ਦਿਤੀ ਹੈ। ਪਿਤਾ ਨੇ ਬੁਰਾ ਮਨਾਇਆਤੇ ਕਿਹਾ ਕਿ ਹੁਣ ਦਾਹਡ਼ਾ ਪ੍ਰਕਾਸ਼ ਕਰਕੇ ਡਿਊਟੀ ਜੁਆਇੰਨ ਕਰੀਂ। ਜੋ ਕੁਝ ਹੋਏਗਾ ਦੇਖੀ ਜਾਊ। ਇੰਜੀ. ਮਨਵਿੰਦਰ ਸਿੰਘ ਨੇ ਇਵੇਂ ਹੀ ਕੀਤਾ। ਮਾਲਕਾਂ ਨੂੰ ਬਹੁਤ ਪਸੰਦ ਆਇਆ। ਮਨਵਿੰਦਰ ਸਿੰਘ ਕੋਲ਼ ਦੋ ਏਹੋ ਜਿਹੇ ਗੁਣ ਹਨ, ਜਿਹਨਾਂ ਕਰਕੇ ਜਿਹਨਾਂ ਕਰਕੇ ਇਹਨੂੰ ਹੁਣ ਤੱਕ ਮਾਨ ਸਨਮਾਨ ਮਿਲਦਾ ਹੈ। ਇਹ ਦੋ ਗੁਣ ਹਨ ਆਪਣੇ ਕੰਮ ਵਿੱਚ ਨਿਪੁਨਤਾ ਹਾਸਲ ਕਰਕੇ ਸਖਤ ਮਿਹਨਤ ਕਰਨੀ ਅਤੇ ਸੱਚਾ ਸੁੱਚਾ ਇਮਾਨਦਾਰ ਮਨੁੱਖ ਬਣਨਾ। ਇਹਨਾਂ ਗੁਣਾ ਕਰਕੇ ਗੁਡ਼ਗਾਵਾਂ ਵਿੱਚ ਮਨਵਿੰਦਰ ਸਿੰਘ ਦੀ ਚਡ਼੍ਹਤ ਹੋ ਗਈ। ਤੀਹ ਹਜਾਰ ਤਨਖਾਹ ਤੋਂ ਪੰਜਵੇਂ ਸਾਲ ਤੱਕ ਇਕ ਲੱਖ ਰੁਪੈ ਤਨਖਾਹ ਹੋ ਗਈ। ਮਨਵਿੰਦਰ ਸਿੰਘ ਨੇ ਆਪਣੇ ਕੰਮ ਵਿੱਚ ਹਰ ਜਿੰਮੇਵਾਰੀ ਨੂੰ ਠੀਕ ਠਾਕ ਨਿਭਾਇਆ ਅਤੇ ਮਾਲਕਾਂ ਦਾ ਭਰੋਸਾ ਹਸਲ ਕੀਤਾ। ਤਾਰੀਖ 22-01-2011 ਨੂੰ ਹਰਿਆਣਾ ਦੇ ਰਿਵਾਡ਼ੀ ਜਿਲੇ ਦੇ ਅਤੇ ਹੋਂਦ ਚਿੱਲਡ਼ ਪਿੰਡ ਦੇ ਲਾਗਲੇ ਪਿੰਡ ਦੇ ਇਕ ਨਿਵਾਸੀ ਨੇ ਮਨਵਿੰਦਰ ਸਿੰਘ ਨੂੰ ਆਮ ਗੱਲਬਾਤ ਦੌਰਾਨ ਕਿਹਾ, “ਸਰਦਾਰ ਜੀ, ਆਪ ਜੈਸੇ ਸਿੱਖ ਏਅਰ ਕੰਡੀਸ਼ਨ ਕਮਰੋ ਮੇਂ ਬੈਠ ਮੂਛੋ ਕੋ ਤਾਵ ਦੇਤੇ ਹੋ ਔਰ ਬਡ਼ੀ ਬਡ਼ੀ ਬਾਤੇ ਕਰਤੇ ਹੋ। ਹਮਾਰੇ ਗਾਵ ਕੇ ਪਾਸ 1984 ਸੇ ਪਹਿਲੇ ਏਕ ਬਹੁਤ ਖੁਸ਼ਹਾਲ ਗਾਵ ਹੋਤਾ ਥਾ। ਬਹ ਸਰਦਾਰੋ ਕਾ ਗਾਵ ਥਾ। ਲੋਗ ਬਡ਼ੇ ਅੱਛੇ ਥੇ । ਲੰਗਰ ਚਲਤਾ ਰਹਿਤਾ ਥਾ। ਉਸ ਵਕਤ ਸਮਾਂ ਹੀ ਐਸਾ ਥਾ ਕਿ ਭੀਡ਼ ਨੇ ਉਸ ਗਾਵ ਕੇ ਸਭੀ ਸਰਦਾਰੋ ਕੋ ਜਿੰਦਾ ਜਲਾ ਦੀਆ, ਲੂਟ ਲੀਆ ਅੰਤ ਸਭੀ ਸਰਦਾਰੋ ਕੋ ਆਗ ਲਗਾ ਦੀ। ਉਨਕੇ ਘਰ ਖੰਡਰਾਤ ਰੂਪ ਮੇ ਅਭੀ ਭੀ ਵੈਸੇ ਕੇ ਵੈਸੇ ਹੈ। ਆਜ ਤੱਕ ਉਸ ਗਾਵ ਮੇਂ ਕੋਈ ਨਹੀਂ ਗਿਆ। ਉਧਰ ਜਾਨੇ ਸੇ ਲੋਗ ਡਰਤੇ ਹੈਂ”। ਇੰਜੀਨੀਅਰ ਮਨਵਿੰਦਰ ਸਿੰਘ ਜੋ ਪੰਜ ਮਿੰਟ ਪਹਿਲਾਂ ਠਹਾਕੇ ਮਾਰ ਮਾਰ ਗੱਲਾਂ ਕਰ ਰਿਹਾ ਸੀ ਇਕ ਦਮ ਸੁੰਨ ਜਿਹਾ ਹੋ ਗਿਆ। ਸਿੱਖਾਂ ਦੇ ਕਤਲੇਆਮ ਬਾਰੇ ਤਾਂ ਪਹਿਲਾਂ ਭੀ ਸੁਣਿਆ ਸੀ ਕਿ ਦਿੱਲੀ ਵਿੱਚ ਸਿੱਕਾਂ ਦਾ ਕਤਲੇਆਮ ਹਇਆ ਸੀ। ਪੂਰੇ ਪਿੰਡ ਦੇ ਸਿੱਖਾਂ ਨੂੰ ਜਿੰਦਾ ਜਲਾ ਦੇਣਾ, ਉਹਨਾਂ ਦੇ ਘਰਾਂ ਨੂੰ ਲੁੱਟ ਲੈਣਾ ਉਪਰੰਤ ਸਾਡ਼ ਦੇਣਾ ਅਤੇ 27 ਸਾਲਾਂ ਬਾਅਦ ਭੀ ਉਸ ਪਿੰਡ ਦਾ ਉਵੇਂ ਦਾ ਉਵੇਂ ਹੋਣਾ ਇਹ ਨਹੀਂ ਸੀ ਸੁਣਿਆ। ਇੰਜੀ ਮਨਵਿੰਦਰ ਸਿੰਘ ਨੇ ਉਸ ਤੋਂ ਉਸ ਪਿੰਡ ਦਾ ਪੂਰਾ ਪਤਾ ਲਿਆ। ਸਾਰੀ ਰਾਤ ਨੀਂਦ ਨਹੀਂ ਆਈ। ਸਵੇਰੇ 23-01-2011 ਨੂੰ ਕਾਰ ਕੈਮਰਾ ਲੈ ਕੇ ਉਸ ਪਿੰਡ ਪਹੁੰਚ ਗਿਆ। ਜੋ ਦੇਖਿਆ ਉਹਦੀਆਂ ਫੋਟੋਆਂ ਖਿੱਚੀਆਂ। ਜੋ ਮਹਿਸੂਸ ਕੀਤਾ ਉਹਨੂੰ ਕਾਗਜ਼ ਤੇ ਉਤਾਰ ਲਿਆ। ਜਿਸ ਖੂਹ ਵਿੱਚ ਲਾਸਾਂ ਆਦਿ ਸੁੱਟੀਆਂ ਸਨ ਉਸ ਵਿੱਚ ਪਾਣੀ ਨਹੀਂ ਸੀ, ਉਸ ਦੀ ਮੌਣ ਤੇ ਖਡ਼੍ਹ ਕੇ ਉਸ ਖੂਹ ਵਿੱਚ ਆਪਣੇ ਹੰਝੂ ਸੁੱਟੇ। ਭਿਆਨਕਤਾ ਐਨੀ ਸੀ ਕਿ ਨੀਂਦ ਆਉਣੀ ਬੰਦ ਹੋ ਗਈ। ਗਿਆਸਪੁਰਾ ਆਪਣੇ ਪਿਤਾ ਜੀ ਨਾਲ਼ ਗੱਲ ਕਰਦੇ ਕਰਦੇ ਉੱਚੀ-ਉੱਚੀ ਰੋ ਪਏ। ਪਿਤਾ ਜੀ ਨੇ ਹੌਸਲਾ ਦਿਤਾ। ਸਾਰੇ ਕੁੱਝ ਦਾ ਇੱਕ ਲੇਖ ਬਣਾਉਣ ਲਈ ਪ੍ਰੇਰਿਆ। ਸਾਰੀ ਦੁਨੀਆ ਨੂੰ ਦੱਸਣ ਲਈ ਸਲਾਹ ਦਿਤੀ। ਮਨਵਿੰਦਰ ਸਿੰਘ ਨੇ ਬਹੁਤ ਧੀਰਜ ਤੋਂ ਕੰਮ ਲੈਂਦੇ ਹੋਏ ਲੇਖ ਲਿਖਿਆ। ਫੋਟੋਆਂ ਸੰਭਾਲ਼ੀਆਂ। ਅਖਬਾਰਾਂ ਵਿੱਚ ਲੇਖ ਭੇਜਿਆਂ, ਫੋਟੋਆਂ ਭੇਜੀਆਂ। ਇੰਟਰਨੈਟ ਰਾਹੀਂ ਬਡ਼ੇ ਤਰਕੇ ਨਾਲ਼ ਸਾਰੀ ਦੁਨੀਆ ਵਿੱਚ ਪਹੁੰਚਾ ਦਿਤਾ। ਬਾਹਰਲੀਆਂ ਅਖਬਾਰਾਂ ਵਾਲ਼ਿਆਂ ਨੇ ਤਾਂ ਲੇਖ ਛਾਪ ਦਿਤਾ, ਫੋਟੋਆਂ ਛਾਪ ਦਿਤੀਆਂ ਪਰ ਭਾਰਤ ਵਰਸ਼ ਦੇ ਕਿਸੇ ਅਖਬਾਰ ਨੇ ਇਹ ਲੇਖ ਆਦਿ ਨਹੀਂ ਛਾਪਿਆ। ਭਾਰਤ ਵਿੱਚ ਸੱਭ ਤੋਂ ਪਹਿਲਾਂ ‘ਫਤਿਹਨਾਮੇ’ ਹੁਣ ‘ਵੰਗਾਰ’ ਵਾਲੇ ਬਲਜੀਤ ਸਿੰਘ ਖਾਲਸਾ ਨੇ ਆਪਣਾ ਮੈਗਜੀਨ ‘ਫਤਿਹਨਾਮਾ’ ਲੇਟ ਕਰਕੇ ਭੀ ਇਹ ਲੇਖ ਛਾਪ ਦਿਤਾ। ਬੱਸ ! ਫਿਰ ਕੀ ਸੀ? ਸਾਰੇ ਸੰਸਾਰ ਵਿੱਚ ਗੱਲ ਫੈਲ ਗਈ। ਭਾਰਤ ਦੇ ਲੋਕਾਂ ਨੂੰ ਬਾਹਰਲੇ ਦੇਸ਼ਾਂ ਤੋਂ ਟੈਲੀਫੂਨ ਆਉਣ ਲੱਗ ਪਏ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰਮੁਹੰਮਦ ਅਤੇ ਸ: ਦਵਿੰਦਰ ਸਿੰਘ ਸੋਢੀ ਨੇ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨਾਲ਼ ਰਾਬਤਾ ਬਣਾਇਆ। ਸੱਭ ਤੋਂ ਪਹਿਲਾਂ ਮਨਵਿੰਦਰ ਸਿੰਘ ਕੋਲ਼ ਪਹੁੰਚੇ। ਕਈ ਦਿਨ ਉਸ ਦੇ ਘਰ ਰਹੇ। ਉਸ ਪਿੰਡ ਜਾਂਦੇ ਰਹੇ। ਗੱਲ ਸਾਰੇ ਅਖਬਾਰਾਂ ਵਿੱਚ ਫੈਲ ਗਈ । ਇਹਨਾਂ ਨੇ ਰਲ਼ ਕੇ ਉਸ ਪਿੰਡ ਵਿੱਚ ਸ਼ਹੀਦ ਹੋਏ ਸਾਰੇ ਸਿੰਘਾਂ ਦੀਆਂ ਧਾਰਮਿਕ ਰਸਮਾਂ ਪੂਰੀਆਂ ਕਰਨ ਦਾ ਫੈਸਲਾ ਲਿਆ। ਫੈਸਲਾ ਹੋਇਆ ਕਿ 04-03-2011 ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਜਾਪ ਸ਼ੁਰੂ ਹੋਵੇਗਾ । 06-03-2011 ਨੂੰ ਭੋਗ ਉਪਰੰਤ ਕੀਰਤਨ ਦਰਬਾਰ ਭੀ ਸਜੇਗਾ। ਇਸ ਫੈਸਲੇ ਨੂੰ ਅਖਬਾਰਾਂ ਵਿੱਚ ਦਿਤਾ ਅਤੇ ਰਾਜਨੀਤਕ ਲੀਡਰ ਉਥੇ ਪਹੁੰਚਣੇ ਸ਼ੁਰੂ ਹੋ ਗਏ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਅਵਤਾਰ ਸਿੰਘ ਮੱਕਡ਼ ਵੀ ਪਹੁੰਚੇ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਹੁੰਚੇ। ਅਖੰਡ ਜਾਪ ਅਤੇ ਕੀਰਤਨ ਦਾ ਫੈਸਲਾ ਤਾਂ ਕਰ ਲਿਆ ਪਰ ਇਸ ਅਲੱਗ ਥਲੱਗ ਡਰਾਵਣੇ ਪਿੰਡ ਇਹ ਸੱਭ ਕੁੱਝ ਕਰਨਾ ਬਹੁਤ ਮੁਸ਼ਕਿਲ ਸੀ। ਸਾਰੀਆਂ ਬਿਲਡਿੰਗਾਂ ਖੰਡਰ ਹੋਈਆਂ ਪਈਆਂ ਸਨ। ਸੱਪਾਂ ਬਿੱਛੂਆਂ ਦੀ ਭਰਮਾਰ ਸੀ। ਸਲਵਾਡ਼ ਉੱਗਿਆ ਹੋਇਆ ਸੀ। ਵਿਸ਼ਾਲ ਪਿੱਪਲ਼ ਦੇ ਦਰੱਖਤ ਤੇ ਉੱਲੂਆਂ ਦਾ ਵਾਸਾ ਸੀ। ਕਿਸੇ ਭੀ ਬਿਲਡਿੰਗ ਵਿੱਚ ਵਡ਼ਨਾ ਮੁਸ਼ਕਿਲ ਸੀ। ਜਲਾਣ ਵਾਸਤੇ ਲੱਕਡ਼ੀ ਨਹੀਂ ਸੀ। ਠੰਡ ਦਾ ਮੌਸਮ ਸੀ। ਮਾਰਚ ਵਿੱਚ ਬੱਦਲਵਾਈ ਭੀ ਆਮ ਹੀ ਰਹਿੰਦੀ ਹੈ। ਗੁਡ਼ਗਾਵਾਂ ਦੇ ਗੁਰਦਵਾਰਿਆਂ ਦੀਆਂ ਸਥਾਨਕ ਸੰਗਤਾਂ ਤੇ ਕਮੇਟੀਆਂ ਭੌਰ ਭੌਰ ਅਤੇ ਡਰੀਆਂ ਜਿਹੀਆਂ ਕਭੀ ਹਾਂ ਕਭੀ ਨਾਂ ਕਰ ਰਹੀਆਂ ਸਨ। ਬਾਹਰਲੇ ਸਿੰਘਾਂ ਖਾਸ ਕਰਕੇ ਗੁਰਪਤਵੰਤ ਸਿੰਘ ਪੰਨੂ ਨੇ ਤੇ ਹੋਰ ਸਿੰਘਾਂ ਨੇ ਹੌਸਲਾ ਵਧਾਇਆ ਖਰਚੇ ਵਲੋ ਬੇਫਿਕਰ ਕਰ ਦਿਤਾ। ਇੰਜੀ. ਮਨਵਿੰਦਰ ਸਿੰਘ ਗਿਆਸਪੁਰੇ ਦੇ ਮਾਤਾ ਪਿਤਾ ਜੋ ਗਿਆਸਪੁਰੇ ਰਹਿੰਦੇ ਸਨ ਆਪਣੇ ਘਰ ਨੂੰ ਤਾਲੇ ਲਗਾ ਕੇ ਮਨਵਿੰਦਰ ਸਿੰਘ ਕੋਲ਼ ਮੱਦਦ ਲਈ ਗੁਡ਼ਗਾਵਾਂ ਪਹੁੰਚ ਗਏ। ਹੋਂਦ ਚਿਲਡ਼ ਪਿੰਡ ਦੇ ਲਾਗੇ ਸ਼ਹਿਰ ਹੈ ਪਟੌਦੀ ਜੋ ਕਿ 20 ਕਿਲੋਮੀਟਰ ਦੀ ਵਿੱਥ ਤੇ ਹੈ। ਉਥੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆਂਦਾ ਗਿਆ। ਸੰਗਤ ਪਹੁੰਚਣੀ ਸ਼ੁਰੂ ਹੋ ਗਈ। ਲੋਡ਼ੀਦਾ ਸਮਾਨ ਭੀ ਆਉਂਦਾ ਰਿਹਾ। ਗਿਆਸਪੁਰਾ ਦੇ ਮਾਤਾ ਪਿਤਾ ਨੇ ਇੱਟਾਂ ਪੱਥਰਾਂ ਦਾ ਆਰਜੀ ਚੁੱਲ੍ਹਾ ਬਣਾਇਆ। ਆਲ਼ੇ ਦੁਆਲਿਓ ਝਾਡ਼ੀਆਂ ਇਕੱਠੀਆਂ ਕੀਤੀਆਂ। ਅੱਗ ਬਾਲ਼ੀ ਅਤੇ ਕਡ਼ਾਹ ਪ੍ਰਸ਼ਾਦਿ ਦੀ ਦੇਗ ਬਣਾਉਣ ਵਾਸਤੇ ਚਾਸ ਵਾਸਤੇ ਪਾਣੀ ਰੱਖ ਦਿਤਾ । ਦੇਗ ਬਣਨੀ ਸ਼ੁਰੂ ਹੋ ਗਈ। ਪਿਤਾ ਖੁਰਚਣਾ ਚਲਾ ਰਿਹਾ ਅਤੇ ਪਾਠ ਕਰ ਰਿਹਾ ਸੀ ਅਤੇ ਮਨਵਿੰਦਰ ਸਿੰਘ ਦੀ ਮਾਤਾ ਝਾਡ਼ੀਆ ਜੋ ਕਿ ਕੰਡਿਆਲੀਆਂ ਸਨ ਨੂੰ ਤੋਡ਼ ਤੋਡ਼ ਕੇ ਅੱਗ ਬਾਲ਼ ਰਹੀ ਸੀ। ਅਚਾਨਕ ਖਬਰ ਮਿਲ਼ੀ ਕਿ ਗਿਆਸਪੁਰੇ ਵਾਲ਼ਾ ਘਰ ਲੁੱਟ ਲਿਆ ਗਿਆ। ਚੋਰੀ ਹੋ ਗਈ। ਮਾਂ ਦੇ ਹੱਥ ਵਿੱਚ ਕੰਡਿਆਲੀ ਝਾਡ਼ੀ ਦਾ ਕੰਡਾ ਖੁੱਭ ਗਿਆ। ਪਿਤਾ ਉੱਚੀ-ਉੱਚੀ ਪਾਠ ਕਰਨ ਲੱਗ ਪਿਆ। ਦੇਗ ਬਣਾਉਂਦਿਆਂ ਦੀ ਟੀ.ਵੀ. ਵਾਲ਼ੇ ਵੀਡੀਓ ਬਣਾ ਰਹੇ ਸਨ । ਟੀ.ਵੀ ਤੇ ਦੇਗ ਬਣਾਉਂਦਿਆਂ ਦੀ ਅਤੇ ਲੁੱਟੇ ਘਰ ਦੀ ਖਬਰ ਵੀਡੀਓ ਇਕੱਠੀ ਚੱਲ ਰਹੀ ਸੀ। ਦੇਗ ਬਣ ਗਈ। ਪਿਤਾ ਨੇ ਹੱਥ ਮੂੰਹ ਧੋਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ । ਪਾਠ ਆਰੰਭ ਹੋਇਆ। ਇੱਕ ਘਟਦੇ ਪਾਠੀ ਦੀ ਡਿਊਟੀ ਭੀ ਨਿਭਾਈ। ਇਸ ਤਰਾਂ ਸੇਵਾ ਵਿੱਚ ਜੁਟੇ ਰਹੇ ਜਿਵੇਂ ਘਰ ਕੁੱਝ ਹਇਆ ਹੀ ਨਾਂ ਹੋਵੇ। ਸ: ਜਗਦੀਸ਼ ਸਿੰਘ ਝੀਡਾ ਨੇ ਤਿੰਨੋ ਦਿਨ / ਰਾਤ ਸੇਵਾ ਦੀ ਡਿਊਟੀ ਨਿਭਾਈ।ਤਾਰੀਖ 06-03-2011 ਨੂੰ ਸਿੱਖ ਪੰਥ ਦੇ ਸਾਰੇ ਲੀਡਰ ਉਥੇ ਪਹੁੰਚੇ। ਭਾਰੀ ਇਕੱਠ ਹੋਇਆ। ਤਿੰਨੋ ਦਿਨ ਖੂਬ ਲੰਗਰ ਚੱਲਿਆ। ਆਲ਼ੇ ਦੁਆਲ਼ੇ ਦੀ ਗਰੀਬ ਜੰਨਤਾ ਨੇ ਖੂਬ ਲੰਗਰ ਛਕਿਆ। ਸਾਰਿਆਂ ਵਾਸਤੇ ਮਿਨਰਲ ਵਾਟਰ ਦਾ ਪ੍ਰਬੰਧ ਸੀ। ਵਿਸ਼ਾਲ ਸ਼ਾਮਿਆਨਾ ਲਗਾਇਆ ਗਿਆ। ਦਰੀਆਂ ਤੱਪਡ਼ਾ ਦਾ ਵਧੀਆ ਪ੍ਰਬੰਧ ਸੀ। ਮੋਬਾਈਲ ਗੱਡੀਆਂ ਵਿੱਚ ਟਾਇਲਟ ਜਾਣ ਦਾ ਪ੍ਰਬੰਧ ਸੀ। ਇਸ ਪ੍ਰੋਗਰਾਮ ਵਿੱਚ ਦੋ ਕੁਇੰਟਲ ਤਾਂ ਮਾਹ ਦੀ ਦਾਲ਼ ਲੱਗ ਗਈ। ਸਬਜੀ ਸਲਾਦ ਅਲੱਗ ਸੀ। ਮੇਂਬਰ ਪਾਰਲੀਮੈਂਟ ਢੀਡਸਾ ਸਾਹਿਬ 05 ਮਾਰਚ ਨੂੰ ਪਹੁੰਚੇ। ਸੰਤ ਬਲਜੀਤ ਸਿੰਘ ਦਾਦਵਾਲ਼, ਪ੍ਰਸਿੱਧ ਵਕੀਲ ਨਵਕਿਰਨ ਸਿੰਘ ਅਤੇ ਫੂਲਕਾ ਸਾਹਿਬ ਵੀ ਪਹੁੰਚੇ ਹੋਏ ਸਨ। ਸੰਗਤਾਂ ਨੇ ਇਥੇ ਜਲਿਆਂ ਵਾਲ਼ੇ ਬਾਗ ਦੀ ਤਰਾਂ ਸ਼ਹੀਦਾ ਦੀ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਸੀ। ਇਸ ਕੰਮ ਵਾਸਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ 51 ਲੱਖ ਰੁਪਿਆ ਖਰਚਣ ਦਾ ਐਲਾਨ ਕੀਤਾ। ਸਿੱਖਸ ਫਾਰ ਜਸਟਿਸ ਵਲੋਂ 13 ਲੱਖ ਰੁਪਿਆ ਭੀ ਐਲਾਨ ਕੀਤਾ ਗਿਆ। ਸੰਤ ਦਾਦੂਵਾਲ ਸਾਹਿਬ ਨੇ ਇਕ ਲੱਖ ਰੁਪਿਆ ਇਸ ਕੰਮ ਵਾਸਤੇ ਐਲਾਨ ਕੀਤਾ ਗਿਆ। ਹੋਰ ਭੀ ਸੰਗਤਾਂ ਨੇ ਕੁੱਝ ਨਾਂ ਕੁੱਝ ਐਲਾਨ ਕੀਤਾ। ਪਿੰਡ ਚਿਲਡ਼ ਦੇ ਸਰਪੰਚ ਹਰ ਕਿਸਮ ਦੀ ਮਦਤ ਕਰਨ ਲਈ ਕਿਹਾ। ਹੋਂਦ ਚਿਲਡ਼ ਅਲੱਗ ਅਲੱਗ ਹਨ। ਇਹਨਾਂ ਦੀ ਪੰਚਾਇਤ ਇਕੱਠੀ ਹੁੰਦੀ ਸੀ। ਹੁਣ ਹੋਂਦ ਦੀ ਹੋਂਦ ਖਤਮ ਹੋਣ ਕਾਰਨ ਚਿਲਡ਼ ਰਹਿ ਗਿਆ ਹੈ। ਸ਼ਹੀਦ ਹੋਏ ਪਿੰਡ ਦੇ ਵਾਰਸਾਂ ਨੇ ਲਿਖਤੀ ਹਲਫੀਆ ਬਿਆਨ ਦਿਤਾ ਕਿ ਇਹ ਜਗ੍ਹਾਂ ਸਿੱਖ ਪੰਥ ਨੂੰ ਸੌਂਪ ਦਿਤੀ ਗਈ ਹੈ। ਸਿੱਖ ਪੰਥ ਜੋ ਮਰਜੀ ਇਥੇ ਬਣਾਵੇ ਉਹਨਾਂ ਨੂੰ ਕੋਈ ਇਤਰਾਜ ਨਹੀਂ ਹੋਵੇਗਾ। ਇਹ ਐਲਾਨ ਸਾਰੀ ਸੰਗਤ ਦੇ ਸਾਹਮਣੇ ਕੀਤਾ ਸੀ। ਅਖੀਰ ਉਸ ਪਿੰਡ ਦੀ ਮਿੱਟੀ ਕੀਰਤਪੁਰ ਸਾਹਿਬ ਜਲ ਪ੍ਰਵਾਹ ਕਰਨ ਦਾ ਫੈਸਲਾ ਭੀ ਹੋਇਆ। ਪ੍ਰੋਗਰਾਮ ਦੀ ਸਮਾਪਤੀ ਹੋ ਗਈ। ਸੱਭ ਸੰਗਤਾਂ ਆਪੋ ਆਪਣੇ ਘਰਾਂ ਨੂੰ ਚਲੇ ਗਈਆਂ। ਗੁਡ਼ਗਾਵਾਂ ੳਤੇ ਪਟੌਦੀ ਦੀ ਸੰਗਤ ਨੇ ਸਮਾਨ ਸਮੇਟਿਆ, ਜਿਥੇ ਜਿਥੇ ਪਹੁੰਚਾਣਾ ਸੀ ਪਹੁੰਚਾ ਦਿਤਾ ਗਿਆ। ਜਥੇਦਾਰ ਅਕਾਲ ਤਖਤ ਦੇ ਜਥੇਦਾਰ ਨੇ ‘ਸਿੱਖ ਨਸਲਕੁਸ਼ੀ’ ਦਾ ਇਕ ਯਾਦਗਾਰੀ ਪੱਥਰ ਭੀ ਲਗਵਾਇਆ। ਸ਼ਹੀਦਾਂ ਦੀ ਮਿੱਟੀ ਬਾਰੇ ਵੱਡੀਆਂ ਵੱਡੀਆਂ ਗੱਲਾਂ ਵੀ ਮਾਰੀਆਂ ਗਈਆਂ। ਕਦੇ ਕਹਿੰਦੇ ਇਹ ਮਿੱਟੀ ਪੂਰੇ ਪੰਜਾਬ ਵਿੱਚ ਘੁੰਮਾਉਣੀ ਚਾਹੀਦੀ ਹੈ । ਕਦੇ ਕਹਿੰਦੇ ਪਾਰਲੀਮੈਂਟ ਅਤੇ ਸੁਪਰੀਮ ਕੋਰਟ ਦੇ ਆਲ਼ੇ ਦੁਆਲ਼ੇ ਘੁਮਾਉਣੀ ਚਾਹੀਦੀ ਹੈ। ਸੰਗਤ ਵਿਛਡ਼ ਗਈ, ਮਿੱਟੀ ਦੀ ਥੈਲੀ ਇੰਜੀ. ਮਨਵਿੰਦਰ ਸਿੰਘ ਕੋਲ਼ ਰਹਿ ਗਈ। ਤਾਰੀਖ 08-03-2011 ਨੂੰ ਦੁਪਹਿਰੇ ਇਕ ਵਜੇ ਚੱਲੇ (ਮਿੱਟੀ ਨੂੰ ਕੀਰਤਪੁਰ ਸਾਹਿਬ ਪਾਉਣ ਵਾਸਤੇ) ਜਿਸ ਵਿੱਚ ਇੰਜੀ.ਮਨਵਿੰਦਰ ਸਿੰਘ ਦਾ ਪੂਰਾ ਪਰਿਵਾਰ ਅਤੇ ਚਾਰ ਹੋਰ ਸਿੰਘ ਸਨ। ਪਾਣੀਪਤ ਤੋਂ ਸ. ਜਗਦੀਸ਼ ਸਿੰਘ ਜੀ ਝੀਡਾ ਆਪਣੇ ਜਥੇ ਨਾਲ਼ ਸਾਮਿਲ ਹੋਏ। ਸ਼ਾਮ ਦੇ 9 ਵਜੇ ਸਾਰੇ ਮੋਹਾਲ਼ੀ ਦੇ ਗੁਰਦਵਾਰੇ ਸ੍ਰੀ ਅੰਬ ਸਾਹਿਬ ਪਹੁੰਚੇ। ਇਥੇ ਹੀ ਸ: ਕਰਨੈਲ ਸਿੰਘ ਪੀਰਮੁਹੰਮਦ ਸਾਹਿਬ ਆਪਣੇ ਸਿੰਘਾਂ ਨਾਲ਼ ਆ ਰਲ਼ੇ। ਤਾਰੀਖ 09-03-2011 ਨੂੰ ਕੀਰਤਪੁਰ ਸਾਹਿਬ ਪਹੁੰਚੇ, ਇਥੇ ਜਥੇਦਾਰ ਤਖਤ ਸ੍ਰੀ ਕੇਸਗਡ਼ ਜੀ ਨੇ ਅਰਦਾਸ ਕੀਤੀ ਅਤੇ ਸ਼ਹੀਦਾਂ ਦੀ ਮਿੱਟੀ ਨੂੰ ਜਲ ਪ੍ਰਵਾਹ ਕੀਤਾ ਗਿਆ। 09-03-2011 ਨੂੰ ਮਨਵਿੰਦਰ ਸਿੰਘ ਆਪਣੇ ਬੱਚਿਆਂ ਨਾਲ਼ ਗੁਡ਼ਗਾਵਾਂ ਨੂੰ ਚਲੇ ਗਿਆ ਅਤੇ ਮਾਤਾ ਪਿਤਾ ਲੁੱਟੇ ਪੁੱਟੇ ਘਰ ਗਿਆਸਪੁਰੇ ਨੂੰ ਆ ਗਏ। ਘਰ ਵਿੱਚ ਇੰਜੀ. ਮਨਵਿੰਦਰ ਸਿੰਘ ਗਿਆਸਪੁਰੇ ਦੇ ਮਾਤਾ ਪਿਤਾ ਵਡ਼੍ਹ ਤਾਂ ਗਏ ਪਰ ਰੋਣਾ ਨਾਂ ਰੋਕ ਸਕੇ। ਪਿਤਾ ਨੇ ਤਕਰੀਬਨ ਇੱਕ ਹਜਾਰ ਪੁਸਤਕਾਂ ਦੀ ਲਾਇਬ੍ਰੇਰੀ ਬਣਾਈ ਸੀ ਸੱਭ ਖਿਲਰੀ ਪਈ ਸੀ। ਸੈਂਚੀਆਂ ਉੱਥਲ਼-ਪੁੱਥਲ਼ ਪਈਆਂ ਸਨ। ਚੋਰਾਂ ਨੇ ਹਰ ਚੀਜ ਨੂੰ ਫੋਲ ਕੇ ਦੇਖਿਆ ਸੀ। ਜੋ ਉਹਨਾਂ ਨੂੰ ਮਿਲਿਆ ਸੱਭ ਲੈ ਗਏ। ਚਾਹ ਬਣਾਉਣ ਲਈ ਗੈਸ ਸਲੰਡਰ ਤੱਕ ਨਹੀਂ ਛੱਡਿਆ। ਪਿਤਾ ਜੀ ਦਾ ਸਾਈਕਲ ਤੱਕ ਲੈ ਗਏ। ਪਿਤਾ ਜੀ ਕਾਰ ਜਾਂ ਸਕੂਟਰ ਇਸ ਕਰਕੇ ਨਹੀਂ ਚਲਾਉਂਦੇ ਕਿਉਂ ਉਹ ਸੋਚਦੇ ਹਨ ਕਿ ਉਹ ਧਰਤੀ ਤੇ ਗੰਦ ਪਾ ਕੇ ਨਹੀਂ ਜਾਣਗੇ। ਸਕੂਟਰ, ਕਾਰ ਵਿੱਚੋਂ ਕਾਰਬਨ ਡਾਈਆਕਸਾਈਡ ਨਿਕਲਦੀ ਹੈ ਜੋ ਕਿ ਗਲਤ ਹੈ। ਉਧਰ ਮਨਵਿੰਦਰ ਸਿੰਘ 15 ਦਿਨਾਂ ਦੀ ਛੁੱਟੀ ਤੋਂ ਬਾਅਦ ਫੈਕਟਰੀ ਪਹੁੰਚਿਆ। ਫੈਕਟਰੀ ਮਾਲਕਾਂ ਨੇ ਕਿਹਾ ਮਨਵਿੰਦਰ ਸਿੰਘ ਤੂੰ ਫੈਕਟਰੀ ਛੱਡ ਦੇ। ਤੇਰੇ ਇਥੇ ਹੋਣ ਨਾਲ਼ ਤੈਨੂੰ ਭੀ ਖਤਰਾ ਤੇ ਸਾਨੂੰ ਭੀ ਖਤਰਾ। ਮਨਵਿੰਦਰ ਸਿੰਘ ਨੂੰ ਭੀ ਸਾਇਦ ਇਹ ਸੁਝਾਉ ਠੀਕ ਲੱਗਿਆ ਤਾਂ ਉਸ ਨੇ ਫੈਕਟਰੀ ਛੱਡ ਦਿਤੀ ਤੇ ਗਿਆਸਪੁਰੇ ਆ ਗਿਆ। ਆਪਣਾ ਕੰਮ ਸੁਰੂ ਕਰਨ ਦੀ ਕੋਸ਼ਿਸ਼ ਕਰਦਾ ਰਿਹਾ।ਤਾਰੀਖ 21-12-2011 ਨੂੰ ਸਿਵ ਸੈਨਾ ਦੇ ਪ੍ਰਧਾਨ ਬਲਜੀਤ ਜੱਸੀਆਂ ਨੇ ਇੰਜੀ ਮਨਵਿੰਦਰ ਸਿੰਘ ਦੇ ਖਿਲਾਫ ਐਵੇ ਹੀ ਇੱਕ ਕੇਸ ਧਾਰਾ 153 ਏ ਤਹਿਤ ਰਜਿਸ਼ਟਰਡ ਕਰਵਾ ਦਿਤਾ। ਕੋਈ ਵਿੱਕੀ ਗਾਰਮੈਂਟ ਤੋਂ ਕੁੱਝ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀ ਛਪੀ ਫੋਟੋ ਵਾਲੀਆਂ ਟੀ ਸ਼ਰਟਾਂ ਪੁਲਿਸ ਤੋਂ ਜਪਤ ਕਰਵਾਈਆ ਤੇ ਦੋਸ਼ ਲਾਇਆ ਮਨਵਿੰਦਰ ਸਿੰਘ ਗਿਆਸਪੁਰਾ ਤੇ। ਪੁਲਿਸ ਨੇ ਇਥੋ ਤੱਕ ਕਿਹਾ ਕਿ ਵਿਕੀ ਗਾਰਮੈਂਟ ਇੰਜੀ. ਸਾਹਿਬ ਦੀ ਹੈ ਜਦੋਂ ਕਿ ਉਹ ਤਾਂ ਵਿਚਾਰਾ ਸੈਟ ਹੋਣ ਲਈ ਹੱਥ ਪੈਰ ਮਾਰ ਰਿਹਾ ਹੈ ਫੈਕਟਰੀ ਕਿਥੋ ਬਣਾ ਲਈ ?? ਜਦੋਂ ਇੰਜੀ. ਸਾਹਿਬ ਨਾਲ਼ ਗੱਲ ਕੀਤੀ ਤਾਂ ਹੱਸਦਾ ਕਹਿਣ ਲੱਗਾ ਕਿ ਫੈਕਟਰੀ ਨਾਮ ਕਰਵਾ ਦੇਣ, ਫਿਰ ਭਾਵੇਂ ਦੋ ਸਾਲ ਕੈਦ ਕਰ ਲੈਣ। ਇਹ ਇਸ ਪ੍ਰਕਾਰ ਦੀ ਧਾਰਾ ਕਈ ਸਿੱਖ ਨੌਜੁਵਾਨਾਂ ਤੇ ਲਗਾਉਂਦੇ ਹਨ, ਦੋ ਤਿੰਨ ਸਾਲ ਅੰਦਰ ਰੱਖਣ ਤੋਂ ਬਾਅਦ ਕਹਿ ਦਿੰਦੇ ਹਨ ਕਿ ਕੇਸ ਝੂਠਾ ਹੈ। ਭਾਈ ਦਲਜੀਤ ਸਿੰਘ ਬਿੱਟੂ ਇਸੇ ਤਰਾਂ ਦਾ ਹੀ ਇੱਕ ਸਿੰਘ ਹੈ। ਇਸੇ ਡਰ ਕਾਰਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ 21-12-2011 ਤੋਂ ਬਾਅਦ ਕਦੇ ਘਰ ਰਾਤ ਨਹੀਂ ਕੱਟੀ। ਕਦੇ ਭੂਆ ਦੇ ਘਰ, ਕਦੇ ਫੂੱਫੀ ਦੇ ਘਰ ਜਾਂ ਨਾਨਕੇ ਸਹੁਰੇ ਆਦਿ ਲੁਕਦਾ ਰਿਹਾ। ਪਿਛਲਾ ਸਿਆਲ਼ ਹੋਂਦ ਚਿੱਲਡ਼ ਦੇ ਖੰਡਰਾਂ ਨੂੰ ਖੋਜਦਾ ਰਿਹਾ। ਉਥੇ ਪ੍ਰੋਗਰਾਮ ਕਰਾਉਣ ਦੀਆਂ ਸਕੀਮਾਂ ਬਣਾਉਦਾ ਰਿਹਾ ਅਤੇ ਇਹ 2011-2012 ਦਾ ਸਿਆਲ਼ ਪੁਲਿਸ ਤੋਂ ਬਚਦੇ ਨੇ ਕੱਢਿਆ। ਅੱਜ 08-02-2012 ਨੂੰ ਚੰਗੀ ਖਬਰ ਮਿਲੀ ਕਿ ਇੰਜੀਨੀਅਰ ਮਨਵਿੰਦਰ ਸਿੰਘ ਗਿਆਂਸਪੁਰਾ ਦੀ ਉੱਚ ਅਦਾਲਤ ਤੋਂ ਅਗਾਊ ਜਮਾਨਤ ਹੋ ਗਈ। ਸਿੱਖ ਹੱਕਾਂ ਦੀ ਗੱਲ ਕਰਨ ਵਾਲ਼ੇ ਨਾਲ਼ ਲੋਕਤੰਤਰ ਦੇਸ਼ ਵਿੱਚ ਬਾਈ ਇਉਂ ਹੀ ਕਰਦੇ ਨੇ । 
ਗੁਰਮੇਲ ਸਿੰਘ ਖਾਲਸਾ
9914701469
ਪਿੰਡ ਗਿਆਸਪੁਰਾ
ਲੁਧਿਆਣਾ ॥ 


Wednesday, January 18, 2012

ਨਿੱਕੀਆਂ ਪੈਡ਼ਾਂ ਦੇ ਡੂੰਘੇ ਨਿਸ਼ਾਨ

ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਦੇ ਭੁਝੰਗੀ ਸੁਬੇਗ ਸਿੰਘ ਨੇ ਲਿਆ ਗੋਲਡ ਮੈਡਲ  
ਸ਼ੌਂਕ ਤੋੜ ਲੰਘਿਆ ਕੋਟ ਆਫਤਾਂ ਦੇ,
ਸਮਾਂ ਸੂਝ ਦੀਆਂ ਛੁਰੀਆਂ ਉਲਾਰਦਾ ਰਿਹਾ !
ਪੰਥ ਦਰਦੀ ਤੇ ਲੇਖਕ ਭਾਈ ਗੁਰਮੇਲ ਸਿੰਘ ਖਾਲਸਾ ਦੇ ਪੋਤਰੇ ਅਤੇ ਹੋਂਦ ਚਿਲਡ਼ ਕਾਢ ਨੂੰ ਉਜਾਗਰ ਕਰਨ ਵਾਲ਼ੇ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦਾ ਭੁਝੰਗੀ ਸੁਬੇਗ ਸਿੰਘ (24-09-2000) ਨੇ ਜਿਥੇ ਗੁਡ਼ਗਾਉ ਰਹਿਦਿਆਂ ‘ਯੂਰੋ ਇੰਟਰਨੈਸ਼ਨਲ ਸਕੂਲ’ ਵਿੱਚ ਪਡ਼੍ਹਦਿਆਂ ਜੋ ਪਡ਼ਾਈ ਵਿੱਚ ਮੱਲਾਂ ਮਾਰੀਆਂ ਸਨ, ਉਹ ਉਸ ਵਲੋਂ ਲੁਧਿਆਣੇ ‘ਨਨਕਾਣਾ ਸਾਹਿਬ ਪਬਲਿਕ ਸਕੂਲ ਗਿਲ ਪਾਰਕ’ ਵਿੱਚ ਵੀ ਜਾਰੀ ਹਨ । ਜਿਕਰਯੋਗ ਹੈ ਕਿ ਬੱਚਾ ਆਪਣੀ ਹਰ ਕਲਾਸ ਵਿੱਚੋਂ ਫਸਟ ਆਉਂਦਾ ਹੈ । ਇਸ ਹੋਣਹਾਰ ਬੱਚੇ ਨੇ 2008-09 ਵਿੱਚ ਹੋਏ ਗਣਿਤ/ ਸਾਇੰਸ ਉਲੰਪੀਅਡ ਵਿੱਚ ਹਰਿਆਣਾ ਸਟੇਟ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਗੋਲਡ ਮੈਡਲ ਪ੍ਰਾਪਤ ਕੀਤਾ । 2010-2011 ਵਿੱਚ ਹੋਏ ਉਲੰਪੀਅਡ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਤੇ ਤਾਬੇ ਦਾ ਮੈਡਲ ਮਿਲਿਆ । ਇਸ ਸਾਲ ਜਦੋਂ ਗਿਆਸਪੁਰਾ ਦੀ, ਹੋਂਦ ਚਿਲਡ਼ ਕਾਂਡ ਉਜਾਗਰ ਕਰਨ ਕਾਰਨ, ਜਦੋਂ ਨੌਕਰੀ ਛੁੱਟੀ ਤਾ ਇਹਨਾਂ ਨੂੰ ਪਰਿਵਾਰ ਸਮੇਤ ਲੁਧਿਆਣੇ ਆਉਣਾ ਪਿਆ । ਏਥੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਸ ਦੇ ਬੱਚਿਆਂ ਦੀ ਪਡ਼ਾਈ ਦਾ ਖਰਚਾ ਚੁੱਕਦਿਆਂ ਬੱਚਿਆਂ ਨੂੰ ਨਨਕਾਣਾ ਸਾਹਿਬ ਪਬਲਿਕ ਸਕੂਲ ਵਿੱਚ ਫਰੀ ਦਾਖਲ ਕੀਤਾ ਤੇ ਜਿੰਨੀ ਚਾਹੁੰਣ ਓਨਾ ਫਰੀ ਪਡ਼ਾਉਣ ਦਾ ਅਹਿਦ ਵੀ ਕੀਤਾ । ਇਸ ਹੋਣਹਾਰ ਬੱਚੇ ਨੇ ਸਕੂਲ ਦਾ ਨਾਮ ਚਮਕਾਉਂਦਿਆਂ ਇਸ ਸਾਲ ਛੇਵੀਂ ਤੋਂ ਅੱਠਵੀ ਕਲਾਸ ਤੱਕ ਦੇ ਬੱਚਿਆਂ ਦੇ ਹੋਏ ਸਾਇੰਸ / ਗਣਿਤ ਦੇ ਉਲੰਪੀਅਡ ਵਿੱਚ ਛੇਵੀ ਕਲਾਸ ਵਿੱਚ ਪਡ਼੍ਹਦਿਆਂ ਹੋਣ ਦੇ ਬਾਵਜੂਦ ਸਕੂਲ ਵਿੱਚੋਂ ਪਹਿਲਾ ਅਤੇ ਆਲ ਓਵਰ ਅੱਠਵਾਂ ਸਥਾਨ ਹਾਸਲ ਕੀਤਾ । ਓਲੰਪੀਅਡ ਸੰਸਥਾ ਨੇ ਬੱਚੇ ਨੂੰ ਗੋਲਡ ਮੈਡਲ ਤੇ ਸਟਰੀਫੀਕੇਟ ਦੇ ਕੇ ਸਨਮਾਨਤ ਕੀਤਾ । ਬੱਚੇ ਨੇ ਅੱਜ ਤੱਕ ਕੋਈ ਟਿਊਸ਼ਨ ਨਹੀ ਰੱਖੀ । ਪਡ਼੍ਹਾਈ ਦਾ ਸਿਹਰਾ ਸੁਬੇਗ ਸਿੰਘ ਦੀ ਮਾਤਾ ਰਮਨਜੀਤ ਕੌਰ ਨੂੰ ਜਾਂਦਾ ਹੈ ਜੋ ਠੀਕ ਸੇਧ ਦੇ ਕੇ ਲਗਨ ਨਾਲ਼ ਮਿਹਨਤ ਕਰਵਾਉਂਦੇ ਹਨ । ਇਹ ਵੀ ਵਰਣਨਯੋਗ ਹੈ ਕਿ ਗੁਡ਼ਗਾਉਂ ਦੇ ਇੰਟਰਨੈਸ਼ਨਲ ਸਕੂਲ ਵਿੱਚ ਪੰਜਾਬੀ ਦੀ ਪਡ਼ਾਈ ਨਾਂ ਹੋਣ ਦੇ ਬਾਵਜੂਦ ਬੱਚਾ ਪੰਜਾਬੀ ਵੀ ਬਹੁਤ ਵਧੀਆ ਪਡ਼੍ਹ ਲਿਖ ਲੈਂਦਾ ਹੈ ਅਤੇ ਇਸ ਬੱਚੇ ਨੂੰ ਪੰਜ ਬਾਣੀਆਂ ਜਬਾਨੀ ਕੰਠ ਹਨ ਅਤੇ ਇਸ ਨੇ ਜਪੁਜੀ ਸਾਹਿਬ ਨੂੰ ਦਰਜਨਾ ਵਾਰ ਹੱਥੀ ਵੀ ਲਿਖਿਆ ਹੈ । ਇਸ ਬੱਚੇ ਤੋਂ ਹੋਰ ਬੱਚੇ ਤਾਂ ਪ੍ਰੇਰਨਾ ਲੈਣਗੇ ਹੀ ਨਾਲ਼ ਹੀ ਮਾਪਿਆਂ ਨੂੰ ਵੀ ਪ੍ਰੇਰਨਾ ਲੈਣੀ ਬਣਦੀ ਹੈ. 

Tuesday, October 25, 2011

ਪੂੰਜੀਪਤੀਆਂ ਦੀ ਦੀਵਾਲ਼ੀ

ਭਾਰਤ ਬਹੁ ਕੌਮੀ ਦੇਸ਼ ਹੈ, ਏਥੇ ਵੱਖ-ਵੱਖ ਰੁੱਤਾਂ ਤੇ ਸਭ ਦੇ ਆਪੋ ਆਪਣੇ ਤਿਉਹਾਰ ਹਨ ।ਬਹੁਗਿਣਤੀ ਨੇ ਆਪਣੇ ਤਿਉਹਾਰਾਂ ਨੂੰ ਕੌਮੀਂ ਤਿਉਹਾਰਾ ਦਾ ਦਰਜਾ ਦਿਵਾ ਦਿਤਾ ਹੈ । ਇਹ ਕੌਮੀਂ ਤਿਉਹਾਰਾ ਦੀ ਲਡ਼ੀ ਵਿੱਚ ਦੀਵਾਲ਼ੀ ਦਾ ਸਥਾਨ ਸਭ ਤੋਂ ਉਪਰ ਹੈ ।ਇਸ ਦਿਨ ਨੂੰ ਸਭ ਦਾ ਸਾਂਝਾ ਬਣਵਾਉਣ ਲਈ ਹਰੇਕ ਧਰਮ ਦੁਆਰਾ ਕੀਤੇ ਕੋਈ ਚੰਗੇ ਕੰਮ ਨੂੰ ਜੋਡ਼ ਦਿਤਾ ਗਿਆ ਹੈ, ਜਿਵੇਂ ਸ੍ਰੀ ਰਾਮ ਚੰਦਰ ਜੀ ਦਾ ਆਉਣਾ, ਗੁਰੂ ਹਰਗੋਬਿੰਦ ਜੀ ਦਾ 52 ਰਾਜਿਆਂ ਨੂੰ ਛੁਡਵਾਉਣਾ, ਬੰਗਾਲ ਵਿੱਚ ਕਾਲੀ ਦੀ ਪੂਜਾ । ਕਾਲੀ ਦੀ ਕਹਾਣੀ ਬਡ਼ੀ ਸੁਆਦਲੀ ਹੈ ਜੋ ਬੰਗਾਲ ਵਿੱਚ ਸੁਣਾਈ ਜਾਂਦੀ ਹੈ ਲੈ ਸੁਣੋ:- ਇੱਕ ਸੀ ਰਾਜਾ ਦਕਛ । ਉਸ ਦੀ ਪੁੱਤਰੀ ਦਾ ਨਾਮ ਦੁਰਗਾ ਸੀ, ਕਾਲੀ ਦੇ ਪਤੀ ਮਹਾਂਦੇਵ ਸਨ । ਰਾਜਾ ਦਕਛ ਨੇ ਇੱਕ ਬਹੁਤ ਵੱਡਾ ਯੱਗ ਕੀਤਾ ਉਹਨੇ ਉਸ ਯੱਗ ਵਿੱਚ ਆਪਣੀ ਪੁੱਤਰੀ ਤੇ ਦਾਮਾਦ ਨੂੰ ਕਿਸੇ ਕਾਰਨ ਕਰਕੇ ਨਹੀ ਬੁਲਾਇਆ । ਦੁਰਗਾ ਇਸ ਗੱਲ ਤੋਂ ਗੁਸੇ ਹੋ ਗਈ ਤੇ ਉਹ ਐਵੇਂ ਹੀ ਲੋਕਾਂ ਨੂੰ ਜੋ ਵੀ ਸਾਹਮਣੇ ਆਇਆ ਮਾਰਨ ਲੱਗ ਗਈ, ਚਾਰੇ ਪਾਸੇ ਖੂਨ ਹੀ ਖੂਨ ਹੋ ਗਿਆ । ਮਹਾਂਦੇਵ ਨੇ ਜਦ ਦੇਖਿਆ ਕਿ ਲੋਕਾਈ ਤਾਂ ਖਤਮ ਹੋ ਜਾਵੇਗੀ ਤਾਂ ਉਹ ਦੁਰਗਾ ਦੇ ਰਸਤੇ ਵਿੱਚ ਲੇਟ ਗਏ । ਦੇਵੀ ਦੁਰਗਾ ਪਾਗਲਾਂ ਦੀ ਤਰ੍ਹਾਂ ਮਾਰਦੀ ਆ ਰਹੀ ਸੀ ਤਾਂ ਬੇਧਿਆਨੇ ਵਿੱਚ ਮਹਾਂਦੇਵ ਦੀ ਛਾਤੀ ਤੇ ਪੈਰ ਰੱਖਿਆ ਗਿਆ । ਉਸ ਨੇ ਜਦ ਦੇਖਿਆ ਕਿ ਮੇਰੇ ਪੈਰਾਂ ਵਿੱਚ ਤਾਂ ਮੇਰੇ ਪਤੀ ਦੇਵ ਹਨ ਤਾਂ ਉਹ ਉਥੇ ਹੀ ਜੀਭ ਕੱਢ ਕੇ ਖਡ਼ੀ ਹੋ ਗਈ ਤੇ ਕਾਲੀ ਦਾ ਰੂਪ ਹੋ ਗਈ, ਜੀਭ ਕੱਢੀ ਫੋਟੋ ਅੱਜ ਵੀ ਦੇਖ ਸਕਦੇ ਹਾਂ । ਬੰਗਾਲ ਵਿੱਚ ਉਸ ਦਿਨ (ਦੀਵਾਲ਼ੀ ਵਾਲ਼ੇ ਦਿਨ) ਬਲੀ ਆਦਿ ਵੀ ਚਡ਼ਾਈ ਜਾਂਦੀ ਹੈ ।
ਨਵੇਂ ਕੱਪਡ਼ੇ, ਗਿਫਟਾਂ ਦਾ ਅਦਾਨ ਪਰਦਾਨ, ਬੋਨਸ, ਪਟਾਕੇ, ਫੁਲਝਡ਼ੀਆ, ਆਤਿਸਬਾਜੀਆਂ, ਦੀਵੇ, ਮਠਿਆਈਆਂ, ਇਕੱਠੇ ਹੋ ਕੇ ਹਾਸਾ ਠੱਠਾ ਅਗਰ ਹੈ ਤਾਂ ਸਮਝੋ ਦੀਵਾਲ਼ੀ ਹੈ । ਕਈ ਵਾਰ ਬੰਦਾ ਐਨਾ ਖੁਸ਼ ਹੁੰਦਾ, ਜਾਂ ਕੋਈ ਲਾਟਰੀ ਵਗੈਰਾ ਨਿਕਲੀ ਹੁੰਦੀ ਹੈ, ਉਪਰੋਕਤ ਸਾਰੇ ਕੰਮ ਕਰੇ ਤਾਂ ਆਪਾਂ ਸਹਿਜ ਸੁਭਾਅ ਹੀ ਕਹਿ ਦਿੰਦੇ ਹਾਂ ਕਿ ਬਈ ਸਾਡੀ ਤਾਂ ਅੱਜ ਹੀ ਦੀਵਾਲ਼ੀ ਹੈ, ਕਹਿਣ ਦਾ ਭਾਵ ਮੌਜਾਂ ਹੀ ਮੌਜਾਂ ਦਾ ਨਾਮ ਦੀਵਾਲ਼ੀ ਹੈ । ਗੁਰਮਤ ਅਨੁਸਾਰ ਸਿੱਖ ਲਈ ਚੱਤੋ ਪਹਿਰ ਹੀ ਦੀਵਾਲ਼ੀ ਹੈ, ਉਸ ਨੇ ਨਾਂ ਗਮੀ ਵਿੱਚ ਜਿਆਦਾ ਦੁਖੀ ਹੋਣਾ ਹੈ ਸਗੋਂ ਵਾਹਿਗੁਰੂ ਪਰਮਾਤਮਾ ਦਾ ਭਾਣਾ ਮੰਨਦੇ ਹੋਏ ਮਿੱਠਾ ਸਮਝਣਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਭ ਕੁਝ ਦੇਸ਼ ਦੇ ਲੇਖੇ ਲਗਾ ਕੇ ਮਾਛੀਵਾਡ਼ੇ ਦੇ ਜੰਗਲਾਂ ਵਿੱਚ ਵੀ ਅਰਾਮ ਦੀ ਨੀਂਦ ਲਈ, ਜਿਆਦਾ ਖੁਸੀ ਵਿੱਚ ਵੀ ਹੋਸ਼ ਵਿੱਚ ਰਹਿੰਦੇ ਹੋਏ ਵਾਹਿਗੁਰ ਦੀਆਂ ਦਿੱਤੀਆਂ ਦਾਤਾਂ ਸਮਝ ਕੇ ਔਕਾਤ ਵਿੱਚ ਰਹਿਣਾ ਹੈ । ਸਿੱਖ ਨੇ ਦੀਵੇ ਬਾਲਣੇ ਹਨ ਆਪਣੇ ਅੰਦਰ ਦਾ ਅੰਧੇਰਾ ਦੂਰ ਕਰਨ ਲਈ ਉਹ ਵੀ ਚੱਤੋ ਪਹਿਰ, ਕੋਈ ਖਾਸ ਦਿਨ ਮੁਕੱਰਰ ਨਹੀਂ । ਮੱਥੇ ਵਾਲ਼ਾ ਦੀਵਾ ਹਮੇਸ਼ਾ ਬਲ਼ਦਾ ਰਹਿਣਾ ਚਾਹੀਦਾ ਹੈ ।
ਆਪਾਂ ਅਗਰ ਵਿਦੇਸ਼ੀ ਕਲਚਰ ਨੂੰ ਦੇਖੀਏ ਤਾਂ ਉਹ ਲੋਕ ਹਫਤੇ ਦੇ ਪੰਜ ਦਿਨ ਤਾਂ ਗਧਿਆਂ ਵਾਗੂੰ ਕੰਮ ਕਰਦੇ ਹਨ ਤੇ ਅਖੀਰਲੇ ਦੋ ਦਿਨ ਦੀਵਾਲ਼ੀ ਦੀ ਤਰ੍ਹਾਂ ਮਨਾੳਂੁਦੇ ਹਨ । ਉਹਨਾਂ ਨੂੰ ਤਨਖਾਹ ਵੀ ਹਫਤੇ ਦੀ ਹਫਤੇ ਮਿਲ਼ਦੀ ਹੈ, ਤੇ ਉਹ ਆਪਣਾ ਸਾਰਾ ਪੈਸਾ ਦੋ ਦਿਨਾਂ ਵਿੱਚ ਹੀ ਉਡਾ ਦਿੰਦੇ ਹਨ, ਕਿੳਂੁਕਿ ਉਹਨਾਂ ਨੂੰ ਬੁਢਾਪੇ ਦੀ ਚਿੰਤਾ ਨਹੀ ਹੁੰਦੀ । ਕੋਈ ਵੀ ਆਪਣੇ ਪੈਸੇ ਨੂੰ ਘੁੱਟ-ਘੁੱਟ ਕੇ ਨਹੀ ਰੱਖਦਾ, ਆਪਣੇ ਪੰਜਾਬੀ ਜਾਂ ਹੋਰ ਵੀ ਕੋਈ, ਚਾਹੇ ਕੋਈ ਵੀ ਧੰਦਾ ਕਰ ਲੈਣ ਉਹ ਗਰੰਟੀ ਨਾਲ਼ ਚੱਲਦਾ ਹੈ ਕਿਉਂ ਜੋ ਉਥੇ ਪੈਸੇ ਦਾ ਚੱਕਰ ਚੱਲਦਾ ਰਹਿੰਦਾ ਹੈ ਤੇ ਆਪਣੇ ਭਾਰਤੀ ਉਹਨਾਂ ਦੇ ਖੁਲੇ ਖਰਚੇ ਦਾ ਲਾਭ ਉਠਾਉਂਦੇ ਹੋਏ ਡਾਲਰਾਂ, ਪੌਂਡਾ ਨਾਲ਼ ਜੇਬਾਂ ਭਰਦੇ ਹਨ । ਅਗਰ ਇੱਕ ਅਮਰੀਕਨ ਦੇ ਕੱਪਡ਼ਿਆਂ ਦੀ ਔਸਤ ਦੇਖੀਏ ਤਾਂ ਉਹ ਸਾਲ ਵਿੱਚ ਘੱਟੋ ਘੱਟ 20 ਤੌਲੀਏ, 36 ਅੰਡਰ ਵੀਅਰ, 26 ਸ਼ਰਟਾਂ, 24 ਪੈਂਟਾਂ ਆਦਿ ਖਰੀਦਦਾ ਹੈ ਤੇ ਭਾਰਤੀ ਵਿਚਾਰਾ ਉਸੇ ਨੂੰ ਉਦੋ ਤੱਕ ਰਗਡ਼ਦਾ ਹੈ ਜਦੋਂ ਤੱਕ ਕੋਈ ਚੀਜ ਆਪ ਜਵਾਬ ਨਹੀਂ ਦੇ ਦਿੰਦੀ । ਇਸ ਦੀ ਖਰੀਦਦਾਰੀ ਸਿਰਫ ਤੇ ਸਿਰਫ ਤਿੱਥ ਤਿਉਹਾਰਾਂ ਤੇ ਹੀ ਹੁੰਦੀ ਹੈ, ਕਹਿਣ ਦਾ ਭਾਵ ਪੈਸੇ ਦਾ ਰੋਟੇਸ਼ਨ ਘੱਟ ਤੇ ਸੀਮਿਤ ਸਮੇਂ ਹੀ ਹੁੰਦਾ ਹੈ ।
ਮਲਟੀਨੈਸ਼ਨਲ ਕੰਪਨੀਆਂ ਦੇ ਆਉਣ ਕਾਰਨ ਭਾਰਤ ਵਿੱਚ ਨਵੇਂ ਨਵੇਂ ਵਿਦੇਸ਼ੀ ਤਰਜ ਤੇ ਸਾਪਿੰਗ ਮਾਲ ਖੁਲ ਰਹੇ ਹਨ । ਸ਼ਾਪਿੰਗ ਮਾਲਾਂ ਦੀਆਂ ਰੰਗ ਬਿਰੰਗੀਆਂ ਰੌਸ਼ਨੀਆਂ ਖਿੱਚ ਦਾ ਕਾਰਨ ਤਾਂ ਜਰੂਰ ਬਣਦੀਆਂ ਹਨ ਪਰ ਉਹ ਆਮ ਭਾਰਤੀਆਂ ਦੀਆਂ ਜੇਬਾ ਵਿੱਚੋਂ ਪੈਸਾ ਕਢਵਾਉਣ ਦੇ ਅਸਮਰੱਥ ਹੁੰਦੀਆਂ ਹਨ । ਲੋਕੀ ਘੁੰਮਣ ਤਾਂ ਜਾਂਦੇ ਹਨ ਪਰ ਮੈਕਡਾਨਲਡ ਦਾ ਆਲੂ ਟਿੱਕੀ ਬਰਗਰ ਤੋਂ ਜਿਆਦਾ ਕੁਝ ਵੀ ਨਹੀ ਖਰੀਦਦੇ । ਇਹ ਹਾਲ ਕਿਸੇ ਇੱਕ ਸਾਪਿੰਗ ਮਾਲ ਦਾ ਨਹੀ ਇਹ ਤਕਰੀਬਨ ਉਹਨਾਂ ਸਾਰੇ ਸਾਪਿੰਗ ਮਾਲਾਂ ਦਾ ਹੈ ਜੋ ਭਾਰਤ ਦੇ ਵੱਖ ਵੱਖ, ਵੱਡੇ ਛੋਟੇ ਸਹਿਰਾਂ ਵਿੱਚ ਖੁਲੇ ਹੋਏ ਹਨ । ਵਿਦੇਸ਼ੀ ਕੰਪਨੀਆਂ ਪੈਸੇ ਦੇ ਜੋਰ ਨਾਲ਼, ਚਕਾਚੋਂਧ ਦਿਖਾ ਕੇ ਧੱਕੇ ਨਾਲ਼ ਪੈਸੇ ਨੂੰ ਜੇਬਾਂ ਵਿੱਚੋਂ ਕੱਢਣ ਤੇ ਲੱਗੀਆਂ ਹੋਈਆ ਹਨ । ਅੱਜ ਜਿਧਰ ਦੇਖੋ ਫੈਸਨ ਸੋ ਹੋ ਰਹੇ ਹਨ । ਮਿਸ ਇੰਡੀਆ ਤੋਂ ਲੈ ਕੇ ਮਿਸ ਮੁਹੱਲਾ ਤੱਕ ਨਿਕਲ਼ ਰਹੀਆਂ ਹਨ, ਸ਼ਮਝ ਨੀ ਆਉਦੀ ਕਿ ਪਿਛਲੇ 12 ਸਾਲ਼ਾਂ ਵਿੱਚ ਮਾਂ ਬਾਪ ਕੀ ਖਾ ਕੇ ਮਿਸ ਇੰਡੀਆ ਦੀ ਫੌਜ (ਸੋਹਣੀਆਂ ਕੁਡ਼ੀਆਂ) ਜੰਮੀ ਜਾ ਰਹੇ ਹਨ । ਵਿਦੇਸ਼ੀ ਕੰਪਨੀਆਂ ਆਪਣੇ ਊਟ-ਪਟਾਂਗ ਕੱਪਡ਼ਿਆਂ ਨੂੰ ਫ਼ੈਸ਼ਨ ਦਾ ਨਾਮ ਦੇ ਕੇ ਸਾਨੂੰ ੳੁੱਲੂ ਬਣਾ ਰਹੀਆਂ ਹਨ । ਹਿੰਦੂ ਮੱਤ ਅਨੁਸਾਰ ਲ਼ਕਸਮੀ ਦਾ ਵਾਹਕ ਉੱਲੂ ਹੈ । ਲ਼ਕਸਮੀ ਪੈਸੇ ਦੀ ਸੂਚਕ ਹੈ ਤੇ ਇਸ ਨੂੰ ਹਥਿਆਉਣ ਲਈ ਲੋਕਾਂ ਨੂੰ ੳੁੱਲੂ ਬਣਾਉਣਾ ਆਉਂਦਾ ਹੋਣਾ ਚਾਹੀਦਾ ਹੈ । ਇਹ ਪੂੰਜੀਪਤੀ ਕੰਪਨੀਆਂ ਖੂਬ ਬਣਾਉਦੀਆਂ ਹਨ ਤੇ ਧੰਨ ਨਾਲ਼ ਆਪਣੀਆਂ ਜੇਬਾਂ ਭਰਦੀਆਂ ਹਨ ।
ਮੀਡੀਆ ਜਿਸ ਤੇ ਕਿ ਪੂੰਜੀਪਤੀਆਂ ਦਾ ਕਬਜਾ ਹੈ ਉਹ ਵੀ ਪੰਜਾਬ ਦੇ ਅਖਾਣ ਵਾਂਗ “ਜੱਟ ਜੱਟਾਂ ਦੇ ਭੋਲ਼ੂ ਨਰੈਣ ਦਾ” ਪੂੰਜੀਪਤੀਆਂ ਦਾ ਸਾਥ ਦਿੰਦੇ ਹਨ । ਦੀਵਾਲ਼ੀ ਦਾ ਤਿਉਹਾਰ ਹੈ ਲੋਕਾਂ ਨੇ ਮਠਿਆਈਆਂ ਖਰੀਦਣੀਆਂ ਹਨ ਕਿਉਂਕਿ ਇਸ ਤੋਂ ਬਿਨਾ ਤਿਉਹਾਰ ਹੀ ਅਧੂਰਾ ਹੈ । ਮੀਡੀਆ ਦਾ ਸਾਰਾ ਜ਼ੋਰ ਨਕਲੀ ਮਠਿਆਈਆਂ ਦੀਆਂ ਦੁਕਾਨਾ ਦਾ ਹਉਆ ਦਿਖਾਉਣ ਤੇ ਲੱਗਾ ਹੈ । ਮੀਡੀਆ ਇੱਕੋ ਖਬਰ ਨੂੰ ਬਾਰ ਬਾਰ ਦਿਖਾ ਕੇ ਲੋਕਾਂ ਨੂੰ ਅਜਿਹਾ ਭੈ ਭੀਤ ਕਰ ਰਿਹਾ ਹੈ ਕਿ ਸਾਨੂੰ ਚਾਰੇ ਪਾਸੇ ਜ਼ਹਿਰ ਹੀ ਜ਼ਹਿਰ ਦਿਖਾਈ ਦਿੰਦੀ ਹੈ । ਛੋਟੇ ਦੁਕਾਨਦਾਰ, ਹਲਵਾਈ ਚਾਹੇ ਕਿਨਾ ਵੀ ਸ਼ੁੱਧ ਵੇਚਣ ਸਾਨੂੰ ਜ਼ਹਿਰ ਹੀ ਦਿਖਦੀ ਹੈ ਕਿਉਂ ਜੋ ਮੀਡੀਆ ਨੇ ਸਾਡੀਆ ਅੱਖਾਂ ਤੇ ਜ਼ਹਿਰ ਦੀ ਐਨਕ ਚਡ਼੍ਹਾ ਦਿਤੀ ਹੈ । ਛੋਟੇ ਦੁਕਾਨਦਾਰਾਂ ਦਾ ਤਿਉਹਾਰ ਬੱਝਵੇਂ ਦਿਨ ਨਹੀ ਹੁੰਦਾ ਸਗੋ ਅਗਰ ਵਧੀਆ ਕਮਾਈ ਹੋ ਜਾਵੇ ਤਾਂ ਅਗਲੇ ਦਿਨ ਹੁੰਦਾ ਹੈ । ਗੱਲ ਦੁਸਿਹਰੇ ਦੀ ਹੈ ਮੈ ਸਬਜੀ ਮੰਡੀ ਸ਼ਾਮ ਨੂੰ ਗਿਆ ਲੱਗਦਾ ਸੀ ਅੱਜ ਦੁਸਿਹਰੇ ਕਾਰਨ ਮੰਡੀ ਬੰਦ ਹੋਵੇਗੀ ਮਗਰ ਜਾ ਕੇ ਦੇਖਿਆ ਤਾਂ ਚਹਿਲ ਪਹਿਲ ਸੀ । ਟਮਾਟਰ ਖਰੀਦਦੇ ਹੋਏ ਰੇਡ਼ੀ ਵਾਲ਼ੇ ਨੂੰ ਪੁਛਿਆ ਕਿ ਅੱਜ ਤਾਂ ਦੁਸਹਿਰਾ ਹੈ ਤੂੰ ਰਾਵਣ ਜਲਦਾ ਨੀ ਦੇਖਣ ਗਿਆ ਕਹਿਣ ਲੱਗਾ ਸਾਹਿਬ ਅੱਗੇ ਮੁਸ਼ਕਲ ਨਾਲ਼ ਤਿੰਨ ਪੇਟੀਆਂ ਟਮਾਟਰਾਂ ਦੀਆਂ ਵਿਕਦੀਆਂ ਸਨ ਤੇ ਅੱਜ ਗਿਆਰਾਂ ਵੇਚ ਲਈਆਂ ਤੇ ਘੰਟੇ ਦੋ ਘੰਟੇ ਤੱਕ ਦੋ ਹੋਰ ਵਿਕ ਜਾਣਗੀਆਂ, ਦੁਸਿਹਰੇ ਦਾ ਕੀ ਹੈ ਕੱਲ੍ਹ ਮਨਾ ਲਵਾਂਗੇ । ਕਹਿਣ ਦਾ ਭਾਵ ਜੇਬ ਵਿੱਚ ਅਗਰ ਪੈਸਾ ਹੈ ਤਾਂ ਤੀ ਤਿਉਹਾਰ ਹੈ ਨਹੀ ਤਾਂ ਸਭ ਫਿੱਕਾ ।
ਗੱਲ ਮੀਡੀਆ ਦੀ ਕਰ ਰਹੇ ਸੀ, ਕਿਉਂ ਐਨਾ ਹੋ ਹੱਲਾ ਮਚਾਇਆ ਜਾ ਰਿਹਾ ਹੈ ਜਿਸ ਦਾ ਕਿ ਸਿੱਧਾ ਨੁਕਸਾਨ ਛੋਟੇ ਗਰੀਬ ਹਲਵਾਈ ਨੂੰ ਹੁੰਦਾ ਹੈ ਕਾਰਨ ਸਿਰਫ ਤੇ ਸਿਰਫ ਇੱਕੋ ਲੱਗਦਾ ਹੈ ਕਿ ਕਿਵੇਂ ਪੂੰਜੀਪਤੀਆਂ ਦੀ ਦੀਵਾਲ਼ੀ ਬਣਾਈ ਜਾਵੇ, ਕੈਡਵਰੀ ਚਾਕਲੇਟ, ਹਲਦੀਰਾਮ ਵਰਗੇ ਪੂੰਜੀ ਪਤੀਆਂ ਦੀਆਂ ਜੇਬਾਂ ਤਾਂ ਹੀ ਭਰਨਗੀਆ ਜੇ ਲੋਕਾਂ ਨੂੰ ਐਨਾ ਭੈ ਬੀਤ ਕਰ ਦਿਤਾ ਜਾਵੇ ਕਿ ਉਹਨਾ ਨੂੰ ਹਰੇਕ ਛੋਟੇ ਦੁਕਾਨਦਾਰ ਕੋਲ਼ ਵਿਕਦੀ ਮਠਿਆਈ ਜਹਿਰ ਨਜਰ ਪਵੇ , ਨਹੀ ਤਾਂ ਕੌਣ 500ਰੁਪੈ ਕਿਲੋ ਦੀ ਮਠਿਆਈ ਖਰੀਦੇ, ਪਤੀਸਾ ਸੋਨ ਪਾਪਡ਼ੀ ਬਣਾ ਕੇ 250 ਰੁਪੈ ਕਿਲੋ ਕਰ ਦਿਤਾ ਹੈ । ਭਾਈ ਪੂੰਜੀਪਤੀਆਂ ਦਾ ਦੇਸ਼ ਹੈ , ਚਾਂਦੀ ਵੀ ਪੂੰਜੀਪਤੀਆਂ ਦੀ ਹੀ ਹੈ ਤੇ ਫਿਰ ਦੀਵਾਲ਼ੀ ਵੀ ਉਹਨਾਂ ਦੀ । ਅੰਤ ਸੱਭ ਲਈ ਛੋਟੀ ਜਿਹੀ ਰਾਏ,
ਪ੍ਰਕਾਸ਼ ਪਰਵ ਮਨਾਉਣਾ ਹੈ, ਪਰਦੂਸ਼ਣ ਪਰਵ ਨਹੀ ।
ਇੰਜੀ. ਮਨਵਿੰਦਰ ਸਿੰਘ ਗਿਆਸਪੁਰ.
09872099100
ਪਿੰਡ ਗਿਆਸਪੁਰ
ਲੁਧਿਆਣਾ ।

Wednesday, September 07, 2011

ਵਿਧਾਇਕਾਂ ਦੀ ਵਿਦਿਅਕ ਯੋਗਤਾ

ਇੰਜੀ. ਮਨਵਿੰਦਰ ਸਿੰਘ ਗਿਆਸਪੁਰ
ਸੂਚਨਾ ਅਧਿਕਾਰ ਤਹਿਤ ਪ੍ਰਪਤ ਜਾਣਕਾਰੀ ਅਨੁਸਾਰ ਸਾਡੇ ਮੌਜੂਦਾ ਅਕਾਲੀ ਤੇ ਕਾਂਗਰਸੀ ਵਿਧਾਇਕਾ ਦੀ ਵਿਦਿਅਕ ਯੋਗਤਾ :-
ਦਸਵੀ (ਮੈਟਰਿਕ) ਤੋਂ ਵੀ ਘੱਟ ਪਡ਼ੇ ਅਕਾਲੀ ਵਿਧਾਇਕਾ ਦੇ ਨਾਮ
1. ਸ.ਬਲਬੀਰ ਸਿੰਘ ਘੁੰਨਸ
2. ਸ. ਗੁਲਜਾਰ ਸਿੰਘ ਰਣੀਕੇ (ਪਸੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ)
3. ਸੰਤ ਅਜੀਤ ਸਿੰਘ
4. ਚੌਧਰੀ ਨੰਦ ਲਾਲ
ਦਸਵੀ (ਮੈਟਰਿਕ) ਤੋਂ ਵੀ ਘੱਟ ਪਡ਼ੇ ਕਾਂਗਰਸੀ ਵਿਧਾਇਕਾ ਦੇ ਨਾਮ
1. ਸ. ਸੇਰ ਸਿੰਘ ਗਾਗੋਵਾਲ਼
2. ਸ. ਸੁਰਜੀਤ ਸਿੰਘ ਧੀਮਾਨ
3. ਸ. ਜੋਗਿੰਦਰ ਸਿੰਘ
4. ਸ. ਨਿਰਮਲ ਸਿੰਘ ਸਮਾਣਾ
ਦਸਵੀ (ਮੈਟਰਿਕ) ਤੋਂ ਵੀ ਘੱਟ ਪਡ਼ੇ ਅਜਾਦ ਵਿਧਾਇਕਾ ਦੇ ਨਾਮ
1. ਸ. ਸੰਗਤ ਸਿੰਘ ਗਿਲਜੀਆ
2. ਸ੍ਰੀ. ਮਦਨ ਲਾਲ ਠੇਕੇਦਾਰ
ਦਸਵੀ (ਮੈਟਰਿਕ) ਪਾਸ ਅਕਾਲੀ ਵਿਧਾਇਕਾ ਦੇ ਨਾਮ
1. ਸ਼. ਸੁਰਜੀਤ ਕੁਮਾਰ ਜਿਆਣੀ ਤਕਨੀਕੀ ਸਿੱਖਿਆ ਮੰਤਰੀ
2. ਸ਼. ਹੀਰਾ ਸਿੰਘ ਗਾਬਡ਼ੀਆ ਜ੍ਹੇਲ ਤੇ ਸੱਭਿਆਚਾਰਕ ਮਾਮਲਿਆ ਸਬੰਧੀ ਮੰਤਰੀ
3. ਸ. ਅਜੀਤ ਸਿੰਘ ਕੋਹਾਡ਼ ਮਾਲ ਤੇ ਮੁਡ਼ ਵਸੇਬਾ ਮੰਤਰੀ
4. ਸ. ਗੁਰਚਰਨ ਸਿੰਘ ਬੱਬੇਹਾਲੀ
5. ਸ੍ਰੀ ਦੇਸ ਰਾਜ ਧੁੱਗਾ
6. ਸ੍ਰੀਮਤੀ ਰਾਜਵਿੰਦਰ ਕੌਰ ਭੁੱਲਰ
7. ਸ੍ਰੀ ਚੁਨੀ ਲਾਲ ਭਗਤ ਭਾਜਪਾ ਵਿਧਾਇਕ
8. ਸ੍ਰੀ ਬਿਸੰਬਰ ਦਾਸ ਭਾਜਪਾ ਵਿਧਾਇਕ
ਬਾਰਵੀ ਤੱਕ ਪਡ਼ੇ ਵਿਧਾਇਕਾ ਦੇ ਨਾਮ
1. ਸ. ਜਨਮੇਜਾ ਸਿੰਘ ਸੇਖੋਂ ਸਿੰਚਾਈ ਮੰਤਰੀ
2. ਸ. ਦਰਸਨ ਸਿੰਘ ਸਿਵਾਲਿਕ
3. ਰਾਣਾ ਗੁਰਮੀਤ ਸਿੰਘ ਸੋਢੀ (ਕਾਗਰਸੀ)
4. ਸ੍ਰੀ ਅਨਿਲ ਸਿੰਘ ਜੋਸੀ (ਭਾਜਪਾ )
ਖੇਤੀਬਾਡ਼ੀ ਮੰਤਰੀ ਸੁੱਚਾ ਸਿੰਘ ਲੰਗਾਹ ਬੀ.ਏ ਭਾਗ ਪਹਿਲਾ ਤੋਂ ਉੱਪਰ ਨਹੀਂ ਟੱਪ ਸਕੇ


ਇੰਜੀ. ਮਨਵਿੰਦਰ ਸਿੰਘ ਗਿਆਸਪੁਰ
9872099100
ਪਿੰਡ: ਗਿਆਸਪੁਰ
ਡਾਕ: ਲੋਹਾਰਾ
ਜਿਲ੍ਹਾ : ਲ਼ੁਧਿਆਣਾ

Monday, September 05, 2011

ਘੋੜਾ ਘਾਹ ਨਾਲ਼ ਯਾਰੀ ਪਾਊ ਤਾਂ ਖਾਊਗਾ ਕੀ’?


ਇਸਦਾ ਜੁਆਬ ਦੇ ਰਹੇ ਹਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰ 
photo courtesy: Noehill Travals
ਅਸੀਂ ਸੱਭ ਗੁਰਦੁਆਰੇ, ਮੰਦਰ, ਮਸਜਿਦ, ਚਰਚ ਆਦਿ ਆਪੋ-ਆਪਣੇ ਧਾਰਮਿਕ ਅਸਥਾਨ ਜਾਂਦੇ ਹਾਂ । ਅਸੀਂ ਸਮਝਦੇ ਹਾਂ ਕਿ ਸਿਰਫ ਏਹੀ ਗੁਰੂ ਦਾ ਘਰ ਹੈ । ਗੁਰਦੁਆਰੇ ਦੇ ਅਰਥ ਅਸੀਂ ਏਹੀ ਕਰ ਰੱਖੇ ਨੇ ‘ਗੁਰੂ ਦਾ ਘਰ’ ਸਿਰਫ਼ ਏਹੋ ਗੁਰੂ ਦਾ ਘਰ ਹੈ । ਸਿਰਫ਼ ਤੇ ਸਿਰਫ਼ ਏਥੇ ਹੀ ਰੱਬ ਬੈਠਾ ਹੈ, ਇਸ ਕਰਕੇ ਏਥੇ ਹੀ ਅਸੀਂ ਝੂਠ ਨਹੀਂ ਬੋਲਣਾ, ਬਾਹਰ ਬੋਲ ਸਕਦੇ ਹਾਂ। ਸਿਰਫ ਏਥੇ ਹੀ ਅਸੀਂ ਕਿਸੇ ਨੂੰ ਮੰਦਾ ਨਹੀਂ ਬੋਲਣਾ, ਬਾਹਰ ਬੋਲ ਸਕਦੇ ਹਾਂ। ਏਥੇ ਅਸੀਂ ਲੰਗਰਾਂ ਦੇ ਪ੍ਰਵਾਹ ਚਲਾ ਦਿੰਦੇ ਹਾਂ, ਪਰ ਜਦੋਂ ਆਪਣੀ ਦੁਕਾਨ ਤੇ ਬੈਠੇ ਹੁੰਦੇ ਹਾਂ ਉਥੇ ਲਿਖ ਕੇ ਲਾਇਆ ਹੁੰਦਾ ਹੈ’ ‘ਘੋੜਾ ਘਾਹ ਨਾਲ਼ ਦੋਸਤੀ ਕਰੂ ਤਾਂ ਖਾਊਗਾ ਕੀ’ ਉਥੇ ਅਸੀਂ ਠੱਗੀ ਮਾਰਨ ਤੋਂ ਨਹੀਂ ਹਟਦੇ । ਅਸੀਂ ਮਿਲਾਵਟੀ ਮਾਲ ਖਰੀਦਦੇ ਹਾਂ ਤੇ ਉਸ ਨੂੰ ਉਚੀ ਕੀਮਤ ਤੇ ਵੇਚ ਕੇ ਖੁਸ਼ ਹੁੰਦੇ ਹਾਂ। ਮਿਲਾਵਟੀ ਤਾਂ ਖਰੀਦਦੇ ਹਾਂ ਕਿਉਂਕਿ ਚਾਰ ਪੈਸੇ ਉਸੇ ਵਿਚੋਂ ਹੀ ਬਚਦੇ ਹਨ। ਜਦੋਂ ਗੁਰੂ ਘਰ ਆਉਂਦੇ ਹਾਂ ਤਾ ਉਥੇ ਆ ਕੇ ਬੜੇ ਸ਼ਰੀਫ ਸਾਊ ਜਿਹੇ ਬਣ-ਬਣ ਕੇ ਦਿਖਾਉਂਦੇ ਹਾਂ । ਕੀ ਹੋ ਗਿਆ ਸਾਨੂੰ ? ਗੁਰਦੁਆਰੇ ਅਸੀਂ ਆਪਣੇ ਗੁਰੂ ਕੋਲੋ ਸਿਖਣ ਆਉਂਦੇ ਹਾਂ ਕਿ ਚੰਗੇ ਕੰਮ ਕਿਵੇਂ ਕਰਨੇ ਨੇ ? ਗੁਰਦੁਆਰਾ ਸਾਡਾ ਸਕੂਲ ਹੈ ਇਥੋਂ ਅਸੀਂ ਸਿਖਣਾ ਹੈ ਕਿ ਰੱਬ, ਅੱਲਾ, ਗਾਡ, ਹਰੇਕ ਦੇ ਅੰਦਰ ਹੈ ।
“ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ”
ਇਸੇ ਨੂੰ ਅਸੀਂ ਪਛਾਨਣਾ ਹੈ। ਸਕੂਲ ਵਿਚੋਂ ਸਿਖ ਕੇ ਅਸੀਂ ਉਸ ਨੂੰ ਆਪਣੇ ਜੀਵਨ ਤੇ ਲਾਗੂ ਕਰਨਾ ਹੈ, ਨਾ ਕਿ ਦਿਖਾਵੇ ਦੇ ਕਰਮਕਾਂਡੀ ਬਣ, ਸ਼ਰੀਫਤਾ ਦਾ ਨਕਾਬ ਸਿਰਫ਼ ਗੁਰਦੁਆਰੇ ਆ ਕੇ ਹੀ ਚੜਾਉਣਾ ।ਸਿਖ ਨੇ ਕੋਈ ਨਕਾਬ ਨਹੀਂ ਪਹਿਨਣਾ। “ਸਾਬਤ ਸੂਰਤ ਦਸਤਾਰ ਸਿਰਾ” ਦਾ ਵੀ ਏਹੋ ਅਰਥ ਹੈ। ਜਿਵੇਂ ਅੰਦਰੋਂ ! ਉਵੇਂ ਹੀ ਬਾਹਰੋ ! ਸਾਬਤ ਸੂਰਤ ਰਹਿਣ ਦਾ ਮਤਲਬ ਹੀ ਏਹੋ ਹੈ ਕਿ ਕੁਦਰਤ ਨਾਲ਼ ਇਕਮਿਕਤਾ।
ਅਸੀਂ ਆਪਣੀ ਹੱਟੀ ਤੇ ਗਾਹਕ ਨੂੰ ਬੱਕਰਾ ਸਮਝ ਕੇ ਝਟਕਾਉਣ ਵਿੱਚ ਖੁਸੀ ਮਹਿਸੂਸ ਕਰਦੇ ਹਾਂ ਸਾਨੂੰ ਸਿਖਾਇਆ ਹੀ ਏਹੋ ਜਾਂਦਾ ਹੈ । ਸਾਡੇ ਘਰਾਂ, ਸਕੂਲਾ ਵਿੱਚ ਜੋ ਵੀ ਵਿੱਦਿਆ ਮਿਲ਼ ਰਹੀ ਹੈ, ਸੱਭ ਪੈਸੇ ਬਣਾਉਣ ਦੀਆਂ ਮਸ਼ੀਨਾ ਬਣਾਉਣ ਤੇ ਲੱਗੇ ਹੋਏ ਹਨ । ਡਾਕਟਰ, ਇੰਜੀਨੀਅਰ, ਵਪਾਰੀ ਬਣਾਉਣ ਤੇ ਲੱਗੇ ਹੋਏ ਹਨ । ਚੰਗਾ ਮਨੁੱਖ ਬਣਾਉਣ ਦੀ ਕੋਈ ਵੀ ਗੱਲ ਨਹੀਂ ਕਰਦਾ । ਕੀ ਹੋ ਗਿਆ ਸਾਨੂੰ ?
ਅਸੀਂ ਮਨੁੱਖਾਂ ਨੇ ਵੰਡੀਆਂ ਪਾ ਰੱਖੀਆਂ ਨੇ, ਏਹ ਪੰਡਤ ਹੈ, ਇਹ ਜੱਟ ਹੈ, ਇਹ ਚਮਾਰ ਹੈ, ਇਹ ਭਾਪਾ ਹੈ, ਇਹ ਰਾਮਗੜੀਆ ਹੈ । ਅਸੀ ਆਪਣੇ ਗੁਰਦੁਆਰੇ ਵੀ ਵੰਡ ਰੱਖੇ ਨੇ, ਜੱਟਾ ਦਾ ਗੁਰਦੁਆਰਾ, ਰਵਿਦਾਸੀਆ ਦਾ ਗੁਰਦੁਆਰਾ, ਭਾਪਿਆਂ ਦਾ ਗੁਰਦੁਆਰਾ , ਰਾਮਗੜੀਆ ਦਾ ਗੁਰਦੁਆਰਾ । ਸੱਭ ਵਿੱਚ ਪ੍ਰਕਾਸ਼ ਇਕੋ ਗੁਰੂ ਗ੍ਰੰਥ ਸਾਹਿਬ ਜੀ ਦਾ ਹੁੰਦਾ ਹੈ ਪਰ ਅਸੀਂ ਵੰਡ ਰੱਖੇ ਨੇ, ਕਿਉਂ? ਕਿਉਂਕਿ ਸਾਨੂੰ ਵੰਡਣਾ ਆਉਦਾ ਹੈ । ਸਾਨੂੰ ਵੰਡਣ ਦੀ ਜਾਂਚ ਆ ਗਈ ਹੈ ਤਾਂ ਅਸੀ ਵੰਡ ਰੱਖੇ ਨੇ । ਅਸੀਂ ਆਪਣੇ  ਗੁਆਢੀ ਨਾਲ਼ ਵੀ ਬੋਲ ਨਹੀਂ ਸਕਦੇ । ਪਤੀ ਪਤਨੀ ਦੀ ਆਪਸ ਵਿੱਚ ਨਹੀਂ ਬਣਦੀ ਉਥੇ ਵੀ ਅਸੀਂ ਵੰਡੇ ਹੋਏ ਹਾਂ। ਪੁੱਤਰ ਦੀ ਮਾਪਿਆਂ ਨਾਲ਼ ਨਹੀਂ ਬਣਦੀ। ਨੂੰਹ ਦੀ ਸੱਸ ਨਾਲ਼ ਨਹੀਂ ਬਣਦੀ। ਧੀ ਦੀ ਮਾ ਪਿਉ ਨਾਲ਼ ਨਹੀਂ ਬਣਦੀ ।
ਕਿਉਂ ?? ਕਿਉਂਕਿ ਸਾਡਾ ਅਹੰਕਾਰ ਹੀ ਸਾਨੂੰ ਮਿਲਣ ਨਹੀਂ ਦੇਂਦਾ । ਸਾਡਾ ਹੰਕਾਰ ਹੀ ਹੈ ਜੋ ਸਾਨੂੰ ਕਹਿੰਦਾ ਹੈ ਕਿ ਉਹ ਚਮਾਰ ਹਨ ਉਹਨਾ ਕੋਲ਼ ਨਹੀਂ ਬੈਠਣਾ, ਕਿਉਂਕਿ ਮੈਂ ਤਾਂ ਉਚੀ ਜਾਤ ਦਾ ਹਾਂ । ਸਾਡਾ ਅਹੰਕਾਰ ਸਾਡੇ ਘਰਾਂ ਵਿੱਚ ਕੰਮ ਕਰਦੀਆਂ ਮਾਵਾਂ ਭੈਣਾ ਨੂੰ ਗਾਲ਼ਾ ਨਾਲ਼ ਸੰਬੋਧਨ ਕਰਕੇ ਬੁਲਾਉਂਦਾ ਹੈ । ਦਫਤਰਾਂ ਵਿੱਚ ਆਪਣੇ ਥੱਲੇ ਕੰਮ ਕਰਨ ਵਾਲ਼ਿਆਂ ਨੂੰ ਰੋਅਬ ਨਾਲ਼ ਬੁਲਾਉਂਦੇ ਹਾਂ, ਜਦੋਂ ਪੁਛਿਆ ਜਾਵੇ ਤਾਂ ਤਰਕ ਵੀ ਅਜਿਹੇ ਦਿੰਦੇ ਹਾ, “ਅਗਰ ਇਹਨਾ ਨੂੰ ਪਿਆਰ ਨਾਲ਼ ਬੁਲਉਂਗੇ ਤਾਂ ਇਹ ਸਿਰ ਤੇ ਮੂਤਣਗੇ” । ਪਤੀ ਪਤਨੀ ਦੀ ਆਪਸੀ ‘ਈਗੋ’ ਹੀ ਇਕ ਦੂਜੇ ਨੂੰ, ਇਕ ਦੂਸਰੇ ਦੇ ਨੇੜੇ ਨਹੀਂ ਆਉਂਣ ਦਿੰਦੀ । ਪਤੀ ਕਹਿੰਦਾ ਹੈ ਮੈ ਇਸ ਤੋਂ ਸੁਪੀਰੀਅਰ ਹਾਂ, ਇਸ ਨੂੰ ਕੀ ਪਤਾ ਹੈ ਮੈਂ ਕਮਾਉਂਦਾ ਹਾਂ । ਪਤਨੀ ਸੋਚਦੀ ਹੈ ਮੈਂ ਕਿਉਂ ਬੁੱਢੇ ਬੁੱਢੀ ਦੀ ਸੇਵਾ ਕਰਾਂ ? ਮੈਂ ਕੋਈ ਇਹਨਾਂ ਦੇ ਘਰ ਦੀ ਨੌਕਰ ਹਾਂ । ਕੰਮ ਕਰਨ ਤੋਂ ਟਾਲ਼ਾ ਵੱਟਦੀ ਹੈ । ਪਰ ਉਹੀ ਜਦ ਗੁਰਦੁਆਰੇ, ਮੰਦਰ, ਮਸਜਿਦ, ਜਾਂ ਕਿਸੇ ਡੇਰੇ ਆਦਿ ਜਾਂਦੀ ਹੈ ਤਾਂ ਉਥੇ ਤਰਜੀਹ ਹੀ ਸੇਵਾ ਨੂੰ ਦਿੰਦੀ ਹੈ । ਕੀਰਤਨ ਉਸ ਤੋਂ ਸੁਣਿਆ ਨਹੀਂ ਜਾਂਦਾ । ਭਾਂਡੇ ਮਾਂਜਦੀ, ਪੋਚੇ ਮਾਰਦੀ, ਲਾਂਗੜ ਚੜਾਹ ਕੇ ਭੱਜੀ ਹੀ ਫਿਰਦੀ ਹੈ । ਧੀ ਸੋਚਦੀ ਹੈ ਕਿ ਇਸ ਬੁੱਢੇ ਮਾ ਬਾਪ ਨੂੰ ਕੀ ਪਤਾ ਮੈਂ ਸਿਰ ਖੁਦ ਕਰੂੰਗੀ । ਸਿਰਖੁਦ ਕਰਦੀ ਕਰਦੀ ‘ਖੁਦਕੁਸ਼ੀ’ ਦੀ ਨੌਬਤ ਤੱਕ ਪਹੁੰਚ ਜਾਂਦੀ ਹੈ । ਪੁੱਤਰ ਸੋਚਦਾ ਹੈ ਮੈਂ ਐਨੀ ਤਨਖਾਹ ਲੈਂਦਾ ਹਾਂ, ਐਨਾ ਕੰਮ ਕਰਦਾ ਹਾਂ, ਬੱਸ ਘਰ ਵਿੱਚ ਦਿਖਾਵਾ ਕਰਦਾ ਹੈ ਕਿ ਮੈਂ ਐਨਾ ਬਿਜੀ ਹਾਂ, ਬੁੱਢੇ ਮਾਂ ਬਾਪ ਨਾਲ਼ ਬੋਲਦਾ ਨਹੀਂ । ਘਰ ਵਿੱਚ ਬੈਠਣ ਦਾ ਵੀ ਟਾਈਮ ਨਹੀਂ । ਬੱਸ ਭੱਜਿਆ ਫਿਰਦਾ ਹੈ, ਕਦੇ ਕੋਈ ਗੱਲ ਨਹੀਂ ਕਰਦਾ ਸਾਰਾ ਦਿਨ ਕੁੜਿਆ ਰਹਿੰਦਾ ਹੈ । ਪਰ ਜਦੋਂ ਉਸ ਦੇ ਦੋਸਤ ਆਉਂਦੇ ਹਨ ਉਹਨਾ ਨਾਲ਼ ਬੜੀਆਂ ਹੱਸ-ਹੱਸ ਗੱਲਾਂ ਕਰੇਗਾ । ਬੜੇ ਜੋਸ਼-ਖਰੋਸ਼ ਨਾਲ਼ ਮਿਲੇਗਾ । ਐਦਾਂ ਲੱਗਦਾ ਜਿਵੇ ਉਸ ਨੂੰ ਉਸ ਦਾ ਘਰ ਦੰਦੀਆਂ ਵੱਢਦਾ ਹੋਵੇ ।
ਇਕ ਅੰਗਰੇਜੀ ਕਹਾਣੀ ਬੜੀ ਪਿਆਰੀ ਤੇ ਸਿਖਿਆਦਾਇਕ ਹੈ । ਇਸ ਅੰਗਰੇਜੀ ਕਹਾਣੀ ਮੁਤਾਬਕ ਇਕ ਬੱਚਾ ਆਪਣੀ ਮਾਂ ਨਾਲ਼ ਸੁਪਰਮਾਰਕੀਟ ਜਾਂਦਾ ਹੈ । ਉਸ ਬੱਚੇ ਨੂੰ ਕੁੱਤੇ (ਪੈਟਸ) ਪਾਲਣ ਦਾ ਸ਼ੌਕ ਹੈ । ਉਸ ਦੀ ਮਾਂ ਉਸ ਬੱਚੇ ਨੂੰ ਪੈਟਸ ਸਾਪ ਤੇ ਛੱਡ ਦਿੰਦੀ ਹੈ ਤੇ ਆਪ ਨਾਲ਼ ਵਾਲ਼ੀਆਂ ਦੁਕਾਨਾ ਤੋਂ ਘਰ ਦੀ ਖਰੀਦਦਾਰੀ ਲਈ ਚਲੇ ਜਾਂਦੀ ਹੈ । ਬੱਚਾ ਕੁੱਤਿਆਂ ਨੂੰ ਦੇਖਣ ਲੱਗ ਜਾਂਦਾ ਹੈ, ਉਹ ਉਸ ਨੂੰ ਬੜੇ ਪਿਆਰੇ ਲੱਗਦੇ ਹਨ । ਉਹ ਉਹਨਾ ਵਿਚੋਂ ਕਿਸੇ ਇਕ ਨੂੰ ਖਰੀਦਣ ਬਾਰੇ ਸੋਚਦਾ ਹੈ । ਬੱਚਾ ਜਦੋਂ ਉਹਨਾਂ ਪੈਟਸ ਦਾ ਰੇਟ ਪੁੱਛਦਾ ਹੈ ਉਹ ਬੜੇ ਕੀਮਤੀ ਹੁੰਦੇ ਹਨ । ਬੱਚਾ ਦੁਕਾਨਦਾਰ ਨੂੰ ਕਹਿਦਾ ਹੈਕਿ ਉਸ ਕੋਲ ਸਿਰਫ 75 ਡਾਲਰ ਹਨ,ਉਸ ਨੂੰ ਕੋਈ ਸਸਤਾ ਪੈਟਸ ਦਿਖਾਵੇ । ਦੁਕਾਨਦਾਰ ਉਸ ਨੂੰ ਇਕ ਪਿਛਿਓ ਲੁਕਿਆ ਹੋਇਆ ਛੋਟਾ ਜਿਹਾ ਕੁੱਤਾ ਦਿਖਾਉਦਾ ਹੈ ਅਤੇ ਉਸ ਦਾ ਰੇਟ 75 ਡਾਲਰ ਦੱਸਦਾ ਹੈ ਅਤੇ ਨਾਲ ਹੀ ਦੱਸਦਾ ਹੈ ਕਿ ਇਹ ਲੰਗੜਾ ਹੈ । ਇਸ ਦੀ ਇਕ ਲੱਤ ਖਰਾਬ ਹੈ । ਬੱਚੇ ਨੂੰ ਉਹ ਕੁੱਤਾ ਪਸੰਦ ਆ ਜਾਂਦਾ ਹੈ । ਉਹ ਉਸ ਨੂੰ ਖਰਿਦਣ ਲਈ ਪੈਸਿਆਂ ਲਈ ਜਦ ਅਪਣੀ ਪੈਂਟ ਵਿਚ ਹੱਥ ਮਾਰਦਾ ਹੈ ਤਾ ਕੀ ਦੇਖਦਾ ਹੈ ਕਿ ਪੈਸੇ ਉਸ ਦੀ ਜੇਬ ਵਿਚ ਹੁੰਦੇ ਹੀ ਨਹੀਂ ।
ਬੱਚਾ ਕੁੱਤੇ ਨੂੰ ਗੋਦੀ ਵਿੱਚ ਚੁੱਕ ਲੈਂਦਾ ਹੈ ਤੇ ਆਪਣੀ ਮੰਮੀ ਦਾ ਇੰਤਜਾਰ ਕਰਨ ਲੱਗਦਾ ਹੈ । ਥੋੜੀ ਦੇਰ ਬਾਅਦ ਉਸ ਦੇ ਮੰਮੀ ਵੀ ਉਸ ਪੈਟਸ ਦੀ ਦੁਕਾਨ ਤੇ ਪਹੁੰਚ ਜਾਂਦੇ ਹਨ । ਉਸ ਦੀ ਮਾਂ ਬੱਚੇ ਨੂੰ ਆਖਦੀ ਹੈ ਕਿ ਬੇਟਾ ਤੂੰ ਕੋਈ ਵੀ ਪੈਟਸ ਖਰੀਦ ਸਕਦਾ ਹੈ ਪੈਸਿਆਂ ਦੀ ਕੋਈ ਪ੍ਰਾਬਲਮ ਨਹੀਂ । ਪਰ ਬੱਚਾ ਉਸੇ ਕੁੱਤੇ ਨੂੰ ਲੈਣ ਦੀ ਜਿਦ ਕਰਨ ਲੱਗਦਾ ਹੈ । ਉਸ ਬੱਚੇ ਨੂੰ ਦੁਕਾਨਦਾਰ ਵੀ ਸਮਝਾਉਂਦਾ ਹੈ ਕਿ ਬੇਟਾ ਇਸ ਕੁੱਤੇ ਦੀ ਇੱਕ ਲੱਤ ਟੁੱਟੀ ਹੋਈ ਹੈ ਤੂੰ ਕੋਈ ਹੋਰ ਵਧੀਆ ਜਿਹਾ ਕੁੱਤਾ ਲੈ ਲਾ, ਪਰ ਉਹ ਬੱਚਾ ਉਸ ਕੁੱਤੇ ਨੂੰ ਲੈਣ ਦੀ ਜਿਦ ਤੇ ਹੀ ਅੜਿਆ ਰਹਿੰਦਾ ਹੈ । ਜਦ ਉਸ ਦੀ ਮੰਮੀ ਵੀ ਜਿਦ ਕਰਨ ਲੱਗਦੀ ਹੈ ਤਾਂ ਉਹ ਬੱਚਾ ਉੱਚੀ-ਉੱਚੀ ਰੋਣ ਲੱਗ ਜਾਂਦਾ ਹੈ, ਲਿਟਣ ਲੱਗ ਜਾਂਦਾ ਹੈ । ਲਿਟਦਾ-ਲਿਟਦਾ ਲੇਰਾ ਮਾਰਦਾ ਆਪਣੀ ਪੈਂਟ ਖੋਹਲ ਦਿੰਦਾ ਹੈ ਤੇ ਰੋਦੇ-ਰੋਂਦੇ ਆਖਦਾ ਹੈ ਇਹ ਦੇਖੋ ਮੇਰੀ ਵੀ ਇੱਕ ਲੱਤ ਲੱਕੜ ਦੀ ਹੈ । ਮੈਂ ਵੀ ਲੰਗੜਾ ਹਾਂ । ਮੈਂ ਇਸ ਦੇ ਦਰਦ ਨੂੰ ਸਮਝਾਂਗਾ ਤੇ ਇਹ ਮੇਰੇ ਦਰਦ ਨੂੰ ਸਮਝੇਗਾ, ਅਸੀਂ ਵਧੀਆ ਦੋਸਤ ਬਣ ਸਕਦੇ ਹਾਂ । ਇਸ ਕਰਕੇ ਮੈਂ ਏਹੋ ਪੱਪੀ ਲੈਣਾ ਹੈ । ਸਾਰੇ ਅੱਖਾਂ ਭਰ ਲੈਂਦੇ ਹਨ ।

ਕਾਸ਼! ਅਸੀਂ ਵੀ ਉਸ ਛੋਟੇ ਬੱਚੇ ਦੀ ਤਰ੍ਹਾਂ ਇਕ ਦੂਸਰੇ ਦਾ ਦੁੱਖ ਦਰਦ ਸਮਝਦੇ ਹੁੰਦੇ । ਅਸੀਂ ਤਾਂ ਬੱਸ ਆਪਣੇ ਅੱਗੇ ਝੁੱਕੇ ਹੋਏ ਨੂੰ ਮਾਰ ਮੁਕਾ ਕੇ ਹੋਰ ਲਿਟਾ ਦੇਣਾ ਚਾਹੁੰਦੇ ਹਾਂ, ਕਿਉਂਕਿ ਅਸੀਂ ਸ਼ੁਰੂ ਤੋਂ ਏਹੀ ਸਿੱਖਿਆ ਹੈ ਕਿ ਅੱਗੇ ਨਿਕਲਣ ਲਈ ਦੂਜਿਆਂ ਦੇ ਮੋਢਿਆਂ ਨੂੰ ਲਿਤਾੜਦੇ ਹੋਏ ਉਪਰ ਕਿਵੇਂ ਚੜ੍ਹਨਾ ਹੈ । ਕਾਸ਼ ਅਸੀਂ ਵੀ ਕਦੇ ਕਿਸੇ ਦੂਸਰੇ ਦੀਆਂ ਵੈਸਾਖੀਆਂ ਬਣਦੇ ।
ਇਕ ਹੋਰ ਗੱਲ ਪਿਛੇ ਜਿਹੇ ਦੇਖਣ ਵਿੱਚ ਆਈ, ਕਿ ਹੈਂਡੀਕੈਪਟ ਦਸ ਜਣਿਆਂ ਦੀ ਦੌੜ ਹੋ ਰਹੀ ਸੀ । ਪੂਰਾ ਸਟੇਡੀਅਮ ਉਹਨਾਂ ਦੀ ਦੌੜ ਦੇਖਣ ਲਈ ਖਚਾ-ਖਚ ਭਰਿਆ ਹੋਇਆ ਸੀ । ਦੌੜਦੇ-ਦੌੜਦੇ ਇਕ ਵਿਚਾਰਾ ਗਿਰ ਜਾਂਦਾ ਹੈ, ਬਾਕੀ ਦੇ ਨੌ ਅੱਗੇ ਨਿਕਲ਼ ਜਾਂਦੇ ਹਨ । ਜਦੋਂ ਦੇਖਦੇ ਹਨ ਕਿ ਸਾਡੇ ਵਿਚੋਂ ਇੱਕ ਗਿਰ ਗਿਆ ਹੈ ਤਾ ਉਸ ਨੂੰ ਚੁੱਕਣ ਲਈ ਸਾਰੇ ਪਿਛੇ ਮੁੜਦੇ ਹਨ, ਉਸ ਨੂੰ ਉਠਾਉਂਦੇ ਹਨ । ਏਥੇ ਦੌੜ ਵਿੱਚ ਇਕ ਕਮਾਲ ਦੀ ਗੱਲ ਹੋਰ ਹੁੰਦੀ ਹੈ ਕਿ ਦਸ ਦੇ ਦਸ ਇਕੱਠੇ ਹੀ ਲਾਲ ਰੀਬਨ ਨੂੰ ਕਰੌਸ ਕਰਦੇ ਹਨ । ਤਾੜੀਆਂ ਨਾਲ਼ ਪੂਰਾ ਸਟੇਡੀਅਮ ਗੂੰਜ ਉੱਠਦਾ ਹੈ । ਸਿੱਖ ਲਈਏ ਕੁਝ  ਇਹਨਾਂ ਤੋਂ ਹੀ । ਖੇਡਾਂ ਆਪਸੀ ਭਾਈਚਾਰਾ ਵਧਾਉਣ ਲਈ ਹੁੰਦੀਆਂ ਹਨ, ਪਰ ਆਹ ਕੀ ਹੋ ਗਿਆ ਅੱਜ ਸਾਨੂੰ ? ਜਦ ਕ੍ਰਿਕਟ ਵਿੱਚ ‘ਭਾਰਤ-ਪਾਕਿ’ ਦਾ ਮੈਚ ਹੁੰਦਾ ਹੈ, ਸਾਰਾ ਮੀਡੀਆ ਉਸ ਨੂੰ ਯੁੱਧ ਦਾ ਮੈਦਾਨ ਬਣਾ ਦਿੰਦਾ ਹੈ । ਅਸੀਂ ਮਰਨ ਮਾਰਨ ਤੇ ਹੀ ਉਤਾਰੂ ਹੋ ਜਾਂਦੇ ਹਾਂ । ਕਿਉਂ ਅਸੀਂ ਐਨੀ ਈਰਖਾ ਵਿੱਚ ਬੱਝੇ ਹਾਂ । ਸਾਡਾ ਹੰਕਾਰ ਹੀ ਸਾਨੂੰ ਮਿਲਣ ਨਹੀਂ ਦਿੰਦਾ । ਅਸੀਂ ਬੱਸ ਇਸੇ ਭਰਮ ਵਿੱਚ ਹਾਂ ਕਿ ਸਾਡੇ ਤੋਂ ਸੁਪੀਰੀਅਰ ਕੋਈ ਵੀ ਨਹੀਂ । ਅਸੀ ਸੋਚਦੇ ਹਾਂ ਕਿ ਪਹਿਲਾਂ ਸਤਯੁੱਗ ਸੀ, ਹੁਣ ਕਲਯੁੱਗ ਹੈ । ਇਹ ਧਰਮ ਕਰਮ ਦੀਆਂ ਗੱਲਾਂ ਸਾਡੇ ਤੋਂ ਨੀ ਹੋਣੀਆਂ ਏਨਾਂ ਕਹਿ ਅਸੀਂ ਪੱਲਾ ਝਾੜ ਦਿੰਦੇ ਹਾਂ । ਸਾਡੇ ਘਰਾਂ ਵਿੱਚ ਸਾਨੂੰ ਇਕ ਦੂਸਰੇ ਤੋਂ ਦੂਰ ਕਰਨ ਵਾਲੀਆਂ ਚੀਜਾਂ ਆ ਗਈਆਂ ਹਨ । ਟੀਵੀ ਸਾਡਾ ਸਾਨੂੰ ਸਿਖਾਉਂਦਾ ਹੈ ਕਿ ਕਿਵੇਂ ਅਸੀਂ ਇੱਕ ਦੂਸਰੇ ਨੂੰ ਨੀਵਾਂ ਦਿਖਾਉਣਾ ਹੈ । ਸਾਡੇ ਮੋਬਾਈਲ ਫੋਨ ਵੀ ਦੂਰੀ ਵਧਾਉਣ ਦਾ ਕੰਮ ਕਰਦੇ ਹਨ । ਨੂੰਹ ਸਵੇਰੇ-ਸਵੇਰੇ ਆਪਣੇ ਪੇਕੇ ਫੋਨ ਖੜਕਾ ਦਿੰਦੀ ਹੈ, ਕਿ ਸਾਰੇ ਸੁੱਤੇ ਪਏ ਹਨ, ਮੈਨੂੰ ਹੀ ਕੰਮ ਕਰਨਾ ਪੈ ਰਿਹਾ ਹੈ, ਕੋਈ ਚਾਹ ਬਣਾ ਕੇ ਦੇਣ ਵਾਲ਼ਾ ਨਹੀਂ । ਮਾਂ ਕਹਿੰਦੀ ਹੈ ਅਗਰ ਤੈਨੂੰ ਕੁਝ ਵੀ ਕਿਹਾ ਤੂੰ ਬੱਸ ਇੱਕ ਫੋਨ ਕਰੀਂ ਅਸੀਂ ਪੁਲਿਸ ਲੈ ਕੇ ਪਹੁੰਚ ਜਾਂਵਾਂਗੇ । ਡੌਰੀ ਕੇਸ ਠੋਕ ਕੇ ਸਿਧੇ ਕਰ ਦੇਵਾਂਗੇ । ਝੂਠੇ ਸੱਚੇ ਕੇਸ ਇਕ ਦੂਸਰੇ ਤੇ ਥੋਪੇ ਜਾਂਦੇ ਹਨ । ਧੀਆਂ ਨੂੰ ਜਲਾਉਣ ਦੀਆਂ ਖਬਰਾਂ ਵੀ ਨਿੱਤ ਪੜ੍ਹਦੇ ਹਾਂ । ਪੁਲਿਸ ਵਲੋਂ ਹੁੰਦੀਆਂ ਨਿਤ ਦੀਆਂ ਵਧੀਕੀਆਂ ਨੂੰ ਚੱਲ ਹੋਊ ਕਹਿ ਕੇ ਕਿਉਂ ਛੱਡ ਦਿੰਦੇ ਹਾਂ । ਕਿਉਂ ਅਸੀ ਇੱਕ ਦੂਸਰੇ ਦੇ ਦੁੱਖ ਨੂੰ ਆਪਣਾ ਦੁੱਖ ਨੀ ਸਮਝਦੇ । ਦੂਸਰੇ ਦੇ ਦੁੱਖ ਤੇ ਕਿਉਂ ਤਮਾਸਾ ਬਣਾਉਦੇ ਹਾਂ ? ਕੀ ਏਹੋ ਸਾਡਾ ਸਮਾਜ ਹੈ ।
ਜਪਾਨ ਵਿੱਚ ਇਕ ਮਾਲ ਬਣ ਰਿਹਾ ਸੀ । ਉਸ ਦੇ ਅੰਦਰ ਲੱਕੜ ਦੀ ਪਾਰਟੀਸ਼ਨ ਬਣਾਈ ਗਈ । ਜਦੋਂ ਤਿੰਨ ਮਹੀਨੇ ਬਾਅਦ ਉਸ ਲੱਕੜ ਦੀ ਪਾਰਟੀਸਨ ਨੂੰ ਖੋਹਲਣ ਲੱਗਦੇ ਹਨ ਤਾਂ ਕੀ ਦੇਖਦੇ ਹਨ ਕਿ ਇਕ ਛਿਪਕਲੀ ਉਸ ਪਾਰਟੀਸਨ ਵਿੱਚ ਫਸੀ ਹੋਈ ਹੈ । ਪਾਰਟਸ਼ਿਨ ਕਰਦੇ ਸਮੇਂ ਉਸ ਛਿਪਕਲੀ ਦੇ ਪੈਰ ਵਿੱਚ ਕਿੱਲ ਠੁਕ ਗਈ ਸੀ । ਸਾਰੇ ਹੈਰਾਨ ਹੁੰਦੇ ਹਨ ਕਿ ਇਹ ਛਿਪਕਲੀ ਤਿੰਨ ਮਹੀਨੇ ਤੱਕ ਕਿਵੇਂ ਬਚੀ ਰਹੀ ? ਉਥੇ ਸੀ.ਸੀ.ਟੀ.ਵੀ. ਕੈਮਰੇ ਵੀ ਲੱਗੇ ਹੁੰਦੇ ਹਨ । ਉਹ ਉਹਨਾਂ ਕੈਮਰਿਆਂ ਦੀ ਜਾਂਚ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਕਿਸ ਤਰ੍ਹਾਂ ਬਚੀ ਰਹੀ । ਕੀ ਦੇਖਦੇ ਹਨ ਕਿ ਇਕ ਛਿਪਕਲੀ ਆਉਂਦੀ ਹੈ ਉਸ ਨੂੰ ਖਾਣਾ ਦੇ ਕੇ ਚਲੀ ਜਾਂਦੀ ਹੈ । ਉਹ ਹਰ ਰੋਜ ਇਸੇ ਤਰ੍ਹਾਂ ਕਰਦੀ ਹੈ । ਲਗਾਤਾਰ ਤਿੰਨ ਮਹੀਨੇ ਤੱਕ ਫਸੀ ਹੋਈ ਛਿਪਕਲੀ ਨੂੰ ਉਸ ਦੀ ਦੋਸਤ ਖਾਣਾ ਦਿੰਦੀ ਰਹੀ । ਯਾਰ ਅਸੀਂ ਛਿਪਕਲੀ ਤੋਂ ਹੀ ਕੁਝ ਸਿਖ ਲਈਏ । ਕਿਉਂ ਖੁਦਗਰਜ ਹੋਏ ਪਏ ਹਾਂ । ਕਿਉਂ ਅਸੀਂ ਆਪਣੇ ਘਰਾਂ ਵਿੱਚ ਵੀ ਇਕ ਦੂਜੇ ਤੋਂ ਐਨੇ ਦੂਰ ਹਾਂ । ਸਾਨੂੰ ਇਹ ਧਰਮ ਕਰਮ ਦੀਆਂ ਗੱਲਾਂ ਰਟਣੀਆਂ ਛੱਡ ਆਪਣੇ ਜੀਵਨ ਤੇ ਪ੍ਰੈਕਟੀਕਲੀ ਲਾਗੂ ਕਰਨੀਆਂ ਪੇਣਗੀਆਂ ਤਾਂ ਹੀ ਤਾਂ ਹੀ ਲੋਕ ਸੁਖੀਏ ਪ੍ਰਲੋਕ ਸੁਹੇਲਾ ਹੋ ਸਕਦਾ ਹੈ ਨਹੀਂ ਤਾਂ ਸੱਭ ਫਜੂਲ ਹੈ ।
ਇੰਜੀ. ਮਨਵਿੰਦਰ ਸਿੰਘ ਗਿਆਸਪੁਰ
9872099100
ਪਿੰਡ: ਗਿਆਸਪੁਰ
ਡਾਕ: ਲੋਹਾਰਾ

ਜਿਲ੍ਹਾ : ਲ਼ੁਧਿਆਣਾ