Sunday, April 09, 2017

ਬਿਨ ਕੁਰਬਾਨੀ ਕੁਰਸੀ ਉੱਤੇ, ਰਾਣੀ ਖਾਂ ਦੇ ਸਾਲੇ ਕਿਓਂ ਨੇ

 Whatsapp: 9th April 2017 at 8:31 AM
ਗ਼ਜ਼ਲ//ਗੁਰਭਜਨ ਗਿੱਲ
ਸੁਰਖ਼ ਗੁਲਾਬਾਂ ਦੇ ਮੌਸਮ ਵਿੱਚ, ਫ਼ੁੱਲਾਂ ਦੇ ਰੰਗ ਕਾਲੇ ਕਿਓਂ  ਨੇ। 
ਵੇਖਣ ਵਾਲੀ ਅੱਖ ਦੇ ਅੰਦਰ, ਏਨੇ ਗੂੜ੍ਹੇ ਜਾਲੇ ਕਿਓਂ ਨੇ। 

ਸੱਤਰ ਸਾਲ ਆਜ਼ਾਦੀ ਜਿਹੜੇ ,ਘਰ ਪਰਿਵਾਰਾਂ ਰਲ ਕੇ ਚੁੰਘੀ, 
ਨੀਤਾਂ ਵਾਲੇ ਖ਼ਾਲਮ ਖ਼ਾਲੀ, ਅੱਜ ਤੀਕਰ ਵੀ ਆਲੇ ਕਿਓਂ ਨੇ। 

ਭੋਗੀ ਯੋਗੀ ਰਲ ਗਏ ਵੇਖੋ, ਹੁਣ ਏਥੇ ਇਕਤਾਰਾ ਬੋਲੂ, 
ਤੇਰੇ ਮੇਰੇ ਸਭ ਦੇ ਮੂੰਹ ਤੇ ਅਣਦਿਸਦੇ ਜਹੇ  ਤਾਲੇ ਕਿਓਂ ਨੇ। 

ਕੱਲ੍ਹ ਜੰਮੇ ਅੱਜ ਗੱਭਰੂ ਹੋ ਗਏ ਦੇਣ ਹਕਾਇਤਾਂ, ਆਪਾਂ ਸੁਣੀਏ,
ਬਿਨ ਕੁਰਬਾਨੀ ਕੁਰਸੀ ਉੱਤੇ, ਰਾਣੀ ਖਾਂ ਦੇ ਸਾਲੇ ਕਿਓਂ ਨੇ। 

ਦਾਤਾ ਤੇਰੇ ਘਰ ਦੇ ਅੰਦਰ ਬਾਈ ਮੰਜੀਆਂ ਡੱਠ ਗਈਆਂ ਨੇ, 
ਧਰਮ ਗੁਆਚਾ ਧੜਿਆਂ ਪਿੱਛੇ ਇਹ ਸਭ ਘਾਲੇ ਮਾਲੇ ਕਿਓਂ  ਨੇ। 

ਰੱਬ ਵੀ ਜੇਕਰ ਇੱਕੋ ਇੱਕ ਹੈ ,ਸੂਰਜ ਵਾਂਗੂੰ ਸਭ ਦਾ ਸਾਂਝਾ,
ਏਸ ਤਰ੍ਹਾਂ ਵਿਸ਼ਵਾਸਾਂ ਦੇ ਵੀ, ਹੁੰਦੇ ਰੋਜ਼ ਉਧਾਲੇ ਕਿਓਂ ਨੇ। 


ਤੂੰ ਸੀ ਸਾਡਾ ਰਾਹ ਰੁਸ਼ਨਾਉਣਾ, ਭੁੱਲੇ ਭਟਕੇ ਰਾਹੇ ਪਾਉਣਾ, 
ਵੰਨ ਸੁਵੰਨੇ ਰਾਹੂ ਕੇਤੂ  ਤੇਰੇ ਆਲੇ ਦੁਆਲੇ ਕਿਓਂ ਨੇ।  

Gurbhajansinghgill@ gmail. Com
Phone: 98726  31199

No comments: