Wednesday, March 20, 2019

ਅਮਰੀਕਾ ਵੱਸਦੇ ਸ਼ਾਇਰ ਰਵਿੰਦਰ ਸਹਿਰਾਅ ਹੋਏ ਸਰੋਤਿਆਂ ਦੇ ਸਨਮੁੱਖ

ਰਵਿੰਦਰ ਸਹਿਰਾਅ ਲੋਕ ਸੰਘਰਸ਼ ਨਾਲ ਜੁੜਿਆ ਹੋਇਆ ਸ਼ਾਇਰ
ਲੁਧਿਆਣਾ : 20 ਮਾਰਚ 2019: (ਪੰਜਾਬ ਸਕਰੀਨ ਬਿਊਰੋ)::
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਅਮਰੀਕਾ ਦੇ ਪੈਨਸਿਲਵੋਨੀਆ ਸੂਬੇ 'ਚ ਵੱਸਦੇ ਪ੍ਰਸਿੱਧ ਸ਼ਾਇਰ ਰਵਿੰਦਰ ਸਹਿਰਾਅ ਦਾ ਰੂ-ਬ-ਰੂ ਪੰਜਾਬੀ ਭਵਨ ਵਿਖੇ ਕਰਵਾਇਆ ਗਿਆ। ਪ੍ਰਧਾਨਗੀ ਭਾਸ਼ਣ ਦਿੰਦਿਆਂ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਸ੍ਰੀ ਰਵਿੰਦਰ ਸਹਿਰਾਅ ਬਾਰੇ ਸੰਖੇਪ ਜਾਣਕਾਰੀ ਦਿੰਦਿਆ ਉਨ੍ਹਾਂ ਰਵਿੰਦਰ ਸਹਿਰਾਅ ਅਤੇ ਹਾਜ਼ਰ ਲੇਖਕਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਿਹਾ। 
ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿੱਤ ਅਕਾਡਮੀ ਦੀ ਹਰ ਸੰਭਵ ਕੋਸ਼ਿਸ਼ ਹੁੰਦੀ ਹੈ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਲੇਖਕਾਂ ਦੀ ਭਾਰਤ ਫੇਰੀ ਮੌਕੇ ਉਨਾਂ ਦੀ ਸਾਹਿਤਕ ਘਾਲਣਾ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ ਜਾਵੇ। ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਵਿਦੇਸ਼ੀ ਵੱਸਦੇ ਸਾਹਿਤਕਾਰਾਂ ਦਾ ਦੋਹਰਾ ਫਰਜ਼ ਬਣਦਾ ਹੈ ਕਿ ਇਕ ਤਾਂ ਉਹ ਵਿਦੇਸ਼ੀ ਧਰਤੀ ਦੀਆਂ ਸਮੱਸਿਆਵਾਂ ਤੇ ਉਥੋਂ ਦੀ ਸਭਿਆਚਾਰਕ ਵੰਨ-ਸੁਵੰਨਤਾ ਨੂੰ ਸਾਡੇ ਇਧਰਲੇ ਪਾਠਕਾਂ ਦੇ ਰੂਬਰੂ ਕਰਵਾਉਣਾ ਅਤੇ ਪੰਜਾਬੀ ਧਰਤੀ ਦੇ ਮਸਲਿਆਂ ਨੂੰ ਤੇ ਸਭਿਆਚਾਰਕ ਰਹਿਤਲ ਨੂੰ ਉਨਾਂ ਲੋਕਾਂ ਨਾਲ ਜਾਣੂੰ ਕਰਵਾਉਣ। ਉਨ੍ਹਾਂ ਕਿਹਾ ਕਿ ਰਵਿੰਦਰ ਸਹਿਰਾਅ ਅਜਿਹਾ ਸ਼ਾਇਰ ਹੈ ਜਿਸ ਨੇ ਆਪਣੀ ਇਸ ਧਰਤੀ ਦੀ ਸਭਿਆਚਾਰਕ ਮਰਿਯਾਦਾ ਨੂੰ ਜਿਥੇ ਵਿਦੇਸ਼ੀ ਧਰਤੀ 'ਤੇ ਜਾਣੂੰ ਕਰਵਾਇਆ ਉਥੇ ਨਾਲ ਹੀ ਆਪਣੀ ਅਗਾਂਵਧੂ ਰਹਿਤਲ ਨੂੰ ਖ਼ੁਦ ਆਪ ਜੀਵਿਆ ਤੇ ਹਾਲੇ ਤੱਕ ਜਿਉ ਰਿਹਾ ਹੈ। ਇਹੀ ਇਸ ਸ਼ਾਇਰ ਦੀ ਖ਼ੂਬਸੂਰਤੀ ਹੈ।
ਸ੍ਰੀ ਰਵਿੰਦਰ ਸਹਿਰਾਅ ਦੀ ਸ਼ਾਇਰੀ ਬਾਰੇ ਅਕਾਡਮੀ ਦੇ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ  ਰਵਿੰਦਰ ਸਹਿਰਾਅ ਲੋਕ ਸੰਘਰਸ਼ ਨਾਲ ਬਦਲਾਉ ਚੇਤਨਾ ਦੀ ਪੱਧਰ ਤੇ ਭਾਵੁਕ ਪੱਧਰ ਤੇ ਜੁੜਿਆ ਹੋਇਆ ਸ਼ਾਇਰ ਹੈ ਜੋ ਹਾਲੇ ਤੱਕ ਵੀ ਲੋਕ ਚੇਤਨਾ ਅਤੇ ਲੋਕ ਸੰਘਰਸ਼ ਬਾਰੇ ਸੁਹਿਰਦ ਹੈ। ਸਮਾਜੀ ਬਦਲਾਉ ਦੀਆਂ ਸਿਮਰਤੀਆਂ ਨੂੰ ਹਾਲੇ ਤੱਕ ਵੀ ਉਸਨੂੰ ਕੁਰੇਦਦੀਆਂ ਹਨ। ਉਸ ਦਾ ਚਿੰਤਨ ਵੇਲਾ ਅਗਰਗਾਮੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ ਤੇ ਉਹ ਆਪਣੀ ਕਵਿਤਾ ਵਿਚ ਮਾਨਵ ਹਮਦਰਦੀ ਭਰੇ ਮਨੁੱਖ ਨਾਲ ਜੁੜਿਆ ਹੋਇਆ ਹੈ। ਉਹ ਸ਼ਬਦਾਂ ਦੀ ਕਾਇਨਾਤ ਵਿਚ ਸ਼ਰੀਕ ਹੋ ਕੇ ਆਪਣੀ ਹਉਮੈ ਤੋਂ ਮੁਕਤੀ ਦਾ ਰਾਹ ਚੁਣਦਾ ਹੈ। ਉਸ ਦੀਆਂ ਹੁਣ ਤੱਕ ਸੱਤ ਪੁਸਤਕਾਂ
ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਡਾ. ਜਗਵਿੰਦਰ ਜੋਧਾ ਨੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਰਵਿੰਦਰ ਸਹਿਰਾਅ ਇਨਕਲਾਬੀ  ਵਿਦਿਆਰਥੀ ਲਹਿਰ ਦਾ ਉਹ ਯੋਧਾ ਹੈ ਜਿਸ ਨੇ ਮੱਧ ਸ਼੍ਰੇਣੀ ਨਾਲ ਸੰਬੰਧਿਤ ਬੰਦੇ ਨਾਲ ਸੰਬੰਧਿਤ ਆਪਣੇ ਅਕੀਦਿਆਂ ਦਾ ਆਪਣੀ ਕਵਿਤਾ ਵਿਚ ਪਾਲਣ ਕੀਤਾ ਹੈ।
ਸ੍ਰੀ ਰਵਿੰਦਰ ਸਹਿਰਾਅ ਦਰਸ਼ਕਾਂ/ਸਰੋਤਿਆਂ ਦੇ ਰੂ-ਬ-ਰੂ ਹੁੰਦਾ ਆਪਣੇ ਕਿਰਤੀ ਪਰਿਵਾਰ ਵਿਚ ਜਨਮ ਲੈਣ ਤੋਂ ਲੈ ਕੇ ਅੱਜ ਤੱਕ ਦੇ ਪੜਾਅ ਤੱਕ ਅਪੜਨ ਬਾਰੇ ਦੱਸਿਆ। ਸ਼੍ਰੀ ਸਹਿਰਾਅ ਨੇ 1971-72 ਵਿਚ ਚੱਲੀ ਮੋਗਾ ਲਹਿਰ ਦੇ ਨਾਇਕਾਂ  ਨੂੰ ਯਾਦ ਕਰਦਿਆਂ ਆਪਣੇ ਸਾਥੀਆਂ ਨੂੰ ਚੇਤੇ ਕੀਤਾ  ਤੇ ਕਿਹਾ ਕਿ ਉਹ ਸਾਰੀ ਜ਼ਿੰਦਗੀ ਜਿਊਣ ਦੇ ਲਾਇਕ ਬਣਾਉਣ ਲਈ ਜੂਝੇ ਅਤੇ ਲਿਖਿਆ ਵੀ ਇਸੇ ਉਦੇਸ਼ ਲਈ ਹੈ। 1971-72 ਵਿਚ 6 ਮਹੀਨੇ ਦੀ ਜੇਲ੍ਹ  ਯਾਤਰਾ ਨੂੰ ਯਾਦ ਕੀਤਾ ਅਤੇ1974 ਵਿਚ ਪੀ.ਐਸ.ਯੂ ਦੇ ਸੂਬਾ ਪ੍ਰਧਾਨ ਬਨਣ ਨੂੰ ਯਾਦ ਕੀਤਾ। ਉਨਾਂ 1987 ਵਿਚ ਆਪਣੇ ਅਮਰੀਕਾ ਪਰਵਾਸ  ਬਾਰੇ ਅਤੇ ਸਾਹਿਤਕ ਸਫ਼ਰ ਬਾਰੇ ਵਿਚਾਰ ਸਾਂਝੇ ਕੀਤੇ। ਆਪਣੀ ਸ਼ਾਇਰੀ ਸੁਣਾਉਂਦਿਆਂ ਉਨ੍ਹਾਂ ਫਲਸਤੀਨੀ  ਕੁੜੀ ਤੇ ਚੱਪਲ ਕਵਿਤਾ ਰਾਹੀਂ ਸਾਰਿਆਂ ਨੂੰ ਭਾਵੁਕ ਕਰ ਦਿੱਤਾ। 
ਹੋਰਨਾਂ ਤੋਂ ਇਲਾਵਾ ਇਸ ਮੌਕੇ ਟੋਰੰਟੋ ਤੋਂ ਆਏ ਕਵੀ ਭੁਪਿੰਦਰ ਦੁਲੇ, ਸ਼੍ਰੀਮਤੀ ਕਮਲਜੀਤ ਨੱਤ, ਉਨ੍ਹਾਂ ਦੇ ਪਤੀ, ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ, ਸਤੀਸ਼ ਗੁਲਾਟੀ,ਕਵਿੱਤਰੀ ਕਮਲਪ੍ਰੀਤ ਕੌਰ ਸੰਘੇੜਾ, ਸ੍ਰੀ ਸੀ. ਮਾਰਕੰਡਾ, ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ, ਡਾ. ਸੰਦੀਪ ਕੌਰ ਸੇਖੋਂ, ਡਾ.ਤੇਜਿੰਦਰ ਮਾਰਕੰਡਾ, ਸੁਰਿੰਦਰ ਮਕਸੂਦਪੁਰੀ,ਪ੍ਰੋ. ਕ੍ਰਿਸ਼ਨ ਸਿੰਘ, ਸੁਮਿਤ ਗੁਲਾਟੀ, ਰਵੀਦੀਪ, ਪ੍ਰੇਮ ਅਵਤਾਰ ਰੈਣਾ, ਅਮਰਜੀਤ ਮੋਹੀ, ਹਰਬੰਸ ਮਾਲਵਾ, ਰਵਿੰਦਰ ਰਵੀ, ਡਾ. ਗੁਲਜ਼ਾਰ ਸਿੰਘ ਪੰਧੇਰ, ਪੀ. ਸੀ. ਛਾਬੜਾ, ਬਲਕੌਰ ਸਿੰਘ ਗਿੱਲ, ਰੈਕਟਰ ਕਥੂਰੀਆ, ਰਣਧੀਰ ਕੰਵਲ ਆਦਿ ਇਸ ਮੌਕੇ ਹਾਜ਼ਰ ਸਨ।

No comments: