Sunday 25th December 2022 at 09:07 AM
ਹੰਸ ਰਾਜ ਹੰਸ ਨੇ ਗਾਇਆ ਸੀ ਇਹ ਦਿਲਟੁੰਬਵਾਂ ਗੀਤ
ਲਗਪਗ ਪੈਂਤੀ ਸਾਲ ਪਹਿਲਾਂ ਮੈਂ ਏਧਰੋਂ ਲੰਘਦਿਆਂ ਇੱਕ ਗੀਤ ਲਿਖਿਆ
ਇਹ ਦੁਨੀਆ ਨਹੀਂ ਕਮਦਿਲਿਆਂ ਦੀ
ਇਹ ਰਣ ਹੈ ਪੌਣ ਸਵਾਰਾਂ ਦਾ।
ਨੀਹਾਂ ਦੇ ਵਿੱਚ ਜੇ ਸਿਰ ਹੋਵਣ
ਮੁੱਲ ਪੈ ਜਾਂਦਾ ਦੀਵਾਰਾਂ ਦਾ।
ਪ੍ਰੋਫੈਸਰ ਗੁਰਭਜਨ ਗਿੱਲ ਅੱਗੇ ਦੱਸਦੇ ਹਨ ਸੰਨ 1992 ਚ ਮੇਰੀ ਕਾਵਿ ਕਿਤਾਬ ਬੋਲ ਮਿੱਟੀ ਦਿਆ ਬਾਵਿਆ ਛਪੀ ਤਾਂ ਮੈਂ ਇਹ ਗੀਤ ਉਸ ਵਿੱਚ ਸ਼ਾਮਿਲ ਕੀਤਾ। ਸੰਨ 1999 ਵਿੱਚ ਖ਼ਾਲਸਾ ਪੰਥ ਦੀ ਸਾਜਨਾ ਵਾਲੇ ਤਿੰਨ ਸੌ ਸਾਲ ਸਮਾਰੋਹਾਂ ਨੂੰ ਸਮਰਪਿਤ ਟੀ ਸੀਰੀਜ਼ ਨੇ ਕੇਸਰ ਸਿੰਘ ਨਰੂਲਾ ਜੀ ਦੇ ਸੰਗੀਤ ਵਿੱਚ ਕੈਸਿਟ ਨਿੱਕੇ ਨਿੱਕੇ ਦੋ ਖ਼ਾਲਸੇ ਤਿਆਰ ਕੀਤੀ ਤਾਂ ਇਸ ਵਿੱਚ ਹੰਸ ਰਾਜ ਹੰਸ ਜੀ ਨੇ ਇਹ ਗੀਤ ਰੀਕਾਰਡ ਕਰ ਦਿੱਤਾ। ਮੇਰੀ ਜੀਵਨ ਪੂੰਜੀ ਹੈ ਇਹ ਗੀਤ। ਸਾਹਿਬਜ਼ਾਦਿਆਂ ਨੂੰ ਸ਼ਰਧਾ ਸੁਮਨ ਭੇਂਟ ਕਰਨ ਦੀ ਨਿੱਕੀ ਜਹੀ ਕੋਸ਼ਿਸ਼।
ਸਾਡੇ ਸੰਪਾਦਕੀ ਡੈਸਕ ਦੀ ਅਰਜੋਈ ਵੀ ਹੈ ਤੁਹਾਨੂੰ ਸਭਨਾਂ ਨੂੰ ਕਿ ਅੱਜ ਦੇ ਦਿਨ ਇਹ ਗੀਤ ਸੁਣਨਾ ਅਤੇ ਪੜ੍ਹਨਾ ਸਾਡੇ ਸਭਨਾਂ ਲਈ ਜ਼ਰੂਰੀ ਹੈ। ਲਓ ਦਿਲ ਵਿੱਚ ਉਤਾਰੋ ਇਸ ਗੀਤ ਵਿਚਲੀ ਭਾਵਨਾ ਅਤੇ ਜਜ਼ਬਾਤ ਨੂੰ ਸ਼ਾਇਦ ਤੁਸੀਂ ਵੀ ਕ੍ਰਿਸਮਿਸ ਦੀਆਂ ਵਧਾਈਆਂ ਦੇ ਇਸ ਫੈਸ਼ਨ ਵਿਚ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਦੇ ਕਾਬਲ ਹੋ ਸਕੋ।
ਲੇਖਕ ਪ੍ਰੋਫੈਸਰ ਗੁਰਭਜਨ ਗਿੱਲ |
ਇਹ ਰਣ ਹੈ ਪੌਣ ਸਵਾਰਾਂ ਦਾ।
ਨੀਂਹਾਂ ਦੇ ਵਿੱਚ ਜੇ ਸਿਰ ਹੋਵਣ,
ਮੁੱਲ ਪੈ ਜਾਂਦਾ ਦੀਵਾਰਾਂ ਦਾ।
ਜੋ ਸੂਲੀ ਚੜ੍ਹ ਮੁਸਕਾਉਂਦੇ ਨੇ।
ਉਹ ਜਾਬਰ ਨੂੰ ਅਜਮਾਉਂਦੇ ਨੇ।
ਇਤਿਹਾਸ ਗਵਾਹ ਬਹਿ ਤਵੀਆਂ ਤੇ,
ਉਹ ਜਾਬਰ ਨੂੰ ਅਜ਼ਮਾਉਂਦੇ ਨੇ।
ਅਣਖ਼ਾਂ ਤੇ ਇੱਜ਼ਤਾਂ ਵਾਲਿਆਂ ਨੂੰ,
ਨਹੀਂ ਡਰ ਸ਼ਾਹੀ ਦਰਬਾਰਾਂ ਦਾ।
ਇਹ ਦੁਨੀਆਂ…….
ਜੋ ਦੀਨ ਦੁਖੀ ਕੇ ਹੇਤ ਲੜੇ।
ਉਸ ਦੀ ਹੀ ਬੇੜੀ ਤੋੜ ਚੜ੍ਹੇ।
ਜੋ ਰੋਕ ਪਿਆਂ ਤੇ ਰੁਕ ਜਾਵਣ,
ਬੁੱਸ ਜਾਂਦੇ ਪਾਣੀ ਖੜ੍ਹੇ ਖੜ੍ਹੇ।
ਤਪਦੇ ਥਲ ਵਿੱਚ ਦੀ ਪੈਂਡਾ ਕਰ,
ਜੇ ਚਾਹੁੰਦੈਂ ਸਾਥ ਬਹਾਰਾਂ ਦਾ।
ਇਹ ਦੁਨੀਆਂ…..
ਇਹ ਤਾਂ ਸਿਰਲੱਥਾਂ ਦੀ ਬਸਤੀ ਹੈ।
ਏਥੇ ਜ਼ਿੰਦਗੀ ਮੌਤੇਂ ਸਸਤੀ ਹੈ।
ਮਿੱਟੀ ਵਿੱਚ ਆਪਣਾ ਖ਼ੂਨ ਚੁਆ,
ਤਦ ਮਿਲਣੀ ਉੱਚੀ ਹਸਤੀ ਹੈ।
ਇਹ ਜੋ ਰੰਗਾਂ ਦਾ ਦਰਿਆ ਜਾਪੇ,
ਸਭ ਖ਼ੂਨ ਵਹੇ ਮੇਰੇ ਯਾਰਾਂ ਦਾ।
ਇਹ ਦੁਨੀਆਂ…..,.
ਪਈ ਰਾਤ ਹਨ੍ਹੇਰ ਚੁਫ਼ੇਰਾ ਹੈ।
ਧੂੰਏਂ ਦਾ ਘਿਰਿਆ ਘੇਰਾ ਹੈ।
ਅਸੀਂ ਬਾਤਾਂ ਸੁਣ ਸੁਣ ਅੱਕ ਗਏ ਆਂ,
ਹਾਲੇ ਕਿੰਨੀ ਕੁ ਦੂਰ ਸਵੇਰਾ ਹੈ।
ਸੂਰਜ ਦੀ ਸੁਰਖ਼ ਸਵੇਰ ਬਿਨਾ,
ਮੂੰਹ ਦਿਸਣਾ ਨਹੀਂ ਦਿਲਦਾਰਾਂ ਦਾ।
ਇਹ ਦੁਨੀਆਂ …….
🌘
ਨਮਨ ਹੈ ਸੂਰਮਿਆਂ ਨੂੰ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment