Showing posts with label Jathedar. Show all posts
Showing posts with label Jathedar. Show all posts

Monday, July 18, 2022

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਪੰਥ ਨਾਲ ਟਕਰਾਅ ਵਾਲਾ ਰਵਈਆ-ਪੰਜੋਲੀ

ਦਿੱਲੀ ਕਮੇਟੀ ਦੇ ਪ੍ਰਬੰਧਕ ਸੌੜੀ ਸੋਚ ਵਿਚ ਆ ਕੇ SGPC ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਵਿੱਚ 

ਨਵੀਂ ਦਿੱਲੀ: 18 ਜੁਲਾਈ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖਕੇ ਮੌਜੂਦਾ ਸਮੇਂ ਵਿਚ ਬਦਲ ਰਹੇ ਸਮੀਕਰਨਾਂ ’ਤੇ ਚਿੰਤਾ ਜਿਤਾਉਂਦਿਆਂ ਲਿਖਿਆ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਖਾਲਸਾ ਪੰਥ ਦੀਆਂ ਧਾਰਮਕ ਸੰਸਥਾਵਾਂ ਹਨ, ਜੋ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਤੋਂ ਇਲਾਵਾ ਗੁਰਮਤਿ ਦੇ ਪ੍ਰਚਾਰ ਪਸਾਰ ’ਚ ਜੁੱਟੀਆਂ ਹਨ ਅਤੇ ਵੇਖਣ ਵਿਚ ਆਇਆ ਹੈ ਕਿ ਬਦਲੇ ਰਹੇ ਸਮੀਕਰਨਾਂ ਕਾਰਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ  ਕਮੇਟੀ ਆਪਣੇ ਆਸ਼ੇ ਤੋਂ ਭਟਕ ਗਈ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਖੇਤਰ ਵਿਸ਼ਵ ਵਿਆਪੀ ਅਤੇ ਪ੍ਰਚਾਰ ਪਸਾਰ ਲਈ ਕੀਤੇ ਜਾ ਰਹੇ ਵੱਡਮੁੱਲੇ ਕਾਰਜਾਂ ਵਿਚ ਸੰਸਥਾ ਕਾਰਜਸ਼ੀਲ ਹੈ ਅਤੇ ਦੂਜੇ ਪਾਸੇ  ਦਿੱਲੀ ਕਮੇਟੀ ਨੇ ਆਪਣੇ ਆਪ ਨੂੰ ਪੰਥ ਦੀ ਮੁੱਖਧਾਰਾ ਨਾਲੋਂ ਵੱਖ ਕਰਦਿਆਂ ਆਪਣਾ ਆਪ ਇਕ ਨਵੀਂ ਬਣੀ ਸਿਆਸੀ ਪਾਰਟੀ ਨਾਲ ਜੋੜ ਲਿਆ ਹੈ ਅਤੇ ਹਾਲਾਤ ਦੱਸ ਰਹੇ ਹਨ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ’ਚ ‘ਕੁਝ ਵੀ ਅੱਛਾਂ’ ਨਹੀਂ ਹੈ।

ਜਥੇਦਾਰ ਪੰਜੋਲੀ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧਕ ਸੌੜੀ ਸੋਚ ਵਿਚ ਆ ਕੇ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੀਵਾਂ ਵਿਖਾਉਣ ਵਿਚ ਲੱਗੇ ਹੋਏ ਹਨ ਅਤੇ ਇਕ ਸਿਆਸੀ ਪਾਰਟੀ ਵੀ ਕਮੇਟੀ ਦੀ ਪੁਸ਼ਤਪਨਾਹੀ ਕਰ ਰਹੀ ਹੈ, ਜੋ ਸਿੱਖ ਵਿਰੋਧੀ ਜਾਣੀ ਜਾਂਦੀ ਹੈ, ਜਿਸ ਕਾਰਨ ਸੰਸਥਾ ਦਾ ਵੱਕਾਰ ਪੰਥ ਵਿਚ ਨੀਵਾਂ ਹੋਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਆਰਥਿਕ ਪੱਖੋਂ ਸੰਕਟ ਵਿਚ ਹੈ ਅਤੇ ਕਮੇਟੀ ਦੇ ਪ੍ਰਬੰਧ ਹੇਠ ਵਿੱਦਿਅਕ ਅਦਾਰਿਆਂ ਵੀ ਕਮਜ਼ੋਰੀ ਸਥਿਤੀ ਵਿਚ ਹੋਣ ਕਾਰਨ ਅਧਿਆਪਕ ਵੀ ਤਨਖਾਹ ਤੋਂ ਵਾਂਝੇ ਨਜ਼ਰ ਆ ਰਹੇ ਹਨ। ਜਥੇਦਾਰ ਪੰਜੋਲੀ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਪੰਥ ਨਾਲ ਟਕਰਾਅ ਵਾਲਾ ਰਾਹ ਅਪਣਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੜੇ ਨਾਲ ਪਹਿਲਾ ਸਿੱਖ ਰਾਜ ਸਥਾਪਿਤ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਮਹਿਰੋਲੀ ਵਿਚ ਇਕ ਪਾਰਕ ਸਥਾਪਿਤ ਕੀਤਾ ਗਿਆ, ਜਿਸ ਦਾ ਨਾਮ ਬੰਦਾ ਬੈਰਾਗੀ ਪਾਰਕ ਰੱਖਿਆ ਗਿਆ ਹੈ ਅਤੇ ਐਮ ਸੀ ਡੀ ਤੇ ਮੈਂਬਰ ਪਾਰਲੀਮੈਂਟ ਬੀਬੀ ਮਿਨਾਕਸ਼ੀ ਲੇਖੀ ਦੀ ਹਾਜ਼ਰੀ ਵਿਚ ਇਸ ਪਾਰਕ ਦੇ ਉਦਘਾਟਨ ਸਮੇਂ ਦਿੱਲੀ ਕਮੇਟੀ ਦੇ ਕਿਸੇ ਵੀ ਮੈਂਬਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਦੀ ਬਜਾਏ ਬੰਦਾ ਬੈਰਾਗੀ ਨਾਮ ’ਤੇ ਇਤਰਾਜ ਤੱਕ ਕਰਨ ਦੀ ਲੋੜ ਨਹੀਂ ਸਮਝੀ।

ਜਥੇਦਾਰ ਪੰਜੋਲੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਖਾਲਸਾ ਪੰਥ ਦੀ ਪ੍ਰਤੀਨਿਧਤਾ ਕਰਨ ਵਾਲੀ ਸਿਰਮੌਰ ਸੰਸਥਾ ਹੈ ਅਤੇ ਦਿੱਲੀ ਕਮੇਟੀ ਨੂੰ ਇਹ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਖੇਤਰ ਵਿਸ਼ਵ ਵਿਆਪੀ ਹੈ। ਉਹ ਕਿਸੇ ਵੀ ਦੇਸ਼ ਵਿਚ ਆਪਣਾ ਕਾਰਜ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਨਾਲ ਕਿਸੇ ਵੀ ਟਕਰਾਅ ਵਿਚ ਪੈਣ ਤੋਂ ਗੁਰੇਜ਼ ਕਰਨਾ ਚਾਹੀਦਾ। ਜਥੇਦਾਰ ਪੰਜੋਲੀ ਨੇ ਸਿੰਘ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ ਕਿ ਹਮੇਸ਼ਾ ਹੀ ਖਾਲਸਾ ਪੰਥ ਵਿਚ ਏਕਤਾ ਅਤੇ ਇਤਫਾਕ ਦੇ ਹਾਮੀ ਰਹੇ ਹਾਂ ਤੇ ਦੁਨੀਆ ਭਰ ਵਿਚ ਵੱਸਦੇ ਹਰ ਸਿੱਖ ਨੂੰ ਗਲਵੱਕੜੀ ਵਿਚ ਲੈਣ ਲਈ ਤਤਪਰ ਹਾਂ ਦੂਜੇ ਪਾਸੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਪਣੇ ਅਧਿਕਾਰ ਖੇਤਰ ਦੇ ਇਲਾਕੇ ਵਿਚ ਸਿੱਖਾਂ ਨਾਲ ਰਾਜਨੀਤਕ ਤੌਰ ’ਤੇ ਹੋ ਰਹੀਆਂ ਧੱਕੇਸ਼ਹੀਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਵੀ ਤਿਆਰ ਨਹੀਂ ਹੈ ਅਤੇ ਅਜਿਹੇ ਮਸਲੇ ਪ੍ਰਤੀ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ।

Monday, August 24, 2020

ਇਹ ਬਹੁਤ ਵੱਡੀ ਬੇਈਮਾਨੀ ਤੇ ਅਣਗਹਿਲੀ ਹੈ-ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ

Monday 24th August 2020 at 2:14 PM
 ਗੁਰੂ ਗ੍ਰੰਥ ਸਾਹਿਬ ਜੀ ਦੇ 267 ਨਹੀਂ ਸਗੋਂ 328 ਪਾਵਨ ਸਰੂਪ ਘੱਟ ਸਨ 
ਅੰਮ੍ਰਿਤਸਰ: 24 ਅਗਸਤ 2020(ਪੰਜਾਬ ਸਕਰੀਨ ਬਿਊਰੋ): 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਈ ਸਿੱਖ ਸੰਸਾਰ ਦੀਆਂ ਆਸਥਾਵਾਂ ਰੱਬ ਵਾਂਗ ਹਨ। ਉਹਨਾਂ ਦੀ ਬੇਅਦਬੀ ਸਬੰਧੀ ਮਾੜੀ ਮੋਟੀ ਭੁੱਲ ਚੁੱਕ ਵੀ ਉਹਨਾਂ ਨੂੰ ਗੁੱਸੇ ਵਿੱਚ ਲੈ ਆਉਂਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਜਾਰੀ ਜਾਂਚ ਰਿਪੋਰਟ ਵਿੱਚ ਦਿਲ ਹਿਲਾ ਦੇਣ ਵਾਲੇ ਸਨਸਨੀਖੇਜ਼ ਖੁਲਾਸੇ ਹੋਏ ਹਨ।ਅੱਜ ਮਿਤੀ 24 ਅਗਸਤ 2020 ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਨਹੀਂ ਸਗੋਂ 328 ਪਾਵਨ ਸਰੂਪ ਘੱਟ ਸਨ। 
ਉਹਨਾਂ ਦੱਸਿਆ ਕਿ ਪਹਿਲੇ ਨੁਕਤੇ ਵਿੱਚ ਹੀ ਉਹਨਾਂ ਸਪਸ਼ਟ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਰਵਾਈ ਗਈ ਪੜਤਾਲ ਅਨੁਸਾਰ ਜਿਸਦੀ ਨਤੀਜਾ ਰਿਪੋਰਟ 10 ਪੇਜ ਅਤੇ ਮੁਕੰਮਲ ਰਿਪੋਰਟ 1000 ਪੇਜ ਹਨ ਵਿੱਚ ਦੱਸਿਆ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਟੋਰ ਲੈਜਰ ਵਿਚ ਠੀਕ ਢੰਗ ਨਾਲ ਮੇਨਟੇਨ ਨਹੀ ਕੀਤੇ ਗਏ। ਓਪਨ ਅਤੇ ਕਲੋਜ਼ਿੰਗ ਲੈਜਰ ਵਿਚ ਵਾਰ-ਵਾਰ ਕਟਿੰਗ ਅਤੇ ਛੇੜ-ਛਾੜ ਕੀਤੀ ਸਾਬਤ ਹੋਈ ਹੈ। ਸਾਲ 2013-14 ਅਤੇ 2014-15 ਦੀਆਂ ਲੈਜਰਾਂ ਨੂੰ ਚੈਕ ਕਰਨ ਤੇ ਪਾਇਆ ਗਿਆ ਕਿ ਪ੍ਰੈਸ ਦੇ ਪਬਲੀਕੇਸ਼ਨ ਵਿਭਾਗ ਦੀਆਂ ਲੈਜਰਾਂ ਵਿਚ 18-08-2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਨਹੀਂ ਸਗੋਂ 328 ਪਾਵਨ ਸਰੂਪ ਘੱਟ ਸਨ। 
ਇਸ ਤੋਂ ਇਲਾਵਾ ਕੁਝ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਪਬਲੀਕੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਵੇਸਟਿੰਗ ਅੰਗਾਂ ਲਈ ਦਿੱਤੇ ਵਾਧੂ ਅੰਗਾਂ ਤੋਂ ਅਣ-ਅਧਿਕਾਰਤ ਤਰੀਕੇ ਨਾਲ ਪਾਵਨ ਸਰੂਪ ਤਿਆਰ ਕਰਵਾ ਕੇ ਬਿਨ੍ਹਾਂ ਬਿੱਲ ਕੱਟਿਆਂ ਸੰਗਤਾਂ ਨੂੰ ਦਿੱਤੇ ਗਏ। ਇੱਕ ਵਾਰ 61 ਅਤੇ ਇੱਕ ਵਾਰ 125 ਪਾਵਨ ਸਰੂਪ ਅਣ-ਅਧਿਕਾਰਤ ਤੌਰ ਤੇ ਵਧੇਰੇ ਅੰਗਾਂ ਤੋਂ ਪਾਵਨ ਸਰੂਪ ਤਿਆਰ ਕਰਵਾਏ ਗਏ। 
ਮਿਤੀ 18-08-2015 ਤੋਂ 31-05-2020 ਤੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਚੈਕਿੰਗ ਅਨੁਸਾਰ ਮੌਜੂਦਾ ਸਮੇਂ ਵਿਚ ਸਟੋਕ ਲੈਜਰ ਵਿਚੋਂ 267 ਸਰੂਪ ਘੱਟ ਹਨ। ਇਸ ਸਮੇਂ ਦੌਰਾਨ ਬਿੱਲਾਂ ਤੇ ਡੂਚਾਂ ਵਿਚ ਵੀ ਕਾਫੀ ਅੰਤਰ ਹੈ।ਲੈਜਰਾਂ ਨਾਲ ਛੇੜ-ਛਾੜ ਅਤੇ 2016 ਤੋਂ ਹੁਣ ਤੀਕ ਆਡਿਟ ਵੀ ਨਹੀਂ ਕਰਵਾਇਆ ਗਿਆ। ਇਹ ਬਹੁਤ ਵੱਡੀ ਬੇਈਮਾਨੀ ਤੇ ਅਣਗਹਿਲੀ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਇਸ ਰਿਪੋਰਟ ਨੂੰ ਵਿਚਾਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਇੱਕ ਹਫਤੇ ਦੇ ਅੰਦਰ-ਅੰਦਰ ਸ਼ਾਰਟ ਨੋਟਿਸ ਤੇ ਅੰਤਿ੍ਰੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਰਿਪੋਰਟ ਵਿਚ ਦੋਸ਼ੀ ਪਾਏ ਗਏ ਕਰਮਚਾਰੀਆਂ/ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਤਰਾਂ ਦੂਜੇ ਨੁਕਤੇ ਵਿੱਚ ਮਿਤੀ 19-05-2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ’ਤੇ 2016 ਦੀ ਸਮੁੱਚੀ ਅੰਤ੍ਰਿੰਗ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਅਤੇ ਉਸ ਵੇਲੇ ਦੇ ਚੀਫ ਸਕੱਤਰ ਨੇ ਕੋਈ ਪਸ਼ਚਾਤਾਪ ਨਹੀਂ ਕੀਤਾ। ਇਸ ਲਈ ਸਮੁੱਚੀ ਅੰਤ੍ਰਿੰਗ ਕਮੇਟੀ ਅਤੇ ਚੀਫ ਸਕੱਤਰ ਨੂੰ ਸਵੇਰੇ 10 ਵਜੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪ ਹਾਜਰ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ।
ਤੀਜੇ ਨੁਕਤੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਬੋਲੇ ਕਥਨਾਂ ਦੇ ਸਬੰਧ ਵਿਚ ਪੜਤਾਲ ਲਈ ਬਣਾਈ ਵਿਦਵਾਨਾਂ ਦੀ ਸਬ-ਕਮੇਟੀ ਦੀ ਪੁੱਜੀ ਰਿਪੋਰਟ ਅਨੁਸਾਰ ਇਸ ਨੇ ਗੁਰਮਤਿ ਪ੍ਰਤੀ ਕੁਝ ਗਲਤ ਬਿਆਨੀਆਂ ਕੀਤੀਆਂ ਹਨ ਅਤੇ ਇਹ ਇਨ੍ਹਾਂ ਕਥਨਾਂ ਸਬੰਧੀ ਸਪੱਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੋਇਆ ਹੈ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਗੁਰੂ ਗ੍ਰੰਥ-ਗੁਰੂ ਪੰਥ ਨੂੰ ਸਮਰਪਿਤ ਤੇ ਪ੍ਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਚਿਰ ਇਹ ਆਪਣੀ ਗਲਤ ਬਿਆਨੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦਾ ਉਨ੍ਹਾਂ ਚਿਰ ਤੀਕ ਇਸ ਦੇ ਸਮਾਗਮ ਨਾ ਕਰਵਾਏ ਜਾਣ (ਜੇਕਰ ਕੋਈ ਸਮਾਗਮ ਕਰਵਾਉਂਦਾ ਹੈ ਤਾਂ ਉਹ ਅਣਸੁਖਾਵੀਂ ਘਟਨਾ ਲਈ ਖੁਦ ਜਿੰਮੇਵਾਰ ਹੋਵੇਗਾ), ਨਾ ਇਸ ਨੂੰ ਸੁਣਿਆ ਜਾਵੇ ਅਤੇ ਨਾ ਹੀ ਇਸ ਦੀਆਂ ਵੀਡੀਓ ਆਦਿ ਅੱਗੇ ਸ਼ੇਅਰ ਕੀਤੀਆਂ ਜਾਣ। ਜੇਕਰ ਅੱਜੇ ਵੀ ਇਹ ਬਾਜ ਨਾ ਆਇਆਂ ਤਾਂ ਇਸ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਚੌਥੇ ਨੁਕਤੇ ਵਿੱਚ ਭਾਈ ਹਰਿੰਦਰ ਸਿੰਘ ਨਿਰਵੈਰ ਖਾਲਸਾ ਜਥਾ ਯੂ.ਕੇ ਦੇ ਖਿਲਾਫ ਪਿਛਲੇ ਸਮੇਂ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਸਬੰਧ ਵਿਚ ਸ਼ਿਕਾਇਤਾਂ ਪੁੱਜੀਆਂ ਸਨ। ਜਿਸ ਦੀ ਇਸ ਨੂੰ ਪੱਤ੍ਰਿਕਾ ਨੰਬਰ ਅ:ਤ/19/370 ਮਿਤੀ 06-01-2020 ਰਾਹੀਂ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਸਪੱਸ਼ਟੀਕਰਨ ਮੰਗਿਆ ਸੀ, ਜੋ ਇਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਹੀਂ ਭੇਜਿਆ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਗੁਰੂ ਗ੍ਰੰਥ-ਗੁਰੂ ਪੰਥ ਨੂੰ ਸਮਰਪਿਤ ਤੇ ਪ੍ਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਤੇ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਚਿਰ ਇਹ ਆਪਣੀ ਗਲਤ ਬਿਆਨੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦਾ ਉਨ੍ਹਾਂ ਚਿਰ ਤੀਕ ਇਸ ਦੇ ਸਮਾਗਮ ਨਾ ਕਰਵਾਏ ਜਾਣ।
ਪੰਜਵੇਂ ਨੁਕਤੇ ਵਿੱਚ ਦੱਸਿਆ ਗਿਆ ਕਿ ਸੰਗਤਾਂ ਵੱਲੋਂ ਸ਼ਿਕਾਇਤਾਂ ਪੁੱਜੀਆਂ ਹਨ ਕਿ ਰਿਪੁਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਨੇ ਸਰੀ, ਬੀ.ਸੀ (ਕਨੇਡਾ) ਆਪਣੀ ਨਿੱਜੀ ਸੰਸਥਾ ਸਤਿਨਾਮ ਰਿਲੀਜਸ ਸੁਸਾਇਟੀ ਬਣਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਤੀ 09-05-1998 ਨੂੰ ਹੋਏ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ। ਜਿਸ ਵਿਚ ਸਪੱਸ਼ਟ ਲਿਖਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਹੋਰ ਕੋਈ ਨਹੀਂ ਕਰ ਸਕਦਾ। ਇਨ੍ਹਾਂ ਨੇ ਬਿਨ੍ਹਾਂ ਆਗਿਆ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਕੀਤੀ ਹੈ। ਜਿਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਕਨੇਡਾ ਨਿਵਾਸੀ ਰਿਪੁਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਸ ਸਬੰਧੀ ਆਪਣਾ ਸਪੱਸ਼ਟੀਕਰਨ ਇੱਕ ਮਹੀਨੇ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ।ਇਸ ਤੋਂ ਇਲਾਵਾ ਇਹ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਇਨ੍ਹਾਂ ਵੱਲੋਂ ਹੁਣ ਤੀਕ ਤਿਆਰ ਕੀਤੇ ਗਏ ਪਾਵਨ ਸਰੂਪ ਸਮੇਤ ਛਾਪਾਖਾਨਾ ਮਸ਼ੀਨਰੀ ਸਿੱਖ ਸੰਗਤਾਂ ਦੀ ਭਾਵਨਾਵਾਂ ਅਨੁਸਾਰ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਡੈਲਟਾ-ਸਰੀ, ਬੀ.ਸੀ ਕਨੇਡਾ ਵਿਖੇ ਮੁਹਤਬਾਰ ਸਿੱਖਾਂ ਦੀ ਹਾਜਰੀ ਵਿਚ ਸੁਭਾਇਮਾਨ ਕੀਤੇ ਜਾਣ ਅਤੇ ਗੁਰਦੁਆਰਾ ਸਾਹਿਬ ਦੇ ਪ੍ਰ੍ਰਬੰਧਕਾਂ ਨੂੰ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਇਨ੍ਹਾਂ ਵੱਲੋਂ ਤਿਆਰ ਕੀਤੇ ਗਏ ਪਾਵਨ ਸਰੂਪਾਂ ਦੀ ਸੂਝਵਾਨ ਗ੍ਰੰਥੀ ਸਿੰਘਾਂ ਪਾਸੋਂ ਦਰਸ਼ਨ ਵਿਚਾਰ ਕਰਕੇ ਅੱਖਰਾਂ, ਤਤਕਰੇ ਤੋਂ ਰਾਗ ਮਾਲਾ ਤੀਕ ਦੀ ਵਾਧ-ਘਾਟ ਹੋਣ ਜਾਂ ਨਾ ਹੋਣ ਬਾਰੇ ਮਿਲਾਨ ਕਰਵਾ ਕੇ ਰਿਪੋਰਟ ਛੇ ਮਹੀਨੇ ਦੇ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ।
ਛੇਵੇਂ ਨੁਕਤੇ ਮੁਤਾਬਿਕ ਪਿਛਲੇ ਦਿਨੀਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਪਾਸੋਂ ੳ-ਫਾਰਮ ਸਬੰਧੀ ਅੰਮ੍ਰਿਤ ਛਕੇ ਜਾਂ ਨਾ ਛਕੇ ਹੋਣ ਬਾਰੇ ਜਾਣਕਾਰੀ ਮੰਗੀ ਗਈ ਸੀ। ਬਾਰ-ਬਾਰ ਪਤ੍ਰਿਕਾਵਾਂ ਭੇਜਣ ਤੇ ਵੀ ਇਨ੍ਹਾਂ ਵੱਲੋਂ ਜਾਣਕਾਰੀ ਨਹੀਂ ਭੇਜੀ ਗਈ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਪ੍ਰਧਾਨ ਅਤੇ ਅਹੁਦੇਦਾਰ ਸਬੰਧਤ ਜਾਣਕਾਰੀ ਲੈ ਕੇ ਖੁਦ ਮਿਤੀ 18-09-2020 ਦਿਨ ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰੇ 10 ਵਜੇ ਹਾਜਰ ਹੋਣ।
ਸੱਤਵੇਂ ਨੁਕਤੇ ਵਿੱਚ ਆਰਤੀ ਸਾਹਿਬ ਗੁਰਦੁਆਰੇ ਦੀ ਚਰਚਾ ਹੈ। ਬਾਬਾ ਸ਼ਮਸ਼ੇਰ ਸਿੰਘ ਨੇ ਜਗਨਨਾਥਪੁਰੀ ੳੜੀਸਾ ਵਿਖੇ ਗੁਰਦੁਆਰਾ ਸਾਹਿਬ ਬਣਾਇਆ, ਜਿਸ ਦਾ ਨਾਮ ਆਰਤੀ ਸਾਹਿਬ ਰੱਖਿਆ। ਜਦ ਕਿ ਇਹ ਉਹ ਅਸਥਾਨ ਨਹੀਂ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਰਤੀ ਉਚਾਰੀ ਸੀ। ਪਹਿਲਾਂ ਵੀ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਜੁਬਾਨੀ ਆਦੇਸ਼ ਕੀਤਾ ਗਿਆ ਸੀ ਕਿ ਇਸ ਗੁਰਦੁਆਰਾ ਸਾਹਿਬ ਦਾ ਨਾਮ ਤਬਦੀਲ ਕੀਤਾ ਜਾਵੇ। ਪਰੰਤੂ ਇਸ ਨੇ ਕੋਈ ਅਮਲ ਨਹੀਂ ਕੀਤਾ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਬਾਬਾ ਸ਼ਮਸ਼ੇਰ ਸਿੰਘ ਇੱਕ ਮਹੀਨੇ ਦੇ ਅੰਦਰ-ਅੰਦਰ ਗੁਰਦੁਆਰਾ ਸਾਹਿਬ ਦਾ ਨਾਮ ਤਬਦੀਲ ਕਰਕੇ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇ ਨਹੀਂ ਤਾਂ ਅਗਲੀ ਇਕੱਤਰਤਾ ਵਿਚ ਗੁਰਮਤਿ ਅਨੁਸਾਰ ਬਾਬਾ ਸ਼ਮਸ਼ੇਰ ਸਿੰਘ ਪੁਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਅੱਠਵੇਂ ਨੁਕਤੇ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਮੁਆਫੀ ਨਹੀ ਹੈ। ਇਸ ਲਈ ਸੰਗਤਾਂ ਇਸ ਨਾਲ ਮਿਲਵਰਤਣ ਨਾ ਰੱਖਣ।
ਨੌਵੇਂ ਨੁਕਤੇ ਵਿੱਚ ਸਾਬਕਾ ਜਥੇਦਾਰ ਗਿ: ਇਕਬਾਲ ਸਿੰਘ ਨੇ ਅੱਯੁਧਿਆ ਵਿਖੇ ਸਮਾਗਮ ਵਿਚ ਚੱਲ ਰਹੇ ਦਿੱਤੇ ਬਿਆਨ ਨਾਲ ਅਸਹਿਮਤੀ ਜਿਤਾਉਂਦਿਆ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਸੀ, ਹੈ ਅਤੇ ਰਹੇਗੀ। ਇਸ ਲਈ ਸਿੱਖਾਂ ਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। 
ਦੱਸਵੇਂ ਅਤੇ ਆਖ਼ਿਰੀ ਨੁਕਤੇ ਵਿੱਚ ਪਿਛਲੇ ਦਿਨੀਂ ਗੁਰਦੁਆਰਾ ਸਾਹਿਬਾਨਾਂ ਵਿਚ ਅਰਦਾਸ ਕਰਨ ਵਾਲੇ ਕੁਝ ਸਿੱਖ ਨੌਜਵਾਨਾਂ ਨੂੰ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਉਚਿੱਤ ਨਹੀਂ ਹੈ ਕਿਉਂਕਿ ਅਰਦਾਸ ਕਰਨਾ ਸਿੱਖ ਦਾ ਧਾਰਮਿਕ ਫਰਜ ਹੈ। ਸਿੱਖ ਹਮੇਸ਼ਾਂ ਹੀ ਅਰਦਾਸ ਰਾਹੀਂ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਦ੍ਰਿੜ ਕਰਦਾ ਹੈ। ਇਸ ਲਈ ਅਰਦਾਸ ਕਰਨਾ ਕੋਈ ਜੁਰਮ ਨਹੀਂ। ਪੈਸੇ ਦੇ ਲਾਲਚ ਵਿਚ ਕੀਤੀ ਜਾਂ ਕਰਵਾਈ ਅਰਦਾਸ ਸਿੱਖ ਧਰਮ ਦਾ ਅੰਗ ਨਹੀਂ ਹੈ। ਸਿੱਖ ਨੌਜਵਾਨ ਉਕਸਾਊ ਬਿਆਨਾਂ ਤੋਂ ਸੁਚੇਤ ਰਹਿਣ।

Monday, January 15, 2018

ਕਾਵਿ ਰਚਨਾ//ਚਾਨਣ ਗਿਆਨ ਮਸ਼ਾਲ//ਜੱਥੇਦਾਰ ਜੋਗਿੰਦਰ ਸਿੰਘ "ਮੁਕਤਾ"

.......ਕੁਝ ਤੇ ਵਿਥਾਂ ਯਾਰ ਘਟਾਉ
ਜਲੰਧਰ : 15 ਜਨਵਰੀ 2018 : (ਰਾਜਪਾਲ ਕੌਰ//ਪੰਜਾਬ ਸਕਰੀਨ ):: 
ਸਾਹਿਤ ਹਮੇਸ਼ਾਂ ਹੀ ਸਮਾਜ ਦੇ ਅਸਲੀ ਰੂਪ ਸਰੂਪ ਨੂੰ ਬੜੇ ਹੀ ਕਲਾਤਮਕ ਢੰਗ ਨਾਲ ਸੰਭਾਲਦਾ ਹੈ। ਕਾਲਪਨਿਕ ਨਾਵਣਾ ਅਤੇ ਥਾਵਾਂ ਦਾ ਸਹਾਰਾ ਲੈ ਕੇ ਰਚੀ ਜਾਂਦਾ ਸਾਹਿਤ ਅਸਲ ਵਿੱਚ ਦਸਤਾਵੇਜ਼ੀ ਤੋਂ ਘੱਟ ਵੀ ਨਹੀਂ ਹੁੰਦਾ। ਕਲਮ ਦੀਆਂ ਮਜਬੂਰੀਆਂ ਦੇ ਵਿੱਚ ਵਿੱਚ ਰਹਿ ਕੇ ਸਾਹਿਤ ਬਹੁਤ ਕੁਝ ਅਜਿਹਾ ਦਿਖਾਉਂਦਾ ਹੈ ਜਿਹੜਾ ਸੱਚਮੁੱਚ ਵਾਪਰਿਆ ਹੁੰਦਾ ਹੈ। ਇਸਦੀ ਕਲਪਨਾ ਦੀ ਉਡਾਰੀ ਵੀ ਕਈ ਵਾਰ ਆਉਣ ਵਾਲੇ ਭਵਿੱਖ ਦੀ ਤਸਵੀਰ ਦਿਖਾਉਂਦੀ ਹੈ। ਕਵਿਤਾ ਪ੍ਰਕਾਸ਼ਨ ਵੱਲੋਂ ਇਹਨਾਂ ਰਚਨਾਵਾਂ ਦਾ ਇੱਕ ਨਵਾਂ ਸੰਕਲਨ ਵੀ ਛੇਤੀ ਆ ਰਿਹਾ ਹੈ। ਇਥੇ ਅਸੀਂ ਦੇ ਰਹੇ ਹਾਂ ਜੱਥੇਦਾਰ ਜੋਗਿੰਦਰ ਸਿੰਘ "ਮੁਕਤਾ" ਦੀ ਇੱਕ ਰਚਨਾ। 

ਚਾਨਣ ਗਿਆਨ ਮਸ਼ਾਲ 
ਹੁਣ ਮੋਮਬਤੀਆਂ ਸਭ ਬੁਝਾਉ। 
ਚਾਨਣ ਗਿਆਨ ਮਸ਼ਾਲ ਜਗਾਓ।। 

ਬੁੱਝਣ ਬੱਤੀਆਂ ਤਪਸ਼ ਮਿਟੇਗੀ ,
ਦਹਿਸ਼ਤ ਗਰਦੀ ਹਬਸ਼ ਮਿਟੇਗੀ। 
ਨੇਕੀ ਦਾ ਰਸਤਾ ਅਪਨਾਉ। 

ਹੁਣ ਮੋਮਬਤੀਆਂ  .......... 
ਮੋਮਬਤੀਆਂ ਨਾਲ ਹੁਣ ਨਹੀਂ ਸਰਨਾ। 
ਪੈਣਾ ਏਂ ਵੱਡਾ ਹੀਲਾ ਕਰਨਾ। 
ਕੁਝ ਤੇ ਵਿਥਾਂ ਯਾਰ ਘਟਾਉ। 
ਹੁਣ ਮੋਮਬਤੀਆਂ  ..........

ਬੜੀਆਂ ਫਿਰਕੂ ਬੱਤੀਆਂ ਜੱਗੀਆਂ। 
ਨਫਰਤ ਤੇਜ ਹਵਾਵਾਂ ਵੱਗੀਆਂ। 
ਫਿਰਕਾ ਪ੍ਰਸਤੀ ਜੜੋਂ ਮੁਕਾਓ। 
ਹੁਣ ਮੋਮਬਤੀਆਂ  ...........

ਉਹ ਬੱਤੀਆਂ ਦੇ ਦਾਹਵੇ ਦਾਰੋ। 
ਕੁਝ ਤਾਂ ਦਿਲ ਵਿੱਚ ਸੋਚ ਵਿਚਾਰੋ।  
ਨਿਤ ਨਾਂ ਨਵੇਂ ਵਿਵਾਦ ਵਧਾਓ। 
ਹੁਣ ਮੋਮਬਤੀਆਂ  ............

ਵੱਖਰੇ ਠੱਪੇ ਲਾਈ ਫਿਰਦੇ। 
ਵਾੜੇ ਬਹੁਤ ਬਨਾਈ ਫਿਰਦੇ। 
ਚੱਲ ਚੱਲ ਚਾਲਾਂ ਨਾ ਉਕਸਾਓ। 
ਹੁਣ ਮੋਮਬਤੀਆਂ ............

ਮੂੰਹੋਂ ਗੱਲਾਂ ਕਰਨ ਸੌਖੀਆਂ। 
ਐਪਰ ਤੰਗੀਆਂ ਜਰਣ ਔਖੀਆਂ। 
ਸਭ ਨੂੰ ਜੀਵਨ ਜਾਚ ਸਿਖਾਉ। 
ਹੁਣ ਮੋਮਬਤੀਆਂ  .............

ਝੁੱਗੀਆਂ ਅੰਦਰ ਘੁੱਪ ਹਨੇਰਾ। 
ਗਮੀਆਂ ਪੱਕਾ ਲਾਇਆ ਡੇਰਾ। 
ਕਹੇ 'ਮੁਕਤਾ' ਰੱਲ ਦਰਦ ਵੰਡਾਉ। 
ਹੁਣ ਮੋਮਬਤੀਆਂ  ........... 

ਜਥੇਦਾਰ ਜੋਗਿੰਦਰ ਸਿੰਘ 'ਮੁਕਤਾ'
(ਹਰਿਆਣਾ ਪੰਜਾਬ ਸਾਹਿਤ ਅਕਾਦਮੀ ਵਲੋਂ ਪੁਰਸਕ੍ਰਿਤ)

Tuesday, August 25, 2015

ਪੰਜ ਅਹਿਮ ਚੀਜ਼ਾਂ ਵਿੱਚ ਮੀਟ ਸ਼ਰਾਬ ਦੇ ਨਾਲ ਸ੍ਰੀ ਦਰਬਾਰ ਸਾਹਿਬ ਦਾ ਨਾਂ ਵੀ ਸ਼ਾਮਲ

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ‘ਸਿੰਘ ਇਜ਼ ਬਲਿੰਗ’ ਦੇ ਦ੍ਰਿਸ਼ਾਂ ’ਤੇ ਇਤਰਾਜ਼
ਅੰਮ੍ਰਿਤਸਰ, 24 ਅਗਸਤ 2015: (ਪੰਜਾਬ ਸਕਰੀਨ ਬਿਊਰੋ): 
ਫਿਲਮਾਂ ਦੇ ਨਿਰਮਾਣ ਵੇਲੇ ਸਿੱਖ ਰਹੁ ਰੀਤਾਂ ਅਤੇ ਸਿੱਖ ਲਾਈਫ ਸਟਾਈਲ ਨੂੰ ਅੱਖੋਂ ਪਰੋਖੇ ਕਰਨ ਦਾ ਸਿਲਸਿਲਾ ਜਾਰੀ ਹੈ। ਇਸ ਲਈ ਜਦੋਂ ਵੀ ਕੋਈ ਫਿਲਮ ਬਣਦੀ ਹੈ ਤਾਂ ਕੋਈ ਨ ਕੋਈ ਵਾਵੇਲਾ ਖੜਾ ਹੁੰਦਾ ਹੀ ਰਹਿੰਦਾ ਹੈ। ਫਿਲਮਾਂ ਵਾਲੇ ਆਮ ਤੌਰ ਤੇ ਸ਼ੁਧ ਕਾਰੋਬਾਰੀ ਸੋਚ ਵਾਲੇ ਹੁੰਦੇ ਹਨ।  ਉਹਨਾਂ ਨੇ ਫਿਲਮ ਚਲਾਉਣ ਲਈ ਪੂਰਾ ਮਸਲਾ ਭਰਨਾ ਹੁੰਦਾ ਹੈ। ਮਾਮਲਾ ਉਦੋਂ ਵਿਗੜਦਾ ਹੈ ਜਦੋਂ ਓਹ ਇਸ ਮਸਾਲੇ ਵਿੱਚ ਸਿੱਖ ਧਰਮ ਨਾਲ ਜੁੜੇ ਧਰਮ ਅਸਥਾਨਾਂ ਅਤੇ ਧਾਰਮਿਕ ਚਿੰਨ੍ਹਾਂ ਨੂੰ ਵੀ ਸ਼ਾਮਲ ਕਰ ਲੈਂਦੇ ਹਨ। ਕੁਝ ਅਜਿਹਾ ਹੀ ਹੋਇਆ ਲੱਗਦਾ ਹੈ ਫਿਲਮ ਸਿੰਘ ਇਜ਼ ਬਲਿੰਗ ਦੇ ਮਾਮਲੇ ਵਿੱਚ। 
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਵੀਂ ਆ ਰਹੀ ਫਿਲਮ ‘ਸਿੰਘ ਇਜ਼ ਬਲਿੰਗ’ ਦੇ ਕੁਝ ਦ੍ਰਿਸ਼ਾਂ ’ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਨੇ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਨੂੰ ਇਹ ਦ੍ਰਿਸ਼ ਹਟਾਉਣ ਲਈ ਕਿਹਾ ਹੈ। ਅੱਜ ਇਥੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਜਥੇਦਾਰ ਨੇ ਦੱਸਿਆ ਕਿ ਫਿਲਮ ਵਿੱਚ ਦਿਖਾਏ ਗਏ ਇਤਰਾਜ਼ਯੋਗ ਦ੍ਰਿਸ਼ਾਂ ਦਾ ਮਾਮਲਾ ਇਸ ਵੇਲੇ ਇਕ ਸੋਸ਼ਲ ਸਾਈਟ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਤੋਂ ਬਾਅਦ ਵੱਡੇ ਪੱਧਰ ’ਤੇ ਸਿੱਖ ਭਾਈਚਾਰੇ ਵੱਲੋਂ ਇਸ ਬਾਰੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਧਾਰਮਿਕ ਸ਼ਖਸੀਅਤਾਂ ਦੇ ਨੋਟਿਸ ਵਿੱਚ ਅਜਿਹਾ ਮਾਮਲਾ ਵਿਵਾਦਿਤ ਹੋਣ ਤੋਂ ਬਾਅਦ ਹੀ ਕਿਓਂ ਆਉਂਦਾ ਹੈ ਪਹਿਲਾਂ ਕਿਓਂ ਨਹੀਂ? ਇਸ ਕੰਮ ਲਈ ਕੋਈ ਪੱਕੀ ਨਿਗਰਾਨ ਕਮੇਟੀ ਕਿਓਂ ਨਹੀਂ ਬਣਾਈ ਜਾਂਦੀ?
ਫਿਲਮ ਦੀਆਂ ਇਤਰਾਜ਼ਯੋਗ ਗੱਲਾਂ ਬਾਰੇ ਉਨ੍ਹਾਂ ਦੱਸਿਆ ਕਿ ਫਿਲਮ ਵਿੱਚ ਕੜੇ ਦੀ ਦੁਰਵਰਤੋਂ ਕੀਤੀ ਗਈ ਹੈ। ਕੜੇ ਵਾਲੇ ਦ੍ਰਿਸ਼ ਦੌਰਾਨ ਨੰਗੇਜ਼ ਦਿਖਾਇਆ ਗਿਆ ਹੈ ਜਦੋਂ ਕਿ ਕੜੇ ਉਪਰ ਗੁਰਬਾਣੀ ਦੀ ਤੁਕ ਵੀ ਉਕਰੀ ਹੋਈ ਹੈ। ਇਸੇ ਤਰ੍ਹਾਂ ਫਿਲਮ ਦੇ ਇਕ ਦ੍ਰਿਸ਼ ਵਿੱਚ ਪੰਜਾਬ ਦੀ ਸ਼ਲਾਘਾ ਕਰਦਿਆਂ ਪੰਜ ਅਹਿਮ ਚੀਜ਼ਾਂ ਵਿੱਚ ਮੀਟ ਸ਼ਰਾਬ ਦੇ ਨਾਲ ਸ੍ਰੀ ਦਰਬਾਰ ਸਾਹਿਬ ਦਾ ਵੀ ਨਾਂ ਸ਼ਾਮਲ ਕੀਤਾ ਗਿਆ ਹੈ, ਜੋ ਇਤਰਾਜ਼ਯੋਗ ਹੈ। ਉਨ੍ਹਾਂ ਆਖਿਆ ਕਿ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਸਿੱਖ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਇਤਰਾਜ਼ਯੋਗ ਦ੍ਰਿਸ਼ ਫਿਲਮ ਵਿੱਚੋਂ ਹਟਾਉਣ। ਜੇਕਰ ਅਜਿਹਾ ਨਾ ਹੋਇਆ ਤਾਂ ਸਿੱਖ ਭਾਈਚਾਰੇ ਵੱਲੋਂ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਖ਼ਿਲਾਫ਼ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਫਿਲਮਾਂ ਸਿੰਘ ਇਜ਼ ਕਿੰਗ, ਸਨ ਆਫ ਸਰਦਾਰ ਅਤੇ ਸਿੰਘ ਸਾਹਿਬ ਦਿ ਗ੍ਰੇਟ ਵੀ ਇਤਰਾਜ਼ ਦਾ ਹਿੱਸਾ ਬਣ ਚੁੱਕੀਆਂ ਹਨ।
ਦਿੱਲੀ ਕਮੇਟੀ ਵੱਲੋਂ ਪੋਸਟਰ ’ਤੇ ਗੁਰਬਾਣੀ ਦੀ ਤੁੱਕ ਦਾ ਵਿਰੋਧ
ਨਵੀਂ ਦਿੱਲੀ:  ਫਿਲਮ ‘ਸਿੰਘ ਇਜ਼ ਬਲਿੰਗ’ ਦੇ ਪੋਸਟਰ ਉਤੇ ਗੁਰਬਾਣੀ ਦੀਆਂ ਤੁੱਕਾਂ ਲਿਖਣ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਬੰਧਕ ਕਮੇਟੀ ਨੇ ਇਤਰਾਜ਼ ਜਤਾਇਆ ਹੈ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੇ ਚੇਅਰਮੈਨ ਪਹਿਲਾਜ ਨਿਹਲਾਨੀ ਨੂੰ ਇਸ ਬਾਰੇ ਭੇਜੇ ਪੱਤਰ ਦਾ ਉਤਾਰਾ ਸੈਂਸਰ ਬੋਰਡ ਦੇ ਸਲਾਹਕਾਰ ਪੈਨਲ ’ਚ ਸਿੱਖ ਮੈਂਬਰ ਗੁਰਪ੍ਰੀਤ ਕੌਰ ਚੱਢਾ ਨੂੰ ਵੀ ਭੇਜਿਆ ਹੈ। ਸ੍ਰੀ ਰਾਣਾ ਨੇ ਸੁਖਮਨੀ ਸਾਹਿਬ ਦੀ ਅਸ਼ਟਪਦੀ ਦੀਅਾਂ ਕੁਝ ਤੁੱਕਾਂ ਨੂੰ ਕੜੇ ਉਪਰ ਉਕੇਰਨ ਅਤੇ ਇਸ ਕਡ਼ੇ ਦੇ ਘੇਰੇ ’ਚ ਘੱਟ ਕੱਪੜਿਆਂ ਵਿੱਚ ਕੁੜੀ ਦਾ ਪੋਸਟਰ ਫਿਲਮ ਦੇ ਪ੍ਰਚਾਰ ਲਈ ਵਰਤਣ ’ਤੇ ਇਤਰਾਜ਼ ਜਤਾਇਆ ਹੈ।

Friday, March 28, 2014

ਜਥੇਦਾਰ ਕਰਤਾਰ ਸਿੰਘ 'ਟੱਕਰ' ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ

Fri, Mar 28, 2014 at 3:49 PM
ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਪੰਥ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ
ਅੰਮ੍ਰਿਤਸਰ: 28 ਮਾਰਚ 2014: (ਇੰਦਰ ਮੋਹਣ ਸਿੰਘ 'ਅਨਜਾਣ'//ਪੰਜਾਬ ਸਕਰੀਨ): 

ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸਮਰਪਿਤ ਜਥੇਦਾਰ ਕਰਤਾਰ ਸਿੰਘ ਟੱਕਰ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਨੋਟ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਤਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ ਜਥੇਦਾਰ ਕਰਤਾਰ ਸਿੰਘ ਟੱਕਰ ਨੇ 36 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਨਿਸ਼ਕਾਮ ਭਾਵਨਾ ਨਾਲ ਸੇਵਾ ਨਿਭਾਈ ਹੈ। ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਨਾਲ ਸਿੱਖ ਪੰਥ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਸਤਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਤੇ ਸਾਕ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ। ਕਈ ਹੋਰ ਸੰਸਥਾਵਾਂ ਨੇ ਵੀ ਜੱਥੇਦਾਰ ਟੱਕਰ ਦੇ ਦੇਹਾਂਤ ਤੇ  ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।                                       ਕਾਬਿਲੇ ਜ਼ਿਕਰ ਹੈ ਕਿ ਹਰਿਆਣਾ ਦੇ ਟਕਸਾਲੀ ਅਕਾਲੀ ਨੇਤਾ ਜਥੇਦਾਰ ਕਰਤਾਰ ਸਿੰਘ ਟੱਕਰ ਵੀਰਵਾਰ 27 ਮਾਰਚ ਨੂੰ ਸਵੇਰੇ ਅੰਬਾਲਾ ਸ਼ਹਿਰ ਸਥਿਤ ਨਿਵਾਸ ’ਤੇ ਦੇਹਾਂਤ ਹੋ ਗਿਆ ਸੀ। ਉਹ ਪਿਛਲੇ ਕੁਝ ਦੇਰ ਤੋਂ ਢਿੱਲੇ-ਮੱਠੇ ਚਲੇ ਆ ਰਹੇ ਸਨ। ਜਥੇਦਾਰ ਟੱਕਰ ਨੂੰ ਪਹਿਲਾਂ ਮੋਹਾਲੀ ਅਤੇ ਫਿਰ ਅੰਬਾਲਾ ਦੇ ਇਕ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਸੀ ਪਰ ਉਹਨਾਂ ਨੂੰ ਬਚਾਇਆ ਨਾ ਜਾ ਸਕਿਆ।ਕਲ੍ਹ ਸ਼ਾਮ 5 ਵਜੇ ਦੇ ਕਰੀਬ ਉਨ੍ਹਾਂ ਦਾ ਰਾਮ ਬਾਗ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਰਿਸ਼ਤੇਦਾਰਾਂ ਤੋਂ ਇਲਾਵਾ ਸ਼ਹਿਰ ਦੇ ਆਮ ਲੋਕ, ਵੱਖ ਵੱਖ ਸਿਆਸੀ, ਸਭਿਆਚਾਰਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਬਹੁਤ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਮੌਕੇ ਇਨੈਲੋ ਦੇ  ਜ਼ਿਲ੍ਹਾ ਪ੍ਰਧਾਨ ਬਲਵਿੰਦਰ ਪੂਨੀਆ, ਸਾਬਕਾ ਪ੍ਰਧਾਨ ਸੁਰਜੀਤ ਸਿੰਘ ਸੌਂਡਾ, ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬੇਟੀ ਕੁਲਦੀਪ ਕੌਰ, ਬਾਬਾ ਨਾਗਰ ਸਿੰਘ ਹਰੀਆਂ ਵੇਲਾਂ, ਕੌਂਸਲਰ ਦਲੀਪ ਚਾਵਲਾ ਬਿੱਟੂ, ਕੁਲਵੰਤ ਸਿੰਘ, ਮੈਨੇਜਰ ਗੁਰਦੁਆਰਾ ਪਾਉਂਟਾ ਸਾਹਿਬ,  ਬਾਬਾ ਅਜੀਤ ਸਿੰਘ ਇਛਾ ਪੂਰਕ ਧਾਮ ਵਾਲੇ, ਸ਼੍ਰੋਮਣੀ ਕਮੇਟੀ ਦੇ ਮੌਜੂਦਾ ਮੈਂਬਰ ਹਰਪਾਲ ਸਿੰਘ ਮਛੌਂਡਾ, ਸਾਬਕਾ ਮੈਂਬਰ ਗੁਰਦੀਪ ਸਿੰਘ ਭਾਨੋਖੇਡ਼ੀ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸੇਵਾ ਸੁਸਾਇਟੀ ਦੇ ਟੀਪੀ ਸਿੰਘ, ਕਾਰ ਸੇਵਾ ਵਾਲੇ ਬਾਬੇ ਅਤੇ ਕਈ ਹੋਰ ਸੰਗਠਨਾਂ ਦੇ ਪ੍ਰਤੀਨਿਧੀ ਭ੍ਰ੍ਫੇ ਦਿਲ ਨਾਲ ਸ਼ਾਮਲ ਹੋਏ। 
ਜਥੇਦਾਰ ਟੱਕਰ ਮਾਸਟਰ ਤਾਰਾ ਸਿੰਘ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਾਫੀ ਨਜ਼ਦੀਕੀ ਰਹੇ। ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਪਹਿਲੀ ਚੋਣ 1960 ਵਿੱਚ ਜਿੱਤੀ ਅਤੇ ਲਗਾਤਾਰ 36 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ। ਉਨ੍ਹਾਂ ਨੇ ਪੰਜੋਖਰਾ ਸਾਹਿਬ ਵਿਖੇ ਕਾਲਜ ਦੀ ਸਥਾਪਨਾ ਵੀ ਕੀਤੀ। ਉਹ ਗੁਰਦੁਆਰਾ ਕਮੇਟੀ ਪਾਉਂਟਾ ਸਾਹਿਬ ਦੇ ਜਨਰਲ ਸਕੱਤਰ ਵੀ ਰਹੇ। ਸਸਕਾਰ ਤੋਂ ਬਾਅਦ ਸੰਗਤ ਦਾ ਧੰਨਵਾਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਪ੍ਰਦੇਸ਼ ਦੇ ਮੁੱਖ ਜਨਰਲ ਸਕੱਤਰ ਰਣਬੀਰ ਸਿੰਘ ਫੌਜੀ ਨੇ ਦੱਸਿਆ ਕਿ ਜਥੇਦਾਰ ਟੱਕਰ ਜੀ ਦੀ ਅੰਤਿਮ ਅਰਦਾਸ 2 ਅਪਰੈਲ ਨੂੰ ਦੁਪਹਿਰ 1 ਵਜੇ ਤੋਂ ਢਾਈ ਵਜੇ ਤੱਕ ਗੁਰਦੁਆਰਾ ਮੰਜੀ ਸਾਹਿਬ ਜੀਟੀ ਰੋਡ ਅੰਬਾਲਾ ਸ਼ਹਿਰ ਵਿਖੇ ਹੋਵੇਗੀ। ਜੱਥੇਦਾਰ ਟੱਕਰ ਦੇ ਤੁਰ ਜਾਣ ਨਾਲ ਸਿੱਖ ਸੰਘਰਸ਼ਾਂ ਦੇ ਇੱਕ ਯੁਗ ਦਾ ਅੰਤ ਹੋ ਗਿਆ। 

Thursday, July 18, 2013

ਨਾਨਕਸ਼ਾਹੀ ਕੈਲੰਡਰ ਵਿੱਚ ਇੱਕ ਇੱਕ ਵਾਰ ਫੇਰ ਸੋਧ ਦੀ ਤਿਆਰੀ ?

ਸਿੱਖਾਂ ਦੇ ਖਿਲਾਫ ਪਰਚੇ ਦਰਜ ਕਰਨ ਦੇ ਮਾਮਲੇ 'ਚ ਪੁਲਸ ਵਲੋਂ ਵੀ ਗੜਬੜ?
ਬਠਿੰਡਾ—(ਪੰਜਾਬ ਸਕਰੀਨ ਬਿਊਰੋ): ਸਿੱਖ ਪੰਥ ਦੀ ਵਿਲੱਖਣਤਾ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਇੱਕ ਵਾਰ ਫੇਰ ਸੋਧਿਆ ਜਾਏਗਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਪਸ਼ਟ ਆਖਿਆ ਹੈ ਕਿ ਨਾਨਕਸ਼ਾਹੀ ਕੈਲੰਡਰ 'ਚ ਲੋੜ ਅਨੁਸਾਰ ਸੋਧ ਕੀਤੀ ਜਾਵੇਗੀ। ਇਸਦੇ ਨਾਲ ਹੀ ਉਹਨਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਇਹ ਲੋੜ ਤਾਂ ਹੀ ਹੋਵੇਗੀ ਜੇਕਰ ਇਸ ਮਕਸਦ ਲਈ ਸੰਗਤਾਂ ਦੀ ਮੰਗ ਹੋਵੇਗੀ। ਸੰਗਤਾਂ ਦੀ ਮੰਗ ਮੁਤਾਬਿਕ ਨਾਨਕਸ਼ਾਹੀ ਕੈਲੰਡਰ 'ਚ ਲੋੜੀਂਦੀ ਸੋਧ ਕੀਤੀ ਜਾ ਸਕਦੀ ਹੈ ਪਰ ਇਸ ਤੋਂ ਪਹਿਲਾਂ ਸਾਰੇ ਸਿੰਘ ਸਾਹਿਬਾਨ ਨਾਲ ਬਕਾਇਦਾ ਵਿਚਾਰ ਚਰਚਾ ਹੋਵੇਗੀ, ਇਸਦੇ ਹਰ ਪਹਿਲੂ ਨੂੰ ਬਾਰੀਕੀ ਨਾਲ ਵਿਚਾਰਿਆ ਜਾਏਗਾ ਅਤੇ ਉਸ ਤੋਂ ਪਿੱਛੋਂ ਹੀ ਇਸ ਸਬੰਧ ਵਿੱਚ ਕੋਈ ਕਦਮ ਚੁੱਕਿਆ ਜਾਵੇਗਾ। 
ਕਬੀਲੇ ਜ਼ਿਕਰ ਹੈ ਕਿ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੁੱਧਵਾਰ ਨੂੰ ਬਠਿੰਡਾ ਵਿਖੇ ਖਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਸਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਧਾਰਮਿਕ ਜੱਥੇਬੰਦੀਆਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਸੰਬੰਧ 'ਚ ਇਨ੍ਹਾਂ ਜੱਥੇਬੰਦੀਆਂ ਵਲੋਂ ਬਕਾਇਦਾ ਇਕ ਮਤਾ ਪਾਸ ਕਰਕੇ ਨਾਨਕਸ਼ਾਹੀ ਕੈਲੰਡਰ 'ਚ ਸੋਧ ਦੀ ਗੱਲ ਉਠਾਈ ਗਈ ਹੈ, ਜਿਸ 'ਤੇ ਵਿਚਾਰ ਕਰਕੇ ਹੀ ਕੋਈ ਕਦਮ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਯਤਨ ਕੀਤੇ ਜਾਣਗੇ, ਜਿਸ ਨਾਲ ਸੰਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਹੋਵੇ ਅਤੇ ਆਪਸ 'ਚ ਪਿਆਰ ਅਤੇ ਇਤਫਾਕ ਬਰਕਰਾਰ ਰਹੇ।
ਇਸਦੇ ਨਾਲ ਹੀ ਸਿੰਘ ਸਾਹਿਬ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਵਤੇਜ ਸਿੰਘ ਕਾਉਣੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਜਾਵੇਗਾ। ਉਸ 'ਤੇ ਦੋਸ਼ ਹੈ ਕਿ ਉਸ ਨੇ ਜ਼ਿਲਾ ਪਰਿਸ਼ਦ ਚੋਣਾਂ 'ਚ ਡੇਰਾ ਸੱਚਾ ਸੌਦੇ ਦੇ ਇਕ ਪ੍ਰੇਮੀ ਨੂੰ ਅਕਾਲੀ ਦਲ ਦੀ ਟਿਕਟ ਦਿਵਾ ਕੇ ਉਸ ਦੀ ਮਦਦ ਕੀਤੀ ਸੀ, ਜੋ ਕਿ ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਬਾਰੇ ਫੇਸਬੁੱਕ 'ਤੇ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਸਿੱਖਾਂ ਦੇ ਖਿਲਾਫ ਪਰਚੇ ਦਰਜ ਕੀਤਾ ਜਾਣਾ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਪੁਲਸ ਵਲੋਂ ਵੀ ਗੜਬੜ ਕੀਤੀ ਜਾ ਰਹੀ ਹੈ। ਪੁਲਿਸ ਦੀ ਇਸ ਗੜਬੜ ਵਾਲਾ ਇਸ਼ਾਰਾ ਕਰਕੇ ਸਿੰਘ ਸਾਹਿਬ ਨੇ ਇੱਕ ਤਰ੍ਹਾਂ ਨਾਲ ਸਰਕਾਰ ਨੂੰ ਵੀ ਆਪਣੇ ਨਿਸ਼ਾਨੇ ਦੀ ਮਾਰ ਹੇਠ ਲੈ ਆਂਦਾ ਹੈ। 

ਸਵਰਗੀ ਕਲਿਆਣ ਕੌਰ ਦੀਆਂ ਕੁਝ ਲਿਖਤਾਂ:--