.......ਕੁਝ ਤੇ ਵਿਥਾਂ ਯਾਰ ਘਟਾਉ
ਜਲੰਧਰ : 15 ਜਨਵਰੀ 2018 : (ਰਾਜਪਾਲ ਕੌਰ//ਪੰਜਾਬ ਸਕਰੀਨ )::
ਸਾਹਿਤ ਹਮੇਸ਼ਾਂ ਹੀ ਸਮਾਜ ਦੇ ਅਸਲੀ ਰੂਪ ਸਰੂਪ ਨੂੰ ਬੜੇ ਹੀ ਕਲਾਤਮਕ ਢੰਗ ਨਾਲ ਸੰਭਾਲਦਾ ਹੈ। ਕਾਲਪਨਿਕ ਨਾਵਣਾ ਅਤੇ ਥਾਵਾਂ ਦਾ ਸਹਾਰਾ ਲੈ ਕੇ ਰਚੀ ਜਾਂਦਾ ਸਾਹਿਤ ਅਸਲ ਵਿੱਚ ਦਸਤਾਵੇਜ਼ੀ ਤੋਂ ਘੱਟ ਵੀ ਨਹੀਂ ਹੁੰਦਾ। ਕਲਮ ਦੀਆਂ ਮਜਬੂਰੀਆਂ ਦੇ ਵਿੱਚ ਵਿੱਚ ਰਹਿ ਕੇ ਸਾਹਿਤ ਬਹੁਤ ਕੁਝ ਅਜਿਹਾ ਦਿਖਾਉਂਦਾ ਹੈ ਜਿਹੜਾ ਸੱਚਮੁੱਚ ਵਾਪਰਿਆ ਹੁੰਦਾ ਹੈ। ਇਸਦੀ ਕਲਪਨਾ ਦੀ ਉਡਾਰੀ ਵੀ ਕਈ ਵਾਰ ਆਉਣ ਵਾਲੇ ਭਵਿੱਖ ਦੀ ਤਸਵੀਰ ਦਿਖਾਉਂਦੀ ਹੈ। ਕਵਿਤਾ ਪ੍ਰਕਾਸ਼ਨ ਵੱਲੋਂ ਇਹਨਾਂ ਰਚਨਾਵਾਂ ਦਾ ਇੱਕ ਨਵਾਂ ਸੰਕਲਨ ਵੀ ਛੇਤੀ ਆ ਰਿਹਾ ਹੈ। ਇਥੇ ਅਸੀਂ ਦੇ ਰਹੇ ਹਾਂ ਜੱਥੇਦਾਰ ਜੋਗਿੰਦਰ ਸਿੰਘ "ਮੁਕਤਾ" ਦੀ ਇੱਕ ਰਚਨਾ।
ਚਾਨਣ ਗਿਆਨ ਮਸ਼ਾਲ
ਹੁਣ ਮੋਮਬਤੀਆਂ ਸਭ ਬੁਝਾਉ।
ਚਾਨਣ ਗਿਆਨ ਮਸ਼ਾਲ ਜਗਾਓ।।
ਬੁੱਝਣ ਬੱਤੀਆਂ ਤਪਸ਼ ਮਿਟੇਗੀ ,
ਦਹਿਸ਼ਤ ਗਰਦੀ ਹਬਸ਼ ਮਿਟੇਗੀ।
ਨੇਕੀ ਦਾ ਰਸਤਾ ਅਪਨਾਉ।
ਹੁਣ ਮੋਮਬਤੀਆਂ ..........
ਮੋਮਬਤੀਆਂ ਨਾਲ ਹੁਣ ਨਹੀਂ ਸਰਨਾ।
ਪੈਣਾ ਏਂ ਵੱਡਾ ਹੀਲਾ ਕਰਨਾ।
ਕੁਝ ਤੇ ਵਿਥਾਂ ਯਾਰ ਘਟਾਉ।
ਹੁਣ ਮੋਮਬਤੀਆਂ ..........
ਬੜੀਆਂ ਫਿਰਕੂ ਬੱਤੀਆਂ ਜੱਗੀਆਂ।
ਨਫਰਤ ਤੇਜ ਹਵਾਵਾਂ ਵੱਗੀਆਂ।
ਫਿਰਕਾ ਪ੍ਰਸਤੀ ਜੜੋਂ ਮੁਕਾਓ।
ਹੁਣ ਮੋਮਬਤੀਆਂ ...........
ਉਹ ਬੱਤੀਆਂ ਦੇ ਦਾਹਵੇ ਦਾਰੋ।
ਕੁਝ ਤਾਂ ਦਿਲ ਵਿੱਚ ਸੋਚ ਵਿਚਾਰੋ।
ਨਿਤ ਨਾਂ ਨਵੇਂ ਵਿਵਾਦ ਵਧਾਓ।
ਹੁਣ ਮੋਮਬਤੀਆਂ ............
ਵੱਖਰੇ ਠੱਪੇ ਲਾਈ ਫਿਰਦੇ।
ਵਾੜੇ ਬਹੁਤ ਬਨਾਈ ਫਿਰਦੇ।
ਚੱਲ ਚੱਲ ਚਾਲਾਂ ਨਾ ਉਕਸਾਓ।
ਹੁਣ ਮੋਮਬਤੀਆਂ ............
ਮੂੰਹੋਂ ਗੱਲਾਂ ਕਰਨ ਸੌਖੀਆਂ।
ਐਪਰ ਤੰਗੀਆਂ ਜਰਣ ਔਖੀਆਂ।
ਸਭ ਨੂੰ ਜੀਵਨ ਜਾਚ ਸਿਖਾਉ।
ਹੁਣ ਮੋਮਬਤੀਆਂ .............
ਝੁੱਗੀਆਂ ਅੰਦਰ ਘੁੱਪ ਹਨੇਰਾ।
ਗਮੀਆਂ ਪੱਕਾ ਲਾਇਆ ਡੇਰਾ।
ਕਹੇ 'ਮੁਕਤਾ' ਰੱਲ ਦਰਦ ਵੰਡਾਉ।
ਹੁਣ ਮੋਮਬਤੀਆਂ ...........
ਜਥੇਦਾਰ ਜੋਗਿੰਦਰ ਸਿੰਘ 'ਮੁਕਤਾ'
(ਹਰਿਆਣਾ ਪੰਜਾਬ ਸਾਹਿਤ ਅਕਾਦਮੀ ਵਲੋਂ ਪੁਰਸਕ੍ਰਿਤ)
No comments:
Post a Comment