Showing posts with label Nawan Zamana. Show all posts
Showing posts with label Nawan Zamana. Show all posts

Saturday, November 08, 2025

ਨਵਾਂ ਜ਼ਮਾਨਾ ਦੀ ਅੱਧੀ ਸਦੀ ਦੀ ਦਾਸਤਾਨ ਵਿਚੋਂ--ਤੇਰਾ ਸਿੰਘ ਚੰਨ ਯਾਦ ਦੁਆਉਂਦੇ ਨੇ

From Narinder Sohal on Thursday 7th November 2025 at 16:23 Regarding Late S. Tera Singh Chann

 ਮਹਾਨ ਗੜਗੱਜ ਜੀ ਵਾਲਾ 'ਨਵਾਂ ਜ਼ਮਾਨਾ’ 

ਚੰਡੀਗੜ੍ਹ: 8 ਨਵੰਬਰ 2025: (ਪੰਜਾਬ ਸਕਰੀਨ ਡੈਸਕ):: 

ਲਾਲ ਝੰਡੇ ਲਈ ਅਥਾਹ ਕੁਰਬਾਨੀਆਂ ਦੇਣ ਵਾਲੀ ਲੀਡਰ ਨਰਿੰਦਰ ਸੋਹਲ ਦੇ ਉੱਦਮ ਅਤੇ ਉਪਰਾਲੇ ਨਾਲ ਹਾਜ਼ਰ ਹੈ ਇਹ ਲਿਖਤ ਜਿਹੜੀ ਉਹਨਾਂ ਸੰਭਾਲੀ ਰੱਖੀ।  ਇਹ  ਲਿਖਤ ਖੱਬੀ ਪੱਤਰਕਾਰਿਤਾ ਦੇ ਉਸ ਦੌਰ ਦਾ ਵੀ ਪਤਾ ਦੇਂਦੀ ਹੈ ਅਤੇ ਮਹਾਨ ਸ਼ਖ਼ਸੀਅਤ ਸਰਦਾਰ ਤੇਰਾ ਸਿੰਘ ਚੰਨ ਹੁਰਾਂ  ਦੇ ਸਟਾਈਲ ਅਤੇ ਖੂਬੀਆਂ ਦੀ ਵੀ ਜਾਨ ਪਛਾਣ ਕਰਾਉਂਦੀ ਹੈ। ਇਸ ਸਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। -ਸੰਪਾਦਕ 

ਸੰਨ 1956 ਵਿੱਚ ਜਲੰਧਰ ਵਿੱਚ ਪੰਜਾਬੀ ਲੇਖਕਾਂ ਦੀ ਵਰਤਮਾਨ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਥਾਪਨਾ ਮਗਰੋਂ, ਮੈਂ ਨਿਰੰਤਰ ਛੇ ਸਾਲ ਇਸ ਦਾ ਸਕੱਤਰ ਰਿਹਾ ਤੇ ਗਿਆਨੀ ਹੀਰਾ ਸਿੰਘ ਦਰਦ ਅਤੇ ਹੋਰ ਲੇਖਕ ਅਹੁਦੇਦਾਰਾਂ ਨਾਲ ਪੰਜਾਬ ਦੇ ਪਿੰਡਾਂ-ਸ਼ਹਿਰਾਂ ਵਿੱਚ ਪਹਿਲਾਂ ਸਥਾਪਤ ਹੋ ਚੁੱਕੀਆਂ ਲੇਖਕ ਸਭਾਵਾਂ ਨੂੰ ਕੇਂਦਰੀ ਸਭਾ ਨਾਲ ਸੰਬੰਧਤ ਕਰਨ ਤੇ ਹੋਰ ਸਭਾਵਾਂ ਬਣਾਉਣ ਦੇ ਕਾਰਜ ਵਿੱਚ ਰੁੱਝਾ ਰਿਹਾ। ਪੰਜਾਬੀ ਦੇ ਲੋਕ-ਹਿਤੈਸ਼ੀ ਅਖ਼ਬਾਰ 'ਨਵਾਂ ਜ਼ਮਾਨਾ’, ਜੋ ਅੱਜ ਆਪਣੀ ਉਮਰ ਦੇ ਪੰਜਾਹਵੇਂ ਸਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਨੇ ਸਾਡੇ ਇਸ ਕਾਰਜ ਨੂੰ ਸਫ਼ਲਤਾ ਪੂਰਬਕ ਨੇਪਰੇ ਚਾੜ੍ਹਨ ਵਿੱਚ ਆਪਣਾ ਭਰਪੂਰ ਯੋਗਦਾਨ ਦਿੱਤਾ।

1962-63 ਵਿੱਚ ਮੈਨੂੰ ‘ਨਵਾਂ ਜ਼ਮਾਨਾ' ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਪੰਜਾਬ ਦੇ ਮਹਾਨ ਸਪੁੱਤਰ ਸਾਥੀ ਅਰਜਨ ਸਿੰਘ ਗੜਗੱਜ ਨਾਲ ਇੱਕੋ ਮੇਜ਼ ਉੱਤੇ ਬੈਠ ਕੇ ਕਲਮ ਘਸੀਟਣ ਦਾ ਮਾਣ ਵੀ ਪ੍ਰਾਪਤ ਹੋਇਆ, ਅੱਜ ‘ਨਵਾਂ ਜ਼ਮਾਨਾ' ਉਸੇ ਮਹਾਨ ਹਸਤੀ ਦੀ ਯਾਦ ਵਿੱਚ ਬਣੀ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਵੱਲੋਂ ਚਲਾਇਆ ਜਾ ਰਿਹਾ ਹੈ ।

'ਨਵਾਂ ਜ਼ਮਾਨਾ' ਵੱਲੋਂ ਅੱਜ ਪੰਜਾਹਵੇਂ ਸਾਲ ਵਿੱਚ ਪ੍ਰਵੇਸ਼ ਲਈ ਗਿਣੀ ਜਾ ਰਹੀ ਉਮਰ ਵਿੱਚ 'ਨਇਆ ਜ਼ਮਾਨਾ' ਵੱਲੋਂ ਉਰਦੂ ਵਿੱਚ ਛਪਦੇ ਰਹਿਣ ਵਾਲੇ ਚਾਰ ਸਾਲ ਵੀ ਸ਼ਾਮਲ ਹਨ। ਇਹ ਸੱਚਮੁੱਚ ਆਪਣੇ ਜਨਮ ਤੋਂ "ਤੂਫਾਨਾਂ ਅੱਗੇ ਅੜਦਾ, ਲੋਕ ਦੋਖੀਆਂ ਨਾਲ ਲੜਦਾ, ਦੇਸ ਦੀ ਏਕਤਾ ਤੇ ਅਖੰਡਤਾ ਦਾ ਅਲਮ-ਬਰਦਾਰ, ਧਰਮ-ਨਿਰਪੱਖਤਾ ਤੇ ਜਮਹੂਰੀਅਤ ਦਾ ਪਹਿਰੇਦਾਰ" ਹੈ ਅਤੇ ਅੱਗੇ ਲਈ ਲੋਕਾਂ ਦੇ ਸੁਨਹਿਰੀ ਭਵਿੱਖ ਲਈ ਜੂਝਣ, ਕਿਰਤੀ-ਕਿਸਾਨਾਂ, ਇਸਤਰੀ ਜਾਤੀ, ਵਿਦਿਆਰਥੀਆਂ-ਨੰਜੁਆਨਾਂ ਤੇ ਕਰਮਚਾਰੀਆਂ ਦੇ ਹੱਕਾਂ-ਹਿੱਤਾਂ ਲਈ ਸਦਾ ਉਨ੍ਹਾਂ ਸੰਗ ਖਲੋਣ ਦਾ ਪ੍ਰਣ ਕਰਦਾ ਹੈ । ਹੁਣ ਤੱਕ ਦੇ ਸਮੇਂ ਦੌਰਾਨ 'ਨਵਾਂ ਜ਼ਮਾਨਾ' ਨੇ ਜਿਹੜੇ ਸੰਘਰਸ਼ਾਂ ਵਿੱਚ ਅਹਿਮ ਰੋਲ ਨਿਭਾਇਆ, ਉਨ੍ਹਾਂ ਵਿੱਚ ਖੁਸ਼-ਹੈਸੀਅਤੀ ਟੈਕਸ ਵਿਰੁੱਧ ਕਿਸਾਨੀ ਦਾ ਇੱਕਮੁੱਠ ਸੰਘਰਸ਼ ਉੱਘੜਵਾਂ ਸੀ । ਉਸ ਸੰਘਰਸ਼ ਸੰਬੰਧੀ ਮੇਰੀਆਂ ਕਵਿਤਾਵਾਂ 'ਕਿਵੇਂ ਪਿਆਰ ਦੀ ਗੱਲ ਛੇੜਾਂ' ਅਤੇ 'ਮੋਰਚੇ ਦੀ ਚੜ੍ਹਤ' ਵੀ 'ਨਵਾਂ ਜ਼ਮਾਨਾ' ਵਿੱਚ ਛਪੀਆਂ ਸਨ । ਆਮ ਲੋਕਾਂ ਦੀ ਨਰੋਏ ਜੀਵਨ ਦੀ ਪ੍ਰਾਪਤੀ ਦੇ ਸੰਘਰਸ਼ ਵਿਚ ਲੋਕਾਂ ਨਾਲ ਖਲੋਣ ਦੀਆਂ ਯਾਦਾਂ ਵੀ ਭਾਵੇਂ ਕਈ ਹਨ, ਪਰ ਦੋ ਮੁੱਖ ਗੱਲਾਂ ਨੇ ਮੈਨੂੰ ਪ੍ਰਭਾਵਤ ਕੀਤਾ ਹੈ : (1) ਐਤਵਾਰਤਾ, (2) ਪੱਤਰਕਾਰੀ ਦੀ ਸਿਖਲਾਈ।

ਇਹ ਸਰਬ ਪ੍ਰਵਾਨਤ ਸੱਚਾਈ ਹੈ ਕਿ 'ਨਵਾਂ ਜ਼ਮਾਨਾ' ਦੇ ਐਤਵਾਰਤਾ ਨੇ ਪੰਜਾਬੀ ਲੇਖਕਾਂ, ਚਿੰਤਕਾਂ, ਕਲਾਕਾਰਾਂ ਨਾਲ ਮੁਲਾਕਾਤਾਂ-ਮਿਲਣੀਆਂ ਰਾਹੀਂ ਉਨ੍ਹਾਂ ਦੀ ਪਾਠਕਾਂ ਨਾਲ ਪਛਾਣ ਕਰਾਉਣ ਦਾ ਕਾਰਜ ਜਿਵੇਂ ਨੇਪਰੇ ਚਾੜ੍ਹਿਆ ਤੇ ਚਾੜ੍ਹ ਰਿਹਾ ਹੈ, ਉਹ ਬਾਕੀ ਅਖ਼ਬਾਰਾਂ ਨੂੰ ਹੀ ਨਹੀਂ, ਕਈ ਮਾਸਿਕ ਪੱਤਰਾਂ ਨੂੰ ਵੀ ਪਿਛੇ ਛੱਡ ਗਿਆ ਹੈ । ਅੱਜ ਪੰਜਾਬੀ ਲੇਖਕ ਐਤਵਾਰਤਾ ਦੀ ਉਡੀਕ ਕਰਦੇ ਹਨ ਤੇ ਉਸ ਲਈ ਵੱਖਰੇ ਚੰਦੇ ਭੇਜਦੇ ਹਨ । ਇਹ 'ਨਵਾਂ ਜ਼ਮਾਨਾ' ਦੀ ਵੱਡੀ ਪ੍ਰਾਪਤੀ ਹੈ ਤੇ ਬਲਬੀਰ ਪ੍ਰਵਾਨਾ ਦੀ ਘਾਲਣਾ ਦੀ ਸ਼ਲਾਘਾ ਕਰਨੀ ਬਣਦੀ ਹੈ ।

ਪੱਤਰਕਾਰੀ ਦਾ ਸਕੂਲ: ਅੱਜ ਪੰਜਾਬੀ ਦਾ ਕੋਈ ਵਿਰਲਾ ਅਖ਼ਬਾਰ ਹੋਵੇਗਾ ਜਿਸ ਵਿੱਚ 'ਨਵਾਂ ਜ਼ਮਾਨਾ' ਦਾ ਚੰਡਿਆ ਕੋਈ ਪੱਤਰਕਾਰ ਕੰਮ ਨਾ ਕਰ ਰਿਹਾ ਹੋਵੇ । ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ 'ਪੰਜਾਬੀ ਟ੍ਰਿਬਿਊਨ' ਵਿੱਚ ਦਲਬੀਰ ਸਿੰਘ ਤੇ ਕਈ ਹੋਰ ‘ਨਵਾਂ ਜ਼ਮਾਨਾ' ਦੇ ਪੜ੍ਹੇ-ਗੁੜ੍ਹੇ ਹਨ ਤੇ ਪ੍ਰਮੁੱਖ ਕਹਾਣੀਕਾਰ ਸਵਰਗੀ ਕੁਲਵੰਤ ਸਿੰਘ ਵਿਰਕ ਨੇ ਵੀ ਮੇਰੇ ਕੋਲ ਇਹ ਟਿੱਪਣੀ ਕੀਤੀ ਸੀ ਕਿ ‘ਪੰਜਾਬੀ ਅਖ਼ਬਾਰਾਂ ਵਿੱਚ 'ਨਵਾਂ ਜ਼ਮਾਨਾ' ਹੀ ਹੈ, ਜੋ ਮੈਨੂੰ ਪਸੰਦ ਹੈ ।”

'ਨਵਾਂ ਜ਼ਮਾਨਾ' ਦੇ ਸੇਵਾ ਕਾਲ ਵਿੱਚ 10 ਜਨਵਰੀ 1963 ਦਾ ਦਿਹਾੜਾ ਮੇਰੇ ਲਈ ਅਤਿਅੰਤ ਸੋਗੀ -ਸੀ. ਜਿਸ ਦਿਨ ਪੰਜਾਬ ਦਾ ਸੂਰਮਾ ਸਪੁੱਤਰ ਅਰਜਨ ਸਿੰਘ ਗੜਗੱਜ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਸੀ। ਗੜਗੱਜ ਜੀ ਦੋ ਕੁ ਦਿਨ ਪਹਿਲਾਂ ਕਿਸੇ ਕੰਮ ਅੰਮ੍ਰਿਤਸਰ ਗਏ ਸਨ, ਮੈਂ ਮੇਜ਼ 'ਤੇ ਬੈਠਾ ਉਨ੍ਹਾ ਨੂੰ ਉਡੀਕ ਰਿਹਾ ਸਾਂ ਕਿ ਉਨ੍ਹਾ ਦੇ ਸਦੀਵੀ ਵਿਛੋੜੇ ਦੀ ਮਨਹੂਸ ਖ਼ਬਰ ਆ ਗਈ। ਮੈਂ ਡੌਰ-ਭੌਰ ਹੋਏ ਨੇ ਉਨ੍ਹਾ ਦੀ ਦਰਾਜ ਖੋਲ੍ਹੀ, ਵਿੱਚ ਛੋਟੀ ਜਿਹੀ ਡਾਇਰੀ ਮਿਲੀ। ਉਸ ਵਿੱਚ 6,7,8 ਜਨਵਰੀ ਦੇ ਪੰਨਿਆਂ ਉੱਤੇ ਲਿਖੇ ਨੋਟ ਪੜ੍ਹੇ : "ਅੱਜ ਦਫ਼ਤਰ ਦੀ ਪੌੜੀ ਚੜ੍ਹਦਿਆਂ ਦਿਲ ਵਿੱਚ ਦਰਦ ਹੋਇਆ, ਦਰਦ ਵਧਦਾ ਗਿਆ, ਦਰਦ ਵਧਦਾ ਗਿਆ ।" ਏਸ ਹਾਲਤ ਵਿੱਚ ਉਨ੍ਹਾ ਦਾ ਅੰਮ੍ਰਿਤਸਰ ਚਲੇ ਜਾਣਾ ਆਪਣੇ ਆਪ ਨੂੰ ਸ਼ਹੀਦ ਕਰਨ ਦੇ ਤੁਲ ਸੀ ।

ਮੈਂ ਸਾਥੀ ਜਗਜੀਤ ਸਿੰਘ ਆਨੰਦ ਦੀ ਸੂਝ ਤੇ ਸਾਥੀ ਗੜਗੱਜ ਜੀ ਪ੍ਰਤੀ ਉਨ੍ਹਾ ਦੀ ਸ਼ਰਧਾ ਦੀ ਦਾਦ ਦਿੱਤੇ ਬਿਨਾਂ ਨਹੀਂ ਰਹਿ ਸਕਦਾ, ਜਿਨਾਂ ਨੇ ਅਰਜਨ ਸਿੰਘ ਗੜਗੱਜ ਫਾਉਂਡੇਸ਼ਨ ਸਥਾਪਤ ਕਰ ਕੇ ਉਨਾ ਦੀ ਯਾਦ ਅਤੇ ਕੀਰਤੀ ਨੂੰ ਜ਼ਿੰਦਾ ਰੱਖਿਆ ਹੈ । ਸਾਥੀ ਗੜਗੱਜ ਜੀ ਨੇ ਅੰਗਰੇਜ਼ਾਂ ਦੀਆਂ ਜੇਲਾਂ ਤੇ ਲਾਹੌਰ ਦੇ ਕਿਲ੍ਹੇ ਵਿੱਚ ਜੋ ਅਸਹਿ ਤੇ ਅਕਹਿ ਤਸੀਹੇ ਝੱਲੇ ਸਨ. ਉਨ੍ਹਾਂ ਨੂੰ ਚੇਤੇ ਕਰਦਿਆਂ ਮੇਰਾ ਦਿਲ ਕੰਬਦਾ ਤੇ ਕਲਮ ਬਿੜਕਦੀ ਹੈ। ਇਹ ਲਿਖਤ 

ਤੇਰਾ ਸਿੰਘ ਚੰਨ

ਚੰਨ ਹੁਰਾਂ ਦੀ ਇਹ ਲਿਖਤ ਰੋਜ਼ਾਨਾ ਨਵਾਂ ਜ਼ਮਾਨਾ ਦੇ 50ਵੀਂ ਵਰ੍ਹੇਗੰਢ ਵਾਲੇ ਵਿਸ਼ੇਸ਼ ਅੰਕ ਵਿੱਚ ਛਪੀ ਸੀ। ਇਸ ਨੂੰ ਭਾਲਣ ਅਤੇ ਭੇਜਣ ਦਾ ਉੱਦਮ ਉਪਰਾਲਾ ਨਰਿੰਦਰ ਸੋਹਲ ਹੁਰਾਂ ਨੇ ਕੀਤਾ। ਤੁਹਾਨੂੰ ਇਹ ਉਪਰਾਲਾ ਕਿਵੇਂ ਲੱਗਿਆ ਜ਼ਰੂਰੁ ਦੱਸਣਾ ਜੀ। -ਸੰਪਾਦਕ 

Wednesday, May 26, 2021

ਨਵਾਂ ਜ਼ਮਾਨਾ ਨੇ ਦਿੱਤਾ ਕਿਸਾਨਾਂ ਦੇ ਕਾਲੇ ਦਿਵਸ ਨੂੰ ਮੱਸਿਆ ਦਾ ਨਾਂਅ

ਗੁਰਜੀਤ ਬਿੱਲਾ ਨੇ ਦਿੱਤਾ ਕਿਸਾਨ ਸੰਗਠਨਾਂ ਦੀਆਂ ਤਿਆਰੀਆਂ ਦਾ ਵੇਰਵਾ 


ਚੰਡੀਗੜ੍ਹ: 26 ਮਈ 2021: (ਪੰਜਾਬ ਸਕਰੀਨ ਡੈਸਕ)::

ਅੱਜ ਕਿਸਾਨਾਂ ਵੱਲੋਂ ਕਾਲੇ ਦਿਵਸ ਦਾ ਸੱਦਾ ਦਿੱਤਾ ਗਿਆ ਹੈ। ਖੱਬੇ ਪੱਖੀ ਵਿਚਾਰਧਾਰਾ ਵਾਲੇ ਅਖਬਾਰ ਰੋਜ਼ਾਨਾ ਨਵਾਂ ਜ਼ਮਾਨਾ ਨੇ ਖਬਰਾਂ ਦੀਆਂ ਸੁਰਖੀਆਂ ਬਾਰੇ ਆਪਣੀ ਪੁਰਾਣੀ ਰਵਾਇਤ ਨੂੰ ਸੁਰਜੀਤ ਕਰਦਿਆਂ ਆਪਣੇ ਮੁੱਖ ਸਫ਼ੇ ਦੀ ਮੁੱਖ ਖਬਰ ਬਣਾਇਆ ਹੈ ਕਾਲੇ ਦਿਵਸ ਦੇ ਸੱਦੇ ਨੂੰ ਅਤੇ ਇਸਦਾ ਸਿਰਲੇਖ ਹੈ: ਅੱਜ ਮੱਸਿਆ। ਇਸ ਖਬਰ ਵਿੱਚ ਰੋਜ਼ਾਨਾ ਨਵਾਂ ਜ਼ਮਾਨਾ ਦੇ ਚੰਡੀਗੜ੍ਹ/ਮੋਹਾਲੀ ਦੀ ਕਵਰੇਜ ਕਰਨ ਵਾਲੇ ਨਿਰੰਤਰ ਸਰਗਰਮ ਪੱਤਰਕਾਰ ਗੁਰਜੀਤ ਬਿੱਲਾ ਨੇ ਇਸਦਾ ਪੂਰਾ ਵੇਰਵਾ ਵੀ ਦਿੱਤਾ ਹੈ ਅਤੇ ਕਿਸਾਨਾਂ ਦੇ ਸਮਰਥਨ ਵਿਚ ਆਈਆਂ ਇਸਤਰੀਆਂ ਦੀ ਤਸਵੀਰ ਵੀ ਸ਼ਾਮਲ ਕੀਤੀ ਹੈ। 

ਕੇਂਦਰ ਸਰਕਾਰ ਵੱਲੋਂ ਲਿਆਂਦੇ 3 ਨਵੇਂ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਦਿੱਲੀ ਦੀਆਂ ਹੱਦਾਂ 'ਤੇ 26 ਨਵੰਬਰ ਤੋਂ ਚੱਲ ਰਹੇ ਕਿਸਾਨੀ ਮੋਰਚਿਆਂ ਦੇ 6 ਮਹੀਨੇ ਪੂਰੇ ਹੋਣ 'ਤੇ ਕੇਂਦਰ ਸਰਕਾਰ ਦੀ ਬੇਰੁਖੀ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਵਿਆਪੀ 'ਕਾਲਾ-ਦਿਵਸ' ਮਨਾਉਣ ਦੇ ਸੱਦੇ ਮੁਤਾਬਕ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

ਮੋਰਚੇ ਦੇ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ, ਸਾਹਿਤਕਾਰਾਂ, ਰੰਗਕਰਮੀਆਂ, ਟਰਾਂਸਪੋਰਟਰਾਂ, ਵਪਾਰੀਆਂ ਅਤੇ ਦੁਕਾਨਦਾਰਾਂ ਸਮੇਤ ਹਰ ਵਰਗ ਨੂੰ ਇਸ ਇਤਿਹਾਸਕ ਦਿਨ ਮੌਕੇ ਆਪਣਾ ਰੋਸ ਪ੍ਰਗਟਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਕਾਲੀਆਂ ਪੱਗਾਂ ਅਤੇ ਕਾਲ਼ੀਆਂ ਚੁੰਨੀਆਂ ਨਾਲ ਪੱਕੇ-ਧਰਨਿਆਂ 'ਚ ਸ਼ਮੂਲੀਅਤ ਕੀਤੀ ਜਾਵੇ।  ਚੌਕਾਂ 'ਚ ਵੀ ਨਾਅਰਿਆਂ ਵਾਲੇ ਫਲੈਕਸ ਲੈ ਕੇ ਪ੍ਰਦਰਸ਼ਨ ਕੀਤੇ ਜਾਣ। ਉਹਨਾਂ ਕਿਹਾ ਕਿ ਘਰਾਂ, ਦੁਕਾਨਾਂ, ਦਫਤਰਾਂ, ਟਰੈਕਟਰਾਂ, ਕਾਰਾਂ, ਜੀਪਾਂ, ਸਕੂਟਰਾਂ ਮੋਟਰਸਾਇਕਲਾਂ, ਬੱਸਾਂ, ਟਰੱਕਾਂ ਉਪਰ ਕਾਲੇ ਝੰਡੇ ਲਾ ਕੇ ਤਿੰਨਾਂ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਆਰਡੀਨੈਂਸ ਦੀ ਖ਼ਿਲਾਫ਼ਤ ਜ਼ੋਰ ਨਾਲ ਕੀਤੀ ਜਾਵੇਗੀ। 

ਹੋਰਨਾਂ ਕਿਸਾਨ ਆਗੂਆਂ ਨੇ ਵੀ ਸਪੱਸ਼ਟ ਕੀਤਾ ਹੈ ਕਿ ਕਾਲਾ ਦਿਵਸ ਮਨਾਉਣ ਲਈ ਕੋਰੋਨਾ ਦੇ ਮੱਦੇਨਜ਼ਰ ਦਿੱਲੀ ਦੇ ਬਾਰਡਰਾਂ 'ਤੇ ਬਹੁਤਾ ਇਕੱਠ ਨਹੀਂ ਕੀਤਾ ਜਾ ਰਿਹਾ। ਲੋਕ ਪਿੰਡਾਂ ਤੇ ਸ਼ਹਿਰਾਂ ਵਿਚ ਹੀ ਕਾਲੇ ਝੰਡੇ ਝੁਲਾਉਣਗੇ। ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕਾਲਾ ਦਿਵਸ ਜਿਸਮਾਨੀ ਦੂਰੀ ਬਣਾ ਕੇ ਮਨਾਇਆ ਜਾਵੇਗਾ। ਬੀ ਕੇ ਯੂ (ਏਕਤਾ-ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਲੋਕ ਦਿੱਲੀ ਬਾਰਡਰ 'ਤੇ ਖੁੱਲ੍ਹੀਆਂ ਥਾਂਵਾਂ 'ਤੇ ਪ੍ਰੋਟੈੱਸਟ ਕਰ ਰਹੇ ਹਨ। ਉਨ੍ਹਾਂ ਐਤਵਾਰ ਸਿਰਫ ਚਾਰ ਹਜ਼ਾਰ ਵਿਅਕਤੀ ਦਿੱਲੀ ਵੱਲ ਭੇਜੇ ਤੇ ਉਹ ਵੀ ਬੱਸਾਂ ਵਿਚ ਅੱਧੀਆਂ ਸਵਾਰੀਆਂ ਦੇ ਨਿਯਮ ਦੀ ਪਾਲਣਾ ਕਰਦਿਆਂ ਗਏ। 

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪਹਿਲਾਂ ਉਹ 15-20 ਹਜ਼ਾਰ ਦੇ ਜੱਥੇ ਦਿੱਲੀ ਬਾਰਡਰ ਵੱਲ ਭੇਜਦੇ ਸਨ, ਪਰ ਹੁਣ 4-5 ਹਜ਼ਾਰ ਦੇ ਜਥੇ ਭੇਜ ਰਹੇ ਹਨ। ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਦਿੱਲੀ ਬਾਰਡਰ 'ਤੇ ਭੀੜ ਹੋਰ ਘਟੇਗੀ, ਕਿਉਂਕਿ ਕਿਸਾਨਾਂ ਨੂੰ ਪਿੰਡਾਂ ਵਿਚ ਹੀ ਐੱਨ ਡੀ ਏ ਸਰਕਾਰ ਦੇ ਪੁਤਲੇ ਫੂਕਣ ਨੂੰ ਕਿਹਾ ਗਿਆ ਹੈ। ਬੀ ਕੇ ਯੂ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਵੀ ਕਿਹਾ ਕਿ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਾਲਾ ਦਿਵਸ ਮਨਾਇਆ ਜਾਵੇਗਾ।  ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਪੱਕੇ ਧਰਨੇ ਮੰਗਲਵਾਰ ਵੀ ਜੋਸ਼ੋ-ਖ਼ਰੋਸ਼ ਨਾਲ ਜਾਰੀ ਰਹੇ। ਇਸ ਦੌਰਾਨ ਕਿਸਾਨਾਂ ਦੇ ਕਾਫ਼ਲਿਆਂ ਦਾ ਪੰਜਾਬ 'ਚੋਂ ਲਗਾਤਾਰ ਸਿੰਘੂ ਅਤੇ ਟਿਕਰੀ ਦੇ ਮੋਰਚਿਆਂ 'ਤੇ ਜਾਣਾ ਜਾਰੀ ਹੈ। ਗੁਰਦਾਸਪੁਰ, ਹੁਸ਼ਿਆਰਪੁਰ, ਅੰਮਿ੍ਤਸਰ, ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ, ਮੋਗਾ, ਗੁਰਦਾਸਪੁਰ, ਫਰੀਦਕੋਟ, ਫਾਜ਼ਿਲਕਾ, ਮੋਗਾ, ਬਰਨਾਲਾ, ਨਵਾਂਸ਼ਹਿਰ, ਰੋਪੜ, ਮੁਹਾਲੀ ਜ਼ਿਲਿ੍ਹਆਂ ਸਮੇਤ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਦੇ ਦਰਜਨਾਂ ਜਥੇ ਰਵਾਨਾ ਹੋਏ। 

ਕਿਸਾਨ ਆਗੂਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਅੱਜ ਸਿਹਤ ਪ੍ਰਬੰਧ ਨਾਕਮਯਾਬ ਹੋ ਕੇ ਰਹਿ ਗਿਆ ਹੈ, ਕੋਰੋਨਾ ਮਰੀਜ਼ ਆਕਸੀਜਨ ਅਤੇ ਵੈਂਟੀਲੇਂਟਰਾਂ ਦੀ ਘਾਟ ਨਾਲ ਮੌਤ ਦਾ ਸ਼ਿਕਾਰ ਹੋ ਰਹੇ ਹਨ। ਮਾੜੀਆਂ ਸਿਹਤ ਸਹੂਲਤਾਂ ਖ਼ਿਲਾਫ਼ ਵੀ ਰੋਸ ਪ੍ਰਗਟਾਇਆ ਜਾਵੇਗਾ। 

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਨਿਹੰਗ 96 ਕਰੋੜੀ ਨੇ ਵੀ ਕਾਲੇ ਦਿਵਸ ਦੀ ਪੂਰਨ ਹਮਾਇਤ ਕੀਤੀ ਹੈ |

Tuesday, March 14, 2017

ਚਾਚਾ ਰੌਣਕੀ ਦੇ ਬਹਾਨੇ ਇੱਕ ਅਲਬੇਲੇ ਮਨੁੱਖ ਦੀ ਖੁਸ਼ਬੂ ਦਾ ਅਹਿਸਾਸ

...ਸੁਹੇਲ ਨੇ ਰੱਬ 'ਤੇ ਵੀ ਮੁਸਕਰਾ ਛੱਡਿਆ ਹੋਣੈਂ
ਫੇਸਬੁੱਕ: 14 ਮਾਰਚ 2017: ਰਾਤ ਨੂੰ 9:47 ਵਜੇ 
ਮਨੁੱਖ ਦੀ ਜ਼ਿੰਦਗੀ ਸਿੱਧੀ ਤੇ ਸਪਾਟ ਨਹੀਂ ਚਲਦੀ ਤੇ ਨਾ ਹੀ ਚੱਲਣੀ ਚਾਹੀਦੀ ਹੈ। ਇਹ ਇੱਕ ਵਹਿੰਦਾ ਦਰਿਆ ਹੈ, ਜਿਸ ਵਿੱਚ ਕਈ ਛੋਟੀਆਂ ਨਦੀਆਂ-ਨਾਲੇ ਆ ਕੇ ਮਿਲਦੇ ਰਹਿੰਦੇ ਹਨ ਤੇ ਇਸ ਨੂੰ ਰਵਾਨਗੀ ਬਖਸ਼ਦੇ ਰਹਿੰਦੇ ਹਨ। ਇਨ੍ਹਾਂ ਨਦੀਆਂ- ਨਾਲਿਆਂ 'ਚੋਂ ਕੁਝ ਅਜਿਹੇ ਵੀ ਹੁੰਦੇ ਹਨ, ਜਿਹੜੇ ਜ਼ਿੰਦਗੀ ਦੇ ਦਰਿਆ ਦੀ ਤਾਸੀਰ ਹੀ ਬਦਲ ਕੇ ਰੱਖ ਦਿੰਦੇ ਹਨ। ਤੁਹਾਨੂੰ ਇਸ ਗੱਲ ਦਾ ਇਲਮ ਉਦੋਂ ਹੁੰਦਾ ਹੈ, ਜਦ ਇਹ ਤੁਹਾਥੋਂ ਵਿੱਛੜ ਜਾਂਦੇ ਹਨ ਜਾਂ ਆਪਣੀ ਜਿਸਮਾਨੀ ਹੋਂਦ ਗੁਆ ਬਹਿੰਦੇ ਹਨ। ਫਿਰ ਰਵਾਨਗੀ ਦੇ ਇਹਨਾਂ ਸਰੋਤਾਂ ਦਾ ਅਹਿਸਾਸ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ। ਅਵਚੇਤਨ ਰੂਪ ਵਿੱਚ ਤੁਸੀਂ ਇਸ ਅਹਿਸਾਸ ਦਾ ਸਾਥ ਮਾਣਦੇ ਹੋ। ਕਈ ਵਾਰ ਅਚਾਨਕ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਕਿ ਮੁੜ ਤੋਂ ਸਭ ਕੁਝ ਜੀਵੰਤ ਹੋ ਜਾਂਦਾ ਹੈ। ਤੁਸੀਂ ਇੱਕ ਵਾਰ ਫਿਰ ਉਸ ਨਿੱਘ ਵਿੱਚ ਆਪਣੇ-ਆਪ ਨੂੰ ਘਿਰਿਆ ਪਾਉਂਦੇ ਹੋ। ਤੁਹਾਡਾ ਚੁਫੇਰਾ ਇੱਕ ਅਲਬੇਲੀ ਖੁਸ਼ਬੂ ਨਾਲ ਭਰ ਜਾਂਦਾ ਹੈ।
ਕੁਝ ਅਜਿਹਾ ਹੀ ਵਾਪਰਿਆ ਪਿਛਲੇ ਦਿਨੀਂ। ਨਕੋਦਰ ਰੋਡ 'ਤੇ ਅਬਾਦਪੁਰੇ 'ਚ ਇੱਕ ਦੁਕਾਨ 'ਤੇ ਦਾਤਰ ਲੈਣ ਲਈ ਰੁਕਿਆ ਤਾਂ ਉਥੇ ਸਬੱਬੀਂ ਬਲਵਿੰਦਰ ਵਿੱਕੀ ਨਾਲ ਮੇਲ ਹੋ ਗਿਆ। ਵਿੱਕੀ ਨੂੰ ਉਸ ਦੇ ਅਸਲ ਨਾਂਅ ਨਾਲ ਘੱਟ, ਚਾਚਾ ਰੌਣਕੀ ਰਾਮ ਦੇ ਨਾਂਅ ਨਾਲ ਵਧੇਰੇ ਜਾਣਿਆ ਜਾਂਦਾ ਹੈ। ਪਹਿਲਾਂ ਅਕਾਸ਼ਵਾਣੀ ਜਲੰਧਰ ਤੇ ਫਿਰ ਦੂਰਦਰਸ਼ਨ ਜਲੰਧਰ 'ਤੇ ਕਿਸੇ ਸਮੇਂ ਚਾਚਾ ਰੌਣਕੀ ਰਾਮ ਰੌਣਕ ਲਾਈ ਰੱਖਦਾ ਸੀ। ਚਹਾਰ ਬਾਗ ਜਲੰਧਰ 'ਚ ਰੋਜ਼ਾਨਾ 'ਲੋਕ ਲਹਿਰ' ਦੇ ਦਫਤਰ 'ਚ ਉਸ ਦਾ ਆਮ ਆਉਣ-ਜਾਣ ਸੀ। ਕਾਮਰੇਡ ਸੁਹੇਲ ਤੇ ਸਾਧੂ ਸਿੰਘ ਨਾਲ ਉਸ ਦੀ ਖਾਸ ਨੇੜਤਾ ਸੀ। ਇਸੇ ਨੇੜਤਾ 'ਚੋਂ ਹੀ ਮੇਰੀ ਵੀ ਉਸ ਨਾਲ ਜਾਣ-ਪਛਾਣ ਸੀ।
ਜਦ ਅਸੀਂ ਦੋਨੋਂ ਇੱਕ-ਦੂਸਰੇ ਦੇ ਰੂ-ਬ-ਰੂ ਹੋਏ ਤਾਂ ਉਹ ਮੇਰੇ ਵੱਲ ਵੇਖੀ ਜਾਵੇ ਤੇ ਮੈਂ ਉਸ ਵੱਲ। ਮੈਂ ਉਸ ਵੱਲ ਹੱਥ ਵਧਾਇਆ ਤਾਂ ਘੁੱਟ ਕੇ ਹੱਥ ਮਿਲਾਉਣ ਤੋਂ ਬਾਅਦ ਵਿੱਕੀ ਨੇ ਆਖਿਆ, 'ਪਛਾਣਦਾ ਪਿਆਂ, ਪਰ ਯਾਦ ਨਹੀਂ ਆ ਰਿਹਾ। ਮਿਲੇ ਜ਼ਰੂਰ ਹੋਏ ਆ ਰਿਹਾਂ...।' ਮੈਂ ਆਖਿਆ, 'ਚਲੋ ਇੱਕ ਥਾਂ ਲੈ ਚਲਦਾਂ, ਫਿਰ ਸ਼ਾਇਦ ਤੁਹਾਨੂੰ ਯਾਦ ਆ ਜਾਵੇ। ਮੈਂ ਕਾਮਰੇਡ ਸੁਹੇਲ ਹੁਰਾਂ ਦਾ ਸ਼ਾਗਿਰਦ ਹਾਂ, 'ਲੋਕ ਲਹਿਰ' 'ਚ ਉਨ੍ਹਾ ਨਾਲ ਕੰਮ ਕਰਦਾ ਸੀ।' ਇਹ ਆਖਣ ਦੀ ਦੇਰ ਸੀ ਕਿ ਵਿੱਕੀ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਤੇ ਬੋਲਿਆ, 'ਕਿਆ ਬਾਤ ਐ ਯਾਰ, ਕਾਫੀ ਬਦਲ ਗਿਐਂ।' ਇੱਕ ਡੂੰਘਾ ਸਾਹ ਲੈ ਕੇ ਫਿਰ ਆਖਣ ਲੱਗਾ, 'ਸੁਹੇਲ ਹੁਰਾਂ ਦੇ ਤਾਂ ਕੀ ਕਹਿਣੇ। ਉਹਦੇ ਜਿਹਾ ਮਤਵਾਲਾ ਮਨੁੱਖ ਮੈਨੂੰ ਕਿਧਰੇ ਨਹੀਂ ਲੱਭਾ। ਜਾਨ ਤਲੀ 'ਤੇ ਰੱਖ ਕੇ ਤੁਰਿਆ ਫਿਰਦਾ ਸੀ ਉਹ ਤਾਂ। ਉਹ ਇਕੱਲਾ ਨਹੀਂ, ਤੁਹਾਡੀ ਸਾਰੀ ਟੀਮ ਹੀ ਅਜਿਹੀ ਸੀ। ਕਾਲੀ-ਬੋਲੀ ਹਨੇਰੀ (ਅੱਤਵਾਦ) 'ਚ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਦੇਸ਼ ਵਾਸਤੇ, ਇਸ ਦੇ ਲੋਕਾਂ ਵਾਸਤੇ ਤੁਰੇ ਫਿਰਨਾ, ਸ਼ੈਦਾਈਆਂ ਵਾਂਗ। ਇਹ ਸਭ ਤੁਹਾਡੇ ਹਿੱਸੇ ਹੀ ਆਇਆ ਸੀ ਤੇ ਤੁਸੀਂ ਨਿਭਾਈ ਵੀ...ਸਲਾਮ ਉਹਨੂੰ ਤੇ ਸਲਾਮ ਤੁਹਾਨੂੰ ਸਭਨਾਂ ਨੂੰ।' ਮਾਣ ਨਾਲ ਮੇਰਾ ਸੀਨਾ ਚੌੜਾ ਹੋ ਗਿਆ। ਜ਼ਰਾ ਰੁਕ ਕੇ ਉਹ ਫਿਰ ਆਖਣ ਲੱਗਾ, 'ਮੈਂ ਸੋਚਦਾਂ, ਰੱਬ ਵੀ ਹੈਰਾਨ-ਪ੍ਰੇਸ਼ਾਨ ਜ਼ਰੂਰ ਹੋਇਆ ਹੋਣੈਂ ਕਿ ਤੈਨੂੰ ਤਾਂ ਗੋਲੀ ਨਾਲ ਮਰਨਾ ਚਾਹੀਦਾ ਸੀ, ਤੂੰ ਕੁਦਰਤੀ ਮੌਤ ਕਿਵੇਂ ਲੈ ਲਈ ਤੇ ਸੁਹੇਲ ਨੇ ਰੱਬ 'ਤੇ ਵੀ ਮੁਸਕਰਾ ਛੱਡਿਆ ਹੋਣੈਂ।' ਮੇਰੀਆਂ ਅੱਖਾਂ ਨਮ ਹੋ ਗਈਆਂ। ਇਸ ਤੋਂ ਵੱਡੀ ਸ਼ਰਧਾਂਜਲੀ ਮੇਰੇ ਉਸਤਾਦ, ਮੇਰੇ ਯੁੱਧ-ਸਾਥੀ ਲਈ ਹੋ ਹੀ ਨਹੀਂ ਸੀ ਸਕਦੀ। ਮੈਂ ਘੁੱਟ ਕੇ ਹੱਥ ਮਿਲਾਇਆ ਤੇ ਵਿੱਕੀ ਨੂੰ ਗਲਵੱਕੜੀ 'ਚ ਲੈ ਲਿਆ। ਉਸ ਦਾ ਸ਼ੁਕਰੀਆ ਅਦਾ ਕੀਤਾ ਚੇਤੇ ਦੀ ਚੰਗੇਰ 'ਚੋਂ ਸੁਹੇਲ ਹੁਰਾਂ ਨੂੰ ਬਾਹਰ ਕੱਢ ਕੇ ਮੇਰੇ ਸਾਹਮਣੇ ਲਿਆ ਖੜ੍ਹਾ ਕਰਨ ਲਈ।
ਮੈਂ ਲੁਹਾਰ ਦੇ ਬੇਟੇ ਨੂੰ ਸਾਡੀ ਇੱਕ ਤਸਵੀਰ ਖਿੱਚਣ ਲਈ ਕਿਹਾ। ਫਿਰ ਲੁਹਾਰ ਤੇ ਉਸ ਦੇ ਭਰਾ ਨੇ ਵੀ ਤਸਵੀਰਾਂ ਖਿੱਚਵਾਈਆਂ। ਸੜਕ ਦੇ ਦੂਸਰੇ ਪਾਸੇ ਮੇਰੀ ਸਾਥਣ ਪਰਮਜੀਤ ਇਹ ਸਭ ਦੇਖ ਰਹੀ ਸੀ। ਘਰ ਜਲਦੀ ਵਾਪਸ ਜਾਣਾ ਸੀ। ਮੈਂ ਵਿੱਕੀ ਤੋਂ ਵਿਦਾਇਗੀ ਲਈ। ਉਹ ਵੀ ਆਪਣਾ ਸਾਮਾਨ ਲੈ ਕੇ ਰਵਾਨਾ ਹੋ ਗਿਆ।
ਪਰਮਜੀਤ ਨੂੰ ਇਹ ਦੱਸਣ ਦੀ ਲੋੜ ਨਹੀਂ ਪਈ ਕਿ ਵਿੱਕੀ ਕੌਣ ਹੈ। ਉਸ ਨੇ ਸਿਰਫ ਏਨਾ ਆਖਿਆ, 'ਯਾਰ ਭੁੱਲ ਨਾ ਜਾਇਆ ਕਰ, ਤੁਹਾਨੂੰ ਪਤੈ ਕਿ ਢੇਰ ਸਾਰੇ ਕੰਮ ਕਰਨ ਵਾਲੇ ਪਏ ਹਨ। ਘਰ ਜਾ ਕੇ ਮੈਨੂੰ ਪਤੈ ਕਿ ਮੇਰੀ ਕੀ ਗਤ ਹੋਣੀ ਐਂ।' 'ਵਿੱਕੀ ਸੁਹੇਲ ਹੁਰਾਂ ਦੀਆਂ ਗੱਲਾਂ ਕਰਨ ਲੱਗ ਪਿਆ ਸੀ।' ਮੈਂ ਬੱਸ ਏਨਾ ਹੀ ਕਿਹਾ। ਪਰਮਜੀਤ ਬਿਲਕੁੱਲ ਸ਼ਾਂਤ ਹੋ ਗਈ ਸੀ। ਉਹ ਸੁਹੇਲ ਦਾ ਮੁੱਲ ਜਾਣਦੀ ਐ। ਘਰੋਂ ਅਸੀਂ ਦੋ ਜਣੇ ਗਏ ਸੀ, ਵਾਪਸੀ 'ਤੇ ਤਿੰਨ ਹੋ ਗਏ। ਸੁਹੇਲ ਨੂੰ ਛੱਡ ਕੇ ਭਲਾ ਕਿੱਦਾਂ ਆਉਂਦੇ।
ਬਹੁਤ ਮਹਾਨ ਸੀ ਉਹ ਮਨੁੱਖ। ਨਾ ਨਾਂਅ ਦੀ ਚਿੰਤਾ, ਨਾ ਸਨਮਾਨ ਦੀ ਚਿੰਤਾ, ਨਾ ਜਾਨ ਦੀ ਚਿੰਤਾ ਤੇ ਨਾ ਘਰ ਦੀ ਚਿੰਤਾ। ਇਹ ਗੱਲ ਸੱਚ ਹੈ ਕਿ ਜਿਸ ਵੇਲੇ ਸੁਹੇਲ ਹੁਰਾਂ ਦੀ ਮੌਤ ਹੋਈ, ਉਸ ਵੇਲੇ ਤੱਕ ਉਹਨਾ ਕੋਲ ਆਪਣਾ ਕੋਈ ਘਰ ਨਹੀਂ ਸੀ। ਰਘਬੀਰ ਕੌਰ ਭੈਣ ਜੀ ਉਹਨਾ ਦੇ ਤੁਰ ਜਾਣ ਤੋਂ ਬਾਅਦ ਹੀ ਘਰ ਬਣਾ ਸਕੇ।
ਅੱਜ ਦੇ ਇਸ ਖਪਤਵਾਦੀ ਦੌਰ 'ਚ ਕੋਈ ਹੈ ਅਜਿਹਾ ਪੱਤਰਕਾਰ, ਅਲਬੇਲਾ, ਮਤਵਾਲਾ!!
ਸ਼ੁਕਰੀਆ! ਬਲਵਿੰਦਰ ਵਿੱਕੀ, ਉਰਫ ਚਾਚਾ ਰੌਣਕੀ ਰਾਮ। ਜਿਉਂਦੇ ਵਸਦੇ ਰਹੋ!!

Friday, September 02, 2016

ਹੜਤਾਲਾਂ ਕੋਈ ਸ਼ੌਕ ਲਈ ਨਹੀਂ ਕੀਤੀਆਂ ਜਾਂਦੀਆਂ

ਇਸ ਦੇ ਜ਼ਿੰਮੇਵਾਰ ਮਜ਼ਦੂਰ ਨਹੀਂ, ਦੇਸ਼ ਦੀ ਸਰਕਾਰ ਹੈ
ਮਾੜੇ ਤੋਂ ਮਾੜੇ ਸਮੇਂ ਵਿੱਚ ਵੀ ਆਮ ਲੋਕਾਂ ਅਤੇ ਖੱਬੀਆਂ ਧਿਰਾਂ ਨਾਲ ਜੁੜਿਆ ਰਿਹਾ ਨਵਾਂ ਜ਼ਮਾਨਾ ਅਖਬਾਰ ਲਗਾਤਾਰ ਆਪਣੇ ਆਦਰਸ਼ ਉੱਤੇ ਡਟਿਆ ਹੋਇਆ ਹੈ। ਅੱਜ ਦੋ ਸਤੰਬਰ ਦੀ ਹੜਤਾਲ ਬਾਰੇ ਨਵਾਂ ਜ਼ਮਾਨਾ ਦਾ ਸੰਪਾਦਕੀ ਲੇਖ ਇਸਦੇ ਕਈ ਪੱਖਾਂ 'ਤੇ ਚਾਨਣਾ ਪਾਉਂਦਾ ਹੈ।    --ਕਾਰਤਿਕਾ ਸਿੰਘ (ਫ਼ੀਚਰ ਸੰਪਾਦਕ)
ਇਹ ਕੋਈ ਖੁਸ਼ੀ ਵਾਲੀ ਗੱਲ ਨਹੀਂ ਕਿ ਭਾਰਤ ਦੀ ਮਜ਼ਦੂਰ ਜਮਾਤ ਨੂੰ ਸਤੰਬਰ ਦਾ ਮਹੀਨਾ ਚੜ੍ਹਦਿਆਂ ਹੀ ਇੱਕ ਹੜਤਾਲ ਕਰਨੀ ਪੈ ਗਈ ਹੈ। ਮਜ਼ਦੂਰ ਹੜਤਾਲਾਂ ਦਾ ਸ਼ੌਕੀਨ ਨਹੀਂ, ਕੰਮ ਕਰਨਾ ਚਾਹੁੰਦਾ ਹੈ। ਜਦੋਂ ਵੀ ਕਦੀ ਕਿਸੇ ਥਾਂ ਹੜਤਾਲ ਹੁੰਦੀ ਹੈ, ਸਦੀਆਂ ਦਾ ਤਜਰਬਾ ਦੱਸਦਾ ਹੈ ਕਿ ਮਜ਼ਦੂਰ ਹੜਤਾਲ ਕਰਨ ਲਈ ਇਸ ਹੱਦ ਤੱਕ ਮਜਬੂਰ ਹੋ ਗਿਆ ਹੁੰਦਾ ਹੈ ਕਿ ਹੋਰ ਕੋਈ ਰਾਹ ਨਹੀਂ ਰਹਿੰਦਾ। ਇਹ ਤੰਗ-ਆਮਦ, ਬਜੰਗ ਆਮਦ ਹੈ।
ਮਜ਼ਦੂਰ ਜਮਾਤ ਦੀ ਇਸ ਵਾਰ ਦੀ ਹੜਤਾਲ ਵਿੱਚ ਲਗਭਗ ਸਾਰੇ ਮਹਿਕਮਿਆਂ ਦੇ ਕਿਰਤੀ ਸ਼ਾਮਲ ਹਨ ਤੇ ਲਗਭਗ ਸਾਰੀਆਂ ਟਰੇਡ ਯੂਨੀਅਨਾਂ ਦਾ ਇਸ ਬਾਰੇ ਸਾਂਝਾ ਸੱਦਾ ਹੈ। ਸਿਰਫ਼ ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਸਾਂਝ ਵਾਲੀ ਜਥੇਬੰਦੀ ਹੀ ਪਾਸੇ ਰਹੀ ਹੈ। ਉਸ ਨੇ ਰਹਿਣਾ ਵੀ ਸੀ। ਇਸ ਵੇਲੇ ਦੀ ਸਰਕਾਰ ਸਿਰਫ਼ ਭਾਰਤੀ ਜਨਤਾ ਪਾਰਟੀ ਦੀ ਨਹੀਂ, ਸਿੱਧੀ ਆਰ ਐੱਸ ਐੱਸ ਦੀ ਅਗਵਾਈ ਹੇਠ ਚੱਲਣ ਵਾਲੀ ਹੈ। ਜਿਹੜੀਆਂ ਜਥੇਬੰਦੀਆਂ ਆਪਣੀ ਵਫਾਦਾਰੀ ਆਰ ਐੱਸ ਐੱਸ ਨਾਲ ਜ਼ਾਹਰ ਕਰਦੀਆਂ ਹਨ, ਉਹ ਆਪਣੀ ਸਰਕਾਰ ਦੇ ਖ਼ਿਲਾਫ਼ ਹੜਤਾਲ ਵਿੱਚ ਜਾਣ ਲਈ ਰਾਜ਼ੀ ਹੋਣੀਆਂ ਹੀ ਨਹੀਂ ਸਨ। ਬਾਕੀ ਸਾਰੇ ਮਜ਼ਦੂਰ ਸੰਗਠਨ ਇੱਕਮੁੱਠਤਾ ਪੇਸ਼ ਕਰਨਗੇ। ਉਨ੍ਹਾਂ ਲਈ ਮੌਜੂਦਾ ਦੌਰ ਵਿੱਚ ਆਪਣੇ ਰਾਜਸੀ ਵਖਰੇਵਿਆਂ ਨਾਲੋਂ ਵੱਧ ਇਸ ਦੇਸ਼ ਦੇ ਲੋਕਾਂ ਅਤੇ ਖ਼ਾਸ ਕਰ ਕੇ ਮੁੜ੍ਹਕਾ ਵਗਾਉਣ ਵਾਲੀ ਮਜ਼ਦੂਰ ਜਮਾਤ ਦੇ ਹਿੱਤਾਂ ਨਾਲ ਵਫਾਦਾਰੀ ਅਹਿਮ ਹੈ, ਜਿਸ ਤੋਂ ਉਹ ਮੂੰਹ ਨਹੀਂ ਮੋੜ ਸਕਦੇ।
ਹੁਣ ਜਦੋਂ ਨਰਿੰਦਰ ਮੋਦੀ ਸਰਕਾਰ ਸਵਾ ਦੋ ਸਾਲ ਤੋਂ ਵੱਧ ਗੁਜ਼ਾਰ ਚੁੱਕੀ ਹੈ, ਉਸ ਕੋਲੋਂ ਪਿਛਲੀਆਂ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਉੱਤੇ ਅਮਲ ਦਾ ਲੇਖਾ ਪੁੱਛੇ ਜਾਣ ਵਾਲਾ ਵਕਤ ਵੀ ਆ ਚੁੱਕਾ ਹੈ। ਫਿਰ ਵੀ ਲੋਕਾਂ ਦਾ ਧਿਆਨ ਇਸ ਵਕਤ ਇਸ ਪ੍ਰਧਾਨ ਮੰਤਰੀ ਵੱਲੋਂ ਸਿਰਫ਼ ਸੌ ਦਿਨਾਂ ਵਿੱਚ ਵਿਦੇਸ਼ ਤੋਂ ਲਿਆਂਦੇ ਹੋਏ ਕਾਲੇ ਧਨ ਵਿੱਚੋਂ ਹਰ ਨਾਗਰਿਕ ਦੇ ਹਿੱਸੇ ਤਿੰਨ ਲੱਖ ਅਤੇ ਪੰਜ ਜੀਆਂ ਦੇ ਪਰਵਾਰ ਲਈ ਪੰਦਰਾਂ ਲੱਖ ਸਿੱਧੇ ਬੈਂਕ ਖਾਤੇ ਵਿੱਚ ਪਾਉਣ ਦੇ ਵਾਅਦੇ ਵੱਲ ਨਹੀਂ ਹੈ। ਉਹ ਨਾਅਰਾ ਤਾਂ ਓਦੋਂ ਹੀ ਪਿੱਛੇ ਪੈ ਗਿਆ ਸੀ, ਜਦੋਂ ਪ੍ਰਧਾਨ ਮੰਤਰੀ ਤੇ ਉਸ ਦੇ ਪਾਰਟੀ ਪ੍ਰਧਾਨ ਨੇ ਆਪ ਇਕਬਾਲ ਕਰ ਲਿਆ ਸੀ ਕਿ ਉਹ ਸਿਰਫ਼ ਇੱਕ ਚੋਣ ਜੁਮਲਾ ਸੀ। ਕੋਈ ਪ੍ਰਧਾਨ ਮੰਤਰੀ ਨੂੰ ਪਹਿਲੇ ਆਜ਼ਾਦੀ ਦਿਨ ਮੌਕੇ ਕੀਤੇ ਗਏ 'ਮੇਕ ਇਨ ਇੰਡੀਆ'’ਦੇ ਅਮਲੀ ਨਤੀਜਿਆਂ ਬਾਰੇ ਵੀ ਨਹੀਂ ਪੁੱਛੇਗਾ। ਮੋਦੀ ਜਦੋਂ ਸਿਰਫ਼ ਇੱਕ ਪੂੰਜੀਪਤੀ ਗੌਤਮ ਅਡਾਨੀ ਦੇ ਆਸਟਰੇਲੀਆ ਤੱਕ ਦੇ ਪ੍ਰਾਜੈਕਟਾਂ ਵਿੱਚ ਰੁੱਝੇ ਹੋਏ ਹਨ ਤਾਂ ਲੋਕ ਹਿੱਤਾਂ ਦੇ ਲਈ 'ਮੇਕ ਇਨ ਇੰਡੀਆ' ਦੇ ਜੁਮਲੇ ਉੱਤੇ ਅਮਲ ਕਰਨ ਦਾ ਵਕਤ ਹੀ ਨਹੀਂ ਬਚਣਾ। ਉਂਜ ਵੀ ਜਦੋਂ ਪ੍ਰਧਾਨ ਮੰਤਰੀ ਨੇ ਬਹੁਤਾ ਸਮਾਂ ਵਿਦੇਸ਼ ਦੀ ਸੈਰ ਕਰਨੀ ਹੈ ਅਤੇ ਉਸ ਦੇ ਭਾਰਤ ਆਉਣ ਬਾਰੇ ਸੁਣ ਕੇ ਲੋਕਾਂ ਨੇ ਹੱਸਣਾ ਹੈ ਕਿ ਉਸ ਨੂੰ ਕਦੇ-ਕਦਾਈਂ ਆਪਣੇ ਦੇਸ਼ ਦਾ ਚੇਤਾ ਵੀ ਆ ਜਾਂਦਾ ਹੈ, ਉਸ ਤੋਂ ਆਪਣੇ ਦੇਸ਼ ਦੇ ਹਿੱਤਾਂ ਦੇ ਲਈ ਕੁਝ ਸੋਚਣ ਅਤੇ ਅਮਲ ਕਰਨ ਦੀ ਆਸ ਕਰਨਾ ਆਪਣੇ ਆਪ ਬੇਲੋੜਾ ਹੋ ਜਾਂਦਾ ਹੈ।
ਇੱਕ ਰੰਗ ਸਾਡੇ ਦੇਸ਼ ਦਾ ਉਹ ਹੁੰਦਾ ਸੀ, ਜਦੋਂ ਭਾਰਤ ਦੀ ਹਰ ਕੇਂਦਰੀ ਸਰਕਾਰ ਦੌਰਾਨ ਪਬਲਿਕ ਸੈਕਟਰ ਦੇ ਅਦਾਰਿਆਂ ਲਈ ਇੱਕ ਮੰਤਰਾਲਾ ਹੁੰਦਾ ਸੀ। ਫਿਰ ਵਾਜਪਾਈ ਸਰਕਾਰ ਦੌਰਾਨ ਉਹ ਮੌਕਾ ਆਇਆ, ਜਦੋਂ ਇਸ ਤੋਂ ਉਲਟ ਜਨਤਕ ਖੇਤਰ ਦੇ ਅਦਾਰਿਆਂ ਦਾ ਭੋਗ ਪਾਉਣ ਲਈ ਇੱਕ ਮੰਤਰਾਲਾ ਬਣਾਇਆ ਗਿਆ। ਨਰਿੰਦਰ ਮੋਦੀ ਸਰਕਾਰ ਓਸੇ ਅਮਲ ਨੂੰ ਅੱਗੇ ਵਧਾਉਣ ਲੱਗੀ ਹੋਈ ਹੈ। ਆਰ ਐੱਸ ਐੱਸ ਇਸ ਤੋਂ ਖੁਸ਼ ਹੈ। ਪਿਛਲੀ ਸਰਕਾਰ ਦੇ ਵਕਤ ਜਦੋਂ ਵਿਦੇਸ਼ੀ ਪੂੰਜੀ ਲਈ ਦਰਵਾਜ਼ੇ ਖੋਲ੍ਹੇ ਜਾਣ ਲੱਗੇ ਸਨ ਤਾਂ ਆਰ ਐੱਸ ਐੱਸ ਇਸ ਦੇ ਵਿਰੋਧ ਲਈ ਲੋਕਾਂ ਨੂੰ ਸੱਦੇ ਦੇਂਦਾ ਸੀ। ਹੁਣ ਰੇਲਵੇ, ਬੈਂਕਾਂ, ਬੀਮਾ, ਲਗਭਗ ਹਰ ਖੇਤਰ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ ਵਧਾਇਆ ਜਾਂਦਾ ਵੇਖ ਕੇ ਅਤੇ ਨਿੱਜੀਕਰਨ ਫ਼ੌਜੀ ਖੇਤਰ ਤੱਕ ਪਹੁੰਚ ਜਾਣ ਪਿੱਛੋਂ ਵੀ ਉਹੋ ਆਰ ਐੱਸ ਐੱਸ ਇਸ ਸਰਕਾਰ ਦੇ ਨਾਲ ਹੈ। ਉਸ ਦੀ ਅਗਵਾਈ ਵਾਲੀ ਸਰਕਾਰ ਇਸ ਦੇਸ਼ ਦੀ ਸੁਰੱਖਿਆ ਨੂੰ ਵੀ ਖ਼ਤਰੇ ਵਿੱਚ ਪਾ ਰਹੀ ਹੈ।
ਭਾਰਤ ਦੀ ਮਜ਼ਦੂਰ ਜਮਾਤ ਨੇ ਹੁਣ ਤੱਕ ਜੋ ਕੁਝ ਪ੍ਰਾਪਤ ਕੀਤਾ ਹੈ, ਲੜ ਕੇ ਲਿਆ ਹੈ ਅਤੇ ਇਸ ਦੀ ਰਾਖੀ ਦੇ ਲਈ ਵੀ ਲੜਨ ਤੋਂ ਕਦੇ ਪਿੱਛੇ ਨਹੀਂ ਹਟੀ। ਉਸ ਦੀਆਂ ਮੰਗਾਂ ਵਿੱਚ ਨਿੱਜੀਕਰਨ ਦੇ ਵਿਰੋਧ ਦੇ ਨਾਲ ਹਰ ਕਾਮੇ ਲਈ ਪੈਨਸ਼ਨ ਦੀ ਮੰਗ ਵੀ ਸ਼ਾਮਲ ਹੈ ਤੇ ਇਹ ਗ਼ੈਰ-ਜਥੇਬੰਦ ਖੇਤਰ ਦੇ ਕਾਮਿਆਂ ਲਈ ਵੀ ਕੀਤੀ ਜਾਂਦੀ ਹੈ। ਆਮ ਲੋਕ ਇਸ ਵੇਲੇ ਮਹਿੰਗਾਈ ਤੋਂ ਤੰਗ ਹਨ ਤੇ ਮਨਮੋਹਨ ਸਿੰਘ ਦੀ ਸਰਕਾਰ ਦੇ ਵਕਤ ਮਹਿੰਗਾਈ ਵਿਰੁੱਧ ਮੁਜ਼ਾਹਰੇ ਕਰਨ ਵਾਲੇ ਭਾਜਪਾ ਆਗੂ ਅਤੇ ਉਨ੍ਹਾਂ ਨਾਲ ਜੁੜੇ ਹੋਏ ਸੰਗਠਨ ਇਸ ਬਾਰੇ ਚੁੱਪ ਹਨ। ਉਨ੍ਹਾਂ ਲਈ ਮਹਿੰਗਾਈ ਓਦੋਂ ਮਾੜੀ ਹੁੰਦੀ ਹੈ, ਜਦੋਂ ਦੇਸ਼ ਵਿੱਚ ਕੋਈ ਗ਼ੈਰ-ਭਾਜਪਾ ਸਰਕਾਰ ਹੋਵੇ, ਆਪਣੀ ਸਰਕਾਰ ਦੇ ਵਕਤ ਵਾਜਪਾਈ ਨੂੰ ਵੀ ਪਿਆਜ਼ ਦੇ ਭਾਅ ਵਧਦੇ ਵੇਖ ਕੇ ਚੁਟਕੁਲੇ ਸੁੱਝਦੇ ਰਹੇ ਸਨ। ਹੁਣ ਇਹੋ ਕੁਝ ਮੋਦੀ ਸਾਹਿਬ ਅਤੇ ਉਨ੍ਹਾ ਦੇ ਚਾਟੜੇ ਕਰਦੇ ਵੇਖ ਕੇ ਮਜ਼ਦੂਰ ਜਮਾਤ ਨੂੰ ਦੇਸ਼ ਦੇ ਸਾਂਝੇ ਹਿੱਤਾਂ ਵਾਸਤੇ ਮੈਦਾਨ ਵਿੱਚ ਆਉਣਾ ਪਿਆ ਹੈ।
ਅਸੀਂ ਫਿਰ ਇਹ ਗੱਲ ਕਹਿ ਦੇਈਏ ਕਿ ਹੜਤਾਲਾਂ ਕੋਈ ਸ਼ੌਕ ਲਈ ਨਹੀਂ ਕੀਤੀਆਂ ਜਾਂਦੀਆਂ, ਜਦੋਂ ਹੋਰ ਕੋਈ ਰਾਹ ਨਹੀਂ ਰਹਿੰਦਾ ਤਾਂ ਕਰਨੀਆਂ ਪੈਂਦੀਆਂ ਹਨ। ਦੇਸ਼ ਦੇ ਲੋਕ ਇਹ ਮਜਬੂਰੀ ਸਮਝਦੇ ਹਨ। ਸਾਰੀ ਮਜ਼ਦੂਰ ਜਮਾਤ ਜਦੋਂ ਅੱਜ ਹੜਤਾਲ ਕਰਨ ਜਾ ਰਹੀ ਹੈ, ਦੇਸ਼ ਦੀ ਸਰਕਾਰ ਨੂੰ ਇਸ ਤੋਂ ਅੱਖਾਂ ਚੁਰਾਉਣ ਦੀ ਥਾਂ ਮੁਨਾਸਬ ਹੱਲ ਪੇਸ਼ ਕਰਨਾ ਚਾਹੀਦਾ ਹੈ। ਜਦੋਂ ਸਰਕਾਰ ਨੇ ਹੱਲ ਪੇਸ਼ ਨਹੀਂ ਕੀਤਾ ਤਾਂ ਇਹੋ ਹੋਣਾ ਸੀ। ਕਿਰਤ ਦਾ ਇੱਕ ਦਿਨ ਅੱਜ ਵਾਲੀ ਇਸ ਹੜਤਾਲ ਨਾਲ ਜਦੋਂ ਬਿਨਾਂ ਕੰਮ ਤੋਂ ਜਾਵੇਗਾ ਤਾਂ ਇਸ ਨਾਲ ਨੁਕਸਾਨ ਦੇਸ਼ ਦਾ ਹੋਵੇਗਾ, ਪਰ ਇਸ ਦੇ ਜ਼ਿੰਮੇਵਾਰ ਮਜ਼ਦੂਰ ਨਹੀਂ, ਦੇਸ਼ ਦੀ ਉਹ ਸਰਕਾਰ ਹੈ, ਜਿਹੜੀ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਸਕੀ।

Saturday, July 16, 2016

ਕੂਕ-ਕੂਕ ਕੇ ਕੁਝ ਕਹਿੰਦੇ ਹਨ ਫਰਾਂਸ ਦੇ ਹਾਲਾਤ

ਇਸ ਦੀ ਜੜ੍ਹ ਲਾਉਣ ਦਾ ਜੁਰਮ ਵੀ ਉਨ੍ਹਾਂ ਆਪ ਕੀਤਾ ਹੋਇਆ ਸੀ
ਸੰਸਾਰ ਵਿੱਚ ਚੱਲ ਰਿਹਾ ਇਹ ਮੌਤਾਂ ਦਾ ਮੌਸਮ ਬਹੁਤ ਖਤਰਨਾਕ ਹੈ। ਇੱਕ ਦੇਸ਼ ਵਿੱਚ ਕੋਈ ਮੰਦੀ ਘਟਨਾ ਵਾਪਰੀ ਦਾ ਅਜੇ ਅਫਸੋਸ ਦਾ ਦੌਰ ਚੱਲ ਰਿਹਾ ਹੁੰਦਾ ਹੈ ਕਿ ਦੂਸਰੀ ਹੋਰ ਵਾਪਰ ਜਾਂਦੀ ਹੈ।  
ਬੀਤੀ ਰਾਤ ਜਦੋਂ ਅਸੀਂ ਏਸ਼ੀਆ ਵਾਲੇ ਲੋਕ ਗੂੜ੍ਹੀ ਨੀਂਦ ਸੁੱਤੇ ਸਾਂ, ਫਰਾਂਸ ਵਿੱਚ ਦਹਿਸ਼ਤਗਰਦਾਂ ਨੇ ਇੱਕ ਹੋਰ ਬੜੀ ਮਾੜੀ ਵਾਰਦਾਤ ਕਰ ਦਿੱਤੀ ਹੈ। ਇਸ ਦੇ ਸਾਰੇ ਵੇਰਵੇ ਤਾਂ ਹਾਲੇ ਨਹੀਂ ਮਿਲ ਸਕੇ, ਪਰ ਏਨੀ ਗੱਲ ਸਾਫ ਹੈ ਕਿ ਇੱਕ ਦਹਿਸ਼ਤਗਰਦ ਨੇ ਹੱਸਦੇ-ਖੇਡਦੇ ਲੋਕਾਂ ਉੱਤੇ ਟਰੱਕ ਚਾੜ੍ਹ ਕੇ ਲਾਸ਼ਾਂ ਵਿਛਾ ਦਿੱਤੀਆਂ ਤੇ ਫਿਰ ਪੁਲਸ ਦੇ ਹੱਥੋਂ ਖੁਦ ਵੀ ਮਾਰਿਆ ਗਿਆ। ਪੁਲਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੰਦਾ ਬਾਹਰੀ ਨਹੀਂ, ਸਥਾਨਕ ਸੀ। ਇਸ ਨਾਲ ਉਸ ਬਾਰੇ ਅਗਲੀ ਜਾਂਚ ਕਰਨ ਦੀ ਸੌਖ ਰਹੇਗੀ, ਪਰ ਇਸ ਘਟਨਾ ਬਾਰੇ ਜਿਵੇਂ ਖੜੇ ਪੈਰ ਦਹਿਸ਼ਤਗਰਦਾਂ ਦੀ ਸਭ ਤੋਂ ਵੱਡੀ ਜਥੇਬੰਦੀ ਆਈ ਐੱਸ ਆਈ ਐੱਸ ਵਾਲਿਆਂ ਨੇ ਜ਼ਿੰਮੇਵਾਰੀ ਲੈ ਲਈ ਹੈ, ਉਸ ਤੋਂ ਇਹ ਪਹਿਲਾਂ ਹੋਏ ਕਈ ਕਾਂਡਾਂ ਨਾਲ ਜੋੜ ਕੇ ਵੇਖਣੀ ਬਣਦੀ ਹੈ। ਅਫਸੋਸ ਦੀ ਗੱਲ ਹੈ ਕਿ ਫਰਾਂਸ ਪਿਛਲੇ ਸਾਲ ਤੋਂ ਏਦਾਂ ਦੇ ਕਤਲ-ਕਾਂਡਾਂ ਦਾ ਮੁੜ-ਮੁੜ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਉਸ ਦੇਸ਼ ਵਿੱਚ ਹਰ ਪਾਸੇ ਸਹਿਮ ਫੈਲ ਗਿਆ ਹੈ।
ਨਵਾਂ ਜ਼ਮਾਨਾ ਚੋਂ ਧੰਨਵਾਦ ਸਹਿਤ 
ਇਟਲੀ ਦੀ ਸਰਹੱਦ ਨੇੜੇ ਪੈਂਦਾ ਫਰਾਂਸ ਦਾ ਸ਼ਹਿਰ ਨੀਸ ਹੁਣ ਜਦੋਂ ਇਸ ਤਰ੍ਹਾਂ ਦੀ ਵਾਰਦਾਤ ਦਾ ਨਿਸ਼ਾਨਾ ਬਣਾਇਆ ਗਿਆ ਹੈ, ਓਦੋਂ ਓਥੇ ਜਸ਼ਨ ਮਨਾਇਆ ਜਾ ਰਿਹਾ ਸੀ। ਕਰੀਬ ਸਵਾ ਦੋ ਸਦੀਆਂ ਪਹਿਲਾਂ ਉਸ ਦੇਸ਼ ਦੇ ਲੋਕਾਂ ਨੇ ਇੱਕ ਇਨਕਲਾਬ ਕੀਤਾ ਸੀ, ਜਿਸ ਵਿੱਚ ਮਨੁੱਖੀ ਤੇ ਨਾਗਰਿਕ ਅਧਿਕਾਰਾਂ ਦਾ ਇੱਕ ਚਾਰਟਰ ਬਣਾਇਆ ਗਿਆ ਸੀ ਤੇ ਓਦੋਂ ਤੋਂ ਹਰ ਸਾਲ ਉਸ ਸ਼ੁਭ ਪੜਾਅ ਦੀ ਯਾਦ ਵਿੱਚ ਨੈਸ਼ਨਲ ਡੇਅ ਮਨਾਇਆ ਜਾਂਦਾ ਹੈ। ਫਰਾਂਸ ਦੇ ਕੌਮੀ ਪੱਧਰ ਦੇ ਸਮਾਗਮਾਂ ਬਾਰੇ ਇਹ ਸ਼ੱਕ ਕੀਤਾ ਜਾ ਸਕਦਾ ਸੀ ਕਿ ਓਥੇ ਦਹਿਸ਼ਤਗਰਦ ਕੋਈ ਸਾਜਿਸ਼ੀ ਸ਼ਰਾਰਤ ਕਰ ਸਕਦੇ ਹਨ, ਪਰ ਕਿਸੇ ਛੋਟੇ ਜਿਹੇ ਕਸਬੇ ਵਿੱਚ ਏਦਾਂ ਦੀ ਵਾਰਦਾਤ ਕਰਨ ਲਈ ਵੀ ਸਾਜ਼ਿਸ਼ ਕੀਤੀ ਜਾ ਸਕਦੀ ਹੈ, ਇਹ ਗੱਲ ਸ਼ਾਇਦ ਕਿਸੇ ਦੇ ਚਿੱਤ-ਚੇਤੇ ਵਿੱਚ ਨਹੀਂ ਹੋਵੇਗੀ। ਫਿਰ ਵਾਰਦਾਤ ਲਈ ਓਥੇ ਬੰਦੂਕਾਂ ਜਾਂ ਬੰਬਾਂ ਦੀ ਵਰਤੋਂ ਕਰਨ ਦੀ ਥਾਂ ਜਿਵੇਂ ਇੱਕ ਟਰੱਕ ਨੂੰ ਆਮ ਜਨਤਾ ਉੱਤੇ ਚਾੜ੍ਹ ਕੇ ਮਾਰਨ ਦਾ ਜ਼ੁਲਮ ਕੀਤਾ ਗਿਆ, ਇਸ ਬਾਰੇ ਤਾਂ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਦਹਿਸ਼ਤਗਰਦ ਹਰ ਵਾਰੀ ਵਾਰਦਾਤ ਕਰਨ ਦੀ ਕੋਈ ਇਹੋ ਜਿਹੀ ਨਵੀਂ ਸਾਜ਼ਿਸ਼ ਰਚਦੇ ਹਨ, ਜਿਹੜੀ ਓਦੋਂ ਤੱਕ ਆਮ ਲੋਕਾਂ ਦੀ ਸੋਚ ਤੋਂ ਬਾਹਰੀ ਹੁੰਦੀ ਹੈ। 
ਜਿਹੜੀ ਦਹਿਸ਼ਤਗਰਦੀ ਪਹਿਲਾਂ ਇੱਕ ਖਿੱਤੇ ਦੇ ਅੰਦਰ ਸੀਮਤ ਮੰਨੀ ਜਾਂਦੀ ਸੀ, ਫਿਰ ਉਹ ਸਾਰੀਆਂ ਹੱਦਾਂ ਉਲੰਘ ਕੇ ਸੰਸਾਰ ਪੱਧਰ ਦਾ ਵਰਤਾਰਾ ਬਣਨ ਲੱਗ ਪਈ। ਅਮਰੀਕਾ ਅਤੇ ਉਸ ਦੇ ਸਾਥੀ ਇਸ ਵਰਤਾਰੇ ਨੂੰ ਬਹੁਤ ਚਿਰ ਤੱਕ ਦੁਨੀਆ ਦੇ ਦੂਸਰੇ ਸਿਰੇ ਦਾ ਤਮਾਸ਼ਾ ਹੀ ਸਮਝਦੇ ਰਹੇ ਸਨ। ਫਿਰ ਉਹ ਘੜੀ ਵੀ ਆ ਗਈ, ਜਿਸ ਵਿੱਚ ਇੱਕ ਦਿਨ ਅਮਰੀਕਾ ਦੇ ਨਿਊ ਯਾਰਕ ਵਿੱਚ ਵਰਲਡ ਟਰੇਡ ਸੈਂਟਰ ਦੇ ਟਾਵਰਾਂ ਉੱਤੇ ਜਹਾਜ਼ ਮਾਰ ਕੇ ਸੰਸਾਰ ਨੂੰ ਕੰਬਣੀ ਛੇੜਨ ਵਾਲਾ ਕਹਿਰ ਵਰਤ ਗਿਆ ਸੀ। ਉਸ ਦੇ ਬਾਅਦ ਵੀ ਸੰਸਾਰ ਦੀਆਂ ਵੱਡੀਆਂ ਤਾਕਤਾਂ ਇਸ ਬਾਰੇ ਬਣਦੀ ਗੰਭੀਰਤਾ ਵਿਖਾਉਣ ਤੇ ਦਹਿਸ਼ਤਗਰਦੀ ਦੀ ਪਨੀਰੀ ਪੈਦਾ ਕਰਨ ਵਾਲਿਆਂ ਦੇ ਖਿਲਾਫ ਕੋਈ ਸਖਤੀ ਕਰਨ ਤੋਂ ਪਾਸਾ ਵੱਟਦੀਆਂ ਰਹੀਆਂ ਸਨ। ਪਿਛਲੇ ਸਾਲ ਫਰਾਂਸ ਵਿੱਚ ਅੱਗੜ-ਪਿੱਛੜ ਵਾਪਰੀਆਂ ਘਟਨਾਵਾਂ ਨੇ ਉਨ੍ਹਾਂ ਲਈ ਹੁਣ ਹੋਰ ਚੁੱਪ ਰਹਿਣ ਦੀ ਗੁੰਜਾਇਸ਼ ਨਹੀਂ ਛੱਡੀ। ਸਾਰਾ ਦੌਰ ਹੀ ਬਦਲਿਆ ਨਜ਼ਰ ਆਉਂਦਾ ਹੈ।
ਅਸਲੀਅਤ ਇਹ ਹੈ ਕਿ ਸੰਸਾਰ ਦੀਆਂ ਇਹ ਤਾਕਤਾਂ ਦਹਿਸ਼ਤਗਰਦੀ ਦੇ ਖਿਲਾਫ ਕਾਰਵਾਈ ਤੋਂ ਇਸ ਕਰ ਕੇ ਝਿਜਕਦੀਆਂ ਰਹੀਆਂ ਸਨ ਕਿ ਇਸ ਦੀ ਜੜ੍ਹ ਲਾਉਣ ਦਾ ਜੁਰਮ ਵੀ ਉਨ੍ਹਾਂ ਆਪ ਕੀਤਾ ਹੋਇਆ ਸੀ। ਅਫਗਾਨਿਸਤਾਨ ਵਿੱਚ ਸੋਵੀਅਤ ਪੱਖੀ ਸਰਕਾਰ ਦਾ ਤਖਤਾ ਪਲਟਣ ਵਾਸਤੇ ਜਿਹੜੇ ਜਹਾਦੀਆਂ ਨੂੰ ਇਨ੍ਹਾਂ ਨੇ ਪਾਕਿਸਤਾਨ ਵਿੱਚ ਬੈਠ ਕੇ ਆਪ ਤਿਆਰ ਕੀਤਾ ਸੀ, ਉਹ ਜਹਾਦੀ ਹੀ ਆਖਰ ਇਨ੍ਹਾਂ ਦੇ ਖਿਲਾਫ ਬੰਦੂਕਾਂ ਚੁੱਕ ਖੜੋਤੇ ਸਨ। ਹੋਰ ਤਾਂ ਹੋਰ, ਜਿਹੜੀਆਂ ਬੰਦੂਕਾਂ ਉਨ੍ਹਾਂ ਨੇ ਚੁੱਕੀਆਂ, ਉਹ ਵੀ ਇਨ੍ਹਾਂ ਤਾਕਤਾਂ ਦੀਆਂ ਦਿੱਤੀਆਂ ਹੋਈਆਂ ਸਨ। ਇਸ ਕਾਰਨ ਸੰਸਾਰ ਵਿੱਚ ਤਾਕਤ ਵਾਲੇ ਗਿਣੇ ਜਾਂਦੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਪਣੇ ਪਿਛਲੇ ਕੀਤੇ ਗੁਨਾਹਾਂ ਕਾਰਨ ਹੱਥਾਂ ਨਾਲ ਖਿਲਾਰੇ ਕੰਡੇ ਚੁਗਣ ਲਈ ਮਾਨਸਿਕ ਤੌਰ ਉੱਤੇ ਤਿਆਰ ਹੁੰਦਿਆਂ ਵਕਤ ਲੱਗਣਾ ਸੀ। ਇਸੇ ਸਮੇਂ ਨੂੰ ਦਹਿਸ਼ਤਗਰਦ ਵਰਤ ਗਏ। ਅਜੋਕੀ ਸਥਿਤੀ ਇਹ ਹੈ ਕਿ ਕੋਈ ਵੀ ਵੱਡੀ ਜਾਂ ਛੋਟੀ ਤਾਕਤ ਇਸ ਖਤਰੇ ਤੋਂ ਅਣਜਾਣ ਨਹੀਂ। 
ਨੁਕਸ ਅਜੇ ਵੀ ਇਹ ਹੈ ਕਿ ਉਹ ਆਪਣੇ ਦੇਸ਼ਾਂ ਵਿੱਚ ਪ੍ਰਬੰਧ ਪੱਕੇ ਕਰਨ ਅਤੇ ਹੋਰਨਾਂ ਨੂੰ ਇਹੋ ਕੁਝ ਕਰਨ ਲਈ ਪ੍ਰੇਰਨ ਦਾ ਕੰਮ ਤਾਂ ਕਰਦੇ ਹਨ, ਜਿੱਥੋਂ ਜ਼ਹਿਰ ਦੀਆਂ ਬੁਝੀਆਂ ਸੂਲਾਂ ਉੱਗਦੀਆਂ ਹਨ, ਉਸ ਦਾ ਕੋਈ ਬਾਨ੍ਹਣੂੰ ਬੰਨ੍ਹਣ ਬਾਰੇ ਜੱਕੋ-ਤੱਕੇ ਵਿੱਚ ਹੀ ਹਨ। ਇਹ ਜੱਕੋ-ਤੱਕਾ ਇੱਕ ਦਿਨ ਛੱਡਣਾ ਪਵੇਗਾ। ਅਫਗਾਨਿਸਤਾਨ ਜਾਂ ਇਰਾਕ ਵਾਂਗ ਸਿੱਧੀ ਜੰਗ ਛੇੜ ਦੇਣ ਦੀ ਸਲਾਹ ਕੋਈ ਨਹੀਂ ਦੇਵੇਗਾ, ਪਰ ਜਿਹੜੇ ਦੇਸ਼ ਤੋਂ ਇਸ ਵਰਤਾਰੇ ਨੂੰ ਸਾਰੇ ਸੰਸਾਰ ਵਿੱਚ ਕਮਾਂਡ ਕੀਤਾ ਜਾ ਰਿਹਾ ਹੈ, ਉਸ ਨੂੰ ਹੋਰ ਤਰ੍ਹਾਂ ਵੀ ਮਜਬੂਰ ਕੀਤਾ ਜਾ ਸਕਦਾ ਹੈ। ਇਕੱਲੇ-ਇਕੱਲੇ ਦੇਸ਼ ਨੇ ਫਰਾਂਸ, ਬੈਲਜੀਅਮ, ਤੁਰਕੀ, ਬੰਗਲਾ ਦੇਸ਼ ਜਾਂ ਹੋਰਨਾਂ ਵਾਂਗ ਭੁਗਤਣਾ ਹੈ ਜਾਂ ਹਿਟਲਰ ਵਿਰੁੱਧ ਲੜ ਕੇ ਫਾਸ਼ੀਵਾਦ ਦੇ ਖਿਲਾਫ ਹਾਸਲ ਕੀਤੀ ਗਈ ਜਿੱਤ ਵਾਂਗ ਮਨੁੱਖਤਾ ਦੇ ਬਚਾਅ ਦੀ ਜੰਗ ਲੜਨੀ ਹੈ, ਇਹ ਫੈਸਲਾ ਇੱਕ ਨਾ ਇੱਕ ਦਿਨ ਕਰਨਾ ਪਵੇਗਾ। ਜਿਹੜੀ ਘਟਨਾ ਬੀਤੀ ਰਾਤ ਫਰਾਂਸ ਵਿੱਚ ਹੋਈ ਹੈ, ਉਸ ਵਿੱਚ ਸੌ ਦੇ ਕਰੀਬ ਇਨਸਾਨਾਂ ਦੀ ਮੌਤ ਇਹ ਕੂਕ-ਕੂਕ ਕੇ ਕਹਿੰਦੀ ਹੈ ਕਿ ਹੋਰ ਵਕਤ ਗੁਆਉਣਾ ਬੇਵਕੂਫੀ ਹੋਵੇਗੀ, ਇਸ ਲਈ ਹਰ ਕਿਸੇ ਨੂੰ ਹਰ ਮੱਤਭੇਦ ਛੱਡ ਕੇ ਦਹਿਸ਼ਤਗਰਦੀ ਦੇ ਖਿਲਾਫ ਜੰਗ ਵਿੱਚ ਇੱਕ ਮਨ ਹੋ ਕੇ ਸਹਿਯੋਗ ਕਰਨਾ ਚਾਹੀਦਾ ਹੈ।

Saturday, April 09, 2016

ਸੁਰਜਨ ਜ਼ੀਰਵੀ ਬਾਰੇ ਜੋਗਿੰਦਰ ਕਲਸੀ ਦੀ ਦਸਤਾਵੇਜ਼ੀ ਫਿਲਮ ਰਲੀਜ਼

ਨਵਾਂ ਜਮਾਨਾ ਦੇ ਦਫਤਰ ਵਿੱਚ ਕੀਤੀ ਗਈ ਰਲੀਜ਼ 
ਜਲੰਧਰ: 8 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ ): 
ਜਦੋਂ ਨਵਾਂ ਜ਼ਮਾਨਾ ਆਪਣੀਆਂ ਲੋਕ ਪੱਖੀ ਨੀਤੀਆਂ ਕਾਰਣ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਵਿਚਾਰਾਂ ਦਾ ਚਾਨਣ  ਫੈਲਾ ਰਿਹਾ ਸੀ ਉਦੋਂ ਉਸ ਮਸ਼ਾਲ ਵਿੱਚ ਆਪਣਾ ਖੂਨ ਤੇਲ ਵਾਂਗ ਪਾਉਣ ਵਾਲਿਆਂ ਵਿੱਚ ਸੁਰਜਨ ਜ਼ੀਰਵੀ  ਵੀ ਇੱਕ ਸਨ। ਕਦੇ ਫੁਲਕਾ ਖਾ ਲਿਆ ਅਤੇ ਕਦੇ ਰਹਿ ਗਿਆ ਪਰ ਖਬਰ ਨਾ ਖੁੰਝ ਜਾਵੇ ਇਸਦਾ ਖਿਆਲ ਉਚੇਚ ਨਾਲ ਰੱਖਿਆ ਜਾਂਦਾ ਸੀ। ਉਸ ਵੇਲੇ  ਨਵਾਂ ਜ਼ਮਾਨਾ ਪੱਤਰਕਾਰਿਤਾ ਦੀ  ਯੂਨੀਵਰਸਿਟੀ ਵੱਜੋਂ ਜਾਣਿਆ ਜਾਂਦਾ ਸੀ ਜਿਸਨੇ  ਅਨਗਿਣਤ ਪੱਤਰਕਾਰ ਟਰੇਂਡ ਕੀਤੇ ਜਿਹਨਾਂ ਨੇ ਤਕਰੀਬਨ ਹਰ ਅਖਬਾਰ ਵਿੱਚ ਜਾ ਕੇ ਆਪਣੀ ਕਲਮ ਦੇ ਜੋਹਰ ਦਿਖਾਏ। ਬੜੇ ਹੀ ਮਿਠਾਸ ਨਾਲ ਜ਼ਿੰਦਗੀ ਅਤੇ ਕਲਮ ਦੇ ਕੌੜੇ ਸਚ ਸਮਝਾਉਣ ਵਾਲੀ ਸ਼ਖਸੀਅਤ ਸੁਰਜਨ ਸਿੰਘ ਜੀਰਵੀ ਬਾਰੇ ਇੱਕ ਦਸਤਾਵੇਜ਼ੀ ਫਿਲਮ ਬਣੀ ਹੈ ਜਿਹੜੀ ਅੱਜ ਨਵਾਂ  ਜ਼ਮਾਨਾ ਦਫਤਰ ਵਿੱਚ ਰਲੀਜ਼ ਕੀਤੀ ਗਈ।   
ਅੱਜ ਇਥੇ 'ਨਵਾਂ ਜ਼ਮਾਨਾ' ਦਫ਼ਤਰ ਵਿਖੇ ਜੁਗਿੰਦਰ ਸਿੰਘ ਕਲਸੀ (ਕੈਨੇਡਾ) ਵੱਲੋਂ ਬਣਾਈ ਗਈ ਦਸਤਾਵੇਜ਼ੀ ਫ਼ਿਲਮ 'ਸੁਰਜਨ ਜ਼ੀਰਵੀ ਸਮਕਾਲੀਆਂ ਦੀ ਨਜ਼ਰ ਵਿੱਚ' ਨੂੰ 'ਨਵਾਂ ਜ਼ਮਾਨਾ'’ ਦੇ ਸੰਪਾਦਕ ਜਤਿੰਦਰ ਪਨੂੰ ਤੇ ਜਨਰਲ ਮੈਨੇਜਰ ਕਾਮਰੇਡ ਗੁਰਮੀਤ ਵੱਲੋਂ ਰਿਲੀਜ਼ ਕੀਤਾ ਗਿਆ।
ਮਹੱਤਵ ਪੂਰਨ ਗੱਲ ਇਹ ਹੈ ਕਿ ਸੁਰਜਨ ਜ਼ੀਰਵੀ ਹੁਰਾਂ ਦੀ 'ਨਵਾਂ ਜ਼ਮਾਨਾ' ਨੂੰ ਅਜੋਕੀਆਂ ਸਿਖਰਾਂ ਤੱਕ ਪੁਚਾਉਣ ਵਿੱਚ ਮਹੱਤਵ ਪੂਰਨ ਭੂਮਿਕਾ ਰਹੀ ਹੈ। ਉਹ ਭਾਵੇਂ ਪਿਛਲੇ ਦੋ ਦਹਾਕਿਆਂ ਤੋਂ ਇਸ ਅਦਾਰੇ ਨਾਲ ਸਿੱਧੇ ਰੂਪ ਵਿੱਚ ਜੁੜੇ ਹੋਏ ਨਹੀਂ ਅਤੇ ਕੈਨੇਡਾ ਵਿੱਚ ਹਨ, ਪਰ ਖਰਾਬ ਸਿਹਤ ਦੇ ਬਾਵਜੂਦ ਉਨ੍ਹਾਂ ਦੀਆਂ ਲਿਖਤਾਂ ਤੇ ਟਿੱਪਣੀਆਂ ਅਕਸਰ 'ਨਵਾਂ ਜ਼ਮਾਨਾ'’ ਵਿੱਚ ਛਪਦੀਆਂ ਰਹਿੰਦੀਆਂ ਹਨ ਤੇ ਗਾਹੇ-ਬਗਾਹੇ ਸੇਧਾਂ ਵੀ ਦੇਂਦੇ ਰਹਿੰਦੇ ਹਨ। ਇਹੋ ਕਾਰਨ ਹੈ ਕਿ ਸੁਰਜਨ ਜ਼ੀਰਵੀ ਹੁਰਾਂ ਦੀ ਪਛਾਣ ਅੱਜ ਵੀ 'ਨਵਾਂ ਜ਼ਮਾਨਾ' ਨਾਲ ਤੇ 'ਨਵਾਂ ਜ਼ਮਾਨਾ' ਦੀ ਜ਼ੀਰਵੀ ਜੀ ਨਾਲ ਜੁੜੀ ਹੋਈ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਇਸ ਦਸਤਾਵੇਜ਼ੀ ਫ਼ਿਲਮ ਵਿੱਚੋਂ ਉਸ ਦੇ ਸਮਕਾਲੀਆਂ ਦੀ ਗੱਲਬਾਤ ਰਾਹੀਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ।
ਇਸ ਮੌਕੇ ਜਤਿੰਦਰ ਪਨੂੰ ਨੇ ਇਹ ਦਸਤਾਵੇਜ਼ੀ ਫ਼ਿਲਮ ਬਣਾਉਣ ਲਈ ਜੁਗਿੰਦਰ ਸਿੰਘ ਕਲਸੀ ਦੀ ਸ਼ਲਾਘਾ ਕਰਦਿਆਂ ਜ਼ੀਰਵੀ ਜੀ ਨਾਲ ਆਪਣੇ ਸੰਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਉਨ੍ਹਾ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹਨ ਤੇ ਉਨ੍ਹਾਂ ਤੋਂ ਬਹੁਤ ਸਿੱਖਿਆ ਹੈ। ਇਸ ਫਿਲ ਦੀ ਖਬਰ ਨਾਲ ਸਾਰੇ ਅਗਾਂਹਵਧੂ ਹਲਕਿਆਂ  ਵਿੱਚ ਖੁਸ਼ੀ ਦੀ ਲਹਿਰ ਹੈ।             

Friday, March 11, 2016

ਹੁਣ ਵਿਜੇ ਮਾਲਿਆ ਵੀ ਸਿਸਟਮ ਦੀਆਂ ਕਾਲੀਆਂ ਭੇਡਾਂ ਨੇ ਬਚਾ ਕੇ ਕੱਢ ਦਿੱਤਾ

ਵਿਜੇ ਮਾਲਿਆ ਨੇ 17 ਬੈਂਕਾਂ ਦਾ ਕਈ ਹਜ਼ਾਰ ਕਰੋੜ ਦਾ ਕਰਜ਼ਾ ਮੋੜਨਾ ਸੀ
ਕਈ ਦਿਨਾਂ ਤੋਂ ਜਿਹੜੇ ਵਿਜੇ ਮਾਲਿਆ ਬਾਰੇ ਇਹ ਰੌਲਾ ਪੈਂਦਾ ਸੁਣਿਆ ਜਾ ਰਿਹਾ ਸੀ ਕਿ ਉਸ ਨੂੰ ਇਸ ਦੇਸ਼ ਦੀ ਕਾਨੂੰਨ ਦੀ ਮਸ਼ੀਨਰੀ ਹਰ ਥਾਂ ਸੁੰਘਦੀ ਫਿਰਦੀ ਹੈ ਤੇ ਕਿਸੇ ਵੀ ਵਕਤ ਫੜਿਆ ਜਾ ਸਕਦਾ ਹੈ, ਉਸ ਨੂੰ ਕਿਸੇ ਨੇ ਨਹੀਂ ਫੜਿਆ ਤੇ ਉਹ ਸਭ ਤੋਂ ਸੁਰੱਖਿਅਤ ਪਨਾਹਗਾਹ ਵਿੱਚ ਪਹੁੰਚ ਗਿਆ ਹੈ। ਸੁਰੱਖਿਅਤ ਅੱਡਾ ਉਹ ਹੀ ਹੈ, ਜਿੱਥੇ ਕ੍ਰਿਕਟ ਦਾ ਫਰਾਡੀਆ ਲਲਿਤ ਮੋਦੀ ਜਾ ਕੇ ਲੁਕਿਆ ਹੋਇਆ ਹੈ। ਉਹ ਵੀ ਲੰਡਨ ਵਿੱਚ ਬੈਠਾ ਸੀ ਤੇ ਵਿਜੇ ਮਾਲਿਆ ਵੀ ਓਥੇ ਪਹੁੰਚ ਗਿਆ ਹੈ। ਇਸ ਬਾਰੇ ਤਸਦੀਕ ਦੀ ਖ਼ਬਰ ਅੱਜ ਆ ਗਈ ਹੈ। ਵਿਜੇ ਮਾਲਿਆ ਇਸ ਦੇਸ਼ ਤੋਂ ਨਿਕਲਿਆ ਕਿਵੇਂ, ਇਸ ਸੰਬੰਧ ਵਿੱਚ ਹੁਣ ਦੂਸ਼ਣਬਾਜ਼ੀ ਚੱਲ ਰਹੀ ਹੈ ਅਤੇ ਚੱਲਦੀ ਰਹੇਗੀ। 
ਸਧਾਰਨ ਛੋਟਾ ਕਾਰੋਬਾਰੀ ਵਿਜੇ ਮਾਲਿਆ ਭਾਰਤ ਦੇ ਪੂੰਜੀ ਬਾਜ਼ਾਰ ਵਿੱਚ ਕੁੰਡੀਆਂ ਪਾਉਂਦਾ ਇਸ ਤਰ੍ਹਾਂ ਪੌੜੀ-ਪੌੜੀ ਚੜ੍ਹਦਾ ਗਿਆ, ਜਿਵੇਂ ਸਹਾਰਾ ਵਾਲਾ ਸੁਬਰਤੋ ਰਾਏ ਤੇ ਘੋੜਿਆਂ ਦਾ ਉਹ ਵਪਾਰੀ ਹਸਨ ਅਲੀ ਚੜ੍ਹ ਗਏ ਸਨ, ਜਿਹੜਾ ਹੁਣ ਭਾਰਤ ਸਰਕਾਰ ਦਾ ਇੱਕ ਲੱਖ ਕਰੋੜ ਦਾ ਦੇਣਦਾਰ ਹੈ। ਸੁਬਰਤੋ ਰਾਏ ਜੇਲ੍ਹ ਵਿੱਚ ਚਲਾ ਗਿਆ, ਕਿਉਂਕਿ ਭੱਜਣ ਦੇ ਰਾਹ ਵੇਲੇ ਸਿਰ ਬੰਦ ਹੋ ਗਏ ਸਨ ਅਤੇ ਉਸ ਦੀ ਮੁਲਾਇਮ ਸਿੰਘ ਯਾਦਵ ਅਤੇ ਉੁਸ ਦੇ ਮੁੱਖ ਮੰਤਰੀ ਪੁੱਤਰ ਅਖਿਲੇਸ਼ ਉੱਤੇ ਰੱਖੀ ਟੇਕ ਕੰਮ ਨਹੀਂ ਸੀ ਆ ਸਕੀ। ਹਸਨ ਅਲੀ ਕੋਲ ਵਕੀਲਾਂ ਦੀ ਇਹੋ ਜਿਹੀ ਜ਼ੋਰਦਾਰ ਟੀਮ ਹੈ ਕਿ ਕਾਨੂੰਨ ਨੂੰ ਝਕਾਨੀ ਦੇਈ ਜਾਂਦਾ ਹੈ ਤੇ ਇਸ ਕੰਮ ਵਿੱਚ ਉਸ ਦੀ ਮਦਦ ਸੰਸਾਰ ਦੀ ਹਥਿਆਰ ਮੰਡੀ ਦੇ ਵੱਡੇ ਵਪਾਰੀ ਵੀ ਭਾਰਤ ਸਰਕਾਰ ਤੱਕ ਉਲਟੀ-ਸਿੱਧੀ ਪਹੁੰਚ ਰਾਹੀਂ ਕਰੀ ਜਾਂਦੇ ਹਨ। ਇਸੇ ਤਰ੍ਹਾਂ ਹੁਣ ਵਿਜੇ ਮਾਲਿਆ ਵੀ ਸਿਸਟਮ ਦੀਆਂ ਕਾਲੀਆਂ ਭੇਡਾਂ ਨੇ ਬਚਾ ਕੇ ਕੱਢ ਦਿੱਤਾ ਹੈ।
ਹੁਣ ਪਤਾ ਲੱਗ ਰਿਹਾ ਹੈ ਕਿ ਵਿਜੇ ਮਾਲਿਆ ਨੇ ਭਾਰਤ ਦੀਆਂ ਸਤਾਰਾਂ ਬੈਂਕਾਂ ਦਾ ਕਈ ਹਜ਼ਾਰ ਕਰੋੜ ਦਾ ਕਰਜ਼ਾ ਮੋੜਨਾ ਸੀ, ਪਰ ਮੋੜਦਾ ਨਹੀਂ ਸੀ। ਬੈਂਕਾਂ ਦੇ ਅਧਿਕਾਰੀਆਂ ਅਤੇ ਬੋਰਡਾਂ ਨੇ ਵੀ ਉਸ ਨੂੰ ਕਰਜ਼ਾ ਮੋੜਨ ਲਈ ਕਦੀ ਮਜਬੂਰ ਨਹੀਂ ਸੀ ਕੀਤਾ। ਖਿਲਾਰਾ ਤਾਂ ਓਦੋਂ ਪਿਆ, ਜਦੋਂ ਕੇਸ ਸੁਪਰੀਮ ਕੋਰਟ ਚਲਾ ਗਿਆ। ਕੋਰਟ ਨੇ ਹੁਕਮ ਕਰ ਦਿੱਤਾ ਕਿ ਕਈ-ਕਈ ਸੌ ਕਰੋੜ ਵਾਲੇ ਡਿਫਾਲਟਰਾਂ ਦੇ ਨਾਂਅ ਜਾਰੀ ਕਰ ਦਿੱਤੇ ਜਾਣ ਅਤੇ ਇਸ ਵਿੱਚ ਪਹਿਲਾ ਕੁਹਾੜਾ ਵਿਜੇ ਮਾਲਿਆ ਉੱਤੇ ਚੱਲਣ ਦਾ ਸਬੱਬ ਹੋ ਗਿਆ। ਇੱਕ ਬੈਂਕ ਨੇ ਕਿਹਾ ਕਿ ਉਸ ਨੇ ਪੰਜ ਸੌ ਕਰੋੜ ਤੋਂ ਵੱਧ ਦਾ ਕਰਜ਼ਾ ਲਿਆ ਸੀ ਤੇ ਮੋੜਦਾ ਨਹੀਂ ਸੀ। ਦੂਸਰੇ ਨੇ ਨੌਂ ਸੌ ਕਰੋੜ ਕਿਹਾ ਅਤੇ ਇਸ ਪਿੱਛੋਂ ਵਾਰੀ-ਵਾਰੀ ਸਾਰੇ ਬੈਂਕ ਉਸ ਦੀ ਦੇਣਦਾਰੀ ਦੱਸਣ ਲੱਗ ਪਏ। ਹੈਰਾਨੀ ਵਾਲੀ ਗੱਲ ਇਹ ਪਤਾ ਲੱਗੀ ਕਿ ਜਦੋਂ ਇੱਕ ਬੈਂਕ ਵੱਲੋਂ ਉਸ ਨੂੰ ਵਿਲ-ਫੁਲ ਡਿਫਾਲਟਰ (ਜਾਣ-ਬੁੱਝ ਕੇ ਕਰਜ਼ਾ ਨਾ ਮੋੜਨ ਵਾਲਾ) ਐਲਾਨ ਕੀਤਾ ਜਾ ਚੁੱਕਾ ਸੀ, ਉਸ ਦੇ ਬਾਅਦ ਵੀ ਕੁਝ ਬੈਂਕਾਂ ਨੇ ਉਸ ਨੂੰ ਹੋਰ ਕਰਜ਼ਾ ਦੇ ਛੱਡਿਆ। ਇਹ ਕੰਮ ਸਿਰਫ਼ ਮਾਇਆ ਦਾ ਛੱਟਾ ਦੇ ਕੇ ਕਰਵਾਇਆ ਜਾਂਦਾ ਹੈ। ਜਦੋਂ ਵਿਜੇ ਮਾਲਿਆ ਫਸਣ ਲੱਗਾ ਤਾਂ ਬੈਂਕਾਂ ਵਾਲੇ ਸਰਗਰਮ ਹੋ ਗਏ ਹਨ।
ਇਸ ਬੁੱਧਵਾਰ ਦੇ ਦਿਨ ਜਦੋਂ ਸੁਪਰੀਮ ਕੋਰਟ ਵਿੱਚ ਸਤਾਰਾਂ ਬੈਂਕਾਂ ਨੇ ਸਾਂਝੀ ਅਰਜ਼ੀ ਪਾਈ ਕਿ ਮਾਲਿਆ ਨੂੰ ਦੇਸ਼ ਵਿੱਚੋਂ ਬਾਹਰ ਭੱਜਣ ਤੋਂ ਰੋਕਿਆ ਜਾਵੇ ਤਾਂ ਹੋਰ ਵੀ ਹੈਰਾਨੀ ਵਾਲੀਆਂ ਗੱਲਾਂ ਸਾਹਮਣੇ ਆਈਆਂ। ਇੱਕ ਤਾਂ ਇਹ ਕਿ ਇਨ੍ਹਾਂ ਬੈਂਕਾਂ ਨੇ ਪਹਿਲਾਂ ਇਸ ਬਾਰੇ ਕਾਰਵਾਈ ਹੀ ਨਹੀਂ ਸੀ ਕੀਤੀ ਤੇ ਜਦੋਂ ਕੀਤੀ ਤਾਂ ਸਰਕਾਰ ਦੇ ਵਕੀਲ ਨੇ ਇਹ ਭੇਦ ਖੋਲ੍ਹ ਦਿੱਤਾ ਕਿ ਰੋਕਣਾ ਕਿਸ ਨੂੰ ਹੈ, ਮਾਲਿਆ ਦੋ ਮਾਰਚ ਦਾ ਏਥੋਂ ਨਿਕਲ ਗਿਆ ਹੈ। ਫਿਰ ਇਹ ਗੱਲ ਪੁੱਛੀ ਗਈ ਕਿ ਵਿਜੇ ਮਾਲਿਆ ਦੇ ਵਿਰੁੱਧ ਕਾਰਵਾਈ ਹੁਣ ਤੱਕ ਕੀ ਹੋਈ ਤਾਂ ਪਤਾ ਲੱਗਾ ਕਿ ਕਰਜ਼ਾ ਵਸੂਲੀ ਟ੍ਰਿਬਿਊਨਲ ਹੁਣ ਭਾਵੇਂ ਬਹੁਤ ਸਖ਼ਤ ਹੈ, ਪਰ ਜਦੋਂ ਕਾਰਵਾਈ ਕਰਨ ਦੀ ਲੋੜ ਸੀ ਤਾਂ ਉਸ ਨੇ ਸੱਤਰ ਤੋਂ ਵੱਧ ਵਾਰੀ ਸੁਣਵਾਈ ਦੀ ਤਾਰੀਖ ਮੁਲਤਵੀ ਕਰ ਛੱਡੀ ਸੀ। ਤੀਸਰੀ ਗੱਲ ਇਹ ਪਤਾ ਲੱਗੀ ਕਿ ਅੰਬਾਲੇ ਦੀ ਇੱਕ ਅਦਾਲਤ ਨੇ ਵਿਜੇ ਮਾਲਿਆ ਦੇ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹੋਏ ਸਨ, ਪਰ ਉਨ੍ਹਾਂ ਬਾਰੇ ਕਿਸੇ ਵੀ ਹਵਾਈ ਅੱਡੇ ਨੂੰ ਇਹ ਸੂਚਨਾ ਨਹੀਂ ਸੀ ਭੇਜੀ ਗਈ ਕਿ ਇਸ ਬੰਦੇ ਨੂੰ ਰੋਕਣਾ ਹੈ। ਜਦੋਂ ਉਹ ਚਲਾ ਗਿਆ ਤਾਂ ਅੱਖਾਂ ਓਹਲੇ ਹੋ ਗਏ ਸੱਪ ਦੀ ਲਕੀਰ ਉੱਤੇ ਸੋਟੇ ਮਾਰਨ ਦਾ ਕੰਮ ਹਰ ਕੋਈ ਕਰੀ ਜਾਂਦਾ ਹੈ।
ਕਾਂਗਰਸ ਵਾਲੇ ਹੁਣ ਭਾਜਪਾ ਵਾਲਿਆਂ ਨੂੰ ਦੋਸ਼ ਦੇ ਰਹੇ ਹਨ ਕਿ ਉਸ ਨੂੰ ਜਾਣ ਦਿੱਤਾ ਹੈ ਤੇ ਭਾਜਪਾ ਵਾਲੇ ਇਹ ਕਹਿੰਦੇ ਹਨ ਕਿ ਕਾਂਗਰਸੀ ਸਰਕਾਰ ਵੇਲੇ ਉਸ ਨੂੰ ਦੋਸ਼ੀ ਮੰਨਿਆ ਜਾ ਚੁੱਕਾ ਸੀ, ਪਰ ਕਾਰਵਾਈ ਨਹੀਂ ਸੀ ਕੀਤੀ ਗਈ। ਦੋਸ਼ੀ ਦੋਵੇਂ ਧਿਰਾਂ ਹਨ, ਕਿਉਂਕਿ ਬੈਂਕਾਂ ਨਾਲ ਠੱਗੀਆਂ ਕਰਨ ਦਾ ਕੰਮ ਕਾਂਗਰਸੀ ਰਾਜ ਦੇ ਵਿੱਚ ਵੀ ਹੋਇਆ ਸੀ ਤੇ ਭਾਜਪਾ ਰਾਜ ਵਿੱਚ ਵੀ। ਕਿੰਗਫਿਸ਼ਰ ਏਅਰਲਾਈਨ ਦਾ ਭੱਠਾ ਬਿਠਾ ਕੇ ਵੀ ਉਹ ਦੇਸ਼ ਵਿੱਚ ਐਸ਼ ਕਰਦਾ ਰਿਹਾ ਸੀ, ਪਰ ਕਾਂਗਰਸੀ ਸਰਕਾਰ ਨੇ ਕੁਝ ਨਹੀਂ ਸੀ ਕੀਤਾ। ਜਦੋਂ ਨਵਾਂ ਰਾਜ ਆ ਗਿਆ ਤਾਂ ਇਨ੍ਹਾਂ ਨੇ ਵੀ ਸਾਰਾ ਕੁਝ ਜਾਣਦੇ ਹੋਣ ਦੇ ਬਾਵਜੂਦ ਉਸ ਨੂੰ ਫੜਨ ਦੀ ਲੋੜ ਨਹੀਂ ਸਮਝੀ। ਜਿਹੜਾ ਪੈਸਾ ਲੁਟੇਰੇ ਲੁੱਟੀ ਜਾ ਰਹੇ ਹਨ, ਲਲਿਤ ਮੋਦੀ ਲੁੱਟਦਾ ਹੋਵੇ ਜਾਂ ਵਿਜੇ ਮਾਲਿਆ, ਉਹ ਪੈਸਾ ਭਾਰਤ ਦੇ ਨਾਗਰਿਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਦਾ ਹੈ। ਨਾ ਇਸ ਦੀ ਚਿੰਤਾ ਭਾਜਪਾ ਵਾਲਿਆਂ ਨੂੰ ਹੈ ਤੇ ਨਾ ਕਾਂਗਰਸ ਵਾਲਿਆਂ ਨੂੰ। ਦੋਵਾਂ ਪਾਰਟੀਆਂ ਦੇ ਲੀਡਰਾਂ ਦੀ ਚੋਰਾਂ ਤੇ ਲੁਟੇਰਿਆਂ ਨਾਲ ਪੱਕੀ-ਪੀਡੀ ਸਾਂਝ ਹੋਣ ਕਾਰਨ ਉਹ ਲੁੱਟ ਕੇ ਖਿਸਕ ਜਾਂਦੇ ਹਨ।
ਬਹੁਤ ਸੁਣਿਆ ਜਾਂਦਾ ਹੈ ਕਿ ਭਾਰਤ ਵਿੱਚ ਸਹਿਣਸ਼ੀਲਤਾ ਦੀ ਘਾਟ ਹੈ, ਪਰ ਇਹੋ ਜਿਹੇ ਕੇਸ ਵੇਖੇ ਜਾਣ ਤਾਂ ਇੰਜ ਜਾਪਦਾ ਹੈ ਕਿ ਸਹਿਣਸ਼ੀਲਤਾ ਦੀ ਘਾਟ ਵਿਚਾਰਾਂ ਦੇ ਮੈਦਾਨ ਵਿੱਚ ਹੈ, ਚੋਰਾਂ ਨਾਲ ਸਹਿਣਸ਼ੀਲਤਾ ਦੀ ਨੀਤੀ ਸਿਖ਼ਰਾਂ ਛੋਹ ਰਹੀ ਹੈ। ਭ੍ਰਿਸ਼ਟਾਚਾਰ ਦੀ ਨੀਂਹ ਉੱਤੇ ਖੜੀ ਇਸੇ ਸਹਿਣਸ਼ੀਲਤਾ ਦਾ ਲਾਭ ਉਠਾ ਕੇ ਵਿਜੇ ਮਾਲਿਆ ਆਪਣੀ ਸੁਰੱਖਿਅਤ ਪਨਾਹਗਾਹ ਵਿੱਚ ਇੰਗਲੈਂਡ ਜਾ ਪਹੁੰਚਾ ਹੈ ਤੇ ਲੋਕ ਵੇਖਦੇ ਰਹੇ ਹਨ।

Thursday, September 10, 2015

ਪੈਸਾ ਇਕੱਠਾ ਕਰਕੇ ਐਸ਼-ਪ੍ਰਸ਼ਤੀ ਕਰਨ ਤੋਂ ਸਿਵਾਏ ਕੁਝ ਨਹੀਂ ਕਰਦੇ ਖਾਲਿਸਤਾਨੀ

ਨਾਭਾ ਜੇਲ੍ਹ ਵਿੱਚ ਬੰਦ ਰਤਨਦੀਪ ਸਿੰਘ ਵੱਲੋਂ ਅਹਿਮ ਪ੍ਰਗਟਾਵੇ
ਅੰਮ੍ਰਿਤਸਰ: 10 ਸਤੰਬਰ 2015:

ਵੱਖ-ਵੱਖ ਕੇਸਾਂ ਨੂੰ ਲੈ ਕੇ ਨਾਭਾ ਜੇਲ੍ਹ ਵਿੱਚ ਬੰਦ ਰਤਨਦੀਪ ਸਿੰਘ ਨੇ ਖਾਲਿਸਤਾਨੀ ਹਮਾਇਤੀਆਂ ਦੀ ਬਿੱਲੀ ਬਾਹਰ ਲਿਆਉਂਦਿਆਂ ਕਿਹਾ ਕਿ ਖਾਲਿਸਤਾਨ ਦੇ ਨਾਂਅ 'ਤੇ ਮਾਇਆ ਇਕੱਠੀ ਕਰਨ ਵਾਲੇ ਵਧੇਰੇ ਕਰਕੇ ਏਜੰਸੀਆ ਦੇ ਟਾਊਟ ਹਨ, ਜਿਹੜੇ ਸਿੱਖ ਸੰਗਤਾਂ ਕੋਲੋਂ ਪੰਥ ਦੇ ਨਾਂਅ 'ਤੇ ਪੈਸਾ ਇਕੱਠਾ ਕਰਕੇ ਐਸ਼-ਪ੍ਰਸ਼ਤੀ ਕਰਨ ਤੋਂ ਸਿਵਾਏ ਕੁਝ ਨਹੀਂ ਕਰਦੇ ਤੇ ਉਲਟਾ ਸਿੱਖ ਨੌਜਵਾਨਾਂ ਨੂੰ ਫੜਾਉਣ ਵਿੱਚ ਅਹਿਮ ਰੋਲ ਨਿਭਾਉਂਦੇ ਹਨ।
ਨਾਭਾ ਜੇਲ੍ਹ ਦੀ ਵਾਰਡ ਨੰਬਰ ਛੇ ਤੋ ਭੇਜੀ ਇੱਕ ਪੱਤਰਿਕਾ ਵਿੱਚ ਰਤਨਦੀਪ ਸਿੰਘ ਨੇ ਸਨਸਨੀਖੇਜ਼ ਪ੍ਰਗਟਾਵੇ ਕਰਦਿਆਂ ਕਿਹਾ ਕਿ ਉਹ ਸਿਰਫ 16 ਸਾਲ ਦਾ ਹੀ ਸੀ, ਜਦੋਂ ਖਾਲਿਸਤਾਨੀ ਜਥੇਬੰਦੀਆ ਵਿੱਚ ਰਲ ਗਿਆ ਸੀ, ਉਹ ਬੈਲਜੀਅਮ ਤੋਂ ਪਕਿਸਤਾਨ ਗਿਆ ਤੇ ਕਈ ਵਾਰੀ ਜਥੇਦਾਰਾਂ ਦੇ ਕਹਿਣ 'ਤੇ ਭਾਰਤ ਵਿੱਚ ਵੀ ਆਇਆ, ਜੋ ਉਹਨਾਂ ਨੇ ਸਮੇਂ ਮੁਤਾਬਕ ਸੇਵਾ (ਬੰਦੇ ਮਾਰਨ ਜਾਂ ਕੋਈ ਹੋਰ) ਦੱਸੀ ਉਹ ਤਨ ਤੇ ਮਨ ਨਾਲ ਪੂਰੀ ਕੀਤੀ। ਉਸ ਨੇ ਕਿਹਾ ਕਿ ਉਹ ਅੱਜ ਸਿੱਖ ਕੌਮ ਦੇ ਸਾਹਮਣੇ ਬਹੁਤ ਵੱਡਾ ਸੱਚ ਕਹਿਣ ਜਾ ਰਿਹਾ ਹ,ੈ ਜਿਸ ਨੂੰ ਸੁਣ ਕੇ ਸਿੱਖ ਸੰਗਤਾਂ ਸੋਚਣ ਲਈ ਮਜਬੂਰ ਹੋ ਜਾਣਗੀਆਂ। ਉਸ ਨੇ ਪ੍ਰਗਟਾਵਾ ਕੀਤਾ ਕਿ ਜਥੇਦਾਰ ਤਲਵਿੰਦਰ ਸਿੰਘ ਬੱਬਰ ਨੂੰ ਮਰਵਾਉਣ ਵਾਲੇ ਖੁਦ ਬੱਬਰਾਂ ਦੇ ਆਗੂ ਹੀ ਸਨ। ਜਿਹੜੇ ਅੱਲ੍ਹੜ ਉਮਰ ਦੇ ਨੌਜਵਾਨ ਇਹਨਾਂ ਜਥੇਦਾਰਾਂ ਦੇ ਕੋਲ ਸਹਾਇਤਾ ਲਈ ਗਏ, ਉਹਨਾਂ ਦੀਆ ਮਾਮੂਲੀ ਗਲਤੀਆਂ ਕਾਰਨ ਉਹਨਾਂ ਨੂੰ ਬਾਰਡਰ 'ਤੇ ਲਿਜਾ ਕੇ ਸਰਕਾਰੀ ਏਜੰਸੀਆਂ ਦੇ ਇਸ਼ਾਰਿਆਂ 'ਤੇ ਗੋਲੀਆਂ ਮਾਰ ਦਿੱਤੀਆਂ ਗਈਆਂ, ਜਿਹਨਾਂ ਦੀਆ ਮੌਤਾਂ ਲਈ ਇਹ ਜਥੇਦਾਰ ਬਰੀ ਨਹੀਂ ਕੀਤੇ ਜਾ ਸਕਦੇ।
ਉਸ ਨੇ ਕਿਹਾ ਕਿ ਜਗਤਾਰ ਸਿੰਘ ਤਾਰਾ ਨੂੰ ਖਾਲਿਸਤਾਨੀ ਜਥੇਦਾਰਾਂ ਨੇ ਖੁਦ ਫੜਵਾਇਆ, ਕਿÀੁਂਕਿ ਤਾਰਾ ਨੇ ਉਹਨਾਂ ਦੀ ਈਨ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਹਰਮਿੰਦਰ ਸਿੰਘ ਮਿੰਟੂ ਨੂੰ ਵੀ ਖਾਲਿਸਤਾਨੀ ਆਗੂਆਂ ਨੇ ਹੀ ਫੜਵਾਇਆ, ਕਿਉਂਕਿ ਉਹ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਹੱਕ ਵਿੱਚ ਨਹੀਂ ਸੀ। ਰਤਨਦੀਪ ਸਿੰਘ ਨੇ ਕਿਹਾ ਕਿ ਉਸ ਨੂੰ ਵੀ ਫੜਾਉਣ ਵਾਲੇ ਖਾਲਿਸਤਾਨੀ ਜਥੇਦਾਰ ਹੀ ਹਨ, ਜਿਹੜੇ ਬਾਅਦ ਵਿੱਚ ਆਪਣੇ ਬੰਦਿਆਂ ਕੋਲੋਂ ਰੌਲਾ ਪਵਾਉਂਦੇ ਸਨ ਕਿ ਇਹ ਤਾਂ ਆਪ ਹੀ ਪੇਸ਼ ਹੋ ਗਿਆ ਹੈ।
ਸਿੱਖ ਨਜ਼ਰਬੰਦਾਂ ਅਤੇ ਮਾਰੇ ਗਏ ਨੌਜਵਾਨਾਂ ਦੇ ਪਰਵਾਰਾਂ ਦੀ ਸਹਾਇਤਾ ਲਈ ਬਣੀ ਸੰਸਥਾ ਦੇ ਜਥੇਦਾਰ ਬਲਬੀਰ ਸਿੰਘ ਯੂ.ਕੇ. ਵੀ ਏਜੰਸੀਆਂ ਨਾਲ ਰਲ ਕੇ ਕੰਮ ਕਰ ਰਿਹਾ ਹੈ ਅਤੇ ਸਿੱਖਾਂ ਦੇ ਪਰਵਾਰਾਂ ਲਈ ਲੋਕਾਂ ਵੱਲੋ ਆਪਣੀ ਕਿਰਤ ਕਮਾਈ ਵਿੱਚੋਂ ਕੀਤੀ ਗਈ ਸਹਾਇਤਾ ਨੂੰ ਆਪਣੇ ਫਾਇਦੇ ਲਈ ਵਰਤ ਰਿਹਾ ਹੈ। ਉਸ ਨੇ ਕਿਹਾ ਕਿ ਬੈਂਸ ਨੇ ਇੱਕ ਨਵਾਂ ਡਰਾਮਾ ਕਰਦਿਆਂ ਨੇਪਾਲ ਦੇ ਗਰੀਬਾਂ ਦੀ ਮਦਦ ਕਰਨ ਦਾ ਬਹਾਨਾ ਬਣਾ ਕੇ ਮੋਟੀ ਰਕਮ ਹੜੱਪੀ ਹੈ। ਉਸ ਨੇ ਕਿਹਾ ਕਿ ਜਿਹੜਾ ਵੀ ਕੋਈ ਬੰਦਾ ਇਹਨਾਂ ਦੇ ਖਿਲਾਫ ਕੁਝ ਬੋਲਣ ਦੀ ਹਿੰਮਤ ਕਰਦਾ ਹੈ, ਪਹਿਲਾਂ ਤਾਂ ਉਸ ਦੇ ਘਰ ਬੰਦੇ ਭੇਜ ਕੇ ਪੈਸੇ ਦੇ ਕੇ ਉਸ ਨੂੰ ਚੁੱਪ ਕਰਾ ਦਿੰਦੇ ਹਨ ਜਾਂ ਫਿਰ ਉਸ ਦਾ ਵੀ ਕੰਡਾ ਕੱਢ ਦਿੱਤਾ ਜਾਂਦਾ ਹੈ। ਉਸ ਨੇ ਕਿਹਾ ਕਿ ਸੰਘਰਸ਼ ਵਿੱਚ ਲੱਗੇ ਸਿੱਖ ਨੌਜਵਾਨਾਂ ਦੇ ਪਰਵਾਰਾਂ ਦੀ ਹਾਲਤ ਇੰਨੀ ਮਾੜੀ ਹੈ, ਪਰ ਉਹਨਾਂ ਦੇ ਪਰਵਾਰਾਂ ਦੀ ਸਹਾਇਤਾ ਨਹੀਂ ਕੀਤੀ ਜਾਂਦੀ, ਜੇਕਰ ਕਿਸੇ ਦੀ ਕੀਤੀ ਜਾਂਦੀ ਹੈ ਤਾਂ ਫਿਰ ਦੋ-ਦੋ ਹਜ਼ਾਰ ਪੰਜ-ਪੰਜ ਹਜ਼ਾਰ ਦੇ ਕੇ ਫੋਟੋਆਂ ਖਿੱਚ ਕੇ ਫੇਸਬੁੱਕ 'ਤੇ ਚੜ੍ਹਾਅ ੰਿਦੰਦੇ ਹਨ। ਮਾਰੇ ਗਏ ਸਿੱਖ ਨੌਜਵਾਨਾਂ ਦੇ ਪਰਵਾਰਾਂ ਨੂੰ ਮੰਗਤਿਆਂ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਗੁਰਪ੍ਰੀਤ ਖਾਲਸਾ ਨੇ ਵੀ ਇਹਨਾਂ ਦੇ ਖਿਲਾਫ ਬਿਆਨ ਲਗਵਾਇਆ ਸੀ ਫਿਰ ਇਹਨਾਂ ਨੇ ਉਸ ਦੇ ਘਰ ਆਪਣੇ ਬੰਦੇ ਭੇਜ ਕੇ ਉਹਨਾਂ ਨੂੰ ਕੁਝ ਪੈਸੇ ਦਿੱਤੇ ਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ, ਇਹ ਸਿਰੇ ਦੇ ਦਗੇਬਾਜ਼ ਹਨ। 
ਭਾਈ ਜਗਤਾਰ ਸਿੰਘ ਹਵਾਰਾ ਦੀ ਚੜ੍ਹਤ ਵੀ ਜਥੇਦਾਰਾਂ ਨੂੰ ਹਜ਼ਮ ਨਾ ਹੋਈ, ਜਿਸ ਦਾ ਰਿਜ਼ਲਟ ਅੱਜ ਕੌਮ ਦੇ ਸਾਹਮਣੇ ਹੈ, ਜਿਹੜਾ ਵੀ ਬੰਦਾ ਇਹਨਾਂ ਦੀ ਈਨ ਨਹੀਂ ਮੰਨਦਾ ਜਾਂ ਇਹਨਾਂ ਨੂੰ ਖਾਲਿਸਤਾਨ ਬਾਰੇ ਇਕੱਠੇ ਫੰਡ ਬਾਰੇ ਸਵਾਲ ਕਰੇ ਤਾਂ ਇਹ ਜਾਂ ਤਾਂ ਉਸ ਨੂੰ ਮਰਵਾ ਦਿੰਦੇ ਹਨ ਜਾਂ ਫਿਰ ਪੁਲਸ ਕੋਲ ਫੜਵਾ ਦਿੰਦੇ ਹਨ। ਬਲਬੀਰ ਸਿੰਘ ਭੂਤਨਾ ਦੀ ਬਿਰਧ ਮਾਤਾ ਦਾਣਾ ਮੰਡੀ ਵਿਖੇ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ, ਪਰ ਇਹਨਾਂ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ। ਇਹ ਗੱਲਾਂ ਜੇ ਝੂਠ ਹਨ ਤਾਂ ਬੈਂਸ ਅਕਾਲ ਤਖਤ ਆ ਕੇ ਸੰਗਤਾਂ ਨੂੰ ਆਪਣਾ ਸਪੱਸ਼ਟੀਕਰਨ ਦੇਵੇ, ਨਹੀਂ ਤਾਂ ਜਿਸ ਦਿਨ ਮੈਂ ਜੇਲ੍ਹ ਵਿੱਚੋਂ ਆਇਆ ਤਾਂ ਪਰਵਾਰ ਸਮੇਤ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਸਬੂਤ ਪੇਸ਼ ਕਰਾਗਾਂ ਕਿ ਇਹ ਪੰਥ ਦੇ ਚੋਰ ਨਹੀਂ ਬਹੁਤ ਵੱਡੇ ਡਾਕੂ ਤੇ ਪੰਥ ਦੋਖੀ ਹਨ।

Friday, August 28, 2015

ਬੇਲੋੜੀ ਹੈ ਧਾਰਮਿਕ ਪੱਖੋਂ ਆਬਾਦੀ ਦੇ ਅੰਕੜਿਆਂ ਦੀ ਬਹਿਸ

ਉਨ੍ਹਾਂ ਨੂੰ ਹੁਣ ਪੇਸ਼ ਕਰਨ ਦੀ ਪਤਾ ਨਹੀਂ ਕੀ ਲੋੜ ਪੈ ਗਈ ਸੀ?
ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਵੱਖੋ-ਵੱਖ ਧਰਮਾਂ ਦੇ ਮੰਨਣ ਵਾਲਿਆਂ ਦੀ ਗਿਣਤੀ ਦੇ ਅੰਕੜਿਆਂ ਦਾ ਖੁਲਾਸਾ ਕੀਤੇ ਜਾਣ ਨਾਲ ਇੱਕ ਵਾਰੀ ਫਿਰ ਵੱਖੋ-ਵੱਖੋ ਧਰਮਾਂ ਦੇ ਤਿੱਖੇ ਉਪਾਸ਼ਕ ਆਪੋ ਆਪਣੇ ਭਾਈਚਾਰੇ ਨਾਲ ਸੰਬੰਧਤ ਲੋਕਾਂ ਨੂੰ ਉਕਸਾਉਣ ਦੇ ਰਾਹ ਪੈ ਗਏ ਹਨ। ਆਮ ਤੌਰ ਉੱਤੇ ਇਹ ਅੰਕੜੇ ਜਨਗਣਨਾ ਵਾਲੇ ਸਾਲ ਹੀ ਲੋਕਾਂ ਸਾਹਮਣੇ ਆ ਜਾਂਦੇ ਹਨ ਅਤੇ ਇਸ ਵਾਰੀ ਵੀ ਚਾਰ ਕੁ ਸਾਲ ਪਹਿਲਾਂ ਹੋਈ ਜਨਗਣਨਾ ਦੇ ਬਾਅਦ ਇਸ ਦਾ ਵੱਡਾ ਹਿੱਸਾ ਲੋਕਾਂ ਕੋਲ ਪਹੁੰਚ ਚੁੱਕਾ ਸੀ। ਜਿਹੜੇ ਅੰਕੜੇ ਹੁਣ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਉਨ੍ਹਾਂ ਨੂੰ ਗਹੁ ਨਾਲ ਵੇਖਿਆ ਜਾਵੇ ਤਾਂ ਬਹੁਤਾ ਕੁਝ ਇਸ ਵਿੱਚ ਨਵਾਂ ਨਹੀਂ ਲੱਭ ਰਿਹਾ। ਬਹੁਤੀਆਂ ਮੱਦਾਂ ਇੰਟਰਨੈੱਟ ਉੱਤੇ ਪਹਿਲਾਂ ਹੀ ਮੌਜੂਦ ਹਨ। ਜਿਹੜੇ ਅੰਕੜੇ ਇੰਟਰਨੈੱਟ ਉੱਤੇ ਪਹਿਲਾਂ ਹੀ ਉੱਨੀ-ਇੱਕੀ ਦੇ ਫ਼ਰਕ ਨਾਲ ਲੋਕਾਂ ਲਈ ਮੌਜੂਦ ਹਨ, ਹੁਣ ਜਾਰੀ ਕੀਤੇ ਗਏ ਅੰਕੜੇ ਵੀ ਪੂਰੇ ਸਹੀ ਹੋਣ ਦੀ ਥਾਂ ਕਿਆਫੇ ਹਨ ਅਤੇ ਕੱਲ੍ਹ ਨੂੰ ਬਦਲਣ ਦੀ ਸੰਭਾਵਨਾ ਮੌਜੂਦ ਹੈ, ਉਨ੍ਹਾਂ ਨੂੰ ਹੁਣ ਪੇਸ਼ ਕਰਨ ਦੀ ਪਤਾ ਨਹੀਂ ਕੀ ਲੋੜ ਪੈ ਗਈ ਸੀ? 
ਪਿਛਲੇ ਸਾਲ ਕੇਂਦਰ ਦੀ ਸਰਕਾਰ ਬਦਲੀ ਤੋਂ ਬਾਅਦ ਭਾਰਤ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਧਰੁਵੀਕਰਨ ਹੁੰਦਾ ਮਹਿਸੂਸ ਕੀਤਾ ਜਾ ਰਿਹਾ ਹੈ। ਕਾਫ਼ੀ ਦੇਰ ਤੋਂ ਕੁਝ ਸਿਆਸੀ ਨੇੜ ਅਤੇ ਸਰਪ੍ਰਸਤੀ ਵਾਲੀਆਂ ਸਾਧਵੀਆਂ ਤੇ ਸਾਧੂਆਂ ਵੱਲੋਂ ਇਹ ਸੁਰ ਚੁੱਕੀ ਜਾ ਰਹੀ ਹੈ ਕਿ ਭਾਰਤ ਵਿੱਚ ਹਿੰਦੂ ਧਰਮ ਖ਼ਤਰੇ ਵਿੱਚ ਹੈ ਤੇ ਇਸ ਦੇ ਭਵਿੱਖ ਦੇ ਲਈ ਹਿੰਦੂਆਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰ ਕੇ ਧਰਮ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਹਿਣ ਵਾਲੇ ਇਹ ਸਾਧੂ ਅਤੇ ਸਾਧਵੀਆਂ ਆਪ ਉਹ ਲੋਕ ਹਨ, ਜਿਨ੍ਹਾਂ ਵਿੱਚੋਂ ਬਹੁਤੇ ਲੋਕਾਂ ਨੇ ਵਿਆਹ ਹੀ ਨਹੀਂ ਕਰਵਾਏ ਅਤੇ ਸੰਸਾਰੀ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਭਗੌੜੇ ਹੋ ਗਏ ਹਨ। ਹੁਣ ਜਦੋਂ ਇਸ ਤਰ੍ਹਾਂ ਦੇ ਅੰਕੜੇ ਪੇਸ਼ ਹੋਏ ਅਤੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹਨ ਤਾਂ ਇਹ ਸਹਿਜ ਸੁਭਾਅ ਨਹੀਂ ਹੋ ਰਿਹਾ। ਇਸ ਦੇ ਪਿੱਛੇ ਕੋਈ ਗਹਿਰੀ ਚਾਲ ਹੋ ਸਕਦੀ ਹੈ। ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਰਿਹਾ ਹੈ। ਦੰਗੇ ਮੁਜ਼ੱਫ਼ਰ ਨਗਰ ਵਾਲੇ ਹੋਣ ਜਾਂ ਭਾਗਲਪੁਰ ਦੇ, ਦਿੱਲੀ ਵਾਲੇ ਜਾਂ ਗੁਜਰਾਤ ਦੇ, ਹਰ ਵਾਰੀ ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਮਹਿਸੂਸ ਕੀਤੀ ਜਾਂਦੀ ਹੈ। ਇਸ ਤੋਂ ਸੂਝਵਾਨ ਲੋਕਾਂ ਨੂੰ ਸੁਚੇਤ ਹੋਣ ਦੀ ਇਸ ਵਾਰ ਵੀ ਲੋੜ ਹੈ। 
ਸਾਡੇ ਪੰਜਾਬ ਵਿੱਚ ਇਸ ਗੱਲ ਬਾਰੇ ਬੜੀ ਦੁਹਾਈ ਪਾਈ ਜਾ ਰਹੀ ਹੈ ਕਿ ਏਥੇ ਹਿੰਦੂ ਤੇ ਮੁਸਲਮਾਨ ਤਾਂ ਵਧੀ ਜਾ ਰਹੇ ਹਨ ਅਤੇ ਸਿੱਖਾਂ ਦੀ ਗਿਣਤੀ ਘਟੀ ਜਾ ਰਹੀ ਹੈ। ਪਿਛਲੇ ਕੁਝ ਸਮੇਂ ਵਿੱਚ ਹਿੰਦੂ ਆਬਾਦੀ ਪੰਜਾਬ ਵਿੱਚ ਘਟਣ ਦਾ ਅਮਲ ਦਹਿਸ਼ਤਗਰਦੀ ਦੇ ਕਾਰਨ ਜਾਰੀ ਰਿਹਾ ਸੀ। ਉਨ੍ਹਾਂ ਵਿੱਚੋਂ ਕੁਝ ਲੋਕ ਵਾਪਸ ਵੀ ਆ ਸਕਦੇ ਹਨ। ਮੁਸਲਿਮ ਆਬਾਦੀ ਵਧਣ ਪਿੱਛੇ ਕਾਰਨ ਦੂਸਰੇ ਰਾਜਾਂ ਤੋਂ ਉਨ੍ਹਾਂ ਦਾ ਏਥੇ ਆਉਣਾ ਹੈ। ਪੰਜਾਬ ਵਿੱਚ ਸਿੱਖ ਆਬਾਦੀ ਦੇ ਘਟਣ ਦੀ ਦਰ ਓਨੀ ਵੱਡੀ ਨਹੀਂ, ਜਿੰਨੀ ਉਭਾਰ ਕੇ ਪੇਸ਼ ਕੀਤੀ ਜਾ ਰਹੀ ਹੈ, ਪਰ ਇਹ ਹਕੀਕਤ ਅੱਖੋਂ ਪਰੋਖੇ ਕੀਤੀ ਜਾਂਦੀ ਹੈ ਕਿ ਸਾਡੇ ਪੰਜਾਬ ਦੇ ਬਹੁਤ ਸਾਰੇ ਲੋਕ ਜਦੋਂ ਦੇਸ਼ ਤੋਂ ਬਾਹਰ ਜਾਂਦੇ ਹਨ ਤਾਂ ਉਨ੍ਹਾਂ ਵਿੱਚ ਵੀ ਵੱਡੀ ਗਿਣਤੀ ਸਿੱਖਾਂ ਦੀ ਹੁੰਦੀ ਹੈ। ਉਹ ਵੀ ਕਿਤੇ ਨਾ ਕਿਤੇ ਜਾ ਕੇ ਵੱਸਦੇ ਹਨ ਅਤੇ ਓਥੋਂ ਵਾਲੇ ਕੁਝ ਨਸਲਵਾਦੀ ਤੱਤਾਂ ਦੀ ਅੱਖ ਵਿੱਚ ਸਾਡੇ ਇਨ੍ਹਾਂ ਲੋਕਾਂ ਦਾ ਜਾਣਾ ਵੀ ਰੜਕਦਾ ਹੈ। ਇਹ ਤਾਂ ਹਰ ਥਾਂ ਹੁੰਦਾ ਹੈ। 
ਭਾਰਤ ਬੜੇ ਅਜੀਬ ਕਿਸਮ ਦੇ ਵਿਕਾਸ ਦੇ ਮੋੜਾਂ ਤੋਂ ਗੁਜ਼ਰਦਾ ਆਇਆ ਹੈ। ਕਦੀ ਇਸ ਦੀ ਤੋਰ ਕਾਫ਼ੀ ਤਿੱਖੀ ਹੁੰਦੀ ਹੈ ਤੇ ਕਦੀ ਇਸ ਨੂੰ ਬਰੇਕਾਂ ਲੱਗਣ ਲੱਗ ਜਾਂਦੀਆਂ ਹਨ। ਤੋਰ ਤਿੱਖੀ ਹਮੇਸ਼ਾ ਓਦੋਂ ਹੁੰਦੀ ਹੈ, ਜਿਸ ਵੇਲੇ ਭਾਰਤ ਦੇ ਲੋਕ ਇੱਕ ਵਾਰੀ ਜਾਲ ਵਿੱਚ ਫਸ ਗਏ ਕਬੂਤਰਾਂ ਦੀ ਢਾਣੀ ਵਾਂਗ ਇਕੱਠਾ ਹੰਭਲਾ ਮਾਰਦੇ ਹਨ ਅਤੇ ਅੜਿੱਕੇ ਓਦੋਂ ਲੱਗਦੇ ਹਨ, ਜਦੋਂ ਅਸੀਂ ਨਾਲ ਖੜੇ ਭਾਰਤੀ ਬੰਦੇ ਦੀ ਸ਼ਕਲ ਵਿੱਚੋਂ ਹਿੰਦੂ, ਮੁਸਲਮਾਨ ਅਤੇ ਸਿੱਖ ਨੂੰ ਲੱਭਣ ਲੱਗ ਜਾਂਦੇ ਹਾਂ। ਇੱਕ ਦੂਸਰੇ ਨਾਲ ਭਿੜਨ ਲਈ ਅਸੀਂ ਹਰ ਵੇਲੇ ਤਿਆਰ ਹੁੰਦੇ ਹਾਂ, ਪਰ ਭਾਰਤ ਵਿੱਚ ਇੱਕ ਵੀ ਧਰਮ ਇਹੋ ਜਿਹਾ ਨਹੀਂ ਲੱਭ ਰਿਹਾ, ਜਿਸ ਨੇ ਕਦੀ ਆਪਣੇ ਅੰਦਰਲੇ ਉਨ੍ਹਾਂ ਕਿਟਾਣੂਆਂ ਦੇ ਨਾਲ ਵੀ ਲੜਾਈ ਕੀਤੀ ਹੋਵੇ, ਜਿਹੜੇ ਦੇਸ਼ ਤੇ ਸਮਾਜ ਲਈ ਖ਼ਤਰਾ ਹਨ। ਸਿੱਖੀ ਵਿੱਚ ਸਿੱਖਾਂ ਨਾਲ ਸਿੱਖਾਂ ਦੇ ਮੱਤਭੇਦ ਹਨ ਤੇ ਹਿੰਦੂਆਂ ਵਿੱਚ ਆਪਣੇ ਛੱਤੀ ਕਿਸਮ ਦੇ ਵਿਵਾਦ ਚੱਲਦੇ ਹਨ। ਮੁਸਲਮਾਨਾਂ ਵਿੱਚ ਸੁੰਨੀ ਤੇ ਸ਼ੀਆ ਤੋਂ ਸ਼ੁਰੂ ਹੋ ਕੇ ਕਈ ਫ਼ਿਰਕੇ ਬਣੇ ਪਏ ਹਨ ਅਤੇ ਆਪੋ ਵਿੱਚ ਕੋਈ ਸਾਂਝ ਵਾਲੀ ਗੱਲ ਨਹੀਂ ਲੱਭਦੀ। ਈਸਾਈ ਥੋੜ੍ਹੇ ਜਿਹੇ ਹਨ ਅਤੇ ਇਹ ਥੋੜ੍ਹੇ ਜਿਹੇ ਵੀ ਆਪੋ ਵਿੱਚ ਨਾ ਸਿਰਫ਼ ਕੈਥੋਲਿਕ ਤੇ ਪ੍ਰੋਟੈੱਸਟੈਂਟ ਵਿੱਚ ਵੰਡੇ ਹੋਏ ਹਨ, ਸਗੋਂ ਕਈ ਮਾਮਲਿਆਂ ਵਿੱਚ ਆਪੋ ਆਪਣੇ ਫ਼ਿਰਕੇ ਵਿੱਚ ਵੀ ਝਗੜੇ ਪਾਈ ਫਿਰਦੇ ਹਨ। ਜੈਨੀ ਬਹੁਤੀ ਗਿਣਤੀ ਵਿੱਚ ਨਹੀਂ, ਪਰ ਉਹ ਦਿਗਾਂਬਰ ਅਤੇ ਸ਼ਵੇਤਾਂਬਰ ਦਾ ਵਖਰੇਵਾਂ ਆਪਣੇ ਵਿਚਾਲੇ ਸੰਭਾਲੀ ਫਿਰਦੇ ਹਨ। 
ਇਸ ਦੇਸ਼ ਵਿੱਚ ਨਸ਼ੇ ਘਰ-ਘਰ ਪਹੁੰਚ ਗਏ, ਪਰ ਧਰਮਾਂ ਦੇ ਮਹਾਂਰਥੀਆਂ ਵਿੱਚੋਂ ਕਿਸੇ ਨੇ ਵੀ ਇਸ ਦੇ ਖ਼ਿਲਾਫ਼ ਲਹਿਰ ਨਹੀਂ ਚਲਾਈ। ਦਾਜ ਪਿੱਛੇ ਕੁੜੀਆਂ ਦੇ ਕਤਲ ਹੋ ਰਹੇ ਹਨ, ਪਰ ਇਹ ਲੋਕ ਚੁੱਪ ਹਨ। ਦੁਨੀਆ ਵਿੱਚ ਆਉਣ ਤੋਂ ਪਹਿਲਾਂ ਕੰਨਿਆ ਦੀ ਭਰੂਣ ਹੱਤਿਆ ਦੇ ਵਿਰੁੱਧ ਵੀ ਇਹ ਲੋਕ ਓਦੋਂ ਬੋਲੇ, ਜਦੋਂ ਸਾਰਾ ਭਾਰਤ ਬੋਲਣ ਲੱਗ ਪਿਆ ਸੀ। ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਇਹ ਨਹੀਂ ਬੋਲਦੇ। ਵੱਡੇ ਤੋਂ ਵੱਡਾ ਚੋਰ ਵੀ ਆ ਜਾਵੇ ਤਾਂ ਉਸ ਦੀ ਮਨੋ-ਕਾਮਨਾ ਪੂਰੀ ਹੋਣ ਦਾ ਆਸ਼ੀਰਵਾਦ ਦੇ ਕੇ ਤੋਰਦੇ ਹਨ ਅਤੇ ਇਹ ਆਸ ਰੱਖਦੇ ਹਨ ਕਿ ਜਿਹੜਾ ਵੀ ਪੁੱਠਾ-ਸਿੱਧਾ ਕੰਮ ਇਹ ਬੰਦਾ ਕਰੇ, ਉਸ ਵਿੱਚੋਂ ਸਾਡੇ ਲਈ ਦਸਵੰਧ ਕੱਢੀ ਜਾਵੇ। 
ਧਰਮਾਂ ਦੇ ਨਾਂਅ ਉੱਤੇ ਆਪੋ ਵਿੱਚ ਭਿੜ ਕੇ ਭਾਰਤ ਦੇ ਲੋਕ ਬੜਾ ਨੁਕਸਾਨ ਕਰਵਾ ਚੁੱਕੇ ਹਨ। ਇਸ ਦੇਸ਼ ਦੇ ਲੋਕ ਜੇ ਹੋਰ ਨੁਕਸਾਨ ਤੋਂ ਬਚਣਾ ਚਾਹੁੰਦੇ ਹਨ ਤਾਂ ਇਸ ਤਰ੍ਹਾਂ ਦੀ ਬੇਲੋੜੀ ਬਹਿਸ ਛੱਡਣੀ ਪਵੇਗੀ।

Monday, July 06, 2015

ਕਾਮਰੇਡ ਆਨੰਦ ਦੀ ਯਾਦ ਵਿੱਚ ਹੋਇਆ ਵਿਸ਼ਾਲ ਸਮਾਗਮ

 ਸ਼ਰਧਾਂਜਲੀ ਸਮਾਗਮ ਨੇ ਦਿੱਤਾ ਇੱਕਮੁਠ ਖੱਬੀ ਏਕਤਾ ਦਾ ਸੱਦਾ 
ਜਲੰਧਰ: 5 ਜੁਲਾਈ 2014: (ਪੰਜਾਬ ਸਕਰੀਨ ਬਿਊਰੋ):
ਆਖਿਰੀ ਸਾਹਾਂ ਤੀਕ ਲਾਲ ਝੰਡੇ  ਨਾਲ ਰਹਿਣ ਵਾਲੇ ਕਾਮਰੇਡ ਜਗਜੀਤ ਸਿੰਘ ਆਨੰਦ ਦਾ ਸ਼ਰਧਾਂਜਲੀ ਸਮਾਗਮ ਵੀ ਖੱਬੀਆਂ ਤਾਕਤਾਂ ਦੇ ਏਕੇ ਦਾ ਸੰਦੇਸ਼ ਦੇ ਕੇ ਗਿਆ। ਤਕਰੀਬਨ ਸਾਰੇ ਬੁਲਾਰਿਆਂ ਨੇ ਅੱਜ ਦੇ ਨਾਜ਼ੁਕ ਹਾਲਾਤ ਵਿੱਚ ਦੇਸ਼ ਨੂੰ ਬਚਾਉਣ ਲਈ ਖੱਬੀਆਂ ਧਿਰਾਂ ਦੀ ਏਕਤਾ 'ਤੇ ਜੋਰ ਦਿੱਤਾ। ਸਖਤ ਗਰਮੀ ਦੇ ਬਾਵਜੂਦ ਲੋਕ ਇਸ ਸ਼ਰਧਾਂਜਲੀ ਸਮਾਗਮ ਵਿੱਚ ਅਖੀਰ ਤਾਕ ਸ਼ਾਮਿਲ ਹੋਏ। 
ਸੀ ਪੀ ਆਈ ਦੇ ਕੇਂਦਰੀ ਸਕੱਤਰੇਤ ਦੇ ਮੈਂਬਰ ਅਤੁਲ ਅਨਜਾਨ ਨੇ 'ਨਵਾਂ ਜ਼ਮਾਨਾ' ਦੇ ਮੁੱਖ ਸੰਪਾਦਕ ਕਾਮਰੇਡ ਜਗਜੀਤ ਸਿੰਘ ਆਨੰਦ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੱਬੀ ਵਿਚਾਰਧਾਰਾ ਵਾਲੀਆਂ ਤਾਕਤਾਂ ਹੀ ਦੇਸ਼ ਨੂੰ ਬਚਾ ਸਕਦੀਆਂ ਹਨ ਤੇ ਇਸ ਸੇਧ ਵਿੱਚ ਖੱਬੀਆਂ ਤਾਕਤਾਂ ਵਿਚਾਲੇ ਏਕਤਾ ਸਮੇਂ ਦੀ ਪ੍ਰਮੁੱਖ ਲੋੜ ਹੈ। 
ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਏ ਇਸ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਮਰੇਡ ਅਨਜਾਨ ਨੇ ਕਿਹਾ ਕਿ ਇੱਕ ਖਾਸ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਫ਼ਿਰਕੂ ਤਾਕਤਾਂ ਮੁੜ ਸਿਰ ਚੁੱਕ ਰਹੀਆਂ ਹਨ ਅਤੇ ਉਹ ਧਰਮ, ਜਾਤ ਅਤੇ ਰੰਗ ਦੇ ਅਧਾਰ 'ਤੇ ਸਮਾਜ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਉਨ੍ਹਾ ਕਿਹਾ ਕਿ ਫ਼ਿਰਕੂ ਤਾਕਤਾਂ ਨੂੰ ਭਾਂਜ ਦੇਣ ਲਈ ਸਾਰੀਆਂ ਖੱਬੀਆਂ ਅਤੇ ਧਰਮ ਨਿਰਪੱਖ ਪਾਰਟੀਆ ਨੂੰ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਇੱਕ ਵੱਡੇ ਦਿਲ ਅਤੇ ਹੌਸਲੇ ਨਾਲ ਹੀ ਦੇਸ਼ ਨੂੰ ਬਚਾਇਆ ਜਾ ਸਕਦਾ ਹੈ। ਕਾਮਰੇਡ ਅਨਜਾਨ ਨੇ ਕਿਹਾ ਕਿ ਦੇਸ਼ ਅੰਦਰ ਗਰੀਬੀ, ਧਾਰਮਿਕ ਕੱਟੜਤਾ ਛੂਆਛਾਤ ਵਰਗੀਆਂ ਚੁਣੌਤੀਆ ਮੂੰਹ ਅੱਡੀ ਖੜੀਆਂ ਹਨ, ਜਦਕਿ ਰਾਜ ਕਰਦੀਆਂ ਪਾਰਟੀਆਂ ਇਹਨਾ ਮਸਲਿਆਂ ਤੋਂ ਧਿਆਨ ਲਾਂਭੇ ਕਰਕੇ ਲੋਕਾਂ ਨੂੰ ਧਰਮ ਦੇ ਨਾਂਅ ਗੁੰਮਰਾਹ ਕਰਦੀਆਂ ਆ ਰਹੀਆਂ ਹਨ। ਉਨ੍ਹਾ ਕਿਹਾ ਕਿ ਜਮਹੂਰੀਅਤ ਅੰਦਰ ਵੀ ਕਈ ਤਰ੍ਹਾਂ ਦੀਆਂ ਲੜਾਈਆਂ ਹਨ ਅਤੇ ਖਾਸ ਕਰ ਕੇ ਭਾਰਤ ਵਰਗੇ ਮੁਲਕ 'ਚ ਜਿੱਥੇ ਸੰਵਿਧਾਨ ਸਾਰਿਆਂ ਨੂੰ ਆਪਣੀ ਗੱਲ ਕਹਿਣ ਦੀ ਖੁੱਲ੍ਹ ਦਿੰਦਾ ਹੈ। ਕਾਮਰੇਡ ਅਨਜਾਨ ਨੇ ਕਿਹਾ ਕਿ ਪੂੰਜੀਵਾਦ ਦੇ ਇਸ ਯੁੱਗ 'ਚ ਅਖ਼ਬਾਰਾਂ ਇਸ਼ਤਿਹਾਰਾਂ ਬਗੈਰ ਨਹੀਂ ਨਿਕਲਦੀਆਂ, ਸਭ ਕੁਝ ਬ੍ਰਾਂਡਿਡ ਹੈ। ਉਨ੍ਹਾ ਕਿਹਾ ਕਿ ਕੱਫਨ ਦਾ ਕੋਈ ਬਰਾਂਡ ਨਹੀਂ ਹੁੰਦਾ।
ਉਨ੍ਹਾ ਕਿਹਾ ਕਿ ਕਾਲੇ ਦੌਰ 'ਚ ਪੰਜਾਬ ਦੀਆਂ ਪਾਰਟੀਆਂ ਅਤੇ ਆਗੂ ਉਨ੍ਹਾ ਨੇ ਵਿਚਾਰਾਂ ਤੋਂ ਥਿੜਕਦੇ ਦੇਖੇ, ਪਰ ਆਨੰਦ ਸਾਹਿਬ ਅਡੋਲ ਖੜੇ ਰਹੇ, ਆਪਣੀ ਵਿਚਾਰਧਾਰਾ 'ਤੇ ਪਹਿਰਾ ਦਿੱਤਾ ਅਤੇ ਦੇਸ਼ ਭਗਤੀ ਦੀ ਮਸ਼ਾਲ ਨੂੰ ਜਗਾਈ ਰੱਖਿਆ। ਆਨੰਦ ਸਾਹਿਬ ਦੀ ਸ਼ਖਸੀਅਤ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਆਨੰਦ ਸਾਹਿਬ ਜਿੱਥੇ ਕਿਤੇ ਵੀ ਕੁਝ ਗਲਤ ਹੁੰਦਾ ਸੀ, ਉਹ ਪਾਰਟੀ 'ਚ ਹੋਵੇ ਜਾਂ ਬਾਹਰ ਹੋਵੇ, ਉਸ ਵਿਰੁੱਧ ਅਵਾਜ਼ ਉਠਾਉਂਦੇ ਸਨ। ਉਨ੍ਹਾ ਦਸਿਆ ਕਿ 1974 'ਚ ਆਨੰਦ ਸਾਹਿਬ ਹੀ ਇੱਕ ਵਾਹਦ ਸ਼ਖਸੀਅਤ ਸਨ, ਜੋ ਸਕੂਟਰ 'ਤੇ ਸੰਸਦ 'ਚ ਜਾਂਦੇ ਸਨ ਅਤੇ ਉਨ੍ਹਾ ਨੇ ਜ਼ਿੱਦ ਕਰਕੇ ਸੰਸਦ ਭਵਨ 'ਚ ਜਾਣ ਲਈ ਸਕੂਟਰ ਦਾ ਪਾਸ ਬਣਾਇਆ ਸੀ ਅਤੇ ਸਕੂਟਰ ਦੀ ਸੰਸਦ ਭਵਨ 'ਚ ਐਂਟਰੀ ਲਈ ਸਰਕਾਰ ਨੂੰ ਕਾਨੂੰਨ ਬਦਲਣਾ ਪਿਆ ਸੀ। ਉਹਨ੍ਹਾ ਕਿਹਾ ਕਿ ਆਨੰਦ ਸਾਹਿਬ ਦੀ ਕਲਮ ਨੇ ਤੋਪਾਂ ਦੇ ਮੂੰਹ ਮੋੜ ਦਿੱਤੇ ਸਨ। ਲੋਕ ਬੜੇ ਜਜ਼ਬਾਤੀ ਸਨ। ਕਈਆਂ ਦੀਆਂ ਅੱਖਾਂ ਵੀ ਭਰੀਆਂ ਹੋਈਆਂ ਸਨ। 
ਸ਼ਬਦਾਂ ਦਾ ਲੰਗਰ
ਸਾਰੀ ਉਮਰ ਸ਼ਬਦਾਂ ਦੀ ਸ਼ਕਤੀ ਨੂੰ ਹਥਿਆਰ ਬਣਾ ਕੇ ਸਿਹਤਮੰਦ ਸਮਾਜ ਦੀ ਸਿਰਜਣਾ  ਲੈ ਸੰਘਰਸ਼ ਕਰਨ ਵਾਲੇ ਕਾਮਰੇਡ ਆਨੰਦ ਦੇ ਸ਼ਰਧਾਂਜਲੀ ਸਮਾਗਮ ਵਿੱਚ ਜਾਦੂਈ ਸ਼ਬਦਾਂ ਵਾਲੀਆਂ ਕਿਤਾਬਾਂ ਦੇ ਬਹੁਤ ਸਾਰੇ ਸ੍ਤਾਲ ਸਨ।  ਕਾਫੀ ਕੁਝ ਮੁਫਤ ਵੀ ਵੰਡਿਆ ਗਿਆ ਅਤੇ ਕਾਫੀ ਕੁਝ ਰਿਆਇਤੀ ਮੁੱਲ 'ਤੇ ਵੀ ਦਿੱਤਾ ਗਿਆ।  ਸਮਾਗਮ ਵਿਚ ਆਏ ਹਰ ਉਮਰ ਦੇ ਸਰੋਤਿਆਂ ਨੇ ਇਹਨਾਂ ਸਟਾਲਾਂ ਵਿੱਚ ਆਪਣੀ ਦਿਲਚਸਪੀ ਦਿਖਾਈ। 
ਗਰਮੀ ਦੇ ਬਾਵਜੂਦ ਸਰੋਤੇ ਇੱਕ ਮਨ ਹੋ ਕੇ  ਬੈਠੇ ਰਹੇ 
ਹਾਲ ਦੇ ਐਗਜ਼ਾਸਟ ਫੈਨ ਅਚਾਨਕ ਖਰਾਬ ਹੋ ਜਾਣ ਕਾਰਣ ਗਰਮੀ ਨੇ ਬੱਸ ਕਰ ਦਿੱਤੀ ਸੀ।  ਇਸਦੇ ਬਾਵਜੂਦ ਜਿਆਦਾਤਰ ਸਰੋਤੇ ਇੱਕ ਚਿੱਤ ਹੋ ਕੇ ਬੁਲਾਰਿਆਂ ਨੂੰ ਸੁਣਦੇ ਰਹੇ।  ਇਹਨਾਂ ਵਿੱਚ ਨਵੀਂ ਉਮਰ ਦੀਆਂ ਲੜਕੀਆਂ ਵੀ ਸਨ ਅਤੇ ਪਾਰਟੀ ਨੂੰ ਨੇੜਿਓਂ ਦੇਖਦੇ ਆ ਰਹੇ ਬਜੁਰਗ ਵੀ। 
ਲੋਕ ਬਸਾਂ ਅਤੇ ਟਰਾਲੀਆਂ ਨਾਲ ਕਾਫ਼ਿਲੇ ਬਣਾ ਕੇ ਆਏ 
ਲੋਕ ਆਪਣੇ ਮਹਿਬੂਬ ਲੀਡਰ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਲੈ ਬਸਾਂ ਅਤੇ ਟਰਾਲੀਆਂ ਬਣਾ ਕੇ ਆਏ। ਸਖਤ ਗਰਮੀ ਦੇ ਬਾਵਜੂਦ ਲੋਕ ਦੂਰੋਂ ਦੂਰੋਂ ਆਏ। ਗਰਮੀ ਦੇ ਕਹਿਰ ਤੋਂ ਬਚਣ ਲਈ ਲੋਕਾਂ ਨੇ ਛੋਟੀਆਂ ਵੱਡੀਆਂ ਪਾਣੀ ਦੀਆਂ ਬੋਤਲਾਂ ਵੀ ਨਾਲ ਰਹ੍ਖੀਆਂ ਹੋਈਆਂ ਸਨ। ਇਹਨਾਂ ਲੋਕਾਂ ਵਿੱਚ ਵਿਛੋੜੇ ਦੀ ਉਦਾਸੀ ਅਤੇ ਕਾਮਰੇਡ ਆਨੰਦ ਦੇ ਸੰਕਲਪ ਦਾ ਜੋਸ਼ ਦੋਵੇਂ ਨਜਰ ਆ ਰਹੇ ਸਨ।
ਕਾਮਰੇਡ ਹਰਦੇਵ ਅਰਸ਼ੀ 
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਕਾਮਰੇਡ ਜਗਜੀਤ ਸਿੰਘ ਆਨੰਦ ਦੇ ਤੁਰ ਜਾਣ ਕਾਰਨ ਇੱਕ ਪੀੜ੍ਹੀ ਦੀ ਆਖ਼ਰੀ ਨਿਸ਼ਾਨੀ ਸਮਾਜ ਤੋਂ ਖੁਸ ਗਈ ਹੈ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਦੇ ਚੇਤਿਆਂ ਦੀ ਚੰਗੇਰ ਇੰਨੀ ਭਰੀ ਹੋਈ ਸੀ ਕਿ ਉਨ੍ਹਾ ਨੂੰ 40-45 ਸਾਲ ਪਹਿਲਾਂ ਦੀਆਂ ਘਟਨਾਵਾਂ ਬਾਰੇ ਚੰਗੀ ਤਰ੍ਹਾਂ ਯਾਦ ਹੁੰਦਾ ਸੀ। ਉਨ੍ਹਾਂ ਕਿਹਾ ਕਿ ਕਾਮਰੇਡ ਆਨੰਦ ਪੰਜਾਬੀ ਭਾਸ਼ਾ ਦੇ ਸਿਰਮੌਰ ਪਹਿਰੇਦਾਰ ਸਨ ਅਤੇ ਉਨ੍ਹਾ ਨੇ ਪੰਜਾਬੀ ਭਾਸ਼ਾ ਨੂੰ ਅਮੀਰ ਕਰਨ ਲਈ ਕਈ ਨਵੇਂ ਸ਼ਬਦ ਮਾਂ-ਬੋਲੀ ਦੀ ਝੋਲੀ ਪਾਏ। ਉਨ੍ਹਾ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਉਨ੍ਹਾ ਦੇ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਕਾਮਰੇਡ ਅਰਸ਼ੀ ਨੇ ਕਿਹਾ ਕਿ ਆਨੰਦ ਸਾਹਿਬ ਨੇ ਸਮਾਜ ਸੁਧਾਰਕ ਲਹਿਰਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ, ਇਸ ਲਈ ਉਨ੍ਹਾ ਨੂੰ ਪੰਡਿਤ ਦੀ ਉਪਾਧੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਕਾਮਰੇਡ ਆਨੰਦ ਦੀ ਸਮਝਾਉਣ ਦੀ ਆਪਣੀ ਹੀ ਇੱਕ ਵੱਖਰੀ ਕਲਾ ਸੀ। ਉਨ੍ਹਾ ਕਿਹਾ ਕਿ ਕਾਮਰੇਡ ਆਨੰਦ ਨੇ ਪਾਰਟੀ ਦੇ ਸੰਕਟ ਵੇਲੇ ਕਾਡਰ ਨੂੰ ਪੂਰੀ ਤਰ੍ਹਾਂ ਪਾਰਟੀ ਨਾਲ ਜੋੜੀ ਰੱਖਿਆ। ਉਨ੍ਹਾ ਕਿਹਾ ਕਿ ਵਿਲੱਖਣ ਸ਼ਖਸੀਅਤ ਕਾਰਨ ਵਿਰੋਧੀ ਪਾਰਟੀਆਂ ਦੇ ਆਗੂ ਵੀ ਆਨੰਦ ਸਾਹਿਬ ਦਾ ਸਨਮਾਨ ਕਰਦੇ ਸਨ। 
ਕਾਮਰੇਡ ਬੰਤ ਬਰਾੜ
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਆਗੂ ਬੰਤ ਸਿੰਘ ਬਰਾੜ ਨੇ ਕਿਹਾ ਕਿ ਕਾਮਰੇਡ ਜਗਜੀਤ ਸਿੰਘ ਆਨੰਦ ਨੇ ਪਾਰਟੀ ਜੋੜੀ ਅਤੇ ਸੰਕਟ ਵੀ ਆਪਣੀ ਅੱਖੀਂ ਦੇਖਿਆ। ਉਨ੍ਹਾ ਨੇ ਖੱਬੀਆਂ ਧਿਰਾਂ ਨੂੰ ਇੱਕ-ਜੁੱਟ ਹੋਣ ਦਾ ਸੰਕੇਤ ਦਿੰਦਿਆਂ ਕਿਹਾ ਕਿ ਟੱਬਰ ਨੂੰ ਇਕੱਠੇ ਕੀਤੇ ਬਗ਼ੈਰ ਮਿੱਥੇ ਨਿਸ਼ਾਨੇ ਹਾਸਲ ਨਹੀਂ ਕੀਤੇ ਜਾ ਸਕਦੇ। ਉਨ੍ਹਾ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਸ਼ਰਧਾਂਜਲੀ ਸਮਾਗਮ ਵਿੱਚ ਸਾਰੀਆਂ ਖੱਬੀਆਂ ਧਿਰਾਂ ਦੇ ਆਗੂ ਇੱਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾ ਕਿਹਾ ਕਿ ਜਗਜੀਤ ਸਿੰਘ ਆਨੰਦ ਨੇ ਪੰਜਾਬ ਦੇ ਕਾਲੇ ਦੌਰ ਦੌਰਾਨ ਅੱਤਵਾਦ ਨੂੰ ਇੱਕ ਚੈਲਿੰਜ ਵਜੋਂ ਕਬੂਲਿਆ ਅਤੇ ਆਪਣੀ ਵਿਚਾਰਧਾਰਾ 'ਤੇ ਡਟੇ ਰਹੇ। ਉਨ੍ਹਾ ਕਿਹਾ ਕਿ ਕਾਮਰੇਡ ਆਨੰਦ ਨੇ 'ਨਵਾਂ ਜ਼ਮਾਨਾ' ਦਾ ਬੂਟਾ ਲਗਾਇਆ, ਇਸ ਨੂੰ ਸਿੰਜਿਆ ਅਤੇ ਪਰਵਾਨ ਚਾੜ੍ਹਿਆ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਇੱਕ ਚਿੱਟੀ ਚਾਦਰ ਲੈ ਕੇ ਗਏ ਹਨ ਅਤੇ ਉਨ੍ਹਾ ਉੱਪਰ ਕਿਸੇ ਤਰ੍ਹਾਂ ਦਾ ਧੱਬਾ ਨਹੀਂ ਲੱਗਿਆ। ਉਨ੍ਹਾ ਦੱਸਿਆ ਕਿ ਇੱਕ ਪਾਰਟੀ ਨੇ 'ਨਵਾਂ ਜ਼ਮਾਨਾ' ਚੱਲਦਾ ਰੱਖਣ ਤੋਂ ਹੱਥ ਖੜੇ ਕਰ ਦਿੱਤੇ ਸਨ, ਪਰ ਆਨੰਦ ਸਾਹਿਬ ਨੇ ਚੈਲਿੰਜ ਕੀਤਾ ਸੀ ਕਿ ਜਦੋਂ ਤੱਕ ਉਹ ਨਹੀਂ ਮਰਦੇ, ਉਹ 'ਨਵਾਂ ਜ਼ਮਾਨਾ' ਨੂੰ ਨਹੀਂ ਮਰਨ ਦੇਣਗੇ। ਉਨ੍ਹਾ ਕਿਹਾ ਕਿ ਖੱਬੀਆਂ ਧਿਰਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ 'ਨਵਾਂ ਜ਼ਮਾਨਾ' ਨੂੰ ਚੱਲਦਾ ਰੱਖਿਆ ਜਾਣਾ ਸਾਰਿਆਂ ਦਾ ਫ਼ਰਜ਼ ਹੈ। ਉਨ੍ਹਾ ਕਿਹਾ ਕਿ ਖੱਬੀਆਂ ਪਾਰਟੀਆਂ ਹਿੰਦੁਸਤਾਨ ਵਿੱਚ ਇੱਕ ਬਹੁਤ ਵੱਡੀ ਤਾਕਤ ਹਨ ਅਤੇ ਸਾਰਿਆਂ ਨੂੰ ਸਮਾਜਿਕ ਤਬਦੀਲੀ ਲਈ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ। 
ਕਾਮਰੇਡ ਜਗਰੂਪ
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਸੀਨੀਅਰ ਆਗੂ ਕਾਮਰੇਡ ਜਗਰੂਪ ਨੇ ਕਿਹਾ ਕਿ ਕਾਮਰੇਡ ਜਗਜੀਤ ਸਿੰਘ ਆਨੰਦ ਇੱਕ ਬਹੁਤ ਵਿਰਾਸਤ ਦੇ ਮਾਸਟਰ ਸਨ। ਉਨ੍ਹਾ ਕਿਹਾ ਕਿ ਇਸ ਵੇਲੇ ਦੇਸ਼ ਨੂੰ ਸਭ ਤੋਂ ਵੱਡਾ ਫ਼ਿਰਕਾਪ੍ਰਸਤੀ ਤੋਂ ਖਤਰਾ ਹੈ। ਉਨ੍ਹਾ ਕਿਹਾ ਕਿ ਇੱਕ ਖਾਸ ਪਾਰਟੀ ਵੱਲੋਂ ਕੇਂਦਰ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਦੇਸ਼ ਵਿੱਚ ਮੁੜ ਮਾੜੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਇੱਕ ਮਹਾਨ ਸੂਰਮੇ ਸਨ ਅਤੇ ਉਨ੍ਹਾ ਨੇ ਸ਼ਾਨ ਨਾਲ ਜ਼ਿੰਦਗੀ ਜੀਵੀ। 
ਡਾ. ਜੋਗਿੰਦਰ ਦਿਆਲ
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਆਗੂ ਡਾਕਟਰ ਜੋਗਿੰਦਰ ਦਿਆਲ ਨੇ ਕਿਹਾ ਕਿ ਉਨ੍ਹਾ ਨੇ ਆਨੰਦ ਸਾਹਿਬ ਨੂੰ ਬਹੁਤ ਨੇੜਿਓਂ ਦੇਖਿਆ ਅਤੇ ਉਨ੍ਹਾ ਨੇ ਹਮੇਸ਼ਾ ਸਮੇਂ ਦਾ ਸੱਚ ਬਿਆਨਿਆ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਨੇ ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ ਅਤੇ ਆਪਣੇ ਵਿਚਾਰਾਂ 'ਤੇ ਖੜੇ ਰਹੇ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਨੇ ਅੱਤਵਾਦ ਵਿਰੁੱਧ ਦੇਸ਼ ਦੀ ਲੜਾਈ ਲੜੀ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕਦਮ ਚੁੱਕੇ। ਉਨ੍ਹਾ ਕਿਹਾ ਕਿ ਫ਼ਿਰਕੂ ਤਾਕਤਾਂ ਮੁੜ ਦੇਸ਼ ਵਿੱਚ ਸਿਰ ਚੁੱਕ ਰਹੀਆਂ ਹਨ ਅਤੇ ਇਹਨਾਂ ਨੂੰ ਏਕੇ ਨਾਲ ਪਛਾੜਿਆ ਜਾਣਾ ਚਾਹੀਦਾ ਹੈ। ਡਾਕਟਰ ਦਿਆਲ ਨੇ ਕਿਹਾ ਕਿ ਕਾਮਰੇਡ ਆਨੰਦ ਹੁਰਾਂ ਦੀ ਸਿਆਸਤ, ਸਾਹਿਤ ਅਤੇ ਪੱਤਰਕਾਰਿਤਾ ਨੂੰ ਬਹੁਤ ਅਹਿਮ ਦੇਣ ਹੈ।
ਕਾਮਰੇਡ ਮੰਗਤ ਰਾਮ ਪਾਸਲਾ 
ਕਾਮਰੇਡ ਜਗਜੀਤ ਸਿੰਘ ਆਨੰਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੀ ਪੀ ਐਮ ਪੰਜਾਬ ਦੇ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਫ਼ਿਰਕਾਪ੍ਰਸਤੀ ਅਤੇ ਗ਼ਰੀਬੀ ਨਾਲ ਇੱਕਜੁੱਟ ਹੋ ਕੇ ਸਿੱਝਿਆ ਜਾ ਸਕਦਾ ਹੈ। ਉਨ੍ਹਾ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਸਿਆਸਤ ਬਹੁਤ ਹੀ ਗੰਧਲੀ ਹੋ ਗਈ ਹੈ ਅਤੇ ਇਸ ਧੱਬੇ ਨੂੰ ਦੂਰ ਕਰਨ ਲਈ 'ਨਵਾਂ ਜ਼ਮਾਨਾ' ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਯੋਧੇ ਮੁੜ ਜੰਮਣੇ ਚਾਹੀਦੇ ਹਨ ਤਾਂ ਜੋ ਰਾਜਨੀਤੀ ਦਾ ਗੰਦ ਧੋਤਾ ਜਾ ਸਕੇ ਅਤੇ ਬਰਾਬਰੀ ਵਾਲਾ ਸਮਾਜ ਸਿਰਜਿਆ ਜਾ ਸਕੇ।
ਕਾਮਰੇਡ ਚਰਨ ਸਿੰਘ ਵਿਰਦੀ
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀ ਪੀ ਐਮ ਦੇ ਸੂਬਾ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਨੇ ਕਿਹਾ ਕਿ ਕਾਮਰੇਡ ਜਗਜੀਤ ਸਿੰਘ ਆਨੰਦ ਨੇ 'ਨਵਾਂ ਜ਼ਮਾਨਾ' ਦੀ ਸੰਪਾਦਕੀ ਲਿਖਦਿਆਂ ਨਵੀਂਆਂ ਲੀਹਾਂ ਅਤੇ ਉਹ ਸਾਰਿਆਂ ਲਈ ਪ੍ਰੇਰਨਾ ਸਰੋਤ ਬਣੇ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਇੱਕ ਪ੍ਰਤੀਬੱਧ ਪੱਤਰਕਾਰ ਸਨ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਨੇ ਹਮੇਸ਼ਾ ਹਰ ਕੰਮ ਵਿੱਚ ਪਹਿਲ-ਕਦਮੀ ਕੀਤੀ ਅਤੇ ਦਲੇਰੀ ਨਾਲ ਅਗਲੇ ਕਦਮ ਪੁੱਟੇ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਮੁੜ ਫ਼ਿਰਕੂ ਏਜੰਡੇ ਲੈ ਕੇ ਸਾਹਮਣੇ ਆ ਰਹੀ ਹੈ, ਜਿਸ ਨਾਲ ਪੰਜਾਬ ਦਾ ਕਾਲਾ ਦੌਰ ਮੁੜ ਚੇਤੇ ਆ ਰਿਹਾ ਹੈ। ਉਨ੍ਹਾ ਕਿਹਾ ਕਿ ਕਾਲੇ ਦੌਰ ਵਿੱਚ ਕਾਮਰੇਡ ਆਨੰਦ ਦੀ ਭੂਮਿਕਾ ਹਮੇਸ਼ਾ ਪ੍ਰੇਰਨਾ ਦਾਇਕ ਰਹੇਗੀ। ਉਨ੍ਹਾ ਕਿਹਾ ਕਿ ਕਾਮਰੇਡ ਆਨੰਦ ਦੇ ਸਬਕ ਸਿੱਖ ਕੇ ਇਕੱਠੇ ਹੋ ਕੇ ਅੱਗੇ ਵਧਣਾ ਚਾਹੀਦਾ ਹੈ। 
ਕਾਮਰੇਡ ਸੁਖਦਰਸ਼ਨ ਨੱਤ
ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਆਗੂ ਸੁਖਦਰਸ਼ਨ ਨੱਤ ਨੇ ਕਿਹਾ ਕਿ ਖੱਬੀਆਂ ਧਿਰਾਂ ਦੇ ਇੱਕ ਦੂਜੇ ਦੇ ਨੇੜੇ ਆਉਣ ਦੇ ਸੰਕੇਤ ਮਿਲ ਰਹੇ ਹਨ। ਉਨ੍ਹਾ ਕਿਹਾ ਕਿ ਖੱਬੀਆਂ ਧਿਰਾਂ ਨੂੰ ਇਕੱਠੇ ਹੋਣ ਲਈ ਤੇਜ਼ੀ ਨਾਲ ਅੱਗੇ ਵਧਣਾ ਚਾਹੀਦਾ ਹੈ। 
ਉਨ੍ਹਾ ਕਿਹਾ ਕਿ ਇਸ ਵੇਲੇ ਦੇਸ਼ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਖੱਬੀਆਂ ਪਾਰਟੀਆਂ ਨੂੰ ਇਸ ਸੰਕਟ ਵੇਲੇ ਲੋਕਾਂ ਦੀ ਅਗਵਾਈ ਕਰਨੀ ਚਾਹੀਦੀ ਹੈ ਅਤੇ ਇੱਕ ਸਾਂਝਾ ਮੰਚ ਮੁਹੱਈਆ ਕਰਾਉਣਾ ਚਾਹੀਦਾ ਹੈ।
ਐਡਵੋਕੇਟ ਦਰਬਾਰਾ ਸਿੰਘ ਢਿੱਲੋਂ
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਐਡਵੋਕੇਟ ਦਰਬਾਰਾ ਸਿੰਘ ਢਿੱਲੋਂ ਨੇ ਕਿਹਾ ਕਿ ਕਾਮਰੇਡ ਜਗਜੀਤ ਸਿੰਘ ਆਨੰਦ ਇੱਕ ਬਹੁ-ਪੱਖੀ ਸ਼ਖਸੀਅਤ ਸਨ ਅਤੇ ਉਨ੍ਹਾ ਨੂੰ ਹਰ ਇੱਕ ਨੂੰ ਆਪਣਾ ਬਣਾਉਣ ਆਉਂਦਾ ਸੀ। ਉਨ੍ਹਾ ਕਿਹਾ ਕਿ ਖੱਬੀਆਂ ਧਿਰਾਂ ਵਿੱਚ ਏਕਾ ਹੋਣਾ ਚਾਹੀਦਾ ਹੈ ਅਤੇ ਉਹ ਇਸ ਏਕੇ ਦੇ ਹਾਮੀ ਹਨ।
ਬਸਪਾ ਆਗੂ ਅਵਤਾਰ ਸਿੰਘ ਕਰੀਮਪੁਰੀ
ਸਮਾਗਮ ਨੂੰ ਸੰਬੋਧਨ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਕਾਮਰੇਡ ਜਗਜੀਤ ਸਿੰਘ ਆਨੰਦ ਦੀ ਸੋਚ ਬਹੁਤ ਹੀ ਵਿਸ਼ਾਲ ਸੀ। ਉਨ੍ਹਾ ਕਿਹਾ ਕਿ ਕਾਮਰੇਡ ਆਨੰਦ ਦੀ ਕਲਮ ਵਿੱਚ ਦੱਬੇ-ਕੁਚਲੇ ਲੋਕਾਂ ਦਾ ਦਰਦ ਸੀ। ਉਨ੍ਹਾ ਕਿਹਾ ਕਿ ਕ੍ਰਾਂਤੀਕਾਰੀ ਕਦੇ ਨਹੀਂ ਮਰਦੇ ਅਤੇ ਉਨ੍ਹਾ ਦੀ ਮੌਤ ਨੂੰ ਜਸ਼ਨ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਬਹੁਤ ਜ਼ਿਆਦਾ ਲੋਕ ਆਖ਼ਰੀ ਉਮਰੇ ਥੱਕ ਜਾਂਦੇ ਹਨ ਤੇ ਉਹ ਆਤਮ ਸਮਰਪਣ ਕਰ ਜਾਂਦੇ ਹਨ, ਪਰ ਆਨੰਦ ਸਾਹਿਬ ਨੇ ਸਾਰਾ ਜੀਵਨ ਬੜੇ ਜੋਸ਼ੀਲੇ ਢੰਗ ਨਾਲ ਜੀਆ ।
ਸਰਵਣ ਸਿੰਘ ਫਿਲੌਰ
ਸਾਬਕਾ ਮੰਤਰੀ ਅਤੇ ਅਕਾਲੀ ਵਿਧਾਇਕ ਸਰਵਣ ਸਿੰਘ ਫਿਲੌਰ ਨੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਆਨੰਦ ਸਾਹਿਬ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾ ਨੇ 1977 ਵਿੱਚ ਕਾਮਰੇਡ ਜਗਜੀਤ ਸਿੰਘ ਆਨੰਦ ਨਾਲ ਕਈ ਸਟੇਜਾਂ ਸਾਂਝੀਆਂ ਕੀਤੀਆਂ ਸਨ। ਸਰਵਣ ਸਿੰਘ ਫਿਲੌਰ ਨੇ ਕਿਹਾ ਕਿ ਉਹ ਆਨੰਦ ਸਾਹਿਬ ਦੇ ਵਿਚਾਰਾਂ ਤੋਂ ਕਾਇਲ ਸਨ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਇੱਕ ਵਿਅਕਤੀ ਨਹੀਂ ਸਗੋਂ ਇੱਕ ਸੰਸਥਾ ਸਨ ਅਤੇ ਉਨ੍ਹਾ ਦੇ ਵਿਛੋੜੇ ਨਾਲ ਮਾਨਵਤਾ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਵੱਲੋਂ ਜਗਾਈ ਗਈ ਜੋਤ ਜਗਦੀ ਰਹਿਣੀ ਚਾਹੀਦੀ ਹੈ।
ਸਤਨਾਮ ਸਿੰਘ ਕੈਥ
ਕਾਂਗਰਸੀ ਆਗੂ ਸਤਨਾਮ ਸਿੰਘ ਕੈਂਥ ਨੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਨੰਦ ਵੱਲੋਂ ਪਾਏ ਗਏ ਪੂਰਨਿਆਂ 'ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਨੰਦ ਸਾਹਿਬ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਅਤੇ ਉਨ੍ਹਾ ਨੇ ਅਮੀਰੀ-ਗ਼ਰੀਬੀ ਦਾ ਪਾੜਾ ਖ਼ਤਮ ਕਰਨ ਅਤੇ ਦੱਬੇ-ਕੁਚਲੇ ਲੋਕਾਂ ਨੂੰ ਆਵਾਜ਼ ਦਿੱਤੀ। 
ਇਰਵਿਨ ਖੰਨਾ
ਦੈਨਿਕ ਉੱਤਮ ਹਿੰਦੂ ਦੇ ਮੁੱਖ ਸੰਪਾਦਕ ਇਰਵਿਨ ਖੰਨਾ ਨੇ ਆਨੰਦ ਸਾਹਿਬ ਦੇ ਪਰਵਾਰ ਨਾਲ ਸਾਂਝ ਦੀਆਂ ਤੰਦਾਂ ਨੂੰ ਯਾਦ ਕੀਤਾ। ਉਨ੍ਹਾ ਦੱਸਿਆ ਕਿ ਉਹ ਆਨੰਦ ਸਾਹਿਬ ਦੀ ਉਂਗਲ ਫੜ ਕੇ ਪੱਤਰਕਾਰੀ ਦੇ ਖੇਤਰ ਵਿੱਚ ਆਏ ਸਨ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਕਲਮ ਦੇ ਧਨੀ ਤੇ ਚੰਗੇ ਬੁਲਾਰੇ ਸਨ, ਜਿਸ ਸਦਕਾ ਉਨ੍ਹਾ ਦੀ ਪਛਾਣ ਪੂਰੇ ਦੇਸ਼ ਵਿੱਚ ਸੀ। ਉਨ੍ਹਾ ਕਿਹਾ ਕਿ ਐਮਰਜੈਂਸੀ ਅਤੇ ਪੰਜਾਬੀ ਭਾਸ਼ਾ ਦੀ ਲੜਾਈ ਵਿੱਚ ਆਨੰਦ ਸਾਹਿਬ ਨੇ ਮੋਹਰੀ ਰੋਲ ਅਦਾ ਕੀਤਾ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪ੍ਰਤੀਕ ਸਨ। ਉਨ੍ਹਾ ਕਿਹਾ ਕਿ ਕਾਮਰੇਡ ਆਨੰਦ ਨੇ ਹਮੇਸ਼ਾ ਮਰਿਯਾਦਾ ਦਾ ਜੀਵਨ ਜੀਵਿਆ ਅਤੇ ਦੇਸ਼ ਅਤੇ ਸਮਾਜ ਦੇ ਪਹਿਰੇਦਾਰ ਬਣੇ। 
ਗੁਲਜਾਰ ਸਿੰਘ ਸੰਧੂ
ਉੱਘੇ ਲੇਖਕ ਅਤੇ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾ ਦਾ ਆਨੰਦ ਸਾਹਿਬ ਨਾਲ ਮੇਲ 1958 ਵਿੱਚ ਹੋਇਆ ਸੀ, ਉਨ੍ਹਾ ਨੇ ਮਿਲ ਕੇ ਰੂਸੀ ਸਾਹਿਤ ਦਾ ਅਨੁਵਾਦ ਕੀਤਾ ਸੀ। ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾ ਨੂੰ ਇਸ ਸਾਂਝ 'ਤੇ ਬਹੁਤ ਵੱਡਾ ਮਾਣ ਹੈ। ਉਨ੍ਹਾ ਕਿਹਾ ਕਿ ਕਾਮਰੇਡ ਆਨੰਦ ਸ਼ਬਦਾਂ ਦੇ ਜਾਦੂਗਰ ਸਨ ਅਤੇ ਉਨ੍ਹਾ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਲਈ ਬਹੁਤ ਹੀ ਵਧੀਆ ਕੰਮ ਕੀਤਾ। 
'ਨਵਾਂ ਜ਼ਮਾਨਾ' ਨੂੰ ਚੱਲਦਾ ਰੱਖਣਾ ਹੀ ਕਾਮਰੇਡ ਆਨੰਦ ਨੂੰ ਸੱਚੀ-ਸੁੱਚੀ ਸ਼ਰਧਾਂਜਲੀ : ਸੁਕੀਰਤ
ਆਨੰਦ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਕਾਮਰੇਡ ਸੁਕੀਰਤ ਆਨੰਦ ਨੇ ਕਿਹਾ ਕਿ ਰੋਜ਼ਾਨਾ 'ਨਵਾਂ ਜ਼ਮਾਨਾ' ਨੂੰ ਚੱਲਦਾ ਰੱਖਣਾ ਕਾਮਰੇਡ ਜਗਜੀਤ ਸਿੰਘ ਆਨੰਦ ਨੂੰ ਸਭ ਤੋਂ ਵੱਡੀ ਅਤੇ ਸੱਚੀ-ਸੁੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾ ਕਿਹਾ ਕਿ ਕਾਮਰੇਡ ਆਨੰਦ ਨੇ 'ਨਵਾਂ ਜ਼ਮਾਨਾ' ਦੇ ਸੰਪਾਦਕ ਹੁੰਦਿਆਂ ਆਪਣੀ ਆਲੋਚਨਾ ਨੂੰ ਵੀ ਕਬੂਲਿਆ ਅਤੇ ਇਸ ਨੂੰ ਅਖਬਾਰ ਵਿੱਚ ਵਿਸ਼ੇਸ਼ ਥਾਂ ਦਿੱਤੀ। ਸੁਕੀਰਤ ਆਨੰਦ ਨੇ ਕਿਹਾ ਕਿ ਸਿਧਾਂਤਕ ਸੇਧ 'ਤੇ ਚੱਲਦਿਆਂ ਸਾਰਿਆਂ ਦੀ ਮਦਦ ਨਾਲ 'ਨਵਾਂ ਜ਼ਮਾਨਾ' ਨੂੰ ਚਲਦਾ ਰੱਖਿਆ ਜਾਣਾ ਚਾਹੀਦਾ ਹੈ। ਕਮਿਊਨਿਸਟ ਪਾਰਟੀ ਦੇ ਟੁੱਟਣ 'ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾ ਕਿਹਾ ਕਿ ਪਹਿਲਾਂ ਇਹ ਪਾਰਟੀ ਦੋ ਹਿੱਸਿਆਂ ਵਿੱਚ ਵੰਡੀ ਗਈ ਅਤੇ ਹੁਣ ਇਸ ਵੇਲੇ ਇਸ ਦੇ 15-16 ਧੜੇ ਬਣੇ ਹੋਏ ਹਨ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਨੇ ਪਾਰਟੀ ਦੀ ਸਾਂਝ ਅਤੇ ਫੁੱਟ ਵੀ ਦੇਖੀ। ਉਨ੍ਹਾ ਕਿਹਾ ਕਿ ਘੱਟੋ-ਘੱਟ ਖੱਬੀਆਂ ਧਿਰਾਂ ਨੂੰ ਅਮੀਰੀ-ਗ਼ਰੀਬੀ ਦਾ ਪਾੜਾ ਅਤੇ ਜਾਤ-ਪਾਤ ਦਾ ਵਰਤਾਰਾ ਖ਼ਤਮ ਕਰਨ ਲਈ ਇੱਕਜੁੱਟ ਹੋ ਜਾਣਾ ਚਾਹੀਦਾ ਹੈ। 
ਪ੍ਰਧਾਨਗੀ ਮੰਡਲ ਵਿੱਚ ਅਰਜਨ ਸਿੰਘ ਗੜਗੱਜ ਫ਼ਾਊਂਡੇਸ਼ਨ ਦੇ ਉੱਪ ਪ੍ਰਧਾਨ ਰਸ਼ਪਾਲ ਸਿੰਘ ਬੜਾ ਪਿੰਡ, ਸਕੱਤਰ ਕਾਮਰੇਡ ਗੁਰਮੀਤ ਸਿੰਘ ਸ਼ੁਗਲੀ, ਸੀ ਪੀ ਆਈ ਦੇ ਸੂਬਾ ਸਕੱਤਰ ਹਰਦੇਵ ਅਰਸ਼ੀ, ਚਰਨ ਸਿੰਘ ਵਿਰਦੀ, ਮੰਗਤ ਰਾਮ ਪਾਸਲਾ, ਸੁਖਦਰਸ਼ਨ ਨੱਤ, ਸੀ ਪੀ ਆਈ ਦੀ ਜਲੰਧਰ ਇਕਾਈ ਦੇ ਸਕੱਤਰ ਦਿਲਬਾਗ਼ ਸਿੰਘ ਅਟਵਾਲ, ਉੱਘੇ ਕਾਲਮ ਨਵੀਸ ਗੁਲਜ਼ਾਰ ਸਿੰਘ ਸੰਧੂ, ਰਘਵੀਰ ਸਿੰਘ ਸਿਰਜਣਾ, ਨਿਰਮਲ ਸਿੰਘ ਧਾਲੀਵਾਲ, ਬੰਤ ਬਰਾੜ, ਜਗਰੂਪ, ਭੁਪਿੰਦਰ ਸਾਂਬਰ, ਕਰਤਾਰ ਬੁਆਣੀ, ਡਾਕਟਰ ਜੁਗਿੰਦਰ ਦਿਆਲ, ਦਰਬਾਰਾ ਸਿੰਘ ਢਿੱਲੋਂ, ਆਨੰਦ ਸਾਹਿਬ ਦੇ ਦਾਮਾਦ ਡਾਕਟਰ ਚਰਨਜੀਤ ਸਿੰਘ, ਉਰਮਿਲਾ ਆਨੰਦ ਜੀ ਦੇ ਭਰਾਤਾ ਹਿਰਦੇਪਾਲ ਸਿੰਘ ਆਦਿ ਸੁਸ਼ੋਭਿਤ ਸਨ। ਸੀ ਪੀ ਆਈ ਦੇ ਗੁਰਨਾਮ ਕੰਵਰ ਨੇ ਕਵਿਤਾ ਰਾਹੀਂ ਹਾਜ਼ਰੀ ਲਵਾਈ। 'ਨਵਾਂ ਜ਼ਮਾਨਾ' ਦੇ ਸਮਾਚਾਰ ਸੰਪਾਦਕ ਇੰਦਰਜੀਤ ਚੁਗਾਵਾਂ ਨੇ ਆਨੰਦ ਸਾਹਿਬ ਦੀਆਂ ਯਾਦਾਂ ਨੂੰ ਤਾਜ਼ਾ ਕਰਵਾਇਆ। ਨਵਾਂ ਜ਼ਮਾਨਾ ਸਟਾਫ਼ ਵੱਲੋਂ ਰਣਜੋਧ ਸਿੰਘ ਥਿੰਦ ਨੇ ਕਵਿਤਾ ਰਾਹੀਂ ਆਨੰਦ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੇ। ਸਟੇਜ ਦੀ ਕਾਰਵਾਈ 'ਨਵਾਂ ਜ਼ਮਾਨਾ' ਦੇ ਕਾਰਜਕਾਰੀ ਸੰਪਾਦਕ ਜਤਿੰਦਰ ਪਨੂੰ ਨੇ ਚਲਾਈ। ਆਨੰਦ ਸਾਹਿਬ ਪਰਵਾਰ ਵੱਲੋਂ ਉਨ੍ਹਾ ਦੀ ਧੀ ਸੁਅੰਗਨਾ, ਦੋਹਤਰੀ ਨਿੱਘੀ ਅਤੇ ਹੋਰ ਪਰਵਾਰਕ ਮੈਂਬਰ ਹਾਜ਼ਰ ਸਨ। 
ਸ਼ਰਧਾਂਜਲੀ ਸਮਾਗਮ ਵਿੱਚ ਅਰਜਨ ਸਿੰਘ ਗੜਗੱਜ ਫ਼ਾਊਂਡੇਸ਼ਨ ਦੇ ਸੀਨੀਅਰ ਟਰੱਸਟੀ ਕਾਮਰੇਡ ਨੌਨਿਹਾਲ ਸਿੰਘ, ਜਸ ਮੰਡ, ਪ੍ਰਿਥੀਪਾਲ ਮਾੜੀਮੇਘਾ, ਅੰਮ੍ਰਿਤ ਲਾਲ, ਗੁਰਮੀਤ, ਗੁਰਮੀਤ ਸਿੰਘ ਢੱਡਾ, ਰਾਜਿੰਦਰ ਮੰਡ, ਰਾਜੇਸ਼ ਥਾਪਾ, ਮਨਜੀਤ ਸਿੰਘ ਲਾਲੀ, ਇਸਤਰੀ ਸਭਾ ਦੀ ਪ੍ਰਧਾਨ ਕਾਮਰੇਡ ਕੁਸ਼ਲ ਭੌਰਾ, ਪ੍ਰੋਫੈਸਰ ਕਰਮਜੀਤ ਸਿੰਘ, ਕਾਮਰੇਡ ਹਰਭਜਨ ਸਿੰਘ, ਬਜ਼ੁਰਗ ਕਮਿਊਨਿਸਟ ਆਗੂ ਚੈਨ ਸਿੰਘ ਚੈਨ ਦੀ ਸਪੁੱਤਰੀ ਸਵਿਤਾ ਰਾਵਲ, ਨਰਭਿੰਦਰ ਸਿੰਘ, ਦਿੱਲੀ ਯੂਨੀਵਰਸਿਟੀ ਤੋਂ ਪ੍ਰੋਫ਼ੈਸਰ ਚਮਨ ਲਾਲ, ਪੰਜਾਬੀ ਜਾਗਰਣ ਦੇ ਸੰਪਾਦਕ ਸ਼ਿੰਗਾਰਾ ਸਿੰਘ ਭੁੱਲਰ, ਅਰੁਣਦੀਪ, ਪਰਮਜੀਤ ਪੰਮੀ, ਸਤਿਕਾਰ, ਖੇਤ ਮਜ਼ਦੂਰ ਆਗੂ ਸਰਵਣ ਸਿੰਘ ਨਾਗੋਕੇ, ਉੱਘੇ ਲੇਖਕ ਪਿਆਰਾ ਸਿੰਘ ਭੋਗਲ, ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਅਤੇ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੀ ਮੀਤ ਪ੍ਰਧਾਨ ਡਾਕਟਰ ਗੁਰਚਰਨ ਕੌਰ ਕੌਸ਼ਲ, ਦਰਸ਼ਨ ਸਿੰਘ ਢਿੱਲੋਂ ਯੂ ਕੇ, ਸੀ ਪੀ ਆਈ ਸੂਬਾ ਕੰਟਰੋਲ ਕਮਿਸ਼ਨ ਦੇ ਓ ਪੀ ਮਹਿਤਾ, ਡੀ ਪੀ ਮੌੜ, ਜੀ ਐਸ ਸੰਧੂ, ਪ੍ਰਗਤੀਸ਼ੀਲ ਲੇਖਕ ਸੰਘ ਉੱਤਰੀ ਭਾਰਤ ਜ਼ੋਨ ਦੇ ਪ੍ਰਧਾਨ ਮਿੱਤਰ ਸੈਨ ਮੀਤ, ਜਨਰਲ ਸਕੱਤਰ ਡਾਕਟਰ ਸਰਬਜੀਤ ਸਿੰਘ ਚੰਡੀਗੜ੍ਹ, ਡਾਕਟਰ ਹਰਬਿੰਦਰ ਸਿੰਘ ਸਿਰਸਾ, ਡਾਕਟਰ ਗੁਰਮੀਤ ਸਿੰਘ, ਸ਼ਹੀਦ ਸਹਿਜ ਸਿੰਘ ਛੱਜਲਵੱਡੀ ਦੇ ਧੀ-ਜੁਆਈ ਡਾਕਟਰ ਇਕਬਾਲ ਕੌਰ ਤੇ ਪ੍ਰਿੰਸੀਪਲ ਨਰੋਤਮ ਸਿੰਘ, ਉੱਘੇ ਲੇਖਕ ਗੁਰਲਾਲ ਸਿੰਘ, ਕਾਮਰੇਡ ਗੰਧਰਵ ਸੈਨ ਕੋਛੜ, ਗਦਰੀ ਬਾਬਾ ਕਾਮਰੇਡ ਭਗਤ ਸਿੰਘ ਬਿਲਗਾ ਵੱਲੋਂ ਕੁਲਵਿੰਦਰ ਕੌਰ ਬੁੱਟਰ ਪ੍ਰੋਡਿਊਸਰ ਦੂਰ ਦਰਸ਼ਨ ਕੇਂਦਰ ਜਲੰਧਰ, ਤਾਰਾ ਸਿੰਘ ਖਹਿਰਾ, ਤੇ ਦਵਿੰਦਰ ਸੋਹਲ, ਸੁਰਿੰਦਰ ਕੁਮਾਰੀ ਕੌਛੜ, ਦੇਸ਼ ਭਗਤ ਕਮੇਟੀ ਦੇ ਸੀਤਲ ਸਿੰਘ ਸੰਘਾ, ਸੀ ਪੀ ਐਮ ਦੇ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਗੁਰਮੀਤ ਸਿੰਘ ਢੱਡਾ, ਪ੍ਰੋਫ਼ੈਸਰ ਜਗਮੋਹਨ ਸਿੰਘ, ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ, ਕਾਮਰੇਡ ਸੂਤ ਸਿੰਘ ਧਰਮਕੋਟ, ਪ੍ਰੋਫ਼ੈਸਰ ਗੋਪਾਲ ਸਿੰਘ ਬੁੱਟਰ, ਡਾਕਟਰ ਬਰਿੰਦਰ ਕੌਰ, ਕਾਂਗਰਸ ਦੇ ਸਾਬਕਾ ਵਿਧਾਇਕ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਗੁਰਬਿੰਦਰ ਸਿੰਘ ਅਟਵਾਲ, ਪੁਡੂਚੁਰੀ ਦੇ ਸਾਬਕਾ ਉੱਪ ਰਾਜਪਾਲ ਡਾਕਟਰ ਇਕਬਾਲ ਸਿੰਘ, ਸਮਾਜ ਸੇਵਕ ਹਰਬੰਸ ਸਿੰਘ ਚੰਦੀ, ਉੱਘੇ ਲੇਖਕ ਵਰਿਆਮ ਸਿੰਘ ਸੰਧੂ, ਅਰੁਣ ਮਿੱਤਰਾ, ਪੰਜਾਬ ਪੀਪਲਜ਼ ਪਾਰਟੀ ਦੇ ਆਗੂ ਨਵਜੋਤ ਸਿੰਘ ਦਾਹੀਆ, ਕਾਮਰੇਡ ਰਾਜਿੰਦਰ ਸਿੰਘ ਰਾਣਾ, ਪ੍ਰਧਾਨ ਬਾਰ ਐਸੋਸੀਏਸ਼ਨ ਸੁਲਤਾਨ ਪੁਰ ਲੋਧੀ, ਹਰਭਜਨ ਸਿੰਘ ਬਾਜਵਾ ਫ਼ੋਟੋਗ੍ਰਾਫ਼ਰ, ਸੀ ਪੀ ਆਈ ਕਪੂਰਥਲਾ ਦੇ ਸਕੱਤਰ ਕਾਮਰੇਡ ਨਿਰੰਜਣ ਸਿੰਘ ਉੱਚਾ, ਨਰਿੰਦਰ ਸੋਨੀਆ, ਗਿਆਨੀ ਗੁਰਦੇਵ ਸਿੰਘ ਨਿਹਾਲਗੜ੍ਹ ਆਦਿ ਹਾਜ਼ਰ ਸਨ। 
ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬੀ ਟ੍ਰਿਬਿਊਨ ਅਤੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ, ਡਿਪਟੀ ਨਿਊਜ਼ ਐਡੀਟਰ ਬਲਬੀਰ ਜੰਡੂ, ਸ਼ਾਹਕੋਟ ਤੋਂ ਨਵਾਂ ਜ਼ਮਾਨਾ ਦੇ ਪੱਤਰਕਾਰ ਗਿਆਨ ਸੈਦਪੁਰੀ, ਬਠਿੰਡਾ ਤੋਂ ਨਵਾਂ ਜ਼ਮਾਨਾ ਦੇ ਵਿਸ਼ੇਸ਼ ਪ੍ਰਤੀਨਿਧ ਬਖਤੌਰ ਢਿੱਲੋਂ, ਲਾਭ ਸਿੰਘ ਸਿੱਧੂ, ਜੀ ਐਸ ਗੁਲਾਟੀ, ਬੰਗਾ ਹਰਜਿੰਦਰ ਸਿੰਘ ਚਾਹਲ, ਭੁਪਿੰਦਰ ਚਾਹਲ, ਤਲਵੰਡੀ ਸਾਬੋ ਤੋਂ ਜਗਦੀਪ ਗਿੱਲ, ਦੇਸ਼ ਸੇਵਕ ਦੇ ਪ੍ਰਤੀਨਿਧ ਬੀ ਐਸ ਭੁੱਲਰ ਤੋਂ ਇਲਾਵਾ ਜਸਪਾਲ ਸਿੰਘ ਮਾਨਖੇੜਾ, ਰਣਬੀਰ ਰਾਣਾ, ਸੁਰਿੰਦਰ ਪ੍ਰੀਤ ਘਣੀਆ ਤੇ ਜਗਦੀਸ਼ ਘਈ, ਅੰਮ੍ਰਿਤਸਰ ਤੋਂ ਪੱਤਰਕਾਰ ਜਸਬੀਰ ਸਿੰਘ ਪੱਟੀ, ਨਰਿੰਦਰਜੀਤ ਸਿੰਘ, ਦਵਿੰਦਰ ਸਿੰਘ ਤਰਸਿੱਕਾ, ਸਿਮਰਜੀਤ ਸਿੰਘ ਸੰਧੂ, ਵਿਜੈ ਪੰਕਜ ਅਜਨਾਲਾ, ਮੁਹਾਲੀ ਗੁਰਜੀਤ ਬਿੱਲਾ, ਅਮਰਜੀਤ ਸਿੰਘ, ਅਰੁਣ ਨਾਭਾ, ਚੰਡੀਗੜ੍ਹ ਤੋਂ ਕ੍ਰਿਸ਼ਨ ਗਰਗ, ਹੁਸ਼ਿਅਰਪੁਰ ਤੋਂ ਤਰਸੇਮ ਦੀਵਾਨਾ, ਮੋਗਾ ਤੋਂ ਇਕਬਾਲ ਸਿੰਘ, ਚੰਡੀਗੜ੍ਹ ਤੋਂ ਲੋਕ ਸੰਪਰਕ ਅਧਿਕਾਰੀ ਸਰਬਜੀਤ ਸਿੰਘ ਕੰਗਣੀਵਾਲ, ਜਸਬੀਰ ਕੌਰ, ਹਰਬੀਰ ਕੌਰ ਬਨੂੰਆਣਾ, ਕਾਮਰੇਡ ਆਨੰਦ ਹੋਰਾਂ ਦੇ ਦੇਸ਼ ਦੀ ਵੰਡ ਵੇਲੇ ਤੋਂ ਵੀ ਪਹਿਲਾਂ ਦੇ ਮਿੱਤਰ ਤਾਰਾ ਸਿੰਘ ਬੰਗਲਾਰਾਏ, ਯੂ ਸੀ ਪੀ ਆਈ ਦੇ ਕੌਮੀ ਪ੍ਰਧਾਨ ਸੁਖੇਂਦਰ ਧਾਲੀਵਾਲ, ਚਰਨ ਸਿੰਘ ਗਿੱਲ, ਮੱਲ੍ਹੀਆਂ ਕਲਾਂ ਅਵਤਾਰ ਰਾਣਾ, ਰੇਲ ਕੋਚ ਫ਼ੈਕਟਰੀ ਤੋਂ ਇੰਦਰਜੀਤ ਸਿੰਘ ਰੂਪੇਵਾਲੀ, ਕਾਮਰੇਡ ਰੂਪ ਲਾਲ ਪਰਦੇਸੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। 
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹਿੰਦ ਸਮਾਚਾਰ ਸਮੂਹ ਦੇ ਸੰਪਾਦਕ ਵਿਜੈ ਚੋਪੜਾ ਵੱਲੋਂ ਭੇਜਿਆ ਗਿਆ ਸ਼ੋਕ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ। ਇਸ ਤੋਂ ਇਲਾਵਾ 'ਦੇਸ਼ ਸੇਵਕ' ਦੇ ਸੰਪਾਦਕ ਰਿਪੁਦਮਨ ਰਿਪੀ, ਇਪਟਾ ਪੰਜਾਬ ਵੱਲੋਂ ਸੰਜੀਵਨ ਸਿੰਘ, ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਕਾਮਰੇਡ ਗੁਲਜ਼ਾਰ ਗੋਰੀਆ, ਤਰਕਸ਼ੀਲ ਸੁਸਾਇਟੀ, ਸੀ ਪੀ ਆਈ ਬਲਾਕ ਮਾਛੀਵਾੜਾ ਅਤੇ ਸਮਰਾਲਾ, ਸਾਹਿਤ ਕਲਾ ਕੇਂਦਰ ਜਲੰਧਰ ਦੇ ਨਰਿੰਦਰ ਪਾਲ ਕੰਗ, ਗ਼ਦਰੀ ਬਾਬਾ ਕਾਮਰੇਡ ਭਗਤ ਸਿੰਘ ਬਿਲਗਾ, ਯਾਦਗਾਰ ਕਮੇਟੀ ਬਿਲਗਾ ਵੱਲੋਂ ਕੁਲਬੀਰ ਸਿੰਘ ਸੰਘੇੜਾ, ਪੰਜਾਬ ਪੱਲੇਦਾਰ ਵਰਕਰ ਯੂਨੀਅਨ ਵੱਲੋਂ ਅਮਰ ਸਿੰਘ ਭਟੀਆ, ਜਨਤਾ ਦਲ ਸੈਕੂਲਰ ਵੱਲੋਂ ਮਾਸਟਰ ਅਵਤਾਰ ਸਿੰਘ, ਸਾਹਿਤ ਤੇ ਸੱਭਿਆਚਾਰਕ ਸੰਸਥਾ ਫੁਲਕਾਰੀ ਵੱਲੋਂ ਪ੍ਰੋਫ਼ੈਸਰ ਸੁਰਜੀਤ ਜੱਜ, ਮੱਖਣ ਮਾਨ, ਮਾਨਵਵਾਦੀ ਰਚਨਾ ਮੰਚ ਪੰਜਾਬ ਵੱਲੋਂ ਕੇਵਲ ਸਿੰਘ ਪਰਵਾਨਾ, ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਵੱਲੋਂ ਜਸਪਾਲ ਜ਼ੀਰਵੀ, ਦੇਸ਼ ਭਗਤ ਕਾਮਰੇਡ ਵਧਾਵਾ ਰਾਮ ਯਾਦਗਾਰੀ ਕਮੇਟੀ, ਫ਼ਾਜ਼ਿਲਕਾ ਵੱਲੋਂ ਕਾਮਰੇਡ ਸ਼ਕਤੀ, ਪੰਜਾਬ ਲੈਦਰ ਫੈਡਰੇਸ਼ਨ ਵੱਲੋਂ ਅਮਨਦੀਪ ਸਿੰਘ ਸੰਧੂ, ਸਿਰਸਾ ਤੋਂ ਡਾਕਟਰ ਹਰਵਿੰਦਰ ਸਿੰਘ, ਪੰਜਾਬ ਪੈਸ਼ਨਰਜ਼ ਯੂਨੀਅਨ ਵੱਲੋਂ ਗੁਰਮੇਲ ਸਿੰਘ, ਇਸਤਰੀ ਸਭਾ ਵੱਲੋਂ ਬੀਬੀ ਗੁਰਬਖ਼ਸ਼ ਕੌਰ, ਸੀ ਪੀ ਆਈ ਚੰਡੀਗੜ੍ਹ ਇਕਾਈ ਵੱਲੋਂ ਪ੍ਰੀਤਮ ਸਿੰਘ ਹੁੰਦਲ, ਦੇਵੀ ਦਿਆਲ ਸ਼ਰਮਾ, ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕਰਮ ਸਿੰਘ ਵਕੀਲ, ਪ੍ਰੈਸ ਕਲੱਬ ਮਲੀਆਂ ਕਲਾਂ ਵੱਲੋਂ ਅਵਤਾਰ ਸਿੰਘ ਰਾਣਾ, ਅਖ਼ਿਲ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਸਿਰਸਾ ਵੱਲੋਂ ਕਸ਼ਮੀਰ ਸਿੰਘ ਕਲੀਵਾਲਾ, ਪੰਜਾਬੀ ਲੇਖਕ ਸਭਾ ਸਿਰਸਾ ਵੱਲੋਂ ਡਾਕਟਰ ਹਰਵਿੰਦਰ ਸਿੰਘ ਸਿਰਸਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਾਹਿਬ ਆਦਰਸ਼ਨ ਨਗਰ ਜਲੰਧਰ, ਮਲਵੱਈ ਸੱਥ ਜਲੰਧਰ ਵੱਲੋਂ ਬਲਵੰਤ ਸਿੰਘ ਰੁਪਾਲ, ਮਿਹਰਚੰਦ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਜਗਰੂਪ ਸਿੰਘ, ਬਾਬਾ ਕਸ਼ਮੀਰਾ ਸਿੰਘ, ਜਨ ਸੇਵਾ ਸੰਘ ਦੇ ਸੁਆਮੀ ਕਸ਼ਮੀਰਾ ਸਿੰਘ, ਇੰਗਲੈਂਡ ਤੋਂ ਕੁਲਤਾਰ ਸਿੰਘ ਖਾਂਬੜਾ ਨੇ ਸ਼ੌਕ ਸੁਨੇਹੇ ਭੇਜੇ। ਪੰਜਾਬ ਪੀਪੁਲਜ਼ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਐਤਵਾਰ ਸਵੇਰੇ ਆਨੰਦ ਸਾਹਿਬ ਦੀ ਰਿਹਾਇਸ਼ 'ਤੇ ਗਏ ਅਤੇ ਉਨ੍ਹਾ ਨੇ ਸੁਕੀਰਤ ਆਨੰਦ ਨਾਲ ਦੁੱਖ ਸਾਂਝਾ ਕੀਤਾ।
ਹੁਣ ਦੇਖਣਾ ਇਹ ਹੈ ਕਿ ਆਨੰਦ ਸਾਹਿਬ ਲਈ ਵਲਵਲਿਆਂ ਭਰਪੂਰ ਭਾਸ਼ਣ ਦੇਣ ਅਤੇ ਹੋਸ਼ ਭੁਲਾ ਦੇਣ ਵਾਲੀ ਗਰਮੀ ਵਿੱਚ ਦੂਰੋ ਦੂਰੋਂ ਚੱਲ ਕੇ ਆਏ ਇਹਨਾਂ ਲਾਲ ਝੰਡੇ ਉਪਾਸ਼ਕਾਂ ਵੱਲੋਂ ਨਵਾਂ ਜਮਾਨਾ ਨੂੰ ਅੱਜ ਦੇ ਵਪਾਰਕ ਯੁਗ ਵਿੱਚ ਚਲਦਾ ਰਖਣ ਲਈ ਅਮਲੀ ਤੌਰ 'ਤੇ ਕੀ ਕਦਮ ਚੁੱਕੇ ਜਾਂਦੇ ਹਨ ਕਿਓਂਕਿ ਆਨੰਦ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ। 

Saturday, June 20, 2015

ਨਹੀਂ ਰਹੇ ਕਾਮਰੇਡ ਜਗਜੀਤ ਸਿੰਘ ਆਨੰਦ

ਸਿਧਾਂਤ ਅਤੇ ਸੰਘਰਸ਼ਾਂ ਵਾਲੇ ਯੁਗ ਦਾ ਇੱਕ ਹੋਰ ਯੋਧਾ ਤੁਰ ਗਿਆ 
ਆਪਣੀ ਜੀਵਨ ਸਾਥਣ ਉਰਮਿਲਾ ਆਨੰਦ ਨੂੰ ਵਿਦਾ ਕਰਨ ਤੋਂ ਬਾਅਦ ਸਦਮੇ ਦੇ ਬਾਵਜੂਦ ਹਿੰਮਤ ਵਿੱਚ ਕਾਮਰੇਡ ਆਨੰਦ
ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਅਤੇ ਹੋਰਾਂ ਨੂੰ ਜੀ ਆਇਆਂ  ਆਖਦਿਆਂ 
ਲੁਧਿਆਣਾ: 20 ਜੂਨ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਪੰਜਾਬੀ ਪੱਤਰਕਾਰੀ ਨੂੰ ਪੰਜਾਬੀ ਦਾ ਰੰਗ ਚਾੜ੍ਹਨ ਅਤੇ ਅਖਬਾਰੀ ਸਮਗਰੀ ਨੂੰ ਮੁਹਾਵਰੇਦਾਰ ਅੰਦਾਜ਼ ਨਾਲ ਦਿਲਚਸਪ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਕਾਮਰੇਡ ਜਗਜੀਤ ਸਿੰਘ ਆਨੰਦ ਹੁਣ ਸਾਡੇ ਦਰਮਿਆਨ ਨਹੀਂ ਰਹੇ। ਕਮਿਊਨਿਸਟ ਪਾਰਟੀ ਦੇ ਉਤਰਾਵਾਂ ਚੜ੍ਹਾਵਾਂ,  ਪੰਜਾਬ ਦੇ ਗੋਲੀਆਂ-ਬੰਬਾਂ ਵਾਲੇ ਸਮਿਆਂ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਨਵਾਂ ਜਮਾਨਾ ਨੂੰ ਦਰਪੇਸ਼ ਹੁੰਦੇ ਰਹੇ ਬਹੁ ਪੱਖੀ ਸੰਕਟਾਂ ਨੂੰ ਆਪਣੀ ਪੂਰੀ ਵਾਹ ਲਾ ਕੇ ਹੱਲ ਕਰਨ ਵਾਲੇ ਕਾਮਰੇਡ ਆਨੰਦ ਲਗਾਤਾਰ ਸੰਘਰਸ਼ਾਂ ਦੇ ਰੂਪ ਵੱਜੋਂ ਜਾਣੇ ਜਾਂਦੇ ਰਹੇ। 
ਉਹਨਾਂ ਦੇ ਤੁਰ ਜਾਨ ਨਾਲ ਪੰਜਾਬੀ ਪੱਤਰਕਾਰੀ ਦੇ ਇੱਕ ਯੁੱਗ ਦਾ ਉਸ ਸਮੇਂ ਅੰਤ ਹੋ ਗਿਆ ਜਿਸ ਯੁਗ ਵਿੱਚ "ਨਵਾਂ ਜ਼ਮਾਨਾ" ਇੱਕ ਮੀਡੀਆ ਟਰੇਨਿੰਗ ਇੰਸੀਚਿਊਟ ਵੱਜੋਂ ਸਥਾਪਿਤ ਹੋਇਆ। ਇਸ ਅਖਬਾਰ ਚ ਕੰਮ ਕਰਦਿਆਂ ਡੂੰਘੇ ਤਜਰਬੇ ਹਾਸਿਲ ਕਰਨ ਵਾਲੇ ਤਕਰੀਬਨ ਸਾਰੀਆਂ ਅਖਬਾਰਾਂ ਵਿੱਚ ਪੁੱਜੇ। ਪੱਤਰਕਾਰੀ ਵਿੱਚ ਨਵੀਆਂ ਪਿਰਤਾਂ ਪਾਉਣ ਵਾਲੇ 'ਨਵਾਂ ਜ਼ਮਾਨਾ' ਦੇ ਮੁੱਖ ਸੰਪਾਦਕ ਕਾਮਰੇਡ ਜਗਜੀਤ ਸਿੰਘ ਆਨੰਦ ਦਾ ਸ਼ੁੱਕਰਵਾਰ ਰਾਤ 9.45 ਵਜੇ ਦੇਹਾਂਤ ਹੋ ਗਿਆ। ਨਵਾਂ ਜਮਾਨਾ ਪਰਿਵਾਰ ਦੇ ਸੂਤਰਾਂ ਨੇ ਦੱਸਿਆ ਕਿ ਕਾਮਰੇਡ ਆਨੰਦ ਲੰਮੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਦੋ ਦਿਨ ਪਹਿਲਾਂ ਉਨ੍ਹਾਂ ਨੂੰ ਬ੍ਰੇਨ ਸਟਰੋਕ ਕਾਰਨ ਜਲੰਧਰ ਦੇ ਗਲੋਬਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾ ਦਾ ਅੰਤਮ ਸੰਸਕਾਰ ਬਾਅਦ ਦੁਪਹਿਰ 2 ਵਜੇ ਮਾਡਲ ਟਾਊਨ ਜਲੰਧਰ ਦੇ ਸਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਕਾਮਰੇਡ ਆਨੰਦ ਦੇ ਦੇਹਾਂਤ 'ਤੇ ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਤੇ ਹੋਰ ਪਾਰਟੀ ਸਾਥੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਲੁਧਿਆਣਾ ਵਿੱਚ ਵੀ ਕਈ ਸੰਗਠਨਾਂ ਨੇ ਇਸ ਮੌਕੇ ਸੋਗ ਦਾ ਪ੍ਰਗਟਾਵਾ ਕੀਤਾ। 

Wednesday, May 13, 2015

ਗ੍ਰਿਫ਼ਤਾਰ ਵਿਦਿਆਰਥਣ ਨੂੰ ਅੱਧੀ ਰਾਤ ਪੁਲਸ ਨੇ ਜਿਪਸੀਆਂ 'ਚ ਘੁੰਮਾਇਆ

6ਵੀਂ ਜਮਾਤ ਦੇ ਵਿਦਿਆਰਥੀ ਨਾਲ ਵੀ ਕੀਤੀ ਕੁੱਟਮਾਰ 
ਬਠਿੰਡਾ ਤੋਂ ਬਲਜਿੰਦਰ ਕੋਟਭਾਰਾ ਦੀ ਰਿਪੋਰਟ:
ਬਾਦਲ ਪਰਵਾਰ ਦੀ ਆਰਬਿਟ ਟਰਾਂਸਪੋਰਟ ਦੇ ਗੁੰਡਾ ਸਟਾਫ਼ ਵੱਲੋਂ ਦਲਿਤ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਮਗਰੋਂ ਕਤਲ ਕਰਨ ਦੇ ਵਿਰੋਧ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵੱਲੋਂ ਵਿੱਢੇ ਅੰਦੋਲਨ ਤਹਿਤ ਫ਼ਰੀਦਕੋਟ ਵਿੱਚ ਬਾਦਲਾਂ ਦੀ ਹਿੱਸੇਦਾਰੀ ਤੇ ਰਿਸ਼ਤੇਦਾਰ ਡਿੰਪੀ ਢਿੱਲੋਂ ਦੀ 'ਨਿਊ ਦੀਪ' ਟਰਾਂਸਪੋਰਟ ਕੰਪਨੀ ਦੀ ਇਕ ਬੱਸ ਦੇ ਸ਼ੀਸ਼ੇ ਉਸ ਵੇਲੇ ਭੰਨ ਦਿੱਤੇ ਸਨ, ਜਦ ਪੁਲਸ ਦੇ ਰੋਕਣ ਦੇ ਬਾਵਜੂਦ ਬੱਸ ਦੇ ਕਰਿੰਦੇ ਬੱਸ ਨੂੰ ਨਾ ਸਿਰਫ ਸ਼ਹਿਰ ਵਿੱਚ ਲੈ ਆਏ, ਬਲਕਿ ਰੋਸ ਵਿਖਾਵਾ ਕਰ ਰਹੇ ਨੌਜਵਾਨਾਂ 'ਤੇ ਬੱਸ ਚਾੜ੍ਹਨ ਦੀ ਕੋਸ਼ਿਸ਼ ਵੀ ਕੀਤੀ।
ਇਸ ਮਗਰੋਂ ਦਾ ਘਟਨਾਕ੍ਰਮ ਪੂਰੀ ਦੁਨੀਆ ਦੇ ਪੰਜਾਬੀਆਂ ਵਿੱਚ ਚਰਚਾ ਵਿੱਚ ਹੈ ਕਿ ਬੱਸ ਦੇ ਸ਼ੀਸ਼ੇ ਭੰਨੇ ਜਾਣ 'ਤੇ ਪੁਲਸ ਨੇ ਹੁਕਮਰਾਨਾਂ ਦੇ ਆਦੇਸ਼ 'ਤੇ ਨੌਜਵਾਨਾਂ ਖਿਲਾਫ ਇਰਾਦਾ ਏ ਕਤਲ ਦੀ ਧਾਰਾ 307 ਲਾਈ ਤੇ ਝੰਡਿਆਂ ਵਾਲੇ ਡੰਡਿਆਂ ਨੂੰ ਤੇਜ਼ਧਾਰ ਹਥਿਆਰ ਬਣਾ ਦਿੱਤਾ। ਨਿਊ ਦੀਪ ਬੱਸ ਦੇ ਮਾਲਕਾਂ ਦੇ ਕਰਿੰਦਿਆਂ ਦੀ ਹਾਜ਼ਰੀ ਵਿੱਚ ਨਾ ਸਿਰਫ ਹਿਰਾਸਤ ਵਿੱਚ ਲਏ ਨੌਜਵਾਨਾਂ ਨੂੰ ਕੁੱਟਿਆ, ਬਲਕਿ ਗਾਲਾਂ ਵੀ ਕੱਢੀਆਂ। ਹੁਣ ਇਸ ਮਾਮਲੇ ਨੂੰ ਜਿਸ ਪਾਸੇ ਲਿਜਾਇਆ ਜਾ ਰਿਹਾ ਹੈ, ਉਹ ਜਾਗਦੀਆਂ ਜ਼ਮੀਰਾਂ ਵਾਲਿਆਂ ਬੇਹੱਦ ਬੇਚੈਨ ਕਰ ਰਿਹਾ ਹੈ।
ਇਸ ਅੰਦੋਲਨ ਵਿੱਚ ਸ਼ਾਮਲ 6ਵੀਂ ਜਮਾਤ ਦੇ ਵਿਦਿਆਰਥੀ 14 ਸਾਲ ਦੇ ਹਰਪ੍ਰੀਤ ਸਿੰਘ ਪੁੱਤਰ ਘੁੱਕਰ ਸਿੰਘ ਦੀ ਪੁਲਸ ਦੇ ਉੱਚ ਅਧਿਕਾਰੀਆਂ ਨੇ ਖੁਦ ਬੇਰਹਿਮੀ ਨਾਲ ਕੁੱਟਮਾਰ ਕੀਤੀ। ਫ਼ਰੀਦਕੋਟ ਜੇਲ੍ਹ ਵਿੱਚ ਇਰਾਦਾ ਕਤਲ ਕੇਸ ਧਾਰਾ 307 ਤਹਿਤ ਬੰਦ ਇਹਨਾਂ ਵਿਦਿਆਰਥੀਆਂ ਵਿੱਚੋਂ ਕੁਝ ਕੁ ਨਾਲ ਜਦੋਂ ਮੁਲਾਕਾਤ ਕੀਤੀ ਤਾਂ ਲੂ ਕੰਡੇ ਖੜੇ ਹੋਣ ਵਾਲੇ ਤੱਥ ਸਾਹਮਣੇ ਆਏ। ਪੰਜਾਬ ਦੀ ਦਲੇਰ ਧੀ, ਜਿਸ ਨੂੰ ਬੈਂਸ ਭਰਾ ਵੀ ਮੁਲਾਕਾਤ ਕਰਕੇ ਦਲੇਰ ਬੇਟੀ ਦਾ ਖਿਤਾਬ ਦੇ ਕੇ ਗਏ, ਹਰਦੀਪ ਕੌਰ ਕੋਟਲਾ ਬੀ ਏ ਜਮਾਤ ਦੀ ਵਿਦਿਆਰਥਣ ਦੀ ਅੱਧੀ ਰਾਤ ਤੱਕ ਜੇਲ੍ਹ ਵਿੱਚ ਕੁੱਟਮਾਰ ਹੁੰਦੀ ਰਹੀ, ਕੁੱਟਮਾਰ ਕਾਰਨ ਉਸ ਦਾ ਮੂੰਹ ਸੁੱਜਿਆ ਹੋਇਆ ਹੈ, ਬੇਤਹਾਸ਼ਾ ਤਸ਼ੱਦਦ ਕਾਰਨ ਉਸ ਨੂੰ ਕੰਨਾਂ ਤੋਂ ਪੂਰਾ ਨਹੀਂ ਸੁਣ ਰਿਹਾ। ਵਾਰ-ਵਾਰ ਕੁੱਟ ਨਾਲ ਕਮਰ ਦਰਦ ਦੀ ਪੀੜਤ ਹਰਦੀਪ ਕੌਰ ਨੇ ਦੱਸਿਆ ਕਿ ਉਸ ਦੀ ਐਨੀ ਬੇਰਹਿਮੀ ਨਾਲ ਕੁੱਟਮਾਰ ਕਰਨ ਵੇਲੇ ਇਹ ਪੁੱਛਿਆ ਜਾਂਦਾ ਹੈ ਕਿ ਹੁਣ ਤਾਂ ਤੂੰ ਸੁਧਰ ਜਾਵੇਂਗੀ ਕਿ ਅਜੇ ਹੋਰ ਕਸਰ ਬਾਕੀ ਹੈ। ਤਸ਼ੱਦਦ ਦੇ ਇਸ ਦੌਰ ਵੇਲੇ ਹਰਦੀਪ ਕੌਰ ਦੇ ਪਿੰਡ ਕੋਟਲਾ ਮੇਹਰ ਸਿੰਘ ਵਾਲਾ 'ਚ ਸਥਿਤ ਉਸ ਦੇ ਘਰ ਪੁਲਸ ਗਈ, ਪਰ ਪਰਵਾਰ ਵੱਲੋਂ ਖੌਫ ਵਿੱਚ ਇਹ ਕਹਿਣ 'ਤੇ ਕਿ ਅਸੀਂ ਤਾਂ ਆਪਣੀ ਧੀ ਬੇਦਖ਼ਲ ਕੀਤੀ ਹੋਈ ਹੈ, ਜਦ ਇਹ ਸੁਨੇਹਾ ਫ਼ਰੀਦਕੋਟ ਦੀ ਸੀ ਆਈ ਏ ਸਟਾਫ ਨੂੰ ਮਿਲਿਆ ਤਾਂ ਫੇਰ ਹਰਦੀਪ ਕੌਰ ਨੂੰ ਕੁੱਟਦਿਆਂ ਅਤਿ ਭੱਦੀ ਸ਼ਬਦਾਵਲੀ ਵਿੱਚ ਪੁੱਛਿਆ ਕਿ ਤੂੰ ਕਿਹੜੇ ਖ਼ਸਮਾਂ ਕੋਲ ਤੇ ਕਿੱਥੇ ਰਹਿੰਦੀ ਐਂ? ਤੇ ਬੇਹੱਦ ਭੱਦੀਆਂ ਗਾਲ੍ਹਾਂ ਤੇ ਅਸ਼ਲੀਲ ਗੱਲਾਂ ਕੀਤੀਆਂ ਗਈਆਂ।
ਹਰਦੀਪ ਕੌਰ ਕੋਟਲਾ ਨੇ ਕਥਿਤ ਤੌਰ 'ਤੇ ਦੋਸ਼ ਲਾਇਆ ਕਿ ਪਹਿਲਾਂ ਜੇਲ੍ਹ ਵਿੱਚ ਉਸ ਨੂੰ ਬੁਰੀ ਤਰਾਂ ਕੁੱਟਿਆ ਗਿਆ, ਫੇਰ ਰਾਤ ਨੂੰ 11 ਵਜੇ ਦੇ ਕਰੀਬ ਪੁਲਿਸ ਅਫ਼ਸਰਾਂ ਦੀਆਂ ਜਿਪਸੀਆਂ ਅੱਗੇ ਪਿੱਛੇ ਲਿਜਾ ਕੇ ਬਾਹਰ ਸੜਕਾਂ ਤੇ ਨਹਿਰਾਂ ਦੇ ਕਿਨਾਰੇ 'ਤੇ ਲਿਜਾਇਆ ਗਿਆ ਤੇ ਉਸ ਨੂੰ ਕਿਹਾ ਗਿਆ ਕਿ ਉਸ ਨੂੰ ਘਰੇ ਛੱਡਣ ਜਾ ਰਹੇ ਹਾਂ, ਅੱਧੀ ਰਾਤ ਨੂੰ ਜ਼ਲੀਲ ਕਰਨ ਮੌਕੇ ਹਰਦੀਪ ਕੌਰ ਕੋਟਲਾ ਨੇ ਨਸ਼ੇ ਨਾਲ ਡੱਕੇ ਪੁਲਸੀਆਂ ਤੇ ਨਾਲ ਗਈਆਂ ਸਿਪੈਹਣਾਂ ਨੂੰ ਧਮਕੀ ਦਿੱਤੀ ਕਿ ਜੇ ਉਸ ਨੂੰ ਕੁਝ ਵੀ ਹੋ ਜਾਂਦਾ ਹੈ ਤਾਂ ਇਸ ਦਾ ਹਸ਼ਰ ਬਹੁਤ ਬੁਰਾ ਹੋਵੇਗਾ ਤੇ ਮੇਰੇ ਪੰਜਾਬੀ ਵੀਰ ਤੁਹਾਨੂੰ ਸੁੱਖ ਦੀ ਨੀਂਦ ਨਹੀਂ ਸੌਣ ਦੇਣਗੇ ਤਾਂ ਉਸ ਨੂੰ ਵਾਪਸ ਸੀ ਆਈ ਏ ਸਟਾਫ਼ ਲਿਆ ਕੇ ਰਾਤ ਨੂੰ 12 ਵਜੇ ਦੇ ਕਰੀਬ ਇਰਾਦਾ ਕਤਲ ਕੇਸ ਧਾਰਾ 307 ਵਿੱਚ ਮੜ੍ਹ ਦਿੱਤਾ।
ਇਸ ਮਾਮਲੇ ਵਿੱਚ ਫੜੇ ਗਏ ਮੁੰਡਿਆਂ ਨੂੰ ਰਾਤ ਨੂੰ 11 ਵਜੇ ਤੱਕ ਭਜਾ-ਭਜਾ ਕੇ ਕੁੱਟਿਆ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਬਠਿੰਡਾ ਤੋਂ ਕੇਸ਼ਵ ਅਜ਼ਾਦ ਨੇ ਸਾਰੇ ਤਸ਼ੱਦਦ ਬਾਰੇ ਦੱਸਦਿਆਂ ਕਿਹਾ ਕਿ ਇਸ ਅਖੌਤੀ ਪੰਥ ਰਤਨ ਦੇ ਦਲਾਲ ਖਾਕੀਵਰਦੀ ਧਾਰੀਆਂ ਨੂੰ ਅਸੀਂ ਦੱਸ ਦਿੱਤਾ ਕਿ ਅਸੀਂ ਉਸ ਮਿੱਟੀ ਦੇ ਪੁੱਤ ਹਾਂ, ਜੋ ਮਰ ਸਕਦੇ ਹਾਂ, ਪਰ ਝੁਕ ਨਹੀਂ ਸਕਦੇ। ਜਦੋਂ ਕੇਸ਼ਵ ਅਜ਼ਾਦ ਨੂੰ ਉਸ ਦੀ ਮਾਤਾ, ਮਾਸੀ ਤੇ ਨਾਨੀ ਨਾਲ ਮਿਲਾਇਆ ਤਾਂ ਉਹ ਬੇਤਸ਼ਾਹਾ ਤਸ਼ੱਦਦ ਤੋਂ ਪੀੜਤ ਹੋਣ ਦੇ ਬਾਵਜੂਦ ਹਰ ਗੱਲ ਨੂੰ ਮਖੌਲ ਨਾਲ ਦੱਸ ਰਿਹਾ ਸੀ।
ਇਸ 'ਵਾਰਦਾਤ' ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਘੁੱਦੂਵਾਲਾ ਦੇ ਕਈ ਨੌਜਵਾਨ, ਔਰਤਾਂ, ਮੁੰਡੇ ਇਰਾਦਾ ਕਤਲ ਕੇਸ ਵਿੱਚ ਸ਼ਾਮਲ ਕੀਤੇ ਗਏ ਹਨ, ਜੋ ਕਿ ਸਾਰੇ ਦੇ ਸਾਰੇ ਰੰਘਰੇਟੇ ਗੁਰੂ ਕੇ ਬੇਟੇ ਹਨ। ਹਰਪ੍ਰੀਤ ਸਿੰਘ ਨਾਬਾਲਗ ਲੜਕਾ ਉਮਰ 14 ਸਾਲ ਦੇ ਨਾਲ ਉਸ ਦੀ 75 ਸਾਲਾ ਨਾਨੀ ਬਲਵੀਰ ਕੌਰ ਪਤਨੀ ਮਿਲਖਾ ਸਿੰਘ ਕੌਮ ਮਜ਼੍ਹਬੀ ਸਿੱਖ, ਇਸੇ ਪਰਵਾਰ ਵਿੱਚੋਂ ਨਿਰਮਲ ਸਿੰਘ ਤੇ ਰਾਜਿੰਦਰ ਸਿੰਘ ਚਚੇਰੇ ਭਰਾ, ਇਸੇ ਪਰਵਾਰ ਵਿੱਚੋਂ ਹੀ ਬੀ ਏ ਪਹਿਲਾ ਸਾਲ ਦਾ ਵਿਦਿਆਰਥੀ ਸਤਨਾਮ ਸਿੰਘ ਵੀ ਸਾਰੇ ਇਸ 'ਪੰਥਕ ਸਰਕਾਰ' ਦਾ ਤਸ਼ੱਦਦ ਸਹਿ ਰਹੇ ਹਨ। ਨਿਰਮਲ ਸਿੰਘ ਤੇ ਰਾਜਿੰਦਰ ਸਿੰਘ ਦੀ ਭੈਣ ਸਿਮਰਨਜੀਤ ਕੌਰ ਵੀ ਇਰਾਦਾ ਕਤਲ ਕੇਸ ਵਿੱਚ ਮੜੀ ਹੋਈ ਹੈ। ਇਸ ਤੋਂ ਇਲਾਵਾ ਇਸ ਪਿੰਡ ਦੀਆਂ ਗੁਰਦੇਵ ਕੌਰ ਤੇ ਪ੍ਰਕਾਸ਼ ਕੌਰ ਵੀ ਇਸ ਕੇਸ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। 
ਨਾਬਾਲਗ ਬੱਚੇ ਦੀ 75 ਸਾਲਾ ਨਾਨੀ ਬਲਵੀਰ ਕੌਰ, ਜਿਸ 'ਤੇ ਵੀ ਇਸ ਧਾਰਾ 307 ਤਹਿਤ ਮੁਕੱਦਮਾ ਦਰਜ ਹੈ, ਨਾਲ ਜਦੋਂ ਉਹਨਾਂ ਦੇ ਘਰ ਜਾ ਕੇ ਗੱਲ ਕੀਤੀ ਕਿ ਉਹਨਾਂ ਦੇ ਦੋਹਤੇ ਨੂੰ ਤਾਂ ਸਰਕਾਰ ਜ਼ਮਾਨਤ ਦੇਣੀ ਚਾਹੁੰਦੀ ਹੈ ਤਾਂ ਉਸ ਅੱਖ਼ਰਾਂ ਤੋਂ ਕੋਰੀ ਮਾਤਾ ਨੇ ਜੋ ਜਵਾਬ ਦਿੱਤਾ, ਪੜ੍ਹੇ-ਲਿਖੇ ਵੀ ਲਾਜਵਾਬ ਕਰ ਦਿੱਤੇ। ਮਾਤਾ ਬਲਵੀਰ ਕੌਰ ਨੇ ਕਿਹਾ ਕਿ ਹੁਣ ਤਾਂ ਸਾਰੇ ਹੀ ਮੇਰੇ ਪੁੱਤਰ ਨੇ, ਜੇ ਸਰਕਾਰ ਸਾਰਿਆਂ ਨੂੰ ਛੱਡੂ ਤਾਂ ਹੀ ਮੈਂ ਆਪਣੇ ਦੋਹਤੇ ਨੂੰ ਛੁਡਾਊਂ, ਨਹੀਂ ਤਾਂ ਜਿੱਥੇ ਉਹ ਸਾਰੇ ਬੈਠੇ ਨੇ ਉਹ ਵੀ ਬੈਠਾ ਰਹੂ, ਚਾਹੇ ਫ਼ਾਂਸੀ ਹੋਵੇ ਜਾਂ ਕੁਝ ਹੋਰ। ਮਾਤਾ ਨੇ ਦੱਸਿਆ ਕਿ ਪੁਲਸ ਨੇ ਉਸ ਨੂੰ ਵੀ ਧਮਕੀ ਦਿੱਤੀ ਕਿ ਤੁਹਾਡੇ ਸਾਰੇ ਪਰਵਾਰ ਦੇ ਸਣੇ ਤੇਰੇ 'ਤੇ ਵੀ 307 ਦਾ ਪਰਚਾ ਦਰਜ ਹੈ, ਹੁਣ ਧਰਨੇ ਵਿੱਚ ਆਵੀਂ, ਤੈਨੂੰ ਸਣੇ ਟੱਬਰ ਅੰਦਰ ਕਰਾਂਗੇ। ਤਾਂ ਮਾਤਾ ਨੇ ਜਵਾਬ ਦਿੱਤਾ ਕਿ ਧਰਨੇ ਵਿੱਚ ਤਾਂ ਮੈਂ ਲਾਜ਼ਮੀ ਆਊਂ, ਭਾਵੇਂ 307 ਛੱਡ 350 ਦਾ ਮੁਕੱਦਮਾ ਦਰਜ ਹੋ ਜਾਵੇ। ਜਦੋਂ ਉਸ ਨੂੰ ਇਹ ਪੁੱਛਿਆ ਗਿਆ ਕਿ ਕੀ ਤੁਸੀਂ 307 ਤਹਿਤ ਲੋੜੀਂਦੇ ਮੁਜਰਮ ਹੋਣ ਕਰਕੇ ਲੁਕ ਨਹੀਂ ਰਹੇ ਤਾਂ ਉਹ ਦਾ ਜਵਾਬ ਕਮਾਲ ਸੀ, ਉਹ ਬੋਲੀ 'ਪੁੱਤਰ ਮੈਂ ਜੇ ਜੇਲ੍ਹ ਵਿੱਚ ਸੁੱਟ ਦਿੱਤੀ ਤਾਂ ਵੀ ਕੋਈ ਪਰਵਾਹ ਨਹੀਂ।'
ਇਸ ਕੇਸ ਵਿੱਚ ਫੜੇ ਗਏ ਕੇਸ਼ਵ ਅਜ਼ਾਦ ਦਾ ਪਰਵਾਰ ਪੁਲਸ ਦੀਆਂ ਧਾੜਾਂ ਦੇ ਕਿਸੇ ਵੀ ਵੇਲੇ ਘਰ ਆ ਧਮਕਣ ਤੋਂ ਦੁਖੀ ਹੋ ਕੇ ਪੰਜਾਬ ਛੱਡ ਗਿਆ ਹੈ।
ਪੰਜਾਬ ਨੂੰ ਅਲਵਿਦਾ ਕਹਿ ਗਏ ਬਠਿੰਡਾ ਤੋਂ ਕੇਸ਼ਵ ਅਜ਼ਾਦ ਦੇ ਮਾਪਿਆਂ ਵਿੱਚੋਂ ਉਸ ਦੇ 9ਵੀਂ ਕਲਾਸ ਵਿੱਚ ਪੜ੍ਹਦੇ 14 ਸਾਲਾਂ ਵਰਿੰਦਰ ਕੁਮਾਰ ਨੇ ਫ਼ਰੀਦਕੋਟ ਦੇ ਐੱਸ ਐੱਚ ਓ ਤੇ ਇੱਕ ਹੋਰ ਪੁਲਸ ਅਫ਼ਸਰ 'ਤੇ ਧਮਕੀਆਂ ਦੇਣ ਦੇ ਕਥਿਤ ਦੋਸ਼ ਲਾਉਂਦਿਆਂ ਕਿਹਾ ਕਿ ਇਹਨਾਂ ਪੁਲਸ ਅਫ਼ਸਰਾਂ ਨੇ ਕੇਸ਼ਵ ਅਜ਼ਾਦ ਦੀ ਗ੍ਰਿਫ਼ਤਾਰੀ ਮਗਰੋਂ ਉਹਨਾਂ ਨੂੰ ਡਰਾਉਣ ਲਈ ਕਿਹਾ ਗਿਆ ਕਿ ਜੇ ਤੁਸੀਂ ਇਸ ਨੂੰ ਸਿੱਧੇ ਰਾਹ ਨਾ ਪਾਇਆ ਤਾਂ ਤੁਹਾਡੇ ਨਾਲ ਐਨੀ ਭੈੜੀ ਕਰਾਂਗੇ ਕਿ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਵਰਿੰਦਰ ਕੁਮਾਰ ਨੇ ਦੋਸ਼ ਲਾਇਆ ਕਿ ਪੁਲਸ ਅਫ਼ਸਰ ਨੇ ਕੇਸ਼ਵ ਨੂੰ ਅੱਤਵਾਦੀ ਕਰਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਉਸ ਨੇ ਕੇਸ਼ਵ ਦੀ ਬੇਰਹਿਮੀ ਨਾਲ ਕੁੱਟਮਾਰ ਦੀ ਪੁਸ਼ਟੀ ਵੀ ਕੀਤੀ, ਪਰ ਨਾਲ ਹੀ ਉਸ ਨੇ ਕਿਹਾ ਕਿ ਉਹਨਾਂ ਦੇ ਹੌਸਲੇ ਬੁਲੰਦ ਹਨ। 14 ਸਾਲਾ ਬੱਚਾ ਬੇਸ਼ੱਕ ਆਪਣੀ ਮਾਂ ਤੇ ਪਿਤਾ ਨਾਲ ਪੰਜਾਬ ਛੱਡ ਕੇ ਜਾ ਰਿਹਾ ਸੀ, ਪਰ ਉਸ ਦੀ ਇੱਛਾ ਸੀ ਕਿ ਪੰਜਾਬ ਭਰ ਵਿੱਚ ਲੱਗਣ ਵਾਲੇ ਧਰਨਿਆਂ 'ਤੇ ਜ਼ਰੂਰ ਜਾਂਦਾ।
ਜੇਲ੍ਹ ਵਿੱਚ ਵੀ ਇਹਨਾਂ ਵਿਦਿਆਰਥੀਆਂ ਦੇ ਸਬੰਧ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਤਿੰਨ ਦਲਿਤ ਵਿਦਿਆਰਥੀਆਂ, ਜਿਹਨਾਂ ਵਿੱਚ ਇੱਕ ਐੱਮ ਏ ਪਹਿਲਾ ਸਾਲ, ਦੂਜੇ ਦੋ ਬੀ ਏ ਦੇ ਵਿਦਿਆਰਥੀਆਂ ਹਨ, ਉਹਨਾਂ ਦੇ ਪੇਪਰ ਨਾ ਦਿਵਾ ਕੇ ਉਹਨਾਂ ਦਾ ਕੈਰੀਅਰ ਬਰਬਾਦ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਖਾਣਾ ਖਾਣ ਲਈ ਬਰਤਨ ਆਦਿ ਵੀ ਨਹੀਂ ਦਿੱਤੇ ਜਾ ਰਹੇ। ਬੀ. ਕਲਾਸ ਲਈ ਸ਼ਰਤਾਂ ਪੂਰੀਆਂ ਕਰਦੀ ਐੱਮ ਏ. ਦੀ ਵਿਦਿਆਰਥਣ ਹਰਦੀਪ ਕੌਰ ਨੂੰ ਅਖ਼ਬਾਰ ਵੀ ਪੜ੍ਹਨ ਲਈ ਨਹੀਂ ਦਿੱਤਾ ਜਾ ਰਿਹਾ ਹੈ। ਐਮੈਨਸਟੀ ਇੰਟਰਨੈਸ਼ਨਲ ਦੇ ਮੈਂਬਰ ਵੇਦ ਪ੍ਰਕਾਸ਼ ਗੁਪਤਾ ਨੇ ਵਿਦਿਆਰਥੀਆਂ ਨਾਲ ਕੀਤੇ ਗਏ ਜ਼ਾਲਮਾਨਾ ਵਿਹਾਰ 'ਤੇ ਉਹਨਾਂ ਨਾਲ ਹੁਣ ਅੱਤਵਾਦੀਆਂ ਵਾਂਗ ਪੇਸ਼ ਆਉਣ ਦੀ ਘਟਨਾ ਦੀ ਸਖ਼ਤ ਨਿੰਦਿਆ ਕਰਦਿਆਂ ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਆਵਾਜ਼ ਬੁਲੰਦ ਕਰਨ ਲਈ ਕਿਹਾ ਹੈ।
ਦੂਜੇ ਪਾਸੇ ਕੁਝ ਸਮਾਂ ਪਹਿਲਾਂ ਇੱਕ ਬੱਸ ਦੇ ਡਰਾਇਵਰ, ਕੰਡਕਟਰ ਵੱਲੋਂ ਵਿਦਿਆਰਥਣਾਂ ਨਾਲ ਬਦਤਮੀਜ਼ੀ ਦੇ ਮਾਮਲੇ ਵਿੱਚ ਜੂਝੇ ਪੀ ਐੱਸ ਯੂ ਦੇ ਆਗੂ ਰਾਜਿੰਦਰ ਸਿੰਘ ਨੂੰ ਅਦਾਲਤ ਵੱਲੋਂ ਭਗੌੜੇ ਕਰਾਰ ਦੇਣ ਤੋਂ ਬਾਅਦ ਉਸ ਦੇ ਪਿੰਡ ਦੀਪ ਸਿੰਘ ਵਾਲਾ ਸਥਿਤ ਉਹਨਾਂ ਦੇ ਵੱਡੀ ਗਿਣਤੀ ਪੁਲਸ ਵੱਲੋਂ ਛਾਪੇਮਾਰੀ ਕਰਕੇ ਉਸ ਦੀ ਪਤਨੀ ਜਗਰੂਪ ਕੌਰ ਤੇ ਨਿੱਕੇ ਜਿਹੇ ਬੱਚੇ ਜਰਨੈਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪਿੰਡ ਵਾਲਿਆਂ ਦੇ ਇਕੱਠ ਨੇ ਪੁਲਸ ਦੀ ਕੋਸ਼ਿਸ਼ ਨੂੰ ਨਾਕਾਮ ਬਣਾ ਦਿੱਤਾ। ਜਗਰੂਪ ਕੌਰ ਨੇ ਦੱਸਿਆ ਕਿ ਮੋਗਾ ਕਾਂਡ ਸਬੰਧੀ ਦਿੱਤੇ ਤੇ ਹਾਕਮਾਂ ਦੀਆਂ ਬੱਸਾਂ ਦੇ ਕਰਿੰਦਿਆਂ ਦੇ ਧਾਕੜ ਰਵੱਈਏ ਖਿਲਾਫ ਦਿੱਤੇ ਜਾ ਰਹੇ ਧਰਨਿਆਂ ਲਈ ਉਹ ਦਿਨ-ਰਾਤ ਇੱਕ ਕਰਕੇ ਤਿਆਰੀਆਂ ਕਰ ਰਹੇ ਹਨ। ਬੇਤਹਾਸ਼ਾ ਤਸ਼ੱਦਦ ਦੇ ਬਾਵਜੂਦ ਸਲਾਖ਼ਾਂ ਪਿੱਛੇ ਸੁੱਟੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਤੇ ਪਿੰਡ ਵਾਲਿਆਂ ਦੇ ਹੌਸਲੇ ਬੁਲੰਦ ਹਨ ਤੇ ਅੰਦੋਲਨ ਵਿਚ ਡਟੇ ਹੋਏ ਹਨ। ਓਧਰ ਪੁਲਸ ਵੀ ਹਾਕਮਾਂ ਦੇ ਨਿਰਦੇਸ਼ 'ਤੇ ਹਰ ਹੀਲੇ ਹਰ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਵਿੱਚ ਹੈ।

Wednesday, June 12, 2013

ਕੋਈ ਕਿਉਂ ਨਹੀਂ ਵੇਖ ਰਿਹਾ?

ਨੌਜਵਾਨਾਂ ਦੀਆਂ ਖੁਦਕੁਸ਼ੀਆਂ ਪਿੱਛੇ ਕਾਰਨ ਬਣਦੀ ਮਾਨਸਿਕਤਾ ਵੱਲ 
ਆਪਣੀ ਹਰ ਲਿਖਤ ਨਾਲ ਸੋਚਣ ਲਈ ਮਜਬੂਰ ਕਰਨ ਵਾਲੇ ਖੱਬੇ ਪੱਖੀ ਵਿਦਵਾਨ ਅਤੇ ਰੋਜ਼ਾਨਾ ਨਵਾਂ ਜਮਾਨਾ ਦੇ ਸੰਪਾਦਕ ਜਤਿੰਦਰ ਪਨੂੰ  ਹੁਰਾਂ ਦੀ ਇੱਕ ਸਾਥੀ ਪਰਮਜੀਤ ਦੋਸਾਂਝ ਹੁਰਾਂ ਨੇ ਫੇਸਬੁਕ ਤੇ ਪੋਸਟ ਕੀਤੀ ਹੈ। ਅੱਜ ਦੇ ਇਸ ਮੁਕਾਬਲੇ ਵਾਲੇ ਯੁਗ ਜਿਥੇ ਵਿਦਿਆਰਥੀਆਂ ਦੀ ਮੈਰਿਟ ਵਧ ਰਹੀ ਹੈ ਉਥੇ ਹੀ ਵਧ ਰਹੀਆਂ ਹਨ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਖੁਦਕੁਸ਼ੀਆਂ। ਇਸ ਲਿਖਤ ਵਿੱਚ ਪੰਨੂੰ ਹੁਰਾਂ ਨੇ ਬਿਲਕੁਲ ਨਵੇਂ ਅੰਕੜਿਆਂ ਅਤੇ ਨਵੇਂ ਅੰਦਾਜ਼ ਨਾਲ ਇੱਕ ਵਾਰ ਫੇਰ ਸਾਰੀ ਸਥਿਤੀ ਨੂੰ ਬਡੀ ਹੀ ਸਾਦਗੀ ਨਾਲ ਲੋਕਾਂ ਸਾਹਮਣੇ ਰੱਖਿਆ ਹੈ---ਸ਼ਾਇਦ ਇਸ ਵਾਰ  ਸਮਾਜ ਨੂੰ ਸਮਝ ਆ ਜਾਏ।---ਰੈਕਟਰ ਕਥੂਰੀਆ 
ਕਈ ਮਹੀਨੇ ਪਹਿਲਾਂ ਅਸੀਂ ਇਸ ਕਾਲਮ ਦਾ ਅੰਤ ਇਸ ਗੱਲ ਨਾਲ ਕੀਤਾ ਸੀ ਕਿ ਨੌਕਰੀ ਲਈ ਇੰਟਰਵਿਊ ਦੇਣ ਗਏ ਇੱਕ ਮੁੰਡੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਂਅ ਪੁੱਛੇ ਜਾਣ ਉੱਤੇ ਕਿਹਾ ਸੀ ਕਿ ਉਸ ਨੂੰ ਪਤਾ ਨਹੀਂ। ਉਸ ਦੀ ਇੰਟਰਵਿਊ ਲੈਣ ਵਾਲੇ ਨੇ ਹੈਰਾਨੀ ਜ਼ਾਹਰ ਕੀਤੀ ਸੀ ਕਿ ਤੈਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਂਅ ਵੀ ਪਤਾ ਨਹੀਂ। ਮੁੰਡੇ ਨੇ ਮੋੜਵਾਂ ਸਵਾਲ ਕੀਤਾ ਸੀ ਕਿ ਕੀ ਪ੍ਰਧਾਨ ਮੰਤਰੀ ਨੂੰ ਪਤਾ ਹੈ ਕਿ ਮੈਂ ਇੰਟਰਵਿਊ ਦੇਣ ਲਈ ਏਥੇ ਆਉਣ ਵਾਸਤੇ ਕਿਰਾਇਆ ਵੀ ਕਿਸੇ ਤੋਂ ਮੰਗ ਕੇ ਲਿਆਇਆ ਹਾਂ? ਇੱਕ ਪੁਲਸ ਅਫਸਰ ਹੈ ਗੁਰਪ੍ਰੀਤ ਸਿੰਘ ਤੂਰ। ਉਹ ਪੁਲਸ ਅਫਸਰ ਨਾਲੋਂ ਵੱਧ ਨੌਜਵਾਨਾਂ ਦਾ ਮਨੋ-ਵਿਗਿਆਨੀ ਜਾਪਦਾ ਹੈ। ਇੱਕ ਦਿਨ ਇੱਕ ਲੇਖ ਉਸ ਨੇ ਅਖਬਾਰ ਵਿੱਚ ਲਿਖਿਆ ਸੀ, ਜਿਸ ਵਿੱਚ ਪੁਲਸ ਮਹਿਕਮੇ ਵਿੱਚ ਕੁੜੀਆਂ ਦੀ ਭਰਤੀ ਦੀ ਕਹਾਣੀ ਪਾਈ ਗਈ ਸੀ। ਤੂਰ ਨੇ ਲਿਖਿਆ ਕਿ ਭਰਤੀ ਦੇ ਟਰਾਇਲ ਮੁੱਕਣ ਪਿੱਛੋਂ ਇੱਕ ਪਾਸੇ ਬੈਠ ਕੇ ਦੋ ਮਾਂ-ਧੀ ਨਵੇਂ ਬੂਟਾਂ ਨਾਲ ਲੱਗੀ ਮਿੱਟੀ ਰੁਮਾਲ ਨਾਲ ਪੂੰਝ ਕੇ ਲਾਹ ਰਹੀਆਂ ਸਨ। ਪੁੱਛਣ ਉੱਤੇ ਕੁੜੀ ਦੀ ਮਾਂ ਨੇ ਕਿਹਾ: 'ਕਿਸੇ ਦੁਕਾਨ ਤੋਂ ਇਹ ਬੂਟ ਲਿਆਂਦੇ ਸਨ। ਜੇ ਧੀ ਟੈੱਸਟ ਪਾਸ ਕਰ ਜਾਂਦੀ ਤਾਂ ਰੱਖ ਲੈਣੇ ਸਨ, ਹੁਣ ਪੈਸਿਆਂ ਦੀ ਲੋੜ ਹੈ, ਇਹ ਦੁਕਾਨਦਾਰ ਨੂੰ ਵਾਪਸ ਦੇ ਕੇ ਪੈਸੇ ਲੈ ਲਵਾਂਗੀਆਂ।' ਜਵਾਨੀ ਪੰਜਾਬ ਦੀ ਹੋਵੇ ਜਾਂ ਭਾਰਤ ਦੀ, ਇਸ ਵਕਤ ਆਪਣੀ ਹੋਂਦ ਦੇ ਅਹਿਸਾਸ ਵਿੱਚ ਏਦਾਂ ਉਲਝ ਗਈ ਹੈ ਕਿ ਭਵਿੱਖ ਜਦੋਂ ਧੁੰਦਲਾ ਨਜ਼ਰ ਆਵੇ ਤਾਂ ਅਨਰਥ ਵਾਪਰ ਜਾਂਦੇ ਹਨ।
ਇਸ ਹਫਤੇ ਮੈਨੂੰ ਇੱਕ ਵਿਦੇਸ਼ੀ ਰੇਡੀਓ ਚੈਨਲ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਮੁੰਬਈ ਸ਼ਹਿਰ ਵਿੱਚ ਜੀਆ ਖਾਨ ਨਾਂਅ ਦੀ ਇੱਕ ਐਕਟਰੈੱਸ ਨੇ ਖੁਦਕੁਸ਼ੀ ਕਰ ਲਈ ਹੈ, ਉਸ ਦੇ ਪਿੱਛੇ ਤੁਹਾਡੇ ਖਿਆਲ ਵਿੱਚ ਕੀ ਕਾਰਨ ਹੋ ਸਕਦਾ ਹੈ? ਮੈਂ ਉਨ੍ਹਾਂ ਨੂੰ ਮੋੜਵਾਂ ਸਵਾਲ ਕੀਤਾ ਕਿ ''ਪੰਜਾਬ ਦੇ ਇੱਕ ਅਖਬਾਰ ਵਿੱਚ ਖਬਰ ਛਪੀ ਹੈ, 'ਜਨਵਰੀ ਵਿੱਚ ਵਿਆਹ, ਅਪਰੈਲ ਵਿੱਚ ਤਲਾਕ, ਜੂਨ ਵਿੱਚ ਖੁਦਕੁਸ਼ੀ', ਤੁਸੀਂ ਮੈਨੂੰ ਉਸ ਖਬਰ ਬਾਰੇ ਕਿਉਂ ਨਹੀਂ ਪੁੱਛਦੇ?" ਇਸ ਸਵਾਲ ਦਾ ਜਵਾਬ ਉਨ੍ਹਾਂ ਕੋਲ ਨਹੀਂ ਸੀ ਤੇ ਜੋ ਕੁਝ ਪੰਜਾਬ ਦੀ ਖਬਰ ਦੱਸਦੀ ਸੀ, ਉਸ ਬਾਰੇ ਜਦੋਂ ਦੱਸਣਾ ਪਿਆ ਤਾਂ ਜ਼ਬਾਨ ਮੇਰੀ ਵੀ ਕੰਬ ਰਹੀ ਸੀ। ਉਸ ਕੁੜੀ ਦੀ ਅਤੇ ਜੀਆ ਖਾਨ ਦੀ ਖੁਦਕੁਸ਼ੀ ਦੋਵੇਂ ਹੀ ਹੁਣ ਜਵਾਨੀ ਦਾ ਨਸੀਬਾ ਜਾਪਣ ਲੱਗ ਪਈਆਂ ਹਨ।
ਮੈਂ ਨਹੀਂ ਸੀ ਜਾਣਦਾ ਕਿ ਜੀਆ ਖਾਨ ਕੌਣ ਸੀ? ਉਸ ਦੀ ਮੌਤ ਦੀ ਖਬਰ ਦੇ ਨਾਲ ਜਾਣਿਆ ਸੀ। ਫਿਲਮਾਂ ਵਿੱਚ ਕੋਈ ਦਿਲਚਸਪੀ ਨਾ ਹੋਣ ਦੇ ਬਾਵਜੂਦ ਪੱਤਰਕਾਰ ਹੋਣ ਦੇ ਨਾਤੇ ਉਸ ਦੀ ਜਾਣਕਾਰੀ ਰੱਖਣਾ ਮੇਰੀ ਡਿਊਟੀ ਸੀ। ਦੱਸਿਆ ਗਿਆ ਕਿ ਉਹ ਕੁੜੀ ਜਦੋਂ ਇਸ ਖੇਤਰ ਵਿੱਚ ਆਈ ਤਾਂ ਬੜੀ ਚੰਗੀ ਤੁਰ ਪਈ ਸੀ। ਉਸ ਨੂੰ ਅਮਿਤਾਬ ਬੱਚਨ ਵਰਗੇ ਹੀਰੋ ਨਾਲ ਕੰਮ ਕਰ ਸਕਣ ਦਾ ਮੌਕਾ ਵੀ ਮਿਲ ਗਿਆ, ਜਿਸ ਨਾਲ ਇੱਕ ਵਾਰ ਮਿਲਣਾ ਵੀ ਕਈ ਲੋਕਾਂ ਦੀ ਸਾਰੀ ਉਮਰ ਦੀ ਇੱਛਾ ਰਹਿੰਦੀ ਹੈ। ਮੌਕਾ ਮਿਲਣ ਦੇ ਬਾਅਦ ਕੁੜੀ ਨੂੰ ਭਵਿੱਖ ਸੁਨਹਿਰਾ ਨਜ਼ਰ ਆਉਣ ਲੱਗਾ। ਉਸ ਨੇ ਉਹ ਸਾਰੇ ਪ੍ਰਬੰਧ ਕਰ ਲਏ, ਜਿਹੜੇ ਕਿਸੇ ਸਫਲ ਹੀਰੋਇਨ ਨੂੰ ਕਰਨੇ ਬਣਦੇ ਸਨ। ਮੈਨੇਜਰ ਰੱਖ ਲਿਆ, ਨਿੱਜੀ ਸਹਾਇਕ ਤੇ ਨਿੱਜੀ ਬਿਊਟੀਸ਼ਨ ਰੱਖ ਲਏ ਤੇ ਇੱਕ ਡਰਾਈਵਰ ਵੀ, ਕਿਉਂਕਿ ਉਹ ਸਾਰੇ ਸਟੇਟਸ ਦੀ ਪਛਾਣ ਮੰਨੇ ਜਾਂਦੇ ਹਨ। ਮੁੜ ਕੇ ਫਿਲਮਾਂ ਨਹੀਂ ਮਿਲ ਸਕੀਆਂ ਤੇ ਹਰ ਮਹੀਨੇ ਦੇ ਇਸ ਸਟਾਫ਼ ਦੇ ਲੱਖਾਂ ਰੁਪਏ ਦੇ ਖਰਚੇ ਉਸ ਦੇ ਜੜ੍ਹੀਂ ਬੈਠ ਗਏ। ਨਤੀਜਾ ਇਹ ਨਿਕਲਿਆ ਕਿ ਇੱਕ ਦਿਨ ਉਹ ਖੁਦਕੁਸ਼ੀ ਕਰ ਗਈ। ਇਸ ਤੋਂ ਪਹਿਲਾਂ ਵੀ ਮੁੰਬਈ ਦੇ ਕੁਝ ਚਮਕਦੇ ਸਿਤਾਰਿਆਂ, ਕੁਝ ਕੁੜੀਆਂ ਤੇ ਕੁਝ ਮੁੰਡਿਆਂ, ਨੇ ਇੰਜ ਹੀ ਖੁਦਕੁਸ਼ੀਆਂ ਕੀਤੀਆਂ ਸਨ।
ਪੰਜਾਬ ਦੀ ਖਬਰ ਉਸ ਤੋਂ ਦੋ ਦਿਨ ਬਾਅਦ ਦੀ ਹੈ। ਜਲੰਧਰ ਜ਼ਿਲੇ ਵਿੱਚ ਆਦਮਪੁਰ ਨੇੜਲੇ ਇੱਕ ਪਿੰਡ ਦੀ ਕੁੜੀ ਦਾ ਇਸੇ ਸਾਲ ਛੇ ਜਨਵਰੀ ਨੂੰ ਵਿਆਹ ਹੋਇਆ ਸੀ। ਮਾਮੂਲੀ ਗੱਲਾਂ ਤੋਂ ਉਨ੍ਹਾਂ ਪਤੀ-ਪਤਨੀ ਦਾ ਝਗੜਾ ਰਹਿਣ ਲੱਗ ਪਿਆ ਤੇ ਅਪਰੈਲ ਵਿੱਚ ਸਿਰਫ ਤਿੰਨ ਮਹੀਨੇ ਦੇ ਵਿਆਹੁਤਾ ਜੀਵਨ ਤੋਂ ਬਾਅਦ ਪੰਚਾਇਤੀ ਤੌਰ ਉੱਤੇ ਵੱਖੋ-ਵੱਖ ਹੋ ਗਏ ਜਾਂ ਕਰ ਦਿੱਤੇ ਗਏ। ਇਸ ਜੂਨ ਮਹੀਨੇ ਦੀ ਦੋ ਤਰੀਕ ਨੂੰ ਕੁੜੀ ਦਾ ਜਨਮ ਦਿਨ ਸੀ। ਮਾਪੇ ਆਪਣੀ ਧੀ ਦਾ ਜਨਮ ਦਿਨ ਮਨਾਉਣਾ ਨਹੀਂ ਛੱਡ ਸਕੇ। ਮਨਾਇਆ ਗਿਆ ਤੇ ਉਸ ਦੇ ਬਾਅਦ ਕੁੜੀ ਨੇ ਅੰਦਰ ਜਾ ਕੇ ਖੁਦਕੁਸ਼ੀ ਕਰ ਲਈ। ਕਾਰਨ ਸਾਫ ਹੈ ਕਿ ਉਸ ਨੂੰ ਭਵਿੱਖ ਵਿੱਚ ਕੋਈ ਆਸ ਦੀ ਕਿਰਨ ਨਹੀਂ ਸੀ ਦਿੱਸ ਰਹੀ। 
ਇਸ ਦੇ ਬਾਅਦ ਫਗਵਾੜੇ ਦੀ ਖਬਰ ਆ ਗਈ। ਲੁਧਿਆਣੇ ਦੇ ਇੱਕ ਕਾਰਖਾਨੇਦਾਰ ਦੀ ਪਤਨੀ ਨੇ ਓਥੇ ਆਪਣੇ ਮਾਂ-ਬਾਪ ਦੇ ਘਰ ਆ ਕੇ ਖੁਦਕੁਸ਼ੀ ਕਰ ਲਈ ਹੈ। ਉਸ ਕੁੜੀ ਦਾ ਇਹ ਦੂਸਰਾ ਵਿਆਹ ਸੀ। ਪਹਿਲੇ ਪਤੀ ਨਾਲ ਨਿਭ ਨਹੀਂ ਸੀ ਸਕੀ ਤੇ ਜਿਸ ਦੂਸਰੇ ਲੁਧਿਆਣੇ ਵਾਲੇ ਨਾਲ ਵਿਆਹ ਕਰਵਾਇਆ, ਉਸ ਦੇ ਆਪਣੇ ਦੋ ਵਿਆਹ ਟੁੱਟ ਚੁੱਕੇ ਸਨ ਅਤੇ ਇਹ ਤੀਸਰਾ ਵਿਆਹ ਸੀ। ਪੰਜਾਬੀ ਸਮਾਜ ਦੇ ਉਲਝਦੇ ਜਾਂਦੇ ਤਾਣੇ-ਬਾਣੇ ਨੇ ਇਹੋ ਜਿਹੀਆਂ ਕਿੰਨੀਆਂ ਕੁੜੀਆਂ ਦੀ ਜਾਨ ਲੈ ਲਈ ਹੈ, ਇਸ ਦਾ ਹਿਸਾਬ ਰੱਖਣ ਦੀ ਵੀ ਕਿਸੇ ਨੂੰ ਲੋੜ ਨਹੀਂ ਜਾਪਦੀ। ਜਦੋਂ ਇਹ ਲੋੜ ਨਹੀਂ ਜਾਪਦੀ ਤਾਂ ਇਹ ਚਿੰਤਾ ਵੀ ਕੌਣ ਕਰੇਗਾ ਕਿ ਸਾਡੀ ਜਵਾਨ ਪੀੜ੍ਹੀ ਇਸ ਤਰ੍ਹਾਂ ਭਵਿੱਖ ਤੋਂ ਉਦਾਸ ਕਿਉਂ ਹੋਈ ਜਾਂਦੀ ਹੈ ਕਿ ਉਸ ਨੂੰ ਜਿਊਣਾ ਵੀ ਬੋਝ ਜਾਪਣ ਲੱਗ ਪਿਆ ਹੈ?<br />
ਨਾ ਦੇਸ਼ ਦੇ ਕਿਸੇ ਆਗੂ ਨੇ ਇਹ ਚਿੰਤਾ ਕਦੇ ਕੀਤੀ ਹੈ ਤੇ ਨਾ ਪੰਜਾਬ ਵਾਲਿਆਂ ਕੋਲ ਇਹ ਸੋਚਣ ਦੀ ਵਿਹਲ ਹੈ ਕਿ ਜਿਸ ਦਿਨ ਕਿਸੇ ਵੀ ਜਮਾਤ ਦੇ ਇਮਤਿਹਾਨ ਦਾ ਨਤੀਜਾ ਆਉਂਦਾ ਹੈ, ਉਸ ਦਿਨ ਕਿੰਨੇ ਬੱਚੇ ਹਰ ਸਾਲ ਖੁਦਕੁਸ਼ੀਆਂ ਕਰ ਜਾਂਦੇ ਹਨ? ਅਸੀਂ ਸਿਰਫ ਇਹ ਵੇਖਦੇ ਹਾਂ ਕਿ ਫਲਾਣੇ ਸਕੂਲ ਜਾਂ ਕਾਲਜ ਦੇ ਐਨੇ ਬੱਚੇ ਮੈਰਿਟ ਵਿੱਚ ਆਏ ਤੇ ਉਨ੍ਹਾਂ ਦੇ ਸਕੂਲ ਮੁਖੀ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਜਿਹੜੀ ਫੋਟੋ ਖਿਚਵਾਈ ਹੁੰਦੀ ਹੈ, ਉਸ ਨੂੰ ਅਖਬਾਰ ਵਿੱਚ ਵੇਖ ਲੈਂਦੇ ਹਾਂ। ਮਰ ਗਏ ਬੱਚਿਆਂ ਦੇ ਮਾਪੇ ਕੀ ਕਹਿੰਦੇ ਹਨ, ਇਹ ਗੱਲ ਕੋਈ ਖਾਸ ਧਿਆਨ ਦੇ ਯੋਗ ਨਹੀਂ ਸਮਝਦਾ, ਪਰ ਸਮਝਣੀ ਚਾਹੀਦੀ ਹੈ। ਇਮਤਿਹਾਨਾਂ ਦੇ ਨਤੀਜੇ ਅੱਜ ਕੱਲ੍ਹ ਇੰਟਰਨੈੱਟ ਉੱਤੇ ਆ ਜਾਂਦੇ ਹਨ ਤੇ ਬਹੁਤ ਸਾਰੇ ਬੱਚਿਆਂ ਨੂੰ ਮੋਬਾਈਲ ਫੋਨ ਉੱਤੇ ਇਸ ਦੀ ਸੂਚਨਾ ਮਿਲ ਜਾਂਦੀ ਹੈ। ਜੇ ਨਤੀਜਾ ਫੇਲ੍ਹ ਹੋਣ ਦਾ ਹੀ ਨਹੀ, ਆਸ ਤੋਂ ਘੱਟ ਨੰਬਰਾਂ ਵਾਲਾ ਵੀ ਆਵੇ ਤਾਂ ਬੱਚੇ ਆਪਣੇ ਘਰ ਜਾਣ ਦੀ ਥਾਂ ਦੁਨੀਆ ਛੱਡ ਜਾਣ ਦਾ ਰਾਹ ਚੁਣ ਲੈਂਦੇ ਹਨ। ਬੰਗਲੌਰ ਵਿੱਚ ਇੱਕ ਇਹੋ ਜਿਹੀ ਕੁੜੀ ਨੇ ਖੁਦਕੁਸ਼ੀ ਕਰ ਲਈ ਹੈ, ਜਿਸ ਦੇ ਨੰਬਰ ਨੱਬੇ ਫੀਸਦੀ ਤੋਂ ਵੱਧ ਆਏ ਸਨ, ਪਰ ਜਿਵੇਂ ਉਹ ਹਰ ਵਾਰੀ ਪਹਿਲੇ ਦਸਾਂ ਵਿੱਚ ਹੁੰਦੀ ਸੀ, ਉਸ ਸਥਿਤੀ ਨੂੰ ਕਾਇਮ ਨਹੀਂ ਸੀ ਰੱਖ ਸਕੀ। 
ਜਦੋਂ ਹਰ ਸਕੂਲ, ਕਾਲਜ ਅਤੇ ਹਰ ਸਿੱਖਿਆ ਸੰਸਥਾ ਵਿੱਚ ਇਹ ਦੌੜ ਲੱਗੀ ਹੋਈ ਹੈ ਕਿ ਮੁਕਾਬਲੇ ਵਿੱਚ ਬਾਕੀਆਂ ਤੋਂ ਅੱਗੇ ਨਿਕਲਣਾ ਹੈ ਤਾਂ ਇਸ ਦਾ ਬੱਚਿਆਂ ਦੇ ਮਨਾਂ ਉੱਤੇ ਇਹੋ ਜਿਹਾ ਬੋਝ ਪੈਣ ਲੱਗ ਪਿਆ ਹੈ ਕਿ ਉਹ ਕਿਸੇ ਕਿਸਮ ਦੀ ਕਮੀ ਵੇਖ ਕੇ ਉਸ ਨੂੰ ਦੂਰ ਕਰਨ ਦੀ ਥਾਂ ਮਰਨ ਦਾ ਰਾਹ ਚੁਣਨ ਲੱਗ ਪਏ ਹਨ। ਇਹ ਆਮ ਕਿਹਾ ਜਾਂਦਾ ਹੈ ਕਿ ਭਾਰਤ ਉੱਤੇ ਪੱਛਮੀ ਸੱਭਿਅਤਾ ਦਾ ਪ੍ਰਛਾਵਾਂ ਬੜੀ ਤੇਜ਼ੀ ਨਾਲ ਪੈ ਰਿਹਾ ਹੈ, ਪਰ ਅਸੀਂ ਪੱਛਮੀ ਦੇਸ਼ਾਂ ਦੇ ਬੱਚਿਆਂ ਵੱਲੋਂ ਇਸ ਤਰ੍ਹਾਂ ਇਮਤਿਹਾਨਾਂ ਦੇ ਦਿਨਾਂ ਵਿੱਚ ਧੜਾ-ਧੜ ਖੁਦਕੁਸ਼ੀਆਂ ਕਰਨ ਦੀਆਂ ਖਬਰਾਂ ਕਦੇ ਨਹੀਂ ਪੜ੍ਹੀਆਂ। ਉਨ੍ਹਾਂ ਦੇਸ਼ਾਂ ਦੇ ਵਿਦਿਅਕ ਅਦਾਰਿਆਂ ਵਿੱਚ ਕੌਂਸਲਿੰਗ ਦਾ ਪ੍ਰਬੰਧ ਹੁੰਦਾ ਹੈ, ਤਾਂ ਕਿ ਜਿਹੜੀ ਗੱਲ ਬੱਚੇ ਮਾਂ-ਬਾਪ ਨਾਲ ਕਰਨ ਤੋਂ ਵੀ ਝਿਜਕਦੇ ਹੋਣ, ਉਹ ਕਿਸੇ ਨਾਲ ਸਾਂਝੀ ਕਰ ਕੇ ਅਤੇ ਉਸ ਦੀ ਸਲਾਹ ਲੈ ਕੇ ਮਨ ਦਾ ਬੋਝ ਹਲਕਾ ਕਰ ਸਕਣ। ਇਸ ਤਰ੍ਹਾਂ ਦੀ ਸਲਾਹ ਮਾਨਸਿਕ ਗੁੰਝਲਾਂ ਖੋਲ੍ਹਣ ਤੇ ਜ਼ਿੰਦਗੀ ਦੀ ਅਵਾਜ਼ਾਰੀ ਨੂੰ ਮੌਤ ਤੱਕ ਜਾਣ ਵੱਲੋਂ ਮੋੜਨ ਦਾ ਚੰਗਾ ਢੰਗ ਹੁੰਦੀ ਹੈ, ਪਰ ਨੋਟਾਂ ਨੂੰ ਮਾਂਜਾ ਮਾਰਨ ਰੁੱਝੇ ਹੋਏ ਭਾਰਤ ਦੇ ਅਦਾਰਿਆਂ ਨੂੰ ਇਸ ਤਰ੍ਹਾਂ ਦੀ ਕਿਸੇ ਕੋਸ਼ਿਸ਼ ਦੀ ਲੋੜ ਨਹੀਂ ਜਾਪਦੀ ਤੇ ਜਿਨ੍ਹਾਂ ਨੇ ਇਹ ਪ੍ਰਬੰਧ ਕੀਤੇ ਵੀ ਹਨ, ਉਹ ਅਮਲ ਵਿੱਚ ਸਾਰਥਿਕ ਸਾਬਤ ਨਹੀਂ ਹੋ ਰਹੇ। 
ਇੱਕ ਗੱਲ ਇਹ ਅਸੀਂ ਆਮ ਸੁਣਦੇ ਹਾਂ ਕਿ ਲੀਡਰਾਂ ਦੇ ਬੱਚਿਆਂ ਨੂੰ ਇਸ ਕਿਸਮ ਦੀ ਮਾਨਸਿਕਤਾ ਦਾ ਕਦੀ ਸਾਹਮਣਾ ਨਹੀਂ ਕਰਨਾ ਪੈਂਦਾ। ਪਿਛਲੇ ਦਿਨੀਂ ਅਸੀਂ ਇੱਕ ਇਹੋ ਜਿਹੇ ਨੌਜਵਾਨ ਦੀ ਖੁਦਕੁਸ਼ੀ ਦੀ ਖਬਰ ਵੀ ਪੜ੍ਹੀ ਹੈ, ਜਿਸ ਦਾ ਬਾਪ ਭਾਰਤ ਦੇ ਇੱਕ ਵੱਡੇ ਰਾਜ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਹੈ ਤੇ ਇਹ ਆਸ ਰੱਖੀ ਬੈਠਾ ਹੈ ਕਿ ਅਗਲੀ ਵਾਰੀ ਉਸ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਮੁੱਖ ਮੰਤਰੀ ਜਾਂ ਦੂਸਰੇ ਨੰਬਰ ਦਾ ਮੰਤਰੀ ਬਣੇਗਾ। ਉਸ ਨੌਜਵਾਨ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਇਸ ਲਈ ਛੱਡ ਦਿੱਤੀ ਕਿ ਰਾਜਨੀਤੀ ਵਿੱਚ ਉਸ ਨੂੰ ਕਾਫੀ ਰੋਸ਼ਨ ਭਵਿੱਖ ਨਜ਼ਰ ਆਇਆ ਸੀ। ਬਾਪ ਨੇ ਨਗਰ ਕੌਂਸਲ ਦੀ ਚੋਣ ਵਿੱਚ ਟਿਕਟ ਦਿਵਾ ਦਿੱਤੀ ਤੇ ਨਾਲ ਇਹ ਆਖ ਦਿੱਤਾ ਕਿ ਇਹ ਛੋਟੀ ਜਿਹੀ ਨਗਰ ਕੌਂਸਲ ਦੀ ਚੋਣ ਇੱਕ ਪੜੁੱਲ ਸਮਝ ਕੇ ਲੜੀਂ, ਜਿੱਤ ਗਿਆ ਤਾਂ ਸ਼ਹਿਰ ਦਾ ਪ੍ਰਧਾਨ ਤੂੰ ਹੀ ਬਣੇਂਗਾ ਤੇ ਜੇ ਹਾਰ ਗਿਆ ਤਾਂ ਅੱਗੋਂ ਲਈ ਔਕੜਾਂ ਬਹੁਤ ਆਉਣਗੀਆਂ। ਬਾਪ ਤਾਂ ਵੋਟਾਂ ਪੈਣ ਪਿੱਛੋਂ ਕਿਸੇ ਕੰਮ ਲਈ ਰਾਜਧਾਨੀ ਨੂੰ ਚਲਾ ਗਿਆ ਤੇ ਜਿੱਤ ਦੀ ਪੱਕੀ ਆਸ ਲਾਈ ਬੈਠੇ ਪੁੱਤਰ ਨੇ ਜਦੋਂ ਇਹ ਵੇਖਿਆ ਕਿ ਸ਼ਹਿਰ ਦਾ ਪ੍ਰਧਾਨ ਬਣਾਉਣ ਵਾਲੀ ਇੱਕ ਵਾਰਡ ਦੀ ਚੋਣ ਵੀ ਉਸ ਤੋਂ ਜਿੱਤੀ ਨਹੀਂ ਗਈ ਤਾਂ ਅੱਧੀ ਰਾਤ ਨੂੰ ਉਸ ਨੇ ਖੁਦਕੁਸ਼ੀ ਕਰ ਲਈ। ਉਸ ਦੀ ਖੁਦਕੁਸ਼ੀ ਲਈ ਉਸ ਦਾ ਬਾਪ ਵੀ ਜ਼ਿਮੇਵਾਰ ਸੀ, ਉਸ ਦੇ ਯਾਰ-ਮਿੱਤਰ ਵੀ, ਜਿਹੜੇ ਉਸ ਨੂੰ ਇਹੋ ਸਿਖਾਈ ਗਏ ਸਨ ਕਿ ਆਹ ਇੱਕ ਸੀਟ ਜਿੱਤਣ ਦੀ ਦੇਰ ਹੈ, ਫਿਰ ਝੰਡੀ ਵਾਲੀ ਕਾਰ ਤੇਰੇ ਹੇਠ ਹੋਵੇਗੀ।
ਸਾਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਬੱਚਿਆਂ ਦੇ ਸਿਰ ਉੱਤੇ ਚੰਗੇ ਭਵਿੱਖ ਦੀ ਸਰਪੱਟ ਦੌੜ ਦੀ ਭਾਵਨਾ ਭਰੀ ਜਾ ਰਹੀ ਹੈ। ਇਹ ਭਾਵਨਾ ਭਰਨ ਵਿੱਚ ਕਾਰਪੋਰੇਟ ਘਰਾਣੇ ਵੀ ਬਹੁਤ ਭੈੜੀ ਭੂਮਿਕਾ ਅਦਾ ਕਰ ਰਹੇ ਹਨ। ਉਹ ਕਿਸੇ ਦਿਨ ਮੀਡੀਏ ਨੂੰ ਇਹ ਦੱਸਦੇ ਹਨ ਕਿ ਫਲਾਣੇ ਅਦਾਰੇ ਦੇ ਚਾਰ ਬੱਚਿਆਂ ਨੂੰ ਅਸੀਂ ਉਨ੍ਹਾਂ ਦੀ ਯੋਗਤਾ ਵੇਖ ਕੇ ਤਿੰਨ ਲੱਖ ਰੁਪਏ ਮਹੀਨੇ ਦੇ ਪੈਕੇਜ ਉੱਤੇ ਸਿਲੈਕਟ ਕਰ ਲਿਆ ਹੈ। ਇਹ ਖੁਸ਼ੀ ਦੀ ਖਬਰ ਜਦੋਂ ਬਾਹਰ ਆਉਂਦੀ ਹੈ, ਓਦੋਂ ਇਹ ਗੱਲ ਲੁਕੀ ਰਹਿ ਜਾਂਦੀ ਹੈ ਕਿ ਉਸੇ ਅਦਾਰੇ ਦੀ ਉਸੇ ਕਲਾਸ ਵਿੱਚ ਉਨ੍ਹਾਂ ਦੋਂਹ ਦੇ ਨਾਲ ਦੇ ਛੱਤੀ ਬੱਚਿਆਂ ਨੇ ਵੀ ਆਪਣੇ ਮਾਂ-ਬਾਪ ਤੋਂ ਲਿਆ ਕੇ ਓਨਾ ਹੀ ਪੈਸਾ ਖਰਚ ਕੀਤਾ ਸੀ, ਪਰ ਉਨ੍ਹਾਂ ਨੂੰ ਕਿਸੇ ਨੇ ਚਪੜਾਸੀ ਲਾਉਣ ਲਈ ਵੀ ਨਹੀਂ ਚੁਣਿਆ। ਜਦੋਂ ਉਹ ਚਾਰ ਬੱਚੇ ਕੋਈ ਕਾਰਪੋਰੇਟ ਘਰਾਣਾ ਚੁਣਦਾ ਹੈ, ਓਦੋਂ ਉਨ੍ਹਾਂ ਦੀ ਮਸ਼ਹੂਰੀ ਏਦਾਂ ਕੀਤੀ ਜਾਂਦੀ ਹੈ, ਜਿਵੇਂ ਅਮਿਤਾਬ ਬੱਚਨ ਦੇ ਨਾਲ ਕੰਮ ਕਰਨ ਲਈ ਚੁਣੀ ਗਈ ਜੀਆ ਖਾਨ ਵਾਸਤੇ ਕੀਤੀ ਗਈ ਸੀ, ਪਰ ਅਗਲੇ ਸਾਲ ਜਦੋਂ 'ਪਰਫਾਰਮੈਂਸ' ਪੂਰੀ ਨਾ ਦੇ ਸਕਣ ਦੇ ਬਹਾਨੇ ਹੇਠ ਉਹ ਬੱਚੇ ਕੱਢ ਦਿੱਤੇ ਜਾਂਦੇ ਹਨ, ਉਨ੍ਹਾਂ ਦੀ ਖਬਰ ਮੀਡੀਏ ਦੀ ਕਿਸੇ ਨੁੱਕਰ ਵਿੱਚ ਨਹੀਂ ਲੱਭਦੀ। ਖਬਰ ਓਦੋਂ ਬਣਦੀ ਹੈ, ਜਦੋਂ ਤਿੰਨ ਲੱਖ ਰੁਪਏ ਮਹੀਨੇ ਦੇ ਪੈਕੇਜ ਵਾਲਾ ਬੱਚਾ ਨੌਕਰੀ ਤੋਂ ਕੱਢੇ ਜਾਣ ਤੋਂ ਨਿਰਾਸ਼ ਹੋ ਕੇ ਖੁਦਕੁਸ਼ੀ ਕਰ ਜਾਂਦਾ ਹੈ। ਓਦੋਂ ਨੂੰ ਕਾਰਪੋਰੇਟ ਘਰਾਣਾ ਨਵਾਂ 'ਟੇਲੈਂਟ' ਤਲਾਸ਼ ਕਰਨ ਦੀ ਫੋਟੋ ਛਪਵਾਉਣ ਲਈ ਟੀ ਵੀ ਕੈਮਰਿਆਂ ਵਾਲਿਆਂ ਨੂੰ ਸੁਨੇਹੇ ਭੇਜਣ ਅਤੇ ਪ੍ਰੈੱਸ ਨੋਟ ਤਿਆਰ ਕਰਨ ਦੇ ਕੰਮ ਰੁੱਝ ਜਾਂਦਾ ਹੈ ਤੇ ਪਹਿਲੇ ਦਾ ਰੋਣਾ ਰੋਣ ਲਈ ਉਸ ਦੇ ਮਾਂ-ਬਾਪ ਇਕੱਲੇ ਰਹਿ ਜਾਂਦੇ ਹਨ। 
ਜੀਆ ਖਾਨ ਹੋਵੇ ਜਾਂ ਜਨਵਰੀ ਵਿੱਚ ਵਿਆਹੀ ਤੇ ਜੂਨ ਵਿੱਚ ਖੁਦਕੁਸ਼ੀ ਕਰ ਗਈ ਕੁੜੀ, ਦੋਵਾਂ ਦੇ ਦੁਖਾਂਤ ਵਿੱਚ ਕੋਈ ਨਾ ਕੋਈ ਸੰਬੰਧ ਤਾਂ ਜਾਪਦਾ ਹੈ।--
ਜਤਿੰਦਰ ਪਨੂੰ

Thursday, March 14, 2013

ਹੁਣ ਸਾਡੇ ਦਰਮਿਆਨ ਨਹੀਂ ਰਹੇ ਉਰਮਿਲਾ ਆਨੰਦ

 ਦੁਪਹਿਰ 12 ਕੁ ਵਜੇ ਨਵਾਂ ਜ਼ਮਾਨਾ ਵਿਖੇ ਹੋਣਗੇ ਉਹਨਾਂ ਦੇ ਅੰਤਿਮ ਦਰਸ਼ਨ
ਉਰਮਿਲਾ ਆਨੰਦ--ਜਿਹਨਾਂ ਨੂੰ ਅਸੀਂ ਸਾਰੇ ਹੀ ਮੀਲ੍ਹਾ ਜੀ ਆਖ ਕੇ ਸੱਦਿਆ ਕਰਦੇ ਸਾਂ--ਹੁਣ ਸਾਡੇ ਦਰਮਿਆਨ ਨਹੀਂ ਰਹੇ----। ਅੱਜ 14 ਮਾਰਚ ਨੂੰ ਵੀਰਵਾਰ ਦੇ ਦਿਨ ਓਹ ਸਾਨੂੰ ਵਿਛੋੜਾ ਦੇ ਗਏ. ਇੱਕ ਅਜਿਹੇ ਯੁਗ ਦਾ ਅੰਤ ਹੋ ਗਿਆ ਜਿਸ ਨੇ ਸਦੀਆਂ ਦਾ ਸਫਰ ਕੀਤਾ ਸੀ...ਔਖੇ ਤੋਂ ਔਖੇ ਦਿਨ ਦੇਖੇ ਸਨ ਪਰ ਹਮੇਸ਼ਾਂ ਮੁਸਕਰਾਹਟ ਦੇ ਨਾਲ. ਰੋਜ਼ਾਨਾ ਨਵਾਂ ਜ਼ਮਾਨਾ ਅਤੇ  ਪ੍ਰੀਤ ਲੜੀ ਨਾਲ ਜੁੜਿਆ ਇੱਕ ਹੋਰ ਰਾਬਤਾ ਟੁੱਟ ਗਿਆ. ਉਦਾਸੀ ਜਾਂ ਪਰੇਸ਼ਾਨੀ ਵੇਲੇ ਮੁਸਕਰਾਹਟ ਭਰਿਆ ਹੋਂਸਲਾ ਦੇਣ ਵਾਲੀ ਉਹ ਸ਼ਖਸੀਅਤ ਹੁਣ ਸਾਡੇ ਦਰਮਿਆਨ ਨਹੀਂ ਰਹੀ. ਦੁਪਹਿਰ 12 ਕੁ ਵਜੇ ਉਹਨਾਂ ਦੀ ਦੇਹ ਨਵਾਂ ਜ਼ਮਾਨਾ ਵਿਖੇ ਲਿਆਂਦੀ ਜਾਏਗੀ ਅਤੇ ਅੰਤਿਮ ਦਰਸ਼ਨਾਂ ਤੋਂ ਬਾਅਦ..ਅੰਤਿਮ ਯਾਤਰਾ ਹੋਵੇਗੀ. ਉਹਨਾਂ ਦੀਆਂ ਗੱਲਾਂ, ਉਹਨਾਂ ਦੇ ਅੰਦਾਜ਼, ਉਹਨਾਂ ਦੀ ਸਦੀਵੀ ਮੁਸਕਰਾਹਟ ਸਭ ਕੁਝ ਅਤੀਤ ਬਣ ਗਿਆ ਹੈ--ਇੱਕ ਅਜਿਹਾ ਅਤੀਤ ਜਿਹੜਾ ਭੁੱਲਦਾ ਨਹੀੰ ਸਗੋਂ ਕਈ ਵਾਰ ਵਰਤਮਾਨ ਤੇ ਅਕਸਰ ਭਾਰੂ ਹੋ ਜਾਂਦਾ ਹੈ. ਇਹ ਯਾਦਾਂ ਸਾਨੂੰ ਹਲੂਣਦੀਆਂ  ਰਹਿਣਗੀਆਂ. ਨਵਾਂ ਜ਼ਮਾਨਾ 'ਚ ਬਿਤਾਇਆ ਸਮਾਂ ਇੱਕ ਵਾਰ ਫੇਰ ਅੱਖਾਂ ਅੱਗਿਓਂ ਲੰਘ ਰਿਹਾ ਹੈ. ਜ਼ਹਿਨ ਵਿੱਚ ਪੂਰੀ ਫਿਲਮ ਦੌੜ ਰਹੀ ਹੈ. ਮੀਲ੍ਹਾ ਜੀ ਦੇ ਤੁਰ ਜਾਣ ਦੀ ਖਬਰ ਨੇ ਦਿਮਾਗ ਸੁੰਨ ਜਿਹਾ ਕਰ ਦਿੱਤਾ ਹੈ. ਮੀਡੀਆ ਦੀ ਡਿਊਟੀ ਕਰਦਿਆਂ ਅਕਸਰ ਵੱਖ ਪਾਰਟੀਆਂ ਦੇ ਲੀਡਰਾਂ ਨਾਲ ਮਿਲਣ ਦਾ ਮੌਕਾ ਮਿਲਦਾ. ਜਦ ਵੀ ਕਦੇ ਨਵਾਂ ਜ਼ਮਾਨਾ ਦੀ ਗੱਲ ਤੁਰਨੀ ਤਾਂ ਉਹਨਾਂ ਚੋਂ  ਬਹੁਤਿਆਂ ਨੇ ਸਭ ਤੋਂ ਪਹਿਲਾਂ ਮੀਲ੍ਹਾ ਜੀ ਦਾ ਹਾਲ ਚਾਲ ਪੁਛਣਾ. ਮੈਨੂੰ ਯਾਦ ਹੈ ਕਿ ਜਦ ਕਦੇ ਕਿਸੇ ਵੱਡੇ ਕੰਮ 'ਚ ਕੋਈ ਗੜਬੜੀ ਹੋ ਜਾਣੀ ਤਾਂ ਆਨੰਦ ਸਾਹਿਬ ਦੀ ਘੂਰੀ ਅਤੇ ਝਿੜਕ ਉਸ ਉਮਰੇ ਬਹੁਤ ਡਰਾਉਂਦੀ ਸੀ---ਉਸ ਵੇਲੇ ਮੀਲ੍ਹਾ ਜੀ ਅਕਸਰ ਢਾਲ ਦਾ ਕੰਮ ਦੇਂਦੇ. ਆਨੰਦ ਸਾਹਿਬ ਦੇ ਗੁੱਸੇ ਨੂੰ ਦੂਰ ਕਰਕੇ ਉਹਨਾਂ ਕੋਲੋਂ ਕੋਈ ਨਵਾਂ ਸਬਕ ਅਤੇ ਨਵਾਂ ਉਤਸ਼ਾਹ ਲੈ ਦੇਣਾ ਇਹ ਸਭ ਮੀਲ੍ਹਾ ਜੀ ਦਾ ਹੀ ਕੰਮ ਸੀ. 
ਜੇ ਇਹ ਕਹਿ ਲਿਆ ਜੇ ਕਿ ਪੱਤਰਕਾਰੀ ਅਤੇ ਰਾਜਨੀਤੀ ਵਿੱਚ ਇੱਕ ਧੜੱਲੇਦਾਰ ਸ਼ਖਸੀਅਤ ਵੱਜੋਂ ਦੁਨਿਆ ਦੇ ਸਾਹਮਣੇ ਆਏ ਉਘੇ ਲੇਖਕ ਅਤੇ ਸੰਪਾਦਕ ਜਗਜੀਤ ਸਿੰਘ ਆਨੰਦ ਦੇ ਬੇਪਨਾਹ ਊਰਜਾ ਦਾ ਇੱਕ ਵਿਸ਼ੇਸ਼ ਸਰੋਤ ਮੀਲ੍ਹਾ ਜੀ ਹੀ ਸਨ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ. ਆਨੰਦ ਸਾਹਿਬ ਦੇ ਕਾਗਜ਼, ਕਲਮ, ਚਿੱਠੀ ਪੱਤਰ ਅਤੇ ਚਾਹ ਦੀ ਪਿਆਲੀ ਤੱਕ ਦਾ ਖਿਆਲ..ਹਰ ਵੇਲੇ ਆਪਣੀ ਜਾਦੂਈ ਮੁਸਕਰਾਹਟ ਨਾਲ ਕਰਨਾ ਉਰਮਿਲਾ ਜੀ ਨੂੰ ਹੀ ਆਉਂਦਾ ਸੀ.....ਇਸੇ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਉਰਮਿਲਾ ਆਨੰਦ ਦੇ ਦੇਹਾੰਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ. ਬਹੁਤ ਸਾਰੀਆਂ ਹੋਰ ਜਥੇਬੰਦੀਆਂ ਨੇ ਵੀ ਇਸ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ.  ਕਲ੍ਹ ਸ਼ੁਕਰਵਾਰ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਹੋਣਾ ਹੈ.  ਕੁਝ ਸਮੇਂ ਲਈ ਉਹਨਾਂ ਦੀ ਦੇਹ ਨਵਾਂ ਜ਼ਮਾਨਾ ਵਿਖੇ ਲਿਆਂਦੀ ਜਾਵੇਗੀ.ਇਹ ਸਮਾਂ 12 ਵਜੇ ਦਾ ਰੱਖਿਆ ਗਿਆ ਹੈ. --ਰੈਕਟਰ ਕਥੂਰੀਆ 


ਭਾਰਤੀ ਸਮਾਜ ਦੀ ਮੁਕਤੀ ਜਾਤ ਦੇ ਸਵਾਲ ਨੂੰ ਹੱਲ ਕੀਤੇ ਬਿਨਾਂ ਸੰਭਵ ਨਹੀਂ

ਪੰਜਾਬੀ ਭਵਨ ਲੁਧਿਆਣਾ ਵਿਖੇ ਮਿੰਨੀ ਕਹਾਣੀ ਸੈਮੀਨਾਰ