From Narinder Sohal on Thursday 7th November 2025 at 16:23 Regarding Late S. Tera Singh Chann
ਮਹਾਨ ਗੜਗੱਜ ਜੀ ਵਾਲਾ 'ਨਵਾਂ ਜ਼ਮਾਨਾ’
ਚੰਡੀਗੜ੍ਹ: 8 ਨਵੰਬਰ 2025: (ਪੰਜਾਬ ਸਕਰੀਨ ਡੈਸਕ)::
ਲਾਲ ਝੰਡੇ ਲਈ ਅਥਾਹ ਕੁਰਬਾਨੀਆਂ ਦੇਣ ਵਾਲੀ ਲੀਡਰ ਨਰਿੰਦਰ ਸੋਹਲ ਦੇ ਉੱਦਮ ਅਤੇ ਉਪਰਾਲੇ ਨਾਲ ਹਾਜ਼ਰ ਹੈ ਇਹ ਲਿਖਤ ਜਿਹੜੀ ਉਹਨਾਂ ਸੰਭਾਲੀ ਰੱਖੀ। ਇਹ ਲਿਖਤ ਖੱਬੀ ਪੱਤਰਕਾਰਿਤਾ ਦੇ ਉਸ ਦੌਰ ਦਾ ਵੀ ਪਤਾ ਦੇਂਦੀ ਹੈ ਅਤੇ ਮਹਾਨ ਸ਼ਖ਼ਸੀਅਤ ਸਰਦਾਰ ਤੇਰਾ ਸਿੰਘ ਚੰਨ ਹੁਰਾਂ ਦੇ ਸਟਾਈਲ ਅਤੇ ਖੂਬੀਆਂ ਦੀ ਵੀ ਜਾਨ ਪਛਾਣ ਕਰਾਉਂਦੀ ਹੈ। ਇਸ ਸਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। -ਸੰਪਾਦਕ
1962-63 ਵਿੱਚ ਮੈਨੂੰ ‘ਨਵਾਂ ਜ਼ਮਾਨਾ' ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਪੰਜਾਬ ਦੇ ਮਹਾਨ ਸਪੁੱਤਰ ਸਾਥੀ ਅਰਜਨ ਸਿੰਘ ਗੜਗੱਜ ਨਾਲ ਇੱਕੋ ਮੇਜ਼ ਉੱਤੇ ਬੈਠ ਕੇ ਕਲਮ ਘਸੀਟਣ ਦਾ ਮਾਣ ਵੀ ਪ੍ਰਾਪਤ ਹੋਇਆ, ਅੱਜ ‘ਨਵਾਂ ਜ਼ਮਾਨਾ' ਉਸੇ ਮਹਾਨ ਹਸਤੀ ਦੀ ਯਾਦ ਵਿੱਚ ਬਣੀ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਵੱਲੋਂ ਚਲਾਇਆ ਜਾ ਰਿਹਾ ਹੈ ।
ਇਹ ਸਰਬ ਪ੍ਰਵਾਨਤ ਸੱਚਾਈ ਹੈ ਕਿ 'ਨਵਾਂ ਜ਼ਮਾਨਾ' ਦੇ ਐਤਵਾਰਤਾ ਨੇ ਪੰਜਾਬੀ ਲੇਖਕਾਂ, ਚਿੰਤਕਾਂ, ਕਲਾਕਾਰਾਂ ਨਾਲ ਮੁਲਾਕਾਤਾਂ-ਮਿਲਣੀਆਂ ਰਾਹੀਂ ਉਨ੍ਹਾਂ ਦੀ ਪਾਠਕਾਂ ਨਾਲ ਪਛਾਣ ਕਰਾਉਣ ਦਾ ਕਾਰਜ ਜਿਵੇਂ ਨੇਪਰੇ ਚਾੜ੍ਹਿਆ ਤੇ ਚਾੜ੍ਹ ਰਿਹਾ ਹੈ, ਉਹ ਬਾਕੀ ਅਖ਼ਬਾਰਾਂ ਨੂੰ ਹੀ ਨਹੀਂ, ਕਈ ਮਾਸਿਕ ਪੱਤਰਾਂ ਨੂੰ ਵੀ ਪਿਛੇ ਛੱਡ ਗਿਆ ਹੈ । ਅੱਜ ਪੰਜਾਬੀ ਲੇਖਕ ਐਤਵਾਰਤਾ ਦੀ ਉਡੀਕ ਕਰਦੇ ਹਨ ਤੇ ਉਸ ਲਈ ਵੱਖਰੇ ਚੰਦੇ ਭੇਜਦੇ ਹਨ । ਇਹ 'ਨਵਾਂ ਜ਼ਮਾਨਾ' ਦੀ ਵੱਡੀ ਪ੍ਰਾਪਤੀ ਹੈ ਤੇ ਬਲਬੀਰ ਪ੍ਰਵਾਨਾ ਦੀ ਘਾਲਣਾ ਦੀ ਸ਼ਲਾਘਾ ਕਰਨੀ ਬਣਦੀ ਹੈ ।
ਪੱਤਰਕਾਰੀ ਦਾ ਸਕੂਲ: ਅੱਜ ਪੰਜਾਬੀ ਦਾ ਕੋਈ ਵਿਰਲਾ ਅਖ਼ਬਾਰ ਹੋਵੇਗਾ ਜਿਸ ਵਿੱਚ 'ਨਵਾਂ ਜ਼ਮਾਨਾ' ਦਾ ਚੰਡਿਆ ਕੋਈ ਪੱਤਰਕਾਰ ਕੰਮ ਨਾ ਕਰ ਰਿਹਾ ਹੋਵੇ । ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ 'ਪੰਜਾਬੀ ਟ੍ਰਿਬਿਊਨ' ਵਿੱਚ ਦਲਬੀਰ ਸਿੰਘ ਤੇ ਕਈ ਹੋਰ ‘ਨਵਾਂ ਜ਼ਮਾਨਾ' ਦੇ ਪੜ੍ਹੇ-ਗੁੜ੍ਹੇ ਹਨ ਤੇ ਪ੍ਰਮੁੱਖ ਕਹਾਣੀਕਾਰ ਸਵਰਗੀ ਕੁਲਵੰਤ ਸਿੰਘ ਵਿਰਕ ਨੇ ਵੀ ਮੇਰੇ ਕੋਲ ਇਹ ਟਿੱਪਣੀ ਕੀਤੀ ਸੀ ਕਿ ‘ਪੰਜਾਬੀ ਅਖ਼ਬਾਰਾਂ ਵਿੱਚ 'ਨਵਾਂ ਜ਼ਮਾਨਾ' ਹੀ ਹੈ, ਜੋ ਮੈਨੂੰ ਪਸੰਦ ਹੈ ।”
'ਨਵਾਂ ਜ਼ਮਾਨਾ' ਦੇ ਸੇਵਾ ਕਾਲ ਵਿੱਚ 10 ਜਨਵਰੀ 1963 ਦਾ ਦਿਹਾੜਾ ਮੇਰੇ ਲਈ ਅਤਿਅੰਤ ਸੋਗੀ -ਸੀ. ਜਿਸ ਦਿਨ ਪੰਜਾਬ ਦਾ ਸੂਰਮਾ ਸਪੁੱਤਰ ਅਰਜਨ ਸਿੰਘ ਗੜਗੱਜ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਸੀ। ਗੜਗੱਜ ਜੀ ਦੋ ਕੁ ਦਿਨ ਪਹਿਲਾਂ ਕਿਸੇ ਕੰਮ ਅੰਮ੍ਰਿਤਸਰ ਗਏ ਸਨ, ਮੈਂ ਮੇਜ਼ 'ਤੇ ਬੈਠਾ ਉਨ੍ਹਾ ਨੂੰ ਉਡੀਕ ਰਿਹਾ ਸਾਂ ਕਿ ਉਨ੍ਹਾ ਦੇ ਸਦੀਵੀ ਵਿਛੋੜੇ ਦੀ ਮਨਹੂਸ ਖ਼ਬਰ ਆ ਗਈ। ਮੈਂ ਡੌਰ-ਭੌਰ ਹੋਏ ਨੇ ਉਨ੍ਹਾ ਦੀ ਦਰਾਜ ਖੋਲ੍ਹੀ, ਵਿੱਚ ਛੋਟੀ ਜਿਹੀ ਡਾਇਰੀ ਮਿਲੀ। ਉਸ ਵਿੱਚ 6,7,8 ਜਨਵਰੀ ਦੇ ਪੰਨਿਆਂ ਉੱਤੇ ਲਿਖੇ ਨੋਟ ਪੜ੍ਹੇ : "ਅੱਜ ਦਫ਼ਤਰ ਦੀ ਪੌੜੀ ਚੜ੍ਹਦਿਆਂ ਦਿਲ ਵਿੱਚ ਦਰਦ ਹੋਇਆ, ਦਰਦ ਵਧਦਾ ਗਿਆ, ਦਰਦ ਵਧਦਾ ਗਿਆ ।" ਏਸ ਹਾਲਤ ਵਿੱਚ ਉਨ੍ਹਾ ਦਾ ਅੰਮ੍ਰਿਤਸਰ ਚਲੇ ਜਾਣਾ ਆਪਣੇ ਆਪ ਨੂੰ ਸ਼ਹੀਦ ਕਰਨ ਦੇ ਤੁਲ ਸੀ ।
ਮੈਂ ਸਾਥੀ ਜਗਜੀਤ ਸਿੰਘ ਆਨੰਦ ਦੀ ਸੂਝ ਤੇ ਸਾਥੀ ਗੜਗੱਜ ਜੀ ਪ੍ਰਤੀ ਉਨ੍ਹਾ ਦੀ ਸ਼ਰਧਾ ਦੀ ਦਾਦ ਦਿੱਤੇ ਬਿਨਾਂ ਨਹੀਂ ਰਹਿ ਸਕਦਾ, ਜਿਨਾਂ ਨੇ ਅਰਜਨ ਸਿੰਘ ਗੜਗੱਜ ਫਾਉਂਡੇਸ਼ਨ ਸਥਾਪਤ ਕਰ ਕੇ ਉਨਾ ਦੀ ਯਾਦ ਅਤੇ ਕੀਰਤੀ ਨੂੰ ਜ਼ਿੰਦਾ ਰੱਖਿਆ ਹੈ । ਸਾਥੀ ਗੜਗੱਜ ਜੀ ਨੇ ਅੰਗਰੇਜ਼ਾਂ ਦੀਆਂ ਜੇਲਾਂ ਤੇ ਲਾਹੌਰ ਦੇ ਕਿਲ੍ਹੇ ਵਿੱਚ ਜੋ ਅਸਹਿ ਤੇ ਅਕਹਿ ਤਸੀਹੇ ਝੱਲੇ ਸਨ. ਉਨ੍ਹਾਂ ਨੂੰ ਚੇਤੇ ਕਰਦਿਆਂ ਮੇਰਾ ਦਿਲ ਕੰਬਦਾ ਤੇ ਕਲਮ ਬਿੜਕਦੀ ਹੈ। ਇਹ ਲਿਖਤ
ਤੇਰਾ ਸਿੰਘ ਚੰਨ
ਚੰਨ ਹੁਰਾਂ ਦੀ ਇਹ ਲਿਖਤ ਰੋਜ਼ਾਨਾ ਨਵਾਂ ਜ਼ਮਾਨਾ ਦੇ 50ਵੀਂ ਵਰ੍ਹੇਗੰਢ ਵਾਲੇ ਵਿਸ਼ੇਸ਼ ਅੰਕ ਵਿੱਚ ਛਪੀ ਸੀ। ਇਸ ਨੂੰ ਭਾਲਣ ਅਤੇ ਭੇਜਣ ਦਾ ਉੱਦਮ ਉਪਰਾਲਾ ਨਰਿੰਦਰ ਸੋਹਲ ਹੁਰਾਂ ਨੇ ਕੀਤਾ। ਤੁਹਾਨੂੰ ਇਹ ਉਪਰਾਲਾ ਕਿਵੇਂ ਲੱਗਿਆ ਜ਼ਰੂਰੁ ਦੱਸਣਾ ਜੀ। -ਸੰਪਾਦਕ


No comments:
Post a Comment