...ਸੁਹੇਲ ਨੇ ਰੱਬ 'ਤੇ ਵੀ ਮੁਸਕਰਾ ਛੱਡਿਆ ਹੋਣੈਂ
ਫੇਸਬੁੱਕ: 14 ਮਾਰਚ 2017: ਰਾਤ ਨੂੰ 9:47 ਵਜੇ
ਮਨੁੱਖ ਦੀ ਜ਼ਿੰਦਗੀ ਸਿੱਧੀ ਤੇ ਸਪਾਟ ਨਹੀਂ ਚਲਦੀ ਤੇ ਨਾ ਹੀ ਚੱਲਣੀ ਚਾਹੀਦੀ ਹੈ। ਇਹ ਇੱਕ ਵਹਿੰਦਾ ਦਰਿਆ ਹੈ, ਜਿਸ ਵਿੱਚ ਕਈ ਛੋਟੀਆਂ ਨਦੀਆਂ-ਨਾਲੇ ਆ ਕੇ ਮਿਲਦੇ ਰਹਿੰਦੇ ਹਨ ਤੇ ਇਸ ਨੂੰ ਰਵਾਨਗੀ ਬਖਸ਼ਦੇ ਰਹਿੰਦੇ ਹਨ। ਇਨ੍ਹਾਂ ਨਦੀਆਂ- ਨਾਲਿਆਂ 'ਚੋਂ ਕੁਝ ਅਜਿਹੇ ਵੀ ਹੁੰਦੇ ਹਨ, ਜਿਹੜੇ ਜ਼ਿੰਦਗੀ ਦੇ ਦਰਿਆ ਦੀ ਤਾਸੀਰ ਹੀ ਬਦਲ ਕੇ ਰੱਖ ਦਿੰਦੇ ਹਨ। ਤੁਹਾਨੂੰ ਇਸ ਗੱਲ ਦਾ ਇਲਮ ਉਦੋਂ ਹੁੰਦਾ ਹੈ, ਜਦ ਇਹ ਤੁਹਾਥੋਂ ਵਿੱਛੜ ਜਾਂਦੇ ਹਨ ਜਾਂ ਆਪਣੀ ਜਿਸਮਾਨੀ ਹੋਂਦ ਗੁਆ ਬਹਿੰਦੇ ਹਨ। ਫਿਰ ਰਵਾਨਗੀ ਦੇ ਇਹਨਾਂ ਸਰੋਤਾਂ ਦਾ ਅਹਿਸਾਸ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ। ਅਵਚੇਤਨ ਰੂਪ ਵਿੱਚ ਤੁਸੀਂ ਇਸ ਅਹਿਸਾਸ ਦਾ ਸਾਥ ਮਾਣਦੇ ਹੋ। ਕਈ ਵਾਰ ਅਚਾਨਕ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਕਿ ਮੁੜ ਤੋਂ ਸਭ ਕੁਝ ਜੀਵੰਤ ਹੋ ਜਾਂਦਾ ਹੈ। ਤੁਸੀਂ ਇੱਕ ਵਾਰ ਫਿਰ ਉਸ ਨਿੱਘ ਵਿੱਚ ਆਪਣੇ-ਆਪ ਨੂੰ ਘਿਰਿਆ ਪਾਉਂਦੇ ਹੋ। ਤੁਹਾਡਾ ਚੁਫੇਰਾ ਇੱਕ ਅਲਬੇਲੀ ਖੁਸ਼ਬੂ ਨਾਲ ਭਰ ਜਾਂਦਾ ਹੈ।
ਕੁਝ ਅਜਿਹਾ ਹੀ ਵਾਪਰਿਆ ਪਿਛਲੇ ਦਿਨੀਂ। ਨਕੋਦਰ ਰੋਡ 'ਤੇ ਅਬਾਦਪੁਰੇ 'ਚ ਇੱਕ ਦੁਕਾਨ 'ਤੇ ਦਾਤਰ ਲੈਣ ਲਈ ਰੁਕਿਆ ਤਾਂ ਉਥੇ ਸਬੱਬੀਂ ਬਲਵਿੰਦਰ ਵਿੱਕੀ ਨਾਲ ਮੇਲ ਹੋ ਗਿਆ। ਵਿੱਕੀ ਨੂੰ ਉਸ ਦੇ ਅਸਲ ਨਾਂਅ ਨਾਲ ਘੱਟ, ਚਾਚਾ ਰੌਣਕੀ ਰਾਮ ਦੇ ਨਾਂਅ ਨਾਲ ਵਧੇਰੇ ਜਾਣਿਆ ਜਾਂਦਾ ਹੈ। ਪਹਿਲਾਂ ਅਕਾਸ਼ਵਾਣੀ ਜਲੰਧਰ ਤੇ ਫਿਰ ਦੂਰਦਰਸ਼ਨ ਜਲੰਧਰ 'ਤੇ ਕਿਸੇ ਸਮੇਂ ਚਾਚਾ ਰੌਣਕੀ ਰਾਮ ਰੌਣਕ ਲਾਈ ਰੱਖਦਾ ਸੀ। ਚਹਾਰ ਬਾਗ ਜਲੰਧਰ 'ਚ ਰੋਜ਼ਾਨਾ 'ਲੋਕ ਲਹਿਰ' ਦੇ ਦਫਤਰ 'ਚ ਉਸ ਦਾ ਆਮ ਆਉਣ-ਜਾਣ ਸੀ। ਕਾਮਰੇਡ ਸੁਹੇਲ ਤੇ ਸਾਧੂ ਸਿੰਘ ਨਾਲ ਉਸ ਦੀ ਖਾਸ ਨੇੜਤਾ ਸੀ। ਇਸੇ ਨੇੜਤਾ 'ਚੋਂ ਹੀ ਮੇਰੀ ਵੀ ਉਸ ਨਾਲ ਜਾਣ-ਪਛਾਣ ਸੀ।
ਜਦ ਅਸੀਂ ਦੋਨੋਂ ਇੱਕ-ਦੂਸਰੇ ਦੇ ਰੂ-ਬ-ਰੂ ਹੋਏ ਤਾਂ ਉਹ ਮੇਰੇ ਵੱਲ ਵੇਖੀ ਜਾਵੇ ਤੇ ਮੈਂ ਉਸ ਵੱਲ। ਮੈਂ ਉਸ ਵੱਲ ਹੱਥ ਵਧਾਇਆ ਤਾਂ ਘੁੱਟ ਕੇ ਹੱਥ ਮਿਲਾਉਣ ਤੋਂ ਬਾਅਦ ਵਿੱਕੀ ਨੇ ਆਖਿਆ, 'ਪਛਾਣਦਾ ਪਿਆਂ, ਪਰ ਯਾਦ ਨਹੀਂ ਆ ਰਿਹਾ। ਮਿਲੇ ਜ਼ਰੂਰ ਹੋਏ ਆ ਰਿਹਾਂ...।' ਮੈਂ ਆਖਿਆ, 'ਚਲੋ ਇੱਕ ਥਾਂ ਲੈ ਚਲਦਾਂ, ਫਿਰ ਸ਼ਾਇਦ ਤੁਹਾਨੂੰ ਯਾਦ ਆ ਜਾਵੇ। ਮੈਂ ਕਾਮਰੇਡ ਸੁਹੇਲ ਹੁਰਾਂ ਦਾ ਸ਼ਾਗਿਰਦ ਹਾਂ, 'ਲੋਕ ਲਹਿਰ' 'ਚ ਉਨ੍ਹਾ ਨਾਲ ਕੰਮ ਕਰਦਾ ਸੀ।' ਇਹ ਆਖਣ ਦੀ ਦੇਰ ਸੀ ਕਿ ਵਿੱਕੀ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਤੇ ਬੋਲਿਆ, 'ਕਿਆ ਬਾਤ ਐ ਯਾਰ, ਕਾਫੀ ਬਦਲ ਗਿਐਂ।' ਇੱਕ ਡੂੰਘਾ ਸਾਹ ਲੈ ਕੇ ਫਿਰ ਆਖਣ ਲੱਗਾ, 'ਸੁਹੇਲ ਹੁਰਾਂ ਦੇ ਤਾਂ ਕੀ ਕਹਿਣੇ। ਉਹਦੇ ਜਿਹਾ ਮਤਵਾਲਾ ਮਨੁੱਖ ਮੈਨੂੰ ਕਿਧਰੇ ਨਹੀਂ ਲੱਭਾ। ਜਾਨ ਤਲੀ 'ਤੇ ਰੱਖ ਕੇ ਤੁਰਿਆ ਫਿਰਦਾ ਸੀ ਉਹ ਤਾਂ। ਉਹ ਇਕੱਲਾ ਨਹੀਂ, ਤੁਹਾਡੀ ਸਾਰੀ ਟੀਮ ਹੀ ਅਜਿਹੀ ਸੀ। ਕਾਲੀ-ਬੋਲੀ ਹਨੇਰੀ (ਅੱਤਵਾਦ) 'ਚ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਦੇਸ਼ ਵਾਸਤੇ, ਇਸ ਦੇ ਲੋਕਾਂ ਵਾਸਤੇ ਤੁਰੇ ਫਿਰਨਾ, ਸ਼ੈਦਾਈਆਂ ਵਾਂਗ। ਇਹ ਸਭ ਤੁਹਾਡੇ ਹਿੱਸੇ ਹੀ ਆਇਆ ਸੀ ਤੇ ਤੁਸੀਂ ਨਿਭਾਈ ਵੀ...ਸਲਾਮ ਉਹਨੂੰ ਤੇ ਸਲਾਮ ਤੁਹਾਨੂੰ ਸਭਨਾਂ ਨੂੰ।' ਮਾਣ ਨਾਲ ਮੇਰਾ ਸੀਨਾ ਚੌੜਾ ਹੋ ਗਿਆ। ਜ਼ਰਾ ਰੁਕ ਕੇ ਉਹ ਫਿਰ ਆਖਣ ਲੱਗਾ, 'ਮੈਂ ਸੋਚਦਾਂ, ਰੱਬ ਵੀ ਹੈਰਾਨ-ਪ੍ਰੇਸ਼ਾਨ ਜ਼ਰੂਰ ਹੋਇਆ ਹੋਣੈਂ ਕਿ ਤੈਨੂੰ ਤਾਂ ਗੋਲੀ ਨਾਲ ਮਰਨਾ ਚਾਹੀਦਾ ਸੀ, ਤੂੰ ਕੁਦਰਤੀ ਮੌਤ ਕਿਵੇਂ ਲੈ ਲਈ ਤੇ ਸੁਹੇਲ ਨੇ ਰੱਬ 'ਤੇ ਵੀ ਮੁਸਕਰਾ ਛੱਡਿਆ ਹੋਣੈਂ।' ਮੇਰੀਆਂ ਅੱਖਾਂ ਨਮ ਹੋ ਗਈਆਂ। ਇਸ ਤੋਂ ਵੱਡੀ ਸ਼ਰਧਾਂਜਲੀ ਮੇਰੇ ਉਸਤਾਦ, ਮੇਰੇ ਯੁੱਧ-ਸਾਥੀ ਲਈ ਹੋ ਹੀ ਨਹੀਂ ਸੀ ਸਕਦੀ। ਮੈਂ ਘੁੱਟ ਕੇ ਹੱਥ ਮਿਲਾਇਆ ਤੇ ਵਿੱਕੀ ਨੂੰ ਗਲਵੱਕੜੀ 'ਚ ਲੈ ਲਿਆ। ਉਸ ਦਾ ਸ਼ੁਕਰੀਆ ਅਦਾ ਕੀਤਾ ਚੇਤੇ ਦੀ ਚੰਗੇਰ 'ਚੋਂ ਸੁਹੇਲ ਹੁਰਾਂ ਨੂੰ ਬਾਹਰ ਕੱਢ ਕੇ ਮੇਰੇ ਸਾਹਮਣੇ ਲਿਆ ਖੜ੍ਹਾ ਕਰਨ ਲਈ।
ਮੈਂ ਲੁਹਾਰ ਦੇ ਬੇਟੇ ਨੂੰ ਸਾਡੀ ਇੱਕ ਤਸਵੀਰ ਖਿੱਚਣ ਲਈ ਕਿਹਾ। ਫਿਰ ਲੁਹਾਰ ਤੇ ਉਸ ਦੇ ਭਰਾ ਨੇ ਵੀ ਤਸਵੀਰਾਂ ਖਿੱਚਵਾਈਆਂ। ਸੜਕ ਦੇ ਦੂਸਰੇ ਪਾਸੇ ਮੇਰੀ ਸਾਥਣ ਪਰਮਜੀਤ ਇਹ ਸਭ ਦੇਖ ਰਹੀ ਸੀ। ਘਰ ਜਲਦੀ ਵਾਪਸ ਜਾਣਾ ਸੀ। ਮੈਂ ਵਿੱਕੀ ਤੋਂ ਵਿਦਾਇਗੀ ਲਈ। ਉਹ ਵੀ ਆਪਣਾ ਸਾਮਾਨ ਲੈ ਕੇ ਰਵਾਨਾ ਹੋ ਗਿਆ।
ਪਰਮਜੀਤ ਨੂੰ ਇਹ ਦੱਸਣ ਦੀ ਲੋੜ ਨਹੀਂ ਪਈ ਕਿ ਵਿੱਕੀ ਕੌਣ ਹੈ। ਉਸ ਨੇ ਸਿਰਫ ਏਨਾ ਆਖਿਆ, 'ਯਾਰ ਭੁੱਲ ਨਾ ਜਾਇਆ ਕਰ, ਤੁਹਾਨੂੰ ਪਤੈ ਕਿ ਢੇਰ ਸਾਰੇ ਕੰਮ ਕਰਨ ਵਾਲੇ ਪਏ ਹਨ। ਘਰ ਜਾ ਕੇ ਮੈਨੂੰ ਪਤੈ ਕਿ ਮੇਰੀ ਕੀ ਗਤ ਹੋਣੀ ਐਂ।' 'ਵਿੱਕੀ ਸੁਹੇਲ ਹੁਰਾਂ ਦੀਆਂ ਗੱਲਾਂ ਕਰਨ ਲੱਗ ਪਿਆ ਸੀ।' ਮੈਂ ਬੱਸ ਏਨਾ ਹੀ ਕਿਹਾ। ਪਰਮਜੀਤ ਬਿਲਕੁੱਲ ਸ਼ਾਂਤ ਹੋ ਗਈ ਸੀ। ਉਹ ਸੁਹੇਲ ਦਾ ਮੁੱਲ ਜਾਣਦੀ ਐ। ਘਰੋਂ ਅਸੀਂ ਦੋ ਜਣੇ ਗਏ ਸੀ, ਵਾਪਸੀ 'ਤੇ ਤਿੰਨ ਹੋ ਗਏ। ਸੁਹੇਲ ਨੂੰ ਛੱਡ ਕੇ ਭਲਾ ਕਿੱਦਾਂ ਆਉਂਦੇ।
ਬਹੁਤ ਮਹਾਨ ਸੀ ਉਹ ਮਨੁੱਖ। ਨਾ ਨਾਂਅ ਦੀ ਚਿੰਤਾ, ਨਾ ਸਨਮਾਨ ਦੀ ਚਿੰਤਾ, ਨਾ ਜਾਨ ਦੀ ਚਿੰਤਾ ਤੇ ਨਾ ਘਰ ਦੀ ਚਿੰਤਾ। ਇਹ ਗੱਲ ਸੱਚ ਹੈ ਕਿ ਜਿਸ ਵੇਲੇ ਸੁਹੇਲ ਹੁਰਾਂ ਦੀ ਮੌਤ ਹੋਈ, ਉਸ ਵੇਲੇ ਤੱਕ ਉਹਨਾ ਕੋਲ ਆਪਣਾ ਕੋਈ ਘਰ ਨਹੀਂ ਸੀ। ਰਘਬੀਰ ਕੌਰ ਭੈਣ ਜੀ ਉਹਨਾ ਦੇ ਤੁਰ ਜਾਣ ਤੋਂ ਬਾਅਦ ਹੀ ਘਰ ਬਣਾ ਸਕੇ।
ਅੱਜ ਦੇ ਇਸ ਖਪਤਵਾਦੀ ਦੌਰ 'ਚ ਕੋਈ ਹੈ ਅਜਿਹਾ ਪੱਤਰਕਾਰ, ਅਲਬੇਲਾ, ਮਤਵਾਲਾ!!
ਸ਼ੁਕਰੀਆ! ਬਲਵਿੰਦਰ ਵਿੱਕੀ, ਉਰਫ ਚਾਚਾ ਰੌਣਕੀ ਰਾਮ। ਜਿਉਂਦੇ ਵਸਦੇ ਰਹੋ!!
—ਇੰਦਰਜੀਤ ਚੁਗਾਵਾਂ ਦੇ ਫੇਸਬੁੱਕ ਪ੍ਰੋਫ਼ਾਈਲ ਤੋਂ ਧੰਨਵਾਦ ਸਹਿਤ
No comments:
Post a Comment