ਨਵਾਂ ਜਮਾਨਾ ਦੇ ਦਫਤਰ ਵਿੱਚ ਕੀਤੀ ਗਈ ਰਲੀਜ਼
ਜਲੰਧਰ: 8 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ ):
ਜਦੋਂ ਨਵਾਂ ਜ਼ਮਾਨਾ ਆਪਣੀਆਂ ਲੋਕ ਪੱਖੀ ਨੀਤੀਆਂ ਕਾਰਣ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਵਿਚਾਰਾਂ ਦਾ ਚਾਨਣ ਫੈਲਾ ਰਿਹਾ ਸੀ ਉਦੋਂ ਉਸ ਮਸ਼ਾਲ ਵਿੱਚ ਆਪਣਾ ਖੂਨ ਤੇਲ ਵਾਂਗ ਪਾਉਣ ਵਾਲਿਆਂ ਵਿੱਚ ਸੁਰਜਨ ਜ਼ੀਰਵੀ ਵੀ ਇੱਕ ਸਨ। ਕਦੇ ਫੁਲਕਾ ਖਾ ਲਿਆ ਅਤੇ ਕਦੇ ਰਹਿ ਗਿਆ ਪਰ ਖਬਰ ਨਾ ਖੁੰਝ ਜਾਵੇ ਇਸਦਾ ਖਿਆਲ ਉਚੇਚ ਨਾਲ ਰੱਖਿਆ ਜਾਂਦਾ ਸੀ। ਉਸ ਵੇਲੇ ਨਵਾਂ ਜ਼ਮਾਨਾ ਪੱਤਰਕਾਰਿਤਾ ਦੀ ਯੂਨੀਵਰਸਿਟੀ ਵੱਜੋਂ ਜਾਣਿਆ ਜਾਂਦਾ ਸੀ ਜਿਸਨੇ ਅਨਗਿਣਤ ਪੱਤਰਕਾਰ ਟਰੇਂਡ ਕੀਤੇ ਜਿਹਨਾਂ ਨੇ ਤਕਰੀਬਨ ਹਰ ਅਖਬਾਰ ਵਿੱਚ ਜਾ ਕੇ ਆਪਣੀ ਕਲਮ ਦੇ ਜੋਹਰ ਦਿਖਾਏ। ਬੜੇ ਹੀ ਮਿਠਾਸ ਨਾਲ ਜ਼ਿੰਦਗੀ ਅਤੇ ਕਲਮ ਦੇ ਕੌੜੇ ਸਚ ਸਮਝਾਉਣ ਵਾਲੀ ਸ਼ਖਸੀਅਤ ਸੁਰਜਨ ਸਿੰਘ ਜੀਰਵੀ ਬਾਰੇ ਇੱਕ ਦਸਤਾਵੇਜ਼ੀ ਫਿਲਮ ਬਣੀ ਹੈ ਜਿਹੜੀ ਅੱਜ ਨਵਾਂ ਜ਼ਮਾਨਾ ਦਫਤਰ ਵਿੱਚ ਰਲੀਜ਼ ਕੀਤੀ ਗਈ।
ਅੱਜ ਇਥੇ 'ਨਵਾਂ ਜ਼ਮਾਨਾ' ਦਫ਼ਤਰ ਵਿਖੇ ਜੁਗਿੰਦਰ ਸਿੰਘ ਕਲਸੀ (ਕੈਨੇਡਾ) ਵੱਲੋਂ ਬਣਾਈ ਗਈ ਦਸਤਾਵੇਜ਼ੀ ਫ਼ਿਲਮ 'ਸੁਰਜਨ ਜ਼ੀਰਵੀ ਸਮਕਾਲੀਆਂ ਦੀ ਨਜ਼ਰ ਵਿੱਚ' ਨੂੰ 'ਨਵਾਂ ਜ਼ਮਾਨਾ'’ ਦੇ ਸੰਪਾਦਕ ਜਤਿੰਦਰ ਪਨੂੰ ਤੇ ਜਨਰਲ ਮੈਨੇਜਰ ਕਾਮਰੇਡ ਗੁਰਮੀਤ ਵੱਲੋਂ ਰਿਲੀਜ਼ ਕੀਤਾ ਗਿਆ।
ਮਹੱਤਵ ਪੂਰਨ ਗੱਲ ਇਹ ਹੈ ਕਿ ਸੁਰਜਨ ਜ਼ੀਰਵੀ ਹੁਰਾਂ ਦੀ 'ਨਵਾਂ ਜ਼ਮਾਨਾ' ਨੂੰ ਅਜੋਕੀਆਂ ਸਿਖਰਾਂ ਤੱਕ ਪੁਚਾਉਣ ਵਿੱਚ ਮਹੱਤਵ ਪੂਰਨ ਭੂਮਿਕਾ ਰਹੀ ਹੈ। ਉਹ ਭਾਵੇਂ ਪਿਛਲੇ ਦੋ ਦਹਾਕਿਆਂ ਤੋਂ ਇਸ ਅਦਾਰੇ ਨਾਲ ਸਿੱਧੇ ਰੂਪ ਵਿੱਚ ਜੁੜੇ ਹੋਏ ਨਹੀਂ ਅਤੇ ਕੈਨੇਡਾ ਵਿੱਚ ਹਨ, ਪਰ ਖਰਾਬ ਸਿਹਤ ਦੇ ਬਾਵਜੂਦ ਉਨ੍ਹਾਂ ਦੀਆਂ ਲਿਖਤਾਂ ਤੇ ਟਿੱਪਣੀਆਂ ਅਕਸਰ 'ਨਵਾਂ ਜ਼ਮਾਨਾ'’ ਵਿੱਚ ਛਪਦੀਆਂ ਰਹਿੰਦੀਆਂ ਹਨ ਤੇ ਗਾਹੇ-ਬਗਾਹੇ ਸੇਧਾਂ ਵੀ ਦੇਂਦੇ ਰਹਿੰਦੇ ਹਨ। ਇਹੋ ਕਾਰਨ ਹੈ ਕਿ ਸੁਰਜਨ ਜ਼ੀਰਵੀ ਹੁਰਾਂ ਦੀ ਪਛਾਣ ਅੱਜ ਵੀ 'ਨਵਾਂ ਜ਼ਮਾਨਾ' ਨਾਲ ਤੇ 'ਨਵਾਂ ਜ਼ਮਾਨਾ' ਦੀ ਜ਼ੀਰਵੀ ਜੀ ਨਾਲ ਜੁੜੀ ਹੋਈ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਇਸ ਦਸਤਾਵੇਜ਼ੀ ਫ਼ਿਲਮ ਵਿੱਚੋਂ ਉਸ ਦੇ ਸਮਕਾਲੀਆਂ ਦੀ ਗੱਲਬਾਤ ਰਾਹੀਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ।
ਇਸ ਮੌਕੇ ਜਤਿੰਦਰ ਪਨੂੰ ਨੇ ਇਹ ਦਸਤਾਵੇਜ਼ੀ ਫ਼ਿਲਮ ਬਣਾਉਣ ਲਈ ਜੁਗਿੰਦਰ ਸਿੰਘ ਕਲਸੀ ਦੀ ਸ਼ਲਾਘਾ ਕਰਦਿਆਂ ਜ਼ੀਰਵੀ ਜੀ ਨਾਲ ਆਪਣੇ ਸੰਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਉਨ੍ਹਾ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹਨ ਤੇ ਉਨ੍ਹਾਂ ਤੋਂ ਬਹੁਤ ਸਿੱਖਿਆ ਹੈ। ਇਸ ਫਿਲ ਦੀ ਖਬਰ ਨਾਲ ਸਾਰੇ ਅਗਾਂਹਵਧੂ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਹੈ।
No comments:
Post a Comment