Wednesday, May 26, 2021

ਨਵਾਂ ਜ਼ਮਾਨਾ ਨੇ ਦਿੱਤਾ ਕਿਸਾਨਾਂ ਦੇ ਕਾਲੇ ਦਿਵਸ ਨੂੰ ਮੱਸਿਆ ਦਾ ਨਾਂਅ

ਗੁਰਜੀਤ ਬਿੱਲਾ ਨੇ ਦਿੱਤਾ ਕਿਸਾਨ ਸੰਗਠਨਾਂ ਦੀਆਂ ਤਿਆਰੀਆਂ ਦਾ ਵੇਰਵਾ 


ਚੰਡੀਗੜ੍ਹ: 26 ਮਈ 2021: (ਪੰਜਾਬ ਸਕਰੀਨ ਡੈਸਕ)::

ਅੱਜ ਕਿਸਾਨਾਂ ਵੱਲੋਂ ਕਾਲੇ ਦਿਵਸ ਦਾ ਸੱਦਾ ਦਿੱਤਾ ਗਿਆ ਹੈ। ਖੱਬੇ ਪੱਖੀ ਵਿਚਾਰਧਾਰਾ ਵਾਲੇ ਅਖਬਾਰ ਰੋਜ਼ਾਨਾ ਨਵਾਂ ਜ਼ਮਾਨਾ ਨੇ ਖਬਰਾਂ ਦੀਆਂ ਸੁਰਖੀਆਂ ਬਾਰੇ ਆਪਣੀ ਪੁਰਾਣੀ ਰਵਾਇਤ ਨੂੰ ਸੁਰਜੀਤ ਕਰਦਿਆਂ ਆਪਣੇ ਮੁੱਖ ਸਫ਼ੇ ਦੀ ਮੁੱਖ ਖਬਰ ਬਣਾਇਆ ਹੈ ਕਾਲੇ ਦਿਵਸ ਦੇ ਸੱਦੇ ਨੂੰ ਅਤੇ ਇਸਦਾ ਸਿਰਲੇਖ ਹੈ: ਅੱਜ ਮੱਸਿਆ। ਇਸ ਖਬਰ ਵਿੱਚ ਰੋਜ਼ਾਨਾ ਨਵਾਂ ਜ਼ਮਾਨਾ ਦੇ ਚੰਡੀਗੜ੍ਹ/ਮੋਹਾਲੀ ਦੀ ਕਵਰੇਜ ਕਰਨ ਵਾਲੇ ਨਿਰੰਤਰ ਸਰਗਰਮ ਪੱਤਰਕਾਰ ਗੁਰਜੀਤ ਬਿੱਲਾ ਨੇ ਇਸਦਾ ਪੂਰਾ ਵੇਰਵਾ ਵੀ ਦਿੱਤਾ ਹੈ ਅਤੇ ਕਿਸਾਨਾਂ ਦੇ ਸਮਰਥਨ ਵਿਚ ਆਈਆਂ ਇਸਤਰੀਆਂ ਦੀ ਤਸਵੀਰ ਵੀ ਸ਼ਾਮਲ ਕੀਤੀ ਹੈ। 

ਕੇਂਦਰ ਸਰਕਾਰ ਵੱਲੋਂ ਲਿਆਂਦੇ 3 ਨਵੇਂ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਦਿੱਲੀ ਦੀਆਂ ਹੱਦਾਂ 'ਤੇ 26 ਨਵੰਬਰ ਤੋਂ ਚੱਲ ਰਹੇ ਕਿਸਾਨੀ ਮੋਰਚਿਆਂ ਦੇ 6 ਮਹੀਨੇ ਪੂਰੇ ਹੋਣ 'ਤੇ ਕੇਂਦਰ ਸਰਕਾਰ ਦੀ ਬੇਰੁਖੀ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਵਿਆਪੀ 'ਕਾਲਾ-ਦਿਵਸ' ਮਨਾਉਣ ਦੇ ਸੱਦੇ ਮੁਤਾਬਕ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

ਮੋਰਚੇ ਦੇ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ, ਸਾਹਿਤਕਾਰਾਂ, ਰੰਗਕਰਮੀਆਂ, ਟਰਾਂਸਪੋਰਟਰਾਂ, ਵਪਾਰੀਆਂ ਅਤੇ ਦੁਕਾਨਦਾਰਾਂ ਸਮੇਤ ਹਰ ਵਰਗ ਨੂੰ ਇਸ ਇਤਿਹਾਸਕ ਦਿਨ ਮੌਕੇ ਆਪਣਾ ਰੋਸ ਪ੍ਰਗਟਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਕਾਲੀਆਂ ਪੱਗਾਂ ਅਤੇ ਕਾਲ਼ੀਆਂ ਚੁੰਨੀਆਂ ਨਾਲ ਪੱਕੇ-ਧਰਨਿਆਂ 'ਚ ਸ਼ਮੂਲੀਅਤ ਕੀਤੀ ਜਾਵੇ।  ਚੌਕਾਂ 'ਚ ਵੀ ਨਾਅਰਿਆਂ ਵਾਲੇ ਫਲੈਕਸ ਲੈ ਕੇ ਪ੍ਰਦਰਸ਼ਨ ਕੀਤੇ ਜਾਣ। ਉਹਨਾਂ ਕਿਹਾ ਕਿ ਘਰਾਂ, ਦੁਕਾਨਾਂ, ਦਫਤਰਾਂ, ਟਰੈਕਟਰਾਂ, ਕਾਰਾਂ, ਜੀਪਾਂ, ਸਕੂਟਰਾਂ ਮੋਟਰਸਾਇਕਲਾਂ, ਬੱਸਾਂ, ਟਰੱਕਾਂ ਉਪਰ ਕਾਲੇ ਝੰਡੇ ਲਾ ਕੇ ਤਿੰਨਾਂ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਆਰਡੀਨੈਂਸ ਦੀ ਖ਼ਿਲਾਫ਼ਤ ਜ਼ੋਰ ਨਾਲ ਕੀਤੀ ਜਾਵੇਗੀ। 

ਹੋਰਨਾਂ ਕਿਸਾਨ ਆਗੂਆਂ ਨੇ ਵੀ ਸਪੱਸ਼ਟ ਕੀਤਾ ਹੈ ਕਿ ਕਾਲਾ ਦਿਵਸ ਮਨਾਉਣ ਲਈ ਕੋਰੋਨਾ ਦੇ ਮੱਦੇਨਜ਼ਰ ਦਿੱਲੀ ਦੇ ਬਾਰਡਰਾਂ 'ਤੇ ਬਹੁਤਾ ਇਕੱਠ ਨਹੀਂ ਕੀਤਾ ਜਾ ਰਿਹਾ। ਲੋਕ ਪਿੰਡਾਂ ਤੇ ਸ਼ਹਿਰਾਂ ਵਿਚ ਹੀ ਕਾਲੇ ਝੰਡੇ ਝੁਲਾਉਣਗੇ। ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕਾਲਾ ਦਿਵਸ ਜਿਸਮਾਨੀ ਦੂਰੀ ਬਣਾ ਕੇ ਮਨਾਇਆ ਜਾਵੇਗਾ। ਬੀ ਕੇ ਯੂ (ਏਕਤਾ-ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਲੋਕ ਦਿੱਲੀ ਬਾਰਡਰ 'ਤੇ ਖੁੱਲ੍ਹੀਆਂ ਥਾਂਵਾਂ 'ਤੇ ਪ੍ਰੋਟੈੱਸਟ ਕਰ ਰਹੇ ਹਨ। ਉਨ੍ਹਾਂ ਐਤਵਾਰ ਸਿਰਫ ਚਾਰ ਹਜ਼ਾਰ ਵਿਅਕਤੀ ਦਿੱਲੀ ਵੱਲ ਭੇਜੇ ਤੇ ਉਹ ਵੀ ਬੱਸਾਂ ਵਿਚ ਅੱਧੀਆਂ ਸਵਾਰੀਆਂ ਦੇ ਨਿਯਮ ਦੀ ਪਾਲਣਾ ਕਰਦਿਆਂ ਗਏ। 

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪਹਿਲਾਂ ਉਹ 15-20 ਹਜ਼ਾਰ ਦੇ ਜੱਥੇ ਦਿੱਲੀ ਬਾਰਡਰ ਵੱਲ ਭੇਜਦੇ ਸਨ, ਪਰ ਹੁਣ 4-5 ਹਜ਼ਾਰ ਦੇ ਜਥੇ ਭੇਜ ਰਹੇ ਹਨ। ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਦਿੱਲੀ ਬਾਰਡਰ 'ਤੇ ਭੀੜ ਹੋਰ ਘਟੇਗੀ, ਕਿਉਂਕਿ ਕਿਸਾਨਾਂ ਨੂੰ ਪਿੰਡਾਂ ਵਿਚ ਹੀ ਐੱਨ ਡੀ ਏ ਸਰਕਾਰ ਦੇ ਪੁਤਲੇ ਫੂਕਣ ਨੂੰ ਕਿਹਾ ਗਿਆ ਹੈ। ਬੀ ਕੇ ਯੂ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਵੀ ਕਿਹਾ ਕਿ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਾਲਾ ਦਿਵਸ ਮਨਾਇਆ ਜਾਵੇਗਾ।  ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਪੱਕੇ ਧਰਨੇ ਮੰਗਲਵਾਰ ਵੀ ਜੋਸ਼ੋ-ਖ਼ਰੋਸ਼ ਨਾਲ ਜਾਰੀ ਰਹੇ। ਇਸ ਦੌਰਾਨ ਕਿਸਾਨਾਂ ਦੇ ਕਾਫ਼ਲਿਆਂ ਦਾ ਪੰਜਾਬ 'ਚੋਂ ਲਗਾਤਾਰ ਸਿੰਘੂ ਅਤੇ ਟਿਕਰੀ ਦੇ ਮੋਰਚਿਆਂ 'ਤੇ ਜਾਣਾ ਜਾਰੀ ਹੈ। ਗੁਰਦਾਸਪੁਰ, ਹੁਸ਼ਿਆਰਪੁਰ, ਅੰਮਿ੍ਤਸਰ, ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ, ਮੋਗਾ, ਗੁਰਦਾਸਪੁਰ, ਫਰੀਦਕੋਟ, ਫਾਜ਼ਿਲਕਾ, ਮੋਗਾ, ਬਰਨਾਲਾ, ਨਵਾਂਸ਼ਹਿਰ, ਰੋਪੜ, ਮੁਹਾਲੀ ਜ਼ਿਲਿ੍ਹਆਂ ਸਮੇਤ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਦੇ ਦਰਜਨਾਂ ਜਥੇ ਰਵਾਨਾ ਹੋਏ। 

ਕਿਸਾਨ ਆਗੂਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਅੱਜ ਸਿਹਤ ਪ੍ਰਬੰਧ ਨਾਕਮਯਾਬ ਹੋ ਕੇ ਰਹਿ ਗਿਆ ਹੈ, ਕੋਰੋਨਾ ਮਰੀਜ਼ ਆਕਸੀਜਨ ਅਤੇ ਵੈਂਟੀਲੇਂਟਰਾਂ ਦੀ ਘਾਟ ਨਾਲ ਮੌਤ ਦਾ ਸ਼ਿਕਾਰ ਹੋ ਰਹੇ ਹਨ। ਮਾੜੀਆਂ ਸਿਹਤ ਸਹੂਲਤਾਂ ਖ਼ਿਲਾਫ਼ ਵੀ ਰੋਸ ਪ੍ਰਗਟਾਇਆ ਜਾਵੇਗਾ। 

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਨਿਹੰਗ 96 ਕਰੋੜੀ ਨੇ ਵੀ ਕਾਲੇ ਦਿਵਸ ਦੀ ਪੂਰਨ ਹਮਾਇਤ ਕੀਤੀ ਹੈ |

No comments: