Friday, October 07, 2022

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਅਹਿਮ ਇਕੱਠ ਲੁਧਿਆਣਾ ਵਿੱਚ ਅੱਠ ਨੂੰ

7th October 2022 at 12:26 PM

ਪੰਜਾਬੀ ਭਵਨ ਵਿੱਚ ਕਾਰਜਕਾਰਣੀ  ਦੀ ਮੀਟਿੰਗ ਅਤੇ ਜਨਰਲ ਇਜਲਾਸ 

ਚੰਡੀਗੜ੍ਹ: 07 ਅਕਤੂਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਬਹੁਤ ਸਾਰੇ ਸੁਆਲਾਂ, ਬਹੁਤ ਸਾਰੇ ਮੁੱਦਿਆਂ ਅਤੇ ਬਹੁਤ ਸਾਰੇ ਵਿਚਾਰਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਟੀਮ ਇੱਕ ਵਾਰ ਫੇਰ ਮੈਦਾਨ ਵਿੱਚ ਹੈ। ਇਸ ਪੁਰਾਣੇ ਲੇਖਕ ਸੰਗਠਨ ਦੇ ਵਿਰੋਧੀ ਵੀ ਸਰਗਰਮ ਹਨ ਅਤੇ ਹਮਾਇਤੀ ਵੀ। ਮੁੱਦਿਆਂ ਬਾਰੇ ਵਿਚਾਰਕ ਜੰਗ ਹੋਣੀ ਲਾਜ਼ਮੀ ਹੈ ਅਤੇ ਸ਼ਾਇਦ ਜ਼ਰੂਰੀ ਵੀ। 

ਅੱਠ ਅਕਤੂਬਰ ਨੂੰ ਹੋਣ ਵਾਲੀ ਇਕੱਤਰਤਾ ਸਾਹਮਣੇ ਭਾਸ਼ਾ ਵਿਭਾਗ  ਦੇ ਪੁਰਸਕਾਰਾਂ ਦਾ ਮਾਮਲਾ ਵੀ ਹੋਵੇਗਾ ਅਤੇ ਨਵੀਂ ਮੈਂਬਰਸ਼ਿਪ ਦਾ ਵੀ। ਉਂਝ ਮਾਮਲਾ ਉਹਨਾਂ ਕਲਮਕਾਰਾਂ ਦਾ ਵੀ ਵਿਚਾਰਿਆ ਜਾਣਾ ਬਣਦਾ ਹੈ ਜਿਹੜੇ ਲੇਖਕ ਨਹੀਂ ਬਲਕਿ ਪੱਤਰਕਾਰਾਂ ਵਾਲੇ ਵਰਗ ਵਿਚ ਆਉਂਦੇ ਹਨ ਪਰ ਦਮਨ ਦਾ ਸਾਹਮਣਾ ਉਹਨਾਂ ਨੂੰ ਵੀ ਆਪਣੀਆਂ ਲਿਖਤਾਂ ਕਾਰਨ ਹੀ ਕਰਨਾ ਪੈਂਦਾ ਹੈ। ਉਂਝ ਬਹੁਤ ਸਾਰੇ ਪੱਤਰਕਾਰ ਵੀ ਕੇਂਦਰੀ ਲੇਖਕ ਸਭਾ ਦੇ ਸਰਗਮ ਮੈਂਬਰ ਹਨ। ਪਹਿਲਾਂ ਵੀ ਸਨ ਅਤੇ ਹੁਣ ਵੀ ਹਨ। ਇਸਦੇ ਨਾਲ ਹੀ ਆਰਥਿਕ ਪੱਖੋਂ ਕਮਜ਼ੋਰ ਕਲਮਕਾਰਾਂ ਦੇ ਗੁਜ਼ਾਰੇ ਅਤੇ ਆਰਥਿਕ ਪਹਿਲੂਆਂ ਬਾਰੇ ਵੀ ਕੋਈ ਠੋਸ ਪਾਰਦਰਸ਼ੀ ਨੀਤੀ ਬਣਾਉਣ ਦੀ ਗੱਲ ਵਿਚਾਰਨੀ ਬਣਦੀ ਹੈ। ਕੇਂਦਰੀ ਲੇਖਕ ਸਭਾ ਵੱਲੋਂ ਆਪਣੀ ਪਾਰਦਰਸ਼ੀ ਪ੍ਰਕਾਸ਼ਨ ਸੰਸਥਾ ਬਾਰੇ ਵੀ ਗੰਭੀਰਤਾ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ।ਇਹ ਇੱਕ ਅਜਿਹੀ ਸੰਸਥਾ ਹੋਵੇ ਜਿਹੜੀ ਲਾਗਤ ਮਾਤਰ ਕੀਮਤ ਲੈ ਕੇ ਲੇਖਕਾਂ ਦੀਆਂ ਪੁਸਤਕਾਂ ਖੂਬਸੂਰਤ ਦਿੱਖ ਵਿਚ ਪ੍ਰਕਾਸ਼ਿਤ ਕਰੇ। ਜਿਸ ਕੋਲ ਲਾਗਤ ਮਾਤਰ ਦੇਣ ਜੋਗੀ ਮਾਇਕ ਸਮਰਥਾ ਵੀ ਨਾ ਹੋਵੇ ਉਸ ਦੀਆਂ ਪੁਸਤਕਾਂ ਵੀ ਪ੍ਰਕਾਸ਼ਿਤ ਕਰੇ। ਸੋ ਅਜਿਹੇ ਬਹੁਤ ਸਾਰੇ ਮੁੱਦੇ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਵਿਚਾਰਨੇ ਬਣਦੇ ਹਨ। ਰਾਣਾ ਅਯੂਬ, ਸ਼ਿਆਮ ਮੀਰਾ ਸਿੰਘ ਅਤੇ ਅਜਿਹੇ ਹੋਰਨਾਂ ਕਲਮਕਾਰਾਂ ਨੂੰ ਪੰਜਾਬ ਵਿੱਚ ਉਚੇਚੇ ਤੌਰ 'ਤੇ ਸਨਮਾਨਿਤ ਵੀ ਕੀਤਾ ਜਾਣਾ ਚਾਹੀਦਾ ਹੈ। 

ਇਸ ਵਾਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ਼੍ਰੀ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਾਂਝੇ ਬਿਆਨ ਰਾਹੀਂ ਦਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਕਾਰਜਕਾਰਨੀ ਦੀ ਮੀਟਿੰਗ ਮਿਤੀ 08 ਅਕਤੂਬਰ 2022, ਦਿਨ ਸ਼ਨੀਵਾਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਠੀਕ 10 ਵਜੇ ਕੀਤੀ ਜਾਵੇਗੀ। ਕਾਰਜਕਾਰਣੀ ਮੀਟਿੰਗ ਦਾ ਏਜੰਡਾ ਜਥੇਬੰਦਕ ਰਿਪੋਰਟ ਦੀ ਪ੍ਰਵਾਨਗੀ, ਵਿੱਤ ਰਿਪੋਰਟ ਦੀ ਪ੍ਰਵਾਨਗੀ, ਭਾਸ਼ਾ ਵਿਭਾਗ ਦੇ ਸਨਮਾਨਾਂ ਪ੍ਰਤੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਪਹੁੰਚ ਸੰਬੰਧੀ ਵਿਚਾਰ, ਨਵੀਂ ਮੈਂਬਰਸ਼ਿਪ ਬਾਰੇ ਵਿਚਾਰ ਅਤੇ ਕੋਈ ਫੁਟਕਲ ਏਜੰਡਾ ਪ੍ਰਧਾਨ ਜੀ ਦੀ ਆਗਿਆ ਨਾਲ ਲਿਆ ਜਾ ਸਕੇਗਾ।

ਕਾਰਜਕਾਰਣੀ ਦੀ ਮੀਟਿੰਗ ਉਪਰੰਤ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਜਨਰਲ ਇਜਲਾਸ 11.30 ਵਜੇ ਸ਼ੁਰੂ ਹੋਵੇਗਾ।  ਜਨਰਲ ਇਜਲਾਸ ਦੌਰਾਨ ਪਿਛਲੇ ਤਿੰਨ ਸਾਲਾਂ ਦੌਰਾਨ ਕਿਤੇ ਸੈਮੀਨਾਰਾਂ ਬਾਰੇ ਜਥੇਬੰਦਕ ਰਿਪੋਰਟ ਅਤੇ ਵਿੱਤ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਕੇਂਦਰੀ ਸਭਾ ਦੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜਾਂ ਦੀ ਰੂਪਰੇਖਾ ਤਹਿ ਕੀਤੀ ਜਾਵੇਗੀ। ਹੁਣ ਦੇਖਣਾ ਹੈ ਕੇਂਦਰੀ ਪੰਜਾਬੀ ਲੇਖਕ ਸਭਾ ਆਪਣਾ ਦਾਇਰਾ ਹੋਰ ਕਿੰਨਾ ਕੁ ਵਿਸ਼ਾਲ ਕਰਨ ਵਿਚ ਸਫਲ ਰਹਿੰਦੀ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਸਬੰਧਤ ਕੁਝ ਹੋਰ ਲਿਖਤਾਂ//ਪੋਸਟਾਂ ਇਥੇ ਕਲਿੱਕ ਕਰ ਕੇ ਦੇਖ ਸਕਦੇ ਹੋ  

ਪੰਜਾਬੀ ਭਵਨ ਲੁਧਿਆਣਾ ਦੇ ਆਯੋਜਨਾਂ ਨਾਲ ਸਬੰਧਤ ਕੁਝ ਹੋਰ ਲਿਖਤਾਂ//ਪੋਸਟਾਂ ਲਈ ਇਥੇ ਕਲਿੱਕ ਕਰ ਸਕਦੇ ਹੋ 

No comments: