ਉੱਘੇ ਮਾਹਰ ਜਨਮੇਜਾ ਜੌਹਲ ਸਿਖਾਉਣਗੇ ਕੰਪਿਊਟਰ ਟਾਈਪਿੰਗ ਦੇ ਗੁਝੇ ਗੁਰ
ਲੁਧਿਆਣਾ: 4 ਅਗਸਤ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਪੰਜਾਬੀ ਸਾਹਿਤ ਦੇ ਨਾਲ ਨਾਲ ਸਿਆਸੀ, ਸਮਾਜਿਕ ਅਤੇ ਧਾਰਮਿਕ ਲਿਖਤਾਂ ਲਿਖਣ ਵਾਲਿਆਂ ਨੇ ਬਹੁਤ ਹੀ ਮੇਹਨਤ ਨਾਲ ਆਪਣਾ ਯੋਗਦਾਨ ਪਾਇਆ ਹੈ। ਇਹਨਾਂ ਲਿਖਤਾਂ ਨਾਲ ਇਹ ਸਾਰੇ ਖੇਤਰ ਅਮੀਰ ਵੀ ਹੋਏ ਹਨ। ਇਸ ਲਈ ਇਹਨਾਂ ਸਾਰੇ ਕਲਮਕਾਰਾਂ ਦੀ ਘਾਲਣਾ ਬੜੀ ਲੰਮੀ ਹੈ। ਦਹਾਕਿਆਂ ਤੋਂ ਇਹ ਮਿਹਨਤੀ ਲੋਕ ਲਗਾਤਾਰ ਲਿਖਦੇ ਚਲੇ ਆ ਰਹੇ ਹਨ। ਅਖਬਾਰਾਂ ਰਸਾਲਿਆਂ ਅਤੇ ਆਕਾਸ਼ਵਾਣੀ ਤੋਂ ਲੈ ਕੇ ਅੱਜ ਦੇ ਡਿਜੀਟਲ ਮੀਡੀਆ ਤਕ ਇਹਨਾਂ ਦੀਆਂ ਲਿਖਤਾਂ ਦੇ ਮਹੱਤਵ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ ਪਰ ਅਜੇ ਤੱਕ ਬਹੁਤਿਆਂ ਨੂੰ ਕੰਪਿਊਟਰ ਟਾਈਪਿੰਗ ਵਿਚ ਦੀਆਂ ਗੁਝੀਆਂ ਰਮਜ਼ਾਂ ਦਾ ਪਤਾ ਨਹੀਂ ਲੱਗਿਆ। ਉਹਨਾਂ ਨੂੰ ਅਜੇ ਤੱਕ ਵੀ ਸਿਰਫ ਅਨਮੋਲ ਫੋਂਟ ਵਿਚ ਲਿਖਣਾ ਹੀ ਸੌਖਾ ਲੱਗਦਾ ਹੈ। ਰਾਵੀ ਜਾਂ ਯੂਨੀਕੋਡ ਉਹਨਾਂ ਦੀ ਸਮਝ ਵਿਚ ਨਹੀਂ ਆਉਂਦੇ। ਬਹੁਤ ਸਾਰੇ ਤਾਂ ਅਜੇ ਵੀ ਆਪਣੀਆਂ ਲਿਖਤਾਂ ਕਾਗਜ਼ |ਤੇ ਲਿਖੇ ਕੇ ਡਾਕ ਜਾਂ ਕੋਰੀਅਰ ਰਾਹੀਂ ਹੀ ਭੇਜਦੇ ਹਨ। ਅਜਿਹੇ ਬਹੁਤ ਸਾਰੇ ਮੁੱਦੇ ਅਤੇ ਮਸਲੇ ਹਨ ਜਿਹਨਾਂ ਸੰਬੰਧੀ ਉਠਦੇ ਸੁਆਲਾਂ ਦਾ ਉਹਨਾਂ ਨੂੰ ਕਦੇ ਜੁਆਬ ਨਹੀਂ ਮਿਲਦਾ। ਇਹਨਾਂ ਸਾਰੇ ਸੁਆਲਾਂ ਦਾ ਜੁਆਬ ਦੇਣ ਲਈ ਇੱਕ ਵਰਕਸ਼ਾਪ ਆਯੋਜਿਤ ਕੀਤੀ ਜਾ ਰਹੀ ਹੈ ਪੰਜਾਬੀ ਸਾਹਿਤ ਅਕਾਦਮੀ ਵੱਲੋਂ। ਇਸ ਵਿਚ ਬੋਲ ਕੇ ਟਾਈਪ ਕਰਨ ਦੇ ਗੁਰ ਵੀ ਸਿਖਾਏ ਜਾਣਗੇ। ਇਹ ਸਾਰੀ ਟਰੇਨਿੰਗ ਦੇਣਗੇ ਇਸ ਖੇਤਰ ਦੇ ਭੀਸ਼ਮ ਪਿਤਾਮਹ ਵੱਜੋਂ ਜਾਣੇ ਜਾਂਦੇ ਜਨਮੇਜਾ ਸਿੰਘ ਜੌਹਲ। ਜੇ ਇਹਨਾਂ ਵਿੱਚ ਦਸ ਫ਼ੀਸਦੀ ਲੋਕਾਂ ਨੇ ਵੀ ਇਹ ਗੁਰ ਸਿੱਖ ਲਏ ਤਾਂ ਨਿਸਚਿਤ ਹੈ ਕਲਮ ਦੀ ਦੁਨੀਆਂ ਵਿੱਚ ਕ੍ਰਾਂਤੀ ਆ ਜਾਏਗੀ।
ਇਹ ਸਾਰੇ ਗੁਰ ਸਿਖਾਉਣ ਦਾ ਮੌਕਾ ਮੁਹਈਆ ਕਰਾਇਆ ਜਾ ਰਿਹਾ ਹੈ ਪੰਜਾਬੀ ਭਵਨ ਲੁਧਿਆਣਾ ਵਿੱਚ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਇੱਕ ਵਿਸ਼ੇਸ਼ ਸਿਖਲਾਈ ਵਰਕਸ਼ਾਪ ਲਗਾਈ ਜਾ ਰਹੀ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪ੍ਰੈਕਟੀਕਲ ਉਪਰਾਲੇ ਕੀਤੇ ਜਾ ਰਹੇ ਹਨ। ਕੰਪਿਊਟਰ ਟਾਇਪਿੰਗ ਦੀਆਂ ਸਮੱਸਿਆਵਾਂ ਤੇ ਹੱਲ ਬਾਰੇ ਉਚੇਚ ਵਾਰਤਾ ਹੋਵੇਗੀ। ਇਸਦੇ ਨਾਲ ਹੀ ਬੋਲ ਕੇ ਟਾਇਪ ਕਰਨਾ ਆਦਿ ਵੀ ਮੁਹਾਰਤ ਨਾਲ ਸਿਖਾਇਆ ਜਾਏਗਾ। ਇਸ ਸਾਰੇ ਖੇਤਰ ਦੇ ਜਾਣੇ ਪਛਾਣੇ ਮਾਹਰ ਹੋਣਗੇ ਜਨਮੇਜਾ ਸਿੰਘ ਜੌਹਲ। ਇਸ ਵਿਸ਼ੇਸ਼ ਵਰਕਸ਼ਾਪ ਮਿਤੀ 15 ਅਗਸਤ 2022 ਨੂੰ 10 ਵਜੇ ਸਵੇਰੇ ਸ਼ੁਰੂ ਹੋ ਜਾਵੇਗਾ। ਇਸਦਾ ਸਥਾਨ ਵੀ ਉਹੀ ਹੈ ਤੁਹਾਡਾ ਸਭਨਾਂ ਦਾ ਜਾਣਿਆ ਪਛਾਣਿਆ ਸਾਹਿਤਕ ਕੇਂਦਰ ਅਰਥਾਤ ਪੰਜਾਬੀ ਭਵਨ , ਲੁਧਿਆਣਾ ਵਾਲਾ ਕੰਪਲੈਕਸ।
ਹਾਂ ਇੱਕ ਛੋਟੀ ਜਿਹੀ ਸ਼ਰਤ ਜ਼ਰੂਰ ਹੈ ਕਿ ਸਿਰਫ 12 ਅਗਸਤ ਤਕ ਆਪਣਾ ਨਾਮ ਦਰਜ ਕਰਵਾਉਣ ਵਾਲੇ ਹੀ ਦਾਖਲ ਕੀਤੇ ਜਾਣਗੇ। ਸਭ ਤੋਂ ਵਧੀਆ ਗੱਲ ਇਹ ਕਿ ਇਸਦੀ ਕੋਈ ਫੀਸ ਨਹੀਂ ਰੱਖੀ ਗਈ। ਸਾਰੀ ਦੀ ਸਾਰੀ ਟਰੇਨਿੰਗ ਇਸ ਵਰਕਸ਼ਾਪ ਵਿੱਚ ਬਿਲਕੁਲ ਮੁਫ਼ਤ ਟਰੇਨਿੰਗ ਹੋਵੇਗੀ। ਇਥੇ ਤੁਹਾਨੂੰ ਸਾਰੇ ਦੇ ਸਾਰੇ ਗੁਰ ਬਿਲਕੁਲ ਮੁਫ਼ਤ ਸਿਖਾਏ ਜਾਣਗੇ।
ਇਸਦੇ ਨਾਲ ਹੀ ਇੱਕ ਸਲਾਹ ਵਰਗੀ ਗੁਜਾਰਿਸ਼ ਵੀ ਹੈ ਕਿ ਜੇ ਹੋ ਸਕੇ ਤਾਂ ਆਪਣਾ ਲੈਪਟਾਪ ਆਦਿ ਨਾਲ ਲੈ ਕੇ ਆਓ। ਇਸ ਨਾਲ ਤੁਹਾਨੂੰ ਹੋਣ ਵਾਲੇ ਫਾਇਦੇ ਬਹੁਤ ਹੀ ਵੱਧ ਜਾਣਗੇ। ਇਥੇ ਸਿੱਖਿਆਂ ਗੱਲਾਂ ਕਿਧਰੇ ਭੁੱਲ ਭੁਲਾ ਨਾ ਜਾਂ ਇਸ ਲਈ ਇਹਨਾਂ ਨੂੰ ਸੰਭਾਲਣ ਵਿੱਚ ਸਹੂਲਤ ਹੋਵੇਗੀ।
ਸਾਫਟਵੇਅਰ ਪ੍ਰਾਪਤ ਕਰਨ ਲਈ ਖਾਲੀ ਤੇ ਨਵੀਂ ਪੈੱਨ ਡਰਾਇਵ ਲੈ ਕੇ ਆਉਣਾ ਵੀ ਲਾਹੇਵੰਦਾ ਰਹੇਗਾ। ਇਸ ਮੌਕੇ ਆਉਣ ਵਾਲੇ ਸੱਜਣਾਂ ਮਿੱਤਰਣੰ ਦੇ ਸੁਆਗਤ ਲਈ ਪ੍ਰਧਾਨ-ਡਾ. ਲਖਵਿੰਦਰ ਸਿੰਘ ਜੌਹਲ, ਪ੍ਰਸਿੱਧ ਅਖਬਾਰਾਂ ਵਿੱਚ ਚਲੰਤ ਮਾਮਲਿਆਂ ਬਾਰੇ ਅਕਸਰ ਲਿਖਣ ਵਾਲੇ ਸਰਗਰਮ ਲੇਖਕ ਅਤੇ ਪੰਜਾਬੀ ਸਾਹਿਤ ਐਕਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ . ਸਿਆਮ ਸੁੰਦਰ ਦੀਪਤੀ,ਸਮੂਹ ਕਾਰਜਕਾਰਨੀ ਮੈਂਬਰ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ . ਗੁਰਇਕਬਾਲ ਸਿੰਘ ਸਿੰਘ ਵੀ ਜੀਅ ਆਇਆਂ ਆਖਣਗੇ। ਚਾਹ ਪਾਣੀ ਦਾ ਪ੍ਰਬੰਧ ਹੋਵੇਗਾ ਹੀ।
ਰਜਿਸਟਰੇਸ਼ਨ ਲਈ ਸੰਪਰਕ ਕੀਤਾ ਜਾ ਸਕਦਾ ਹੈ -ਡਾ . ਗੁਰਇਕਬਾਲ ਸਿੰਘ ਹੁਰਾਂ ਨਾਲ ਜਿਹੜੇ ਪੰਜਾਬੀ ਸਾਹਿਤ ਐਕਡਮੀ ਦੇ ਜਨਰਲ ਸਕੱਤਰ ਹਨ-94645 68905
No comments:
Post a Comment