Showing posts with label Sirsa. Show all posts
Showing posts with label Sirsa. Show all posts

Monday, May 11, 2026

ਇੱਕ ਵਾਰ ਫੇਰ ਬੋਲਣ ਦੀ ਆਜ਼ਾਦੀ ਨੂੰ ਬਣੇ ਵੱਡੇ ਖ਼ਤਰੇ- ਡਾ. ਸੁਖਦੇਵ ਸਿਰਸਾ

Panjabi Bhawan Ludhiana on May 11, 2026 at 1:41 PM Regarding PWA Meeting

ਪ੍ਰਗਤੀਸ਼ੀਲ ਲੇਖਕ ਸੰਘ ਦੀ ਬੈਠਕ ਵਿੱਚ ਹੋਈ ਮੌਜੂਦਾ ਚੁਣੌਤੀਆਂ ਦੀ ਚਰਚਾ 


ਲੁਧਿਆਣਾ
:11 ਮਈ 2026: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ)::

ਅਗਾਂਹਵਧੂ ਲੇਖਕਾਂ ਦੇ ਸੰਗਠਨ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਇੱਕ ਵਾਰ ਫੇਰ ਲੇਖਕ ਨੂੰ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ ਗਿਆ ਹੈ। ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਦੀ ਸੂਬਾ ਇਕਾਈ ਦੀ ਅਹਿਮ ਬੈਠਕ ਸੂਬਾਈ ਪ੍ਰਧਾਨ ਪ੍ਰੋ. ਸੁਰਜੀਤ ਜੱਜ ਦੀ ਅਗਵਾਈ ਵਿਚ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਬੈਠਕ ਵਿਚ ਸੂਬਾ ਕਮੇਟੀ ਮੈਂਬਰਾਂ ਸਮੇਤ 17 ਜ਼ਿਲਾ ਇਕਾਈਆਂ ਦੇ 50 ਦੇ ਕਰੀਬ ਅਹੁਦੇਦਾਰਾਂ ਨੇ ਭਾਗ ਲਿਆ। 

ਇਸ ਮੀਟਿੰਗ ਵਿਚ ਵਿਚਾਰੇ ਗਏ ਅਹਿਮ ਮੁੱਦਿਆਂ ਦੀ ਜਾਣਕਾਰੀ ਦਿੰਦੇ ਹੋਏ ਸੂਬਾਈ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਇਹ ਬੈਠਕ 11-12 ਅਪ੍ਰੈਲ ਨੂੰ ਮੁੰਬਈ ਵਿਚ ਹੋਈ ਰਾਸ਼ਟਰੀ ਪੱਧਰ ਦੀ ਬੈਠਕ ਅਤੇ ਕੌਮੀ ਸੰਮੇਲਨ ਦੇ ਫੈਸਲਿਆਂ ਦੇ ਵਿਸ਼ੇਸ਼ ਪ੍ਰਸੰਗ ਵਿਚ ਹੋਈ। 

ਇਸ ਰਾਸ਼ਟਰੀ ਸਮਾਗਮ ਦੇ ਹਵਾਲੇ ਨਾਲ ਰਾਸ਼ਟਰੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਜਦੋਂ ਤੀਜੇ ਵਿਸ਼ਵ ਯੁੱਧ ਦੀ ਸਾਫ਼ ਆਹਟ ਸੁਣਾਈ ਦੇ ਰਹੀ ਹੈ, ਬੋਲਣ ਦੀ ਆਜ਼ਾਦੀ ਨੂੰ ਵੱਡੇ ਖ਼ਤਰੇ ਹਨ, ਮਨੁੱਖੀ ਅਧਿਕਾਰਾਂ ਦਾ ਗੌਰਵ ਸੰਕਟ ਵਿਚ ਹੈ, ਅਜਿਹੇ ਦੌਰ ਵਿਚ ਸਾਡਾ ਲੇਖਕ ਜ਼ਿਆਦਾਤਰ ਸੰਵੇਦਨਹੀਨ ਹੈ ਅਤੇ ਆਪਣੀ ਸਮਾਜਿਕ ਜ਼ਿੰਮੇਵਾਰੀ ਤੋਂ ਭਗੌੜਾ ਹੋ ਰਿਹਾ ਹੈ। 

ਸੂਬਾਈ ਜਨਰਲ ਸਕੱਤਰ ਨੇ ਕਿਹਾ ਕਿ ਇਸ ਵੇਲੇ ਸਮੁੱਚੇ ਹਾਸ਼ੀਆਗਤ ਸਮਾਜ, ਔਰਤਾਂ ਅਤੇ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਨਾਲ ਜੋੜਨ ਦੀ ਜ਼ਰੂਰਤ ਹੈ ਅਤੇ ਪੰਜਾਬ ਦੀਆਂ ਅਗਾਂਹਵਧੂ ਧਿਰਾਂ ਨੂੰ ਸਿੱਖ ਦਰਸ਼ਨ ਦੇ ਲੋਕਪੱਖੀ ਫ਼ਲਸਫੇ ਨੂੰ ਤਵੱਜੋਂ ਦੇਕੇ ਲੋਕਾਂ ਦੇ ਬੁਨਿਆਦੀ ਮਸਲੇ ਉਠਾਉਣ ਦੀ ਜ਼ਰੂਰਤ ਹੈ। 

ਕੌਮੀ ਵਿੱਤ ਸਕੱਤਰ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਭਾਰਤ ਵਿਚ ਇਸ ਵਕਤ ਲੋਕਰਾਜੀ ਕਦਰਾਂ-ਕੀਮਤਾਂ ਤੇ ਮਨੁੱਖਤਾ ਲਈ ਜ਼ਰੂਰੀ ਵਡੇਰੇ ਆਦਰਸ਼ਾਂ ਨੂੰ ਵੱਡੇ ਖਤਰੇ ਹਨ। ਇਹਨੀਂ ਦਿਨੀਂ ਪ੍ਰਲੇਸ ਨੂੰ ਭਗਤ ਰਵਿਦਾਸ ਜੀ ਦੀ ਰਚਨਾ ਅਤੇ ਉਹਨਾਂ ਦੇ ਲੋਕ ਕਲਿਆਕਾਰੀ ਮਾਡਲ ਨੂੰ ਵਧੇਰੇ ਪ੍ਰਚਾਰਨ-ਪ੍ਰਸਾਰਨ ਦੀ ਜ਼ਰੂਰਤ ਹੈ। ਉਹਨਾਂ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਅੱਗੇ ਆਉਣ। ਪ੍ਰੋ. ਬਲਦੇਵ ਸਿੰਘ ਬੱਲੀ ਨੇ ਕਿਹਾ ਕਿ ਐਨ ਪੀ ਈ 2020 ਦੀਆਂ ਬਹੁਤ ਸਾਰੀਆਂ ਮੱਦਾਂ ਬਹੁਤ ਨੁਕਸਾਨਦੇਹ ਹਨ, ਇਹਨਾਂ ਉੱਪਰ ਹੋਰ ਨਿੱਠ ਕੇ ਚਿੰਤਨ ਕਰਨ ਦੀ ਜ਼ਰੂਰਤ ਹੈ।

ਸ਼ਾਇਰ ਸ਼ਬਦੀਸ਼ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਫਾਸ਼ੀਵਾਦ ਦੇ ਖਿਲਾਫ਼ ਲੋਕਪੱਖੀ ਨੈਰੇਟਿਵ ਖੜ੍ਹਾ ਕਰਨ ਲਈ ਪ੍ਰਗਤੀਸ਼ੀਲ ਲੇਖਕ ਸੰਘ ਵਰਗੀਆਂ ਸੰਸਥਾਵਾਂ ਦੀ ਬੇਹੱਦ ਜ਼ਰੂਰਤ ਹੈ। ਇਸ ਮੀਟਿੰਗ ਵਿਚ ਵੱਖ ਵੱਖ ਜ਼ਿਲ੍ਹਾ ਇਕਾਈਆਂ ਦੇ ਨੁਮਾਇੰਦਿਆਂ ਦੇ ਰੂਪ ਵਿਚ ਡਾ. ਗੁਲਜਾਰ ਸਿੰਘ ਪੰਧੇਰ (ਲੁਧਿਆਣਾ), ਜਸਪਾਲ ਮਾਨਖੇੜਾ (ਬਠਿੰਡਾ), ਸੰਤੋਖ ਸਿੰਘ ਸੁੱਖੀ (ਪਟਿਆਲਾ), ਹਰਮੀਤ ਵਿਦਿਆਰਥੀ (ਫਰੀਦਕੋਟ ਅਤੇ ਫਿਰੋਜ਼ਪੁਰ), ਕੁਲਦੀਪ ਚੌਹਾਨ (ਮਾਨਸਾ), ਡਾ. ਅਨੂਪ ਸਿੰਘ (ਗੁਰਦਾਸਪੁਰ), ਸੁਖਵਿੰਦਰ ਪੱਪੀ (ਸੰਗਰੂਰ), ਭਗਵੰਤ ਰਸੂਲਪੁਰੀ (ਜਲੰਧਰ), ਤਲਵਿੰਦਰ ਸ਼ੇਰਗਿਲ (ਨਵਾਂ ਸਹਿਰ), ਧਰਵਿੰਦਰ ਔਲਖ (ਅੰਮ੍ਰਿਤਸਰ), ਭੋਲਾ ਸਿੰਘ ਸੰਘੇੜਾ (ਬਰਨਾਲਾ), ਕਰਨੈਲ ਸਿੰਘ ਵਜ਼ੀਰਾਬਾਦ (ਫ਼ਤਹਿਗੜ੍ਹ ਸਾਹਿਬ), ਡਾ. ਗੁਰਮੇਲ ਸਿੰਘ (ਚੰਡੀਗੜ੍ਹ), ਗੁਰਪ੍ਰੀਤ ਸਿੰਘ (ਮੁਕਤਸਰ), ਡਾ. ਬਲਵਿੰਦਰ ਸਿੰਘ (ਮੁਹਾਲੀ), ਰਾਬਿੰਦਰ ਸਿੰਘ ਰੱਬੀ (ਰੋਪੜ) ਸਮੇਤ ਸੂਬਾ ਕਮੇਟੀ ਮੈਂਬਰ ਡਾ. ਅਰਵਿੰਦਰ ਕਾਕੜਾ, ਰਮੇਸ਼ ਯਾਦਵ ਤੇ ਤਰਸੇਮ ਅਤੇ ਹੋਰ ਮੈਂਬਰਾਂ ਵਿੱਚੋਂ ਸ਼ਬਦੀਸ਼, ਡਾ. ਚਰਨਦੀਪ ਸਿੰਘ, ਮਨਦੀਪ ਭਮਰਾ, ਵਰਗਿਸ ਸਲਾਮਤ, ਜਗਪਾਲ ਸਿੰਘ ਚਹਿਲ,ਬਲਵਿੰਦਰ ਸਿੰਘ ਭੱਟੀ, ਇੰਦਰਜੀਤ ਪਾਲ ਕੌਰ, ਅਮਰਜੀਤ ਸ਼ੇਰਪੁਰੀ, ਹਰਜਿੰਦਰ ਸੂਰੇਵਾਲੀਆ, ਹਰਭਗਵਾਨ ਸ਼ਰਮਾ ਅਤੇ ਮਨਦੀਪ ਰਿੰਪੀ ਨੇ ਵੀ ਵੱਖ ਵੱਖ ਮੁੱਦਿਆਂ ਤੇ ਵਿਚਾਰ ਰੱਖੇ। 

ਆਪਣੀ ਪ੍ਰਧਾਨਗੀ ਟਿੱਪਣੀ ਵਿਚ ਸੁਰਜੀਤ ਜੱਜ ਨੇ ਕਿਹਾ ਕਿ ਬੇਸ਼ਕ ਲੇਖਕ ਨੇ ਆਪਣੀ ਲੜਾਈ ਕਲਮ ਨਾਲ ਲੜਨੀ ਹੁੰਦੀ ਹੈ ਫਿਰ ਵੀ ਜਦ ਹਾਲਤ ਬਹੁਤ ਸੰਕਟ ਭਰਪੂਰ ਹੋਣ ਤਾਂ ਲੇਖਕ ਨੂੰ ਸਿੱਧੀ ਲੜਾਈ ਲੜਨ ਵਾਲੇ ਸਮਾਜਿਕ ਸੰਘਰਸ਼ਾਂ ਵਿਚ ਵੀ ਸਾਥ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹੁਣ ਪ੍ਰਗਤੀਸ਼ੀਲ ਲੇਖਕ ਸੰਘ ਖਟਕੜ ਕਲਾਂ ਸਮੇਤ ਪੰਜਾਬ ਦੀ ਇਨਕਲਾਬੀ ਵਿਰਾਸਤ ਵਾਲੀਆਂ ਥਾਵਾਂ ਤੇ ਲੱਗਣ ਵਾਲੇ ਮੇਲਿਆਂ ਵਿਚ ਆਪਣੇ ਸਮਾਗਮ ਕਰਵਾਏਗਾ ਤਾਂ ਜੋ ਸਿੱਧੇ ਤੌਰ ਤੇ ਲੋਕਾਂ ਦੇ ਨਾਲ ਜੁੜਿਆ ਜਾ ਸਕੇ। 

ਇਸ ਮੌਕੇ ਹੁਣੇ ਜਿਹੇ ਹੀ ਫੌਤ ਹੋਏ ਚਿੰਤਕ ਮਾਲਵਿੰਦਰਜੀਤ ਸਿੰਘ ਵੜੈਚ, ਕ੍ਰਿਸ਼ਨ ਬੇਤਾਬ ਅਤੇ ਡਾ. ਅਮਰ ਕੋਮਲ ਨੂੰ ਇਕ ਮਿੰਟ ਦਾ ਮੌਨ ਰੱਖ ਕੇ ਅਕੀਦਤ ਪੇਸ਼ ਕੀਤੀ। ਇਹ ਬਹੁਤ ਵੱਡਿਆਂ ਸ਼ਖਸੀਅਤਾਂ ਸਨ ਜਿਹੜੀਆਂ ਸਾਡੇ ਕੋਲੋਂ ਵਿਛੜ ਗਈਆਂ ਹਨ। ਇਹਨਾਂ ਦੀਆਂ ਲਿਖਤਾਂ ਸਾਨੂੰ ਰਾਹ ਦਿਖਾਉਂਦੀਆਂ ਰਹਿਣਗੀਆਂ। 

ਇਸ ਮੀਟਿੰਗ ਵਿੱਚ ‘ਪਿੰਡੋ ਪਿੰਡੀ ਸਾਹਿਤ’ ਮੁਹਿੰਮ ਨੂੰ ਹੋਰ ਵੱਡੇ ਪੱਧਰ ਤੇ ਲਾਗੂ ਕਰਨ ਦਾ ਮਤਾ ਵੀ ਪਾਸ ਕੀਤਾ।

Wednesday, July 21, 2021

ਬਲਦੇਵ ਸਿੰਘ ਸਿਰਸਾ ਦੀ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਚੌਥੇ ਦਿਨ ਪੁਜੀ

 21st July 2021 at 7:00 PM

 ਹਰਿਆਣਾ 'ਚ ਸਿਰਸਾ ਪ੍ਰਸ਼ਾਸਨ ਵਿਰੁੱਧ ਸੰਘਰਸ਼ ਜਾਰੀ 

ਕਿਸਾਨਾਂ ਦੀਆਂ ਮੌਤਾਂ ਬਾਰੇ ਸਰਕਾਰ ਕੋਲ ਕੋਈ ਅੰਕੜਾ ਨਾ ਹੋਣਾ ਸ਼ਰਮਨਾਕ: ਸੰਯਕੁਤ ਕਿਸਾਨ ਮੋਰਚਾ


ਨਵੀਂ ਦਿੱਲੀ
: 21 ਜੁਲਾਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਕੱਲ੍ਹ ਲੋਕ ਸਭਾ ਵਿਚ  ਇੱਕ ਸਵਾਲ (ਨੰਬਰ337)ਦਾ ਲਿਖਤੀ ਜਵਾਬ ਦਿੰਦਿਆਂ ਖੇਤੀ ਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਨੂੰ ਖਤਮ ਕਰਵਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ। ਤਰਾਸਦੀ ਇਹ ਹੈ ਕਿ ਇਹ ਗੱਲ  ਅਸਲੋਂ ਸੱਚ ਹੈ।  ਕੇਂਦਰ ਵਿੱਚ ਸੱਤਾਧਾਰੀ ਪਾਰਟੀ ਵਜੋਂ ਅਤੇ ਵੱਖ ਵੱਖ ਸੂਬਿਆਂ ਵਿੱਚ ਇਸ ਪਾਰਟੀ ਦੇ  ਸੂਬਾਈ ਯੂਨਿਟਾਂ ਨੇ ਸੱਚਮੁਚ ਹੀ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ; ਕਿਸਾਨ ਆਗੂਆਂ 'ਤੇ ਝੂਠੇ ਕੇਸ ਦਰਜ ਕੀਤੇ ਹਨ; ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹੈ; ਮੋਰਚਿਆਂ ਵਾਲੀਆਂ ਥਾਵਾਂ 'ਤੇ ਰਾਸ਼ਨ ਤੇ ਹੋਰ ਸਪਲਾਈ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ; ਬੈਰੀਕੇਡਾਂ ਨਾਲ ਮੋਰਚਿਆਂ ਦੀ ਘੇਰਾਬੰਦੀ ਕੀਤੀ ਹੈ ਅਤੇ ਅਜਿਹਾ ਹੋਰ ਬਹੁਤ ਕੁੱਝ ਕੀਤਾ ਹੈ। ਕਿਸਾਨਾਂ ਨੂੰ ਬਦਨਾਮ ਕਰਨ ਲਈ ਸਰਕਾਰ ਨੇ ਆਪਣਾ ਅੱਡੀ ਚੋਟੀ ਦਾ ਜੋਰ ਲਾਇਆ ਹੈ। ਦੂਸਰੀ ਤਰਫ  ਸਰਕਾਰ ਵੱਲੋਂ ਦਿੱਤੇ ਗਏ ਕਈ ਸਵਾਲਾਂ ਦੇ ਜਵਾਬ ਬਹੁਤ ਸ਼ਰਮਨਾਕ ਹਨ।

ਕਿਸਾਨ ਪ੍ਰਤੀਨਿਧੀਆਂ ਨਾਲ ਕਈ ਵਾਰ ਮੰਗਾਂ ਬਾਰੇ ਗੱਲਬਾਤ ਕਰਨ ਦੇ ਬਾਵਜੂਦ ਸਰਕਾਰ ਨੇ ਸੰਸਦ ਵਿੱਚ ਕਿਸਾਨ ਅੰਦੋਲਨ ਦੀਆਂ ਮੰਗਾਂ ਨੂੰ ਠੀਕ ਤਰ੍ਹਾਂ ਪੇਸ਼ ਤੱਕ ਨਹੀਂ ਕੀਤਾ। ਘੱਟੋ ਘੱਟ ਸਮਰਥਨ ਮੁੱਲ  ਬਾਰੇ ਸੰਯੁਕਤ ਕਿਸਾਨ ਮੋਰਚੇ ਦਾ ਇਹ ਬਿਲਕੁੱਲ ਸਪੱਸ਼ਟ ਸਟੈਂਡ ਰਿਹਾ ਹੈ ਕਿ ਕਿਸਾਨ ਅੰਦੋਲਨ ਸਾਰੀਆਂ ਖੇਤੀ ਫਸਲਾਂ ਲਈ, ਸਾਰੇ ਕਿਸਾਨਾਂ ਵਾਸਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰਦਾ ਹੈ ਅਤੇ ਇਹ ਐਮਐਸਪੀ ਸੀ ਟੂ ਪਲੱਸ 50% ( C2+ 50%) ਫਾਰਮੂਲੇ ਅਨੁਸਾਰ ਤਹਿ ਕੀਤੀ ਜਾਵੇ। ਮੁਲਕ ਵਿੱਚ ਇਸ ਮੰਗ ਬਾਰੇ  ਪਹਿਲਾਂ ਹੀ।ਵਿਆਪਕ ਬਹਿਸ ਹੋ ਚੁੱਕੀ ਹੈ। ਪਰ ਸਰਕਾਰ ਨੇ ਇਸ ਮੰਗ ਨੂੰ ਇਨ੍ਹਾਂ ਸ਼ਬਦਾਂ 'ਚ ਪੇਸ਼ ਕੀਤਾ - ''ਘੱਟੋ ਘੱਟ ਸਮਰਥਨ ਮੁੱਲ  'ਤੇ ਖਰੀਦ ਦੇ ਮਸਲੇ ਸਬੰਧੀ--'!

ਇਸ ਤੋਂ ਵੀ ਵਧੇਰੇ ਸ਼ਰਮਨਾਕ ਤੇ ਅਫਸੋਸਨਾਕ ਗੱਲ  ਸਰਕਾਰ ਦਾ ਇਹ ਬਿਆਨ ਹੈ ਕਿ ਉਸ ਕੋਲ ਉਨ੍ਹਾਂ ਸੰਘਰਸਸ਼ੀਲ ਕਿਸਾਨਾਂ ਬਾਰੇ ਕੋਈ ਅੰਕੜਾ ਨਹੀਂ ਹੈ ਜਿਨ੍ਹਾਂ ਦੀ ਇਸ ਅੰਦੋਲਨ ਦੌਰਾਨ ਮੌਤ ਹੋ ਗਈ। ਸੰਯੁਕਤ ਕਿਸਾਨ ਮੋਰਚਾ ਮੰਤਰੀ ਤੋਮਰ ਨੂੰ, ਉਸਦੇ ਸਾਥੀਆਂ ਤੇ ਅਫਸਰਾਂ ਨੂੰ ਯਾਦ ਕਰਵਾਉਣਾ ਚਾਹੁੰਦਾ ਹੈ ਕਿ ਦਸੰਬਰ 2020 ਦੀ ਇੱਕ ਮੀਟਿੰਗ ਦੌਰਾਨ ਸਾਰੇ ਸਰਕਾਰੀ ਡੈਲੀਗੇਸ਼ਨ ਨੇ, ਅੰਦੋਲਨ ਦੇ ਉਸ ਵਕਤ ਤੱਕ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਧਾਰਿਆ ਸੀ। ਹੋ ਸਕਦਾ ਹੈ ਕਿ ਨਿਰਦਈ ਸਰਕਾਰ ਨੇ ਇਸ ਘਟਨਾ ਦਾ ਰਿਕਾਰਡ ਨਾ ਰੱਖਿਆ ਹੋਵੇ ਪਰ ਕਿਸਾਨ ਅੰਦੋਲਨ ਆਪਣੇ ਜਨਤਕ ਬਲੌਗ ਉਪਰ ਕਿਸਾਨਾਂ ਦੀਆਂ ਮੌਤਾਂ ਬਾਰੇ ਜਾਣਕਾਰੀ ਜਨਤਕ ਕਰਦਾ ਰਹਿੰਦਾ ਹੈ। ਅਸਲ ਵਿੱਚ ਸਰਕਾਰ ਕੋਲ ਅਤੇ ਕਈ ਹੋਰ ਥਾਵਾਂ 'ਤੇ ਇਸ ਬਾਰੇ ਜਾਣਕਾਰੀ ਉਪਲਬਧ ਹੈ। ਫਿਰ ਵੀ ਜੇਕਰ ਸਰਕਾਰ ਸੱਚੇ ਦਿਲੋਂ ਇਹ ਜਾਣਨਾ ਤੇ ਇਸ ਉਪਰ ਕੋਈ ਅਮਲ ਕਰਨਾ ਚਾਹੁੰਦੀ ਹੈ ਤਾਂ ਕਈ ਸਰੋਤਾਂ ਤੋਂ ਇਹ ਜਾਣਕਾਰੀ ਮਿਲ ਸਕਦੀ ਹੈ। ਇਸ ਸੰਘਰਸ਼ ਦੌਰਾਨ 10 ਜੁਲਾਈ 2021 ਤੱਕ 537 ਕਿਸਾਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। 

ਕੇਂਦਰੀ ਮੰਤਰੀ ਤੋਮਰ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਕਿ '' ਸਰਕਾਰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਅਤੇ ਮਸਲੇ ਨੂੰ ਹੱਲ ਕਰਨ ਲਈ ਗੱਲਬਾਤ ਕਰਨ ਦੇ ਰਾਹ ਹਮੇਸ਼ਾ ਖੁੱਲੇ ਹਨ।'' ਜੇਕਰ ਸੱਚਮੁੱਚ ਇਹ ਗੱਲ ਹੈ ਤਾਂ ਕੀ ਕਾਰਨ ਹੈ ਕਿ ਛੇ ਮਹੀਨੇ  ਤੋਂ, ਯਾਨੀ 22 ਜਨਵਰੀ 2021 ਤੋਂ ਬਾਅਦ ਕਿਸਾਨਾਂ ਨਾਲ ਕੋਈ ਗੱਲਬਾਤ ਕਿਉਂ ਨਹੀਂ ਕੀਤੀ ਗਈ। ਅਤੇ ਮੁੱਖ ਸਵਾਲ ਜਿਸ ਦਾ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ, -ਕਿਉਂਕਿ ਇਸ ਸਵਾਲ ਦਾ ਸਰਕਾਰ ਕੋਲ ਕੋਈ ਤਰਕਸੰਗਤ ਜਵਾਬ ਨਹੀਂ ਹੈ, ਕਿ  ਸਰਕਾਰ  ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨ ਰੱਦ ਕਿਉਂ ਨਹੀਂ ਕਰਨਾ ਚਾਹੁੰਦੀ।

ਇਕ ਹੋਰ ਸਵਾਲ ( ਨੰਬਰ 297) ਦੇ ਜਵਾਬ ਵਿੱਚ ਮੰਤਰੀ ਨੇ ਪਿਛਲੇ ਤਿੰਨ ਸਾਲ ਦੌਰਾਨ ਐਮਐਸਪੀ ਵਿੱਚ ਕੀਤੇ ਫੀ ਸਦੀ ਵਾਧਿਆਂ ਦੀ ਗੱਲ ਕੀਤੀ। ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਇਸ ਸਰਕਾਰ ਦੁਆਰਾ ਐਮਐਸਪੀ ਵਿਚ ਕੀਤੇ ਗਏ ਵਾਧੇ ਮੁਦਰਾ ਸਫੀਤੀ ਦੀ ਦਰ ਤੋਂ ਵੀ ਹੇਠਾਂ ਰਹੇ ਹਨ ਅਤੇ ਸੰਯੁਕਤ ਕਿਸਾਨ ਮੋਰਚਾ ਇਹ ਗੱਲ ਵਾਰ ਵਾਰ ਸਪੱਸ਼ਟ ਕਰ ਚੁੱਕਾ ਹੈ।

ਕੱਲ੍ਹ ਤੋਂ, ਸੰਸਦ ਦੀ ਕਾਰਵਾਈ ਵਾਲੇ ਦਿਨਾਂ ਦੌਰਾਨ,  ਹਰ ਰੋਜ 200 ਕਿਸਾਨਾਂ ਦੇ ਜਥੇ ਜੰਤਰ ਮੰਤਰ ਲਈ ਰਵਾਨਾ ਹੋਇਆ ਕਰਨਗੇ ਜਿਥੇ ਉਹ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਿਆ ਕਰਨਗੇ ਅਤੇ ਕਿਸਾਨ ਸੰਸਦ ਦੀ ਕਾਰਵਾਈ ਚਲਾਇਆ ਕਰਨਗੇ। ਇਹ ਸਿਲਸਿਲਾ ਸੰਸਦ ਦੇ ਸ਼ੈਸਨ ਖਤਮ ਹੋਣ ਤੱਕ ਚਲੇਗਾ। ਇਸ ਸਬੰਧੀ ਤਿਆਰੀਆਂ ਜੋਰਾਂ 'ਤੇ ਹਨ।

ਕਿਸਾਨ ਸੰਸਦ ਨਾਲ ਇਕਜੁਟਤਾ ਪ੍ਰਗਟਾਉਣ ਲਈ  ਕੇਰਲਾ ਦੀ ਜਥੇਬੰਦੀ' ਕਰਸਕਾ ਪਰਕਸੋਭਾ ਏਕਾਧਾਰਿਆ ਸੰਮਤੀ' ਕੇਰਲਾ ਦੇ ਸਾਰੇ 14 ਜਿਲ੍ਹਾ ਹੈਡਕੁਆਰਟਰਾਂ 'ਤੇ  ਅਤੇ ਬਲਾਕ ਪੱਧਰ 'ਤੇ ਕੇਂਦਰੀ ਸਰਕਾਰ ਦੇ ਦਫਤਰਾਂ ਮੂਹਰੇ ਧਰਨੇ ਦੇਵੇਗੀ। ਸੰਸਦ  ਪ੍ਰਦਰਸ਼ਨਾਂ ਵਿੱਚ ਭਾਗ ਲੈਣ ਲਈ ਕੇਰਲਾ ਤੋਂ ਕਿਸਾਨਾਂ ਦੇ ਦੋ ਜਥੇ  ਦਿੱਲੀ ਲਈ ਰਵਾਨਾ ਹੋ ਚੁੱਕੇ ਹਨ। ਇਸੇ ਤਰ੍ਹਾਂ ਕਰਨਾਟਕਾ, ਤਾਮਿਲਨਾਡੂ ਤੇ ਦੂਰ ਵਾਲੇ ਦੂਸਰੇ ਸੂਬਿਆ ਤੋਂ ਕਿਸਾਨਾਂ ਦੇ ਜਥੇ ਪਹੁੰਚ ਰਹੇ ਹਨ।

ਅੰਦੋਲਨ ਦੀ ਮਜ਼ਬੂਤੀ ਲਈ ਮੋਰਚੇ ਵਾਲੀਆਂ ਥਾਵਾਂ 'ਤੇ ਹਰ ਰੋਜ਼ ਹੋਰ ਵਧੇਰੇ ਕਿਸਾਨ ਪਹੁੰਚ ਰਹੇ ਹਨ। ਕੱਲ੍ਹ ਯਮੁਨਾਨਗਰ ਤੋਂ ਬੀਕੇਯੂ ਚੜੂਨੀ ਦਾ ਇਕ ਵੱਡਾ ਕਾਫਲਾ ਦਿੱਲੀ ਲਈ ਰਵਾਨਾ ਹੋਇਆ। ਦੂਸਰੇ ਮੋਰਚਿਆਂ ਉਪਰ ਵੀ ਲਾਮਬੰਦੀ ਵਧ ਰਹੀ ਹੈ।

ਸਿਰਸਾ ਵਿੱਚ ਬਲਦੇਵ ਸਿੰਘ ਸਿਰਸਾ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦਾ ਅੱਜ ਚੌਥਾ ਦਿਨ ਸੀ। ਪਹਿਲਾਂ ਦਿੱਤੇ ਪ੍ਰੋਗਰਾਮ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਤਿੰਨ ਵੱਖ ਵੱਖ ਥਾਵਾਂ 'ਤੇ ਅੱਜ ਸਵੇਰੇ ਦੋ ਘੰਟੇ ਲਈ ਸੜਕਾਂ ਜਾਮ ਕੀਤੀਆਂ। ਇਨ੍ਹਾਂ ਥਾਵਾਂ 'ਚ ਭਾਵਦੀਨ ਤੇ ਖੂਹੀਆਂ ਮਲਕਾਣਾ ਟੋਲ ਪਲਾਜਾ ਤੇ ਪੰਜੂਆਣਾ ਪਿੰਡ ਸ਼ਾਮਲ ਹਨ ਜਿਥੇ 9 ਤੋਂ 11 ਵਜੇ ਤੱਕ ਸੜਕਾਂ ਜਾਮ ਕੀਤੀਆਂ ਗਈਆਂ। ਸ.ਕ.ਮੋਰਚਾ ਮੰਗ ਕਰਦਾ ਹੈ ਕਿ ਗ੍ਰਿਫਤਾਰ ਕਿਸਾਨਾਂ ਵਿਰੁੱਧ ਦਰਜ ਕੀਤੇ ਕੇਸ ਰੱਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ।

ਕੱਲ੍ਹ ਅਲਵਰ ਵਿਖੇ ਰਾਜਸਥਾਨ ਬੀਜੇਪੀ ਦੇ  ਸੂਬਾਈ ਪ੍ਰਧਾਨ ਜਤੀਸ਼ ਪੂਨੀਆ ਨੂੰ ਕਾਲੇ ਝੰਡੇ ਦਿਖਾਏ ਗਏ। ਸੰਯੁਕਤ ਕਿਸਾਨ ਮੋਰਚੇ ਨੇ ਬੀਜੇਪੀ ਨੂੰ ਚਿਤਾਵਨੀ ਦਿੱਤੀ ਹੈ ਕਿ ਬੀਜੇਪੀ ਸਰਕਾਰ ਦੇ ਜਾਬਰ ਵਤੀਰੇ ਵਿਰੁੱਧ ਕਿਸਾਨਾਂ ਵਿੱਚ ਗੁੱਸਾ ਤੇ ਨਫਰਤ ਵਧ ਰਹੀ ਹੈ ।

ਅੱਜ ਗਾਜੀਪੁਰ ਮੋਰਚੇ 'ਤੇ, ਜਿਥੇ ਕਰਨਾਟਕ ਰਾਜ ਰੈਥਾ ਸੰਘ ਜਥੇਬੰਦੀ ਦੇ ਕਾਰਕੁੰਨ ਮੋਰਚੇ 'ਚ ਭਾਗ ਲੈ ਰਹੇ ਹਨ, ਸੰਨ 1980 ਵਿੱਚ ਕਰਨਾਟਕਾ ਦੇ ਗਾਦਾਗ ਜਿਲ੍ਹੇ ਦੇ ਨਰਗੁੰਡ ਕਸਬੇ 'ਚ ਪੁਲਿਸ ਗੋਲੀਬਾਰੀ 'ਚ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਇਤਿਹਾਸਕ ਕਿਸਾਨ ਅੰਦੋਲਨ ਦੀ ਭਾਵਨਾ ਦੇ ਅਨੁਰੂਪ, ਕੱਲ੍ਹ ਯਮੁਨਾਨਗਰ ਤੋਂ ਦਿਵਿਆਂਗ ਕਿਸਾਨ ਮਲਕੀਤ ਸਿੰਘ ਸਿੰਘੂ ਬਾਰਡਰ 'ਤੇ ਪਹੁੰਚਿਆ ਅਤੇ ਆਪਣੇ ਆਪ ਨੂੰ ਕਿਸਾਨ ਅੰਦੋਲਨ ਦੀ ਕਿਸੇ ਵੀ ਤਰ੍ਹਾਂ ਦੀ ਸੇਵਾ ਲਈ ਸਮਰਪਿਤ ਕੀਤਾ। ਉਸ ਨੇ ਕਿਹਾ ਕਿ ਉਹ ਅੰਦੋਲਨ ਲਈ ਕੋਈ ਵੀ ਸੇਵਾ ਕਰਨ ਨੂੰ, ਇੱਥੋਂ ਤੱਕ ਕੇ ਜਾਨ ਦੇਣ ਨੂੰ ਵੀ ਤਿਆਰ ਹੈ।

Wednesday, April 04, 2018

ਅਸੀਂ ਨਾਮਧਾਰੀ ਮੂਹਰੇ ਹੋ ਕੇ ਰਾਮ ਮੰਦਰ ਬਣਾਵਾਂਗੇ ਠਾਕੁਰ ਸਤਿਗੁਰੂ ਦਲੀਪ ਸਿੰਘ

ਧਰਮ ਸਾਨੂੰ ਜੁੜਨਾ ਸਿਖਾਉਂਦਾ ਹੈ, ਤੋੜਨਾ ਨਹੀਂ: ਡਾ. ਮੋਹਨ ਭਾਗਵਤ
ਸਿਰਸਾ (ਹਰਿਆਣਾ): 4 ਅਪਰੈਲ 2018: (ਪੰਜਾਬ ਸਕਰੀਨ ਟੀਮ):: 
ਨਾਮਧਾਰੀ ਸੰਗਤਾਂ ਨੇ ਅੱਜ ਹਰਿਆਣਾ ਦੇ ਸਿਰਸਾ ਇਲਾਕੇ ਵਿੱਚ ਹਿੰਦੂਆਂ ਅਤੇ ਸਿੱਖਾਂ ਵੱਲੋਂ ਰਾਮਨੌਮੀ ਦਾ ਤਿਓਹਾਰ ਸਾਂਝੇ ਤੌਰ ਤੇ ਮਨਾ ਕੇ ਇੱਕ ਵਾਰ  ਫੇਰ ਆਪਣੀ ਸੋਚ, ਮਿਸ਼ਨ ਅਤੇ ਸਟੈਂਡ ਨੂੰ ਖੁਲ ਕੇ ਸਪਸ਼ਟ ਕੀਤਾ ਹੈ। ਸੰਗਤਾਂ ਦੇ ਵਿਸ਼ਾਲ ਸਮੁੰਦਰ ਸਾਹਮਣੇ ਇਸ ਮੌਕੇ ਨਾਮਧਾਰੀਆਂ ਨੇ ਰਾਮ ਮੰਦਿਰ ਬਣਾਉਣ ਲਈ ਸਭਨਾਂ ਤੋਂ ਅੱਗੇ ਹੋ ਕੇ ਆਉਣ ਦਾ ਵੀ ਐਲਾਨ ਕੀਤਾ। ਇਸ ਇਕੱਤਰਤਾ ਵਿੱਚ ਆਰ ਐਸ ਐਸ ਮੁਖੀ ਡਾਕਟਰ ਮੋਹਨ ਭਾਗਵਤ ਉਚੇਚ ਨਾਲ ਸਮਾਂ ਕੱਢ ਕੇ ਮੁੱਖ ਮਹਿਮਾਨ ਵੱਜੋਂ ਪੁੱਜੇ। ਡਾਕਟਰ ਮੋਹਨ ਭਾਗਵਤ ਨੇ ਬੇਇਨਸਾਫੀ ਦੇ ਖਾਤਮੇ ਲਈ ਬਲਸ਼ਾਲੀ ਹੋਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਸੁਰੱਖਿਆ ਦਾ ਭਾਰੀ ਬੰਦੋਬਸਤ ਸੀ। ਸ਼ਰਦਾਈ, ਹਵਨ ਅਤੇ ਭਜਨ ਕੀਰਤਨ ਦੇ ਅਲੌਕਿਕ ਜਿਹੇ ਮਾਹੌਲ ਦੌਰਾਨ "ਜੈ ਸ਼ਰੀ ਰਾਮ" ਅਤੇ "ਬੋਲੇ ਸੋ ਨਿਹਾਲ ਦੇ ਜੈਕਾਰੇ" ਸਾਰੇ ਵਾਤਾਵਰਨ ਵਿੱਚ ਉਤਸ਼ਾਹ ਵਾਲਾ ਜੋਸ਼ ਭਰ ਰਹੇ ਸਨ। ਨਾਮਧਾਰੀ ਸਿੱੱਖਾਂ ਨੇ ਹਿੰਦੂ-ਸਿੱੱਖ ਏਕਤਾ ਨੂੰ ਸਮਰਪਿਤ “ਰਾਮ-ਨੌਮੀ” ਮਨਾ ਕੇ ਧਾਰਮਿਕ ਸਦਭਾਵਨਾ ਦੀ ਲਹਿਰ ਨੂੰ ਹੁਲਾਰਾ ਦਿੱਤਾ। ਨਾਮਧਾਰੀ ਮੁਖੀ ਠਾਕੁਰ ਦਲੀਪ ਵੱਲੋਂ ਖਿੱਚੀਆਂ ਤਸਵੀਰਾਂ ਵਾਲੀ ਐਲਬਮ ਅੱਜ ਵੀ ਮੁੱਖ ਪਰਦਰਸ਼ਨੀ ਸਟਾਲ 'ਤੇ ਬੇਹੱਦ ਹਰਮਨ ਪਿਆਰੀ ਰਹੀ। 
ਅੱਜ ਸਿਰਸਾ  ਵਿਖੇ ਹਿੰਦੂ-ਸਿੱੱਖ ਏਕਤਾ ਨੂੰ ਸਮਰਪਿਤ “ਰਾਮ-ਨੌਮੀ” ਵਿਸ਼ਵ ਨਾਮਧਾਰੀ ਸੰਗਤ ਨੇ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਰਹਿਨੁਮਾਈ ਹੇਠ ਆਪਣੇ ਹਿੰਦੂ ਸਿੱੱਖ ਭਰਾਵਾਂ ਨਾਲ ਮਿਲਕੇ ਮਨਾਈ ਜਿਸ ਵਿੱੱਚ ਹਜ਼ਾਰਾਂ ਦੀ ਗਿਣਤੀ ਵਿੱੱਚ ਸੰਗਤਾਂ ਨੇ ਹਾਜਰੀ ਲਵਾਈ। ਹਿੰਦੂ-ਸਿੱੱਖ ਭਰਾਵਾਂ ਦਾ ਆਪਸੀ ਪਰੇਮ ਹਿੰਦੂ- ਸਿੱਖ ਏਕਤਾ ਦਾ ਇੱੱਕ ਆਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ।ਸਤਿਗੁਰੂ ਦਲੀਪ ਸਿੰਘ ਜੀ ਦੀ ਰਹਿਨੁਮਾਈ ਹੇਠ ਨਾਮਧਾਰੀ ਸਮਾਜ ਹਿੰਦੂ- ਸਿੱਖ ਏਕਤਾ ਲਈ ਇਹੋ ਜਿਹੇ ਆਯੋਜਨ ਲਗਾਤਾਰ ਕਰਵਾ ਰਿਹਾ ਹੈ। ਅੱਜ ਵੀ ਜਿੰਨੀ ਕੁ ਸੰਗਤਾਂ ਦਾਣਾ ਮੰਡੀ ਵਿੱਚ ਲੱਗੇ ਪੰਡਾਲ ਦੇ ਅੰਦਰ ਸੀ ਓਨੀ ਕੁ ਹੀ ਸੰਗਤ ਲੰਗਰ ਵਾਲੇ ਪੰਡਾਲ ਵਿੱਚ ਵੀ ਸੀ। ਲੰਗਰ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਰੀ ਰਿਹਾ। ਸ਼ਰਦਾਈ ਵਾਲੇ ਪਾਸੇ ਤਾਂ ਸਮਾਗਮ ਖਤਮ ਹੋਣ ਤੋਂ ਬਾਅਦ ਵੀ ਭਾਰੀ ਭੀੜ ਰਹੀ। 
ਇਸ ਮੌਕੇ ਸਤਿਗੁਰੂ ਦਲੀਪ ਸਿੰਘ ਜੀ ਨੇ ਬੋਲਦਿਆਂ ਕਿਹਾ ਕਿ ਗੁਰਬਾਣੀ ਵਿੱੱਚ “ਸਰੀ ਰਾਮਚੰਦ ਜਿਸ ਰੂਪ ਨ ਰੇਖਿਆ॥ਮਾਰੂ ਮਹਲਾ 5” ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਪਰ੍ਭੂ ਅਵਤਾਰ ਅਤੇ ਤਰੇਤਾ ਯੁਗ ਦੇ ਸਤਿਗੁਰੂ ਲਿਖਿਆ ਹੈ ਜਿਸ ਕਰਕੇ ਉਹ ਸਾਡੇ ਪੂਜਨੀਕ ਹਨ। ਬਾਣੀ ਵਿੱੱਚ ਪਰ੍ਭੂ ਅਵਤਾਰ ਲਿਖੇ ਹੋਣ ਕਰਕੇ ਅਸੀਂ ਰਾਮਨੌਮੀ ਮਨਾਉਂਦੇ ਹਾਂ। 
ਰਾਮ ਮੰਦਿਰ ਬਾਰੇ ਵੀ ਇਸ ਮੰਚ ਤੋਂ ਸਪਸ਼ਟ ਸਟੈਂਡ ਵਾਲਾ ਐਲਾਨ ਕੀਤਾ ਗਿਆ। ਮੰਚ ਤੋਂ ਠਾਕੁਰ ਦਲੀਪ ਸਿੰਘ ਹੁਰਾਂ ਨੇ ਕਿਹਾ ਕਿ ਭਗਵਾਨ ਰਾਮ ਦੀ ਜਨਮ ਭੂਮੀ ਅਯੁੱੱਧਿਆ ਵਿੱੱਚ ਰਾਮ ਮੰਦਰ ਬਨਾਉਣਾ ਸਾਡਾ ਹੱੱਕ ਹੈ।  ਅਸੀਂ ਨਾਮਧਾਰੀ ਸਭ ਤੋਂ ਮੂਹਰੇ  ਹੋਕੇ ਮੰਦਰ ਬਨਾਵਾਂਗੇ। 
ਹਰ ਕੇਸਾਧਾਰੀ ਸਿੱੱਖ ਨਹੀਂ ਅਤੇ ਹਰ ਮੋਨਾ ਹਿੰਦੂ ਨਹੀਂ। ਕੇਸ ਰਹਿਤ ਵੀ ਸਿੱੱਖ ਹੋ ਸਕਦਾ ਹੈ। ਅੰਮ੍ਰਿਤਧਾਰੀ ਖਾਲਸਾ ਹੋਣ ਵਾਸਤੇ ਕੇਸ ਰੱੱਖਣੇ ਜਰੂਰੀ ਹਨ। ਇਸ ਮੌਕੇ ਸੰਗਤ ਵਿੱੱਚ ਇੱੱਕ ਪਿਤਾ ਪੁੱੱਤਰ ਨੂੰ ਮੰਚ 'ਤੇ ਖੜੇ ਕਰਕੇ ਉਹਨਾਂ ਨੇ ਇਸ ਗੱੱਲ ਦਾ ਪਰਤੱਖ ਸਬੂਤ ਦਿੱੱਤਾ। ਉਹਨਾਂ ਸੁਆਲ ਪੁੱਛਿਆ ਕਿ ਇਹਨਾਂ ਦੋਹਾਂ ਨੂੰ ਹਿੰਦੂ ਜਾਂ ਸਿੱਖ ਆਖ ਕੇ ਵੰਡਿਆ ਜਾ ਸਕਦਾ ਹੈ? ਉਹਨਾਂ ਕਿਹਾ ਕਿ ਸਿੱੱਖ ਪੰਥ ਦੀ ਹੋਂਦ ਸੁਤੰਤਰ ਹੈ ਤੇ ਸੁਤੰਤਰ ਹੀ ਰਹਿਣੀ ਚਾਹੀਦੀ ਹੈ।
ਇਸ ਮੌਕੇ ਨਾਮਧਾਰੀ ਸਤਿਗੁਰੂ ਦਲੀਪ ਸਿੰਘ ਜੀ ਦੇ ਵਿਸ਼ੇਸ਼ ਸੱੱਦੇ ਤੇ ਸਿਰਸਾ ਪਹੁੰਚੇ ਆਰ.ਐਸ.ਐਸ. ਦੇ ਪਰਮ ਸਤਿਕਾਰਯੋਗ ਸਰਸੰਘਚਾਲਕ ਡਾ. ਮੋਹਨ ਭਾਗਵਤ  ਮੁਖ ਵਕਤਾ ਦੇ ਰੂਪ ਵਿੱੱਚ ਸ਼ਾਮਲ ਹੋਏ। ਇਸ ਮੌਕੇ ਸੰਘ ਮੁਖੀ ਨੇ ਬੋਲਦਿਆਂ ਕਿਹਾ ਕਿ ਇਸ ਤਰਾਂ ਰਾਮਨੌਮੀ ਮਨਾਉਣਾ ਸਭ ਨੂੰ ਜੋੜਨ ਵਾਲੀ ਗੱੱਲ ਹੈ ਜਿਸ ਕਰਕੇ ਇਥੇ ਸ਼ਾਂਤੀ ਅਤੇ ਸੁੱੱਖ ਹੈ। ਇਹ ਅੱੱਜ ਦੇ ਸਮੇਂ ਦੀ ਜਰੂਰਤ ਹੈ। ਉਹਨਾਂ ਨੇ ਇਸ ਏਕਤਾ ਵਾਲੇ ਆਯੋਜਨ ਰਾਮਨੌਮੀ ਮੌਕੇ ਉਹਨਾਂ ਨੂੰ ਸੱਦਾ ਦੇਣ ਦਾ ਧੰਨਵਾਦ ਕੀਤਾ। ਸਾਨੂੰ ਸਾਰਿਆਂ ਨੂੰ ਮਿਲਕੇ ਰਹਿਣਾ ਅਤੇ ਚਲਣਾ ਚਾਹੀਦਾ ਹੈ, ਇਹ ਹੀ ਸਾਡਾ ਧਰਮ ਹੈ। ਸਾਡਾ ਧਰਮ ਸਾਨੂੰ ਜੁੜਨਾ ਸਿਖਾਉਂਦਾ ਹੈ, ਤੋੜਨਾ ਨਹੀਂ।ਇਸਦੇ ਨਾਲ ਹੀ ਸਾਨੂੰ ਆਪਣੀ ਸਵੈ-ਰੱੱਖਿਆ ਅਤੇ ਅਨਿਆਏ ਨੂੰ ਖਤਮ ਕਰਨ ਲਈ ਬਲਸ਼ਾਲੀ ਵੀ ਹੋਣਾ ਚਾਹੀਦਾ ਹੈ। ਸਾਨੂੰ ਆਪਣੀ ਸ਼ਕਤੀ ਦੀ ਵਰਤੋਂ ਜੋੜਨ ਲਈ ਕਰਨੀ ਚਾਹੀਦਾ ਹੈ ਨਾਕਿ ਤੋੜਨ ਲਈ। ਸੰਗਤਾਂ ਨੇ ਡਾਕਟਰ ਮੋਹਨ ਭਾਗਵਤ ਨੂੰ ਇੱਕ ਸਾਹ ਹੋ ਕੇ ਸੁਣਿਆ। ਏਨੇ ਵਿਸ਼ਾਲ ਪੰਡਾਲ ਵਿੱਚ ਇਹਨਾਂ ਦੇ ਭਾਸ਼ਣ ਦੌਰਾਨ ਪੂਰੀ ਖਾਮੋਸ਼ੀ ਰਹੀ। ਇਸ ਮੌਕੇ ਅੰਗਰੇਜ਼ੀ ਸ਼ਬਦਾਂ ਪਿੰਨ ਡਰਾਪ ਸਾਈਲੈਂਸ ਦੀ ਯਾਦ ਆ ਰਹੀ ਸੀ। ਨੌਜਵਾਨ ਮੁੰਡੇ ਕੁੜੀਆਂ ਤਾਂ ਡਾਕਟਰ ਮੋਹਨ ਭਾਗਵਤ ਦੇ ਭਾਸ਼ਣ ਨਾਲ ਹੀ ਕੀਲੇ ਗਏ ਲੱਗਦੇ ਸਨ। ਠਾਕੁਰ ਦਲੀਪ ਸਿੰਘ ਹੁਰਾਂ ਦੇ ਵਿਚਾਰਾਂ ਨੇ ਰਾਮਨੌਮੀ ਮੇਲੇ ਵਿੱਚ ਮੌਜੂਦ ਗੈਰ ਨਾਮਧਾਰੀ ਨਵੀਂ ਪੀਡ਼ੀ ਨੂੰ ਵੀ ਪੂਰੀ ਤਰਾਂ ਪਰਭਾਵਿਤ ਕੀਤਾ। 
ਇਸ ਰਾਮਨੌਮੀ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬੀ ਗਾਇਕੀ ਦੇ ਬਾਦਸ਼ਾਹ ਹੰਸ ਰਾਜ ਹੰਸ ਨੇ ਵੀ ਹਾਜ਼ਰੀ ਭਰਦਿਆਂ ਹੋਇਆਂ ਬਹੁਤ ਹੀ ਸੁਰੀਲੀ ਆਵਾਜ ਵਿੱੱਚ ਭਜਨ ਗਾਕੇ ਸਮੂਹ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਹੰਸਰਾਜ ਹੰਸ ਦੀ ਮੌਜੂਦਗੀ ਨੇ ਇਸ ਮੇਲੇ ਵਿੱਚ ਇੱਕ ਨਵਾਂ ਉਤਸ਼ਾਹ ਭਰਿਆ। "ਸੁਣੋ ਮਹਾਰਾਜ" ਦੇ ਗਾਇਨ ਦਾ ਅੰਦਾਜ਼ ਬੇਹੱਦ ਯਾਦਗਾਰੀ ਹੋ ਨਿੱਬੜਿਆ।  
ਨਸ਼ਾ ਮੁਕਤ ਭਾਰਤ ਅਤੇ ਮਹਿਲਾ ਸਸ਼ਕਤੀਕਰਨ ਲਈ ਨਿਰੰਤਰ ਸਰਗਰਮ ਸੰਗਠਨ "ਬੇਲਣ ਬਰਗੇਡ" ਸੁਪਰੀਮੋ ਅਨੀਤਾ ਸ਼ਰਮਾ  ਇਸ ਮੌਕੇ ਆਪਣੀ ਟੀਮ ਸਹਿਤ ਇਸ ਸਮਾਗਮ ਵਿੱਚ ਸ਼ਾਮਲ ਹੋਏ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹੋਰਨਾਂ ਥਾਵਾਂ ਤੋਂ ਸੰਗਤਾਂ ਭਾਰੀ ਗਿਣਤੀ ਵਿੱਚ ਪੁੱਜੀਆਂ। 
ਇਸ ਮੌਕੇ ਬਜਰੰਗ ਲਾਲ ਜੀ, ਦੇਵੀ ਪ੍ਰਸਾਦ ਜੀ, ਹੇਮਰਾਜ ਜੀ, ਵਿਵੇਕਾ ਨੰਦ ਜੀ, ਰਮੇਸ਼ ਗੁਪਤਾ ਜੀ, ਪਵਨ ਕੌਸ਼ਿਕ ਜੀ, ਸੁਰਿੰਦਰ ਮਲਹੋਤਰਾ ਜੀ, ਅਵਿਨਾਸ਼ ਰਾਏ ਖੰਨਾ ਮੀਤ ਪ੍ਰਧਾਨ ਬੀ.ਜੇ.ਪੀ.  ਅਤੇ ਬਹੁਤ ਵੱੱਡੀ ਗਿਣਤੀ ਵਿੱੱਚ ਸੰਤ-ਮਹਾਂਪੁਰਸ਼ ਮੌਜੂਦ ਸਨ। ਇਸ ਮੌਕੇ ਅੰਤ ਤੇ ਗਏ ਗਏ ਗੀਤ--ਯੇਹ ਭਾਰਤ ਦੇਸ਼ ਹੈ  ਮੇਰਾ--ਵਾਲੇ ਗੀਤ ਦੇ ਗਾਇਨ ਨਾਲ ਜਿੱਥੇ ਸੰਗਤਾਂ ਝੂਮ ਉੱਠੀਆਂ ਉੱਥੇ ਖੁਦ ਡਾਕਟਰ ਮੋਹਨ ਭਾਗਵਤ ਵੀ ਝੂਮਦੇ ਨਜ਼ਰ ਆਏ।  ਨਾਮਧਾਰੀ ਜੱਥੇ ਦਾ ਇਹ ਗਾਇਨ ਬਹੁਤ ਸੁਰੀਲਾ ਸੀ। 

Tuesday, February 27, 2018

ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਵੱਲੋਂ ਜਾਤਪਾਤ ਦੇ ਖਾਤਮੇ ਦਾ ਆਰੰਭ

ਰਵਿਦਾਸੀਏ ਸਿੱਖ ਨੂੰ ਆਪਣੇ ਕੋਲ ਬਿਠਾ ਕੇ ਸਤਿਕਾਰ ਦਿੱਤਾ 
ਹੋਲੇ ਮਹੱਲੇ ਦੇ ਮੇਲੇ ਵਿੱਚ ਬਹੁਤ ਵੱਡੀ ਤਾਦਾਦ ਵਿੱਚ ਸੰਗਤਾਂ ਹੋਈਆਂ ਨਤਮਸਤਕ
ਸਿਰਸਾ: 25 ਫਰਵਰੀ 2018: (ਪੰਜਾਬ ਸਕਰੀਨ ਬਿਊਰੋ)::
ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ ਮਹੱਲਾ ਨਾਮਧਾਰੀ ਸੰਗਤ ਵਲੋਂ ਬੇਬੇ ਦਲੀਪ ਕੌਰ ਜੀ ਦੀ ਪਵਿੱਤਰ ਯਾਦ ਵਿੱਚ ਪਿੰਡ ਦਮਦਮਾ ਵਿਖੇ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਰਹਿਨੁਮਾਈ ਹੇਠ ਮਨਾਇਆ ਗਿਆ।ਤਿੰਨ ਦਿਨਾਂ ਹੋਲਾ ਮਹੱਲਾ ਸਮਾਗਮ ਦੇ ਅੱਜ ਆਖਰੀ ਦਿਨ ਦੇਸ਼ ਵਿਦੇਸ਼ ਤੋਂ ਆਇਆਂ ਸੰਗਤਾਂ ਨੇ ਨਤਮਸਤਕ ਹੋ ਕੇ ਸਤਿਗੁਰੂਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਨੇ ਇਸ ਮੇਲੇ ਦੌਰਾਨ ਇੱਕ ਹੋਰ ਨਵੀਂ ਰੀਤ ਸ਼ੁਰੂ ਕਰਦਿਆਂ ਹਵਨ ਵਿੱਚ ਇੱਕ ਰਵੀਦਾਸੀਏ ਸਿੱਖ ਤੋਂ ਵੱਡੀ ਸੌਧ ਰਖਵਾ ਕੇ ਜਾਤ ਪਾਤ ਦੇ ਬੰਧਨ ਨਾਮਧਾਰੀ ਪੰਥ ਵਿੱਚੋਂ ਖਤਮ ਕੀਤੇ ਜੋ ਕੀ ਕਦੇ ਪਹਿਲਾਂ ਨਹੀਂ ਸੀ ਹੋਇਆ ਅਤੇ ਉਸ ਸਿੱਖ ਨੂੰ ਆਪਣੇ ਲਾਗੇ ਬੈਠਾ ਕੇ ਸਤਿਕਾਰ ਕੀਤਾ।   
ਆਸਾ ਦੀ ਵਾਰ ਦਾ ਕੀਰਤਨ ਨਾਮਧਾਰੀ ਪੰਥ ਦੇ ਸਿਰਮੌਰ ਜੱਥੇਦਾਰਾਂ ਵੱਲੋਂ ਕੀਤਾ ਗਿਆ, ਮੇਲੇ ਦੌਰਾਨ ਅੰਮ੍ਰਿਤ  ਵੇਲੇ ਇੱਕ ਜੋੜੇ ਦਾ ਆਨੰਦ ਕਾਰਜ ਮਰਿਆਦਾ ਅਨੁਸਾਰ ਕੀਤਾ ਗਿਆ। ਕਵੀਆਂ ਵੱਲੋਂ ਆਪੋ ਆਪਣੇ ਵਿਲੱਖਣ ਅੰਦਾਜ਼ ਵਿੱਚ ਗੁਰੂ ਜੱਸ ਗਾ ਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਤਿਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਗਤਕੇ ਦੇ ਜੋਹਰ ਦਿਖਾਏ ਗਏ।
ਬੀਬੀ ਗੁਰਮੀਤ ਕੌਰ ਜੀ ਦੀ ਨਿਗਰਾਨੀ ਹੇਠ ਦੂਰੋਂ ਨੇੜਿਓਂ ਆਈ ਸੰਗਤ ਵਾਸਤੇ ਲੰਗਰ,ਪਾਣੀ ਅਤੇ ਰਹਿਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ।
ਸਤਿਗੁਰੂ ਜੀ ਨੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਕਿ ਜਦੋਂ ਵੀ ਸੰਗਤ ਨਾਮ ਸਿਮਰਨ ਅਤੇ ਦੀਵਾਨ ਵਿੱਚ ਆਵੇ ਤਾਂ ਉਹ ਆਪਣੇ ਆਸਨ ਉੱਤੇ ਹੀ ਬੈਠਣ ਜੋ ਕੀ ਇੱਕ ਸੰਤ ਮੱਤ ਹੈ। ਉਹਨਾਂ ਇਹ ਵੀ ਬੇਨਤੀ ਕੀਤੀ ਕਿ ਵਿੱਦਿਆ ਦੇ ਲੰਗਰ ਲਾਉਣਾ ਸ਼ੁਰੂ ਕਰੋ, ਸਾਡੇ ਕਿੰਨੇ ਹੀ ਗਰੀਬ ਭੈਣ ਭਰਾ ਐਸੇ ਹਨ ਜੋ ਵਿੱਦਿਆ ਤੋਂ ਵਾਂਝੇ ਹਨ। ਉਹਨਾਂ ਨੂੰ ਵਿੱਦਿਆ ਦੇਣੀ ਸ਼ੁਰੂ ਕਰੋ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੇ ਹੋ ਸੱਕਣ।
ਇਸ ਸਮਾਗਮ ਦੌਰਾਨ ਚੌਧਰੀ ਰਣਜੀਤ ਸਿੰਘ (ਸਾਬਕਾ ਐਮ. ਪੀ), ਸੂਬਾ ਭਗਤ ਸਿੰਘ ਜੀ (ਮੱਦੀਪੁਰ), ਸੂਬਾ ਬਲਜੀਤ ਸਿੰਘ, ਮੁਖਤਿਆਰ ਸਿੰਘ, ਸੁਖਦੇਵ ਸਿੰਘ ਦਮਦਮਾ, ਗੁਰਨਾਮ ਸਿੰਘ, ਅੰਗ੍ਰੇਜ਼ ਸਿੰਘ, ਲਖਵਿੰਦਰ ਸਿੰਘ, ਜਸਬੀਰ ਸਿੰਘ ਸੇਠੀ, ਨਰਿੰਦਰ ਸਿੰਘ ਵਕੀਲ, ਸੇਵਕ ਦੇਵ ਸਿੰਘ, ਹਰਭਜਨ ਸਿੰਘ ਫੋਰਮੈਨ, ਰਾਜਪਾਲ ਕੌਰ, ਭੁਪਿੰਦਰ ਕੌਰ, ਗੁਰਮੇਲ ਬਰਾੜ, ਬਾਬਾ ਕੌਰ ਸਿੰਘ, ਲਖਵਿੰਦਰ ਸਿੰਘ (ਦਿੱਲੀ) ਆਦਿ ਹਸਤੀਆਂ ਵਿਸ਼ੇਸ਼ ਤੋਰ ਤੇ ਪਹੁੰਚੀਆਂ।
  

Friday, August 25, 2017

ਇੱਕ ਗੁੰਮਨਾਮ ਚਿੱਠੀ ਤੋਂ ਲੱਭਿਆ ਸੀਬੀਆਈ ਨੇ ਸਾਰਾ ਵੇਰਵਾ

5 ਸਾਲਾਂ 'ਚ ਸਬੂਤ ਤੇ ਗਵਾਹ ਲੱਭੇ, 9 ਸਾਲ ਟ੍ਰਾਇਲ, ਹੁਣ ਫੈਸਲੇ ਦੀ ਘੜੀ
ਚੰਡੀਗੜ੍ਹ: 25 ਅਗਸਤ 2017: (ਅਮਨਦੀਪ ਬੇਦੀ ਦੀ ਫੇਸਬੁੱਕ ਪ੍ਰੋਫ਼ਾਈਲ ਤੋਂ ਧੰਨਵਾਦ ਸਹਿਤ):: 
ਸਾਧਵੀ ਯੌਨ ਸ਼ੋਸ਼ਣ ਮਾਮਲੇ ਦੀ ਜਾਂਚ ਕਰਨਾ ਸੀ. ਬੀ. ਆਈ. ਲਈ ਬਹੁਤ ਹੀ ਮੁਸ਼ਕਿਲ ਕੰਮ ਸੀ, ਨਾ ਸਬੂਤ ਤੇ ਨਾ ਹੀ ਗਵਾਹ। ਸੀ. ਬੀ. ਆਈ. ਕੋਲ ਜੇਕਰ ਕੁੱਝ ਸੀ ਸਿਰਫ਼ ਇਕ ਗੁੰਮਨਾਮ ਚਿੱਠੀ। ਇਸੇ ਚਿੱਠੀ ਦੇ ਸਹਾਰੇ ਹੀ ਸੀ. ਬੀ. ਆਈ ਨੇ ਸਾਲ 2002 ਵਿਚ ਆਪਣੀ ਜਾਂਚ ਪ੍ਰਕਿਰਿਆ ਸ਼ੁਰੂ ਕੀਤੀ ਸੀ, ਜੋ 5 ਸਾਲ ਦੀ ਲੰਬੀ ਮੁਸ਼ੱਕਤ ਤੋਂ ਬਾਅਦ 30 ਜੁਲਾਈ, 2007 ਨੂੰ ਪੂਰੀ ਹੋ ਸਕੀ। ਸੀ. ਬੀ. ਆਈ. ਨੇ ਪੰਜ ਸਾਲਾਂ ਵਿਚ ਗਵਾਹ ਲੱਭੇ। ਜਾਂਚ ਦਾ ਜ਼ਿੰਮਾ ਸੀ. ਬੀ. ਆਈ. ਦੇ ਵੱਡੇ ਅਫ਼ਸਰ ਡੀ. ਆਈ. ਜੀ. ਐੱਮ. ਨਰਾਇਣ ਤੇ ਡੀ. ਐੱਸ. ਪੀ. ਸਤੀਸ਼ ਡਾਗਰ ਨੂੰ ਸੌਂਪਿਆ ਗਿਆ ਸੀ। ਦੋਵਾਂ ਅਫ਼ਸਰਾਂ ਨੇ 30 ਜੁਲਾਈ 2007 ਨੂੰ ਅੰਬਾਲਾ ਵਿਚ ਵਿਸ਼ੇਸ਼ ਸੀ. ਬੀ. ਆਈ. ਜੱਜ ਦੇ ਨਿਵਾਸ 'ਤੇ ਚਾਰਜਸ਼ੀਟ ਦਾਇਰ ਕੀਤੀ ਸੀ। ਅਗਲੇ ਹੀ ਸਾਲ 2008 ਵਿਚ ਅੰਬਾਲਾ ਵਿਚ ਸੀ. ਬੀ. ਆਈ. ਅਦਾਲਤ ਵਿਚ ਡੇਰਾ ਮੁਖੀ ਦੇ ਖਿਲਾਫ਼ ਦੋਸ਼ ਤੈਅ ਕੀਤਾ ਗਿਆ ਸੀ। ਉਸ ਤੋਂ ਬਾਅਦ 9 ਸਾਲ ਤੱਕ ਟ੍ਰਾਇਲ ਦੀ ਪ੍ਰਕਿਰਿਆ ਚੱਲਦੀ ਰਹੀ, 52 ਵੱਖ-ਵੱਖ ਗਵਾਹਾਂ ਨੇ ਬਿਆਨ ਦਿੱਤੇ। 15 ਪ੍ਰੋਸੀਕਿਊਸ਼ਨ ਤੇ 37 ਡਿਫੈਂਸ ਦੇ ਗਵਾਹ ਇਸ ਲਿਸਟ ਵਿਚ ਸ਼ਾਮਲ ਸਨ। ਹੁਣ 25 ਅਗਸਤ ਨੂੰ ਫੈਸਲਾ ਆਉਣਾ ਹੈ। 
ਡੇਰਾ ਮੁਖੀ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਮੁਖ ਸਾਧਵੀ ਨੇ ਅਦਾਲਤ ਵਿਚ ਅਹਿਮ ਬਿਆਨ ਦਿੱਤਾ ਹੈ। ਸੀ. ਬੀ. ਆਈ. ਦੀ ਚਾਰਜਸ਼ੀਟ ਅਨੁਸਾਰ ਮੁਖ ਸਾਧਵੀ ਕੁਰੂਕਸ਼ੇਤਰ ਤੇ ਖਾਨਪੁਰ ਕੌਲੀਆਂ ਨਿਵਾਸੀ ਰਣਜੀਤ ਸਿੰਘ ਦੀ ਭੈਣ ਹੈ। ਰਣਜੀਤ ਸਿੰਘ ਦੀ 10 ਜੁਲਾਈ, 2002 ਨੂੰ ਗੋਲੀ ਮਾਰ ਦੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਵੀ ਡੇਰੇ ਦੇ ਲੋਕਾਂ 'ਤੇ ਹੀ ਹੱਤਿਆ ਦਾ ਦੋਸ਼ ਹੈ। ਰਣਜੀਤ ਲੰਬੇ ਸਮੇਂ ਤੋਂ ਡੇਰੇ ਦਾ ਭਗਤ ਸੀ ਤੇ ਉਹ ਪਰਿਵਾਰ ਸਮੇਤ ਡੇਰੇ ਵਿਚ ਹੀ ਰਹਿੰਦਾ ਸੀ। ਚਾਰਜਸ਼ੀਟ ਅਨੁਸਾਰ ਰਣਜੀਤ ਸਿੰਘ ਇਕ ਸਾਲ ਪਹਿਲਾਂ ਆਪਣੀ ਸਾਧਵੀ ਭੈਣ ਤੇ ਬੇਟੀਆਂ ਨਾਲ ਡੇਰਾ ਛੱਡ ਕੇ ਜਾ ਚੁੱਕਿਆ ਸੀ। ਸਾਧਵੀ ਨੇ ਦੱਸਿਆ ਕਿ ਉਹ 1999 ਵਿਚ ਡੇਰੇ 'ਚ ਆਈ ਸੀ, ਉਹ ਨਵੇਂ ਡੇਰੇ ਵਿਚ ਰਹਿੰਦੀ ਸੀ ਤੇ ਸਾਲ 2001 ਤੱਕ ਡੇਰੇ ਵਿਚ ਰਹੀ। ਇਸੇ ਦੌਰਾਨ ਅਕਤੂਬਰ ਵਿਚ ਉਸ ਦਾ ਵਿਆਹ ਹੋ ਗਿਆ। ਸਾਧਵੀ ਨੇ ਦੱਸਿਆ ਕਿ ਪੁਰਾਣੇ ਡੇਰੇ ਵਿਚ ਜਿਥੇ ਡੇਰਾ ਮੁਖੀ ਗੁਫ਼ਾ ਵਿਚ ਰਹਿੰਦੇ ਸਨ, ਉਥੇ ਸਾਧਵੀਆਂ ਦੀ ਸੰਤਰੀ ਡਿਊਟੀ ਲੱਗਦੀ ਸੀ। ਜਦ ਉਹ ਗੁਫ਼ਾ ਦੇ ਗੇਟ 'ਤੇ ਸੰਤਰੀ ਡਿਊਟੀ 'ਤੇ ਸੀ ਤਾਂ ਉਸ ਨੇ ਦੇਖਿਆ ਕਿ ਦੋ ਸਾਧਵੀਆਂ ਦੇਰ ਰਾਤ ਡੇਰੇ ਵੱਲ ਜਾ ਰਹੀਆਂ ਸਨ। ਕੁੱਝ ਸਮੇਂ ਬਾਅਦ ਇਕ ਨੇ ਡੇਰਾ ਪ੍ਰਮੁੱਖ ਨੂੰ ਗਾਲ੍ਹਾਂ ਕੱਢਦਿਆਂ ਡੇਰਾ ਛੱਡ ਦਿੱਤਾ। ਮੁੱਖ ਸਾਧਵੀ ਨੇ ਦੱਸਿਆ ਕਿ ਉਸ ਨੇ ਇਕ ਹੋਰ ਸਾਧਵੀ ਨੂੰ ਗੁਫ਼ਾ ਤੋਂ ਬਾਹਰ ਆਉਂਦਿਆਂ ਦੇਖਿਆ ਤੇ ਉਹ ਰੋ ਰਹੀ ਸੀ। ਉਸ ਦੇ ਅਗਲੇ ਦਿਨ ਉਸ ਦੇ ਪਰਿਵਾਰ ਵਾਲੇ ਡੇਰੇ ਵਿਚ ਆਏ ਤੇ ਫਿਰ ਇਕ ਸਾਧਵੀ ਨੇ ਡੇਰਾ ਮੁਖੀ ਨੂੰ ਰਾਕਸ਼ਸ਼ ਦੱਸਦਿਆਂ ਡੇਰਾ ਛੱਡ ਦਿੱਤਾ। ਇਸੇ ਤਰ੍ਹਾਂ ਇਕ ਹੋਰ ਸਾਧਵੀ ਨੇ ਵੀ ਬਾਬਾ ਦੇ ਵਿਵਹਾਰ ਨੂੰ ਗਲਤ ਦੱਸਦਿਆਂ ਡੇਰਾ ਛੱਡ ਦਿੱਤਾ ਸੀ। ਚਾਰਜਸ਼ੀਟ ਮੁਤਾਬਿਕ ਮੁੱਖ ਸਾਧਵੀ ਨਾਲ ਦੋ ਵਾਰ ਜਬਰ-ਜ਼ਨਾਹ ਕੀਤਾ ਗਿਆ। ਉਸ ਨੇ ਦੱਸਿਆ ਕਿ ਉਹ ਆਪਣੀ ਗੱਲ ਇਸ ਲਈ ਕਿਸੇ ਨੂੰ ਨਹੀਂ ਦੱਸ ਸਕਦੀ ਸੀ, ਕਿਉਂਕਿ ਡੇਰੇ ਦਾ ਰਾਜਨੀਤੀ ਤੇ ਪ੍ਰਸ਼ਾਸਨ 'ਤੇ ਦਬਾਅ ਸੀ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। 
ਬਾਬਾ ਨੇ ਦੇਰ ਰਾਤ ਬੁਲਾਇਆ ਸੀ ਆਪਣੀ ਗੁਫਾ 'ਚ...
ਸੀ. ਬੀ. ਆਈ. ਦੀ ਚਾਰਜਸ਼ੀਟ ਮੁਤਾਬਿਕ ਫਤਹਿਬਾਦ ਦੀ ਰਹਿਣ ਵਾਲੀ ਸਾਧਵੀ ਨੇ ਦੱਸਿਆ ਕਿ ਉਸ ਨੇ ਜੁਲਾਈ, 1998 ਵਿਚ ਡੇਰਾ ਜੁਆਇਨ ਕੀਤਾ ਸੀ ਤੇ ਉਸ ਦਾ ਕੰਮ ਉਥੇ ਬੱਚਿਆਂ ਨੂੰ ਪੜ੍ਹਾਉਣ ਦਾ ਸੀ। ਛੇ ਮਹੀਨੇ ਬਾਅਦ ਉਸ ਦੀ ਭੈਣ ਵੀ ਡੇਰੇ ਵਿਚ ਆ ਗਈ ਤੇ ਉਹ ਵੀ ਸਾਧਵੀ ਬਣ ਗਈ। ਚਾਰਜਸ਼ੀਟ ਅਨੁਸਾਰ ਇਨ੍ਹਾਂ ਦੋਵਾਂ ਸਾਧਵੀਆਂ ਦੀ ਡਿਊਟੀ ਵੀ ਸੰਤਰੀ ਦੇ ਤੌਰ 'ਤੇ ਡੇਰੇ ਦੇ ਬਾਹਰ ਲੱਗਦੀ ਸੀ। ਸਤੰਬਰ, 1999 ਵਿਚ ਉਸ ਦੀ ਰਾਤ ਨੂੰ 8 ਵਜੇ ਤੋਂ 12 ਵਜੇ ਤੱਕ ਸੰਤਰੀ ਦੇ ਤੌਰ 'ਤੇ ਗੁਫ਼ਾ ਦੇ ਬਾਹਰ ਡਿਊਟੀ ਸੀ ਤੇ ਰਾਤ ਦੇ ਕਰੀਬ ਦਸ ਵਜੇ ਬਾਬਾ ਨੇ ਉਸ ਨੂੰ ਗੁਫ਼ਾ ਵਿਚ ਬੁਲਾਇਆ। ਇਸ ਦੌਰਾਨ ਗੁਫ਼ਾ ਵਿਚ ਬਾਬਾ ਤੋਂ ਇਲਾਵਾ ਕੋਈ ਹੋਰ ਨਹੀਂ ਸੀ। ਬਾਬਾ ਨੇ ਕਿਹਾ ਉਸ ਨੂੰ ਕੁੱਝ ਕੰਮ ਹੈ ਤੇ ਉਹ ਗੁਫ਼ਾ ਦੇ ਅੰਦਰ ਚਲੀ ਗਈ। ਇਸ ਦੌਰਾਨ ਬਾਬਾ ਨੇ ਉਸ ਨੂੰ ਬੈੱਡ 'ਤੇ ਬੈਠਣ ਲਈ ਕਿਹਾ, ਉਹ ਝਿਜਕਦੀ ਹੋਈ ਥੱਲੇ ਫਰਸ਼ 'ਤੇ ਬੈਠਣ ਲੱਗੀ ਤਾਂ ਬਾਬਾ ਨੇ ਕਿਹਾ ਕਿ ਤੁਸੀਂ ਬੈੱਡ 'ਤੇ ਬੈਠੋ ਤੇ ਉਸ ਤੋਂ ਡੇਰੇ ਅਤੇ ਉਸ ਦੇ ਜੀਵਨ ਦੇ ਬਾਰੇ 'ਚ ਪੁੱੁਛਣ ਲੱਗਾ। ਸਾਧਵੀ ਅਨੁਸਾਰ ਉਸ ਨਾਲ ਗਲਤ ਕੰਮ ਕੀਤਾ ਗਿਆ ਤੇ ਉਸ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ।
ਸੀ. ਬੀ. ਆਈ. ਦੀ ਅਦਾਲਤ ਵਿਚ ਹੋਈ 28 ਲੋਕਾਂ ਦੀ ਗਵਾਹੀ 
ਸੀ. ਬੀ. ਆਈ. ਨੇ ਆਪਣੀ ਚਾਰਜਸ਼ੀਟ ਵਿਚ 28 ਗਵਾਹਾਂ ਤੇ 17 ਮਹੱਤਵਪੂਰਨ ਦਸਤਾਵੇਜ਼ ਸ਼ਾਮਲ ਕੀਤੇ ਹਨ। ਇਨ੍ਹਾਂ ਸਾਰੇ ਗਵਾਹਾਂ ਦੀ ਸੀ. ਬੀ. ਆਈ. ਅਦਾਲਤ ਵਿਚ ਗਵਾਹੀ ਹੋਈ ਤੇ ਸਾਰੇ ਸਬੂਤਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਗਵਾਹਾਂ ਦੀ ਲਿਸਟ ਵਿਚ ਹਾਈਕੋਰਟ ਦੇ ਡਿਸਪੈਚ ਕਲਰਕ ਰਮੇਸ਼ ਚੰਦ ਤੇ ਮੁਖ ਸਾਧਵੀ ਤੇ ਇਕ ਹੋਰ ਸਾਧਵੀ ਤੋਂ ਲੈ ਕੇ ਡੇਰਾ ਪ੍ਰਮੁੱਖ ਦੇ ਡਰਾਈਵਰ ਖੱਟਾ ਸਿੰਘ ਸ਼ਾਮਲ ਸਨ। ਇਸ ਤੋਂ ਇਲਾਵਾ ਸੀ. ਬੀ. ਆਈ. ਦੇ ਜਾਂਚ ਅਧਿਕਾਰੀਆਂ ਤੇ ਅੰਬਾਲਾ ਤੇ ਚੰਡੀਗੜ੍ਹ ਸੀ. ਬੀ. ਆਈ. ਦੇ ਜੱਜ ਦੀ ਵੀ ਗਵਾਹੀ ਹੋਈ ਹੈ। 
ਦਸਤਾਵੇਜ਼ਾਂ ਵਿਚ 3 ਡੇਰਾ ਸਮਰਥਕਾਂ ਦੀ ਪਾਲੀਗ੍ਰਾਫ਼ੀ ਰਿਪੋਰਟ ਸ਼ਾਮਲ 
ਸੀ. ਬੀ. ਆਈ. ਦੀ ਚਾਰਜਸ਼ੀਟ ਵਿਚ ਸ਼ਾਮਲ ਕੀਤੇ ਗਏ 17 ਦਸਤਾਵੇਜ਼ਾਂ ਵਿਚ ਡੇਰੇ ਦੇ ਪ੍ਰਬੰਧਕ ਸਮੇਤ 3 ਮੁੱਖ ਵਰਕਰਾਂ ਦੀ ਪਾਲੀਗ੍ਰਾਫ਼ੀ ਟੈਸਟ ਦੀ ਰਿਪੋਰਟ ਕਾਫ਼ੀ ਅਹਿਮ ਹੈ। ਸੀ. ਬੀ. ਆਈ. ਨੇ ਜਾਂਚ ਦੌਰਾਨ ਸਾਲ 2005 ਵਿਚ ਡੇਰਾ ਪ੍ਰਬੰਧਕ ਕ੍ਰਿਸ਼ਨ ਲਾਲ, ਇੰਦਰਸੇਨ ਤੇ ਅਵਤਾਰ ਦਾ ਸੀ. ਐੱਫ. ਐੱਸ. ਐੱਲ. ਨਵੀਂ ਦਿੱਲੀ ਵਿਚ ਪਾਲੀਗ੍ਰਾਫ਼ੀ ਟੈਸਟ ਕਰਵਾਇਆ ਸੀ, ਜਿਸ ਵਿਚ ਉਨ੍ਹਾਂ ਨੇ ਡੇਰੇ ਨਾਲ ਸਬੰਧਤ ਕਈ ਗੱਲਾਂ ਨੂੰ ਮੰਨਿਆ ਸੀ। ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਸਥਿਤ ਗਰਲਜ਼ ਕਾਲਜ ਦਾ ਨਕਸ਼ਾ, ਪਰਮਜੀਤ ਦਾ 164 ਦਾ ਬਿਆਨ, ਸਾਧਵੀ ਸਰਜੀਵਨ ਦਾ 164 ਦਾ ਬਿਆਨ, ਡੇਰਾ ਮੁਖੀ ਦੇ ਡਰਾਈਵਰ ਖੱਟਾ ਸਿੰਘ ਦਾ 164 ਦਾ ਬਿਆਨ ਤੇ ਡੇਰਾ ਛੱਡਣ ਵਾਲੀਆਂ ਸਾਧਵੀਆਂ ਦੀ ਸੂਚੀ ਵੀ ਚਾਰਜਸ਼ੀਟ ਵਿਚ ਸ਼ਾਮਲ ਕੀਤੀ ਗਈ। 
ਸੀ. ਬੀ. ਆਈ. ਦੀ ਜਾਂਚ ਵਿਚ ਮਿਲੇ ਪੁਖਤਾ ਸਬੂਤਾਂ ਤੇ ਤੱਥਾਂ ਨੂੰ ਅਦਾਲਤ ਦੇ ਸਾਹਮਣੇ ਰੱਖਿਆ ਜਾ ਚੁੱਕਿਆ ਹੈ। ਅਦਾਲਤ ਵਿਚ ਸਾਧਵੀਆਂ ਦੇ ਬਿਆਨ ਹੋਏ ਹਨ। ਸਾਨੂੰ ਭਰੋਸਾ ਹੈ ਕਿ ਸਬੂਤਾਂ ਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਸਾਧਵੀਆਂ ਨੂੰ ਨਿਆਂ ਮਿਲੇਗਾ। 
-ਐੱਚ. ਪੀ. ਐੱਸ. ਵਰਮਾ, ਸੀ. ਬੀ. ਆਈ. ਵਕੀਲ। (Friday 25th August 2017 at 1:51 PM)

Thursday, February 09, 2017

ਡੇਰੇ ਦਾ ਸਮੱਰਥਨ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਰਮਨਾਕ ਹਾਰ ਤੋਂ ਬਚਾਏਗਾ

ਬਿਨ ਮੰਗਿਆਂ ਕੁਝ ਨਹੀਂ ਮਿਲਦਾ: ਰਾਮ ਸਿੰਘ
ਚੰਡੀਗੜ੍ਹ: 8 ਫਰਵਰੀ 2017: (ਪੰਜਾਬ ਸਕਰੀਨ ਬਿਊਰੋ): 
ਸਿਆਸੀ ਲਾਭ ਲਈ ਧਰਮ ਦੀ ਦੁਰਵਰਤੋਂ ਦੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸਦੇ ਬਾਵਜੂਦ ਸਿਆਸਤ ਅਤੇ ਧਰਮ ਦਾ ਗੈਰ ਸਿਧਾਂਤਕ ਗਠਜੋੜ ਜਾਰੀ ਹੈ। ਡੇਰਾ ਸੱਚਾ ਸੌਦਾ ਸਿਰਸਾ ਦੀ ਹਮਾਇਤ ਦੇ ਮਾਮਲੇ ਵਿੱਚ ਵੋਟਾਂ ਪੈਣ ਦਾ ਕੰਮ ਪੁੱਗਣ ਮਗਰੋਂ ਬਣਾਈ ਗਈ ਜਾਂਚ ਕਮੇਟੀ ਸ਼ਾਇਦ ਇੱਕ ਡਰਾਮੇ ਤੋਂ ਵੱਧ ਕੁਝ ਨਹੀਂ। ਇਸੇ ਦੌਰਾਨ ਡੇਰੇ ਦੇ ਸਿਆਸੀ ਵਿੰਗ ਨੇ ਆਪਣੀ ਸਥਿਤੀ ਅਤੇ ਸਟੈਂਡ ਸਪਸ਼ਟ ਕਰਦਿਆਂ ਉਹਨਾਂ ਲੋਕਾਂ ਨੂੰ ਸੰਕਟ ਵਿੱਚ ਪਾ ਦਿੱਤਾ ਹੈ ਜਿਹੜੇ ਆਪਣੇ ਆਪ ਨੂੰ ਪਥਨਕ ਅਖਵਾਉਂਦੇ ਨਹੀਂ ਥੱਕਦੇ।  
ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦਾ ਸਮੱਰਥਨ ਲੈਣ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਘਿਰਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਡੇਰੇ ਤੋਂ ਕੋਈ ਹਮਾਇਤ ਨਹੀਂ ਮੰਗੀ ਸਗੋਂ ਡੇਰੇ ਨੇ ਖੁਦ ਹੀ ਹਮਾਇਤ ਕੀਤੀ ਹੈ। ਦੂਜੇ ਪਾਸੇ ਡੇਰੇ ਦੇ ਸਿਆਸੀ ਵਿੰਗ ਨੇ ਦਾਅਵਾ ਕੀਤਾ ਹੈ ਕਿ ਐਤਕੀਂ ਡੇਰੇ ਦਾ ਸਮੱਰਥਨ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਰਮਨਾਕ ਹਾਰ ਤੋਂ ਬਚਾਏਗਾ। ਉਨ੍ਹਾਂ ਇਹ ਵੀ ਕਿਹਾ ਹੈ ਕਿ ਅਕਾਲੀ ਦਲ ਦੇ ਮੰਗਣ 'ਤੇ ਹੀ ਹਮਾਇਤ ਕੀਤੀ ਗਈ ਹੈ। ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ 3 ਮੈਂਬਰੀ ਕਮੇਟੀ 'ਤੇ ਹੀ ਸਭ ਦੀਆਂ ਨਜ਼ਰਾਂ ਹਨ। ਜ਼ਿਕਰਯੋਗ ਹੈ ਕਿ ਜਦੋਂ ਡੇਰੇ ਜਾਣ ਵਾਲੇ ਸਾਰੇ ਸਿੱਖ ਉਮੀਦਵਾਰਾਂ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਸੀ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਉਨ੍ਹਾਂ ਨੇ ਡੇਰਾ ਸਿਰਸਾ ਤੋਂ ਸਿਆਸੀ ਹਮਾਇਤ ਨਹੀਂ ਮੰਗੀ। ਬਾਦਲ ਦੇ ਇਸ ਬਿਆਨ ਤੋਂ ਬਾਅਦ ਡੇਰੇ ਦੇ ਸਿਆਸੀ ਵਿੰਗ ਨੇ ਬਾਦਲ ਦੇ ਹਮਾਇਤ ਨਾ ਮੰਗਣ ਵਾਲੇ ਬਿਆਨ ਨਾਲ ਅਸਹਿਮਤੀ ਜਤਾਈ ਹੈ। ਡੇਰੇ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਕਿਹਾ ਹੈ ਕਿ ਬਿਨਾਂ ਮੰਗਿਆਂ ਕੁਝ ਨਹੀਂ ਮਿਲਦਾ।ਰਾਮ ਸਿੰਘ ਨੇ ਬਠਿੰਡਾ ਵਿੱਚ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਪੰਜਾਬ ਚੋਣਾਂ ਵਿੱਚ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਹਮਾਇਤ ਵਿੱਚ ਵੋਟਾਂ ਪਾਈਆਂ ਹਨ।
ਇਨ੍ਹਾਂ ਵੋਟਾਂ ਕਰਕੇ ਹੀ ਅਕਾਲੀ ਦਲ ਦੇ ਉਮੀਦਵਾਰ ਨਮੋਸ਼ੀਜਨਕ ਹਾਰ ਤੋਂ ਬਚਣਗੇ।ਉਨ੍ਹਾਂ ਦਾਅਵਾ ਕੀਤਾ ਕਿ ਸਿਆਸੀ ਵਿੰਗ ਦੀ ਅਪੀਲ ਮਗਰੋਂ 80 ਫੀਸਦੀ ਡੇਰਾ ਪੈਰੋਕਾਰਾਂ ਨੇ ਅਕਾਲੀ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਹਨ। ਉਨ੍ਹਾਂ ਅਕਾਲੀ ਦਲ ਤੋਂ ਇਲਾਵਾ ਕਾਂਗਰਸ ਅਤੇ ਆਪ ਉਮੀਦਵਾਰਾਂ ਵੱਲੋਂ ਡੇਰੇ ਤੋਂ ਹਮਾਇਤ ਮੰਗੇ ਜਾਣ ਦੀ ਗੱਲ ਕਬੂਲੀ, ਪਰ ਡੇਰੇ ਨੇ ਸਿਰਫ ਅਕਾਲੀ ਦਲ ਦੀ ਹਮਾਇਤ ਦਾ ਐਲਾਨ ਕੀਤਾ ਸੀ।

Tuesday, February 07, 2017

ਅੰਮ੍ਰਿਤਧਾਰੀ ਸਿੰਘ ਅਜੇਹੀਆਂ ਕਮੀਨੀਆਂ ਹਰਕਤਾਂ ਕਦੀ ਨਹੀਂ ਕਰ ਸਕਦੇ

Tue, Feb 7, 2017 at 7:47 PM
ਸੰਪਰਦਾਇਕ ਮਰਿਯਾਦਾ ਦਾ ਮੁੱਦਾ ਤੇਲ ਦੇ ਕੜਾਹੇ ਵਿਚ ਉਬਲਿਆ
ਦੋ ਗ੍ਰੰਥਾਂ ਦੇ ਪ੍ਰਕਾਸ਼ ਦਾ ਅੜਿੱਕਾ ਜਾਰੀ
ਇੱਕ ਹੋਰ ਸਿਰਦਰਦੀ ਖੜ੍ਹੀ ਹੋ ਗਈ
ਯੂ ਕੇ ਵਿਚ ਪਿਛਲੇ ਕੁਝ ਅਰਸੇ ਤੋਂ ਪੰਥਕ ਰਹਿਤ ਮਰਿਯਾਦਾ ਤੇ ਵੱਖ ਵੱਖ ਪੱਖੋਂ ਹਮਲੇ ਹੋ ਰਹੇ ਹਨ। ਪੰਥ ਦਰਦੀਆਂ ਨੂੰ ਜਾਣਕਾਰੀ ਹੋਵੇਗੀ ਕਿ ਪੰਥਕ ਸਿੱਖ ਰਹਿਤ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦੇ ਪ੍ਰਕਾਸ਼ ਸਬੰਧੀ ਪਿਛਲੀ ਦਿਨੀਂ ਟੀ ਵੀ ਤੇ ਬਹੁਤ ਪ੍ਰਚਾਰ ਕੀਤਾ ਗਿਆ। ਹੁਣ ਜਦ ਕਿ ਸੰਗਤ ਇਸ ਮੁੱਦੇ ਸਬੰਧੀ ਚੇਤੰਨ ਹੋ ਗਈ ਤਾਂ ਰਾਗ ਮਾਲਾ ਦਾ ਮੁੱਦਾ ਚੁੱਕ ਲਿਆ ਗਿਆ ਹੈ। ਇਤਹਾਸ ਗਵਾਹ ਹੈ ਕਿ ਜਦੋਂ ਤੋਂ ਸਿੱਖ ਰਹਿਤ ਮਰਿਯਾਦਾ ਹੋਂਦ ਵਿਚ ਆਈ ਹੈ, ਅੱਜ ਵਰਗਾ ਵਾਦ  ਵਿਵਾਦ ਕਦੀ ਵੀ ਨਹੀਂ ਸੀ ਹੋਇਆ। ਅਨੇਕਾਂ ਸੰਪਰਦਾਵਾਂ ਅਤੇ ਨਿਹੰਗਾਂ ਦੀਆਂ ਛਾਉਣੀਆਂ ਵਿਚ ਆਪੋ ਆਪਣੀ ਮਰਿਯਾਦਾ ਹੋਣ ਦੇ ਬਾਵਜੂਦ ਵੀ ਉਹਨਾ ਨੇ ਬਾਕੀ ਪੰਥ ਤੇ ਆਪਣੀ ਮਰਿਯਾਦਾ ਠੋਸਣ ਦੀ ਰੁਚੀ ਕਦੀ ਵੀ ਨਹੀਂ ਸੀ ਵਿਖਾਈ। ਪਰ ਹੁਣ ਸੰਪਰਦਾਇਕ ਧੌਂਸ ਜਾਂ ਪੰਥ ਵਿਰੋਧੀ ਏਜੰਡੇ ਤਹਿਤ  ਸੰਗਤ ਦੇ ਗੁਰਦੁਆਰਿਆਂ ਵਿਚ ਵੱਖ ਵੱਖ ਸੰਪਰਦਾਵਾਂ ਆਪੋ ਆਪਣੇ ਏਜੰਡੇ ਤੇ ਕੰਮ ਕਰ ਰਹੀਆਂ ਸਨ।
ਐਸਾ ਹੀ ਇੱਕ ਮਾਮਲਾ ਯੂ ਕੇ ਦੇ ਇੱਕ ਬਾਬੇ ਨੇ ਅਚਾਨਕ ਹੀ ਭਖਾ ਦਿੱਤਾ। ਜਿਸ ਕਥਾ ਕਾਰਨ ਮਾਮਲਾ ਭਖਿਆ ਉਸ ਵਿਚ ਬਾਬੇ ਨੇ ਕਿਹਾ ਸੀ ਕੀ ਉਹ ਇੱਕ ਅਖੰਡ ਕੀਰਤਨੀ ਪਰਿਵਾਰ ਦੇ ਘਰ ਗਏ ਤਾਂ ਪਤਾ ਲੱਗਾ ਕਿ ਪਰਿਵਾਰ ਦਾ ਮਨ ਨਹੀਂ ਟਿਕਦਾ ਤਾਂ ਪਤਾ ਲੱਗਾ ਕਿ ਪਰਿਵਾਰ ਰਾਗ ਮਾਲਾ ਨਹੀਂ ਪੜ੍ਹਦਾ ਇਸ ਕਰਕੇ ਘਰ ਵਿਚ ਭੂਤਾਂ ਦਾ ਪਹਿਰਾ ਹੈ। ਇਸ ਸਬੰਧੀ ਅਖੰਡ ਕੀਰਤਨੀ ਜਥੇ ਦੇ ਸਿੰਘ ਜਦੋਂ ਬਾਬੇ ਨਾਲ ਗੱਲ ਕਰਨ ਗਏ ਕਿ ਪੰਥਕ ਮਰਿਯਾਦਾ ਵਿਚ ਰਾਗ ਮਾਲਾ ਪੜ੍ਹਨ ਦੀ ਛੋਟ ਹੈ ਤਾਂ ਬਾਬਾ ਜੀ ਨਰਾਜ਼ ਹੋ ਗਏ ਤੇ ਫਿਰ ਇੱਕ ਇਸ਼ਤਿਹਾਰ ਸੋਸ਼ਲ ਸਾਈਟਾਂ ਤੇ ਪੜ੍ਹਨ ਨੂੰ ਮਿਲਿਆ ਕਿ ਬਾਬਾ ਜੀ ਤੇਲ ਦੇ ਉਬਲਦੇ ਕੜਾਹੇ ਵਿਚ ਬੈਠ ਕੇ ਇਹ ਸਾਬਤ ਕਰਨਗੇ ਕਿ ਰਾਗ ਮਾਲਾ ਬਾਣੀ ਹੈ ਤੇ ਉਹਨਾ ਦਾਅਵਾ ਕੀਤਾ ਕਿ ਇੰਝ ਕਰਨ ਨਾਲ ਉਹਨਾ ਦਾ ਸ਼ਰੀਰ ਨਹੀਂ ਸੜਨਾ। ਮਾਮਲਾ ਗਰਮ ਦੇਖ ਕੇ ਕਿਸੇ ਸ਼ਰਾਰਤੀ ਨੇ ਇੱਕ ਹੋਰ ਪੋਸਟ ਸੋਸ਼ਲ ਸਾਈਟਾਂ ਤੇ ਪਾਈ ਕਿ ਅਖੰਡ ਕੀਰਤਨੀ ਜਥੇ ਦੇ ਸਿੰਘ ਅਤੇ ਪੰਥ ਪ੍ਰਵਾਣਤ ਸਿੱਖ ਰਹਿਤ ਮਰਿਯਾਦਾ ਤੇ ਪਹਿਰਾ ਦੇ ਰਹੇ ਸਿੰਘ ਇਸ ਬਾਬੇ ਦੀ ਕਰਾਮਾਤ ਦੇ ਖਿਲਾਫ ਡਰਬੀ ਗੁਰਦਵਾਰੇ ਦੀਆਂ ਛੱਤਾਂ ਤੇ ਚੜ੍ਹ ਕੇ ਛਾਲਾਂ ਮਾਰ ਦੇਣਗੇ। ਸਾਡੀ ਆਪਣੀ ਸੋਚ ਮੁਤਾਬਕ ਗੁਰੂ ਦੇ ਅੰਮ੍ਰਿਤਧਾਰੀ ਸਿੰਘ ਅਜੇਹੀਆਂ ਕਮੀਨੀਆਂ ਹਰਕਤਾਂ ਕਦੀ ਨਹੀਂ ਕਰ ਸਕਦੇ ਇਹ ਜਰੂਰ ਕਿਸੇ ਤੀਸਰੀ ਧਿਰ ਦੀ ਸਾਜਸ਼ ਹੈ ਜੋ ਕਿ ਸਿੱਖਾਂ ਨੂੰ  ਰਹਿਤ ਮਰਿਯਾਦਾ ਦੇ ਮੁੱਦੇ ਤੇ ਇੱਕ ਦੂਜੇ ਦੇ ਗਲ ਪਾਉਣ ਦਾ ਕੰਮ ਕਰ ਰਹੀ ਹੈ।
ਜਿਥੋਂ ਤਕ ਰਾਗਮਾਲਾ ਦਾ ਸਬੰਧ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਅਖੀਰਲੇ ਪੰਨੇ ਤੇ ਅੰਕਤ ਹੈ। ਵਿਦਵਾਨਾਂ ਦੀ ਖੋਜ ਮੁਤਾਬਕ ਰਾਗ ਮਾਲਾ ਅਕਬਰ ਦਾਸਸ਼ਾਹ ਦੇ ਮੁਸਲਮਾਨ ਦਰਬਾਰੀ ਕਵੀ ‘ਆਲਮ’ ਦੀ ਰਚਨਾ ਹੈ ਜੋ ਕਿ ਸੰਨ 1553 ਵਿਚ ਲਿਖੀ ਗਈ ਜਿਸ ਦੇ 353 ਛੰਦ ਹਨ। ਇਸ ਰਚਨਾ ਦੇ ਛੰਦ ਨੰਬਰ 63 ਤੋਂ 72 ਤਕ ਦਾ ਕੁਝ ਹਿੱਸਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਇੱਕ ਖੋਜ ਭਰਪੂਰ ਪੁਸਤਕ ‘ਰਾਗ ਮਾਲਾ ਨਿਰਣਯ’ ਰਚਿਤ ਸ਼ਮਸ਼ੇਰ ਸਿੰਘ ਅਸ਼ੋਕ ਪ੍ਰਕਾਸ਼ਤ ਕੀਤੀ ਸੀ ਜਿਸ ਵਿਚ ਰਾਗ ਮਾਲਾ ਦੇ ਸਰੋਤ ਬਾਰੇ ਦੱਸਿਆ ਗਿਆ । ਪਰ ਕਿਓਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤੇ ਸਰੂਪਾਂ ਵਿਚ ਰਾਗ ਮਾਲਾ ਦਰਜ ਹੈ ਇਸ ਕਰਕੇ ਇਸ ਦੇ ਹੱਕ ਵਿਚ ਖੜ੍ਹਾ ਧੜਾ ਇਸੇ ਦਲੀਲ ਤੇ ਰਾਗ ਮਾਲਾ ਨੂੰ ਗੁਰਬਾਣੀ ਪ੍ਰਚਾਰਦਾ ਹੈ। ਪੰਥ ਵਿਚ ਇਸ ਸਬੰਧੀ ਸਥਾਨਕ ਰੀਤੀ ਅਨੁਸਾਰ ਰਾਗ ਮਾਲਾ ਪੜ੍ਹਨ ਜਾਂ ਨਾ ਪੜ੍ਹਨ ਦੀ ਛੋਟ ਦਿੱਤੀ ਹੋਈ ਹੈ। ਰਾਗ ਮਾਲਾ ਦੇ ਸਬੰਧ ਵਿਚ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਦਮਦਮੀ ਟਕਸਾਲ ਦੇ ਸੰਤ ਗੁਰਬਚਨ ਸਿੰਘ ਦੇ ਸਮੇਂ ਵਿਚ ਰਾਗ ਮਾਲਾ ਸਬੰਧੀ ਵਿਤਕਰਾ ਹੋਣ ਦੇ ਬਾਵਜੂਦ ਵੀ ਅਖੰਡ ਕੀਰਤਨੀ ਜਥੇ ਅਤੇ ਟਕਸਾਲ ਦੇ ਸਿੰਘਾਂ ਦਾ ਬਹੁਤ ਪਿਆਰ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖੁਦ ਰਾਗਮਾਲਾ ਦੇ ਹੱਕ ਵਿਚ ਹੋਣ ਦੇ ਬਾਵਜੂਦ ਵੀ ਮਰਿਯਾਦਾ ਦੇ ਸਬੰਧ ਵਿਚ ਉਹ ਹਮੇਸ਼ਾਂ ਪੰਥ ਦੀ ਤਾਬਿਆ ਰਹੇ ਅਤੇ ਜਦੋਂ ਮਰਿਯਾਦਾ ਦੇ ਉਲਟ ਉਹਨਾ ਦੇ ਭਤੀਜੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਰਾਗ ਮਾਲਾ ਪੜ੍ਹੀ ਤਾਂ ਸੰਤਾਂ ਨੇ ਉਸ ਨੂੰ ਸਜ਼ਾ ਦਿੱਤੀ ਸੀ। ਪਰ ਹੁਣ ਇਹ ਮੁੱਦਾ ਗੁਰਬਾਣੀ ਦੇ ਬਹਾਨੇ ਆਪਣੀ ਧੌਂਸ ਲਈ ਲੜਨ ਦਾ ਬਣ ਗਿਆ ਹੈ। ਬਾਬਾ ਦਾਦੂਵਾਲ ਨੇ ਇਸ ਸਬੰਧੀ ਬਿਆਨ ਰਿਕਾਰਡ ਕਰਵਾਇਆ ਹੈ ਕਿ ਪੰਥਕ ਰਹਿਤ ਮਰਿਯਾਦਾ ਸਬੰਧੀ ਰਾਗ ਮਾਲਾ ਦੀ ਛੋਟ ਹੈ ਅਤੇ ਇਸ ਮਸਲੇ ਨੂੰ ਉਛਾਲਣ ਵਾਲੇ ਜੇ ਨਾ ਬਾਜ ਆਏ ਤਾਂ ਇਹ ਮਾਮਲਾ ਸ੍ਰੀ ਆਕਲ ਤਖਤ ਸੇ ਸਪੁਰਦ ਕੀਤਾ ਜਾਵੇਗਾ ਜਿਥੇ ਕਿ ਪੰਥ ਪ੍ਰਵਾਣਤ ਰਹਿਤ ਮਰਿਯਾਦਾ ਮੁਤਾਬਕ ਫੈਸਲਾ ਕੀਤਾ ਜਾਵੇਗਾ।
ਯੂ ਕੇ ਵਿਚ ਅਖੰਡ ਕੀਰਤਨੀ ਜਥੇ ਦੇ ਸਿੰਘ ਅਤੇ ਪੰਥਕ ਵਿਦਵਾਨ ਵਿਚਾਰ ਗੋਸ਼ਟੀ ਰਾਹੀਂ ਪੰਥ ਪ੍ਰਵਾਣਤ ਸਿੱਖ ਰਹਿਤ ਮਰਿਯਾਦਾ ਸਬੰਧੀ ਸੰਗਤਾਂ ਨੂੰ ਲਾਮ ਬੰਦ ਕਰ ਰਹੇ ਹਨ ਜਦ ਕਿ ਪੰਥਕ ਰਹਿਤ ਮਰਿਯਾਦਾ ਦੀ ਥਾਂ ਆਪਣੀ ਸੰਪਰਦਾ ਦੀ ਮਰਿਯਾਦਾ ਸਥਾਪਤ ਕਰਨ ਵਾਲੇ ਆਪੋ ਆਪਣੇ ਤਰੀਕਿਆਂ ਨਾਲ ਇਸ ਦਾ ਵਿਰੋਧ ਕਰ ਰਹੇ ਹਨ । ਸੰਪਰਦਾਇਕ ਮਰਿਯਾਦਾ ਦੇ ਹਾਮੀ ਇਹ ਦਲੀਲ ਦਿੰਦੇ ਹਨ ਕਿ ਕਿਓਂਕਿ ਭਾਈ ਰਣਧੀਰ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਸਮ ਦਾ ਪਾਠ ਕਰਦੇ ਸਨ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਦਾ ਪ੍ਰਕਾਸ਼ ਜਰੂਰੀ ਹੈ ਜਦ ਕਿ ਭਾਈ ਸਾਹਿਬ ਜਾਂ ਸੰਤਾਂ ਨੇ ਕਦੀ ਵੀ ਆਪੋ ਆਪਣੇ ਜਥਿਆਂ ਦੀ ਮਰਿਯਾਦਾ ਨੂੰ ਪੰਥ ਤੇ ਨਹੀਂ ਸੀ ਥੋਪਿਆ। ਅਸੀਂ ਸੰਗਤਾਂ ਨੂੰ ਚੇਤੰਨ ਕੀਤਾ ਸੀ ਕਿ ਜੇਕਰ ਗੁਰਦੁਆਰਾ ਕਮੇਟੀਆਂ ਪੰਥਕ ਰਹਿਤ ਮਰਿਯਾਦਾ ਦੇ ਮੁੱਦੇ ਤੇ ਇੱਕ ਮੁੱਠ ਅਤੇ ਇੱਕ ਜੁੱਟ ਨਾ ਹੋਈਆਂ ਤਾ ਆਉਣ ਵਾਲੇ ਦਿਨਾਂ ਵਿਚ ਗੁਰਦਵਾਰਿਆਂ ਦਾ ਮਹੌਲ ਵਿਗੜਨ ਦੇ ਆਸਾਰ ਹਨ। ਫੈਸਲਾ ਪੰਥ ਨੇ ਕਰਨਾ ਹੈ। 
ਅਕਾਲੀਆਂ ਨੇ ਜਾਂਦੇ ਜਾਂਦੇ ਕੜੀ ਘੋਲ ਦਿੱਤੀ: ਬਿੱਲੀ ਥੈਲਿਓਂ ਬਾਹਰ
ਕੁਰਸੀ ਦਾ ਜਾਦੂ ਜਦੋਂ ਸਿਰ ਚੜ੍ਹ ਕੇ ਬੋਲਦਾ ਹੈ ਤਾਂ ਇਹ ਬੰਦੇ ਦੀ ਮੱਤ ਮਾਰ ਦਿੰਦਾ ਹੈ। ਐਸਾ ਹੀ ਪ੍ਰਦਰਸ਼ਨ ਹੋਇਆ ਸਾਬੋ ਕੀ ਤਲਵੰਡੀ ਤੋਂ ਅਕਾਲੀਆਂ ਦੇ ਉਮੀਦਵਾਰ ਜੀਤ ਮੁਹਿੰਦਰ ਸਿੱਧੂ ਦੇ ਉਸ ਲੈਕਚਰ ਦਰਮਿਆਨ ਜਦ ਉਸ ਨੇ ਏਥੋਂ ਤਕ ਕਹਿ ਦਿੱਤਾ ਕਿ ਉਹ ਵਾਅਦਾ ਕਰਦਾ ਹੈ ਕਿ ਜੇਕਰ ਡੇਰੇ ਵਾਲੇ ਉਸ ਨੂੰ ਵੋਟਾਂ ਦੇਣ ਤਾਂ ਉਹ ਉਹਨਾ ਦਾ ਨਾਮ ਚਰਚਾ ਪੰਜਾਬ ਵਿਚ ਕਰਵਾਏਗਾ। ਉਸ ਦੇ ਇਸ ਬਿਆਨ ਤੇ ਡੇਰੇ ਦੇ ਪ੍ਰੇਮੀਆਂ ਨੇ ਤਾੜੀਆਂ ਮਾਰੀਆਂ ਤੇ ਹੂਟਿੰਗ ਵੀ ਕੀਤੀ। ਸੋ ਇਹ ਉਹੀ ਡੇਰਾ ਹੈ ਜਿਸ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਦਸਮ ਪਾਤਸ਼ਾਹ ਦੀ ਨਕਲ ਕਰਕੇ ਪੰਥ ਵਿਚ ਇੱਕ ਐਸੀ ਅੱਗ ਬਾਲ ਦਿੱਤੀ ਜਿਸ ਵਿਚ ਕਈ ਸ਼ਹੀਦੀਆਂ ਹੋਈਆਂ ਅਤੇ ਸੌ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ। ਇਹ ਡੇਰਾ ਹੁਣ ਖੁਲ੍ਹ ਕੇ ਬਾਦਲਾਂ ਦੀ ਹਿਮਾਇਤ ਤੇ ਆ ਖੜ੍ਹਾ ਹੋਇਆ ਹੈ ਅਤੇ ਹੁਣ ਚੋਣਾਂ ਦੇ ਨਤੀਜਿਆਂ ਮਗਰੋਂ ਹੀ ਪਤਾ ਲੱਗੇਗਾ ਕਿ ਪੰਜਾਬ ਦੇ ਲੋਕਾਂ ਨੇ ਏਨੇ ਵੱਡੇ ਅਨਰਥ ਖਿਲਾਫ ਆਪਣਾ ਮਤ ਦਿੱਤਾ ਹੈ ਜਾਂ ਕਿ ਧਰਮ ਦਾ ਮੁੱਦਾ ਹੁਣ ਉਹਨਾ ਲਈ ਕੋਈ ਮਹੱਤਵ ਨਹੀਂ ਰੱਖਦਾ।
ਇਸ ਧਾਰਮਕ ਅਨਰਥ ਸਬੰਧੀ ਜਥੇਦਾਰ ਗੁਰਮੁਖ ਸਿੰਘ ਦਮਦਮਾ ਸਾਹਿਬ ਦੇ ਬਿਆਨ ਪੜ੍ਹਨ ਨੂੰ ਮਿਲੇ ਹਨ। ਉਹਨਾ ਕਿਹਾ ਕਿ ਬਾਦਲਾਂ ਨੇ ਪੰਥਕ ਰਵਾਇਤ ਨੂੰ ਖਤਮ ਕਰ ਦਿੱਤਾ ਹੈ। ਇਹ ਵੀ ਕਿਹਾ ਕਿ ਸੌਦੇ ਦੇ ਪ੍ਰੇਮੀਆਂ ਨੇ ਬਾਦਲਾਂ ਨੂੰ ਵੋਟ ਤਾਂ ਨਹੀਂ ਪਉਣੀ ਪਰ ਹਮਾਇਤ ਦਾ ਐਲਾਨ ਕਰਕੇ ਉਹ ਅਕਾਲੀਆਂ ਨੂੰ ਖਤਮ ਕਰਨ ਦੀ ਸਾਜਿਸ਼ ਨੂੰ ਸਰਅੰਜਾਮ ਦੇ ਰਹੇ ਹਨ। ਜਥੇਦਾਰ ਜੀ ਨੇ ਇਹ ਮੁੱਦਾ ਅਕਾਲ ਤਖਤ ਤੇ ਚੁੱਕਣ ਦੀ ਗੱਲ ਵੀ ਕੀਤੀ ਹੈ ਪਰ ਦੇਖਣਾ ਇਹ ਹੈ ਕਿ ਬਦਲੇ ਹੋਏ ਹਾਲਾਤਾਂ ਵਿਚ ਜਥੇਦਾਰ ਜੀ ਆਪਣੇ ਪੈਂਤੜੇ ਤੇ ਖਰੇ ਉਤਰਦੇ ਵੀ ਹਨ ਜਾਂ ਨਹੀਂ। ਜਥੇਦਾਰ ਜੀ ਤੋਂ ਅਗਲਾ ਨਾਮ ਭਾਈ ਕਮਲਜੀਤ ਸਿੰਘ ਵਨਚਿੜੀ ਦਮਦਮੀ ਟਕਸਾਲ ਵਾਲਿਆਂ ਦੇ ਬਿਆਨ ਸੁਣਨ ਨੂੰ ਮਿਲੇ ਹਨ ਜਿਹਨਾ ਨੇ ਅਕਾਲੀਆਂ ਨੂੰ ਕਰਤੂਤ ਪਸ਼ੂ ਕੀ ਮਾਨਸ ਜਾਤ ਕਹਿ ਕੇ ਝਾੜ ਪਾਈ ਹੈ। ਉਹਨਾਂ ਨੇ ਟਕਸਾਲੀ ਆਗੂਆਂ ਨੂੰ ਵੀ ਕਿਹਾ ਹੈ ਕਿ ਉਹ ਕੀ ਸੋਚ ਕੇ ਬਾਦਲਾਂ ਦਾ ਸਮਰਥਨ ਕਰ ਰਹੇ ਹਨ ਜੋ ਕਿ ਸਿੰਘਾਂ ਨੂੰ ਅੱਤਵਾਦੀ ਵੀ ਕਹਿੰਦੇ ਹਨ ਅਤੇ ਯਾਦਗਾਰਾਂ ਵੀ ਬਣਾ ਰਹੇ ਹਨ। ਭਾਈ ਵਨਚਿੜੀ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਬੰਧੀ ਵੀ ਇਤਰਾਜ਼ ਕੀਤਾ ਹੈ ਕਿ ਹੁਣ ਉਸ ਦੀ ਜੁਬਾਨ ਨੂੰ ਕੀ ਤੋਤਲਾ ਪੈ ਗਿਆ ਹੈ? ਉਹ ਲੋਕ ਜੋ ਕਿ ਆਏ ਦਿਨ ਪੰਥਕ ਰਹਿਤ ਮਰਿਯਾਦਾ ਸਬੰਧੀ ਟਿੰਡ ਵਿਚ ਕਾਨਾ ਪਾਈ ਰੱਖਦੇ ਹਨ ਉਹਨਾ ਦੀ ਜ਼ੁਬਾਨ ਇਹ ਸਭ ਅਨਰਥ ਦੇਖ ਕੇ ਤਾਲੂ ਨਾਲ ਲੱਗੀ ਹੋਈੌ ਹੈ। ਡੇਰਾ ਸਿਰਸਾ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾਂ ਕਰਨ ਵਾਲੇ ਅਕਾਲੀਆਂ ਖਿਲਾਫ ਜਾਂਚ ਕਰਨ ਲਈ ਪ੍ਰੋ: ਬਡੂੰਗਰ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਪਰ ਇਸ ਨੂੰ ਈਦੋਂ ਬਾਅਦ ਤੰਬਾ ਫੂਕਣ ਵਾਲੀ ਗੱਲ ਕਿਹਾ ਗਿਆ ਹੈ। ਚੇਤੇ ਰਹੇ ਕਿ ਜੀਤ ਮੁਹਿੰਦਰ ਸਿੱਧੂ ਨਾਲ ਇਸ ਸਟੇਜ ਤੇ ਬਠਿੰਡਾ ਅਤੇ ਮਾਨਸਾ ਹਲਕਿਆਂ ਦੇ 9 ਉਮੀਦਵਾਰ ਵੀ ਹਾਜ਼ਰ ਸਨ।
ਕੁਝ ਝੜਪਾਂ ਮਗਰੋਂ ਚੋਣਾ ਖਤਮ
ਪੰਜਾਬ ਵਿਧਾਨ ਸਾਹਿਬ ਦੀਆਂ 2017 ਦੀਆਂ ਚੋਣਾਂ ਆਮ ਆਦਮੀ ਵਲੋਂ ਤੀਜੀ ਧਿਰ ਬਣਨ ਨਾਲ ਵੱਖਰੇ ਅੰਦਾਜ਼ ਵਿਚ ਸੰਪੂਰਨ ਹੋ ਗਈਆਂ । ਪੰਜਾਬ ਦੇ ਪੇਂਡੂ ਖੇਤਰਾਂ ਵਿਚ 90% ਮਤਦਾਨ ਹੋਇਆ ਜਦ ਕਿ ਸ਼ਹਿਰਾਂ ਵਿਚ 60 ਫੀ ਸਦੀ ਭੁਗਤਾਨ ਨਾਲ ਔਸਤ 78.6 ਦਾ ਮਤਦਾਨ ਹੋਇਆ। ਮਜੀਠਾ ਕਿੱਲਿਆਂ ਵਾਲੀ ਅਤੇ ਕੁਝ ਇੱਕ ਹੋਰ ਥਾਵਾਂ ਤੇ ਝੜਪਾਂ ਵੀ ਹੋਈਆਂ ਜਦ ਕਿ ਦੋ ਥਾਵਾਂ ਤੇ ਫਾਇਰਿੰਗ ਵੀ ਹੋਈ। ਸ੍ਰੀ ਅਕਾਲ ਤਖਤ ਦੇ ਜਥੇਦਾਰ ਵੋਟਾਂ ਮੁੱਕਣ ਮਗਰੋਂ ਮਸੀਂ ਹੀ ਲੱਭੇ ਅਤੇ ਉਹਨਾ ਨੇ ਮਲਵੀ ਜੀਭੇ ਡੇਰਾ ਸਿਰਸਾ ਜਾਣ ਵਾਲੇ ਅਕਾਲੀਆਂ ਵਿਰੁਧ ਕਾਰਵਾਈ ਦੀ ਗੱਲ ਕੀਤੀ। ਜਿਹਨਾ ਜ਼ਿਲਿਆਂ ਵਿਚ ਮਸ਼ੀਨਾਂ ਦੀ ਖਰਾਬੀ ਕਾਰਨ 9 ਫਰਵਰੀ ਨੂੰ ਦੁਬਾਰਾ ਚੋਣਾਂ ਹੋਣਗੀਆਂ ਉਹਨਾ ਵਿਚ ਅਮਮ੍ਰਤਸਰ, ਮਜੀਠਾ , ਮੋਗਾ, ਮੁਕਤਸਰ, ਸਰਦੂਲਗੜ੍ਹ ਅਤੇ ਸੰਗਰੂਰ ਦੇ ਨਾਮ ਸ਼ਾਮਲ ਹਨ।

Wednesday, September 30, 2015

ਡੇਰਾ ਮੁਖੀ ਨੂੰ ਮੁਆਫੀ ਦੇ ਖਿਲਾਫ਼ PAU ਵਿਦਿਆਰਥੀ ਰਹੇ ਹੜਤਾਲ 'ਤੇ

Wed, Sep 30, 2015 at 3:33 PM
ਖੇਤੀਬਾੜੀ ਯੂਨੀਵਰਸਿਟੀ ਵਿੱਚ ਕਲਾਸਾਂ  ਰਹੀਆਂ ਸੁੰਨਸਾਨ 
ਲੁਧਿਆਣਾ: 30 ਸਤੰਬਰ 2015:  (ਪੰਜਾਬ ਸਕਰੀਨ ਬਿਊਰੋ):
ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ  ਗੁਰਮੀਤ ਰਾਮ ਰਹੀਮ ਨੂੰ ਮੁਆਫ ਕੀਤੇ ਜਾਣ ਦੇ ਤੌਰ ਤਰੀਕੇ ਦੇ  ਵਿਰੁਧ ਵਿਦਿਆਰਥੀ ਵਰਗ ਵੀ ਕਾਫੀ ਨਾਰਾਜ਼। ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਵਿਦਿਆਰਥੀਆਂ ਨੇ ਅੱਜ ਪੂਰੀ ਤਰਾਂ ਸ਼ਾਂਤ ਰਹਿੰਦਿਆਂ ਆਪਣੀਆਂ ਕਲਾਸਾਂ ਚੋਣ ਗੈਰ ਹਾਜਿਰ ਰਹਿ ਕੇ ਆਪਣੇ ਰੋਸ  ਦਾ ਪ੍ਰਗਟਾਵਾ ਕੀਤਾ।  ਉਹਨਾਂ ਕਲਾਸਾਂ ਦਾ ਬਾਈਕਾਟ ਕੀਤਾ ਅਤੇ ਗੁਰਦੁਆਰਾ ਸਾਹਿਬ  ਵਿਖੇ ਇਕੱਤਰ  ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਪੰਜਾਬ ਨੂੰ ਲੰਮੇ ਸਮੇਂ ਤੱਕ ਖੂਨ ਵਿੱਚ ਡੁਬੋਈ ਰੱਖਣ ਵਾਲੀ ਸ਼ਰਮਨਾਕ ਸਿਆਸਤ ਨੂੰ ਫਿਰ ਉਭਾਰਨ ਦੀ ਖਤਰਨਾਕ ਸਾਜਿਸ਼ ਦੇ ਖਿਲਾਫ਼ ਵਿਦਿਆਰਥੀ ਵਰਗ ਦਾ  ਇਹ ਅਨੁਸ਼ਾਸਿਤ ਵਿਰੋਧ ਇੱਕ ਅਜਿਹੀ ਯੁਵਾ ਸ਼ਕਤੀ ਦੇ ਪ੍ਰਤੀਕ ਵੱਜੋਂ ਸਾਹਮਣੇ ਆਇਆ ਹੈ ਜਿਸਦੇ ਸਾਹਮਣੇ ਸਥਾਪਿਤ ਸਿਆਸੀ ਧਿਰਾਂ ਬੌਨੀਆਂ ਹੋਈਆਂ ਲੱਗ ਰਹੀਆਂ ਹਨ। 
ਅੱਜ ਪੰਜਾਬ ਖੇਤੀਬਾੜੀ ਯੂਨਿਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਵੱਲੋਂ ਅਕਾਲ ਤਖ਼ਤ ਦੇ ਲਏ ਡੇਰਾ ਸੱਚਾ ਸੌਦਾ ਮੁੱਖੀ ਨੂੰ ਦਿੱਤੀ ਗਈ ਮੁਆਫੀ ਦੇ ਫੈਸਲੇ ਦੇ ਤਰੀਕੇ ਦੇ ਵਿਰੋਧ ਵਿੱਚ ਰੋਸ ਮੁਜਾਹਰਾ ਕੀਤਾ ਗਿਆ। ਜਿਸ ਦੌਰਾਨ ਵਿਦਿਆਰਥੀਆਂ ਵੱਲੋਂ ਸਵੇਰੇ 9 ਵਜੇ ਤੋ ਬਾਅਦ ਦੁਪਿਹਰ 2 ਵਜੇ ਤਕ ਕਲਾਸਾਂ ਦਾ ਬਾਈਕਾਟ ਕੀਤਾ ਗਿਆ ਅਤੇ ਇਸਦੀ ਥਾਂ ਪੀਏਯੂ ਦੇ ਗੁਰਦਵਾਰਾ ਸਾਹਿਬ ਵਿਖੇ ਕੀਰਤਨ ਸਮਾਗਮ ਕੀਤਾ ਗਿਆ। ਇਸ ਮੌਕੇ ਸਰਬਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ। ਹਾਲਾਕਿਂ ਵਿਦਿਆਰਥੀਆਂ ਵੱਲੋਂ ਸੰਪੂਰਨ ਤੌਰ ਉੱਪਰ ਸ਼ਾਂਤਮਈ ਢੰਗ ਅਪਨਾਇਆ ਗਿਆ ਅਤੇ ਕਿਸੇ ਵੀ ਪ੍ਰਕਾਰ ਦੀ ਨਾਅਰੇਬਾਜੀ ਜਾਂ ਹਿੰਸਾ ਤੋ ਗੁਰੇਜ਼ ਕੀਤਾ ਗਿਆ ਫਿਰ ਵੀ ਪੁਲਿਸ ਨੇ ਇਸ ਇਲਾਕੇ ਨੂੰ ਆਪਣੀ ਛਾਉਣੀ ਬਣਾਇਆ ਹੋਇਆ ਸੀ। |
ਇੱਕ ਵਿਦਿਆਰਥੀ ਨੇ ਗੱਲ ਬਾਤ ਕਰਦਿਆ ਦੱਸਿਆ," ਅਸੀਂ ਅਕਾਲ ਤਖ਼ਤ ਵੱਲੋਂ ਲਏ ਡੇਰਾ ਸੱਚਾ ਸੌਦਾ ਮੁੱਖੀ ਨੂੰ ਮੁਆਫੀ ਦੇ ਤਰੀਕੇ ਦੇ ਫੈਸਲੇ ਤੋ ਬਹੁਤ ਨਿਰਾਸ਼ ਹਾਂ ਜਿਸ ਦੇ ਚੱਲਦਿਆਂ 29 ਸਾਲ ਦੇ ਇੱਕ ਲੰਬੇ ਸਮੇ ਬਾਅਦ ਸਰਬਤ ਖਾਲਸਾ ਦੀ ਫੌਰੀ ਮੀਟਿੰਗ ਬੁਲਾਈ ਜਾ ਰਹੀ ਹੈ  ਕਿਉਂਕਿ ਸਰਬਤ ਖਾਲਸਾ ਦੀ ਅਖੀਰਲੀ ਮੀਟਿੰਗ 26 ਜਨਵਰੀ 1986 ਨੂੰ ਬੁਲਾਈ ਗਈ ਸੀ।"
ਇੱਕ ਵਿਦਿਆਰਥਣ ਨੇ ਵਿਚਾਰ ਪੇਸ਼ ਕਰਦਿਆ ਕਿਹਾ," ਗਿਆਨੀ ਜੈਲ ਸਿੰਘ ਉਸ ਸਮੇਂ ਦੇ ਰਾਸ਼ਟਰਪਤੀ, ਸੁਰਜੀਤ ਸਿੰਘ ਬਰਨਾਲਾ ਸਾਬਕਾ ਮੁੱਖ ਮੰਤਰੀ ਅਤੇ ਪਿਛੇ ਜਿਹੇ ਬਿਕਰਮਜੀਤ ਸਿੰਘ ਮਜੀਠੀਆ ਕੈਬਨਿਟ ਮੰਤਰੀ ਪੰਜਾਬ ਨੇ ਅਕਾਲ ਤਖ਼ਤ ਤੋ ਮੁਆਫੀ ਮੰਗੀ ਅਤੇ ਲੱਗੀ ਤਨਖਾਹ ਨੂੰ ਖਿੜੇ ਮਾਥੇ ਸਵੀਕਾਰ ਕੀਤਾ"
ਖਾਲੀ ਪਏ ਕਲਾਸ ਰੂਮ ਅਤੇ ਲੈਕਚਰ ਹਾਲ ਤੋ ਵਿਦਿਆਰਥੀਆਂ ਦਾ ਰੋਸ ਸਾਫ਼ ਜ਼ਾਹਿਰ ਹੋ ਰਿਹਾ ਸੀ। ਦੂਜੇ  ਪਾਸੇ  ਵਿਦਿਆਰਥੀ ਗੁਰਦਵਾਰਾ ਸਾਹਿਬ ਵਿਖੇ ਹੁੰਮ ਹੁੰਮਾ ਕੇ ਭੀੜਾ ਬੰਨਕੇ ਪੁੱਜੇ। 
ਇੱਕ ਹੋਰ ਵਿਦਿਆਰਥੀ ਨੇ ਵੀ ਗੱਲ ਰਖਦਿਆ ਕਿਹਾ," ਅਸੀਂ ਸਾਰੇ ਅਕਾਲ ਪੁਰਖ ਵਿੱਚ ਸਿਰੜ ਵਿਸ਼ਵਾਸ ਰਖਦੇ ਹਾਂ ਇਸੇ ਲਈ ਮੁਜਾਹਰੇ ਦੀ ਰੂਪ ਰੇਖਾ ਸ਼ਾਂਤਮਈ ਰੱਖੀ ਗਈ ਹੈ। ਕਿਸੇ ਵੀ ਪ੍ਰਕਾਰ ਦੀ ਹਿੰਸਾ ਜਾ ਨਾਅਰੇਬਾਜੀ ਨਹੀ ਕੀਤੀ ਗਈ। ਇਸਦੇ ਬਾਵਜੂਦ ਪੁਲਿਸ ਅਤੇ ਐਂਟੀ ਰਾਇਟ ਟਾਸਕ ਫੋਰਸ ਵੱਡੀ ਗਿਣਤੀ ਵਿੱਚ ਪੀਏਯੂ ਪਹੁੰਚੀ ਅਤੇ ਗੁਰਦਵਾਰਾ ਸਾਹਿਬ ਦੇ ਅੱਗੇ ਇੱਕ ਛਾਉਣੀ ਦਾ ਰੂਪ ਅਖਤਿਆਰ ਕਰ ਲਿਆ। ਓਹਨਾ ਕੁਝ ਵਿਦਿਆਰਥੀਆਂ ਨੂੰ ਪਰੇਸ਼ਾਨ ਕਰਨ ਦੀ ਵੀ ਕੋਸ਼ਿਸ਼ ਕੀਤੀ ਜੋ ਬਹੁਤ ਹੀ ਸ਼ਰਮਨਾਕ ਹਰਕਤ ਹੈ। 

Sunday, September 20, 2015

ਫਿਲਮ ਦਾ ਮਾਮਲਾ ਬਣਿਆ ਅੰਦੋਲਨ ਦਾ ਹਥਿਆਰ

ਡੇਰਾ ਪ੍ਰੇਮੀਆਂ ਨੇ ਬਾਰਿਸ਼ ਦੇ ਬਾਵਜੂਦ ਕੀਤਾ ਕਈ ਥਾਈਂ ਸ਼ਕਤੀ ਦਾ ਵਖਾਵਾ 
ਲੁਧਿਆਣਾ: 20 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀਆਂ ਦਾ ਅੰਦੋਲਨ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਸਰਕਾਰ ਬੜੀ ਬੇਬਸ ਜਿਹੀ ਨਜ਼ਰ ਆ ਰਹੀ ਹੈ। ਆਵਾਜਾਈ ਠੱਪ ਕਰਨਾ ਇਹਨਾਂ ਸ਼ਰਧਾਲੂਆਂ ਲਈ  ਆਮ ਜਿਹੀ ਗੱਲ ਹੈ।  
ਐਮ.ਐਸ.ਜੀ. 2 ਫ਼ਿਲਮ ਦੀ ਰਿਲੀਜ਼ ਦੀ ਮੰਗ ਨੂੰ ਲੈ ਕੇ ਪੰਜਾਬ 'ਚ ਡੇਰਾ ਸਿਰਸਾ ਸਮਰਥਕਾਂ ਨੇ ਆਪਣਾ ਸੰਘਰਸ਼ ਹੁਣ ਬਠਿੰਡਾ ਮੁਕਤਸਰ ਤੋਂ ਬਾਅਦ ਪੰਜਾਬ ਦੇ ਦੂਸਰੇ ਹਿੱਸਿਆਂ 'ਚ ਵੀ ਫੈਲਾ ਦਿੱਤਾ ਹੈ। ਅੱਜ ਵੀ 200 ਦੇ ਕਰੀਬ ਡੇਰਾ ਸਮਰਥਕਾਂ ਨੇ ਭਾਰੀ ਬਾਰਸ਼ ਦੇ ਬਾਵਜੂਦ ਸੰਗਰੂਰ ਰੇਲਵੇ ਸਟੇਸ਼ਨ 'ਤੇ ਬੈਠ ਕੇ ਫਿਰੋਜ਼ਪੁਰ-ਹਿਸਾਰ ਪੈਸੇਂਜਰ ਟਰੇਨ ਨੂੰ ਰੋਕ ਲਿਆ। ਇਸੇ ਤਰ੍ਹਾਂ  ਦਿੱਲੀ-ਲੁਧਿਆਣਾ ਰੇਲ ਟਰੈਕ 'ਤੇ ਬੈਠ ਕੇ ਅਨਿਸ਼ਚਿਤ ਸਮੇਂ ਲਈ ਰੂਟ ਨੂੰ ਠੱਪ ਕਰ ਦਿੱਤਾ। ਡੇਰਾ ਸਮਰਥਕ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ ਤੇ ਪੰਜਾਬ 'ਚ ਫ਼ਿਲਮ ਨੂੰ ਰਿਲੀਜ਼ ਕਰਨ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ, ਡੇਰਾ ਸਿਰਸਾ ਮੁਖੀ ਦੀ ਐਮ.ਐਸ.ਜੀ. 2 ਫਿਲਮ ਨੂੰ ਪੰਜਾਬ 'ਚ ਰਿਲੀਜ਼ ਨਾ ਕਰਨ ਤੋਂ ਨਿਰਾਸ਼ ਡੇਰਾ ਸਮਰਥਕਾਂ ਨੇ ਅੱਜ ਫਿਰੋਜ਼ਪੁਰ-ਫਾਜਿਲਕਾ ਰੇਲ ਮਾਰਗ ਨੂੰ ਬਲਾਕ ਕਰ ਦਿੱਤਾ ਹੈ। ਜਿਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿੰਗਾਈ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਲੜਕੀਆਂ ਨਾਲ ਨਿੱਤ ਦਿਹਾੜੇ ਹੋ ਰਹੇ ਬਲਾਤਕਾਰਾਂ ਦੇ ਖਿਲਾਫ਼ ਹੋ ਰਹੇ ਖੱਬੇ ਪੱਖੀ ਸੰਘਰਸ਼ਾਂ ਨੂੰ ਡੇਰਾ ਪ੍ਰੇਮੀਆਂ ਦੇ ਇਸ ਫਿਲਮ ਦਿਖਾਓ ਅੰਦੋਲਨ ਨੇ ਕਾਫੀ ਸੱਤ ਮਾਰੀ ਹੈ।  ਇਸ ਨਾਲ ਲੋਕਾਂ ਦਾ ਧੀਆਂ ਵੀ ਵੰਡਿਆ ਗਿਆ ਹੈ ਜਿਸਦਾ ਫਾਇਦਾ ਆਖਿਰ ਲੋਕ ਦੁਸ਼ਮਨਾਂ ਨੂੰ ਜਾਣਾ ਹੈ। ਹੁਣ ਦੇਖਣਾ ਹੈ ਕਿ ਸਰਕਾਰ ਆਪਣੇ ਵੋਟ ਬੈਂਕ ਦੀ ਚਿੰਤਾ ਕਰਦੀ ਹੈ ਜਾਂ ਫਿਰ ਰਾਜ ਧਰਮ ਨਿਭਾ ਕੇ ਉਹਨਾਂ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰਦੀ ਹੈ ਜਿਹਨਾਂ ਨੇ ਨਾ ਫਿਲਮਾਂ ਤੋਂ ਕੁਝ ਲੈਣਾ ਦੇਣਾ ਹੈ ਅਤੇ ਨਾ ਹੀ ਸਿਆਸਤ ਤੋਂ।
ਗਿੱਦੜਬਾਹਾ: ਡੇਰਾ ਪ੍ਰੇਮੀਆਂ ਨੇ ਪੰਜਾਬ ਦੇ ਕਈ ਹਿੱਸਿਆਂ ਵਿਚ੍ਚ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਸ੍ਰੀ ਗੰਗਾਨਗਰ-ਚੰਡੀਗੜ੍ਹ ਰਾਸ਼ਟਰੀ ਰਾਜ ਮਾਰਗ ਨੰਬਰ 15 'ਤੇ ਗਿੱਦੜਬਾਹਾ ਵਿਖੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਲੰਬੀ, ਮਲੋਟ ਤੇ ਗਿੱਦੜਬਾਹਾ ਦੇ ਡੇਰਾ ਪ੍ਰੇਮੀਆਂ ਨੇ ਡੇਰਾ ਸਿਰਸਾ ਮੁਖੀ ਵੱਲੋਂ ਬਣਾਈ ਗਈ ਫ਼ਿਲਮ ਐਮ.ਐਸ. ਜੀ. 2 'ਤੇ ਪੰਜਾਬ 'ਚ ਪਾਬੰਦੀ ਦੇ ਚੱਲਦਿਆਂ ਸਵੇਰੇ 4 ਵਜੇ ਤੋਂ ਅਣਮਿਥੇ ਸਮੇਂ ਲਈ ਸੜਕੀ ਆਵਾਜਾਈ ਠੱਪ ਕੀਤੀ। ਇਸ ਨਾਲ ਸਾਰਾ ਆਮ ਜਨਜੀਵਨ ਠੱਪ ਰਿਹਾ।  ਇਸ ਮੌਕੇ ਡੇਰਾ ਪ੍ਰੇਮੀਆਂ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਤਿੱਖੀ ਨਾਅਰੇਬਾਜ਼ੀ ਵੀ ਕੀਤੀ। ਵ੍ਖਾਵਾਕਾਰੀਆਂ ਦੇ ਇੱਕ ਆਗੂ  ਹਰਚਰਨ ਸਿੰਘ ਇੰਸਾਂ ਨੇ ਕਿਹਾ ਕਿ ਸੈਂਸਰ ਬੋਰਡ ਵੱਲੋਂ ਫ਼ਿਲਮ ਨੂੰ ਚਲਾਉਣ ਲਈ ਮਨਜ਼ੂਰੀ ਦਿੱਤੀ ਹੋਈ ਹੈ ਪਰ ਪੰਜਾਬ ਸਰਕਾਰ ਦੋਹਰੀ ਨੀਤੀ ਅਪਣਾ ਰਹੀ ਹੈ। ਇਸ ਨੀਤੀ ਦੇ ਤਹਿਤ ਪ੍ਰੇਮੀਆਂ ਨੂੰ ਤਾਂ ਫ਼ਿਲਮ ਚੱਲਣ ਬਾਰੇ ਕਹਿ ਰਹੀ ਹੈ ਤੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਸਿਨੇਮਾ ਮਾਲਕਾਂ ਨੂੰ ਡਰਾ ਧਮਕਾ ਕੇ ਫ਼ਿਲਮ ਨਾ ਚਲਾਉਣ ਦੇ ਜ਼ੁਬਾਨੀ ਆਦੇਸ਼ ਦੇ ਰਹੀ ਹੈ। ਇਸ ਮੌਕੇ ਨਰਿੰਦਰਪਾਲ ਸਿੰਘ ਸਿੱਧੂ ਐਸ. ਪੀ. ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਫ਼ਿਲਮ 'ਤੇ ਕੋਈ ਪਾਬੰਦੀ ਨਹੀਂ ਹੈ ਤੇ ਨਾ ਹੀ ਸਿਨੇਮਾ ਮਾਲਕਾਂ ਨੂੰ ਫ਼ਿਲਮ ਨਾ ਚਲਾਉਣ ਦੇ ਹੁਕਮ ਜਾਰੀ ਕੀਤੇ ਹਨ। ਧਰਨੇ ਦੌਰਾਨ ਐਸ.ਪੀ. ਨਰਿੰਦਰਪਾਲ ਸਿੰਘ ਸਿੱਧੂ, ਨਰਿੰਦਰ ਸਿੰਘ ਅੰਡਰ ਟ੍ਰੇਨਿੰਗ ਡੀ.ਐਸ.ਪੀ.ਤੇ ਐਸ.ਐਚ.ਓ ਗਿੱਦੜਬਾਹਾ, ਤਹਿਸੀਲਦਾਰ ਸੁਖਵੀਰ ਸਿੰਘ ਬਰਾੜ ਮੌਕੇ ਤੇ ਇਸ ਮਸਲੇ ਨੂੰ ਸੁਲਝਾਉਣ 'ਚ ਲੱਗੇ ਹੋਏ ਸਨ। ਇਸ ਮੌਕੇ ਵੱਡੀ ਗਿਣਤੀ 'ਚ ਡੇਰਾ ਪ੍ਰੇਮੀ ਹਾਜ਼ਰ ਸਨ। ਹੁਣ ਦੇਖਣਾ ਹੈ ਕਿ ਫਿਲਮ ਦਾ ਇਹ ਵਿਵਾਦ ਕੀ ਰੁੱਖ ਅਖਤਿਆਰ ਕਰਦਾ ਹੈ।