Updated 24th June 2023 at 08:21 PM
ਪੰਜਾਬੀ ਭਵਨ ਵਿੱਚ ਲੱਗਿਆ ਕਰਦਾ ਹੈ ਇਹਨਾਂ ਦਾ ਅਜਲਾਸ
ਉਦੋਂ ਜਦੋਂ ਕੰਪਿਊਟਰ ਵੀ ਨਹੀਂ ਸਨ ਹੁੰਦੇ ਅਤੇ ਨਾ ਹੀ ਮਹਿੰਗੇ ਮਹਿੰਗੇ ਕੈਮਰੇ ਆਮ ਵਰਤੇ ਜਾਂਦੇ ਸਨ ਉਦੋਂ ਵੀ ਇਹਨਾਂ ਕਿਤਾਬਾਂ ਨੇ ਲਾਜਵਾਬ ਸਨਸਨੀਖੇਜ਼ ਖੁਲਾਸੇ ਕਰ ਕੇ ਦੱਸਿਆ ਸੀ ਕਿ ਮੀਡੀਆ ਸਿਰਫ ਅਖਬਾਰਾਂ, ਰਸਾਲਿਆਂ, ਟੀਵੀ ਚੈਨਲਾਂ ਅਤੇ ਰੇਡੀਓ ਸਟੇਸ਼ਨਾਂ ਦੀ ਜਾਗੀਰ ਨਹੀਂ ਹੁੰਦਾ। ਲੋੜ ਪੈਣ ਤੇ ਕਿਤਾਬਾਂ ਵੀ ਮੀਡੀਆ ਦੀ ਸਰਗਰਮ ਭੂਮਿਕਾ ਨਿਭਾਉਂਦੀਆਂ ਹਨ। ਜਦੋਂ ਜਦੋਂ ਵੀ ਪੁਸਤਕ ਲੇਖਕਾਂ ਨੂੰ ਇਸ ਜ਼ਿੰਮੇਵਾਰੀ ਦਾ ਅਹਿਸਾਸ ਰਿਹਾ ਹੈ ਉਦੋਂ ਉਦੋਂ ਕਿਤਾਬਾਂ ਨੇ ਸਾਬਿਤ ਵੀ ਕੀਤਾ ਕਿ ਉਹਨਾਂ ਵਿਚਲੀਆਂ ਲਿਖਤਾਂ ਅਸਲ ਵਿੱਚ ਮੁਕੰਮਲ ਅਤੇ ਖਾਸ ਰਿਪੋਰਟ ਵੀ ਹਨ। ਇਸੇ ਪਿਰਤ ਨੂੰ ਅੱਗੇ ਤੋਰਿਆ ਸੀ ਕੁਝ ਸਾਲ ਪਹਿਲਾਂ ਰਾਣਾ ਅਯੂਬ ਨੇ ਆਪਣੀ ਬਹੁ ਚਰਚਿਤ ਪੁਸਤਕ "ਗੁਜਰਾਤ ਫਾਈਲਾਂ" ਨਾਲ। ਇਸ ਪੁਸਤਕ ਨੂੰ ਤਿਆਰ ਕਰਨਾ ਇੱਕ ਲੰਮਾ ਸੰਘਰਸ਼ ਸੀ ਜਿਸ ਬਾਰੇ ਕਿਸੇ ਵੇਲੇ ਵੱਖਰੀ ਪੋਸਟ ਵੀ ਜਲਦੀ ਹੀ ਲਿਖੀ ਜਾਵੇਗੀ।
ਰਾਣਾ ਅਯੂਬ ਦੀ ਇਹ ਕਿਤਾਬ ਕਿੰਨੀਆਂ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਪਾਠਕਾਂ ਤੱਕ ਪਹੁੰਚੀ ਇਸਦਾ ਸਹੀ ਸਹੀ ਪਤਾ ਸ਼ਾਇਦ ਖੁਦ ਰਾਣਾ ਅਯੂਬ ਨੂੰ ਵੀ ਨਹੀਂ ਹੋਣਾ। ਸੱਚ ਦੇ ਖੋਜੀਆਂ ਅਤੇ ਕਿਤਾਬਾਂ ਦੇ ਆਸ਼ਕਾਂ ਨੇ ਹੁਣ ਵੀ ਇਸ ਪੁਸਤਕ ਨੂੰ ਘਰ ਘਰ ਪਹੁੰਚਾਉਣ ਦੀ ਪੂਰੀ ਵਾਹ ਲਾਈ ਹੋਈ ਹੈ। ਕੁਝ ਹੋਰ ਪੁਸਤਕਾਂ ਵੀ ਇਸ ਪੁਸਤਕ ਮਿਸ਼ਨ ਨੂੰ ਚਲਾ ਰਹੇ ਇਸ ਵਿਸ਼ੇਸ਼ ਗਰੁੱਪ ਦੀ ਨਜ਼ਰ ਵਿਚ ਹਨ। ਪ੍ਰਕਾਸ਼ਨ ਦੇ ਏਨੇ ਸਾਲਾਂ ਮਗਰੋਂ ਵੀ ਇਸ ਕਿਤਾਬ ਦੀ ਚਰਚਾ ਜਾਰੀ ਹੈ।
ਪੁਸਤਕ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਛਪੀ ਹੋਵੇ ਜਾਂ ਫਿਰ ਕਿਸੇ ਨੇ ਵੀ ਉਸ ਕਿਤਾਬ ਤੇ ਕੋਈ ਫਿਲਮ ਬਣਾ ਕੇ ਯੂਟਿਊਬ 'ਤੇ ਅਪਲੋਡ ਕੀਤੀ ਹੋਵੇ ਤਾਂ ਉਸ ਪੁਸਤਕ ਦੀ ਚਰਚਾ ਪੰਜਾਬੀ ਭਵਨ ਵਿਚਲੇ ਇਸ ਪੁਸਤਕ ਕੇਂਦਰ ਵਿੱਚ ਹੁੰਦੀ ਰਹਿੰਦੀ ਹੈ। ਪੁਸਤਕਾਂ ਦੀ ਚਰਚਾ ਦੇ ਨਾਲ ਨਾਲ ਇਤਿਹਾਸ ਦੀਆਂ ਜੁੱਗ ਪਲਟਾਊ ਘਟਨਾਵਾਂ ਦੀ ਕਹਾਣੀ ਵੀ ਬੜੇ ਹੀ ਦਿਲਚਸਪ ਢੰਗ ਨਾਲ ਸਾਹਮਣੇ ਰੱਖੀ ਜਾਂਦੀ ਹੈ। ਇਥੇ ਆ ਕੇ ਉਹ ਕੁਝ ਸਿੱਖਣ ਨੂੰ ਮਿਲਦਾ ਹੈ ਜਿਹੜਾ ਸਕੂਲਾਂ, ਕਾਲਜਾਂ ਜਾਂ ਯੂਨੀਵਰਸਟੀਆਂ ਦੇ ਸਿਲੇਬਸਾਂ ਵਿੱਚੋਂ ਕਦੇ ਨਾ ਸਿੱਖਿਆ ਜਾ ਸਕੇ। ਇਥੇ ਹੁੰਦੀ ਗੱਲਬਾਤ ਸਰੋਤਿਆਂ ਨੂੰ ਕਿਸੇ ਟਾਈਮ ਮਸ਼ੀਨ ਵਾਂਗ ਅਤੀਤ ਵਿਚ ਲੈ ਜਾਂਦੀ ਹੈ।
ਲੁਧਿਆਣਾ ਦੇ ਪੰਜਾਬੀ ਭਵਨ ਵਿਚਲੀ ਇਸ ਚਰਚਾ ਨੂੰ ਸ਼ੁਰੂ ਕਰਨ ਅਤੇ ਚਲਾਉਣ ਵਾਲੀਆਂ ਆਮ ਤੌਰ ਤੇ ਤਿੰਨ ਸ਼ਖਸੀਅਤਾਂ ਹੀ ਸਾਹਮਣੇ ਹੁੰਦੀਆਂ ਹਨ। ਇਹਨਾਂ ਨੂੰ ਕਈ ਲੋਕ ਪੰਜਾਬੀ ਭਵਨ ਵਿਚ ਤਿੰਨ ਦਰਵੇਸ਼ ਵੀ ਆਖਦੇ ਹਨ। ਇਹਨਾਂ ਦੇ ਅੰਦਾਜ਼ ਨੂੰ ਦੇਖ ਕੇ ਕਦੇ ਕਦੇ ਲੱਗਦਾ ਵੀ ਹੈ ਜਿਵੇਂ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਆਪ ਇਸ ਅਸਥਾਨ ਤੇ ਉਤਰ ਆਏ ਹੋਣ। ਇਹ ਤਿੰਨੇ ਦਰਵੇਸ਼ ਹਨ ਬਾਪੂ ਬਲਕੌਰ ਸਿੰਘ ਗਿੱਲ, ਡਾਕਟਰ ਬਲਵਿੰਦਰ ਔਲਖ ਅਤੇ ਆਰ ਪੀ ਸਿੰਘ। ਇਹਨਾਂ ਦੇ ਨਾਲ ਹੀ ਪੁਸਤਕ ਵਿਕਰੀ ਕੇਂਦਰ ਵਿਚ ਬੈਠੇ ਅਜਮੇਰ ਸਿੰਘ ਅਤੇ ਇਥੋਂ ਦੇ ਦੋ ਤਿੰਨ ਹੋਰ ਸੰਚਾਲਕ ਅਤੇ ਕਦੇ ਕਦੇ ਕੁਝ ਹੋਰ ਲੋਕ ਵੀ ਇਸ ਚਰਚਾ ਵਿਚ ਸ਼ਾਮਲ ਹੁੰਦੇ ਰਹਿੰਦੇ ਹਨ। ।
ਜੇਕਰ ਚਰਚਾ ਵਿੱਚ ਭਾਗ ਲੈਣ ਵਾਲਿਆਂ ਦੀ ਗਿਣਤੀ ਵੱਧ ਜਾਵੇ ਤਾਂ ਇਹ ਸਾਰੇ ਜਣੇ ਪੰਜਾਬੀ ਭਵਨ ਦੇ ਗਰਾਊਂਡ ਵਿੱਚ ਆ ਕੇ ਕਿਸੇ ਛਾਂ ਵਾਲੀ ਥਾਂ 'ਤੇ ਪਏ ਕੋਈ ਦੋ ਚਾਰ ਬੈਂਚ ਭਾਲ ਲੈਂਦੇ ਹਨ। ਲੋਹੇ ਦੇ ਬਣੇ ਇਹਨਾਂ ਭਾਰੇ ਭਾਰੇ ਬੈਂਚਾਂ ਨੂੰ ਚੁੱਕ ਕੇ ਇੱਕ ਤੋਂ ਦੂਜੀ ਥਾਂ ਕਰਨਾ ਕੋਈ ਸੌਖਾ ਨਹੀਂ ਹੁੰਦਾ ਪਰ ਫਿਰ ਵੀ ਸਾਰੇ ਜਣੇ ਰਲ ਮਿਲ ਕੇ ਇਹ ਸਭ ਕਰ ਹੀ ਲੈਂਦੇ ਹਨ। ਇਹ ਤਿੰਨੇ ਦਰਵੇਸ਼ ਅਤੇ ਇਹਨਾਂ ਦੇ ਸਾਥੀ ਧੁੱਪੇ ਪਏ ਬੈਂਚਾਂ ਨੂੰ ਬੜੇ ਹੀ ਸਨੇਹ ਅਤੇ ਸਤਿਕਾਰ ਨਾਲ ਚੁੱਕ ਕੇ ਛਾਂਵੇਂ ਲੈ ਆਉਂਦੇ ਹਨ। ਇਸ ਅਦਬੀ ਸਥਾਨ ਤੇ ਇਹਨਾਂ ਬੈਂਚਾਂ ਨੂੰ ਵੀ ਬੜੇ ਹੀ ਅਦਬ ਨਾਲ ਏਧਰ ਓਧਰ ਕੀਤਾ ਜਾਂਦਾ ਹੈ।
ਫਿਰ ਇਸ ਸੰਘਣੀ ਛਾਂ ਵਾਲੀ ਥਾਂ 'ਤੇ ਮੁੜ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੀ ਚਰਚਾ ਵਾਲੀ ਬੈਠਕ। ਸੰਸਦ ਮੈਂਬਰਾਂ ਦੇ ਨਵੇਂ ਸੈਸ਼ਨ ਵਾਂਗ ਇਥੇ ਵੀ ਕਾਫੀ ਕੁਝ ਵਿਚਾਰਿਆ ਜਾਂਦਾ ਹੈ। ਵਿੱਚ ਵਿੱਚ ਬਾਪੂ ਬਲਕੌਰ ਸਿੰਘ ਜੀ ਚਾਹ ਪਾਣੀ ਦਾ ਆਰਡਰ ਵੀ ਭੇਜ ਦੇਂਦੇ ਹਨ ਅਤੇ ਕੰਟੀਨ ਵਾਲਾ ਇਥੇ ਚਾਹ, ਬਿਸਕੁਟ, ਪਰੌਂਠੇ ਅਤੇ ਸਮੋਸੇ ਵਗੈਰਾ ਵਰਤਾਅ ਜਾਂਦਾ ਹੈ। ਯਾਦ ਆਉਣ ਲੱਗ ਪੈਂਦੀ ਹੈ ਮੁਨਸ਼ੀ ਪ੍ਰੇਮ ਚੰਦ ਹੁਰਾਂ ਦੀ ਕਹਾਣੀ "ਸ਼ਤਰੰਜ ਕੇ ਖਿਲਾੜੀ" ਦੀ। ਕਾਸ਼ ਇਸ ਕਹਾਣੀ ਦੇ ਉਹਨਾਂ ਪਾਤਰਾਂ ਵੇਲੇ ਵੀ ਪੰਜਾਬੀ ਭਵਨ ਦਾ ਇਹ ਸਥਾਨ ਹੀ ਬੈਠਣ ਵਾਲਾ ਵਿਸ਼ੇਸ਼ ਬਣ ਗਿਆ ਹੁੰਦਾ ਤਾਂ ਇਥੇ ਉਹ ਇਤਿਹਾਸਿਕ ਕਹਾਣੀ ਹੋਰ ਵੀ ਦਿਲਚਸਪ ਹੋ ਜਾਣੀ ਸੀ। ਸਾਹਿਤ ਦੇ ਬਹਾਨੇ ਜ਼ਮਾਨੇ ਭਰ ਦੀ ਚਰਚਾ ਹੋ ਜਾਇਆ ਕਰਨੀ ਸੀ।
ਸ਼ਤਰੰਜ ਕੇ ਖਿਲਾੜੀ ਯਾਦ ਆਈ ਤਾਂ ਕੁਝ ਹੋਰ ਕਹਾਵਤਾਂ ਵੀ ਯਾਦ ਆਉਣ ਲੱਗੀਆਂ ਹਨ ਜਿਹੜੀਆਂ ਅੱਜ ਵੀ ਵਰਤੀਆਂ ਤਾਂ ਜਾਂਦੀਆਂ ਹਨ ਪਰ ਹੁਣ ਪਹਿਲਾਂ ਵਾਂਗ ਨਹੀਂ। ਤੁਸੀਂ ਹੀ ਦੱਸੋ ਭਲਾ ਕਿਸੇ ਨੂੰ ਪਤਾ ਹੈ ਕਿ ਭੰਗ ਦੇ ਭਾੜੇ ਜਾਨ ਗੁਆਉਣਾ ਕੀ ਹੁੰਦਾ ਹੈ--ਇਹ ਕਹਾਵਤ ਸਭਨਾਂ ਨੇ ਸੁਣੀ ਹੋਣੀ ਹੈ ਪਰ ਇਸਦਾ ਇਤਿਹਾਸ ਕੀ ਹੈ ਇਸਦਾ ਪੂਰਾ ਪਤਾ ਹੈ ਸਰਗਰਮ ਲੇਖਕ ਗਲੈਕਸੀ ਅਰਥਾਤ ਡਾਕਟਰ ਬਲਵਿੰਦਰ ਔਲਖ ਹੁਰਾਂ ਨੂੰ ਜਿਹੜੇ ਕਿੱਤੇ ਪੱਖੋਂ ਵਿਗਿਆਨੀ ਹਨ। ਡਾਕਟਰ ਔਲਖ ਹਰ ਪਲ, ਹਰ ਕਦਮ, ਹਰ ਗੱਲ ਤੇ ਸੁਚੇਤ ਕਰਦੇ ਰਹਿੰਦੇ ਹਨ ਕਿ ਇਹ ਕਰਨਾ ਠੀਕ ਹੈ ਜਾਂ ਗਲਤ? ਜੇਕਰ ਉਹਨਾਂ ਦੀਆਂ ਨਸੀਹਤਾਂ ਨੂੰ ਮਨ ਵਿੱਚ ਵਸਾ ਕੇ ਉਸੇ ਹਿਸਾਬ ਨਾਲ ਜ਼ਿੰਦਗੀ ਗੁਜ਼ਾਰੀ ਜਾਏ ਤਾਂ ਬਿਮਾਰੀ ਸ਼ਮਾਰੀ ਨੇੜੇ ਨਹੀਂ ਆਉਂਦੀ। ਡਾਕਟਰ ਔਲਖ ਨਾਂ ਤਾਂ ਸ਼ਰਾਬ ਪੀਂਦੇ ਹਨ ਅਤੇ ਨਾਂ ਹੀ ਚਾਹ। ਜ਼ਿੰਦਗੀ ਵਿੱਚ ਬਹੁਤ ਪ੍ਰਹੇਜ਼ਗਾਰ ਵੀ ਹਨ। ਗਈਆਂ ਤਕਰੀਬਨ ਹਰ ਵਿਸ਼ੇ 'ਤੇ ਹੈ।
ਭੰਗ ਦੇ ਭਾੜੇ ਵਾਲੀ ਇਸ ਸਾਰੀ ਕਹਾਣੀ ਨੂੰ ਉਹ ਬਹੁਤ ਦਿਲਚਸਪ ਢੰਗ ਨਾਲ ਸੁਣਾਉਂਦੇ ਹਨ। ਕਈ ਤਾਂ ਬਾਰ ਬਾਰ ਗੁਜਾਰਿਸ਼ ਕਰ ਕੇ ਇਹ ਸੱਚੀ ਕਹਾਣੀ ਬਾਰ ਬਾਰ ਸੁਣਦੇ ਹਨ। ਡਾਕਟਰ ਔਲਖ ਅਕਸਰ ਦੱਸਦੇ ਹਨ ਕਿ ਕਿਹੜੇ ਕਿਹੜੇ ਮੁਲਕ ਵਿੱਚ ਕਿਹੜੇ ਕਿਹੜੇ ਮੁਲਕ ਨੇ ਕਦੋਂ ਕਦੋਂ, ਕਿਓਂ ਅਤੇ ਕਿਹੜੇ ਕਿਹੜੇ ਬਹਾਨੇ ਨਾਲ ਹਮਲੇ ਕੀਤੇ ਅਤੇ ਸਾਜ਼ਿਸ਼ਾਂ ਰਚੀਆਂ? ਕਿਸ ਕਿਸ ਨੂੰ ਕਿਸ ਕਿਸ ਨੇ ਕਿਵੇਂ ਬਚਾਇਆ? ਅੰਗੋਲਾ ਅਤੇ ਹੋਰ ਬਹੁਤ ਸਾਰੇ ਮੁਲਕਾਂ ਦਾ ਇਤਿਹਾਸ ਅਤੇ ਉਥੋਂ ਦੀਆਂ ਦੀਆਂ ਸੱਚੀਆਂ ਕਹਾਣੀਆਂ ਸੁਣਾਉਣ ਵਿਚ ਬਹੁਤ ਮਾਹਰ ਹਨ ਡਾਕਟਰ ਔਲਖ।
ਇਸਦੇ ਨਾਲ ਕਮਿਊਨਿਜ਼ਮ ਦੀ ਮੌਜੂਦਾ ਸਥਿਤੀ ਬਾਰੇ ਵੀ ਉਹ ਬਹੁਤ ਸਾਰਥਕ ਗੱਲਾਂ ਕਰ ਲੈਂਦੇ ਹਨ। ਹੁਣ ਜਦੋਂ ਕਿ ਕਮਿਊਨਿਸਟ ਪਾਰਟੀਆਂ ਹਾਸ਼ੀਏ 'ਤੇ ਆਉਂਦੀਆਂ ਲੱਗ ਰਹੀਆਂ ਹਨ ਤਾਂ ਡਾਕਟਰ ਔਲਖ ਦੱਸਦੇ ਹਨ ਕਿ ਕਿਵੇਂ ਹੁਣ ਵੀ ਮਾਰਕਸਵਾਦ ਸਫਲਤਾ ਵੱਲ ਜਾ ਰਿਹਾ ਹੈ। ਉਹਨਾਂ ਨੇ ਕਮਿਊਨਿਜ਼ਮ ਨੂੰ ਪੂਰੀ ਡੂੰਘਾਈ ਨਾਲ ਪੜ੍ਹਿਆ ਹੈ। ਕਿੱਥੇ ਕਾਰਲ ਮਾਰਕਸ ਨੇ ਕੀ ਕਿਹਾ, ਕਿਸ ਵੇਲੇ ਲੈਨਿਨ ਨੇ ਕੀ ਕਿਹਾ, ਕਿਸ ਵੇਲੇ ਟਰਾਟਸਕੀ ਦੀ ਭੂਮਿਕਾ ਕੀ ਰਹੀ ਅਤੇ ਇਸਦੇ ਨਾਲ ਹੀ ਸਟਾਲਿਨ ਦੇ ਕਾਰਜਕਾਲ ਦੀ ਚਰਚਾ ਵੀ ਬੇਬਾਕੀ ਨਾਲ ਕਰਦੇ ਹਨ।
ਉਹਨਾਂ ਨੂੰ ਸਭ ਕੁਝ ਜ਼ੁਬਾਨੀ ਯਾਦ ਹੈ। ਪੰਜਾਬ ਵਿਚਲੀ ਨਕਸਲਬਾੜੀ ਮੁਹਿੰਮ ਦੀ ਗੱਲ ਕਰੀਏ ਤਾਂ ਅਕਸਰ ਜ਼ਿਕਰ ਆਉਂਦਾ ਹੈ ਸੀ ਪੀ ਆਈ -ਐਮ ਐਲ (ਲਿਬਰੇਸ਼ਨ) ਵਾਲਿਆਂ ਦਾ ਅਤੇ ਸੀ ਪੀ ਆਈ -ਐਮ ਐਲ (ਨਿਊ ਡੈਮੋਕਰੇਸੀ) ਵਾਲਿਆਂ ਦਾ ਵੀ। ਇੱਕ ਦਿੰਨ ਸਾਡੇ ਵਿੱਚੋਂ ਹੀ ਕਿਸੇ ਨੇ ਆਖ ਦਿੱਤਾ ਕਿ ਕੀ ਵੋਟਾਂ ਵਾਲੇ ਰਾਹ ਪਏ ਨਕਸਲਬਾੜੀ ਧੜਿਆਂ ਨੇ ਹੁਣ ਹਥਿਆਰਬੰਦ ਰਾਹ ਪੂਰੀ ਤਰ੍ਹਾਂ ਤਿਆਗ ਦਿੱਤਾ ਹੈ? ਜੁਆਬ ਵਿਚ ਗਲੈਕਸੀ ਸਾਹਿਬ ਬੋਲੇ ਜਿਹੜੇ ਅਜੇ ਵੀ ਦੂਜੇ ਸੂਬਿਆਂ ਵਿੱਚ ਹਥਿਆਰ ਚੁੱਕੀ ਫਿਰਦੇ ਹਨ ਉਹ ਵੀ ਕੀ ਕਰਦੇ ਪਏ ਹਨ? ਲੋਕਾਂ ਵਿਚ ਉਹਨਾਂ ਦੀ ਸਿੱਖ ਗਿਰੋਹਾਂ ਵਾਂਗ ਬਣਦੀ ਜਾ ਰਹੀ ਹੈ। ਕੀ ਉਹਨਾਂ ਨੂੰ ਪਤਾ ਵੀ ਹੈ ਕਿ ਹੁਣ ਆਮ ਲੋਕ ਉਹਨਾਂ ਨੂੰ ਕੀ ਸਮਝਦੇ ਅਤੇ ਕੀ ਆਖਦੇ ਹਨ?
ਖੱਬੀਆਂ ਧਿਰਾਂ ਦੇ ਨਾਲ ਨਾਲ ਕਾਂਗਰਸ ਅਤੇ ਅਕਾਲੀ ਦਲ ਦੀ ਚਰਚਾ ਵੀ ਅਕਸਰ ਹੁੰਦੀ ਹੈ। ਬਾਪੂ ਬਲਕੌਰ ਗਿੱਲ ਹੁਰਾਂ ਨੂੰ ਅੱਜ ਵੀ ਸਭ ਕੁਝ ਜ਼ੁਬਾਨੀ ਯਾਦ ਹੈ ਕਿ ਪ੍ਰਤਾਪ ਸਿੰਘ ਕੈਰੋਂ ਨਾਲ ਕੀ ਕੁਝ ਕਿਵੇਂ ਵਾਪਰਿਆ? ਸੰਜੇ ਗਾਂਧੀ ਦੇ ਹਵਾਈ ਹਾਦਸੇ ਵਿਚਲੇ ਰਾਜ਼ ਕੀ ਹਨ? ਇੰਦਰਾ ਗਾਂਧੀ ਦੇ ਕਤਲ ਦੀ ਕਹਾਣੀ ਬਾਰੇ ਠੱਕਰ ਕਮਿਸ਼ਨ ਦੀ ਰਿਪੋਰਟ ਅੱਜ ਤਕ ਕਿਓਂ ਨਸ਼ਰ ਨਹੀਂ ਕੀਤੀ ਗਈ? ਬੇਅੰਤ ਸਿੰਘ ਦੇ ਕਤਲ ਵਿੱਚ ਹੋਰ ਕਿਸ ਕਿਸ ਦਾ ਹੱਥ ਸੀ? ਗਿਆਨੀ ਜ਼ੈਲ ਸਿੰਘ ਦੀਆਂ ਕੀ ਕੀ ਖੂਬੀਆਂ ਸਨ?ਰਾਜਿੰਦਰ ਕੌਰ ਭੱਠਲ ਕੋਲੋਂ ਕਿਸ ਨੇ ਭਲੇ ਵੇਲਿਆਂ ਵਿਚ ਮੰਗੇ ਸਨ ਚਾਰ ਕਰੋੜ ਰੁਪਏ ਅਤੇ ਜਦੋਂ ਏਨੀ ਵੱਡੀ ਰਕਮ ਦਾ ਪ੍ਰਬੰਧ ਨਾ ਹੋ ਸਕਿਆ ਮੈਡਮ ਭੱਠਲ ਨੂੰ ਮੁਖ ਮੰਤਰੀ ਨਹੀਂ ਸੀ ਬਣਨ ਦਿੱਤਾ ਗਿਆ। ਆਖਿਰ ਕੌਣ ਸੀ ਉਹ ਵਿਅਕਤੀ ਉਸਦੇ ਨਾਮ ਦਾ ਇਥੇ ਜ਼ਿਕਰ ਨਹੀਂ ਕਰਨਾ ਕਿਸੇ ਵੇਲੇ ਮੂਡ ਵਿੱਚ ਆਏ ਤਾਂ ਬਾਪੂ ਬਲਕੌਰ ਗਿਲ ਹੀ ਸੁਣਾਉਣਗੇ ਏਨੀਆਂ ਇਤਿਹਾਸਿਕ ਵਾਰਦਾਤਾਂ ਦਾ ਪੂਰਾ ਕਿੱਸਾ।
ਜਿਸ ਮਹਿਕਮੇ ਵਿਚ ਬਾਪੂ ਬਲਕੌਰ ਗਿੱਲ ਵੱਡੇ ਅਫਸਰ ਰਹੇ ਉਹ ਐਕਸਾਈਜ਼ ਮਹਿਕਮਾ ਕਿਵੇਂ ਫੜਦਾ ਹੈ ਸ਼ਰਾਬ, ਅਫੀਮ ਅਤੇ ਹੋਰ ਨਸ਼ੀਲੀਆਂ ਚੀਜ਼ਾਂ? ਐਕਸਾਈਜ਼ ਵਾਲਿਆਂ ਦੀਆਂ ਅੱਖਾਂ ਕਿਵੇਂ ਐਕਸਰੇ ਵਾਂਗ ਕੰਮ ਕਰਨ ਲੱਗਦੀਆਂ ਹਨ? ਸੜਕਾਂ ਤੇ ਵਗਦੇ ਗੱਡੀਆਂ ਦੇ ਟਰੈਫਿਕ ਵਿੱਚੋਂ ਉਸਦੀ ਪਛਾਣ ਕਿਵੇਂ ਆਉਂਦੀ ਹੈ ਜਿਸ ਕੋਲ ਮਾਲ ਹੋਵੇ? ਇਹ ਮੁਹਾਰਤ ਬਾਪੂ ਬਲਕੌਰ ਗਿੱਲ ਹੁਰਾਂ ਕੋਲ ਕਿਵੇਂ ਆਈ ਸੀ? ਕੀ ਕੀ ਹਨ ਸੱਚੀਆਂ ਕਹਾਣੀਆਂ?
ਇਸੇ ਤਰ੍ਹਾਂ ਧਾਰਮਿਕ ਮਾਮਲਿਆਂ ਵਿੱਚ ਵੀ ਬਾਪੂ ਬਲਕੌਰ ਗਿੱਲ ਨੂੰ ਪੂਰੀ ਜਾਣਕਾਰੀ ਹੈ। ਪੂਰੀ ਤਰ੍ਹਾਂ ਪ੍ਰਮਾਣਿਕ ਵੀ। ਕਿਵੇਂ ਹੋਏ ਸਿੱਖ ਪੰਥ ਦੇ ਟੁਕੜੇ? ਨਾਮਧਾਰੀਆਂ ਦੇ ਅੰਦਰਲੇ ਵਿਵਾਦਾਂ ਦੀ ਹਕੀਕਤ ਕੀ ਹੈ ਅਤੇ ਸਿੱਖ ਪੰਥ ਨੂੰ ਅੰਦਰੋਂ ਅੰਦਰੀ ਕਿਹੜਾ ਘੁਣ ਲੱਗਿਆ ਹੋਇਆ ਹੈ ਇਸ ਸਭ ਕੁਝ ਦਾ ਪਤਾ ਹੈ ਬਾਪੂ ਬਲਕੌਰ ਸਿੰਘ ਗਿੱਲ ਹੁਰਾਂ ਨੂੰ। ਚਿੱਟੇ ਚਾਦਰੇ ਅਤੇ ਚਿੱਟੇ ਕੁੜਤੇ ਨਾਲ ਬੇਹੱਦ ਜਚਵੀਂ ਸ਼ਖ਼ਸੀਅਤ ਵਾਲੇ ਬਾਪੂ ਬਲਕੌਰ ਗਿੱਲ ਛੇਤੀ ਕੀਤੀਆਂ ਗੱਲ ਨਹੀਂ ਕਰਦੇ ਪਰ ਜਦੋਂ ਕਰਦੇ ਹਨ ਤਾਂ ਫਿਰ ਲਿਹਾਜ਼ ਵੀ ਨਹੀਂ ਕਰਦੇ। ਉਹ ਜਦੋਂ ਪਰਦੇਫਾਸ਼ ਕਰਨ ਤੇ ਆਉਂਦੇ ਹਨ ਤਾਂ ਫਿਰ ਉਸ ਵੇਲੇ ਉਹਨਾਂ ਦਾ ਰੰਗ ਦੇਖਣ ਵਾਲਾ ਹੀ ਹੁੰਦਾ ਹੈ। ਚੇਹਰੇ ਦਾ ਜਲਾਲ ਅਤੇ ਅੱਖਾਂ ਦੀ ਚਮਕ ਦੇ ਨਾਲ ਨਾਲ ਉਹ ਕਈ ਵਾਰ ਬਾਹਾਂ ਵੀ ਲਹਿਰਾਉਣ ਲੱਗਦੇ ਹਨ। ਉਦੋਂ ਭਲੇ ਵੇਲਿਆਂ ਵਿੱਚ ਗਿਆਰਾਂ ਗਿਆਰਾਂ ਐਮ ਏ ਵਾਲੀਆਂ ਡਿਗਰੀਆਂ ਦੇ ਨਾਲ ਉਹ ਗਿਆਨ ਵੀ ਠਾਠਾਂ ਮਾਰਨ ਲੱਗਦਾ ਹੈ ਜਿਹੜਾ ਸਿਰਫ ਉਹਨਾਂ ਕੋਲ ਹੀ ਹੈ। ਅਜਿਹਾ ਅਨਮੋਲ ਗਿਆਨ ਕਿਸੇ ਕਿਤਾਬ ਵਿਚੋਂ ਸ਼ਾਇਦ ਨਾ ਮਿਲੇ।
ਇਹਨਾਂ ਦੇ ਨਾਲ ਇਹਨਾਂ ਦਾ ਇੱਕ ਹੋਰ ਤੀਜਾ ਸਾਥੀ ਹੁੰਦਾ ਹੈ ਆਰ ਪੀ ਸਿੰਘ। ਆਰ ਪੀ ਸਿੰਘ ਨੂੰ ਸਰਕਾਰੀ ਮਹਿਕਮਿਆਂ ਦੀਆਂ ਅੰਦਰਲੀਆਂ ਘੁੰਡੀਆਂ ਦਾ ਪੂਰਾ ਭੇਦ ਹੈ। ਕਿਹੜਾ ਕਿਹੜਾ ਆਰ ਟੀ ਆਈ ਐਕਟੀਵਿਸਟ ਕਿਸ ਕਿਸ ਨੂੰ ਬਲੈਕਮੇਲ ਕਰ ਰਿਹਾ ਹੈ ਇਸਦਾ ਵੀ ਆਰ ਪੀ ਸਿੰਘ ਨੂੰ ਪਤਾ ਹੁੰਦਾ ਹੈ। ਕਿਹੜਾ ਕਿਹੜਾ ਬੰਦਾ ਭਾਈਚਾਰਕ ਗੱਲ ਕਰਨ ਦੇ ਬਹਾਨੇ ਆਪਣੇ ਅੱਡੇ 'ਤੇ ਬੁਲਾਉਂਦਾ ਹੈ ਅਤੇ ਫਿਰ ਸਭ ਕੁਝ ਸੀ ਸੀ ਟੀ ਵੀ ਰਾਹੀਂ ਰਿਕਾਰਡ ਕਰਦਾ ਹੈ ਇਸਦਾ ਆਰ ਪੀ ਸਿੰਘ ਨੂੰ ਸਭ ਕੁਝ ਪਤਾ ਹੈ। ਪੁਰਾਤਨ ਸਿੰਘ ਘੋੜਿਆਂ ਤੇ ਹਰ ਵੇਲੇ ਸਵਾਰ ਤਿਆਰ ਬਰ ਤਿਆਰ ਰਹਿੰਦੇ ਸਨ ਅਤੇ ਆਰ ਬਪੀ ਸਿੰਘ ਆਪਣੇ ਸਕੂਟਰ ਤੇ ਸਵਾਰ ਮਿਲੇਗਾ। ਪੁਰਾਤਨ ਸਿੰਘ ਛੋਲਿਆਂ ਨੂੰ ਬਦਾਮ ਅੱਖ ਕੇ ਛਕਿਆ ਕਰਦੇ ਸਨ ਅਤੇ ਆਰ ਪੀ ਸਿੰਘ ਹੁਰਾਂ ਨੇ ਛੋਲਿਆਂ ਦੇ ਨਾਲ ਨਾਲ ਭੁਜੀਆ, ਬਦਾਨਾ, ਮੱਕੀ, ਸੌਗੀਆਂ ਅਤੇ ਹੋਰ ਕਈ ਆਈਟਮਾਂ ਨਾਲ ਭਰਿਆ ਵੱਡਾ ਸਾਰਾ ਲਿਫ਼ਾਫ਼ਾ ਸਕੂਟਰ ਦੀ ਡਿੱਕੀ ਵਿਚ ਰੱਖਿਆ ਹੁੰਦਾ ਹੈ। ਜਦੋਂ ਭੁੱਖ ਦੇ ਸਤਾਏ ਸਾਥੀਆਂ ਨੂੰ ਕੁਝ ਹੋਰ ਮਿਲਦਾ ਨਜ਼ਰ ਨਹੀਂ ਆਉਂਦਾ ਤਾਂ ਇਸ ਲਿਫਾਫੇ ਨਾਲ ਸਾਰੇ ਹੀ ਦੁਬਾਰਾ ਕਾਇਮ ਹੋ ਜਾਂਦੇ ਹਨ।
ਅੱਜਕਲ੍ਹ ਇਹ ਤਿੰਨੇ ਦਰਵੇਸ਼ ਲੋਕਾਂ ਕੋਲ ਆਪ ਜਾ ਕੇ ਸੁਆਲ ਪੁੱਛ ਰਹੇ ਹਨ। ਕੁਰੱਪਸ਼ਨ ਤੋਂ ਕਿੰਨੀ ਕੁ ਨਿਜਾਤ ਮਿਲੀ? ਇਹ ਵੀ ਕਿ ਤੁਹਾਡਾ ਮੌਜੂਦਾ ਸਿਆਸਤ ਬਾਰੇ ਕੀ ਖਿਆਲ ਹੈ, ਸਰਕਾਰ ਨਾਲ ਕੋਈ ਨਾਰਾਜ਼ਗੀ ਹੈ ਤਾਂ ਉਹ ਵੀ ਦੱਸੋ। ਜੇ ਕੋਈ ਕੰਮ ਰੁਕਿਆ ਹੋਇਆ ਹੈ ਤਾਂ ਉਹ ਵੀ ਦੱਸੋ। ਅਪੋਜੀਸ਼ਨ ਪਾਰਟੀਆਂ ਦੀਆਂ ਸਰਗਰਮੀਆਂ ਬਾਰੇ ਜਨਤਾ ਕੀ ਸੋਚਦੀ ਹੈ ਇਸਦਾ ਵੀ ਪਤਾ ਲਗਾ ਰਹੇ ਹਨ। ਆਪਣੇ ਇਸੇ ਮਿਸ਼ਨ ਅਧੀਨ ਇਹ ਤਿੰਨੇ ਸ਼ੁੱਕਰਵਾਰ ਨੂੰ ਭਦੌੜ ਹਾਊਸ ਵਿਚ ਬਣੀ ਏ ਸੀ ਮਾਰਕੀਟ ਵਿਚ ਵੀ ਪਹੁੰਚੇ। ਇਥੇ ਮਾਰਕੀਟ ਵਾਲੇ ਇਹਨਾਂ ਤਿੰਨਾਂ ਨੂੰ ਬੜੇ ਪਿਆਰ ਨਾਲ ਮਿਲੇ। ਇਸ ਮੌਕੇ ਜੇ ਪੀ ਐਸ ਪੰਜਾਬੀ ਵਿਰਸਾ, ਏ ਸੀ ਮਾਰਕੀਟ, ਲੁਧਿਆਣਾ ਦੁਕਾਨ ਦੇ ਮਾਲਕ ਨੇ ਸਾਬਕਾ ਈਟੀਓ ਬਾਪੂ ਬਲਕੌਰ ਸਿੰਘ ਗਿੱਲ ਹੁਰਾਂ ਨੂੰ ਮਾਂ ਬੋਲੀ ਪੰਜਾਬੀ ਦੀ ਸ਼ਾਲ ਭੇਟ ਕਰਕੇ ਸਨਮਾਨਿਤ ਵੀ ਵੀ ਕੀਤਾ।
ਇਸ ਤਰ੍ਹਾਂ ਲੋਕਾਂ ਦੇ ਦਿਲਾਂ ਦੀ ਥਾਹ ਪਾਉਣ ਨਿਕਲੇ ਇਹ ਤਿੰਨੇ ਦਰਵੇਸ਼ ਇਸ ਤੋਂ ਬਾਅਦ ਆਪਣੇ ਅਗਲੇ ਮਿਸ਼ਨ ਵੱਲ ਰਵਾਨਾ ਹੋ ਗਏ। ਸਰਦੀ ਹੋਵੇ, ਗਰਮੀ ਹੋਵੇ, ਮੀਂਹ ਹੋਵੇ, ਹਨੇਰੀ ਹੋਵੇ ਇੱਹ ਤਿੰਨੇ ਇਕੱਠੇ ਹੀ ਹੁੰਦੇ ਹਨ। ਆਮ ਜਨਤਾ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦੇ ਹਨ।
ਹੁਣ ਇਹ ਕਾਰਣ ਲੱਭ ਰਹੇ ਹਨ ਕਿ ਦੁਨੀਆ ਭਰ ਵਿਚ ਫੈਲੀਆਂ ਬੇਚੈਨੀਆਂ ਆਖਰੀ ਕਿਓਂ ਹਨ? ਸੱਤਾ ਵਿੱਚ ਆਉਂਦਿਆਂ ਹੀ ਸਰਕਾਰ ਅਤੇ ਜਨਤਾ ਦਰਮਿਆਨ ਦੂਰੀਆਂ ਕਿਓਂ ਵਧਣ ਲੱਗ ਪੈਂਦੀਆਂ ਹੈ? ਕੁਰਸੀ ਤੇ ਬੈਠਦਿਆਂ ਹੀ ਬਹੁਤਿਆਂ ਨੂੰ ਲਾਲਚ ਅਤੇ ਕੁਰਪਸ਼ਨ ਵਰਗੀਆਂ ਬਿਮਾਰੀਆਂ ਕਿਓਂ ਘੇਰ ਲੈਂਦੀਆਂ ਹਨ। ਆਜ਼ਾਦੀ ਆਉਣ ਦੇ ਏਨੇ ਦਹਾਕਿਆਂ ਮਗਰੋਂ ਵੀ ਦੇਸ਼ ਵਿਚ ਖੁਸ਼ਹਾਲੀ ਸਭਨਾਂ ਤੀਕ ਕਿਓਂ ਨਹੀਂ ਪਹੁੰਚੀ? ਇਹਨਾਂ ਸੁਆਲਾਂ ਦੇ ਜੁਆਬ ਲੱਭ ਕੇ ਜਲਦੀ ਹੀ ਤੁਹਾਡੇ ਸਭਨਾਂ ਦੇ ਰੂਬਰੂ ਹੋਣਗੇ ਇਹ ਤਿੰਨੇ ਦਰਵੇਸ਼।
ਜੇ ਤੁਸੀਂ ਇਹਨਾਂ ਤਿੰਨਾਂ ਦਰਵੇਸ਼ਾਂ ਨੂੰ ਆਪਣੇ ਘਰ ਜਾਨ ਇਲਾਕੇ ਵਿੱਚ ਬੁਲਾਉਣਾ ਚਾਹੋ ਤਾਂ ਆਪਣੀ ਇੱਛਾ ਦਾ ਇਜ਼ਹਾਰ ਕਰ ਸਕਦੇ ਹੋ। ਇਹ ਤਿੰਨਦੇ ਤੁਹਾਡੇ ਦਿਲ ਦੀ ਗੱਲ ਜ਼ਰੂਰ ਸੁਣਨਗੇ ਅਤੇ ਸੰਭਵ ਹੋਇਆ ਤਾਂ ਉਸੇ ਮੌਕੇ ਤੇ ਕੋਈ ਮਸਲਾ ਹੱਲ ਕਰਵਾਉਣ ਦਾ ਕੋਈ ਰਾਹ ਵੀ ਕੱਢਣਗੇ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment