Showing posts with label ਨਜ਼ਰੀਏ. Show all posts
Showing posts with label ਨਜ਼ਰੀਏ. Show all posts

Saturday, August 10, 2013

ਖਾੜਕੂ ਭਿਉਰਾ: ਅਗਲੀ ਸੁਣਵਾਈ 21 ਅਗਸਤ ਨੂੰ

Sat, Aug 10, 2013 at 12:20 AM
ਅਸੀ ਆਜ਼ਾਦ ਦੇਸ਼ ਅੰਦਰ ਗੁਲਾਮ ਹਾਂ: ਭਾਈ ਭਿਉਰਾ
ਨਵੀਂ ਦਿੱਲੀ 9 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਅਜ ਦਿੱਲੀ ਦੀ ਇਕ ਅਦਾਲਤ ਵਿਚ ਬਬੱਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਪੁਲਿਸ ਦੀ ਸਖਤ ਸੁਰਖਿਆ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ । ਭਾਈ ਭਿਉਰਾ ਦੇ ਕੇਸ ਵਿਚ ਇਸ ਵਕਤ ਗਵਾਹੀਆਂ ਚਲ ਰਹੀਆਂ ਹਨ ਤੇ ਅਜ ਕੋਈ ਵੀ ਗਵਾਹ ਹਾਜ਼ਿਰ ਨਾ ਹੋਣ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਸੁਣਵਾਈ ਨਹੀ ਹੋ ਸਕੀ, ਜਿਸ ਕਰਕੇ ਮਾਮਲੇ ਦੀ ਅਗਲੀ ਸੁਣਵਾਈ ਹੁਣ 21 ਅਗਸਤ ਨੂੰ ਹੋਵੇਗੀ ।
ਪੇਸ਼ੀ ਉਪਰੰਤ ਭਾਈ ਭਿਉਰਾ ਨੇ ਗਲਬਾਤ ਦੌਰਾਨ ਮੋਦੀ ਵਲੋਂ ਸਿੱਖ ਕਿਸਾਨਾਂ ਨੂੰ ਉਜਾੜੇ ਜਾਣ ਦਾ ਸਖਤ ਨੋਟਿਸ ਲੈਦਿਆਂ ਕਿਹਾ ਕਿ ਕਿਹਾ ਕਿ ਅਸੀ ਆਜਾਦ ਦੇਸ਼ ਦੇ ਅੰਦਰ ਗੁਲਾਮ ਹਾਂ ਤੇ ਸਾਡਾ ਹਰ ਸਾਹ ਹਿੰਦੂਤਵੀਆਂ ਦੇ ਸੰਗਲਾਂ ਹੇਠ ਲਿਆ ਜਾ ਰਿਹਾ ਹੈ । ਘੱਟ ਗਿਣਤੀਆਂ ਦਾ ਘਾਣ ਕਰਨ ਹੇਠ ਹਿੰਦੁਤਵੀ ਤਾਕਤਾਂ ਹੁਣ ਮੁਸਲਮਾਨਾਂ  ਦੇ "ਵੱਡੇ ਕਾਤਿਲ" ਨਰਿੰਦਰ ਮੋਦੀ ਨੂੰ ਪ੍ਰਧਾਨਮੰਤਰੀ ਬਣਾਂ ਕੇ ਸਿਰਫ ਮੁਸਲਮਾਨਾਂ ਦਾ ਹੀ ਨਹੀ ਸਗੋ ਸਮੂਹ ਘੱਟ ਗਿਣਤੀਆਂ ਦਾ ਘਾਣ ਕਰਕੇ ਉਨ੍ਹਾਂ ਨੂੰ ਹਿੰਦੂ ਬਣਾਉਣਾ ਚਾਹੁੰਦੀਆਂ ਹਨ ਜਿਸ ਤੋ ਸਿੱਖ ਕੌਮ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ । ਉਨ੍ਹਾਂ ਬਹੁਤ ਹੀ ਗੰਭੀਰ ਲਹਿਜੇ ਵਿਚ ਕਿਹਾ ਕਿ ਜਦ ਅਸੀ ਇਸ ਮੁਲਕ ਵਿਚ ਆਜ਼ਾਦ ਹੀ ਨਹੀ ਹਾਂ ਤੇ ਸਾਨੂੰ ਕੋਈ ਹੱਕ ਨਹੀ ਕਿ ਅਸੀ ਕਿਸੇ ਕਿਸਮ ਦੀ ਆਜਾਦੀ ਦਾ ਜਸ਼ਨ ਮਨਾਇਏ । ਉਨ੍ਹਾਂ ਕੌਮ ਨੂੰ ਸੁਨੇਹਾ ਦੇਦੇਂ ਹੋਏ ਕਿਹਾ ਕਿ ਤੁਸੀ ਬਾਦਲਾਂ ਤੇ ਵਿਸ਼ਵਾਸ ਨਾ ਕਰੋ ਇਹ ਹਿੰਦੁਤਵੀ ਤਾਕਤਾਂ ਨਾਲ ਮਿਲ ਕੇ ਕੌਮ ਨੂੰ ਰਸਾਤਲ ਵਲ ਲੈ ਕੇ ਜਾ ਰਹੇ ਹਨ ਤੇ ਸਮੇਂ ਦੀ ਪਹਿਚਾਨ ਕਰਦੇ ਹੋਏ ਇਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਜਤਨ ਕਰਦੇ ਹੋਏ ਕੌਮ ਦੇ ਦੁਖਾਂ ਦਾ ਦਰਦ ਰਖਣ ਵਾਲੇ ਵੀਰਾਂ ਨੂੰ ਅੱਗੇ ਲਿਆ ਕੇ ਕੌਮ ਦੀ ਡੁਬਦੀ ਵਾਗਡੋਰ ਉਨ੍ਹਾਂ ਦੇ ਹੱਥ ਦੇ ਕੇ ਕੌਮ ਦੀ ਚੜਦੀ ਕਲਾ ਵਿਚ ਸਹਿਯੋਗ ਦੇਵੋ ।
ਭਾਈ ਭਿਉਰਾ ਵਲੋਂ ਵਕੀਲ ਵਿਕਾਸ ਪਢੋਰਾ ਅਦਾਲਤ ਵਿਚ ਹਾਜਿਰ ਸਨ ।

Sunday, December 02, 2012

ਇਸ ਦੇਸ ਤੇ ਸਿੱਖੀ ਉਠ ਗਈ, ਦੂਰਿ ਜਾਇ ਲੀਤੀ ਵਾਸਿ ।।

ਪਿਛਲੇ ਦਿਨੀਂ ਕਮਲਾ ਦੇਵੀ ਨੇ ਫੇਸਬੁਕ ਤੇ ਇੱਕ ਲਿਖਤ ਪੋਸਟ ਕੀਤੀ ਹੈ। ਅਤੀਤ ਅਤੇ ਵਰਤਮਾਨ ਦੋਹਾਂ ਦੀਆਂ ਤੰਦਾਂ ਜੋੜਣ ਵਾਲੀ ਇਸ ਲਿਖਤ ਵਿੱਚ ਉਠਾਏ ਗਏ ਨੁਕਤਿਆਂ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ।--ਰੈਕਟਰ ਕਥੂਰੀਆ 
ਸਿੱਖ ਲਹਿਰ ਜਮਾਤੀ ਸੰਘਰਸ਼ ਦੀ ਨੁਮਾਇੰਦਾ ਲਹਿਰ ਨਹੀਂ ਰਹੀ –ਹਜ਼ਾਰਾ ਸਿੰਘ
Posted On :- 26-10-2012
ਪਿਛਲੇ ਦਿਨੀਂ ਪੰਜਾਬ ਦੇ ਸਿੱਖ ਜ਼ਿਮੀਂਦਾਰਾਂ ਵੱਲੋਂ ਗ਼ਰੀਬ ਸਿੱਖਾਂ (ਖਾਸ ਕਰਕੇ ਦਲਿਤਾਂ) ਨੂੰ ਬੰਧੂਆ ਮਜ਼ਦੂਰਾਂ ਵਾਂਗ ਰੱਖੇ ਜਾਣ ਸੰਬੰਧੀ ਰਿਪੋਰਟਾਂ ਆਈਆਂ। ਕਈ ਹਲਕਿਆਂ ਵੱਲੋਂ ਇਸ ਵਰਤਾਰੇ ਨੂੰ ਸਿੱਖ ਸਿਧਾਂਤਾ ਦੇ ਨਜ਼ਰੀਏ ਤੋਂ ਵੇਖਣ ਦੀ ਕੋਸ਼ਿਸ਼ ਕੀਤੀ ਗਈ । ਕਈਆਂ ਵੱਲੋਂ ਇਸ ਦੇ ਹੱਲ ਲਈ ਅਕਾਲ ਤਖ਼ਤ ਦੇ ਸਹਿਯੋਗ ਨਾਲ ਕੋਈ ਯੋਜਨਾ ਬਣਾਏ ਜਾਣ ਦੀ ਲੋਡ਼ ਮਹਿਸੂਸ ਕੀਤੀ ਗਈ, ਪਰ ਕੀ ਸਿੱਖ ਲਹਿਰ ਦੇ ਮੌਜੂਦਾ ਸਰੂਪ ਵਿੱਚ ਇਨ੍ਹਾਂ ਮਜ਼ਦੂਰਾਂ ਦੀ ਬੰਦ ਖਲਾਸੀ ਦੇ ਕੋਈ ਤੱਤ ਮੌਜੂਦ ਹਨ ? ਆਓ, ਇਸ ਤੇ ਸਿੱਖ ਲਹਿਰ ਦੇ ਇਤਿਹਾਸਕ ਪ੍ਰਸੰਗ ਤੋਂ ਵਿਚਾਰ ਕਰੀਏ।

ਸਿੱਖ ਲਹਿਰ ਦਾ ਮੁੱਢਲਾ ਉਦੇਸ਼ ਮਨੁੱਖੀ ਬਰਾਬਰਤਾ ਦੀ ਕਾਇਮੀ ਸੀ। ਸ਼ੁਰੂਆਤੀ ਦੌਰ ਵਿੱਚ ਇਹ ਲਹਿਰ ਸਮਾਜਿਕ ਬਰਾਬਰਤਾ ਦੀ ਪ੍ਰਾਪਤੀ ਦੇ ਸੰਘਰਸ਼ ਵਜੋਂ ਉੱਭਰੀ। ਇਸ ਦੌਰ ਵਿੱਚ ਜਾਤ ਪਾਤ, ਊਚ ਨੀਚ, ਛੂਆ ਛਾਤ ਆਦਿ ਬੁਰਾਈਆਂ ਖਿਲਾਫ ਮੁਹਿੰਮ ਚੱਲੀ। ਸਭ ਮਨੁੱਖਾਂ ਦੇ ਬਰਾਬਰ ਹੋਣ ਦਾ ਪ੍ਰਚਾਰ ਹੋਇਆ ਅਤੇ ਸਿੱਖ ਲਹਿਰ ਵਿੱਚ ਸਭ ਲੋਕਾਂ ਨੂੰ ਅਮਲੀ ਤੌਰ ’ਤੇ ਬਰਾਬਰ ਦਾ ਸਤਿਕਾਰ ਦੇ ਕੇ ਨਿਵਾਜਿਆ ਜਾਣ ਲੱਗਾ। ਮੁੱਖ ਤੌਰ ’ਤੇ ਮਨੁੱਖੀ ਬਰਾਬਰਤਾ ਬਾਰੇ ਇਸ ਧਾਰਨਾ ਨੂੰ ਪ੍ਰਫੁੱਲਤ ਕਰਨ ਦੇ ਯਤਨ ਕੀਤੇ ਗਏ ਕਿ ਮਨੁੱਖ ਆਪਣੇ ਕੀਤੇ ਚੰਗੇ ਜਾਂ ਮਾਡ਼ੇ ਕੰਮਾਂ ਕਾਰਨ ਉੱਚਾ ਜਾਂ ਨੀਵਾਂ ਹੁੰਦਾ ਹੈ ਨਾ ਕਿ ਆਪਣੀ ਜਾਤ ਕਾਰਨ। ਇਸ ਦੇ ਨਾਲ ਹੀ ਫ਼ਜ਼ੂਲ ਕਿਸਮ ਦੀਆਂ ਪ੍ਰੰਪਰਾਗਤ ਧਾਰਮਿਕ ਰਸਮਾਂ ਦੇ ਜੂਡ਼ ਖੋਲ੍ਹਣ ਦੇ ਯਤਨ ਵੀ ਕੀਤੇ ਗਏ। 

ਸੰਗਠਿਤ ਧਰਮਾਂ ਦੇ ਜੂਲੇ ਹੇਠੋਂ ਮੁਕਤ ਹੋਣ ਲਈ ਸੰਘਰਸ਼ ਦੀ ਸ਼ੁਰੂਆਤ ਉਸ ਵਕਤ ਦੇ ਇਨਸਾਨਾਂ ਲਈ ਆਜ਼ਾਦੀ ਵੱਲ ਪੁੱਟਿਆ ਇੱਕ ਅਹਿਮ ਕਦਮ ਸੀ। ਇਸ ਦੇ ਨਾਲ ਹੀ ਸਮਾਜ ਵਿੱਚ ਔਰਤ ਦੇ ਯੋਗਦਾਨ ਨੂੰ ਅਹਿਮੀਅਤ ਦਿੱਤੇ ਜਾਣ ਦਾ ਵਿਚਾਰ ਪੁੰਗਰਿਆ। ਸਮਾਜ ਵਿੱਚ ਔਰਤ ਦੇ ਸਤਿਕਾਰ ਦੀ ਗੱਲ ਚੱਲੀ। ਸਮਾਜਿਕ ਰੂਪ ਵਿੱਚ ਸ਼ੁਰੂ ਹੋਈ ਤਬਦੀਲੀ ਦੀ ਇਸ ਲਹਿਰ ਵਿੱਚੋਂ ਅੱਗੇ ਜਾ ਕੇ ਇੱਕ ਪੂਰਨ ਇਨਕਲਾਬ ਦੇ ਨਕਸ਼ ਉਭਰਨ ਲੱਗੇ। ਇਹ ਲਹਿਰ ਸਥਾਪਿਤ ਰਾਜਾਸ਼ਾਹੀ ਅਤੇ ਜਗੀਰਦਾਰੂ ਢਾਂਚੇ ਖਿਲਾਫ ਇੱਕ ਲੋਕ ਲਹਿਰ ਵਜੋਂ ਉੱਭਰਨ ਲੱਗੀ। ਜਿਸ ਨੇ ਹਥਿਆਰਬੰਦ ਟੱਕਰਾਂ ਦੀਆਂ ਛੋਟੀਆਂ ਪਗਡੰਡੀਆਂ ਸਿਰਜੀਆਂ। ਆਖਿਰ 1710 ਈ: ਵਿੱਚ, ਜਦੋਂ ਯੂਰਪ ਵਿੱਚ ਅਜੇ ਕਿਸੇ ਇਨਕਲਾਬ ਦੀ ਚਿਣਗ ਵੀ ਪੈਦਾ ਨਹੀਂ ਸੀ ਹੋਈ, ਪੰਜਾਬ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਦੀ ਅਗਵਾਈ ਵਿੱਚ ਲੋਕ ਸ਼ਕਤੀ ਰਾਜਸ਼ਾਹੀ ਨਾਲ ਟਕਰਾ ਗਈ। ਜਿਸ ਨੇ ਸਥਾਪਿਤ ਰਾਜਸ਼ਾਹੀ ਦੇ ਖੰਡਰਾਂ ਉੱਪਰ ਮੂਲੋਂ ਹੀ ਨਵੀਂ ਕਿਸਮ ਦੇ ਇਨਕਲਾਬ ਦਾ ਪਰਚਮ ਲਹਿਰਾ ਦਿੱਤਾ। ਜਗੀਰਦਾਰੂ ਢਾਂਚਾ ਤਬਾਹ ਕਰਕੇ ਮੁਜ਼ਾਰਾਸ਼ਾਹੀ ਦਾ ਭੋਗ ਪਾ ਦਿੱਤਾ ਗਿਆ। ਹਲ ਵਾਹਕਾਂ ਨੂੰ ਜ਼ਮੀਨਾਂ ਦੇ ਮਾਲਿਕ ਬਣਾ ਦਿੱਤਾਂ ਗਿਆ। 

ਇਸ ਤਰ੍ਹਾਂ ਇਸ ਖਿੱਤੇ ਦੇ ਪੈਦਾਵਾਰੀ ਸਾਧਨ ਕੁਝ ਗਿਣਤੀ ਦੇ ਲੋਕਾਂ ਹੱਥੋਂ ਨਿਕਲ ਕੇ ਆਮ ਲੋਕਾਂ ਦੀ ਮਲਕੀਅਤ ਬਣ ਗਏ। ਨਵੇਂ ਰਾਜਨੀਤਕ ਪ੍ਰਬੰਧ ਵਿੱਚ ਲੋਕ ਰਾਜੇ ਦੀ ਪਰਜਾ ਨਾਂ ਰਹਿ ਕੇ ਰਾਜਨੀਤਕ ਸਤ੍ਹਾ ਵਿੱਚ ਭਾਈਵਾਲ ਬਣ ਗਏ। ਇਸ ਤਰ੍ਹਾਂ ਸਮਾਜਿਕ, ਧਾਰਮਿਕ ਖੇਤਰਾਂ ਵਿੱਚ ਦੀ ਆਪਣਾ ਪੈਂਡਾ ਤਹਿ ਕਰਦੀ ਹੋਈ ਸਿੱਖ ਲਹਿਰ ਰਾਜਨੀਤਕ ਅਤੇ ਆਰਥਿਕ ਪ੍ਰਬੰਧ ਨੂੰ ਮੂਲੋਂ ਹੀ ਬਦਲ ਦੇਣ ਵਾਲੇ ਪੂਰਨ ਇਨਕਲਾਬ ਦੇ ਨਜ਼ਦੀਕ ਪਹੁੰਚ ਗਈ, ਪਰ ਆਪਣੇ ਸੀਮਿਤ ਸਾਧਨਾਂ ਅਤੇ ਹਕੂਮਤੀ ਜ਼ਬਰ ਕਾਰਨ ਇਹ ਲਹਿਰ ਬਹੁਤਾ ਚਿਰ ਟਿਕ ਨਾਂ ਸਕੀ। ਭਾਵੇਂ ਇਸ ਥੋਡ਼ ਚਿਰੀ ਇਨਕਲਾਬੀ ਚਮਕਾਰੇ ਦੇ ਪ੍ਰਭਾਵ ਅੱਜ ਤਾਈਂ ਕਾਇਮ ਹਨ, ਪਰ ਬਾਅਦ ਵਿੱਚ ਸਾਜ਼ਗਰ ਹਾਲਾਤ ਪੈਦਾ ਹੋਣ ਦੇ ਬਾਵਜੂਦ ਵੀ ਇਹ ਲਹਿਰ ਇੱਕ ਪੂਰਨ ਇਨਕਲਾਬ ਵੱਲ ਅੱਗੇ ਨਾ ਵਧ ਸਕੀ। ਇਸ ਦਾ ਪ੍ਰਮੁੱਖ ਕਾਰਨ ਇਸ ਲਹਿਰ ਵਿੱਚ ਪੈਦਾ ਹੋਏ ਕਈ ਐਬ ਸਨ। 1765 ਈ: ਦੇ ਆਸ ਪਾਸ ਜਦ ਚਿਰਾਂ ਤੋਂ ਸਥਾਪਤ ਰਾਜਸ਼ਾਹੀ ਮਰਨੇ ਪਈ ਹੋਈ ਸੀ, ਬਾਹਰਲੇ ਹਮਲੇ ਬੰਦ ਹੋ ਗਏ ਸਨ ਤਾਂ ਸਿੱਖ ਲਹਿਰ ਦੀਆਂ ਝੰਡਾ ਬਰਦਾਰ ਮਿਸਲਾਂ ਲੋਕ ਸ਼ਕਤੀ ਨੂੰ ਉਭਾਰਕੇ ਇਨਕਲਾਬ ਦੇ ਆਧੂਰੇ ਰਹਿ ਗਏ ਕਾਰਿਜ ਨੂੰ ਅੱਗੇ ਵਧਾਉਣ ਦੀ ਥਾਂ ਸਿਧਾਂਤਕ ਤੌਰ ਤੇ ਜਗੀਰਦਾਰੂ ਰੁਚੀਆਂ ਦਾ ਸ਼ਿਕਾਰ ਹੋ ਗਈਆਂ। ਇਸ ਤਰ੍ਹਾਂ ਇਹ ਸੰਘਰਸ਼ ਜਮਾਤੀ ਸੰਘਰਸ਼ ਦਾ ਗੂਡ਼੍ਹਾ ਰੰਗ ਫਡ਼ਕੇ ਕੋਈ ਇਤਿਹਾਸਕ ਜਲਵਾ ਦਿਖਾਉਣ ਤੋਂ ਪਹਿਲਾਂ ਹੀ ਇਨਕਲਾਬ ਦੀ ਪਟਡ਼ੀ ਤੋਂ ਲਹਿ ਗਿਆ। 

ਮਿਸਲਦਾਰਾਂ ਅੰਦਰ ਜਾਤੀ ਹਉਮੈ, ਰਾਜਸਤ੍ਹਾ ਦਾ ਮਜ਼ਾ ਮਾਨਣ ਦੀ ਲਲਕ ਅਤੇ ਪੁਰਾਣੀ ਰਾਜਸ਼ਾਹੀ ਵਾਲੀਆਂ ਧੱਕਡ਼, ਹੈਂਕਡ਼ਬਾਜ਼ ਅਤੇ ਲੋਕ ਦਬਾਊ ਕਰੁਚੀਆਂ ਪ੍ਰਬਲ ਹੋ ਜਾਣ ਨਾਲ ਕੇਵਲ ਇਨਕਲਾਬ ਨੂੰ ਹੀ ਪੁਠਾ ਗੇਡ਼ਾ ਨਹੀਂ ਆਇਆ ਸਗੋਂ ਇਨਕਲਾਬੀ ਸੋਚ ਵੀ ਗ੍ਰਹਿਣੀ ਗਈ। ਅਠਾਹਰਵੀਂ ਸਦੀ ਦੇ ਅਖੀਰਲੇ ਦਹਾਕੇ ਵਿੱਚ ਜਦੋਂ ਫਰਾਂਸ ਵਿੱਚ ਰਾਜਾਸ਼ਾਹੀ ਨੂੰ ਤਬਾਹ ਕਰਕੇ ਲੋਕਸ਼ਾਹੀ ਦਾ ਝੰਡਾ ਬੁਲੰਦ ਕਰਨ ਲਈ ਲੋਕ ਇਨਕਲਾਬ ਆਪਣੇ ਸਿਖਰ ਵੱਲ ਵਧ ਰਿਹਾ ਸੀ ਤਾਂ ਐਨ ਉਸੇ ਸਮੇਂ ਪੰਜਾਬ ਦੀ ਧਰਤੀ ਉੱਪਰ, ਜਿੱਥੇ 80 ਵਰ੍ਹੇ ਪਹਿਲਾਂ ਲੋਕ ਇਨਕਲਾਬ ਨੇ ਬਿਜਲੀ ਵਰਗੀ ਥੋਡ਼ ਚਿਰੀ ਲਿਸ਼ਕ ਮਾਰੀ ਸੀ, ਰਣਜੀਤ ਸਿੰਘ ਇਨਕਲਾਬੀ ਲੋਕ ਲਹਿਰ ਨੂੰ ਕੁਰਾਹੇ ਪਾ ਕੇ ਮਰਦੀ ਜਾ ਰਹੀ ਰਾਜਾਸ਼ਾਹੀ ਪ੍ਰੰਪਰਾ ਨੂੰ ਮੁਡ਼ ਜੀਵਿਤ ਕਰਕੇ ਆਪ ਮਹਾਰਾਜਾ ਬਣਨ ਦੇ ਇਨਕਲਾਬ ਵਿਰੋਧੀ ਪੁੱਠੇ ਕੰਮਾਂ ਵਿੱਚ ਗਲਤਾਨ ਸੀ। ਉਸਦੇ ਮਹਾਰਾਜਾ ਬਣਨ ਨਾਲ ਸਿੱਖ ਲਹਿਰ ਰਾਹੀਂ ਸ਼ੁਰੂ ਹੋਏ ਲੋਕ ਸੰਘਰਸ਼ ਦਾ ਇੱਕ ਅਧਿਆਏ ਖਤਮ ਹੋ ਗਿਆ ਅਤੇ ਇਹ ਲੋਕ ਲਹਿਰ ਇੱਕ ਪ੍ਰਚੰਡ ਇਨਕਲਾਬੀ ਲਹਿਰ ਦਾ ਰੂਪ ਧਾਰਨ ਦੀ ਬਜਾਇ ਜਗੀਰਦਾਰੂ ਰੁਚੀਆਂ ਦੀ ਵਲਗਣ ਅੰਦਰ ਕੈਦ ਹੋ ਕੇ ਰਹਿ ਗਈ। 

ਰਣਜੀਤ ਸਿੰਘ ਤੋਂ ਬਾਅਦ 1870 ਈ: ਦੇ ਆਸ ਪਾਸ ਸ਼ੁਰੂ ਹੋਈ ਸਿੱਖ ਜਾਗ੍ਰਿਤੀ ਲਹਿਰ ਦੇ ਆਗੂਆਂ ਨੇ ਇਸ ਨੂੰ ਇੱਕ ਸੰਗਠਿਤ ਧਰਮ ਦਾ ਰੂਪ ਦੇਣ ਲਈ ਜ਼ੋਰ ਲਾ ਦਿੱਤਾ। ਜਿਵੇਂ ਜਿਵੇਂ ਸੰਗਠਨ ਮਜ਼ਬੂਤ ਹੁੰਦਾ ਗਿਆ ਇਸ ਲਹਿਰ ਵਿੱਚੋਂ ਇੱਕ ਨਵੀ ਨਰੋਈ ਲਹਿਰ ਵਾਲੀ ਤਾਜ਼ਗੀ ਅਤੇ ਖੁਸ਼ਬੂ ਖਤਮ ਹੋਣੀ ਸ਼ੁਰੂ ਹੋ ਗਈ। ਇਸ ਦੇ ਜਮਾਤੀ ਸੰਘਰਸ਼ ਦੀ ਨੁਮਾਇੰਦਗੀ ਕਰਨ ਵਾਲੇ ਖਾਸੇ ਦਾ ਖਾਤਮਾ ਹੋ ਗਿਆ। ਇਸ ਵਿੱਚ ਇੱਕ ਸੰਗਠਿਤ ਧਰਮ ਵਾਲੇ ਸਾਰੇ ਐਬਾਂ ਜਿਵੇਂ ਕਿ ਕਬਜ਼ੇ ਦੀ ਭਾਵਨਾ, ਧਰਮ ਸਤ੍ਹਾ ਨੂੰ ਰਾਜਨੀਤਕ ਤਾਕਤ ਲਈ ਪੌਡ਼ੀ ਵਜੋਂ ਵਰਤਣਾ, ਲੋਕਾਂ ਦੀ ਸੋਚ ਅਤੇ ਰੋਹ ਨੂੰ ਲੋਕ ਹਿਤੈਸ਼ੀ ਦਿਸ਼ਾ ਤੋਂ ਭਟਕਾਉਣਾ, ਲੋਕ ਸ਼ਕਤੀ ਨੂੰ ਫਿਰਕਿਆਂ ਵਿੱਚ ਵੰਡ ਕੇ ਕਮਜ਼ੋਰ ਕਰਨਾ ਆਦਿ ਦਾ ਪਸਾਰਾ ਹੋ ਗਿਆ। ਇਨ੍ਹਾਂ ਐਬਾਂ ਦੀ ਮਾਰ ਹੇਠ ਆਈ ਸਿੱਖ ਲਹਿਰ ਜਮਾਤੀ ਸੰਘਰਸ਼ ਨੂੰ ਤਿੱਖਿਆਂ ਕਰਨ ਵਿੱਚ ਕੋਈ ਯੋਗਦਾਨ ਪਾਉਣ ਦੀ ਬਜਾਇ ਸਥਾਪਤੀ ਦੇ ਹੱਕ ਵਿੱਚ ਭੁਗਤਣ ਲੱਗ ਪਈ। ਪਿਛਲੇ ਪੰਜਾਹ ਸਾਲਾਂ ਦੌਰਾਨ ਸਿੱਖ ਧਰਮ ਦੇ ਢਾਂਚੇ ਉੱਪਰ ਕਾਬਿਜ਼ ਲੋਕਾਂ ਨੇ ਇਸ ਧਰਮ ਦੀ ਕਲਾ ਉਸੇ ਤਰ੍ਹਾਂ ਹੀ ਮਰੋਡ਼ ਕੇ ਰੱਖੀ ਹੈ ਜਿਸ ਤਰਾਂ ਕਿ ਉਨ੍ਹਾਂ ਦੇ (ਜਗੀਰਦਾਰੂ) ਹਿਤਾਂ ਨੂੰ ਮਾਫਿਕ ਬੈਠਦਾ ਹੋਏ। ਪਿਛਲੀ ਸਦੀ ਦੇ ਅੱਸੀਵੀਆਂ ਦੇ ਦਹਾਕੇ ਦੌਰਾਨ ਪੰਜਾਬ ਵਿੱਚ ਚੱਲੀ ਲਹਿਰ ਦੌਰਾਨ ਜੇਕਰ ਲੋਕ ਹਿਤਾਂ ਦੀ ਤਰਜ਼ਮਾਨੀ ਕਰਨ ਵਾਲੀਆਂ ਕੁੱਝ ਤਰੰਗਾਂ ਪੈਦਾ ਵੀ ਹੋਈਆਂ ਤਾਂ ਉਹ ਫਿਰਕੂ ਬਿਰਤੀਆਂ ਅਤੇ ਕੱਟਡ਼ਤਾ ਦੀਆਂ ਜ਼ੋਰਦਾਰ ਗੂਡ਼੍ਹੀਆਂ ਤਰੰਗਾਂ ਹੇਠ ਮਸਲੀਆਂ ਗਈਆਂ। 

ਅੱਜ ਦੇ ਆਗੂ ਜਗੀਰਦਾਰੂ ਰੁਚੀਆਂ ਦੇ ਨਾਲ ਨਾਲ ਸਰਮਾਏਦਾਰੀ ਜਮਾਤ ਦੇ ਭਿਆਲੀਦਾਰ ਵੀ ਬਣ ਗਏ ਹਨ ਜਿਨ੍ਹਾਂ ਦੇ ਜਾਤੀ ਅਤੇ ਜਮਾਤੀ ਹਿਤ ਆਮ ਲੋਕਾਂ (ਭਾਵੇਂ ਉਹ ਸਿੱਖ ਹੀ ਕਿਉਂ ਨਾਂ ਹੋਣ) ਨਾਲੋਂ ਵੱਖਰੇ ਹਨ। ਇਹੋ ਹੀ ਕਾਰਨ ਹੈ ਕਿ ਅੱਜ ਦੇ ਜਮਾਤੀ ਸੰਘਰਸ਼ ਵਿੱਚੋਂ ਸਿੱਖ ਲਹਿਰ ਗਾਇਬ ਹੈ। ਅੱਜ ਹੀ ਗਾਇਬ ਨਹੀ ਹੈ, ਅਸਲ ਵਿੱਚ ਲੋਕ ਹਿਤੈਸ਼ੀ ਪੈਂਤਡ਼ੇ ਤੋਂ ਥਿਡ਼ਕ ਕੇ ਇਹ ਲਹਿਰ ਮਿਸਲਾਂ ਵੇਲੇ ਹੀ ਜਮਾਤੀ ਸੰਘਰਸ਼ ਦੀ ਨੁਮਾਇੰਦਗੀ ਕਰਨ ਦੇ ਰਾਹੋਂ ਭਟਕ ਗਈ ਸੀ। ਐਵੇਂ ਨਹੀਂ ਸੀ ਗਿਆਨੀ ਗਿਆਨ ਸਿੰਘ ਨੂੰ ਲਿਖਣਾ ਪਿਆ ਕਿ 

ਇਸ ਦੇਸ ਤੇ ਸਿੱਖੀ ਉਠ ਗਈ, ਦੂਰਿ ਜਾਇ ਲੀਤੀ ਵਾਸਿ ।।
ਸੋ, ਜੇਕਰ ਸਿੱਖ ਜ਼ਿਮੀਂਦਾਰ ਗ਼ਰੀਬ ਸਿੱਖਾਂ ਦਾ ਬੰਧੂਆਂ ਮਜ਼ਦੂਰਾਂ ਵਾਂਗ ਸ਼ੋਸ਼ਣ ਕਰ ਰਹੇ ਹਨ ਤਾਂ ਇਹ ਮਸਲਾ ਨਿਰੋਲ ਮਲਿਕ ਭਾਗੋ ਅਤੇ ਭਾਈ ਲਾਲੋ ਦੇ ਚਲਦੇ ਆ ਰਹੇ ਜਮਾਤੀ ਸੰਘਰਸ਼ ਦਾ ਹੈ ਨਾਂ ਕਿ ਧਾਰਮਿਕ। ਇਨ੍ਹਾਂ ਬੰਧੂਆਂ ਮਜ਼ਦੂਰਾਂ ਦੀ ਮੁਕਤੀ ਦਾ ਰਾਹ ਸਿੱਖ ਲਹਿਰ ਵਿੱਚੋਂ ਤਲਾਸ਼ਣਾ ਵੀ ਵਾਜਿਬ ਨਹੀਂ ਹੋਏਗਾ, ਕਿਉਂਕਿ ਮਨੁੱਖੀ ਸੰਘਰਸ਼ ਦੇ ਇਸ ਪਡ਼ਾਅ ਤੇ ਮੌਜੂਦਾ ਸਿੱਖ ਲਹਿਰ ਦਾ ਖਾਸਾ ਮਲਿਕ ਭਾਗੋ ਵਰਗੇ ਜਗੀਰਦਾਰਾਂ ਅਤੇ ਸਰਮਾਏਦਾਰਾਂ ਦੀ ਪੁਸ਼ਤ ਪਨਾਹੀ ਕਰਦਾ ਹੈ ਨਾ ਕਿ ਭਾਈ ਲਾਲੋ ਵਰਗੇ ਕਿਰਤੀਆਂ ਦੀ।
ਸੰਪਰਕ: 001 (905)795-3428
ਇਸ ਦੇਸ ਤੇ ਸਿੱਖੀ ਉਠ ਗਈ, ਦੂਰਿ ਜਾਇ ਲੀਤੀ ਵਾਸਿ ।।


ਨਵਾਂ ਜ਼ਮਾਨਾ ਨੇ ਬੇਨਕਾਬ ਕੀਤੀਆਂ ਭੂਤ ਮੰਡਲੀ ਦੀਆਂ ਕਰਤੂਤਾਂ


Wednesday, November 28, 2012

“ ਤਲਖੀਆਂ ”-ਸੰਦਰਭ ਪੰਜਾਬੀ ਭਾਸ਼ਾ ਤੇ ਸਾਹਿਤ-ਸੱਭਿਆਚਾਰ

ਹਰ ਪੰਦਰਾਂ ਦਿਨਾਂ ਬਾਅਦ ਇਕ ਭਾਸ਼ਾ ਮਰ ਰਹੀ ਹੈ....
ਭਾਸ਼ਾ, ਸਾਹਿਤ, ਸਭਿਆਚਾਰ...ਬਹੁਤ ਕੁਝ ਸੰਕਟ ਵਿਚ ਹੈ। ਇਸ ਬਾਰੇ ਰੌਲਾ  ਰੱਪਾ ਤਾਂ ਕਈ  ਵਾਰ ਪਿਆ  ਪਰ ਠੋਸ ਕੁਝ  ਨਹੀਂ ਹੋਇਆ। ਇਸ ਨਾਜ਼ੁਕ ਹਾਲਤ  ਦੇ ਵੱਖ ਵੱਖ ਪਹਿਲੂਆਂ ਬਾਰੇ ਇੱਕ ਵਾਰ ਫਿਰ ਕੁਝ ਨੁਕਤੇ ਉਠਾਏ ਹਨ ਉਘੇ ਸਾਹਿਤਕਾਰ ਲਾਲ ਸਿੰਘ ਦਸੂਹਾ ਨੇ। ਇਹ ਵਿਚਾਰ ਕਿਸੇ ਕਿਤਾਬੀ ਗਿਆਨ ਜਾਂ ਬਹਿਸ-ਪ੍ਰੇਮ ਦੀ ਆਦਤ  ਚੋ ਨਹੀਂ ਬਲਕਿ ਇਸ ਨਾਲ ਸਬੰਧਿਤ ਦਰਦ ਚੋਂ ਆਏ ਹਨ। ਇਹਨਾਂ ਵਿਚਾਰਾਂ ਵਿੱਚ ਉਮਰ ਦਾ ਤਜਰਬਾ ਵੀ ਹੈ, ਗਿਆਨ ਦੀ ਰੌਸ਼ਨੀ ਵੀ ਅਤੇ ਸਾਧਨਾ ਦੇ ਫਲ ਵੱਜੋਂ ਮਿਲੀ ਸੇਧ ਸ਼ਕਤੀ ਵੀ। ਇਸ ਲਿਖਤ ਅਤੇ ਇਸ ਵਿਚਲੇ ਸੁਨੇਹੇ ਬਾਰੇ  ਤੁਹਾਡੇ ਅਨਮੋਲ ਵਿਚਾਰਾਂ ਦੀ ਉਡੀਕ ਇਸ ਵਾਰ ਵੀ ਬਣੀ ਰਹੇਗੀ।--ਰੈਕਟਰ ਕਥੂਰੀਆ
”...........ਅਸੀਂ ਪੰਜਾਬੀ ਵੀ, ਘਰਾਂ ਵਿੱਚ ਪੰਜਾਬੀ ਦੀ ਥਾਂ , ਹਿੰਦੀ ਤੇ ਸਕੂਲਾਂ ਵਿੱਚ ਪੰਜਾਬੀ /ਹਿੰਦੀ ਦੀ ਥਾਂ ਅੰਗਰੇਜ਼ੀ ਭਾਸ਼ਾ ਬੋਲਦੇ ,ਸਿੱਖਦੇ ਬੱਚਿਆਂ ਨੂੰ ਦੇਖਦੇ ਪ੍ਸੰਨ ਹੁੰਦੇ , ਅਸਲ ਵਿੱਚ ਆਪਣੀ ਹੀ ਮਾਤ-ਭਾਸ਼ਾ ਲਈ ਡੂੰਘੀ ਕਬਰ ਤਿਆਰ ਕਰ ਰਹੇ ਹਾਂ ।................”
” ............ਅਸੀਂ ਤਰਖਾਣ ,ਮੋਚੀ , ਦਰਜ਼ੀ ਆਦਿ ਸਾਰਿਆਂ ਨੂੰ ਪੈਸੇ ਦਿੰਦੇ ਹਾਂ ,ਪਰ ਲੇਖਕ ਤੋਂ ਮੁਫ਼ਤੋਂ ਮੁਫਤ ਕੰਮ ਕਰੀ ਜਾਣ ਦੀ ਆਸ ਰੱਖਦੇ ਹਾਂ ......... “ ਪੰਡਿਤ ਨਹਿਰੂ
ਥੋਡ਼ਾ ਕੁ ਸਮਾਂ ਪਹਿਲਾਂ ਦੁਨੀਆਂ ਭਰ ਦੀ ਪ੍ਰਤੀਨਿੱਧ ਟਿੱਪਣੀ-ਸੰਸਥਾ ਯੂਨਿਸਕੋ ਨੇ ਇੱਕ ਰੀਪੋਰਟ ਛਾਪੀ ਸੀ, ਜਿੱਸ ਵਿੱਚ ਪੰਜਾਬੀ ਸਮੇਤ ਅਨੇਕਾਂ ਖੇਤਰੀ ਭਾਸ਼ਾਵਾਂ ਦੇ ਆਉਂਦੇ ਪੰਜਾਹ ਸਾਲਾਂ ਵਿੱਚ ਖ਼ਤਮ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ ।
ਸਾਡੇ ਪਾਸ ਇਸ ਰਿਪੋਰਟ ਨੂੰ ਰੱਦ ਕਰ ਦੇਣ ਦਾ ਭਾਵੁਕ ਆਧਾਰ ਵੀ ਹੈ ਤੇ ਆਪਣੀ ਭਾਸ਼ਾ , ਆਪਣੇ ਸਾਹਿਤ ਸੱਭਿਆਚਾਰ ਦਾ ਕਈ ਸਦੀਆਂ ਦੀ ਅਮੀਰੀ ਨਾਲ ਲਬਰੇਜ਼ ਹੋਇਆ ਇਤਿਹਾਸ ਵੀ ਸਾਨੂੰ ਸਾਡੀ ਬੋਲੀ ਦੇ ਲੋਕ ਆਧਾਰ ਤੇ ਵੀ ਮਾਣ ਹੈ ਤੇ ਆਪਣੀ ਧਰਤੀ ਦੇ ਜ਼ਰਖੇਜ਼ ਕਣਾਂ ਤੇ ਵੀ । ਤਾਂ ਵੀ  ਟਿੱਪਣੀਕਾਰ ਸੰਸਥਾ ਦੇ ਆਖੇ-ਦੱਸੇ ਨੂੰ ਮੁੱਢੋ-ਸੁੱਢੋ ਰੱਦ ਕਰਨ ਤੋਂ ਪਹਿਲਾਂ ਉਸ ਦੁਆਰੇ ਕੱਢੇ ਨਿਰਨੇ ਪਿੱਛੇ ਕਾਰਜਸ਼ੀਲ , ਇਸ ਅਹਿਮ ਇਤਿਹਾਸਿਕ ਵਰਤਾਰੇ ਦੀ ਵੀ ਝਲਕ ਜ਼ਰੂਰ ਦੇਖਣੀ ਬਣਦੀ ।

ਇਤਿਹਾਸਕਾਰ ਦੱਸਦੇ ਹਨ ਕਿ ਦਸ ਹਜ਼ਾਰ ਸਾਲ ਪਹਿਲਾਂ , ਦੁਨੀਆਂ ਦੀ ਆਬਾਦੀ ਸਿਰਫ਼ ਦਸ ਲੱਖ ਸੀ ਤਾਂ ਪੰਦਰਾਂ ਹਜ਼ਾਰ ਦੇ ਕਰੀਬ ਭਾਸ਼ਾਵਾਂ ਦਾ ਚਲਣ ਸੀ , ਅੱਜ ਦੁਨੀਆਂ ਦੀ ਆਬਾਦੀ ਸਾਢੇ ਸੱਤ ਅਰਬ ਤੱਕ ਜਾ ਪੁੱਜੀ ਹੈ ,ਪਰ ਭਾਸ਼ਾਵਾਂ ਦੀ ਸੰਖਿਆ ਸਿਰਫ਼ 6300 ਰਹਿ ਗਈ ਹੈ ।ਉਹ ਵਿਦਵਾਨ ਇਹ ਦੱਸਣ ਵਿੱਚ ਵੀ ਕੋਈ ਝਿਜਕ ਨਹੀਂ ਮਹਿਸੂਸਦੇ ਕਿ ਇਸੇ ਰਫ਼ਤਾਰ ਨਾਲ ਘਟਦੀ ਗਈ ਭਾਸ਼ਾਵਾਂ ਦੀ ਗਿਣਤੀ ਆਉਦੇ ਭਵਿਖ ਵਿੱਚ ਸਿਰਫ਼ ਛੇ-ਸੱਤ ਸੌ ਹੀ ਰਹਿ ਜਾਵੇਗੀ । ਇਸ ਤੱਥ ਦੀ ਪੁਸ਼ਟੀ ਵਜੋਂ ਉਹ ਆਸਟ੍ਰੇਲੀਆ ਮਹਾਂਦੀਪ ਦਾ ਹਵਾਲਾ ਵੀ ਦਿੰਦੇ ਹਨ,ਜਿੱਥੇ ਬੀਤੀਆਂ ਦੋ ਸਦੀਆਂ ਵਿੱਚ 250 ਭਾਸ਼ਾਵਾਂ ਵਿਚੋਂ 225 ਭਾਸ਼ਾਵਾਂ ਦਾ ਅੰਤਰ ਹੋ ਚੁੱਕਾ ਹੈ । ਅਤੇ ਅਫ਼ਰੀਕਾ ਮਹਾਂਦੀਪ ਜਿੱਥੇ 1000 ਵਿੱਚੋਂ 220 ਦਾ ਅੰਤ ਹੋ ਚੁੱਕਾ ਹੈ ਤੇ ਕਈ ਮਰਨ ਕਿਨਾਰੇ ਪੁੱਜ ਗਈਆਂ ਹਨ ।

ਉਪਰੋਤਕ ਤੱਥਾਂ ਦੇ ਸਨਮੁੱਖ ਯੂਨਿਸਕੋ ਦਾ ਇਹ ਕਥਨ ਵੀ ਗੈਰ-ਵਾਜਿਬ ਨਹੀਂ ਕਿ ਇਵੇਂ ਤੇ ਇਸ ਰਫ਼ਤਾਰ ਨਾਲ ਅਲੋਪ ਹੁੰਦੀਆਂ ਰਹੀਆਂ ਭਾਸ਼ਾਵਾਂ ਵਿੱਚ ਕਿਧਰੇ ਪੰਜਾਬੀ ਭਾਸ਼ਾ ਵੀ ਸ਼ਾਮਿਲ ਨਾ ਹੋ ਗਈ ਹੋਵੇ ।

ਭਾਸ਼ਾ ਸੰਬੰਧੀ ਇਵੇਂ ਦਾ ਖ਼ਦਸ਼ਾ ਡਾ: ਡੇਵਿਡ ਹੈਰੀਸਨ ਨੇ ਆਪਣੇ ਲੇਖ ‘ਵੈਨੁੰ ਲੈਂਗੁਏਜਿਜ਼ ਡਾਈ’ ਵਿੱਚ ਪ੍ਰਗਟ ਕਰਦਿਆਂ , ਅੰਕਡ਼ਾ ਮੂਲਕ ਤੱਥਾਂ ਨਾਲ ਮਰ ਰਹੀਆਂ ਭਾਸ਼ਾਵਾਂ ਦੇ ਵੇਰਵੇ ਦੱਸੇ । ਉਹਨਾਂ ਅਨੁਸਾਰ : -
1)      ਹਰ ਪੰਦਰਾਂ ਦਿਨਾਂ ਬਾਅਦ ਇਕ ਭਾਸ਼ਾ ਮਰ ਰਹੀ ਹੈ ।
2)      ਇਹ ਖ਼ਤਰਾ ਦੁਨੀਆਂ ਭਰ ਦੀਆਂ 40% ਭਾਸ਼ਾਵਾਂ ਦੇ ਸਿਰ ਮੰਡਰਾ ਰਿਹਾ ਹੈ ।
3)      21ਵੀਂ ਸਦੀ ਦੇ ਅੰਤ ਤੱਕ ਅੱਜ ਦੀ ਭਾਸ਼ਾਵਾਂ ਦੀ ਗਿਣਤੀ ਨਾਲੋਂ ਅੱਧੀਆਂ ਭਾਸ਼ਾਵਾਂ ਹੀ ਰਹਿ ਜਾਣਗੀਆਂ ।
4)      ਇਹਨਾਂ 6800 ਚੋਂ ਅੱਧੀਆਂ ਕਰੀਬ 3500 ਭਾਸ਼ਾਵਾਂ ਦੇ ਬੋਲਣ ਵਾਲੇ ਕੇਵਲ 20 % ਲੋਕ ਹੀ ਹਨ ।
5)      ਬਾਕੀ ਦੀ 80% ਦੁਨੀਆਂ ਦੀ ਆਬਾਦੀ 80 ਭਾਸ਼ਾਵਾਂ ਹੀ ਬੋਲਦੀ ਹੈ ।

ਡਾ. ਹੈਰੀਸਨ ਭਾਸ਼ਾਵਾਂ ਦੇ ਇਸ ਖਾਤਮੇਂ ਲਈ , ਅਨੇਕਾਂ ਕਬੀਲਿਆਂ ਦੀ ਹੋਂਦ-ਹੋਣੀ ਮੁੱਢੋਂ-ਸੁੱਢੋਂ ਖ਼ਤਮ ਹੋ ਜਾਣ ਵਾਲੇ ਇਤਿਹਾਸਕ ਸੱਚਾਈ ਵਾਲੇ ਤੱਥਾਂ ਤੋਂ ਅਗਾਂਹ ,ਸੰਸਾਰੀਕਰਨ ਦੇ ਵਰਤਾਰੇ ਨੂੰ ਅਤੇ ਇਕ ਥਾਂ ਇਕ ਦੇਸ਼ ਤੋਂ ਦੂਜੀ ਥਾਂ ,ਦੂਜੇ ਦੇਸ਼ ਜਾ ਵਸਣ ਦੀ ਪ੍ਰਵਾਸ ਦੀ ਪ੍ਰਕਿਰਿਆ ਨੂੰ ਪ੍ਰਮੁੱਖ ਕਾਰਨ ਗਿਣਦਾ ਇਸ ਪੱਖੋਂ ਵੀ ਸਾਡਾ ਲਿਹਾਜ਼ ਨਹੀਂ ਕਰਦਾ ਕਿ ਅਸੀਂ ਸੱਭਿਐ ਜਾਂ ਉੱਤਰ –ਆਧੁਨਿਕ ਲੱਗਣ ਦਿੱਸਣ ਦੇ ਭੁਲਾਵੇ ਵਿੱਚ ਆਪਣੇ ਬੱਚਿਆਂ ਰਾਂਹੀ ਵੀ ਆਪਣੀਆਂ ਭਾਸ਼ਾਵਾਂ ਨੂੰ ਅੰਤਲੇ ਸਾਹਾਂ ਵੱਲ ਘਸੀਟ ਰਹੇ ਹਾਂ । ਅਸੀਂ ਪੰਜਾਬੀ ਵੀ, ਘਰਾਂ ਵਿੱਚ ਪੰਜਾਬੀ ਦੀ ਥਾਂ ਹਿੰਦੀ ਤੇ ਸਕੂਲਾਂ ਵਿੱਚ ਪੰਜਾਬੀ /ਹਿੰਦੀ ਦੀ ਥਾਂ ਅੰਗਰੇਜ਼ੀ ਭਾਸ਼ਾ ਬੋਲਦੇ ,ਸਿੱਖਦੇ ਬੱਚਿਆਂ ਨੂੰ ਦੇਖਦੇ ਪ੍ਸੰਨ ਹੁੰਦੇ , ਅਸਲ ਵਿੱਚ ਆਪਣੀ ਹੀ ਮਾਤ-ਭਾਸ਼ਾ ਲਈ ਡੂੰਘੀ ਕਬਰ ਤਿਆਰ ਕਰ ਰਹੇ ਹਾਂ ।

ਇਥੇ ਇਸ ਬਿੰਦੂ ਦੀ ਸਮਝਦਾਰੀ ਹੋਣੀ ਵੀ ਬੇ-ਹੱਦ ਜ਼ਰੂਰੀ ਹੈ ਕਿ ਕਿਸੇ ਵੀ ਭਾਸ਼ਾ ਨੂੰ ਨੁਕਸਾਨ ਪਹੁੰਚਾਉਣ ਦਾ ਮੁੱਢਲਾ ਕਾਰਜ ਇਸਦਾ ਮੌਖਿਕ ਤੱਤ ਜਿੱਸ ਨੂੰ ਬੋਲੀ ਦੀ ਸੰਗਿਆ ਦਿੱਤੀ ਜਾ ਸਕਦੀ ਹੈ ,ਨੂੰ ਵਿਸਾਰਨ ਤੋਂ ਸ਼ੁਰੂ ਹੁੰਦਾ ਹੈ ਤੇ ਜਿੱਸ ਨੂੰ ਸਾਡੀ ਅੱਜ ਦੀ ਮਾਨਸਿੱਕਤਾ ਨਾਮ-ਨਿਹਾਦ ਆਧੁਨਿਕਤਾ ਦੇ ਸੰਗਿਆ ਦੇ ਰਹੀ ਹੈ। ਇਸ ਦੇ ਨਾਲ ਹੀ ਜੁਡ਼ਵਾਂ ਤੱਤ ਇਹ ਵੀ ਬੇ-ਹੱਦ ਗੋਲਣਯੋਗ ਹੈ ਕਿ ਗੁਆਚ ਰਹੀ ਜਾਂ ਵਿਸਾਰੀ ਜਾ ਰਹੀ ਭਾਸ਼ਾ ਦਾ ਸਾਫ਼-ਸਿੱਧਾ ਅਰਥ ਗੁਆਚ ਰਿਹਾਂ ਜਾਂ ਗੁਆਇਆ ਜਾ ਰਿਹਾ ਸੱਭਿਆਚਾਰ ਹੀ ਹੁੰਦਾ ਹੈ ।

ਪੰਜਾਬੀ ਭਾਸ਼ਾ/ਸੱਭਿਆਚਾਰਕ ਦੇ ਸੰਬੰਧ ਵਿੱਚ ਇਹ ਤੱਥ ਉੱਘਡ਼ਵੇਂ ਰੂਮ ਵਿੱਚ ਦ੍ਰਿਸ਼ਟੀਗੋਚਰ ਹੋਣ ਕਾਰਨ ਯੂਨਿਸਕੋ ਵੱਲੋਂ ਅੰਗੀ  ਪੰਜਾਬੀ ਭਾਸ਼ਾ ਦੀ  ਰਹਿੰਦੀ –ਬਚਦੀ ਉਮਰ ਕੇਵਲ ਪੰਜਾਹ ਸਾਲ ਹੀ ਹੈ , ਬਿਲਕੁਲ ਗੈਰ ਵਾਜਿਬ ਨਹੀਂ ਜਾਪਦੀ ।
ਅਜਿਹੀ ਸਥਿਤੀ ਵਿੱਚ ਦੁਨੀਆਂ ਭਰ ਦੀਆਂ 7000 ਦੇ ਕਰੀਬ ਭਾਸ਼ਾਵਾਂ ਦੇ ਪ੍ਰਚਲਣ ਵਿੱਚ 10/12/13 ਵੇਂ ਸਥਾਨ ਤੇ ਵਿਚਰਨ ਵਾਲੀ ਪੰਜਾਬੀ ਦੇ ਭਵਿੱਖ ਤੇ ਲੱਗੇ ਪ੍ਰਸ਼ਨ-ਚਿੰਨ ਨੇ ਇਸ ਦੇ ਚਾਹੁਣ –ਬੋਲਣ ਵਾਲੇ ਵਿਅਕਤੀਆਂ –ਵਿਦਵਾਨਾਂ ਨੂੰ ਢੇਰ ਸਾਰੀਆਂ ਚਿੰਤਾਵਾਂ ਦੀ ਵਲਗਣ ਅੰਦਰ ਘੇਰ ਲਿਆ ਹੈ । ਕੋਈ ਇਸ ਦੇ ਕਾਰਨਾਂ ਦੀ ਘੋਖ-ਪਡ਼ਤਾਲ ਵਰਤਮਾਨ ਦੀਆਂ ਸਥਿਤੀਆਂ-ਪ੍ਰਸਥਿਤੀਆਂ ਨੂੰ ਸਨਮੁੱਖ ਰੱਖ ਕੇ  ਕਰ ਰਿਹਾ , ਕੋਈ ਦੂਰ ਪਿਛਾਂਹ ਰਹਿ ਗਈ ਇਸ ਦੀ ਭੂਤ-ਭੌਤਿਕਤਾ ਦੇ ਆਧਾਰ-ਪਾਸਾਰ ਤੇ ।

ਭੂਤਕਾਲ ਦੀ ਕੁੱਖ ਨੂੰ ਟੋਹਣ ਵਾਲੇ ਵਿਦਵਾਨਾਂ ਦਾ ਮੱਤ ਹੈ ਕਿ ਭਾਵੇਂ ਪੰਜਾਬੀ ਭਾਸ਼ਾ ਦੀਆਂ ਜਡ਼੍ਹਾਂ ਪੰਜਾਹ ਹਜ਼ਾਰ ਪਹਿਲਾਂ ਵਾਲੇ ਸੰਸਕ੍ਰਿਤ ਕਾਲ ਨਾਲ ਜਾ ਜੁਡ਼ਦੀਆਂ ਹਨ ,ਪਰ ਪਿੱਛੋਂ ਰਾਜ ਦੇ ਖਾਸੇ ਅਤੇ ਰਾਜਨੀਤੀ ਦੇ ਛਡ਼ਜੰਤਰ ਨੇ ਇਸ ਭਾਸ਼ਾ ਨੂੰ ਵਿਗਸਣ/ਮੌਲਣ ਦੇ ਬਹੁਤ ਹੀ ਸੰਕੋਚਵੇਂ ਅਵਸਰ ਪ੍ਰਦਾਨ ਕੀਤੇ । ਭਾਵੇਂ ਇਸ ਖਿੱਤੇ ਦਾ ਆਰਥਿੱਕ ਆਧਾਰ ਥੋਡ਼ੇ ਕੁ ਚਿਰਾਂ ਤੋਂ ਆਂਸ਼ਕ ਰੂਪ ਵਿੱਚ ਸਰਮਾਇਆ ਮੁਖੀ ਹੋ ਜਾਣ ਵਲ੍ਹ ਨੂੰ ਆਹੁਲਿਆ ਹੈ ,ਪਰ ਸਦੀਆਂ ਭਰ ਤੋਂ ਇਹ ਆਧਾਰ ਸਾਮੰਤ ਮੁਖੀ ਹੀ ਰਿਹਾ । ਸੱਚ ਇਹ ਵੀ ਹੈ ਕਿ ਇਹ ਦੋਨੋਂ ਆਰਥਿੱਕ ਵਿੱਵਸਥਾਵਾਂ ਪੰਜਾਬੀ ਭਾਸ਼ਾ ਤੇ ਸਾਹਿਤ-ਸੱਭਿਆਚਰ ਪ੍ਰਤੀ ਬੇਗਾਨਗੀ ਵਾਲਾ ਹੀ ਵਰਤਾਓ ਕਰਦੀਆਂ ਰਹੀਆਂ ਹਨ । ਪੰਜਾਬੀ ਭਾਸ਼ਾ/ਸੱਭਿਆਚਰ ਦਾ ਜੋ ਸਰੂਪ ਸਾਨੂੰ ਹੁਣ ਦੇ ਸਮਿਆਂ ਤੱਕ  ਉੱਪਲਭਦ ਹੋਇਆ ਹੈ ਉਹ ਇਹਨਾਂ ਦੋਨਾਂ ਵਿਵੱਸਥਾਵਾਂ ਅੰਦਰ ਵਿਚਰਦੇ ਲੋਕ-ਸਮੂਹ ਦੀ ਲੋਕ-ਚੇਤਨਾ ਕਰਕੇ ਉੱਪਲਭਦ ਹੈ , ਨਾ ਕਿ ਵਿਵੱਸਥਾਵਾਂ ਦੇ, ਆਕਾਵਾਂ ਦੇ ਤੌਰ ਤਰੀਕਿਆਂ ਕਾਰਨ । ਇਹ ਆਕਾ ਤਾਂ ਵਾਹ ਲੱਗਦੀ ਨੂੰ ਪੰਜਾਬੀ ਬੋਲਦੇ ਇਸ ਖਿੱਤੇ ਅੰਦਰ ਰਹਿੰਦੇ –ਵਸਦੇ ਵੀ ਓਪਰਿਆਂ ਵਾਲਾ ਵਿਵਹਾਰ ਹੀ ਕਰਦੇ ਰਹੇ ਹਨ ,ਜਾਂ ਕੁਰਸੀਆਂ ਸਰਦਾਰੀਆਂ-ਅਹੁਦੇਦਾਰੀਆਂ ਖਾਤਰ ਇਸ ਖਿੱਤੇ ਨੂੰ ਛਾਂਗਦੇ –ਛਿੱਲਦੇ,ਟੁੱਕਡ਼ਿਆਂ ਵਿੱਚ ਵੰਡਦੇ ਰਹੇ ਹਨ ।
ਪੰਜਾਬੀ ਭਾਸ਼ਾ /ਸੱਭਿਆਚਾਰ ਪ੍ਰਤੀ ਫਿਕਰਮੰਦੀ ਰੱਖਣ ਵਾਲੇ ਉਹ ਵਿਦਵਾਨ ਜਿਹਡ਼ੇ ਇਸ ਦੇ ਵਰਤਮਾਨ ਸਮੇਤ ਇਸ ਦੇ ਭਵਿੱਖ ਦੇ ਹਾਲਾਤਾਂ ਪ੍ਰਤੀ ਚਿੰਤੱਤ ਹਨ । ਉਹਨਾਂ ਦੀ ਮੁੱਖ ਟੇਕ ਵੀ ਇਥੋਂ ਦੀ ਆਰਥਿੱਕਤਾ ਅਤੇ ਰਾਜਨੀਤਕ ਵਿਵਹਾਰ ਤੇ ਹੀ ਟਿਕਦੀ ਹੈ । 1947/50 ਈ . ਪਿੱਛੋਂ ਭਾਰਤ ਦੇ ਵੱਖ ਵੱਖ ਖਿੱਤਿਆਂ ਦੀਆਂ ਬੋਲੀਆਂ ਨੂੰ ਸੰਵਿਧਾਨਿਕ ਮਾਨਤਾ ਦੇ ਕੇ ਇਹਨਾਂ ਨੂੰ ਵਿੱਗਸਣ –ਮੌਲਣ ਲਈ ਸਪੇਸ ਤਾਂ ਦੇ ਦਿੱਤੀ ਗਈ ,ਪਰ ਪੰਜਾਬੀ ਭਾਸ਼ਾ ਨੂੰ ਮਿਲੀ ਇਹ ਸਪੇਸ ਕਈ ਸਾਰੀਆਂ ਤੰਗ-ਵਲ੍ਹਗਣਾਂ ਵਿੱਚ ਫਿਰ ਤੋਂ ਘਿਰ ਗਈ । ਸੰਨ  ’47 ਦੀ ਵੰਡ ਨਾਲ ਟੋਟੇ ਹੋਏ ਪੰਜਾਬ ਦੀ ਇੱਕ ਹੀ ਭਾਸ਼ਾ ਦੋ ਵੱਖ ਵੱਖ ਸੱਭਿਆਚਾਰਕ ਰਹਿਤਲਾਂ ‘ਚ ਵੰਡ ਹੋ ਕੇ ਵੱਖਰੇ ਵੱਖਰੇ ਸਰੂਪ ਅਖਿਆਰ ਕਰਦੀ ਗਈ, ਇਸ ਤੋਂ ਵੀ ਵੱਧ ਸਿਤਮਜ਼ਰੀਫੀ ਇਹ ਕਿ ਇਧਰ ਰਹੇ-ਬਚੇ ਪੰਜਾਬ ਦੀ ਸਾਂਝੀ-ਵਾਂਝੀ ਭਾਸ਼ਾ ਨੂੰ ਧਰਮਾਂ ਦੇ ਉੱਪ-ਸੱਭਿਆਚਾਰ ਨੇ ਬੇ-ਲੋਡ਼ੀ ਦਖ਼ਲ ਅੰਦਾਜ਼ੀ ਕਰਕੇ ਇਸ ਦੇ ਵਿੱਗਸਣ-ਮੋਲਣ ਦੇ ਰਾਹਾਂ ਵਿੱਚ ਕਈ ਸਾਰੀਆਂ ਅਡ਼ਚਨਾਂ ਖਡ਼ੀਆਂ ਕੀਤੀ ਰੱਖੀਆਂ ।ਦੂਜੇ ਸ਼ਬਦਾਂ ਵਿੱਚ ਧਰਮ-ਅਧਾਰਿਤ ਸੱਭਿਆਚਾਰੀਕਰਨ ਦੇ ਅਮਲ ਵਿੱਚ ਦੋ ਭਾਸ਼ਾਵਾਂ ਇੱਕ ਦੂਜੀ ਨੂੰ ਪਿਛਾਡ਼ਨ ਦੇ ਅਮਲ ਅੰਦਰ ਹੀ ਰੁੱਝੀਆਂ ਰਹੀਆਂ ।

ਅਜੋਕੇ ਦੌਰ ਵਿੱਚ ਭਾਵੇਂ, ਬੀਤੀ ਸਦੀ ਦੇ ਪਿਛਲੇ ਅੱਧ ਵਾਲੀਆਂ ਸਥਿਤੀਆਂ-ਪ੍ਰਸਥਿਤੀਆਂ ਬਰਕਰਾਰ ਨਹੀਂ ਰਹੀਆਂ , ਤਾਂ ਵੀ ਸੰਸਾਰੀਕਰਨ,ਨਿੱਜੀਕਰਨ ,ਵਿਓਪਾਰੀਕਰਨ ਦੇ ਬੀਤੀ ਸਦੀ ਦੇ ਅੰਦਲੇ ਦਹਾਕੇ ਤੋਂ  ਕੁਝ ਤਿੱਖੇ ਰੂਪ ਵਿੱਚ ਸ਼ੁਰੂ ਹੋਏ  ਚਲਣ-ਪ੍ਰਚਲਣ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਸੱਭਿਆਚਾਰ ਸਮੇਤ ਭਾਰਤ ਦੇਸ਼ ਦੀਆਂ ਸਾਰੀਆਂ ਉੱਪ-ਭਾਸ਼ਾਵਾਂ /ਖੇਤਰੀ-ਭਾਸ਼ਾਵਾਂ ਦੀ ਹੋਂਦ ਹੋਣੀ ਦੇ ਸਿਰ ਤੇ ਚਿੰਨ-ਭਾਸ਼ਾ ਦੀ ਤਲਵਾਰ ਲਟਕਾ ਦਿੱਤੀ ਹੈ । ਚਿੱਨਾਂ/ਬਿੰਦੂਆਂ ਰਾਹੀਂ ਦੁਨੀਆਂ ਭਰ ਦੇ ਆਕਾਸ਼ੀ-ਚਿੱਤਰਪੱਟ ਤੇ ਖਿੱਲਰੀ-ਪੱਸਰੀ ਇਹ ਕੰਮਪਿਓਟਰੀਕ੍ਰਿਤ ਭਾਸ਼ਾ, ਪੰਜਾਬੀ ਲਈ ਇਹ ਹੋਰ ਭਿਆਨਕ ਕਿਸਮ ਦਾ ਖ਼ਤਰਾ ਲਈ ਖਡ਼ੀ ਹੈ। ਇਉਂ , ਹੁਣ ਤੱਕ ਖੱਤਰਿਆਂ-ਦੁਸ਼ਵਾਰੀਆਂ ਅੰਦਰ ਘਿਰਿਆ ਰਿਹਾ ਪੰਜਾਬੀ ਸਾਹਿਤ-ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਅੰਦਰੂਨੀ ਤਲਖੀਆਂ ਦੇ ਨਾਲ ਨਾਲ ਬਾਹਰੀ ਹਮਲਿਆਂ ਦੀ ਲਿਪੇਟ ਵਿੱਚ ਆ ਗਏ ਹਨ ।ਬਾਹਰੀ ਖ਼ਤਰਿਆਂ ਵਿੱਚ ਵਿਓਪਾਰਕ੍ਰਿਤ ਹੋਏ ਨਿੱਜੀ ਹੱਥਾਂ ਵੱਲੋਂ ਵੇਚੀ ਜਾਂਦੀ ਵਿੱਦਿਆ  ਸਿੱਖਿਆ ਵਿਚੋਂ ਮਾਂ-ਬੋਲੀ ਨੂੰ ਪਿਛਾਡ਼ ਕੇ ਹਿੰਦੀ / ਅੰਗਰੇਜ਼ੀ ਨੂੰ ਪ੍ਰਮੱਖ ਗਿਨਣਾ ਵੱਡੀ ਮੱਦ ਵਜੋਂ ਅੰਕਿਤ ਹੈ । ਜਿੱਸ ਦੀ ਪਿੱਠ ਤੇ ਪੰਜਾਬ ਦਾ ਰਾਜਨੀਤੀ –ਵਿਵਹਾਰ ਪੂਰੀ ਤਰਾਂ ਡਟ ਕੇ ਖਲੋਤਾ ਦਿੱਸਦਾ ਹੈ । ਇਸ ਵਰਗ ਦੀ ਕਹਿਣੀ ਤੇ ਕਰਨੀ ਵਿਚਲੇ ਜ਼ਮੀਨ –ਅਸਮਾਨ ਜਿੱਡੇ ਫ਼ਰਕ ਪਿੱਛੇ ਕਾਰਜ਼ਸੀਲ ਕਾਰਕ ਸਮੂੱਚੇ ਲੋਕ-ਸਮੂਹ ਨੂੰ ਆਪਣੀ ਭਾਸ਼ਾ ਤੇ ਸਾਹਿਤ-ਸੱਭਿਆਚਰ ਤੋਂ ਬੇ-ਮੁੱਖ ਕਰਨ ਵਿੱਚ ਤਾਂ ਭਾਵੇ ਪੂਰੀ ਤਰ੍ਹਾਂ ਸਫ਼ਲ ਨਹੀਂ ਹੋਏ ,ਤਾਂ ਵੀ ਗਲੋਬਲੀਕਰਨ ਦੇ ‘ਸੁਧਾਰਾਂ ’ ਕਾਰਨ ਹੋਂਦ ਵਿੱਚ ਆਇਆ ਇੱਕ ਤ੍ਰਿਸ਼ੰਕੂ ਕਿਸਮ ਦਾ ਮੱਧ ਵਰਗ ਇਹਨਾਂ ਦੇ ਭੁਲਾਵੇ ਦਾ ਪੱਕਾ ਪਿੱਛ-ਲੱਗ ਬਣ ਗਿਆ ਹੈ । ਇਹ ਵਰਗ ਕਾਰਪੋਰੇਟ ਜਗਤ ਦੁਆਰਾ ਪ੍ਰਚਾਰਤ ਪ੍ਰਸਾਰਤ ਸਮੱਗਰੀ ਦੀ ਚਕਾਚੌਂਦ ਅੰਦਰ ਘਿਰਿਆ ਇੱਕ ਤਰ੍ਹਾਂ ਨਾਲ ਬੌਧਿਕ ਕੰਗਾਲੀ ਦੀ ਗ੍ਰਿਫ਼ਤ ਵਿੱਚ ਵੀ ਆ ਗਿਆ ਹੈ । ਉਸ ਨੇ ਬਿਨ੍ਹਾਂ ਸੋਚੇ ਸਮਝੇ ਹਰ ਐਸ਼ੋ-ਆਰਾਮ ਦੀ ਲਾਲਸਾ ਮਗਰ ਭੱਜਦੇ ਨੇ ਅਪਣੇ ਪੈਰ ਆਪਣੀ ਚਾਦਰ ਨਾਲੋਂ ਕਿਧਰੇ ਵੱਧ ਪਸਾਰ ਲਏ ਹਨ, ਜਿੱਸ ਕਾਰਨ ਉਸਦੀ ਆਰਥਿੱਕਤਾ ਵੀ ਡੱਗਮਗਾ ਗਈ ਤੇ ਆਪਣੇ ਜਾਨਦਾਰ ਸੱਭਿਆਚਾਰਕ ਵਿਰਸੇ ਤੋਂ ਵੀ ਨਿੱਖਡ਼-ਵਿੱਛਡ ਗਿਆ । ਕਾ: ਸੁਰਜੀਤ ਗਿੱਲ ਨੇ ਇਸ ਜਮਾਤ ਪ੍ਰਤੀ ਹਿਰਖ਼ ਪ੍ਰਗਟਾਉਦਿਆਂ ਕਿਹਾ ਸੀ – “ ਆਰਥਿੱਕਤਾ ਦੀ ਕੰਗਾਲੀ ਨਾਲੋਂ ਬੌਧਿਕਤਾ ਦੀ ਕੰਗਾਲੀ ਬਹੁਤ ਭੈਡ਼ੀ ਹੈ ,ਕਿਉਂਕਿ ਇਹ ਕੰਗਾਲੀ ਅਕਸਰ ਕੌਮਾਂ ਦੀ ਦੁਰਦਸ਼ਾ ਦਾ ਕਾਰਨ ਬਣਦੀ ਹੈ ............ ਮੇਰੀ ਸਮਝ ਅਨੁਸਾਰ ਸਾਡੀ ਪੰਜਾਬੀਆਂ ਦੀ ਅਜੋਕੀ ਸਥਿਤੀ ਇਹੋ ਜਿਹੀ ਹੈ । “

ਅੱਜ ਜਦੋਂ ਪੰਜਾਬੀ ਭਾਸ਼ਾ ਤੇ ਸਾਹਿਤ-ਸੱਭਿਆਚਰ ਬਾਰੇ ਕਿਸੇ ਕੋਣ ਤੋਂ ਫਿਕਰਮੰਦੀ ਜ਼ਾਹਿਰ ਕੀਤੀ ਜਾਂਦੀ ਹੈ ਤਾਂ ਇਸ ਦਾ ਮੁੱਖ ਦੋਸ਼ ਇਸ ਮੱਧ-ਵਰਗ ਉੱਪਰ ਆਇਤ ਹੋਣ ਦਾ ਕਾਰਨ ਇਹੀ ਬਣਦਾ । ਕਿਉਂਕੀ ਇਹੋ ਵਰਗ ਆਪਣੇ ਆਪ ਨੂੰ ਅਪਣੀ ਭਾਸ਼ਾ ਅਪਣੇ ਸਾਹਿਤ-ਸੱਭਿਆਚਰ ਦਾ ਮੁੱਖ ਸੇਵਾਦਾਰ ਸਮਝਦਾ ਹੀ ਨਹੀਂ , ਸਗੋਂ ਇਵੇਂ ਦੀ ਸਾਰੀ ਚੱਕ-ਥੱਲ ਇਸ ਦੀ ਕਾਰਗੁਜ਼ਾਰੀ ਦਾ ਹਿੱਸਾ ਹੀ ਹੈ ।

ਪਰ,ਇਹ ਦਾ ਅਰਥ ਇਹ ਵੀ ਨਹੀਂ ਕਿ ਭਾਸ਼ਾ, ਸਾਹਿਤ ਸੱਭਿਆਚਾਰ ਅੰਦਰ ਆਏ ਵਿਗਾਡ਼ ਦੀ ਸਾਰੀ ਜੁੱਮੇਵਾਰੀ ਇਸ ਇਕੋ ਧਿਰ ਉੱਤੇ ਹੀ ਥੋਪ ਕੇ ਹੋਰਨਾਂ ਪੱਖਾਂ ਦੀ ਅਣਦੇਖੀ ਕਰ ਦਿੱਤੀ ਜਾਏ । ਹੋਰਨਾਂ ਅਹਿਮ ਪੱਖਾਂ ਵਿੱਚ ਇਕ ਪੱਖ ਪੰਜਾਬ ਅੰਦਰ ਕੋਮੀਅਤ ਦੇ ਸੰਕਲਪ ਦੀ ਅਣਹੋਂਦ ਨੂੰ ਵੀ ਗਿਨਣਾ ਪਵੇਗਾ । ਇਹ ਵਿਗਾਡ਼ ਭਾਰਤ ਵਿਸ਼ੇਸ਼ ਕਰਕੇ ਪੰਜਾਬ ਦੇ ਸੱਭਿਆਚਾਰ ਅੰਦਰ ਵੱਖ-ਵੱਖ ਸਮਿਆਂ ਤੇ ਹੁੰਦੇ ਰਹੇ ਸੱਭਿਆਚਾਰਕ  ਵਿਸਫੋਟਾਂ ਕਾਰਨ ਵਾਪਰਿਆ । ਪਹਿਲਾਂ ਵਿਸਫੋਟ ਆਰੀਆ ਦਰਾਵਡ਼ ਸੱਭਿਆਚਾਰ ਦੇ ਸੁਮੇਲ ਕਾਰਨ ਵਾਪਰਿਆ । ਦੂਜਾ ਹਿੰਦੂ ਤੇ ਬੋਧੀ ਸੱਭਿਆਚਰ ਦੇ ਸੁਮੇਲ ਕਾਰਨ,ਤੀਜਾ ਹਿੰਦੂ ਤੇ ਇਸਲਾਮੀ ਸੱਭਿਆਚਾਰਾਂ ਦੇ ਸੁਮੇਲ ਕਾਰਨ ਤੇ ਚੌਥਾ ਹਿੰਦੂ-ਮੁਸਲਮ ਸੱਭਿਆਚਾਰਾਂ ਤੇ ਯੂਰਪੀ ਸੱਭਿਆਚਾਰਾਂ ਦੇ ਮੇਲ-ਸੁਮੇਲ ਕਾਰਨ । ਚਾਹੀਦਾ ਤਾਂ ਇਹ ਸੀ ਕਿ ਇਹ ਮੇਲ –ਸੁਮੇਲ ਨਵੀਆਂ ਪੂੰਗਾਰਾਂ , ਨਵੀਆਂ ਕਰੂੰਬਲਾਂ ਨੂੰ ਜਨਮ ਦਿੰਦੇ । ਇਹਨਾਂ ਕਰੂੰਬਲਾਂ ਨੂੰ ਲੱਗਣ ਵਾਲੇ ਫੁੱਲਾਂ-ਪੱਤਿਆਂ ਦੀ ਰੰਗ-ਰੰਗੋਲੀ ਹਰ ਤਰ੍ਹਾਂ ਦੇ ਬਾਸ਼ਿੰਦਿਆਂ ਲਈ ਸੁਖਾਵੀਂ ਦਿੱਖ ਦਾ ਪ੍ਰਦਰਸ਼ਨ ਕਰਦੀ । ਪਰ ਹੋਇਆ –ਵਾਪਰਿਆ ਬਿਲਕੁਲ ਇਸਦੇ ਉਲਟ । ਇਹਨਾਂ ਚੌਹਾਂ ਨੇ ਜ਼ਿੱਦੋ-ਜ਼ਿੱਦੀ ਆਪਣੇ ਰੰਗ-ਢੰਗ ਨਾਲ ਆਪਣੀ ਆਪਣੀ ਸਮਾਜਿਕ ਤੇ ਸੱਭਿਆਚਕ ਰਹਿਤਲ ਲਈ ਧਾਰਮਿੱਕ ਰੰਗਣ ਵਾਲੀਆਂ ਲਹਿਰਾਂ ਦਾ ੳਟ-ਆਸਰਾ ਲੈ ਕੇ ਆਪੋ ਵਿੱਚ ਦੀ ਦੂਰੀ ਨੂੰ ਜਨੂਨੀ ਰੰਗਤ ਦੇ ਲਈ । ਇਹਨਾਂ ਰੰਗ-ਬਰੰਗੀਆਂ ਲਹਿਰਾਂ ਨੇ ਆਪਣੇ ਆਪਣੇ ਖੇਤਰ ਦੀ ਭਾਸ਼ਾ/ਸੱਭਿਆਚਾਰ ਨੂੰ ਪ੍ਰਚਾਰਨ-ਪ੍ਰਸਾਰਨ ਦਾ ਤਾਂ ਕਾਰਜ ਕੀਤਾ ਹੀ ਕੀਤਾ, ਨਾਲ ਦੀ ਨਾਲ ਦੂਜੀਆਂ ਸੱਭਿਆਚਾਰਕ ਇਕਾਈਆਂ ਦੀ ਭਾਸ਼ਾ ਤੇ ਸਾਹਿਤ ਪ੍ਰਤੀ ਤ੍ਰਿਸਕਾਰ ਭਰਿਆ ਰਵੱਈਆ ਅਪਨਾਂ ਕੇ, ਇਸ ਖਿੱਤੇ ਅੰਦਰ ਇਕ ਸਰਵ-ਸਾਂਝੀ ਕੋਮੀਅਤ, ਜਿੱਸ ਨੂੰ ਪੰਜਾਬੀ –ਕੋਮੀਅਤ ਕਿਹਾ ਜਾਣਾ ਸੀ ਦੇ ਉਸਾਰਨ ਵਿੱਚ ਵੱਡੀ ਅਡ਼ਚਨ ਬਣੀਆਂ ।

ਬਿਨਾਂ ਸ਼ੱਕ ਇਤਿਹਾਸ ਦੇ ਇੱਕ ਨਾਜ਼ਕ ਪਡ਼ਾ ਤੇ , ਇਸ ਸਾਂਝੇ ਪੰਜਾਬ ਦੀ ਸਾਂਝੀ ਕੌਮੀਅਤ ਹੋਂਦ ਵਿੱਚ ਆਈ ਵੀ । ਇਹ ਪਡ਼ਾ ਵਿਦੇਸ਼ੀ ਰਾਜਕੀ ਜੂਲੇ ਨੂੰ ਵਿਗਾਹ ਮਾਰਨ ਲਈ ਹਲਫ਼ ਲੈਣ ਦਾ ਸੀ । ਇਸ ਸਮੇਂ ਧਾਰਮਿਕ ਰੰਗਣ ਵਾਲੀਆਂ ਲਹਿਰਾਂ ਦੇ ਬਿਲਕੁਲ ਵਿੱਪਰਿਤ ਮਾਨੁੱਖੀ ਸਾਂਝ ਨਾਲ ਲਬਰੇਜ਼,ਸਮਾਜਿਕ ਤੇ ਰਾਜਸੀ ਲਹਿਰਾਂ ਨੇ ਆਪਣੀ ਹੋਂਦ ਦਾ ਸਿੱਕਾ ਜਮਾਇਆ । ਇਹਨਾਂ ਦਾ ਮੁੱਢ ਗ਼ਦਰ ਲਹਿਰ , ਕਿਰਤੀ ਲਹਿਰ ਨਾਲ ਬੱਝ ਹੋ ਕੇ, ਆਜ਼ਾਦੀ ਪ੍ਰਾਪਤੀ ਦੇ ਘੋਲ ਤੱਕ ਚਲਦੀਆਂ ਨੇ ਇਹਨਾਂ ਧਾਰਮਿੱਕ ਸੰਕੀਰਣਤਾ ਤੋਂ ਢੇਰ ਸਾਰੀ ਦੂਰੀ ਬਣਾਈ ਰੱਖੀ । ਇਹ ਪਡ਼ਾ ਤੇ ਪੰਨਪੀ ਸਾਂਝੇ ਪੰਜਾਬ ਦੀ ਸਾਂਝੀ ਕੋਮੀਅਤ , ਇਸ ਖਿੱਤੇ ਦੀ ਭਾਸ਼ਾ ਤੇ ਸਾਹਿਤ-ਸੱਭਿਆਚਾਰ ਨੂੰ , ਅਪਣੇ ਢੰਗ ਨਾਲ ਪ੍ਰਫੁਲਤ ਕਰਨ ਵਿੱਚ ਕਾਫੀ ਸਾਰੀ ਕਾਮਯਾਬ ਵੀ ਰਹੀ । ਪਰ ਛੇਤੀ ਹੀ ਇਹਨਾਂ ਮਾਨਵੀ ਦਿੱਖ ਵਾਲੀਆਂ ਲਹਿਰਾਂ ਦੀ ਕੀਤੀ ਕਮਾਈ ਫਿਰ ਧਾਰਮਿੱਕ ਸੰਕੀਰਨਤਾ ਦੀ ਭੇਂਟ ਚਡ਼੍ਹ ਗਈ । ਜਿੱਸ ਤੇ ਸਿੱਟੇ ਬੀਤੀ ਸਦੀ ਦੇ ਪਿੱਛਲੇ ਅੱਧ ਸਮੇਤ ਪੰਜਾਬੀ ਭਾਸ਼ਾ ਤੇ ਸਾਹਿਤ-ਸੱਭਿਆਚਾਰ ਹੁਣ ਤੱਕ ਭੁਗਤੀ ਜਾ ਰਿਹਾ ਹੈ । ਇਸ ਪਿੱਛਲ-ਖੂਰੀ ਤੋਰ –ਦੌਡ਼ ਵਿੱਚ ਪੰਜਾਬ ਦੇ ਜਨ-ਸਧਾਰਨ ਨੂੰ ਵੀ ਕਦਾਚਿੱਤ ਬਰੀ ਨਹੀਂ ਕੀਤਾ ਜਾ ਸਕਦਾ , ਜਿੱਸ ਨੇ ਧਰਮ-ਰੰਗੇ ਲਾਲੀ ਪੌਪ ਚੂਸਦਿਆਂ , ਅਪਣੀ ਹੋਂਦ ਸਮੇਤ ਅਪਣੀ ਭਾਸ਼ਾ , ਅਪਣੇ ਸਾਹਿਤ ਵਲ੍ਹ ਨੂੰ ਇੱਕ ਤਰ੍ਹਾਂ ਨਾਲ ਪਿੱਠ ਕੀਤੀ ਰੱਖੀ ਹੈ । ਦੱਖਣੀ ਅਮਰੀਕਾ ਦੇ ਦੇਸ਼ ਟੋਬੈਗੋ ਦੀ ਪਹਿਲੇ ਪ੍ਰਧਾਨ ਮੰਤਰੀ ਐਰਿਕਵਿਲੀਅਮਜ਼ ਨੇ ਧਰਮ ਦੇ ਅਜਿਹੇ ਰੋਲ ਬਾਰੇ ਬੇ-ਹੱਦ ਢੁੱਕਵੀਂ ਰਾਏ ਦਿੱਤੀ ਹੈ । ਉਸ ਅਨੁਸਾਰ “ ਧਰਮ ਇਨਸਾਨ ਦੀ ਉਸੇ ਤਰ੍ਹਾਂ ਸੇਵਾ ਕਰਦਾ ਹੈ ਜਿੱਦਾਂ ਘੋਡ਼ੇ ਦੇ ਲੱਗੇ ਖੋਪੇ ਕਰਦੇ ਹਨ ।“ ਇਹ ਖੋਪੇ ਹਰ ਇਕ ਰਾਜਕੀ ਜਮਾਤ ਸਮੇਤ ਏਥੋਂ ਦੇ ਸਾਸ਼ਣ-ਪ੍ਰਸਾਸ਼ਣ ਨੇ ਵੀ ਬੇਝਿਜਕ ਹੋ ਕੇ ਵਰਤੇ । ਜਿੱਸ ਦੇ ਸਿੱਟੇ ਵਜੋਂ ਬਹੁਤ ਹੀ ਮਹਿੰਗੇ ਮੁਲ ਪ੍ਰਾਪਤ ਹੋਈ ਆਜ਼ਾਦੀ , ਇਕ ਤਰ੍ਹਾਂ ਨਾਲ ਹਾਸੋਹੀਣਾ ਮਾਖੋਲ ਜਿਹਾ ਬਣ ਕੇ ਰਹਿ ਗਈ ਹੈ ।

ਇਹ ਮਾਖੋਲ ਭਾਸ਼ਾ ਤੇ ਸਾਹਿਤ-ਸੱਭਿਆਚਾਰ ਨਾਲ ਸਬੰਧਤ ਸ਼ੰਵੇਦੇਨਸ਼ੀਲ ਕਾਮਿਆਂ ਨੂੰ ਹੋਰ ਵੀ ਡੂੰਘਾ ਜ਼ਖ਼ਮ ਲਾਉਂਦਾ ਹੈ ।
ਸਾਸ਼ਣ-ਪ੍ਰਸ਼ਾਸ਼ਣ ,ਧਰਮ ਅਤੇ ਜਨ-ਸਮੂਹ ਵਲੋਂ ਪੰਜਾਬੀ ਭਾਸ਼ਾ ਤੇ ਸਾਹਿਤ ਸੱਭਿਆਚਾਰ ਪ੍ਰਤੀ ਦਿਖਾਈ ਜਾ ਰਹੀ ਬੇ-ਰੁੱਖੀ ਨੂੰ ਸਮਝਣ ਵਿੱਚ ਬਹੁਤੀ ਅਡ਼ਚਨ ਇਸ ਲਈ ਨਹੀਂ ਆਉਂਦੀ ਕਿ ਇਕ ਪਾਸੇ ਤਾਂ ਰਾਜਕੀ ਜਮਾਤ ਦਾ ਅਸਲ ਖਾਸਾ ਕਾਰਜਸ਼ੀਲ ਹੈ ਤੇ ਦੂਜੇ ਪਾਸੇ ਜਨ-ਸਮੂਹ ਉੱਤੇ ਧਾਰਮਿੱਕਤਾ ਦੇ ਹੋਏ ਛਿਡ਼ਕਾ ਨੇ ਇਸ ਨੂੰ ਬਹੁਤ ਹੀ ਅਜੀਬ ਢੰਗ ਨਾਲ ਮੂਰਛੱਤ ਕੀਤਾ ਹੋਇਆ । ਪਰ ਸੋਚਣਾ ਇਹ ਬਣਦਾ , ਫਿਕਰਮੰਦੀ ਇਸ ਗੱਲ ਦੀ ਹੈ ਕਿ ਪੰਜਾਬੀ ਭਾਸ਼ਾ ਤੇ ਸਾਹਿਤ-ਸੱਭਿਆਚਾਰ ਦਾ ਆਲੰਬਰਦਾਰ ਬਨਣ-ਦਿੱਸਣ ਦਾ ਢੰਗੋਰਾ ਪਿੱਟਦਾ ਸਾਡਾ ਲੇਖਕ ਯਨਿਸਕੋ ਵਲੋਂ ਅੰਗੀ ਪੰਜਾਬੀ ਭਾਸ਼ਾ ਦੀ ਉਮਰ ਪ੍ਰਤੀ ਕਿੰਨਾ ਕੁ ਚਿੰਤਾਵਾਨ ਹੈ ! ਸੋਚਣਾ ਇਹ ਵੀ ਬਣਦਾ ਹੈ ਕਿ ਸਾਡੇ ਲੇਖਕਾਂ ਦੀਆਂ ਲਿਖਤਾਂ ,ਕੇਵਲ ਤੇ ਕੇਵਲ ਸਾਸ਼ਕੀ ਪ੍ਰਸਾਸ਼ਕੀ ਅਰਦਲ ਵਿੱਚ ਹੀ ਸਿਰ ਝੁਕਾਈ ਖਡ਼ੀਆਂ ਹਨ ਜਾਂ ਗੁੱਮਰਾਹ ਹੋਈ ਜਨ-ਚੇਤਨਾ ਨੂੰ ਅਪਣੀ ਭਾਸ਼ਾ ,ਅਪਣੇ ਸੱਭਿਆਚਾਰ ਨੂੰ ਸਲਾਮਤ ਰੱਖਣ ਲਈ ਕੋਈ ਕਾਰਗਰ ਹੰਭਲਾ ਵੀ ਮਾਰਦੀਆਂ ਹਨ । ਥੋਡ਼ਾ ਕੁ ਨੀਂਝ ਲਾ ਕੇ ਦੇਖਦਿਆਂ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੁੰਦੀ ਕਿ ਸਾਡੇ ਬਹੁ-ਗਿਣਤੀ ਲੇਖਕਾਂ ਨੂੰ ਸਾਹਿਤ ਦੇ ਅਸਲ ਮਨੋਰਥ ਦੀ ਸ਼ਾਇਦ ਸਮਝ ਹੀ ਨਹੀਂ । ਇਹ ਬਹੁ-ਗਿਣਤੀ ਜਾਂ ਤਾਂ ਦਿਮਾਗੀ –ਇਯਾਸ਼ੀ ਦਾ ਸ਼ਿਕਾਰ ਹੋਈ ਅਪਣੇ ਸਵੈ ਨੂੰ ਲਿਸ਼ਕਾਉਣ-ਚਮਕਾਉਣ ਅੰਦਰ ਹੀ ਰੁਝੀ ਹੋਈ ਹੈ ਜਾਂ ਫਿਰ ਰਾਜ ਕਰਨੀ ਜਮਾਤ ਵੱਲੋਂ ਉਭਰੇ –ਉਭਾਰੇ ਭਰੂਣ-ਹੱਤਿਆ ,ਨਸ਼ਿਆ ਦਾ ਚਨਣ-ਪ੍ਰਚਲਣ ,ਅੱਤਿਵਾਦ-ਵੱਖਵਾਦ ਆਦਿ ਵਰਗੇ ਮੁੱਦਿਆਂ ਤੇ ਕਲਮਘਸਾਈ ਕਰਦੀ ਜਨ-ਸਮੂਹ ਦਾ ਧਿਆਨ ਲੋਕ-ਸਮੂਹ ਨੂੰ ਦਰਪੇਸ਼ ਅਸਲ ਮੱਦਾਂ ਤੋਂ ਲਾਂਭੇ ਕਰਨ ਵਿੱਚ ਰੁੱਝੀ ਹੋਈ ਹੈ । ਅਪਣੀ ਲਿਖਤ ਤੇ ਅਪਣੇ ਆਪ ਦੀ ਪੂਰੀ ਸਮਝਦਾਰੀ ਰੱਖਣ ਵਾਲੇ ਉਰਦੂ ਅਫ਼ਸਾਨਾਂ-ਨਿਗਾਹ ਸਆਦਤ ਹਸਨ ਮੰਟੋ ਨੇ ਅਪਣੇ ਆਸ-ਪਾਸ ਵਿਚਾਰਦੇ ਵਰਤਾਰੇ ਬਾਰੇ ਕਿਹਾ ਸੀ – “ ਮੈਂ ਤਹਿਜ਼ੀਬ ਅਤੇ ਸੋਸਾਇਟੀ ਕੇ ਕੱਪਡ਼ੇ ਦੀ ਉਤਾਰਾਂਗਾ, ਜੋ ਖੁੱਦ ਹੀ ਨੰਗੀ ਹੈ ..........ਲੋਕ ਮੈਨੂੰ ਸਿਆਹ ਕਲਮ ਕਹਿੰਦੇ ਹਨ ,ਪਰ ਮੈਂ ਤਖ਼ਤਾ-ਏ-ਸਿਆਹ ( ਬਲੈਕ-ਬੋਰਡ ਉੱਤੇ ਕਾਲੇ ਚਾਕ ਨਹੀਂ ਲਿਖਦਾ ,ਸਗੋਂ ਚਿੱਟੇ ਚਾਕ ਨਾਲ ਲਿਖਦਾ ਹਾਂ , ਜਿੱਸ ਕਾਰਨ ਕਾਲੇ ਬੋਰਡ ਦੀ ਕਾਲਖ਼ ਹੋਰ ਵੀ ਗੂਡ਼ੀ ਨਜ਼ਰ ਆਉਣ ਲੱਗਦੀ ਹੈ । “ ਇਸ ਦੇ ਬਿਲਕੁਲ ਵਿਪਰੀਤ ਸਾਡੇ ਸਾਹਿਤ ਦੇ ਬਹੁ-ਗਿਣਤੀ ਲੇਖਕ ਦੇ ਹੱਥਾਂ ‘ਚ ਕਦੀ ਨੀਲੀ ਕਲਮ ਹੁੰਦੀ , ਕਦੀ ਹਰੀ , ਕਦੀ ਲਾਲ । ਅੱਜ ਦੇ ਸਮੇਂ ਦੇ ਹਰ ਸਫੇ ਤੇ ਕੂਡ਼-ਅਮਾਵਸ ਵਰਗੀ ਪਸਰ ਗਈ ਕਾਲਖ ਉੱਤੇ ਬਾਬੇ ਨਾਨਕ ਦੇ ਬੋਲਾਂ ਵਰਗੇ , ਚਿੱਟੀ-ਸਫੈਦ ,ਸਾਫ਼ਗੋਈ ਕਰਦੇ ਅੱਖਰ ਉੱਚਰਨਾ , ਅੱਜ ਦੀ ਬਹੁ-ਗਿਣਤੀ ਲੇਖਕਾਂ ਅੰਦਰੋਂ ਉੱਕਾ ਹੀ ਗਾਇਬ ਜਾਪਦਾ ਹੈ । ਤੇ, ਜਿਹਨਾਂ ਕੁਝ ਵਿੱਚ ਇਵੇਂ ਦੀ ਦਲੇਰੀ ਕਰਨ ਦੇ ਸਾਹਸ ਨੂੰ 21ਵੀ ਸਦੀ ਦੀ ਦਡ਼ਕ-ਭਡ਼ਕ ਨੇ ਅਜੇ ਖ਼ਤਮ ਨਹੀਂ ਕੀਤਾ ,ਉਹਨਾਂ ਦੀ ਲਿਖਤ ਤੇ ਉਹਨਾਂ ਦੇ ਨਿੱਜੀ ਵਿਵਹਾਰ ਅੰਦਰ ਦ੍ਰਿਸ਼ਟੀਗੋਚਰ ਹੋ  ਰਿਹਾ , ਅੰਤਾਂ ਦਾ ਫ਼ਰਕ ਵੀ , ਅਪਣੀ ਭਾਸ਼ਾ ਦੀ ਸਲਾਮਤੀ ਲਈ ਬਹੁਤਾ ਕਾਰਗਰ ਰੋਲ ਨਹੀਂ ਨਿਭਾ ਸਕੇਗਾ ।

ਇਸੇ ਕਡ਼ੀ ਵਿੱਚ ਪੰਜਾਬੀ ਭਾਸ਼ਾ ਦੇ ਸਾਹਿਤ ਨੂੰ ਸ਼ਾਬਦਿੱਕ ਰੂਪ ਦੇ ਕੇ ਛਾਪਣ ਵਾਲੀ ਧਿਰ ਪ੍ਰਕਾਸ਼ਕ ਵੀ ਆਪਣੇ ਹਿੱਸੇ ਦੇ ਦੋਸ਼ ਤੋਂ ਬਰੀ ਨਹੀਂ ਹੋ ਸਕਦੀ । ਭਾਵੇਂ ਸਾਹਿਤ ,ਸੱਭਿਆਚਾਰ ਦਾ ਹੀ ਇਕ ਛੋਟਾ ਜਿਹਾ ਅੰਗ ਹੈ ਤਾਂ ਵੀ, ਇਹ ਸੱਭਿਆਚਾਰਕ ਦੇ ਦੂਜੇ ਅੰਗਾਂ-ਧਰਮ , ਫਲਸਫਾ ,ਇਤਿਹਾਸ-ਮਿਥਿਹਾਸ ਆਦਿ ਸਮੇਤ ਕਿਸੇ ਇੱਕ ਖਿੱਤੇ ਤੇ ਸੱਭਿਆਚਾਰ ਨੂੰ ਇਸ ਦੀ ਸਮੁੱਚਤਾ ਵਿੱਚ ਪ੍ਰਤੀਬਿੰਬਤ ਕਰਨ ਦੀ ਸਮਰੱਥਾ ਰੱਖਦਾ ਹੈ ।ਇਸ ਦੀ ਇਹ ਸਮਰੱਥਾ ਸ਼ਾਬਦਿੱਕ ਰੂਪ ਅੰਦਰ ਅੰਕਿਤ ਹੋਈਆਂ ਲਿਖਤਾਂ ਰਾਹੀਂ ਹੀ ਦੇਖੀ –ਸਮਝੀ ਜਾ ਸਕਦੀ ਹੈ ।ਪਰ ,ਚਿੰਤਾ ਇਸ ਗੱਲ ਦੀ ਹੈ , ਲਿਖਤਾਂ ਨੂੰ ਸ਼ਾਬਦਿੱਕ/ਪੁਸਤਕ ਰੂਪ ਦੇਣ ਵਾਲੀ ਧਿਰ ਪ੍ਰਕਾਸ਼ਨ ਅਤੇ ਲੇਖਕ ਦੇ ਸੰਬੰਧ ਸਦਾ ਹੀ ਤਿਡ਼ਕਵੇਂ ਰਹੇ ਹਨ । ਇਹ ਸੰਬੰਧ ਸਾਡੀ ਭਾਸ਼ਾ ਦੇ ਪ੍ਰਕਾਸ਼ਕਾਂ-ਲੇਖਕਾਂ ਦੇ ਸੰਦਰਭ ਵਿੱਚ ਤਾਂ ਰਡ਼ਕਵੇ ਹਨ ਹੀ ,ਪਰ ਪੰਡਿਤ ਨਹਿਰੂ ਵਰਗੀ ਵੱਡੀ ਕਲਮ ਵੀ ਇਸ ਪ੍ਰਕਾਸ਼ਕੀ ਸੇਕ ਤੋਂ ਬਚ ਨਹੀਂ ਸਕੀ । ਉਹਨਾਂ ਐਮ.ਕੇ.ਮਲਕਾਨੀ ਨੂੰ ਲਿਖੇ ਪੱਤਰ ਵਿੱਚ ਇੱਕ ਵਾਰ ਕਿਹਾ ਸੀ – “ ਕਿ ਪ੍ਰਕਾਸ਼ਕ,ਲੇਖਕਾਂ ਦਾ ਹਮੇਸ਼ਾ ਹੀ ਸ਼ੋਸ਼ਣ ਕਰਦੇ ਆਏ ਹਨ ।ਕੁਝ ਕੁ ਲੇਖਕ ਹੀ ਆਪਣੀਆਂ ਸ਼ਰਤਾਂ ਤੇ ਕਿਤਾਬਾਂ ਛਪਵਾ ਸਕਦੇ ਹਨ । ਬਾਕੀ ਦੇ ਲੇਖਕ ਸਮਝਦੇ ਹਨ ਕਿ ਪ੍ਰਕਾਸ਼ਕ ਹੀ ਸਾਰੀ ਬੁਰਾਈ ਦੀ ਜਡ਼੍ਹ ਹਨ .......ਉਹ ਲੇਖਕ ਦੇ ਸਿਰ ਤੇ ਪੈਸੇ ਕਮਾਉਂਦੇ ਹਨ ....ਬਹੁਤੇ ਪ੍ਰਕਾਸ਼ਕ ਲੇਖਕ ਦੀ ਸਿਰਜਨਾਤਮਕ ਪ੍ਰਕਿਰਿਆ ਨੂੰ ਕੋਈ ਮਹੱਤਤਾ ਨਹੀਂ ਦਿੰਦੇ । ਅਸੀਂ ਤਰਖਾਣ ,ਮੋਚੀ , ਦਰਜ਼ੀ ਆਦਿ ਸਾਰਿਆਂ ਨੂੰ ਪੈਸੇ ਦਿੰਦੇ ਹਾਂ ,ਪਰ ਲੇਖਕ ਤੋਂ ਮੁਫ਼ਤੋਂ ਮੁਫਤ ਕੰਮ ਕਰੀ ਜਾਣ ਦੀ ਆਸ ਰੱਖਦੇ ਹਾਂ । “ ਪੰਡਿਤ ਨਹਿਰੂ ਨੇ ਅੱਗੇ ਲਿਖਿਆ ਸੀ – “ਜੇ ਮੈ ਕੇਵਲ ਲੇਖਕ ਹੁੰਦਾ , ਰਾਜਨੀਤਕ ਨਾ ਹੁੰਦਾ ,ਤਾਂ ਮੈਂ ਲੇਖਕਾਂ ਦੀ ਟਰੇਡ-ਯੂਨੀਅਨ ਖਡ਼ੀ ਕਰਦਾ , ਜਿੱਸ ਵਿੱਚ ਲੇਖਕ ਮਿਥੀ ਰਕਮ ਤੋਂ ਇਕ ਪੈਸਾ ਵੀ ਘੱਟ ਵਸੂਲ ਨਾ ਕਰਦਾ । ਮੈਂ ਨਿਯਮ ਤੋਡ਼ਨ ਵਾਲਿਆਂ ਨੂੰ ਕਾਲੀਆਂ ਭੇਡਾਂ ਸਮਝਦਾ ।“

ਪੰਡਿਤ ਨਹਿਰੂ ਦੀ ਇਸ ਸਵੀਕ੍ਰਿਤੀ ਦੇ ਬਿਲਕੁਲ ਵਿਪਰੀਤ ਅਜੋਕਾ ਲੇਖਕ ਤਾਂ ਇਸ ਪੱਖੋਂ ਬਿਲਕੁਲ ਹੀ ਇਕੱਲ ਦਾ ਭੰਡਿਆ ਪਿਆ ਹੈ ।ਇਕ ਤਰ੍ਹਾਂ ਨਾਲ ਵਿਖਡ਼ਿਆ ਪਿਆ ਹੈ ,ਜਦ ਕਿ ਪ੍ਰਕਾਸ਼ਕ ਧਿਰ ਲੁੱਟ-ਖੋਹ ਦੇ ਮਾਮਲੇ ਵਿੱਚ ਇਕਦੰਮ ਜਥੇਬੰਦ ਹੋਈ ਦਿੱਸਦੀ ਹੈ ।

ਅਜਿਹੀ ਸਥਿਤੀ ਵਿੱਚ ਬਹੁ-ਪਰਤੀ ਫਿਕਰਮ਼ੰਦੀ ਜ਼ਾਹਿਰ ਕਰਨ ਵਾਲੀ ਸੰਵੇਦਨਸ਼ੀਲ ਧਿਰ ਵੀ ਥੋਡ਼ਾ ਕੁ ਜਿੰਨਾ ਡੋਲ ਗਈ ਲੱਗਦੀ ਹੈ । ਇਉਂ ਜਾਪਦਾ ਇਸ ਧਿਰ ਪਾਸ ਵੀ ਸਮਕਾਲ ਦੇ ਚਲਣ –ਪ੍ਰਚਲਨ ਦੀਆਂ ਅਨੁਸਾਰੀ ਕੁਝ ਇਕ ਛੋਟਾਂ ਲੈਣ-ਦੇਣ ਤੋਂ ਸਿਵਾ ਕੋਈ ਚਾਰਾ ਨਹੀਂ ਬਚਿਆ । ਇਸ ਦੀ ਮਾਨਤਾ ਇਹ ਬਣੀ ਜਾਪਦੀ ,ਕਿ ਲਕੀਰ ਦੇ ਫ਼ਕੀਰ ਬਣੇ ਰਹਿਣ ਵਿੱਚ ਵੀ ਬਹੁਤੀ ਸਿਆਣਪ ਨਹੀਂ । ਪਰ,ਇਸ ਦੇ ਵਿਪਰੀਤ ਇਸ ਤੱਥ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਬਾਹਰੀ  ਦਬਾ ਹੇਠ ਅਪਣੇ ਵਿਰਸੇ ਤੋਂ ਬੇ-ਮੁੱਖ ਹੋ ਜਾਣਾ ਵੀ ਇੱਕ ਤਰ੍ਹਾਂ ਨਾਲ ਆਤਮਘਾਤ ਕਰਨ ਵਲ੍ਹ ਨੂੰ ਤੁਰ ਪੈਣ ਦੇ ਬਰਾਬਰ ਹੋਵੇਗਾ । ਸ਼ਾਇਦ ਇਸੇ ਲਈ ਯੂਨਿਸਕੋ ਵੱਲੋਂ ਗ੍ਰਾਂਟ ਹੋਈ ਸਾਡੀ ਪੰਜਾਬੀ ਭਾਸ਼ਾ ਵੀ ਪੰਜਾਹ ਕੁ ਸਾਲ ਦੀ ਉਮਰ, ਸਾਡੀ ਚਿੰਤਾ ਦਾ ਕਾਰਨ ਬਣੀ ਹੈ । ਇਸ ਚਿੰਤਾ ਨੂੰ ਜੇ ਸਾਡਾ ਸੂਝਵਾਨ ਵਰਗ ਇਕ ਚੈਲੰਜ ਵੱਜੋਂ ਸਵ੍ਰੀਕਾਰਦਾ ਹੈ, ਤਾਂ ਇਸ ਨੂੰ ਆਪਣੇ ਢੰਗ ਨਾਲ ਲਾਮਬੰਦੀ ਕਰਨੀ ਹੋਵੇਗੀ । ਇਸ ਲਾਂਮਬੰਦੀ ਵਿੱਚ ,ਗੁੱਮਰਾਹ ਹੋਏ ਮੱਧ ਵਰਗ ਵੱਲੋਂ ਸਵੀਕਾਰੇ -ਪ੍ਰਚਾਰੇ –ਪ੍ਰਸਾਰੇ ਜਾਂਦੇ ਸੱਤਈ ਪੱਧਰ ਦੇ ਸਾਹਿਤ ਤੇ ਲੱਚਰ ਕਿਸਮ ਦੀ ਗੀਤਕਾਰੀ-ਪੇਸ਼ਕਾਰੀ ਦੇ ਬਦਲ ਵੱਜੋਂ ਨਿੱਘਰ ਸਮਾਜਿੱਕ ਕਦਰਾਂ-ਕੀਮਤਾਂ ਨਾਲ ਮੋਹ ਰੱਖਣ ਵਾਲੇ ਸਾਹਿਤ ਦੀ ਨਿਸ਼ਾਹਦੇਹੀ ਕਰਕੇ ਇਸ ਨੂੰ ਪੁਰਉੱਤਸ਼ਾਹਤ ਕਰਨਾ ਹੋਵੇਗਾ । ਇਸ ਕੰਮ ਲਈ ਅਜੋਕੇ ਸਮੇਂ ਵਿੱਚ ਸਭ ਤੋਂ ਪਹਿਲਾਂ ਕਾਰਗਰ ਹੱਥਿਆਰ,ਸਾਹਿਤਕ ਜਥੇਬੰਦੀ ਦੀ ਮਹੱਤਵਪੂਰਨ ਮੈਕਾਨਿਜ਼ਮ ਦੀ ਸੁਚੱਜੀ  ਵਰਤੋਂ ਵੀ ਕਰਨੀ ਪਵੇਗੀ । ਡਾ: ਗੁਰਬਖ਼ਸ਼ ਸਿੰਘ ਫਰੈਂਕ ਨੇ ਸਾਹਿਤਕ ਜਥੇਬੰਦੀ ਨੂੰ ਬੇ-ਹੱਦ ਕਾਰਗਰ ਅੰਸ਼ ਦੀ ਸੰਗਿਆ ਦੇਂਦਿਆ ਇਸ ਦੀ ਬਣਤਰ ਤੋਂ ਸੁਚੇਤ ਕਰਦਿਆਂ ਕਿਹਾ ਹੈ ਕਿ – “ ਇਹ ਤਿੰਨ ਪੱਧਰਾਂ ਤੇ ਵਿਚਰਦੀ ਹੈ, ਸਰਕਾਰੀ ,ਨੀਮ-ਸਰਕਾਰੀ ਤੇ ਗੈਰ-ਸਰਕਾਰੀ । ਇਹ ਜਥੇਬੰਦੀਆਂ ਅਸਿੱਧੇ ਤੌਰ ਤੇ ਲੇਖਕ ਦੀ ਮਾਨਸਿੱਕਤਾ ਨੂੰ ਪ੍ਰਭਾਵਿਤ ਕਰਨ , ਤੇ ਸਾਹਿਤ ਰਚਨਾ ਦੇ ਅਮਲ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦੀਆਂ ਹਨ । ਪਹਿਲੀਆਂ ਦੋਨੋਂ ਜਥੇਬੰਦੀਆਂ ਲੇਖਕਾਂ ਨੂੰ ਸਿੱਧੀ ਤਰ੍ਹਾਂ ਸਥਾਪਤੀ ਦੇ ਮਗਰ ਲਾਉਦੀਆਂ ਹਨ । ਇਹ ਸਾਹਿਤਕਾਰਾਂ ਨੂੰ ‘ਸੇਧ ਦੇਣ ’ ਲਈ ਇਨਾਮਾਂ –ਸਨਮਾਨਾਂ ਦੀ ਵਰਖਾ ਕਰਦੀਆਂ ,ਇਹ ਸੰਕੇਤ ਦਿੰਦੀਆਂ ਹਨ ਕਿ ਇਸ ਤਰ੍ਹਾਂ ਦਾ ਸਾਹਿਤਕ ਵਿਹਾਰ ਕਰੋਗੇ ਤਾਂ ਇਨਾਮ ਪਾਓਗੇ । ਨਹੀਂ ਤਾਂ ਸੋਧ ਦਿੱਤੇ ਜਾਓਗੇ । “

ਤੀਜੀ ਤਰ੍ਹਾਂ ਦੀ ਜਥੇਬੰਦੀ ਜਿੱਸ ਨੂੰ ਗੈਰ-ਸਰਕਾਰੀ ਹੋਣ ਦੀ ਸੰਗਿਆ ਪ੍ਰਾਪਤ ਹੈ , ਤੋਂ ਪੰਜਾਬੀ ਭਾਸ਼ਾ ਤੇ ਸਹਿਤ-ਸੱਭਿਆਚਾਰ ਦੀ ਸਾਂਭ-ਸੰਭਾਲ ਅਤੇ ਉੱਨਤੀ –ਤਰੱਕੀ ਦੀ ਆਸ ਆਸ਼ਕ ਰੂਪ ਵਿੱਚ ਵੀ ਰੱਖੀ ਜਾ ਸਕਦੀ ਹੈ, ਤੇ ਇਸ ਦੀ  ਸੰਚਾਲਣਾਂ ਤੇ ਵਿਧੀ-ਵਿਹਾਰ ਦੇ ਅਨੁਕੂਲ ਕਾਫੀ ਸਾਰੀ ਮਾਤਰਾ ਵਿੱਚ ਵੀ । ਪਰ ,ਇਸ ਉੱਤੇ ਪੂਰੀ ਦੀ ਪੂਰੀ ਟੇਕ ਰੱਖਣਾ ਇਸ ਲਈ ਉੱਚਿਤ ਨਹੀਂ ਕਿਉਂਕਿ ਇਸ ਅੰਦਰ ਵੀ ਬਹੁਤੀਵਾਰ ਅਸਾਹਿੱਤਕ ਬਿਰਤੀਆਂ ਭਾਰੂ ਹੋ ਜਾਂਦੀਆਂ ਹਨ ਤੇ ਇਹ ਵੀ ਉਹ ਕੁਝ ਕਰ ਸਕਣ ਦੀ ਅਪਣੀ ਸਮਰੱਥਾ ਸੀਮਤ ਕਰ ਲੈਂਦੀ ਹੈ , ਜਿਸ ਦੀ ਇਸ ਤੋਂ ਜਨ-ਲੇਖਕ ਨੂੰ ਆਸ –ਉਮੀਦ ਹੁੰਦੀ ਹੈ ।

ਉਮੀਦ ਹੈ ਕਿ ਕੇਂਦਰੀ ਲੇਖਕ ਸਭਾਵਾਂ , ਆਪਣੇ ਆਪ ਨੂੰ ਇਸ ਪੱਖੋਂ ਹੁਣ ਤਾਂ ਦੋਸ਼ ਮੁਕਤ ਕਰ ਹੀ ਲੈਣਗੀਆਂ ।

ਆਮੀਨ ।
ਲਾਲ ਸਿੰਘ ਦਸੂਹਾ
-----
ਪਤਾ : ਨੇਡ਼ੇ ਐੱਸ.ਡੀ.ਐਮ. ਦਫ਼ਤਰ,
ਦਸੂਹਾ(ਜ਼ਿਲ੍ਹਾ : ਹੁਸ਼ਿਆਰਪੁਰ,ਪੰਜਾਬ)

ਫੋਨ : 094655-74866

Friday, September 21, 2012

ਲਗਦਾ ਹੈ ਇਹ ਕਲਮਾਂ ਨਹੀ ਟੈਕਸੀਆਂ ਹੋਣ

ਮੰਝਧਾਰ ਮੈਂ ਨਈਆ ਡੋਲੇ,ਉਸੇ ਮਾਝੀ ਪਾਰ ਲਗਾਏ,
ਮਾਝੀ ਜੋ ਨਾਵ ਡੁਬੋਏ, ਉਸੇ ਕੌਨ ਬਚਾਏ ?
ਅਜ ਇਹੋ ਜਹੀਆਂ  ਕਲਮਾਂ ਦੀ ਬਹੁਤਾਤ ਹੈ ਜੋ "ਕਿਸੇ ਲਈ" ਲਿਖਦੀਆਂ ਹਨ , ਇਥੋਂ ਤਕ ਕਿਹਾ ਜਾ ਸਕਦਾ ਹੈ ਕਿ ਭਾਡ਼ੇ ਤੇ ਚਲਦੀਆਂ ਹਨ ਅਤੇ ਬਿਨਾਂ ਭਾਡ਼ੇ ਦੇ ਉਹ ਰੁਕ ਜਾਂਦੀਆਂ ਹਨ, ਲਗਦਾ ਹੈ ਇਹ ਕਲਮਾਂ ਨਹੀ ਟੈਕਸੀਆਂ ਹੋਣ । ਅਜ ਜੋ ਹਾਲਤ ਕੌਮ ਦੀ ਹੈ, ਉਸ ਲਈ ਇਨਾਂ ਲਿਖਾਰੀਆਂ ਅਤੇ ਵਿਦਵਾਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਨਾਂ ਮੁੱਦਿਆਂ ਤੇ ਕੌਮ ਨੂੰ ਸੁਚੇਤ ਕਰਨ ਲਈ ਅਪਣੀਆਂ ਕਲਮਾਂ ਦੀ ਧਾਰ ਨੂੰ ਤੇਜ ਕਰਨ ਅਤੇ ਵਰਨ, ਜਿਹੜੇ ਮੁੱਦੇ ਕੌਮ ਦੇ ਨਿਘਾਰ ਦਾ ਕਾਰਣ ਬਣ ਰਹੇ ਨੇ,  ਲੇਕਿਨ ਇਸ ਤਬਕੇ ਨੂੰ ਇਕ ਦੂਜੇ ਨਾਲ ਖਹਿਬਾਜੀ ਅਤੇ ਬਹਿਸ ਕਰਣ ਤੋਂ ਹੀ ਵਿਹਲ ਨਹੀ ਹੈ।(ਇੱਕ ਪੁਰਾਣਾ ਲੇਖ,ਲੇਕਿਨ ਅਜੋਕੇ ਸਮੈਂ ਲਈ ਇਕ ਹਲੂਣਾ)
ਇੰਦਰਜੀਤ ਸਿੰਘ,ਕਾਨਪੁਰ       
ਕੌਮ ਦੀ ਮੌਜੂਦਾ ਹਾਲਤ ਨੂੰ ਵੇਖ ਕੇ ਕਿਸੇ ਸ਼ਾਯਰ ਦਾ ਲਿਖਿਆ ਇਹ ਸ਼ੇਰ ਅਕਸਰ ਜੁਬਾਨ ਤੋਂ ਆ ਜਾਂਦਾ ਹੈ -  "ਮੰਝਧਾਰ ਮੇਂ ਨਈਆ ਡੋਲੇ, ਉਸੇ ਮਾਝੀ ਪਾਰ ਲਗਾਏ । ਮਾਝੀ ਜੋ ਨਾਵ ਡੁਬੋਏ, ਉਸੇ ਕੌਨ ਬਚਾਏ ?" ਕੌਮ ਦੀ ਮੌਜੂਦਾ ਹਾਲਤ ਇਕ ਡੁਬਦੀ ਹੋਈ ਬੇਡ਼ੀ ਦੀ ਤਰ੍ਹਾਂ ਹੈ ਜਿਸ ਨੂੰ ਡੋਬਣ ਵਾਲਾ ਕੋਈ ਹੋਰ ਨਹੀ ਉਸ ਦਾ "ਸੁਚੇਤ ਅਤੇ ਜਾਗਰੂਕ" ਤਬਕਾ ਹੀ ਜਿੱਮੇਵਾਰ ਹੈ । ਇਹ ਤਬਕਾ ਇਸ ਕਦਰ ਦਿਸ਼ਾ ਹੀਣ ਹੋ ਚੁਕਿਆ ਹੈ ਕੇ,  ਉਸ ਡੁਬਦੀ ਹੋਈ ਬੇਡ਼ੀ ਨੂੰ ਬਾਹਰ ਕਡ੍ਹਣ ਦੀ ਬਜਾਏ ਉਸ ਵਿੱਚ ਆਪ ਹੀ ਵੱਟੇ ਪਾਉਣ ਦਾ ਕੰਮ ਕਰ ਰਿਹਾ ਹੈ। ਇਸ ਜਾਗਰੂਕ ਤਬਕੇ ਵਿੱਚ ਇਕ ਬਹੁਤ ਵੱਡਾ ਵਰਗ ਹੈ ਵਿਦਵਾਨਾਂ , ਲਿਖਾਰੀਆਂ ਅਤੇ ਖੋਜੀਆਂ ਦਾ ,ਜੋ ਲਗਦਾ ਹੈ ਪੂਰੀ ਤਰਹਾਂ ਭਟਕ ਚੁਕਾ ਹੈ।

ਪੁਰਾਨੀ ਕਹਾਵਤ ਹੈ ਕੇ ਕਲਮਾਂ ਵਿੱਚ ਇੱਨੀ ਤਾਕਤ ਹੂੰਦੀ ਹੈ ਕਿ ਦੁਣੀਆਂ ਦੀ ਕਿਸੇ ਤਲਵਾਰ ਵਿੱਚ ਉਨੀ ਤਾਕਤ ਨਹੀ ਹੂੰਦੀ । ਇਹ ਕਲਮਾਂ ਸਦੀਆਂ ਤੋਂ ਸੁੱਤੀਆਂ ਕੌਮਾਂ ਨੂੰ ਜਗਾ ਕੇ ਰੱਖ ਦੇਂਦੀਆ ਰਹਿਆਂ  ਨੇ। ਇਹ ਕਲਮਾਂ ਵਡੇ ਵਡੇ ਸੁਲਤਾਨਾਂ ਅਤੇ ਹਾਕਿਮਾਂ ਨੂੰ , ਸਿਰ ਝੁਕਾ ਦੇਣ ਲਈ ਮਜਬੂਰ ਕਰ ਦੇਂਦੀਆਂ ਰਹਿਆਂ ਨੇ । ਇਹ ਕਲਮਾਂ ਵਡੀਆਂ ਵਡੀਆਂ ਰਿਆਸਤਾਂ ਦੇ ਤਖਤੇ ਪਲਟ ਦੇਂਣ ਦਾ ਕਾਰਣ ਬਣੀਆਂ ਨੇ। ਇਨਾਂ ਕਲਮਾਂ ਵਿੱਚੋਂ ਨਿਕਲੀਆਂ ਵਾਰਾਂ ਅਤੇ ਕਵਿਤਾਵਾਂ ਨੇ ਕੌਮ ਦੇ ਸੁੱਤੇ ਲੋਕਾਂ ਵਿੱਚ ਇਕ ਨਵੀਂ ਉਮੰਗ ਅਤੇ ਜੋਸ਼ ਭਰ ਦਿਤਾ ਹੈ । ਕੌਮ ਦੇ ਵਿਦਵਾਨ ਅਤੇ ਲਿਖਾਰੀ ਕੌਮ ਦੇ ਨਿਘਾਰ ਦੇ ਵੇਲੇ ਇਕ ਯੋਧੇ ਦੀ ਤਰ੍ਹਾਂ ਕੰਮ ਕਰਦੇ ਆਏ ਨੇ  ,  ਅਤੇ ਉਨਾਂ ਦੀਆਂ ਕਲਮਾਂ, ਇਕ ਤਲਵਾਰ ਦਾ ਕੰਮ ਕਰਦੀਆਂ ਰਹਿਆਂ ਨੇ। ਇਹ ਤਲਵਾਰਾਂ ਜਦੋਂ ਵੀ ਚਲੀਆਂ ਨੇ ਸੁਤੀਆਂ ਕੌਮਾਂ ਵਿੱਚ ਇਕ ਨਵੀ ਕ੍ਰਾਂਤੀ ਅਤੇ ਜਨ ਚੇਤਨਾਂ ਨੇ ਜਨਮ ਲਿਆ ਹੈ । ਲੇਕਿਨ ਅਫਸੋਸ ਦੀ ਗਲ ਹੈ ਕਿ ਇਹ ਤਲਵਾਰਾਂ (ਕਲਮਾਂ) ਅੱਜ ਆਪਸ ਵਿੱਚ ਹੀ ਟਕਰਾ ਰਹਿਆਂ ਨੇ। ਇਨਾਂ ਯੋਧਿਆਂ ਨੇ ਅਪਣੀਆਂ ਤਲਵਾਰਾਂ ਦਾ ਰੁਖ ਦੁਸ਼ਮਣ ਦੀ ਬਜਾਇ ਅਪਣੇ ਹੀ ਯੋਧਿਆਂ ਵਲ ਕਰ ਦਿਤਾ ਹੈ, ਅਤੇ ਉਹ ਇਸ ਨਾਜੁਕ ਸਮੈਂ ਅੰਦਰ ਦਿਸ਼ਾ ਹੀਣ ਹੋਕੇ ਅਪਣਿਆ ਦਾ ਹੀ ਸਿਰ ਵਡ੍ਹਣ ਤੇ ਉਤਾਰੂ ਹੋ ਚੁਕੀਆਂ ਨੇ। 

ਸੋਚਿਆ ਤੇ ਇਹ ਸੀ ਕਿ ਹੁਣ ਕੁਝ ਦਿਨ , ਕੁਝ ਨਾਂ ਲਿਖਿਆ ਜਾਵੇ ਅਤੇ ਚੁਪ ਰਹਿ ਕੇ ਹੀ ਇਨਾਂ ਕਲਮਾਂ ਦਾ ਸਹੀ ਰੁਖ ਅਖਤਿਆਰ ਕਰਨ ਦਾ ਇੰਤਜਾਰ ਕੀਤਾ ਜਾਵੇ, ਲੇਕਿਨ ਉਹ ਕਲਮਾਂ ਹੀ ਕੀ ? ਜੋ ਰੁਕ ਜਾਂਣ ਤੇ ਸੋਚ , ਡਰ ਕੇ ਤੁਰਨ ਤੇ ਮੌਕਾ ਪਰਸਤ ਹੋਣ। ਅਪਣੇ ਲਈ ਲਿਖਣ ਜਾਂ ਦੂਜਿਆਂ ਨੂੰ ਨੀਵਾਂ ਦਿਖਾਣ ਲਈ ਤੁਰਨ । ਅਜ ਇਹੋ ਜਹਿਆ ਕਲਮਾਂ ਦੀ ਬਹੁਤਾਤ ਹੈ ਜੋ "ਕਿਸੇ ਲਈ" ਲਿਖਦੀਆਂ ਹਨ , ਇਥੋਂ ਤਕ ਕਹਿਆ ਜਾ ਸਕਦਾ ਹੈ ਕੇ ਭਾਡ਼ੇ ਤੇ ਚਲਦੀਆਂ ਹਨ ਅਤੇ ਬਿਨਾਂ ਭਾਡ਼ੇ ਦੇ ਉਹ ਰੁਕ ਜਾਂਦੀਆਂ ਹਨ, ਲਗਦਾ ਹੈ ਇਹ ਕਲਮਾਂ ਨਹੀ ਟੇਕਸੀਆਂ ਹੋਣ । ਅਜ ਜੋ ਹਾਲਤ ਕੌਮ ਦੀ ਹੈ, ਉਸ ਲਈ ਇਨਾਂ ਲਿਖਾਰੀਆਂ ਅਤੇ ਵਿਦਵਾਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਨਾਂ ਮੁੱਦਿਆਂ ਤੇ ਕੌਮ ਨੂੰ ਸੁਚੇਤ ਕਰਨ ਲਈ ਅਪਣੀਆਂ ਕਲਮਾਂ ਦੀ ਧਾਰ ਨੂੰ ਤੇਜ ਕਰਨ ਅਤੇ ਵਰਨ, ਜੇਡ਼੍ਹੇ ਮੁੱਦੇ ਕੌਮ ਦੇ ਨਿਘਾਰ ਦਾ ਕਾਰਣ ਬਣ ਰਹੇ ਨੇ,  ਲੇਕਿਨ ਇਸ ਤਬਕੇ ਨੂੰ ਇਕ ਦੂਦੇ ਨਾਲ ਖਹਿਬਾਜੀ ਅਤੇ ਬਹਿਸ ਕਰਣ ਤੋਂ ਹੀ ਵੇਲ੍ਹ ਨਹੀ ਹੈ। ਅਪਣੀ ਅਪਣੀ ਵਿਦਵਤਾ ਦਾ ਝੰਡਾ ਚੁਕੀ ਇਹ ਤੁਰੀ ਜਾ ਰਹੇ ਨੇ , ਇਨਾਂ ਨੂੰ ਸ਼ਾਇਦ ਇਸ ਗਲ ਦਾ ਵੀ ਇਹਸਾਸ ਨਹੀ ਹੈ ਕਿ ਇਹ ਕਰ ਕੀ ਰਹੇ ਨੇ ? ਹਾਂ ਜੋ ਭਾਡ਼ੇ ਦੇ ਲਿਖਾਰੀ ਹਨ ਉਹ ਜਰੂਰ ਨੀਤੀ ਦੇ ਨਾਲ ਅਪਣਾਂ ਕੰਮ ਕਰੀ ਜਾ ਰਹੇ ਨੇ ਅਤੇ ਉਹ ਸਭ ਕੁਝ ਸੋਚ ਸਮਝ ਕੇ ਕਿਸੇ ਸਵਾਰਥ ਦੇ ਵਾਸਤੇ ਲਿਖ ਰਹੇ ਨੇ, "ਕਿਸੇ ਲਈ" ਲਿਖ ਰਹੇ ਨੇ।


ਸਿੱਖ ਕੌਮ ਵਿੱਚ ਕੁਝ ਬਹੁਤ ਹੀ ਨਾਜੁਕ ਅਤੇ ਸੰਵੇਦਨ ਸ਼ੀਲ ਵਿਸ਼ੈ ਹਨ , ਜਿਨਾਂ ਤੇ ਆਏ ਦਿਨ ਕਿੰਤੂ ਖਡ਼ੇ ਕਰਕੇ ਕੌਮ ਨੂੰ ਅਸਥਿਰਤਾ ਅਤੇ ਭੰਬਲਭੁਸਿਆ ਵਿੱਚ ਖਡ਼ਾ ਕੀਤਾ ਜਾਂਦਾ ਹੈ ,ਤਾਂਕਿ ਕੌਮ ਦੀ ਹਾਲਤ ਦਿਨ ਬ ਦਿਨ ਬੱਦਤਰ ਹੂੰਦੀ ਜਾਵੇ। ਦੁਖਾਂਤ ਇਹ ਹੈ ਕਿ ਪੰਥ ਦੇ ਦੁਸ਼ਮਣ ਜੋ ਚਾਂਉਦੇ ਹਨ , ਉਹ ਕੰਮ ਸਾਡੇ ਅਪਣੇ ਵਿਦਵਾਨ ਹੀ ਪੂਰਾ ਕਰੀ ਜਾ ਰਹੇ ਨੇ। ਇਨਾਂ ਵਿਸ਼ਿਆਂ ਤੇ ਸਾਡੀਆ ਜਾਗਰੂਕ ਧਿਰਾਂ ਆਏ ਦਿਨ ਅਪਣੇ ਵੀਚਾਰ, ਚਰਚਾਵਾਂ ਅਤੇ ਸੰਵਾਦ ਨੂੰ ਜਨਤਕ ਕਰਦੇ ਵੇਖੇ ਜਾ ਸਕਦੇ ਹਨ । ਸਿੱਖ ਵਿਰੋਧੀ ਤਾਕਤਾਂ ਦਾ ਸਿੱਖੀ ਨੂੰ ਖਤਮ ਕਰਨ ਦਾ  ਅਜੇਂਡਾ ਵੀ ਤਾਂ ਇਹ ਹੀ ਹੈ, ਜਿਸਨੂੰ ਜਾਣੇ ਅੰਨਜਾਣੇ ਸਾਡੇ ਵਿਦਵਾਨ ਹੀ ਪੂਰਾ ਕਰੀ ਜਾ ਰਹੇ ਹਨ । ਉਹ ਸਾਨੂੰ ਅਪਣੇ ਮੱਤ ਵਿੱਚ ਜਜਬ ਕਰ ਲੈਣ ਲਈ, ਇਨਾਂ ਹੇਠ ਲਿਖੇ ਮੁਦਿਆ ਤੇ ਹੀ ਕੰਮ ਕਰ ਰਿਹੇ ਹਨ , ਜਿਸਨੂੰ ਸਾਡੇ ਵਿਦਵਾਨ ਬਹਿਸਾਂ, ਚਰਚਾਵਾਂ ਅਤੇ ਕਿਤਾਬਾਂ ਦੇ ਜਰਿਏ ਹੀ ਪੂਰਾ ਕਰੀ ਜਾ ਰਹੇ ਨੇ । ਇਨਾਂ ਵਿਚੋਂ ਕੁਝ ਸੰਵੇਦਨਸ਼ੀਲ ਮੁੱਦੇ ਹਨ-

1- ਸਿੱਖਾਂ ਦੇ ਸ਼ਬਦ ਗੁਰੂ ਦਾ ਮੌਜੂਦਾ ਸਰੂਪ ਤੇ ਕਿੰਤੂ ਖਡ਼ੇ ਕਰਨਾਂ।
2- ਅਕਾਲ ਤਖਤ ਦੇ ਸਤਕਾਰਤ ਅਦਾਰੇ ਦੇ ਸੰਦੇਸ਼ ਅਤੇ ਸਿਧਾਂਤ ਤੇ ਕਿੰਤੂ ਕਰਨਾਂ।
3- ਸਿੱਖੀ ਸਰੂਪ ਨਾਲ ਖਿਲਵਾਡ਼ (ਸਹਿਜਧਾਰੀ ਸਿੱਖ ਦੇ ਨਾਮ ਤੇ)।
4- ਸਿੱਖ ਇਤਿਹਾਸ ਅਤੇ ਲਿਟਰੇਚਰ ਨੂੰ ਵਿਕ੍ਰਤ ਕਰਨਾਂ ।
5- ਸਿੱਖੀ ਦੇ ਧਾਰਮਿਕ ਸੰਵਿਧਾਨ, ਸਿੱਖ ਰਹਿਤ ਮਰਿਯਾਦਾ ਨੂੰ ਸਿਰੇ ਤੋਂ ਰੱਦ ਕਰਨਾਂ।

ਪੰਥ ਵਿਰੋਧੀ ਤਾਕਤਾਂ ਅਤੇ ਉਨਾਂ ਦੇ ਖਰੀਦੇ ਭਾਡ਼ੇ ਦੇ ਇਹ ਅਖੌਤੀ ਵਿਦਵਾਨ ਅਤੇ ਲਿਖਾਰੀ ਇਹ ਚੰਗੀ ਤਰ੍ਹਾ ਜਾਣਦੇ ਹਨ ਅਤੇ ਆਮ ਸਿੱਖਾਂ ਦੇ ਮੰਨ ਵਿੱਚ ਇਨਾਂ ਵਿਸ਼ਿਆਂ ਤੇ ਕਿੰਤੂ ਪੈਦਾ ਕਰ ਦੇਣ ਦੀ ਸਾਜਿਸ਼ ਰੱਚ ਚੁਕੇ ਹਨ । ਸਾਡੇ ਲਿਖਾਰੀਆਂ ਅਤੇ ਵਿਦਵਾਨਾਂ ਨੂੰ ਉਸ ਸਾਜਿਸ਼ ਦੇ ਅਧੀਨ ਆਪਸ ਵਿੱਚ ਹੀ ਉਲਝਾ ਕੇ ਰੱਖ ਦਿਤਾ ਗਇਆ ਹੈ। ਜਿਸਦਾ ਇਨਾਂ ਨੂੰ ਇਹਸਾਸ ਤਕ ਨਹੀ ਹੈ। ਗਿਆਨ ਅਤੇ ਖੋਜ ਦੇ ਨਾਮ ਤੇ ਇਹ ਭਾਡ਼ੇ ਦੇ ਵਿਦਵਾਨ ਜਾਣ ਬੂਝ ਕੇ ਅਤੇ ਇਕ ਸਾਜਿਸ਼ ਦੇ ਤਹਿਤ, ਇਨਾਂ ਨਾਜੁਕ ਵਿਸ਼ਿਆਂ ਤੇ ਜਨਤਕ ਰੂਪ ਵਿੱਚ ਚਰਚਾ ਛੇਡ਼ਦੇ ਹਨ ਅਤੇ ਉਨਾਂ ਦੇ ਜਾਲ ਵਿੱਚ ਦੂਜੇ ਭੋਲੇ ਭਾਲੇ ਲਿਖਾਰੀ ੳਤੇ ਵਿਦਵਾਨ ਸਹਿਜੇ ਹੀ ਫੰਸ ਜਾਂਦੇ ਹਨ, ਕਿਉਕਿ ਹਰ ਵਿਦਵਾਨ ਵਿੱਚ ਅਪਣੀ ਗਲ ਨੂੰ ਪ੍ਰਮੁਖਤਾ ਦੇਣ ਦੀ ਇਕ ਛੁੱਪੀ ਹੋਈ ਕਮਜੋਰੀ ਜਰੂਰ ਹੂੰਦੀ ਹੈ। 

ਇਸ ਜਾਲ ਵਿੱਚ ਦੂਜੇ ਲਿਖਾਰੀ ਤੇ ਫਸਦੇ ਹੀ ਹਣ ਉਨਾਂ ਦੀ ਅਪਸੀ ਬਹਿਸ ਬਾਜੀ ਦੇ ਫਾਇਦੇ ਵੀ ਉਨਾਂ ਪੰਥ ਵੋਰੋਧੀ ਧਿਰਾਂ ਨੂੰ ਹੀ ਮਿਲਦੇ ਹਨ । ਪਹਿਲਾ, ਇਹ ਕਲਮਾਂ ਆਪਸੀ ਮਾਰ ਕੱਟ ਵਿੱਚ ਉਲਝ ਕੇ ਜਰੂਰੀ ਵਿਸ਼ਿਆਂ ਬਾਰੇ ਕੌਮ ਨੂੰ ਸੁਚੇਤ ਕਰਣ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ, ਅਤੇ ਉਨਾਂ ਦੀ ਅਸਲੀ  ਤਾਕਤ ਦਾ ਸਹੀ ਇਸਤੇਮਾਲ , ਜੋ ਕੌਮ ਦੀ ਚਡ਼ਦੀਕਲਾ ਅਤੇ ਭਲਾਈ ਲਈ ਹੋ ਸਕਦਾ ਹੈ,  ਉਹ ਖਰਾਬ ਕਰ ਦਿਤੀ ਜਾਂਦੀ ਹੈ। ਦੂਜਾ, ਇਨਾਂ ਸੰਵੇਦਨਸ਼ੀਲ ਮੁਦਿਆ ਨੂੰ ਪਡ਼੍ਹ ਕੇ ਕੱਚੀ ਸੋਚ ਵਾਲਾ ਪਾਠਕ , ਜੋ ਬਹੁਤ ਕੁਝ ਜਾਨਣ ਅਤੇ ਸਿੱਖਣ ਦਾ ਯਤਨ ਕਰ ਰਿਹਾ ਹੂੰਦਾ ਹੈ , ਉਹ ਕਈ ਪ੍ਰਕਾਰ ਦੇ ਭੰਬਲ ਭੂਸਿਆਂ ਅਤੇ ਸ਼ੰਕਾਵਾਂ ਦਾ ਸ਼ਿਕਾਰ ਹੋ ਜਾਂਦਾ ਹੈ। ਉਹ ਪਾਠਕ ਇਨਾਂ ਉਲਝ ਜਾਂਦਾ ਹੈ ਕਿ ਕੌਣ ਸਹੀ ਲਿਖ ਰਿਹਾ ਹੈ ਅਤੇ ਕੌਣ ਗਲਤ ਲਿਖ ਰਿਹਾ ਹੈ,  ਇਸ ਗਲ ਦਾ ਫੈਸਲਾ ਵੀ ਉਹ ਨਹੀ ਕਰ ਪਾਂਦਾ। ਇਹ ਵੀ ਉਨਾਂ ਦੀ ਉਸ ਸਾਜਿਸ਼ ਦਾ ਹੀ ਨਤੀਜਾ ਹੈ ਕਿ ਅਸੀ ਇੱਨਾਂ ਨਾਜੁਕ ਵਿਸ਼ਿਆਂ ਤੇ ਹੀ ਆਪਸ ਵਿੱਚ  ਜਨਤਕ ਰੂਪ ਵਿੱਚ ਬਹਿਸਬਾਜੀ ਕਰਦੇ ਅਕਸਰ ਨਜਰ ਆਂਉਦੇ ਹਾਂ।

ਕਈ ਵਾਰ ਮੇਰੀਆ ਲਿਖਤਾਂ ਵਿੱਚ ਪਾਠਕਾਂ ਨੂੰ ਕੁਝ ਗਲਾਂ ਔਖੀਆਂ ਅਤੇ ਕੌਡ਼ੀਆਂ ਜਰੂਰ ਲਗਦੀਆਂ ਹਨ, ਅਤੇ ਮੈਨੂੰ ਅਕਸਰ ਇਨਾਂ ਗਲਾਂ ਲਈ ਅਪਣੇ ਇਸ ਜਾਗਰੂਕ ਤਬਕੇ ਕੋਲੋਂ ਵੀ ਅਲੋਚਨਾਂ ਦਾ ਸ਼ਿਕਾਰ ਹੋਣਾਂ ਪੈਂਦਾ ਹੈ, ਲੇਕਿਨ ਕੀ ਕਰਾਂ ? ਸੱਚ ਕਹਿਣਾਂ ਅਤੇ ਸੁਨਣਾਂ ਅਤੇ ਉਸ ਨੂੰ ਪਚਾਣਾਂ ਬਹੁਤ ਹੀ ਔਖਾ ਹੂੰਦਾ ਹੈ, ਕਿਉਕਿ ਇਹ ਕੌਡ਼ਾਂ ਹੀ ਨਹੀ ਕਸੈਲਾ ਵੀ ਬਹੁਤ ਹੂੰਦਾ ਹੈ। ਅੱਜ ਤੁਸੀ ਕੀ ਸਮਝਦੇ ਹੋ ? ਕਿ ਆਰ. ਐਸ. ਐਸ ਵਰਗੀ ਕਟੱਰ ਹਿੰਦੂ ਰਾਸ਼ਟ੍ਰ ਦਾ ਨਕਸ਼ਾ ਉਲੀਕਣ ਵਾਲੀ ਸੰਸਥਾ ਦੇ ਹਜਾਰਾਂ ਵਰਕਰ ਪਾਰਕਾਂ ਵਿੱਚ ਨਿਕਰਾਂ ਅਤੇ ਸੋਟੀਆਂ ਫੱਡ਼ ਕੇ  ਹਰ ਰੋਜ ਗਤਕਾ ਖੇਡਨ ਜਾਂ ਕਸਰਤ ਕਰਨ ਲਈ ਉਥੇ ਇਕੱਠੇ ਹੂੰਦੇ ਹਨ ?  ਨਹੀ ! ਉਹ ਚਾਲਾਕ ਚਾਣਕਿਆ ਦੇ ਚੇਲੇ ਹਨ । ਪਾਰਕਾਂ ਅਤੇ ਮੈਦਾਨਾਂ ਵਿੱਚ ਉਹ ਨੀਤੀਆਂ ਬਣਾਉਣ ਲਈ ਇਕਠੇ ਹੂੰਦੇ ਹਣ ਅਤੇ ਆਪਣੀਆਂ ਭਵਿਖ ਦੀਆਂ ਨੀਤੀਆਂ ਨੂੰ ਲਾਗੂ ਕਰਣ ਦੀਆਂ ਸਕੀਮਾਂ ਬਣਾਂਉਂਦੇ ਹਨ। ਇਨਾਂ ਪਾਰਕਾਂ ਅਤੇ ਮੈਦਾਨਾਂ ਤੋਂ ਵੱਧ ਮਹਫੂਜ ਅਤੇ ਏਕਾਂਤ ਥਾਂ, ਹੋਰ ਕੇਡ਼੍ਹੀ ਹੋ ਸਕਦੀ ਹੈ ? ਜਿਥੇ ਨਾਂ ਕੋਈ ਜਾਸੂਸ ਹੋਵੇ ਅਤੇ ਨਾਂ ਕੋਈ ਮਾਈਕ ਅਤੇ ਸਪੀਕਰ ਹੋਵੇ ਨਾਂ ਬਾਹਰ ਦਾ ਕੋਈ ਬੰਦਾ ਆ ਸਕੇ । ਇਨਾਂ ਗੁਪਤ ਮੀਟਿੰਗਾਂ ਵਿੱਚ ਬਹੁਤ ਕੁਝ ਊਲੀਕਿਆ ਅਤੇ ਤੈ ਕੀਤਾ ਜਾਂਦਾ ਹੈ,  ਜਿਸ ਦੀ ਕਿਸੇ ਨੂੰ ਖਬਰ  ਤਕ ਨਹੀ ਲਗਦੀ। 
ਦੂਜੇ ਪਾਸੇ ਇਕ ਅਸੀ ਹਾਂ ਕਿ ਸਾਡੇ ਢਿਡ ਵਿੱਚ ਜੋ ਹੂੰਦਾ ਹੈ ਉਹ ਦੂਜੇ ਦਿਨ  ਪੂਰੀ ਦੁਣਿਆਂ ਦੇ ਸਾਮ੍ਹਣੇ ਆ  ਜਾਂਦਾ ਹੈ। ਸਾਨੂੰ ਅਪਣੀ ਵਿਦਵਤਾ ਦੇ ਝੰਡੇ ਗਡਣ ਲਈ  ਮਾਈਕ ਵੀ ਚਾਹੀਦਾ ਹੈ, ਸਟੇਜ ਵੀ ਚਾਹੀ ਦੀ ਹੈ, ਮੀਡੀਆ ਵੀ ਚਾਹੀ ਦਾ ਹੈ ਅਤੇ ਉਹ ਵੇਬਸਾਈਟਾਂ ਅਤੇ ਇੰਟਰ ਨੇਟ ਵੀ ਚਾਹੀਦਾ ਹੈ ਜਿੱਥੇ ਅਸੀ ਇਹ ਦਰਸਾ ਸਕੀਏ ਕੇ ਸਾਡੇ ਤੋਂ ਵੱਡਾ ਹੋਰ ਕੋਈ ਵਿਦਵਾਨ ਨਹੀ ਹੈ, ਭਾਵੇ ਦੁਸ਼ਮਣ ਤੁਹਾਡੀ ਗਲ ਸੁਣ ਕੇ,  ਤੁਹਾਡੇ ਤੋਂ ਪਹਿਲਾਂ ਹੀ,  ਉਸ ਦੀ ਕਾਟ ਕਡ੍ਹ ਲੈਂਦਾ ਹੈ। ਅੱਜ ਉਨਾਂ ਵਿਚ ਵੇਖੋ, ਕਿ ਕੰਮ ਕਰਨ ਵਾਲਿਆਂ ਦੀ ਕਿਨੀ ਵਡੀ ਗਿਣਤੀ ਹੈ , ਅਤੇ ਜਨਤਕ ਰੂਪ ਵਿੱਚ ਬਿਆਨ ਦੇਣ ਵਾਲੇ ਕਿਨੇ ਹਣ ? ਲੱਖਾਂ ਦੀ ਤਾਦਾਤ ਵਿੱਚ ਕੰਮ ਕਰਨ ਵਾਲੇ ਵਰਕਰ ਹਨ ਅਤੇ ਜਨਤਕ ਰੂਪ ਵਿਚ ਬਿਆਨ ਦੇਣ ਵਾਲੇ ਗਿਣਤੀ ਦੇ ਲੀਡਰ ਹਨ । ਸਾਡੇ ਵਿਚ ਕੰਮ ਕਰਣ ਵਾਲਾ ਕੋਈ ਨਹੀ,  ਤੇ  ਹਰ ਬੰਦਾ ਲੀਡਰ ਹੈ। ਹਰ ਵਿਦਵਾਨ ਨੇ ਅਪਣਾਂ ਅਪਣਾਂ ਝੰਡਾ ਫਡ਼ਿਆ ਹੋਇਆ ਹੈ। ਨਾਂ ਕਿਸੇ ਨੂੰ ਅਗੇ ਲਗਣ ਦੇਂਣਾਂ ਹੈ ,ਅਤੇ ਨਾਂ ਕਿਸੇ ਦੇ ਪਿਛੇ ਲਗਣਾਂ ਹੈ, ਬਸ ਸਾਡੇ ਕੋਲ ਇਹ ਹੀ ਰਹਿ ਗਇਆ ਹੈ । ਸਾਰੇ ਹੀ ਚੌਧਰੀ ਹਨ । ਜੇ ਕੋਈ ਕਹਿ ਦੇਵੇ ਉਹ ਹੀ ਪੱਥਰ ਦੀ ਲਕੀਰ ਬਣ ਜਾਵੇ। ਭਲਿਉ ! ਜੇ ਉਹ ਪਿੰਡ ਹੀ ਨਾਂ ਰਿਹਾ ਤੇ ਚੌਧਰੀ ਕਿਸ ਪਿੰਡ ਦੇ ਬਣੋਗੇ ?  
ਜਰਾ ਸੋਚੋ,  ਤੇ ਪਹਿਲਾਂ ਉਸ ਪਿੰਡ ਦੀਆਂ ਹੱਦਾਂ ਦੀ ਨਿਗਰਾਨੀ ਕਰੋ ਜਿਸ ਉੱਤੇ  ਦੁਸ਼ਮਨ ਦੀ ਮਾਡ਼ੀ ਨੀਯਤ ਅਤੇ ਪੈਨੀ ਨਿਗਾਹ ਲਗੀ ਹੋਈ ਹੈ । ਕੋਈ ਮਸਲਾ ਆਇਆ ਨਹੀ ਕਿ ਦੂਜੇ ਦਿਨ ਹੀ ਉਹਦਾ ਬਿਆਣ ਵੀ ਲੈ,  ਅਤੇ ਇਸਦਾ ਬਿਆਨ ਵੀ ਲੈ। ਇਕ ਕੁਝ ਲਿਖ ਰਿਹਾ ਹੈ,  ਦੂਜਾ ਕੁਝ ਕਹਿ ਰਿਹਾ ਹੈ। ਫੇਰ ਇਕ ਦੂਜੇ ਦੇ ਬਿਆਨਾਂ ਤੇ ਬਹਿਸ , ਖਹਿਬਾਜੀ ਅਤੇ ਅੰਤ ਵਿੱਚ ਵਖਰੇਵਾਂ ਬਸ ਹੋਰ ਕੁਝ ਵੀ ਨਹੀ । ਦੁਸ਼ਮਨ ਸਾਡੇ ਤੇ ਹੰਸਦਾ ਹੈ। ਉਨਾਂ ਦੇ ਖਰੀਦੇ ਹੋਏ ਭਾਡ਼ੇ ਦੇ ਲੋਕ ਸਾਡੇ ਤੇ ਹਸਦੇ ਹਨ ਕਿ ਸਾਡਾ ਪਾਇਆ ਜਾਲ ਸਹੀ ਥਾਂ ਤੇ ਪੈ ਰਿਹਾ ਹੈ। ਉਨਾਂ ਕੋਲ ਨੀਤੀ ਹੈ,  ਸਾਨੂੰ ਨੀਤੀ ਦਾ ਪਤਾ ਨਹੀ, ਕਿ ਉਹ ਕੀ ਹੂੰਦੀ ਹੈ । ਉਨਾਂ ਕੋਲ ਸੰਗਠਨ ਹੈ ਸਾਡੇ ਕੋਲ ਵਖਰੇਵਾਂ ਹੈ । ਉਨਾਂ ਦਾ ਧਰਮ ਸਿਆਸਤ ਨੂੰ ਚਲਾਂਉਦਾ ਹੈ, ਸਾਡੀ ਸਿਆਸਤ ਧਰਮ ਨੂੰ ਚਲਾਂਉਦੀ ਹੈ। ਵੀਰੋ ਜਰਾ ਸਵੈ ਪਡ਼ਚੋਲ ਕਰੀਏ ਕਿ ਅਸੀ ਕਿਥੇ ਖਡ਼ੇ ਹਾਂ ? ਸਾਡਾ ਕੀ ਹਸ਼ਰ ਹੋਣ ਵਾਲਾ ਹੈ ? ਸਾਡੇ ਕੋਲ ਉਨਾਂ ਨਾਲ ਲਡ਼ਨ ਦੀ ਤਿਆਰੀ ਤਾਂ ਦੂਰ ਦੀ ਗਲ ਹੈ, ਸਾਡੀ ਸੋਚ ਵੀ ਅਜੀਬੋ ਗਰੀਬ ਹੈ ।

ਇਕ ਵੀਰ ਦਾ  ਫੋਨ ਆਇਆ, ਕਹਿਨ ਲਗਾ ਵੀਰ ਜੀ ਤੁਸੀ ਕਹਿੰਦੇ ਹੋ ਕੌਮ ਦੇ ਇਹ ਹੀ ਆਸਾਰ ਰਹੇ ਤੇ ਕੌਮ ਨੇ ਮੁੱਕ ਜਾਣਾਂ ਹੈ, ਮੈ ਆਪ ਜੀ ਨਾਲ ਸਹਿਮਤ ਨਹੀ, ਸਿੱਖ ਕੌਮ ਕਦੀ ਵੀ ਮੁੱਕ  ਨਹੀ ਸਕਦੀ । ਮੈਂ ਉਸ ਨੂੰ ਜਵਾਬ ਦਿੱਤਾ, ਵੀਰਾ, ਤੇਰੇ ਵਰਗੇ ਕਈ ਹੋਰ ਵੀਰਾਂ ਨੇ ਵੀ ਇਹ ਖੁਸ਼ਫਹਿਮੀ ਪਾਲੀ ਹੋਈ ਹੈ, ਤੂੰ ਵੀ ਸ਼ਾਇਦ ਉਸ ਖੁਸ਼ਫਹਿਮੀ ਦਾ ਹੀ ਸ਼ਿਕਾਰ ਹੈ । ਕੌਮ ਮੁੱਕੇਗੀ ਨਹੀ, ਇਹ ਸੱਚ ਹੈ, ਲੇਕਿਨ ਰਹੇਗੀ ਵੀ ਨਹੀ । ਜੇ ਕਿਸੇ ਪਰਿਵਾਰ ਦੇ ਦਸ ਜੀਅ ਹੋਣ ਤੇ ਉਸ ਵਿਚੋਂ ਹੌਲੀ ਹੌਲੀ ਕਰਕੇ ਨੌ ਮਰ ਜਾਂਣ ਤੇ ਉਸ ਇਕ ਜੀਅ ਨੂੰ ਕੀ ਤੂੰ ਪਰਿਵਾਰ ਕਹੇਗਾਂ ? ਅਜ ਅਸੀ ਇਕ ਇਕ ਕਰ ਕੇ ਮਰਦੇ ਜਾ ਰਹੇ ਹਾਂ। ਕੁਝ ਦਾ ਸਰੂਪ ਖਤਮ ਹੋ ਗਇਆ ਹੈ , ਤੇ ਕੁਝ ਦਾ ਜਮੀਰ ਮਰ ਚੁਕਾ  ਹੈ। ਕੁਝ ਅਧਿਆਤਮਕ ਪੱਖੋ ਮਰ ਗਏ ਹਨ , ਕੁਝ ਮਾਨਸਿਕ ਪੱਖੋਂ ਮਰ ਚੁਕੇ ਹਨ। ਹਰ ਰੋਜ ਸਿੱਖੀ ਦੀ ਮੌਤ ਹੋ ਰਹੀ ਹੈ । ਬ੍ਰਾਹਮਣਵਾਦ ਸਾਡੇ ਤੇ ਹਾਵੀ ਹੋ ਚੁਕਾ ਹੈ । ਬ੍ਰਾਹਮਣਵਾਦ ਕਿਸੇ ਵਿੱਚ ਘੱਟ ਅਤੇ ਕਿਸੇ ਵਿੱਚ ਬਹੁਤਾ ਜਰੂਰ ਹੋ ਸਕਦਾ ਹੈ , ਲੇਕਿਨ ਉਹ ਸਾਡੇ ਅੰਦਰ ਵਡ਼ ਕੇ ਸਾਡਾ ਗਲਾ ਘੋਟ ਰਿਹਾ ਹੈ। ਇਸ ਬ੍ਰਾਹਮਣ ਦੇ ਅਗੇ  ਕੌਣ ਕਿਸ ਵੇਲੇ ਮੱਥਾ ਟੇਕ ਦੇਵੇ, ਕੌਣ ਇਸ ਦੇ ਹੱਥ ਵਿਕ ਜਾਵੇ ਇਹ ਕੁਝ ਨਹੀ ਕਹਿਆ ਜਾ ਸਕਦਾ ।

ਇਸ ਲੇਖ ਵਿੱਚ ਉਪਰ ਗਲ ਕੀਤੀ ਗਈ ਸੀ ਕੁਝ ਸੰਵੇਦਨ ਸ਼ੀਲ ਮੁੱਦਿਆ ਦੀ, ਜਿਨਾਂ ਤੇ ਸਾਡੇ ਕੋਲੋਂ ਇਕ ਸਾਜਿਸ਼ ਦੇ ਤਹਿਤ ਬਹਿਸ ਕਰਵਾ ਕੇ ਕੌਮ ਵਿੱਚ ਕਈ ਪ੍ਰਕਾਰ ਦੀਆਂ ਦੁਬਿਧਾ ਖਡ਼ੀਆਂ ਕੀਤੀਆਂ ਜਾ ਰਹਿਆਂ ਨੇ । ਭਾਵੇ ਮੇਰੀ ਇਸ ਗਲ ਨੂੰ ਕੁਝ ਲੋਕ ਕੋਰੀ ਕਲਪਨਾਂ ਜਾਂ ਮੇਰੇ ਮੰਨ ਦਾ ਵਲੇਵਾਂ ਕਹਿ ਕਿ ਪਾਸਾ ਵਟੱ ਲੈਣ ਗੇ , ਇਹ ਮੈਂ ਚੰਗੀ ਤਰ੍ਹਾਂ ਜਾਂਣਦਾ ਹਾਂ , ਲੇਕਿਨ ਮੈਂ ਇਹ ਵੀ ਚੰਗੀ ਤਰ੍ਹਾਂ ਜਾਂਣਦਾ ਹਾਂ ਕਿ ਉਨਾਂ ਕੋਲ ਇਸ ਗਲ ਦਾ ਵੀ ਕੋਈ ਜਵਾਬ ਨਹੀ ਹੈ ਕਿ- ਕੀ ਇਨਾਂ ਸੰਵੇਦਨ ਸ਼ੀਲ ਮੁਦਿਆ ਤੇ ਜਨਤਕ ਰੂਪ ਵਿੱਚ ਪੰਥ ਦੋਖੀਆਂ ਦੇ ਸਾਮ੍ਹਣੇ ਕੋਈ ਵੀ ਗਲ ਜਾਂ ਬਹਿਸ ਕਰਨੀ ਕੀ ਕੌਮ ਦੇ ਹਿੱਤ ਲਈ ਜਾਇਜ ਹੈ ? ਜਾਂ ਇਸ ਦੇ ਕੋਈ ਉਸਾਰੂ ਸਿੱਟੇ ਭਵਿੱਖ ਵਿੱਚ ਨਿਕਲ ਸਕਦੇ ਨੇ ? ਇਸ ਗਲ ਨੂੰ ਪੰਥ ਦੀਆਂ ਕਈ ਜਾਗਰੂਕ ਧਿਰਾਂ ਅਤੇ ਵਿਦਵਾਨਾਂ ਨੇ ਇਕ ਮੱਤ ਤੋ ਸਵੀਕਾਰ ਵੀ ਕੀਤਾ ਹੈ ਕੇ,  ਪੰਥ ਦੇ ਕਿਸੇ ਵੀ ਸੰਵੇਦਨ ਸ਼ੀਲ ਮੁੱਦੇ ਤੇ ਜਨਤਕ ਰੂਪ ਵਿੱਚ ਖੁੱਲੀ ਬਹਿਸ ਕਰਨਾਂ ਪੰਥ ਦੇ ਹਕ ਵਿੱਚ ਨਹੀ ਹੈ। ਦੂਜੇ ਪਾਸੇ ਇਹ ਹੀ ਜਾਗਰੂਕ ਧਿਰਾਂ ਆਏ ਦਿਨ ਕੋਈ ਨਾਂ ਕੋਈ ਸੰਵੇਦਨਸ਼ੀਲ ਮੁੱਦਾ ਆਪ ਹੀ ਚੁਕ ਲੈਂਦੀਆਂ ਨੇ। ਦਾਸ ਇਨਾਂ ਵਿਸ਼ਿਆਂ ਉਪਰ ਕਈ ਲੇਖ ਪਹਿਲਾਂ ਵੀ ਲਿੱਖ ਕੇ ਅਪਣੇ ਵੀਚਾਰ ਸਾਂਝੇ ਕਰ ਚੁਕਾ ਹੈ, । ਇਥੇ ਦਾਸ ਸਿਰਫ, ਇਕ ਦੋ  ਵਿਸ਼ਿਆਂ ਤੇ ਸੰਖੇਪ ਵਿੱਚ ਪਾਠਕਾਂ ਨਾਲ ਵੀਚਾਰ ਸਾਂਝੇ ਕਰੇਗਾ।

1- ਸਿੱਖਾਂ ਦੇ ਸ਼ਬਦ ਗੁਰੂ ਦੇ ਮੌਜੂਦਾ ਸਰੂਪ ਤੇ ਕਿੰਤੂ।

ਸਭ ਤੋਂ ਵਡਾ ਅਤੇ ਸਭ ਤੋਂ ਸੰਵੇਦਨਸ਼ੀਲ ਮੁੱਦਾ ਸਿੱਖਾਂ ਦੇ ਸ਼ਬਦ ਗੁਰੂ , ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਬਾਰੇ ਵਾਰ ਵਾਰ ਉਠਾਇਆ ਜਾਂਦਾ ਹੈ ਅਤੇ ਉਸ ਉਪਰ ਬਹਿਸ ਅਤੇ ਚਰਚਾ ਵੀ ਕਰਵਾਈ ਜਾਂਦੀ ਹੈ। ਗਿਆਨ ਅਤੇ ਖੋਜ ਦੇ ਨਾਮ ਤੇ ਸਭਤੋਂ ਵਡਾ ਮੂਰਖਤਾ ਭਰਿਆ ਇਹ ਕੰਮ ਕੀਤਾ ਜਾ ਰਿਹਾ ਹੈ । ਗੁਰੂ ਦੇ ਸਰੂਪ ਤੇ ਹੀ ਕਿੰਤੂ ਕਰਨਾਂ। ਰਹੀ ਗਲ "ਰਾਗਮਾਲਾ" ਦੀ ਉਸ ਨੂੰ ਕੋਈ ਵੀ ਸੁਚੇਤ ਸਿੱਖ ਗੁਰਬਾਣੀ ਨਹੀ ਮਣਦਾ ਅਤੇ ਜਦੋਂ ਉਸ ਬਾਰੇ ਸਿੱਖ ਰਹਿਤ ਮਰਿਯਾਦਾ ਵਿੱਚ ਇਕ ਪੰਥਿਕ ਫੇਸਲਾ ਵੀ ਮੌਜੂਦ ਹੈ , ਫੇਰ ਵਾਰ ਵਾਰ ਉਸ ਦਾ ਬਖੇਡ਼ਾ ਕਿਉ ਖਡ਼ਾ ਕੀਤਾ ਜਾਂਦਾ ਹੈ ? ਇਹ ਉਹ ਲੋਕ ਵੀ ਜਾਂਣਦੇ ਹਨ ਕਿ ਕੌਮ ਹਲੀ ਉਨਾਂ ਹਾਲਾਤਾਂ ਵਿੱਚ ਬਿਲਕੁਲ ਨਹੀ ਕਿ ਇਨਾਂ ਵਿਸ਼ਿਆਂ ਨੂੰ ਛੇਡ਼ਿਆ ਜਾਵੇ।ਪੰਥ ਵਿਰੋਧੀ ਤਾਕਤਾਂ ਵੀ ਇਹ ਜਾਣਦੀਆਂ ਹਨ ਕਿ ਜੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਹੀ ਤੋਡ਼ ਦਿਤਾ ਜਾਵੇ ਜਾਂ ਉਸ ਤੇ ਹੀ ਕਿੰਤੂ ਖਡ਼ੇ ਕਰ ਦਿਤੇ ਜਾਂਣ ਤੇ ਸਿੱਖ ਨੇ ਆਪ ਹੀ ਮੁੱਕ ਜਾਂਣਾਂ ਹੈ । ਦੂਜੀ ਗਲ ਉਨਾਂ ਵੀਰਾਂ ਕੋਲ ਕੀ ਗਾਰੰਟੀ ਹੈ ਕਿ ਗੁਰੂ ਦੇ ਮੌਜੂਦਾ ਸਰੂਪ ਵਿੱਚ ਛੇਡ਼ ਛਾਡ਼ ਕਰਨ ਵੇਲੇ ਕੀ ਉਹ  ਪੰਥ ਵਿਰੋਧੀ ਤਾਕਤਾਂ ਉਭਰ ਕੇ ਫੇਰ ਸਾਮ੍ਹਣੇ ਨਹੀ ਆ ਜਾਂਣ ਗੀਆਂ , ਜੋ ਇਸ ਸਰੂਪ ਦੀ ਬਾਇਡਿੰਗ ਖੁਲਣ ਦੀ ਤਾਕ ਵਿੱਚ ਪੱਬਾਂ ਭਾਰ ਖਡ਼ੀਆਂ ਹੋਈਆ ਨੇ।

ਅੱਜ ਇਨਾਂ ਵੀਰਾਂ ਕੋਲੋਂ ਮੈ ਇਕ ਸਵਾਲ ਪੁਛਦਾ ਹਾਂ , ਨਿਰਣਾਂ ਪਾਠਕ ਆਪ ਕਰ ਲੈਣਗੇ ਕਿ ਅੱਜ ਇਕ ਸਾਜਿਸ਼ ਦਾ ਸ਼ਿਕਾਰ ਹੋਕੇ ਸਾਡੀ ਸਿੱਖੀ ਦਾ ਹੀ ਉਹ ਅੰਗ ਜਿਨਾਂ ਨੂੰ "ਰਵਿਦਾਸ ਸਮਾਜ" ਦੇ ਨਾਮ ਤੇ ਸਾਡੇ ਤੋਂ ਵੱਖ ਕਰ ਦਿਤਾ ਗਇਆ। ਉਨਾਂ ਬਾਬਾ ਰਵਿਦਾਸ ਜੀ ਦੀ ਬਾਣੀ ਨੂੰ ਵਖਰਾ ਕਰ ਕੇ ਇਕ ਵਖਰਾ ਗ੍ਰੰਥ ਬਣਾਂ ਲਿਆ ਹੈ,  ਜਿਸ ਵਿੱਚ ਲੱਖਾਂ ਦੀ ਤਾਦਾਤ ਵਿੱਚ ਲੋਕ ਇਕੱਠੇ ਹੋਏ। ਉਨਾਂ ਇਹ ਵੀ ਐਲਾਨ ਕਰ ਦਿਤਾ ਹੈ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਲੈਣਾਂ ਦੇਣਾਂ ਨਹੀ ਹੈ। ਸਾਡੇ ਗੁਰੂ ਰਵਿਦਾਸ ਜੀ ਹਨ। ਇਹ ਵਿਦਵਾਨ  ਉਸ ਵੇਲੇ ਕਿੱਥੇ ਸਨ ? ਜਿਸ ਵੇਲੇ ਇਹ ਪੰਥ ਵਿਰੋਧੀ ਤਾਕਤਾਂ ਇਨਾਂ ਵੀਰਾਂ ਨੂੰ , ਸਾਡੇ ਮੂਹੋ ਹੀ  ਇਨਾਂ ਸਿੱਖੀ ਦੇ ਹੀ ਇਕ ਅੰਗ ਨੂੰ "ਮਜ੍ਹਬੀ ਸਿੱਖ" ਕਹਿ ਕੇ ਬੁਲਾਂਦੀਆਂ ਰਹਿਆਂ ? ਇਨਾਂ ਵੀਰਾਂ ਦੀ ਗਿਆਨ ਅਤੇ ਖੋਜ ਅਤੇ ਪੰਥ ਦਰਦ ਉਸ ਵੇਲੇ ਕਿਥੇ ਸੀ ਜਦੋਂ ਇਕ ਵਖਰਾ ਗ੍ਰੰਥ ਉਸ ਵਿੱਚੋਂ ਸਥਾਪਿਤ ਕੀਤਾ ਜਾ ਰਿਹਾ ਸੀ ? ਇਹ ਸਾਰੀ ਸਾਜਿਸ਼ ਇਕ ਦਿਨ ਵਿੱਚ ਮੁਕੱਮਲ ਨਹੀ ਹੋਈ । ਇਸ ਕੰਮ ਵਿੱਚ ਵੀ   ਭਾਡ਼ੇ ਦੇ ਉਹ ਵਿਦਵਾਨ ਕਈ ਵਰ੍ਹਿਆਂ ਤੋਂ ਲਗੇ ਹੋਏ ਸਨ, ਜੋ ਅੱਜ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ "ਅਖੌਤੀ" ਅਤੇ "ਨਕਲੀ" ਕਹਿ ਕੇ ਆਏ ਦਿਨ ਉਸ ਉਪਰ ਹਮਲੇ ਕਰ ਰਹੇ ਨੇ । ਜਿਸ ਵੇਲੇ ਇਹ ਰਾਗ ਮਾਲਾ ਨੂੰ ਕਡ੍ਹਣ ਦੀ ਗਲ ਕਰਨ ਗੇ , ਬਹੁਤ ਕੁਝ ਵੱਖ ਹੋ ਜਾਵੇਗਾ । ਉਸ ਵੇਲੇ ਗੁਰੂ ਦੇ ਸਰੂਪ ਤੇ ਕਿੰਤੂ ਕਰਨ ਵਾਲੇ ਇਨਾਂ ਅਖੌਤੀ ਵਿਦਵਾਨਾਂ ਦੀ ਵਿੱਦਵਤਾ ਕਿਸੇ ਕੰਮ ਨਹੀ ਆ ਸਕੇਗੀ। ਜਿਸ ਕੌਮ ਦੇ ਵਿਦਵਾਨ ਅਤੇ ਇਸ ਦਾ ਬਹੁਤ ਜਾਗਰੂਕ ਤਬਕਾ ਧੂੰਦਾ ਸਾਹਿਬ ਨੂੰ "ਸਕਤਰੇਤ" ਵਿੱਚ ਪੇਸ਼ ਹੋਕੇ ਪੁਜਾਰੀਆਂ ਦੇ ਸਾਮ੍ਹਣੇ ਗੋਡੇ ਟੇਕਣ ਨੂੰ "ਸਿਧਾਂਤਕ" ਜਾਂ "ਗੈਰ ਸਿਧਾਂਤਕ " ਸਾਬਿਤ ਨਹੀ ਕਰ ਸਕਿਆ,  ਉਹ ਸ਼ਬਦ ਗੁਰੂ  ਦੇ ਮੌਜੂਦਾ ਸਰੂਪ ਵਿੱਚ ਛੇਡ਼ ਛਾਂਡ਼ ਨੂੰ ਕੀ ਰੋਕ ਸਕੇਗਾ ? ਇਸ ਕਰਕੇ ਰੱਬ ਦਾ ਵਾਸਤਾ ਜੇ ਕਿ ਅਪਣੇ ਗੁਰੂ ਤੇ ਕਿਸੇ ਤਰ੍ਹਾਂ ਦੇ ਕਿੰਤੂ ਅਤੇ ਬਖੇਡ਼ੇ ਖਡ਼ੇ ਨਾਂ ਕਰੋ। ਉਨਾਂ ਅਖੌਤੀ ਵਿਦਵਾਨਾਂ ਕੋਲੋਂ ਵੀ ਸਾਵਧਾਨ ਰਹੋ ਜੋ ਸਾਡੇ ਵਿੱਚ ਘੁਸਪੈਠ ਕਰਕੇ ਆਏ ਦਿਨ ਇਸ ਬਾਰੇ ਅਪਣੀ ਵਿਦਵਤਾ ਦੀ ਬੱਦਬੂ ਦਾਰ ਜੁਗਾਲੀ ਕਰਦੇ ਰਹਿੰਦੇ ਹਨ । ਗੁਰੂ ਦੇ ਸਰੂਪ ਨੂੰ  "ਨਕਲੀ" ਅਤੇ “ਅਖੋਤੀ"  ਵਰਗੇ ਅਪਮਾਨ ਜਨਕ ਸ਼ਬਦਾ ਦੀ ਵਰਤੋਂ ਕਰਕੇ ਕੇ ਸਿੱਖਾਂ ਦੇ ਮਨਾਂ ਨੂੰ ਵਲੂਧਰ ਰਹੇ ਨੇ।

2- ਅਕਾਲ ਤਖਤ ਦੇ ਸਤਕਾਰਤ ਅਦਾਰੇ ਦੇ ਸੰਦੇਸ਼ ਅਤੇ ਸਿਧਾਂਤ ਤੇ ਕਿੰਤੂ ।

ਕੁਝ ਬਹੁਤ ਸਿਆਣੇ ਅਖਵਾਉਣ ਵਾਲੇ ਅਤੇ ਦੂਜਿਆ ਨੂੰ ਗੁਰਮਤਿ ਸਮਝਾਉਣ ਵਾਲੇ  ਲੋਕਾਂ ਦਾ ਕਹਿਨਾਂ ਹੈ ਕੇ ਅਕਾਲ ਤਖਤ ਇਕ ਇਟਾਂ ਅਤੇ ਗਾਰੇ ਦੀ ਬਣੀ ਈਮਾਰਤ ਹੈ ਉਸ ਦਾ ਸਤਕਾਰ ਕਰਣ ਦੀ ਲੋਡ਼ ਹੀ ਕੀ ਹੈ ? ਉਹ ਇਹ ਵੀ ਪੁਛਦੇ ਨੇ ਕੇ ਕੀ ਤੁਸੀ ਇਟਾਂ ਅਤੇ ਗਾਰੇ ਦੀ ਬਣੀ ਇਮਾਰਤ ਨੂੰ ਸਰਵਉੱਚ ਸਮਝਦੇ ਹੋ ਅਤੇ ਸਤਕਾਰ ਕਰਦੇ ਹੋ ? 

ਅਕਾਲ ਤਖਤ ਸਿਰਫ ਇਕ ਸ਼ਰੀਰ (ਬਾਡੀ) ਜਾਂ ਈਮਾਰਤ ਮਾਰਤ ਹੀ ਨਹੀ ਹੈ,  ਉਸ ਪਿਛੇ ਵੀ ਗੁਰੂ ਦਾ ਦਿਤਾ ਇਕ "ਸੰਦੇਸ" ਹੈ, ਜੋ ਸਾਡੇ ਲਈ ਇਕ "ਸਿਧਾਂਤ" ਬਣ ਕੇ ਸਾਮ੍ਹਣੇ ਖਡ਼ਾ ਹੈ। ਇਹ ਈਮਾਰਤ ਹੀ  ਨਹੀ ਬਲਕੇ ਗੁਰੂ ਦਾ ਸਿਰਜਿਆ ਇਕ ਮੁਕੱਮਲ "ਸੰਸ਼ਥਾਨ"/ ਅਦਾਰਾ  ਹੈ ਜੋ ਪੂਰੀ ਦੁਣੀਆਂ ਨੂੰ ਇਹ ਦਸਦਾ ਹੈ ਕੇ ਸਿੱਖ ਕਿਸੇ ਵੀ ਬਾਹਰੀ  ਹੁਕਮ ਦਾ ਮੋਹਤਾਜ ਨਹੀ।

ਇਨਾਂ ਅਖੌਤੀ ਵਿਦਵਾਨਾਂ ਦੀ ਖਰਵੀ ਬੁੱਧੀ ਨੂੰ ਇਹ ਇਹਸਾਸ ਨਹੀ ਕਿ ਗੁਰੂਆਂ ਨੇ ਅਪਣੇ ਜੀਵਨ ਕਾਲ ਵਿੱਚ ਜੋ ਵੀ ਕੀਤਾ, ਜੋ ਵਰਤਿਆ, ਜੋ ਸਿਰਜਿਆ ਅਤੇ ਜੋ ਕਹਿਆ ਉਸ ਪਿੱਛੇ ਕੁਝ ਨਾਂ ਕੁਝ ਮਕਸਦ ਜਾਂ ਕੋਈ ਸੰਦੇਸ਼ ਹੂੰਦਾ ਸੀ, ਉਹ ਇਕ ਸਿਧਾਂਤ ਬਣ ਜਾਂਦਾ ਸੀ,  ਉਹ ਸਿੱਖਾਂ ਲਈ ਸਤਕਾਰਤ ਆਦੇਸ਼ ਬਣ ਜਾਂਦਾ ਸੀ। ਇਹ ਅਖੌਤੀ ਵਿਦਵਾਨ ਤੇ ਇਹ ਵੀ ਕਹਿ ਦੇਣ ਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿਡ਼ੀਆਂ ਪਾਲਣ ਦਾ ਸ਼ੌਂਕ ਸੀ , ਇਸ ਲਈ ਉਨਾਂ ਬਾਜ ਪਾਲਿਆ ਹੋਇਆ ਸੀ। ਬਾਜ ਦੀ ਥਾਂਵੇ ਉਹ ਤੋਤਾ ਜਾਂ ਕਬੂਤਰ ਵੀ ਰੱਖ ਸਕਦੇ ਸਨ । ਕੀ ਇਨਾ ਨਾਸਤਿਕ ਸੋਚ ਵਾਲੇ ਵਿਦਵਾਨਾਂ ਕੋਲ ਇਸ ਦਾ ਜਵਾਬ ਹੈ ਕੇ ਐਸਾ ਕਿਉ ਨਹੀ ਕੀਤਾ ? ਸਿਰਫ ਇਹ ਸੰਦੇਸ਼ ਦੇਣ ਲਈ ਕਿ ਹਰ ਸਿੱਖ ਵਿੱਚ ਬਾਜ ਵਰਗੇ ਗੁਣ ਹੋਣ ਦੂਰ ਦ੍ਰਸ਼ਟੀ, ਸ਼ਿਕਾਰ (ਦੁਸ਼ਮਨ) ਦੀ ਸਟੀਕ ਪਹਿਚਾਨ, ਮਜਬੂਤ ਪਕਡ਼ ਅਤੇ ਅਚੂਕ ਵਾਰ। ਇਹ ਗੁਣ ਬਾਜ ਵਿੱਚ ਹੀ ਮੌਜੂਦ ਸਨ ਕਿਸੇ ਹੋਰ ਪਰਿੰਦੇ ਵਿੱਚ ਨਹੀ। ਉਨਾਂ ਬਾਜ ਨੂੰ ਇਹ ਸੰਦੇਸ਼ ਦੇਣ ਲਈ ਰਖਿਆ ਸੀ ਪੂਜਣ ਲਈ ਨਹੀ। ਇਸੇ ਤਰ੍ਹਾਂ ਸਿੱਖ ਉਸ ਅਕਾਲ ਬੂੰਗੇ ਨੂੰ ਸਤਕਾਰ ਦੀ ਨਜਰ ਨਾਲ ਵੇਖਦੇ ਨੇ ਉਸ ਨੂੰ ਪੂਜਦੇ ਨਹੀ।ਇਹ ਲੋਕ ਵਾਰ ਵਾਰ ਇਹ ਪੁਛਦੇ ਨੇ ਕਿ ਤੁਸੀ ਉਸ ਇਟਾਂ ਗਾਰੇ ਦੀ ਈਮਾਰਤ ਨੂੰ ਪੁਜਦੇ ਹੋ ? ਇਨਾਂ  ਨੂੰ ਸ਼ਾਇਦ ਇਨਾਂ ਵੀ ਪਤਾ ਨਹੀ ਕਿ "ਸਤਕਾਰ" ਕਰਨਾਂ ਤੇ "ਪੂਜਨਾਂ" ਇਸ ਵਿੱਚ ਕਿਨਾਂ ਵਡਾ ਫਰਕ ਹੂੰਦਾ ਹੈ। 

ਅਕਾਲ ਤਖਤ ਇਕ ਇਟਾਂ ਗਾਰੇ ਦੀ ਬਣੀ ਈਮਾਰਤ ਹੀ ਨਹੀ ਸਗੋ ਉਹ ਇਕ ਸਿੱਖ ਦੀ "ਵਖਰੀ ਹੋਂਦ" ਅਤੇ "ਪ੍ਰਭੂਸੱਤਾ" ਦਾ ਪ੍ਰਤੀਕ ਹੈ।  ਜਦੌ ਵੀ ਖਾਲਸੇ ਲਈ ਕਿਸੇ ਸੰਦੇਸ਼ ਜਾਂ ਅਪਣੇ ਕਾਨੂਨ ਨੂੰ ਸੋਧਨ ਜਾ ਜਾਰੀ ਕਰਨ ਦੀ ਲੋਡ਼ ਪਵੇਗੀ ਖਾਲਸਾ ਇਸੇ "ਅਦਾਰੇ" ਤੋਂ ਜਾਰੀ ਕਰੇਗਾ। ਇਸ ਲਈ ਇਸ ਦੀ ਸਥਾਪਨਾਂ ਗੁਰੂ ਸਾਹਿਬ ਜੀ ਨੇ ਆਪ ਕੀਤੀ ਅਤੇ ਕੌਮ ਲਈ "ਸੰਦੇਸ਼" ਜਾਰੀ ਕੀਤੇ ਜਾਂਦੇ ਰਹੇ।

ਲੇਕਿਨ ਅੱਜ ਬੁਰਛਾਗਰਦਾਂ ਨੇ ਉਸ "ਕਾਨੂਨ ਅਤੇ ਸੰਵਿਧਾਨ"  ਬਣਾਉਣ ਅਤੇ ਜਾਰੀ ਕਰਨ ਵਾਲੀ "ਪਾਰਲਿਆਮੇਂਟ" ਨੂੰ ਇਕ "ਕਚਹਿਰੀ ਜਾ ਥਾਂਣਾਂ " ਬਣਾਂ ਕੇ ਰੱਖ ਦਿਤਾ ਹੈ। ਅਜ ਕੁਝ ਲੋਕੀ ਇਸ ਨੂੰ ਸਿੱਖਾਂ ਦੀ "ਸੁਪ੍ਰੀਮ ਕੋਰਟ" ਕਹਿ ਕੇ ਵੀ ਇਸ ਦੇ ਰੁਤਬੇ ਨੂੰ ਘੱਟ ਕਰ ਦੇਂਦੇ ਨੇ ਅਤੇ ਉਨਾਂ ਬੁਰਛਾਗਰਦਾਂ ਦੇ ਰੁਤਬੇ ਨੂੰ ਹੋਰ ਵਧਾ ਦੇਂਦੇ ਨੇ ਜੋ ਇਸ ਸੰਸ਼ਥਾਨ ਤੇ ਕਬਜਾ ਕਰਕੇ ਸਭਤੋਂ ਵੱਡੇ "ਹਾਕਿਮ" ਬਣ ਬੈਠੇ ਨੇ। ਕਿਸੇ "ਕੋਰਟ" ਤੋਂ "ਫੈਸਲੇ ਅਤੇ ਸਜਾਵਾਂ"  ਦਿੱਤੀਆਂ ਜਾਂਦੀਆਂ ਨੇ, ਕਾਨੂੰਨ ਨਹੀ ਸਿਰਜੇ ਜਾਂਦੇ।  ਲੇਕਿਨ "ਪਾਰਲੀਆਮੇਂਟ" ਤੋਂ ਕਾਨੂੰਨ ਬਣਦੇ ਅਤੇ ਜਾਰੀ ਹੂੰਦੇ ਨੇ। ਜਿਸ ਕੰਮ ਲਈ ਇਸ "ਪਾਰਲਿਆਮੇਂਟ" ਦੀ ਸਿਰਜਨਾਂ ਹੋਈ ਸੀ,  ਉਸ ਲਈ ਤੇ ਅਸੀ ਅੱਜ ਤਕ ਇਸਨੂੰ ਨਹੀ ਵਰਤਿਆ , ਪਰ ਹਾਂ ਉਸ ਨੂੰ ਅੱਜ  ਇਨਾਂ ਕੇਸਾਧਾਰੀ ਬ੍ਰਾਹਮਣਾਂ ਅਤੇ ਕਾਮਰੇਡੀ ਵੀਚਾਰਧਾਰਾ ਵਾਲੇ ਕੁਝ ਕੁ ਸਿੱਖਾਂ ਨੇ ਇਸ ਅਦਾਰੇ ਨੂੰ ਅੱਜ ਕਚਹਿਰੀ ਅਤੇ ਥਾਣਾਂ ਜਰੂਰ ਬਣਾਂ ਕੇ ਰੱਖ ਦਿਤਾ ਹੈ। ਇਨਾਂ ਹੀ ਨਹੀ ਉਸ ਨੂੰ "ਇਟਾਂ ਅਤੇ ਗਾਰੇ"  ਦੀ ਸਾਧਾਰਣ ਈਮਾਰਤ ਜਾਂ ਥਡ਼ਾ ਐਲਾਨ ਕੇ ਸਿੱਖਾਂ ਦੇ ਮੰਨ ਵਿੱਚੋ ਇਸ ਦੇ ਸਤਕਾਰ ਨੂੰ ਤਹਿਸ ਨਹਿਸ ਕਰ ਦੇਣ ਲਈ ਇਹ ਲੋਕ ਪੱਬਾਂ ਭਾਰ ਖਡ਼ੇ ਹਨ। 

ਅਕਾਲ ਤਖਤ ਨੂੰ "ਇਟਾਂ ਅਤੇ ਗਾਰੇ"  ਦੀ ਬਣੀ ਇਮਾਰਤ ਕਹਿਨ ਵਾਲਿਆ ਦੀ ਸਾਜਿਸ਼ ਕਦੀ ਵੀ ਕਾਮ ਯਾਬ ਨਹੀ ਹੋਣ ਦਿਤੀ ਜਾਵੇਗੀ। ਕਿਉਕੇ ਇਹ ਉਹ ਹੀ ਕਾਮਰੇਡੀ ਵਿਚਾਰ ਧਾਰਾ ਦੇ ਲੋਗ ਹਨ ਜੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਵੀ ਕਿੰਤੂ ਕਰ ਚੁਕੇ ਹਨ। ਇਨਾਂ ਕੋਲੋਂ ਸਾਨੂੰ ਸਾਵਧਾਨ ਰਹਿਨ ਦੀ ਬਹੁਤ ਜਰੂਰਤ ਹੈ। ਕਿਉ ਕਿ ਇਨਾਂ ਨੇ ਤਾਂ ਕੱਲ ਇਸੇ ਤਰ੍ਹਾਂ ਕਹਿ ਦੇਣਾਂ ਹੈ ਕੇ "ਕਾਗਜ ਅਤੇ ਗੱਤੇ"  ਦੇ ਬਣੇ ਉਸ ਗ੍ਰੰਥ ਨੂੰ ਗੁਰੂ ਕਿਉ ਮਣਦੇ ਹੋ ? ਮੱਥਾ ਕਿਉ ਟੇਕਦੇ ਹੋ ? ਇਹ ਅਪਣੇ ਗੁਰੂ ਨਾਲੋਂ ਵੀ ਸਿਆਣੇ ਹੋ ਗਏ ਨੇ ਅਤੇ ਗੁਰੂ ਦੇ ਸਰੂਪ ਤੇ ਹੀ ਕਿੰਤੂ ਕਰ ਰਹੇ ਨੇ। ਇਕ ਸਿੱਖ ਦਾ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਡੀ (ਸ਼ਰੀਰ) ਅਗੇ ਨਹੀ ਝੁਕਦਾ  , ਬਲਕਿ ਉਸ ਵਿਚ ਦਰਜ "ਗੁਰੂ ਸ਼ਬਦਾਂ" ਦੇ ਸਤਕਾਰ ਅਤੇ ਸਮਰਪਣ ਲਈ  ਝੁਕਦਾ ਹੈ ।

ਉਸੇ ਤਰਹਾਂ ਅਕਾਲ ਤਖਤ  "ਇਟਾਂ ਗਾਰੇ ਦੀ ਬਣੀ ਇਮਾਰਤ"  ਨਹੀ ! ਉਸ ਦੇ ਸਿਧਾਂਤ ਅਗੇ ਸਿੱਖ ਅਪਣਾਂ ਸਿਰ ਝੁਕਾਂਦੇ ਨੇ। ਜਿਸ ਨੂੰ ਇਤਰਾਜ ਹੈ ਉਹ ਨਾਂ ਕਰੇ ਸਤਕਾਰ , ਲੇਕਿਨ ਉਸ ਨੂੰ ਕੋਈ ਹਕ ਨਹੀ ਕੇ ਉਹ ਦੂਜਿਆ ਕੋਲੋਂ ਇਹ ਸਵਾਲ ਪੁਛੇ ਕੇ ਅਕਾਲ ਤਖਤ ਅਗੇ ਸਿਰ ਕਿਉ ਝੁਕਾਂਦੇ ਹੋ ? ਇਨਾਂ "ਸਕਤਰੇਤ" ਵਿੱਚ ਮੱਥਾ ਟੇਕਣ ਵਾਲਿਆਂ ਨੂੰ ਕੀ ਪਤਾ ਕੇ ।ਅਕਾਲ ਤਖਤ ਦੀ ਇਹ ਈਮਾਰਤ ਹਮੇਸ਼ਾਂ ਸਿੱਖ ਨੂੰ ਇਹ ਅਹਿਸਾਸ ਦੁਆਂਦਾ ਹੈ ਕਿ 

"ਖਾਲਸੇ ਦੀ ਵਖਰੀ ਹੋਂਦ ਹੈ", "ਖਾਲਸਾ ਨਿਆਰਾ ਹੈ" , "ਖਾਲਸਾ ਆਜਾਦ ਹਸਤੀ ਦਾ ਮਾਲਕ ਹੈ" "ਖਾਲਸਾ ਅਪਣੇ ਫੈਸਲੇ ਆਪ ਕਰਦਾ ਹੈ"

"ਖਾਲਸੇ ਦਾ ਅਪਣਾਂ ਸੰਵਿਧਾਨ ਅਤੇ ਕਾਨੂੰਨ ਹੈ" ,"ਖਾਲਸਾ ਮੀਰੀ ਅਤੇ ਪੀਰੀ" ਦੇ ਸਿਧਾਂਤ ਦਾ ਧਾਰਣੀ ਹੈ ", ਖਾਲਸੇ ਦੀ (ਸ਼ੋਵੲਰੲਗਿਨਟੇ) ਦੇ ਪ੍ਰਤੀਕ
"ਖਾਲਸੇ ਦੇ ਬੂੰਗੇ ਅਤੇ ਨਿਸ਼ਾਂਨ ਜੁਗੋ ਜੁਗ ਅਟੱਲ ਹਨ", ਇਸ ਤਰ੍ਹਾਂ ਉਹ ਇਟਾਂ ਅਤੇ ਗਾਰੇ ਦੀ ਈਮਾਰਤ ਸਿੱਖਾਂ ਲਈ ਗੁਰੂ ਦਾ ਇਕ ਸੰਦੇਸ਼ ਅਤੇ ਸਿਧਾਂਤ ਬਣ ਕੇ ਖਡ਼ੀ ਹੈ।

ਸਕਤਰੇਤ ਅਗੇ ਮੱਥਾ ਰਗਣ ਵਾਲੇ ਇਹ ਕੀ ਸਮਝਣ  ਕੇ ਅਕਾਲ ਤਖਤ ਦਾ ਸਿੱਖੀ ਵਿੱਚ ਕਿਨਾਂ ਵਡਾ ਰੁਤਬਾ ਅਤੇ ਸਤਕਾਰ ਹੈ। ਅੱਜ ਜਰੂਰਤ ਹੈ ਇਸ ਦੇ ਉਸ ਸਤਕਾਰ ਨੂੰ ਬਹਾਲ ਕਰਨ ਦੀ। ਇਹੋ ਜਹੇ ਨਾਸਤਿਕ ਸੋਚ ਵਾਲੇ  ਅਤੇ ਕੇਸਾਧਾਰੀ ਬ੍ਰਾਂਹਮਣਾਂ ਤੋਂ ਇਸ ਅਦਾਰੇ ਨੂੰ ਅਜਾਦ ਕਰਵਾੳਣ ਦੀ। ਜੋ ਅਖੌਤੀ ਵਿਦਵਾਨ ਇਸ ਅਦਾਰੇ ਤੋਂ ਸਿੱਖਾਂ ਨੂੰ ਖੇ੍ਡ਼੍ਹਾ ਛੁਡ਼ਾ ਲੈਣ ਦੇ ਲੇਖ ਲਿਖ ਰਹੇ ਨੇ,  ਜੇ ਉਨਾਂ ਵਿੱਚ ਜਰਾ ਵੀ ਜਮੀਰ ਬਾਕੀ ਬਚੀ ਹੈ ਤੇ ਸਿੱਖਾਂ ਨੂੰ ਇਹ ਹਲੂਣਾਂ ਦੇਣ ਕੇ ਇਨਾਂ ਅਦਾਰਿਆ ਤੇ ਕਾਬਿਜ ਬੁਰਛਾਗਰਦਾਂ ਤੋਂ ਜਲਦੀ ਤੋਂ ਜਲਦੀ ਖੇਡ਼੍ਹਾ ਛੁਡ਼ਾ ਕੇ ਅਪਣੇ ਧਾਰਮਿਕ ਅਦਾਰਿਆ ਦਾ ਸਤਕਾਰ ਬਹਾਲ ਕਰਨ ਅਤੇ ਕੌਮ ਨੂ ਚਡ਼੍ਹਦੀ ਕਲਾ ਵਲ ਲੈ ਜਾਂਣ।
-ਇੰਦਰ ਜੀਤ ਸਿੰਘ,ਕਾਨਪੁਰ 

Monday, March 12, 2012

ਵਿਕਾਸ ਏਜੰਡੇ ਨੇ ਨਾਕਾਮ ਕੀਤੀਆਂ ਵਿਰੋਧ ਦੀਆਂ ਹਨੇਰੀਆਂ

ਸੁਖਬੀਰ ਬਾਦਲ:ਜਿੰਮੇਵਾਰੀਆਂ ਵੀ ਵਧੀਆਂ ਅਤੇ ਚੁਨੌਤੀਆਂ ਵੀ
ਜਗ ਬਾਣੀ ਚੋਂ ਧੰਨਵਾਦ ਸਹਿਤ
ਪੰਜਾਬ ਵਿੱਚ ਵੀ ਲੋਕ ਫਤਵਾ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਦੇ ਖਿਲਾਫ਼ ਗਿਆ ਹੈ. ਇਹ ਗੱਲ ਵੱਖਰੀ ਹੈ ਕੀ ਇਸ ਹਾਰ ਦੇ ਬਾਵਜੂਦ ਕਾਂਗਰਸ ਪਾਰਟੀ ਨੇ ਆਪਣੀਆਂ ਨੀਤੀਆਂ ਅਤੇ ਰਨ ਨੀਤੀਆਂ ਨੂੰ ਮੁੜ ਵਿਚਾਰਨ ਦੀ ਥਾਂ ਇਸ ਹਾਰ ਦੇ ਦੋਸ਼ ਹੋਰਨਾਂ ਵੱਲ ਲਾਉਣੇ ਸ਼ੁਰੂ ਕਰ੍ਦਿੱਤੇ ਹਨ. 6 ਮਾਰਚ 2012 ਨੂੰ ਆਏ ਚੋਣ ਨਤੀਜਿਆਂ ਨੇ ਇੱਕ ਵਾਰ ਫੇਰ ਇਹ ਸਾਬਿਤ ਕਰ ਦਿੱਤਾ ਹੈ ਕਿ ਜਿਹੜੀਆਂ ਹਨੇਰੀਆਂ ਨਜ਼ਰ ਆਉਂਦੀਆਂ ਹਨ ਓਹ ਹੋਰ ਹੁੰਦੀਆਂ ਹਨ ਅਤੇ ਜਿਹੜੇ ਤੁਫਾਨ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਚੱਲ ਰਹੇ ਹੁੰਦੇ ਹਨ ਓਹ ਬਿਲਕੁਲ ਹੀ ਹੋਰ ਹੁੰਦੇ ਹਨ. ਇਹਨਾਂ ਨਤੀਜਿਆਂ ਨੇ ਸਿੱਖ ਸਿਆਸਤ ਦੇ ਥੰਮ ਪ੍ਰਕਾਸ਼ ਸਿੰਘ ਬਾਦਲ ਦੇ  ਉਸ ਬਿਆਨ ਨੂੰ ਵੀ ਸਚ ਕਰ ਦਿਖਾਇਆ ਹੈ ਕਿ ਹੁਣ ਓਹ ਕਾਂਗਰਸ ਨੂੰ ਦੋਬਾਰਾ ਸੱਤਾ ਵਿੱਚ ਨਹੀਂ ਆਉਣ ਦੇਣਗੇ. ਇਹ ਬਿਆਨ ਉਹਨਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਦਿੱਤਾ ਸੀ. ਉਸ ਬਿਆਨ ਤੋਂ ਬਾਅਦ ਇੱਕ ਵਾਰ ਮੁੜ ਮਿਲੀ ਜਿੱਤ ਨੂੰ ਦੇਖ ਕੇ ਪੰਜਾਬ ਵਿੱਚ ਘਟੋਘੱਟ 25 ਸਾਲ ਤੱਕ ਅਕਾਲੀ ਦਲ ਨੂੰ ਸੱਤਾ ਵਿੱਚ ਰੱਖਣ ਦਾ ਸੁਪਨਾ ਹੁਣ ਸਚ ਮੁਚ ਸਾਕਾਰ ਹੁੰਦਾ ਨਜ਼ਰ ਆਉਂਦਾ ਹੈ. ਇਸ ਸੁਪਨੇ ਨੂੰ ਸਾਕਾਰ ਕਰਨ ਲਈ ਚੁੱਕੇ ਗਏ  ਕਦਮਾਂ ਨੂੰ ਮਿਲੀ ਸਫਲਤਾ ਵਿੱਚ ਪਾਰਟੀ ਦੇ ਹਾਈ ਟੈਕ ਆਗੂ ਸੁਖਬੀਰ ਸਿੰਘ ਬਾਦਲ ਨੇ ਅਹਿਮ ਭੂਮਿਕਾ ਨਿਭਾਈ ਹੈ. ਇਸ ਜਿੱਤ ਨਾਲ ਨੌਜਵਾਨ ਆਗੂ ਵੱਜੋਂ ਰਾਜਨੀਤੀ ਵਿੱਚ ਆਏ ਸੁਖਬੀਰ ਸਿੰਘ ਬਾਦਲ ਬਾਦਲ ਦਾ ਸਿਆਸੀ ਕੱਦ ਹੋਰ ਉੱਚਾ ਹੋ ਕੇ ਸਾਹਮਣੇ ਆਇਆ ਹੈ. 
ਜੋਸ਼ ਵਿੱਚ ਪ੍ਰੋੜਤਾ ਅਤੇ ਗੰਭੀਰਤਾ ਵਾਲੇ ਗੁਣ ਵੀ ਸ਼ਾਮਿਲ ਹੋ ਗਏ ਹਨ.  ਵਿਰੋਧੀਆਂ ਨੂੰ ਸਿਰਫ ਆਪਣੇ ਅਮਲਾਂ ਨਾਲ ਖਾਮੋਸ਼ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਦੀ ਇਸ ਪ੍ਰਾਪਤੀ ਬਾਰੇ ਰੋਜ਼ਾਨਾ ਜਗ ਬਾਣੀ ਨੇ ਵੀ ਇੱਕ ਅਹਿਮ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ. ਆਪਣੇ ਇੱਕ ਪੁਰਾਣੇ ਪੱਤਰਕਾਰ ਸਾਥੀ ਵੱਲੋਂ ਲਿਖੀ ਇਸ ਰਿਪੋਰਟ ਵਾਲੀ ਖਬਰ ਦੀ ਕਤਰਨ ਨੂੰ ਇਥੇ ਵੀ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਜਿਸਨੂੰ ਵੱਡਿਆਂ ਕਰ ਕੇ ਦੇਖਣ ਲਈ ਤੁਸੀਂ ਇਸ ਤਸਵੀਰ ਤੇ ਕਲਿੱਕ ਕਰ ਸਕਦੇ ਹੋ. ਇਸ ਖਬਰ ਦੇ ਨਾਲ ਹੀ ਇਥੇ ਇਹ ਯਾਦ ਕਰਾਉਣਾ  ਜਰੂਰੀ ਲੱਗ ਰਿਹਾ ਹੈ ਕਿ ਇਸ ਜਿੱਤ ਨਾਲ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਦੀਆਂ ਜ਼ਿੰਮੇਵਾਰੀਆਂ ਵੀ ਪਹਿਲਾਂ ਨਾਲੋਂ ਕਿਤੇ ਜਿਆਦਾ ਵਧ ਗਈਆਂ ਹਨ ਅਤੇ ਚੁਨੌਤੀਆਂ ਵੀ ਕਿਓਂਕਿ ਹੁਣ ਪੰਜਾਬ ਸਰਕਾਰ ਤੋਂ ਲੋਕਾਂ ਦੀਆਂ ਆਸਾਂ ਉਮੀਦਾਂ ਵਿੱਚ ਵੀ ਹੋਰ ਵਾਧਾ ਹੋਇਆ ਹੈ. ਜੇ ਲੋਕ ਪੱਖੀ ਨੀਤੀਆਂ ਨੂੰ ਸੁਹਿਰਦਤਾ ਨਾਲ ਲਾਗੂ ਕੀਤਾ ਗਿਆ ਤਾਂ ਨਿਸਚੇ ਹੀ ਪੰਜਾਬ ਵਿੱਚ ਅਕਾਲੀ ਸੱਤਾ ਦੀ ਪਕਿਆਈ ਹੋਰ ਮਜਬੂਤ ਅਤੇ ਸਥਾਈ ਹੋ ਜਾਵੇਗੀ.
ਇਸਦੇ ਨਾਲ ਹੀ ਆਮ ਲੋਕਾਂ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਮਿਹਨਤੀ ਅਤੇ ਇਮਾਨਦਾਰ ਸਾਖ ਵਾਲੇ ਆਗੂ ਮਾਸਟਰ ਮੋਹਨ ਲਾਲ ਹੁਰਾਂ ਵੱਲੋਂ ਲਿਖੇ ਲੇਖ ਦਾ ਜ਼ਿਕਰ ਵੀ ਜ਼ਰੂਰੀ ਹਾਈ. "ਸਭ ਅਟਕਲਾਂ 'ਤੇ ਪਾਣੀ ਫੇਰਿਆ ਅਕਾਲੀ-ਭਾਜਪਾ ਗਠਜੋੜ ਨੇ" ਵਾਲੇ ਸਿਰਲੇਖ ਹੇਠਲੇ ਇਸ ਲੇਖ ਨੂੰ ਜਗ ਬਾਣੀ ਨੇ ਆਪਣੇ ਸੰਪਾਦਕੀ ਸਫੇ 'ਤੇ ਪ੍ਰਕਾਸ਼ਿਤ ਕੀਤਾ ਹੈ.ਇਸ ਲੇਖ ਵਿੱਚ ਮਾਸਟਰ ਜੀ ਨੇ ਆਪਣੀ ਜਾਨੀ ਪ੍ਚਾਨੀ ਸ਼ੈਲੀ ਵਿੱਚ ਬੜੀ ਹੀ ਸਾਦਗੀ ਨਾਲ ਇਸ ਸਾਰੇ ਮਾਮਲੇ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਹੈ.ਇਸ ਲੇਖ ਨੂੰ ਪੜ੍ਹ ਕੇ ਇੱਕ ਵਾਰ ਫਿਰ ਪ੍ਰਿੰਟ ਮੀਡੀਆ ਦੇ ਨਾਲ ਨਾਲ ਇਲੈਕ੍ਟ੍ਰਾਨਿਕ ਮੀਡੀਆ ਦੀ ਨਿਰਪੱਖਤਾ ਅਤੇ ਸੁਹਿਰਦਤਾ ਬਾਰੇ ਕਈ ਸੁਆਲ ਪੈਦਾ ਹੁੰਦੇ ਹਨ. ਐਗਜ਼ਿਟ ਪੋਲਾਂ ਦੀ ਲੋੜ, ਇਹਨਾਂ ਦੇ ਲੁਕਵੇਂ ਮੰਤਵਾਂ ਅਤੇ ਇਹਨਾਂ ਦੀ ਹਕੀਕਤ ਬਾਰੇ ਵੀ ਇਸ਼ਾਰੇ ਮਿਲਦੇ ਹਨ ਇਸੇ ਲੇਖ ਵਿੱਚ ਜਿਹਨਾਂ ਨੂੰ ਸਮਝ ਕੇ ਮਹਿਸੂਸ ਹੁੰਦਾ ਹੈ ਕੀ ਕਿਸ ਤਰ੍ਹਾਂ ਲੋਕਰਾਜ ਦੀ ਹਵਾ ਨੂੰ  ਆਪੋ ਆਪਣੀਆਂ ਮਨਮਰਜ਼ੀਆਂ ਅਤੇ ਇਛਾਵਾਂ  ਮੁਤਾਬਿਕ ਨਵੇਂ ਨਵੇਂ ਰੁਖ ਦੇ ਕੇ ਮਨਚਾਹੇ ਰਾਹਾਂ 'ਤੇ ਚਲਾਉਣ ਦੇ "ਉਪਰਾਲੇ" ਕਿੰਨਾ "ਸੁਚੇਤ" ਹੋ ਕੇ "ਪੂਰੀ ਗੰਭੀਰਤਾ ਨਾਲ" ਕੀਤੇ ਜਾਂਦੇ ਹਨ. ਇਸ ਵਾਰ ਇਹਨਾਂ ਐਗਜ਼ਿਟ ਨਤੀਜਿਆਂ ਦਾ ਵੀ ਗਲਤ ਹੋਣਾ ਲੋਕ ਰਾਜ ਦੀ ਸਿਹਤ ਲਈ ਇੱਕ ਚੰਗੀ ਖਬਰ ਹੈ. ਉਮੀਦ ਹੈ ਕਿ ਭਵਿੱਖ ਵਿੱਚ ਇਹ ਹਥਿਆਰ ਵੀ ਪੂਰੀ ਤਰਾਂ ਲੋਕਾਂ ਦੀ ਮਰਜ਼ੀ ਸਾਹਮਣੇ ਵਿਅਰਥ ਹੋ ਜਾਵੇਗਾ. -ਰੈਕਟਰ ਕਥੂਰੀਆ    

Monday, February 06, 2012

ਦੂਰੀਆਂ ਮਿਟਾਉਣ ਵਾਲੀ ਫੇਸਬੁਕ ਹੋਈ ਅਠ ਸਾਲ ਦੀ

ਸਾਢੇ 84 ਕਰੋਡ਼ ਮੈਂਬਰਾਂ ਨਾਲ ਲਗਾਤਾਰ ਵਧ ਰਹੀ ਹੈ ਫੇਸਬੁਕ 
ਜਗ ਬਾਣੀ ਦੇ ਵੰਨ ਸੁਵੰਨ ਸਫੇ 'ਤੇ ਪ੍ਰਕਾਸ਼ਿਤ  ਖਬਰ
ਆਮ ਤੌਰ ਤੇ ਜਿੰਦਗੀ ਭਰ ਜਿੰਦਗੀ ਦਾ ਪਤਾ ਨਹੀਂ ਲੱਗਦਾ। ਜਦੋਂ ਕਿਸੇ ਕਿਸੇ ਨੂੰ ਜਿੰਦਗੀ ਦੀ ਸਮਝ ਆਉਣ ਲੱਗਦੀ ਹੈ ਤਾਂ ਉਦੋਂ ਜਦੋਂ ਉਮਰ ਦੀ ਰੇਤ ਹਥਾਂ ਚੋਂ ਕਿਰ ਜਾਂਦੀ ਹੈ ਉਦੋਂ ਬਸ ਇਹੀ ਅਹਿਸਾਸ ਹੁੰਦਾ ਸਬ ਕੁਛ ਲੂਟਾ ਕੇ ਹੋਸ਼ ਮੇਂ ਆਏ ਤੋ ਕਿਆ ਕੀਆ ਉਦੋਂ ਸਾਨੂੰ ਮਿੱਤਰਾਂ ਦੀ ਪਛਾਣ ਹੁੰਦੀ ਹੈ ਜਦੋਂ ਉਹ ਕੀਤੇ ਦੂਰ ਦੁਰਾਡੇ ਜਾ ਚੁੱਕੇ ਹਨ ਕਈ ਵਾਰ ਸੱਜਣਾਂ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਓਹ ਇਸ ਦੁਨੀਆ ਨੂੰ ਹੀ ਅਲਵਿਦਾ ਆਖ ਚੁੱਕੇ ਹੁੰਦੇ ਨੇ। ਇਸ ਵਿੱਚ ਕਸੂਰ ਕਿਸੇ ਇੱਕ ਵਿਅਕਤੀ ਦਾ ਨਹੀਂ। ਜਿਥੇ ਵਿਗਿਆਨ ਨੇ ਦੂਰੀਆਂ ਘਟਾਈਆਂ ਹਨ ਉਥੇ ਰੋਜ਼ੀ ਰੋਟੀ ਵਰਗੇ ਮਸਲਿਆਂ ਨੇ ਦੂਰੀਆਂ ਵਧਾਈਆਂ ਵੀ ਹਨ ਇਹ ਮਜਬੂਰੀਆਂ ਕਿਸੇ ਨੂੰ ਕਿਸੇ ਕੋਨੇ ਲਿਜਾ ਸੁੱਟਦੀਆਂ ਹਨ ਤੇ ਕਿਸੇ ਨੂੰ ਕਿਸੇ ਕੋਨੇ ਜੇ ਇੱਕ ਦੂਜੇ ਨੂੰ ਇਹਨਾਂ ਕੋਨਿਆਂ ਦਾ ਪਤਾ ਲੱਗ ਵੀ ਜਾਵੇ ਤਾਂ ਵੀ ਭੂਗੋਲਿਕ ਲਕੀਰਾਂ ਬਾਰ ਬਾਰ ਦੂਰੀ ਦੇ ਅਹਿਸਾਸ ਨੂੰ ਯਾਦ ਕਰਾਉਂਦੀਆਂ ਹਨ ਕਿਸਮਤਾਂ ਨਾਲੇ ਮੇਲੇ ਹੁੰਦੇ ਹਨ. ਨਸੀਬਾਂ ਨਾਲ ਹੀ ਵਿਛੜੇ  ਮਿੱਤਰਾਂ ਦਾ  ਦਾ ਮਿਲਾਪ ਹੁੰਦਾ ਹੈ ਫੇਸਬੁਕ ਦਾ ਕ੍ਰਿਸ਼ਮਾ ਇਹ ਹੈ ਕਿ ਇਸਨੇ ਦੂਰੀਆਂ ਦੀਆਂ ਬਹੁਤ ਸਾਰੀਆਂ ਦੀਵਾਰਾਂ ਢਾਹ ਦਿੱਤੀਆਂ ਹਨ ਹੁਣ ਦੂਰੀ ਦੀ ਗੱਲ ਹੋ ਵੀ ਜਾਏ ਤਾਂ ਹੋਂਸਲਾ ਹੁੰਦਾ ਹੈ ਕੋਈ ਨੀ ਆਪਾਂ ਫੇਸਬੁਕ 'ਤੇ ਮਿਲਾਂਗੇ ਅਤੇ ਬਸ ਏਨੇ ਕੁ ਅਹਿਸਾਸ ਨਾਲ ਹੀ ਵਿਛੋੜੇ ਦਾ ਦਰਦ ਮੁਸਕਰਾਹਟ ਚ ਬਦਲ ਜਾਂਦਾ ਹੈ ਦਰਦਾਂ ਨੂੰ ਮੁਸਕਰਾਹਟਾਂ ਚ ਬਦਲਣ ਵਾਲੀ ਫੇਸਬੁਕ, ਵਿਛੜਿਆਂ ਨਾਲ ਮਿਲਾਉਣ ਵਾਲੀ ਫੇਸਬੁਕ, ਦੂਰੀਆਂ ਨੂੰ ਮਿਟਾਉਣ ਵਾਲੀ ਫੇਸਬੁਕ ਦੀ ਉਮਰ ਹੁਣ ਅਠਾਂ ਸਾਲਾਂ ਦੀ ਹੋ ਗਈ ਹੈ ਹਿਊਸਟਨ ਤੋਂ 5 ਫਰਵਰੀ ਨੂੰ ਖਬਰ ਏਜੰਸੀ ਭਾਸ਼ਾ ਨੇ ਵੀ ਇਸ ਖਬਰ ਨੂੰ ਰਲੀਜ਼ ਕੀਤਾ ਹੈ. ਰੋਜ਼ਾਨਾ ਜਗ ਬਾਣੀ ਨੇ ਇਸ ਖਬਰ ਨੂੰ ਫੇਸਬੁਕ ਹੋਇਆ  ਅਠ ਸਾਲ ਦਾ. ਸਿਰਲੇਖ ਨਾਲ ਪ੍ਰਕਾਸ਼ਿਤ ਕੀਤਾ ਹੈ. ਅਖਬਾਰ ਨੇ ਆਪਣੇ ਵੰਨ ਸੁਵੰਨ ਸਫੇ ਤੇ ਬਣਦੀ ਅਹਿਮੀਅਤ ਨਾਲ ਪ੍ਰਕਾਸ਼ਿਤ ਇਸ ਖਬਰ ਵਿੱਚ ਦੱਸਿਆ ਹੈ ਕਿ ਦੁਨੀਆ ਦੇ ਸਭ ਤੋਂ ਹਰਮਨ ਪਿਆਰੇ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ 8 ਸਾਲ ਪੂਰੇ ਕਰ ਲਏ ਹਨ। ਸਾਢੇ 84 ਕਰੋਡ਼ ਮੈਂਬਰਾਂ ਨਾਲ ਇਸ ਸੋਸ਼ਲ ਨੈੱਟਵਰਕਿੰਗ ਸਾਈਟ ਦਾ ਵਧਣਾ ਜਾਰੀ ਹੈ। 4 ਫਰਵਰੀ 2004 ਤੋਂ ਸ਼ੁਰੂ ਹੋਏ ਫੇਸਬੁੱਕ ਦੇ ਖਪਤਕਾਰਾਂ ਦੀ ਗਿਣਤੀ ਇਸ ਸਾਲ ਅਗਸਤ ਤੱਕ ਵੱਧ ਕੇ ਇਕ ਅਰਬ ਹੋ ਜਾਣ ਦੀ ਸੰਭਾਵਨਾ ਹੈ।  
ਕੰਪਨੀ ਦੇ ਸੀ. ਈ. ਓ. ਮੁਤਾਬਿਕ ਉਹ ਦੁਨੀਆ ਭਰ ਵਿਚ ਫੇਸਬੁੱਕ ਦੇ ਚਿਹਰੇ ਵਜੋਂ ਪ੍ਰਸਿੱਧ ਹਨ ਪਰ ਹਾਰਵਰਡ ਯੂਨੀਵਰਸਿਟੀ 'ਚ ਉਨ੍ਹਾਂ ਦੇ ਨਾਲ ਵਿਦਿਆਰਥੀ ਰਹੇ ਤਿੰਨ ਹੋਰ ਵਿਅਕਤੀ ਵੀ ਇਸ 'ਚ ਸ਼ਾਮਿਲ ਹਨ ਜਿਨ੍ਹਾਂ 'ਚ ਸੈਵਰਿਨ, ਡਸਟਿਨ Îਅਤੇ ਕਿਮ ਹਨ। ਚਾਰਾਂ ਨੇ ਸ਼ੁਰੂ ਵਿਚ ਹਾਰਵਰਡ ਦੇ ਵਿਦਿਆਰਥੀਆਂ ਲਈ ਇਹ ਸੇਵਾ ਸ਼ੁਰੂ ਕੀਤੀ ਸੀ ਪਰ ਜਲਦੀ ਹੀ ਇਹ ਬਹੁਤ ਤੇਜ਼ੀ ਨਾਲ ਫੈਲ ਗਈ ਅਤੇ ਇਸ ਦਾ ਨਾਂ ਬਦਲ ਕੇ ਫੇਸਬੁੱਕ ਰੱਖਿਆ ਗਿਆ।
ਫੇਸਬੁੱਕ ਨੇ ਦੁਨੀਆ ਦੇ ਸਭ ਤੋਂ ਨੌਜਵਾਨ ਅਰਬਪਤੀਆਂ ਦੀ ਸੂਚੀ 'ਚ ਮਾਰਕ ਨੂੰ ਪਹੁੰਚਾ ਦਿੱਤਾ। ਉਸ ਨੇ ਹੋਰਨਾਂ ਕੰਪਨੀਆਂ ਨੂੰ ਵੀ ਅੱਗੇ ਵੱਧਣ ਦਾ ਮੌਕਾ ਦਿੱਤਾ। ਸੋਸ਼ਲ ਮੀਡੀਆ ਟੂਡੇ ਮੁਤਾਬਿਕ ਅਮਰੀਕੀ ਆਬਾਦੀ ਦਾ 41 ਫੀਸਦੀ ਹਿੱਸੇ ਕੋਲ ਫੇਸਬੁੱਕ ਅਕਾਊਂਟ ਹੈ। ਭਾਰਤ 'ਚ ਵੀ ਇਸ ਸਾਲ ਫੇਸਬੁੱਕ ਨੇ 132 ਫੀਸਦੀ ਦਾ ਵਾਧਾ ਦਰਜ ਕੀਤਾ ਜੋ ਕਿਸੇ ਵੀ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਹੈ। 
ਅਖੀਰ ਵਿੱਚ ਇੱਕ ਗੱਲ ਹੋਰ। ਹੁਣ ਜਦੋਂ ਕਿ ਗਲਾ ਕੱਟ ਮੁਕਾਬਲੇ ਦੇ ਇਸ ਦੌਰ ਵਿੱਚ ਭਰਾ ਭਰਾ ਦਾ ਕਤਲ ਕਰ ਰਿਹਾ ਹੈ, ਉਦੋਂ ਫੇਸਬੁਕ ਨੇ ਸਾਬਿਤ ਕਰ ਦਿੱਤਾ ਹੈ ਕਿ ਪ੍ਰੇਮ ਨਾਲ ਵੀ ਤਰੱਕੀ ਸੰਭਵ ਹੈ। ਨਜ਼ਦੀਕੀਆਂ ਨਾਲ ਵੀ ਵਿਕਾਸ ਸੰਭਵ ਹੈ 

Monday, December 05, 2011

ਹੁਣ ਏਸ ਅੱਤ ਦਾ ਅੰਤ ਹੋਣ ਵਾਲਾ ਹੈ– ਮਨਪ੍ਰੀਤ ਬਾਦਲ

ਮਹਿਲਾ ਅਧਿਆਪਕ ਨਾਲ ਵਾਪਰੀ ਘਟਨਾ ਲੋਕਤੰਤਰ 'ਤੇ ਕੰਲਕ
ਚੱੜੀਗੜ੍ਹ//5 ਦਸੰਬਰ//ਬਿਊਰੋ ਰਿਪੋਰਟ:
ਹਮ ਅਭੀ ਸੇ ਕਿਆ ਬਤਾਏੰ ਕਿਆ ਹਮਾਰੇ ਦਿਲ ਮੇਂ ਹੈ... ਫਾਈਲ ਫੋਟੋ 
ਬੀਤੇ ਦਿਨੀ ਗਿੱਦੜਬਾਹਾ ਹਲਕੇ ਦੇ ਪਿੰਡ ਦੌਲਾ 'ਚ ਹੁਕਮਰਾਨ ਪਾਰਟੀ ਦੇ ਸੰਗਤ ਦਰਸ਼ਨ ਦੌਰਾਨ ਇੱਕ ਸਰਪੰਚ ਵੱਲੋਂ ਪ੍ਰਦਰਸ਼ਨ ਕਰ ਰਹੀ ਮਹਿਲਾ ਅਧਿਆਪਕ ਨੂੰ ਚਪੇੜਾਂ ਮਾਰਨੀਆਂ ਤੇ ਉਸ ਨੂੰ ਮੈਂਬਰ ਪਾਰਲੀਮੈਂਟ ਜੋ ਖੁਦ ਮਹਿਲਾ ਹੈ ਦੀ ਮੌਜੂਦਗੀ 'ਚ ਬੇਇੱਜ਼ਤ ਕਰਨਾ, ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੈ। ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਜਾਰੀ ਪ੍ਰੈਸ ਨੋਟ 'ਚ ਕਿਹਾ ਕਿ ਉਨ੍ਹਾਂ ਨੂੰ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਹੋਇਆ ਕਿ ਉਹ ਪੁਲਿਸ ਅਫ਼ਸਰ ਜਿੰਨ੍ਹਾਂ ਨੇ ਖਾਕੀ ਵਰਦੀ ਪਾਉਣ ਸਮੇਂ ਸੰਵਿਧਾਨ ਦੀ ਰਾਖੀ ਕਰਨ ਦੀ ਸੁੰਹ ਚੁੱਕੀ ਸੀ ਉਹ ਵੀ ਆਪਣੀ ਜਮੀਰ ਮਾਰ ਕੇ ਇੱਕ ਮਜ਼ਲੂਮ ਮਹਿਲਾ ਦੀ ਬੇਇੱਜ਼ਤ ਹੁੰਦਾ ਵੇਖਦੇ ਰਹੇ। ਉਨ੍ਹਾਂ ਕਿਹਾ ਕਿ ਜਦੋਂ ਵੀ ਹੁਕਮਰਾਨਾਂ ਦੇ ਅੱਤ ਦਾ ਅੰਤ ਹੁੰਦਾ ਹੈ ਤਾਂ ਰੱਬ, ਹੁਕਮਰਾਨਾਂ ਦਾ ਦਿਮਾਗ ਕੱਢ ਲੈਂਦਾ ਹੈ, ਉਨ੍ਹਾਂ ਦੀ ਬੁੱਧੀ ਭ੍ਰਿਸ਼ਟ ਕਰ ਦਿੰਦਾ ਹੈ ਤੇ ਉਨ੍ਹਾਂ ਤੋਂ ਵੱਧ ਜ਼ੁਲਮ ਤੇ ਵਧੀਕੀਆਂ ਕਰਵਾਉਣ ਲੱਗ ਪੈਂਦਾ ਹੈ ਜਿੰਨ੍ਹਾਂ ਤੋਂ ਤੰਗ ਆਕੇ ਲੋਕ ਬਗਾਵਤ ਦਾ ਝੰਡਾ ਚੁੱਕ ਕੇ ਤਾਨਾਸ਼ਾਹੀ ਰਾਜ ਦਾ ਅੰਤ ਕਰ ਦਿੰਦੇ ਹਨ ਤੇ ਉਹੀ ਹਾਲਾਤ ਹੁਣ ਪੰਜਾਬ 'ਚ ਬਣੇ ਹੋਏ ਹਨ। 
         ਸ. ਮਨਪ੍ਰੀਤ ਨੇ ਕਿਹਾ ਕਿ ਮੌਜੂਦਾ ਹੁਕਮਰਾਨ ਪਿਛਲੇ ਇੱਕ ਸਾਲ ਤੋਂ ਜਾਇਜ਼ ਮੰਗਾਂ ਮੰਨਣ ਵਾਲਿਆ ਨੂੰ ਪੁਲਿਸ ਤੋਂ ਕੁੱਟਵਾ ਰਹੇ ਹਨ। ਈ.ਟੀ.ਟੀ. ਅਧਿਆਪਕ, ਲਾਈਨਮੈਨ, ਨਰਸਾਂ, ਫਾਰਮਸਿਸਟ ਜਾਂ ਕਿਸਾਨ ਜਿਨ੍ਹਾਂ ਨੇ ਵੀ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰਨ ਦੀ ਕੋਸ਼ਿਸ ਕੀਤੀ ਉਨ੍ਹਾਂ ਤੇ ਪੁਲਿਸ ਨੇ ਤਸ਼ਦੱਦ ਢਾਹਿਆਂ ਤੇ ਝੂਠੇ ਪੁਲਿਸ ਕੇਸ ਦਰਜ਼ ਕਰਕੇ ਜੇਲ੍ਹਾਂ 'ਚ ਢੱਕ ਦਿੱਤਾ ਤੇ ਇਸ ਨੂੰ ਲੋਕ ਤੰਤਰ ਨਹੀਂ ਕਿਹਾ ਜਾ ਸਕਦਾ ਬਲਕਿ ਨਾਨਾਸ਼ਾਹੀ ਰਾਜ ਕਹਿ ਸਕਦੇ ਹਾਂ।        
         ਸ. ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੇ ਵਾਪਰੀ ਇਸ ਮੰਦਭਾਗੀ ਘਟਨਾਂ ਸੰਬਧੀ ਸਮੁੱਚੇ ਪੁਖਤਾ ਸਬੂਤ ਇੱਕਤਰ ਕਰ ਲਏ ਹਨ ਜਿਸ ਸੰਬਧੀ ਕਾਨੂੰਨੀ ਮਾਹਿਰਾਂ ਦੀ ਰਾਇ ਲਈ ਜਾ ਰਹੀ ਹੈ ਤੇ ਜਿਹੜੇ ਸਰਪੰਚ ਨੇ ਇੱਕ ਬੇਕਸੂਰ ਮਹਿਲਾ ਅਧਿਆਪਕ ਦੇ ਚਪੇੜਾਂ ਮਾਰੀਆਂ ਹਨ ਤੇ ਜਿਹੜੇ ਪੁਲਿਸ ਅਫ਼ਸਰ ਮੂਕ ਦਰਸ਼ਕ ਬਣਕੇ ਜੁਲਮ ਹੁੰਦਾ ਵੇਖਦੇ ਰਹੇ ਉਨ੍ਹਾਂ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾ ਤੇ ਸਾਂਝਾ ਮੋਰਚੇ ਦੀ ਸਰਕਾਰ ਬਣਨ ਤੋਂ ਤੁਰੰਤ ਬਾਅਦ ਇਸ ਘਟਨਾ ਦੀ ਪਹਿਲ ਦੇ ਆਧਾਰ ਤੇ ਜਾਂਚ ਕਰਵਾਕੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਿਹਰੇ 'ਚ ਖੜ੍ਹਾ ਕੀਤਾ ਜਾਵੇਗਾ।
         ਸ. ਮਨਪ੍ਰੀਤ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਪੁਛਨਾ ਚਾਹੁੰਦੇ ਹਨ ਕਿ, ਕੀ ਇਹ ਸੇਵਾ ਹੈ ਕਿ ਸ਼ਰੇਆਮ ਉਨ੍ਹਾ ਦੇ ਰਾਜ 'ਚ ਉਨ੍ਹਾਂ ਦੀ ਪਾਰਟੀ ਦਾ ਸਰਪੰਚ ਮਹਿਲਾ ਅਧਿਆਪਕਾਂ ਨੂੰ ਚਪੇੜਾ ਮਾਰ ਰਿਹਾ ਹੈ ਤੇ ਇਸ ਪੂਰੀ ਘਟਨਾ ਨੂੰ ਮੂਕ ਦਰਸ਼ਕ ਬਣਕੇ ਵੇਖਦੇ ਪੁਲਿਸ ਅਫ਼ਸਰਾਂ ਨੇ ਵੀ ਦੋਸ਼ੀ ਖਿਲਾਫ਼ ਕੋਈ ਕਾਰਵਾਈ ਕਰਨੀ ਜਰੂਰੀ ਨਹੀਂ ਸਮਝੀ।  ਉਨ੍ਹਾਂ ਇਤਿਹਾਸ ਦੀਆ ਘਟਨਾਵਾਂ ਯਾਦ ਕਰਵਾਉਂਦਿਆ ਕਿਹਾ ਕਿ ਜੋ ਕੁੱਝ ਇਸਰਾਈਲ 'ਚ ਹੋਇਆ, ਮਿਸਰ 'ਚ ਹੋਇਆ ਉਹ ਹੁਣ ਦੋ ਮਹੀਨਿਆ ਬਾਅਦ ਪੰਜਾਬ 'ਚ ਵਾਪਰੇਗਾ ਜਿੱਥੇ ਲੋਕ ਜ਼ੁਲਮ ਕਰਨ ਵਾਲੇ ਦਾ ਤਖਤਾ ਪਲਟਾ ਕੇ ਕਾਨੂੰਨ ਦਾ ਰਾਜ ਸਥਾਪਿਤ ਕਰਨਗੇ।  

Monday, September 05, 2011

ਘੋੜਾ ਘਾਹ ਨਾਲ਼ ਯਾਰੀ ਪਾਊ ਤਾਂ ਖਾਊਗਾ ਕੀ’?


ਇਸਦਾ ਜੁਆਬ ਦੇ ਰਹੇ ਹਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰ 
photo courtesy: Noehill Travals
ਅਸੀਂ ਸੱਭ ਗੁਰਦੁਆਰੇ, ਮੰਦਰ, ਮਸਜਿਦ, ਚਰਚ ਆਦਿ ਆਪੋ-ਆਪਣੇ ਧਾਰਮਿਕ ਅਸਥਾਨ ਜਾਂਦੇ ਹਾਂ । ਅਸੀਂ ਸਮਝਦੇ ਹਾਂ ਕਿ ਸਿਰਫ ਏਹੀ ਗੁਰੂ ਦਾ ਘਰ ਹੈ । ਗੁਰਦੁਆਰੇ ਦੇ ਅਰਥ ਅਸੀਂ ਏਹੀ ਕਰ ਰੱਖੇ ਨੇ ‘ਗੁਰੂ ਦਾ ਘਰ’ ਸਿਰਫ਼ ਏਹੋ ਗੁਰੂ ਦਾ ਘਰ ਹੈ । ਸਿਰਫ਼ ਤੇ ਸਿਰਫ਼ ਏਥੇ ਹੀ ਰੱਬ ਬੈਠਾ ਹੈ, ਇਸ ਕਰਕੇ ਏਥੇ ਹੀ ਅਸੀਂ ਝੂਠ ਨਹੀਂ ਬੋਲਣਾ, ਬਾਹਰ ਬੋਲ ਸਕਦੇ ਹਾਂ। ਸਿਰਫ ਏਥੇ ਹੀ ਅਸੀਂ ਕਿਸੇ ਨੂੰ ਮੰਦਾ ਨਹੀਂ ਬੋਲਣਾ, ਬਾਹਰ ਬੋਲ ਸਕਦੇ ਹਾਂ। ਏਥੇ ਅਸੀਂ ਲੰਗਰਾਂ ਦੇ ਪ੍ਰਵਾਹ ਚਲਾ ਦਿੰਦੇ ਹਾਂ, ਪਰ ਜਦੋਂ ਆਪਣੀ ਦੁਕਾਨ ਤੇ ਬੈਠੇ ਹੁੰਦੇ ਹਾਂ ਉਥੇ ਲਿਖ ਕੇ ਲਾਇਆ ਹੁੰਦਾ ਹੈ’ ‘ਘੋੜਾ ਘਾਹ ਨਾਲ਼ ਦੋਸਤੀ ਕਰੂ ਤਾਂ ਖਾਊਗਾ ਕੀ’ ਉਥੇ ਅਸੀਂ ਠੱਗੀ ਮਾਰਨ ਤੋਂ ਨਹੀਂ ਹਟਦੇ । ਅਸੀਂ ਮਿਲਾਵਟੀ ਮਾਲ ਖਰੀਦਦੇ ਹਾਂ ਤੇ ਉਸ ਨੂੰ ਉਚੀ ਕੀਮਤ ਤੇ ਵੇਚ ਕੇ ਖੁਸ਼ ਹੁੰਦੇ ਹਾਂ। ਮਿਲਾਵਟੀ ਤਾਂ ਖਰੀਦਦੇ ਹਾਂ ਕਿਉਂਕਿ ਚਾਰ ਪੈਸੇ ਉਸੇ ਵਿਚੋਂ ਹੀ ਬਚਦੇ ਹਨ। ਜਦੋਂ ਗੁਰੂ ਘਰ ਆਉਂਦੇ ਹਾਂ ਤਾ ਉਥੇ ਆ ਕੇ ਬੜੇ ਸ਼ਰੀਫ ਸਾਊ ਜਿਹੇ ਬਣ-ਬਣ ਕੇ ਦਿਖਾਉਂਦੇ ਹਾਂ । ਕੀ ਹੋ ਗਿਆ ਸਾਨੂੰ ? ਗੁਰਦੁਆਰੇ ਅਸੀਂ ਆਪਣੇ ਗੁਰੂ ਕੋਲੋ ਸਿਖਣ ਆਉਂਦੇ ਹਾਂ ਕਿ ਚੰਗੇ ਕੰਮ ਕਿਵੇਂ ਕਰਨੇ ਨੇ ? ਗੁਰਦੁਆਰਾ ਸਾਡਾ ਸਕੂਲ ਹੈ ਇਥੋਂ ਅਸੀਂ ਸਿਖਣਾ ਹੈ ਕਿ ਰੱਬ, ਅੱਲਾ, ਗਾਡ, ਹਰੇਕ ਦੇ ਅੰਦਰ ਹੈ ।
“ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ”
ਇਸੇ ਨੂੰ ਅਸੀਂ ਪਛਾਨਣਾ ਹੈ। ਸਕੂਲ ਵਿਚੋਂ ਸਿਖ ਕੇ ਅਸੀਂ ਉਸ ਨੂੰ ਆਪਣੇ ਜੀਵਨ ਤੇ ਲਾਗੂ ਕਰਨਾ ਹੈ, ਨਾ ਕਿ ਦਿਖਾਵੇ ਦੇ ਕਰਮਕਾਂਡੀ ਬਣ, ਸ਼ਰੀਫਤਾ ਦਾ ਨਕਾਬ ਸਿਰਫ਼ ਗੁਰਦੁਆਰੇ ਆ ਕੇ ਹੀ ਚੜਾਉਣਾ ।ਸਿਖ ਨੇ ਕੋਈ ਨਕਾਬ ਨਹੀਂ ਪਹਿਨਣਾ। “ਸਾਬਤ ਸੂਰਤ ਦਸਤਾਰ ਸਿਰਾ” ਦਾ ਵੀ ਏਹੋ ਅਰਥ ਹੈ। ਜਿਵੇਂ ਅੰਦਰੋਂ ! ਉਵੇਂ ਹੀ ਬਾਹਰੋ ! ਸਾਬਤ ਸੂਰਤ ਰਹਿਣ ਦਾ ਮਤਲਬ ਹੀ ਏਹੋ ਹੈ ਕਿ ਕੁਦਰਤ ਨਾਲ਼ ਇਕਮਿਕਤਾ।
ਅਸੀਂ ਆਪਣੀ ਹੱਟੀ ਤੇ ਗਾਹਕ ਨੂੰ ਬੱਕਰਾ ਸਮਝ ਕੇ ਝਟਕਾਉਣ ਵਿੱਚ ਖੁਸੀ ਮਹਿਸੂਸ ਕਰਦੇ ਹਾਂ ਸਾਨੂੰ ਸਿਖਾਇਆ ਹੀ ਏਹੋ ਜਾਂਦਾ ਹੈ । ਸਾਡੇ ਘਰਾਂ, ਸਕੂਲਾ ਵਿੱਚ ਜੋ ਵੀ ਵਿੱਦਿਆ ਮਿਲ਼ ਰਹੀ ਹੈ, ਸੱਭ ਪੈਸੇ ਬਣਾਉਣ ਦੀਆਂ ਮਸ਼ੀਨਾ ਬਣਾਉਣ ਤੇ ਲੱਗੇ ਹੋਏ ਹਨ । ਡਾਕਟਰ, ਇੰਜੀਨੀਅਰ, ਵਪਾਰੀ ਬਣਾਉਣ ਤੇ ਲੱਗੇ ਹੋਏ ਹਨ । ਚੰਗਾ ਮਨੁੱਖ ਬਣਾਉਣ ਦੀ ਕੋਈ ਵੀ ਗੱਲ ਨਹੀਂ ਕਰਦਾ । ਕੀ ਹੋ ਗਿਆ ਸਾਨੂੰ ?
ਅਸੀਂ ਮਨੁੱਖਾਂ ਨੇ ਵੰਡੀਆਂ ਪਾ ਰੱਖੀਆਂ ਨੇ, ਏਹ ਪੰਡਤ ਹੈ, ਇਹ ਜੱਟ ਹੈ, ਇਹ ਚਮਾਰ ਹੈ, ਇਹ ਭਾਪਾ ਹੈ, ਇਹ ਰਾਮਗੜੀਆ ਹੈ । ਅਸੀ ਆਪਣੇ ਗੁਰਦੁਆਰੇ ਵੀ ਵੰਡ ਰੱਖੇ ਨੇ, ਜੱਟਾ ਦਾ ਗੁਰਦੁਆਰਾ, ਰਵਿਦਾਸੀਆ ਦਾ ਗੁਰਦੁਆਰਾ, ਭਾਪਿਆਂ ਦਾ ਗੁਰਦੁਆਰਾ , ਰਾਮਗੜੀਆ ਦਾ ਗੁਰਦੁਆਰਾ । ਸੱਭ ਵਿੱਚ ਪ੍ਰਕਾਸ਼ ਇਕੋ ਗੁਰੂ ਗ੍ਰੰਥ ਸਾਹਿਬ ਜੀ ਦਾ ਹੁੰਦਾ ਹੈ ਪਰ ਅਸੀਂ ਵੰਡ ਰੱਖੇ ਨੇ, ਕਿਉਂ? ਕਿਉਂਕਿ ਸਾਨੂੰ ਵੰਡਣਾ ਆਉਦਾ ਹੈ । ਸਾਨੂੰ ਵੰਡਣ ਦੀ ਜਾਂਚ ਆ ਗਈ ਹੈ ਤਾਂ ਅਸੀ ਵੰਡ ਰੱਖੇ ਨੇ । ਅਸੀਂ ਆਪਣੇ  ਗੁਆਢੀ ਨਾਲ਼ ਵੀ ਬੋਲ ਨਹੀਂ ਸਕਦੇ । ਪਤੀ ਪਤਨੀ ਦੀ ਆਪਸ ਵਿੱਚ ਨਹੀਂ ਬਣਦੀ ਉਥੇ ਵੀ ਅਸੀਂ ਵੰਡੇ ਹੋਏ ਹਾਂ। ਪੁੱਤਰ ਦੀ ਮਾਪਿਆਂ ਨਾਲ਼ ਨਹੀਂ ਬਣਦੀ। ਨੂੰਹ ਦੀ ਸੱਸ ਨਾਲ਼ ਨਹੀਂ ਬਣਦੀ। ਧੀ ਦੀ ਮਾ ਪਿਉ ਨਾਲ਼ ਨਹੀਂ ਬਣਦੀ ।
ਕਿਉਂ ?? ਕਿਉਂਕਿ ਸਾਡਾ ਅਹੰਕਾਰ ਹੀ ਸਾਨੂੰ ਮਿਲਣ ਨਹੀਂ ਦੇਂਦਾ । ਸਾਡਾ ਹੰਕਾਰ ਹੀ ਹੈ ਜੋ ਸਾਨੂੰ ਕਹਿੰਦਾ ਹੈ ਕਿ ਉਹ ਚਮਾਰ ਹਨ ਉਹਨਾ ਕੋਲ਼ ਨਹੀਂ ਬੈਠਣਾ, ਕਿਉਂਕਿ ਮੈਂ ਤਾਂ ਉਚੀ ਜਾਤ ਦਾ ਹਾਂ । ਸਾਡਾ ਅਹੰਕਾਰ ਸਾਡੇ ਘਰਾਂ ਵਿੱਚ ਕੰਮ ਕਰਦੀਆਂ ਮਾਵਾਂ ਭੈਣਾ ਨੂੰ ਗਾਲ਼ਾ ਨਾਲ਼ ਸੰਬੋਧਨ ਕਰਕੇ ਬੁਲਾਉਂਦਾ ਹੈ । ਦਫਤਰਾਂ ਵਿੱਚ ਆਪਣੇ ਥੱਲੇ ਕੰਮ ਕਰਨ ਵਾਲ਼ਿਆਂ ਨੂੰ ਰੋਅਬ ਨਾਲ਼ ਬੁਲਾਉਂਦੇ ਹਾਂ, ਜਦੋਂ ਪੁਛਿਆ ਜਾਵੇ ਤਾਂ ਤਰਕ ਵੀ ਅਜਿਹੇ ਦਿੰਦੇ ਹਾ, “ਅਗਰ ਇਹਨਾ ਨੂੰ ਪਿਆਰ ਨਾਲ਼ ਬੁਲਉਂਗੇ ਤਾਂ ਇਹ ਸਿਰ ਤੇ ਮੂਤਣਗੇ” । ਪਤੀ ਪਤਨੀ ਦੀ ਆਪਸੀ ‘ਈਗੋ’ ਹੀ ਇਕ ਦੂਜੇ ਨੂੰ, ਇਕ ਦੂਸਰੇ ਦੇ ਨੇੜੇ ਨਹੀਂ ਆਉਂਣ ਦਿੰਦੀ । ਪਤੀ ਕਹਿੰਦਾ ਹੈ ਮੈ ਇਸ ਤੋਂ ਸੁਪੀਰੀਅਰ ਹਾਂ, ਇਸ ਨੂੰ ਕੀ ਪਤਾ ਹੈ ਮੈਂ ਕਮਾਉਂਦਾ ਹਾਂ । ਪਤਨੀ ਸੋਚਦੀ ਹੈ ਮੈਂ ਕਿਉਂ ਬੁੱਢੇ ਬੁੱਢੀ ਦੀ ਸੇਵਾ ਕਰਾਂ ? ਮੈਂ ਕੋਈ ਇਹਨਾਂ ਦੇ ਘਰ ਦੀ ਨੌਕਰ ਹਾਂ । ਕੰਮ ਕਰਨ ਤੋਂ ਟਾਲ਼ਾ ਵੱਟਦੀ ਹੈ । ਪਰ ਉਹੀ ਜਦ ਗੁਰਦੁਆਰੇ, ਮੰਦਰ, ਮਸਜਿਦ, ਜਾਂ ਕਿਸੇ ਡੇਰੇ ਆਦਿ ਜਾਂਦੀ ਹੈ ਤਾਂ ਉਥੇ ਤਰਜੀਹ ਹੀ ਸੇਵਾ ਨੂੰ ਦਿੰਦੀ ਹੈ । ਕੀਰਤਨ ਉਸ ਤੋਂ ਸੁਣਿਆ ਨਹੀਂ ਜਾਂਦਾ । ਭਾਂਡੇ ਮਾਂਜਦੀ, ਪੋਚੇ ਮਾਰਦੀ, ਲਾਂਗੜ ਚੜਾਹ ਕੇ ਭੱਜੀ ਹੀ ਫਿਰਦੀ ਹੈ । ਧੀ ਸੋਚਦੀ ਹੈ ਕਿ ਇਸ ਬੁੱਢੇ ਮਾ ਬਾਪ ਨੂੰ ਕੀ ਪਤਾ ਮੈਂ ਸਿਰ ਖੁਦ ਕਰੂੰਗੀ । ਸਿਰਖੁਦ ਕਰਦੀ ਕਰਦੀ ‘ਖੁਦਕੁਸ਼ੀ’ ਦੀ ਨੌਬਤ ਤੱਕ ਪਹੁੰਚ ਜਾਂਦੀ ਹੈ । ਪੁੱਤਰ ਸੋਚਦਾ ਹੈ ਮੈਂ ਐਨੀ ਤਨਖਾਹ ਲੈਂਦਾ ਹਾਂ, ਐਨਾ ਕੰਮ ਕਰਦਾ ਹਾਂ, ਬੱਸ ਘਰ ਵਿੱਚ ਦਿਖਾਵਾ ਕਰਦਾ ਹੈ ਕਿ ਮੈਂ ਐਨਾ ਬਿਜੀ ਹਾਂ, ਬੁੱਢੇ ਮਾਂ ਬਾਪ ਨਾਲ਼ ਬੋਲਦਾ ਨਹੀਂ । ਘਰ ਵਿੱਚ ਬੈਠਣ ਦਾ ਵੀ ਟਾਈਮ ਨਹੀਂ । ਬੱਸ ਭੱਜਿਆ ਫਿਰਦਾ ਹੈ, ਕਦੇ ਕੋਈ ਗੱਲ ਨਹੀਂ ਕਰਦਾ ਸਾਰਾ ਦਿਨ ਕੁੜਿਆ ਰਹਿੰਦਾ ਹੈ । ਪਰ ਜਦੋਂ ਉਸ ਦੇ ਦੋਸਤ ਆਉਂਦੇ ਹਨ ਉਹਨਾ ਨਾਲ਼ ਬੜੀਆਂ ਹੱਸ-ਹੱਸ ਗੱਲਾਂ ਕਰੇਗਾ । ਬੜੇ ਜੋਸ਼-ਖਰੋਸ਼ ਨਾਲ਼ ਮਿਲੇਗਾ । ਐਦਾਂ ਲੱਗਦਾ ਜਿਵੇ ਉਸ ਨੂੰ ਉਸ ਦਾ ਘਰ ਦੰਦੀਆਂ ਵੱਢਦਾ ਹੋਵੇ ।
ਇਕ ਅੰਗਰੇਜੀ ਕਹਾਣੀ ਬੜੀ ਪਿਆਰੀ ਤੇ ਸਿਖਿਆਦਾਇਕ ਹੈ । ਇਸ ਅੰਗਰੇਜੀ ਕਹਾਣੀ ਮੁਤਾਬਕ ਇਕ ਬੱਚਾ ਆਪਣੀ ਮਾਂ ਨਾਲ਼ ਸੁਪਰਮਾਰਕੀਟ ਜਾਂਦਾ ਹੈ । ਉਸ ਬੱਚੇ ਨੂੰ ਕੁੱਤੇ (ਪੈਟਸ) ਪਾਲਣ ਦਾ ਸ਼ੌਕ ਹੈ । ਉਸ ਦੀ ਮਾਂ ਉਸ ਬੱਚੇ ਨੂੰ ਪੈਟਸ ਸਾਪ ਤੇ ਛੱਡ ਦਿੰਦੀ ਹੈ ਤੇ ਆਪ ਨਾਲ਼ ਵਾਲ਼ੀਆਂ ਦੁਕਾਨਾ ਤੋਂ ਘਰ ਦੀ ਖਰੀਦਦਾਰੀ ਲਈ ਚਲੇ ਜਾਂਦੀ ਹੈ । ਬੱਚਾ ਕੁੱਤਿਆਂ ਨੂੰ ਦੇਖਣ ਲੱਗ ਜਾਂਦਾ ਹੈ, ਉਹ ਉਸ ਨੂੰ ਬੜੇ ਪਿਆਰੇ ਲੱਗਦੇ ਹਨ । ਉਹ ਉਹਨਾ ਵਿਚੋਂ ਕਿਸੇ ਇਕ ਨੂੰ ਖਰੀਦਣ ਬਾਰੇ ਸੋਚਦਾ ਹੈ । ਬੱਚਾ ਜਦੋਂ ਉਹਨਾਂ ਪੈਟਸ ਦਾ ਰੇਟ ਪੁੱਛਦਾ ਹੈ ਉਹ ਬੜੇ ਕੀਮਤੀ ਹੁੰਦੇ ਹਨ । ਬੱਚਾ ਦੁਕਾਨਦਾਰ ਨੂੰ ਕਹਿਦਾ ਹੈਕਿ ਉਸ ਕੋਲ ਸਿਰਫ 75 ਡਾਲਰ ਹਨ,ਉਸ ਨੂੰ ਕੋਈ ਸਸਤਾ ਪੈਟਸ ਦਿਖਾਵੇ । ਦੁਕਾਨਦਾਰ ਉਸ ਨੂੰ ਇਕ ਪਿਛਿਓ ਲੁਕਿਆ ਹੋਇਆ ਛੋਟਾ ਜਿਹਾ ਕੁੱਤਾ ਦਿਖਾਉਦਾ ਹੈ ਅਤੇ ਉਸ ਦਾ ਰੇਟ 75 ਡਾਲਰ ਦੱਸਦਾ ਹੈ ਅਤੇ ਨਾਲ ਹੀ ਦੱਸਦਾ ਹੈ ਕਿ ਇਹ ਲੰਗੜਾ ਹੈ । ਇਸ ਦੀ ਇਕ ਲੱਤ ਖਰਾਬ ਹੈ । ਬੱਚੇ ਨੂੰ ਉਹ ਕੁੱਤਾ ਪਸੰਦ ਆ ਜਾਂਦਾ ਹੈ । ਉਹ ਉਸ ਨੂੰ ਖਰਿਦਣ ਲਈ ਪੈਸਿਆਂ ਲਈ ਜਦ ਅਪਣੀ ਪੈਂਟ ਵਿਚ ਹੱਥ ਮਾਰਦਾ ਹੈ ਤਾ ਕੀ ਦੇਖਦਾ ਹੈ ਕਿ ਪੈਸੇ ਉਸ ਦੀ ਜੇਬ ਵਿਚ ਹੁੰਦੇ ਹੀ ਨਹੀਂ ।
ਬੱਚਾ ਕੁੱਤੇ ਨੂੰ ਗੋਦੀ ਵਿੱਚ ਚੁੱਕ ਲੈਂਦਾ ਹੈ ਤੇ ਆਪਣੀ ਮੰਮੀ ਦਾ ਇੰਤਜਾਰ ਕਰਨ ਲੱਗਦਾ ਹੈ । ਥੋੜੀ ਦੇਰ ਬਾਅਦ ਉਸ ਦੇ ਮੰਮੀ ਵੀ ਉਸ ਪੈਟਸ ਦੀ ਦੁਕਾਨ ਤੇ ਪਹੁੰਚ ਜਾਂਦੇ ਹਨ । ਉਸ ਦੀ ਮਾਂ ਬੱਚੇ ਨੂੰ ਆਖਦੀ ਹੈ ਕਿ ਬੇਟਾ ਤੂੰ ਕੋਈ ਵੀ ਪੈਟਸ ਖਰੀਦ ਸਕਦਾ ਹੈ ਪੈਸਿਆਂ ਦੀ ਕੋਈ ਪ੍ਰਾਬਲਮ ਨਹੀਂ । ਪਰ ਬੱਚਾ ਉਸੇ ਕੁੱਤੇ ਨੂੰ ਲੈਣ ਦੀ ਜਿਦ ਕਰਨ ਲੱਗਦਾ ਹੈ । ਉਸ ਬੱਚੇ ਨੂੰ ਦੁਕਾਨਦਾਰ ਵੀ ਸਮਝਾਉਂਦਾ ਹੈ ਕਿ ਬੇਟਾ ਇਸ ਕੁੱਤੇ ਦੀ ਇੱਕ ਲੱਤ ਟੁੱਟੀ ਹੋਈ ਹੈ ਤੂੰ ਕੋਈ ਹੋਰ ਵਧੀਆ ਜਿਹਾ ਕੁੱਤਾ ਲੈ ਲਾ, ਪਰ ਉਹ ਬੱਚਾ ਉਸ ਕੁੱਤੇ ਨੂੰ ਲੈਣ ਦੀ ਜਿਦ ਤੇ ਹੀ ਅੜਿਆ ਰਹਿੰਦਾ ਹੈ । ਜਦ ਉਸ ਦੀ ਮੰਮੀ ਵੀ ਜਿਦ ਕਰਨ ਲੱਗਦੀ ਹੈ ਤਾਂ ਉਹ ਬੱਚਾ ਉੱਚੀ-ਉੱਚੀ ਰੋਣ ਲੱਗ ਜਾਂਦਾ ਹੈ, ਲਿਟਣ ਲੱਗ ਜਾਂਦਾ ਹੈ । ਲਿਟਦਾ-ਲਿਟਦਾ ਲੇਰਾ ਮਾਰਦਾ ਆਪਣੀ ਪੈਂਟ ਖੋਹਲ ਦਿੰਦਾ ਹੈ ਤੇ ਰੋਦੇ-ਰੋਂਦੇ ਆਖਦਾ ਹੈ ਇਹ ਦੇਖੋ ਮੇਰੀ ਵੀ ਇੱਕ ਲੱਤ ਲੱਕੜ ਦੀ ਹੈ । ਮੈਂ ਵੀ ਲੰਗੜਾ ਹਾਂ । ਮੈਂ ਇਸ ਦੇ ਦਰਦ ਨੂੰ ਸਮਝਾਂਗਾ ਤੇ ਇਹ ਮੇਰੇ ਦਰਦ ਨੂੰ ਸਮਝੇਗਾ, ਅਸੀਂ ਵਧੀਆ ਦੋਸਤ ਬਣ ਸਕਦੇ ਹਾਂ । ਇਸ ਕਰਕੇ ਮੈਂ ਏਹੋ ਪੱਪੀ ਲੈਣਾ ਹੈ । ਸਾਰੇ ਅੱਖਾਂ ਭਰ ਲੈਂਦੇ ਹਨ ।

ਕਾਸ਼! ਅਸੀਂ ਵੀ ਉਸ ਛੋਟੇ ਬੱਚੇ ਦੀ ਤਰ੍ਹਾਂ ਇਕ ਦੂਸਰੇ ਦਾ ਦੁੱਖ ਦਰਦ ਸਮਝਦੇ ਹੁੰਦੇ । ਅਸੀਂ ਤਾਂ ਬੱਸ ਆਪਣੇ ਅੱਗੇ ਝੁੱਕੇ ਹੋਏ ਨੂੰ ਮਾਰ ਮੁਕਾ ਕੇ ਹੋਰ ਲਿਟਾ ਦੇਣਾ ਚਾਹੁੰਦੇ ਹਾਂ, ਕਿਉਂਕਿ ਅਸੀਂ ਸ਼ੁਰੂ ਤੋਂ ਏਹੀ ਸਿੱਖਿਆ ਹੈ ਕਿ ਅੱਗੇ ਨਿਕਲਣ ਲਈ ਦੂਜਿਆਂ ਦੇ ਮੋਢਿਆਂ ਨੂੰ ਲਿਤਾੜਦੇ ਹੋਏ ਉਪਰ ਕਿਵੇਂ ਚੜ੍ਹਨਾ ਹੈ । ਕਾਸ਼ ਅਸੀਂ ਵੀ ਕਦੇ ਕਿਸੇ ਦੂਸਰੇ ਦੀਆਂ ਵੈਸਾਖੀਆਂ ਬਣਦੇ ।
ਇਕ ਹੋਰ ਗੱਲ ਪਿਛੇ ਜਿਹੇ ਦੇਖਣ ਵਿੱਚ ਆਈ, ਕਿ ਹੈਂਡੀਕੈਪਟ ਦਸ ਜਣਿਆਂ ਦੀ ਦੌੜ ਹੋ ਰਹੀ ਸੀ । ਪੂਰਾ ਸਟੇਡੀਅਮ ਉਹਨਾਂ ਦੀ ਦੌੜ ਦੇਖਣ ਲਈ ਖਚਾ-ਖਚ ਭਰਿਆ ਹੋਇਆ ਸੀ । ਦੌੜਦੇ-ਦੌੜਦੇ ਇਕ ਵਿਚਾਰਾ ਗਿਰ ਜਾਂਦਾ ਹੈ, ਬਾਕੀ ਦੇ ਨੌ ਅੱਗੇ ਨਿਕਲ਼ ਜਾਂਦੇ ਹਨ । ਜਦੋਂ ਦੇਖਦੇ ਹਨ ਕਿ ਸਾਡੇ ਵਿਚੋਂ ਇੱਕ ਗਿਰ ਗਿਆ ਹੈ ਤਾ ਉਸ ਨੂੰ ਚੁੱਕਣ ਲਈ ਸਾਰੇ ਪਿਛੇ ਮੁੜਦੇ ਹਨ, ਉਸ ਨੂੰ ਉਠਾਉਂਦੇ ਹਨ । ਏਥੇ ਦੌੜ ਵਿੱਚ ਇਕ ਕਮਾਲ ਦੀ ਗੱਲ ਹੋਰ ਹੁੰਦੀ ਹੈ ਕਿ ਦਸ ਦੇ ਦਸ ਇਕੱਠੇ ਹੀ ਲਾਲ ਰੀਬਨ ਨੂੰ ਕਰੌਸ ਕਰਦੇ ਹਨ । ਤਾੜੀਆਂ ਨਾਲ਼ ਪੂਰਾ ਸਟੇਡੀਅਮ ਗੂੰਜ ਉੱਠਦਾ ਹੈ । ਸਿੱਖ ਲਈਏ ਕੁਝ  ਇਹਨਾਂ ਤੋਂ ਹੀ । ਖੇਡਾਂ ਆਪਸੀ ਭਾਈਚਾਰਾ ਵਧਾਉਣ ਲਈ ਹੁੰਦੀਆਂ ਹਨ, ਪਰ ਆਹ ਕੀ ਹੋ ਗਿਆ ਅੱਜ ਸਾਨੂੰ ? ਜਦ ਕ੍ਰਿਕਟ ਵਿੱਚ ‘ਭਾਰਤ-ਪਾਕਿ’ ਦਾ ਮੈਚ ਹੁੰਦਾ ਹੈ, ਸਾਰਾ ਮੀਡੀਆ ਉਸ ਨੂੰ ਯੁੱਧ ਦਾ ਮੈਦਾਨ ਬਣਾ ਦਿੰਦਾ ਹੈ । ਅਸੀਂ ਮਰਨ ਮਾਰਨ ਤੇ ਹੀ ਉਤਾਰੂ ਹੋ ਜਾਂਦੇ ਹਾਂ । ਕਿਉਂ ਅਸੀਂ ਐਨੀ ਈਰਖਾ ਵਿੱਚ ਬੱਝੇ ਹਾਂ । ਸਾਡਾ ਹੰਕਾਰ ਹੀ ਸਾਨੂੰ ਮਿਲਣ ਨਹੀਂ ਦਿੰਦਾ । ਅਸੀਂ ਬੱਸ ਇਸੇ ਭਰਮ ਵਿੱਚ ਹਾਂ ਕਿ ਸਾਡੇ ਤੋਂ ਸੁਪੀਰੀਅਰ ਕੋਈ ਵੀ ਨਹੀਂ । ਅਸੀ ਸੋਚਦੇ ਹਾਂ ਕਿ ਪਹਿਲਾਂ ਸਤਯੁੱਗ ਸੀ, ਹੁਣ ਕਲਯੁੱਗ ਹੈ । ਇਹ ਧਰਮ ਕਰਮ ਦੀਆਂ ਗੱਲਾਂ ਸਾਡੇ ਤੋਂ ਨੀ ਹੋਣੀਆਂ ਏਨਾਂ ਕਹਿ ਅਸੀਂ ਪੱਲਾ ਝਾੜ ਦਿੰਦੇ ਹਾਂ । ਸਾਡੇ ਘਰਾਂ ਵਿੱਚ ਸਾਨੂੰ ਇਕ ਦੂਸਰੇ ਤੋਂ ਦੂਰ ਕਰਨ ਵਾਲੀਆਂ ਚੀਜਾਂ ਆ ਗਈਆਂ ਹਨ । ਟੀਵੀ ਸਾਡਾ ਸਾਨੂੰ ਸਿਖਾਉਂਦਾ ਹੈ ਕਿ ਕਿਵੇਂ ਅਸੀਂ ਇੱਕ ਦੂਸਰੇ ਨੂੰ ਨੀਵਾਂ ਦਿਖਾਉਣਾ ਹੈ । ਸਾਡੇ ਮੋਬਾਈਲ ਫੋਨ ਵੀ ਦੂਰੀ ਵਧਾਉਣ ਦਾ ਕੰਮ ਕਰਦੇ ਹਨ । ਨੂੰਹ ਸਵੇਰੇ-ਸਵੇਰੇ ਆਪਣੇ ਪੇਕੇ ਫੋਨ ਖੜਕਾ ਦਿੰਦੀ ਹੈ, ਕਿ ਸਾਰੇ ਸੁੱਤੇ ਪਏ ਹਨ, ਮੈਨੂੰ ਹੀ ਕੰਮ ਕਰਨਾ ਪੈ ਰਿਹਾ ਹੈ, ਕੋਈ ਚਾਹ ਬਣਾ ਕੇ ਦੇਣ ਵਾਲ਼ਾ ਨਹੀਂ । ਮਾਂ ਕਹਿੰਦੀ ਹੈ ਅਗਰ ਤੈਨੂੰ ਕੁਝ ਵੀ ਕਿਹਾ ਤੂੰ ਬੱਸ ਇੱਕ ਫੋਨ ਕਰੀਂ ਅਸੀਂ ਪੁਲਿਸ ਲੈ ਕੇ ਪਹੁੰਚ ਜਾਂਵਾਂਗੇ । ਡੌਰੀ ਕੇਸ ਠੋਕ ਕੇ ਸਿਧੇ ਕਰ ਦੇਵਾਂਗੇ । ਝੂਠੇ ਸੱਚੇ ਕੇਸ ਇਕ ਦੂਸਰੇ ਤੇ ਥੋਪੇ ਜਾਂਦੇ ਹਨ । ਧੀਆਂ ਨੂੰ ਜਲਾਉਣ ਦੀਆਂ ਖਬਰਾਂ ਵੀ ਨਿੱਤ ਪੜ੍ਹਦੇ ਹਾਂ । ਪੁਲਿਸ ਵਲੋਂ ਹੁੰਦੀਆਂ ਨਿਤ ਦੀਆਂ ਵਧੀਕੀਆਂ ਨੂੰ ਚੱਲ ਹੋਊ ਕਹਿ ਕੇ ਕਿਉਂ ਛੱਡ ਦਿੰਦੇ ਹਾਂ । ਕਿਉਂ ਅਸੀ ਇੱਕ ਦੂਸਰੇ ਦੇ ਦੁੱਖ ਨੂੰ ਆਪਣਾ ਦੁੱਖ ਨੀ ਸਮਝਦੇ । ਦੂਸਰੇ ਦੇ ਦੁੱਖ ਤੇ ਕਿਉਂ ਤਮਾਸਾ ਬਣਾਉਦੇ ਹਾਂ ? ਕੀ ਏਹੋ ਸਾਡਾ ਸਮਾਜ ਹੈ ।
ਜਪਾਨ ਵਿੱਚ ਇਕ ਮਾਲ ਬਣ ਰਿਹਾ ਸੀ । ਉਸ ਦੇ ਅੰਦਰ ਲੱਕੜ ਦੀ ਪਾਰਟੀਸ਼ਨ ਬਣਾਈ ਗਈ । ਜਦੋਂ ਤਿੰਨ ਮਹੀਨੇ ਬਾਅਦ ਉਸ ਲੱਕੜ ਦੀ ਪਾਰਟੀਸਨ ਨੂੰ ਖੋਹਲਣ ਲੱਗਦੇ ਹਨ ਤਾਂ ਕੀ ਦੇਖਦੇ ਹਨ ਕਿ ਇਕ ਛਿਪਕਲੀ ਉਸ ਪਾਰਟੀਸਨ ਵਿੱਚ ਫਸੀ ਹੋਈ ਹੈ । ਪਾਰਟਸ਼ਿਨ ਕਰਦੇ ਸਮੇਂ ਉਸ ਛਿਪਕਲੀ ਦੇ ਪੈਰ ਵਿੱਚ ਕਿੱਲ ਠੁਕ ਗਈ ਸੀ । ਸਾਰੇ ਹੈਰਾਨ ਹੁੰਦੇ ਹਨ ਕਿ ਇਹ ਛਿਪਕਲੀ ਤਿੰਨ ਮਹੀਨੇ ਤੱਕ ਕਿਵੇਂ ਬਚੀ ਰਹੀ ? ਉਥੇ ਸੀ.ਸੀ.ਟੀ.ਵੀ. ਕੈਮਰੇ ਵੀ ਲੱਗੇ ਹੁੰਦੇ ਹਨ । ਉਹ ਉਹਨਾਂ ਕੈਮਰਿਆਂ ਦੀ ਜਾਂਚ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਕਿਸ ਤਰ੍ਹਾਂ ਬਚੀ ਰਹੀ । ਕੀ ਦੇਖਦੇ ਹਨ ਕਿ ਇਕ ਛਿਪਕਲੀ ਆਉਂਦੀ ਹੈ ਉਸ ਨੂੰ ਖਾਣਾ ਦੇ ਕੇ ਚਲੀ ਜਾਂਦੀ ਹੈ । ਉਹ ਹਰ ਰੋਜ ਇਸੇ ਤਰ੍ਹਾਂ ਕਰਦੀ ਹੈ । ਲਗਾਤਾਰ ਤਿੰਨ ਮਹੀਨੇ ਤੱਕ ਫਸੀ ਹੋਈ ਛਿਪਕਲੀ ਨੂੰ ਉਸ ਦੀ ਦੋਸਤ ਖਾਣਾ ਦਿੰਦੀ ਰਹੀ । ਯਾਰ ਅਸੀਂ ਛਿਪਕਲੀ ਤੋਂ ਹੀ ਕੁਝ ਸਿਖ ਲਈਏ । ਕਿਉਂ ਖੁਦਗਰਜ ਹੋਏ ਪਏ ਹਾਂ । ਕਿਉਂ ਅਸੀਂ ਆਪਣੇ ਘਰਾਂ ਵਿੱਚ ਵੀ ਇਕ ਦੂਜੇ ਤੋਂ ਐਨੇ ਦੂਰ ਹਾਂ । ਸਾਨੂੰ ਇਹ ਧਰਮ ਕਰਮ ਦੀਆਂ ਗੱਲਾਂ ਰਟਣੀਆਂ ਛੱਡ ਆਪਣੇ ਜੀਵਨ ਤੇ ਪ੍ਰੈਕਟੀਕਲੀ ਲਾਗੂ ਕਰਨੀਆਂ ਪੇਣਗੀਆਂ ਤਾਂ ਹੀ ਤਾਂ ਹੀ ਲੋਕ ਸੁਖੀਏ ਪ੍ਰਲੋਕ ਸੁਹੇਲਾ ਹੋ ਸਕਦਾ ਹੈ ਨਹੀਂ ਤਾਂ ਸੱਭ ਫਜੂਲ ਹੈ ।
ਇੰਜੀ. ਮਨਵਿੰਦਰ ਸਿੰਘ ਗਿਆਸਪੁਰ
9872099100
ਪਿੰਡ: ਗਿਆਸਪੁਰ
ਡਾਕ: ਲੋਹਾਰਾ

ਜਿਲ੍ਹਾ : ਲ਼ੁਧਿਆਣਾ