Saturday, March 02, 2019

ਮਨਵਿੰਦਰ ਸਿੰਘ ਗਿਆਸਪੁਰਾ ਦੇ ਉੱਦਮ ਸਦਕਾ ਸੰਗੋਵਾਲ 'ਚ ਲੋਕ ਲਾਮਬੰਦੀ ਸ਼ੁਰੂ

ਦਲਿਤ ਪਰਿਵਾਰ ਦੇ ਹੱਕ ਵਿੱਚ ਟੋਰਾਂਟੋ ਦੀ ਸੋਸਾਇਟੀ ਵੀ ਪਰਿਵਾਰ ਕੋਲ ਪੁੱਜੀ
ਲੁਧਿਆਣਾ: 2 ਮਾਰਚ 2019: (ਪੰਜਾਬ ਸਕਰੀਨ ਬਿਊਰੋ)::
ਅਜੇ ਈਸੇਵਾਲ ਅਤੇ ਹੋਰਨਾਂ ਥਾਵਾਂ ਤੇ ਇਆਨ ਘਟਨਾਵਾਂ ਦੀ ਚਰਚਾ ਠੰਡੀ ਵੀ ਨਹੀਂ ਸੀ ਪਈ ਕਿ ਪਿਡਂ ਸੰਗੋਵਾਲ ਵਿੱਚ ਨਵਾਂ ਕਾਂਡ ਵਾਪਰ ਗਿਆ। ਇੱਕ ਗਰੀਬ ਦਲਿਤ ਪਰਿਵਾਰ ਦੀ ਕੁੜੀ ਨੇ ਸਮਾਜਿਕ ਨਮੋਸ਼ੀ ਅਤੇ ਬਹੂਬਲੀਆਂ ਦੇ ਦਾਬੇ ਕਾਰਨ ਖ਼ੁਦਕੁਸ਼ੀ ਵਾਲਾ ਰਾਹ ਚੁਣ ਲਿਆ। ਚੇਤੇ ਰਹੇ ਕਿ ਪਿੰਡ ਸੰਗੋਵਾਲ ਵਿੱਚ ਦੋ ਲੜਕਿਆਂ ਵਲੋਂ ਦਲਿਤ ਲੜਕੀ ਨਾਲ ਦਿਨ ਦਿਹਾੜੇ ਜਬਰਦਸਤੀ ਕੀਤੀ ਗਈ ਸੀ। ਸ਼ਰੇਆਮ ਕੀਤਾ ਗਿਆ ਇਹ ਕਾਰਾ ਅਮਨ ਕਾਨੂੰਨ ਦੀ ਮੌਜੂਦਾ ਸਥਿਤੀ ਦੀ ਤਾਜ਼ਾ ਤਸਵੀਰ ਸੀ। ਇਹ ਘਟਨਾ ਦੱਸਦੀ ਸੀ ਕਿ ਅਮਨ ਕਾਨੂੰਨ ਦੇ ਰੱਖੀਆਂ ਦਾ ਹੁਣ ਗੁੰਡਾਗਰਦੀ ਕਰਨ ਵਾਲਿਆਂ ਨੂੰ ਕੋਈ ਡਰ ਨਹੀਂ ਰਿਹਾ। ਇਸ ਘਟਨਾ ਤੋਂ ਬਾਅਦ ਪੈਦਾ ਹੋਏ ਲੋਕ ਰੋਹ ਨੇ ਇਹ ਸਾਰਾ ਮਾਮਲਾ ਰਫੜਫਾ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਵੀ ਨਾਕਾਮ ਕਰ ਦਿਤੀਆਂ। ਇਸ ਘਟਨਾ ਨੇ ਦੂਰ ਤੱਕ ਆਪਣਾ ਅਸਰ ਛੱਡਿਆ ਅਤੇ ਟੋਰਾਂਟੋ ਰਹਿੰਦੇ ਲੋਕ ਪੱਖੀ ਸੰਗਠਨ ਵੀ ਇਸ ਪਰਿਵਾਰ ਦੀ ਸਹਾਇਤਾ ਲਈ ਆ ਪਹੁੰਚੇ। ਇਹ ਜਾਣਕਾਰੀ ਦੇਂਦਿਆਂ ਹੋਂਦ ਚਿਲੱੜ ਵਾਲੇ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਉਹ ਵੀ ਆਪਣੇ ਸਾਥੀਆਂ ਸਮੇਤ ਪਿੰਡ ਸੰਗੋਵਾਲ ਵਿੱਚ ਕਈ ਵਾਰ ਪੁੱਜੇ ਤਾਂਕਿ ਪੀੜਿਤ ਪਰਿਵਾਰ ਅਤੇ ਆਲੇ ਦੁਆਲੇ ਦੇ ਲੋਕਾਂ ਦਾ ਮਨੋਬਲ ਤਕੜਾ ਰੱਖਿਆ ਜਾ ਸਕੇ। ਇਸ ਦਾ ਮਕਸਦ ਇਹ ਵੀ ਸੀ ਤਾਂਕਿ ਪਤਾ ਲਾਇਆ ਜਾ ਸਕੇ ਕਿ ਆਖਿਰ ਲੜਕੀ ਨੇ ਕਿਉਂ ਕੀਤੀ ਆਤਮ ਹੱਤਿਆ?  ਦੋਸੀਆਂ ਨੂੰ ਕਿਸ ਨੇ ਬਚਾਇਆ? ਪੁਲਿਸ ਦਾ ਰੋਲ ਕਿਹੋ ਜਿਹਾ ਰਿਹਾ?  ਜੱਟ ਕਮਿਉਨਿਟੀ ਦਾ ਰੋਲ ਕੀ ਸੀ???
ਸੰਗੋਵਾਲ ਦਾ ਦਲਿਤ ਪਰਿਵਾਰ ਇਕ ਧਨਾਢ ਕੋਲ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੇ ਘਰ ਦਾ ਸਾਫ ਸਫਾਈ ਤੇ ਖੇਤੀਬਾੜੀ ਦਾ ਕੰਮ ਕਰਦਾ ਸੀ। ਦਲਿਤ ਪਰਿਵਾਰ ਦਾ ਇੱਕ ਨੌਜਵਾਨ ਲੜਕਾ ਵੀ ਸੀ ਪਰ ਬਦਕਿਸਮਤੀ ਕਿ ਉਸ ਦੀ ਮਹੀਨਾ ਕੁ ਪਹਿਲਾ ਮੌਤ ਹੋ ਗਈ ਸੀ। ਪਰਿਵਾਰ ਅਜੇ ਗਹਿਰੇ ਸਦਮੇ ਤੋਂ ਉਭਰ ਵੀ ਨਹੀਂ ਸੀ ਪਾਇਆ ਕਿ ਹਵਸ ਦੇ ਭੇੜੀਆਂ ਨੇ ਭਰਾ ਦੀ ਮੌਤ ਮਗਰੋਂ ਇਸ ਕੁੜੀ ਨੂੰ ਲਾਵਾਰਸ ਹੀ ਸਮਝ ਲਿਆ। ਭਰਾ ਦੀ ਮੌਤ ਤੋਂ ਬਾਅਦ ਇਸ ਪਰਿਵਾਰ ਵਿੱਚ ਇਕ ਲੜਕੀ ਅਤੇ ਇਕ ਲੱਤਾਂ ਤੋ ਨਕਾਰਾ ਲੜਕਾ ਅਤੇ ਬੇਹੱਦ ਗਰੀਬ ਮਾਂ ਬਾਪ ਹੀ ਸਨ। ਲੜਕੀ ਸੁਨੱਖੀ ਸੀ ਤੇ ਉੱਚ ਜਾਤੀਏ ਭੇੜੀਆਂ ਦੀ ਉਸ 'ਤੇ ਮਾੜੀ ਨਜ਼ਰ ਸੀ। ਮਹੀਨਾ ਪਹਿਲਾਂ ਹੀ ਭਰਾ ਦੀ ਮੌਤ ਹੋ ਜਾਣ ਕਾਰਨ ਉਹਨਾਂ ਲਈ ਲੜਕੀ ਨੂੰ ਨਿਸ਼ਾਨਾ ਬਣਾਉਣਾ ਹੋਰ ਵੀ ਸੁਖਾਲਾ ਹੋ ਗਿਆ ਸੀ। ਇਹ ਦਰਿੰਦਗੀ ਭਰੀ ਘਟਨਾ ਸਾਡੇ ਸਮਾਜ ਦਾ ਕਰੂਪ ਚੇਹਰਾ ਬੇਨਕਾਬ ਕਰਦੀ ਹੈ। 
ਮਿਲੇ ਵੇਰਵੇ ਮੁਤਾਬਿਕ 19 ਫਰਵਰੀ 2019 ਨੂੰ ਸ਼ਾਮੀ ਤਕਰੀਬਨ 5 ਵਜੇ ਇਹ ਲੜਕੀ ਜਮੀਦਾਰਾਂ ਦੇ ਘਰ ਤੋਂ ਘਰੇਲੂ ਕੰਮ ਨਿਪਟਾ ਕੇ ਘਰ ਵਾਪਿਸ ਆ ਰਹੀ ਸੀ ਤਾਂ ਪਹਿਲਾਂ ਤੋਂ ਹੋ ਘਾਤ ਲਗਾਈ ਬੈਠੇ ਜਮੀਦਾਰਾਂ ਦੇ ਲੜਕਿਆਂ ਨੇ ਸਰੇਆਮ ਇਸ ਲੜਕੀ ਨੂੰ ਫੜ ਲਿਆ। ਉਹਨਾਂ ਭੇੜੀਏ ਦੀ ਤਰਾਂ ਇਸ ਲੜਕੀ ਨੂੰ ਨੋਚਣਾ ਸੁਰੂ ਕਰ ਦਿਤਾ। ਲੜਕੀ ਨੇ ਬਹੁਤ ਰੌਲਾ ਪਾਇਆ  ਕੁੱਝ ਬੀਬੀਆਂ ਭੱਜ ਕੇ ਵੀ ਆਈਆਂ ਪਰ ਅਮਨ ਕਾਨੂੰਨ ਅਤੇ ਸਮਾਜ ਤੋਂ ਬੇਖੌਫ ਹੋਏ ਹਵਸ ਦੇ ਉਹਨਾਂ ਦਰਿੰਦਿਆਂ ਦੀ ਹਿੰਮਤ ਐਨੀ ਸੀ ਕਿ ਲੜਕੀ ਨੂੰ ਛੱਡ ਨਹੀ ਸੀ ਰਹੇ। ਸਭ ਦੇ ਸਾਹਮਣੇ ਵੀ ਖਿੱਚੇ ਧੂਹੀ ਕਰਦੇ ਰਹੇ। ਕਹਿੰਦੇ ਚਮਾਰੀ ਮਸਾਂ ਹੱਥ ਆਈ ਆ ਅੱਜ ਨੀ ਛੱਡਦੇ। ਲੜਕੀ ਦੇ ਮਾ ਬਾਪ ਪਹੁੰਚ ਗਏ ਉਹਨਾ ਨੇ ਇਹਨਾਂ ਮੁਸ਼ਟੰਡਿਆਂ ਨੂੰ ਕਾਬੂ ਕੀਤਾ। ਏਨੇ ਨੂੰ ਉਹ ਜਮੀਦਾਰ ਜਿਸ ਕੋਲ ਲੜਕੀ ਕੰਮ ਕਰਦੀ ਸੀ ਉਹ ਆਇਆ ਤੇ ਉਹਨਾਂ ਲੜਕਿਆਂ ਨੂੰ ਇਹ ਕਹਿ ਕੇ ਗੱਡੀ ਵਿਚ ਬੈਠਾ ਕੇ ਨਾਲ ਲੈ ਗਿਆ ਕਿ ਮੈਂ ਇਹਨਾਂ ਸਾਲਿਆਂ ਦਾ ਕੰਮ ਮੁਕਾ ਕੇ ਆਉਂਦਾ ਹਾਂ ਤੁਸੀ ਫਿਕਰ ਨਾ ਕਰੋ ਕਿਸੇ ਕੋਲ ਗੱਲ ਨਹੀਂ ਕਰਨੀ।
ਧਨਾਢ ਜਿੰਮੀਦਾਰ ਉਹਨਾਂ ਨੂੰ ਗੱਡੀ ਵਿੱਚ ਬੈਠਾ ਕੇ ਆਲਮਗੀਰ ਛੱਡ ਆਇਆ। ਇਹ ਗੱਲ ਹੌਲੀ ਹੌਲੀ ਪਿੰਡ ਵਿੱਚ ਫੈਲਣ ਲੱਗੀ।  ਉਸ ਧਨਾਢ ਨੇ ਪਰਿਵਾਰ ਨੂੰ ਧਮਕੀ ਦਿੱਤੀ ਕਿ ਜੇ ਉਹਨਾਂ ਨੇ ਇਸ ਬਾਰੇ ਕਿਸੇ ਕੋਲ ਮੂੰਹ ਖੋਲਿਆ ਤਾਂ ਉਸਨੂੰ ਮਾਰ ਦਿਤਾ ਜਾਵੇਗਾ। ਇਸਦੇ ਨਾਲ ਹੀ ਉਸਨੇ ਇਸ ਲੜਕੀ ਨੂੰ ਕੰਮ ਤੇ ਆਉਣ ਤੋਂ ਵੀ ਮਨਾ ਕਰ ਦਿਤਾ। ਜੰਗ ਦੇ ਮਾਹੌਲ ਵਿੱਚ ਇਹ ਪਰਿਵਾਰ ਆਪਣੀ ਇਜ਼ਤ ਦੀ ਜੰਗ ਹਾਰ ਗਿਆ ਸੀ। ਬਾਹੂਬਲੀਏ ਇੱਕ ਵਾਰ ਫੇਰ ਜਿੱਤ ਗਏ ਸਨ। 
ਲੜਕੀ ਇਕ ਤਾਂ ਇੱਜ਼ਤ ਗੁਆਉਣ ਕਾਰਨ ਸਦਮੇ ਵਿੱਚ ਸੀ ਦੂਸਰਾ ਜਿਸ ਕੋਲ 8 ਸਾਲ ਤੋਂ ਬਿਨਾ ਤਨਖਾਹ ਲਏ ਇਸ ਆਸ ਤੇ ਹੀ ਕੰਮ ਕਰ ਰਹੀ ਸੀ ਕਿ ਇਹ ਧਨਾਢ ਮੇਰੇ ਵਿਆਹ ਤੇ ਖਰਚਾ ਕਰੇਗਾ ਉਸ ਵਲੋਂ ਹੀ ਧੋਖਾ ਦਿੱਤੇ ਜਾਣ ਤੋਂ ਗਹਿਰੇ ਸਦਮੇ ਵਿੱਚ ਆ ਗਈ ਸੀ।  ਉਸ ਨੇ ਜੀਣ ਨਾਲੋਂ ਮੌਤ ਨੂੰ ਗਲੇ ਲਗਾਉਣਾ ਠੀਕ ਸਮਝਿਆ ਕਿਉਕਿ ਉਸ ਨੂੰ ਪਤਾ ਸੀ ਕਿ ਉਸ ਦੇ ਬੇਹੱਦ ਗਰੀਬ ਮਾਂ ਬਾਪ ਅਤੇ ਅਪਾਹਜ ਭਰਾ ਇਹਨਾਂ ਬਾਹੂਬਲੀਆਂ ਨਾਲ ਨਹੀਂ ਲੜ ਸਕਣਗੇ।  ਸੋਹਣੀ ਸੁਨੱਖੀ ਸੁਚੱਜੀ ਧੀ ਨੇ ਪੱਖੇ ਨੂੰ ਚੁੰਨੀ ਵਲੇਟ ਕੇ ਮੌਤ ਨੂੰ ਗਲੇ ਲਗਾਉਣਾ ਠੀਕ ਸਮਝਿਆ ਕਿਉਕਿ ਸਾਡੇ ਗਰੀਬਾਂ ਪੱਲੇ ਇੱਜ਼ਤ ਤੋਂ ਬਿਨਾ ਹੀ ਹੈ ਹੋਰ ਹੈ ਕੀ??
ਏਨਾ ਕੁਝ ਹੋ ਜਾਣ ਤੇ ਵੀ ਪੁਲਿਸ ਨਹੀਂ ਜਾਏਗੀ। ਪੁਲਿਸ ਦਾ ਰੋਲ ਮਾਮਲੇ ਨੂੰ ਰਫੜਫਾ ਕਰਾਉਣ ਵਾਲੇ ਵਿਚੋਲੀਏ ਵਾਂਗ ਰਿਹਾ। 
22 ਫਰਵਰੀ ਦੀ ਦੁਪਿਹਰ ਦਲਿਤ ਦੀ ਬੇਟੀ ਨੇ ਇੱਜ਼ਤ ਗੁਆ ਕੇ ਮੌਤ ਨੂੰ ਅਪਣਾਉਣ ਦੀ ਤਰਜੀਹ ਦੇਣ ਤੋਂ ਬਾਅਦ ਪੁਲਿਸ ਆਈ ਅਤੇ ਉਸ ਨੇ ਪੋਸਟਮਾਰਟਮ ਕਰਵਾਉਣ ਲਈ ਲਾਸ਼ ਨੂੰ ਕਬਜੇ ਵਿੱਚ ਲਿਆ ਅਤੇ ਲੁਧਿਆਣੇ ਸਿਵਲ ਹਸਪਤਾਲ ਲੈ ਆਏ। ਪਿੰਡ ਦੇ ਗਮਗੀਨ ਲੋਕ ਵੀ ਹਸਪਤਾਲ ਪਹੁੰਚੇ। ਸ਼ਾਮੀ ਸੱਤ ਵਜੇ ਤੱਕ ਖੜੇ ਰਹੇ। ਕੋਈ ਪਰਸ਼ਾਸਨਿਕ ਅਧਿਕਾਰੀ ਨਹੀ ਪੁੱਜਾ। ਪਰਸ਼ਾਸਨ ਨੇ  ਸ਼ਾਇਦ ਗਰੀਬਾਂ ਨੂੰ ਕੀੜੇ ਮਕੌੜੇ ਹੀ ਸਮਝਿਆ ਹੋਇਆ ਹੈ। ਉਹਨਾਂ ਨੂੰ ਕੀ! ਥਾਣਾ ਡੇਹਲੋਂ ਇੰਚਾਰਜ ਆਇਆ ਤੇ ਅਗਲੇ ਦਿਨ 23 ਫਰਵਰੀ ਨੂੰ ਸਵੇਰੇ 9 ਵਜੇ ਪੋਸਟਮਾਰਟਮ ਦਾ ਟਾਈਮ ਦੇ ਕੇ ਚਲਾ ਗਿਆ। ਪੁਲਿਸ ਦੀ ਹਰ ਗੱਲ ਨੂੰ ਸੱਤ ਕਹਿ ਕੇ ਮੰਨਣ ਵਾਲੇ ਲੋਕ ਘਰਾਂ ਨੂੰ ਪਰਤ ਗਏ। ਅਗਲੇ ਦਿਨ ਸਵੇਰੇ 9 ਵਜੇ ਪਿੰਡ ਵਾਸੀ ਹਸਪਤਾਲ ਪਹੁੰਚੇ।  ਤਕਰੀਬਨ 200 ਲੋਕ ਪੋਸਟਮਾਰਟਮ ਦਾ ਇੰਤਜ਼ਾਰ ਕਰ ਰਹੇ ਸਨ ਪਰ ਕਿਸੇ ਦੇ ਕੰਨ ਤੇ ਕੋਈ ਜੂੰ ਨਹੀਂ ਸੀ ਸਰਕ ਰਹੀ ਸੀ। ਲੋਕੀ ਅੱਕ ਥੱਕ ਚੁੱਕੇ ਸਨ। ਆਖਿਰ ਦੁਪਹਿਰ ਦੇ 12 ਵੱਜ ਗਏ ।  ਲੋਕਾਂ ਦਾ ਪਾਰਾ ਚੜਨਾ ਸ਼ੁਰੂ ਹੋ ਗਿਆ ਅਤੇ ਨਾਹਰੇਬਾਜੀ ਸੁਰੂ ਹੋ ਗਈ। ਇਥੋਂ ਹੀ ਇਸ ਮਾਮਲੇ ਨੇ ਸੰਘਰਸ਼ ਵਾਲਾ ਰੁੱਖ ਅਖਤਿਆਰ ਕੀਤਾ। ਬਾਅਦ ਦੁਪਹਿਰ 12.30 ਤੇ ਇੰਸਪੈਕਟਰ ਪਰੇਮ ਸਿੰਘ ਪਹੁੰਚਿਆ ਅਤੇ ਉਸ ਨੇ ਆਉਂਦਿਆਂ ਹੀ ਰੋਅਬ ਝਾੜਨਾ ਸੁਰੂ ਕਰ ਦਿਤਾ। ਏਥੋਂ ਤੱਕ ਕਹਿ ਦਿਤਾ ਕਿ ਮੈਂ ਬੜੇ ਮਾਰੇ ਨੇ 1984 ਵਿਚ ਤੁਸੀ ਕਿਹੜੇ ਬਾਗ ਦੀ ਮੂਲੀ ਹੋ ਚੁੱਪ ਕਰ ਜਾਓ। ਗਰੀਬ ਹੱਥ ਜੋੜ ਕੇ ਪਿੱਛੇ ਖੜ ਗਏ। ਪੋਸਟ ਮਾਰਟਮ ਹੋਇਆ। ਬੇਟੀ ਦੀ ਲਾਸ਼ ਨੂੰ ਕੱਪੜੇ ਵਿੱਚ ਲਪੇਟ ਕੇ ਮੰਜੇ ਤੇ ਪਾ ਗੇਟ ਤੇ ਰੱਖ ਦਿਤਾ। ਸਾਰੇ ਇਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਕਿ ਸ਼ਾਇਦ  ਵਾਪਿਸ  ਲੈ ਜਾਣ ਦਾ ਕੋਈ ਇੰਤਜ਼ਾਮ ਹੋਵੇਗਾ। ਲੋਕਾਂ ਦੇ ਗੁੱਸੇ ਦਾ ਕਿਸੇ ਵੀ ਅਧਿਕਾਰੀ ਨੇ ਕੋਈ ਨੋਟਿਸ ਨਹੀਂ ਲਿਆ। ਅੱਧੇ ਘੰਟੇ ਦੀ ਉਡੀਕ ਤੋ ਬਾਅਦ ਲੋਕਾਂ ਦਾ ਗੁੱਸਾ ਭਾਂਬੜ ਬਣ ਬਲਣ ਲੱਗਾ ਉਹਨਾਂ ਲਾਸ਼ ਨੂੰ ਮੋਢਿਆਂ ਤੇ ਚੁੱਕ ਕਮਿਸ਼ਨਰ ਦਫਤਰ ਲੈ ਜਾਣ ਦਾ ਫੈਸਲਾ ਕੀਤਾ ਕਿਉਂਕਿ ਕਮਿਸਨਰ ਸਾਹਿਬ ਕੋਲ ਗਰੀਬ ਦਲਿਤ ਲਈ ਟਾਈਮ ਨਹੀਂ ਸੀ ਕਿਉਂ ਨਾ ਲਾਸ਼ ਹੀ ਉਸ ਤੱਕ ਲਿਜਾਈ ਜਾਏ ।
ਗੁੱਸੇ ਵਿੱਚ ਭੀੜ ਨੇ ਨਾਹਰੇਬਾਜੀ ਕਰਦਿਆਂ ਛੇ ਕਿਲੋਮੀਟਰ ਦਾ ਲੰਬਾ ਪੈਂਡਾ ਤਹਿ ਕੀਤਾ। ਰਸਤੇ ਵਿੱਚ ਪੁਲਿਸ ਨੇ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਅਤੇ ਇਸ ਮਕਸਦ ਲਈ ਹਰ ਵਧੀਕੀ ਵੀ ਕੀਤੀ ।
ਹੰਕਾਰੀ ਅਧਿਕਾਰੀ ਪਰੇਮ ਸਿੰਘ ਨੇ ਸੰਗੋਵਾਲ ਦੇ ਪੰਚ ਰਣਬੀਰ ਸਿੰਘ ਦੀ ਕੁੱਟਮਾਰ ਕਰ ਕੇ ਦਸਤਾਰ ਉਤਾਰ ਦਿਤੀ। ਲੋਕੀ ਹੋਰ ਭੜਕ ਪਏ ਅਤੇ ਉਹਨਾਂ ਨੇ ਲਾਸ਼ ਨੂੰ ਕਚਹਿਰੀਆਂ ਵਿੱਚ ਲਿਜਾ ਕੇ ਹੀ ਦਮ ਲਿਆ।
ਪਰਸ਼ਾਸਨ ਨੇ ਕਾਰਵਾਈ ਦਾ ਵਿਸ਼ਵਾਸ ਦਿਵਾਇਆ। ਪਰਿਵਾਰ ਨੇ ਫੈਸਲਾ ਕੀਤਾ ਕਿ ਲੜਕੀ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਦੋਸ਼ੀ ਫੜੇ ਨੀ ਜਾਂਦੇ ਅਤੇ ਦਸਤਾਰ ਉਤਾਰਨ ਵਾਲੇ 'ਤੇ ਕਾਰਵਾਈ ਨਹੀ ਹੋ ਜਾਂਦੀ। ਲੜਕੀ ਦੀ ਲਾਸ਼ ਸੰਗੋਵਾਲ ਲੁਧਿਆਣੇ ਫਰੀਜਰ ਵਿੱਚ ਰੱਖ ਦਿੱਤੀ। ਏਧਰੋਂ ਸੰਘਰਸ਼ ਦੇ ਪਰਚੰਡ ਹੋਣ ਦਾ ਸਮਾਂ ਆਇਆ ਤਾਂ ਇਸਦਾ ਵਿਰੋਧ ਵੀ ਤਿੱਖਾ ਹੋ ਗਿਆ। ਜੱਟ ਕਮਿਉਨਿਟੀ ਦਾ ਰੋਲ ਵੀ ਵਿਵਾਦਤ ਰਿਹਾ।
ਇਹ ਗੱਲ ਉਦੋਂ ਸਾਹਮਣੇ ਆਈ ਜਦੋਂ  23 ਫਰਵਰੀ ਦੀ ਸ਼ਾਮ ਨੂੰ ਜਦੋਂ ਪੁਲਿਸ ਨੇ ਕਾਰਵਾਈ ਕਰ ਕੇ  ਦੋਸ਼ੀ ਫੜੇ ਤਾਂ ਸੰਗੋਵਾਲ ਦੇ ਜੱਟ ਭਰਾਂਵਾ ਨੇ ਉਹਨਾਂ ਬਲਤਕਾਰੀਆਂ ਨੂੰ ਬੱਚਾਉਣ ਲਈ ਗਿਲ ਨਹਿਰ ਤੇ ਧਰਨਾ ਲਗਾ ਦਿਤਾ। ਇਸ ਤੇ ਸੰਘਰਸ਼ ਹੋਰ ਤਿੱਖਾ ਹੋ ਗਿਆ। ਇਸ ਪਿੰਡ ਦਾ ਦੌਰਾ ਕਰਨ ਮਗਰੋਂ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਇਸ ਸੰਘਰਸ਼ ਦੌਰਾਨ ਇਹ ਗੱਲ ਦੱਸਣੀ ਵੀ ਜ਼ਰੂਰੀ ਹੈ ਕਿ ਇਹ ਦਲਿਤ ਪਰਿਵਾਰ ਬੇਹੱਦ ਗਰੀਬ ਹੈ। ਜੇ ਮਦਦ ਨਾ ਮਿਲੀ ਤਾਂ ਉਹ ਜਲਦੀ ਟੁੱਟ ਜਾਵੇਗਾ। ਇਸ ਪਰਿਵਾਰ ਨੂੰ ਲੜਾਈ ਵਿੱਚ ਖੜਾ ਰੱਖਣ ਲਈ ਮਾਇਆ ਦੀ ਲੋੜ ਹੈ। ਜੇ ਕਿਸੇ ਨੇ ਮੱਦਦ ਨਾ ਕੀਤੀ ਤਾਂ ਮਾਮਲਾ ਦੋ ਚਾਰ ਦਿਨਾ ਵਿੱਚ ਹੀ ਰਫਾ ਦਫਾ ਹੋ ਜਾਵੇਗਾ। 
ਕੌੜੀ ਸਚਾਈ ਹੈ ਕਿ ਸਿਰਫ ਕਰਜ਼ਿਆਂ ਕਰਕੇ ਆਤਮ ਹੱਤਿਆ ਕਰਨ  ਵਾਲਿਆਂ ਲਈ ਪਰਸ਼ਾਸਨ ਤੁਰੰਤ ਹਰਕਤ ਵਿੱਚ ਆ ਜਾਂਦਾ ਹੈ ਅਤੇ ਰਾਹਤ ਰਾਸ਼ੀ ਵਾਲੀ ਸਮੇਤ ਰਕਮ ਕਰਜਾ ਮੁਆਫੀ ਲੈ ਕੇ ਤੁਰੰਤ ਪਹੁੰਚ ਜਾਂਦਾ ਹੈ ਪਰ ਏਥੇ ਗਰੀਬ ਦੀ ਲੜਕੀ ਨਾਲ ਧੱਕਾ ਹੋਇਆ ਅਤੇ ਉਸਨੂੰ ਆਤਮਹੱਤਿਆ ਲਈ ਮਜਬੂਰ ਕੀਤਾ ਗਿਆ ਕੋਈ ਮੱਦਦ ਦੇਣ ਨਹੀਂ ਬਹੁੜਿਆ। ਹੁਣ ਉਮੀਦ ਇੰਨਸਾਫ ਪਸੰਦ ਲੋਕਾਂ ਤੋਂ ਹੀ ਹੈ।
ਇਸ ਅਪੀਲ ਨੇ ਅਸਰ ਦਿਖਾਇਆ ਅਤੇ ਲੋਕ ਅੱਗੇ ਆਉਣਾ ਸ਼ੁਰੂ ਹੋਏ। 
ਦਲਿਤ ਲੜਕੀ ਨਾਲ ਛੇੜ ਛਾੜ ,ਜਗੀਰਦਾਰ ਪਰਿਵਾਰ ਵਲੋਂ ਸੁਰੱਖਿਆ ਦਾ ਭਰੋਸਾ ਦੇ ਕੇ ਗੁੰਡਿਆ ਨਾਲ ਰਲ ਜਾਣਾ ਅਤੇ ਲੜਕੀ ਵਲੋਂ ਆਤਮਹੱਤਿਆ ਕਰ ਜਾਣਾ ਸਾਡੇ ਸਮਾਜ ਲਈ ਕਲੰਕਿਤ ਗੱਲ ਹੈ। ਪੁਲਿਸ ਵਲੋਂ ਇੰਨਸਾਫ ਮੰਗਦੇ ਲੋਕਾਂ ਤੇ ਡਾਗਾਂ ਵਰਾਉਣੀਆਂ, ਉਹਨਾਂ ਦਰਿੰਦਿਆਂ ਦਾ ਬਿਨਾ ਰਿਮਾਂਡ ਲਏ ਬਿਨਾ ਪੁੱਛਗਿੱਛ ਦੇ ਜੇਲ ਭੇਜ ਲੇਣਾ ਕਿਤੇ ਨਾ ਕਿਤੇ ਪੁਲਿਸ ਅਤੇ ਗੁੰਡਾਤੰਤਰ ਦਾ ਮੈਲੇ ਹੋਣਾ ਸਿੱਧ ਕਰਦਾ ਹੈ। ਘਟਨਾ ਨੂੰ ਬੀਤਿਆਂ ਛੇ ਦਿਨ ਹੋ ਜਾਣੇ ਕਿਸੇ ਵੀ ਲੀਡਰ ਵਲੋਂ ਨਾ ਬਹੁੜਨਾ ਨਾ ਹੀ ਇਲਾਕੇ ਦੇ  ਐਮ ਐਲ ਏ  ਨਾ ਹੀ ਇਲਾਕੇ ਦੇ ਐਮ ਪੀ ਦਾ ਨਾ ਆਉਣਾ ਦਲਿਤਾਂ ਨੂੰ ਸਿਰਫ ਭੇਡਾਂ ਬੱਕਰੀਆਂ ਸਮਝਣ ਦੇ ਤੁਲ ਹੈ ਕਿ ਇਹਨਾਂ ਦੀਆਂ ਵੋਟਾਂ ਜਿਵੇ ਮਰਜੀ ਕੰਨਮਰੋੜ ਕੇ ਪੁਆਈਆ ਜਾ ਸਕਦੀਆਂ ਹਨ। ਗੁੰਡਿਆ ਅਤੇ ਰਾਜਨੀਤਕ ਲੋਕਾਂ ਦਾ ਗੱਠਜੋੜ ਤੋੜਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।
ਵਧਾਈ ਦੇ ਪਾਤਰ ਹਨ ਬਸਪਾ ਵਾਲੇ ਜਿਹਨਾਂ ਨੇ ਮਜ਼ਲੂਮ ਦੀ ਬਾਂਹ ਫੜੀ। ਸਿਮਰਜੀਤ ਸਿੰਘ ਬੈਂਸ ਜਿਹਨਾਂ ਨੇ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਉਠਾਉਣ ਲਈ ਡਿਟੇਲ ਲਈ ਅਤੇ ਉਹਨਾਂ ਵਲੋਂ ਵਾਕਾਉਟ ਕੀਤੇ ਜਾਣ ਕਾਰਨ ਨਹੀਂ ਉਠਾ ਸਕੇ। ਉਹਨਾਂ ਸੁਨੇਹਾ ਦਿਤਾ ਕਿ ਉਹ ਇਸ ਮਾਮਲੇ ਨੂੰ ਲੈ ਪਿੰਡ ਵਿੱਚ ਆਉਂਦੇ ਰਹਿਣਗੇ ਤਾਂਕਿ ਦਲਿਤ ਪਰਿਵਾਰ ਦਾ ਹੌਂਸਲਾ ਬਣਿਆ ਰਹੇ। 
ਮਨਵਿੰਦਰ ਸਿੰਘ ਗਿਆਸਪੁਰਾ ਅਤੇ ਉਹਨਾਂ ਦੀ ਟੀਮ ਨੇ ਮੀਡੀਆ ਨੂੰ ਵੀ ਕਿਹਾ ਕਿ ਅਸੀਂ ਪੁੱਛਣਾ ਚਹੁੰਦੇ ਹਾ ਕਿ ਹੁਣ ਵੂਮੈਨ ਕਮਿਸ਼ਨ ਕਿਥੇ ਹੈ? ਕੀ ਉਹਨਾ ਨੂੰ ਸਿਰਫ ਕੁਲੀਨ ਵਰਗ ਹੀ ਦਿਸਦਾ ਹੈ?
ਐਸ ਸੀ ਐਸ ਟੀ ਕਮਿਸ਼ਨ ਕਿਥੇ ਹੈ? ਕੀ ਉਹ ਸਿਰਫ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਹਨ? ਡੀਸੀ ਕਿਥੇ ਹੈ ਕੀ ਉਹ ਜਿਲੇ ਦਾ ਮਾਲਕ ਨਹੀ?
ਇੰਨਸਾਫ ਪਸੰਦ ਲੋਕਾਂ ਨੂੰ ਅਪੀਲ ਹੈ ਕਿ ਕਿਸੇ ਨੇ ਕੁੱਝ ਨੀ ਕਰਨਾ ਤੁਹਾਡੇ ਸਹਿਯੋਗ ਨਾਲ ਹੀ ਮੋਰਚਾ ਸਰ ਹੋਵੇਗਾ। ਭੈਣ ਦੀ ਅੰਤਿਮ ਅਰਦਾਸ 5 ਮਾਰਚ ਦਿਨ ਮੰਗਲਵਾਰ ਨੂੰ ਪਿੰਡ ਸੰਗੋਵਾਲ ਵਿਖੇ ਰੱਖੀ ਗਈ ਹੈ। ਆਪ ਸੱਭ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਅਤੇ ਪਰਸ਼ਾਸਨ ਤੇ ਲੋਕਾਂ ਨੂੰ ਜਗਾਓ।
ਸੰਗੋਵਾਲ ਕਾਂਡ ਨੇ ਲੋਕਾਂ ਨੂੰ ਉਹਨਾਂ ਦੀ ਅਸਲੀ ਹਾਲਤ ਇੱਕ ਵਾਰ ਫੇਰ ਦਿਖਾਈ ਹੈ। ਉਹਨਾਂ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਟੋਰਾਂਟੋ ਵਾਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਜਿਹਨਾਂ ਨੇ ਉਚ ਨੀਚ ਜਾਤ ਬਰਾਦਰੀ ਦੀਆਂ ਸਾਰੀਆਂ ਹੱਦਾਂ ਤੋੜਦੇ ਹੋਏ ਗਰੀਬ ਮਜਲੂਮ ਦੇ ਹੱਕ ਵਿੱਚ ਖੜਨ ਦਾ ਫੈਸਲਾ ਕੀਤਾ। ਅਸੀਂ ਧੰਨਵਾਦੀ ਹਾਂ ਟਰਾਂਟੋ ਵਾਲੇ ਵੀਰਾਂ ਦਾ ਜਿਹਨਾ ਬਿਨਾ ਦੇਰੀ ਕੀਤਿਆਂ 15 ਹਜਾਰ ਦੀ ਰਾਸੀ ਨੂੰ ਪਰਿਵਾਰ ਤੱਕ ਪਹੁੰਚਾਇਆ ਹੀ ਨਹੀ ਸਗੋ ਉਹਨਾਂ ਦੇ ਘਰ ਪਹੁੰਚ ਕੇ ਉਹਨਾਂ ਨੂੰ ਲੜਨ ਲਈ ਪਰੇਰਿਤ ਵੀ ਕੀਤਾ ਅਤੇ ਭਵਿੱਖ  ਵਿੱਚ ਵੀ ਨਾਲ ਖੜਨ ਦਾ ਅਹਿਦ ਵੀ ਲਿਆ। ਇਹ ਉਹਨਾਂ ਮੁਤੱਸਬੀ ਲੋਕਾਂ ਦੇ ਮੂੰਹ 'ਤੇ ਇੱਕ ਚਪੇੜ ਹੈ ਜਿਹੜੇ ਜਾਤ ਬਰਾਦਰੀ ਦੀਆਂ ਗੱਲਾਂ ਕਰਕੇ ਜ਼ਾਲਮਾਂ ਦੇ ਹੱਕ ਵਿੱਚ ਧਰਨੇ ਲਗਾ ਰਹੇ ਹਨ ਅਤੇ ਸੁਣਨ ਵਿੱਚ ਇਹ ਵੀ ਆਇਆ ਹੈ ਕਿ ਐਤਵਾਰ ਨੂੰ ਗੁਰੂਘਰ ਇਕੱਠ ਕਰ ਕਰਕੇ ਗਰੀਬ ਬੇਟੀ ਦੇ ਘਰ ਮੰਗਲਵਾਰ ਨੂੰ ਭੋਗ ਤੇ ਸਮੂਹਿਕ ਰੂਪ ਵਿੱਚ ਨਾ ਜਾਣ ਦਾ ਅਹਿਦ ਲੈਣਗੇ। ਉਹਨਾਂ ਦੀ ਸੋਚ ਉਹਨਾਂ ਨੂੰ ਮੁਬਾਰਕ ਪਰ ਅਜਿਹੇ ਕੁਕਰਮੀਆਂ ਦੇ ਹੱਕ ਵਿੱਚ ਗੁਰੂਘਰ ਨੂੰ ਵਰਤਣ ਦੀ ਆਗਿਆ ਨਹੀ ਹੋਣੀ ਚਾਹੀਦੀ। ਸੋ ਇੰਨਸਾਫ ਅਤੇ ਮਨੁੱਖਤਾ ਪਰਸਤ  ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਗਰੀਬ ਪਰਿਵਾਰ ਦਾ ਮਾਇਆ ਰੂਪ  ਵਿਚ ਵੱਧ ਤੋਂ ਵੱਧ ਸਹਿਯੋਗ ਦੇਣ।
ਨਾਲ ਹੀ ਅਪੀਲ ਹੈ ਕਿ ਸਮਾਜ ਸੇਵੀ ਜਥੇਬੰਦੀਆਂ ਗੱਲ ਕਰਨ ਤੇ ਗੁਰੂਘਰ ਅਜਿਹੇ ਇਕੱਠ ਨੂੰ ਰੋਕਿਆ ਜਾਵੇ। ਕਿਸੇ ਨੂੰ ਕੇਸ ਸੰਬੰਧੀ ਸੱਕ ਹੋਵੇ ਤਾਂ ਦਾਸ ਕਿਸੇ ਨਾਲ ਵੀ ਵਾਰਤਾ ਕਰਨ ਲਈ ਹਾਜ਼ਿਰ ਹੈ।
5 ਮਾਰਚ ਦਿਨ ਮੰਗਲਵਾਰ ਵੱਧ ਤੋਂ ਵੱਧ ਸੰਗਤਾਂ ਨੂੰ ਅਪੀਲ ਹੈ ਕਿ ਉਹ ਪਹੁੰਚ ਕੇ ਦਰਦ ਵੰਡਾਓ ਅਤੇ ਦਿਲ ਖੋਲ ਕੇ ਮੱਦਦ ਦੇਵੋ। ਹੁਣ ਦੇਖਣਾ ਹੈ ਕਿ ਲੋਕ ਰੋਹ ਕਿੰਨੀ ਜਲਦੀ ਇਸ ਪਰਿਵਾਰ ਨੂੰ ਇਨਸਾਫ ਦੁਆਉਂਦਾ ਹੈ!

No comments: