Saturday, April 29, 2023

ਹੁਣ ਲਾਸ਼ਾਂ 'ਤੇ ਵੀ ਮੁਨਾਫ਼ਾ? ਕਿੱਧਰ ਜਾ ਰਹੇ ਹਾਂ ਅਸੀਂ?

ਕੀ ਕਾਰਪੋਰੇਟੀ ਦੌਰ ਆਸਥਾਵਾਂ ਅਤੇ ਸੰਸਕਾਰਾਂ ਨੂੰ ਵੀ ਨਿਗਲਦਾ ਜਾ ਰਿਹੈ?


ਮੋਹਾਲੀ: 28 ਅਪ੍ਰੈਲ 2023: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::
ਹਥਿਆਰਾਂ ਦਾ ਵਪਾਰ ਕਰਨ ਵਾਲਿਆਂ ਨੇ ਤਾਂ ਤਬਾਹੀਆਂ ਦੇ ਇਤਿਹਾਸ ਹੀ ਰਚੇ ਹੋਣਗੇ ਪਰ ਵਿਚਾਰਾਂ ਨਾਲ ਜੁੜੇ ਲੋਕਾਂ ਨੇ ਦੁਨੀਆ ਨੂੰ ਸਿਧੇ ਰਾਹੇ ਹੀ ਪਾਇਆ ਹੈ। ਕਿਤਾਬਾਂ ਦੇ ਕੈਫੇ ਨਾਲ ਪ੍ਰਸਿੱਧ ਹੋਏ ਸੁਖਰਾਜ ਕਿਤਾਬਾਂ ਦੀ ਦੁਨੀਆ ਨਾਲ ਜੁੜੇ ਹੋਏ ਹਨ। ਉਹਨਾਂ ਕੋਲੋਂ ਹਮੇਸ਼ਾਂ ਚੰਗੀਆਂ ਗੱਲਾਂ ਮਿਲਦੀਆਂ ਹਨ। ਇਸ ਵਾਰ ਇੱਕ ਨਵੀਂ ਲਿਖਤ ਦੀ ਗੱਲ ਕਰਦੇ ਹਾਂ। 

Sukhraj Sj ਹੁਰਾਂ ਨੇ ਆਪਣੇ ਪ੍ਰੋਫ਼ਾਈਲ 'ਤੇ ਇੱਕ ਲਿਖਤ ਕਾਪੀ ਕਰ ਕੇ ਪੋਸਟ ਕੀਤੀ ਹੈ। ਇਹ ਲਿਖਤ  ਅਤੇ ਅਤੇ ਸੋਚ ਦੀਆਂ ਧੱਜੀਆਂ ਉਡਾ ਦੇਂਦੀ ਹੈ ਜਿਸਦਾ ਪ੍ਰਗਟਾਵਾ ਫਿਲਮ ਦੁਨੀਆ ਦੀ ਸ਼ਖ਼ਸੀਅਤ ਮਨੋਜ ਕੁਮਾਰ ਨੇ ਸੰਨ 1970 ਵਿੱਚ ਆਈ ਆਪਣੀ ਫਿਲਮ "ਪੂਰਬ ਔਰ ਪਸ਼ਚਿਮ" ਵਿਹਚ ਇੰਡੀਵਰ ਸਾਹਿਬ ਦਾ ਲਿਖਿਆ ਇੱਕ ਗੀਤ ਸ਼ਾਮਿਲ ਕੀਤਾ ਸੀ ਜਿਹੜਾ ਬਹੁਤ ਹਿੱਟ ਹੋਇਆ ਸੀ। ਹਲੂਣਾ ਦੇਣ ਵਾਲੇ ਇਸ ਗੀਤ ਵਿੱਚ ਬਹੁਤ ਸਾਰੇ ਕਲਾਕਾਰ ਪਰਦੇ 'ਤੇ ਵੀ ਦਿਖਾਏ ਗਏ ਸਨ। ਇਸ ਗੀਤ ਦੇ ਬੋਲ ਸਨ:

ਹੈ ਪ੍ਰੀਤ ਜਹਾਂ ਕੀ ਰੀਤ ਸਦਾ ਮੈਂ ਗੀਤ ਵਹਾਂ ਕੇ ਗਾਤਾ ਹੂੰ!

ਭਾਰਤ ਕਾ ਰਹਿਨੇ ਵਾਲਾ ਹੂੰ; ਭਾਰਤ ਕੀ ਬਾਤ ਬਤਾਤਾ  ਹੂੰ!

ਇਸ ਗੀਤ ਵਿੱਚ ਹੀ ਭਾਰਤ ਦੇ ਧਾਰਮਿਕ ਅਕੀਦਿਆਂ, ਸੱਭਿਆਚਾਰਾਂ ਅਤੇ ਸੰਸਕਾਰਾਂ ਦੀ ਗੱਲ ਕਰਦਿਆਂ ਕੁਝ ਸਤਰਾਂ ਆਉਂਦੀਆਂ ਹਨ ਜਿਹੜੀਆਂ ਭਾਰਤ ਵਿਚਲੇ ਉਸ ਵੇਲੇ ਦੇ ਸੰਸਕਾਰਾਂ ਅਤੇ ਵਿਚਾਰਕ ਪਹੁੰਚ ਦਾ ਪਤਾ ਦੇਂਦੀਆਂ ਹਨ। ਇਹ ਸਤਰਾਂ ਹਨ:

ਇਤਨੀ ਮਮਤਾ ਨਦੀਓਂ ਕੋ ਭੀ 
ਜਹਾਂ ਮਾਤਾ ਕਹਿ ਕੇ ਬੁਲਾਤੇ ਹੈਂ!
ਇਤਨਾ ਆਦਰ ਇਨਸਾਨ ਤੋਂ ਕਿਆ 
ਪੱਥਰ ਭੀ ਪੂਆਜੇ ਜਾਤੇ ਹੈਂ!
ਇਸ ਧਰਤੀ ਪੈ ਮੈਨੇ ਜਨਮ ਲੀਆ 
ਯੇਹ ਸੋਚ ਕੇ ਮੈਂ ਮੈਂ ਇਤਰਾਤਾ ਹੂੰ!
ਭਾਰਤ ਕਾ ਰਹਿਨੇ ਵਾਲਾ ਹੂੰ!
ਭਾਰਤ ਕੀ ਬਾਤ ਬਤਾਤਾ ਹੂੰ!
ਪਰ ਇਹ ਇੱਕਤਰਫਾ ਜਿਹੀ ਤਸਵੀਰ ਵੀ ਬਹੁਤੀ ਦੇਰ ਤੱਕ ਕਾਇਮ ਨਾ ਰਹੀ ਸਕੀ। ਫ਼ੈਜ਼ ਅਹੋਮਦ ਫ਼ੈਜ਼ ਸਾਹਿਬ ਦੀ ਕਵਿਤਾ ਵੀ ਆਪਣੇ ਵੇਲਿਆਂ ਦੀ ਗਵਾਹੀ ਦੇਂਦੀ ਹੈ। ਕਿ ਸਨ ਉਹਨਾਂ ਵੇਲੈ ਦੇ ਹਾਲਾਤ ਅਤੇ ਕੀ ਸੀ ਉਹਨਾਂ ਵੇਲਿਆਂ ਦੀ ਤਸਵੀਰ ਇਸਦੀ ਇੱਕ ਝਲਕ ਵੀ ਦੇਖੋ ਜ਼ਰਾ: 
ਹਰ-ਇਕ ਦੌਰ ਮੇਂ, ਹਰ ਜ਼ਮਾਨੇ ਮੇਂ ਹਮ
ਜ਼ਹਰ ਪੀਤੇ ਰਹੇ, ਗੀਤ ਗਾਤੇ ਰਹੇ
ਜਾਨ ਦੇਤੇ ਰਹੇ ਜ਼ਿੰਦਗੀ ਕੇ ਲੇਏ
ਸਾਅਤੇ-ਵਸਲ ਕੀ ਸਰਖ਼ੁਸ਼ੀ ਕੇ ਲੀਏ
ਦੀਨ-ਓ-ਦੁਨੀਯਾ ਕੀ ਦੌਲਤ ਲੁਟਾਤੇ ਰਹੇ
ਫ਼ਕਰੋ-ਫ਼ਾਕਾ ਕਾ ਤੋਸ਼ਾ ਸੰਭਾਲੇ ਹੁਏ
ਜੋ ਭੀ ਰਸਤਾ ਚੁਨਾ ਉਸ ਪੇ ਚਲਤੇ ਰਹੇ
ਮਾਲ ਵਾਲੇ ਹਿਕਾਰਤ ਸੇ ਤਕਤੇ ਰਹੇ
ਤਾਨ ਕਰਤੇ ਰਹੇ ਹਾਥ ਮਲਤੇ ਰਹੇ
ਹਮਨੇ ਉਨ ਪਰ ਕੀਯਾ ਹਰਫ਼ੇ-ਹਕ ਸੰਗਜ਼ਨ
ਜਿਨ ਕੀ ਹੈਬਤ ਸੇ ਦੁਨੀਯਾ ਲਰਜ਼ਤੀ ਰਹੀ
ਜਿਨ ਪੇ ਆਂਸੂ ਬਹਾਨੇ ਕੋ ਕੋਈ ਨ ਥਾ
ਅਪਨੀ ਆਂਖ ਉਨਕੇ ਗ਼ਮ ਮੇਂ ਬਰਸਤੀ ਰਹੀ
ਅਸਲ ਵਿਚ ਬਹੁਤ ਪਹਿਲਾਂ ਹੀ ਬਰਬਾਦੀਆਂ ਦੇ ਸਿਲਸਿਲੇ ਸ਼ੁਰੂ ਹੋ ਚੁੱਕੇ ਸਨ। ਆਜ਼ਾਦੀ ਆਉਣ ਤੋਂ ਬਾਅਦ ਵੀ ਬਹੁਤੀ ਦੇਰ ਤੱਕ ਇਹਨਾਂ ਨੂੰ ਰੋਕਿਆ ਨਾ ਜਾ ਸਕਿਆ। Sukhraj Sj ਆਪਣੀ ਕਾਪੀ ਕਰ ਕੇ ਪੇਸਟ ਕੀਤੀ ਇਸ ਪੋਸਟ ਵਿੱਚ ਦੱਸਦੇ ਹਨ: ਜਦੋਂ ਬਿਸਲੇਰੀ ਨੇ ਮੁੰਬਈ ਠਾਣੇ ‘ਚ ਪਹਿਲਾਂ ਪਾਣੀ ਦਾ ਪਲਾਂਟ 1965 ‘ਚ ਲਗਾਇਆ ਸੀ ਤਾ ਲੋਕ ਹੱਸਦੇ ਸੀ ਕਿ ਮੁੱਲ ਦਾ ਪਾਣੀ ਖਰੀਦੇਗਾ ਕੌਣ...!!!? ਇਹ ਉਹ ਜ਼ਮਾਨਾ ਸੀ ਜਦੋਂ ਲੁਧਿਆਣਾ ਵਰਗੇ ਵਪਾਰਕ ਕੇਂਦਰਾਂ ਵਿੱਚ ਵੀ ਤੰਦੂਰੀ ਰੋਟੀ ਪੰਜ ਦਸ ਪੈਸਿਆਂ ਦੀ ਮਿਲਦੀ ਸੀ ਅਤੇ ਇਹਨਾਂ ਰੋਟੀਆਂ ਦੇ ਨਾਲ ਦਾਲ ਮੁਫ਼ਤ ਦਿੱਤੀ ਜਾਂਦੀ ਸੀ। ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਲੱਕੜ ਬਾਜ਼ਾਰ ਲੁਧਿਆਣੇ ਦੇ ਲਕਸ਼ਮੀ ਸਿਨੇਮਾ ਸਾਹਮਣੇ ਇਹਨਾਂ ਢਾਬਿਆਂ ਦੀ ਪੂਰੀ ਕਤਾਰ ਹੋਇਆ ਕਰਦੀ ਸੀ। ਜਿਹੜਾ ਗਾਹਕ ਕਿਸੇ ਵੀ ਢਾਬੇ 'ਤੇ ਬਹਿ ਕੇ ਰੋਟੀ ਦੇ ਨਾਲ ਸਬਜ਼ੀ ਦੀ ਪਲੇਟ ਵੀ ਲੈਂਦਾ ਸੀ ਤਾਂ ਉਸ ਨੂੰ ਸ਼ਾਹ ਖਰਚ ਵਾਲਾ ਗਾਹਕ ਸਮਝਿਆ ਜਾਂਦਾ ਸੀ। ਪਾਣੀ ਦਾ ਜੱਗ ਮੁਫ਼ਤ ਰੱਖ਼ੀ ਜਾਂਦਾ ਸੀ। ਗਰਮੀ ਅਤੇ ਸਫ਼ਰ ਦੇ ਸਤਾਏ ਗਾਹਕ ਪਹਿਲਾਂ ਤਾਂ ਇੱਕ ਅੱਧ ਜਗ ਵਾਲਾ ਪਾਣੀ ਮੂੰਹ 'ਤੇ ਛਿੱਟੇ ਮਾਰਨ ਵਿਚ ਖਰਚ ਕਰ ਦੇਂਦੇ ਸਨ। ਫਿਰ ਉਹਨਾਂ ਨੂੰ ਬਰਫ ਵਾਲਾ ਹੋਰ ਪਾਣੀ ਬੜੀ ਖੁਸ਼ੀ ਨਾਲ ਦੇ ਦਿੱਤਾ ਜਾਂਦਾ ਸੀ। ਪਿਆਜ਼, ਹਰੀਆਂ ਮਿਰਚਾਂ ਅਤੇ ਅਚਾਰ ਵੀ ਮੁਫ਼ਤ ਦਿੱਤਾ ਜਾਂਦਾ ਸੀ। 

ਇਹ ਪੀਣ ਵਾਲਾ ਪਾਣੀ ਜੋ ਅੱਜ ਤੋਂ 50 ਸਾਲ ਪਹਿਲਾਂ ਮੁਫ਼ਤ ਸੀ ਹੁਣ ਪੀਣ ਵਾਲੇ ਪਾਣੀ ਦਾ ਬਿਜਨਿਸ 1.8 ਲੱਖ ਕਰੋੜ ਦਾ ਹੋ ਗਿਆ ਹੈ...ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਲਾਤ ਕਿੰਨੇ ਦਹਾਕੇ ਪਹਿਲਾਂ ਹੀ ਮੁਨਾਫਾਖੋਰੀ ਅਤੇ ਕਾਰਪੋਰੇਟ ਕਲਚਰ ਵੱਲ ਮੁੜ ਪਏ ਸਨ। ਅੱਜ ਪੀਣ ਵਾਲਾ ਪਾਣੀ ਪੈਸੇ ਖਰਚ ਕਰਕੇ ਵੀ ਆਸਾਨੀ ਨਾਲ ਨਹੀਂ ਲਭਦਾ -ਪੀਣ ਦਾ ਪਾਣੀ ਵੇਚਣ ਵਾਲਿਆਂ ਬਹੁਤ ਸਾਰੀਆਂ ਕੰਪਨੀਆਂ ਹਨ ਅਤੇ ਇਹਨਾਂ ਦੇ ਬਹੁਤ ਸਾਰੇ ਆਊਟਲੈਟ ਵੀ ਹਨ ਜਿਹੜੇ ਛੋਟੇਮੋਟੇ ਗਲੀ ਮੁਹੱਲਿਆਂ ਨੂੰ ਵੀ ਕਵਰ ਕਰਦੇ ਹਨ। ਇੱਕ ਲੀਟਰ, ਦੋ ਲੀਟਰ, ਪੰਜ ਲੀਟਰ ਅਤੇ ਵੀਹ ਲੀਟਰਵਾਲੀਆਂ  ਬੋਤਲਾਂ ਅਤੇ ਨਿੱਕੀਆਂ ਡਰੰਮੀਆਂ ਨਾਲ ਪਾਣੀ ਦਾ ਕਾਰੋਬਾਰ ਵੱਡੀ ਪੱਧਰ 'ਤੇ ਚੱਲਦਾ ਹੈ। ਛੇਤੀ ਹੀ ਸਾਹ ਲੈਣ ਲਈ ਆਕਸੀਜ਼ਨ ਦੇ ਛੋਟੇ ਸਲੰਡਰ ਜਾਂ ਬੈਗ ਵੀ ਦਿਖਾਈ ਦੇ ਸਕਦੇ ਹਨ। ਦੁੱਖ ਭਰੀ ਹਕੀਕਤ ਇਹ ਵੀ ਕਿ ਕਾਰੋਬਾਰੀ ਮੁਨਾਫ਼ੇ ਦਾ ਸਿਲਸਿਲਾ ਅਜੇ ਵੀ ਰੁਕਦਾ ਨਜ਼ਰ ਨਹੀਂ ਆ ਰਿਹਾ। ਬਾਜ਼ਾਰ ਵਿੱਚ ਮੂੰਹ ਮੰਗੇ ਪੈਸੇ ਖਰਚ ਕੇ ਵੀ ਨਾ ਤਾਂ ਦੁੱਧ ਸ਼ੁੱਧ ਮਿਲਦਾ ਹੈ ਨਾ ਹੀ ਹੋਰ ਚੀਜ਼ਾਂ। ਸਬਜ਼ੀਆਂ ਵੀ ਇੰਜੈਕਸ਼ਨ ਲੈ ਕੇ ਰਾਤੋਰਾਤ ਵੱਡਿਆਂ ਕੀਤੀਆਂ ਹੁੰਦੀਆਂ ਹਨ। ਅੰਡੇ ਵੀ ਕੈਮੀਕਲ ਨਾਲ ਬਣਨ ਲੱਗ ਪਏ ਹਨ। ਪੂੰਜੀਵਾਦ ਦੇ ਦੌਰ ਵਿੱਚ ਇਸ ਤੋਂ ਵੀ ਵੱਡੇ ਦੁਖਾਂਤ ਅਜੇ ਸਾਹਮਣੇ ਆ ਸਕਦੇ ਹਨ। ਆਪਣੀ ਲਿਖਤ ਵਿੱਚ ਅੱਗੇ ਜਾ ਕੇ ਸੁਖਰਾਜ ਜੀ ਦੱਸਦੇ ਹਨ ਅੱਗੇ ਹੋਰ ਵੇਖੋ...

ਇੱਕ ਪ੍ਰਾਈਵੇਟ ਕੰਪਨੀ ਸੁਖੰਤ ਫਿਊਨਰਲ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਬਣਾਈ ਗਈ ਹੈ,ਜੋ ਅੰਤਿਮ ਸੰਸਕਾਰ ਕਰਵਾਏਗੀ,ਇਸਦੀ ਫੀਸ 37500 ਹੈ। ਅਰਥੀ, ਪੰਡਿਤ, ਨਾਈ, ਮੋਢਾ ਦੇਣ ਵਾਲੇ, ਨਾਲ ਚੱਲਣ ਵਾਲੇ, ਰਾਮ ਨਾਮ ਸੱਤ ਬੋਲਣ ਵਾਲੇ, ਸਭ ਉਸ ਦੇ ਹੋਣਗੇ।  ਉਹ ਹੱਡੀਆਂ ਦਾ ਵਿਸਰਜਨ ਵੀ ਕਰਵਾਏਗੀ।

ਹੁਣ ਤੁਸੀਂ  ਇਸ ਨਵੀਂ ਸ਼ੁਰੂਆਤ ਬਾਰੇ ਸੋਚੋ।  

ਇਸ ਕੰਪਨੀ ਨੇ ਹੁਣ ਤੱਕ 50 ਲੱਖ ਰੁਪਏ ਕਮਾ ਲਏ ਹਨ,ਆਉਣ ਵਾਲੇ ਸਮੇਂ ਵਿੱਚ ਉਸਦਾ ਕਾਰੋਬਾਰ 200 ਕਰੋੜ ਹੋਣ ਦੀ ਸੰਭਾਵਨਾ ਹੈ ਕਿਉਂਕਿ ਕੰਪਨੀ ਜਾਣਦੀ ਹੈ ਕਿ ਨਾ ਤਾਂ ਬੇਟੇ ਅਤੇ ਨਾ ਹੀ ਭਰਾ ਕੋਲ ਭਾਰਤ ਵਿੱਚ ਰਿਸ਼ਤੇ ਨਿਭਾਉਣ ਦਾ ਸਮਾਂ ਹੈ॥ ਹੁਣ ਤੱਕ 5000 ਸੰਸਕਾਰ ਕਰ ਚੁੱਕੇ ਹਨ! ਲਾਸ਼ਾਂ ਦੇ ਸਮਾਨ ਦੀ ਦੁਕਾਨ ਦੇਖੀ ਸੀ ਪਰ ਲਾਸ਼ਾਂ ਦੇ ਸਮਾਨ ਦੀ ਪ੍ਰਦਰਸ਼ਨੀ 'ਚ ਸਟਾਲ ਪਹਿਲੀ ਵਾਰ ਦੇਖਣ ਨੂੰ ਮਿਲ ਰਹੇ ਹਨ...

ਸੱਭਿਆਚਾਰਕ, ਹਰ ਤਰੵਾਂ ਦੀ ਗਿਰਾਵਟ ਅਤੇ ਸਾਡੇ ਗੁਆਂਢੀਆਂ ਤੋਂ ਦੂਰੀ ਇਸ ਦਾ ਮੁੱਖ ਕਾਰਨ ਹੈ। ਸਮੇਂ ਨੂੰ ਬਚਾਉਣ ਲਈ ਕੀਤੀਆਂ ਜਾਂਦੀਆਂ ਗਤੀਵਿਧੀਆਂ ਸਮਾਜਿਕ ਤਾਣੇ-ਬਾਣੇ ਨੂੰ ਤਬਾਹ ਕਰ ਰਹੀਆਂ ਹਨ।

ਲੋਕਾਂ ਕੋਲ ਆਪਣੇ ਪਿਆਰਿਆਂ ਲਈ ਸਮਾਂ ਨਹੀਂ ਹੈ।  ਅੰਤ ਵਿੱਚ ਵੀ ਕੋਈ ਸਮਾਂ ਨਹੀਂ ਹੈ।  ਇਸ ਲਈ ਕਾਰੋਬਾਰੀਆਂ ਲਈ ਮੌਕਾ ਹੈ।  ਇਹ ਹੈਰਾਨੀਜਨਕ ਹੈ ਕਿ ਕਿਹੜੇ-ਕਿਹੜੇ ਦਿਨ ਦੇਖਣੇ ਪੈਣਗੇ।

ਇਕ ਪੇਂਡੂ ਵਿਅਕਤੀ ਪਿੰਡ ਤੋਂ ਸ਼ਹਿਰ ਜਾਂਦਾ ਹੈ ਉਹ ਦੇਖਦਾ ਹੈ ਕਿ ਕੰਧਾਂ ਤੇ ਪਾਥੀਆਂ ਨਹੀਂ, ਘਰਾਂ ਚੋਂ ਧੂੰਆਂ ਨਹੀਂ ਉੱਠਦਾ, ਕੋਈ ਬੁਲਾਉ਼ਦਾ ਨਹੀਂ...ਤਾਂ ਬਿਨ ਬੁਲਾਏ ਘਰ ਆ ਗਿਆ ਸਿੱਧੇ ਮੂੰਹ ਗੱਲ ਹੀ ਨਹੀਂ, ਉਹ ਸ਼ਹਿਰ ਛੱਡ ਪਿੰਡ ਵਾਪਸ ਮੁੜ ਜਾਂਦਾ ਪਰ ਲੱਗਦਾ ਸਾਡੇ ਕੋਲੋਂ ਮੁੜਿਆ ਨਹੀਂ ਜਾਣਾ। ਕਿਤਾਬਾਂ_ਵਾਲਾ_ਕੈਫੇ ਨਾਲ ਇਸ ਨੰਬਰ 'ਤੇ  9914022845 ਸੰਪਰਕ ਕਰ ਕੇ ਹੋਰ ਵੀ ਕਾਫੀ ਕੁਝ ਪਤਾ ਕੀਤਾ ਜਾ ਸਕਦਾ ਹੈ। 

ਸੁਖਰਾਜ ਹੁਰਾਂ ਵੱਲੋਂ ਪੋਸਟ ਕੀਤੀ ਗਈ ਇਸ ਮੂਲ ਲਿਖਤ ਦਾ ਮਕਸਦ ਮੌਜੂਦਾ ਦੌਰ ਦੀ ਤ੍ਰਾਸਦੀ ਨੂੰ ਦਰਸਾਉਣਾ ਸੀ ਪਰ ਇਸ 'ਤੇ ਟਿੱਪਣੀ ਕਰਦਿਆਂ ਮੈਡਮ Sukhdip Kaur Mangat ਕਹਿੰਦੇ ਹਨ: ਇਹ ਕੋਈ ਵੱਡੀ ਗੱਲ ਨਹੀਂ ਹੈ ਵਿਦੇਸ਼ਾਂ ਵਿਚ ਤਾਂ ਇਹ ਪਹਿਲਾ ਤੋਂ ਚੱਲਦਾ ਆ ਰਿਹਾ ਹੈ। ਕਨੇਡਾ ਦੇ ਵਿੱਚ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਹ funeral home ਜਮ੍ਹਾਂ ਕਰਾਉਂਦੇ ਹਨ ਤੇ ਉਸ ਤੋਂ ਬਾਅਦ ਉਸ ਦੇ ਕੱਪੜੇ ਜੋ ਵੀ ਅੰਤਮ ਸੰਸਕਾਰ ਦੇ ਵਿੱਚ ਪਾਉਣੇ ਹਨ ਉਹ ਸਾਰੇ ਉਥੇ ਦੇ ਹੁੰਦੇ ਹਨ ਅੰਤਮ ਸੰਸਕਾਰ ਵਾਲੇ ਦਿਨ ਪਰਿਵਾਰ ਵਾਲੇ ਜਾਂਦੇ ਹਨ ਤੇ ਉਨ੍ਹਾਂ ਨੂੰ ਤੇ ਉਹਨਾਂ ਦੀ ਕੱਪੜਿਆਂ ਦੇ ਵਿਚ ਤੇ ਰੀਤੀ ਰਿਵਾਜ ਮੁਤਾਬਕ ਤਿਆਰ ਕੀਤੀ ਹੋਈ ਸਗੋਂ ਨਾਲ ਹੀ ਥੋੜਾ ਬਹੁਤ ਮੇਕਅੱਪ ਕਰਕੇ ਇੰਝ ਜਾਪਣ ਲਾ ਦਿੰਦੇ ਹਨ ਕਿ ਜਿਵੇਂ ਇਨਸਾਨ ਸੁੱਤਾ ਪਿਆ ਹੋਵੇ ਲੱਕੜ ਦਾ ਬਣਿਆ ਹੋਇਆ ਉਹ ਬਕਸਾ ਹੁੰਦਾ ਹੈ ਜਿਸ ਨੂੰ ਪੈਰਾਂ ਵਾਲੇ ਪਾਸੇ ਤੋਂ ਬੰਦ ਕਰ ਦਿੰਦੇ ਹਨ ਤੇ ਮੂੰਹ ਵਾਲੀ ਸਾਈਟ ਤੋਂ ਖੁੱਲ੍ਹਾ ਹੁੰਦਾ ਹੈ ਰਿਸ਼ਤੇਦਾਰ ਤੇ ਪਰਿਵਾਰ ਜਾਂਦਾ ਹੈ ਅੰਤਮ ਦਰਸ਼ਨ ਕਰਦਾ ਹੈ ਤੇ ਮਸ਼ੀਨਾ ਦੇ ਵਿਚ ਲੱਕੜ ਦੇ ਬਕਸੇ ਨੂੰ ਧੱਕ ਦਿੱਤਾ ਜਾਂਦਾ ਹੈ, ਮਸ਼ੀਨ ਦੇ ਵਿੱਚ ਇੰਨਾਂ ਜ਼ਿਆਦਾ ਸੇਕ ਹੁੰਦਾ ਹੈ ਕਿ ਬਿਲਕੁਲ ਹੀ ਰੇਤ ਦੀ ਤਰ੍ਹਾਂ ਰਾਖ ਬਣ ਜਾਂਦਾ ਹੈ ਤੇ ਪਰਿਵਾਰ ਦੀ ਇੱਛਾ ਅਨੁਸਾਰ ਉਹਨਾਂ ਨੂੰ ਕੁਝ ਕੁ ਰਾਖ ਡੱਬੇ ਦੇ ਵਿੱਚ ਬੰਦ ਕਰਕੇ ਦੇ ਦਿੰਦੇ ਹਨ ਜਿਸ ਨੂੰ ਫੁੱਲ ਜਾਂ ਅਸਤ ਅਸੀਂ ਕਹਿੰਦੇ ਹਾਂ।

ਵਿਦੇਸ਼ਾਂ ਦੇ ਵਿਚ ਹਰ ਧਰਮ ਦੇ ਅੰਤਮ ਸਫ਼ਰ ਦੇ ਲਈ ਅਲੱਗ-ਅਲੱਗ ਸੇਵਾ ਕੇਂਦਰ ਬਣੇ ਹੋਏ ਹਨ ਜੋ ਆਪਣੀ ਫੀਸ ਲੈਂਦੇ ਹਨ।

ਮੈਨੂੰ ਤਾਂ ਲੱਗਦਾ ਹੈ ਕਿ ਸਾਡੇ ਪੰਜਾਬ ਦੇ ਵਿਚ ਵੀ ਇਹ ਜ਼ਰੂਰ ਹੋਣਾ ਚਾਹੀਦਾ ਹੈ। 

ਇਸ ਟਿੱਪਣੀ ਦੇ ਜੁਆਬ ਵਿੱਚ ਅਸੀਂ ਬਸ ਇਹੀ ਕਹਿਣਾ ਹੈ ਕਿ ਪੰਜਾਬ ਵਿੱਚ ਪਹਿਲਾਂ ਹੀ ਅਜਿਹਾ ਬੜਾ ਕੁਝ ਹੋ ਰਿਹਾ ਹੈ ਜਿਹੜਾ ਅਸੀਂ ਕਦੇ ਨਹੀਂ ਸੀ ਚਾਹਿਆ, ਕਦੇ ਨਹੀਂ ਸੀ ਸੋਚਿਆ। ਹੁਣ ਵੀ ਪਤਾ ਨਹੀਂ ਅਜੇ ਕੀ ਕੀ ਹੋਣਾ ਹੈ? ਪਰ ਮਨੋਜ ਕੁਮਾਰ ਹੁਰਾਂ ਦੀ ਅੰਤਰ ਆਤਮਾ ਜੇ ਕਰ ਸੱਚਮੁੱਚ ਦੇਖ ਰਹੀ ਹੈ ਜਾਂ ਫਿਰ ਇਸ ਪੂਰਬ ਅਤੇ ਪਸ਼ਚਿਮ ਫਿਲਮ ਦੇ ਗੀਤ ਵਿਚਲੇ ਵਿਚਾਰਾਂ 'ਤੇ ਮਾਣ ਕਰਨ ਵਾਲੇ ਲੋਕਾਂ ਦੇ ਵਰਗ ਦੀ ਵੇਦਨਾ ਨੂੰ ਕੋਈ ਸਮਝ ਸਕੇਗਾ ਕਿ ਉਹ ਕੀ ਮਹਿਸੂਸ ਕਰ ਰਹੇ ਹੋਣਗੇ? ਜਿਸ ਦੇਸ਼ ਵਿਚ ਚੰਦਰਮਾ ਨੰ ਵੀ ਮਾਮਾ ਅੱਖ ਕੇ ਸੰਬੋਧਨ ਕੀਤਾ ਜਾਂਦਾ ਰਿਹਾ ਹੁਣ ਉਥੇ ਸੱਕੇ ਮਾਂ ਪਿਓ ਦਾ ਅੰਤਿਮ ਸੰਸਕਾਰ ਵੀ ਇਹ ਕਾਰੋਬਾਰੀ ਕੰਪਨੀਆਂ ਕਰਿਆ ਕਰਨਗੀਆਂ? 

ਜੇ ਇਹੀ ਹੈ ਅੱਜ ਦੀ ਹਕੀਕਤ ਤਾਂ ਚੰਗਾ ਹੋਵੇ ਜੇ ਕਰ ਮੌਤ ਤੋਂ ਬਾਅਦ ਅੰਤਿਮ ਸੰਸਕਾਰ ਬੰਦ ਕਰ ਦਿੱਤੇ ਜਾਣ ਅਤੇ ਸਾਰੀਆਂ ਦੇਹਾਂ ਮੈਡੀਕਲ ਸਾਇੰਸ ਦੀ ਖੋਜ ਨੂੰ ਅੱਗੇ ਵਧਾਉਣ ਅਤੇ ਅੰਗਦਾਨ ਮੁਹਿੰਮ ਨੂੰ ਤੇਜ਼ ਕਰਨ ਦੇ ਕੰਮ ਲਿਆਂਦੀਆਂ ਜਾਣ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: