Thursday, June 01, 2023

ਘੱਲੂਘਾਰੇ ਹਫਤੇ ਦੌਰਾਨ ਗੰਭੀਰ ਹੋ ਰਿਹੈ ਰੋਸ ਵਿਖਾਵਿਆਂ ਦਾ ਸਿਲਸਿਲਾ

Thursday1st Jun 2023 at 5:26 PM
ਮਹਿਲਾ ਭਲਵਾਨਾਂ 'ਤੇ ਜਬਰ ਵਿਰੁੱਧ ਰੋਹ ਅਤੇ ਰੋਸ ਹੋਰ ਤਿੱਖਾ ਹੋਇਆ  

ਲੁਧਿਆਣਾ: 1 ਜੂਨ 2023: (ਐਮ ਐਸ ਭਾਟੀਆ//ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::
ਭਲਵਾਨ ਮਹਿਲਾਵਾਂ ਦੇ ਸੰਘਰਸ਼ ਉੱਪਰ ਜਬਰ ਵਿਰੁੱਧ ਰੋਹ, ਰੋਸ ਅਤੇ ਸੰਘਰਸ਼ ਲਗਾਤਾਰ ਵੱਧ ਰਿਹਾ ਹੈ। ਘੱਲੂਘਾਰੇ ਹਫਤੇ ਦੌਰਾਨ ਹੀ ਪੰਜ ਜੂਨ ਨੂੰ ਇਹ ਰੋਸ ਸੰਘਰਸ਼ ਪੂਰੇ ਸਿਖਰਾਂ 'ਤੇ ਹੋਵੇਗਾ। ਅੱਜ ਇਸ ਜਬਰ  ਵਿਰੁੱਧ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵਲੋਂ ਸਾਂਝੇ ਤੌਰ ਤੇ ਰੋਸ ਮੁਜ਼ਾਹਰਾ ਕੀਤਾ ਗਿਆ ਜਿਸਨੇ ਇਸ ਸਾਰੇ ਮਸਲੇ ਨੂੰ ਆਮ ਲੋਕਾਂ ਦੇ ਦਿਲਾਂ ਤੱਕ ਲਿਜਾਣ ਦੀ ਡਿਊਟੀ ਬੜੀ ਤਨਦੇਹੀ ਨਾਲ ਨਿਭਾਈ। ਅੱਜ ਦੇ ਰੋਸ ਵਖਾਵਿਆਂ ਦੌਰਾਨ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ। 

ਅੱਜ ਦੇ ਰੋਸ ਵਖਾਵੇ ਦੌਰਾਨ ਵੀ ਰੋਸ ਪ੍ਰਗਟਾ ਰਹੇ ਸੰਗਠਨਾਂ ਨੇ ਇਸ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਇਹਨਾਂ ਸੰਗਠਨਾਂ ਨੇ ਕਿਹਾ ਕਿ "ਮੋਦੀ ਦੀ ਭਾਜਪਾ ਸਰਕਾਰ ਦੇ ਜ਼ਬਰ, ਤਾਨਾਸ਼ਾਹੀ ਅਤੇ ਔਰਤ ਵਿਰੋਧੀ ਸੋਚ ਦਾ ਪ੍ਰਤੱਖ ਨਜ਼ਾਰਾ ਲੱਖਾਂ-ਕਰੋੜਾਂ ਲੋਕਾਂ ਨੇ ਉਦੋਂ ਦੇਖਿਆ ਜਦੋ ਜਿਨਸੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਜਪਾ ਐਮ ਪੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਬਚਾਉਣ ਲਈ ਭਲਵਾਨਾਂ ਦੇ ਅੰਦੋਲਨ ਨੂੰ ਕੁਚਲਣ ਲਈ ਪੁਲਿਸ ਨੇ ਅਣਮਨੁੱਖੀ ਵਿਵਹਾਰ ਕੀਤਾ।" 

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵਲੋਂ ਸਾਂਝੇ ਤੌਰ ਤੇ ਰੋਸ ਪ੍ਰਦਰਸ਼ਨ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਕੀਤਾ। ਕਿਸਾਨਾਂ ਸਮੇਤ ਸਮੂਹ ਇਨਸਾਫਪਸੰਦ ਲੋਕਾਂ, ਟਰੇਡ ਯੂਨੀਅਨਾਂ, ਪੇਂਡੂ ਮਜ਼ਦੂਰ, ਔਰਤ, ਮੁਲਾਜ਼ਮ, ਵਿਦਿਆਰਥੀ ਅਤੇ ਨੌਜਵਾਨ ਜੱਥੇਬੰਦੀਆਂ ਨੇ ਸਾਂਝੇ ਰੂਪ ਵਿੱਚ ਇੱਕਠੇ ਹੋ ਕੇ ਇਸ ਜ਼ਬਰ ਦਾ ਜੋਰਦਾਰ ਵਿਰੋਧ ਕਰਦੇ ਹੋਏ ਦੋਸ਼ੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕੀਤੀ। 

ਰੋਸ ਪ੍ਰਦਰਸ਼ਨ ਤੋਂ ਬਾਅਦ ਮਾਰਚ ਦੀ ਸ਼ਕਲ ਵਿੱਚ ਨਾਅਰੇ ਲਾਉਂਦੇ ਹੋਏ ਇਹ ਲੋਕ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ। ਉੱਥੇ ਵੀ ਜੋਸ਼ੀਲੀ ਨਾਅਰੇਬਾਜ਼ੀ ਕੀਤੀ ਗਈ। ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਕਚਹਿਰੀ ਦਾ ਮਾਹੌਲ ਅੱਜ ਵੀ ਨਾਅਰੇਬਾਜ਼ੀ ਨਾਲ ਗੂੰਜਦਾ ਰਿਹਾ। ਅੱਜ ਵੀ ਇਹ ਇਲਾਕਾ ਸਰਕਾਰ ਵਿਰੋਧੀ ਸੰਗਠਨਾਂ ਦਾ ਕੇਂਦਰੀ ਥਾਂ ਬਣਿਆ ਰਿਹਾ। ਆਉਂਦੇ ਜਾਂਦੇ ਲੋਕ ਵੀ ਇਸ ਵਿਚ ਸ਼ਾਮਲ ਹੁੰਦੇ ਰਹੇ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਚਮਕੌਰ ਸਿੰਘ ਅਤੇ ਰਘਬੀਰ ਸਿੰਘ ਬੈਨੀਪਾਲ, ਟਰੇਡ ਯੂਨੀਅਨ ਆਗੂ ਡੀ.ਪੀ.ਮੌੜ, ਵਿਜੈ ਕੁਮਾਰ ਜਗਦੀਸ਼ ਚੰਦ, ਐਮ ਐਸ ਭਾਟੀਆ, ਕੇਵਲ ਸਿੰਘ ਬਨਵੈਤ, ਹਰਬੰਸ ਸਿੰਘ,ਮਹੀਪਾਲ, ਅਵਤਾਰ ਛਿੱਬੜ,ਸਤਨਾਮ ਸਿੰਘ, ਦਾਨ ਸਿੰਘ, ਦਰਸ਼ਨ ਸਿੰਘ, ਵਿਨੋਦ ਕੁਮਾਰ ਅਤੇ ਅਧਿਆਪਕ ਆਗੂ ਚਰਨ ਸਰਾਭਾ ਸ਼ਾਮਲ ਸਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: