Friday, February 17, 2017

ਚੀਨ ਵਿੱਚ ਕਰਜ਼ਦਾਰ ਲੋਕਾਂ ਦਾ ਲਗਭਗ ਸਮਾਜਕ ਬਾਈਕਾਟ

ਕਰਜ਼ਦਾਰਾਂ 'ਤੇ ਵੱਡੀਆਂ ਪਾਬੰਦੀਆਂ , ਟਰੇਨ, ਪਲੇਨ ਤੇ ਹੋਟਲ 'ਚ ਨੋ ਐਂਟਰੀ
ਚੀਨ 'ਚ 70 ਲੱਖ ਤੋਂ ਜ਼ਿਆਦਾ ਕਰਜ਼ਦਾਰ
ਨਵੀਂ ਦਿੱਲੀ: 16 ਫਰਵਰੀ 2017: (ਪੰਜਾਬ ਸਕਰੀਨ ਬਿਊਰੋ):: 
ਜਦਕਿ ਛੋਟੇ ਕਰਜ਼ਦਾਰਾਂ ਖੁਦਕੁਸ਼ੀਆਂ ਕਰਨ ਅਤੇ ਵੱਡੇ ਕਰਜ਼ਦਾਰਾਂ ਵੱਲੋਂ ਵਿਦੇਸ਼ਾਂ ਵਿੱਚ ਭੱਜ ਜਾਣ ਅਤੇ ਕਰਜ਼ਿਆਂ ਨੂੰ ਦੱਬ ਲੈਣ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ ਉਦੋਂ ਚੀਨ ਤੋਂ ਇੱਕ ਮਿਸਾਲੀ ਖਬਰ ਆਈ ਹੈ। ਚੀਨ ਨੇ ਤਕਰੀਬਨ 70 ਲੱਖ ਕਰਜ਼ਦਾਰਾਂ ਦੀ ਜ਼ਿੰਦਗੀ ਨੂੰ ਔਖਾ ਬਣਾ ਦਿੱਤਾ ਹੈ ਤਾਂਕਿ ਉਹਨਾਂ ਨੂੰ ਆਪਣੀਆਂ ਕਰਨੀਆਂ ਦਾ ਅਹਿਸਾਸ ਹੋ ਸਕੇ। 
ਚੀਨ 'ਚ 70 ਲੱਖ ਤੋਂ ਜ਼ਿਆਦਾ ਕਰਜ਼ਦਾਰਾਂ ਨੂੰ ਹੁਣ ਸਖਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੀਨ ਦੀ ਸੁਪਰੀਮ ਕੋਰਟ ਨੇ ਹੁਕਮ ਜਾਰੀ ਕਰਕੇ ਕਰਜ਼ਦਾਰ ਲੋਕਾਂ ਦਾ ਲਗਭਗ ਸਮਾਜਕ ਬਾਈਕਾਟ ਕਰਨ ਦਾ ਆਦੇਸ਼ ਦੇ ਦਿੱਤਾ ਹੈ।
ਅਜਿਹੇ ਕਰਜ਼ਦਾਰਾਂ ਦੇ ਪਰਸਨਲ ਆਈ ਈ ਡੀ ਨੰਬਰਾਂ ਨੂੰ ਵੀ ਬਲਾਕ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਇਹ ਨੰਬਰ ਬਲਾਕ ਹੋਣ ਨਾਲ ਕਰਜ਼ਦਾਰਾਂ ਨੂੰ ਮਿਲਣ ਵਾਲੀਆਂ ਤਮਾਮ ਨਾਗਰਿਕ ਸਹੂਲਤਾਂ ਵੀ ਨਹੀਂ ਮਿਲ ਸਕਣਗੀਆਂ। ਇਸ ਤਰ੍ਹਾਂ ਹੁਣ ਚੀਨ ਦੇ ਕਰਜ਼ਦਾਰ ਨਾ ਤਾਂ ਹਵਾਈ ਸਫਰ ਕਰ ਸਕਣਗੇ ਅਤੇ ਨਾ ਹੀ ਉਨ੍ਹਾਂ ਨੂੰ ਹਾਈ ਸਪੀਡ ਟਰੇਨਾਂ 'ਤੇ ਜਗ੍ਹਾ ਮਿਲ ਸਕੇਗੀ। ਉਹ ਕਰਜ਼ ਵਾਲੇ ਪੈਸੇ ਨਾਲ ਹੁਣ ਇਹਨਾਂ ਸਹੂਲਤਾਂ ਦਾ ਹੁਣ ਕੋਈ ਫਾਇਦਾ ਨਹੀਂ ਉਠਾ ਸਕਣਗੇ। ਉਹਨਾਂ ਦੀ ਇਹ ਕਰਜ਼ੇ ਮਾਰੂ ਅਮੀਰੀ ਹੁਣ ਉਹਨਾਂ ਦੇ ਕਿਸੇ ਕੰਮ ਨਹੀਂ ਆ ਸਕੇਗੀ। 
ਜਿਕਰਯੋਗ ਹੈ ਕਿ ਅਜਿਹੇ ਲੋਕਾਂ ਨੂੰ ਕਈ  ਮੌਕੇ ਦੇਣ ਮਗਰੋਂ ਹੁਣ ਸਖਤੀ ਦਾ ਰੁੱਖ ਅਪਣਾਇਆ ਗਿਆ ਹੈ। ਚੀਨ 'ਚ ਬੈਂਕਾਂ ਤੇ ਹੋਰਨਾਂ ਸਰਕਾਰੀ ਸੰਸਥਾਵਾਂ ਤੋਂ ਕਰਜ਼ਾ ਲੈ ਕੇ ਉਸ ਨੂੰ ਨਾ ਚੁਕਾਉਣ ਵਾਲੇ ਲੋਕਾਂ ਦੀ ਇਕ ਬਲੈਕ ਲਿਸਟ ਬਣਾਈ ਗਈ ਹੈ ਜਿਸ ਵਿੱਚ ਉਨ੍ਹਾਂ ਦੇ ਨਾਂਅ ਦੇ ਨਾਲ ਪਰਸਨਲ ਆਈ ਈ ਡੀ ਸਮੇਤ ਸਮੁੱਚੀਆਂ ਜਾਣਕਾਰੀਆਂ ਸ਼ਾਮਲ ਹਨ। ਬੈਕ ਕਰਜ਼ੇ ਨਾ ਮੋੜਨ ਵਾਲਿਆਂ ਦੀਆਂ ਲਿਸਟਾਂ ਭਾਰਤ ਵਿੱਚ ਵੀ ਬਣੀਆਂ ਸਨ ਅਤੇ ਉਹਨਾਂ ਦੇ ਨਾਮ ਬੈਂਕਾਂ ਵਿੱਚ ਜਨਤਕ ਵੀ ਕੀਤੇ ਗਏ ਸਨ ਪਰ ਇਸਦੇ ਬਾਵਜੂਦ ਕਰਜ਼ੇ ਦੱਬਣ ਦੇ ਰੁਝਾਨ ਨੂੰ ਕੋਈ ਠੱਲ ਨਹੀਂ ਪਈ।  ਕਰੇ ਵਸੂਲਣ ਦੀ ਸਖਤੀ ਆਮ ਤੌਰ ਤੇ ਗਰੀਬ ਅਤੇ ਮੱਧ ਵਰਗ ਨਾਲ ਸਬੰਧਿਤ ਲੋਕਾਂ ਤੱਕ ਸੀਮਿਤ ਹੋ ਕੇ ਰਹਿ ਜਾਂਦੀ। 
ਚੀਨ ਵਿੱਚ ਵੀ ਇਹ ਲਿਸਟ ਚਾਰ ਸਾਲ ਪਹਿਲਾਂ 2013 'ਚ ਬਣਾਈ ਗਈ ਸੀ, ਜਿਸ ਵਿਚ ਆਮਦਨ ਕਰ ਚੋਰੀ ਕਰਨ ਵਾਲਿਆਂ ਦੇ ਨਾਂਅ ਵੀ ਸ਼ਾਮਲ ਕੀਤੇ ਗਏ ਸਨ। ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਚੀਨ ਦੇ ਸਾਰੇ ਵੱਡੇ ਬੈਂਕਾਂ ਸਮੇਤ ਕੁੱਲ 44 ਸੰਸਥਾਵਾਂ ਨੇ ਇਕ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ ਹਨ, ਜਿਸ ਅਧੀਨ ਕਰਜ਼ਦਾਰਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾਣਗੀਆਂ, ਜਿਸ ਤੋਂ ਬਾਅਦ ਕਰਜ਼ਦਾਰਾਂ ਲਈ ਹਵਾਈ ਅਤੇ ਟਰੇਨ ਯਾਤਰਾ ਤੋਂ ਇਲਾਵਾ ਹੋਟਲਾਂ 'ਚ ਠਹਿਰਨਾ ਤੇ ਕਿਰਾਏ 'ਤੇ ਕਮਰੇ ਲੈਣਾ ਨਾ ਮੁਮਕਿਨ ਹੋ ਜਾਵੇਗਾ। ਉਹਨਾਂ ਨੂੰ ਬਾਰ ਬਾਰ ਆਪਣੀ ਗਲਤੀ ਦਾ ਅਹਿਸਾਸ ਹੋਵੇਗਾ ਅਤੇ ਉਹਨਾਂ ਦੇ ਮਨਾਂ ਵਿੱਚ ਇੱਕ ਹੀਂ ਭਾਵਨਾ ਪੈਦਾ ਹੋਵੇਗੀ ਜਿਹੜੀ ਉਹਨਾਂ ਲਈ ਸਖਤ ਸਜ਼ਾ ਤੋਂ ਘੱਟ ਨਹੀਂ ਹੋਵੇਗੀ। 
ਇਸ ਹੁਕਮ ਦਾ ਅਸਰ ਸਮਾਜਿਕ ਜਨਜੀਵਨ ਉੱਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਇਸ ਸਖਤ ਰੁਖ ਤੋਂ ਬਾਅਦ ਚੀਨ 'ਚ ਕਰਜ਼ਦਾਰਾਂ ਲਈ ਸਮੱਸਿਆਵਾਂ ਖੜੀਆਂ ਹੋ ਗਈਆਂ ਹਨ। ਇਕ ਅਖਬਾਰ ਮੁਤਾਬਕ ਇਕ ਨੌਜਵਾਨ ਦੇ ਪਿਤਾ ਦਾ ਨਾਂਅ ਕਰਜ਼ਦਾਰਾਂ ਦੀ ਸੂਚੀ 'ਚ ਆਉਣ ਨਾਲ ਉਸ ਦੀ ਸ਼ਾਦੀ 'ਚ ਮੁਸ਼ਕਲ ਆ ਗਈ। ਉਸ ਨੌਜਵਾਨ ਨੇ ਬੜੀ ਮੁਸ਼ਕਲ ਨਾਲ ਆਪਣੇ ਪਿਤਾ ਨੂੰ ਕਰਜ਼ਾ ਚੁਕਾਉਣ ਲਈ ਮਨਾਇਆ ਤੇ ਆਪਣੀ ਸ਼ਾਦੀ ਬਚਾਈ। ਅੰਦਾਜ਼ਾ ਲਾਓ ਕਿ ਕਰਜ਼ਦਾਰ ਕਿੰਨੀ ਮੁਸ਼ਕਿਲ ਵਿੱਚ ਪੈ ਜਾਣਗੇ। ਸ਼ਾਇਦ ਇਹੀ ਤਰੀਕਾ ਉਹਨਾਂ ਨੂੰ ਮਹਿਸੂਸ ਕਰ ਸਕੇਗਾ ਕਿ ਉਹਨਾਂ ਨੂੰ ਦੂਜਿਆਂ ਦੇ ਪੈਸੇ ਮਾਰ ਕੇ ਅਮੀਰੀ ਹਾਸਲ ਕੀਤੀ। ਇਸੇ ਤਰ੍ਹਾਂ 10 ਲੱਖ ਦੇ ਕਰਜ਼ੇ ਦੀ ਵਜ੍ਹਾ ਕਾਰਨ ਇਕ ਕਾਰੋਬਾਰੀ ਦਾ ਨਾਂਅ ਵੀ ਇਸ ਸੂਚੀ ਵਿੱਚ ਆ ਗਿਆ ਤਾਂ ਉਸ ਨੂੰ ਹਵਾਈ ਜਹਾਜ਼ 'ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ, ਜਦਕਿ ਇਹ ਗੱਲ ਉਸ ਦੇ ਭਾਈਵਾਲ ਨੂੰ ਪਤਾ ਲੱਗੀ ਤਾਂ ਉਸ ਨੇ 2.92 ਕਰੋੜ ਰੁਪਏ ਦਾ ਸੌਦਾ ਰੋਕ ਦਿੱਤਾ। ਇਸ ਹੁਕਮ ਨਾਲ ਕਰਜ਼ੇ ਨਾ ਮੋੜਨ ਵਾਲਿਆਂ ਦੀ ਕਾਰੋਬਾਰੀ ਜ਼ਿੰਦਗੀ ਵੀ ਤਬਾਹ ਹੋਣੀ ਨਿਸਚਿਤ ਹੈ। ਜਦਕਿ ਭਾਰਤ ਦੀਆਂ ਸਥਿਤੀਆਂ ਅਜਿਹੇ ਵੀ ਵੱਖਰੀਆਂ ਹਨ। ਇਥੇ ਖੁਦ ਨੂੰ ਦਵਾਲੀਆ ਐਲਾਨ ਕੇ ਨਵੀਆਂ ਕੰਪਨੀਆਂ ਖੜੀਆਂ ਕਰਨ ਦਾ ਰੁਝਾਨ ਵੀ ਮੌਜੂਦ ਹੈ। 


No comments: