Showing posts with label DGPC. Show all posts
Showing posts with label DGPC. Show all posts

Tuesday, August 19, 2025

ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨਾਲੋਜੀ ਦੀ ਚੋਣ

Received from M P S Khalsa on Tuesday 19th August 2025 at 17:07 Regarding New Appointments  

ਬੀਬੀ ਰਣਜੀਤ ਕੌਰ ਬਣੇ ਚੇਅਰਪਰਸਨ ਅਤੇ ਅਮਰਜੀਤ ਸਿੰਘ ਫਤਿਹ ਨਗਰ ਕੋ ਚੇਅਰਪਰਸਨ ਬਣੇ


ਨਵੀਂ ਦਿੱਲੀ
:19 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਰਣਜੀਤ ਕੌਰ ਨੂੰ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਚੇਅਰਪਰਸਨ ਅਤੇ ਅਮਰਜੀਤ ਸਿੰਘ ਫਤਿਹ ਨਗਰ ਕੋ ਚੇਅਰਪਰਸਨ ਚੁਣੇ ਗਏ ਹਨ। ਇਸ ਨਾਲ ਸਬੰਧਤ ਪੰਥਕ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। 

ਉਹਨਾਂ ਦੇ ਅਹੁਦਾ ਸੰਭਾਲਣ ਨੂੰ ਲੈ ਕੇ ਅੱਜ ਇੰਸਟੀਚਿਊਟ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ 2021 ਤੋਂ ਪਹਿਲਾਂ ਕੋਰੋਨਾ ਕਾਲ ਵਿਚ ਸਾਡੀ ਟੀਮ ਨੇ ਸੰਗਤ ਦੀ ਸੇਵਾ ਕੀਤੀ ਅਤੇ 14 ਮਹੀਨਿਆਂ ਤੱਕ ਦਿੱਲੀ ਦੇ ਬਾਰਡਰਾਂ ’ਤੇ ਧਰਨਾ ਦੇਣ ਆਏ ਕਿਸਾਨਾਂ ਦੀ ਸੇਵਾ ਕੀਤੀ। 

ਉਹਨਾਂ ਕਿਹਾ ਕਿ ਇਸਦੇ ਨਾਲ ਹੀ ਸਿਹਤ ਤੇ ਸਿੱਖਿਆ ਖੇਤਰ ਵਿਚ ਵੀ ਅਸੀਂ ਸੇਵਾ ਕੀਤੀ ਜਿਸਦੀ ਬਦੌਲਤ ਹੀ 2021 ਦੀਆਂ ਚੋਣਾਂ ਵਿਚ ਸੰਗਤਾਂ ਨੇ ਸਾਨੂੰ ਮੁੜ ਸੇਵਾ ਸੌਂਪਣ ਦਾ ਆਸ਼ੀਰਵਾਦ ਦਿੱਤਾ। ਉਹਨਾਂ ਕਿਹਾ ਕਿ ਪਿਛਲੇ ਤਕਰੀਬਨ ਸਾਢੇ ਤਿੰਨ ਸਾਲਾਂ ਤੋਂ ਸੰਗਤ ਦੇ ਸਹਿਯੋਗ ਨਾਲ ਅਸੀਂ ਗੁਰੂ ਘਰਾਂ ਦੇ ਨਾਲ-ਨਾਲ ਸਿਹਤ ਤੇ ਸਿੱਖਿਆ ਖੇਤਰ ਵਿਚ ਕਾਫੀ ਮਿਹਨਤ ਨਾਲ ਕੰਮ ਕੀਤਾ ਹੈ ਜਿਸ ਲਈ ਅਸੀਂ ਸਾਰੀ ਸੰਗਤ ਦੇ ਧੰਨਵਾਦੀ ਹਾਂ।

ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਵਿਰੋਧੀਆਂ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪਿਛਲੇ ਸਮੇਂ ਅੰਦਰ ਇਹ ਦਿੱਲੀ ਦੀ ਸੰਗਤ ਲਈ ਬਹੁਤ ਔਖਾ ਸਮਾਂ ਸੀ ਜਦੋਂ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਦੇ ਫੈਸਲਿਆਂ ਕਾਰਨ ਅਸੀਂ ਇਕੋ ਸਮੇਂ ਗੁਰਪੁਰਬ ਤੇ ਸੰਗਰਾਂਦਾਂ ਨਹੀਂ ਮਨਾ ਸਕਦੇ ਸੀ ਕਿਉਂਕਿ ਇਹਨਾਂ ਦੋਵਾਂ ਭਰਾਵਾਂ ਨੇ ਕੌਮ ਵਿਚ ਦੁਬਿਧਾ ਪੈਦਾ ਕੀਤੀ ਹੋਈ ਸੀ। 

ਉਹਨਾਂ ਕਿਹਾ ਕਿ ਇਹਨਾਂ ਦੋਵਾਂ ਭਰਾਵਾਂ ਨੇ ਹਮੇਸ਼ਾ ਦਿੱਲੀ ਦੀ ਸੰਗਤ ਨੂੰ ਗੁੰਮਰਾਹ ਕੀਤਾ ਅਤੇ ਅਕਾਲੀ ਦਲ ਨੂੰ ਦੋਫਾੜ ਕਰਨ ਵਿਚ ਵੀ ਸਰਗਰਮ ਭੂਮਿਕਾ ਨਿਭਾਈ। ਉਹਨਾਂ ਕਿਹਾ ਕਿ ਇਹਨਾਂ ਦੀ ਨਾਂਹ ਪੱਖੀ ਰਾਜਨੀਤੀ ਕਾਰਨ ਹੀ ਸੰਗਤ ਨੇ ਇਹਨਾਂ ਨੂੰ ਸੇਵਾ ਤੋਂ ਲਾਂਭੇ ਕੀਤਾ। 

ਉਹਨਾਂ ਕਿਹਾ ਕਿ ਹੁਣ ਇਹ ਦੋਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਦੋ-ਦੋ ਥਾਵਾਂ ’ਤੇ ਮਨਾਉਣ ਵਾਸਤੇ ਪੱਬਾਂ ਭਾਰ ਹਨ ਅਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰ ਰਹੇ ਹਨ ਕਿ ਦਿੱਲੀ ਗੁਰਦੁਆਰਾ ਕਮੇਟੀ ਨਾਲੋਂ ਵੱਖਰੇ ਸਮਾਗਮ ਰੱਖੇ ਜਾਣ ਕਿਉਂਕਿ ਲਾਲ ਕਿਲ੍ਹੇ ’ਤੇ ਹੋਣ ਵਾਲੇ ਸਮਾਗਮਾਂ ਵਿਚ ਦੋਵੇਂ ਸਰਨਾ ਭਰਾ ਸ਼ਾਮਲ ਹੋ  ਨਹੀਂ ਸਕਦੇ। 

ਇਸਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਨਿੱਜੀ ਹਿੱਤਾਂ ਦੀ ਖ਼ਾਤਰ ਦੋਵੇਂ ਭਰਾ ਕੌਮ ਨੂੰ ਵੰਡਣ ’ਤੇ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰੂ ਸਾਹਿਬ ਦੀ ਇਹ ਸ਼ਤਾਬਦੀ ਵੱਡੀ ਪੱਧਰ ’ਤੇ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਹੈ ਜੋ ਸੰਗਤ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਨੇਪਰੇ ਚੜ੍ਹਾਏ ਜਾਣਗੇ। 

ਉਹਨਾਂ ਦੱਸਿਆ ਕਿ 23 ਅਗਸਤ ਨੂੰ ਸ਼ਾਮੀਂ 8 ਵਜੇ ਤੋਂ ਰਾਤ 10.30 ਵਜੇ ਤੱਕ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਕਵੀ ਸੰਮੇਲਨ ਹੋਵੇਗਾ ਜਿਸ ਵਿਚ ਗੁਰੂ ਸਾਹਿਬ ਦਾ ਮਹਿਮਾ ਗਾਇਨ ਕੀਤਾ ਜਾਵੇਗਾ ਤੇ ਇਤਿਹਾਸ ਸੰਗਤਾਂ ਸਾਹਮਣੇ ਰੱਖਿਆ ਜਾਵੇਗਾ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਸਮਾਗਮਾਂ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ। ਉਹਨਾਂ ਦੱਸਿਆ ਕਿ ਲਾਲ ਕਿਲ੍ਹੇ ’ਤੇ ਪੰਜ ਰੋਜ਼ਾ ਸਮਾਗਮ ਰੱਖੇ ਜਾ ਰਹੇ ਹਨ ਜਿਹਨਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਪ੍ਰੋਗਰਾਮ ਫਾਈਨਲ ਹੁੰਦੇ ਸਾਰ ਸੰਗਤਾਂ ਨਾਲ ਸਾਂਝੇ ਕੀਤੇ ਜਾਣਗੇ। 

ਇਸ ਮੌਕੇ ਬੀਬੀ ਰਣਜੀਤ ਕੌਰ ਤੇ ਅਮਰਜੀਤ ਸਿੰਘ ਫਤਿਹ ਨਗਰ ਨੇ ਸੇਵਾ ਸੌਂਪਣ ਲਈ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਸਮੇਤ ਸਾਰੀ ਟੀਮ ਦਾ ਧੰਨਵਾਦ ਕੀਤਾ। ਉਹਨਾਂ ਭਰੋਸਾ ਦੁਆਇਆ ਕਿ ਉਹ ਇਸ ਇਤਿਹਾਸਕ ਇੰਸਟੀਚਿਊਟ ਦੀ ਹੋਰ ਤਰੱਕੀ ਵਾਸਤੇ ਦਿਨ ਰਾਤ ਇਕ ਕਰਨਗੇ।

ਇਸ ਮੌਕੇ ਐਮ ਪੀ ਐਸ ਚੱਢਾ, ਹਰਵਿੰਦਰ ਸਿੰਘ ਕੇ.ਪੀ. ਸੀਨੀਅਰ ਮੀਤ ਪ੍ਰਧਾਨ, ਆਤਮਾ ਸਿੰਘ ਲੁਬਾਣਾ ਮੀਤ ਪ੍ਰਧਾਨ, ਸੁਰਜੀਤ ਸਿੰਘ ਜੀਤੀ, ਸੁਖਵਿੰਦਰ ਸਿੰਘ ਬੱਬਰ, ਇੰਦਰਪ੍ਰੀਤ ਸਿੰਘ ਮੋਂਟੀ ਕੋਛੜ, ਭੁਪਿੰਦਰ ਸਿੰਘ ਗਿੰਨੀ, ਰਮਨਜੋਤ ਸਿੰਘ ਮੀਤਾ, ਗੁਰਮੀਤ ਸਿੰਘ ਭਾਟੀਆ, ਸਤਵਿੰਦਰਪਾਲ ਸਿੰਘ ਨਾਗੀ, ਜਸਪ੍ਰੀਤ ਸਿੰਘ ਵਿੱਕੀ ਮਾਨ, ਦਲਜੀਤ ਸਿੰਘ ਸਰਨਾ, ਮਨਜੀਤ ਸਿੰਘ ਔਲਖ, ਸੁਖਦੇਵ ਸਿੰਘ ਰਿਆੜ, ਤਰਲੋਚਨ ਸਿੰਘ, ਹਰਜੀਤ ਸਿੰਘ ਪੱਪਾ ਅਤੇ ਬਲਵਿੰਦਰ ਸਿੰਘ ਆਦਿ ਸ਼ਖਸੀਅਤਾਂ ਵੀ ਹਾਜ਼ਰ ਸਨ।

Saturday, August 16, 2025

ਸਿੱਖੀ ਦੇ ਖਿਲਾਫ A I ਦੁਰਵਰਤੋਂ ਦਾ ਤਿੱਖਾ ਵਿਰੋਧ ਅਤੇ ਨਿਖੇਧੀ

Received from M P Singh Khalsa on Saturday 16th August 2025 at 18:07 Regarding Attack by AI on Sikhism 

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਾਈਬਰ ਕ੍ਰਾਈਮ ਸੈਲ ਨੂੰ ਸ਼ਿਕਾਇਤ

*ਸ੍ਰੀ ਦਰਬਾਰ ਸਾਹਿਬ ਅਤੇ ਡਾ. ਮਨਮੋਹਨ ਸਿੰਘ ਦੀਆਂ ਏ ਆਈ ਨਾਲ ਗਲਤ ਤਸਵੀਰਾਂ ਵਾਇਰਲ 

*ਸਿੱਖਾਂ ਦੀਆਂ ਭਾਵਨਾਵਾਂ ਨੂੰ ਜਾਣ ਬੁੱਝ ਕੇ ਪਹੁੰਚਾਈ ਜਾ ਰਹੀ ਠੇਸ: ਕਾਲਕਾ, ਕਾਹਲੋਂ

ਨਵੀਂ ਦਿੱਲੀ: 16 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਨਾਲ ਗਲਤ ਤਸਵੀਰਾਂ ਬਣਾ ਕੇ ਵਾਇਰਲ ਕਰਨ ਦੀ ਸ਼ਿਕਾਇਤ ਦਿੱਲੀ ਪੁਲਿਸ ਦੇ ਸਾਈਬਰ ਕ੍ਰਾਈਮ ਸੈਲ ਨੂੰ ਦਿੱਤੀ ਹੈ ਤੇ ਨਾਲ ਹੀ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। 

ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਬੀਤੇ ਕੱਲ੍ਹ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਿਨਾਂ ਦਸਤਾਰ ਤੋਂ ਤਸਵੀਰ ਬਣਾ ਕੇ ਵਾਇਰਲ ਕੀਤੀ ਗਈ। 

ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਸਵੀਰ ਵਾਇਰਲ ਕਰ ਕੇ ਦਾਅਵਾ ਕੀਤਾ ਗਿਆ ਕਿ ਉਥੇ ਹੜ੍ਹਾਂ ਦ ਤਰ੍ਹਾਂ ਬਹੁਤ ਪਾਣੀ ਆ ਗਿਆ ਤੇ ਇਮਾਰਤ ਡਿੱਗ ਗਈ ਹੈ। ਸ੍ਰੀ ਹਰਿਮੰਦਰ ਸਾਹਿਬ ਨੂੰ ਡਿੱਗਦਿਆਂ ਵੀ ਦਿਖਾਇਆ ਗਿਆ। 

ਉਹਨਾਂ ਦੱਸਿਆ ਕਿ ਅਜਿਹੀਆਂ ਕਾਰਵਾਈਆਂ ਦੇਸ਼ ਵਿਚ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਸਤੇ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ ਕਿ ਇਸ ਮਾਮਲੇ ਦਾ ਗੰਭੀਰ ਨੋਟਿਸ ਲੈ ਕੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਜਿਹੀਆਂ ਮਨਘੜਤ, ਭੜਕਾਊ ਤੇ ਗੁੰਮਰਾਹਕੁੰਨ ਤਸਵੀਰਾਂ ਤੇ ਵੀਡੀਓ ਵਾਇਰਲ ਕਰਨ ਵਾਲੇ ਲੋਕਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। 

ਉਹਨਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਜਾਣ ਬੁੱਝ ਕੇ ਅਜਿਹੀਆਂ ਤਸਵੀਰਾਂ ਤੇ ਵੀਡੀਓ ਵਾਇਰਲ ਕਰ ਰਹੇ ਹਨ ਜਿਹਨਾਂ ਦਾ ਮਕਸਦ ਸਮਾਜ ਵਿਚ ਕੁੜਤਣ ਪੈਦਾ ਕਰਨਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਹਰਕਤਾਂ ਵਿਚ ਸਿੱਖ ਭਾਈਚਾਰੇ ਨੂੰ ਵਿਸ਼ੇਸ਼ ਕਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਉਹਨਾਂ ਅਜਿਹੇ ਅਨਸਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਸਿੱਖ ਕੌਮ ਇਹਨਾਂ ਹਰਕਤਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਇਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ।

Tuesday, August 05, 2025

ਨੌਵੇਂ ਪਾਤਸ਼ਾਹ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਦੇ ਸਮਾਗਮ

From MPSK on Tuesday 5th August 2025 at 17:45 Regarding DGMC   

ਸੰਸਾਰ ਪੱਧਰ ਤੇ ਮਨਾਉਣ ਲਈ DGMC ਸਭ ਨੂੰ ਇਕ ਮੰਚ 'ਤੇ ਇੱਕਠਾ ਕਰੇ: ਪਰਮਜੀਤ ਸਿੰਘ ਵੀਰਜੀ 

ਨਵੀਂ ਦਿੱਲੀ: 5 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ ਡੈਸਕ)::

ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਨੂੰ ਵਿਸ਼ਵ ਪੱਧਰੀ ਤੌਰ ਤੇ ਮਨਾਉਣ ਲਈ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਜੋ ਆਪਣੇ ਤਿੰਨ ਚਾਰ ਬੰਦਿਆਂ ਵਿਚ ਹੀ ਘਿਰੇ ਹੋਏ ਹਨ, ਜਦਕਿ ਉਨ੍ਹਾਂ ਨੂੰ ਸਮੂਹ ਸਿੱਖ ਪੰਥ ਦੀਆਂ ਧਾਰਮਿਕ, ਰਾਜਸੀ, ਨਿਹੰਗ ਜੱਥੇਬੰਦੀਆਂ, ਟਕਸਾਲਾਂ ਅਤੇ ਫੈਡਰੇਸ਼ਨਾਂ ਨੂੰ ਨਾਲ ਲੈ ਕੇ ਇਕ ਸਾਂਝਾ ਪਲੇਟਫਾਰਮ ਬਨਾਣ ਦਾ ਉਪਰਾਲਾ ਕਰਣ ਦੀ ਜਰੂਰਤ ਸੀ। 

ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਪ੍ਰੈਸ ਨੋਟ ਰਾਹੀਂ ਕਿਹਾ ਕਿ ਇਹ ਸ਼ਤਾਬਦੀ ਸਮਾਰੋਹ ਇੱਕਲੇ ਦਿੱਲੀ ਕਮੇਟੀ ਦਾ ਨਹੀਂ ਹੈ ਪੂਰੇ ਪੰਥ ਦਾ ਹੈ ਤੇ ਇਸ ਲਈ "ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ" ਕਿਸ ਲਈ ਹੋਈ, ਬਾਰੇ ਵੱਡੇ ਤੌਰ ਤੇ ਪ੍ਰਚਾਰ ਦੀ ਸਖ਼ਤ ਲੋੜ ਹੈ ਜਿਸ ਨਾਲ ਸੰਸਾਰ ਨੂੰ ਪਤਾ ਲਗ ਸੱਕੇ ਕਿ ਨੌਵੇਂ ਪਾਤਸ਼ਾਹ ਨੇ "ਤਿਲਕ ਅਤੇ ਜੰਝੂ" ਦੀ ਰਾਖੀ ਲਈ ਸੀਸ ਵਾਰਿਆ ਤੇ ਉਨ੍ਹਾਂ ਦੇ ਤਿੰਨ ਅਨਿਨ ਸਿੱਖਾਂ ਨੇ ਵੀਂ ਮੁਗਲਾਂ ਦੀ ਇੰਨ ਨਾ ਮੰਨਦਿਆ ਸ਼ਹਾਦਤ ਦਾ ਜਾਮ ਪੀਣਾ ਸਵੀਕਾਰ ਕੀਤਾ ਸੀ, ਪਰ ਅਜ ਸਿੱਖਾਂ ਨੂੰ ਦੇਸ਼ ਅੰਦਰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਵਾਰ ਵਾਰ ਕਰਵਾਇਆ ਜਾਂਦਾ ਹੈ ਕਦੇ ਪੇਪਰ ਦੇ ਰਹੇ ਬੱਚਿਆਂ ਦੇ ਕਕਾਰਾਂ ਤੇ ਪਾਬੰਦੀਆਂ, ਕਦੇ ਏਅਰਪੋਰਟ ਤੇ ਕੰਮ ਕਰਦੇ ਸਿੱਖ ਨੌਜੁਆਨਾਂ ਨੂੰ ਤੰਗ ਪ੍ਰੇਸ਼ਾਨ ਕਰਣਾ, ਕਦੇ ਸਿੱਖ ਇਤਿਹਾਸ ਨਾਲ ਛੇੜਖਾਣੀ, ਕਦੇ ਦਸਤਾਰਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਰਾਮ ਰਹੀਮ, ਆਸਾ ਰਾਮ ਵਰਗੇ ਗੰਭੀਰ ਅਪਰਾਧਾਂ ਦੇ ਦੋਸ਼ੀਆਂ ਨੂੰ ਵਾਰ ਵਾਰ ਪਰੋਲ ਫਰਲੋ ਦੇਂਦੇ ਰਹਿਣਾ ਤੇ ਸਿੱਖ ਬੰਦੀ ਸਿੰਘਾਂ ਦੇ ਮਾਮਲਿਆਂ ਤੇ ਵਿਚਾਰ ਤਕ ਨਹੀਂ ਕਰਨਾ ਕਿ ਦਿੱਲੀ ਕਮੇਟੀ ਪ੍ਰਬੰਧਕ ਸ਼ਤਾਬਦੀ ਸਮਾਰੋਹ ਅੰਦਰ ਹਾਜ਼ਿਰੀ ਭਰਨ ਵਾਲੇ ਦੇਸ਼ ਦੇ ਪ੍ਰਧਾਨਮੰਤਰੀ ਅਤੇ ਗ੍ਰਹਿ ਮੰਤਰੀ ਅੱਗੇ ਸਿੱਖਾਂ ਦੇ ਗੰਭੀਰ ਮੁੱਦੇ ਸਰਕਾਰ ਅੱਗੇ ਚੁੱਕਣਗੇ ਜਾਂ ਸਿਰਫ ਰਸਮੀ ਤੌਰ ਤੇ ਸਮਾਗਮ ਕਰਕੇ ਆਪਣਾ ਪਲਾ ਝਾੜ ਲੈਣਗੇ। 

ਸ਼ਤਾਬਦੀ ਸਮਾਗਮ ਲਈ ਦਿੱਲੀ ਕਮੇਟੀ ਵਲੋਂ ਤਿਆਰੀਆਂ ਤਿੰਨ ਮਹੀਨੇ ਪਹਿਲਾਂ ਹੀ ਕਰ ਲੈਣੀਆਂ ਚਾਹੀਦੀਆਂ ਸਨ ਪਰ ਹਰ ਮਾਮਲੇ ਵਿਚ ਉਨ੍ਹਾਂ ਦੀ ਨਾਤਜੁਰਬੇਕਾਰੀ ਕੌਮ ਨੂੰ ਨਮੋਸ਼ੀ ਹੀ ਦਿਵਾਉਂਦੀ ਹੈ । ਗੁਰੂ ਸਾਹਿਬਾਨ ਦੇ ਦਿੱਲੀ ਵਿਖ਼ੇ ਸ਼ਹਾਦਤ ਦਿੱਤੀ ਇਸ ਲਈ ਇਹ ਸਮਾਰੋਹ ਦਿੱਲੀ ਵਿਖ਼ੇ ਹੀ ਵੱਡੇ ਪੱਧਰ ਤੇ ਮਨਾਉਣਾ ਚਾਹੀਦਾ ਹੈ, ਪਰ ਕਮੇਟੀ ਪ੍ਰਧਾਨ ਵਲੋਂ ਰਸਮੀ ਤੌਰ ਤੇ ਐਸਜੀਪੀਸੀ ਨੂੰ ਪੱਤਰ ਲਿਖ ਕੇ ਪਲਾ ਝਾੜਨਾ ਠੀਕ ਨਹੀਂ ਹੈ, ਉਨ੍ਹਾਂ ਦਾ ਫਰਜ਼ ਬਣਦਾ ਸੀ ਓਹ ਆਪ ਐਸਜੀਪੀਸੀ ਪ੍ਰਧਾਨ ਸਾਹਿਬ, ਤਖਤ ਹਜੂਰ ਸਾਹਿਬ ਕਮੇਟੀ, ਤਖਤ ਪਟਨਾ ਸਾਹਿਬ ਕਮੇਟੀ ਨੂੰ ਮਿਲਕੇ ਬੇਨਤੀ ਕਰਦੇ, ਪਰ ਤਿੰਨ ਚਾਰ ਬੰਦਿਆਂ ਵਿਚ ਘਿਰੇ ਹੋਣ ਕਰਕੇ ਉਨ੍ਹਾਂ ਦੀ ਸੋਚ ਵੀਂ ਉਨ੍ਹਾਂ ਤਕ ਹੀ ਰਹਿ ਗਈ ਹੈ।

Wednesday, August 17, 2022

ਕਾਲਕਾ ਵੱਲੋਂ ਸਰਨਾ ਅਤੇ ਜੀ ਕੇ ਦੀ ਤਿੱਖੀ ਆਲੋਚਨਾ

Wednesday 17th August 2022 at 03:58 PM

ਕਿਹਾ-ਗੁਰਦੁਆਰਾ ਕਮੇਟੀ ਦੇ ਦਫ਼ਤਰ ’ਚ ਧਰਨਾ ਲਗਾਉਣਾ ਨਿੰਦਣਯੋਗ

ਨਵੀਂ ਦਿੱਲੀ: 17 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਸਾਂਝੇ ਤੌਰ ’ਤੇ ਦੋਸ਼ ਲਗਾਇਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ., ਪਰਮਜੀਤ ਸਿੰਘ ਸਰਨਾ-ਹਰਵਿੰਦਰ ਸਿੰਘ ਸਰਨਾ ਅਤੇ ਬਾਦਲ ਧੜਾ ਦਿੱਲੀ ਕਮੇਟੀ ਦਾ ਅਕਸ ਵਿਗਾੜਨ ਲਈ ਹਰ ਸਮੇਂ ਤਰਲੋਮੱਛੀ ਹੋਇਆ ਰਹਿੰਦਾ ਹੈ ਇਸੇ ਲਈ ਇਨ੍ਹਾਂ ਸਾਰਿਆਂ ਵੱਲੋਂ ਕਮੇਟੀ ਪ੍ਰਬੰਧਕਾਂ ਨਾਲ ਦਫਤਰ ’ਚ ਮੀਟਿੰਗ ਕਰਨ ਦਾ ਸਮਾਂ ਮੰਗ ਕੇ ਮਾਹੌਲ ਨੂੰ ਹੰਗਾਮੀ ਬਣਾਇਆ ਗਿਆ ਤਾਂ ਕਿ ਕਿਸੇ ਤਰ੍ਹਾਂ ਮੀਡੀਆ ’ਚ ਸੁਰਖੀਆਂ ਬਟੋਰੀ ਜਾ ਸਕੇ।

ਸ. ਕਾਲਕਾ ਨੇ ਕਿਹਾ ਕਿ ਸਰਨਾ ਭਰਾਵਾਂ ਵੱਲੋਂ ਤਾਂ 1984 ’ਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਦੇ ਨੇਤਾ ਸ੍ਰੀਪ੍ਰਕਾਸ਼ ਜਾਇਸਵਾਲ ਨੂੰ ਖੁੱਸ਼ ਕਰਨ ਲਈ ਗੁਰਦੁਆਰਾ ਸਾਹਿਬ ’ਚ ਪ੍ਰੋਗਰਾਮ ਕਰਵਾਏ ਜਾਂਦੇ ਸਨ। ਜਿਨ੍ਹਾਂ ਲੋਕਾਂ ’ਤੇ ਕਦੇ ਬਰਗਾੜੀ ਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਦੋਸ਼ ਲੱਗੇ ਉਹ ਲੋਕ ਅੱਜ ਸੁਖਬੀਰ ਬਾਦਲ ਦਾ ਮਾਰਗ-ਦਰਸ਼ਨ ਲੈ ਕੇ ਹਰ ਗੱਲ ਨੂੰ ਬੇਅਦਬੀ ਨਾਲ ਜੋੜਨ ਦੀ ਗੱਲ ਕਰ ਰਹੇ ਹਨ ਪਰੰਤੂ ਸੰਗਤ ਇਨ੍ਹਾਂ ਦੇ ਭਰਮ-ਭੁਲੇਖੇ ’ਚ ਨਹੀਂ ਆਵੇਗੀ।

ਸ. ਕਾਲਕਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਵੱਲੋਂ ਉਨ੍ਹਾਂ ਨਾਲ ਮੀਟਿੰਗ ਕਰਨ ਦਾ ਸਮਾਂ ਮੰਗਿਆ ਗਿਆ ਸੀ ਪਰੰਤੂ ਮੀਟਿੰਗ ਲਈ ਇਨ੍ਹਾਂ ਕੋਲ ਕੋਈ ਏਜੰਡਾ ਨਾ ਹੋਣ ਕਰਕੇ ਜੀ.ਕੇ ਤੇ ਸਰਨਾ ਭਰਾਵਾਂ ਵੱਲੋਂ ਇਸ ਨੂੰ ਪਹਿਲਾਂ ਵਫ਼ਦ ’ਚ ਬਦਲੀ ਕੀਤਾ ਗਿਆ ਤੇ ਫਿਰ ਧਰਨੇ ’ਚ ਜੋ ਕਿ ਨਿੰਦਣਯੋਗ ਹੈ । ਮੀਟਿੰਗ ਦੌਰਾਨ ਸਰਨਾ ਭਰਾ ਤੇ ਜੀ.ਕੇ. ਵਾਰ-ਵਾਰ ਇਕ-ਦੂਜੇ ਦੀ ਹੀ ਗੱਲ ਨੂੰ ਕੱਟ ਰਹੇ ਸਨ । ਉਨ੍ਹਾਂ ਕਿਹਾ ਕਿ ਅਸੀਂ ਮੀਟਿੰਗ ਕਰਨ ਸਾਡੇ ਕੋਲ ਪੁੱਜੇ ਜੀ.ਕੇ-ਸਰਨਾ ਅਤੇ ਬੀਬੀ ਰਣਜੀਤ ਕੌਰ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਦੇ ਇਕ-ਇਕ ਸੁਆਲ ਦਾ ਜਵਾਬ ਦਿੱਤਾ ਪਰੰਤੂ ਇਨ੍ਹਾਂ ਦਾ ਮਕਸਦ ਤਾਂ ਸਿਰਫ਼ ਹੰਗਾਮਾ ਖੜਾ ਕਰਨਾ ਸੀ । ਇਨ੍ਹਾਂ ਲੋਕਾਂ ਨੂੰ ਇਹ ਚੇਤਾ ਨਹੀਂ ਕਿ ਇਨ੍ਹਾਂ ਦੇ ਕਾਰਜਕਾਲ ਦੌਰਾਨ ਵੀ ਗੁਰਦੁਆਰਿਆਂ ’ਚ ਹਜ਼ਾਰਾਂ ਦੀ ਤਾਦਾਦ ’ਚ ਸੰਗਤਾਂ ਨੂੰ ਠਹਿਰਾਇਆ ਜਾਂਦਾ ਰਿਹਾ ਹੈ ਪਰੰਤੂ ਕਿਸੇ ਦਾ ਸਟਿੰਗ ਆਪਰੇਸ਼ਨ ਕਰਕੇ ਕਦੇ ਤਲਾਸ਼ੀ ਨਹੀਂ ਲਈ ਗਈ। 

ਸ. ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਵੱਲੋਂ ਮਨਾਏ ਗਏ ਭਾਈ ਲੱਖੀ ਸ਼ਾਹ ਵਣਜਾਰਾ ਜੀ ਦੇ 444ਵੇਂ ਜਨਮ ਦਿਹਾੜਾ ਸਮਾਗਮ ’ਚ ਸਹਿਯੋਗ ਕੀਤਾ ਸੀ । ਉਨ੍ਹਾਂ ਕਿਹਾ ਕਿ ਵਣਜਾਰਾ ਸਮਾਜ ਜਿਨ੍ਹਾਂ ਦੀਆਂ ਜੜ੍ਹਾਂ ਸਿੱਖ ਭਾਈਚਾਰੇ ਨਾਲ ਜੁੜੀਆਂ ਹਨ, ਤਾਲਕਟੋਰਾ ਸਟੇਡੀਅਮ ’ਚ ਕਰਵਾਏ ਗਏ ਸਮਾਗਮ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੇ ਇਤਿਹਾਸ ਦਾ ਸੰਦੇਸ਼ ਦੂਰ-ਦੂਰ ਤਕ ਗਿਆ ਹੈ । ਸ. ਕਾਹਲੋਂ ਨੇ ਕਿਹਾ ਕਿ ਸਾਨੂੰ ਮਹਾਰਾਸ਼ਟਰ, ਹੈਦਰਾਬਾਦ ਅਤੇ ਤੇਲੰਗਾਨਾ ਆਦਿ ਤੋਂ ਵਣਜਾਰਾ ਸਮਾਜ ਦੇ ਕਈ ਲੋਕਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੇ ਰਾਜਾਂ ’ਚ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੇ ਇਤਿਹਾਸ ਨਾਲ ਸੰਬੰਧਤ ਸਮਾਗਮ ਕਰਵਾਏ ਜਾਣ।

ਸ. ਕਾਲਕਾ ਅਤੇ ਸ. ਕਾਹਲੋਂ ਨੇ ਇਕ ਵਾਰ ਮੁੜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੰਹ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਭਾਈ ਲੱਖੀ ਸ਼ਾਹ ਵਣਜਾਰਾ ਦੇ 444ਵੇਂ ਜਨਮ ਦਿਹਾੜਾ ਸਮਾਗਮ ’ਚ ਵਣਜਾਰਾ ਸਮਾਜ ਦੇ ਮੁਖੀਆਂ ਅਤੇ ਭਾਰਤ ਸਰਕਾਰ ਦੇ ਸੰਸਕ੍ਰਿਤੀ ਮੰਤਰਾਲੇ ਨਾਲ ਸਹਿਯੋਗ ਕਰਕੇ ਸਮਾਗਮ ਨੂੰ ਇਤਿਹਾਸਕ ਬਨਾਉਣ ’ਚ ਆਪੋ-ਆਪਣੀ ਜ਼ੁੰਮੇਵਾਰੀ ਨਿਭਾਈ ਹੈ ।

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਹਰਵਿੰਦਰ ਸਿੰਘ ਕੇ.ਪੀ, ਮੀਤ ਪ੍ਰਧਾਨ ਸ. ਆਤਮਾ ਸਿੰਘ ਲੁਬਾਣਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਜਸਪ੍ਰੀਤ ਸਿੰਘ ਕਰਮਸਰ, ਮੈਂਬਰਾਨ ਸ. ਐਮ.ਪੀ.ਐਸ. ਚੱਢਾ, ਸ. ਵਿਕਰਮ ਸਿੰਘ ਰੋਹਿਣੀ, ਸ. ਜਸਪ੍ਰੀਤ ਸਿੰਘ ਜੱਸਾ, ਸ. ਭੁਪਿੰਦਰ ਸਿੰਘ ਭੁੱਲਰ, ਸ. ਭੁਪਿੰਦਰ ਸਿੰਘ ਗਿੰਨੀ, ਸ. ਸੁਖਬੀਰ ਸਿੰਘ ਕਾਲੜਾ, ਸ. ਹਰਜੀਤ ਸਿੰਘ ਪੱਪਾ, ਸ. ਗੁਰਮੀਤ ਸਿੰਘ, ਸ. ਪਲਵਿੰਦਰ ਸਿੰਘ ਲੱਕੀ, ਸਰਵਜੀਤ ਸਿੰਘ ਵਿਰਕ, ਗੁਰਮੀਤ ਸਿੰਘ ਭਾਟੀਆ, ਰਮਿੰਦਰ ਸਿੰਘ ਸਵੀਟਾ, ਸ. ਗੁਰਦੇਵ ਸਿੰਘ ਅਤੇ ਰਮਨਜੋਤ ਸਿੰਘ ਮੀਤਾ ਆਦਿ ਮੌਜੂਦ ਸਨ। 

Wednesday, August 10, 2022

ਭਾਈ ਲੱਖੀ ਸ਼ਾਹ ਵਣਜਾਰਾ ਦਾ 444ਵਾਂ ਜਨਮ ਦਿਹਾੜਾ ਮਨਾਇਆ ਗਿਆ

 Wednesday 10th August 2022 at 06:45 PM

ਹਿੰਦ ਸਰਕਾਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵਿਸ਼ੇਸ਼ ਆਯੋਜਨ 

ਵੱਖ-ਵੱਖ ਸੂਬਿਆਂ ਤੋਂ ਆਏ ਵਣਜਾਰਾ ਸਮਾਜ ਦੇ ਕਲਾਕਾਰਾਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ 

ਸਾਰੇ ਪ੍ਰੋਗਰਾਮਾਂ ਵਿੱਚ ਕਈ ਸਭਿਆਚਾਰਕ ਅਤੇ ਧਾਰਮਿਕ ਪਹਿਲੂ ਵੀ ਪੇਸ਼ਕੀਤੇ ਗਏ 

ਇਤਿਹਾਸ ਦੀ ਜਾਣਕਾਰੀ ਵੀ ਖੂਬਸੂਰਤ ਅੰਦਾਜ਼ ਨਾਲ ਦਿੱਤੀ ਗਈ 

ਨਵੀਂ ਦਿੱਲੀ: 10 ਅਗਸਤ 2022 (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਹਿੰਦ ਸਰਕਾਰ ਦੇ ਸੰਸਕ੍ਰਿਤੀ ਮੰਤਰਾਲੇ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਖਿਲ ਭਾਰਤੀ ਵਣਜਾਰਾ ਸਮਾਜ ਦੇ ਸਹਿਯੋਗ ਨਾਲ ਭਾਈ ਲੱਖੀਸ਼ਾਹ ਵਣਜਾਰਾ ਦਾ 444ਵਾਂ ਜਨਮ ਦਿਹਾੜਾ ਅੱਜ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਵੱਡੇ ਪੱਧਰ ’ਤੇ ਮਨਾਇਆ ਗਿਆ । ਦਿਨ ਭਰ ਚੱਲੇ ਸਮਾਗਮ ਦੀ ਅਰੰਭਤਾ ਸਵੇਰੇ ਹੋਈ ਜਿਸ ’ਚ ਕਰਨਾਟਕਾ, ਰਾਜਸਥਾਨ ਸਣੇ ਵੱਖ-ਵੱਖ ਸੂਬਿਆਂ ਤੋਂ ਆਏ ਵਣਜਾਰਾ ਸਮਾਜ ਦੇ ਕਲਾਕਾਰਾਂ ਵੱਲੋਂ ਆਪਣੀ ਸਭਿਅਤਾ ਨਾਲ ਜੁੜੇ ਕਈ ਸਭਿਆਚਾਰਕ ਅਤੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ । ਪਟਿਆਲਾ ਯੂਨੀਵਰਸਿਟੀ ਪੰਜਾਬ ਵੱਲੋਂ ਭਾਈ ਲੱਖੀ ਸ਼ਾਹ ਵਣਜਾਰਾ ਦੇ ਜੀਵਨ ਕਾਲ ’ਤੇ ਆਧਾਰਿਤ ਪੇਸ਼ਕਾਰੀ ਇਸ ਸਮਾਗਮ ਦਾ ਮੁੱਖ ਆਕਰਸ਼ਣ ਦਾ ਕੇਂਦਰ ਰਹੀ, ਜਿਸ ’ਚ ਕਈ ਕਲਾਕਾਰਾਂ ਵੱਲੋਂ ਆਪਣੇ ਅਭਿਨੈ ਦੇ ਮਾਧਿਅਮ ਨਾਲ ਭਾਈ ਲੱਖੀ ਸ਼ਾਹ ਵਣਜਾਰਾ ਵੱਲੋਂ ਔਰੰਗਜ਼ੇਬ ਦੇ ਹੁਕਮਾਂ ’ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ’ਚ ਸ਼ਹੀਦ ਕੀਤੇ ਜਾਣ ਅਤੇ ਇਸ ਤੋਂ ਬਾਅਦ ਭਾਈ ਲੱਖੀ ਸ਼ਾਹ ਵਣਜਾਰਾ ਵੱਲੋਂ ਗੁਰੂ ਸਾਹਿਬ ਦੀ ਪਾਵਨ ਦੇਹ ਨੂੰ ਰੂਈ ਦੇ ਗੱਡੇ ’ਚ ਲੁਕੋ ਕੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਥਿਤ ਆਪਣੇ ਘਰ ਤਕ ਲਿਆਉਣ ਅਤੇ ਇਥੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਸਾਹਿਬ ਦੀ ਪਾਵਨ ਦੇਹ ਦਾ ਅੰਤਮ ਸਸਕਾਰ ਕੀਤੇ ਜਾਣ ਨੂੰ ਦਰਸ਼ਾਇਆ ਗਿਆ ਸੀ । ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਸਿਹਤ ਖਰਾਬ ਹੋਣ ਕਾਰਨ ਸਮਾਗਮ ’ਚ ਹਾਜ਼ਰੀ ਨਹੀਂ ਭਰ ਸਕੇ ਅਤੇ ਉਨ੍ਹਾਂ ਦੀ ਜਗ੍ਹਾ ਭਾਈ ਲੱਖੀ ਸ਼ਾਹ ਵਣਜਾਰਾ ਪ੍ਰਤੀ ਸੰਦੇਸ਼ ਲੈ ਕੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਸ਼ਿਰਕਤ ਕੀਤੀ।

ਇਸ ਮੌਕੇ ਜੀ. ਕਿਸ਼ਨ ਰੇਡੀ ਕੇਂਦਰੀ ਮੰਤਰੀ ਨੇ ਸੰਬੋਧਨ ਕਰਦੇ ਹੋਏ ਜਿੱਥੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਉਥੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸਮਾਜ ਵੱਲੋਂ ਦੁਨੀਆਂ ਭਰ ’ਚ ਮਨੁੱਖਤਾ ਦੀ ਸੇਵਾ ਕਰਨ ਦੀ ਸ਼ਲਾਘਾ ਕੀਤੀ । ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਹੋਵੇ ਮੁਗਲ ਹਕੂਮਤ ਵੱਲੋਂ ਜਬਰੀ ਧਰਮ ਬਦਲੀ ਖਿਲਾਫ ਲੜਾਈ ਹਰ ਮੈਦਾਨ ’ਚ ਸਿੱਖ ਕੌਮ ਨੇ ਡੱਟ ਕੇ ਸਾਹਮਣਾ ਕੀਤਾ ਅਤੇ ਸ਼ਹਾਦਤਾਂ ਦਿੱਤੀਆਂ ਹਨ।

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਭਾਈ ਲੱਖੀ ਸ਼ਾਹ ਵਣਜਾਰਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪ੍ਰਤੀ ਕੀਤੀ ਸੇਵਾ ਨੂੰ ਨਮਨ ਕਰਦਿਆਂ ਦੱਸਿਆ ਕਿ ਵਣਜਾਰਾ ਸਮਾਜ ਸ਼ੁਰੂ ਤੋਂ ਹੀ ਸਿੱਖ ਗੁਰੂ ਸਾਹਿਬਾਨ ਦਾ ਸ਼ਰਧਾਲੂ ਰਿਹਾ ਹੈ ਅਤੇ ਸਿੱਖ ਧਰਮ ਦੀ ਆਸਥਾ ਦਾ ਸਤਿਕਾਰ ਕਰਦਾ ਹੈ । ਇਸ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵਣਜਾਰਾ ਸਮਾਜ ਨੂੰ ਬਣਦਾ ਸਤਿਕਾਰ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਹਰ ਖੇਤਰ ’ਚ ਹਮੇਸ਼ਾਂ ਸਹਿਯੋਗ ਦਿੰਦੀ ਰਹੇਗੀ । ਸ. ਕਾਲਕਾ ਨੇ ਭਾਈ ਲੱਖੀ ਸ਼ਾਹ ਵਣਜਾਰਾ ਜੀ ਦਾ 444ਵਾਂ ਜਨਮ ਦਿਹਾੜਾ ਇੰਨੇ ਵੱਡੇ ਪੱਧਰ ’ਤੇ ਮਨਾਉਣ ਲਈ ਹਿੰਦ ਸਰਕਾਰ ਦਾ ਵੀ ਧੰਨਵਾਦ ਕੀਤਾ।

ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਾਈ ਲੱਖੀ ਸ਼ਾਹ ਵਣਜਾਰਾ ਜੀ ਆਪਣੇ ਸਮੇਂ ’ਚ ਇੰਨੇ ਵੱਡੇ ਧੰਨਵਾਨ ਵਪਾਰੀ ਸਨ ਕਿ ਉਹ ਜਿੱਥੇ ਵੀ ਜਾਂਦੇ ਸਨ ਉਥੇ ਲੋਕਾਂ ਦੀ ਭਲਾਈ ਲਈ ਖੂਹ ਅਤੇ ਰੈਨ-ਬਸੇਰੇ, ਸਰਾਵਾਂ ਸਥਾਪਤ ਕਰਦੇ ਰਹੇ। ਉਨ੍ਹਾਂ ਕਿਹਾ ਕਿ ਕੋਈ ਵੀ ਵਪਾਰੀ ਜਾਂ ਧੰਨਵਾਨ ਕਦੇ ਕਿਸੇ ਜ਼ਾਲਮ ਨਾਲ ਲੜਨ ਦੀ ਹਿੰਮਤ ਨਹੀਂ ਕਰ ਸਕਦਾ ਕਿਉਂਕਿ ਅਜਿਹਾ ਕਰਨ ’ਤੇ ਉਸ ਨੂੰ ਆਪਣੀਆਂ ਸੁੱਖ-ਸੁਵਿਧਾਵਾਂ, ਪਰਿਵਾਰ ਮਿਟਣ ਦਾ ਖਤਰਾ ਮਹਿਸੂਸ ਹੁੰਦਾ ਹੈ ਪਰੰਤੂ ਭਾਈ ਲੱਖੀ ਸ਼ਾਹ ਵਣਜਾਰਾ ਜੀ ਨੇ ਇਕ ਧੰਨਵਾਨ ਵਪਾਰੀ ਹੋਣ ਦੇ ਬਾਵਜ਼ੂਦ ਜ਼ਾਲਮ ਔਰੰਗਜ਼ੇਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਦੇ ਚਾਂਦਨੀ ਚੌਂਕ ’ਚ ਅਕਹੇ ਤਸੀਹੇ ਦੇ ਕੇ ਸ਼ਹੀਦ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਪਾਵਨ ਪਵਿੱਤਰ ਦੇਹ ਨੂੰ ਮੁਗਲ ਫੌਜੀਆਂ ਨੂੰ ਚਕਮਾ ਦੇ ਕੇ ਉਥੋਂ ਚੁੱਕ ਕੇ ਰਾਇਸੀਨਾ ਹਿਲਸ ਸਥਿਤ ਆਪਣੇ ਘਰ (ਜਿੱਥੇ ਹੁਣ ਗੁਰਦੁਆਰਾ ਰਕਾਬ ਗੰਜ ਸਾਹਿਬ ਮੌਜੂਦ ਹੈ) ਉਥੇ ਲਿਆ ਕੇ ਆਪਣੇ ਘਰ ਨੂੰ ਅੱਗ ਲਗਾ ਕੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ। ਸਿੱਖ ਗੁਰੂ ਸਾਹਿਬਾਨ ਪ੍ਰਤੀ ਅਜਿਹੀ ਸੇਵਾ ਅਤੇ ਕੁਰਬਾਨੀ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ।

ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਮੰਚ ਸੰਚਾਲਕ ਦੀ ਸੇਵਾ ਨਿਭਾਉਂਦੇ ਹੋਏ ਆਏ ਹੋਏ ਸਭ ਮੁੱਖ ਮਹਿਮਾਨਾਂ ਅਤੇ ਹਿੰਦ ਸਰਕਾਰ ਦੇ ਸੰਸਕ੍ਰਿਤੀ ਮੰਤਰਾਲੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਈ ਲੱਖੀ ਸ਼ਾਹ ਵਣਜਾਰਾ ਵਰਗੀ ਸ਼ਖ਼ਸੀਅਤ ਦੇ ਸਨਮਾਨ ’ਚ ਦਿੱਲੀ ’ਚ ਇਨ੍ਹਾਂ ਵਿਸ਼ਾਲ ਸਮਾਗਮ ਕਰਵਾ ਕੇ ਭਾਰਤ ਸਰਕਾਰ ਨੇ ਸਿੱਖਾਂ ਪ੍ਰਤੀ ਆਪਣੀ ਸੱਚੀ ਨਿਸ਼ਠਾ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰੁਦਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਬਦਲੀ ਖਿਲਾਫ ਅਤੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਜੋ ਸੇਵਾ ਆਰੰਭ ਕੀਤੀ ਗਈ ਹੈ ਵਣਜਾਰਾ ਸਮਾਜ ਉਸ ’ਚ ਵੱਧ ਤੋਂ ਵੱਧ ਸਹਿਯੋਗ ਕਰੇ ਕਿਉਂਕਿ ਇਸ ਸਮਾਜ ਦੇ ਲੋਕਾਂ ਦੀ ਪਹੁੰਚ ਸ਼ਹਿਰਾਂ ਅਤੇ ਦੂਰ-ਦਰਾਡੇ ਦੇ ਇਲਾਕਿਆਂ ਤਕ ਹੈ।

ਸਮਾਗਮ ’ਚ ਸ੍ਰੀ ਜੀ. ਕਿਸ਼ਨ ਰੇਡੀ ਕੇਂਦਰੀ ਮੰਤਰੀ, ਸ੍ਰੀ ਅਰਜੁਨ ਰਾਮ ਮੇਘਵਾਲ ਕੇਂਦਰੀ ਮੰਤਰੀ, ਸ੍ਰੀ ਅਰਜੁਨ ਮੁੰਡਾ ਕੇਂਦਰੀ ਮੰਤਰੀ, ਸ੍ਰੀ ਰਾਮਦਾਸ ਅਠਾਵਲੇ ਕੇਂਦਰੀ ਮੰਤਰੀ, ਸ੍ਰੀ ਬਾਲਕ ਨਾਥ ਯੋਗੀ ਸਾਂਸਦ, ਸ੍ਰੀ ਉਮੇਸ਼ ਯਾਦਵ ਸਾਂਸਦ, ਸ੍ਰੀ ਸਤੀਸ਼ ਉਪਾਧਿਆਏ ਭਾਜਪਾ ਪ੍ਰਧਾਨ ਦਿੱਲੀ ਸਟੇਟ, ਸ੍ਰੀ ਹਵਾ ਮਲਿਕਾਨਾਥ ਮਹਾਰਾਜ (ਜੈ ਮਾਤਾ ਟ੍ਰਸੱਟ, ਨਵੀਂ ਦਿੱਲੀ), ਸ੍ਰੀ ਪ੍ਰਕਾਸ਼ ਰਾਠੌੜ ਚੀਫ ਵਿਹਿਪ ਕਰਨਾਟਕਾ, ਸ੍ਰੀ ਚਰਨ ਸਿੰਘ ਤੇਲੰਗਾਨਾ ਭਾਜਪਾ, ਸ੍ਰੀ ਸ਼ੰਕਰ ਪਵਾਰ ਪ੍ਰਧਾਨ ਏਆਈਬੀਐਸਐਸ, ਸ੍ਰੀ ਮੁਕੇਸ਼ ਸਭਾਨਾ ਪ੍ਰਧਾਨ ਬਾਬਾ ਲੱਖੀ ਸ਼ਾਹ ਵੇਲਕਮ ਕਮੇਟੀ, ਸਚਿਨ ਸਭਾਨਾ ਯੂਥ ਨੇਤਾ, ਸ੍ਰੀ ਬਾਬੂ ਸਿੰਘ ਸੰਤ ਪੋਹਰਾ ਦੇਵੀ, ਡਾ. ਸਿਧੇਸ਼ਵਰ ਸ਼ਿਵਾਚਾਰੀਆ ਸਵਾਮੀ ਜੀ, ਸ੍ਰੀ ਓਮ ਪ੍ਰਕਾਸ਼ ਨਾਇਕ ਮੈਂਬਰ ਐਸ.ਸੀ. ਕਮਿਸ਼ਨ,ਸ੍ਰੀਮਤੀ ਕਵਿਤਾ ਰਾਠੌੜ, ਸ੍ਰੀਮਤੀ ਮਮਤਾ ਰਾਠੌੜ ਸਾਬਕਾ ਕੌਂਸਲਰ ਅਤੇ ਦਿੱਲੀ ਗੁਰਦੁਆਰਾ ਕਮੇਟੀ ਤੋਂ ਸ. ਆਤਮਾ ਸਿੰਘ ਲੁਬਾਣਾ ਮੀਤ ਪ੍ਰਧਾਨ, ਜਸਮੇਨ ਸਿੰਘ ਨੋਨੀ ਸਕੱਤਰ ਅਤੇ ਮੈਂਬਰਾਨ ਸ. ਐਮ.ਪੀ.ਐਸ. ਚੱਢਾ, ਸ. ਗੁਰਪ੍ਰੀਤ ਸਿੰਘ ਜੱਸਾ, ਸ. ਗੁਰਦੇਵ ਸਿੰਘ, ਸ. ਸੁਖਬੀਰ ਸਿੰਘ ਕਾਲੜਾ, ਸ. ਗੁਰਮੀਤ ਸਿੰਘ ਭਾਟੀਆ, ਸ. ਹਰਜੀਤ ਸਿੰਘ ਪੱਪਾ, ਸ. ਨਿਸ਼ਾਨ ਸਿੰਘ ਮਾਨ, ਸ. ਭੁਪਿੰਦਰ ਸਿੰਘ ਗਿੰਨੀ, ਸ. ਦਲਜੀਤ ਸਿੰਘ ਸਰਨਾ, ਸ. ਸੁਰਜੀਤ ਸਿੰਘ ਜੀਤੀ, ਸ. ਅਮਰਜੀਤ ਸਿੰਘ ਪਿੰਕੀ, ਸ. ਪਰਵਿੰਦਰ ਸਿੰਘ ਲੱਕੀ ਆਦਿ ਮੌਜ਼ੂਦ ਸਨ।

Friday, August 05, 2022

ਪੰਜਾਬ ਅੰਦਰ ਦਿੱਲੀ ਕਮੇਟੀ ਦਾ ਧਰਮ ਪ੍ਰਚਾਰ ਪ੍ਰੋਜੈਕਟ ਮਹਿਜ਼ ਇੱਕ ਢੌਂਗ: ਸਰਨਾ

ਦਿੱਲੀ ਕਮੇਟੀ ਦਿੱਲੀ ਵਿੱਚ ਗੁਰਮੁਖੀ ਸਾਖਰਤਾ ਸਮੇਤ ਕਈ ਫਰੰਟਾਂ 'ਤੇ ਨਾਕਾਮ 

ਅੰਮ੍ਰਿਤ ਸੰਚਾਰ ਅਤੇ ਸਿੱਖੀ ਨੂੰ ਪ੍ਰਫੁੱਲਤ ਕਰਨ ਵਿੱਚ ਵੀ ਬੁਰੀ ਤਰ੍ਹਾਂ ਫੇਲ੍ਹ, ਗੱਲਾਂ ਪੰਜਾਬ ਸੰਭਾਲਣ ਦੀਆਂ 


ਨਵੀਂ ਦਿੱਲੀ
: 5 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਬੈਨਰ ਹੇਠ ਹਰਮੀਤ ਸਿੰਘ ਕਾਲਕਾ ਅਤੇ ਮਨਜਿੰਦਰ ਸਿੰਘ ਸਿਰਸਾ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਪ੍ਰਚਾਰ ਦੀ ਆੜ ਵਿੱਚ ਸਿੱਖ ਵਸੀਲਿਆਂ ਦੀ ਖੇਤੀ ਕਰਨਾ ਚਾਹੁੰਦੇ ਹਨ।  ਇਹ ਪੰਜਾਬ ਦੇ ਭੋਲੇ-ਭਾਲੇ ਲੋਕਾਂ ਖਿਲਾਫ ਵੱਡੀ ਸਾਜ਼ਿਸ਼ ਹੈ।  ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ।  ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਨਾ ਨੇ ਕਿਹਾ ਕਿ ਆਉਣ ਵਾਲੇ ਡੇਢ ਸਾਲ 'ਚ ਦੇਸ਼ 'ਚ ਵੱਡੀ ਚੋਣ ਲੜਾਈ ਹੈ।  ਇਸ ਦੇ ਲਈ ਹੁਣ ਤੋਂ ਕਾਲਕਾ ਅਤੇ ਸਿਰਸਾ ਪੰਜਾਬ ਦੀ ਧਰਤੀ 'ਤੇ ਨਵੀਂ ਤਾਕਤ ਲਈ ਜ਼ਮੀਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।  ਉਨ੍ਹਾਂ ਦੱਸਿਆ ਕਿ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਦਿੱਲੀ ਦੀਆਂ ਸਿੱਖ ਸੰਸਥਾਵਾਂ ਨੂੰ ਵਿਗਾੜਿਆ ਹੈ।  ਇੰਨਾ ਹੀ ਨਹੀਂ ਸਿੱਖ ਸੰਗਤ ਦੇ ਦਸਵੇਂ ਹਿੱਸੇ ਨੇ ਵੀ ਲੁੱਟ-ਖਸੁੱਟ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਾਲਕਾ ਅਤੇ ਸਿਰਸਾ ਦੇ ਅਖੌਤੀ ਧਰਮ ਪ੍ਰਚਾਰ ਦੇ ਕਾਰਨਾਮੇ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਿਹੜੇ ਲੋਕ ਡੀਐਸਜੀਐਮਸੀ ਵਿੱਚ ਰਹਿੰਦਿਆਂ ਰਾਜਧਾਨੀ ਦਿੱਲੀ ਵਿੱਚ ਗੁਰਮੁਖੀ ਸਾਖਰਤਾ, ਅੰਮ੍ਰਿਤ ਸੰਚਾਰ ਅਤੇ ਸਿੱਖੀ ਨੂੰ ਪ੍ਰਫੁੱਲਤ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ, ਉਨ੍ਹਾਂ ਲੋਕਾਂ ਵਲੋਂ ਗੁਰੂ ਸਾਹਿਬਾਨ ਦੀ ਧਰਤੀ 'ਤੇ ਧਰਮ ਦਾ ਪ੍ਰਚਾਰ ਕਿਵੇਂ ਕੀਤਾ ਜਾ ਸਕਦਾ ਹੈ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਨਾ ਨੇ ਕਿਹਾ ਕਿ ਅਸਲ ਵਿੱਚ ਸੱਤਾ ਦਾ ਭੁੱਖਾ ਸਿਰਸਾ-ਕਾਲਕਾ ਗਰੋਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਥਾਨਕ ਗੁਰਦੁਆਰਿਆਂ ਵਿੱਚ ਘੁਸਪੈਠ ਕਰਕੇ ਧਾਰਮਿਕ ਮੰਚਾਂ ਨੂੰ ਸਵਾਰਥੀ ਹਿੱਤਾਂ ਲਈ ਵਰਤਣ ਦੀ ਕੋਸ਼ਿਸ਼ ਕਰ ਰਿਹਾ ਹੈ।  ਸਰਨਾ ਨੇ ਚੇਤਾਵਨੀ ਦਿੱਤੀ ਕਿ ਇਹ ਇੱਕ ਨਾਪਾਕ ਸਾਜ਼ਿਸ਼ ਦੀ ਸ਼ੁਰੂਆਤ ਹੈ, ਜਿਸ ਵਿੱਚ ਡੀਐਸਜੀਐਮਸੀ ਦੇ ਸਾਧਨਾਂ ਦੀ ਵਰਤੋਂ ਕਰਕੇ ਪੰਜਾਬ ਦੇ ਸਧਾਰਨ ਸਿੱਖਾਂ ਨੂੰ ਪਿੰਡਾਂ ਵਿੱਚ ਲਿਜਾਇਆ ਜਾ ਰਿਹਾ ਹੈ।  ਉਨ੍ਹਾਂ ਵਿਚਕਾਰ ਪਾੜੋ ਤੇ ਰਾਜ ਕਰੋ ਦੀ ਰਣਨੀਤੀ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।  ਇਸ ਦੇ ਨਾਲ ਹੀ ਉਨ੍ਹਾਂ ਦਿੱਲੀ ਅਤੇ ਪੰਜਾਬ ਦੀ ਸੰਗਤ ਨੂੰ ਸੁਚੇਤ ਕੀਤਾ ਹੈ ਕਿ ਉਹ ਸਿਰਸਾ-ਕਾਲਕਾ ਗਰੋਹ ਨੂੰ ਗੁਰੂਆਂ ਦੀ ਧਰਤੀ 'ਤੇ ਪੈਰ ਜਮਾਉਣ ਨਾ ਦੇਣ।

ਪਰਮਜੀਤ ਸਿੰਘ ਸਰਨਾ ਨੇ ਸਿਰਸਾ ਅਤੇ ਇਸ ਦੇ ਸਿੱਖ ਆਗੂਆਂ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਜਿਹੜੇ ਲੋਕ ਖੁਦ ਗੁਰਮੁਖੀ ਨਹੀਂ ਪੜ੍ਹ ਸਕਦੇ, ਮਿਲਾਵਟ ਤੋਂ ਬਿਨਾਂ ਪੰਜਾਬੀ ਵੀ ਨਹੀਂ ਬੋਲ ਸਕਦੇ, ਉਨ੍ਹਾਂ ਦੇ ਮੂੰਹੋਂ ਧਰਮ ਪ੍ਰਚਾਰ ਦੀ ਗੱਲ ਵੀ ਚੰਗੀ ਨਹੀਂ ਲੱਗਦੀ।  ਉਹ ਮਿਸ਼ਨਰੀਆਂ ਨਾਲ ਕੀ ਵਿਹਾਰ ਕਰਨਗੇ?  ਇਹ ਲੋਕ ਸਿਰਫ ਆਪਣੇ ਆਪ ਨੂੰ ਧਾਰਮਿਕ ਆਗੂ ਦੱਸ ਕੇ ਧੋਖਾਧੜੀ ਨੂੰ ਅੰਜਾਮ ਦੇਣਾ ਚਾਹੁੰਦੇ ਹਨ।  ਉਨ੍ਹਾਂ ਕਿਹਾ ਕਿ ਕਾਲਕਾ ਦਾ ਅਸਲ ਮਾਸਟਰ ਮਨਜਿੰਦਰ ਸਿੰਘ ਸਿਰਸਾ ਮੂਲ ਗੁਰਮੁਖੀ ਅਤੇ ਗੁਰਬਾਣੀ ਦੇ ਇਮਤਿਹਾਨਾਂ ਵਿੱਚ ਫੇਲ੍ਹ ਹੋ ਗਿਆ ਹੈ।  ਸਰਨਾ ਨੇ ਹੈਰਾਨੀ ਜ਼ਾਹਰ ਕੀਤੀ ਕਿ ਸਿਰਸਾ-ਕਾਲਕਾ ਦੀ ਜੋੜੀ ਡੀਐਸਜੀਐਮਸੀ ਦੁਆਰਾ ਚਲਾਏ ਜਾ ਰਹੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ (ਜੀਐਚਪੀਐਸ) ਅਤੇ ਹੋਰ ਸੰਸਥਾਵਾਂ ਦੇ ਕਰਮਚਾਰੀਆਂ ਨੂੰ ਤਨਖਾਹਾਂ ਵੀ ਨਹੀਂ ਦੇ ਸਕੀ।  ਉਹ ਹੁਣ ਪੰਜਾਬ ਦੇ ਧਰਮ ਪ੍ਰਚਾਰ ਪ੍ਰੋਗਰਾਮ ਦੀ ਗੱਲ ਕਰ ਰਹੇ ਹਨ।

ਸਰਨਾ ਨੇ ਸਿਰਸਾ ਐਂਡ ਕੰਪਨੀ ਨੂੰ ਪੁੱਛਿਆ ਹੈ ਕਿ ਕੀ ਉਨ੍ਹਾਂ ਕੋਲ ਇਸ ਸਕੀਮ ਦਾ ਕੋਈ ਬਲਿਊ ਪ੍ਰਿੰਟ ਹੈ?  ਕੀ ਤੁਸੀਂ ਇਸ ਪ੍ਰੋਜੈਕਟ ਲਈ ਪੰਜਾਬ ਦੇ ਪਿੰਡਾਂ ਦੀ ਮੈਪਿੰਗ ਕੀਤੀ ਹੈ?  ਇਸ ਲਈ ਅਨੁਮਾਨਿਤ ਲਾਗਤ ਕੀ ਹੈ?  ਕੀ ਤੁਸੀਂ ਆਪਣੇ ਵੱਡੇ ਪ੍ਰੋਜੈਕਟ ਦਾ ਐਲਾਨ ਕਰਨ ਤੋਂ ਪਹਿਲਾਂ ਦਿੱਲੀ ਦੀ ਸਿੱਖ ਸੰਗਤ ਨੂੰ ਭਰੋਸੇ ਵਿੱਚ ਲਿਆ ਸੀ?  ਉਨ੍ਹਾਂ ਦਿੱਲੀ ਕਮੇਟੀ ਦੇ ਇਸ ਅਖੌਤੀ ਧਰਮ ਪ੍ਰਚਾਰ ਪ੍ਰੋਜੈਕਟ ਨੂੰ ਮਹਿਜ਼ ਇੱਕ ਢੌਂਗ ਕਰਾਰ ਦਿੱਤਾ ਹੈ।

Thursday, July 14, 2022

ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੀ-DGMC

14th July 2022 at  05:24 PM

ਹੁਣ ਦਿੱਲੀ ਕਮੇਟੀ ਸੰਭਾਲਣ ਲੱਗੀ ਅੰਮ੍ਰਿਤਸਰ ਤੋਂ ਧਰਮ ਪ੍ਰਚਾਰ ਲਹਿਰ

ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕੀਤਾ ਅਹਿਮ ਐਲਾਨ 

ਨਵੀਂ ਦਿੱਲੀ:14 ਜੁਲਾਈ 2022: (ਮਨਪ੍ਰੀਤ ਸਿੰਘ ਖਾਲਸਾ ਇਨਪੁਟ ਪੰਜਾਬ ਸਕਰੀਨ ਡੈਸਕ)::

ਪੂਰੇ ਦੇਸ਼ ਦੇ ਵਾਂਗ ਪੰਜਾਬ ਅੰਦਰ ਵੀ ਇਸਾਈ ਧਰਮ ਦਾ ਪ੍ਰਚਾਰ ਬੜੀ ਤੇਜ਼ੀ ਨਾਲ ਵਧਿਆ ਹੈ ਅਤੇ ਇਹ ਵਾਧਾ ਅਜੇ ਜਾਰੀ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਸੁੱਟਦਿਆਂ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਸਿੱਖੀ ਪ੍ਰਚਾਰ ਦੀ ਕਮਾਨ ਅਸੀਂ ਹੁਣ ਖੁਦ ਸੰਭਾਲਾਂਗੇ। ਇਸ ਮਕਸਦ ਲਈ ਹੁਣ ਅੰਮ੍ਰਿਤਸਰ ਤੋਂ ਬਾਕਾਇਦਾ ਇੱਕ ਪ੍ਰਚਾਰ ਮੁਹਿੰਮ ਅਰੰਭੀ ਜਾਏਗੀ ਜਿਸਦੇ ਨਤੀਜੇ ਬੜੀ ਜਕੜੀ ਸਾਹਮਣੇ ਆਉਣਗੇ। ਇਸ ਮਕਸਦ ਦਾ ਐਲਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕੀਤਾ ਹੈ। 

ਦਿੱਲੀ ਸਿੱਖ ਗੁਰਦੁਆਰਾ  ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਪਸ਼ਟ ਆਖਿਆ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਵਿਚ ਆਪਣਾ ਦਫਤਰ ਖੋਲ ਕੇ ਪੰਜਾਬ ਵਿਚ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕਰੇਗੀ। ਨਿਸਚੇ ਹੀ ਇਹ ਕਦਮ ਸ਼੍ਰੋਮਣੀ ਕਮੇਟੀ ਨੂੰ ਇੱਕ ਸਿੱਧੀ ਚੁਣੌਤੀ ਹੋਵੇਗਾ। 

ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 8ਵੇਂ ਸਥਾਪਨਾ ਦਿਵਸ ਸਮਾਗਮ ਨੁੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਅਗਲੇ 10 ਦਿਨਾਂ ਦੇ ਅੰਦਰ ਅੰਦਰ ਪੰਜਾਬ ਵਿਚ ਇਹ ਮੁਹਿੰਮ ਵਿੱਢੀ ਜਾਵੇਗੀ ਜਿਸ ਵਿਚ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਵੀ ਸਹਿਯੋਗ ਦੇਣਗੇ।

ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੰਜਾਬ ਵਿਚ ਧਰਮ ਪ੍ਰਚਾਰ ਲਹਿਰ ਨਹੀਂ ਚਲਾ ਸਕੀ ਤੇ ਸਿੱਖੀ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੀ ਹੈ ਜਿਸ ਕਾਰਨ ਅੱਜ ਪੰਜਾਬ ਵਿਚ ਲੱਖਾਂ ਸਿੱਖਾਂ ਨੇ ਆਪਣਾ ਧਰਮ ਛੱਡ ਕੇ ਇਸਾਈ ਧਰਮ ਅਪਣਾ ਲਿਆ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਤੇ ਕੁਰਾਲੀ ਵਿਚ ਇਸਾਈਆਂ ਦੇ ਵੱਡੇ ਇਕੱਠਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਬੁਰੀ ਤਰਾਂ ਅਸਫਲ ਸਾਬਤ ਹੋਈ ਹੈ।

ਉਹਨਾਂ ਕਿਹਾ ਕਿ 15 ਨਵੰਬਰ 1920 ਨੁੰ ਸ਼੍ਰੋਮਣੀ ਕਮੇਟੀ ਹੋਂਦ ਵਿਚ ਆਈ ਸੀ ਤੇ ਇਸਨੁੰ ਜ਼ਿੰਮੇਵਾਰੀ ਦਿੱਤੀ ਗਈ ਸੀ ਤੇ ਸਿੱਖੀ ਦੀ  ਸੰਭਾਲ ਤੇ ਗੁਰਧਾਮਾਂ ਦੀ ਸੇਵਾ ਕਰਨੀ ਹੈ। ਸਿੱਖਾਂ ਦੀ ਇਹ ਸਿਰਮੌਰ ਸੰਸਥਾ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੀ ਜਿਸਦੇ ਨਤੀਜੇ ਵਜੋਂ ਦਿੱਲੀ ਗੁਰਦੁਆਰਾ ਕਮੇਟੀ ਤੇ ਹੁਣ ਹਰਿਆਣਾ ਗੁਰਦੁਆਰਾ ਕਮੇਟੀ ਹੋਂਦ ਵਿਚ ਆਈਆਂ ਹਨ। ਉਹਨਾਂ ਕਿਹਾ ਕਿ ਜਿਥੇ ਹਰਿਆਣਾ ਗੁਰਦੁਆਰਾ ਕਮੇਟੀ ਹਰਿਆਣਾ ਵਿਚ ਸਿੱਖੀ ਦਾ ਪ੍ਰਚਾਰ ਕਰ ਰਹੀ ਹੈ, ਉਥੇ ਹੀ ਦਿੱਲੀ ਗੁਰਦੁਆਰਾ ਕਮੇਟੀ ਨੇ ਆਪਣੇ ਗੁਰੂ ਸਾਹਿਬਾਨ, ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਜਰਨੈਲਾਂ ਅਤੇ ਲਾਲ ਕਿਲੇ ਤੇ ਹੋਰ ਅਹਿਮ ਸਥਾਨਾਂ ਦੇ ਇਤਿਹਾਸ ਤੋਂ ਆਪਣੇ ਬੱਚਿਆਂ ਤੇ ਨਵੀਂ ਪੀੜੀ ਨੁੰ ਜਾਣੂ ਕਰਵਾਉਣ ਵਾਸਤੇ ਉਪਰਾਲੇ ਕੀਤੇ ਹਨ ਤਾਂ ਜੋ ਸਾਡੇ ਬੱਚੇ ਆਪਣੇ ਅਮੀਰ ਵਿਰਸੇ ਤੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਹੋ ਸਕਣ।

ਸ਼੍ਰੋਮਣੀ ਕਮੇਟੀ ਦੇ ਅਸਫਲ ਰਹਿਣ ਦੇ ਕਾਰਨਾਂ ਦੀ ਗੱਲ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਰਾਜਨੀਤੀ ਭਾਰੂ ਹੋ ਗਈ  ਤੇ ਇਕ ਪਰਿਵਾਰ ਨੇ ਆਪਣਾ ਦਬਦਬਾ ਬਣਾਉਣ ਵਾਸਤੇ ਰਾਜਨੀਤੀ ਕਰਨੀ ਸ਼ੁਰੂ ਕੀਤੀ ਜਿਸ ਕਾਰਨ ਕਮੇਟੀ ਫੇਲ ਹੋਈ। ਉਹਨਾਂ ਕਿਹਾ ਕਿ ਸਾਲ 2015 ਵਿਚ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਗੁਰੂ ਸਾਹਿਬ ਦੇ ਅੰਗ ਗਲੀਆਂ ਵਿਚ ਖਿਲਾਰੇ ਗਏ ਤੇ ਬੇਅਦਬੀ ਕੀਤੀ ਗਈ ਪਰ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਅਹੁਦੇਦਾਰ ਜਾਂ ਮੈਂਬਰ ਨੇ ਇਸ ਬਾਰੇ ਕੋਈ ਬਿਆਨਬਾਜ਼ੀ ਨਹੀਂ ਕੀਤੀ ਕਿਉਂਕਿ ਉਸ ਵੇਲੇ ਪੰਜਾਬ ਵਿਚ ਉਸ ਪਰਿਵਾਰ ਦੀ ਅਗਵਾਈ ਵਾਲੀ ਸਰਕਾਰ ਸੀ।

ਉਹਨਾਂ ਕਿਹਾ ਕਿ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸੀ ਪਰ ਸਾਨੂੰ ਇਹ ਹੁਕਮ ਸੁਣਾ ਦਿੱਤਾ ਗਿਆ ਕਿ ਉਹਨਾਂ ਨਾਲ ਸਾਂਝਾ ਗਠਜੋੜ ਬਣਾਓ ਜਿਹਨਾਂ ਨੇ 1984 ਦੇ ਸਿੱਖਾਂ ਦੇ ਕਾਤਲਾਂ ਦਾ ਸਟੇਜਾਂ ’ਤੇ ਸਨਮਾਨ ਕੀਤਾ ਤੇ ਗੁਰੂ ਘਰਾਂ ਦੀਆਂ ਗੋਲਕਾਂ ਲੁੱਟੀਆਂ। ਉਹਨਾਂ ਕਿਹਾ ਕਿ ਸਾਡੇ ਮੈਂਬਰਾਂ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ  ਕੌਮ ਦੇ ਦੋਖੀਆਂ ਨਾਲ ਨਹੀਂ ਰਲਾਂਗੇ ਤੇ ਇਸੇ ਲਈ ਅਸੀਂ ਵੱਖਰਾ ਸ਼੍ਰੋਮਣੀ ਅਕਾਲੀ ਦਲ ਬਣਾਇਆ ਜਿਸਦਾ ਚੋਣ ਨਿਸ਼ਾਨ ਵੀ ਜਲਦੀ ਹੀ ਜਾਰੀ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡੀ ਟੀਮ ਨੇ ਇਕਜੁੱਟ ਹੋ ਕੇ ਦਿੱਲੀ ਕਮੇਟੀ ਦੀ ਸੇਵਾ ਸੰਭਾਲੀ ਹੋਈ ਹੈ ਤੇ ਕੌਮ ਵਾਸਤੇ ਦਿਨ ਰਾਤ ਕੰਮ ਕਰ ਰਹੀ ਹੈ।

ਉਹਨਾਂ ਇਹ ਵੀ ਕਿਹਾ ਕਿ ਅੱਜ ਵੀ ਉਸ ਪਰਿਵਾਰ ਨੁੰ ਉਭਾਰਨ ਵਾਸਤੇ ਬੰਦੀ ਸਿੰਘਾਂ ਦਾ ਮੁੱਦਾ ਉਛਾਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਬੰਦੀ ਸਿੰਘਾਂ ਦੇ ਮਾਮਲੇ ’ਤੇ 11 ਮੈਂਬਰੀ ਕਮੇਟੀ ਬਣਾਈ ਗਈ ਤੇ ਉਸਦੀ ਪਲੇਠੀ ਮੀਟਿੰਗ ਹੋਈ ਤਾਂ ਉਸ ਵਿਚ ਉਹਨਾਂ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਇਹ ਗੱਲ ਚੁੱਕੀ ਸੀ ਕਿ ਜਿਹਨਾਂ ਨੇ ਆਪ ਸਿੰਘਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਹੋਣ, ਉਹ ਬੰਦੀ ਸਿੰਘਾਂ ਦੀ ਗੱਲ ਕਿਵੇਂ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਸ ਪਰਿਵਾਰ ਨੁੰ ਬਚਾਉਣ ਵਾਸਤੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾਅ ’ਤੇ ਲਗਾ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਉਹਨਾਂ 8ਵਾਂ ਸਥਾਪਨਾ ਦਿਵਸ ਮਨਾਉਣ ’ਤੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਉਹਨਾਂ ਦੀ ਸਮੁੱਚੀ ਟੀਮ ਨੁੰ ਵਧਾਈ ਦਿੱਤੀ ਤੇ ਆਸ ਪ੍ਰਗਟ ਕੀਤੀ ਕਿ ਕਮੇਟੀ ਹੋਰ ਤਗੜੇ ਹੋ ਕੇ ਹਰਿਆਣਾ ਦੇ ਸਿੱਖਾਂ ਲਈ ਕੰਮ ਕਰੇਗੀ। ਇਸ ਮੌਕੇ ਸ. ਕਾਲਕਾ ਤੋਂ ਇਲਾਵਾ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਸ. ਵਿਕਰਮ ਸਿੰਘ ਰੋਹਿਣੀ ਤੇ ਭੁਪਿੰਦਰ ਸਿੰਘ ਭੁੱਲਰ ਵੀ ਮੌਜੁਦ ਰਹੇ।

ਇਸਾਈਆਂ ਦੇ ਧਰਮ ਪ੍ਰਚਾਰ ਦਾ ਟਾਕਰਾ ਕਰਨ ਦਾ ਸੱਦਾ ਠਾਕੁਰ ਦਲੀਪ ਸਿੰਘ ਹੁਰਾਂ ਨੇ ਵੀ ਦਿੱਤਾ ਸੀ। ਉਹਨਾਂ ਦੀ ਅਗਵਾਈ ਵਾਲੇ ਨਾਮਧਾਰੀ ਵੀ ਪਹਿਲਾਂ ਹੀ ਇਹ ਕੰਮ ਸ਼ੁਰੂ ਕਰ ਚੁੱਕੇ ਹਨ ਅਤੇ ਉਹਨਾਂ ਦੇ ਪੈਰੋਕਾਰ ਇਸ ਸੰਬੰਧੀ ਆਪੋ ਆਪਣੀਆਂ ਜ਼ਿੰਮੇਵਾਰੀਆਂ ਫੌਜੀ ਪੱਧਰ 'ਤੇ ਨਿਭਾਉਣ ਵੀ ਲੱਗ ਪਏ  ਹਨ। ਇਸਾਈਆਂ ਵਾਂਗ ਗਰੀਬ ਇਲਾਕਿਆਂ ਵਿਚ ਜਾ ਕੇ ਉਥੇ ਰਹਿੰਦੇ ਪਰਿਵਾਰਾਂ ਨੂੰ ਰੋਟੀ ਕੱਪੜਾ ਅਤੇ ਮਕਾਨ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ ਨਾਲ ਪੜ੍ਹਾਈ ਲਿਖਾਈ ਵਾਲੇ ਪਾਸੇ ਵੀ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਯੋਗ ਸਾਧਨਾ ਸਿੱਖਾਂ ਕੇ ਜਿਸਮਾਨੀ ਤੌਰ ਤੇ ਵੀ ਫਿਟਨੈਸ ਡਿੱਟਤੀ ਜਾ ਰਹੀ ਹੈ। ਨਾਮਧਾਰੀਆਂ ਦੀਆਂ ਸੋਹਣੀਆਂ ਸੁਣੱਖੀਆਂ ਕੁੜੀਆਂ ਅਤੇ ਮੁੰਡੇ ਬਾਕਾਇਦਾ ਇਸ ਮਿਸ਼ਨ ਲਈ ਸਮਰਪਿਤ ਹੋ ਕੇ ਲੱਗੇ ਹੋਏ ਹਨ। ਇਹ ਮੁੰਡੇ ਕੁੜੀਆਂ ਅੰਗਰੇਜ਼ੀ ਅਤੇ ਹਿੰਦੀ ਬੋਲਣ ਵਿਚ ਵੀ ਮਾਹਰ ਹਨ। 

ਅਵੇਸਲੇ ਇਸਾਈ ਵੀ ਨਹੀਂ ਬੈਠੇ। ਇਸਾਈਆਂ ਨੇ ਜਿੱਥੇ ਸਿੱਖ ਗੁਰੂਘਰਾਂ ਵਾਂਗ ਲੰਗਰ ਦਾ ਸਿਲਸਿਲਾ ਆਪਣੇ ਹਰ ਪ੍ਰੋਗਰਾਮ ਵਿਚ ਜੋੜਨਾ ਸ਼ੁਰੂ ਕੀਤਾ ਹੈ ਉੱਥੇ ਪੰਜਾਬੀ ਅਤੇ ਗੁਰਮੁਖੀ ਤੇ ਵੀ ਜ਼ੋਰ ਦੇਣਾ ਸ਼ੁਰੂ ਕੀਤਾ ਹੋਇਆ ਹੈ। ਉਹ ਆਪਣੀਆਂ ਪੜ੍ਹਾਈ ਲਿਖਾਈ ਨਾਲ ਸੂਟ ਅਤੇ ਬੂਟ ਵਾਲਾ ਅਜਿਹਾ ਸਮਾਰਟ ਵਿਅਕਤੀ ਤਿਆਰ ਕਰਦੇ ਹਨ ਜਿਹੜਾ ਪਹਿਲੀ ਨਜ਼ਰੇ ਹੀ ਨਵੀਂ ਦੁਨੀਆ ਦਾ ਪੜ੍ਹਿਆ ਲਿਖਿਆ ਇਨਸਾਨ ਨਜ਼ਰ ਆਉਣ ਲੱਗਦਾ ਹੈ। 

ਪਰ ਵੱਡਾ ਕਾਰਨ ਆਰਥਿਕ ਪਾੜਾ ਹੈ। ਆਰਥਿਕ ਪਾੜੇ ਕਾਰਨ ਬਹੁਤ ਸਾਰੇ ਹਿੰਦੂ ਅਤੇ ਸਿੱਖ ਇਸਾਈ ਬਣਨ ਲਈ ਸਹਿਜੇ ਹੀ ਤਿਆਰ ਹੋ ਜਾਂਦੇ ਹਨ। ਜਦੋਂ ਕਿਸੇ ਗਰੀਬ ਦਾ ਇਲਾਜ ਜਾਂ ਬਿਲ ਕਿਸੇ ਮਿਸ਼ਨਰੀ ਹਸਪਤਾਲ ਜਾਂ ਕਾਨਵੈਂਟ ਸਕੂਲ ਵਿਚ ਅੱਗੇ  ਵਧਣ ਦੇ ਰਸਤੇ ਵਿਚ ਵੱਡੀ ਰੁਕਾਵਟ ਬਣ ਜਾਂਦਾ ਹੈ ਤਾਂ ਉਦੋਂ ਈਸਾਈ ਮਿਸ਼ਨਰੀ ਹੀ ਮਸਲਾ ਹੱਲ ਕਰਾਉਣ ਲਈ ਅੱਗੇ ਆਉਂਦੇ ਹਨ। ਪ੍ਰੇਮ ਪਿਆਰ ਦੇ ਮਾਮਲੇ ਵਿਚ ਮਿਲਦੀਆਂ ਛੂਟਾਂ ਵੀ ਇਸ ਪਾਸੇ ਪ੍ਰੇਰਿਤ ਕਰਦੀਆਂ ਹਨ। ਇਸਾਈਆਂ ਦੇ ਘਰਾਂ ਦਾ ਰਹਿਣ ਸਹਿਣ ਅਤੇ ਲਾਈਫ ਸਟਾਈਲ ਵੀ ਗੈਰ ਇਸਾਈਆਂ ਨੂੰ ਆਕਰਸ਼ਿਤ ਕਰਦਾ ਹੈ। ਇਸ ਲਈ ਧਿਆਨ ਬਹੁ ਪੱਖੀ ਬਣਾਉਣਾ ਜ਼ਰੂਰੀ ਹੋਵੇਗਾ। 

Wednesday, March 30, 2022

ਦਿੱਲੀ ਗੁਰਦਵਾਰਾ ਕਮੇਟੀ ਨੇ ਗੁਰਮੁਖੀ ਭਾਸ਼ਾ ਨੂੰ ਦਰਕਿਨਾਰ ਕੀਤਾ

30th March 2022 at 06:21 PM

DGMC ਵੱਲੋਂ ਕੰਮ-ਕਾਜ ਲਈ ਅੰਗਰੇਜੀ ਭਾਸ਼ਾ ਨੂੰ ਤਰਜੀਹ ਦੇਣੀ ਸ਼ੁਰੂ  

ਗੁਰਮੁਖੀ ਭਾਸ਼ਾ ‘ਤੋ ਵਿਹੂਣੇ ਮੈਂਬਰ ਦਿੱਲੀ ਗੁਰਦੁਆਰਾ ਕਮੇਟੀ ਤੋਂ ਅਸਤੀਫਾ ਦੇਣ–ਇੰਦਰ ਮੋਹਨ ਸਿੰਘ 

ਨਵੀਂ ਦਿੱਲੀ: 30 ਮਾਰਚ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):: 

ਗੁਰਮੁਖੀ ਨੂੰ ਤਿਲਾਂਜਲੀ ਦੇ ਕੇ ਅੰਗਰੇਜ਼ੀ ਅਤੇ ਹਿੰਦੀ ਵਗੈਰਾ ਵਲ ਝੁਕਾਅ ਹੋਣ ਦਾ ਚਲਣ ਲਗਾਤਾਰ ਵਧਦਾ ਜਾ ਰਿਹਾ ਹੈ। ਕਹਿੰਦੇ ਕਹਾਉਂਦੇ ਚੰਗੇ ਗੁਰਸਿੱਖ ਘਰਾਂ ਵਾਲੇ  ਪਰਿਵਾਰਾਂ ਵਿੱਚ ਵੀ ਹੁਣ ਇਹ ਇੱਕ ਫੈਸ਼ਨ ਬਣ ਗਿਆ ਹੈ। ਨਿੱਕੇ ਨਿੱਕੇ ਗੋਦੀ ਚੁੱਕੇ ਬੱਚਿਆਂ ਦੀ ਉਮਰ ਹੀ ਹੁੰਦੀ ਹੈ ਮਾਂ ਬੋਲੀ ਸਿੱਖਾਂ ਦੀ ਪਰ ਉਹਨਾਂ ਨੂੰ ਦੂਜੀਆਂ ਜ਼ੁਬਾਨਾਂ ਨਾਲ ਗਿਝਾਇਆ ਜਾਂਦਾ ਹੈ। ਮਾਂ ਬੋਲੀ ਸਿੱਖਣ/ਬੋਲਣ ਦੀ ਉਮਰੇ ਉਹਨਾਂ ਨੂੰ ਮਾਂ ਬੋਲੀ ਤੋਂ ਦੂਰ ਕੀਤਾ ਜਾ ਰਿਹਾ ਹੈ। ਸ਼ਾਇਦ ਇਸਦਾ ਕਾਰਨ ਆਰਥਿਕ ਤਰੱਕੀ ਹੈ ਜਿਹੜੀ ਗੁਰਮੁਖੀ ਜਾਂ ਪੰਜਾਬੀ ਵਾਲੇ ਪਾਸੇ ਬਹੁਤਿਆਂ ਨੂੰ ਨਜ਼ਰ ਨਹੀਂ ਆਉਂਦੀ।ਜਾਪਦਾ ਹੈ ਇਸ ਪਾਸੇ ਸਾਨੂੰ ਦੱਖਣ ਭਾਰਤੀ ਲੋਕਾਂ ਤੋਂ ਸੇਧ ਲੈਣੀ ਚਾਹੀਦੀ ਹੈ। ਜਿਹੜੇ ਕਿਸੇ ਵੀ ਹਾਲਤ ਵਿੱਚ ਮਾਂ ਬੋਲੀ ਨੂੰ ਦੂਜੇ ਨੰਬਰ 'ਤੇ ਨਹੀਂ ਆਉਣ ਦੇਂਦੇ।  

ਏਧਰ ਸਾਡੇ ਵਾਲੇ ਪਾਸੇ ਸਿੱਖ ਸੰਸਥਾਵਾਂ ਹੀ ਮਾਂ ਬੋਲੀ ਤੋਂ ਉਦਾਸੀਨ ਹੁੰਦੀਆਂ ਜਾ ਰਹੀਆਂ ਹਨ। ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੇ ਖਿਲਾਫ ਗੋਲਕ ਦੀ ਦੁਰਵਰਤੋਂ ਦੀ ਸ਼ਿਕਾਇਤਾਂ ਤੋਂ ਬਾਅਦ ਹੁਣ ਕਮੇਟੀ ਦੇ ਕੰਮ-ਕਾਜ ‘ਚ ਗੁਰਮੁਖੀ ਭਾਸ਼ਾ ਨੂੰ ਅਲੋਪ ਕੀਤਾ ਜਾ ਰਿਹਾ ਹੈ। ਇਸ ਸਬੰਧ ‘ਚ ਖੁਲਾਸਾ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ‘ਤੇ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਮੋਜੂਦਾ ਪ੍ਰਬੰਧਕਾਂ ਵਲੋਂ ਗੁਰਮੁਖੀ ਭਾਸ਼ਾ ਨੂੰ ਦਰਕਿਨਾਰ ਕਰਦਿਆਂ ਕਮੇਟੀ ਦੇ ਕੰੰਮ-ਕਾਜ ‘ਚ ਅੰਗਰੇਜੀ ਭਾਸ਼ਾ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜਦਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਨਿਯਮਾਂ ਮੁਤਾਬਿਕ ਕਮੇਟੀ ਦੇ ਮੁੱਖ ਮਨੋਰਥਾਂ ‘ਚ ਗੁਰਮੁਖੀ ਭਾਸ਼ਾ ਦਾ ਪ੍ਰਚਾਰ ‘ਤੇ ਪ੍ਰਸਾਰ ਕਰਨ ਦਾ ਜਿਕਰ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਬੀਤੇ ਦਿੱਨੀ ਕਮੇਟੀ ਪ੍ਰਬੰਧਕਾਂ ਵਲੋਂ ਦਿੱਲੀ ਕਮੇਟੀ ਦੇ ਵੱਖ-ਵੱਖ ਗੁਰਦੁਆਰਿਆਂ ‘ਤੇ ਅਦਾਰਿਆਂ ‘ਚ ਚੇਅਰਮੈਨ ‘ਤੇ ਮੈਨੇਜਰ ਦੇ ਅਹੁਦਿਆਂ ‘ਤੇ ਨਿਵਾਜਣ ਦੇ ਨਿਯੁਕਤੀ ਪੱਤਰ ਅੰਗਰੇਜੀ ਭਾਸ਼ਾ ‘ਚ ਜਾਰੀ ਕੀਤੇ ਗਏ ਹਨ, ਜਦਕਿ ਕੁੱਝ ਸਮਾਂ ਪਹਿਲਾਂ ਦਿੱਲੀ ਕਮੇਟੀ ਦੇ ਅਕਾਉਂਟ ਵਿਭਾਗ ਦੀ ਅਹਿਮ ਜੁੰਮੇਵਾਰੀ ਇਕ ਅਜੇਹੇ ਚਾਰਟਰਡ ਅਕਾਉਂਟੈਟ ਨੂੰ ਦਿੱਤੀ ਗਈ ਹੈ ਜਿਸਦੀ ਮੋਜੂਦਾ ਦਿੱਲੀ ਗੁਰਦੁਆਰਾ ਚੋਣਾਂ ਦੋਰਾਨ ਕੋ-ਆਪਸ਼ਨ ਵਜੌਂ ਦਾਖਿਲ ਕੀਤੀ ਨਾਮਜਦਗੀ ਕੇਵਲ ਇਸ ਕਾਰਨ ਰੱਦ ਕੀਤੀ ਗਈ ਸੀ ਕਿਉਂਕਿ ਇਸ ਵਿਅਕਤੀ ਨੂੰ ਗੁਰਮੁਖੀ ਪੜ੍ਹਨੀ ‘ਤੇ ਲਿਖਣੀ ਨਹੀ ਆਉਂਦੀ ਸੀ। ਸ. ਇੰਦਰ ਮੋਹਨ ਸਿੰਘ ਨੇ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੂੰ ਸਵਾਲ ਕੀਤਾ ਹੈ ਕਿ ਗੁਰਮੁਖੀ ਤੋਂ ਵਿਹੂਣੇ ਅਜਿਹੇ ਵਿਅਕਤੀ ਨੂੰ ਕਮੇਟੀ ਦੇ ਅਹਿਮ ਅਹੁਦੇ ‘ਤੇ ਨਿਯੁਕਤ ਕਰਨ ਦੀ ਕੀ ਮਜਬੂਰੀ ਸੀ ‘ਤੇ ਕੀ ਗੁਰਮੁਖੀ (ਪੰਜਾਬੀ) ਭਾਸ਼ਾ ‘ਚ ਲਿਖੇ ਆਫਿਸ ਨੋਟ, ਵੋਚਰ ‘ਤੇ ਪ੍ਰਬੰਧਕਾਂ ਦੇ ਆਦੇਸ਼ਾਂ ਨੂੰ ਪੜ੍ਹਨ ‘ਚ ਅਸਮਰੱਥ ਇਹ ਚਾਰਟਰਡ ਅਕਾਉਂਟੈਂਟ ਕਮੇਟੀ ਦੇ ਖਾਤਿਆਂ ਦੀ ਪੜ੍ਹਚੋਲ ਕਰ ਸਕੇਗਾ ?

ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਸਾਲ 2021 ‘ਚ ਨੇਪਰੇ ਚੜ੍ਹੀਆਂ ਦਿੱਲੀ ਗੁਰਦੁਆਰਾ ਚੋਣਾਂ ਤੋਂ ਉਪਰੰਤ ਗੁਰਮੁਖੀ ਭਾਸ਼ਾ ਦਾ ਗਿਆਨ ਨਾ ਹੋਣ ਸਮੇਤ ਤਕਰੀਬਨ 2 ਦਰਜਨ ਚੋਣ ਪਟੀਸ਼ਨਾਂ ਵੱਖ-ਵੱਖ ਜੇਤੂ ਮੈਂਬਰਾਂ ਦੇ ਖਿਲਾਫ ਅਦਾਲਤਾਂ ‘ਚ ਲੰਬਿਤ ਹਨ, ਜਿਸ ਕਾਰਨ ਇਹਨਾਂ ਦੀ ਮੈਂਬਰਸ਼ਿਪ ਰੱਦ ਹੋਣ ਦੇ ਪੂਰੇ ਆਸਾਰ ਹਨ। ਸ. ਇੰਦਰ ਮੋਹਨ ਸਿੰਘ ਨੇ ਅਜਿਹੇ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਆਪਣੀ ਮੈਂਬਰੀ ਤੋਂ ਨੈਤਿਕ ਆਧਾਰ ‘ਤੇ ਤੁਰੰਤ ਅਸਤੀਫਾ ਦੇਣ ਕਿਉਂਕਿ ਗੁਰਮੁਖੀ ਭਾਸ਼ਾ ਦੇ ਗਿਆਨ ਤੋਂ ਵਿਹੂਣੇ ਅਜਿਹੇ ਮੈਂਬਰ ਸਿੱਖੀ ਦਾ ਪ੍ਰਚਾਰ ‘ਤੇ ਪ੍ਰਸਾਰ ਕਿਵੇਂ ਕਰ ਸਕਦੇ ਹਨ। ਉਨ੍ਹਾਂ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਨਿਜੀ ‘ਤੇ ਸਿਆਸੀ ਮੁਫਾਦਾਂ ਨੂੰ ਦਰਕਿਨਾਰ ਕਰਦਿਆਂ ਸਿੱਖੀ ‘ਤੇ ਗੁਰਮੁਖੀ ਭਾਸ਼ਾ ਦੇ ਪ੍ਰਚਾਰ ‘ਤੇ ਪ੍ਰਸਾਰ ਵੱਲ ਧਿਆਨ ਦੇਣ ‘ਤੇ ਕਮੇਟੀ ਦੇ ਕੰਮ-ਕਾਜ ਅੰਗਰੇਜੀ ਭਾਸ਼ਾ ‘ਚ ਕਰਨ ਤੋਂ ਗੁਰੇਜ ਕਰਨ।

ਹੁਣ ਦੇਖਣਾ ਹੈ ਕਿ ਸਿੱਖ ਸੰਗਤਾਂ, ਸਿੱਖ ਸੰਗਠਨ  ਅਤੇ ਪੰਜਾਬੀ ਦੇ ਨਾਲ ਨਾਲ ਗੁਰਮੁਖੀ ਨੂੰ ਪ੍ਰਣਾਈਆਂ ਹੋਈਆਂ ਸੰਸਥਾਵਾਂ ਇਸ ਪਾਸੇ ਕੀ ਕਦਮ ਚੁੱਕਦਿਆਂ ਹਨ ਕਿ ਲੀਹੋਂ ਲੱਥਦੀ ਜਾ ਰਹੀ ਗੱਡੀ ਮੁੜ ਲਾਈਨ 'ਤੇ ਆ ਸਕੇ। 

Tuesday, May 25, 2021

ਦਿੱਲੀ ਗੁਰਦੁਆਰਾ ਕਮੇਟੀ ਵਿਚ ਜੀਕੇ ਦੀ ਮੈਂਬਰੀ ਬਰਕਰਾਰ

 25th May 2021 at 7:16 PM

ਇਹ ਸਥਿਤੀ ਸਿਰਸਾ ਦੀ ਸੰਵਿਧਾਨਿਕ ਹਾਰ 


ਨਵੀਂ ਦਿੱਲੀ: 25 ਮਈ 2021:(ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਮੈਂਬਰੀ ਖ਼ਤਮ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਹੁਣ ਤੂਲ ਫੜ ਗਿਆ ਹੈ। ਜਾਗੋ ਪਾਰਟੀ ਨਾਲ ਸਬੰਧਿਤ ਦਿੱਲੀ ਕਮੇਟੀ ਮੈਂਬਰਾਂ ਦੀ ਅੱਜ ਜੀਕੇ ਦੀ ਪ੍ਰਧਾਨਗੀ ਵਿੱਚ ਹੋਈ ਬੈਠਕ ਵਿੱਚ ਇਸ ਮਾਮਲੇ ਦੀ ਸ਼ਿਕਾਇਤ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕਰਨ ਦਾ ਐਲਾਨ ਕੀਤਾ ਗਿਆ।  ਮੈਂਬਰਾਂ ਦਾ ਮੰਨਣਾ ਹੈਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਸੰਗਤਾਂ ਨਾਲ ਫ਼ਰੇਬ ਅਤੇ ਧਰੋਹ ਕਮਾਉਣ ਲਈ ਇੱਕ ਔਜ਼ਾਰ ਦੀ ਤਰਾਂ ਕਮੇਟੀ ਪ੍ਰਬੰਧਕਾਂ ਨੇ ਵਰਤਿਆ ਹੈਂ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀਕੇ ਨੇ ਦੱਸਿਆ ਕਿ 14 ਫਰਵਰੀ 2020 ਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਨਰਲ ਹਾਊਸ ਬੁਲਾਇਆ ਸੀ। ਜਿਸ ਦੇ ਬਾਅਦ ਮੇਰੀ ਮੈਂਬਰੀ ਖ਼ਤਮ ਕਰਨ ਦਾ ਬਚਕਾਨਾ ਬਿਆਨ ਇਨ੍ਹਾਂ ਨੇ ਦਿੱਤਾ ਸੀ। ਜੋ ਕਿ ਦਿੱਲੀ ਕਮੇਟੀ ਐਕਟ ਦੇ ਅਨੁਸਾਰ ਸੰਭਵ ਨਹੀਂ ਸੀ। ਇਸ ਗੱਲ ਦੀ ਪੁਸ਼ਟੀ ਹੁਣ ਦਿੱਲੀ ਗੁਰਦੁਆਰਾ ਚੋਣ ਬੋਰਡ ਨੇ ਕਮੇਟੀ ਦੇ ਨਵ ਨਿਯੁਕਤ ਕੋ-ਆਪਟ ਮੈਂਬਰ ਇੰਦਰਮੋਹਨ ਸਿੰਘ ਨੂੰ ਦਿੱਤੇ ਜਵਾਬ ਵਿੱਚ ਕਰਦੇ ਹੋਏ ਸਾਫ਼ ਕਰ ਦਿੱਤਾ ਹੈ ਕਿ ਮੈਂ ਹੁਣ ਵੀ ਕਮੇਟੀ ਦਾ ਮੈਂਬਰ ਹਾਂ।  ਹਾਲਾਂਕਿ ਪਹਿਲੀ ਨਜ਼ਰ ਇਹ ਸਿੱਧੇ ਤੌਰ ਉੱਤੇ ਘਟੀਆ ਸਿਆਸਤ ਲਈ ਗੁਰੂ ਗ੍ਰੰਥ ਸਾਹਿਬ ਨੂੰ ਇਸਤੇਮਾਲ ਕਰਨ ਦਾ ਮਾਮਲਾ ਹੈ। ਇਸ ਲਈ ਦਿੱਲੀ ਕਮੇਟੀ ਜਨਰਲ ਹਾਊਸ ਦਾ ਪਦੇਨ ਮੈਂਬਰ ਹੋਣ ਦੇ ਕਾਰਨ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਵੀ ਹੁਣ ਫ਼ਰਜ਼ ਬਣਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਸਿਰਸਾ-ਕਾਲਕਾ ਨੂੰ ਤੁਰੰਤ ਤਖ਼ਤ ਸਾਹਿਬ ਉੱਤੇ ਤਲਬ ਕਰਨ। 

ਜੀਕੇ ਨੇ ਕਿਹਾ ਕਿ ਮੇਰੀ ਮੈਂਬਰੀ ਬਰਕਰਾਰ ਰਹਿਣਾ ਸਿਰਸਾ-ਕਾਲਕਾ  ਦੇ ਮੂੰਹ ਉੱਤੇ ਜੁੱਤੀ ਵੱਜਣ ਦੇ ਬਰਾਬਰ ਹੈ, ਨਾਲ ਹੀ ਇਨ੍ਹਾਂ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਨਾਲ ਕਮਾਏ ਗਏ ਧਰੋਹ ਦਾ ਨਤੀਜਾ ਹੈ, ਜੋ ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਸੱਚ ਜ਼ਾਹਿਰ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਫ਼ਰੇਬ ਕਰਨ ਵਾਲਿਆਂ ਨੂੰ ਗੁਰੂ ਨੇ ਸਜ਼ਾ ਦਿੱਤੀ ਹੈ, ਇਸ ਲਈ ਮੈਂ ਖ਼ੁਸ਼ ਹਾਂ। ਕਮੇਟੀ ਦੇ ਸੀਨੀਅਰ ਮੈਂਬਰ ਹਰਮਨਜੀਤ ਸਿੰਘ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੇ ਸਾਹਮਣੇ ਅਵਤਾਰ ਸਿੰਘ  ਹਿਤ ਨੇ ਕਮੇਟੀ ਐਕਟ ਦਾ ਹਵਾਲਾ ਦਿੰਦੇ ਹੋਏ ਸਿਰਸਾ ਨੂੰ ਉਕਤ ਜਨਰਲ ਹਾਊਸ ਨਾ ਬੁਲਾਉਣ ਦੀ ਸਲਾਹ ਦਿੱਤੀ ਸੀ, ਪਰ ਸਿਰਸਾ ਨੇ ਕਿਹਾ ਸੀ ਕਿ ਉੱਤੋਂ ਆਦੇਸ਼ ਹੈ। ਪਰਮਜੀਤ ਸਿੰਘ ਰਾਣਾ ਨੇ ਕਿਹਾ ਕਿ ਜਨਰਲ ਹਾਉਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਦੁਰਵਰਤੋਂ, ਬੇਅਦਬੀ ਦਾ ਮਾਮਲਾ ਹੈ,  ਇਸ ਲਈ ਉਹ ਬਾਕੀ ਕਮੇਟੀ ਮੈਂਬਰਾਂ ਨੂੰ ਨਾਲ ਲੈ ਕੇ ਜਲਦੀ ਹੀ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਨਾਲ ਮੁਲਾਕਾਤ ਕਰਨਗੇ। ਚਮਨ ਸਿੰਘ ਨੇ ਕਿਹਾ ਕਿ ਜਨਰਲ ਹਾਊਸ ਵਿੱਚ ਮੈਂ ਅਤੇ ਹਰਜੀਤ ਸਿੰਘ ਜੀਕੇ ਨੇ ਸਿਰਸਾ-ਕਾਲਕਾ ਨੂੰ ਇਸ ਗ਼ਲਤੀ ਲਈ ਆਗਾਹ ਕਰਦੇ ਹੋਏ ਜਨਰਲ ਹਾਊਸ ਤੋਂ ਵਾਕਆਊਟ ਕੀਤਾ ਸੀ।  ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਫ਼ਰੇਬ ਕੀਤਾ ਜਾ ਰਿਹਾ ਸੀ। ਇਸ ਮੌਕੇ ਕਮੇਟੀ ਮੈਂਬਰ ਹਰਜਿੰਦਰ ਸਿੰਘ ਅਤੇ ਸਵਰਨ ਸਿੰਘ  ਬਰਾੜ ਵੀ ਮੌਜੂਦ ਸਨ।

Friday, May 14, 2021

ਅਮਿਤਾਭ ਬੱਚਨ ਵੱਲੋਂ ਦਿੱਤੀ ਮਾਇਆ ਨੂੰ ਲੈ ਕੇ ਪੰਥ ਦਾ ਵਿਵਾਦ ਗਰਮਾਇਆ

 14th May 2021 at 7:07 PM

ਜਾਗੋ ਪਾਰਟੀ ਕਰੇਗੀ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਸ਼ਿਕਾਇਤ


ਨਵੀਂ ਦਿੱਲੀ:
14 ਮਈ 2021 (ਮਨਪ੍ਰੀਤ ਸਿੰਘ ਖਾਲਸਾ)::
ਫ਼ਿਲਮ ਸਟਾਰ ਅਮਿਤਾਭ ਬੱਚਨ ਤੋਂ 12 ਕਰੋੜ ਰੁਪਏ ਦੀ ਰਕਮ ਸਮਾਜਿਕ ਕੰਮਾਂ ਲਈ ਲੈਣ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਇਕਰਾਰਨਾਮੇ ਉੱਤੇ ਜਾਗੋ ਪਾਰਟੀ ਸਖ਼ਤ ਹੋ ਗਈ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਡਿਜੀਟਲ ਪ੍ਰੈਸ ਕਾਂਫਰੇਂਸ ਨੂੰ ਸੰਬੋਧਿਤ ਕਰਦੇ ਹੋਏ ਇਸ ਮਾਮਲੇ ਵਿੱਚ ਕਮੇਟੀ ਪ੍ਰਬੰਧਕਾਂ ਦੀ ਸ਼ਿਕਾਇਤ ਸੋਮਵਾਰ ਨੂੰ ਅੰਮ੍ਰਿਤਸਰ ਪਹੁੰਚ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕਰਨ ਦਾ ਐਲਾਨ ਕੀਤਾ। 
ਜੀਕੇ ਨੇ ਕਿਹਾ ਕਿ ਸਿੱਖ ਕੌਮ ਮੰਨਦੀ ਹੈ ਕਿ ਅਮਿਤਾਭ ਬੱਚਨ ਨੇ 1984 ਸਿੱਖ ਕਤਲੇਆਮ ਨੂੰ ਆਪਣੇ ਜ਼ਹਿਰੀਲੇ ਨਾਅਰੇ ਨਾਲ ਹਵਾ ਦਿੱਤੀ ਸੀ, ਇਸ ਲਈ ਸਿੱਖਾਂ ਦੇ ਜਾਨ-ਮਾਲ  ਦੇ ਦੁਸ਼ਮਣ ਦੀ ਸੇਵਾ ਗੁਰੂ ਘਰ ਲਈ ਲੈਣਾ ਪਾਪ ਹੈ। ਜੀਕੇ ਨੇ ਸਿੱਖ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਸਥਾਨ ਉੱਤੇ ਆਏ ਸਨ,  ਤਾਂ ਦਿੱਲੀ ਵਿੱਚ ਔਰੰਗਜ਼ੇਬ ਦਾ ਰਾਜ ਸੀ ਅਤੇ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਜਤਾਈ ਸੀ। ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਔਰੰਗਜ਼ੇਬ ਨੂੰ 'ਮਲੇਛ' ਦੱਸ ਕੇ ਦਰਸ਼ਨ ਦੇਣ ਤੋਂ ਮਨਾ ਕਰ ਦਿੱਤਾ ਸੀ। ਪਰ ਅੱਜ ਸਿਰਸਾ ਨੇ ਉਸੇ ਪਵਿੱਤਰ ਸਥਾਨ ਤੋਂ ਜਿੱਥੇ ਗੁਰੂ ਸਾਹਿਬ ਨੇ ਮੁਲਕ ਦੇ ਬਾਦਸ਼ਾਹ ਨੂੰ ਉਸ ਦੀ ਔਕਾਤ ਦੱਸਣ ਦੀ ਜੁੱਰਤ ਕੀਤੀ ਸੀ,  ਉੱਥੋਂ ਹੀ ਕੌਮ ਦੇ ਦੁਸ਼ਮਣ ਦੀ ਮਾਇਆ ਸਵੀਕਾਰ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਥਾਨ ਦੀ ਪਰੰਪਰਾ ਅਤੇ ਮਰਿਆਦਾ ਨੂੰ ਚੋਟ ਮਾਰੀ ਹੈ। 
ਇਸ ਬਾਰੇ ਗੱਲ ਕਰਦਿਆਂ ਜੀਕੇ ਨੇ ਕਿਹਾ ਕਿ ਸਿਰਸਾ ਨੇ ਜਦੋਂ 11 ਮਾਰਚ ਨੂੰ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਕੀਤਾ ਸੀ ਤਾਂ ਦੱਸਿਆ ਸੀ ਕਿ ਮਸ਼ੀਨਾਂ ਦੀ ਸੇਵਾ ਚਾਵਲਾ ਅਤੇ ਜੁਨੇਜਾ ਪਰਵਾਰ ਨੇ ਕੀਤੀ ਹੈ, ਪਰ ਜਦੋਂ 10 ਮਈ ਨੂੰ ਅਮਿਤਾਭ ਬੱਚਨ ਨੇ ਆਪਣੇ ਬਲਾਗ ਵਿੱਚ ਦਾਅਵਾ ਕੀਤਾ ਕਿ ਡਾਇਗਨੋਸਟਿਕ ਸੈਂਟਰ ਦਾ ਸਾਰਾ ਖ਼ਰਚ ਮੈਂ ਦਿੱਤਾ ਹੈ, ਤਦ ਕਮੇਟੀ ਨੇ 11 ਮਈ ਨੂੰ ਮੰਨ ਲਿਆ ਕਿ ਸਾਰੀ ਮਸ਼ੀਨਾਂ ਅਮਿਤਾਭ ਬੱਚਨ ਨੇ ਦਿੱਤੀਆਂ ਹਨ। ਜੀਕੇ ਨੇ ਸਿਰਸਾ ਤੋਂ ਸਵਾਲ ਪੁੱਛਿਆ ਕਿ ਉਹ ਦੱਸੇ ਕਿ 10 ਕਰੋਡ਼ ਦੀਆਂ ਮਸ਼ੀਨਾਂ ਲਈ ਛੱਲ ਕਰ ਕੇ 20 ਕਰੋਡ਼ ਰੁਪਏ ਕਿਸ ਦੀ ਮਨਜ਼ੂਰੀ ਨਾਲ ਕਮੇਟੀ ਨੇ ਲਏ ? ਕੀ ਇਹ 10 ਕਰੋੜ  ਰੁਪਏ ਅਤੇ ਸੰਗਤਾਂ ਦੀਆਂ ਭਾਵਨਾਵਾਂ ਨਾਲ ਠੱਗੀ ਨਹੀਂ?  ਜੀਕੇ ਨੇ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੇ ਦਾਦੇ ਜਸਵੰਤ ਸਿੰਘ ਕਾਲਕਾ ਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਗ਼ੀ ਹੋਣ ਦੇ ਸਬੂਤ ਜਨਤਕ ਕਰਦੇ ਹੋਏ ਸਿਰਸਾ ਨੂੰ ਆਪਣੀ ਗ਼ਲਤੀ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋਣ ਦੀ ਨਸੀਹਤ ਦਿੱਤੀ। ਜੀਕੇ ਨੇ ਸਿਰਸਾ ਨੂੰ ਖ਼ੁਦ ਨੂੰ ਮਾਫ਼ੀ ਦੇਣ ਲਈ ਗੁਰਦੁਆਰਾ ਬੰਗਲਾ ਸਾਹਿਬ ਦੇ ਪੰਜ ਪਿਆਰਿਆਂ ਨੂੰ ਤਲਬ ਨਾ ਕਰਨ ਦੀ ਵੀ ਚਿਤਾਵਨੀ ਦਿੱਤੀ।

Saturday, April 01, 2017

ਸਿੱਖ ਪੰਥ ਦੇ ਗੁਰਪੁਰਬ ਅਤੇ ਤਿਉਹਾਰ ਇਕੋ ਮਿੱਤੀ ਨੂੰ ਮਨਾਏ ਜਾਣ:ਸਰਨਾ

Sat, Apr 1, 2017 at 4:16 PM
ਸੈਮੀਨਾਰ ਰਾਹੀਂ ਮਸਲੇ ਨੂੰ ਸੁਲਝਾ ਕੇ ਕੋਮੀ ਇਤਿਹਾਸ ਸਿਰਜਣ ਦੀ ਅਪੀਲ 
ਸਾਡੇ ਕਲੰਡਰ ਮੁਤਾਬਿਕ ਪੁਰਬ ਅਜ, ਐਸ ਜੀ ਪੀ ਸੀ ਨੂੰ ਲਿਖਤ ਸ਼ਿਕਾਇਤ ਭੇਜੋ: ਗਿਆਨੀ ਗੁਰਬਚਨ ਸਿੰਘ
ਨਵੀਂ ਦਿੱਲੀ: 1 ਅਪ੍ਰੈਲ 2017: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): 
ਸ਼੍ਰੌਮਣੀ ਕਮੇਟੀ ਵਲੋਂ ਅਜ 6ਵੀਂ ਪਾਤਸ਼ਾਹੀ ਦਾ ਜੋਤਿ ਜੋਤ ਸਮਾਓਣ ਦਾ ਪੁਰਬ ਮਨਾਇਆ ਗਿਆ ਹੈ ਜਦਕਿ ਕੌਮ ਦੇ ਮੂਲ ਨਾਨਕਸ਼ਾਹੀ ਕਲੰਡਰ ਮੁਤਾਬਿਕ ਇਹ ਪੁਰਬ ਸਿੱਖ ਜਗਤ 19 ਮਾਰਚ ਨੂੰ ਮਨਾ ਚੁੱਕੀ ਹੈ। ਇਸ ਮਾਮਲੇ ਤੇ ਗਲਬਾਤ ਕਰਦਿਆਂ ਸ਼੍ਰੌਮਣੀ ਅਕਾਲੀ ਦਲ (ਦਿੱਲੀ) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਅਸੀ ਅਪਣੇ ਸਮੇਂ ਤੇ ਪੂਰੀ ਕੌਸ਼ਿਸ ਕੀਤੀ ਸੀ ਕਿ ਸਾਰੇ ਗੁਰਪੁਰਬ ਅਤੇ ਤਿਉਹਾਰ ਇਕੋ ਮਿਤੀ ਨੂੰ ਮੂਲ ਨਾਨਕਸ਼ਾਹੀ ਕਲੰਡਰ ਮੁਤਾਬਿਕ ਮਨਾਏ ਜਾਣ ਨਾ ਕਿ ਬਿਕਰਮੀ ਕਲੰਡਰ ਮੁਤਾਬਿਕ।
ਉਨ੍ਹਾਂ ਨੇ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬੰਡੁਗਰ ਨੂੰ ਯਾਦ ਦਿਵਾਉਦਿਆਂ ਕਿਹਾ ਕਿ ਜਦੋ ਤੁਸੀ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਬਣੇ ਸੀ, ਸੰਗਤ ਨਾਲ ਵਾਅਦਾ ਕੀਤਾ ਸੀ ਕਿ ਸਿੱਖ ਕਲੰਡਰ ਅਤੇ ਹੋਰ ਕੌਮ ਵਿਚ ਵਖਰੇਵੇਂ ਪਾਉਦੇਂ ਮੁੱਦੇਆਂ ਨੂੰ ਪਹਿਲ ਦੇ ਅਧਾਰ ਦੇ ਸੁਲਝਾ ਕੇ ਕੌਮੀ ਦੁਬਿਧਾ ਨੂੰ ਦੂਰ ਕੀਤਾ ਜਾਏਗਾ ਪਰ ਅਫਸੋਸ ਤੁਸੀ ਇਨ੍ਹਾਂ ਮਸਲੇਆਂ ਨੂੰ ਠੰਡੇ ਬਸਤੇ ਵਿਚ ਪਾ ਕੇ ਕੌਮ ਵਿਚ ਵੱਧ ਰਹੀ ਦੁਬਿਧਾ ਨੂੰ ਦੂਰ ਕਰਨ ਵਿਚ ਕੋਈ ਦਿਲਚਸਪੀ ਨਹੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਸ਼ਰੀਰ ਦਾ ਕੋਈ ਪਤਾ ਨਹੀ ਹੁੰਦਾ ਕਿ ਉਹ ਅਜ ਹੈ ਤੇ ਕਲ ਨਹੀ ਪਰ ਕੌਮ ਵਾਸਤੇ ਕੀਤੇ ਕਾਰਜਾਂ ਦਾ ਇਤਿਹਾਸ ਬਣ ਜਾਦਾਂ ਹੈ ਇਸ ਲਈ ਅਸੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਲਈ ਸਿੱਖ ਵਰਗ ਦੇ ਉੱਚ ਕੋਟੀ ਦੇ ਬੁਧੀਜੀਵੀਆਂ (ਜੋ ਕਿ ਕਿਸੇ ਵੀ ਦਬਾਵ ਹੇਠ ਨਾ ਹੋਣ) ਦਾ ਸੇਮੀਨਾਰ ਬੁਲਾ ਕੇ ਮਸਲੇ ਨੂੰ ਸੁਲਝਾ ਕੇ ਕੋਮੀ ਇਤਿਹਾਸ ਸਿਰਜਣ ਵਿਚ ਅਪਣਾ ਬਣਦੀ ਭੁਮਿਕਾ ਨਿਭਾਵੋ।
ਇਸ ਮਾਮਲੇ ਵਿਚ ਗਿਆਨੀ ਗੁਰਬਚਨ ਸਿੰਘ ਨਾਲ ਗਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਐਸ ਜੀ ਪੀ ਸੀ ਦੇ ਕਲੰਡਰ ਮੁਤਾਬਿਕ ਪੁਰਬ ਅਜ ਹੀ ਹੈ ਜਿਸ ਤੇ ਉਨ੍ਹਾਂ ਨੂੰ ਯਾਦ ਦਿਵਾਇਆ ਗਿਆ ਕਿ ਬੀਤੇ ਵਰੇ੍ਹਆਂ ਵਿਚ ਇਹ ਪੁਰਬ ਮਾਰਚ ਦੇ ਮਹੀਨੇ ਵਿਚ ਮਨਾਇਆ ਜਾਦਾਂ ਰਿਹਾ ਹੈ ਤੇ ਹੁਣ ਅਪ੍ਰੈਲ ਵਿਚ ਕਿਉ.? ਇਸ ਤੇ ਉਨ੍ਹਾਂ ਕਿਹਾ ਕਿ ਇਸ ਬਾਬਤ ਸ਼੍ਰੌਮਣੀ ਕਮੇਟੀ ਨੂੰ ਲਿਖਤ ਸ਼ਿਕਾਇਤ ਭੇਜਣ ਵਾਸਤੇ ਕਿਹਾ। 

Thursday, March 30, 2017

ਮਨਜੀਤ ਸਿੰਘ ਜੀ.ਕੇ ਮੁੜ ਦਿੱਲੀ ਕਮੇਟੀ ਦੇ ਪ੍ਰਧਾਨ

Thu, Mar 30, 2017 at 5:50 PM
ਮਨਜਿੰਦਰ ਸਿੰਘ ਸਿਰਸਾ ਜਨਰਲ ਸੱਕਤਰ ਬਣੇ
ਨਵੀਂ ਦਿੱਲੀ: 30 ਮਾਰਚ 2017: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): 
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 5 ਨਵੇਂ ਅਹੁੱਦੇਦਾਰ ਅਤੇ 10 ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਚੋਣ ਆਮ ਸਹਿਮਤੀ ਨਾਲ ਅਜ ਅਖੀਰਕਾਰ ਨੇਪਰੇ ਚੜ੍ਹ ਗਈ। 26 ਫਰਵਰੀ 2017 ਨੂੰ ਹੋਈਆਂ ਆਮ ਚੋਣਾਂ ਤੋਂ ਬਾਅਦ ਅਹੁੱਦੇਦਾਰਾਂ ਦੀ ਚੋਣ ਲਈ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਵੱਲੋਂ 24 ਮਾਰਚ ਨੂੰ ਜਨਰਲ ਇਜਲਾਸ ਸੱਦਿਆ ਗਿਆ ਸੀ। ਜਿਸ ਵਿਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਆਰਜੀ ਚੇਅਰਮੈਨ ਚੁਣਨ ਉਪਰੰਤ ਦਿੱਲੀ ਫਤਹਿ ਦਿਵਸ ਸਮਾਗਮਾਂ ਦਾ ਹਵਾਲਾ ਦਿੰਦੇ ਹੋਏ ਨਵੇਂ ਚੁਣੇ ਮੈਂਬਰਾਂ ਨੂੰ ਸੰਹੁ ਚੁਕਾਉਣ ਦੇ ਬਾਅਦ ਹਾਊਸ ਮੁਲਤਵੀ ਕਰ ਦਿੱਤਾ ਗਿਆ ਸੀ। ਇਸਤੋਂ ਬਾਅਦ ਡਾਇਰੈਕਟਰ ਗੁਰਦੁਆਰਾ ਚੋਣ ਵੱਲੋਂ 28 ਮਾਰਚ ਨੂੰ ਮੁੜ੍ਹ ਤੋਂ ਜਨਰਲ ਇਜਲਾਸ ਸੱਦਣ ਬਾਰੇ 26 ਮਾਰਚ ਨੂੰ ਪੱਤਰ ਕੱਢਿਆ ਗਿਆ ਸੀ ਪਰ ਜੀ.ਕੇ. ਵੱਲੋਂ 27 ਮਾਰਚ ਨੂੰ ਆਰਜੀ ਚੇਅਰਮੈਨ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।  ਇਸ ਅਸਤੀਫੇ ਨੂੰ ਡਾਈਰੈਕਟਰ ਨੇ ਮੰਜੂਰ ਕਰਦੇ ਹੋਏ ਨਵੇਂ ਆਰਜੀ ਚੇਅਰਮੈਨ, ਅਹੁੱਦੇਦਾਰ ਅਤੇ ਅੰਤ੍ਰਿੰਗ ਬੋਰਡ ਮੈਂਬਰਾਂ ਦੀ ਚੋਣ ਲਈ 30 ਮਾਰਚ ਨੂੰ ਜਨਰਲ ਇਜਲਾਸ ਦੀ ਦੂਜੀ ਬੈਠਕ ਸੱਦੀ ਸੀ।
ਮੀਡੀਆ ਨੂੰ ਭੇਜੀ ਗਈ ਜਾਣਕਾਰੀ ਅਨੁਸਾਰ ਅਜ ਦੀ ਬੈਠਕ ਦੀ ਕਾਰਵਾਈ ਦੀ ਸ਼ੁਰੂਆਤ ਡਾਇਰੈਕਟਰ ਸ਼ੂਰਵੀਰ ਸਿੰਘ ਵੱਲੋਂ ਆਰਜੀ ਚੇਅਰਮੈਨ ਦਾ ਨਾਂ ਮੈਂਬਰਾਂ ਪਾਸੋਂ ਮੰਗਦੇ ਹੋਏ ਕੀਤੀ ਗਈ। ਸ਼੍ਰੋਮਣੀ ਕਮੇਟੀ ਵੱਲੋਂ ਨਾਮਜ਼ਦ ਮੈਂਬਰ ਸੰਤਾ ਸਿੰਘ ਉਮੈਦਪੁਰੀ ਨੂੰ ਆਰਜੀ ਚੇਅਰਮੈਨ ਚੁਣੇ ਜਾਣ ਦਾ ਮੱਤਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੇਸ਼ ਕੀਤਾ ਜਿਸਦਾ ਸਮਰਥਨ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਨੇ ਕੀਤਾ। ਉਮੈਦਪੁਰੀ ਦੇ ਬਿਨਾ ਕਿਸੇ ਵਿਰੋਧ ਦੇ ਆਰਜੀ ਚੇਅਰਮੈਨ ਚੁਣੇ ਜਾਣ ਤੋਂ ਬਾਅਦ ਅਗਲੇ ਅਹੁੱਦੇਦਾਰਾਂ ਦੀ ਚੋਣ ਪ੍ਰਕਿਰਆ ਸ਼ੁਰੂ ਹੋਈ ਜਿਸ ਵਿਚ ਕ੍ਰਮਵਾਰ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਮੀਤ ਪ੍ਰਧਾਨ ਹਰਮਨਜੀਤ ਸਿੰਘ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰ ਹਰਿੰਦਰ ਪਾਲ ਸਿੰਘ, ਕੁਲਵੰਤ ਸਿੰਘ ਬਾਠ, ਗੁਰਮੀਤ ਸਿੰਘ ਮੀਤਾ, ਚਮਨ ਸਿੰਘ, ਜਸਬੀਰ ਸਿੰਘ ਜੱਸੀ, ਹਰਵਿੰਦਰ ਸਿੰਘ ਕੇ.ਪੀ., ਪਰਮਜੀਤ ਸਿੰਘ ਚੰਢੋਕ, ਅਮਰਜੀਤ ਸਿੰਘ ਪਿੰਕੀ, ਮਹਿੰਦਰ ਪਾਲ ਸਿੰਘ ਚੱਢਾ ਤੇ ਤਰਵਿੰਦਰ ਸਿੰਘ ਮਾਰਵਾਹ ਸ਼ਾਮਿਲ ਹਨ ਇਨ੍ਹਾ ਦੇ ਨਾਲ ਹੀ ਪਰਮਜੀਤ ਸਿੰਘ ਰਾਣਾ ਨੂੰ ਮੁੜ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਦੀ ਸੇਵਾ ਦਿੱਤੀ ਗਈ ਹੈ।

Wednesday, March 01, 2017

ਦਿੱਲੀ ਗੁਰਦੁਆਰਾ ਚੋਣਾਂ ਵਿਚ ਅਕਾਲੀ ਦਲ ਬਾਦਲ ਦੀ ਹੂੰਝਾ ਫੇਰੂ ਜਿੱਤ

Wed, Mar 1, 2017 at 7:14 PM
ਪੰਜਾਬੀ ਬਾਗ ਸੀਟ ਤੋਂ ਸਰਨਾ ਦੀ ਵੀ ਹਾਰ 
ਅਕਾਲ ਸਹਾਏ ਪਾਰਟੀ ਨੇ ਵੀ ਖਾਤਾ ਖੋਹਲਿਆ-ਦੋ ਸੀਟਾਂ ਉੱਤੇ ਜਿੱਤ 
ਨਵੀਂ ਦਿੱਲੀ: 1 ਮਾਰਚ 2017: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): 
ਸ਼੍ਰੋਮਣੀ ਅਕਾਲੀ ਦਲ (ਬਾਦਲ) ਚੋਣਾਂ ਦੀ ਪਹਿਲੀ ਪ੍ਰੀਖਿਆ ਵਿੱਚ ਪਾਸ ਹੋਇਆ ਹੈ। ਉਸ ਨੇ ਦਿੱਲੀ ਦਾ ਕਿਲ੍ਹਾ ਫਤਹਿ ਕਰ ਲਿਆ ਹੈ। ਦਿੱਲੀ ਕਮੇਟੀ ਦੀਆਂ ਚੋਣਾਂ ਦੇ ਮੈਦਾਨ `ਚ ਕੁੱਲ 353 ਉਮੀਦਵਾਰ ਸਨ ਜਿਨ੍ਹਾਂ ਵਿਚੋਂ ਅਕਾਲੀ ਦਲ ਬਾਦਲ ਨੇ ਦਿੱਲੀ ਵਿਚ ਝਾੜੂ ਫੇਰਦੇ ਹੋਏ ਅਪਣੇ ਮੁੱਖ ਵਿਰੋਧੀ ਸਰਨਾ ਪਾਰਟੀ ਨੂੰ ਚਾਰੇ ਖਾਨੇ ਚਿੱਤ ਕਰਦਿਆਂ ਹੋਇਆ ਮੁੜ ਕਮੇਟੀ ਦੀ ਵਾਗਡੋਰ ਤੇ ਅਪਣਾ ਹੱਕ ਬਰਕਰਾਰ ਰਖਿਆ ਹੈ। 
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। ਹੁਣ ਤੱਕ ਦੇ ਆਏ ਨਤੀਜਿਆਂ ਵਿਚ ਸ਼੍ਰੋਮਣੀ ਅਕਾਲੀ ਦਲ 35 ਸੀਟਾਂ ਤੇ ਜਿੱਤ ਹਾਸਲ ਕੀਤੀ ਹੈ ਜਦਕਿ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸਿਰਫ 7 ਸੀਟਾਂ ਤੇ ਜਿੱਤ ਹਾਸਲ ਕੀਤੀ ਹੈ । ਇਸੇ ਤਰ੍ਹਾਂ 4 ਆਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਹਾਸ਼ਲ ਕੀਤੀ ਹੈ। ਭਾਈ ਰਣਜੀਤ ਸਿੰਘ ਸਾਬਕਾ ਜੱਥੇਦਾਰ ਅਕਾਲ ਤਖਤ ਦੀ ਪਾਰਟੀ ਅਕਾਲ ਸਹਾਏ ਨੇ ਵੀ ਅਪਣਾ ਖਾਤਾ ਖੋਲਦੇ ਹੋਏ 2 ਸੀਟਾਂ ਤੋਂ ਜਿੱਤ ਪ੍ਰਾਪਤ ਕੀਤੀ ਹੈ ਤੇ 2 ਆਜਾਦ ਉਮੀਦੁਆਰ ਕਾਗਰਸੀ ਲੀਡਰ ਤਰਵਿੰਦਰ ਸਿੰਘ ਮਾਰਵਾਹ ਅਤੇ ਦਿਲੀ ਕਮੇਟੀ ਮੈਬਰ ਗੁਰਮੀਤ ਸਿੰਘ ਸ਼ੰਟੀ ਜੋ ਕਿ ਇਸ ਵਾਰੀ ਆਜਾਦ ਉਮੀਦੁਆਰ ਤੌਰ ਤੇ ਖੜੇ ਹੋਏ ਸਨ, ਨੇ ਜਿੱਤ ਪ੍ਰਾਪਤ ਕੀਤੀ ਹੈ । ਭਾਈ ਗੁਰਦੇਵ ਸਿੰਘ ਵਡਾਲਾ ਅਤੇ ਪੰਥਕ ਸੇਵਾ ਦਲ ਅਪਣਾ ਖਾਤਾ ਵੀ ਨਹੀ ਖੋਲ ਸਕੇ ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵੀ ਆਪਣੀ ਪੰਜਾਬੀ ਬਾਗ ਸੀਟ ਤੋ ਹਾਰ ਗਏ ਹਨ। ਉਹਨਾਂ ਨੂੰ ਮਨਜਿੰਦਰ ਸਿੰਘ ਸਿਰਸਾ ਨੇ ਬੜੇ ਸਖ਼ਤ ਮੁਕਾਬਲੇ ਵਿਚ ਹਰਾਇਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਉਹਨਾਂ ਨੂੰ ਜਿੱਤ ਹਾਸ਼ਲ ਹੋਈ ਹੈ ਉਹ ਪਹਿਲਾ ਨਾਲੋ ਵੀ ਜਿਆਦਾ ਕੰਮ ਕਰਨਗੇ।
ਦਿੱਲੀ ਕਮੇਟੀ ਦੀ ਜਿੱਤ ਤੋਂ ਬਾਅਦ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਖ਼ੁਸ਼ ਹੈ। ਡੀਐਸਜੀਐਮਸੀ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਕਹਿਣਾ ਹੈ ਕਿ ਇਹ ਸਾਡੇ ਵਿਕਾਸ ਕਾਰਜਾਂ ਦੀ ਜਿੱਤ ਹੋਈ ਹੈ। ਲੋਕਾਂ ਦੇ ਇੱਕ ਵਾਰ ਫਿਰ ਸਾਡੀ ਲੀਡਰਸ਼ਿਪ `ਚ ਵਿਸ਼ਵਾਸ਼ ਜਤਾਇਆ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਅਸੀਂ ਹਾਂ ਪੱਖੀ ਏਜੰਡਾ ਲੈ ਕੇ ਚੱਲੇ ਸੀ। ਦਿੱਲੀ ਦੀ ਸਿੱਖ ਸੰਗਤ ਹਾਂ ਪੱਖੀ ਏਜੰਡੇ ਦੇ ਪੱਖ `ਚ ਫੈਸਲਾ ਦੇ ਰਹੀ ਹੈ।  

Friday, February 24, 2017

ਦਿੱਲੀ ਗੁਰਦੁਆਰਾ ਚੋਣਾਂ ਵਿਚ ਸਿੱਖ ਸੰਗਤਾਂ ਨੂੰ ਲੁਭਾਓਣ ਦਾ ਰੂਝਾਨ ਵਧਿਆ

Thu, Feb 23, 2017 at 6:15 PM
ਸਿੱਖ ਸੰਗਤ ਲਈ ਪੂਰੀ ਦਿੱਲੀ `ਚ ਖਾਲਸਾ ਡਿਸਪੈਂਸਰੀਆਂ 
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਮੁਫਤ ਯਾਤਰਾ: ਸਿਰਸਾ
ਨਵੀਂ ਦਿੱਲੀ: 23 ਫਰਵਰੀ 2017: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): 
ਸਿੱਖ ਸੰਗਤ ਨੂੰ ਬੁਨਿਆਦੀ ਸਿਹਤ ਸਹੂਲਤਾਂ ਦੇਣ ਲਈ ਪੂਰੀ ਦਿੱਲੀ ਦੇ ਵੱਖ ਵੱਖ ਹਿੱਸਿਆਂ ਵਿਚ ਖਾਲਸਾ ਡਿਸਪੈਂਸਰੀਆਂ ਖੋਲ੍ਹੀਆਂ ਜਾਣਗੀਆਂ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਸਿੱਖ ਸੰਗਤ ਨੂੰ ਦਿੱਲੀ ਤੋਂ ਅੰਮ੍ਰਿਤਸਰ ਤਕ ਮੁਫਤ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। 
ਇਹ ਸ਼ਬਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਅਤੇ ਵਾਰਡ ਨੰਬਰ 9 ਪੰਜਾਬੀ ਬਾਗ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਵਾਰਡ ਦੀਆਂ ਵੱਖ ਵੱਖ ਕਲੋਨੀਆਂ ਅਤੇ ਸੋਸਾਇਟੀਆਂ ਵਿਚ ਵੱਖ ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਹੇ। ਉਹਨਾਂ ਕਿਹਾ ਕਿ ਅਸੀਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਧਾਰਨ ਅਤੇ ਸਿੱਖ ਭਾਈਚਾਰੇ ਦੀ ਭਲਾਈ ਵਾਸਤੇ ਜਿੰਨੇ ਵੀ ਵਾਅਦੇ ਕੀਤੇ ਸਨ, ਉਹਨਾਂ ਵਿਚੋਂ 80 ਫੀਸਦੀ ਵਾਅਦਿਆਂ ਨੂੰ ਪੂਰਾ ਕੀਤਾ ਹੈ। ਇਸ ਵਾਰ ਵੀ ਜੇਕਰ ਸਾਨੂੰ ਦਿੱਲੀ ਕਮੇਟੀ ਦੀ ਸੇਵਾ ਦਾ ਮੌਕਾ ਮਿਲਿਆ ਤਾਂ ਅਸੀਂ ਸਿੱਖ ਭਾਈਚਾਰੇ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਹੱਲ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਾਂਗੇ।  
ਉਹਨਾਂ ਕਿਹਾ ਕਿ ਬੇਰੁਜ਼ਗਾਰ ਸਿੱਖ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਖਾਲਸਾ ਰੁਜ਼ਗਾਰ ਬਿਊਰੋ ਅਤੇ ਖਾਲਸਾ ਇੰਟਨੈਸ਼ਨਲ ਰੁਜ਼ਗਾਰ ਸੈਂਟਰ ਖੋਲ੍ਹੇ ਜਾਣਗੇ। ਇਹਨਾਂ ਸੈਂਟਰਾਂ ਵੱਲੋਂ ਸਿੱਖ ਨੋਜਵਾਨਾਂ ਨੂੰ ਉਹਨਾਂ ਦੀ ਯੋਗਤਾ ਅਤੇ ਕਾਬਲੀਅਤ ਮੁਤਾਬਿਕ ਰੁਜ਼ਗਾਰ ਦਿਵਾਉਣ ਵਿਚ ਮੱਦਦ ਕੀਤੀ ਜਾਵੇਗੀ।  ਇੰਨਾ ਹੀ ਨਹੀਂ, ਖੇਡਾਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਤੇ ਵਿਦੇਸ਼ ਜਾਣ ਦੇ ਚਾਹਵਾਨ ਸਿੱਖ ਨੌਜਵਾਨਾਂ ਲਈ ਅਕਾਲੀ ਦਲ ਵੱਲੋਂ ਇੱਕ ਅੰਤਰਰਾਸ਼ਟਰੀ ਵਿੱਦਿਅਕ ਅਤੇ ਸਪੋਰਟਸ ਸੈਂਟਰ ਖੋਲ੍ਹਿਆ ਜਾਵੇਗਾ।
ਸਿੱਖ ਵਿਰਸੇ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਮਨਾਂ ਵਿਚ ਤਾਜ਼ਾ ਰੱਖਣ ਦੀ ਲੋੜ ਉਤੇ ਜ਼ੋਰ ਦਿੰਦਿਆਂ ਸ਼ ਸਿਰਸਾ ਨੇ ਕਿਹਾ ਕਿ 2019 ਵਿਚ ਅਕਾਲੀ ਦਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ।ਇੰਨਾ ਹੀ ਨਹੀਂ ਸਾਲ 2018 ਵਿਚ ਆ ਰਹੀ ਮਹਾਨ ਸਿੱਖ ਜਰਨੈਲ ਸ ਜੱਸਾ ਸਿੰਘ ਆਹਲੂਵਾਲੀਆ ਦੀ 300ਵੀ ਜਨਮ ਸ਼ਤਾਬਦੀ ਨੂੰ ਵੀ ਪੂਰੇ ਜਾਹੋ-ਜਲਾਲ ਨਾਲ ਮਨਾਇਆ ਜਾਵੇਗਾ।

ਉਹਨਾਂ ਸਿੱਖ ਸੰਗਤਾਂ ਸਾਹਮਣੇ ਆਪਣੀ ਅਤੇ ਆਪਣੇ ਵਿਰੋਧੀ ਉਮੀਦਵਾਰ ਸ਼ ਪਰਮਜੀਤ ਸਿੰਘ ਸਰਨਾ ਦੀ ਕਾਰਗੁਜ਼ਾਰੀ ਰੱਖਦਿਆਂ ਸੁਆਲ ਕੀਤਾ ਕਿ ਤੁਸੀਂ ਖੁਦ ਫੈਸਲਾ ਕਰੋ, ਕਿ ਤੁਸੀਂ ਕਿਸ ਨੂੰ ਚੁਣਨਾ ਪਸੰਦ ਕਰੋਗੇ? ਉਸ ਵਿਅਕਤੀ ਨੂੰ , ਜਿਸ ਨੇ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੀਆਂ ਕਈ ਬਰਾਂਚਾਂ ਨੂੰ ਬੰਦ ਕਰਵਾਇਆ ਸੀ ਜਾਂ ਉਸ ਨੂੰ ਜਿਸ ਨੇ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੀਆਂ ਬਰਾਂਚਾਂ ਨੂੰ ਮੁੜ ਤੋਂ ਖੁਲਵਾਇਆ ਹੈ? ਉਹਨਾਂ ਕਿਹਾ ਕਿ ਤੁਸੀਂ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਕੇ ਸਿੱਖਿਆ ਸੰਸਥਾਵਾਂ ਨੂੰ ਲੁੱਟਣ ਵਾਲੇ ਨੂੰ ਚੁਣੋਗੇ ਜਾਂ ਬੱਚਿਆਂ ਨੂੰ ਵਧੀਆ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ ਵਾਲੇ ਨੂੰ ਵੋਟ ਦਿਓਗੇ? ਨਗਾਂ ਤੇ ਪੱਥਰਾਂ ਉੱਤੇ ਵਿਸ਼ਵਾਸ਼ ਕਰਨ ਵਾਲੇ ਕਰਮਕਾਂਡੀ ਉੱਤੇ ਭਰੋਸਾ ਕਰੋਗੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਟੁੱਟ ਵਿਸ਼ਵਾਸ਼ ਰੱਖਣ ਵਾਲੇ ਵਿਅਕਤੀ ਉੱਤੇ ਵਿਸ਼ਵਾਸ਼ ਕਰੋਗੇ?

ਸ਼ ਸਿਰਸਾ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਿਆਂ ਦੇ ਸੁਚਾਰੂ ਅਤੇ ਪਾਰਦਰਸ਼ੀ ਪ੍ਰਬੰਧ ਲਈ ਅਤੇ ਸਿੱਖ ਭਾਈਚਾਰੇ ਦੇ ਸਰਬਪੱਖੀ ਵਿਕਾਸ ਦੇ ਲਈ ਦਿੱਲੀ ਕਮੇਟੀ ਦੀ ਵਾਂਗਡੋਰ ਸ੍ਰਮਣੀ ਅਕਾਲੀ ਦੇ ਮਜ਼ਬੂਤ ਅਤੇ ਭਰੋਸੇਯੋਗ ਹੱਥਾਂ ਵਿਚ ਦੇਣ ਦੀ ਅਪੀਲ ਕੀਤੀ।

Wednesday, February 22, 2017

ਗੁਰਦੁਆਰਾ ਚੋਣਾਂ ! ਗੁਰੂ ਘਰ ਦੀ ਸੇਵਾ ਜਾਂ ਮਹਾਂ ਪਾਪ?

Wed, Feb 22, 2017 at 12:09 PM
ਖਾਲਸਾ ਜੀ! ਫੈਸਲਾ ਆਪ ਜੀ ਦੇ ਹੱਥ ਹੈ!
ਗੁਰਬਾਣੀ ਦੀ ਰੌਸ਼ਨੀ ਵਿੱਚ ਠਾਕੁਰ ਦਲੀਪ ਸਿੰਘ ਹੁਰਾਂ ਨੇ ਉਠਾਏ ਕਈ ਨੁਕਤੇ 
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ
ਕਈਆਂ ਨੂੰ ਸ਼ੰਕਾ ਹੋਵੇਗੀ ਕਿ ਗੁਰਦੁਆਰਿਆਂ ਦੀਆਂ ਚੋਣਾਂ ਪਾਪ ਕਿਉਂ ਹਨ?
ਉੱਤਰ: ਹਰ ਉਹ ਕੰਮ ਜਿਸ ਨੂੰ ਕਰਨ ਕਰਕੇ ਸਿੱਖ ਪੰਥ ਦਾ ਨੁਕਸਾਨ ਹੋਵੇ, ਉਹ ਪਾਪ ਹੈ। ਜੋ ਕੰਮ ਗੁਰਬਾਣੀ ਵਿੱਰੁਧ ਕੀਤਾ ਜਾਵੇ ਉਹ ਮਹਾਂ ਪਾਪ ਹੈ। ਚੋਣਾਂ ਸਿੱਖ ਪੰਥ ਨੂੰ ਕੈਂਸਰ ਵਾਂਗੂੰ ਅੰਦਰੋਂ ਅੰਦਰ ਖਾ ਰਹੀਆਂ ਹਨ, ਧੜੇਬੰਦੀ ਬਣਾ ਕੇ ਪਾਟਕ ਪਾਉਂਦੀਆਂ ਹਨ। ਹੋਰ ਕਿਸੇ ਪੰਥ ਵਿਚ ਚੋਣਾਂ ਨਹੀਂ ਕੇਵਲ ਅਸਾਡੇ ਪੰਥ ਵਿੱਚ ਹੀ ਹਨ। ਜਿੱਥੇ ਚੋਣਾਂ ਨਹੀਂ ਹੁੰਦੀਆਂ ਉਹ ਅਸਾਡੇ ਤੋਂ ਸੁਖੀ ਵੱਸਦੇ ਹਨ।  ਸਿੱਖਾਂ ਨੂੰ ਗੁਰਬਾਣੀ ਅਨੁਸਾਰ ਜੀਵਨ ਜਿਉਣਾ ਚਾਹੀਦਾ ਹੈ। ਗੁਰਬਾਣੀ ਵਿੱਚ ਤਾਂ ਆਪਸ ਵਿੱਚ ਮਿਲ਼ਨ ਦੀ ਸੋਭਾ ਲਿਖੀ ਗਈ ਹੈ। ਭਾਵ: ਆਪਸ ਵਿੱਚ ਮਿਲ਼ ਕੇ ਰਹਿਣ ਦਾ ਹੁਕਮ ਹੈ:- “ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ॥” (ਅੰਗ:- 498) ਲੜਬੇ ਕੀ ਮਹਿਮਾ ਤਾਂ ਗੁਰਬਾਣੀ ਵਿੱਚ ਕਿਤੇ ਵੀ ਨਹੀਂ ਲਿਖਿਆ? ਕੀ ਚੋਣਾਂ ਵਿੱਚ ਸਿੱਖ ਆਪਸ ਵਿੱਚ ਲੜਦੇ ਹਨ ਜਾਂ ਮਿਲਦੇ ਹਨ, ਸੋਚਣ ਦੀ ਲੋੜ ਹੈ। ਕੀ ਆਪਸ ਵਿਚ ਲੜਨਾ ਅਤੇ ਸਿੱਖਾਂ ਨੂੰ ਲੜਾਉਣਾ ਮਹਾਂ ਪਾਪ ਨਹੀਂ? ਜੇ ਆਪਸ ਵਿਚ ਲੜਨਾ ਅਤੇ ਸਿੱਖਾਂ ਨੂੰ ਲੜਾਉਣਾ ਪਾਪ ਨਹੀਂ ਤਾਂ ਫਿਰ ਹੋਰ ਕਿਹੜਾ ਕੰਮ ਪਾਪ ਹੈ?
ਅੱਜ ਸਿੱਖ ਪੰਥ ਨੂੰ ਲੋੜ ਹੈ ਕਿ ਗੁਰਦੁਆਰਾ ਪ੍ਰਬੰਧ ਲਈ ਚੋਣਾਂ ਦੀ ਥਾਂ ਤੇ ਸਰਬ ਸੰਮਤੀ ਕੀਤੀ ਜਾਵੇ। ਚੋਣਾਂ ਕਾਰਨ ਸਿੱਖ ਪੰਥ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਆਪਸੀ ਵਿਰੋਧ ਵੱਧ ਰਿਹਾ ਹੈ, ਜਿਸ ਕਾਰਨ ਸੰਗਤ ਦੀ ਸ਼ਰਧਾ ਦਿਨੋ ਦਿਨ ਘੱਟ ਕੇ ਪੰਥ ਘਟ ਰਿਹਾ ਹੈ। ਦਿਲੀ ਵਿਚ ਗੁਰਦੁਆਰਾ ਚੋਣਾ ਸ਼ੁਰੂ ਹੋ ਚੁਕੀਆਂ ਹਨ, ਕੀ ਇਹ ਚੋਣਾ ਜਿਤਣ ਵਾਲਾ ਧੜਾ ਹੀ ਸਚੇ ਸੇਵਾਦਾਰ ਹੋਣਗੇ? ਹਾਰੇ ਹੋਏ ਧੜੇ ਦੇ ਸਿਖਾਂ ਨੂੰ ਜੇਤੂ ਧੜਾ ਕੀ ਵਤੀਰਾ ਕਰੇਗਾ? ਕੀ ਗੁਰਦੁਆਰਾ ਚੋਣਾ ਲੜਨਾ ਗੁਰਮਤ ਅਨੁਸਾਰ ਹਨ? ਜੇਹੜੇ ਸਜਣ ਚੋਣਾਂ ਜਿਤਕੇ ਗੁਰਮਤ ਦੀ ਨਿਯਮਾਵਲੀ ਬਣਾਉਣਗੇ, ਮੈ  ਉਨਾ ਸਜਨਾ ਨੂੰ ਨਿਮਰਤਾ ਸਹਿਤ ਪੁਛਦਾ ਹਾਂ: ਕੀ ਆਪਸ ਵਿਚ ਲੜਨਾ ਗੁਰਮਤ ਹੈ?
ਜੇ ਗੁਰਦੁਆਰਿਆਂ ਦੀ ਸੇਵਾ ਕਰਨੀ ਹੈ ਤਾਂ ਨਿਰਲਾਲਚ ਹੋਕੇ, ਸਹਿਮਤ ਹੋਕੇ ਕਰੀਏ, ਜਿਸ ਸੇਵਾ ਨਾਲ ਪੰਥ ਵਿੱਚ ਵਾਧਾ ਹੋਵੇ। ਗੁਰਦੁਆਰਿਆਂ ਦੀ ਸੇਵਾ ਕਰਨ ਲਈ ਚੋਣਾਂ ਲੜਨ ਦੀ ਕੀ ਲੋੜ ਹੈ? ਜੇ ਕਿਸੇ ਸਮੇਂ, ਕਿਸੇ ਕਾਰਨ ਗੁਰਦੁਆਰਾ ਪ੍ਰਬੰਧ ਲਈ ਚੋਣਾਂ ਕਰਨ ਵਾਸਤੇ ਭਾਰਤੀ ਸੰਵਿਧਾਨ ਵਿੱਚ ਲਿਖਿਆ ਜਾ ਚੁੱਕਿਆ ਹੈ ਤਾਂ ਇਸਦਾ ਇਹ ਅਰਥ ਨਹੀਂ ਕਿ ਅਸੀਂ ਆਪਸ ਵਿੱਚ ਇੱਕਠੇ ਹੋਕੇ ਸਰਬ ਸੰਮਤੀ ਨਹੀਂ ਕਰ ਸਕਦੇ। ਸੰਵਿਧਾਨ ਜਾਂ ਸਰਕਾਰ ਸਾਨੂੰ ਮਜਬੂਰ ਨਹੀਂ ਕਰ ਸਕਦੀ ਕਿ ਤੁਸੀਂ ਜ਼ਰੂਰ ਹੀ ਚੋਣਾਂ ਲੜੋ। ਸਰਬ ਸੰਮਤੀ ਕਰਨ ਨਾਲ ਤਾਂ ਸਰਕਾਰ ਪ੍ਰਸੰਨ ਹੋਵੇਗੀ, ਸੰਗਤ ਵੀ ਪ੍ਰਸੰਨ ਹੋਵੇਗੀ। ਸਰਕਾਰ ਦੀ ਖਪਾਈ ਅਤੇ ਪੈਸਾ ਬਚੇਗਾ।
ਗੁਰਦੁਆਰਾ ਚੋਣਾਂ ਵਿੱਚ ਗੁਰਬਾਣੀ ਵਿੱਚ ਦਿੱਤੇ ਹੁਕਮਾਂ ਉਲਟ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ। ਉਨ੍ਹਾਂ ਗੁਰੂ ਕੇ ਹੁਕਮਾਂ ਵਿੱਰੁਧ ਚੱਲਣਾ ਪਾਪ ਹੈ, ਜਿਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਹਨ:-
ਪਾਪ ਨੰਬਰ 1.- ਵਿਚਾਰ ਰਹਿਤ ਹੋਣਾ: ਗੁਰਬਾਣੀ ਵਿੱਚ ਲਿਖਿਆ ਹੈ ਵਿਚਾਰਵਾਨ ਬਣੋ: “ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ।” (ਅੰਗ: 1325) ਪਰ, ਆਪਾਂ ਜਦੋਂ ਗੁਰਦੁਆਰਾ ਚੋਣਾਂ ਵਿੱਚ ਲੜਦੇ ਹਾਂ ਉਦੋਂ ਆਪਾਂ ਵਿਚਾਰ ਰਹਿਤ ਹੋ ਜਾਂਦੇ ਹਾਂ। ਕੀ ਆਪਾਂ ਗੁਰੂ ਦਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ! 
ਪਾਪ ਨੰਬਰ 2.- ਆਪਸ ਵਿੱਚ ਲੜਨਾ- ਗੁਰਬਾਣੀ ਵਿੱਚ ਲਿਖਿਆ ਹੈ: “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥” (ਅੰਗ:- 1185) ਉੱਥੇ ਤਾਂ ਇੱਕਠੇ ਹੋਣ ਦਾ ਹੁਕਮ ਹੈ, ਪਰ ਆਪਾਂ ਲੜ ਕੇ ਵੱਖਰੇ ਹੋ ਜਾਂਦੇ ਹਾਂ। ਮੁੱਖ ਗੱਲ ਤਾਂ ਇਹ ਹੈ ਕਿ ਸਿੱਖ ਹੀ ਸਿੱਖਾਂ ਨਾਲ ਲੜਦੇ ਹਨ। ਕੀ ਆਪਾਂ ਗੁਰੂ ਦਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ 3.- ਧੜਾ ਬਣਾਉਣਾ- ਗੁਰਬਾਣੀ ਵਿੱਚ ਤਾਂ ਲਿਖਿਆ ਹੈ: “ਝੂਠੁ ਧੜੇ ਕਰਿ ਪਛੋਤਾਹਿ” (ਅੰਗ:-366) ਆਪਾਂ ਗੁਰਦੁਆਰਾ ਚੋਣਾਂ ਲੜਨ ਵੇਲੇ ਧੜੇ ਬਣਾਉਂਦੇ ਹਾਂ। ਸਤਿਗੁਰੂ ਦਾ ਧੜਾ ਧਰਮ ਦਾ ਧੜਾ ਹੈ, ਪ੍ਰਭੂ ਦਾ ਧੜਾ ਹੈ। ਆਪਾਂ ਕਿੰਨੇ ਹੀ ਤਰ੍ਹਾਂ ਦੇ ਧੜੇ ਬਣਾਉਂਦੇ ਹਾਂ ਸੋਚਨ ਦੀ ਲੋੜ ਹੈ। ਕੀ ਗੁਰੂ ਕਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ!  
ਪਾਪ ਨੰਬਰ 4.- ਲਾਲਚ ਕਰਨਾ- ਗੁਰਬਾਣੀ ਵਿੱਚ ਲਿਖਿਆ ਹੈ: “ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ॥” (ਅੰਗ:-419) ਗੁਰਦੁਆਰਾ ਚੋਣਾਂ ਵਿੱਚ ਆਪਾਂ ਲਾਲਚ ਕਰਦੇ ਹਾਂ, ਭਾਂਵੇ ਉਹ ਪਦਵੀਆਂ ਦਾ ਲਾਲਚ ਹੋਵੇ ਜਾਂ ਮਾਇਆ ਦਾ। ਕੀ ਗੁਰੂ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ 5.- ਵੈਰ-ਵਿਰੋਧ ਕਰਨਾ- ਗੁਰਬਾਣੀ ਵਿੱਚ ਤਾਂ ਲਿਖਿਆ ਹੈ: “ਗੁਰਮੁਖਿ ਵੈਰ ਵਿਰੋਧ ਗਵਾਵੈ॥” (ਅੰਗ:- 942) ਆਪਾਂ ਚੋਣਾਂ ਵਿਚ ਇੱਕ ਦੂਸਰੇ ਨਾਲ ਪ੍ਰੇਮ ਵਧਾਉਂਦੇ ਹਾਂ ਜਾਂ ਵੈਰ ਵਧਾਉਂਦੇ ਹਾਂ? ਇਹ ਸਾਨੂੰ ਆਪ ਸੋਚਣ ਦੀ ਲੋੜ ਹੈ! ਕੀ ਗੁਰੂ ਕਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ 6.- ਕਿਸੇ ਦੇ ਔਗੁਣ ਵੇਖਨੇ- ਗੁਰਬਾਣੀ ਵਿੱਚ ਲਿਖਿਆ ਹੈ: “ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥” (ਅੰਗ:-1364) ਅਤੇ “ਪਰਾਇਆ ਛਿਦ੍ਰ ਅਟਕਲੈ ਆਪਣਾ ਅਹੰਕਾਰੁ ਵਧਾਵੈ” (ਅੰਗ-366) ਚੋਣਾਂ ਵਿੱਚ ਆਪਾਂ ਦੂਜਿਆਂ ਦੇ ਔਗੁਣ ਵੇਖਦੇ ਹਾਂ, ਲੱਭਦੇ ਹਾਂ ਅਤੇ ਨਵੇਂ ਔਗੁਣ ਕੋਲੋਂ ਹੀ ਘੜਦੇ ਹਾਂ। ਕੀ ਗੁਰੂ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ 7.- ਨਿੰਦਿਆ ਕਰਨੀ - ਗੁਰਬਾਣੀ ਵਿੱਚ ਲਿਖਿਆ ਹੈ: “ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ॥” (ਅੰਗ:-755) ਗੁਰਦੁਆਰਾ ਚੋਣਾਂ ਵਿੱਚ ਆਪਾਂ ਇੱਕ ਦੂਜੇ ਦੀ ਨਿੰਦਿਆ ਕਰਨ ਤੋਂ ਹਟਦੇ ਹੀ ਨਹੀਂ, ਹਰ ਸਮੇਂ ਨਿੰਦਿਆ ਕਰੀ ਜਾਂਦੇ ਹਾਂ। ਸੋਚਣ ਦੀ ਲੋੜ ਹੈ ਕਿ ਆਪਾਂ ਆਪਣੇ ਗੁਰੂ ਦਾ ਹੁਕਮ ਕਿੰਨਾ ਕੁ ਮੰਨ ਰਹੇ ਹਾਂ। ਕੀ ਗੁਰੂ ਕਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ! 
ਪਾਪ ਨੰਬਰ 8.- ਹੰਕਾਰ ਕਰਣਾ- ਗੁਰਬਾਣੀ ਵਿੱਚ ਆਦੇਸ਼ ਲਿਖਿਆ ਹੈ: “ਗੁਰਮੁਖਿ ਅਹੰਕਾਰੁ ਜਲਾਏ ਦੋਈ॥” (ਅੰਗ:-230) ਆਪਾਂ ਆਪਣੇ ਆਪ ਨੂੰ ਗੁਰਮੁੱਖ ਸਮਝਦੇ ਹਾਂ ’ਤੇ ਗੁਰਦੁਆਰਾ ਚੋਣਾਂ ਵਿੱਚ ਆਪਾਂ ਹੰਕਾਰ ਕਰਦੇ ਹਾਂ। ਕੀ ਆਪਾਂ ਗੁਰੂ ਕਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ!  
ਪਾਪ ਨੰਬਰ 9.- ਚੁਗਲੀ ਕਰਣੀ- ਗੁਰਬਾਣੀ ਵਿੱਚ ਤਾਂ ਲਿਖਿਆ ਹੈ: “ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ॥” (ਅੰਗ:-308) ਗੁਰਦੁਆਰਾ ਚੋਣਾਂ ਵਿੱਚ ਆਪਾਂ ਕਿੰਨੀ ਚੁਗਲੀ ਕਰਕੇ ਸਿਖਾਂ ਨੂੰ ਅਪਸ ਵਿਚ ਲੜਾਉਂਦੇ ਹਾਂ, ਆਪ ਸੋਚਣ ਦੀ ਲੋੜ ਹੈ। ਕੀ ਗੁਰੁ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ? ਸੋਚੋ!  
ਪਾਪ ਨੰਬਰ 10.- ਸ਼ਰਾਬ ਪੀਣੀ-ਪਿਲਾਉਣੀ- ਗੁਰਬਾਣੀ ਵਿੱਚ ਸ਼ਰਾਬ ਵਿਰੁੱਧ ਸਖ਼ਤ ਆਦੇਸ਼ ਹੈ, ਉੱਥੇ ਤਾਂ ਲਿਖਿਆ ਹੈ: “ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥” (ਅੰਗ:-554) ਆਪਾਂ ਸਾਰੇ ਜਾਣਦੇ ਹਾਂ ਵੋਟਾਂ ਲੈਣ ਵਾਸਤੇ ਚੋਣਾਂ ਵਿੱਚ ਸ਼ਰਾਬ ਪੀਤੀ ਅਤੇ ਪਿਲਾਈ ਜਾਂਦੀ ਹੈ। ਸਾਰਿਆਂ ਸਿੱਖਾਂ ਨੂੰ ਸੋਚਣ ਦੀ ਲੋੜ ਹੈ ਕਿ ਸ਼ਰਾਬ ਪਿਆ ਕੇ ਚੋਣਾ ਲੜਨੀਆਂ/ਜਿਤਣੀਆਂ ਠੀਕ ਹੈ ਜਾਂ ਗਲਤ? ਕੀ ਗੁਰੁ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ?  
ਪਾਪ ਨੰਬਰ 11.- ਝੂਠ ਬੋਲਣਾ- ਚੋਣਾਂ ਜਿੱਤਣ ਲਈ ਆਪਾਂ ਵੱਡੇ ਤੋਂ ਵੱਡੇ ਝੂਠ ਬੋਲਦੇ ਹਾਂ। ਗੁਰਬਾਣੀ ਵਿੱਚ ਸਖਤ ਆਦੇਸ਼ ਹੈ, ਉਥੇ ਲਿਖਿਆ ਹੈ: “ਬੋਲਹਿ ਸਾਚੁ, ਮਿਥਿਆ ਨਹੀ ਰਾਈ॥” (ਅੰਗ:-227) ਕੀ ਆਪਾਂ ਗੁਰੂ ਦਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ!  
ਜੇ ਆਪਾਂ, ਉਪਰੋਕਤ ਸਾਰੇ ਪਾਪ ਕਰਦੇ ਹਾਂ, ਗੁਰਬਾਣੀ ਦੇ ਉਲਟ ਚੱਲਦੇ ਹਾਂ ਤਾਂ ਆਪਾਂ ਕੈਸੇ ਸਿੱਖ ਹਾਂ? ਸੋਚਣ ਦੀ ਲੋੜ ਹੈ: ਜੇ ਆਪਾਂ ਆਪਣੇ ਗੁਰੂ ਦਾ ਹੁਕਮ ਉਲਟਾਵਾਂਗੇ ਤਾਂ ਸਾਨੂੰ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ ਜਾਂ ਨਰਾਜ਼ਗੀ ਮਿਲੇਗੀ? ਆਪ ਸੋਚੋ
     ਸਾਰੇ ਸਿੱਖਾਂ ਨੂੰ ਬੇਨਤੀ ਹੈ ਕਿ ਆਪਸ ਵਿੱਚ ਮਿਲਕੇ, ਸਰਬ ਸੰਮਤੀ, ਕਰਕੇ ਗੁਰਦੁਆਰਿਆਂ ਦਾ ਪ੍ਰਬੰਧ ਕਰ ਲਈਏ। ਜਿਤਨਾ ਸਮਾਂ, ਸ਼ਕਤੀ ਅਤੇ ਪੈਸਾ ਆਪਾਂ ਗੁਰਦੁਆਰਿਆ ਦੀਆਂ ਪਦਵੀਆਂ ਖੋਹਣ ਅਤੇ ਪਦਵੀਆਂ ਬਚਾਉਣ ਵਾਸਤੇ ਲਾਉਂਦੇ ਹਾਂ, ਫਿਰ ਕਈ ਸਾਲ ਅਗਲੀਆਂ ਚੋਣਾ ਜਿਤਣ ਵਾਸਤੇ ਤਿਆਰੀ ਕਰਨ ਉਤੇ ਲਾਉਂਦੇ ਹਾਂ, ਦੂਜੇ ਧੜੇ ਨੂੰ ਕਮਜ਼ੋਰ ਕਰਨ ਉਤੇ ਲਾਉਂਦੇ ਹਾਂ, ਹਰ ਸਮੇਂ ਕਿਸੇ ਦਾ ਬੁਰਾ ਹੀ ਸੋਚਦੇ ਰਹਿੰਦੇ ਹਾਂ, ਕੀ ਇਹੋ ਸਮਾਂ, ਸ਼ਕਤੀ, ਅਤੇ ਪੈਸਾ ਪੰਥ ਦੇ ਪਰਚਾਰ ਵਾਸਤੇ ਨਹੀਂ ਲਗ ਸਕਦਾ, ਆਪ ਸੋਚੋ. ਗੁਰੂੁ ਕੀ ਗੋਲਕ ਵਿਚ ਆਈ ਸੰਗਤ ਦੀ ਖੂਨ ਪਸੀਨੇ ਦੀ ਕਮਾਈ ਨੂੰ ਪੰਥ ਪਾੜਨ ਵਾਸਤੇ ਲੌਂਦੇ ਹਾਂ, ਕੀ ਇਸ ਨਾਲ ਸਿਖ ਪੰਥ ਵਧਦਾ ਹੈ ਜਾਂ ਘਟਦਾ ਹੈ? ਕੀ ਸੰਗਤ ਗੁਰਦੁਆਰਿਆਂ ਵਿਚ ਚੋਣਾਂ ਲੜਨ ਲਈ ਮਾਇਆ ਦਿੰਦੀ ਹੈ। 
              ਜੇ ਅਸੀਂ ਚੋਣਾਂ ਦੀ ਥਾਂ ਸਰਬ ਸੰਮਤੀ ਕਰੀਏ ਇਸ ਨਾਲ ਸਾਡੀ ਸੋਭਾ ਅਤੇ ਸਿੱਖ ਪੰਥ ਦਾ ਵੀ ਭਲਾ ਹੋਵੇਗਾ। ਸਿੱਖ ਪੰਥ ਟੁੱਟਣਂੋ ਬਚ ਜਾਵੇਗਾ ਅਤੇ ਪੰਥ ਦੀ ਚੜ੍ਹਦੀ ਕਲਾ ਹੋਵੇਗੀ। ਗੁਰੂ ਕੀਆਂ ਖੁਸ਼ੀਆਂ ਮਿਲਣਗੀਆਂ! ਜੇ ਗੁਰੂ ਕਾ ਬਚਨ ਮੰਨ ਕੇ ਇਕਠੇ ਨਹੀਂ ਹੁੰਦੇ ਤਾਂ ਅਸਾਡਾ ਜਪ, ਤਪ, ਸੇਵਾ ਕਿਤੇ ਲੇਖੇ ਵਿਚ ਨਹੀ. “ਜਪੁ ਤਪੁ ਸੰਜਮ ਹੋਰ ਕੋਈ ਨਾਹੀ.  ਜਬ ਲਗੁ ਗੁਰੁ ਕਾ ਸਬਦੁ ਨ ਕਮਾਹੀ”. (ਅੰਗ 1060) ਅਤੇ “ਹੁਕਮ ਮੰਨਿਐ ਹੋਵੈ ਪਰਵਾਣ ਤ ਖਸਮੈ ਕਾ ਮਹਲਿ ਪਾਇਸੀ”.
ਕੀ ਚੋਣਾਂ ਲੜਨੀਆਂ ਗੁਰਦੁੁਆਰਿਆਂ ਦੀ ਸੇਵਾ ਵਾਸਤੇ ਹਨ ਜਾਂ ਗੁਰਦੁਆਰਿਆਂ ਨੂੰ ਵਰਤਣ ਵਾਸਤੇ? ਕੀ ਅਸਾਡੇ ਆਗੂ, ਸੰਗਤ ਨੂੰ ਗੁਰਦੁੁਆਰਿਆਂ ਦੀ ਸੇਵਾ ਦੇ ਨਾਮ ਉਤੇ ਲੜਾਉਂਦੇ ਨਹੀਂ, ਉਜਾੜਦੇ, ਪਾੜਦੇ, ਨਹੀਂ?
   ਜ਼ਰਾ ਧਿਆਨ ਨਾਲ ਸੋਚੋ: ਜੋੋ ਸੱਜਣ ਚੋਣਾਂ ਜਿੱਤਣ ਲਈ ਐਨੇ ਜ਼ੋਰ ਨਾਲ ਆਪਣੀ ਵਡਿਆਈ ਅਤੇ ਦੂਜਿਆਂ ਦੀ ਬੁਰਿਆਈ ਕਰਦੇ ਹਨ, ਘਰੋ ਘਰ ਜਾਕੇ ਵੋਟਾਂ ਮੰਗਦੇ ਹਨ, ਕੀ ਇਨਾ ਸੱਜਣਾਂ ਨੇ ਕਦੀ ਸੰਗਤ ਨੂੰ ਇਨੇ ਹੀ ਜ਼ੋੋਰ ਨਾਲ ਗਰੀਬ ਸਿਖ ਭਰਾਵਾਂ ਦੀ ਸਹਾਇਤਾ ਲਈ ਘਰੋ ਘਰ ਜਾ ਕੇ ਪ੍ਰੇਰਿਆ?
ਬਾਬੇ ਬੰਦੇ ਬਹਾਦਰ ਵੇਲੇ ਆਪਾਂ, ਆਪਸ ਵਿਚ ਸਹਿਮਤ ਨ ਹੋਣ ਕਰਕੇੇ ਆਪਸ ਵਿਚ ਲੜਕੇ ਰਾਜ ਗਵਾਇਆ, ਮਹਾਰਾਜਾ ਰਨਜੀਤ ਸਿੰਘ ਵੇਲੇ ਵੀ ਸਹਿਮਤ ਨ ਹੋਣ ਕਰਕੇੇ ਆਪਸ ਵਿਚ ਲੜਕੇ ਅਸੀਂ ਰਾਜ ਗਵਾਇਆ.ਹੁਣ ਆਪਾਂ ਕੀ ਕਰਨਾ ਚਾਹੁੰਦੇ ਹਾਂ!
ਇਸ ਕਰਕੇ ਸਿਖ ਵੀਰੋ ਚੋਣਾਂ ਲੜਨ ਦੀ ਥਾਂ ਸਰਬ ਸੰਮਤੀ ਕਰੋ, ਸਹਿਮਤ ਹੋੋਕੇ ਗੁਰਮਤਾ ਕਰੋ. ਜੇ ਆਪਾਂ ਗੁਰਦੁਆਰਿਆਂ ਦੀ ਸੇਵਾ ਲ਼ਈ ਸਹਿਮਤ ਨਹੀਂ ਹੋ ਸਕਦੇ ਤਾਂ ਆਪਾਂ ਹੋਰ ਕਿਸ ਗਲ ਵਾਸਤੇ ਸਹਿਮਤ ਹੋਵਾਂਗੇ? ਸਹਿਮਤ ਹੋਏ ਬਿਨਾ ਪੰਥ ਕਿਵੇਂ ਵਧੇਗਾ? ਵੀਚਾਰੋ!

ਇਸ ਲਿਖਤ ਬਾਰੇ ਤੁਸੀਂ ਆਪਣੀ ਰਾਏ ਇਸ ਨੰਬਰ ਉੱਤੇ ਵੀ ਭੇਜ ਸਕਦੇ ਹੋ -
ਨਵਤੇਜ ਸਿੰਘ (ਸਕੱਤਰ) 9815387767

Sunday, November 06, 2016

ਮਾਮਲਾ ਨਵੰਬਰ 84 ਦਾ--ਨਿਆਂ ਕਿਤਿਓਂ ਵੀ ਨਹੀ ਮਿਲਿਆ

Sun, Nov 6, 2016 at 4:18 PM
ਸਿੱਖ ਕੌਮ ਨਾਲ ਨਾਇੰਸਾਫੀ ਆਖਿਰ ਕਦੋਂ ਤਕ--ਗੁਰਮੀਤ ਸਿੰਘ ਬੋਬੀ 
                                                                                                                                           Courtesy Image
ਨਵੀਂ ਦਿੱਲੀ: 6 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): 
ਅਮਨ ਕਾਨੂੰਨ ਬਣਾਈ ਰੱਖਣ ਤੋ ਲੈ ਕੇ ਦੇਸ਼ ਦੇ ਸਿਸਟਮ ਨੂੰ ਚਲਾਉਣ ਦੀ ਜਿੰਮੇਵਾਰੀ ਲਈ ਵੱਖ ਵੱਖ ਸਰਕਾਰੀ ਮਹਿਕਮੇ ਹੁੰਦੇ ਹਨ ਜਿਨ੍ਹਾਂ ਦਾ ਮਕਸਦ ਦੇਸ਼ ਦੇ ਨਾਗਰਿਕਾਂ ਦੀ ਸੇਵਾ ਕਰਨਾ ਹੁੰਦਾ ਹੈ, ਪਰ 1984 ਵਿਚ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿਚ ਕੋਈ ਵੀ ਸਰਕਾਰੀ ਮਹਿਕਮਾ ਜਾਂ ਸਮੇਂ ਦੀ ਸਰਕਾਰ ਸਿੱਖਾਂ ਨੂੰ ਬਣਦਾ ਇੰਸ਼ਾਫ ਦੇਣ ਵਿਚ ਸਫਲ ਨਹੀ ਹੋ ਸਕੀ ਹੈ। ਸਭ ਤੋਂ ਦੁਖਦ ਪਹਿਲੂ ਇਹ ਹੈ ਕਿ ਅਜ 32 ਸਾਲ ਬੀਤ ਜਾਣ ਦੇ ਬਾਵਜੂਦ ਸਿੱਖ ਕੌਮ ਦੇ ਤਪ ਰਹੇ ਹਿਰਦੇਆਂ ਵਿਚ ਬਾਰ ਬਾਰ ਲੂਣ ਤਾਂ ਛਿੜਕਿਆ ਗਿਆ ਹੈ ਪਰ ਇਸ ਲਈ ਮਲ੍ਹਮ ਲਗਾਓਣ ਦਾ ਕੋਈ ਵੀ ਹੀਲਾ ਨਹੀ ਵਰਤਿਆ ਗਿਆ ਹੈ। ਉਪਰੋਕਤ ਗਲ ਕਰਦਿਆਂ ਅਖੰਡ ਕੀਰਤਨੀ ਜੱਥਾ ਦਿੱਲੀ ਦੇ ਆਗੂ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਇਕਾਈ ਦੇ ਕਨਵੀਵਰ ਗੁਰਮੀਤ ਸਿੰਘ ਬੌਬੀ ਨੇ ਤਲਖ ਲਹਿਜੇ ਵਿਚ ਕਿਹਾ ਕਿ ਦਿੱਲੀ ਵਿਚ ਹੋਏ ਕਤਲੇਆਮ ਵਿਚ ਜਦੋਂ ਕੋਈ ਇਕਾ ਦੁਕਾ ਸਿੱਖ ਹਮਲਾਵਰਾ ਦਾ ਮੁਕਾਬਲਾ ਕਰਨ ਲਈ ਹਥਿਆਰ ਲੈਕੇ ਨਿਤਰਦਾ ਸੀ ਤਦ ਸਮੇਂ ਦੀ ਜਾਬਰ ਪੁਲਿਸ ਨੇ ਕਿਸ ਤਰ੍ਹਾਂ ਉਨ੍ਹਾਂ ਕੋਲੋ ਹਥਿਆਰ ਲੈ ਕੇ ਉਨ੍ਹਾਂ ਨੂੰ ਭੀੜ ਦੇ ਹਵਾਲੇ ਕੀਤਾ ਸੀ, ਕਿਸ ਤਰ੍ਹਾਂ ਸਾਡੀਆਂ ਭੈਣਾ, ਮਾਤਾਵਾਂ ਨੂੰ ਬੇਪੱਤ ਕੀਤਾ ਸੀ, ਕਿਸ ਤਰ੍ਹਾਂ ਸਾਡੇ ਵੀਰਾਂ ਨੂੰ ਜੀਉਦੇਂ ਜੀਅ ਗਲਾਂ ਵਿਚ ਟਾਇਰ ਪਾ ਕੇ ਸਾੜਿਆ ਸੀ। ਸਿਰਫ ਤਿੰਨ ਦਿਨਾਂ ਵਿਚ ਹੀ 3000 ਤੋ ਵੱਧ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਅਰਬਾਂ ਰੁਪਏ ਦੀ ਉਨ੍ਹਾਂ ਦੀ ਜਾਇਦਾਦ ਲੁਟ ਲਈ ਅਤੇ ਅੱਗ ਦੇ ਹਵਾਲੇ ਕਰ ਦਿਤੀ ਗਈ। ਹੁਣ ਤਕ ਕਿਤਨੇ ਹੀ ਕਮਿਸ਼ਨ ਬਣੇ ਪਰ ਨਿਆਂ ਕਿਤਿਓਂ ਵੀ ਨਹੀ ਮਿਲਿਆ ਤੇ 32 ਸਾਲ ਬੀਤਣ ਤੇ ਇਸਦੀ ਉਮੀਦ ਬਿਲਕੁਲ ਨਾ ਦੇ ਬਰਾਬਰ ਰਹਿ ਗਈ ਹੈ। 
ਭਾਈ ਬੋਬੀ ਨੇ ਇਕ ਘਟਨਾ ਦਾ ਜਿਕਰ ਕਰਦਿਆਂ ਕਿਹਾ ਕਿ ਪੱਤਰਕਾਰ ਸੁਦੀਪ ਮਜੁਮਦਾਰ ਅਨੁਸਾਰ 5 ਨਵੰਬਰ9184  ਨੂੰ ਪੁਲਿਸ ਕਮਿਸ਼ਨਰ ਐਸ ਸੀ ਟੰਡਨ ਅਪਣੇ ਕਮਰੇ ਵਿਚ ਕੂਝ ਪਤਰਕਾਰਾਂ ਨਾਲ ਸ਼ਹਿਰ ਦੇ ਹਾਲਾਤਾਂ ਬਾਰੇ ਗਲਬਾਤ ਕਰ ਰਹੇ ਸਨ ਜਿਸ ਵਿਚ ਇਕ ਪਤਰਕਾਰ ਨੇ ਕਿਹਾ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕਾਂਗਰਸ ਦੇ ਲੋਕਲ ਸੰਸਦ ਮੈਬਰ ਅਤੇ ਕੂਝ ਕਾਗਰਸੀ, ਦੰਗੇ ਫਸਾਦਾਂ ਵਿਚ ਫੜੇ ਗਏ ਅਪਣੇ ਬੰਦਿਆਂ ਨੂੰ ਛੁੜਾਉਣ ਦੀ ਕੋਸ਼ੀਸ਼ ਕਰ ਰਹੇ ਹਨ। ਇਸ ਦੇ ਜੁਆਬ ਵਿਚ ਟੰਡਨ ਕਹਿਣ ਲਗਾ: ਇਹ ਦੋਸ਼ ਬਿਲਕੁਲ ਗਲਤ ਹਨ। ਜਦੋਂ ਇਹ ਅਖਰ ਹਾਲੇ ਟੰਡਨ ਆਖ ਹੀ ਰਿਹਾ ਸੀ ਠੀਕ ਉਸੇ ਸਮੇਂ ਜਗਦੀਸ਼ ਟਾਈਟਲਰ ਅਪਣੇ ਤਿੰਨ ਹੋਰ ਸਾਥੀਆਂ ਦੇ ਨਾਲ ਉਸ ਦੇ ਕਮਰੇ ਵਿਚ ਜਬਰਦਸਤੀ ਵੜ ਆਇਆ ਤੇ ਉੱਚੀ ਆਵਾਜ ਵਿਚ ਬੋਲਿਆ *ਯੇ ਕਿਆ ਹੈ ਮਿਸਟਰ ਟੰਡਨ ! ਵੋਹ ਕਾਮ ਅਭੀ ਤਕ ਨਹੀ ਹੁਆ ਜੋ ਹਮਨੇ ਤੁਮਹੇ ਕਰਨੇ ਕੇ ਲਿਏ ਕਹਾ ਥਾ* ਇਸ ਤੇ ਟੰਡਨ ਟੰਡਨ ਪਤਰਕਾਰਾਂ ਸਾਹਮਣੇ ਸ਼ਰਮਿੰਦਾ ਹੋਇਆ ਪਰ ਟਾਈਟਲਰ ਉਚੀ ਆਵਾਜ ਵਿਚ ਚੀਕਦਾ ਰਿਹਾ ਜਿਸ ਤੋਂ ਇਕ ਪਤਰਕਾਰ ਟੰਡਨ ਨੂੰ ਮੁਖਾਤਬਿਕ ਹੋ ਕੇ ਬੋਲ ਪਿਆ ਕਿ ਚਿਲਾਨੇ ਵਾਲੇ ਆਦਮੀ ਸੇ ਕਹੋ ਕਿ ਯਹਾਂ ਬਹੁਤ ਜਰੂਰੀ ਪ੍ਰੈਸ ਕਾਨਫਰੰਸ ਚਲ ਰਹੀ ਹੈ ਅੋਰ ਵੋਹ ਬਾਹਰ ਬੈਠੇ । ਇਸ ਤੇ ਟਾਈਟਲਰ ਭੜਕ ਕੇ ਬੋਲਿਆ ਕਿ ਮੇਰੀ ਬਾਤ ਜਿਆਦਾ ਜਰੂਰੀ ਹੈ ਤੇ ਟੰਡਨ ਨੂੰ ਕਹਿਣ ਲਗਾ ਮੇਰੇ ਆਦਮੀਓ ਕੋ ਯਹਾਂ ਰੋਕ ਕਰ ਤੁਮ "ਸਹਾਇਤਾ ਕਾਰਯ" ਮੇ ਬਾਧਾ ਡਾਲ ਰਹੇ ਹੋ। ਇਤਨੇ ਸਬੂਤ ਹੋਣ ਦੇ ਬਾਵਜੂਦ ਵੀ ਕਿਸੇ ਇਕ ਨੂੰ ਸਜਾ ਨਾ ਮਿਲਣਾ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਣਾ ਹੈ। 
ਉਨ੍ਹਾਂ ਕਿਹਾ ਕਿ ਕਾਗਰਸ ਸਰਕਾਰ ਅਜ ਵੀ ਅਪਣੇ ਲੀਡਰਾਂ ਨੂੰ ਬਚਾਉਣ ਲਈ ਵੱਡੇ ਤੋ ਵੱਡਾ ਵਕੀਲ ਕਰ ਰਹੀ ਹੈ ਤੇ ਹਰ ਹੀਲਾ ਵਰਤ ਕੇ ਉਨ੍ਹਾਂ ਨੂੰ ਸਜਾ ਹੋਣ ਤੋ ਬਚਾਣ ਦਾ ਯਤਨ ਕਰ ਰਹੀ ਹੈ ਜਿਸਦੀ ਮਿਸਾਲ ਦੋ ਦਿਨ ਪਹਿਲਾਂ ਹੀ ਸੱਜਣ ਕੁਮਾਰ ਦੀ ਜੱਜ ਬਦਲਣ ਦੀ ਅਪੀਲ ਖਾਰਿਜ ਹੋਣ ਦਾ ਕਿਹਾ।
ਅੰਤ ਵਿਚ ਉਨ੍ਹਾਂ ਕਿਹਾ ਅਸੀ ਸਮੇਂ ਦੀ ਭਾਜਪਾ ਸਰਕਾਰ ਨੂੰ ਘੇਰਦਿਆਂ ਹੋਇਆ ਕਿਹਾ ਕਿ ਤੁਸੀ ਚੋਣਾਂ ਸਮੇਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਅਸੀ 84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾ ਦੇਣ ਵਿਚ ਹਰ ਹੀਲਾ ਵਰਤਾਂਗੇ ਪਰ ਤੁਹਾਡੀ ਸਰਕਾਰ ਦਾ ਚਾਰ ਸਾਲ ਦਾ ਕਾਰਜਕਾਲ ਬੀਤ ਜਾਣ ਦੇ ਬਾਵਜੂਦ ਅਜ ਵੀ ਦੋਸ਼ੀ ਸਰੇਆਮ ਘੁੰਮ ਰਹੇ ਹਨ ਤੇ ਸਿੱਖ ਹਿਰਦੇਆਂ ਵਿਚ ਜੋ ਅੱਗ ਬਲ ਰਹੀ ਸੀ ਹੁਣ ਭਾਂਬਣ ਬਣ ਚੁੱਕੀ ਹੈ ਤੇ ਕਿਥੇ ਇਹ ਨਾ ਹੋ ਜਾਵੇ ਕਿ ਇੰਸਾਫ ਮਿਲਣ ਦੀ ਹੋ ਰਹੀ ਸਰਕਾਰੀ ਡਰਾਮੇਬਾਜੀ ਤੋ ਉਚਾਟ ਹੋ ਕੇ ਨੋਜੁਆਨ ਆਪ ਹੀ ਇੰਸਾਫ ਲੈ ਲੈਣ।