Thu, Feb 23, 2017 at 6:15 PM
ਸਿੱਖ ਸੰਗਤ ਲਈ ਪੂਰੀ ਦਿੱਲੀ `ਚ ਖਾਲਸਾ ਡਿਸਪੈਂਸਰੀਆਂ
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਮੁਫਤ ਯਾਤਰਾ: ਸਿਰਸਾ
ਨਵੀਂ ਦਿੱਲੀ: 23 ਫਰਵਰੀ 2017: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):
ਸਿੱਖ ਸੰਗਤ ਨੂੰ ਬੁਨਿਆਦੀ ਸਿਹਤ ਸਹੂਲਤਾਂ ਦੇਣ ਲਈ ਪੂਰੀ ਦਿੱਲੀ ਦੇ ਵੱਖ ਵੱਖ ਹਿੱਸਿਆਂ ਵਿਚ ਖਾਲਸਾ ਡਿਸਪੈਂਸਰੀਆਂ ਖੋਲ੍ਹੀਆਂ ਜਾਣਗੀਆਂ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਸਿੱਖ ਸੰਗਤ ਨੂੰ ਦਿੱਲੀ ਤੋਂ ਅੰਮ੍ਰਿਤਸਰ ਤਕ ਮੁਫਤ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।
ਇਹ ਸ਼ਬਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਅਤੇ ਵਾਰਡ ਨੰਬਰ 9 ਪੰਜਾਬੀ ਬਾਗ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਵਾਰਡ ਦੀਆਂ ਵੱਖ ਵੱਖ ਕਲੋਨੀਆਂ ਅਤੇ ਸੋਸਾਇਟੀਆਂ ਵਿਚ ਵੱਖ ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਹੇ। ਉਹਨਾਂ ਕਿਹਾ ਕਿ ਅਸੀਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਧਾਰਨ ਅਤੇ ਸਿੱਖ ਭਾਈਚਾਰੇ ਦੀ ਭਲਾਈ ਵਾਸਤੇ ਜਿੰਨੇ ਵੀ ਵਾਅਦੇ ਕੀਤੇ ਸਨ, ਉਹਨਾਂ ਵਿਚੋਂ 80 ਫੀਸਦੀ ਵਾਅਦਿਆਂ ਨੂੰ ਪੂਰਾ ਕੀਤਾ ਹੈ। ਇਸ ਵਾਰ ਵੀ ਜੇਕਰ ਸਾਨੂੰ ਦਿੱਲੀ ਕਮੇਟੀ ਦੀ ਸੇਵਾ ਦਾ ਮੌਕਾ ਮਿਲਿਆ ਤਾਂ ਅਸੀਂ ਸਿੱਖ ਭਾਈਚਾਰੇ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਹੱਲ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਾਂਗੇ।
ਉਹਨਾਂ ਕਿਹਾ ਕਿ ਬੇਰੁਜ਼ਗਾਰ ਸਿੱਖ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਖਾਲਸਾ ਰੁਜ਼ਗਾਰ ਬਿਊਰੋ ਅਤੇ ਖਾਲਸਾ ਇੰਟਨੈਸ਼ਨਲ ਰੁਜ਼ਗਾਰ ਸੈਂਟਰ ਖੋਲ੍ਹੇ ਜਾਣਗੇ। ਇਹਨਾਂ ਸੈਂਟਰਾਂ ਵੱਲੋਂ ਸਿੱਖ ਨੋਜਵਾਨਾਂ ਨੂੰ ਉਹਨਾਂ ਦੀ ਯੋਗਤਾ ਅਤੇ ਕਾਬਲੀਅਤ ਮੁਤਾਬਿਕ ਰੁਜ਼ਗਾਰ ਦਿਵਾਉਣ ਵਿਚ ਮੱਦਦ ਕੀਤੀ ਜਾਵੇਗੀ। ਇੰਨਾ ਹੀ ਨਹੀਂ, ਖੇਡਾਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਤੇ ਵਿਦੇਸ਼ ਜਾਣ ਦੇ ਚਾਹਵਾਨ ਸਿੱਖ ਨੌਜਵਾਨਾਂ ਲਈ ਅਕਾਲੀ ਦਲ ਵੱਲੋਂ ਇੱਕ ਅੰਤਰਰਾਸ਼ਟਰੀ ਵਿੱਦਿਅਕ ਅਤੇ ਸਪੋਰਟਸ ਸੈਂਟਰ ਖੋਲ੍ਹਿਆ ਜਾਵੇਗਾ।
ਸਿੱਖ ਵਿਰਸੇ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਮਨਾਂ ਵਿਚ ਤਾਜ਼ਾ ਰੱਖਣ ਦੀ ਲੋੜ ਉਤੇ ਜ਼ੋਰ ਦਿੰਦਿਆਂ ਸ਼ ਸਿਰਸਾ ਨੇ ਕਿਹਾ ਕਿ 2019 ਵਿਚ ਅਕਾਲੀ ਦਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ।ਇੰਨਾ ਹੀ ਨਹੀਂ ਸਾਲ 2018 ਵਿਚ ਆ ਰਹੀ ਮਹਾਨ ਸਿੱਖ ਜਰਨੈਲ ਸ ਜੱਸਾ ਸਿੰਘ ਆਹਲੂਵਾਲੀਆ ਦੀ 300ਵੀ ਜਨਮ ਸ਼ਤਾਬਦੀ ਨੂੰ ਵੀ ਪੂਰੇ ਜਾਹੋ-ਜਲਾਲ ਨਾਲ ਮਨਾਇਆ ਜਾਵੇਗਾ।
ਉਹਨਾਂ ਸਿੱਖ ਸੰਗਤਾਂ ਸਾਹਮਣੇ ਆਪਣੀ ਅਤੇ ਆਪਣੇ ਵਿਰੋਧੀ ਉਮੀਦਵਾਰ ਸ਼ ਪਰਮਜੀਤ ਸਿੰਘ ਸਰਨਾ ਦੀ ਕਾਰਗੁਜ਼ਾਰੀ ਰੱਖਦਿਆਂ ਸੁਆਲ ਕੀਤਾ ਕਿ ਤੁਸੀਂ ਖੁਦ ਫੈਸਲਾ ਕਰੋ, ਕਿ ਤੁਸੀਂ ਕਿਸ ਨੂੰ ਚੁਣਨਾ ਪਸੰਦ ਕਰੋਗੇ? ਉਸ ਵਿਅਕਤੀ ਨੂੰ , ਜਿਸ ਨੇ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੀਆਂ ਕਈ ਬਰਾਂਚਾਂ ਨੂੰ ਬੰਦ ਕਰਵਾਇਆ ਸੀ ਜਾਂ ਉਸ ਨੂੰ ਜਿਸ ਨੇ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੀਆਂ ਬਰਾਂਚਾਂ ਨੂੰ ਮੁੜ ਤੋਂ ਖੁਲਵਾਇਆ ਹੈ? ਉਹਨਾਂ ਕਿਹਾ ਕਿ ਤੁਸੀਂ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਕੇ ਸਿੱਖਿਆ ਸੰਸਥਾਵਾਂ ਨੂੰ ਲੁੱਟਣ ਵਾਲੇ ਨੂੰ ਚੁਣੋਗੇ ਜਾਂ ਬੱਚਿਆਂ ਨੂੰ ਵਧੀਆ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ ਵਾਲੇ ਨੂੰ ਵੋਟ ਦਿਓਗੇ? ਨਗਾਂ ਤੇ ਪੱਥਰਾਂ ਉੱਤੇ ਵਿਸ਼ਵਾਸ਼ ਕਰਨ ਵਾਲੇ ਕਰਮਕਾਂਡੀ ਉੱਤੇ ਭਰੋਸਾ ਕਰੋਗੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਟੁੱਟ ਵਿਸ਼ਵਾਸ਼ ਰੱਖਣ ਵਾਲੇ ਵਿਅਕਤੀ ਉੱਤੇ ਵਿਸ਼ਵਾਸ਼ ਕਰੋਗੇ?
ਸ਼ ਸਿਰਸਾ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਿਆਂ ਦੇ ਸੁਚਾਰੂ ਅਤੇ ਪਾਰਦਰਸ਼ੀ ਪ੍ਰਬੰਧ ਲਈ ਅਤੇ ਸਿੱਖ ਭਾਈਚਾਰੇ ਦੇ ਸਰਬਪੱਖੀ ਵਿਕਾਸ ਦੇ ਲਈ ਦਿੱਲੀ ਕਮੇਟੀ ਦੀ ਵਾਂਗਡੋਰ ਸ੍ਰਮਣੀ ਅਕਾਲੀ ਦੇ ਮਜ਼ਬੂਤ ਅਤੇ ਭਰੋਸੇਯੋਗ ਹੱਥਾਂ ਵਿਚ ਦੇਣ ਦੀ ਅਪੀਲ ਕੀਤੀ।
No comments:
Post a Comment