Friday, May 14, 2021

ਅਮਿਤਾਭ ਬੱਚਨ ਵੱਲੋਂ ਦਿੱਤੀ ਮਾਇਆ ਨੂੰ ਲੈ ਕੇ ਪੰਥ ਦਾ ਵਿਵਾਦ ਗਰਮਾਇਆ

 14th May 2021 at 7:07 PM

ਜਾਗੋ ਪਾਰਟੀ ਕਰੇਗੀ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਸ਼ਿਕਾਇਤ


ਨਵੀਂ ਦਿੱਲੀ:
14 ਮਈ 2021 (ਮਨਪ੍ਰੀਤ ਸਿੰਘ ਖਾਲਸਾ)::
ਫ਼ਿਲਮ ਸਟਾਰ ਅਮਿਤਾਭ ਬੱਚਨ ਤੋਂ 12 ਕਰੋੜ ਰੁਪਏ ਦੀ ਰਕਮ ਸਮਾਜਿਕ ਕੰਮਾਂ ਲਈ ਲੈਣ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਇਕਰਾਰਨਾਮੇ ਉੱਤੇ ਜਾਗੋ ਪਾਰਟੀ ਸਖ਼ਤ ਹੋ ਗਈ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਡਿਜੀਟਲ ਪ੍ਰੈਸ ਕਾਂਫਰੇਂਸ ਨੂੰ ਸੰਬੋਧਿਤ ਕਰਦੇ ਹੋਏ ਇਸ ਮਾਮਲੇ ਵਿੱਚ ਕਮੇਟੀ ਪ੍ਰਬੰਧਕਾਂ ਦੀ ਸ਼ਿਕਾਇਤ ਸੋਮਵਾਰ ਨੂੰ ਅੰਮ੍ਰਿਤਸਰ ਪਹੁੰਚ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕਰਨ ਦਾ ਐਲਾਨ ਕੀਤਾ। 
ਜੀਕੇ ਨੇ ਕਿਹਾ ਕਿ ਸਿੱਖ ਕੌਮ ਮੰਨਦੀ ਹੈ ਕਿ ਅਮਿਤਾਭ ਬੱਚਨ ਨੇ 1984 ਸਿੱਖ ਕਤਲੇਆਮ ਨੂੰ ਆਪਣੇ ਜ਼ਹਿਰੀਲੇ ਨਾਅਰੇ ਨਾਲ ਹਵਾ ਦਿੱਤੀ ਸੀ, ਇਸ ਲਈ ਸਿੱਖਾਂ ਦੇ ਜਾਨ-ਮਾਲ  ਦੇ ਦੁਸ਼ਮਣ ਦੀ ਸੇਵਾ ਗੁਰੂ ਘਰ ਲਈ ਲੈਣਾ ਪਾਪ ਹੈ। ਜੀਕੇ ਨੇ ਸਿੱਖ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਸਥਾਨ ਉੱਤੇ ਆਏ ਸਨ,  ਤਾਂ ਦਿੱਲੀ ਵਿੱਚ ਔਰੰਗਜ਼ੇਬ ਦਾ ਰਾਜ ਸੀ ਅਤੇ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਜਤਾਈ ਸੀ। ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਔਰੰਗਜ਼ੇਬ ਨੂੰ 'ਮਲੇਛ' ਦੱਸ ਕੇ ਦਰਸ਼ਨ ਦੇਣ ਤੋਂ ਮਨਾ ਕਰ ਦਿੱਤਾ ਸੀ। ਪਰ ਅੱਜ ਸਿਰਸਾ ਨੇ ਉਸੇ ਪਵਿੱਤਰ ਸਥਾਨ ਤੋਂ ਜਿੱਥੇ ਗੁਰੂ ਸਾਹਿਬ ਨੇ ਮੁਲਕ ਦੇ ਬਾਦਸ਼ਾਹ ਨੂੰ ਉਸ ਦੀ ਔਕਾਤ ਦੱਸਣ ਦੀ ਜੁੱਰਤ ਕੀਤੀ ਸੀ,  ਉੱਥੋਂ ਹੀ ਕੌਮ ਦੇ ਦੁਸ਼ਮਣ ਦੀ ਮਾਇਆ ਸਵੀਕਾਰ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਥਾਨ ਦੀ ਪਰੰਪਰਾ ਅਤੇ ਮਰਿਆਦਾ ਨੂੰ ਚੋਟ ਮਾਰੀ ਹੈ। 
ਇਸ ਬਾਰੇ ਗੱਲ ਕਰਦਿਆਂ ਜੀਕੇ ਨੇ ਕਿਹਾ ਕਿ ਸਿਰਸਾ ਨੇ ਜਦੋਂ 11 ਮਾਰਚ ਨੂੰ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਕੀਤਾ ਸੀ ਤਾਂ ਦੱਸਿਆ ਸੀ ਕਿ ਮਸ਼ੀਨਾਂ ਦੀ ਸੇਵਾ ਚਾਵਲਾ ਅਤੇ ਜੁਨੇਜਾ ਪਰਵਾਰ ਨੇ ਕੀਤੀ ਹੈ, ਪਰ ਜਦੋਂ 10 ਮਈ ਨੂੰ ਅਮਿਤਾਭ ਬੱਚਨ ਨੇ ਆਪਣੇ ਬਲਾਗ ਵਿੱਚ ਦਾਅਵਾ ਕੀਤਾ ਕਿ ਡਾਇਗਨੋਸਟਿਕ ਸੈਂਟਰ ਦਾ ਸਾਰਾ ਖ਼ਰਚ ਮੈਂ ਦਿੱਤਾ ਹੈ, ਤਦ ਕਮੇਟੀ ਨੇ 11 ਮਈ ਨੂੰ ਮੰਨ ਲਿਆ ਕਿ ਸਾਰੀ ਮਸ਼ੀਨਾਂ ਅਮਿਤਾਭ ਬੱਚਨ ਨੇ ਦਿੱਤੀਆਂ ਹਨ। ਜੀਕੇ ਨੇ ਸਿਰਸਾ ਤੋਂ ਸਵਾਲ ਪੁੱਛਿਆ ਕਿ ਉਹ ਦੱਸੇ ਕਿ 10 ਕਰੋਡ਼ ਦੀਆਂ ਮਸ਼ੀਨਾਂ ਲਈ ਛੱਲ ਕਰ ਕੇ 20 ਕਰੋਡ਼ ਰੁਪਏ ਕਿਸ ਦੀ ਮਨਜ਼ੂਰੀ ਨਾਲ ਕਮੇਟੀ ਨੇ ਲਏ ? ਕੀ ਇਹ 10 ਕਰੋੜ  ਰੁਪਏ ਅਤੇ ਸੰਗਤਾਂ ਦੀਆਂ ਭਾਵਨਾਵਾਂ ਨਾਲ ਠੱਗੀ ਨਹੀਂ?  ਜੀਕੇ ਨੇ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੇ ਦਾਦੇ ਜਸਵੰਤ ਸਿੰਘ ਕਾਲਕਾ ਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਗ਼ੀ ਹੋਣ ਦੇ ਸਬੂਤ ਜਨਤਕ ਕਰਦੇ ਹੋਏ ਸਿਰਸਾ ਨੂੰ ਆਪਣੀ ਗ਼ਲਤੀ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋਣ ਦੀ ਨਸੀਹਤ ਦਿੱਤੀ। ਜੀਕੇ ਨੇ ਸਿਰਸਾ ਨੂੰ ਖ਼ੁਦ ਨੂੰ ਮਾਫ਼ੀ ਦੇਣ ਲਈ ਗੁਰਦੁਆਰਾ ਬੰਗਲਾ ਸਾਹਿਬ ਦੇ ਪੰਜ ਪਿਆਰਿਆਂ ਨੂੰ ਤਲਬ ਨਾ ਕਰਨ ਦੀ ਵੀ ਚਿਤਾਵਨੀ ਦਿੱਤੀ।

No comments: