25th May 2021 at 7:16 PM
ਇਹ ਸਥਿਤੀ ਸਿਰਸਾ ਦੀ ਸੰਵਿਧਾਨਿਕ ਹਾਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਮੈਂਬਰੀ ਖ਼ਤਮ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਹੁਣ ਤੂਲ ਫੜ ਗਿਆ ਹੈ। ਜਾਗੋ ਪਾਰਟੀ ਨਾਲ ਸਬੰਧਿਤ ਦਿੱਲੀ ਕਮੇਟੀ ਮੈਂਬਰਾਂ ਦੀ ਅੱਜ ਜੀਕੇ ਦੀ ਪ੍ਰਧਾਨਗੀ ਵਿੱਚ ਹੋਈ ਬੈਠਕ ਵਿੱਚ ਇਸ ਮਾਮਲੇ ਦੀ ਸ਼ਿਕਾਇਤ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕਰਨ ਦਾ ਐਲਾਨ ਕੀਤਾ ਗਿਆ। ਮੈਂਬਰਾਂ ਦਾ ਮੰਨਣਾ ਹੈਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਸੰਗਤਾਂ ਨਾਲ ਫ਼ਰੇਬ ਅਤੇ ਧਰੋਹ ਕਮਾਉਣ ਲਈ ਇੱਕ ਔਜ਼ਾਰ ਦੀ ਤਰਾਂ ਕਮੇਟੀ ਪ੍ਰਬੰਧਕਾਂ ਨੇ ਵਰਤਿਆ ਹੈਂ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀਕੇ ਨੇ ਦੱਸਿਆ ਕਿ 14 ਫਰਵਰੀ 2020 ਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਨਰਲ ਹਾਊਸ ਬੁਲਾਇਆ ਸੀ। ਜਿਸ ਦੇ ਬਾਅਦ ਮੇਰੀ ਮੈਂਬਰੀ ਖ਼ਤਮ ਕਰਨ ਦਾ ਬਚਕਾਨਾ ਬਿਆਨ ਇਨ੍ਹਾਂ ਨੇ ਦਿੱਤਾ ਸੀ। ਜੋ ਕਿ ਦਿੱਲੀ ਕਮੇਟੀ ਐਕਟ ਦੇ ਅਨੁਸਾਰ ਸੰਭਵ ਨਹੀਂ ਸੀ। ਇਸ ਗੱਲ ਦੀ ਪੁਸ਼ਟੀ ਹੁਣ ਦਿੱਲੀ ਗੁਰਦੁਆਰਾ ਚੋਣ ਬੋਰਡ ਨੇ ਕਮੇਟੀ ਦੇ ਨਵ ਨਿਯੁਕਤ ਕੋ-ਆਪਟ ਮੈਂਬਰ ਇੰਦਰਮੋਹਨ ਸਿੰਘ ਨੂੰ ਦਿੱਤੇ ਜਵਾਬ ਵਿੱਚ ਕਰਦੇ ਹੋਏ ਸਾਫ਼ ਕਰ ਦਿੱਤਾ ਹੈ ਕਿ ਮੈਂ ਹੁਣ ਵੀ ਕਮੇਟੀ ਦਾ ਮੈਂਬਰ ਹਾਂ। ਹਾਲਾਂਕਿ ਪਹਿਲੀ ਨਜ਼ਰ ਇਹ ਸਿੱਧੇ ਤੌਰ ਉੱਤੇ ਘਟੀਆ ਸਿਆਸਤ ਲਈ ਗੁਰੂ ਗ੍ਰੰਥ ਸਾਹਿਬ ਨੂੰ ਇਸਤੇਮਾਲ ਕਰਨ ਦਾ ਮਾਮਲਾ ਹੈ। ਇਸ ਲਈ ਦਿੱਲੀ ਕਮੇਟੀ ਜਨਰਲ ਹਾਊਸ ਦਾ ਪਦੇਨ ਮੈਂਬਰ ਹੋਣ ਦੇ ਕਾਰਨ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਵੀ ਹੁਣ ਫ਼ਰਜ਼ ਬਣਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਸਿਰਸਾ-ਕਾਲਕਾ ਨੂੰ ਤੁਰੰਤ ਤਖ਼ਤ ਸਾਹਿਬ ਉੱਤੇ ਤਲਬ ਕਰਨ।
ਜੀਕੇ ਨੇ ਕਿਹਾ ਕਿ ਮੇਰੀ ਮੈਂਬਰੀ ਬਰਕਰਾਰ ਰਹਿਣਾ ਸਿਰਸਾ-ਕਾਲਕਾ ਦੇ ਮੂੰਹ ਉੱਤੇ ਜੁੱਤੀ ਵੱਜਣ ਦੇ ਬਰਾਬਰ ਹੈ, ਨਾਲ ਹੀ ਇਨ੍ਹਾਂ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਨਾਲ ਕਮਾਏ ਗਏ ਧਰੋਹ ਦਾ ਨਤੀਜਾ ਹੈ, ਜੋ ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਸੱਚ ਜ਼ਾਹਿਰ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਫ਼ਰੇਬ ਕਰਨ ਵਾਲਿਆਂ ਨੂੰ ਗੁਰੂ ਨੇ ਸਜ਼ਾ ਦਿੱਤੀ ਹੈ, ਇਸ ਲਈ ਮੈਂ ਖ਼ੁਸ਼ ਹਾਂ। ਕਮੇਟੀ ਦੇ ਸੀਨੀਅਰ ਮੈਂਬਰ ਹਰਮਨਜੀਤ ਸਿੰਘ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੇ ਸਾਹਮਣੇ ਅਵਤਾਰ ਸਿੰਘ ਹਿਤ ਨੇ ਕਮੇਟੀ ਐਕਟ ਦਾ ਹਵਾਲਾ ਦਿੰਦੇ ਹੋਏ ਸਿਰਸਾ ਨੂੰ ਉਕਤ ਜਨਰਲ ਹਾਊਸ ਨਾ ਬੁਲਾਉਣ ਦੀ ਸਲਾਹ ਦਿੱਤੀ ਸੀ, ਪਰ ਸਿਰਸਾ ਨੇ ਕਿਹਾ ਸੀ ਕਿ ਉੱਤੋਂ ਆਦੇਸ਼ ਹੈ। ਪਰਮਜੀਤ ਸਿੰਘ ਰਾਣਾ ਨੇ ਕਿਹਾ ਕਿ ਜਨਰਲ ਹਾਉਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਦੁਰਵਰਤੋਂ, ਬੇਅਦਬੀ ਦਾ ਮਾਮਲਾ ਹੈ, ਇਸ ਲਈ ਉਹ ਬਾਕੀ ਕਮੇਟੀ ਮੈਂਬਰਾਂ ਨੂੰ ਨਾਲ ਲੈ ਕੇ ਜਲਦੀ ਹੀ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਨਾਲ ਮੁਲਾਕਾਤ ਕਰਨਗੇ। ਚਮਨ ਸਿੰਘ ਨੇ ਕਿਹਾ ਕਿ ਜਨਰਲ ਹਾਊਸ ਵਿੱਚ ਮੈਂ ਅਤੇ ਹਰਜੀਤ ਸਿੰਘ ਜੀਕੇ ਨੇ ਸਿਰਸਾ-ਕਾਲਕਾ ਨੂੰ ਇਸ ਗ਼ਲਤੀ ਲਈ ਆਗਾਹ ਕਰਦੇ ਹੋਏ ਜਨਰਲ ਹਾਊਸ ਤੋਂ ਵਾਕਆਊਟ ਕੀਤਾ ਸੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਫ਼ਰੇਬ ਕੀਤਾ ਜਾ ਰਿਹਾ ਸੀ। ਇਸ ਮੌਕੇ ਕਮੇਟੀ ਮੈਂਬਰ ਹਰਜਿੰਦਰ ਸਿੰਘ ਅਤੇ ਸਵਰਨ ਸਿੰਘ ਬਰਾੜ ਵੀ ਮੌਜੂਦ ਸਨ।
No comments:
Post a Comment