Wednesday 17th August 2022 at 03:58 PM
ਕਿਹਾ-ਗੁਰਦੁਆਰਾ ਕਮੇਟੀ ਦੇ ਦਫ਼ਤਰ ’ਚ ਧਰਨਾ ਲਗਾਉਣਾ ਨਿੰਦਣਯੋਗ
ਨਵੀਂ ਦਿੱਲੀ: 17 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::
ਸ. ਕਾਲਕਾ ਨੇ ਕਿਹਾ ਕਿ ਸਰਨਾ ਭਰਾਵਾਂ ਵੱਲੋਂ ਤਾਂ 1984 ’ਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਦੇ ਨੇਤਾ ਸ੍ਰੀਪ੍ਰਕਾਸ਼ ਜਾਇਸਵਾਲ ਨੂੰ ਖੁੱਸ਼ ਕਰਨ ਲਈ ਗੁਰਦੁਆਰਾ ਸਾਹਿਬ ’ਚ ਪ੍ਰੋਗਰਾਮ ਕਰਵਾਏ ਜਾਂਦੇ ਸਨ। ਜਿਨ੍ਹਾਂ ਲੋਕਾਂ ’ਤੇ ਕਦੇ ਬਰਗਾੜੀ ਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਦੋਸ਼ ਲੱਗੇ ਉਹ ਲੋਕ ਅੱਜ ਸੁਖਬੀਰ ਬਾਦਲ ਦਾ ਮਾਰਗ-ਦਰਸ਼ਨ ਲੈ ਕੇ ਹਰ ਗੱਲ ਨੂੰ ਬੇਅਦਬੀ ਨਾਲ ਜੋੜਨ ਦੀ ਗੱਲ ਕਰ ਰਹੇ ਹਨ ਪਰੰਤੂ ਸੰਗਤ ਇਨ੍ਹਾਂ ਦੇ ਭਰਮ-ਭੁਲੇਖੇ ’ਚ ਨਹੀਂ ਆਵੇਗੀ।
ਸ. ਕਾਲਕਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਵੱਲੋਂ ਉਨ੍ਹਾਂ ਨਾਲ ਮੀਟਿੰਗ ਕਰਨ ਦਾ ਸਮਾਂ ਮੰਗਿਆ ਗਿਆ ਸੀ ਪਰੰਤੂ ਮੀਟਿੰਗ ਲਈ ਇਨ੍ਹਾਂ ਕੋਲ ਕੋਈ ਏਜੰਡਾ ਨਾ ਹੋਣ ਕਰਕੇ ਜੀ.ਕੇ ਤੇ ਸਰਨਾ ਭਰਾਵਾਂ ਵੱਲੋਂ ਇਸ ਨੂੰ ਪਹਿਲਾਂ ਵਫ਼ਦ ’ਚ ਬਦਲੀ ਕੀਤਾ ਗਿਆ ਤੇ ਫਿਰ ਧਰਨੇ ’ਚ ਜੋ ਕਿ ਨਿੰਦਣਯੋਗ ਹੈ । ਮੀਟਿੰਗ ਦੌਰਾਨ ਸਰਨਾ ਭਰਾ ਤੇ ਜੀ.ਕੇ. ਵਾਰ-ਵਾਰ ਇਕ-ਦੂਜੇ ਦੀ ਹੀ ਗੱਲ ਨੂੰ ਕੱਟ ਰਹੇ ਸਨ । ਉਨ੍ਹਾਂ ਕਿਹਾ ਕਿ ਅਸੀਂ ਮੀਟਿੰਗ ਕਰਨ ਸਾਡੇ ਕੋਲ ਪੁੱਜੇ ਜੀ.ਕੇ-ਸਰਨਾ ਅਤੇ ਬੀਬੀ ਰਣਜੀਤ ਕੌਰ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਦੇ ਇਕ-ਇਕ ਸੁਆਲ ਦਾ ਜਵਾਬ ਦਿੱਤਾ ਪਰੰਤੂ ਇਨ੍ਹਾਂ ਦਾ ਮਕਸਦ ਤਾਂ ਸਿਰਫ਼ ਹੰਗਾਮਾ ਖੜਾ ਕਰਨਾ ਸੀ । ਇਨ੍ਹਾਂ ਲੋਕਾਂ ਨੂੰ ਇਹ ਚੇਤਾ ਨਹੀਂ ਕਿ ਇਨ੍ਹਾਂ ਦੇ ਕਾਰਜਕਾਲ ਦੌਰਾਨ ਵੀ ਗੁਰਦੁਆਰਿਆਂ ’ਚ ਹਜ਼ਾਰਾਂ ਦੀ ਤਾਦਾਦ ’ਚ ਸੰਗਤਾਂ ਨੂੰ ਠਹਿਰਾਇਆ ਜਾਂਦਾ ਰਿਹਾ ਹੈ ਪਰੰਤੂ ਕਿਸੇ ਦਾ ਸਟਿੰਗ ਆਪਰੇਸ਼ਨ ਕਰਕੇ ਕਦੇ ਤਲਾਸ਼ੀ ਨਹੀਂ ਲਈ ਗਈ।
ਸ. ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਵੱਲੋਂ ਮਨਾਏ ਗਏ ਭਾਈ ਲੱਖੀ ਸ਼ਾਹ ਵਣਜਾਰਾ ਜੀ ਦੇ 444ਵੇਂ ਜਨਮ ਦਿਹਾੜਾ ਸਮਾਗਮ ’ਚ ਸਹਿਯੋਗ ਕੀਤਾ ਸੀ । ਉਨ੍ਹਾਂ ਕਿਹਾ ਕਿ ਵਣਜਾਰਾ ਸਮਾਜ ਜਿਨ੍ਹਾਂ ਦੀਆਂ ਜੜ੍ਹਾਂ ਸਿੱਖ ਭਾਈਚਾਰੇ ਨਾਲ ਜੁੜੀਆਂ ਹਨ, ਤਾਲਕਟੋਰਾ ਸਟੇਡੀਅਮ ’ਚ ਕਰਵਾਏ ਗਏ ਸਮਾਗਮ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੇ ਇਤਿਹਾਸ ਦਾ ਸੰਦੇਸ਼ ਦੂਰ-ਦੂਰ ਤਕ ਗਿਆ ਹੈ । ਸ. ਕਾਹਲੋਂ ਨੇ ਕਿਹਾ ਕਿ ਸਾਨੂੰ ਮਹਾਰਾਸ਼ਟਰ, ਹੈਦਰਾਬਾਦ ਅਤੇ ਤੇਲੰਗਾਨਾ ਆਦਿ ਤੋਂ ਵਣਜਾਰਾ ਸਮਾਜ ਦੇ ਕਈ ਲੋਕਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੇ ਰਾਜਾਂ ’ਚ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੇ ਇਤਿਹਾਸ ਨਾਲ ਸੰਬੰਧਤ ਸਮਾਗਮ ਕਰਵਾਏ ਜਾਣ।
ਸ. ਕਾਲਕਾ ਅਤੇ ਸ. ਕਾਹਲੋਂ ਨੇ ਇਕ ਵਾਰ ਮੁੜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੰਹ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਭਾਈ ਲੱਖੀ ਸ਼ਾਹ ਵਣਜਾਰਾ ਦੇ 444ਵੇਂ ਜਨਮ ਦਿਹਾੜਾ ਸਮਾਗਮ ’ਚ ਵਣਜਾਰਾ ਸਮਾਜ ਦੇ ਮੁਖੀਆਂ ਅਤੇ ਭਾਰਤ ਸਰਕਾਰ ਦੇ ਸੰਸਕ੍ਰਿਤੀ ਮੰਤਰਾਲੇ ਨਾਲ ਸਹਿਯੋਗ ਕਰਕੇ ਸਮਾਗਮ ਨੂੰ ਇਤਿਹਾਸਕ ਬਨਾਉਣ ’ਚ ਆਪੋ-ਆਪਣੀ ਜ਼ੁੰਮੇਵਾਰੀ ਨਿਭਾਈ ਹੈ ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਹਰਵਿੰਦਰ ਸਿੰਘ ਕੇ.ਪੀ, ਮੀਤ ਪ੍ਰਧਾਨ ਸ. ਆਤਮਾ ਸਿੰਘ ਲੁਬਾਣਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਜਸਪ੍ਰੀਤ ਸਿੰਘ ਕਰਮਸਰ, ਮੈਂਬਰਾਨ ਸ. ਐਮ.ਪੀ.ਐਸ. ਚੱਢਾ, ਸ. ਵਿਕਰਮ ਸਿੰਘ ਰੋਹਿਣੀ, ਸ. ਜਸਪ੍ਰੀਤ ਸਿੰਘ ਜੱਸਾ, ਸ. ਭੁਪਿੰਦਰ ਸਿੰਘ ਭੁੱਲਰ, ਸ. ਭੁਪਿੰਦਰ ਸਿੰਘ ਗਿੰਨੀ, ਸ. ਸੁਖਬੀਰ ਸਿੰਘ ਕਾਲੜਾ, ਸ. ਹਰਜੀਤ ਸਿੰਘ ਪੱਪਾ, ਸ. ਗੁਰਮੀਤ ਸਿੰਘ, ਸ. ਪਲਵਿੰਦਰ ਸਿੰਘ ਲੱਕੀ, ਸਰਵਜੀਤ ਸਿੰਘ ਵਿਰਕ, ਗੁਰਮੀਤ ਸਿੰਘ ਭਾਟੀਆ, ਰਮਿੰਦਰ ਸਿੰਘ ਸਵੀਟਾ, ਸ. ਗੁਰਦੇਵ ਸਿੰਘ ਅਤੇ ਰਮਨਜੋਤ ਸਿੰਘ ਮੀਤਾ ਆਦਿ ਮੌਜੂਦ ਸਨ।

No comments:
Post a Comment