ਫ਼ਿਰਕੂ ਸ਼ਕਤੀਆਂ ਨੂੰ ਹਾਰ ਦੇਣਾ ਪਰਮੁੱਖ ਕੰਮ
6 ਜੂਨ 2019 ਵਾਲੇ ਦਿਨ ਵੀ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਜਿਹਨਾਂ ਨੇ ਪੰਜਾਬ ਦੇ ਸੰਤਾਪ ਵਾਲੇ ਦਹਾਕੇ ਦੇ ਦਿਨਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਹ ਘਟਨਾਵਾਂ ਲੁਧਿਆਣਾ ਵਿੱਚ ਵੀ ਹੋਈਆਂ ਅਤੇ ਹੋਰਨਾਂ ਥਾਂਵਾਂ 'ਤੇ ਵੀ। ਇਹਨਾਂ ਘਟਨਾਵਾਂ ਬਾਰੇ ਕਮਿਊਨਿਸਟ ਦ੍ਰਿਸ਼ਟੀਕੋਣ ਖਾਸ ਕਰਕੇ ਸੀਪੀਆਈ ਦੇ ਨਜ਼ਰੀਏ ਤੋਂ ਜਾਣੂ ਕਰਵਾ ਰਹੇ ਹਨ-ਡਾਕਟਰ ਅਰੁਣ ਮਿੱਤਰਾ।
ਰੈਫ਼ਰੈਂਡਮ ਦੀਆਂ ਗੱਲਾਂ ਚਲਦੇ ਨੂੰ ਤਾਂ ਕੁੱਝ ਸਮਾਂ ਹੋ ਗਿਆ ਹੈ, ਪਰ ਇਸਨੂੰ ਹਵਾ ਦੇਣ ਲਈ 6 ਜੂਨ ਨੂੰ ਬਾਕਾਇਦਾ ਵਿਉਂਤ ਬਣਾ ਕੇ ਥਾਂ ਪਰ ਥਾਂ ਤੇ ਗੜਬੜਾਂ ਕੀਤੀਆਂ ਗਈਆਂ। ਭਾਵੇਂ ਪੰਜਾਬ ਦੇ ਲੋਕਾਂ ਨੇ, ਜੋ ਕਿ ਵੱਡੇ ਸੰਤਾਪ ਵਿਚੋਂ ਗੁਜ਼ਰ ਚੁੱਕੇ ਹਨ ਤੇ ਉਸ ਸਮੇਂ ਵਰਗੇ ਹਾਲਾਤ ਮੁੜ ਨਹੀਂ ਚਾਹੁੰਦੇ, ਇਹਨਾਂ ਕੱਟੜ ਪੰਥੀਆਂ ਨੂੰ ਮੂੰਹ ਨਹੀਂ ਲਾਇਆ, ਪਰ ਇਸਤੋਂ ਅਵੇਸਲੇ ਹੋ ਕੇ ਬੈਠਣਾ ਵੀ ਸਹੀ ਨਹੀਂਂ ਹੈ। ਕਿਸਨੇ ਸੋਚਿਆ ਸੀ ਕਿ ਭਾਰਤ ਵਿੱਚ ਆਰ ਐਸ ਐਸ ਦੀ ਹੱਥਠੋਕੀ ਸਰਕਾਰ ਬਣ ਜਾਏਗੀ ਤੇ ਦੁਬਾਰਾ ਵੀ ਜਿੱਤ ਜਾਏਗੀ। ਇਤਹਾਸ ਗਵਾਹ ਹੈ ਕਿ ਆਰ ਐਸ ਐਸ ਤੇ ਇਸਦੀਆਂ ਇਕਾਈਆਂ ਅਜ਼ਾਦੀ ਦੇ ਸੰਘਰਸ਼ ਦੌਰਾਨ ਅੰਗਰੇਜ਼ਾਂ ਦੀਆਂ ਪਿੱਠੂ ਸਨ। ਇਹਨਾਂ ਨੇ ਤਿਰੰਗੇ ਝੰਡੇ ਸਾੜੇ, ਭਾਰਤ ਛੱਡੋ ਅੰਦੋਲਨ ਦਾ ਵਿਰੋਧ ਕੀਤਾ, ਭਗਤ ਸਿੰਘ ਵਰਗੇ ਇਨਕਲਾਬੀਆਂ ਨੂੰ ਕੁਰਾਹੇ ਪਏ ਨੌਜਵਾਨ ਦੱਸਿਆ ਤੇ ਇਹਨਾਂ ਦੇ ਸਫ਼ਾਂ ਦੇ ਲੋਕਾਂ ਨੇ ਸ਼ਹੀਦਾਂ ਦੇ ਵਿਰੁੱਧ ਗਵਾਈਆਂ ਦਿੱਤੀਆਂ। ਇਹਨਾਂ ਨੇ ਨੌਜਵਾਨਾਂ ਨੂੰ ਇਹ ਵੀ ਕਿਹਾ ਕਿ ਉਹ ਅੰਗਰੇਜ਼ ਸਰਕਾਰ ਵਿਰੁੱਧ ਸੰਘਰਸ਼ ਕਰਨ ਵਿੱਚ ਆਪਣੀ ਸ਼ਕਤੀ ਵਿਅਰਥ ਨਾ ਗਵਾਉਣ, ਇਸਦੀ ਬਜਾਏ ਆਪਣੀ ਉਰਜਾ ਮੁਸਲਮਾਨਾਂ, ਇਸਾਈਆਂ ਤੇ ਕਮਿਊਨਿਸਟਾਂ ਵਿਰੁੱਧ ਲੜਨ ਦੇ ਲਈ ਬਚਾ ਕੇ ਰਖੱਣ। ਅੱਜ ਉਹੀ ਸ਼ਕਤੀਆਂ ਆਪਣੇ ਆਪ ਨੂੰ ਦੇਸ਼ ਭਗਤ ਸਾਬਿਤ ਕਰਨ ਵਿੱਚ ਕਾਮਯਾਬ ਹੋ ਗਈਆਂ ਹਨ। ਆਮ ਲੋਕ ਛੇਤੀ ਹੀ ਪੁਰਾਣੀਆਂ ਗੱਲਾਂ ਨੂੰ ਭੁੱਲ ਜਾਂਦੇ ਹਨ। ਅੱਜ ਦੀ ਨੌਜਵਾਨ ਪੀੜ੍ਹੀ ਹਿਤਹਾਸ ਦੇ ਉਹਨਾ ਤੱਥਾਂ ਤੋਂ ਵਾਕਫ਼ ਨਹੀਂ ਹੈ, ਇਸ ਲਈ ਉਹਨਾਂ ਨੂੰ ਇਤਹਾਸ ਬਾਰੇ ਗਲਤ ਬਿਆਨੀ ਕਰਕੇ ਮਗਰ ਲਾਉਣਾ ਅਸਾਨ ਹੈ।
ਇਸ ਵੇਰ 6 ਜੂਨ ਨੂੰ ਇੱਕ ਹੋਰ ਪੱਖ ਸ੍ਹਾਮਣੇ ਆਇਆ ਹੈ ਕਿ ਲੁਧਿਆਣਾ ਵਿੱਚ ਸ਼ਹੀਦ ਸੁਖਦੇਵ ਦੀ ਬਰਸੀ ਮਨਾਉਣ ਦੇ ਬਹਾਨੇ ਕੁੱਝ ਹਿੰਦੂ ਕੱਟੜਪੰਥੀਆਂ ਵਲੋਂ ਭੜਕਾਊ ਪੋਸਟਰ ਛਾਪੇ ਗਏ। ਇਹਨਾਂ ਪੋਸਟਰਾਂ ਨੂੰ ਖਾਲਿਸਤਾਨੀ ਕੱਟੜਪੰਥੀਆਂ ਨੇ ਪਾੜਿਆ ਜਿਸ ਕਾਰਨ ਤਣਾਅ ਵੱਧ ਗਿਆ। ਇਹ ਵੀ ਇੱਕ ਸਾਜ਼ਿਸ਼ ਤਹਿਤ ਹੀ ਹੋਇਆ ਜਾਪਦਾ ਹੈ। ਇਸ ਗੱਲ ਬਾਰੇ ਕੋਈ ਸ਼ੱਕ ਨਹੀਂ ਕਿ ਕੱਟੜਪੰਥੀ ਸ਼ਕਤੀਆਂ ਇੱਕ ਦੂਜੇ ਦੀਆਂ ਪੂਰਕ ਹੁੰਦੀਆਂ ਹਨ। ਅੰਤ ਧਰਮ ਨਿਰਪੱਖਤਾ ਤੇ ਸਮਾਜੀ ਭਾਈਚਾਰਾ ਹੀ ਇਹਨਾਂ ਦਾ ਨਿਸ਼ਾਨਾ ਹੁੰਦਾ ਹੈ। ਇਹ ਸ਼ਕਤੀਆਂ ਵਿਰੋਧੀ ਜਾਂ ਵੱਖਰੇ ਵਿਚਾਰ ਨੂੰ ਨਹੀਂ ਸਹਿੰਦੀਆਂ ਤੇ ਫ਼ਾਸ਼ੀਵਾਦੀ ਰੂਪ ਅਖ਼ਤਿਆਰ ਕਰ ਲੈਂਦੀਆਂ ਹਨ। ਇਹਨਾਂ ਦੇ ਲਈ ਮਨੁੱਖੀ ਜੀਵਨ ਦੀ ਕੋਈ ਅਹਿਮੀਅਤ ਨਹੀਂ ਹੁੰਦੀ।
ਇਤਹਾਸ ਵਿੱਚ ਵਾਪਰੀਆਂ ਘਟਨਾਵਾਂ ਤੋਂ ਸਬਕ ਸਿੱਖ ਲੈਣਾ ਚਾਹੀਦਾ ਹੈ ਤਾਂ ਜੋ ਗਲਤੀਆਂ ਦੋਹਰਾਈਆਂ ਨਾ ਜਾਣ। ਪੰਜਾਬ ਦੇ ਮਾੜੇ ਦਿਨਾ ਵਿੱਚ ਜੋ ਕੁਝ ਵਾਪਰਿਆ ਉਸਦੇ ਪਿਛੋਖੜ ਤੇ ਉਸ ਦੌਰਾਨ ਹੋਈਆਂ ਘਟਨਾਵਾਂ ਅਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੀ ਭੂਮਿਕਾ ਦਾ ਵਿਗਿਆਨਕ ਢੰਗ ਨਾਲ ਵਿਸ਼ਲੇਸ਼ਣ ਕਰਕੇ ਅੱਜ ਦੀ ਪੀੜ੍ਹੀ ਨੂੰ ਦੱਸਿਆ ਜਾਏ ਤਾਂ ਜੋ ਉਹ ਗਲਤ ਸੂਚਨਾਵਾਂ ਤੇ ਪਰਚਾਰ ਦੇ ਰੌਹ ਵਿੱਚ ਨਾ ਵਹਿ ਜਾਣ।
ਉਸ ਵੇਲੇ ਜਦੋਂ ਅੱਤਵਾਦੀ ਦਨਦਨਾਂਦੇ ਪਏ ਸਨ, ਤੇ ਅਨੇਕਾਂ ਪੁਲਿਸ ਵਾਲੇ ਵੀ ਡਰਦੇ ਮਾਰੇ ਮੂੰਹ ਮੋੜ ਲੈਂਦੇ ਸਨ, ਭਾਰਤੀ ਕਮਿਉਨਿਸਟ ਪਾਰਟੀ ਦੇ ਕਾਰਕੁਨਾਂ ਨੇ ਵਿਚਾਰਧਾਰਕ ਲੜਾਈ ਲੜ ਕੇ ਅਤੇ ਆਪਣੇ ਜੀਵਨ ਦੇ ਬਲਿਦਾਨ ਦੇ ਕੇ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਕੀਤੀ। ਇਸ ਦੌਰਾਨ ਪਾਰਟੀ ਕਾਰਕੁਨਾਂ ਨੇ ਅੱਤਵਾਦੀਆਂ ਦਾ ਮੁਕਾਬਲਾ ਵੀ ਕੀਤਾ ਤੇ ਸਮਾਜਿਕ ਸਦਭਾਵਨਾ ਕਾਇਮ ਕਰਨ ਵਿੱਚ ਵੀ ਭੂਮਿਕਾ ਅਦਾ ਕੀਤੀ। ਕਈ ਥਾਵਾਂ ਤੇ ਫਿਰਕੂ ਦੰਗੇ ਰੋਕਣ ਵਿੱਚ ਵੀ ਸਾਥੀਆਂ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਰੋਲ ਅਦਾ ਕੀਤਾ। ਇਸ ਸੰਘਰਸ਼ ਵਿੱਚ ਕਾਮਰੇਡ ਅਰਜਨ ਸਿੰਘ ਮਸਤਾਨਾ, ਦਰਸ਼ਨ ਸਿੰਘ ਕੈਨੇਡੀਅਨ, ਗੁਰਮੇਲ ਹੂੰਝਣ, ਅਮੋਲਕ ਸਿੰਘ, ਗੁਰਸੇਵਕ ਸਿੰਘ, ਰਵਿੰਦਰ ਰਵੀ, ਹਰਪਾਲ ਸਿੰਘ ਖੋਖਰ ਵਰਗੇ ਅਨੇਕਾਂ ਹੀਰੇ ਸ਼ਹੀਦੀਆਂ ਪਾ ਗਏ। ਪਾਰਟੀ ਨੇ ਸਹੀ ਮਾਹਣਿਆਂ ਵਿੱਚ ਸਾਮਰਾਜੀ ਸਾਜ਼ਿਸ਼ ਨੂੰ ਪਛਾਣਿਆ ਅਤੇ ਤਿੱਖੀ ਵਿਚਾਰਕ ਲੜਾਈ ਦੇ ਕੇ ਇਸਦਾ ਪਰਦਾ ਫਾਸ਼ ਕੀਤਾ। ਉਸ ਦੌਰ ਵਿੱਚ ਪਾਰਟੀ ਵਲੋਂ ਦਿੱਤਾ ਨਾ ਹਿੰਦੂ ਰਾਜ ਨਾ ਖਾਲਿਸਤਾਨ ਜੁਗ ਜੁਗ ਜੀਵੇ ਹਿੰਦੋਸਤਾਨ ਦਾ ਨਾਅਰਾ ਨਾ ਕੇਵਲ ਪੰਜਾਬ ਵਿੱਚ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਦਾ ਸੋਮਾ ਬਣਿਆ ਬਲਕਿ ਸਾਰੇ ਦੇਸ਼ ਵਿੱਚ ਸਲਾਹਿਆ ਗਿਆ।
ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਅਕਾਲੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ (ਪੁਰਾਣੀ ਭਾਰਤੀ ਜਨਸੰਘ ਪਾਰਟੀ) ਹਮੇਸ਼ਾਂ ਇੱਕ ਦੂਜੇ ਦੇ ਵਿਰੁੱਧ ਫ਼ਿਰਕੂ ਤੋਹਮਤਾਂ ਲਾਉਂਦੇ ਹੋਏ ਲੋਕਾਂ ਦੇ ਭਾਈਚਾਰੇ ਨੂੰ ਕਮਜ਼ੋਰ ਕਰਨ ਦੀ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਇਸ ਮਾਹੌਲ ਨੇ ਭਿੰਡਰਾਂਵਾਲੇ ਵਰਗੇ ਫ਼ਿਰਕੂ ਸੌੜੀ ਸੋਚ ਵਾਲਿਆਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਕਾਂਗਰਸ ਵਲੋਂ ਸੌੜੇ ਰਾਜਨੀਤਿਕ ਹਿੱਤਾਂ ਲਈ ਭਿਂਡਰਾਂਵਾਲੇ ਨੂੰ ਵਰਤਣ ਦੇ ਕਾਰਨ ਮਹੌਲ ਹੋਰ ਖਰਾਬ ਹੋਇਆ। ਕਾਂਗਰਸ ਦੀ ਉਸ ਗਲਤ ਨੀਤੀ ਕਰਕੇ ਬਾਅਦ ਵਿੱੰਚ ਪੰਜਾਬ ਦੀ ਜਨਤਾ ਨੂੰ ਗੰਭੀਰ ਸਿੱਟੇ ਭੁਗਤਣੇ ਪਏ। ਪਹਿਲਾਂ ਅਕਾਲੀ ਭਿੰਡਰਾਂਵਾਲੇ ਨੂੰ ਕਾਂਗਰਸ ਦਾ ਏਜੰਟ ਦਸਦੇ ਰਹੇ ਪਰ ਬਾਅਦ ਵਿੱਚ ਉਹਨਾ ਨੇ ਉਸਨੂੰ ਵਰਤਣ ਵਿੱਚ ਕੋਈ ਕਸਰ ਨਾ ਛੱਡੀ। ਚੰਗੀ ਤਰਾਂ ਯਾਦ ਹੈ ਕਿ ਉਸ ਵੇਲੇ ਕਿਵੇਂ ਅਕਾਲੀ ਤੇ ਭਾਜਪਾਈ ਘੁਰਨਿਆਂ ਵਿੱਚ ਵੜੇ ਬੈਠੇ ਸਨ। ਅਕਾਲੀਆਂ ਵਲੋਂ ਸੰਵਿਧਾਨ ਨੂੰ ਪਾੜਨ ਦੀ ਘਟਨਾ ਪੂਰੀ ਤਰਾਂ ਚੇਤੇ ਹੈ। ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਸ ਵੇਲੇ ਅਕਾਲੀਆਂ ਵਿੱਚ ਨਰਮ ਤੇ ਗਰਮ ਖਿਆਲੀਆਂ ਦੀ ਚਰਚਾ ਵੀ ਚੱਲੀ ਸੀ। ਨਿਰਦੋਸ਼ਾਂ ਦੇ ਕਾਤਿਲ ਅੱਤਵਾਦੀਆਂ ਨੂੰ ਸਿਵਾਏ ਕਮਿਉਨਿਸਟਾਂ ਦੇ ਸਭ ਡਰਦੇ ਮਾਰੇ ਖਾੜਕੂ ਆਖਣ ਲੱਗ ਪਏ ਸਨ। ਇਹ ਗੱਲ ਭੁੱਲੀ ਨਹੀਂ ਕਿ ਕਿਵੇਂ ਅਮਨ ਕਮੇਟੀਆਂ ਵਿੱਚ ਅਕਾਲੀ ਤੇ ਸੰਘੀ ਇੱਕ ਦੂਸਰੇ ਤੇ ਫ਼ਿਰਕੂ ਦ੍ਰਿਸ਼ਟੀਕੋਣ ਨਾਲ ਦੂਸ਼ਣਬਾਜ਼ੀ ਕਰਦੇ ਸਨ ਤੇ ਕਮਿਉਨਿਸਟ ਅਤੇ ਅਗਾਂਹਵਧੂ ਲੋਕ ਉਹਨਾਂ ਨੂੰ ਠੰਡੇ ਕਰਦੇ ਰਹਿ ਜਾਂਦੇ ਸਨ। ਇਸ ਕਿਸਮ ਦਾ ਮਾਹੌਲ ਬਣਾ ਦਿੱਤਾ ਗਿਆ ਸੀ ਕਿ ਜੋ ਕੋਈ ਵੀ ਵੱਖਵਾਦੀ ਅਤੇ ਫ਼ਿਰਕੂ ਸੋਚ ਦਾ ਵਿਰੋਧ ਕਰਦਾ ਸੀ ਉਸਨੂੰ ਡਰਾਉਣਾ ਧਮਕਾਉਣਾ ਆਮ ਗੱਲ ਸੀ ਅਤੇ ਅਤੇ ਕਈਆਂ ਨੂੰ ਤਾਂ ਜਾਨੋਂ ਮਾਰ ਦਿੱਤਾ ਗਿਆ।
ਅੱਜ ਬਲਿਊ ਸਟਾਰ ਦੀ ਗੱਲ ਤਾਂ ਕੀਤੀ ਜਾ ਰਹੀ ਹੈ, ਪਰ ਉਸਦੇ ਪਿੱਛੇ ਪਵਿੱਤਰ ਦਰਬਾਰ ਸਾਹਿਬ ਦੀ ਬੇਅਦਬੀ ਜੋ ਲਗਾਤਾਰ ਹੋ ਰਹੀ ਸੀ ਬਾਰੇ ਅੱਖਾਂ ਮੀਟੀਆਂ ਹੋਈਆਂ ਹਨ। ਬਲੈਕ ਥੰਡਰ ਆਪਰੇਸ਼ਨ ਜੋ ਬਰਨਾਲਾ ਸਰਕਾਰ ਵੇਲੇ ਕੀਤਾ ਗਿਆ, ਉਸਨੂੰ ਤਾਂ ਬਿਲਕੁਲ ਭੁਲਾ ਹੀ ਦਿੱਤਾ ਗਿਆ ਹੈ ਕਿਓਂਕਿ ਉਸ ਵਿੱਚ ਸਭ ਕੁੱਝ ਟੈਲੀਵੀਜ਼ਨ ਤੇ ਦਿਖਾਇਆ ਜਾ ਰਿਹਾ ਸੀ ਤੇ ਹਰ ਚੀਜ਼ ਪਾਰਦਰਸ਼ੀ ਸੀ। ਅੱਜ ਪੰਜਾਬ ਵਿੱਚ ਨਿਰਦੋਸ਼ਾਂ ਦੇ ਕਤਲਾਂ ਦੀ ਗੱਲ ਦਾ ਜ਼ਿਕਰ ਤੱਕ ਨਹੀਂ ਹੋ ਰਿਹਾ। ਇਸ ਗੱਲ ਦਾ ਵੀ ਕੋਈ ਜਿਕਰ ਨਹੀ ਹੋ ਰਿਹਾ ਹੈ ਕਿ ਕਿਵੇ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਉੱਪਰ ਫੌਜੀ ਕਾਰਵਾਈ ਦਾ ਦਬਾਅ ਪਾਇਆ। ਦੂਜੇ ਪਾਸੇ ਅਕਾਲੀ ਡਰਦੇ ਹੋਏ ਕੁਝ ਨਹੀ ਸਨ ਬੋਲਦੇ। ਦਿੱਲੀ ਤੇ ਹੋਰ ਥਾਵਾਂ ਤੇ ਦੰਗਿਆਂ ਵਿੱਚ ਸੰਘੀਆਂ ਦਾ ਵੀ ਹੱਥ ਸੀ, ਇਸਦੀ ਪੜਤਾਲ ਦੀ ਗੱਲ ਕੋਈ ਨਹੀਂ ਕਰਦਾ। ਮਈ ਵਿੱਚ ਹੋਈਆਂ ਸੰਸਦੀ ਚੋਣਾਂ ਦੌਰਾਨ ਪੰਜਾਬ ਵਿੱਚ ਲੋਕ ਮੁੱਦੇ ਪਿੱਛੇ ਰਹਿ ਗਏ ਤੇ ਬਰਗਾੜੀ ਦੀਆਂ ਘਟਨਾਵਾਂ ਨੂੰ ਚੋਣ ਪਰਚਾਰ ਵਿੱਚ ਬਹੁਤ ਅਹਿਮੀਅਤ ਦਿੱਤੀ ਗਈ। ਪੰਜਾਬ ਦਾ ਮੁੱਖ ਮੰਤਰੀ ਵੀ ਇਸ ਕਿਸਮ ਦੀ ਸੋਚ ਦਾ ਸਮਰਥਕ ਹੈ।
ਇਸ ਲਈ ਅੱਜ ਇਸ ਗੱਲ ਦੀ ਲੋੜ ਹੈ ਕਿ ਸੱਚ ਲੋਕਾਂ ਨੂੰ ਦੱਸਿਆ ਜਾਏ। ਘਟਨਾਵਾਂ ਦਾ ਜ਼ਿਕਰ ਵਿਗਿਆਨਕ ਢੰਗ ਦੇ ਨਾਲ ਨਾ ਕਿ ਫ਼ਿਰਕੂ ਨਿਗਾਹ ਨਾਲ ਕੀਤਾ ਜਾਏ। ਜਿਹੜੇ ਧਰਮਨਿਰਪੱਖ ਤੇ ਜਮਹੂਰੀ ਸੋਚ ਰੱਖਣ ਵਾਲੇ ਬੁੱਧੀਜੀਵੀ ਉਦੋਂ ਕਾਰਜਸ਼ੀਲ ਸਨ ਉਹਨਾਂ ਨੂੰ ਚਾਹੀਦਾ ਹੈ ਕਿ ਜੋ ਮਾਹੌਲ ਅੱਜ ਬਣਾਇਆ ਜਾ ਰਿਹਾ ਹੈ ਉਸਤੇ ਚੁੱਪ ਨਾ ਬੈਠਣ ਬਲਕਿ ਆਪਣੇ ਉਸ ਸਮੇਂ ਦੇ ਅਨੁਭਵਾਂ ਨੂੰ ਲੋਕਾਂ ਨਾਲ ਬਿਨਾਂ ਕਿਸੇ ਭੜਕਾਹਟ ਦੇ ਸਾਂਝਾ ਕਰਨ। ਅੱਜ ਹਾਲਾਤ 1980ਵਿਆਂ ਨਾਲੋਂ ਇਸ ਕਾਰਨ ਵੀ ਬਦਤਰ ਹਨ ਕਿ ਕੇਂਦਰ ਵਿੱਚ ਅੱਤ ਦੀ ਫ਼ਿਰਕੂ ਸਰਕਾਰ ਸੱਤਾ ਵਿੱਚ ਦੁਬਾਰਾ ਆ ਗਈ ਹੈ। ਫ਼ਿਰਕੂ ਸ਼ਕਤੀਆਂ ਹਮੇਸ਼ਾਂ ਹੀ ਇੱਕ ਦੂਸਰੇ ਦੀਆਂ ਪੂਰਕ ਹੁੰਦੀਆਂ ਹਨ। ਕੇਂਦਰ ਵਿੱਚ ਬੈਠੇ ਸ਼ਾਸਕ ਸੂਬੇ ਅੰਦਰ ਫ਼ਿਰਕੂ ਸਦਭਾਵਨਾ ਨੂੰ ਅੱਗ ਲਾਉਣ ਵਿੱਚ ਦੇਰ ਨਹੀਂ ਲਾਉਣਗੇ। ਵਿਦੇਸ਼ਾਂ ਵਿੱਚ ਬੈਠੇ ਜੀਵਨ ਦਾ ਅਨੰਦ ਮਾਣਦੇ ਸਾਜ਼ਿਸ਼ਾਂ ਕਰਨ ਵਾਲੇ ਕੁੱਝ ਮੁੱਠੀਭਰ ਧਨੀ ਲੋਕ ਇੱਕ ਵਾਰ ਫਿਰ ਪੰਜਾਬ ਵਿੱਚ ਮਾਹੌਲ ਖਰਾਬ ਕਰਨ ਦਾ ਉਪਰਾਲਾ ਕਰ ਰਹੇ ਹਨ। ਇਸਦੇ ਵਿਰੁੱਧ ਚੇਤਨ ਰਹਿਣਾ ਤੇ ਇਸਨੂੰ ਸ਼ਿਕਸਤ ਦੇਣੀ ਜ਼ਰੂਰੀ ਹੈ। ਪੰਜਾਬ ਸਰਕਾਰ ਇਸ ਬਾਰੇ ਬਿਲਕੁਲ ਅਵੇਸਲੀ ਹੈ। ਸੱਤਾ ਦੀ ਇਹ ਜੁੰਮੇਵਾਰੀ ਬਣਦੀ ਹੈ ਕਿ ਦੇਸ਼ ਦੀ ਏਕਤਾ, ਅਖੰਡਤਾ, ਸਮਾਜੀ ਸਦਭਾਵਨਾ ਦੀ ਰਾਖੀ ਵਿੱਚ ਸਮਾਂ ਰਹਿੰਦੇ ਕਦਮ ਚੁੱਕੇ।
ਇਸ ਲਈ ਅੱਜ ਕਮਿਉਨਿਸਟਾਂ ਦੇ ਲਈ ਜਰੂਰੀ ਬਣ ਗਿਆ ਹੈ ਕਿ ਜਿੱਥੇ ਲੋਕਾਂ ਦੀਆਂ ਹੱਕੀ ਮੰਗਾਂ ਦੇ ਲਈ ਸੰਘਰਸ਼ ਕੀਤੇ ਜਾਣ ਉੱਥੇ ਨਾਲ ਹੀ ਮੌਜੂਦਾ ਹਾਲਾਤ ਉੱਪਰ ਲਗਾਤਾਰ ਤਿੱਖੀ ਨਜ਼ਰ ਰੱਖ ਕੇ ਇਹਨਾਂ ਨੂੰ ਸਹੀ ਦਿਸ਼ਾ ਵੱਲ ਲਿਜਾਉਣ ਲਈ ਲੋਕ ਲਾਮਬੰਦੀ ਕੀਤੀ ਜਾਏ। ਅਸੀਂ ਭੁੱਲੇ ਨਹੀਂ ਕਿ ਉਸ ਵੇਲੇ ਦੇ ਮਾਹੌਲ ਵਿੱਚ ਲੋਕਾਂ ਦੇ ਰੋਜ਼ਮਰਾ ਜ਼ਿੰਦਗੀ ਦੇ ਮੁੱਦੇ ਤੇ ਉਹਨਾਂ ਲਈ ਸੰਘਰਸ਼ ਪਿੱਛੇ ਪੈ ਗਏ ਸੀ ਕਿਉਂਕਿ ਡਰ, ਖੌਫ਼ ਤੇ ਜ਼ਿੰਦਗੀ ਨੂੰ ਬਚਾਉਣ ਦਾ ਸਵਾਲ ਸਭ ਤੋਂ ਪਰਮੁੱਖ ਬਣ ਗਿਆ ਸੀ।
ਅੱਤਵਾਦ ਵਲੋਂ ਦਿੱਤੇ ਜ਼ਖ਼ਮ, 31 ਸਾਲਾਂ ਬਾਅਦ ਵੀ 'ਅੱਲ੍ਹੇ
ਲੈਨਿਨ ਦਾ ਸਾਮਰਾਜਵਾਦ ਬਾਰੇ ਥੀਸਿਸ ਅੱਜ ਵੀ ਸਾਰਥਿਕ-ਅੰਮ੍ਰਿਤਪਾਲ
ਸੀਪੀਆਈ ਲੁਧਿਆਣਾ ਵਲੋਂ ਪੁਲਿਸ ਦੇ ਖਿਲਾਫ ਪਰੈਸ ਕਾਨਫਰੰਸ
ਅੱਤਵਾਦ ਵਲੋਂ ਦਿੱਤੇ ਜ਼ਖ਼ਮ, 31 ਸਾਲਾਂ ਬਾਅਦ ਵੀ 'ਅੱਲ੍ਹੇ
ਲੈਨਿਨ ਦਾ ਸਾਮਰਾਜਵਾਦ ਬਾਰੇ ਥੀਸਿਸ ਅੱਜ ਵੀ ਸਾਰਥਿਕ-ਅੰਮ੍ਰਿਤਪਾਲ
ਸੀਪੀਆਈ ਲੁਧਿਆਣਾ ਵਲੋਂ ਪੁਲਿਸ ਦੇ ਖਿਲਾਫ ਪਰੈਸ ਕਾਨਫਰੰਸ
No comments:
Post a Comment