ਸੈਮੀਨਾਰ 'ਚ ਬੜੀ ਹੀ ਬੇਬਾਕੀ ਪਰ ਸਲੀਕੇ ਨਾਲ ਉਠਾਏ ਗਏ ਕਈ ਨੁਕਤੇ
ਚੰਡੀਗੜ੍ਹ: 19 ਜੂਨ 2021: (ਪੰਜਾਬ ਸਕਰੀਨ ਟੀਮ)::ਮਾਨਾ ਕਿ ਤਬਾਹੀ ਮੇਂ, ਕੁਛ ਹਾਥ ਹੈ ਦੁਸ਼ਮਨ ਕਾ!
ਪਰ ਚਾਲ ਕਿਆਮਤ ਕੀ ਅਪਨੇ ਭੀ ਤੋਂ ਚਲਤੇ ਹੈਂ!
ਬਲਿਊ ਸਟਾਰ ਓਪਰੇਸ਼ਨ ਨੂੰ ਤਿੰਨ ਦਹਾਕਿਆਂ ਤੋਂ ਵੱਧ ਦਾ ਸਮਾਂ ਲੰਘ ਚੁੱਕਿਆ ਹੈ। ਅੱਜ 37 ਸਾਲਾਂ ਬਾਅਦ ਵੀ ਅਸੀਂ ਉਹਨਾਂ ਜ਼ਖਮਾਂ ਦੀ ਨਾ ਤਾਂ ਮਰਹਮ ਲੱਭ ਸਕੇ ਅਤੇ ਨਾ ਹੀ ਉਹਨਾਂ ਨੂੰ ਭੁੱਲ ਸਕੇ। ਨਾ ਭੁੱਲਣਯੋਗ, ਨਾ ਬਖਸ਼ਣਯੋਗ ਅਜਿਹੇ ਨਾਅਰੇ ਬਹੁਤ ਲੱਗੇ। ਚੋਣਾਂ ਦੇ ਦਿਨ ਨੇੜੇ ਆਉਂਦੀਆਂ ਹੀ ਇਹ ਮੁੱਦੇ ਚੁੱਕ ਲਏ ਜਾਂਦੇ ਤੇ ਚੋਣਾਂ ਮਗਰੋਂ ਵਿਸਾਰ ਦਿੱਤੇ ਜਾਂਦੇ। ਇਹਨਾਂ ਸਾਰੀਆਂ ਗੱਲਾਂ ਤੇ ਬਾਰੀਕੀ ਨਾਲ ਬਾਜ਼ ਨਜ਼ਰ ਰੱਖ ਰਹੇ ਉਹਨਾਂ ਬੁਧੀਜੀਵੀਆਂ ਨੇ ਅੱਜ ਫਿਰ ਚਰਚਾ ਕੀਤੀ ਜਿਹਨਾਂ ਨੇ ਨਾ ਤਾਂ ਅਸੰਬਲੀ ਚੋਣਾਂ ਵਿੱਚੋਂ ਕੁਝ ਲੈਣਾ ਹੁੰਦਾ ਹੈ ਤੇ ਨਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚੋਂ। ਹਾਂ ਚੋਣਾਂ ਦੇ ਮੌਸਮ ਨੂੰ ਇਹਨਾਂ ਮੁੱਦਿਆਂ ਦੇ ਹੱਕ ਵਿੱਚ ਵਰਤਣ ਦੀ ਕੋਈ ਰਣਨੀਤੀ ਜ਼ਰੂਰ ਹੋ ਸਕਦੀ ਹੈ। ਅੱਜ ਦੇ ਸੈਮੀਨਾਰ ਵਿੱਚ ਮੁਖ ਬੁਲਾਰੇ ਸਨ ਉਘੇ ਸਿੱਖ ਸਕਾਲਰ ਰਾਜਵਿੰਦਰ ਸਿੰਘ ਰਾਹੀਂ। ਪੰਥਕ ਸ਼ਖ਼ਸੀਅਤ ਸੁਖਦੇਵ ਸਿੰਘ ਭੌਰ ਪਤਾ ਨਹੀਂ ਕਿਸੇ ਕਾਰਨ ਕਿਓਂ ਨਹੀਂ ਪੁੱਜ ਸਕੇ। ਸਮਾਗਮ ਕਰਵਾਇਆ ਚੰਡੀਗੜ੍ਹ ਦੇ ਸੈਕਟਰ 28 ਵਿੱਚ ਸਥਿਤ ਗੁਰੂ ਗ੍ਰੰਥ ਸਾਹਿਬ ਭਵਨ ਦੇ ਗਿਆਨੀ ਗੁਰਦਿੱਤ ਸਿੰਘ ਲਾਇਬ੍ਰੇਰੀ ਹਾਲ ਵਿੱਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ। ਇਸ ਸੰਬੰਧੀ ਕੁਝ ਹੋਰ ਠੋਸ ਕਦਮ ਚੁੱਕੇ ਜਾਣ ਦੀ ਵੀ ਸੰਭਾਵਨਾ ਹੈ। ਇਸ ਵਾਰ ਇਸ ਸੰਘਰਸ਼ ਦੀ ਲੜਾਈ ਹੋਰ ਤਿੱਖੀ ਹੋ ਸਕਦੀ ਹੈ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਜੂਨ 1984 ਵਿੱਚ ਲਾਪਤਾ ਹੋਈ ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਸੱਦੇ ਸੈਮੀਨਾਰ ਉੱਤੇ ਬੋਲਦਿਆਂ ਸਿੱਖ ਬੁੱਧਜੀਵੀਆਂ ਨੇ ਕਿਹਾ ਕਿ ਲਾਇਬਰੇਰੀ ਦਾ ਲਾਪਤਾ ਕਰਨਾ ਸਿੱਖ ਧਾਰਮਿਕ ਅਤੇ ਇਤਿਹਾਸਕ ਵਿਰਸੇ ਨੂੰ ਤਬਾਹ ਕਰਨਾ ਹੈ। ਉਹਨਾਂ ਨੇ ਅਕਾਲੀ ਸਰਕਾਰਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ 37 ਸਾਲ ਤੱਕ ਲਾਇਬਰੇਰੀ ਮੁੱਦੇ ਨੂੰ ਲਮਕਾ ਕੇ ਰੱਖਣ ਦੇ ਦੋਸ਼ੀ ਗਰਦਾਨਦਿਆਂ ਇਸ ਸਬੰਧ ਵਿੱਚ ਅਕਾਲ ਤਖਤ ਉੱਤੇ ਜਾਣ ਦਾ ਫੈਸਲਾ ਵੀ ਕੀਤਾ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਸਿੰਘ ਸਭਾ ਹਰ ਸਾਲ ਜੂਨ ਮਹੀਨੇ ਨੂੰ ਜੂਨ ਚੌਰਾਸੀ ਦੇ ਸਾਕੇ ਨੂੰ ਸਮਰਪਿਤ ਕਰਿਆ ਕਰੇਗੀ ਤੇ ਸਾਰਾ ਮਹੀਨੇ ਵੱਖ-ਵੱਖ ਮੁੱਦਿਆਂ ’ਤੇ ਸੈਮੀਨਾਰ ਕਰਵਾਇਆ ਜਾਇਆ ਕਰਨਗੇ। ਜ਼ਿਕਰਯੋਗ ਹੈ ਕਿ ਸ੍ਰੀ ਕੇਂਦਰੀ ਸਿੰਘ ਸਭਾ ਅਤੇ ਉਘੇ ਲੇਖਕ ਰਾਜਵਿੰਦਰ ਸਿੰਘ ਰਾਹੀ ਇਸ ਮਸਲੇ ਨੂੰ ਲੈ ਕੇ ਕਾਫੀ ਚਿਰ ਤੋਂ ਸਰਗਰਮ ਹਨ।
ਇੱਕ ਹੋਰ ਬੁਲਾਰੇ ਨੇ ਦਸਿਆ ਕਿ ਜੂਨ 1984 ਵਿੱਚ ਲੱਗੀ ਜਾਂ ਲਗਾਈ ਗਈ ਇਹ ਅੱਗ ਵੀ ਅਜੀਬ ਸੀ। ਜਿਸਨੇ ਮੇਜ਼ਾਂ ਤੇ ਬਾਹਰ ਪਏ ਵੱਡੇ ਨੂੰ ਤਾਂ ਨਹੀਂ ਸਾੜਿਆ, ਦਹਾਕਿਆਂ ਨਾਲ ਭਰੇ ਕਮਰਿਆਂ ਨੂੰ ਵੀ ਨਹੀਂ ਸਾੜਿਆ ਪਰ ਜੋ ਜੋ ਅਨਮੋਲ ਸੀ ਉਹ ਸਭ ਕੁਝ ਸਾੜਿਆ। ਮਹਾਰਾਜਾ ਰਣਜੀਤ ਸਿੰਘ ਵੱਲੋਂ ਤੋਹਫੇ ਵੱਜੋਂ ਦਿੱਤੀ ਚਾਂਦਨੀ ਦਾ ਜ਼ਿਕਰ ਵੀ ਛਿੜਿਆ ਤਾਂ ਦੱਸਿਆ ਗਿਆ ਕਿ ਉਹ ਵੀ ਸੁਆਹ ਹੋ ਗਈ। ਉਸ ਸੁਆਹ ਨੂੰ ਹੱਥਾਂ ਵਿੱਚ ਲੈ ਕੇ ਫਰੋਲਿਆ ਗਿਆ ਤਾਂ ਨਾ ਤਾਂ ਉਸ ਵਿੱਚੋਂ ਹੀਰੇ ਲੱਭੇ ਅਤੇ ਨਾ ਹੀ ਸੋਨਾ। ਇਹ ਸਭ ਕੁਝ ਵੀ ਸੁਆਹ ਆਖ ਕੇ ਹੀ ਸਾਰੇ ਮਾਮਲੇ ਤੇ ਮਿੱਟੀ ਪਾ ਦਿੱਤੀ ਗਈ।
ਇਹਨਾਂ ਕਈ ਨੁਕਤਿਆਂ ਦੇ ਨਾਲ ਨਾਲ ਆਰ ਐਸ ਐਸ ਦੇ ਇਸ਼ਾਰਿਆਂ ਹੇਠ ਕਾਰਸੇਵਾ ਕਰਾਉਣ ਦੀਆਂ ਗੱਲਾਂ ਵੀ ਸੈਮੀਨਾਰ ਵਿੱਚ ਉੱਠੀਆਂ। ਕਾਰਸੇਵਾ ਦੇ ਨਾਮ ਹੇਠ ਅਸਲੀ ਨਿਸ਼ਾਨੀਆਂ ਨੂੰ ਮਿਟਾਉਣ ਦੀਆਂ ਸਾਜ਼ਿਸ਼ਾਂ ਬਾਰੇ ਵੀ ਸੰਖੇਪ ਜਿਹੀ ਚਰਚਾ ਹੋਈ। ਸਰਕਾਰਾਂ ਨੇ ਬਲਿਊ ਸਟਾਰ ਓਪਰੇਸ਼ਨ ਦੇ ਜਬਰ ਜ਼ੁਲਮ ਮਗਰੋਂ ਜਿਹੜੀਆਂ ਕਲੋਲਾਂ ਸਿੱਖ ਕੌਮ ਨਾਲ ਕੀਤੀਆਂ ਉਹਨਾਂ ਬਾਰੇ ਵੀ ਇਸ਼ਾਰਿਆਂ ਵਿੱਚ ਗੱਲਾਂ ਹੋਈਆਂ। ਅੱਜ ਦੇ ਸੈਮੀਨਾਰ ਵਿੱਚ ਦਿਲਚਸਪ ਗੱਲ ਇਹ ਸੀ ਕਿ ਨਾ ਤਾਂ ਦਲੀਲ ਦਾ ਪੱਲਾ ਹੱਥੋਂ ਛੱਡਿਆ ਗਿਆ ਅਤੇ ਨਾ ਹੀ ਕੋਈ ਭੜਕਾਊ ਸ਼ਬਦਾਵਲੀ ਜਾਂ ਅੰਦਾਜ਼ ਹੀ ਵਰਤਿਆ ਗਿਆ। ਇੱਕੋ ਗੱਲ ਤੇ ਹੀ ਸੀ ਕਿ ਕਿਸੇ ਨ ਕਿਸੇ ਤਰੀਕੇ ਉਹ ਸਾਰੀਆਂ ਦੁਰਲਭ ਵਸਤਾਂ ਨੂੰ ਸੌਂਪੀਆਂ ਜਾਣ ਜੇ ਇਸ ਕੰਮ ਲਈ ਪੈਸੇ ਅਸੀਂ ਸਬੰਧਿਤ ਧਿਰਾਂ ਨੂੰ ਪੈਸੇ ਲਈ ਵੀ ਤਿਆਰ ਹਾਂ।
ਮੁੱਖ ਪਰਚੇ ਨੂੰ ਪੇਸ਼ ਕਰਦਿਆ ਸਿੱਖ ਚਿੰਤਕ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ 2004 ਵਿੱਚ ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਇੱਕ ਪਟੀਸ਼ਨ ਅਹਿਮ ਫੈਸਲਾ ਦਿੱਤਾ ਗਿਆ। ਉਸ ਫੈਸਲੇ ਦੀਆਂ ਸ. ਰਾਹੀ ਨੇ ਪਰਤਾਂ ਖੋਹਲੀਆਂ। ਇਸ ਕੇਸ਼ ਵਿੱਚ ਸੀ.ਬੀ.ਆਈ, ਗ੍ਰਹਿ ਵਿਭਾਗ, ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਪਾਰਟੀ ਬਣਾਇਆ ਗਿਆ ਸੀ। ਸ. ਰਾਹੀ ਨੇ ਕਿਹਾ ਕਿ ਹਾਈਕੋਰਟ ਵੱਲੋਂ ਆਏ ਫੈਸਲੇ ਵਿੱਚ ਸੀ.ਬੀ.ਆਈ ਜੁਆਬ ਦੇ ਚੁੱਕੀ ਹੈ ਕਿ ਫੌਜ ਨੇ ਜੂਨ 1984 ਵਿੱਚ ਸਿੱਖ ਲਾਇਬਰੇਰੀ ਦਾ ਸਮਾਨ ਚੁੱਕਿਆ ਸੀ। ਅਤੇ ਸ਼੍ਰੋਮਣੀ ਕਮੇਟੀ ਨੂੰ ਸਾਰਾ ਵਾਪਸ ਕਰ ਚੁੱਕੀ ਹੈ। ਪਰ ਸ਼੍ਰੋਮਣੀ ਕਮੇਟੀ ਨੇ ਵੀਂ ਹਾਈਕੋਰਟ ਵਿੱਚ ਇਸ ਤੋਂ ਇਨਕਾਰ ਨਹੀਂ ਕੀਤਾ। ਇਸ ਕਰਕੇ, ਸਮਾਨ ਖੁਰਦ-ਬੁਰਦ ਕਰਨ ਦੀ ਮੁੱਖ ਦੋਸ਼ੀ ਸ਼੍ਰੋਮਣੀ ਕਮੇਟੀ ਹੈ ਸ. ਰਾਹੀ ਨੇ ਕਿਹਾ। ਉਹਨਾਂ ਇਹ ਵੀ ਦੱਸਿਆ ਕਿ ਕੁਝ ਲੋਕ ਵਿਦੇਸ਼ਾਂ ਵਿੱਚ ਦੁਰਲਭ ਬੀੜਾਂ ਦੇ ਦਰਸ਼ਨ ਕਰਵਾ ਆਪਣਾ ਨਾਮਣਾ ਵੀ ਖੱਟਦੇ ਰਹੇ ਹਨ। ਆਖਿਰ ਉਹ ਉਹ ਦੁਰਲਭ ਬੀੜਾਂ ਇਹਨਾਂ ਵਪਾਰੀ ਕਿਸਮ ਦੇ ਲੋਕਾਂ ਤੱਕ ਕਿਵੇਂ ਪਹੁੰਚੀਆਂ।
ਪੰਜਾਬ ਹਰਿਆਣਾ ਹਾਈਕੋਰਟ ਵਿੱਚ 2002 ਵਿੱਚ ਪਟੀਸ਼ਨ ਪਾਉਣ ਵਾਲੇ ਭਾਈ ਸਤਨਾਮ ਸਿੰਘ ਖੰਡਾ ਵੀ ਸੈਮੀਨਾਰ ਵਿੱਚ ਸ਼ਾਮਿਲ ਸਨ। ਉਹਨਾਂ ਦੇ ਇੱਕ ਇੱਕ ਸ਼ਬਦ ਨੂੰ ਹਾਲ ਵਿੱਚ ਮੌਜੂਦ ਸਭਨਾਂ ਨੇ ਬੜੇ ਹੀ ਧਿਆਨ ਨਾਲ ਸੁਣਿਆ। ਮੀਡੀਆ ਦੇ ਵੱਡੇ ਹਿੱਸੇ ਨੇ ਵੀ ਉਹਨਾਂ ਦੇ ਵਿਚਾਰ ਬਹੁਤ ਬਾਰੀਕੀ ਨਾਲ ਰਿਕਾਰਡ ਕੀਤੇ। ਇਹ ਉਹ ਗੱਲਾਂ ਸਨ ਲੰਮੇ ਅਰਸੇ ਮਗਰੋਂ ਵੀ ਹਨ। ਉਹਨਾਂ ਬਹੁਤ ਕੁਝ ਅਜਿਹਾ ਦੱਸਿਆ ਜਿਹੜਾ ਬੇਹੱਦ ਸਨਸਨੀਖੇਜ਼ ਸੀ। ਲਾਇਬ੍ਰੇਰੀ ਵਾਲੇ ਜਮੁੱਦੇ ਨੂੰ ਖੁਰਦ ਬੁਰਦ ਕਰਾਉਣ ਲਈ ਡਰਾਵਿਆਂ ਅਤੇ ਲਾਲਚਾਂ ਦੋਹਾਂ ਦੀ ਝੜੀ ਵੀ ਲੱਗੀ ਰਹੀ। ਉਹਨਾਂ ਨੇ ਕਿਹਾ ਕਿ ਕੋਰਟ ਵਿੱਚ ਸ਼੍ਰੋਮਣੀ ਕਮੇਟੀ ਨੂੰ ਜੱਜ ਨੇ ਬਾਕਾਇਦਾ ਝਾੜਿਆ ਅਤੇ ਝਾੜ ਪਾਉਂਦਿਆਂ ਹੀ ਕਿਹਾ ਸੀ ਕਿ ਏਨੇ ਸਾਲਾਂ ਬਾਅਦ ਉਹ ਇਸ ਕੇਸ ਵਿੱਚ ਪਾਰਟੀ ਨਹੀਂ ਬਣ ਸਕਦੇ। ਇਸ ਕਰਕੇ ਕਮੇਟੀ ਨੂੰ ਸੈਕਿੰਡ ਪਾਰਟੀ ਮੰਨ ਲਿਆ ਗਿਆ ਸੀ। ਉਹਨਾਂ ਕਿਹਾ ਕਿ ਹਾਈਕੋਰਟ ਨੇ ਇਹ ਵੀ ਕਿਹਾ ਸੀ ਕਿ ਜੇਕਰ ਸ਼੍ਰੋਮਣੀ ਕਮੇਟੀ ਫੈਸਲੇ ਤੇ ਸਤੁੰਸ਼ਟ ਨਹੀਂ ਹੈ ਤਾਂ ਸੁਪਰੀਮ ਕੋਰਟ ਜਾ ਸਕਦੀ ਹੈ। ਪਰ ਸ਼੍ਰੋਮਣੀ ਕਮੇਟੀ ਵੀ ਸੁਪਰੀਮ ਕੋਰਟ ਨਹੀਂ ਗਈ। ਉਹਨਾਂ ਕਿਹਾ ਕਿ ਲਾਇਬਰੇਰੀ ਖੁਰਦ-ਬੁਰਦ ਕਰਨ ਲਈ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲ ਦੋਵੇਂ ਜ਼ੁੰਮੇਵਾਰ ਹਨ। ਭਾਈ ਸਤਨਾਮ ਸਿੰਘ ਖੰਡਾ ਨੇ ਇਸ ਮੁੱਦੇ ਤੇ ਬੋਲਦਿਆਂ ਬਹੁਤ ਸਾਰੇ ਪ੍ਰਗਟਾਵੇ ਕੀਤੇ। ਉਹਨਾਂ ਆਪਣੇ ਸੰਘਰਸ਼ ਦੌਰਾਨ ਜੋ ਜੋ ਵਾਪਰਿਆ ਉਸ ਬਾਰੇ ਵੀ ਇਸ਼ਰੀ ਇਸ਼ਾਰਿਆਂ ਵਿੱਚ ਦੱਸਿਆ। ਇਹਨਾਂ ਇਸ਼ਾਰਿਆਂ ਤੋਂ ਆਹਰ ਹੁੰਦਾ ਸੀ ਕਿ ਅਸਲ ਦੋਸ਼ੀ ਕੌਣ ਕੌਣ ਹਨ?
ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਪੱਤਰਕਾਰ ਜਸਪਾਲ ਸਿੰਘ ਸਿੱਧੂ, ਡਾ. ਪਿਆਰੇ ਲਾਲ ਗਰਗ, ਸ਼੍ਰੋਮਣੀ ਕਮੇਟੀ ਮੈੰਬਰ ਅਮਰਿੰਦਰ ਸਿੰਘ, ਦਵਿੰਦਰਪਾਲ ਸਿੰਘ ਪੰਜਾਬ ਡਿਜੀਟਲ ਲਾਇਬਰੇਰੀ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਧਾਨ ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਪ੍ਰੋਫੈਸਰ ਸ਼ਾਮ ਸਿੰਘ, ਪ੍ਰੋਫੈਸਰ ਹਰਪਾਲ ਸਿੰਘ, ਸਿਕਰੀ ਤੋਂ ਡਾ. ਜਸਵੰਤ ਸਿੰਘ ਵੱਲੋ ਵੀ ਆਪਣੇ ਵਿਚਾਰ ਰੱਖ ਗਏ।
ਸੈਮੀਨਾਰ ਵਿੱਚ ਜਸਪਾਲ ਸਿੰਘ ਢਿੱਲੋਂ, ਇੰਜ. ਗੁਰਪਾਲ ਸਿੰਘ ਸਿੱਧੂ, ਗਿਆਨੀ ਦਿੱਤ ਸਿੰਘ ਫਾਉਂਡੇਸ਼ਨ ਤੋਂ ਇੰਜ. ਸੁਰਿੰਦਰ ਸਿੰਘ ਕਲੌੜ, ਨਵਤੇਜ ਸਿੰਘ, ਨਿਸ਼ਾਨ ਸਿੰਘ ਸੋਢੀ ਜ਼ੀਰਕਪੁਰ, ਭੁਪਿੰਦਰ ਸਿੰਘ ਵਾਲੀਆ ਜ਼ੀਰਕਪੁਰ ਅਤੇ ਪ੍ਰੋਫੈਸਰ ਸਤਨਾਮ ਸਿੰਘ ਸੇਖੋਂ ਆਦਿ ਸ਼ਾਮਿਲ ਸਨ।
ਕੈਫ਼ੀ ਆਜ਼ਮੀ ਸਾਹਿਬ ਦਾ ਇੱਕ ਸ਼ੇਅਰ ਸੀ:
ਵੋ ਤੇਗ ਮਿਲ ਗਈ ਜਿਸ ਸੇ ਹੂਆ ਥਾ ਕਤਲ ਮੇਰਾ
ਕਿਸੀ ਕੇ ਹਾਥ ਕਾ ਉਸ ਪਰ ਨਿਸ਼ਾਂ ਨਹੀਂ ਮਿਲਤਾ!
ਪਰ ਰੈਫਰੈਂਸ ਲਾਇਬ੍ਰੇਰੀ ਦੇ ਨਾਲ ਆਖਿਰ ਕੀ ਕੀ ਹੋਇਆ ਇਸ ਬਾਰੇ ਖੋਜ ਪੜਤਾਲ ਕਰਨ ਲੱਗੀ ਹੋਈ ਇਸ ਟੀਮ ਨੇ ਭਾਵੇਂ ਉਹਨਾਂ ਹੱਥਾਂ ਦੇ ਨਿਸ਼ਾਨ ਵੀ ਲੱਭ ਲਏ ਹੋਣੇ ਹਨ ਜਿਹਨਾਂ ਨੇ ਇਸ ਨਾਜ਼ੁਕ ਅਤੇ ਦਰਦਭਰੀ ਮੌਕਿਆਂ ਦਾ ਪੂਰਾ ਫਾਇਦਾ ਉਠਾਇਆ ਪਰ ਫਿਰ ਵੀ ਇਸ ਕਾਫ਼ਿਲੇ ਨੇ ਆਪਣੇ ਮੂੰਹੋਂ ਕਿਸੇ ਤੇ ਦੋਸ਼ ਨਹੀਂ ਲਾਇਆ ਨਾ ਹੀ ਲਾਉਣਾ ਹੈ। ਇਸ ਟੀਮ ਨੇ ਸਭ ਕੁਝ ਬੜੇ ਹੀ ਸਬੂਤਾਂ ਨਾਲ ਸਭਨਾਂ ਦੇ ਸਾਹਮਣੇ ਲਿਆ ਕੇ ਰੱਖਣਾ ਹੈ। ਇਸ ਮਕਸਦ ਲਈ ਇੱਕ ਵਿਸ਼ੇਸ਼ ਜਾਂਚ ਕਮੇਟੀ ਬਣਾਉਣ ਦੀਆਂ ਵੀ ਤਿਆਰੀਆਂ ਹਨ ਜਿਹੜੀ ਨਿਸਚਿਤ ਸਮੇਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਲਿਆਵੇਗੀ। ਜਿਸ ਤਰ੍ਹਾਂ ਫੌਰੈਂਸਿਕ ਸਾਇੰਸ ਦੇ ਮਾਹਰ ਲੋਕ ਸਭ ਕੁਝ ਲੱਭ ਲਿਆਉਂਦੇ ਹਨ ਮਾਹਿਰਾਂ ਦੀਆਂ ਸੇਵਾਵਾਂ ਇਹ ਟੀਮ ਵੀ ਲਵੇਗੀ।
No comments:
Post a Comment