Showing posts with label Hawan. Show all posts
Showing posts with label Hawan. Show all posts

Thursday, June 06, 2019

ਪੰਜਾਬ ਦੇ ਅਮਨ ਨੂੰ ਫਿਰ ਲਾਂਬੂ ਲਾਉਣ ਦੀ ਖਤਰਨਾਕ ਸਾਜ਼ਿਸ਼

ਸੀਪੀਆਈ ਲੁਧਿਆਣਾ ਨੇ ਕੀਤੀ ਭੜਕਾਊ ਹਰਕਤਾਂ ਦੀ ਤਿੱਖੀ ਨਿਖੇਧੀ  
                                                                                                          ਤਸਵੀਰਾਂ:ਵਿਸ਼ਾਲ 
ਲੁਧਿਆਣਾ 6 ਜੂਨ 2019: (ਪੰਜਾਬ ਸਕਰੀਨ ਡੈਸਕ):: 
ਲੰਮੇ ਸਮੇਂ ਦੀਆਂ ਕੋਸ਼ਿਸ਼ਾਂ ਮਗਰੋਂ ਪੰਜਾਬ ਵਿੱਚ ਪਰਤਿਆ ਅਮਨ ਹੁਣ ਫਿਰ ਖਤਰਨਾਕ ਫਿਰਕੂ ਸਾਜ਼ਿਸ਼ਾਂ ਦੀ ਮਾਰ ਹੇਠ ਹੈ। ਅੱਜ ਲੁਧਿਆਣਾ ਅਤੇ ਪੰਜਾਬ ਦੀਆਂ ਕੁਝ ਹਰ ਥਾਂਵਾਂ 'ਤੇ ਪੈਦਾ ਕੀਤਾ ਗਿਆ ਤਣਾਅ ਇਹੀ ਸੰਕੇਤ ਦੇ ਰਿਹਾ ਹੈ। ਬਲਿਊ ਸਟਾਰ ਆਪਰੇਸ਼ਨ ਦੀ ਯਾਦ ਵਿੱਚ ਇਸ ਵਾਰ ਵੀ ਘੱਲੂਘਾਰਾ ਦਿਵਸ ਮਨਾਇਆ ਜਾਣਾ ਸੀ ਜੋ ਕਿ ਕੋਈ ਨਵੀਂ ਗੱਲ ਨਹੀਂ ਸੀ। ਪਿਛਲੇ 35 ਸਾਲਾਂ ਤੋਂ ਬਹੁਤ ਸਾਰੇ ਸੁਆਲਾਂ ਨੂੰ ਲੈ ਇਹ ਘੱਲੂਘਾਰਾ ਹਫਤਾ ਜਾਂ ਦਿਨ ਮਨਾਇਆ ਜਾਂਦਾ ਹੈ। ਇੱਕ ਦਰਦ ਹੈ ਜੋ ਅੱਜ ਵੀ ਤਾਜ਼ਾ ਹੈ। ਬਹੁਤ ਸਾਰੇ ਸੁਆਲ ਹਨ ਜਿਹਨਾਂ ਦਾ ਜੁਆਬ ਅੱਜ ਵੀ ਨਹੀਂ ਮਿਲਿਆ। ਸਿਆਸੀ ਸਾਜ਼ਿਸ਼ਾਂ ਉਸ ਦਰਦ ਦੀ ਸ਼ਿੱਦਤ ਅਤੇ ਅਹਿਸਾਸ ਦੀ ਤੀਬਰਤਾ ਨੂੰ ਅਜੇ ਵੀ ਘਟਾ ਨਹੀਂ ਸਕੀਆਂ। ਹਾਂ ਸਕਿਓਰਟੀ ਲੈਣ ਦੀਆਂ ਚਾਲਾਂ ਚੱਲਣ ਵਾਲੇ ਹਰ ਵਾਰ ਨਵੀਆਂ ਬਿਆਨਬਾਜ਼ੀਆਂ ਕਰਕੇ ਇਸਨੂੰ ਵਧ ਜ਼ਰੂਰ ਦੇਂਦੇ ਹਨ। ਇਸ ਵਾਰ ਵੀ ਇਹੀ ਕੁਝ ਹੋਇਆ। ਸਿੱਖ ਪੰਥ ਅਤੇ ਸਿੱਖ ਪੰਥ ਦੇ ਹਮਦਰਦ ਜਿਹਨਾਂ ਵਿੱਚ ਬਹੁਤ ਸਾਰੇ ਗੈਰ ਸਿੱਖ ਵੀ ਸ਼ਾਮਲ ਹਨ, ਹਰ ਸਾਲ ਇਸ ਦਿਨ ਨੂੰ ਮਨਾਉਂਦੇ ਹਨ। ਇਸਦੇ ਵਿਰੋਧ ਵਿੱਚ ਹਵਨ ਕਰਨ ਕਰਾਉਣ ਵਰਗੀਆਂ ਕਾਰਵਾਈਆਂ ਇਸ ਵਾਰ ਕੁਝ ਜ਼ਿਆਦਾ ਸਨ। ਇਹਨਾਂ ਹਵਨਾਂ ਦੇ ਪੋਸਟਰ ਵੀ ਕਈ ਦਿਨ ਪਹਿਲਾਂ ਲੱਗ ਚੁੱਕੇ ਸਨ। ਸੋਸ਼ਲ ਮੀਡੀਆ 'ਤੇ ਵੀ ਇਹਨਾਂ ਦਾ ਖੂਬ ਪ੍ਰਚਾਰ ਹੋ ਰਿਹਾ ਸੀ। ਇਹ ਸਭ ਕੁਝ ਸਿਆਸੀ ਅਤੇ ਸਮਾਜਿਕ ਸੰਗਠਨਾਂ ਨੂੰ ਵੀ ਪਤਾ ਸੀ ਅਤੇ ਪੁਲਿਸ ਦੇ ਨਾਲ ਨਾਲ ਪ੍ਰਸ਼ਾਸਨ ਨੂੰ ਵੀ ਇਸਦੀ ਜਾਣਕਾਰੀ ਸੀ। ਦਰੇਸੀ ਰੋਡ ਵਾਲਾ ਹਵਨ 11 ਵਜੇ ਸ਼ੁਰੂ ਹੋਣਾ ਸੀ ਅਤੇ 11 ਵਜੇ ਹੀ ਸ਼ੁਰੂ ਹੋਇਆ। ਰੇਲਵੇ ਸਟੇਸ਼ਨ ਮਾਲ ਗੋਦਾਮ ਨੇੜਲੇ ਮੰਦਰ ਵਿੱਚ ਵੀ ਹਵਨ ਕਰਨ ਦੀਆਂ ਕੋਸ਼ਿਸ਼ਾਂ ਸਨ ਜਿਹਨਾਂ ਨੂੰ ਪੁਲਿਸ ਦੀ ਸਮੇਂ ਸਰ ਕੀਤੀ ਗਈ ਕਾਰਵਾਈ ਨੇ ਨਾਕਾਮ ਬਣਾ ਦਿੱਤਾ। 
ਜ਼ਿਕਰਯੋਗ ਹੈ ਕਿ ਅੱਜ ਦੀਆਂ ਘਟਨਾਵਾਂ ਮਗਰੋਂ ਲੁਧਿਆਣਾ ਵਿੱਚ ਸਨਸਨੀ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ। ਅੱਜ ਸਥਾਨਕ ਨਿੱਕਾਮਲ ਚੌਕ ਵਿਚ ਅੱਜ ਦੁਪਹਿਰ ਨਿਹੰਗ ਸਿੰਘਾਂ ਅਤੇ ਸ਼ਿਵ ਸੈਨਾ ਵਰਕਰਾਂ ਵਿਚਾਲੇ ਹੋਏ ਜ਼ਬਰਦਸਤ ਟਕਰਾਅ ਕਾਰਨ ਸਥਿਤੀ ਤਣਾਅਪੂਰਨ ਬਣ ਗਈ ਸੀ। ਜਦਕਿ ਪੁਲੀਸ ਵੱਲੋਂ ਇਲਾਕੇ ਨੂੰ ਪੂਰੀ ਤਰਾਂ ਨਾਲ ਪੁਲੀਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਅਤੇ ਇਸ ਸਥਿਤੀ ਨੂੰ ਕਾਬੂ ਹੇਠ ਕੀਤਾ ਗਿਆ। ਇੱਕ ਇਹ ਸਭ ਕੁਝ ਅੱਜ ਹੋਈ ਹੁੱਲੜਬਾਜ਼ੀ ਤੋਂ ਵਧਿਆ।  ਜਾਣਕਾਰੀ ਅਨੁਸਾਰ ਇੱਕ ਸਿੱਖ ਨੌਜਵਾਨ ਦੀ ਕਥਿਤ ਤੌਰ ਤੇ ਕੁੱਟਮਾਰ ਕੀਤੀ ਗਈ ਕਿਓਂਕਿ ਉਸਨੇ ਸ਼ਾਇਦ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੀ ਟੀਸ਼ਰਟ ਪੈ ਹੋਈ ਸੀ। ਸੂਚਨਾ ਮਿਲਣ 'ਤੇ ਇਹ ਨਿਹੰਗ ਸਿੰਘ ਉੱਥੇ ਪਹੁੰਚ ਗਏ ਸਨ, ਇਸ ਸਿੱਖ ਨੌਜਵਾਨ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਮ ਦੀ ਟੀ ਸ਼ਰਟ ਪਾਈ ਹੋਈ ਸੀ, ਜਦੋਂ ਇਹ ਨੌਜਵਾਨ ਉੱਥੇ ਪਹੁੰਚਿਆ ਤਾਂ ਇਸ ਦੀ ਕੁੱਝ ਨੌਜਵਾਨਾਂ ਵੱਲੋਂ ਉਸ ਦੀ ਕੁੱਟਮਾਰ ਕਰ ਦਿੱਤੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੇ ਨਿਹੰਗ ਸਿੰਘਾਂ ਵੱਲੋਂ ਉੱਥੇ ਸਡ਼ਕ 'ਤੇ ਲੱਗੇ ਸ਼ਿਵ ਸੈਨਾ ਦੇ ਪੋਸਟਰ ਪਾਡ਼ ਦਿੱਤੇ ਗਏ ਜਿਸ ਤੇ ਸ਼ਿਵ ਸੈਨਾ ਵਰਕਰ ਵੀ ਭਾਰੀ ਗਿਣਤੀ ਵਿਚ ਨਿੱਕਾਮਲ ਚੌਕ ਵਿਖੇ ਪਹੁੰਚ ਗਏ ਹਨ। ਸੂਚਨਾ ਮਿਲਦੇ ਉੱਚ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹਨ ਤੇ ਉਨ੍ਹਾਂ ਵੱਲੋਂ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਥਿਤੀ ਤਨਾਅਪੂਰਨ ਵੇਖਦਿਆਂ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ਗਰਮ ਖਿਆਲੀਆਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ। 
ਇਸੇ ਦੌਰਾਨ ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰ ਵੱਲੋਂ ਕੁਝ ਬੈਨਰਾਂ ਹੇਠ ਇੱਕ ਹਵਨ ਯੱਗ ਵੀ ਕਰਾਇਆ ਗਿਆ ਜਿਸ ਵਿੱਚ ਗਰਮਖਿਆਲੀ ਸਿੱਖ ਆਗੂਆਂ ਦੀਆਂ ਤਸਵੀਰਾਂ ਵੀ ਅਹੂਤੀ ਦੇ ਕੇ ਸਾੜੀਆਂ ਗਈਆਂ। ਅਜਿਹਾ ਕਰਨ ਦਾ ਐਲਾਨ ਕਈ ਦਿਨ ਪਹਿਲਾਂ ਹੋ ਚੁੱਕਿਆ ਸੀ ਅਤੇ ਇਸ ਬਾਰੇ ਬਾਕਾਇਦਾ ਪੋਸਟਰ ਵੀ ਲਗਾਏ ਗਏ ਸਨ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਧਾਰਮਿਕ ਵਖਰੇਵਿਆਂ ਤੋਂ ਬਹੁਤ ਉੱਚਾ ਉੱਠ ਕੇ ਆਪਣੀ ਕੁਰਬਾਨੀ ਦਿੱਤੀ ਸੀ ਪਰ ਖੁਦ ਨੂੰ ਸ਼ਹੀਦ ਸੁਖਦੇਵ ਦਾ ਵਾਰਿਸ ਕਹਾਉਣ ਵਾਲਿਆਂ ਨੇ ਜਾਣੇ ਅਣਜਾਣੇ ਵਿੱਚ ਹਵਨ ਕਰਕੇ ਸ਼ਹੀਦਾਂ ਨੂੰ ਸਿਰਫ ਹਿੰਦੂ ਧਰਮ ਤੱਕ ਸੀਮਿਤ ਕਰਨ ਵਾਲਾ ਕੰਮ ਹੀ ਕੀਤਾ। ਇਸ ਹਵਨ ਦੀ ਚਰਚਾ ਕਈ ਦਿਨਾਂ ਤੋਂ ਸੀ। ਸੋਸ਼ਲ ਮੀਡੀਆ 'ਤੇ ਵੀ ਇਸਦਾ ਪ੍ਰਚਾਰ ਕੀਤਾ ਗਿਆ ਸੀ।  ਇਸਦੇ ਬਾਵਜੂਦ ਪ੍ਰਸ਼ਾਸਨ ਅਤੇ ਪੁਲਿਸ ਨੇ ਸਬੰਧਿਤ ਧਿਰਾਂ ਨੂੰ ਅਮਨ ਸ਼ਾਂਤੀ ਬਹਾਲ ਰੱਖਣ ਲਈ ਅੰਦਰ ਨਹੀਂ ਕੀਤਾ ਗਿਆ। ਜਦੋਂ ਮਾਹੌਲ ਤਿੱਖਾ ਹੋ ਗਿਆ ਉਦੋਂ ਵੀ ਪੁਲਿਸ ਮੂਕ  ਦਰਸ਼ਕ ਵਾਂਗ ਵਿਚਰਦੀ ਨਜ਼ਰ ਆਈ। ਇਸ ਤੋਂ ਲੱਗਦਾ ਸੀ ਕਿ ਪੁਲਿਸ ਸਪਸ਼ਟ ਸਿਆਸੀ ਹੁਕਮਾਂ ਦੀ ਅਣਹੋਂਦ ਕਾਰਨ ਸ਼ਸ਼ੋਪੰਜ ਵਿੱਚ ਸੀ। 
ਸੀਪੀਆਈ ਲੁਧਿਆਣਾ ਦੇ ਸਕੱਤਰ ਕਾਮਰੇਡ ਡੀ ਪੀ ਮੌੜ, ਸਹਾਇਕ ਸੱਤਰ ਡਾਕਟਰ ਅਰੁਣ ਮਿੱਤਰਾ ਅਤੇ ਹੋਰਾਂ ਨੇ ਇਹਨਾਂ ਘਟਨਾਵਾਂ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਸਦੇ ਨਾਲ ਹੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਨਾ ਕਿਸੇ ਲਿਹਾਜ਼ ਦੇ ਇਹਨਾਂ ਫਿਰਕੂ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ।  

Friday, May 12, 2017

ਨਾਮਧਾਰੀਆਂ ਨੇ ਸਿਖੀ ਸਿਧਾਂਤਾਂ ਅਤੇ ਸਿੱਖੀ ਪਰੰਪਰਾਵਾਂ ਉਲਟ ਕੁਛ ਨਹੀਂ ਕੀਤਾ

ਇਸਤਰੀਆਂ ਨੂੰ ਹੋਰ ਹੱਕ ਦੇਕੇ ਪਹਿਲੇ ਵਾਂਗ ਹੀ ਸਿੱਖ ਪੰਥ ਦਾ ਗੌਰਵ ਵਧਾਇਆ 
ਲੁਧਿਆਣਾ: 12 ਮਈ 2017: (ਪੰਜਾਬ ਸਕਰੀਨ ਬਿਊਰੋ)::
ਸ਼ਰੋਮਣੀ ਗੁਰਦਵਾਰਾ ਪ੍ਬੰਧਕ ਕਮੇਟੀ ਚੋਣਾ ਵਾਸਤੇ ਤਿਆਰੀ ਕਰ ਰਹੇ ਕੁਛ ਸੱਜਣਾਂ ਨੇ ਨਾਮਧਾਰੀਆਂ ਦਾ ਨਾਮ ਵਰਤ ਕੇ ਸਿਖ ਭਾਵਨਾਵਾਂ ਨੂੰ ਬੇਵਜਹ ਭੜਕਾਇਆ ਹੈ। ਇਹਨਾਂ ਨੇ ਦੋਸ਼ ਲਾਏ ਹਨ-
1, ਨਾਮਧਾਰੀਆਂ ਨੇ ਅੰਮ੍ਰਿਤਧਾਰੀ ਸਿੰਘਣੀਆਂ ਤੋਂ  ਆਪਣੀਆਂ ਸੰਗਤਾਂ ਨੂੰ ਅੰਮ੍ਰਿਤ ਛਕਵਾਇਆ। 
2, ਨਾਮਧਾਰੀਆਂ ਨੇ ਅੰਮ੍ਰਿਤਧਾਰੀ ਸਿੰਘਣੀਆਂ ਤੋਂ ਹਵਨ ਕਰਵਾਇਆ। 
ਇਤਹਾਸ ਦੀ ਅਧੂਰੀ  ਜਾਣਕਾਰੀ ਹੋਣ ਕਾਰਨ ਇਹ ਸੱਜਣ ਜਾਣੇ ਅਣਜਾਣੇ ਸੰਗਤਾਂ ਦੇ ਜਜ਼ਬਾਤਾਂ ਨਾਲ ਖੇਡ ਰਹੇ ਨੇ। ਇਤਿਹਾਸ ਅਨੁਸਾਰ ਸਿਖ ਪੰਥ ਵਿੱਚ ਜੂਨ 1863ਈ, ਵਿੱਚ, ਸਭ ਤੋਂ ਪਹਿਲੋਂ ਨਾਮਧਾਰੀਆਂ ਦੇ ਗੁਰੂ-ਸਤਿਗੁਰੂ ਰਾਮ ਸਿੰਘ ਜੀ ਨੇ ਬਾਣੀ ਵਿਚੋਂ ਲਾਵਾਂ ਪੜ੍ਹ ਕੇ ਹਵਨ ਅਤੇ ਵੇਦੀ ਨਾਲ ਅਨੰਦ ਕਾਰਜ ਦੀ ਮਰਿਆਦਾ ਬਣਾਈ। 
ਇਸ ਤੋਂ ਪਹਿਲੋਂ ਸਾਰੇ ਗੁਰੂ ਸਾਹਿਬਾਨਾਂ ਦੇ ਵਿਆਹ ਹਵਨ ਦੁਵਾਲੇ ਵੇਦ ਰੀਤੀ ਨਾਲ ਪੰਡਿਤਾਂ ਨੇ ਕੀਤੇ ਸਨ। ਏਸ ਸਬੰਧੀ ਗਿ. ਗਿਆਨ ਸਿੰਘ ਨੇ ਲਿਖਿਆ ਹੈ “ ਸ੍ਰੀ ਰਾਮ ਸਿੰਘ ਕੂਕੇ ਪਹਿਲੇ। ਅਨੰਦ ਸੁ ਛੰਦ ਪੜਾਏ ਸਹੇਲੇ। ਤਿਨ ਕੌ ਦੇਖ ਔਰ ਸਿੱਖ ਘਨੇ। ਲਗੇ ਅਨੰਦ ਪੜਾਵਨ ਤਨੇ”। ਗਿ.ਗਿਆਨ ਸਿੰਘ ਇਸਤਰੀਆਂ ਨੂੰ ਅੰਮ੍ਰਿਤਧਾਰੀ ਬਣਾ ਕੇ ਸਤਿਗਰੂ ਗੋਬਿੰਦ ਸਿੰਘ ਜੀ ਦੇ ਬਣਾਏ ਖਾਲਸਾ ਪੰਥ ਵਿੱਚ ਸ਼ਾਮਲ ਕਰਨ ਵਾਸਤੇ, 1863ਈ, ਨਾਮਧਾਰੀਆਂ ਦੇ ਗੁਰੂ ਜੀ ਨੇ ਹੀ ਸਭ ਤੋਂ ਪਹਿਲੋਂ ਇਸਤਰੀਆਂ ਨੂੰ ਸਿਆੜ ਪਿੰਡ ਵਿੱਚ ਖੰਡੇ ਦਾ ਅੰਮ੍ਰਿਤ ਛਕਾਇਆ ਅਤੇ ਕਛਹਿਰੇ ਪਵਾਏ। ਇਤਿਹਾਸ ਅਨੁਸਾਰ ਦਸਵੇਂ ਪਾਤਸ਼ਾਹ ਨੇ ਇਸਤਰੀਆਂ ਨੂੰ ਅੰਮ੍ਰਿਤ ਨਹੀਂ ਛਕਾਇਆ। ਨਾਮਧਾਰੀਆਂ ਨੇ ਗੁਰਬਾਣੀ ਆਸ਼ੇ ਅਨੁਸਾਰ ਇਸਤਰੀਆਂ ਨੂੰ ਹੋਰ ਹੱਕ ਦੇਕੇ ਉਚਾ ਚੁਕਿਆ। ਅੰਮ੍ਰਿਤ ਸੰਚਾਰ ਨੂੰ ਵਧਾਇਆ, ਵਿਆਹ ਦੀਆਂ ਸਾਰੀਆਂ ਰਸਮਾਂ ਸਿੰਘਣੀਆਂ ਤੋਂ ਕਰਵਾ ਦਿੱਤੀਆਂ। ਨਾਮਧਾਰੀਆਂ ਨੇ ਸਿੰਘਣੀਆਂ ਨੂੰ ਅੰਮ੍ਰਿਤ ਛਕਾਉਣ ਦਾ ਹੱਕ ਦੇਕੇ ਸਿੱਖ ਹਿਰਦੇ ਵਲੂੰਧਰੇ ਨਹੀਂ ਸਗੋਂ ਸਿੱਖ ਪੰਥ ਦਾ ਗੌਰਵ ਵਧਾਇਆ ਹੈ। ਨਾਮਧਾਰੀਆਂ ਨੇ ਸਿਖੀ ਸਿਧਾਂਤਾਂ ਉਲਟ ਕੁੱਛ ਵੀ ਨਹੀਂ ਕੀਤਾ। ਹਾਂ ਸਿਖੀ ਦਾ ਪ੍ਰਚਾਰ ਜ਼ਰੂਰ ਕੀਤਾ ਹੈ। ਸੋਚਣ ਦੀ ਲੋੜ ਹੈ ਜੇ ਇਸਤਰੀ ਅੰਮ੍ਰਿਤ ਛਕ ਸਕਦੀ ਹੈ ਤਾਂ ਛਕਾ ਕਿਉਂ ਨਹੀਂ ਸਕਦੀ! ਕਲਗੀਧਰ ਜੀ ਨੇ ਕਿਤੇ ਹੁਕਮ ਨਹੀਂ ਕੀਤਾ ਕਿ ਇਸਤਰੀ ਅੰਮ੍ਰਿਤ ਨਹੀਂ ਛਕਾ ਸਕਦੀ।
ਅੰਮ੍ਰਿਤਧਾਰੀ ਸਿੰਘਾਂ ਜਾਂ ਸਿੰਘਣੀਆਂ ਤੋਂ ਹਵਨ ਕਰਵਾਨਾ ਗਲਤ ਨਹੀਂ ਹੈ ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪ ਹਵਨ ਕੀਤਾ, ਓਨਾ ਨੇ ਹਵਨ ਯੱਗ ਹੋਣੇ ਸਥਾਪਿਤ ਕੀਤੇ “ ਫਿਰ ਯੱਗ ਹੋਮ ਠਹਿਰਾਇ ਕੈ ਨਿਜ ਧਰਮ ਸਵਾਰਾ“। ਭਾਈ ਗੁਰਦਾਸ ਦੂਜਾ, ਵਾਰ 41, ਪੌੜੀ 18।  ਬਾਬਾ ਬੰਦਾ ਸਿੰਘ ਬਹਾਦਰ ਜੀ ਤੱਕ ਸਾਰੇ ਸਿੱਖ ਵੀ ਹਵਨ ਕਰਦੇ ਰਹੇ। “ਹੋਮ ਜੱਗ ਕਰਵਾਤੇ, ਪ੍ਸਾਦ ਬਟਵਾਤੇ, ਰੌਣਕ ਰਖਾਤੇ, ਗਾਤੇ ਸ਼ਬਦ ਜਬਾਨੀ ਥੇ”--ਗਿ, ਗਿਆਨ ਸਿੰਘ।  ਫਿਰ ਜੇ ਨਾਮਧਾਰੀਆਂ ਨੇ ਅੰਮ੍ਰਿਤਧਾਰੀ ਸਿੰਘਣੀਆਂ ਤੋਂ ਹਵਨ ਕਰਵਾ ਦਿੱਤਾ ਤਾਂ ਗਲਤ ਕੀ ਕਰ  ਦਿਤਾ ਹੈ?
ਸਾਰੀਆਂ ਸਿੱਖ ਸੰਪਰਦਾਵਾਂ ਦੀ ਆਪੋ ਆਪਣੀ ਮਰਿਯਾਦਾ ਹੈ, ਹਰਿਮੰਦਿਰ ਸਾਹਬ ਅਤੇ ਅਕਾਲ ਤਖਤ ਸਾਹਿਬ ਦੀ ਵੀ ਆਪੋ ਆਪਣੀ ਮਰਿਯਾਦਾ ਹੈ, ਜੋ ਵੱਖੋ ਵੱਖ ਹੈ। ਜੋ ਪੁਰਾਤਨ ਸਿਖਾਂ ਵਾਲੀ ਮਰਿਯਾਦਾ ਨਾਮਧਾਰੀ ਦ੍ਰਿੜ ਕਰਵਾਉਂਦੇ ਹਨ ਉਹ ਮਰਿਯਾਦਾ ਸ਼ੋਮਣੀ ਕਮੇਟੀ ਦੀ ਰਹਿਤ ਮਰਿਯਾਦਾ ਤੋਂ ਕਿਤੇ ਪੁਰਾਣੀ ਹੈ। ਸਿੰਘਣੀਆਂ ਰਾਹੀਂ ਅੰਮ੍ਰਿਤ ਛਕਵਾ ਕੇ ਨਾਮਧਾਰੀਆਂ ਨੇ ਸ਼ਰੋਮਣੀ ਕਮੇਟੀ ਦੀ ਬਣਾਈ ਮਰਿਯਾਦਾ ਨੂੰ ਤੋੜਿਆ ਨਹੀਂ, ਸਗੋਂ ਲਾਗੂ ਕੀਤਾ ਹੈ। ਕਿਉਂਕਿ, ਸ਼ਰੋਮਣੀ ਕਮੇਟੀ ਦੀ ਲਿਖੀ ਰਹਿਤ ਮਰਿਯਾਦਾ ਅਨੁਸਾਰ ਵੀ ਪੰਨਾ 27 ਉਤੇ ਅੰਕਿਤ ਹੈ ਕਿ ਸਿੰਘਣੀਆਂ ਅੰਮ੍ਰਿਤ ਛਕਾ ਸਕਦੀਆਂ ਹਨ। ਅਸੀਂ ਨਾਮਧਾਰੀਆਂ ਨੇ ਇਸਤਰੀਆਂ ਨੂੰ ਖੰਡੇ ਦਾ ਅੰਮ੍ਰਿਤ ਛਕਾਉਣ ਦੀ ਪਹਿਲ ਕੀਤੀ ਸੀ, ਅੱਜ ਨਾਮਧਾਰੀਆਂ ਨੇ ਹੀ ਇਸਤਰੀਆਂ ਤੋਂ ਅੰਮ੍ਰਿਤ ਛਕਵਾਉਣ (ਅੰਮ੍ਰਿਤ ਸੰਚਾਰ) ਦੀ ਪਹਿਲ ਕੀਤੀ ਤਾਂ ਇਸ ਨਾਲ ਕਿਹੜੀ ਮਰਿਯਾਦਾ ਭੰਗ ਹੋ ਗਈ? 
ਹਵਨ ਪਰੰਪਰਾ ਬਾਕੀ ਸਿਖ ਸੰਪਰਦਾਵਾਂ ਨੇ ਘਟਾ ਦਿੱਤੀ, ਨਾਮਧਾਰੀਆਂ ਨੇ ਰੱਖ ਲਈ। ਅੱਜ ਵੀ ਕਈ ਸਿੱਖ ਸੰਪਰਦਾਵਾਂ ਵਿੱਚ ਵੱਖੋ ਵੱਖ ਢੰਗ ਨਾਲ ਹਵਨ ਹੁੰਦਾ ਹੈ, ਅਸੀਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ। ਸ਼ਰੋਮਣੀ ਕਮੇਟੀ ਦੀ ਛਪੀ ਰਹਿਤ ਮਰਿਯਾਦਾ ਵਿੱਚ ਤਾਂ ਜੋਤ ਜਗੌਣ ਦੀ ਵੀ ਮਨਾਹੀ ਹੈ, ਪਰ ਬਹੁਤੇ ਗੁਰਦਵਾਰਿਆਂ ਵਿਚ ਜੋਤ ਜਗਦੀ ਹੈ। ਗੁਰਦਵਾਰਿਆਂ ਵਿਚ ਕਈ ਹੋਰ ਐਸੇ ਕੰਮ ਕੀਤੇ ਜਾਂਦੇ ਹਨ ਜੋ ਸ਼ਰੋਮਣੀ ਕਮੇਟੀ ਦੀ ਛਪੀ ਰਹਿਤ ਮਰਿਯਾਦਾ ਵਿਰੁਧ ਹਨ। ਉਹਨਾਂ ਉਤੇ ਰੌਲਾ ਕਿਉਂ ਨਹੀਂ ਪੈਂਦਾ ? ਸ਼ਾਇਦ ਉਨਾ ਬਾਰੇ ਰੌਲਾ ਪਾਇਆਂ ਵੋਟਾਂ ਨਹੀਂ ਬਣਦੀਆਂ।
ਉਪਰੋਕਤ ਤੋਂ ਸਪਸ਼ਟ ਹੈ ਕਿ ਨਾਮਧਾਰੀਆਂ ਨੇ ਸਿਖੀ ਸਿਧਾਂਤਾਂ ਅਤੇ ਸਿੱਖੀ ਪਰੰਪਰਾਵਾਂ ਉਲਟ ਕੁਛ ਨਹੀਂ ਕੀਤਾ। ਸਿੰਘਣੀਆਂ ਨੂੰ ਧਾਰਮਿਕ ਖੇਤਰ ਵਿੱਚ ਅੱਗੇ ਲਿਆਕੇ ਸਿੱਖੀ ਸਿਧਾਂਤਾਂ ਨੂੰ, ਸਿੱਖੀ ਪਰੰਪਰਾਵਾਂ ਨੂੰ ਪਰਪੱਕ ਕਰਕੇ ਹੋਰ ਅੱਗੇ ਵਧਾਇਆ ਹੈ। 
ਸਚਾਈ ਤਾਂ ਇਹ ਹੈ ਕਿ ਨਾਮਧਾਰੀਆਂ ਦੇ ਉਲਟ ਗਲਤ ਪਰਚਾਰ ਕਰਕੇ, ਸ਼ਰੋਮਣੀ ਕਮੇਟੀ ਚੋਣਾਂ ਦੀ ਤਿਆਰੀ ਵਾਸਤੇ ਇਹਨਾਂ ਸੱਜਣਾਂ ਨੇ ਸਿਖ ਭਾਵਨਾਵਾਂ ਨੂੰ  ਭੜਕਾ ਕੇ ਸਿੱਖ ਹਿਰਦਿਆਂ ਨੂੰ ਵਲੂੰਧਰਿਆ ਹੈ। ਨਾਮਧਾਰੀਆਂ ਵਿਰੁਧ ਝੂਠੇ ਦੋਸ਼ ਲਾਕੇ ਸਿਖੀ ਸਿਧਾਂਤਾਂ ਅਤੇ ਸਿੱਖੀ ਪਰੰਪਰਾਵਾਂ ਉਲਟ ਇਹਨਾ ਸੱਜਨਾ ਨੇ ਗਲਤ ਕੰਮ ਕੀਤਾ ਹੈ। ਇਹਨਾਂ ਸੱਜਣਾਂ ਵਿਰੁਧ ਕਾਨੂੰਨੀ ਕਾਰਵਾਈ ਅਸੀ ਨਹੀਂ ਕਰਨੀ ਕਿਉਂਕਿ ਸਿੱਖੀ ਸਿਧਾਂਤ ਅਨੁਸਾਰ ਖਿਮਾ ਕਰਨੀ ਚਾਹੀਦੀ ਹੈ।

Friday, May 05, 2017

ਨਾਮਧਾਰੀਆਂ ਵੱਲੋਂ ਹਵਨ: ਸਿੰਘ ਸਹਿਬਾਨ ਨੇ ਬਣਾਈ ਨਿਰਣੇ ਕਮੇਟੀ

Fri, May 5, 2017 at 3:32 PM
ਅੱਠ ਮੈਂਬਰੀ ਕਮੇਟੀ ਦੇਵੇਗੀ ਇੱਕ ਮਹੀਨੇ ਵਿੱਚ ਰਿਪੋਰਟ 
ਅੰਮ੍ਰਿਤਸਰ: 5 ਮਈ  2017: (ਪੰਜਾਬ ਸਕਰੀਨ ਬਿਊਰੋ)::
ਅੱਜ ਮਿਤੀ 23 ਵੈਸਾਖ ਸੰਮਤ ਨਾਨਕਸ਼ਾਹੀ 549 ਮੁਤਾਬਿਕ (5 ਮਈ 2017) ਦਿਨ ਸ਼ੁੱਕਰਵਾਰ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਜਿਸ ਵਿਚ ਇੱਕ ਨਾਮਧਾਰੀ ਸੰਪਰਦਾ ਵੱਲੋਂ ਹਵਨ ਕਰਵਾ ਕੇ ਅੰਮ੍ਰਿਤ ਸੰਚਾਰ ਕਰਨ ਦਾ ਮਸਲਾ ਵਿਚਾਰਿਆ ਗਿਆ। ਜਿਸ ਸਬੰਧੀ ਦੇਸ਼-ਵਿਦੇਸ਼ ਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਸੁਝਾਅ ਵੀ ਮੰਗੇ ਗਏ ਸਨ ਅਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਇਸ ਸਬੰਧੀ ਪੜਤਾਲ ਵੀ ਕਰਵਾਈ ਗਈ ਪ੍ਰੰਤੂ ਇਹ ਮਸਲਾ ਅਹਿਮ ਮਸਲਾ ਹੋਣ ਕਰਕੇ ਇਸਦੀ ਅਜੇ ਹੋਰ ਘੋਖ ਪੜਤਾਲ ਕਰਨ ਲਈ ਵੱਖ-ਵੱਖ ਜਥੇਬੰਦੀਆਂ ਵਿਚੋਂ ਨੁਮਾਇੰਦੇ ਲੇ ਕੇ ਇੱਕ ਨਿਰਣੇ ਕਮੇਟੀ ਬਣਾਈ ਜਾਂਦੀ ਹੈ। ਜੋ ਇੱਕ ਮਹੀਨੇ ਅੰਦਰ ਮੁਕੰਮਲ ਰਿਪੋਰਟ ਤਿਆਰ ਕਰਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੇਵਗੀ। ਇਹ ਨਿਰਣੇ ਕਮੇਟੀ ਹੇਠ ਲਿਖੇ ਅਨੁਸਾਰ ਹੈ। 
ਸ੍ਰ: ਅਵਤਾਰ ਸਿੰਘ ਹਿੱਤ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ)
ਦਮਦਮੀ ਟਕਸਾਲ
ਭਾਈ ਪ੍ਰਤਾਪ ਸਿੰਘ (ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ)
ਗਿਆਨੀ ਰੇਸ਼ਮ ਸਿੰਘ, ਕਥਾ-ਵਾਚਕ, ਬੁੱਢਾ ਦਲ 96 ਕਰੌੜੀ ਨਿਹੰਗ ਸਿੰਘ ਜਥੇਬੰਦੀਆਂ
ਸੰਤ ਤੇਜਾ ਸਿੰਘ ਖੁੱਡਾ (ਨਿਰਮਲੇ ਸੰਪਰਦਾ)
ਪ੍ਰਿੰਸੀਪਲ ਸੁਰਿੰਦਰ ਸਿੰਘ ਮੈਂਬਰ, ਸ਼੍ਰੋਮਣੀ ਗੁ: ਪ੍ਰ: ਕਮੇਟੀ (ਮਿਸ਼ਨਰੀ ਕਾਲਜ)
ਸ੍ਰ: ਵਰਿਆਮ ਸਿੰਘ ਸਾਬਕਾ ਸਕੱਤਰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ)
ਸ੍ਰ: ਸਿਮਰਜੀਤ ਸਿੰਘ ਮੀਤ ਸਕੱਤਰ, (ਸ਼੍ਰੋਮਣੀ ਗੁ: ਪ੍ਰ: ਕਮੇਟੀ) ਇਸ ਕਮੇਟੀ ਦੇ ਕੋਆਰਡੀਨੇਟਰ ਹੋਣਗੇ।

Tuesday, August 27, 2013

ਸ੍ਰੀਮਤੀ ਸੋਨੀਆ ਗਾਂਧੀ ਦੀ ਸਿਹਤਯਾਬੀ ਲਈ ਦੁਆਵਾਂ

                                                                                                                  Tue, Aug 27, 2013 at 3:14 PM
ਕਾਂਗਰਸ ਸੇਵਾ ਦਲ ਲੁਧਿਆਣਾ ਨੇ ਕਰਾਇਆ ਹਵਨਯੱਗ:
ਲੁਧਿਆਣਾ 27 ਅਗਸਤ (ਵਿਸ਼ਾਲ/ਪੰਜਾਬ ਸਕਰੀਨ): ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਨਿਰਮਲ ਕੈੜਾ ਦੀ ਅਗਵਾਈ ਹੇਠ ਦੁਰਗਾ ਮਾਤਾ ਮੰਦਿਰ, ਕਮਲਾ ਨਗਰ ਲੁਧਿਆਣਾ ਵਿਖੇ ਕੁਲ ਹਿੰਦ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਦੀ ਚੰਗੀ ਸਿਹਤ ਦੀ ਕਾਮਨਾ ਲਈ ਉਚੇਚੇ ਤੌਰ ਤੇ ਹਵਨ ਯੱਗ ਕਰਵਾਇਆ ਗਿਆ। ਇਸ ਸਮੇ ਉਹਨਾ ਦੇ ਨਾਲ ਗੁਰਮਾਨ ਸਿੰਘ ਕਲੇਰ ਕਨਵੀਨਰ ਪੰਜਾਬ, ਅਕਸ਼ੈ ਭਨੋਟ ਸਕੱਤਰ ਪੀ.ਪੀ.ਸੀ.ਸੀ, ਕਰਨੈਲ ਸਿੰਘ ਤਤਲਾ ਕਨਵੀਨਰ ਪੰਜਾਬ ਵਿਸੇਸ਼ ਤੌਰ ਤੇ ਹਾਜਰ ਹੋਏ। 
ਇਸ ਮੌਕੇ ਸ੍ਰੀ ਕੈੜਾ ਨੇ ਕਿਹਾ ਕਿ ਸ੍ਰੀਮਤੀ ਸੋਨੀਆਂ ਗਾਂਧੀ ਜੀ ਨੂੰ ਤਿਆਗ ਦੀ ਮੂਰਤ ਦੇ ਨਾਮ ਨਾਲ ਜਾਣਿਆ ਜਾਦਾ ਹੈ ਅਤੇ ਜਦੋ ਸੋਨੀਆਂ ਗਾਂਧੀ ਦੀ ਸਿਹਤ ਅਚਾਨਕ ਖਰਾਬ ਹੋਣ ਦੀ ਖਬਰ ਸੁਣੀ ਤਾਂ ਕਾਂਗਰਸ ਪਾਰਟੀ ਵਿਚ ਮਾਯੂਸੀ ਦੀ ਲਹਿਰ ਛਾ ਗਈ। ਇਸ ਸਮੇ ਉਹਨਾਂ ਸ੍ਰੀਮਤੀ ਸੋਨੀਆ ਗਾਂਧੀ ਵਲੋ ਪਾਸ ਕੀਤੇ ਫੂਡ ਸਕਿਉਰਟੀ ਬਿੱਲ ਦੀ ਸਰਾਹਨਾ ਕਰਦਿਆ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਕਰਕੇ ਜੋ ਅਨਾਜ ਗੋਦਾਮਾਂ ਵਿਚ ਸੜ ਰਿਹਾ ਹੈ ਉਹ ਹੁਣ ਆਮ ਅਤੇ ਜਰੂਰਤਮੰਦ ਲੋਕਾਂ ਤੱਕ ਸਹੀ ਢੰਗ ਨਾਲ ਪਹੁੰਚਾਇਆ ਜਾ ਸਕੇਗਾ। ਇਸ ਸਮੇਂ ਹੋਰਨਾਂ ਤੋ ਇਲਾਵਾ ਰਾਜੇਸ਼ ਨਾਗਪਾਲ ਵਾਇਸ ਪ੍ਰਧਾਨ ਕਾਂਗਰਸ ਸੇਵਾ ਦਲ ਬਲਜਿੰਦਰ ਭਾਰਤੀ, ਤਿਲਕ ਰਾਜ ਸੋਨੂੰ, ਜੀਤ ਰਾਮ ਸੰਧੂ, ਬੀਬੀ ਜਸਵਿੰਦਰ ਕੌਰ ਪ੍ਰਧਾਨ ਮਹਿਲਾ ਕਾਂਗਰਸ ਸੇਵਾ ਦਲ ਲੁਧਿਆਣਾ, ਗੁਰਮੇਲ ਸਿੰਘ, ਚਰਨਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਆਦਿ ਵੀ ਹਾਜਰ ਹੋਏ।