ਸ਼ਿਵਸੈਨਾ ਰਾਸ਼ਟਰਵਾਦੀ ਨੇ ਲਗਾਏ ਭਾਰਤ ਮਾਤਾ ਕਿ ਜੈ ਦੇ ਨਾਅਰੇ
ਲੁਧਿਆਣਾ: 6 ਜੂਨ 2018: (ਪੰਜਾਬ ਸਕਰੀਨ ਬਿਊਰੋ)::
34 ਸਾਲ ਪਹਿਲਾਂ ਸਰੀ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਵਿਖੇ ਹੋਏ ਓਪਰੇਸ਼ਨ ਬਲਿਊ ਸਟਾਰ ਵਾਲੀ ਦੁਖਦਾਈ ਘਟਨਾ ਦਾ ਦਰਦ ਅੱਜ ਵੀ ਤਾਜ਼ਾ ਹੈ। ਤਕਰੀਬਨ ਹਰ ਗੁਰਦੁਆਰੇ ਵਿੱਚ ਇਸ ਹਫਤੇ ਸਮਾਗਮ ਹੁੰਦੇ ਹਨ। ਹਰ ਸਾਲ ਇਸ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਜਾਂਦਾ ਹੈ ਜਿਸ ਨਾਲ ਇਹ ਜ਼ਖਮੀ ਹਰ ਸਾਲ ਫਿਰ ਹਰੇ ਹੋ ਜਾਂਦੇ ਹਨ। ਢਹਿ ਢੇਰੀ ਹੋਏ ਅਕਾਲ ਤਖਤ ਸਾਹਿਬ ਦੀਆਂ ਤਸਵੀਰਾਂ ਅਤੇ ਫੌਜੀ ਐਕਸ਼ਨ ਦੇ 34 ਸਾਲ ਪੁਰਾਣੇ ਚਰਚੇ ਉਸ ਪੀੜ੍ਹੀ ਨੂੰ ਵੀ ਪਤਾ ਹਨ ਜਿਹੜੀ ਸੰਨ 1984 ਤੋਂ ਬਾਅਦ ਪੈਦਾ ਹੋਈ।
ਦੂਜੇ ਪਾਸੇ ਇਸ ਐਕਸ਼ਨ ਦਾ ਸਮਰਥਨ ਕਰਨ ਵਾਲੇ ਹਰ ਸਾਲ ਇਆਸਦਾ ਸਮਰਥਨ ਕਰਦੇ ਹਨ ਜਿਸ ਨਾਲ ਮਾਮਲਾ ਹਰ ਵਾਰ ਨਾਜ਼ੁਕ ਸਥਿਤੀ ਵਾਲਾ ਬਣ ਜਾਂਦਾ ਹੈ। ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਵੀ ਇਸ ਵਾਰ ਸਥਿਤ ਕੁਝ ਕੁ ਸਮੇਂ ਲਈ ਤਣਾਅ ਪੂਰਨ ਬਣ ਗਈ। ਚੌੜਾ ਬਾਜ਼ਾਰ ਵਿੱਚ ਖੁਸ਼ੀ ਰਾਮ ਹਲਵਾਈ ਦੇ ਬਿਲਕੁਲ ਸਾਹਮਣੇ ਵਾਲੀ ਗਲੀ ਵਿੱਚ ਹਿੰਦੂ ਸੰਗਠਨਾਂ ਨੇ ਵੀ ਆਪਣਾ ਆਯੋਜਨ ਕੀਤਾ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਨੇ ਵੀ ਆਪਣੇ ਪੂਰੇ ਬੰਦੋਬਸਤ ਕੀਤੇ।
ਹਰ ਸਾਲ ਦੀ ਤਰਾਂ ਇਸ ਵਾਰ ਵੀ ਸੁਰੱਖਿਆ ਦੇ ਸਖਤ ਪਰਬੰਧ ਕੀਤੇ ਗਏ ਸਨ। ਹਰ ਸ਼ਹਿਰ ਵਿੱਚ ਸੁਰੱਖਿਆ ਫੋਰਸਾਂ ਨੇ ਫਲੈਗ ਮਾਰਚ ਕੀਤੇ ਤਾਂ ਕਿ ਅਫਵਾਹਾਂ ਕਾਰਨ ਫੈਲਣ ਵਾਲੀ ਦਹਿਸ਼ਤ ਦੇ ਮਾਹੌਲ ਨੂੰ ਕਾਬੂ ਕੀਤਾ ਜਾ ਸਕੇ। ਧਾਰਮਿਕ ਥਾਵਾਂ ਦੇ ਨਾਲ ਨਾਲ ਮੁਖ ਵਪਾਰਕ ਕੇਂਦਰਾਂ ਅਤੇ ਬਾਜ਼ਾਰਾਂ ਵਿੱਚ ਵੀ ਸੁਰੱਖਿਆ ਫੋਰਸਾਂ ਦੀ ਸਰਗਰਮ ਗਸ਼ਤ ਜਾਰੀ ਰਹੀ।
ਲੁਧਿਆਣਾ ਦੇ ਮੁਖ ਅਤੇ ਪੁਰਾਣੇ ਵਪਾਰਕ ਕੇਂਦਰ ਚੋੜਾ ਬਾਜ਼ਾਰ ਵਿੱਚ ਸਥਿਤ ਇਲਾਇਚਿਗਿਰੀ ਮੰਦਰ ਵਾਲੀ ਗਲੀ ਵਿੱਚ ਕਾਫ਼ੀ ਦੇਰ ਤਣਾਅ ਵਾਲਾ ਮਹੌਲ ਬਣਿਆ ਰਿਹਾ। ਇਥੇ ਨੇੜੇ ਹੀ ਮੰਦਿਰ ਲਾਲੂ ਮਲ ਸੋਸਾਇਟੀ ਵਿੱਚ ਸ਼ਿਵ ਸੈਨਾ ਰਾਸ਼ਟਰਵਾਦੀ ਨੇ ਆਪਣੇ ਹਮ ਖਿਆਲ ਸੰਗਠਨਾਂ ਨਾਲ ਮਿਲ ਕੇ ਆਤੰਕਵਾਦ ਦੇ ਖਿਲਾਫ਼ ਹਵਨ ਦਾ ਆਯੋਜਨ ਕੀਤਾ ਅਤੇ ਭਾਰਤ ਮਾਤਾ ਕਿ ਜੈ ਦੇ ਨਾਅਰੇ ਲਗਾਏ। ਇਸ ਮੌਕੇ ਸ਼ਿਵ ਸੈਨਾ ਆਗੂ ਰਾਜੀਵ ਟੰਡਨ ਅਤੇ ਕਈ ਹੋਰ ਲੀਡਰ ਵੀ ਮੌਜੂਦ ਰਹੇ। ਸ਼ਹੀਦ ਸੁਖਦੇਵ ਦੇ ਪਰਿਵਾਰਿਕ ਮੈਂਬਰ ਨੇ ਵੀ ਇਸ ਵਿੱਚ ਸ਼ਮੂਲੀਅਤ ਕੀਤੀ। ਇਹ ਲੋਕ ਦਹਿਸ਼ਤਗਰਦੀ ਦੇ ਖਿਲਾਫ਼ ਮਾਰਚ ਵੀ ਕਢਣਾ ਚਾਹੁੰਦੇ ਸਨ ਪਰ ਪੁਲਿਸ ਨੇ ਲੰਮੀ ਬਹਿਸ ਮਗਰੋਂ ਇਹਨਾਂ ਨੂੰ ਇਸ ਗੱਲ ਲਈ ਮਨਾ ਲਿਆ ਕਿ ਮਾਰਚ ਦਾ ਖਿਆਲ ਤਿਆਗ ਦਿੱਤਾ ਜਾਵੇ। ਇਹਨਾਂ ਦੀ ਮੁੱਖ ਮੰਗ ਸੀ ਕਿ ਬਾਜ਼ਾਰਾਂ ਵਿੱਚ ਵਿਕਦੀ ਉਸ ਸਾਰੀ ਸਮਗਰੀ 'ਤੇ ਰੋਕ ਲਗਾਈ ਜਾਵੇ ਜਿਹੜੀ ਅੱਤਵਾਦ ਜਾਂ ਦਹਿਸ਼ਤਗਰਦੀ ਨੂੰ ਉਕਸਾਉਂਦੀ ਹੈ ਜਾਂ ਫਿਰ ਇਸਦਾ ਪਰਚਾਰ ਕਰਦੀ ਹੈ।
ਇਸ ਮੌਕੇ ਏ ਡੀ ਸੀ ਪੀ ਗੁਰਪਰੀਤ ਸਿੰਘ ਸਿਕੰਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਭ ਕੁਝ ਬੜੇ ਹੀ ਸ਼ਾਂਤੀਪੂਰਨ ਮਾਹੌਲ ਨਾਲ ਨਿੱਬੜ ਗਿਆ। ਉਹਨਾਂ ਲੁਧਿਆਣਾ ਦੇ ਲੋਕਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਇਥੋਂ ਦੇ ਲੋਕ ਬੜੇ ਹੀ ਸ਼ਾਂਤੀ ਪਸੰਦ ਲੋਕ ਹਨ ਇਸ ਲਈ ਅੱਜ ਦੇ ਨਾਜ਼ੁਕ ਹਾਲਾਤ ਮੌਕੇ ਵੀ ਇਥੇ ਕੋਈ ਗੜਬੜ ਨਹੀਂ ਹੋਈ। ਇਸ ਮੌਕੇ ਤੇ ਏਡੀਸੀਪੀ-ਵਨ, ਏਸੀਪੀ-ਸੁਰਿੰਦਰ ਮੋਹਨ, ਐਸ ਐਚ ਓ ਸੁਰਿੰਦਰ ਚੋਪੜਾ ਭਾਰੀ ਪੁਲਿਸ ਫੋਰਸ ਸਮੇਤ ਮੌਜੂਦ ਸਨ। ਪੁਲਿਸ ਦੇ ਇਹਨਾਂ ਅਧਿਕਾਰੀਆਂ ਨੇ ਮਾਮਲਾ ਨਿੱਬੜ ਜਾਂ ਤੋਂ ਬਾਅਦ ਵੀ ਇਸ ਇਲਾਕੇ ਦੇ ਬਾਜ਼ਾਰਾਂ ਦਾ ਗੇੜਾ ਲਾਇਆ।
ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਰਾਜੀਵ ਟੰਡਨ ਨੇ ਇਸ ਗੱਲ 'ਤੇ ਦੁੱਖ ਅਤੇ ਚਿੰਤਾ ਦਾ ਪਰਗਟਾਵਾ ਕੀਤਾ ਕਿ ਵਿਦੇਸ਼ਾਂ ਵਿੱਚ ਬੈਠੇ ਕੱਟੜਪੰਥੀ ਅਜੇ ਵੀ ਪੰਜਾਬ ਵਿੱਚ ਦਹਿਸ਼ਤਗਰਦੀ ਵਾਲਾ ਉਹ ਪੁਰਾਣਾ ਦੌਰ ਲਿਆਉਣ ਚਾਹੁਦੇ ਹਨ। ਉਹਨਾਂ ਇਸ ਗੱਲ ਦੀ ਨਿਖੇਧੀ ਕੀਤੀ ਕਿ ਬਾਜ਼ਾਰਾਂ ਵਿੱਚ ਦਹਿਸ਼ਤਗਰਦਾਂ ਨੂੰ ਹੀਰੋ ਬਣਾਉਣ ਵਾਲੀ ਬਹੁਤ ਸਾਰੀ ਸਮਗਰੀ ਲਗਾਤਾਰ ਵਿਕ ਰਹੀ ਹੈ। ਇਸ ਮੌਕੇ 'ਤੇ ਦਲੀਪ ਗਰੋਵਰ, ਅਸ਼ਵਨੀ ਚੋਪੜਾ, ਰਾਕੇਸ਼ ਅਰੋੜਾ, ਸੌਰਭ ਅਰੋੜਾ, ਰਿਸ਼ਭ ਕਨੌਜੀਆ, ਅਮਨ ਟੱਕਰ, ਦੀਪਕ ਸ਼ਰਮਾ, ਵਿਨੋਦ ਸ਼ਰਮਾ, ਅਮਿਤ ਕੋੰਡਲ ਸਮੇਤ ਕਈ ਹੋਰ ਹਿੰਦੂ ਲੀਡਰ ਵੀ ਮੌਜੂਦ ਸਨ। ਇਹਨਾਂ ਨੇ ਆਪਣੇ ਦੋ ਦੋ ਮੈਂਬਰਾਂ ਨੂੰ ਚੁੱਪ ਚੁਪੀਤੇ ਬਾਹਰ ਕਢ ਕੇ ਮਾਰਚ ਵਾਲੀ ਯੋਜਨਾ ਸਫਲ ਬਣਾਉਣ ਦੀ ਕੋਸਿਸ਼ ਵੀ ਕੀਤੀ ਪਰ ਭਾਰੀ ਪੁਲੁਸ ਫੋਰਸ ਨੇ ਲਗਾਈ ਸਖਤ ਨਾਕੇਬੰਦੀ ਨਾਲ ਇਹ ਸਾਰੀ ਯੋਜਨਾ ਨਾਕਾਮ ਬਣਾ ਦਿੱਤੀ।
ਜ਼ਿਕਰਯੋਗ ਹੈ ਕਿ ਇਸ ਗਲੀ ਦੇ ਨਾਲ ਹੀ ਹੀ ਲੱਗਦੀ ਗਲੀ ਵਿੱਚ ਆਪਣੇ ਵੇਲੇ ਦੇ ਪ੍ਰ੍ਸਿਧ ਹਿੰਦੂ ਲੀਡਰ "ਸ਼ੇਰੇ ਪੰਜਾਬ" ਕਾਲੀ ਚਰਨ ਦਾ ਘਰ ਵੀ ਮੌਜੂਦ ਹੈ ਜਿਹਨਾਂ ਨੂੰ ਦਹਿਸ਼ਤਗਰਦੀ ਵਾਲੇ ਦਿਨਾਂ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਦੀ ਯਾਦ ਵਿੱਚ ਇਥੇ ਚੋਂਕ ਦਾ ਨਾਂ ਵੀ ਰੱਖਿਆ ਗਿਆ ਹੈ। ਉਹਨਾਂ ਦੇ ਸ਼ਰਧਾਲੂ ਉਹਨਾਂ ਦੀ ਸ਼ਹਾਦਤ ਨੂੰ ਅੱਜ ਵੀ ਯਾਦ ਕਰਦੇ ਹਨ।
No comments:
Post a Comment