ਸੀਪੀਆਈ ਲੁਧਿਆਣਾ ਨੇ ਕੀਤੀ ਭੜਕਾਊ ਹਰਕਤਾਂ ਦੀ ਤਿੱਖੀ ਨਿਖੇਧੀ
ਲੰਮੇ ਸਮੇਂ ਦੀਆਂ ਕੋਸ਼ਿਸ਼ਾਂ ਮਗਰੋਂ ਪੰਜਾਬ ਵਿੱਚ ਪਰਤਿਆ ਅਮਨ ਹੁਣ ਫਿਰ ਖਤਰਨਾਕ ਫਿਰਕੂ ਸਾਜ਼ਿਸ਼ਾਂ ਦੀ ਮਾਰ ਹੇਠ ਹੈ। ਅੱਜ ਲੁਧਿਆਣਾ ਅਤੇ ਪੰਜਾਬ ਦੀਆਂ ਕੁਝ ਹਰ ਥਾਂਵਾਂ 'ਤੇ ਪੈਦਾ ਕੀਤਾ ਗਿਆ ਤਣਾਅ ਇਹੀ ਸੰਕੇਤ ਦੇ ਰਿਹਾ ਹੈ। ਬਲਿਊ ਸਟਾਰ ਆਪਰੇਸ਼ਨ ਦੀ ਯਾਦ ਵਿੱਚ ਇਸ ਵਾਰ ਵੀ ਘੱਲੂਘਾਰਾ ਦਿਵਸ ਮਨਾਇਆ ਜਾਣਾ ਸੀ ਜੋ ਕਿ ਕੋਈ ਨਵੀਂ ਗੱਲ ਨਹੀਂ ਸੀ। ਪਿਛਲੇ 35 ਸਾਲਾਂ ਤੋਂ ਬਹੁਤ ਸਾਰੇ ਸੁਆਲਾਂ ਨੂੰ ਲੈ ਇਹ ਘੱਲੂਘਾਰਾ ਹਫਤਾ ਜਾਂ ਦਿਨ ਮਨਾਇਆ ਜਾਂਦਾ ਹੈ। ਇੱਕ ਦਰਦ ਹੈ ਜੋ ਅੱਜ ਵੀ ਤਾਜ਼ਾ ਹੈ। ਬਹੁਤ ਸਾਰੇ ਸੁਆਲ ਹਨ ਜਿਹਨਾਂ ਦਾ ਜੁਆਬ ਅੱਜ ਵੀ ਨਹੀਂ ਮਿਲਿਆ। ਸਿਆਸੀ ਸਾਜ਼ਿਸ਼ਾਂ ਉਸ ਦਰਦ ਦੀ ਸ਼ਿੱਦਤ ਅਤੇ ਅਹਿਸਾਸ ਦੀ ਤੀਬਰਤਾ ਨੂੰ ਅਜੇ ਵੀ ਘਟਾ ਨਹੀਂ ਸਕੀਆਂ। ਹਾਂ ਸਕਿਓਰਟੀ ਲੈਣ ਦੀਆਂ ਚਾਲਾਂ ਚੱਲਣ ਵਾਲੇ ਹਰ ਵਾਰ ਨਵੀਆਂ ਬਿਆਨਬਾਜ਼ੀਆਂ ਕਰਕੇ ਇਸਨੂੰ ਵਧ ਜ਼ਰੂਰ ਦੇਂਦੇ ਹਨ। ਇਸ ਵਾਰ ਵੀ ਇਹੀ ਕੁਝ ਹੋਇਆ। ਸਿੱਖ ਪੰਥ ਅਤੇ ਸਿੱਖ ਪੰਥ ਦੇ ਹਮਦਰਦ ਜਿਹਨਾਂ ਵਿੱਚ ਬਹੁਤ ਸਾਰੇ ਗੈਰ ਸਿੱਖ ਵੀ ਸ਼ਾਮਲ ਹਨ, ਹਰ ਸਾਲ ਇਸ ਦਿਨ ਨੂੰ ਮਨਾਉਂਦੇ ਹਨ। ਇਸਦੇ ਵਿਰੋਧ ਵਿੱਚ ਹਵਨ ਕਰਨ ਕਰਾਉਣ ਵਰਗੀਆਂ ਕਾਰਵਾਈਆਂ ਇਸ ਵਾਰ ਕੁਝ ਜ਼ਿਆਦਾ ਸਨ। ਇਹਨਾਂ ਹਵਨਾਂ ਦੇ ਪੋਸਟਰ ਵੀ ਕਈ ਦਿਨ ਪਹਿਲਾਂ ਲੱਗ ਚੁੱਕੇ ਸਨ। ਸੋਸ਼ਲ ਮੀਡੀਆ 'ਤੇ ਵੀ ਇਹਨਾਂ ਦਾ ਖੂਬ ਪ੍ਰਚਾਰ ਹੋ ਰਿਹਾ ਸੀ। ਇਹ ਸਭ ਕੁਝ ਸਿਆਸੀ ਅਤੇ ਸਮਾਜਿਕ ਸੰਗਠਨਾਂ ਨੂੰ ਵੀ ਪਤਾ ਸੀ ਅਤੇ ਪੁਲਿਸ ਦੇ ਨਾਲ ਨਾਲ ਪ੍ਰਸ਼ਾਸਨ ਨੂੰ ਵੀ ਇਸਦੀ ਜਾਣਕਾਰੀ ਸੀ। ਦਰੇਸੀ ਰੋਡ ਵਾਲਾ ਹਵਨ 11 ਵਜੇ ਸ਼ੁਰੂ ਹੋਣਾ ਸੀ ਅਤੇ 11 ਵਜੇ ਹੀ ਸ਼ੁਰੂ ਹੋਇਆ। ਰੇਲਵੇ ਸਟੇਸ਼ਨ ਮਾਲ ਗੋਦਾਮ ਨੇੜਲੇ ਮੰਦਰ ਵਿੱਚ ਵੀ ਹਵਨ ਕਰਨ ਦੀਆਂ ਕੋਸ਼ਿਸ਼ਾਂ ਸਨ ਜਿਹਨਾਂ ਨੂੰ ਪੁਲਿਸ ਦੀ ਸਮੇਂ ਸਰ ਕੀਤੀ ਗਈ ਕਾਰਵਾਈ ਨੇ ਨਾਕਾਮ ਬਣਾ ਦਿੱਤਾ।
ਜ਼ਿਕਰਯੋਗ ਹੈ ਕਿ ਅੱਜ ਦੀਆਂ ਘਟਨਾਵਾਂ ਮਗਰੋਂ ਲੁਧਿਆਣਾ ਵਿੱਚ ਸਨਸਨੀ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ। ਅੱਜ ਸਥਾਨਕ ਨਿੱਕਾਮਲ ਚੌਕ ਵਿਚ ਅੱਜ ਦੁਪਹਿਰ ਨਿਹੰਗ ਸਿੰਘਾਂ ਅਤੇ ਸ਼ਿਵ ਸੈਨਾ ਵਰਕਰਾਂ ਵਿਚਾਲੇ ਹੋਏ ਜ਼ਬਰਦਸਤ ਟਕਰਾਅ ਕਾਰਨ ਸਥਿਤੀ ਤਣਾਅਪੂਰਨ ਬਣ ਗਈ ਸੀ। ਜਦਕਿ ਪੁਲੀਸ ਵੱਲੋਂ ਇਲਾਕੇ ਨੂੰ ਪੂਰੀ ਤਰਾਂ ਨਾਲ ਪੁਲੀਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਅਤੇ ਇਸ ਸਥਿਤੀ ਨੂੰ ਕਾਬੂ ਹੇਠ ਕੀਤਾ ਗਿਆ। ਇੱਕ ਇਹ ਸਭ ਕੁਝ ਅੱਜ ਹੋਈ ਹੁੱਲੜਬਾਜ਼ੀ ਤੋਂ ਵਧਿਆ। ਜਾਣਕਾਰੀ ਅਨੁਸਾਰ ਇੱਕ ਸਿੱਖ ਨੌਜਵਾਨ ਦੀ ਕਥਿਤ ਤੌਰ ਤੇ ਕੁੱਟਮਾਰ ਕੀਤੀ ਗਈ ਕਿਓਂਕਿ ਉਸਨੇ ਸ਼ਾਇਦ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੀ ਟੀਸ਼ਰਟ ਪੈ ਹੋਈ ਸੀ। ਸੂਚਨਾ ਮਿਲਣ 'ਤੇ ਇਹ ਨਿਹੰਗ ਸਿੰਘ ਉੱਥੇ ਪਹੁੰਚ ਗਏ ਸਨ, ਇਸ ਸਿੱਖ ਨੌਜਵਾਨ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਮ ਦੀ ਟੀ ਸ਼ਰਟ ਪਾਈ ਹੋਈ ਸੀ, ਜਦੋਂ ਇਹ ਨੌਜਵਾਨ ਉੱਥੇ ਪਹੁੰਚਿਆ ਤਾਂ ਇਸ ਦੀ ਕੁੱਝ ਨੌਜਵਾਨਾਂ ਵੱਲੋਂ ਉਸ ਦੀ ਕੁੱਟਮਾਰ ਕਰ ਦਿੱਤੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੇ ਨਿਹੰਗ ਸਿੰਘਾਂ ਵੱਲੋਂ ਉੱਥੇ ਸਡ਼ਕ 'ਤੇ ਲੱਗੇ ਸ਼ਿਵ ਸੈਨਾ ਦੇ ਪੋਸਟਰ ਪਾਡ਼ ਦਿੱਤੇ ਗਏ ਜਿਸ ਤੇ ਸ਼ਿਵ ਸੈਨਾ ਵਰਕਰ ਵੀ ਭਾਰੀ ਗਿਣਤੀ ਵਿਚ ਨਿੱਕਾਮਲ ਚੌਕ ਵਿਖੇ ਪਹੁੰਚ ਗਏ ਹਨ। ਸੂਚਨਾ ਮਿਲਦੇ ਉੱਚ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹਨ ਤੇ ਉਨ੍ਹਾਂ ਵੱਲੋਂ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਥਿਤੀ ਤਨਾਅਪੂਰਨ ਵੇਖਦਿਆਂ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ਗਰਮ ਖਿਆਲੀਆਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ।
ਇਸੇ ਦੌਰਾਨ ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰ ਵੱਲੋਂ ਕੁਝ ਬੈਨਰਾਂ ਹੇਠ ਇੱਕ ਹਵਨ ਯੱਗ ਵੀ ਕਰਾਇਆ ਗਿਆ ਜਿਸ ਵਿੱਚ ਗਰਮਖਿਆਲੀ ਸਿੱਖ ਆਗੂਆਂ ਦੀਆਂ ਤਸਵੀਰਾਂ ਵੀ ਅਹੂਤੀ ਦੇ ਕੇ ਸਾੜੀਆਂ ਗਈਆਂ। ਅਜਿਹਾ ਕਰਨ ਦਾ ਐਲਾਨ ਕਈ ਦਿਨ ਪਹਿਲਾਂ ਹੋ ਚੁੱਕਿਆ ਸੀ ਅਤੇ ਇਸ ਬਾਰੇ ਬਾਕਾਇਦਾ ਪੋਸਟਰ ਵੀ ਲਗਾਏ ਗਏ ਸਨ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਧਾਰਮਿਕ ਵਖਰੇਵਿਆਂ ਤੋਂ ਬਹੁਤ ਉੱਚਾ ਉੱਠ ਕੇ ਆਪਣੀ ਕੁਰਬਾਨੀ ਦਿੱਤੀ ਸੀ ਪਰ ਖੁਦ ਨੂੰ ਸ਼ਹੀਦ ਸੁਖਦੇਵ ਦਾ ਵਾਰਿਸ ਕਹਾਉਣ ਵਾਲਿਆਂ ਨੇ ਜਾਣੇ ਅਣਜਾਣੇ ਵਿੱਚ ਹਵਨ ਕਰਕੇ ਸ਼ਹੀਦਾਂ ਨੂੰ ਸਿਰਫ ਹਿੰਦੂ ਧਰਮ ਤੱਕ ਸੀਮਿਤ ਕਰਨ ਵਾਲਾ ਕੰਮ ਹੀ ਕੀਤਾ। ਇਸ ਹਵਨ ਦੀ ਚਰਚਾ ਕਈ ਦਿਨਾਂ ਤੋਂ ਸੀ। ਸੋਸ਼ਲ ਮੀਡੀਆ 'ਤੇ ਵੀ ਇਸਦਾ ਪ੍ਰਚਾਰ ਕੀਤਾ ਗਿਆ ਸੀ। ਇਸਦੇ ਬਾਵਜੂਦ ਪ੍ਰਸ਼ਾਸਨ ਅਤੇ ਪੁਲਿਸ ਨੇ ਸਬੰਧਿਤ ਧਿਰਾਂ ਨੂੰ ਅਮਨ ਸ਼ਾਂਤੀ ਬਹਾਲ ਰੱਖਣ ਲਈ ਅੰਦਰ ਨਹੀਂ ਕੀਤਾ ਗਿਆ। ਜਦੋਂ ਮਾਹੌਲ ਤਿੱਖਾ ਹੋ ਗਿਆ ਉਦੋਂ ਵੀ ਪੁਲਿਸ ਮੂਕ ਦਰਸ਼ਕ ਵਾਂਗ ਵਿਚਰਦੀ ਨਜ਼ਰ ਆਈ। ਇਸ ਤੋਂ ਲੱਗਦਾ ਸੀ ਕਿ ਪੁਲਿਸ ਸਪਸ਼ਟ ਸਿਆਸੀ ਹੁਕਮਾਂ ਦੀ ਅਣਹੋਂਦ ਕਾਰਨ ਸ਼ਸ਼ੋਪੰਜ ਵਿੱਚ ਸੀ।
ਸੀਪੀਆਈ ਲੁਧਿਆਣਾ ਦੇ ਸਕੱਤਰ ਕਾਮਰੇਡ ਡੀ ਪੀ ਮੌੜ, ਸਹਾਇਕ ਸੱਤਰ ਡਾਕਟਰ ਅਰੁਣ ਮਿੱਤਰਾ ਅਤੇ ਹੋਰਾਂ ਨੇ ਇਹਨਾਂ ਘਟਨਾਵਾਂ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਸਦੇ ਨਾਲ ਹੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਨਾ ਕਿਸੇ ਲਿਹਾਜ਼ ਦੇ ਇਹਨਾਂ ਫਿਰਕੂ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ।
No comments:
Post a Comment