Showing posts with label ਰਣਜੀਤ ਸਿੰਘ ਪ੍ਰੀਤ. Show all posts
Showing posts with label ਰਣਜੀਤ ਸਿੰਘ ਪ੍ਰੀਤ. Show all posts

Wednesday, January 01, 2014

7 ਜਨਵਰੀ ਬਰਸੀ ਤੇ//ਸੰਸਾਰ ਪ੍ਰਸਿੱਧ ਹਾਕੀ ਖਿਡਾਰੀ ਸੁਰਜੀਤ ਸਿੰਘ ਨੂੰ ਚੇਤੇ ਕਰਦਿਆਂ

Tue, Dec 31, 2013 at 7:09 PM
ਸੁਰਜੀਤ ਨੇ ਭਾਰਤ ਦਾ ਨਾਂਅ ਰੌਸ਼ਨ ਕੀਤਾ-ਗਿਆਨੀ ਜੈਲ ਸਿੰਘ  ਰਣਜੀਤ ਸਿੰਘ ਪ੍ਰੀਤ   
ਭਾਰਤੀ ਹਾਕੀ ਦਾ ਥੰਮ ਅਖਵਾਉਂਣ ਵਾਲੇ ਸੁਰਜੀਤ ਸਿੰਘ ਦਾ ਜਨਮ 10 ਅਕਤੂਬਰ 1951 ਨੂੰ ਪਿੰਡ ਦਾਖ਼ਲਾ (ਗੁਰਦਾਸਪੁਰ),ਵਿੱਚ ਸ ;ਮੱਘਰ ਸਿੰਘ ਦੇ ਘਰ ਹੋਇਆ। ਖ਼ਾਲਸਾ ਸਕੂਲ ਬਟਾਲਾ ਤੋਂ ਮੁੱਢਲੀ ਵਿਦਿਆ ਹਾਸਲ ਕਰਨ ਮਗਰੋਂ ਸਪੋਰਟਸ ਕਾਲਜ ਜਲੰਧਰ ‘ਚ ਦਾਖ਼ਲਾ ਲਿਆ।
                        ਹਾਕੀ ਦੇ ਖ਼ੇਤਰ ਵਿੱਚ 1967 ਨੂੰ ਸਕੂਲੀ ਖੇਡਾਂ ਤੋਂ ਉਸ ਨੇ ਪ੍ਰਵੇਸ਼ ਕੀਤਾ। ਇਸ ਤੋਂ ਕਰੀਬ ਇੱਕ ਸਾਲ ਬਾਅਦ 1968 ਵਿੱਚ ਪੰਜਾਬ ਯੂਨੀਵਰਸਿਟੀ ਦੀ ਟੀਮ ਵਿੱਚ ਸ਼ਾਮਲ ਹੋ ਕੇ ਉਹਨਾ ਨੇ ਕਈ ਅਹਿਮ ਮੈਚ ਖੇਡੇ। ਇਹਨਾਂ ਮੈਚਾਂ ਦੀ ਕਾਰਗੁਜ਼ਾਰੀ ਸਦਕਾ ਹੀ ਯੂਨੀਵਰਸਿਟੀ ਦੀ ਸਾਂਝੀ ਟੀਮ ਦੇ ਮੈਂਬਰ ਬਣੇ,ਆਸਟਰੇਲੀਆ ਦਾ ਦੌਰਾ ਵੀ ਕੀਤਾ। ਖਿਡਾਰੀ ਹੋਣ ਦੇ ਨਾਤੇ ਹੀ ਰੇਲਵੇ ਵਿੱਚ ਕਮਰਸ਼ੀਅਲ ਇੰਸਪੈਕਟਰ ਦੀ ਨੌਕਰੀ ਮਿਲੀ।
                          ਸੁਰਜੀਤ ਸਿੰਘ ਨੇ ਓਲੰਪਿਕ,ਏਸ਼ੀਆਈ,ਅਤੇ ਵਿਸ਼ਵ ਕੱਪ ਵਿੱਚ 13 ਵਾਰੀ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ,।1972 ਵਿੱਚ ਉਹ ਪੰਜਾਬ ਵੱਲੋਂ ਪਹਿਲੀ ਵਾਰੀ ਕੌਮੀ ਪੱਧਰ ‘ਤੇ ਖੇਡਿਆ। ਇਸ ਪ੍ਰਫਾਰਮੈਂਸ ਦੇ ਅਧਾਰ ‘ਤੇ ਹੀ 1973 ਦੇ ਐਮਸਟਰਡਮ ਵਿਸ਼ਵ ਕੱਪ ਵਿੱਚ ਖੇਡਣ ਵਾਲੀ ਭਾਰਤੀ ਟੀਮ ਦਾ ਮੈਬਰ ਬਣਾਇਆ ਗਿਆ। ਉਹ 1972 ਦੀ ਮਿਊਨਿਖ਼ ਓਲੰਪਿਕ ਵਿੱਚ ਵੀ ਸ਼ਾਮਲ ਹੋਇਆ।
                            ਦੂਜੇ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਮੇਜ਼ਬਾਨ ਮੁਲਕ ਹਾਲੈਂਡ ਅਤੇ ਭਾਰਤ ਦਰਮਿਆਂਨ ਖੇਡਿਆ ਗਿਆ । ਇਸ ਫ਼ਾਈਨਲ ਦੇ ਪਹਿਲੇ ਸੱਤ ਮਿੰਟਾਂ ਵਿੱਚ ਮਿਲੇ ਦੋ ਪਨੈਲਟੀ ਕਾਰਨਰਾਂ ਨੂੰ ਉੱਤੋ-ੜੁੱਤੀ ਜਦ ਸੁਰਜੀਤ ਨੇ ਕਰਾਰੇ ਸ਼ਾਟ ਲਾਉਂਦਿਆਂ ਗੋਲਾਂ ਵਿੱਚ ਬਦਲ ਦਿੱਤਾ ਤਾਂ ਭਾਰਤੀ ਹਾਕੀ ਪ੍ਰੇਮੀ ਜਿੱਤ ਨੂੰ ਯਕੀਨੀ ਸਮਝ ਪਟਾਖ਼ੇ ਚਲਾਉਣ ਅਤੇ ਖ਼ੁਸ਼ੀ ਦਾ ਇਜ਼ਹਾਰ ਕਰਨ ਲੱਗੇ । ਪਰ ਬਰਾਬਰੀ ‘ਤੇ ਖ਼ਤਮ ਹੋਏ,ਮੈਚ ਦਾ ਆਖ਼ਰੀ ਨਤੀਜਾ ਪਨੈਲਟੀ ਸਟਰੌਕ ਜ਼ਰੀਏ 4-2 ਨਾਲ ਹਾਲੈਂਡ ਦੇ ਹੱਕ ਵਿੱਚ ਰਿਹਾ।
                      1974 ਤਹਿਰਾਨ ਏਸ਼ੀਆਈ ਖੇਡਾਂ,1975 ਕੁਆਲਾਲੰਪੁਰ ਵਿਸ਼ਵ ਹਾਕੀ ਕੱਪ,1976 ਮਾਂਟਰੀਆਲ ਓਲੰਪਿਕ,1978 ਬੈਂਗਕੌਕ ਏਸ਼ੀਆਈ ਖੇਡਾਂ, 1982 ਮੁੰਬਈ ਵਿਸ਼ਵ ਕੱਪ,ਖੇਡਦਿਆਂ ਸੁਰਜੀਤ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ । ਫੁੱਲ ਬੈਕ ਵਜੋਂ ਖੇਡਣ ‘ਤੇ “ਲੋਹੇ ਦੀ ਦੀਵਾਰ ” ਕਹਾਉਣ ਵਾਲੇ ਅਣਖ਼ੀ ਸੁਰਜੀਤ ਦਾ 1978 ਵਿੱਚ ਪ੍ਰਬੰਧਕਾਂ ਨਾਲ ਇੱਟ-ਖੜੱਕਾ ਵੀ ਹੋਇਆ । ਉਹ ਆਪਣੇ ਸਾਥੀਆਂ ਬਲਦੇਵ ਅਤੇ ਵਰਿੰਦਰ ਸਮੇਤ ਪਟਿਆਲੇ ਦੇ ਕੋਚਿੰਗ ਕੈਂਪ ਵਿੱਚੋਂ ਆਪਣਾ ਬਿਸਤਰਾ ਹੀ ਚੁੱਕ ਲਿਆਇਆ। ਇਸ ਮੌਕੇ ਕੋਚ ਵੱਲੋਂ ਕੀਤੀਆ ਂਟਿੱਪਣੀਆਂ ਦੀ ਤਾਂ ਚਿੰਤਾ ਕੀਤੀ। ਪਰ ਡਰਾਵਿਆਂ ਦੀ ਚਿੰਤਾ ਨਹੀਂ ਸੀ ਕੀਤੀ।
               ਸੁਰਜੀਤ ਨੇ 1975 ਦੇ ਨਿਊਜ਼ੀਲੈਂਡ ਟੂਰ ਸਮੇਂ 17 ਗੋਲ ਕੀਤੇ,1979 ਪ੍ਰੀ-ਓਲੰਪਿਕ ,1981 ਚੈਂਪੀਅਨਜ਼ ਟਰਾਫ਼ੀ, ਸਮੇ ਕਪਤਾਨ ਵਜੋਂ,1979 ਪਰਥ ਮੁਕਾਬਲਿਆਂ ਸਮੇ ਉਪ-ਕਪਤਾਨ ਵਜੋਂ ਖੇਡ ਚੁੱਕੇ ਸੁਰਜੀਤ ਨੂੰ 1980 ਮਾਸਕੋ ਓਲੰਪਿਕ ਸਮੇ ਵੀ ਕਪਤਾਨ ਬਣਾਇਆ ਗਿਆ ਸੀ। ਪਰ ਇਸ ਮੌਕੇ ਇਹ ਕਪਤਾਨੀ ਫਿਰ ਵਿਵਾਦਾਂ ਵਿੱਚ ਘਿਰ ਗਈ ਅਤੇ ਇਹ ਫ਼ੈਸਲਾ ਵਾਪਸ ਲੈਂਦਿਆਂ ਕਪਤਾਨ ਦੀ ਬਦਲੀ ਕਰ ਦਿੱਤੀ ਗਈ । 1982 ਦੇ ਮੁੰਬਈ ਵਿਸ਼ਵ ਕੱਪ ਸਮੇ ਆਪ ਦੀ ਕਪਤਾਨੀ ਅਧੀਨ ਭਾਰਤੀ ਟੀਮ ਨੇ ਬਗੈਰ ਕਿਸੇ ਵਿਸ਼ੇਸ਼ ਪ੍ਰਾਪਤੀ ਤੋਂ ਹਿੱਸਾ ਲਿਆ। 
ਲੇਖਕ: ਰਣਜੀਤ ਸਿੰਘ ਪ੍ਰੀਤ
                                 ਬਹੁਤਾ ਸਮਾ “ਰਾਕ ਰੋਵਰਜ਼ ਚੰਡੀਗੜ” ਵੱਲੋਂ ਖੇਡਣ ਵਾਲੇ,ਸੁਰਜੀਤ ਸਿੰਘ ਨੇ “ਇੰਡੀਅਨ ਏਅਰ ਲਾਈਨਜ਼”ਲਈ ਵੀ ਕਈ ਜਿੱਤਾਂ ਦਰਜ ਕੀਤੀਆਂ। ਫਿਰ ਪੀ ਏ ਪੀ ਵਿੱਚ ਇੰਸਪੈਕਟਰ ਬਣਿਆਂ ਅਤੇ ਪ੍ਰਸਿੱਧ ਹਾਕੀ ਖਿਡਾਰਨ ਚੰਚਲ ਕੋਹਲੀ ਦਾ ਜੀਵਨ ਸਾਥੀ । ਪਰ ਇਹ ਸਾਥ ਭਰ ਜੁਆਨੀ ਵਿੱਚ ਹੀ ਬਿਰਹਾ ਬਣ ਗਿਆ। ਸਿਰਫ਼ 33 ਵਰਿਆਂ ਦਾ ਸੁਰਜੀਤ ਸਿੰਘ 7 ਜਨਵਰੀ 1983 ਨੂੰ ਜਲੰਧਰ ਦੇ ਨੇੜੇ ,ਪ੍ਰਸ਼ੋਤਮ ਪਾਂਦੇ,ਨਾਲ ਸਖ਼ਤ ਸਰਦੀ ਅਤੇ ਸੰਘਣੀ ਧੁੰਦ ਦੌਰਾਂਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਉਦੋਂ ਵੀ ਉਹ ਇੱਕ ਮੈਚ ਦੀ ਤਿਆਰੀ ਵਜੋਂ ਭੱਜ-ਨੱਠ ਕਰ ਰਹੇ ਸਨ । ਉਹਨਾਂ ਦੀ ਯਾਦ ਵਿੱਚ ਹਰ ਸਾਲ “ ਸੁਰਜੀਤ ਮੈਮੋਰੀਅਲ ਹਾਕੀ ਮੁਕਾਬਲਾ ਹੁੰਦਾ ਹੈ। ਜਿਸ ਨੂੰ ਹੁਣ “ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਕਿਹਾ ਜਾਂਦਾ ਹੈ। ਇਹ ਮੁਕਾਬਲਾ “ਸੁਰਜੀਤ ਸਟੇਡੀਅਮ” ਵਿੱਚ 29ਵੀਂ ਵਾਰੀ ਹੋਇਆ ਅਤੇ ਇੰਡੀਅਨ ਆਇਲ  ਮੁੰਬਈ ਨੇ ਭਾਰਤ ਪੈਟਰੋਲੀਅਮ ਮੁੰਬਈ ਨੂੰ 4-3 ਨਾਲ ਹਰਾ ਕੇ ਜਿਤਿਆ। ਜੇਤੂ ਟੀਮ ਨੂੰ 3.50 ਲੱਖ,ਉਪ ਜੇਤੂ ਨੂੰ 2.50 ਲੱਖ ਮਿਲੇ। ਗੁਰਜਿੰਦਰ ਸਿੰਘ ਸਰਵੋਤਮ ਖਿਡਾਰੀ ਬਣਿਆਂ । ਇਸ ਮਹਾਂਨ ਖਿਡਾਰੀ ਸੁਰਜੀਤ ਸਿੰਘ ਦੇ ਨਾਂਅ ‘ਤੇ “ ਹਾਕੀ ਅਕੈਡਮੀ ” ਦਾ ਵੀ ਗਠਨ 
ਕੀਤਾ ਗਿਆ ਹੈ।ਜਿੱਥੇ ਵਧੀਆ ਖਿਡਾਰੀ ਤਿਆਰ ਕੀਤੇ ਜਾਂਦੇ ਹਨ। ਇਸ ਸਰਵਸ੍ਰੇਸ਼ਟ ਖਿਡਾਰੀ ਦੇ ਦਿਹਾਂਤ ਤੋਂ 15 ਸਾਲ ਮਗਰੋਂ 1998 ਵਿੱਚ ਅਰਜੁਨਾ ਐਵਾਰਡ ਦਿੱਤਾ ਗਿਆ ਅਤੇ ਬੁੱਤ ਲਗਾਇਆ ਗਿਆ। ਜਦ ਇਸ ਜਾਂਬਾਜ਼ ਖਿਡਾਰੀ ਦਾ ਅੰਤ ਹੋਇਆ ਤਾਂ ਗਿਆਨੀ ਜੈਲ ਸਿੰਘ ਜੀ ਨੇ ਇਹਨਾਂ ਸ਼ਬਦਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ। ਜੋ ਮਰਹੂਮ ਖਿਡਾਰੀ ਦੀ ਮਹਾਨਤਾ ਦਰਸਾਉਂਦੇ ਹਨ,“ਸੁਰਜੀਤ ਇੱਕ ਵਧੀਆ ਖਿਡਾਰੀ ਸੀ, ਜਿਸਨੇ ਭਾਰਤ ਦਾ ਨਾਂਅ ਰੌਸ਼ਨ ਕੀਤਾ”। 
******
ਲੇਖਕ ਦਾ ਡਾਕ ਸੰਪਰਕ: 
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ) 
ਸੰਪਰਕ:98157-07232

ਭਾਰਤੀ ਖੇਡ ਜਗਤ ਲਈ 2013 ਰਿਹਾ ਖੱਟਾ-ਮਿੱਠ//ਰਣਜੀਤ ਸਿੰਘ ਪ੍ਰੀਤ

ਖੇਡ ਜਗਤ ਦਾ ਲੇਖਾਜੋਖਾ 
ਸਾਲ 2013 ਆਪਣਾ ਬਿਸਤਰਾ ਇਕੱਠਾ ਕਰਕੇ ਤੁਰ ਗਿਆ ਹੈ,ਅਤੇ ਅਗਲੇ ਵਰੇ 2014 ਨੇ ਆਪਣਾ ਬਿਸਤਰਾ ਵਿਛਾਉਂਣ ਵਿੱਚ ਦੇਰੀ ਨਹੀਂ ਕੀਤੀ । ਇਤਿਹਾਸ ਬਣੇੇ 2013 ਵਿੱਚ ਕੁਦਰਤ ਦੇ ਸੁਭਾਅ ਅਨੁਸਾਰ ਜ਼ਿੰਦਗੀ ਦੇ ਹਰ ਖੇਤਰ ਵਿੱਚ ਬੜਾ ਕੁੱਝ ਚੰਗਾ-ਮਾੜਾ ਵਾਪਰਦਾ ਰਿਹਾ ਏ । ਭਾਰਤੀ ਖੇਡਾਂ ਦਾ ਖੇਤਰ ਵੀ ਇਹਦੇ ਪ੍ਰਭਾਵ ਤੋਂ ਬਚ ਨਹੀਂ ਸਕਿਆ । ਖੇਡ ਜਗਤ ਵਿੱਚ ਭਾਰਤ ਦੀ ਗੱਲ ਸ਼ੁਰੂ ਕਰਨ ਲਈ ਪਹਿਲਾਂ ਅਹਿਮ ਗੱਲ ਵੱਲ ਉਂਗਲੀ ਸੇਧਤ ਕਰਦੇ ਹਾਂ। ਭਾਰਤ ਨੂੰ ਅਜੇ ਓਲੰਪਿਕ ਖੇਡਾਂ ਵਿੱਚ ਦਾਖ਼ਲਾ ਬਹਾਲੀ ਨਹੀਂ ਮਿਲੀ ਹੈ, ਏਵੇਂ ਹੀ ਭਾਰਤੀ ਬਾਕਸਿੰਗ ਫ਼ੈਡਰੇਸ਼ਨ (ਆਈ ਬੀ ਐਫ) ਵੀ ਪਾਬੰਦੀ ਦੀ ਮਾਰ ਹੇਠ ਹੈ। ਪਰ ਕੁਸ਼ਤੀ ਨੂੰ ਓਲੰਪਿਕ ਵਿੱਚ ਦਾਖਲਾ ਮਿਲਣਾ,ਦੂਜੀ ਵਾਰ ਟੋਕੀਓ (ਜਪਾਨ) ਨੂੰ 2020 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਨਸੀਬ ਹੋਣਾ ਅਤੇ ਓਲੰਪਿਕ ਕਮੇਟੀ ਦਾ ਨਵਾਂ ਪ੍ਰਧਾਨ ਜਰਮਨੀ ਦੇ ਥੌਮਸ ਬੈਚ ਦਾ ਚੁਣਿਆਂ ਜਾਣਾ ਜ਼ਿਕਰਯੋਗ ਐ ।
ਕ੍ਰਿਕਟ:--
ਬਜ਼ੁਰਗ ਹੋਏ ਵਰੇ ਦੀ ਭਾਰਤੀ ਸ਼ੁਰੂਆਤ 3 ਜਨਵਰੀ ਨੂੰ ਪਾਕਿਸਤਾਨ ਨਾਲ ਕੋਲਕਾਤਾ ਵਿੱਚ ਹਾਰੇ ਇੱਕ ਰੋਜਾ ਕਿ੍ਰਕਟ ਮੈਚ ਨਾਲ ਹੋਈ ਸੀ ਅਤੇ ਸਾਲ ਦਾ ਅੰਤ ਵੀ 22 ਦਸੰਬਰ ਨੂੰ ਇੰਗਲੈਂਡ ਵਿਰੁੱਧ ਹੋਣ ਵਾਲੇ ਟੀ-20 ਮੈਚ ਨਾਲ ਹੀ ਹੋਣਾ ਹੈ । ਪਾਕਿਸਤਾਨ ਨੇ ਭਾਰਤ ਨੂੰ 2-1 ਨਾਲ, ਭਾਰਤ ਨੇ ਇੰਗਲੈਂਡ ਨੂੰ 3-2 ਨਾਲ,ਜ਼ਿੰਬਾਬਵੇ ਨੂੰ 5-0 ਨਾਲ, ਆਸਟਰੇਲੀਆ ਨੂੰ 3-2 ਨਾਲ,ਵੈਸਟ ਇੰਡੀਜ਼ ਨੂੰ 2-0 ਨਾਲ,ਆਈ ਸੀ ਸੀ ਚੈਂਪੀਅਨ ਟਰਾਫ਼ੀ ਇੰਗਲੈਂਡ ਨੂੰ ਹਰਾ ਕੇ,ਵੈਸਟ ਇੰਡੀਜ਼ ਤਿੰਨ ਮੁਲਕੀ ਸੀਰੀਜ਼ ਸ਼੍ਰੀਲੰਕਾ ਨੂੰ ਹਰਾ ਕੇ, ਸਿੰਗਾਪੁਰ ਵਿਚਲਾ ਅੰਡਰ-23 ਮੁਕਾਬਲਾ ਪਾਕਿਸਤਾਨ ਨੂੰ ਹਰਾਕੇ ਭਾਰਤ ਨੇ, ਸਪਾਟ ਫ਼ਿਕਸਿੰਗ ਦੇ ਗਧੀ-ਗੇੜ ਵਾਲਾ ਆਈ ਪੀ ਐਲ ਮੁਕਾਬਲਾ ਮੁੰਬਈ ਇੰਡੀਅਨਜ਼ ਨੇ, ਇਰਾਨੀ ਕੱਪ ਰੈਸਟ ਆਫ਼ ਇੰਡੀਆ ਨੇ ਅਤੇ 10 ਵਾਂ ਮਹਿਲਾ ਵਿਸ਼ਵ ਕੱਪ 7 ਵੀਂ ਵਾਰੀ ਆਸਟਰੇਲੀਆ ਨੇ ਜਿੱਤਿਆ ਹੈ। ਭਾਰਤ ਦਾ ਪਾਕਿਸਤਾਨ ਨੂੰ ਹਰਾ ਕੇ ਸੱਤਵਾਂ ਸਥਾਨ ਰਿਹਾ । ਸਾਲ ਦੇ ਆਖ਼ਰ ਵਿੱਚ ਭਾਰਤ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਸੈਂਂਕੜਿਆਂ ਦਾ ਸੈਂਕੜਾ ਲਗਾਉਂਣ ਵਾਲੇ ਸਚਿਨ ਤੇਂਦੂਲਕਰ ਨੇ 14 ਨਵੰਬਰ ਨੂੰ ਮੁੰਬਈ ਵਿੱਚ ਆਪਣਾ 200 ਵਾਂ ਟੈਸਟ ਮੈਚ ਖੇਡਣ ਦੇ ਨਾਲ ਹੀ 15921 ਰਨ ਬਣਾਕੇ ਕਿ੍ਰਕਟ ਨੂੰ ਅਲਵਿਦਾ ਆਖ ਦਿੱਤੀ ਅਤੇ 26 ਜਨਵਰੀ 2014 ਨੂੰ ਭਾਰਤ ਰਤਨ ਲੈਣ ਵਾਲੇ ਪਹਿਲੇ ਖਿਡਾਰੀ ਬਣ ਜਾਣੇ ਹਨ।
   ਗੌਲਫ਼:-
 ਪਹਿਲੀ ਗੌਲਫ਼ ਪ੍ਰੀਮੀਅਰ ਲੀਗ 7 ਤੋਂ 10 ਫਰਵਰੀ ਤੱਕ ਫਰੈਂਚਾਈਜ ਗੌਲਫ਼ਰਾਂ ‘ਤੇ ਅਧਾਰਤ ਹੋਈ । ਕੁੱਲ 32 ਗੌਲਫ਼ਰ 8 ਟੀਮਾਂ ਵਿੱਚ ਸ਼ਾਮਲ ਸਨ । ਹਰੇਕ ਟੀਮ ਵਿੱਚ ਇੱਕ ਕੌਮਾਂਤਰੀ,ਇੱਕ ਭਾਰਤੀ,ਇੱਕ ਏਸ਼ੀਅਨ ਟੂਰ ਵਿੱਚੋਂ,ਅਤੇ ਇੱਕ ਭਾਰਤੀ ਗੌਲਫ਼ ਟੂਰ ਵਿੱਚੋਂ ਗੌਲਫ਼ਰ ਸ਼ਾਮਲ ਸੀ । ਇਸ ਮੁਕਾਬਲੇ ਦੇ ਦਿਨ ਸਮੇ ਅਭਿਆਸੀ ਮੈਚ ਅਤੇ ਫਲੱਡ ਲਾਈਟਾਂ ਵਿੱਚ ਰਾਤ ਸਮੇ ਮੁਕਾਬਲਾ ਮੈਚ ਖੇਡੇ ਗਏ ,ਉਤਰਾਖੰਡ ਲਾਇਨਜ਼ ਇਸ ਟੂਰਨਾਮੈਂਟ ਦਾ ਜੇਤੂ ਬਣਿਆਂ ।
ਹਾਕੀ:-
ਹੀਰੋ ਹਾਕੀ ਇੰਡੀਆ ਲੀਗ ਰਾਂਚੀ ਰਹਿਨੋਜ਼ ਨੇ ਦੇਹਲੀ ਵੇਵ ਰਾਈਡਰਜ਼ ਨੂੰ ਹਰਾਕੇ ਅਤੇ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਸੁਸ਼ੀਲਾ ਚਾਨੂੰ ਦੀ ਕਪਤਾਨੀ ਅਧੀਨ 7ਵੇਂ ਜੂਨੀਅਰ ਹਾਕੀ ਵਿਸ਼ਵ ਕੱਪ ਦੌਰਾਂਨ ਇੰਗਲੈਂਡ ਨੂੰ ਪੈਨਲਟੀ ਸ਼ੂਟ ਆਊਟ ਰਾਹੀਂ 3-2 ਨਾਲ ਹਰਾ ਕੇ ਪਹਿਲੀ ਵਾਰ ਕਾਂਸੀ ਦਾ ਤਮਗ਼ਾ ਹਾਸਲ ਕਰਿਆ ਏਸ਼ੀਅਨ ਚੈਪੀਅਨਜ਼ ਟਰਾਫ਼ੀ ਦੇ ਪੁਰਸ਼ ਵਰਗ ਵਿੱਚ ਭਾਰਤ ਦਾ ਪੰਜਵਾਂ ਅਤੇ ਮਹਿਲਾ ਵਰਗ ਵਿੱਚ ਦੂਜਾ ਸਥਾਨ ਰਿਹਾ । ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਆਸਟਰੇਲੀਆ ਨੇ 7 ਵੀਂ ਵਾਰੀ ਜਿੱਤਿਆ। ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਪੰਜਵੀਂ ਪੁਜੀਸ਼ਨ ਲਈ । ਵਿਸ਼ਵ ਹਾਕੀ ਲੀਗ ਦਿੱਲੀ ਦੇ ਦੂਜੇ ਗੇੜ ਦੌਰਾਂਨ ਭਾਰਤ ਅਤੇ ਆਇਰਲੈਂਡ ਨੇ ਪੁਰਸ਼ ਵਰਗ ਵਿੱਚੋਂ,ਭਾਰਤ ਅਤੇ ਜਪਾਨ ਨੇ ਮਹਿਲਾ ਵਰਗ ਵਿੱਚੋਂ ਸੈਮੀਫ਼ਾਈਨਲ ਲਈ ਕੁਆਲੀਫਾਈ ਕਰਿਆ । ਪਰ ਰੋਟਰਡਮ ਵਿੱਚ ਭਾਰਤੀ ਪੁਰਸ਼ ਟੀਮ ਛੇਵੇਂ,ਅਤੇ ਮਹਿਲਾ ਟੀਮ 7ਵੇਂ ਥਾਂ ਰਹੀ।  ਭਾਰਤ ਨੇ ਹਾਕੀ ਵਿਸ਼ਵ ਕੱਪ ਲਈ ਕੁਆਲੀਫ਼ਾਈ ਕਰ ਲਿਆ ਹੈ ਅਤੇ 2018 ਲਈ ਮੇਜ਼ਬਾਨੀ ਵੀ ਮਿਲੀ ਹੈ ।
ਫਾਰਮੂਲਾ-1 ਮੋਟਰ ਰੇਸ;-
27 ਅਕਤੂਬਰ ਨੂੰ ਫਾਰਮੂਲਾ-1 ਏਅਰ ਟੈੱਲ ਗ੍ਰਾਂ ਪ੍ਰੀ ਰੇਸ ਬੁੱਧ ਇੰਟਰਨੈਸ਼ਨਲ ਸਰਕਿਟ ਗਰੇਟਰ ਨੋਇਡਾ ਦੇ 60 ਲੈਪਸ ਅਧਾਰਤ ਹੋਈ । ਪਰਮਾਨੈਂਟ ਰੇਸਿੰਗ ਫਸੈਲਿਟੀ 5.137 ਕਿਲੋਮੀਟਰ ਸੀ । ਪੋਲ ਪੁਜੀਸ਼ਨ ਸਬਸਟੇਨ ਵੇਟਿੱਲ ਡ੍ਰਾਈਵਰ ਰੈੱਡ ਬੁੱਲ ਰਿਨੌਲਟ 1:24.119 ਸਮੇਂ ਨਾਲ,ਫਾਸਟਿਸਟ ਲੈਪ ਕਿਮੀ ਰਾਇਕੌਨਿਨ ਲੌਟੁਸ ਰਿਨੌਲਟ 1:27.679 ਸਮੇ ਨਾਲ ਰਿਹਾ । ਪੌਡੀਅਮ ਅਨੁਸਾਰ ਸਬਸਟੈਨ ਵੇਟਿੱਲ ਰੈਡ ਬੁੱਲ ਰਿਨੌਲਟ (ਪਹਿਲੀ) ਨਿਕੋ ਰੌਸਬਰਗ ਮਰਸੀਡੀਜ਼ ਰਿਨੌਲਟ (ਦੂਜੀ),ਰੋਮੈਨ ਗਰੋਸੀਅਨ ਲੌਟੁਸ ਰਿਨੌਲਟ (ਤੀਜੀ) ਪੁਜੀਸ਼ਨ ‘ਤੇ ਰਹੇ ।
ਅਥਲੈਟਿਕਸ:--
ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿੱਪ 20 ਵੀਂ ਵਾਰ ਮੁੱਖ ਮੰਤਰੀ ਜੈ ਲਲਿਤਾ ਵੱਲੋਂ ਇਨਕਾਰ ਕਰਨ ਮਗਰੋਂ ਚੇਨੱਈ ਦੀ ਥਾਂ ਪੂਨਾ ਵਿੱਚ ਕਰਵਾਉਂਣੀ ਪਈ । ਚੀਨ ਨੇ 16 ਸੋਨੇ ਦੇ,6 ਚਾਂਦੀ ਦੇ,5 ਤਾਂਬੇ ਦੇ ਤਮਗੇ ਜਿੱਤੇ, ਭਾਰਤ ਨੇ ਦੋ ਸੋਨੇ ਦੇ,9 ਕਾਂਸੀ ਦੇ ਅਤੇ 6 ਚਾਂਦੀ ਦੇ ਮੈਡਲ ਜਿੱਤ ਕੇ ਛੇਵਾਂ ਸਥਾਨ ਲਿਆ । ਫਰਾਂਸ ਵਿਚਲੀ ਵਿਸ਼ਵ ਚੈਂਪੀਅਨਸ਼ਿਪ ਦੌਰਾਂਨ ਰਿਕਾਰਡ ਨਾਲ ਨੇਜ਼ੇਬਾਜ਼ੀ ਵਿੱਚੋਂ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਪੈਰਾ ਅਥਲੀਟ ਦੇਵੇਂਦਰ ਝੱਝਰੀਆ ਤੇ ਲੰਡਨ ਪੈਰਾਓਲੰਪਿਕ ਦੇ ਉੱਚੀ ਛਾਲ ਵਿੱਚੋਂ ਚਾਂਦੀ ਦਾ ਤਮਗਾ ਜੇਤੂ ਐਚ.ਐਨ. ਗਿਰਿਸ਼ਾ ਨੇ ਕੇਂਦਰ ਸਰਕਾਰ ’ਤੇ ਪੈਰਾ ਅਥਲੀਟਾਂ ਨਾਲ ਪੱਖਪਾਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਪੈਰਾ ਅਥਲੀਟਾਂ ਨਾਲ ਜੋ ਮਤਰੇਆ ਸਲੂਕ ਕਰਦੀ ਹੈ,ਉਹ ਜਾਇਜ਼ ਨਹੀਂ ਐ ।
ਕੁਸ਼ਤੀ;--
                     ਭਾਰਤ ਨੇ ਮੰਗੋਲੀਆ ਦੇ ਸ਼ਹਿਰ ਉਲਾਨਬਟਾਰ ਵਿੱਚ ਏਸ਼ੀਅਨ ਕੈਡਿਟ ਫ੍ਰੀ-ਸਟਾਈਲ ਤੇ ਗਰੀਕੋ ਰੋਮਨ ਅਤੇ ਮਹਿਲਾ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕੁੱਲ ਤਿੰਨ ਸੋਨੇ ਦੇ ਅਤੇ ਚਾਰ ਚਾਂਦੀ ਦੇ ਤਮਗਿਆਂ ਸਣੇ ਕੁੱਲ 12 ਤਮਗੇ ਜਿੱਤੇ ਹਨ। ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਡੋਪ ਟੈਸਟ ਦੀ ਕੁਤਾਹੀ ਕਾਰਨ ਜੂਨੀਅਰ ਕੌਮੀ ਕੁਸ਼ਤੀ ਚੈਂਪੀਅਨਸ਼ਿਪ ‘ਚ ਜੇਤੂ ਰਹੇ 6 ਪਹਿਲਵਾਨਾਂ ਦੇ ਤਮਗੇ ਅਤੇ ਪ੍ਰਮਾਣ ਪੱਤਰ ਵਾਪਸ ਲੈਣ ਦੀ ਗੱਲ ਵੀ ਆਖੀ । ਬੁਡਾਪੈਸਟ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚੋਂ ਭਾਰਤ ਨੇ ਇੱਕ ਚਾਂਦੀ ਦਾ,2 ਕਾਂਸੀ ਦੇ ਤਮਗਿਆਂ ਸਮੇਤ ਤਿੰਨ ਤਮਗੇ ਜਿੱਤ ਕੇ 15 ਵਾਂ ਸਥਾਨ ਹਾਸਲ ਕਰਿਆ । ਭਲਵਾਨ ਵਿਜੇਂਦਰ ਬਾਰੇ ਵੀ ਚਰਚਾ ਛਿੜੀ ਰਹੀ । ਭਾਰਤ ਦੇ ਜੂਨੀਅਰ ਪਹਿਲਵਾਨਾਂ ਨੇ ਥਾਈਲੈਂਡ ਦੇ ਫੁਕੇਟ ‘ਚ ਖਤਮ ਹੋਈ ਏਸ਼ੀਆਈ ਜੂਨੀਅਰ ਕੁਸ਼ਤੀ ਪ੍ਰਤੀਯੋਗਿਤਾ ਵਿਚ ਕੁੱਲ 27 ਤਮਗਿਆਂ ਵਿੱਚੋਂ 3 ਸੋਨੇ ਦੇ,5 ਚਾਂਦੀ ਦੇ ਅਤੇ 9 ਕਾਂਸੀ ਦੇ ਤਮਗਿਆਂ ਸਮੇਤ 17 ਤਮਗੇ ਜਿੱਤ ਕੇ ਇਕ ਨਵਾਂ ਇਤਿਹਾਸ ਰਚਿਆ । ਦਿੱਲੀ ਵਿੱਚ 18-22 ਮਈ ਤੱਕ ਹੋਈ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿੱਪ ਦੌਰਾਂਨ ਦੱਖਣੀ ਕੋਰੀਆ ਨੇ 5 ਸੋਨੇ ਦੇ,2 ਚਾਂਦੀ ਦੇ,ਅਤੇ ਇੱਕ ਕਾਂਸੀ ਦਾ ਤਮਗਾ ਜਿੱਤ ਕੇ ਪਹਿਲਾ ਅਤੇ ਭਾਰਤ ਦਾ 2 ਸੋਨ,ਇੱਕ ਚਾਂਦੀ,6 ਕਾਂਸੀ ਦੇ ਤਮਗਿਆਂ ਸਮੇਤ 9 ਤਮਗਿਆਂ ਨਾਲ ਪੰਜਵਾਂ ਸਥਾਨ ਰਿਹਾ ।

ਸਨੂਕਰ:--
ਭਾਰਤ ਦੇ ਮੋਹਰੀ ਸਨੂਕਰ ਖਿਡਾਰੀ ਮਹਿਤਾ ਨੇ ਵਿਸ਼ਵ ਖੇਡਾਂ ’ਚ ਸੋਨ ਤਗਮਾ ਜਿੱਤ ਕੇ ਸਾਰੇ ਦੇਸ਼ ਨੂੰ ਮਾਣ ਦਿਵਾਇਆ । ਮਹਿਤਾ ਨੇ ਚੀਨੀ ਖਿਡਾਰੀ ਨੂੰ 3-0 ਦੇ ਅੰਤਰ ਨਾਲ ਹਰਾ ਕੇ ਸੋਨ ਤਮਗਾ ਲਿਆ।
ਫੁੱਟਬਾਲ;-
ਭਾਰਤ ਨੇ ਮੇਜ਼ਬਾਨ ਨੇਪਾਲ ਨੂੰ 1-0 ਨਾਲ ਹਰਾ ਕੇ ਦੂਜਾ ਅੰਡਰ -16 ਸੈਫ਼ ਫੁਟਬਾਲ ਟੂਰਨਾਮੈਂਟ ਜਿੱਤਿਆ,ਡੂਰੰਡ ਕੱਪ ਦੇ 165 ਵੇਂ ਟੂਰਨਾਮੈਂਟ ਵਿੱਚ ਮੁਹੰਮਦਨ ਕਲੱਬ,ਸੰਤੋਸ਼ ਟਰਾਫੀ ਦੇ 67 ਵੇਂ ਮੁਕਾਬਲੇ ਦੌਰਾਂਨ ਵਿੱਚ ਸਰਵਿਸਜ ਨੇ, ਸੀ ਆਰ ਐਫ ਸੀ ਸਟੇਡੀਅਮ ਕੋਲੰਬੋ (ਸ੍ਰੀਲੰਕਾ) ਵਿਖੇ ਦੂਜੀ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ (ਸੈਫ) ਮਹਿਲਾ ਫੁਟਬਾਲ ਚੈਂਪੀਅਨਸ਼ਿਪ ਭਾਰਤ ਨੇ ਨੇਪਾਲ ਨੂੰ 3-1 ਨਾਲ ਹਰਾ ਕੇ ਜਿੱਤੀ। ਪਰ ਪੁਰਸ਼ ਵਰਗ ਦੇ ਸੈਫ ਫੁੱਟਬਾਲ ਮੁਕਾਬਲੇ ਵਿੱਚ ਅਫਗਾਨਿਸਤਾਨ ਤੋਂ ਹਾਰਨ ਸਦਕਾ ਭਾਰਤ ਜੇਤੂ ਹੈਟਿ੍ਰਕ ਬਨਾਉਂਣ ਤੋਂ ਵਾਂਝਾ ਰਹਿ ਗਿਆ ।
ਤਾਇਕਵਾਂਡੋ;-
ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਸਮਾਪਤ ਹੋਈ ਨਾਰਥ ਓਪਨ ਤਾਇਕਵਾਂਡੋ ਚੈਂਪੀਅਨਸ਼ਿਪ, ਵਿੱਚ ਪੰਜਾਬ ਤੋਂ ਇਲਾਵਾ 9 ਵੱਖ-ਵੱਖ ਸੂਬਿਆਂ ਨੇ ਭਾਗ ਲਿਆ। ਤਾਇਕਵਾਂਡੋ ਅੰਡਰ-14 ਦੇ ਹੋਏ ਮੁਕਾਬਲਿਆਂ ਵਿੱਚ ਬਠਿੰਡਾ ਜ਼ਿਲੇ ਨਾਲ ਸਬੰਧਤ ਸਰਕਾਰੀ ਐਲੀਮੈਂਟਰੀ ਸਕੂਲ ਅਬਲੂ ਦੇ ਸੱਤਵੀਂ ਜਮਾਤ ਵਿੱਚ ਪੜਦੇ ਹਰਜੀਤ ਸਿੰਘ ਨੇ ਸੋਨੇ ਦਾ ਤਮਗਾ ਜਿੱਤ ਕੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ।
ਬਾਸਕਟਬਾਲ:-
ਫੀਬਾ ਮਹਿਲਾ ਏਸ਼ੀਆ ਚੈਂਪੀਅਨਸ਼ਿੱਪ 27 ਅਕਤੂਬਰ ਤੋਂ 3 ਨਵੰਬਰ ਤੱਕ ਬੈਂਕਾਕ (ਥਾਈਲੈਂਡ) ਵਿੱਚ 12 ਟੀਮਾਂ ਨੇ ਦੋ ਲੈਵਲਾਂ ਦੀ ਵੰਡ ਅਨੁਸਾਰ ਖੇਡੀ । ਲੈਵਲ ਇੱਕ ਵਿੱਚ ਭਾਰਤੀ ਟੀਮ 5 ਵਿੱਚੋਂ ਇੱਕ ਮੈਚ ਹੀ ਜਿੱਤ ਸਕੀ ਅਤੇ ਇਸ ਚੈਂਪੀਅਨਸ਼ਿੱਪ ਵਿੱਚੋਂ 5 ਵਾਂ ਹੀ ਸਥਾਨ ਲਿਆ । ਜਪਾਨ ਨੇ ਦੂਜੀ ਵਾਰ ਇਹ ਮੁਕਾਬਲਾ ਜਿੱਤਿਆ ।
ਬੈਡਮਿੰਟਨ;-
ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ (ਬੀ ਏ ਆਈ) ਵੱਲੋਂ ਕਰਵਾਈ ਗਈ ਪਹਿਲੀ ਇੰਡੀਅਨ ਬੈਡਮਿੰਟਨ ਲੀਗ (ਆਈ ਬੀ ਐੱਲ) 13 ਤੋਂ 31 ਅਗਸਤ ਤੱਕ ਚੱਲੀ,6 ਟੀਮਾਂ ਨੇ 16 ਮੈਚ ਖੇਡੇ । ਵਿਸ਼ਵ ਦੀ ਸੱਭ ਤੋਂ ਮਹਿੰਗੀ 10 ਲੱਖ ਡਾਲਰ ਵਾਲੀ ਇਸ ਲੀਗ ਦਾ ਪਹਿਲਾ ਜੇਤੂ ਹੈਦਰਾਬਾਦ ਹਾਟ ਸ਼ਾਟਜ ਬਣਿਆਂ ਅਤੇ ਸਵਾ ਕਰੋੜੀ ਇਨਾਮ ਜਿੱਤਿਆ । ਸਾਇਨਾ ਨੇਹਵਾਲ ਸਰਵੋਤਮ ਖਿਡਾਰਨ ਬਣੀ । ਪੁਸਾਰਲਾ ਵਿੰਕਟਾ ਸਿੰਧੂ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿੱਪ ਵਿਚੋਂ ਚੀਨ ਵਿਖੇ ਕਾਂਸੀ ਦਾ ਤਮਗਾ ਜਿੱਤ ਕੇ ਨਵਾਂ ਪੰਨਾ ਸਿਰਜਿਆ ਹੈ।
   ਤੀਰ-ਅੰਦਾਜ਼ੀ:-
18 ਵੀ ਏਸ਼ੀਅਨ ਤੀਰ ਅੰਦਾਜ਼ੀ ਚੈਂਪੀਅਨਸ਼ਿੱਪ 29 ਅਕਤੂਬਰ ਤੋਂ 2 ਨਵੰਬਰ ਤੱਕ ਚੀਨੀ ਤਾਈਪੇ ਵਿਖੇ ਹੋਈ ਅਤੇ ਭਾਰਤੀ ਖਿਡਾਰੀਆਂ ਅਭੀਸ਼ੇਕ ਵਰਮਾ, ਰਤਨ ਸਿੰਘ ਖੁਰਾਇਜਮ ਤੇ ਸੰਦੀਪ ਕੁਮਾਰ ਨੇ ਸਖ਼ਤ ਮੁਕਾਬਲੇ ‘ਚ ਕੋਰੀਆ ਦੀ ਤਿਕੜੀ ਲੀਹੋਂਗ ਮਿਨ, ਯੋਂਗ ਹੀ ਚੋਈ ਤੇ ਜੋਂਗਹੋ ਕਿਮ ਨੂੰ 233-231 ਨਾਲ ਪਛਾੜਕੇ ਸੰਯੁਕਤ ਵਰਗ ਦਾ ਸੋਨ ਤਮਗਾ ਜਿੱਤਿਆ । ਮਹਿਲਾ ਟੀਮ ਏਸੇ ਵਰਗ ਵਿੱਚੋਂ ਕੋਰੀਆਈ ਟੀਮ ਤੋਂ 217-222 ਦੇ ਅੰਕ ਅੰਤਰ ਨਾਲ ਹਾਰ ਗਈ । ਰਿਕਰਵ ਵਰਗ ਵਿੱਚ ਵੀ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ।
ਦੁਖਿਦ ਘਟਨਾਵਾਂ;-
           ਕੁੱਝ ਘਟਨਾਵਾਂ ਅਜਿਹੀਆਂ ਵੀ ਵਾਪਰੀਆਂ ਜਿੰਨਾਂ ਵਿੱਚ ਖਿਡਾਰੀਆਂ ਨੂੰ ਵੀ ਅਤੇ ਕੋਚਾਂ,ਖੇਡ ਪ੍ਰਮੋਟਰਾਂ ਨੂੰ ਵੀ ਇਸ ਦੁਨੀਆਂ ਤੋਂ ਰੁਖ਼ਸਤ ਹੋਣਾ ਪਿਆ । ਸਾਬਕਾ ਭਾਰਤੀ ਸਾਈਕਲਿਸਟ ਅਤੇ 10 ਸਾਲਾਂ ਤੋਂ ਕੌਮੀ ਕੋਚ 50 ਸਾਲਾ ਰੂਮਾ ਚੈਟਰਜੀ ਦੀ ਨੋਇਡਾ ਵਿਖੇ ਸੜਕ ਹਾਦਸੇ ਵਿਚ ਮੌਤ ਹੋ ਗਈ। ਕੋਲਕਾਤਾ ਦੀ ਰਹਿਣ ਵਾਲੀ ਚੈਟਰਜੀ ਸਵੇਰੇ ਸਵੇਰੇ ਭਾਰਤੀ ਜੂਨੀਅਰ ਰੋਡ ਸਾਈਕਲਿੰਗ ਟੀਮ ਨੂੰ ਪ੍ਰੈਕਟਿਸ ਕਰਾ ਕੇ ਲਿਆ ਰਹੇ ਸਨ ਕਿ ਨੋਇਡਾ ਦੇ ਸੈਕਟਰ-45 ਨਜ਼ਦੀਕ ਇਕ ਕਾਰ ਨੇ ਉਨਾਂ ਨੂੰ ਟੱਕਰ ਮਾਰ ਦਿੱਤੀ  ਜਿਸ ਕਾਰਨ ਉਨਾਂ ਦੀ ਮੌਕੇ ’ਤੇ ਮੌਤ ਹੋ ਗਈ । ਬਾਸਕਿਟ ਬਾਲ ਕੋਚ ਡਾ ਐਸ ਸੁਬਰਾਮਨੀਅਮ ਦਾ ਪਟਿਆਲਾ ਵਿਖੇ ਅਕਾਲ ਚਲਾਣਾ ਵੀ ਦਰਦਨਾਕ ਰਿਹਾ ।
       6 ਨਵੰਬਰ ਤੋਂ 26 ਨਵੰਬਰ ਤੱਕ ਵਿਸ਼ਵ ਚੈੱਸ ਚੈਂਪੀਅਨਸ਼ਿੱਪ ਚੇਨੱਈ,17 ਨਵੰਬਰ ਨੂੰ ਸੁਪਰਬਾਈਕ ਵਿਸ਼ਵ ਚੈਪੀਅਨਸ਼ਿੱਪ ਸੀਜਨ ਇੰਡੀਅਨ ਲੈੱਗ ਬੁੱਧ ਇੰਟਰਨੈਸ਼ਨਲ ਸਰਕਿਟ ਗਰੇਟਰ ਨੋਇਡਾ ਵਿਖੇ ਅਤੇ ਨਸ਼ਾ ਰਹਿਤ ਚੌਥਾ ਕਬੱਡੀ ਕੱਪ 30 ਨਵੰਬਰ ਤੋਂ 14 ਦਸੰਬਰ ਤੱਕ ਧੁੰਮਾਂ ਪਾਈ ਜਾ ਰਿਹਾ ਹੈ । ਮਹਿਲਾ ਟੀਮਾਂ ਲਈ ਇਨਾਮੀ ਰਾਸ਼ੀ ਵੀ ਦੁਗੁਣੀ ਕੀਤੀ ਗਈ ਹੈ । ਲੜਕਿਆਂ ਦੇ ਜੂਨੀਅਰ ਹਾਕੀ ਵਿਸ਼ਵ ਕੱਪ (ਭਾਰਤ) ਨੇ ਵੀ 6 ਤੋਂ 15 ਦਸੰਬਰ ਤੱਕ ਵੀ ਦਰਸ਼ਕਾਂ ਲਈ ਨਜ਼ਾਰਾ ਪੇਸ਼ ਕਰਨਾ ਹੈ ਅਤੇ ਸਾਲ ਦੇ ਆਖ਼ਰੀ ਸਾਹ ਤੱਕ ਇਹ ਨਜ਼ਾਰਾ ਮਾਣ ਮੱਤਾ ਬਣਿਆਂ ਰਹੇਗਾ ।
 ਰਣਜੀਤ ਸਿੰਘ ਪ੍ਰੀਤ
ਸੰਪਰਕ; 98157-07232   

Friday, October 18, 2013

ਦੀਨ-ਦੁਖੀਆਂ ਦੇ ਮਸੀਹਾ ਸਨ; ਸੰਤ ਬਾਬਾ ਮੋਹਣ ਸਿੰਘ ਜੀ

18 ਅਕਤੂਬਰ ਬਰਸੀ 'ਤੇ                                 --ਰਣਜੀਤ ਸਿੰਘ ਪ੍ਰੀਤ Wed, Oct 16, 2013 at 4:11 PM
ਇਸ ਦੁਨੀਆਂ ਉੱਤੇ ਬਥੇਰੇ ਲੋਕ ਅਜਿਹੇ ਹਨ,ਜੋ ਖਾ-ਪੀ ਕੇ ਸੌਂ ਜਾਂਦੇ ਹਨ,ਸੁਪਨੇ ਵੇਖ ਲੈਂਦੇ ਹਨ। ਇਹ ਲੋਕ ਇਸ ਧਰਤੀ ਲਈ ਬੋਝ ਹਨ। ਪਰ ਇਹਨਾਂ ਤੋਂ ਉਲਟ ਕੁੱਝ ਅਜਿਹੇ ਵਿਅਕਤੀ ਵੀ ਹਨ,ਜੋ ਦੀਨ-ਦੁਖੀਆਂ ਦੀ ਸੇਵਾ-ਸੰਭਾਲ ਕਰਦੇ ਅਤੇ ਆਪ ਭੁੱਖੇ-ਪਿਆਸੇ ਰਹਿ ਕੇ, ਨਿੱਜ ਤੋਂ ਸਮੂਹਕ ਵੱਲ ਤੱਕਣ ਵਾਲੇ ਹਨ,ਇਹੀ ਬਾਬਾ,ਸੰਤ ਜਾਂ ਮਹਾਂਪੁਰਸ਼ ਅਖਵਾਉਦੇ ਹਨ ਅਤੇ ਇਹੋ-ਜਿਹੀ ਸ਼ਖਸ਼ੀਅਤ ਦੇ ਮਾਲਿਕ ਹੀ ਸਨ ਬੇ-ਸਹਾਰਿਆਂ ਦੇ ਸਹਾਰਾ,ਨਿ-ਆਸਰਿਆਂ ਦੇ ਆਸਰਾ,ਲਾਵਾਰਸਾਂ ਦੇ ਵਾਰਸ ,ਦੀਨ ਦੁਖੀਆਂ ਦੇ ਮਸੀਹਾ “ਸੰਤ ਬਾਬਾ ਮੋਹਣ ਸਿੰਘ ਜੀ “। 
                 ਜਿਨ੍ਹਾਂ ਦਾ ਜਨਮ ਮਾਤਾ ਕਰਮ ਕੌਰ ਅਤੇ ਪਿਤਾ ਕੱਥਾ ਸਿੰਘ ਦੇ ਘਰ ਪਾਕਿਸਤਾਨ ਵਿੱਚ 1891 ਨੂੰ ਹੋਇਆ। ਰਾਜਨੀਤੀਵਾਨਾਂ ਦੀ ਕੁਰਸੀ ਵੰਡ ਵਾਲੀ ਖੇਡ ਨੇ ਦੇਸ਼ ਦੀ ਵੰਡ ਨਾਲ ਏਥੋਂ ਦੀ ਮੁਹੱਬਤਾਂ ਭਰੀ ਜਰਖ਼ੇਜ਼ ਜ਼ਮੀਨ ਨੂੰ ਭਰਾਵਾਂ ਦੇ ਖੂੰਨ ਨਾਲ ਹੀ ਸਿੰਜਿਆ। ਪਰਿਵਾਰਾਂ ਦੇ ਵਿਛੋੜੇ ਨੇ ਰਿਸ਼ਤਿਆਂ ਨੂੰ ਖੜਸੁੱਕ ਬਣਾ ਦਿੱਤਾ। ਇਸ ਦਾ ਸ਼ਿਕਾਰ ਹੋਏ ਮੋਹਣ ਸਿੰਘ ਜੀ ਨੇ ਸ਼ਰਨਾਰਥੀ ਕੈਂਪਾਂ ਵਿੱਚ ਲੋੜਵੰਦਾਂ ਦੀ ਸੇਵਾ ਸੰਭਾਲ ਦੇ ਨਾਲ ਨਾਲ ਵਿਛੜਿਆਂ ਨੂੰ ਮਿਲਾਉਂਣ ਅਤੇ ਮੁੜ ਵਸੇਬੇ ਨੂੰ ਆਪਣਾ ਧਰਮ ਬਣਾ ਲਿਆ । ਕੁੱਝ ਸਮਾਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਅਤੇ ਫਿਰ ਭਗਤ ਪੂਰਨ ਸਿੰਘ ਨਾਲ ਵੀ ਬਿਤਾਇਆ।  
                  ਸੇਵਾ ਭਾਵਨਾਂ ਨੂੰ ਵੇਖਦਿਆਂ ਭਗਤ ਪੂਰਨ ਸਿੰਘ ਨੇ ਪਟਿਆਲਾ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਰਿਹਾਇਸ਼ ਦਾ ਪ੍ਰਬੰਧ ਕਰਦਿਆਂ ਇਲਾਕੇ ਵਿੱਚੋਂ ਦਸਵੰਧ ਇਕੱਠਾ ਕਰਨ ਅਤੇ ਲੋੜਵੰਦਾਂ ਨੂੰ ਅੰਮ੍ਰਿਤਸਰ ਵਿਖੇ ਲਿਆਉਂਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ । ਜਦ ਅੰਮ੍ਰਿਤਸਰ ਵਿਖੇ ਲਿਜਾਏ ਲੋੜਵੰਦਾਂ ਨੂੰ ਉੱਥੇ ਜਗ•ਾ ਦੀ ਘਾਟ ਕਾਰਣ ਵਾਪਸ ਪਟਿਆਲੇ ਲਿਆਉਣਾਂ ਪੈਂਦਾ ਤਾਂ ਅਜਿਹੀ ਔਖਿਆਈ ਵੇਖ ਦੁਖ ਨਿਵਾਰਨ ਸਾਹਿਬ ਦੇ ਤਤਕਾਲੀਨ ਮੈਨੇਜਰ ਅਜਾਇਬ ਸਿੰਘ ਜੀ ਨੇ ਕਿਹਾ ਕਿ ਉਹ ਇਹਨਾਂ ਸਾਰੇ ਲਾਵਾਰਸਾਂ, ਅਪਾਹਜਾਂ, ਪਾਗਲਾਂ, ਬਿਮਾਰਾਂ ਨੂੰ ਏਥੇ ਹੀ ਸੰਭਾਲਣ ਲੱਗ ਜਾਣ
                   ਇਸ ਤਹਿਤ ਹੀ ਉਹਨਾਂ ਨੇ 1983 ਵਿੱਚ ਪਾਸੀ ਰੋਡ 'ਤੇ ਪਾਟੀਆਂ-ਪੁਰਾਣੀਆਂ ਬੋਰੀਆਂ ਨੂੰ ਤੰਬੂ- ਕਨਾਤਾਂ ਵਾਂਗ ਲਗਾ ਕੇ ਮਜਬੂਰ- ਲਾਚਾਰਾਂ ਨੂੰ  ਸੰਭਾਲਣਾ ਸ਼ੁਰੂ ਕਰ ਦਿੱਤਾ। ਲੋੜਵੰਦਾਂ ਨੂੰ ਦੁਆਈ ਦਿਵਾਉਂਣ ਲਈ ਖੁਦ ਹੀ ਰਿਕਸ਼ਾ ਰੇਹੜੀ ਚਲਾ ਕੇ ਲਿਜਾਂਦੇ ਅਤੇ ਇਹਨਾਂ ਦੀ ਪੇਟ ਪੂਰਤੀ ਲਈ ਨੇੜਲੇ ਇਲਾਕੇ ਵਿੱਚੋਂ ਭੋਜਨ ਆਦਿ ਮੰਗ ਕੇ ਲਿਆਉਂਦੇ । ਇਸ ਰੁਝੇਵੇਂ ਦੌਰਾਂਨ ਹੀ ਬਾਬਾ ਜੀ ਦੀ ਪੱਤਨੀ ਚਰਨ ਕੌਰ ਦਾ ਵੀ ਦਿਹਾਂਤ ਹੋ ਗਿਆ ਅਤੇ ਦੋ ਕੁ ਸਾਲ ਦੇ ਛੋਟੇ ਬੇਟੇ ਬਲਬੀਰ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਦੇਵਾ ਯਤੀਮਖਾਨੇ ਵਿੱਚ ਹੀ ਬਚਪਨ ਬਿਤਾਉਂਣਾ ਪਿਆ ।

                               ਜਰੂਰਤਵੰਦਾਂ ਦੀ ਗਿਣਤੀ ਵਧਣ ਨਾਲ ਜਗ੍ਹਾਂ ਘਟ ਗਈ,ਤਾਂ ਮੌਕੇ ਦੇ ਡਿਪਟੀ ਕਮਿਸ਼ਨਰ ਐਸ ਕੇ ਸਿਨਾਹ ਨੇ ਸਨੌਰ ਸੜਕ 'ਤੇ ਜਗ੍ਹਾਂ ਅਲਾਟ ਕਰ ਦਿੱਤੀ। ਜਿੱਥੇ ਦਾਨੀਆਂ ਦੀ ਮਦਦ ਨਾਲ ਉਸਾਰੇ ਆਸ਼ਰਮ ਨੂੰ ਆਲ ਇੰਡੀਆ ਪਿੰਗਲਾ ਆਸ਼ਰਮ ਦੇ ਨਾਅ ਤਹਿਤ ਰਜਿਸਟਰਡ ਕਰਵਾਇਆ ਗਿਆ। ਪਰ ਸੰਤ ਬਾਬਾ ਮੋਹਣ ਸਿੰਘ ਜੀ 18 ਅਕਤੂਬਰ 1994 ਨੂੰ ਸਵਰਗ ਸੁਧਾਰ ਗਏ। ਉਹਨਾਂ ਦੀ ਬਰਸੀ ਹਰ ਸਾਲ 16 ਤੋਂ 18 ਅਕਤੂਬਰ ਤੱਕ ਮਨਾਈ ਜਾਂਦੀ ਹੈ,ਆਸ਼ਰਮ ਵਿੱਚ ਇਲਾਜ ਨਾਲ ਠੀਕ ਹੋਈਆਂ ਲੜਕੀਆਂ ਜਾਂ ਹੋਰ ਗਰੀਬ ਲੜਕੀਆਂ ਦੇ ਬਰਸੀ ਮੌਕੇ ਵਿਆਹ ਵੀ ਕੀਤੇ ਜਾਂਦੇ ਹਨ । ਇਸ ਵਾਰ 19 ਵੀਂ ਬਰਸੀ ਮੌਕੇ 11 ਲੜਕੀਆਂ ਦੇ ਵਿਆਹ ਕਰਨ ਦੇ ਨਾਲ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਲੋੜਵੰਦਾਂ ਦੇ ਮਸੀਹਾ ਸੁਰਿੰਦਰ ਪਾਲ ਸਿੰਘ ਓਬਰਾਏ ਨੂੰ ਸੰਤ ਬਾਬਾ ਮੋਹਣ ਸਿੰਘ ਮੈਮੋਰੀਅਲ ਨਿਸ਼ਕਾਮ ਸਮਾਜ ਸੇਵੀ ਸੰਤ ਰਤਨ ਐਵਾਰਡ ਦਿੱਤਾ ਜਾ ਰਿਹਾ ਹੈ। ਇਹ ਸਾਰਾ ਪ੍ਰਬੰਧ ਆਪਣੇ ਪਿਤਾ ਜੀ ਦੇ ਕਦਮ ਚਿਨ੍ਹਾਂ 'ਤੇ ਚਲਦਿਆਂ ਔਕੜਾਂ,ਘਾਟਾਂ ਦਾ ਸਾਹਮਣਾ ਕਰਦੇ ਮੌਜੂਦਾ ਮੁਖੀ ਬਾਬਾ ਬਲਬੀਰ ਸਿੰਘ ਜੀ ਦਾਨੀਆਂ ਦੀ ਮਦਦ ਨਾਲ ਚਲਾ ਰਹੇ ਹਨ । ਜਿਨ੍ਹਾਂ ਦੇ ਰੋਮ ਰੋਮ ਵਿੱਚ ਪਿਤਾ ਵਾਲੀਆਂ ਸੇਵਾ ਭਾਵਨਾਵਾਂ ਪੂਰੀ ਤਰ੍ਹਾਂ ਬਰਕਰਾਰ ਹਨ । 
ਰਣਜੀਤ ਸਿੰਘ ਪ੍ਰੀਤ
ਸੰਪਰਕ; 98157-07232
ਮੌਜੂਦਾ ਪਤਾ: 
ਆਲ ਇੰਡੀਆ ਪਿੰਗਲਾ ਆਸ਼ਰਮ (ਰਜਿ.)
ਸਨੌਰ ਰੋਡ,ਨੇੜੇ ਨਵੀਂ ਸਬਜ਼ੀ ਮੰਡੀ,
ਪਟਿਆਲਾ 


Sunday, March 03, 2013

ਉੱਘੇ ਖੇਡ ਲੇਖਕ ਪ੍ਰੀਤ ਡੀ ਡੀ ਪੰਜਾਬੀ 'ਤੇ

                      ਪੰਜਾਬੀ ਖੇਡ ਸਹਿਤ ਅਤੇ ਬਾਲ ਸਾਹਿਤ ਨਾਲ ਸਾਢੇ ਚਾਰ ਦਹਾਕਿਆਂ ਤੋਂ ਜੁੜੇ,ਸਟੇਟ ਐਵਾਰਡੀ,23 ਕਿਤਾਬਾਂ ਦੇ ਲੇਖਕ,2600 ਤੋਂ ਵੱਧ ਪੰਜਾਬੀ,ਹਿੰਦੀ,ਇੰਗਲਿਸ਼,ਸ਼ਾਹਲਿਪੀ ਵਿੱਚ ਰਚਨਾਵਾਂ ਅਖ਼ਬਾਰਾਂ-ਰਸਾਲਿਆਂ ਵਿੱਚ ਛਪਵਾਉਣ ਵਾਲੇ,ਸੇਵਾ ਮੁਕਤ ਸਿੱਖਿਆ ਅਫਸਰ,ਤਿੰਨ ਐਮ ਏ,ਐਮ ਐੱਡ,ਆਨਰਜ਼ ਇਨ ਪੰਜਾਬੀ ਤੱਕ ਦੀ ਪੜ੍ਹਾਈ ਕਰਨ ਵਾਲੇ, ਕਈ ਦਰਜਨ ਮਾਣ-ਸਨਮਾਨ ,ਪ੍ਰਸੰਸ਼ਾ ਪੱਤਰ ਪ੍ਰਾਪਤ ਕਰਤਾ,ਫ਼ਿਲਮਾਂ ਦੇ ਗੀਤਕਾਰ,ਹਰਮਨ ਰੇਡੀਓ ਤੋਂ ਹਰ ਹਫ਼ਤੇ 15 ਮਿੰਟ ਦਾ ਖੇਡ ਪ੍ਰੋਗਰਾਮ ਪੇਸ਼ ਕਰਨ ਵਾਲੇ, ਪੰਜਾਬੀਆਂ ਦੀ ਮਾਣ ਮੱਤੀ ਸ਼ਖ਼ਸ਼ੀਅਤ ਰਣਜੀਤ ਸਿੰਘ ਪ੍ਰੀਤ ਨਾਲ ਸਬੰਧਤ ਵਿਸ਼ੇਸ ਪ੍ਰੋਗਰਾਮ ਡੀ ਡੀ ਪੰਜਾਬੀ ਤੋਂ ਕੱਲ ਐਤਵਾਰ ਨੂੰ ““ਉਮਰਾਂ ਦੇ ਪੈਂਡੇ” “ ਪ੍ਰੋਗਰਾਮ ਤਹਿਤ ਸਵੇਰੇ 9.15 ਵਜੇ ਪ੍ਰਸਾਰਿਤ ਹੋ ਰਿਹਾ ਹੈ ।।    
                         ਇਸ ਦੀ ਰਿਕਾਰਡਿੰਗ ਸ਼ੁਕਰਵਾਰ ਨੂੰ ਉਹਨਾਂ ਦੇ ਨਿਵਾਸ “ਪ੍ਰੀਤ ਆਲਣਾ” ਵਿਖੇ ਡੀ ਡੀ ਪੰਜਾਬੀ ਤੋਂ ਵਿਸ਼ੇਸ਼ ਤੌਰ 'ਤੇ ਆਈ ਵਿਸ਼ੇਸ਼ ਟੀਮ ਨੇ 7 ਘੰਟਿਆਂ ਤੱਕ ਸ਼ੂਟਿੰਗ ਕੀਤੀ। ਰਿਕਾਰਡਿੰਗ ਸਮੇ ਟੀਮ ਮੁਖੀ ਰੂਪ ਮਿੱਠਾਪੁਰੀਆ ਨੇ ਆਪਣੇ ਪ੍ਰਤੀਕ੍ਰਮ ਵਿੱਚ ਕਿਹਾ ਕਿ “ਇੱਕ ਵੀਲ ਚੇਅਰ ਉੱਤੇ ਵਿਚਰਨ ਵਾਲੇ ਹਿੰਮਤੀ ਇਨਸਾਨ ਦੀ ਏਨੀ ਉਚੀ ਪ੍ਰਵਾਜ਼ ਨੂੰ ਮੈ ਸਲਿਊਟ ਕਰਦਾ ਹਾਂ, ਪ੍ਰੀਤ ਨੇ ਪੁੱਛੇ ਗਏ ਸੁਆਲਾਂ ਦੇ ਜੋ ਜਵਾਬ ਦਿੱਤੇ ਹਨ,ਉਹਨਾਂ ਵਿੱਚ ਸਾਹਿਤਕ ਟੱਚ ਦੀ ਝਲਕ ਵਿਸ਼ੇਸ਼ ਜ਼ਿਕਰਯੋਗ ਰਹੀ ਹੈ। ਇਸ ਸਮੇ ਨਾਨਕ ਨੀਰ ਨੇ ਕਿਹਾ ਕਿ “ਪ੍ਰੀਤ ਕੁਲ ਵਕਤੀ ਕਲਮਕਾਰ ਹੈ,ਭਾਵੇਂ ਇਹਨਾਂ ਨੇ ਜ਼ਿੰਦਗੀ ਇੱਕ ਪੂਰੇ ਤੰਦਰੁਸਤ ਮਨੁੱਖ ਵਾਗੂ ਜਿਓਂ ਕਿ ਨਹੀਂ ਵੇਖੀ। ਪਰ ਸੰਘਰਸ਼ਮਈ ਜੀਵਨ ਦਾ ਪੱਲਾ ਕਦੇ ਨਹੀਂ ਛੱਡਿਆ। ਪ੍ਰੀਤ ਦੀ ਜੀਵਨਗਾਥਾ ਤੰਦਰੁਸਤ ਵਿਅਕਤੀਆਂ ਲਈ ਵੰਗਾਰ ਅਤੇ ਅਪਾਹਜਾਂ ਲਈ ਚਾਨਣ ਮੁਨਾਰੇ ਵਾਂਗ ਹੈ। ਪ੍ਰੀਤ ਨੂੰ ਇਤਿਹਾਸ ਦੇ ਪੰਨੇ ਕਦੇ ਵੀ ਭੁਲਾ ਨਹੀ ਸਕਦੇ ਇਹ ਪੰਜਾਬੀਆਂ ਦੀ ਰਗ ਰਗ ਵਿੱਚ ਵਾਸਾ ਕਰ ਚੁੱਕਿਆ ਹੈ। ” ਇਸ ਮੌਕੇ ਪ੍ਰੀਤ ਦੀ ਨਵੀਂ ਆਈ ਕਿਤਾਬ “ਓਲੰਪਿਕ ਖੇਡਾਂ ਵਿੱਚ ਹਾਕੀ ਦਾ ਸਫ਼ਰ” ਵੀ ਲੋਕ ਅਰਪਣ ਕੀਤੀ ਗਈ । ।

Friday, February 01, 2013

ਛਿਟੀਆਂ ਦੀ ਅੱਗ ਨਾ ਬਲੇ//ਰਣਜੀਤ ਸਿੰਘ ਪ੍ਰੀਤ

ਇਹਨਾਂ ਚੁਲ੍ਹਿਆਂ ਨਾਲ ਧੂਆਂ ਸਿੱਧਾ ਅੱਖਾਂ ਵੱਲ ਹੀ ਆਇਆ ਕਰਦਾ ਸੀ
ਜਦ ਚੁਲ੍ਹੇ ਮੂਹਰੇ ਬੈਠਿਆਂ ਫੂਕਾਂ ਮਾਰ ਮਾਰ ਧੂੰਏ ਨਾਲ ਬੁਰਾ ਹਾਲ ਹੋ ਜਾਂਦਾ ਸੀ Courtesy Photo:The Better India
ਪੰਜਾਬਣਾਂ ਲਈ ਚੁੱਲੇ-ਚੌਂਕੇ ਦਾ ਕੰਮ ਅਤੇ ਘਰ ਦੀ ਚਾਰ ਦੀਵਾਰੀ ਵਿੱਚ ਰੋਜ਼ਾਨਾ ਹੀ ਕਈ ਕਿਲੋਮੀਟਰ ਸਫ਼ਰ ਤੈਅ ਕਰਨਾ ਪੈਂਦਾ ਏ। ਰਸੋਈ ਦਾ ਕੰਮ ਉਸ ਲਈ ਖ਼ਾਸ ਅਹਿਮੀਅਤ ਰਖਦਾ ਹੈ। ਕਿਓਂਕਿ ਉਹਦੇ ਸੁਚੱਜੇ-ਕੁਚੱਜੇ ਹੋਣ ਦੀ ਪਰਖ਼ ਪਾਰਖੂ ਅੱਖ ਰਸੋਈ ਵੱਲ ਝਾਤੀ ਮਾਰਕੇ ਹੀ ਕਰ ਲੈਂਦੀ ਹੈ। 
                         ਪਹਿਲੋਂ ਪਹਿਲ ਮਿੱਟੀ ਦੇ ਚੁਲ੍ਹੇ ਤੋਂ ਇਹ ਪਰਖ਼ ਹੋ ਜਾਇਆ ਕਰਦੀ ਸੀ। ਇਸ ਚੁਲ੍ਹੇ ਨੂੰ ਔਰਤਾਂ ਧੁੱਪੇ ਰੱਖ ਅਤੇ ਰੋਜ਼ਾਨਾ ਵਾਰ ਦੇ ਦੇ ਕਿ ਤਿਆਰ ਕਰਿਆ ਕਰਦੀਆਂ ਸਨ। ਫਿਰ ਚੌਂਕੇ ਵਿੱਚ ਲਿਜਾ ਕੇ ਜੜ ਲਿਆ ਜਾਂਦਾ ਸੀ। ਚੰਗੀ ਤਰ੍ਹਾਂ ਗੁਨ੍ਹੀ ਹੋਈ ਮਿੱਟੀ ਨਾਲ ਚੁਲ੍ਹੇ ਦੇ ਦੋਹਾਂ ਬੱਟਿਆਂ ਉੱਤੇ ਮੋਰਨੀਆਂ, ਘੁੱਗੀਆਂ,ਗਟਾਰਾਂ,ਫੁੱਲ-ਬੂਟੇ ਅਤੇ ਹੋਰ ਅਕ੍ਰਿਤੀਆਂ ਬਣਾਈਆਂ ਜਾਂਦੀਆਂ ਸਨ। ਫਿਰ ਚੁਲ੍ਹੇ ਦੇ ਪਿਛੇ ਅਤੇ ਅੱਗੇ ਖੜੋਕੇ ਇਹ ਵੇਖਿਆ ਜਾਂਦਾ ਸੀ ਕਿ ਕੋਈ ਪਾਸਾ ਵੱਡਾ-ਛੋਟਾ ਤਾਂ ਨਹੀਂ ਜਾਂ ਚੁਲ੍ਹਾ ਟੇਡਾ-ਮੇਢਾ ਤਾਂ ਨਹੀਂ। ਇਸ ਨਵੇਂ ਤਿਆਰ ਕੀਤੇ ਚੁਲ੍ਹੇ ਨੂੰ ਛੱਪੜ ਦੀ ਚਿਕਣੀ ਮਿੱਟੀ ਦਾ ਪੋਚਾ ਫੇਰ ਕਿ ਦਿਨ-ਵਾਰ ਵਿਚਾਰ ਕੇ ਚਾਲੂ ਕੀਤਾ ਜਾਂਦਾ ਸੀ। ਕਈ ਘਰਾਂ ਵਿੱਚ ਇਸ ਮੌਕੇ ਕੋਈ ਮਿੱਠੀ ਚੀਜ਼ ਖੀਰ,ਪ੍ਰਸ਼ਾਦ,ਸੇਵੀਆਂ ਆਦਿ ਵੀ ਬਣਾਈਆਂ ਜਾਂਦੀਆਂ ਸਨ। ਇਸ ਤੋਂ ਬਾਅਦ ਘੜੇ ਦੇ ਉਪਰਲੇ ਅੱਧ (ਟੁੱਟੇ ਘੜੇ) ਵਿੱਚ ਚੁਲ੍ਹਾ ਬਨਾਉਣ ਦਾ ਰਿਵਾਜ਼ ਪਿਆ। ਜਿਸ ਨੂੰ ਚੱਕਵਾਂ ਚੁਲ੍ਹਾ ਕਿਹਾ ਕਰਦੇ ਸਨ। ਇਸ ਨੂੰ ਮੀਹ-ਕਣੀ ਮੌਕੇ ਚੁੱਕ ਕੇ ਸੰਭਾਲਣਾ ਸੌਖਾ ਸੀ। ਇਸ ਸਮੇ ਹੀ ਇਹ ਬੋਲੀ ਬਣੀ ;
“ਸੰਤੀ ਚੱਕਵਾਂ ਚੁਲ੍ਹਾ ਕਿਸੇ ਯਾਰ ਨੂੰ ਭਿੜਾ ਕੇ ਮਾਰੂ”
                ਇਹਨਾਂ ਪੁਰਾਤਨ ਚੁਲ੍ਹਿਆਂ ਨਾਲ ਧੂਆਂ ਸਿੱਧਾ ਅੱਖਾਂ ਵੱਲ ਹੀ ਆਇਆ ਕਰਦਾ ਸੀ। ਕਈ ਐਵੇਂ ਬੈਠੇ ਬੈਠੇ ਧੂੰਏ ਨਾਲ ਅੱਖਾਂ ਲਾਲ ਕਰ ਲਿਆ ਕਰਦੇ ਸਨ। ਬਈ ਕੋਈ ਇਹ ਆਖ ਦੇਵੇ ਕਿ “ਇਹ ਤਾਂ ਸੱਸ ਨੂੰ ਬਹੁਤ ਪਿਆਰਾ ਏ। ਤਾਂ ਹੀ ਧੂਆਂ ਇਹਦੇ ਵੱਲ ਜਾਂਦਾ ਏ। ਉਂਜ ਇਸ ਨਾਲ ਕਈਆਂ ਦਾ ਪੁਛਾਂ ਵਾਲਾ ਸੁਰਮਾਂ ਵੀ ਗੱਲ੍ਹਾਂ ਤੋਂ ਵੱਗ ਜਾਇਆ ਕਰਦਾ ਸੀ। ਜਿਵੇਂ ਛੱਤ ਕੰਧ ਦੇ ਨਾਲੋਂ ਚਿਉਂਦੀ ਹੋਵੇ ਅਤੇ ਘਰਾਲਾਂ ਵਗ ਗਈਆਂ ਹੋਣ। ਪਰ ਕੰਮ ਤਾਂ ਮਜ਼ਬੂਰੀ ਵੱਸ ਕਰਨਾ ਹੀ ਪਿਆ ਕਰਦਾ ਸੀ। 
                        ਇਸ ਚੁਲ੍ਹੇ ਮਗਰੋਂ ਪਾਈਪ ਵਾਲਾ ਧੂਆਂ ਰਹਿਤ ਚੁਲ੍ਹਾ ਬਣਿਆਂ,ਇਹ ਦੇ ਹੇਠਾਂ ਕਿੱਲ ਜਾਂ ਜਾਲ ਪਾ ਕੇ ਖਾਲੀ ਥਾਂ ਛੱਡਿਆ ਜਾਂਦਾ ਸੀ,ਤਾਂ ਜੋ ਹਵਾ ਪੈ ਸਕੇ। ਚਲ੍ਹੇ ਦੇ ਪਿਛਾੜੀ ਤੋਂ ਇੱਕ ਪਾਈਪ ਲਾਈ ਜਾਂਦੀ ਸੀ। ਜਿਸ ਨਾਲ ਧੂਆਂ ਉਪਰ ਚਲਿਆ ਜਾਇਆ ਕਰਦਾ ਸੀ। ਅੱਖਾਂ ਨਾਲ ਸਾਂਝ ਘੱਟ ਪਾਇਆ ਕਰਦਾ ਸੀ। ਇਸ ਸਮੇ ਸ਼ਹਿਰੀ ਜੀਵਨ ਵਿੱਚ ਪੱਥਰ ਦੇ ਕੋਲਿਆਂ ਜਾਂ ਲੱਕੜੀ ਦੇ ਬੂਰੇ ਵਾਲੀਆਂ ਅੰਗੀਠੀਆਂ ਵੀ ਪ੍ਰਚੱਲਤ ਹੋਈਆਂ।।ਬਹੁਤੀ ਮਾਤਰਾ ਵਿੱਚ ਹੁਣ ਇਹਨਾਂ ਦੀ ਕਿਧਰੇ ਵਰਤੋਂ ਨਹੀਂ ਹੁੰਦੀ ਹੈ। 
                    ਇਸ ਦਾ ਵਿਕਸਤ ਰੂਪ ਰੂਪ ਗੋਬਰ ਗੈਸ ਪਲਾਂਟ ਹੋਂਦ ਵਿੱਚ ਆਏ। ਪਰ ਇਹ ਵੀ ਸਿਰਫ਼ ਪਸ਼ੂਆਂ ਵਾਲੇ ਘਰਾਂ ਵਿੱਚ ਹੀ ਹੋ ਸਕਦੇ ਸਨ। ਏਨੇ ਮਹਿੰਗੇ ਇਸ ਪਲਾਂਟ ਦਾ ਲਾਹਾ ਪਿੰਡਾਂ ਵਿੱਚ ਕਿਸਾਨਾਂ ਤੱਕ ਹੀ ਸੀਮਤ ਰਿਹਾ। ਗਰੀਬਾਂ ਦੀ ਪਹੁੰਚ ਵਿੱਚ ਇਹ ਨਹੀਂ ਸਨ। ਕੁੱਝ ਥਾਵਾਂ ਉੱਤੇ ਬੱਤੀਆਂ ਵਾਲੇ ਅਤੇ ਕੁੱਝ ਘਰਾਂ ਵਿੱਚ ਬਰਨਰ ਵਾਲੇ ਸਟੋਵ ਵੀ ਵਰਤੇ ਜਾਣ ਲੱਗੇ। ਇਹ ਵੱਡੇ ਪਰਿਵਾਰਾਂ ਨੂੰ ਰਾਸ ਨਾ ਆਏ। ਉਂਜ ਇਹਨਾਂ ਨੇ ਨੂੰਹ –ਸੱਸ ਦੀ ਲੜਾਈ ਵਿੱਚ ਸੱਸ ਨੂੰ ਹੀ ਵੋਟਾਂ ਪਾਈਆਂ। 
               ਅੱਜ ਕਲ੍ਹ ਇਹਨਾਂ ਸਾਰੇ ਚੁਲਿਆਂ ਤੋਂ ਉਲਟ ਗੈਸੀ ਚੁਲ੍ਹੇ ਆ ਗਏ ਹਨ। ਪਰ ਸਿਲੈਂਡਰਾਂ ਦੀ ਕੀਮਤ ਵਧਾਉਂਣ ਅਤੇ ਗਿਣਤੀ ਘਟਾਉਂਣ ਨਾਲ ਸੰਕਟ ਵਾਲੀ ਸਥਿੱਤੀ ਬਣ ਗਈ ਏ। ਬਹੁਤੇ ਘਰਾਂ ਵਿੱਚ ਜਾਨ ਜੋਖ਼ਮ ਵਿੱਚ ਪਾ ਕੇ ਬਿਜਲੀ ਚੋਰੀ ਕਰਦਿਆਂ ਬਿਜਲੀ ਚੁਲ੍ਹੇ ਵੀ ਮਿਲਣ ਲੱਗੇ ਹਨ। ਪਰ ਇਹਦਾ ਬਦਲ ਵੀ ਹੋਣਾ ਹੀ ਹੋਣਾ ਹੈ। ਪੂਛਾਂ ਵਾਲਾ ਸੁਰਮਾਂ ਹੁਣ ਕੱਲਰਾਂ ਦੇ ਸੱਪ ਨਹੀਂ ਬਣਦਾ। ਭਾਵੇਂ ਇਹਦੇ ਰੱਖ-ਰਖਾਵ,ਬੱਚਿਆਂ ਤੋਂ ਦੂਰ ਰੱਖਣ ਵਰਗੀਆਂ ਗੱਲਾਂ ਨੂੰ ਹਰ ਸਮੇ ਦਿਮਾਗ ਵਿੱਚ ਰੱਖਣਾਂ ਪੈਂਦਾ ਏ।।
        ਸ਼ਹਿਰਾਂ ਦੀ ਕੰਨੀ ਤੋਂ ਦੂਰ ਵਸੀ ਪੇਂਡੂ ਪੰਜਾਬਣ ਨੂੰ ਅੱਜ ਵੀ ਚੁੰਨੀ ਨਾਲ ਅੱਖਾਂ ਪੂੰਝਦੀ ਵੇਖਿਆ ਜਾ ਸਕਦਾ ਏ। ਉਹ ਅੱਗ ਬਾਲਣ ਲਈ ਉਵੇਂ ਹੀ ਚੁਲ੍ਹੇ ਵਿੱਚ ਫੂਕਣੀ ਨਾਲ ਫੂਕਾਂ ਮਾਰਦੀ ਹੈ, ਨਰਮੇ ਜਾਂ ਕਪਾਹ ਦੀਆਂ ਗਿੱਲੀਆਂ ਛਿਟੀਆਂ ਨਾਲ ਅੱਗ ਬਾਲਦੀ ਹੈ।।ਇਸ ਕੰਮ ਲਈ ਪਿੰਡਾਂ ਵਿੱਚ ਛਿਟੀਆਂ ਦੇ ਵੱਡੇ ਵੱਡੇ ਕਿੰਨੂ ਅੱਜ ਵੀ ਵੇਖੇ ਜਾ ਸਕਦੇ ਹਨ। ਛਿਟੀਆਂ ਦੀ ਅੱਗ ਬਾਲਣ ਲਈ ਹਾਜ਼ਰ ਰਹਿਣਾ ਪੈਂਦਾ ਏ,ਵਾਰ ਵਾਰ ਇਹਨਾਂ ਨੂੰ ਫੂਕਾਂ ਮਾਰਨੀਆਂ ਅਤੇ ਚੁਲ੍ਹੇ ਦੇ ਅੰਦਰ ਕਰਨਾ ਪੈਂਦਾ ਏ। ਪਰ ਫਿਰ ਵੀ ਬਹੁਤੀ ਵਾਰੀ ਅੱਗ ਨਹੀਂ ਬਲਦੀ,ਧੂਆਂ ਧੁਖਦਾ ਰਹਿੰਦਾ ਏ,ਅੱਕੀ,ਥੱਕੀ,ਚੁੰਨੀ ਨਾਲ ਅੱਖਾਂ ਪੂੰਝਦੀ ਉਹ ਗੁੱਸੇ ਦੀ ਭਰੀ ਪੀਤੀ ਇਹ ਆਖੇ ਬਿਨਾਂ ਨਹੀਂ ਰਹਿ ਸਕਦੀ;- ;
““ਛਿਟੀਆਂ ਦੀ ਅੱਗ ਨਾ ਬਲੇ,ਫੂਕਾਂ ਮਾਰੇ ਨੀ ਲਿਆਓ ਛੜਾ ਫੜਕੇ ”

ਰਣਜੀਤ ਸਿੰਘ ਪ੍ਰੀਤ (ਬੇ-ਤਾਰ:98157-02732)
ਭਗਤਾ (ਬਠਿੰਡਾ)-151206     

Thursday, January 31, 2013

77 ਵੀਆਂ ਕਿਲਾ ਰਾਇਪੁਰ ਪੇਂਡੂ ਖੇਡਾਂ//ਰਣਜੀਤ ਸਿੰਘ ਪ੍ਰੀਤ

ਰਸਮੀ ਉਦਘਾਟਨ ਪਹਿਲੀ ਫਰਵਰੀ ਨੂੰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ
                            ਪੰਜਾਬ ਵਿੱਚ ਪੇਂਡੂ ਖੇਡ ਮੇਲੇ ਤਾਂ ਭਾਵੇਂ ਹਰ ਆਏ ਰੋਜ਼ ਹੁੰਦੇ ਹੀ ਰਹਿੰਦੇ ਹਨ। ਪਰ ਮਿੰਨੀ ਓਲੰਪਿਕ ਵਜੋਂ ਪ੍ਰਸਿੱਧ ਕਿਲਾ ਰਾਇਪੁਰ ਦੀਆਂ ਪੇਂਡੂ ਖੇਡਾਂ ਦਾ ਕੋਈ ਹੋਰ ਖੇਡ ਮੇਲਾ ਸਾਨੀ ਨਹੀਂ ਹੈ। ਇਸ ਵਾਰੀ ਇਹ 31 ਜਨਵਰੀ ਤੋਂ 3 ਫਰਵਰੀ 2013 ਤੱਕ 77 ਵੀਂ ਵਾਰੀ ਹੋ ਰਿਹਾ ਹੈ। ਇਸ ਖੇਡੇ ਮੇਲੇ ਦਾ ਸ਼ਿੰਗਾਰ ਭਗਵੰਤ ਮੈਮੋਰੀਅਲ ਹਾਕੀ ਕੱਪ,ਬੈਲ ਗੱਡੀਆਂ ਦੀਆਂ ਦੌਡ਼ਾਂ,ਨਿਹੰਗ ਸਿੰਘਾਂ ਦੇ ਕਰਤੱਵ, ਕਬੱਡੀ, ਅਥਲੈਟਿਕਸ,ਕੁੱਤਿਆਂ ਦੀਆਂ ਦੌਡ਼ਾਂ,ਘੋਡ਼ ਦੌਡ਼,ਰੱਸਾਕਸ਼ੀ,ਜਿਮਨਾਸਟਿਕ,ਬਾਜ਼ੀਗਰਾਂ ਦੇ ਕਰਤੱਵ,ਕੁੱਕਡ਼ਾਂ ਦੀ ਲਡ਼ਾਈ, ਕਬੂਤਰਬਾਜ਼ੀ, ਸਾਹਨਾਂ ਦੇ ਭੇਡ਼,ਸ਼ਤਰਿਆਂ ਦੇ ਟਾਕਰੇ,ਦੰਦਾਂ ਨਾਲ ਹਲ਼ ਚੁੱਕਣਾ,ਕੁਡ਼ੀਆਂ ਦੀ ਹਾਕੀ, ਕੁਡ਼ੀਆਂ ਦੀ ਕਬੱਡੀ, ਵਾਲੀਬਾਲ,ਬਾਸਕਟਬਾਲ,ਧੌਲ ਦਾਡ਼ੀਆਂ ਵਾਲੇ ਬਾਬਿਆਂ ਦੀਆਂ ਖੇਡਾਂ ਆਦਿ ਨੂੰ ਦਰਸ਼ਕ ਸਾਹ ਰੋਕ ਰੋਕ ਕਿ ਵੇਖਿਆ ਕਰਦੇ ਹਨ। ਪਿਛਲੀਆਂ 2012 ਦੀਆਂ ਖੇਡਾਂ ਸਮੇ ਜਦ ਬੈਲ ਗੱਡੀਆਂ ਦੀਆਂ ਦੌਡ਼ਾਂ ਉੱਤੇ ਪਾਬੰਦੀ ਲਗਾਈ ਗਈ ਤਾਂ ਇੰਜ ਲੱਗਿਆ ਜਿਵੇਂ ਇਸ ਪੇਂਡੂ ਖੇਡ ਮੇਲੇ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ। ਪਰ ਪ੍ਰਵਾਨਗੀ ਮਿਲਣ ਮਗਰੋਂ ਇਸ ਵਾਰੀ ਨਗੌਰੀ ਬਲਦਾਂ ਵਾਲੀਆਂ ਗੱਡੀਆਂ ਦੀਆਂ ਦੌਡ਼ਾਂ ਫਿਰ ਤੋਂ ਖਿੱਚ ਦਾ ਕੇਂਦਰ ਬਣਨਗੀਆਂ।।
                  ਏਥੇ ਕੁੱਝ ਕੁ ਉਹਨਾਂ ਲੋਕਾਂ ਬਾਰੇ ਗੱਲ ਕਰਨੀ ਵੀ ਸ਼ਾਇਦ ਲਾਭਕਾਰੀ ਰਹੇਗੀ ਜੋ ਬਲਦਾਂ ਨੂੰ ਘਿਓ,ਬਦਾਮ,ਸਾਫ਼ –ਸੁਥਰੇ ਪੱਠੇ,ਵਧੀਆ ਖੁਰਾਕ ਅਤੇ ਸੁਧਰੀ ਸਾਂਭ ਸੰਭਾਲ ਦੀ ਥਾਂ ਦੌਡ਼ ਤੋਂ ਇੱਕ ਦਿਨ ਪਹਿਲਾਂ ਦੋ ਟੀਕੇ 'ਡੈਕਾਡੂਰਾਵੋਲੀਨ' ਸੌ ਮਿਲੀਗਰਾਮ, ਦੋ ਟੀਕੇ ਟੈਸਟਾਵੋਰੇਨ ਅਤੇ ਇਕ ਟੀਕਾ ਪਰੈਡਨੀਸੋਲ ਦਸ ਮਿਲੀ:, ਅਤਿ ਖਤਰਨਾਕ ਟੀਕਾ (ਟਰਮਿਨ 10 ਐਮ.ਐਲ) ਫੌਰਟਵਿਨ, ਨੌਰਫਿਨ ਅਤੇ ਸ਼ੀਕਲ ਵੀ ਆਪਣੀ ਲੋਡ਼ ਅਨੁਸਾਰ ਵਰਤਿਆ ਕਰਦੇ ਹਨ। ਦੌਡ਼ ਸ਼ੁਰੂ ਹੋਣ ਤੋਂ ਥੋਹਡ਼ਾ ਚਿਰ ਹੀ ਪਹਿਲਾਂ ਘਰਦੀ ਕੱਢੀ ਜਾਂ ਚੰਗੀ ਅੰਗਰੇਜ਼ੀ ਸ਼ਰਾਬ ਜਾਂ ਭੰਗ ਵੀ ਪਿਲਾਉਂਦੇ ਹਨ। ਗੱਡੀ ਚਾਲਕ ਦੇ ਹੱਥ ਵਿੱਚ ਫਡ਼ੀ ਸੋਟੀ ਦੇ ਅੱਗੇ ਕਰੀਬ ਡੇਢ ਕੁ ਇੰਚ ਦੀ ਮੇਖ ਲਗਾ ਕੇ ਆਰ ਵਜੋਂ ਵਰਤਦਿਆਂ ਬਲਦ ਨੂੰ ਲਹੂ-ਲੁਹਾਣ ਕੀਤਾ ਜਾਂਦਾ ਹੈ। ਆਪਣੀ ਜਿੱਤ ਦੀ ਖਾਤਰ ਬਲਦਾਂ ਉੱਤੇ ਅਨਿਆਂ ਕਰਨ ਵਾਲਿਆਂ ਨੂੰ ਇਸ ਵੱਲ ਬਹੁਤ ਧਿਆਨ ਦੇਣ ਦੀ ਲੋਡ਼ ਹੈ। ਜਿਵੇਂ ਬਹੁਤੇ ਗੱਡੀ ਚਾਲਕ ਬਲਦਾਂ ਨੂੰ ਬਹੁਤ ਪਿਆਰ ਨਾਲ ਪਾਲਦੇ ਅਤੇ ਸਹੀ ਸੰਭਾਲ ਕਰਦੇ ਹਨ,ਉਹਨਾਂ ਤੋਂ ਪ੍ਰੇਰਨਾ ਲੈਣ ਦੀ ਬਹੁਤ ਲੋਡ਼ ਹੈ।। ਇਸ ਦੌਡ਼ ਦਾ ਮੋਹਡ਼ੀ ਗੱਡ ਵੀ ਕਿਲਾ ਰਾਇਪੁਰ ਦਾ ਹੀ ਬਖ਼ਸ਼ੀਸ਼ ਸਿੰਘ ਗਰੇਵਾਲ ਸੀ। ਜਿਸ ਨੇ ਆਪ ਤਿਆਰ ਕੀਤੀ ਗੱਡੀ 1934 ਵਿੱਚ ਦੂਜੀਆਂ ਖੇਡਾਂ ਸਮੇ ਟਰੈਕ ਉੱਤੇ ਉਤਾਰੀ।
                           ਪਹਿਲੀ ਵਾਰ ਇਹ ਖੇਡਾਂ ਇੰਦਰ ਸਿੰਘ ਗਰੇਵਾਲ ਅਤੇ ਸਾਥੀਆਂ ਨੇ 1933 ਵਿੱਚ ਹਾਕੀ ਟੂਰਨਾਮੈਟ ਕਰਵਾਕੇ ਸ਼ੁਰੂ ਕੀਤੀਆਂ। ਪਿੰਡ ਨੌਰੰਗਵਾਲ ਦੇ ਹਾਕੀ ਪ੍ਰੇਮੀ ਪ੍ਰਹਿਲਾਦ ਸਿੰਘ ਨੇ ਆਪਣੇ ਪੁੱਤ ਭਗਵੰਤ ਸਿੰਘ ਦੀ ਯਾਦ ਵਿੱਚ 100 ਤੋਲੇ ਸੋਨੇ ਦਾ ਕੱਪ ਬਣਵਾਕੇ ਦਿੱਤਾ। ਏਥੇ ਕਰਵਾਏ ਜਾਂਦੇ ਹਾਕੀ ਮੁਕਾਬਲੇ ਵਿੱਚ ਧਿਆਂਨ ਚੰਦ,ਪ੍ਰਿਥੀਪਾਲ ਸਿੰਘ,ਊਧਮ ਸਿੰਘ,ਸੁਰਜੀਤ ਸਿੰਘ,ਅਤੇ ਪਰਗਟ ਸਿੰਘ ਆਦਿ ਵਰਗੇ ਹਾਕੀ ਦੇ ਜਾਦੂਗਰ ਵੀ ਖੇਡ ਦਾ ਜਾਦੂ ਦਿਖਾਉਂਦੇ ਰਹੇ ਹਨ। ਇਸ ਵਾਰੀ ਖੇਡ ਮੇਲੇ ਦਾ ਪੋਸਟਰ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਸ਼ਿਵਾਲਕ ਨੇ ਕੁੱਝ ਦਿਨ ਪਹਿਲਾਂ ਹੀ ਜਾਰੀ ਕਰਿਆ ਹੈ। ਗਰੇਵਾਲ ਸਪੋਟਸ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਰੇਵਾਲ ਬਹੁਤ ਸੁਲਝੇ ਅਤੇ ਠਰੰਮੇ ਵਾਲੇ ਵਿਅਕਤੀ ਹਨ। ਜੋ ਹਰ ਤਿਆਰੀ ਨੂੰ ਨੇਡ਼ਿਓਂ ਵੇਖਦੇ ਅਤੇ ਸੁਝਾਅ ਸਾਂਝੇ ਕਰਨ ਵਿੱਚ ਰੁੱਝੇ ਹੋਏ ਹਨ। ਇਨਾਮਾਂ ਦੀ ਰਾਸ਼ੀ ਵਿੱਚ ਵੀ ਵਾਧੇ ਦਾ ਐਲਾਨ ਕੀਤਾ ਗਿਆ ਹੈ। 
                                             ਹੁਣ ਕਬੱਡੀ ਪਿੰਡ ਓਪਨ ਨੂੰ ਇੱਕ ਲੱਖ,ਉਪ-ਜੇਤੂ ਨੂੰ 75 ਹਜ਼ਾਰ,ਬੈਲ ਗੱਡੀ ਦੌਡ਼ ਦੇ ਜੇਤੂ ਨੂੰ ਵੀ ਇੱਕ ਲੱਖ,ਉਪ ਜੇਤੂ ਨੂੰ 75 ਹਜ਼ਾਰ,ਘੋਡ਼ੀਆਂ ਦੀ ਦੌਡ਼ ਦੇ ਜੇਤੂ ਨੂੰ 11000 ਹਜ਼ਾਰ,ਦੂਜੇ ਸਥਾਨ ਵਾਲੇ ਨੂੰ 7100 ਰੁਪਏ,ਭਗਵੰਤ ਹਾਕੀ ਕੱਪ ਦੇ ਵਿਜੇਤਾ ਨੂੰ 51 ਹਜ਼ਾਰ,ਦੋਮ ਰਹਿਣ ਵਾਲੀ ਟੀਮ ਨੂੰ 41 ਹਜ਼ਾਰ ਮਿਲਣੇ ਹਨ। ਕਿਲਾ ਰਾਇਪੁਰ ਦੇ ਖੇਡ ਮੇਲੇ ਵਿੱਚ ਭਾਰਤ ਦੇ ਰਾਸ਼ਟਰਪਤੀ, ਪੰਜਾਬ ਦੇ ਰਾਜਪਾਲ ਅਤੇ ਦੇਸ਼-ਵਿਦੇਸ਼ ਦੇ ਹੋਰ ਆਗੂ ਮੁੱਖ ਮਹਿਮਾਨ ਵਜੋਂ ਅਤੇ ਚੋਟੀ ਦੇ ਕਲਾਕਾਰ,ਫ਼ਿਲਮੀ ਅਦਾਕਾਰ ਪਹੁੰਚਦੇ ਰਹੇ ਹਨ। ਖੇਡ ਮੇਲੇ ਦਾ ਰਸਮੀ ਉਦਘਾਟਨ ਪਹਿਲੀ ਫਰਵਰੀ ਨੂੰ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਰਨਾ ਹੈ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਵਿੱਚ ਗਿੱਧਾ,ਭੰਗਡ਼ਾ ਅਤੇ ਰਾਜਸਥਾਨੀ ਨਾਚ ਸ਼ਾਮਲ ਕੀਤਾ ਜਾਣਾ ਹੈ। ਦੂਜੇ ਦਿਨ ਕੇਂਦਰੀ ਮੰਤਰੀ ਮੁਨੀਸ਼ ਤਿਵਾਡ਼ੀ ਅਤੇ ਜਸਵੀਰ ਸਿੰਘ ਜੱਸੀ ਖੰਘੂਡ਼ਾ ਮਹਿਮਾਨ ਹੋਣਗੇ। ਤਿੰਨ ਫਰਵਰੀ ਨੂੰ ਇਨਾਮ ਵੰਡਣ ਦੀ ਰਸਮ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਨਿਭਾਉਣੀ ਏ। ਭਾਰਤ ਵਿੱਚ ਇਹ ਸੱਭ ਤੋਂ ਪੁਰਾਣਾ ਪੇਂਡੂ ਖੇਡ ਮੇਲਾ ਹੈ ਅਤੇ ਇਹ ਹਰ ਸਾਲ ਕਡ਼ਾਕੇ ਦੀ ਠੰਢ ਵਿੱਚ ਨੇਪਰੇ ਚਾਡ਼ਿਆ ਜਾਂਦਾ ਹੈ। ਸ਼ਾਲਾ ! ਇਹ ਖੇਡ ਮੇਲਾ ਨਿਰੰਤਰ-ਨਿਰਵਿਘਨ ਹੁੰਦਾ ਰਹੇ ਅਤੇ ਦਰਸ਼ਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਦਾ ਲੁਤਫ਼ ਲੈਂਦਾ ਰਹੇ।
  ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)

ਮਹਿਲਾ ਕ੍ਰਿਕਟ ਵਿਸ਼ਵ ਕੱਪ,ਤੀਜੀ ਵਾਰੀ ਭਾਰਤ 'ਚ

31 ਜਨਵਰੀ ਤੋਂ 17 ਫਰਵਰੀ 2013 ਤੱਕ ਭਾਰਤ ਦੀ ਮੇਜ਼ਬਾਨੀ ਅਧੀਨ
                                                                                                   --ਰਣਜੀਤ ਸਿੰਘ ਪ੍ਰੀਤ
        ਇੱਕ ਰੋਜ਼ਾ ਆਈ ਸੀ ਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ 31 ਜਨਵਰੀ ਤੋਂ 17 ਫਰਵਰੀ 2013 ਤੱਕ ਭਾਰਤ ਦੀ ਮੇਜ਼ਬਾਨੀ ਅਧੀਨ 10 ਵੇਂ ਮੁਕਾਬਲੇ ਵਜੋਂ ਖੇਡਿਆ ਜਾ ਰਿਹਾ ਏ । ਦੋ ਪੂਲਾਂ ਵਿੱਚ ਵੰਡੀਆਂ 8 ਟੀਮਾਂ ਨੇ ਕੁੱਲ 25 ਮੈਚ ਅਤੇ ਇਹਨਾਂ ਤੋਂ ਇਲਾਵਾ 8 ਗੈਰ ਰਸਮੀ ਵਾਰਮ-ਅੱਪ ਮੈਚ ਵੀ ਖੇਡਣੇ ਹਨ। ਪੂਲ ਏ 'ਚ ਇੰਗਲੈਂਡ, ਭਾਰਤ, ਸ਼੍ਰੀਲੰਕਾ,ਵੈਸਟ ਇੰਡੀਜ਼,ਪੂਲ ਬੀ ਵਿੱਚ ਪਾਕਿਸਤਾਨ,ਆਸਟਰੇਲੀਆ,ਨਿਊਜ਼ੀਲੈਂਡ,ਦੱਖਣੀ ਅਫ਼ਰੀਕਾ ਸ਼ਾਮਲ ਹਨ। ਇਹਨਾਂ ਗਰੁੱਪਾਂ ਦੀਆਂ ਵੱਧ ਅੰਕਾਂ ਵਾਲੀਆਂ 3-3 ਟੀਮਾਂ ਨੇ ਸੁਪਰ ਸਿਕਸ ਵਿੱਚ ਰਾਊਂਡ ਰਾਬਿਨ ਅਧਾਰ 'ਤੇ 9 ਤੋਂ 13 ਫਰਵਰੀ ਤੱਕ ਖੇਡਣਾ ਏ। ਇਸ ਉਪਰੰਤ ਪਲੇਅ ਆਫ਼ ਗੇੜ ਵਿੱਚ 15 ਫਰਵਰੀ ਨੂੰ ਤੀਜੀ ਤੋਂ 8 ਵੀਂ ਪੁਜ਼ੀਸ਼ਨ ਤੱਕ ਦੇ ਮੈਚ ਹੋਣੇ ਹਨ ਅਤੇ ਫਾਈਨਲ 17 ਫਰਵਰੀ ਨੂੰ ਮੁੰਬਈ ਵਿਖੇ ਦਿਨ-ਰਾਤ ਦੇ ਸਮੇ ਅਨੁਸਾਰ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇਗਾ। ਦਿਨ ਦੇ ਸਾਰੇ ਮੈਚ 9.00 ਵਜੇ ਅਤੇ ਦਿਨ/ਰਾਤ ਦੇ 14.30 ਵਜੇ ਸ਼ੁਰੂ ਹੋਇਆ ਕਰਨਗੇ। ਸਾਰੇ ਮੈਚਾਂ ਦਾ ਪ੍ਰਸਾਰਣ ਸਟਾਰ ਕ੍ਰਿਕਟ ਨੇ ਦਿਖਾਉਂਣਾ ਹੈ। ਅਰਾਮ ਦੇ ਦਿਨ 7 ਅਤੇ 8 ਫਰਵਰੀ ਹਨ, ਜਦੋਂ ਕਿ 10,12,14,ਅਤੇ 16 ਫਰਵਰੀ ਰਿਜ਼ਰਵ ਦਿਨ ਮਿਥੇ ਗਏ ਹਨ।
                          1973 ਤੋਂ ਸ਼ੁਰੂ ਹੋਏ ਵਿਸ਼ਵ ਕੱਪ ਦੇ 9 ਮੁਕਾਬਲਿਆਂ ਵਿੱਚੋਂ ਆਸਟਰੇਲੀਆ ਨੇ ਸੱਭ ਤੋਂ ਵੱਧ 5 (1978,1982,1988,1997,2005) ਖ਼ਿਤਾਬ ਜਿੱਤੇ ਹਨ, (1973,2000) ਉਪ-ਜੇਤੂ, (1993) ਵਿੱਚ ਤੀਜਾ ਸਥਾਨ ਲਿਆ ਏ। ਮੌਜੂਦਾ ਚੈਂਪੀਅਨ ਇੰਗਲੈਂਡ ਨੇ 3 ਜਿੱਤਾਂ (1973,1993,2009) ,ਤਿੰਨ ਵਾਰ ਦੂਜਾ ਸਥਾਨ (1978,1982,1988) ਲਿਆ ਹੈ। ਨਿਊਜ਼ੀਲੈਂਡ ਇੱਕ ਵਾਰੀ 2000 ਵਿੱਚ ਹੀ ਖ਼ਿਤਾਬਧਾਰੀ ਬਣਿਆਂ ਏ। ਇਸ ਨੇ 1993,1997,2009 ਵਿੱਚ ਦੂਜੀ ਅਤੇ 1973,1978,1982,1988 ਵਿੱਚ ਤੀਜੀ ਪੁਜ਼ੀਸ਼ਨ ਲਈ ਹੈ। ਭਾਰਤ ਕਦੇ ਵੀ ਖ਼ਿਤਾਬਧਾਰੀ ਤਾਂ ਨਹੀਂ ਬਣਿਆਂ, ਪਰ 2005 ਵਿੱਚ ਇੱਕ ਵਾਰੀ ਫਾਈਨਲ ਖੇਡਕੇ ਦੂਜਾ ਸਥਾਨ ਲੈਣਾ,ਅੱਜ ਤੱਕ ਦਾ ਸਰਵੋਤਮ ਪ੍ਰਦਰਸ਼ਨ ਰਿਹਾ ਏ। ਇਸ ਨੇ 2009 ਵਿੱਚ ਆਸਟਰੇਲੀਆ ਨੂੰ ਮਾਤ ਦੇ ਕੇ ਤੀਜੀ ਪੁਜ਼ੀਸ਼ਨ ਵੀ ਲਈ ਹੈ। ਇੰਗਲੈਂਡ ਨੇ ਪਲੇਠੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ 1973 ਵਿੱਚ ਕੀਤੀ ਅਤੇ ਦੁਬਾਰਾ 1993 ਨੂੰ ਹੋਸਟ ਬਣਿਆਂ।।ਭਾਰਤ 1978,1997,ਨਿਊਜ਼ੀਲੈਂਡ 1982,2000, ਆਸਟਰੇਲੀਆ  1988,2009 ਅਤੇ ਦੱਖਣੀ ਅਫਰੀਕਾ  2005 ਵਿੱਚ ਮੇਜ਼ਬਾਨੀ ਨਿਭਾਅ ਚੁੱਕਿਆ ਹੈ। ਅਜੇ ਤੱਕ ਸਿਰਫ਼ 4 ਦੇਸ਼ ਆਸਟਰੇਲੀਆ,ਇੰਗਲੈਂਡ,ਨਿਊਜ਼ੀਲੈਂਡ,ਭਾਰਤ ਹੀ ਫਾਈਨਲ ਖੇਡੇ ਹਨ।         
                  ਸੱਭ ਤੋਂ ਵੱਧ ਰਨ ਨਿਊਜ਼ੀਲੈਂਡ ਦੀ ਡੈਬੀ ਹੌਕਲੇ ਨੇ 1501 (1982-2000),ਵਿਅਕਤੀਗਤ ਉੱਚ ਸਕੋਰ ਆਸਟਰੇਲੀਆ ਦੀ ਬਲਿੰਡਾ ਕਲਾਰਕ ਨੇ ਨਾਟ ਆਊਟ ਰਹਿੰਦਿਆਂ 229 ਦੌੜਾ ਂ(1997),ਇੱਕ ਵਿਸ਼ਵ ਕੱਪ ਵਿੱਚ ਸੱਭ ਤੋਂ ਵੱਧ ਦੌੜਾਂ ਨਿਊਜ਼ੀਲੈਂਡ ਦੀ ਡੈਬੀ ਹੌਕਲੇ ਨੇ 456 (1997), ਸੱਭ ਤੋਂ ਵੱਧ 40 ਵਿਕਟਾਂ (1982–1988) ਆਸਟਰੇਲੀਆ ਦੀ ਲੇਨ ਫੁਲਸਟੋਨ ਨੇ,ਵਿਕਟ ਕੀਪਰ ਵਜੋਂ 40 ਸਟੰਪਸ/ਕੈਚ (1993–2005) ਇੰਗਲੈਂਡ ਦੀ ਜਾਨੇ ਸਮਿੱਤ ਨੇ ਅਤੇ ਫੀਲਡਰ ਵਜੋਂ 19 ਕੈਚ (1982–1997) ਇੰਗਲੈਂਡ ਦੀ ਜਿਨੇਟੇ ਬਰਿਟਿਨ ਨੇ ਲੈ ਕੇ ਰਿਕਾਰਡ ਬਣਾਏ ਹਨ। ਟੀਮ ਉੱਚ ਸਕੋਰ ਆਸਟਰੇਲੀਆ ਦਾ ਡੈਨਮਾਰਕ ਵਿਰੁੱਧ 412/3 (1997) ਅਤੇ ਨਿਊਨਤਮ ਸਕੋਰ ਪਾਕਿਸਤਾਨ ਦਾ ਆਸਟਰੇਲੀਆ ਖ਼ਿਲਾਫ਼ 1997 ਵਿੱਚ ਸਿਰਫ਼ 27 ਦੌੜਾਂ ਵਾਲਾ ਰਿਹਾ ਹੈ।
                         ਤੀਜੀ ਵਾਰ ਮੇਜ਼ਬਾਨ ਬਣੇ ਭਾਰਤ ਨੇ ਟੀਮ ਦੀ ਕਪਤਾਨੀ ਮਿਥਾਲੀ ਰਾਜ ਨੂੰ ਸੌਂਪੀ ਹੈ । ਪਹਿਲਾਂ ਪੂਲ ਏ ਦੇ ਸਾਰੇ ਮੈਚ ਵਾਨਖੇੜੇ ਸਟੇਡੀਅਮ ਮੁੰਬਈ ਵਿੱਚ ਹੋਣੇ ਸਨ। ਪਰ ਰਣਜੀ ਟਰਾਫ਼ੀ ਦੇ ਫ਼ਾਈਨਲ ਮੁੰਬਈ ਬਨਾਮ ਸੁਰਾਸ਼ਟਰਾ (26 ਤੋਂ 30 ਜਨਵਰੀ) ਸਦਕਾ ਹੁਣ ਇਸ ਸ਼ਡਿਊਲ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ । ਜਿਸ ਅਨੁਸਾਰ ਇਹ ਮੈਚ ਹੁਣ ਮਿਗ ਕਲੱਬ, ਬਰਾਬੌਰਨ ਅਤੇ ਬਾਂਦਰਾ ਕੁਰਲਾ ਵਿੱਚ ਖੇਡੇ ਜਾਣੇ ਹਨ । ਜਦੋਂ ਕਿ ਪਾਕਿਸਤਾਨ ਦੇ ਖੇਡ ਮੈਦਾਨਾਂ ਵਿੱਚ ਸੁਰੱਖਿਆ ਕਾਰਣਾਂ ਕਰਕੇ ਤਬਦੀਲੀ ਕਰਦਿਆਂ ਪੂਲ ਬੀ ਦੇ ਸਾਰੇ ਮੈਚ ਕੱਟਕ ਵਿੱਚ ਕਰਵਾਉਂਣੇ ਮਿਥੇ ਗਏ ਹਨ। 
ਤਾਜ਼ਾ-ਤਾਰੀ
 ਐਲਾਨ ਮੁਤਾਬਕ ਮੈਚਾਂ ਦਾ ਵੇਰਵਾ ;-- 
ਗਰੁੱਪ ਏ ;--31 ਜਨਵਰੀ;ਵੈਸਟ ਇੰਡੀਜ਼ ਬਨਾਮ ਭਾਰਤ (ਦਿਨ/ਰਾਤ) ਮੁੰਬਈ, 2 ਫਰਵਰੀ;ਇੰਗਲੈਂਡ –ਸ਼੍ਰੀਲੰਕਾ (ਦਿਨ) ਮੁੰਬਈ,4 ਫਰਵਰੀ;ਭਾਰਤ ਬਨਾਮ ਇੰਗਲੈਂਡ (ਦਿਨ) ਮੁੰਬਈ,ਸ਼੍ਰੀਲੰਕਾ-ਵੈਸਟ ਇੰਡੀਜ਼ (ਦਿਨ) ਮੁੰਬਈ, 6 ਫਰਵਰੀ : ਸ਼੍ਰੀਲੰਕਾ ਬਨਾਮ ਭਾਰਤ (ਦਿਨ) ਮੁੰਬਈ,ਇੰਗਲੈਂਡ-ਵੈਸਟ ਇੰਡੀਜ਼ (ਦਿਨ/ਰਾਤ) ਮੁੰਬਈ। 
ਗਰੁੱਪ ਬੀ :--31 ਜਨਵਰੀ; ਆਸਟਰੇਲੀਆ ਬਨਾਮ ਪਾਕਿਸਤਾਨ (ਦਿਨ) ਕੱਟਕ,ਪਹਿਲੀ ਫਰਵਰੀ; ਨਿਊਜ਼ੀਲੈਂਡ-ਦੱਖਣੀ ਅਫਰੀਕਾ (ਦਿਨ/ਰਾਤ) ਕੱਟਕ,3 ਫਰਵਰੀ; ਨਿਊਜ਼ੀਲੈਂਡ-ਪਾਕਿਸਤਾਨ (ਦਿਨ) ਕੱਟਕ,ਆਸਟਰੇਲੀਆ-ਦੱਖਣੀ ਅਫਰੀਕਾ (ਦਿਨ) ਕੱਟਕ,5 ਫਰਵਰੀ; ਪਾਕਿਸਤਾਨ-ਦੱਖਣੀ ਅਫਰੀਕਾ (ਦਿਨ) ਕੱਟਕ, ਆਸਟਰੇਲੀਆ-ਨਿਊਜ਼ੀਲੈਂਡ (ਦਿਨ/ਰਾਤ) ਕੱਟਕ । 

ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ:98157-07232

Wednesday, January 30, 2013

ਕਰੋੜਪਤੀ ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ

ਇਹ ਖਿਡਾਰੀ ਆਈ ਓ ਸੀ ਹਾਕੀ ਟੂਰਨਾਮੈਟ ਤੱਕ ਵੀ ਅਪੜਿਆ                                                            
                                                                                 -ਰਣਜੀਤ ਸਿੰਘ ਪ੍ਰੀਤ
       ਚੰਡੀਗੜ ਕੋਮਿਟਸ ਵੱਲੋਂ ਵਿਸ਼ਵ ਸੀਰੀਜ਼ ਹਾਕੀ  ਵਿੱਚ ਲੋਹਾ ਮੰਨਵਾਉਣ ਵਾਲੇ ਗੁਰਜਿੰਦਰ ਨੂੰ ਹੁਣ ਉੱਕਾ ਹੀ ਬੇ-ਧਿਆਂਨਾ ਕੀਤਾ ਹੋਇਆ ਹੈ । ਕੁੱਝ ਹੋਰਨਾਂ ਖਿਡਾਰੀਆਂ ਵਾਂਗ ਹਾਕੀ ਲੀਗ ਲਈ ਉਸਨੂੰ ਵੀ ਕਿਸੇ ਨੇ ਯਾਦ ਨਹੀਂ ਕੀਤਾ। ਉਹਦੀ ਖੇਡ ਨੂੰ ਵੀ ਰਾਜਨੀਤੀ ਦਾ ਗ੍ਰਹਿਣ ਲੱਗ ਗਿਆ ਏ । ਵਿਸ਼ਵ ਸੀਰੀਜ਼ ਹਾਕੀ ਦੌਰਾਂਨ  ਸੁਰਖ਼ੀਆਂ ਦਾ ਸ਼ਿੰਗਾਰ ਬਣੇ ਚੰਡੀਗੜ ਕੋਮਿਟਸ ਵੱਲੋਂ ਖੇਡਣ ਵਾਲੇ ਇਸ ਹਾਕੀ ਖਿਡਾਰੀ ਗੁਰਜਿੰਦਰ ਸਿੰਘ ਦਾ ਜਨਮ ਪਹਿਲੀ ਅਪ੍ਰੈਲ 1994 ਨੂੰ ਪਿੰਡ ਸੰਗਤਪੁਰ ਜ਼ਿਲ ਗੁਰਦਾਸਪੁਰ ਵਿਖੇ ਪਿਤਾ ਸਰਵਣ ਸਿੰਘ ਦੇ ਘਰ ਹੋਇਆ। ਇਸ ਡਰੈਗ ਫਲਿੱਕਰ ਨੇ 10 ਸਾਲ ਦੀ ਉਮਰ ਵਿੱਚ ਬਟਾਲਾ ਦੀ ਚੀਮਾ ਅਕੈਡਮੀ ਵਿੱਚ ਪ੍ਰਵੇਸ਼ ਪਾਇਆ ਅਤੇ ਹਾਕੀ ਖੇਡਣੀ ਸ਼ੁਰੂ ਕੀਤੀ।।ਚੰਡੀਗੜ ਵਿਖੇ ਹਾਕੀ ਦੇ ਨਾਲ ਨਾਲ ਫੁੱਟਬਾਲ ਖੇਡਣਾਂ ਅਤੇ ਪੜਨਾ ਵੀ ਜਾਰੀ ਰੱਖਿਆ। ਚੰਡੀਗੜ ਦੇ ਸੈਕਟਰ 42 ਵਿਚਲੇ ਖੇਡ ਮੈਦਾਨ ਵਿੱਚ ਅਭਿਆਸ ਕਰਦੇ ਗੁਰਜਿੰਦਰ ਨੂੰ ਚੀਮਾਂ ਅਕੈਡਮੀ ਦਾ ਬਹੁਤ ਸਹਿਯੋਗ ਮਿਲਦਾ ਰਿਹਾ।। ਅਕੈਡਮੀ ਦੇ ਡਾਇਰੈਕਟਰ ਡਾਕਟਰ ਗੁਰਮੀਤ ਸਿੰਘ ਨੇ ਖੇਡਾਂ ਲਈ ਬਹੁਤ ਉਤਸ਼ਾਹਤ ਕੀਤਾ ।। ਸਮੇ ਸਮੇ ਉਹ ਗੁਰਜਿੰਦਰ ਨੂੰ ਖੇਡ ਦੇ ਦਾਅ-ਪੇਚ ਵੀ ਸਿਖਾਉਂਦੇ ਰਹੇ।। ਖੇਡ ਤਕਨੀਕ ਅਤੇ ਖੇਡ ਬਰੀਕੀਆਂ ਬਾਬਤ ਵੀ ਦਸਦੇ ਰਹੇ।।ਜਿਸ ਦੀ ਬਦੌਲਤ ਇਹ ਖਿਡਾਰੀ ਆਈ ਓ ਸੀ ਹਾਕੀ ਟੂਰਨਾਮੈਟ ਤੱਕ ਵੀ ਅਪੜਿਆ। 
                 ਗੁਰਜਿੰਦਰ ਦੇ ਕੋਚ ਰਣਜੀਤ ਸਿੰਘ ਨੇ ਵੀ ਆਪਣੀ ਪੂਰੀ ਵਾਹ ਲਾਈ ਰੱਖੀ। ਕੋਚ ਨੇ ਸਖ਼ਤ ਮਿਹਨਤ ਕਰਨ ਦੀ ਆਦਤ ਪਾਈ ਅਤੇ ਮੇਨ ਟਾਰਗਿਟ ਗੋਲ ਕਰਨਾ ਦੱਸਿਆ। ਇਸ ਬਾਰੇ ਵਧੇਰੀ ਪ੍ਰੈਕਟਿਸ ਵੀ ਕਰਵਾਈ। ਗੁਰਜਿੰਦਰ ਭਾਰਤੀ ਜੂਨੀਅਰ ਹਾਕੀ ਟੀਮ ਵੱਲੋਂ ਵੀ ਖੇਡਿਆ ,ਅਤੇ ਹੁਣ ਮੁੱਖ ਟੀਮ ਵਿੱਚ ਦਾਖ਼ਲਾ ਪਾਉਣ ਦਾ ਵੀ ਮੁੱਖ ਦਾਅਵੇਦਾਰ ਬਣ ਗਿਆ ਹੈ।। ਮਨਪਸੰਦ ਕੋਚ ਜੁਗਰਾਜ ਸਿੰਘ ਨੂੰ ਉਹ ਹਮੇਸ਼ਾਂ ਆਪਣੇ ਨਾਲ ਨਾਲ ਵਿਚਰਦਾ ਅਤੇ ਕੰਨਾਂ ਵਿੱਚ ਬੋਲਦਾ ਸੁਣਾਈ ਦਿਆ ਕਰਦਾ ਹੈ। ਪਰ ਇਹਦੀ ਖੇਡ ਜਥੇਬੰਦੀਆਂ ਦੀ ਖਹਿਬਾਜ਼ੀ ਦਾ ਸ਼ਿਕਾਰ ਹੋ ਗਈ । ਉਹੀ ਗੱਲ ਸੱਚ ਜਾਪੀ ਕਿ ਸਾਨ ਦੀ ਲੜਾਈ ਵਿੱਚ ਮਾਰੀ ਤਾਂ ਫ਼ਸਲ ਹੀ ਜਾਂਦੀ ਹੈ । 
              ਪਹਿਲੀ ਅਪ੍ਰੈਲ 2012 ਦਾ ਦਿਨ ਗੁਰਜਿੰਦਰ ਲਈ ਭੁਲਾਉਣਾ ਬਹੁਤ ਔਖਾ ਹੈ। ਜਿਸ ਦਿਨ ਉਹ ਆਪਣੇ 18 ਵੇਂ ਜਨਮ ਦਿਨ ਨੂੰ ਜਿੱਤ ਦੀ ਖੁਸ਼ੀ ਨਾਲ ਨਾ ਮਨਾ ਸਕਿਆ। ਸੈਮੀਫਾਈਨਲ ਵਿੱਚ ਉਹਦੀ ਟੀਮ ਪੂਨਾ ਸਟਰਾਈਕਰਜ਼  ਤੋਂ 4-1 ਨਾਲ ਅੱਗੇ ਸੀ।। ਪਰ ਪੂਨਾ ਨੇ ਵਾਪਸੀ ਕਰਦਿਆਂ ਮੈਚ 4-4 ਨਾਲ ਬਰਾਬਰ ਕਰ ਲਿਆ। ਵਾਧੂ ਸਮੇ ਪਿੱਛੋਂ ਪਨੈਲਟੀ ਸਟਰੌਕਸ ਜ਼ਰੀਏ ਪੂਨਾ ਸਟਰਾਈਕਰਜ਼3-2 ਨਾਲ ਜੇਤੂ ਬਣਕੇ ਫ਼ਾਈਨਲ ਵਿੱਚ ਪਹੁੰਚੀ। ਇਸ ਮੈਚ ਵਿੱਚ ਜਿੱਥੇ ਗੁਰਜਿੰਦਰ ਨੂੰ ਪੀਲੇ ਕਾਰਡ ਦੇ ਦਰਸ਼ਨ ਕਰਨੇ ਪਏ। ਉਥੇ ਉਸ ਨੇ ਦੋ ਗੋਲ ਵੀ ਕੀਤੇ। ਇਹਨਾਂ ਵਿੱਚੋਂ ਇੱਕ ਪਨੈਲਟੀ ਸਟਰੌਕ ਵਾਲਾ ਸੀ। 
               ਚੰਡੀਗੜ ਕੋਮਿਟਸ ਦੀ ਟੀਮ ਨੇ ਪਹਿਲਾ ਮੈਚ ਉਦਘਾਟਨੀ ਮੈਚ ਵਜੋਂ 29 ਫਰਵਰੀ ਨੂੰ ਭੂਪਾਲ ਬਾਦਸ਼ਾਹਸ ਵਿਰੁੱਧ 4-3 ਨਾਲ ਹਾਰਿਆ। ਭਾਵੇ ਇਸ ਮੈਚ ਵਿੱਚ ਗੁਰਜਿੰਦਰ ਦੇ ਦੋ ਗੋਲ ਸ਼ਾਮਲ ਸਨ। ਮੁੰਬਈ ਮਾਰਿਨਜ਼ ਵਿਰੁੱਧ 4 ਮਾਰਚ ਨੂੰ ਵੀ ਇਸ ਖਿਡਾਰੀ ਨੇ 2 ਗੋਲ ਕੀਤੇ। ਇੱਕ ਹਰੇ ਕਾਰਡ ਦੇ ਦਰਸ਼ਨ ਪਾਉਂਦਿਆਂ 8 ਮਾਰਚ ਨੂੰ ਸ਼ੇਰੇ-ਇ-ਪੰਜਾਬ ਵਿਰੁੱਧ ਵੀ ਦੋ ਗੋਲ ਕਰਨ ਵਿੱਚ ਸਫਲਤਾ ਹਾਸਲ ਕੀਤੀ। ਪੂਨਾ ਸਟਰਾਈਕਰਜ਼ ਖਿਲਾਫ 11 ਅਤੇ 19 ਮਾਰਚ ਨੂੰ, ਚੰਡੀਗੜ ਵਿਰੁੱਧ 14 ਮਾਰਚ ਨੂੰ,ਚੇਨੱਈ ਚੀਤਾਜ਼ ਖਿਲਾਫ 26 ਮਾਰਚ ਨੂੰ,ਮੁੰਬਈ ਵਿਰੁੱਧ 28 ਮਾਰਚ ਨੂੰ 1-1 ਗੋਲ ਕੀਤਾ। ਜਦੋਂ ਕਿ ਕਰਨਾਟਕਾ ਲਾਇਨਜ਼ ਵਿਰੁੱਧ 29 ਮਾਰਚ ਨੂੰ ਹਰਾ ਕਾਰਡ ਵੇਖਦਿਆਂ 4 ਗੋਲ ਕੀਤੇ। ਦਿੱਲੀ ਵਿਜ਼ਾਰਡਜ਼ ਖਿਲਾਫ 20 ਮਾਰਚ ਨੂੰ 2 ਗੋਲ ਕਰਦਿਆਂ 15 ਮੈਚਾਂ ਵਿੱਚ 19 ਗੋਲ ਕਰਨ ਦਾ ਰਿਕਾਰਡ ਬਣਾਉਂਦਿਆਂ, ਰਾਕ ਸਟਾਰ ਖਿਤਾਬ ਤੱਕ ਅਪੜਿਆ ਅਤੇ ਇੱਕ ਕਰੋੜ ਰੁਪਿਆ ਹਾਸਲ ਕੀਤਾ। ਇਮਰਾਨ ਵਾਰਸੀ ਨੇ ਵੀ ਏਨੇ ਹੀ ਗੋਲ ਕੀਤੇ ਅਤੇ ਉਹ ਗੁਰਜਿੰਦਰ ਦੇ ਨਾਲ ਗੋਲਡਨ ਸਟਿੱਕ ਐਵਾਰਡ ਹਾਸਲ ਕਰਨ ਵਿੱਚ ਸਫ਼ਲ ਹੋਇਆ। ।ਇਸ ਦੇ ਨਾਲ ਹੀ ਇਹਨਾਂ ਨੂੰ 25 ਲੱਖ ਰੁਪਏ ਵੀ ਮਿਲੇ।। ਗੁਰਜਿੰਦਰ ਪਹਿਲਾ ਅਜਿਹਾ ਹਾਕੀ ਖਿਡਾਰੀ ਹੈ ਜੋ ਏਨੀ ਛੋਟੀ ਉਮਰ ਵਿੱਚ ਕਰੋੜਪਤੀ ਬਣਿਆਂ ਹੈ। ਬਹੁਤ ਦੁਖਿਦ  ਗੱਲ ਹੈ ਕਿ ਅਜਿਹੇ ਧੜੱਲੇਦਾਰ ਖਿਡਰੀ ਵੀ ਰਾਜਨੀਤੀ ਦੀ ਭੇਟ ਚੜ ਕਿ ਖੇਡ ਮੈਦਾਨ ਵਿੱਚ ਖੇਡਣ ਤੋਂ ਵਾਂਝੇ ਰਹਿ ਜਾਂਦੇ ਹਨ । ਭਾਰਤੀ ਟੀਮ ਨੂੰ ਅਜਿਹੇ ਖਿਡਾਰੀਆਂ ਦੀ ਚੋਣ ਓਲੰਪਿਕ ਲਈ ਵੀ ਕਰਨੀ ਚਾਹੀਦੀ ਸੀ। ਪਰ ਇਹ ਹੋ ਨਹੀਂ ਸਕਿਆ । ਅਜਿਹੀ ਗੱਲ ਹੀ ਵਰਲਡ ਸੀਰੀਜ਼ ਹਾਕੀ ਦੀ ਜੇਤੂ ਟੀਮ ਸ਼ੇਰ-ਇ-ਪੰਜਾਬ ਦੇ ਕਪਤਾਨ ਪ੍ਰਭਜੋਤ ਸਿੰਘ ਨੇ ਆਖੀ ਸੀ। ਜਿਸ ਨਾਲ ਓਲੰਪਿਕ ਟੀਮ ਨੂੰ ਹੋਰ ਮਜ਼ਬੂਤੀ ਮਿਲ ਸਕਦੀ ਸੀ। ਨਿੱਜੀ ਹਿਤਾਂ ਤੋਂ ਪਹਿਲਾਂ ਕੌਮੀ ਹਿਤ ਵਿਚਾਰੇ ਜਾਣੇ ਜ਼ਰੂਰੀ ਹਨ।। ਪਰ ਇਸ ਬਾਰੇ ਤਾਂ ਸਮਾਂ ਹੀ ਦੱਸੇਗਾ ਕਿ ਖੇਡ ਭਾਵਨਾਂ ਦੀ ਜਿੱਤ ਹੁੰਦੀ ਹੈ,ਜਾਂ ਪਹਿਲਾਂ ਵਾਂਗ ਹੀ ਰਾਜਨੀਤੀ ਦੇ ਪਨੈਲਟੀ ਕਾਰਨਰ ਜਾਰੀ ਰਹਿੰਦੇ ਹਨ ?

  --ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ;98157-07232

Friday, January 25, 2013

ਇਤਿਹਾਸਕ ਦ੍ਰਿਸ਼ਟੀ ਤੋਂ: ਸਾਡਾ ਕੌਮੀ ਝੰਡਾ

ਸੁਤੰਤਰਤਾ ਅਤੇ ਸਵੈਮਾਣ ਦਾ ਪ੍ਰਤੀਕ-ਉਮੰਗ ਅਤੇ ਉਤਸ਼ਾਹ ਦਾ ਸੋਮਾ ਵੀ             
                                                                                       --ਰਣਜੀਤ ਸਿੰਘ ਪ੍ਰੀਤ
ਹਰੇਕ ਆਜ਼ਾਦ ਮੁਲਕ ਦਾ ਆਪਣਾ ਕੌਮੀ ਝੰਡਾ ਅਤੇ ਕੌਮੀ ਗੀਤ ਹੁੰਦਾ ਹੈ । ਦੇਸ਼ ਵਾਸੀ ਉਸਤੇ ਫ਼ਖ਼ਰ ਮਹਿਸੂਸ ਕਰਿਆ ਕਰਦੇ ਹਨ । ਦਿਨ ਛਿਪਣ ਤੋਂ ਪਹਿਲਾਂ ਤੱਕ ਇਸ ਨੂੰ ਲਹਿਰਾਇਆ ਜਾਂਦਾ ਹੈ । ਇਹ ਧਰਤੀ ਨਾਲ ਵੀ ਨਹੀਂ ਲੱਗਣਾ ਚਾਹੀਦਾ ਅਤੇ ਪੈਰਾਂ ਹੇਠ ਵੀ ਨਹੀਂ ਆਉਣਾ ਚਾਹੀਦਾ । ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ । ਪੰਦਰਾਂ ਅਗਸਤ ਅਤੇ 26 ਜਨਵਰੀ ਨੂੰ  ਇਸ ਦਾ ਸਤਿਕਾਰ ਕਰਦਿਆਂ ਇਸ ਦੀ ਸ਼ਾਨੋਂ-ਸ਼ੌਕਤ ਨੂੰ ਬਰਕਰਾਰ ਰੱਖਣ ਦਾ ਪ੍ਰਣ ਕੀਤਾ ਜਾਂਦਾ ਹੈ । ਸਾਡੀ ਸੁਤੰਤਰਤਾ ਅਤੇ ਸਵੈਮਾਣ ਦਾ ਪ੍ਰਤੀਕ ਹੋਣ ਦੇ ਨਾਲ ਨਾਲ ਇਹ ਉਮੰਗ ਅਤੇ ਉਤਸ਼ਾਹ ਦਾ ਸੋਮਾ ਵੀ ਹੈ । ਆਜ਼ਾਦੀ ਦੀ ਲਡ਼ਾਈ ਵਿੱਚ ਇਹ ਝੰਡਾ ਸਾਨੂੰ ਉਤਸ਼ਾਹ ਅਤੇ ਹੌਂਸਲਾ ਵੀ ਦਿੰਦਾ ਰਿਹਾ ਹੈ ।
                   ਸਾਡੇ ਜਾਨੋਂ ਵੱਧ ਪਿਆਰੇ ਕੌਮੀ ਝੰਡੇ ਦਾ ਇਤਿਹਾਸ ਸਾਡੀ ਸੁਤੰਤਰਤਾ ਦੀ ਲਡ਼ਾਈ ਲਈ ਇੱਕ ਅਮਰ ਗਾਥਾ ਹੈ । ਜਦ ਦੇਸ਼ ਆਜ਼ਾਦੀ ਦੀ ਜੰਗ ਆਰੰਭ ਹੋਈ,ਤਾਂ ਆਜ਼ਾਦੀ ਭਾਵਨਾ ਅਤੇ ਇਸ ਦੀ ਕਲਪਨਾ ਨੂੰ ਲੈ ਕੇ ਭਾਰਤ ਦੇ ਕੌਮੀ ਝੰਡੇ ਦਾ ਮੁਢਲਾ ਵਜੂਦ ਬਣਨਾ ਸ਼ੁਰੂ ਹੋਇਆ । ਨਿਵੇਦਤਾ ਅਤੇ ਸਵਾਮੀ ਵਿਵੇਕਾ ਆਨੰਦ ਨੇ ਤੇਲ ਦੇ 108 ਲੈਂਪ “ਵੰਦੇ ਮਾਤਰਮ” ਕੈਪਸ਼ਨ ਦੁਆਲੇ ਜਲਾਏ । ਸਭ ਤੋਂ ਪਹਿਲਾਂ ਕੋਲਕਾਤਾ ਦੇ ਇੱਕ ਪਾਰਸੀ ਸਮਾਗਮ ਵਿੱਚ ਸੁਰਿੰਦਰ ਨਾਥ ਬੈਨਰ ਜੀ ਨੇ 7 ਅਗਸਤ 1906 ਨੂੰ ਇੱਕ ਝੰਡਾ ਲਹਿਰਾਇਆ । ਜਿਸ ਵਿੱਚ ਤਿੰਨ ਪੱਟੀਆਂ ਗੂਡ਼੍ਹੀ ਹਰੀ,ਗੂਡ਼੍ਹੀ ਪੀਲੀ,ਅਤੇ ਗੂਡ਼੍ਹੀ ਲਾਲ ਸੀ । ਹਰੀ ਪੱਟੀ ਵਿੱਚ ਅੱਠ ਚਿੱਟੇ ਕਮਲ ਫੁੱਲਾਂ ਦੇ ਨਿਸ਼ਾਨ ਸਨ । ਲਾਲ ਪੱਟੀ ਉੱਤੇ ਚੰਨ ਅਤੇ ਸੂਰਜ ਦੇ ਨਿਸ਼ਾਨ ਸਨ । ਪੀਲੀ ਪੱਟੀ ਉੱਤੇ “ਵੰਦੇ ਮਾਤਰਮ”ਲਿਖਿਆ ਹੋਇਆ ਸੀ ।
               ਸਾਡੀ ਜੰਗੇ ਆਜ਼ਾਦੀ ਦੀ ਲਡ਼ਾਈ ਵਿੱਚ ਮੈਡਮ ਭੀਮਾਂ ਜੀ ਕਾਮਾ ਦਾ ਨਾਂਅ ਬਹੁਤ ਮਕਬੂਲ ਹੈ ।  ਉਹਨਾਂ ਨੇ ਪਹਿਲੀ ਵਾਰੀ 18 ਅਗਸਤ 1907 ਨੂੰ ਜਰਮਨੀ ਦੇ ਇੱਕ ਸਮਾਗਮ ਵਿੱਚ ਭਾਰਤੀ ਝੰਡਾ , ਵਿਦੇਸ਼ ਵਿੱਚ ਪਹਿਲੀ ਵਾਰ ਲਹਿਰਾਇਆ । ਇਕੱਠੇ ਹੋਏ ਲੋਕਾਂ ਨੇ ਖਡ਼੍ਹੇ ਹੋ ਕੇ ਝੰਡੇ ਦਾ ਸਤਿਕਾਰ ਕਰਦਿਆਂ ,ਭਾਰਤ ਮਾਤਾ ਦੀ ਜੈ ਦੇ ਨਾਹਰੇ ਲਾਏ । ਇਸ ਝੰਡੇ ਵਿੱਚ ਲਾਲ,ਪੀਲੇ,ਅਤੇ ਹਰੇ ਰੰਗ ਦੀਆਂ ਤਿਰਛੀਆਂ ਧਾਰੀਆਂ ਸਨ । ਉਪਰਲੀ ਲਾਲ ਧਾਰੀ ਵਿੱਚ ਸੱਤ ਤਾਰੇ ਅਤੇ ਇੱਕ ਕਮਲ ਫੁੱਲ ਬਣਿਆਂ ਹੋਇਆ ਸੀ,ਵਿਚਕਾਰਲੀ ਪੀਲੀ ਪੱਟੀ ਵਿੱਚ ਨੀਲੇ ਰੰਗ ਨਾਲ “ਵੰਦੇ ਮਾਤਰਮ” ਅੰਕਿਤ ਸੀ,ਅਤੇ ਹੇਠਲੀ ਹਰੀ ਪੱਟੀ ਵਿੱਚ ਤਾਰਾ,ਚੰਦਰਮਾਂ ਬਣਿਆਂ ਹੋਇਆ ਸੀ । ਸਨ 1916 ਤੱਕ ਇਸ ਝੰਡੇ ਨੂੰ ਹੀ ਪ੍ਰਵਾਨ ਕੀਤਾ ਜਾਂਦਾ ਰਿਹਾ ,ਇਸ ਸਮੇ ਹੀ ਪਿੰਗਲੀ ਵਿਨਕਈਆ ਅਤੇ ਹੋਰਨਾਂ ਵੱਲੋਂ 30 ਨਵੇਂ ਡਿਜ਼ਾਇਨ ਪੇਸ਼ ਕੀਤੇ ਗਏ । ਪਰ ਏਨੀ ਬੇਸੈਂਟ ਅਤੇ ਬਾਲ ਗੰਗਾਧਰ ਤਿਲਕ ਨੇ ਇੱਕ ਹੋਰ ਝੰਡਾ ਸਾਹਮਣੇ ਲਿਆਂਦਾ । ਜਿਸ ਵਿੱਚ ਪੰਜ ਲਾਲ ਅਤੇ ਪੰਜ ਹਰੀਆਂ ਪੱਟੀਆਂ ਸਨ । ਸਪਤਰਿਸ਼ੀਆਂ ਦੇ ਪ੍ਰਤੀਕ ਸੱਤ ਤਾਰੇ ਅਤੇ ਇੱਕ ਖੂੰਜੇ ਵਿੱਚ (ਖੱਬੇ ਪਾਸੇ) ਯੂਨੀਅਨ ਜੈਕ ਦਾ ਵੀ ਨਿਸ਼ਾਨ ਸੀ । ਪਰ ਇਸ ਝੰਡੇ ਦਾ ਸਖ਼ਤ ਵਿਰੋਧ ਹੋਇਆ ,ਕਿਓਂਕਿ ਯੂਨੀਅਨ ਜੈਕ ਨੂੰ ਆਪਣੇ ਝੰਡੇ ਵਿੱਚ ਥਾਂ ਦੇਣੀ ਜਾਇਜ਼ ਨਹੀਂ ਸੀ । ਕੋਇਮਬਟੂਰ ਦੇ ਮਜਿਸਟਰੇਟ ਨੇ ਵੀ ਇਸ ਉੱਤੇ ਪਾਬੰਦੀ ਲਾ ਦਿੱਤੀ । 
                      1916 ਵਿੱਚ ਸ਼੍ਰੀਮਤੀ ਏਨੀ ਬੇਸੈਂਟ ਨੇ ਹੋਮਰੂਲ ਝੰਡਾ ਪੇਸ਼ ਕੀਤਾ,ਜਿਸ ਵਿੱਚ ਦੋ ਰੰਗ ਲਾਲ ਅਤੇ ਹਰਾ ਹੀ ਸੀ । ਦੋਹਾਂ ਜਾਤਾਂ ਹਿੰਦੂ ਅਤੇ ਮੁਸਲਮਾਨਾਂ ਨੂੰ ਬਰਾਬਰੀ ਦਾ ਦਰਜਾ ਦੇਣ ਦੀ ਭਾਵਨਾ ਵਜੋਂ ਅਜਿਹਾ ਕੀਤਾ ਗਿਆ । ਆਂਧਰਾ ਪ੍ਰਦੇਸ਼ ਵਿੱਚ ਬੈਜਵਾਡ਼ਾ ਵਿਖੇ ਸਰਬ ਭਾਰਤੀ ਕਾਂਗਰਸ ਕਮੇਟੀ ਦੀ ਇੱਕ ਮੀਟਿੰਗ ਹੋਈ । ਜਿੱਥੇ ਲੋਕਾਂ ਵੱਲੋਂ ਕਾਗਜ਼ਾਂ ਦੇ ਤਿਆਰ ਕੀਤੇ ਕਈ ਝੰਡੇ ਪੇਸ਼ ਕੀਤੇ ਗਏ ।ਇਹਨਾਂ ਨਮੂਨੇ ਦੇ ਝੰਡਿਆਂ ਨੂੰ ਵੇਖ ਮਹਾਤਮਾਂ ਗਾਂਧੀ ਜੀ ਨੇ  ਰਾਇ ਦਿੱਤੀ ਕਿ ਝੰਡੇ ਵਿੱਚ ਤਿੰਨ ਰੰਗ ਹੋਣੇ ਚਾਹੀਦੇ ਹਨ । ਇਹਨਾਂ ਰੰਗਾਂ ਉਪਰ ਚਰਖੇ ਦਾ ਚਿਤਰ ਵੀ ਹੋਵੇ । ਇਸ ਝੰਡੇ ਦਾ ਕਾਫੀ ਪ੍ਰਚਾਰ ਵੀ ਹੋਇਆ ,ਪਰ ਪ੍ਰਵਾਨਗੀ ਹਾਸਲ ਨਾ ਕੀਤੀ ਜਾ ਸਕੀ ।
               ਝੰਡੇ ਨੂੰ ਸਵੀਕ੍ਰਿਤੀ ਪ੍ਰਾਪਤ ਕਰਨ ਦੇ ਖ਼ਿਆਲ ਨਾਲ ਇੱਕ ਕਮੇਟੀ 1931 ਵਿੱਚ ਬਣਾਈ ਗਈ । ਜਿਸ ਵਿੱਚ ਸ਼੍ਰੀ ਕਾਕਾ ਕਾਲੇਕਰ ਨੇ ਸੁਝਾਅ ਦਿੰਦਿਆਂ ਕਿਹਾ ਕਿ ਝੰਡੇ ਦੇ ਚਾਰੋਂ ਪਾਸੇ ਲਾਲ ਰੰਗ ਵਿੱਚ ਹਰਾ ਅਤੇ ਸਫ਼ੈਦ ਰੰਗ ਵੀ ਹੋਵੇ । ਸਫ਼ੈਦ ਰੰਗ ਵਿੱਚ 1921 ਦੇ ਚਰਖਾ ਅੰਦੋਲਨ ਦੇ ਪ੍ਰਤੀਕ ਚਰਖੇ ਨੂੰ ਵੀ ਲਿਆ ਜਾਵੇ । ਪਰ ਪੰਡਤ ਜਵਾਹਰ ਲਾਲ ਨਹਿਰੂ ਜੀ ਨੇ ਇਹ ਸੁਝਾਅ ਰੱਦ ਕਰਦਿਆਂ ਕਿਹਾ ਕਿ ” ਮਹਾਤਮਾਂ ਗਾਂਧੀ ਜੀ ਵੱਲੋਂ ਸੁਝਾਇਆ ਝੰਡਾ ਹੀ ਠੀਕ ਹੈ ।“ ਪਰ ਸਫ਼ੈਦ ਧਾਰੀ ,ਉਪਰ ਦੀ ਬਜਾਇ ਵਿਚਕਾਰ ਹੋਣੀ ਚਾਹੀਦੀ ਹੈ ,ਕਿਓਂਕਿ ਉਪਰਲੀ ਸਫ਼ੈਦ ਧਾਰੀ ਆਕਾਸ਼ੀ ਰੰਗਾਂ ਨਾਲ ਹੀ ਮਿਲ ਜਾਇਆ ਕਰੇਗੀ ,ਅਤੇ ਠੀਕ ਦਿਖਾਈ ਨਹੀਂ ਦੇਵੇਗੀ । ਉਹਨਾਂ ਇਹ ਵਿਚਾਰ ਵੀ ਰੱਦ ਕਰ ਦਿੱਤਾ ਕਿ ਤਿੰਨਾਂ ਰੰਗਾਂ ਉਪਰ ਹੀ ਚਰਖਾ ਹੋਵੇ । ਇੱਥੋਂ ਤੱਕ ਕਿ ਚਰਖੇ ਨੂੰ ਝੰਡੇ ਉਤੇ ਰੱਖਣ ਦਾ ਵਿਰੋਧ ਵੀ ਹੋਇਆ । ਤਾਂ ਕਾਲੇਕਰ ਨੇ ਕਿਹਾ ਕਿ ਝੰਡੇ ਉੱਤੇ ਬੰਦੂਕ,ਘੋਡ਼ਾ,ਸ਼ੇਰ,ਤਲਵਾਰ,ਆਦਿ ਦਾ ਚਿੰਨ੍ਹ ਨਹੀਂ ਹੋਣਾ ਚਾਹੀਦਾ । ਚਰਖਾ ਤਨ ਲਈ ਕਪਡ਼ੇ ਬਨਾਉਣ ਵਿੱਚ ਮਦਦਗਾਰ ਹੈ । ਇਸ ਲਈ ਇਹੀ ਠੀਕ ਹੈ । ਪਰ ਮੌਲਾਨਾ ਅਜ਼ਾਦ ਨੇ ਕਿਹਾ ਕਿ “ਚਰਖੇ ਦੀ ਥਾਂ ਕਪਾਹ ਦਾ ਫੁੱਲ ਹੋਵੇ ,ਜਿਹਡ਼ਾ ਖਾਦੀ ਦਾ ਵੀ ਸੂਚਕ ਹੈ,ਤਾਂ ਕਾਕਾ ਕਾਲੇਕਰ ਨੇ ਕਿਹਾ “ ਕਿ ਕਪਾਹ ਦਾ ਫੁੱਲ ਤਾਂ ਕੁਦਰਤ ਦੀ ਦੇਣ ਹੈ,ਪਰ ਚਰਖਾ ਮਨੁੱਖ ਦੀ ਕਾਢ,ਅਹਿੰਸਾ ਅਤੇ ਜਾਤੀ ਕੋਸ਼ਿਸ਼ਾਂ ਦਾ ਸਿੱਟਾ ਹੈ ।“ਇਸ ਮਗਰੋਂ ਕਈ ਹੋਰ ਸੁਝਾਅ ਵੀ ਪੇਸ਼ ਹੋਏ ਅਤੇ ਅਖ਼ੀਰ ਕੇਸਰੀ ਰੰਗ ਪ੍ਰਵਾਨ ਕਰਦਿਆਂ ਚਰਖਾ ਚਿੰਨ੍ਹ ਵੀ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ,ਕਿਓਂਕਿ ਲੋਕ ਭਾਵਨਾਤਮਿਕ ਤੌਰ ‘ਤੇ ਇਸ ਨਾਲ ਜੁਡ਼ ਚੁੱਕੇ ਸਨ । ਇਸ ਮੁਤਾਬਕ ਝੰਡੇ ਦਾ ਸਰੂਪ ਸੀ :ਉਪਰ ਕੇਸਰੀ ਪੱਟੀ,ਵਿਚਕਾਰ ਚਿੱਟੀ ਪੱਟੀ ,ਅਤੇ ਹੇਠਾਂ ਹਰੀ ਪੱਟੀ । ਚਿੱਟੀ ਪੱਟੀ ਵਿੱਚ ਨੀਲੇ ਰੰਗ ਨਾਲ ਅੰਕਿਤ ਕੀਤਾ ਚਰਖਾ । ਕੌਮੀ ਗੀਤ ਵਿੱਚ ਵੀ ਤਿਰੰਗਾ ਸ਼ਬਦ ਆਉਂਦਾ ਹੈ । ਇਸ ਪ੍ਰਵਾਨਗੀ ਤੋਂ ਇਲਾਵਾ ਹੋਰ ਕਈ ਸੁਝਾਅ ਵੀ ਆਏ । ਪਰ ਇਸ ਨੂੰ ਜਾਤਾਂ ਆਦਿ ਨਾਲ ਜੋਡ਼ਨ ਦੀ ਬਜਾਇ ਕੇਸਰੀ ਰੰਗ ਨੂੰ ਕੁਰਬਾਨੀ ਦਾ,ਹਰੇ ਰੰਗ ਨੂੰ ਹਰਿਆਲੀ-ਖ਼ਸ਼ਹਾਲੀ ਦਾ,ਸਫ਼ੈਦ ਰੰਗ ਨੂੰ ਸੱਚ,ਸ਼ਾਂਤੀ,ਸਫ਼ਾਈ,ਅਤੇ ਸਾਝਾ ਦਾ ਪ੍ਰਤੀਕ ਮੰਨਿਆਂ ਗਿਆ ।
               ਜਦ ਸੰਵਿਧਾਨ ਸਭਾ ਨੇ ਤਿਰੰਗੇ ਨੂੰ ਕੌਮੀ ਝੰਡਾ ਨਿਸਚਿਤ ਕਰਨ ਲਈ ਸਰਦਾਰ ਪਟੇਲ,ਮੌਲਾਨਾ ਆਜ਼ਾਦ,ਮਾਸਟਰ ਤਾਰਾ ਸਿੰਘ,ਡਾ ਪਟਾਭੀ ਸੀਤਾਰ ਭੈਯਾ,ਕਾਕਾ ਕਾਲੇਕਰ,ਡਾ ਹਾਰਡਨਰ ‘ਤੇ ਅਧਾਰਤ ਕਮੇਟੀ ਦਾ ਗਠਨ ਕੀਤਾ ,ਤਾਂ ਪਿਛਲੀ ਕਮੇਟੀ ਦੇ ਮੈਬਰ ਪੰਡਤ ਜਵਾਹਰ ਲਾਲ ਨਹਿਰੂ ਜੀ ਨੇ ਕਿਹਾ ਕਿ “ ਝੰਡੇ ਵਿੱਚ ਚਰਖਾ ਠੀਕ ਨਹੀਂ ਹੈ,ਕਿਓਂਕਿ ਇਹ ਦੋਹਾਂ ਪਾਸਿਆਂ ਤੋਂ ਇੱਕੋ-ਜਿਹਾ ਦਿਖਾਈ ਨਹੀਂ ਦਿੰਦਾ । ਸੋਚ ਵਿਚਾਰ ਮਗਰੋਂ ਸਾਰਨਾਥ ਦੀ ਲਾਠ ਉੱਤੇ ਬਣੇ ਅਸ਼ੋਕ ਦੇ 24 ਲਕੀਰਾਂ ਵਾਲੇ ਚੱਕਰ ਨੂੰ ਚਰਖੇ ਦੀ ਥਾਂ ਸ਼ਾਮਲ ਕੀਤਾ ਗਿਆ,ਅਤੇ 22 ਜੁਲਾਈ 1947 ਨੂੰ ਇਹ ਪ੍ਰਵਾਨ ਕਰ ਲਿਆ ਗਿਆ । ਇਸ ਨੂੰ ਪਿੰਗਲੀ ਵਿਨਕਈਆ ਨੇ ਡਿਜ਼ਾਇਨ ਕੀਤਾ ਹੈ । ਭਾਵੇਂ ਕਾਂਗਰਸ ਪਾਰਟੀ ਨੇ ਆਪਣਾ ਝੰਡਾ ਚਰਖੇ ਵਾਲਾ ਹੀ ਰੱਖਿਆ । ਇਸ ਤਬਦੀਲੀ ਮਗਰੋਂ 6 ਅਗਸਤ 1947 ਨੂੰ ਗਾਂਧੀ ਜੀ ਨੇ ਆਖਿਆ “ਮੈਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਜੇ ਭਾਰਤੀ ਝੰਡੇ ਉੱਤੇ ਚਰਖੇ ਦੀ ਬਜਾਇ ਚੱਕਰ ਰੱਖਿਆ ਜਾਵੇਗਾ ,ਤਾਂ ਮੈ ਉਸ ਨੂੰ ਸਲਾਮੀ ਨਹੀਂ ਦਿਆਂਗਾ ।“ਪਰ ਨਹਿਰੂ ਜੀ ਦੇ ਚੱਕਰ ਨੂੰ ਚਰਖੇ ਦਾ ਪ੍ਰਤੀਕ ਵਜੋਂ ਕਹਿਣ ‘ਤੇ ਗਾਂਧੀ ਜੀ ਚੁੱਪ ਹੋ ਗਏ । ਹੁਣ ਅੱਗੋਂ ਇਸ ਵਿੱਚ ਕੋਈ ਹੋਰ ਤਬਦੀਲੀ ਨਾ ਹੋਵੇ ,ਨੂੰ ਧਿਆਂਨ ਵਿੱਚ ਰਖਦਿਆਂ ਪ੍ਰਮਾਣਿਕ ਝੰਡਾ ਸੀਲ ਕਰਕੇ ਕੈਪਸੂਲ ,ਚ ਸੁਰੱਖਿਅਤ ਰੱਖਿਆ ਹੋਇਆ ਹੈ ।
                ਸਾਡੇ ਕੌਮੀ ਝੰਡੇ ਵਿੱਚ 3-2 ਦਾ ਅਨੁਪਾਤ ਹੈ । ਇਹ ਜਦ ਕਿਸੇ ਹੋਰ ਸੰਸਥਾ ਦੇ ਪ੍ਰੋਗਰਾਮ ਸਮੇ ਲਹਿਰਾਇਆ ਜਾਂਦਾ ਹੈ ਤਾਂ ਇਹ ਸਭ ਤੋਂ ਉੱਚਾ ਹੁੰਦਾ ਹੈ । ਇਸ ਦੇ ਸੱਜੇ ਪਾਸੇ ਹੋਰ ਕੋਈ ਝੰਡਾ ਨਹੀਂ ਹੁੰਦਾ । ਸਵੇਰੇ ਦਿਨ ਚਡ਼੍ਹਨ ਤੋਂ ਸ਼ਾਮ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਉਤਾਰ ਕੇ ਸਾਂਭਿਆ ਜਾਂਦਾ ਹੈ । ਸਾਡੇ ਲਈ ਸਾਡਾ ਕੌਮੀ ਝੰਡਾ ਮਾਨ-ਸਨਮਾਨ,ਆਜ਼ਾਦੀ ਅਤੇ ਵਿਸ਼ਵਾਸ਼ਾਂ ਦਾ ਪ੍ਰਤੀਕ ਹੈ । ਸ਼ਾਲਾ ! ਇਹ ਯੁਗਾਂ-ਯਗਾਂਤਰਾਂ ਤੱਕ ਇਵੇਂ ਲਹਿਰਾਉਂਦਾ ਰਹੇ,ਅਤੇ ਅਸੀਂ ਇਸ ਨੂੰ ਇਵੇਂ ਸੀਸ ਝੁਕਾਉਂਦੇ ਰਹੀਏ,ਫ਼ਖ਼ਰ ਕਰਦੇ ਰਹੀਏ ।  

                          
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232 

Thursday, January 10, 2013

10 ਜਨਵਰੀ ਬਰਸੀ 'ਤੇ ਵਿਸ਼ੇਸ਼

 ਸ਼੍ਰੋਮਣੀ ਸਾਹਿਤਕਾਰ:ਪ੍ਰਿੰਸੀਪਲ ਤੇਜਾ ਸਿੰਘ      -ਰਣਜੀਤ ਸਿੰਘ ਪ੍ਰੀਤ 
ਫੋਟੋ ਧੰਨਵਾਦ ਸਹਿਤ ਰੋਜ਼ਾਨਾ ਅਜੀਤ 
ਗੁਰਬਾਣੀ ਦੇ ਨਾਮੀ ਵਿਆਖਿਆਕਾਰ ਅਤੇ ਸੁਹਿਰਦ ਸਿੱਖ ਵਿਦਵਾਨ ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ 2 ਜੂਨ 1894 ਨੂੰ ਜ਼ਿਲਾ ਰਾਵਲਪਿੰਡੀ ਦੇ ਪਿੰਡ ਅਡਿਆਲਾ ਵਿਖੇ ਪਿਤਾ ਸ ਭਲਾਕਰ ਸਿੰਘ ਅਤੇ ਮਾਤਾ ਸਰੁਸਤੀ ਦੇ ਘਰ ਇੱਕ ਗਰੀਬ ਪਰਿਵਾਰ ਵਿੱਚ  ਹੋਇਆ। ਇਹਨਾਂ ਦਾ ਮੁਢਲਾ ਨਾਂਅ ਤੇਜ ਰਾਮ ਸੀ। ਇਹਨਾ ਨੇ ਆਰੰਭਕ ਪੜ੍ਹਾਈ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਤੇ ਫ਼ਾਰਸੀ ਦੀ ਪੜ੍ਹਾਈ ਮਸਜਿਦ ਵਿੱਚੋਂ ਹਾਸਲ ਕੀਤੀ। ਬਚਪਨ ਵਿੱਚ ਹੀ ਬਾਬਾ ਖੇਮ ਸਿੰਘ ਤੋਂ ਅਮ੍ਰਿਤ ਪਾਨ ਕਰਕੇ ਤੇਜ ਰਾਮ ਤੋਂ ਤੇਜਾ ਸਿੰਘ ਬਣੇ। ਤੇਜਾ ਸਿੰਘ ਜੀ ਉਹਨਾਂ ਸਾਹਿਤਕਾਰਾਂ ਦੀ ਕਤਾਰ ਵਿੱਚੋਂ ਇੱਕ ਸਨ,ਜਿਨ੍ਹਾਂ ਨੇ 19 ਵੀਂ ਸਦੀ ਦੀ ਪੱਛਮੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ,ਸਮਾਜਿਕ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਪਰਖ਼ਣ ਸਮਝਣ ਦੀ ਦਲੇਰੀ ਕੀਤੀ। ਇਹੀ ਦਲੇਰੀ ਮੁੱਖ ਤੌਰ'ਤੇ ਉਹਨਾਂ ਦੀਆਂ ਰਚਨਾਵਾਂ ਦਾ ਅਧਾਰ ਰਹੀ। ਆਪਨੇ ਪੱਛਮੀ ਕਲਾਕਾਰਾਂ ਰਸਕਿਨ,ਅਤੇ ਪੇਂਟਰ ਦੀ ਸ਼ੈਲੀ ਤੋਂ ਪ੍ਰਭਾਵ ਕਬੂਲਿਆ। ਪੇਂਟਰ ਵਰਗੀ ਸਪੱਸ਼ਟਤਾ-ਸ਼ੁਧਤਾ ਅਤੇ ਰਸਕਿਨ ਦੀ ਸ਼ਬਦ ਚਿਤ੍ਰਾਵਲੀ ਨੂੰ ਬਾਖ਼ੂਬੀ ਪ੍ਰਵਾਨ ਕਰਦਿਆਂ ਨਿਭਾਇਆ।
                 ਘਰ ਦੀ ਹਾਲਤ ਅਨੁਸਾਰ ਮਾਪੇ ਉਹਨਾ ਨੂੰ ਪੜ੍ਹਾਉਣਾ ਨਹੀਂ ਸਨ ਚਾਹੁੰਦੇ,ਪਰ ਉਹਨਾਂ ਦਾ ਧਿਆਨ ਪੜ੍ਹਾਈ ਵੱਲ ਸੀ। ਇਸ ਲਗਨ ਸਦਕਾ ਹੀ ਪਹਿਲਾਂ ਰਾਵਲਪਿੰਡੀ ਤੋਂ,ਅਤੇ ਫਿਰ ਸਰਗੋਧੇ ਤੋਂ ਪੜ੍ਹਨ, ਮਗਰੋਂ 1910 ਵਿੱਚ ਖ਼ਾਲਸਾ ਕਾਲਜੀਏਟ ਸਕੂਲ ਤੋਂ ਦਸਵੀਂ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਐਫ਼ ਏ ਪਾਸ ਕੀਤੀ। ਬੀ ਏ ਗਾਰਡਨ ਕਾਲਜ ਰਾਵਲਪਿੰਡੀ ਤੋਂ ਕਰਨ ਉਪਰੰਤ ਉੱਥੇ ਹੀ ਅਧਿਆਪਕ ਲਗ ਗਏ। ਇਸ ਉਤਸ਼ਾਹ ਨਾਲ ਹੀ 1916 ਵਿੱਚ ਅੰਗਰੇਜ਼ੀ ਦੀ ਐਮ ਏ ਵੀ ਕਰ ਲਈ। ਇਸ ਉੱਚ ਯੋਗਤਾ ਅਨੁਸਾਰ ਹੀ ਮਾਰਚ 1919 ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਬਤੌਰ ਲੈਕਚਰਾਰ ਹਾਜ਼ਰ ਹੋਏ। ਇਥੇ 1945 ਤੱਕ ਰਹਿੰਦਿਆਂ ,ਕਾਲਜ  ਦੀ ਪ੍ਰਬੰਧਕੀ ਕਮੇਟੀ ਨੂੰ ਅੰਗਰੇਜ਼ ਸਰਕਾਰ ਦੇ ਦਬਾਅ ਤੋਂ ਨਿਜ਼ਾਤ ਪਾਉਣ ਲਈ ਕਹਿਣ ਵਾਸਤੇ 13 ਹੋਰਨਾਂ ਸਾਥੀਆਂ ਸਮੇਤ ਅਸਤੀਫ਼ ਵੀ ਦੇ ਦਿੱਤਾ।। ਜਦ ਮੰਗ ਪੂਰੀ ਹੋ ਗਈ ਤਾਂ ਫਿਰ ਤੋਂ ਕਾਲਜ ਦੀ ਨੌਕਰੀ ਸੰਭਾਲ ਲਈ। ਇਥੋਂ ਦੀ ਸੇਵਾ ਅਧੀਨ ਹੀ ਜਦ ਗੁਰਦੁਆਰਾ ਸੁਧਾਰ ਲਹਿਰ ਚੱਲੀ ਤਾਂ 1923 ਵਿੱਚ ਆਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹਨਾਂ ਹਾਲਾਤਾਂ ਵਿੱਚ ਸਿਹਤ ਦੀ ਖ਼ਰਾਬੀ ਕਾਰਣ 1925 ਵਿੱਚ ਨੌਕਰੀ ਛੱਡ ਦਿੱਤੀ। ਪਰ 1945 ਵਿੱਚ ਮੁਬਈ ਦੇ ਖ਼ਾਲਸਾ ਕਾਲਜ ਵਿੱਚ ਪ੍ਰਿੰਸੀਪਲ ਜਾ ਲੱਗੇ। ਸਨ 1948 ਵਿੱਚ ਪੰਜਾਬ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਓਰੋ ਵਜੋਂ ਅਤੇ 1949 ਵਿੱਚ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਵਜੋਂ ਨਿਯੁਕਤ ਹੋਣ ਦੇ ਨਾਲ ਨਾਲ ਭਾਸ਼ਾ ਵਿਭਾਗ ਪੰਜਾਬ ਦੇ ਸਲਾਹਕਾਰ ਅਤੇ ਫਿਰ ਡਾਇਰੈਕਟਰ ਵਜੋਂ ਵੀ ਕਾਰਜ ਕੀਤਾ। ਪੈਪਸੂ ਸਰਕਾਰ ਨੇ 1951 ਵਿੱਚ ਵਿਸ਼ੇਸ਼ ਸਨਮਾਨ ਦਿੱਤਾ ਅਤੇ ਸੇਵਾ ਮੁਕਤੀ ਮਗਰੋਂ ਉਹਨਾਂ ਨੇ ਅੰਮ੍ਰਿਤਸਰ ਰਿਹਾਇਸ਼ ਰੱਖ ਲਈ। ਇਹਨਾਂ ਨੂੰ 1956 ਵਿੱਚ ਅਭਿਨੰਦਨ ਗ੍ਰੰਥ ਵੀ ਭੇਂਟਾ ਕੀਤਾ ਗਿਆ। 
ਟਕਸਾਲੀ ਨਿਬੰਧ ਲਿਖਣ ਦੀ ਪਿਰਤ ਦੇ ਪਿਤਾਮਾ ਪ੍ਰਿੰਸੀਪਲ ਤੇਜਾ ਸਿੰਘ ਨੇ ਸਿੱਖ ਧਰਮ ਦੀ ਵਿਚਾਰਧਾਰਾ ਨੂੰ ਦੇਸਾਂ-ਵੇਦੇਸਾਂ ਵਿੱਚ ਪਹੁੰਚਾਉਣ ਖ਼ਾਤਰ ਅੰਗਰੇਜ਼ੀ ਵਿੱਚ ਸਿੱਖ ਧਰਮ ਨਾਲ ਸਬੰਧਤ ਕਈ ਕਿਤਾਬਾਂ ਵੀ ਲਿਖੀਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਚੋਣਵੀਆਂ ਰਚਨਾਵਾਂ ਨੂੰ ਵੀ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਪੜ੍ਹੇ ਲਿਖੇ ਵਰਗ ਵਿੱਚ ਹਰਮਨ ਪਿਆਰਾ ਹੋਣ ਦਾ ਨਾਮਣਾ ਖੱਟਿਆ ।, ਬਹੁਤ ਸਾਰੇ ਪੁੰਗਰ ਰਹੇ ਲੇਖਕਾਂ ਦੀ ਸਮੇ ਸਮੇ ਸਿਰ ਲੋੜ ਅਨੁਸਾਰ ਹੌਂਸਲਾ ਅਫ਼ਜਾਈ ਵੀ ਕੀਤੀ। ਉਹਨਾਂ ਦੀਆਂ ਲਿਖਤਾਂ ਅਤੇ ਲਿਖਣ ਸ਼ੈਲੀ ਨੂੰ ਮਾਂਜਣ-ਸੰਵਾਰਨ ਦਾ ਕੰਮ ਵੀ ਕੀਤਾ। ਜਿਸ ਨਾਲ ਪੰਜਾਬੀ ਜਗਤ ਨੂੰ ਨਵੇਂ ਲੇਖਕ ਵੀ ਮਿਲੇ ਅਤੇ ਪੰਜਾਬੀ ਸਾਹਿਤ ਖੇਤਰ ਦਾ ਘੇਰਾ ਵੀ ਵਿਸ਼ਾਲ ਹੋਇਆ।
                         ਆਪ ਕਿਸੇ ਸਥਾਨ ਵਸਤੂ ਜਾਂ ਮਾਮੂਲੀ ਘਟਨਾਂ ਨੂੰ ਵੀ ਆਪਣੀ ਵਿਚਾਰਧਾਰਾ ਦਾ ਮੈਦਾਨ ਬਣਾ ਕੇ ਸਮਾਜਿਕ ਜਾਂ ਭਾਈਚਾਰਕ ਅਧਿਐਨ ਕਰਨ ਵਿੱਚ ਪੂਰਨ ਤੌਰ'ਤੇ ਸਫ਼ਲ ਹੋਏ। ਆਪ ਨੇ “ਨਵੀਆਂ ਸੋਚਾਂ ਅਤੇ “ਸਹਿਜ ਸੁਭਾਅ”,”ਸਾਹਿਤ ਦਰਸ਼ਨ”,'ਘਰ ਦਾ ਪਿਆਰ' ਆਦਿ  ਪੁਸਤਕ ਸੰਗ੍ਰਹਿ ਵੀ ਪੰਜਾਬੀ ਸਾਹਿਤ ਦੀ ਝੋਲੀ ਪਾਏ। 'ਸਹਿਜ ਸੁਭਾਅ' ਵਿੱਚ ਪੰਜਾਬੀ ਕਵਿਤਾ ਅਤੇ “ਚਿੱਟਾ ਲਹੂ”” ਪੰਜਾਬੀ ਸਾਹਿਤਕ ਖੇਤਰ ਦੇ ਉੱਚ ਪਾਇ ਦੀ ਪੜਚੋਲ ਦੇ ਆਦਰਸ਼ ਨਮੂਨੇ ਹਨ। ਕਿਤਾਬਾਂ ਤੋਂ ਇਲਾਵਾ ਮਿਆਰੀ ਰਸਾਲਿਆਂ,ਅਤੇ ਅਖ਼ਬਾਰਾਂ ਵਿੱਚ ਵੀ ਆਪ ਜੀ ਦੀਆਂ ਅਨੇਕਾਂ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ। 
                    1952 ਵਿੱਚ ਲਿਖੀ  ““ਆਰਸੀ””ਆਪ ਜੀ ਦੀ ਸਵੈ-ਜੀਵਨੀ ਹੈ,ਇਸ ਪੁਸਤਕ ਬਾਰੇ ਪ੍ਰੌ: ਮੋਹਣ ਸਿੰਘ ਨੇ ਕਿਹਾ ਸੀ”ਕਿ “ਇਹ ਜੀਵਨੀ ਇਤਿਹਾਸ ਵਾਂਗ ਗੰਭੀਰ ਅਤੇ ਨਾਵਲ ਵਾਂਗ ਸੁਆਦਲੀ ਹੈ”। “ ਸਵੈ –ਜੀਵਨੀ ਸਾਹਿਤ ਵਿੱਚ ਬਹੁਤ ਘੱਟ ਅਜਿਹੇ ਲੇਖਕ ਹਨ ,ਜਿਨ੍ਹਾਂ ਨੇ ਸਹੀ ਗੱਲ ਕੀਤੀ ਹੋਵੇ।। ਇਸ ਤੋਂ ਇਲਾਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦਾਂਤਿਕ ਲਗਾਂ-ਮਾਤਰਾਂ ਦੇ ਗੁੱਝੇ ਭੇਦ,'ਪੰਜਾਬੀ ਕਿਵੇਂ ਲਿਖੀਏ','ਅੰਗਰੇਜ਼ੀ ਪੰਜਾਬੀ ਡਿਕਸ਼ਨਰੀ' ਵਰਗੀਆਂ ਰਚਨਾਵਾਂ ਨਾਲ ਮਾਂ ਬੋਲੀ ਦੀ ਭਰਪੂਰ ਸੇਵਾ ਕੀਤੀ। 
               ਮਿੱਠੀ,ਗੰਭੀਰ,ਰੁਮਾਂਟਿਕ ਸ਼ੈਲੀ,ਦੇ ਮਾਲਕ,ਪ੍ਰਿੰਸੀਪਲ ਤੇਜਾ ਸਿੰਘ ਅੰਮ੍ਰਿਤਸਰ ਵਿੱਚ 10 ਜਨਵਰੀ 1958 ਨੂੰ ਸਾਥੋਂ ਸਦਾ ਸਦਾ ਲਈ ਵਿਛੜ ਗਏ ।। ਉੱਚੇ-ਸੁੱਚੇ,ਪਵਿੱਤਰ ਅਤੇ ਨਿਰਸ਼ਲ,ਵਿਅਕਤੀਤਵ ਦੇ ਸਵੈ – ਪ੍ਰਗਟਾਅ ਵਜੋਂ ਉਹ ਹਮੇਸ਼ਾਂ ਜਿਊਂਦੇ-ਜਾਗਦੇ ਮਹਿਸੂਸ ਹੁੰਦੇ ਰਹਿਣਗੇ,ਕਿਉਂਕਿ ਉਹ ਇਸ ਸੱਚ 'ਤੇ ਖ਼ਰੇ ਉਤਰਦੇ ਹਨ “ਕਿ “ਲੋਕਾਂ ਲਈ ਲਿਖਣ ਵਾਲਾ ਸਾਹਿਤਕਾਰ ਸਦਾ ਜੀਵਤ ਰਹਿੰਦਾ ਹੈ”।  
********************** ਸੰਪਰਕ:
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ) 
ਬੇ-ਤਾਰ: 98157-07232       
----------------------------

Monday, January 07, 2013

7 ਜਨਵਰੀ ਨੂੰ ਬਰਸੀ 'ਤੇ ਵਿਸ਼ੇਸ਼

ਸੰਸਾਰ ਪ੍ਰਸਿੱਧ ਹਾਕੀ ਖਿਡਾਰੀ ਸੁਰਜੀਤ ਸਿੰਘ ਨੂੰ ਚੇਤੇ ਕਰਦਿਆਂ 
                                                                                       ਰਣਜੀਤ ਸਿੰਘ ਪ੍ਰੀਤ
Courtesy Photo
ਭਾਰਤੀ ਹਾਕੀ ਦਾ ਥੰਮ ਅਖਵਾਉਂਣ ਵਾਲੇ ਸੁਰਜੀਤ ਸਿੰਘ ਦਾ ਜਨਮ 10 ਅਕਤੂਬਰ 1951 ਨੂੰ ਪਿੰਡ ਦਾਖ਼ਲਾ (ਗੁਰਦਾਸਪੁਰ),ਵਿੱਚ ਸ੍ਰ. ਮੱਘਰ ਸਿੰਘ ਦੇ ਘਰ ਹੋਇਆ।ਖ਼ਾਲਸਾ ਸਕੂਲ ਬਟਾਲਾ ਤੋਂ ਮੁੱਢਲੀ ਵਿਦਿਆ ਹਾਸਲ ਕਰਨ ਮਗਰੋਂ ਸਪੋਰਟਸ ਕਾਲਜ ਜਲੰਧਰ 'ਚ ਦਾਖ਼ਲਾ ਲਿਆ।
                       ਹਾਕੀ ਦੇ ਖ਼ੇਤਰ ਵਿੱਚ 1967 ਨੂੰ ਸਕੂਲੀ ਖੇਡਾਂ ਤੋਂ ਉਸ ਨੇ ਪ੍ਰਵੇਸ਼ ਕੀਤਾ। ਇਸ ਤੋਂ ਕਰੀਬ ਇੱਕ ਸਾਲ ਬਾਅਦ 1968 ਵਿੱਚ ਪੰਜਾਬ ਯੂਨੀਵਰਸਿਟੀ ਦੀ ਟੀਮ ਵਿੱਚ ਸ਼ਾਮਲ ਹੋ ਕੇ ਉਹਨਾ ਨੇ ਕਈ ਅਹਿਮ ਮੈਚ ਖੇਡੇ। ਇਹਨਾਂ ਮੈਚਾਂ ਦੀ ਕਾਰਗੁਜ਼ਾਰੀ ਸਦਕਾ ਹੀ ਯੂਨੀਵਰਸਿਟੀ ਦੀ ਸਾਂਝੀ ਟੀਮ ਦੇ ਮੈਂਬਰ ਬਣੇ,ਆਸਟਰੇਲੀਆ ਦਾ ਦੌਰਾ ਵੀ ਕੀਤਾ।। ਖਿਡਾਰੀ ਹੋਣ ਦੇ ਨਾਤੇ ਹੀ ਰੇਲਵੇ ਵਿੱਚ ਕਮਰਸ਼ੀਅਲ ਇੰਸਪੈਕਟਰ ਦੀ ਨੌਕਰੀ ਮਿਲੀ।
                        ਸੁਰਜੀਤ ਸਿੰਘ ਨੇ ਓਲੰਪਿਕ,ਏਸ਼ੀਆਈ,ਅਤੇ ਵਿਸ਼ਵ ਕੱਪ ਵਿੱਚ 13 ਵਾਰੀ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ,।1972 ਵਿੱਚ ਉਹ ਪੰਜਾਬ ਵੱਲੋਂ ਪਹਿਲੀ ਵਾਰੀ ਕੌਮੀ ਪੱਧਰ 'ਤੇ ਖੇਡਿਆ। ਇਸ ਪ੍ਰਫਾਰਮੈਂਸ ਦੇ ਅਧਾਰ 'ਤੇ ਹੀ 1973 ਦੇ ਐਮਸਟਰਡਮ ਵਿਸ਼ਵ ਕੱਪ ਵਿੱਚ ਖੇਡਣ ਵਾਲੀ ਭਾਰਤੀ ਟੀਮ ਦਾ ਮੈਬਰ ਬਣਾਇਆ ਗਿਆ।। ਉਹ1972 ਦੀ ਮਿਊਨਿਖ਼ ਓਲੰਪਿਕ ਵਿੱਚ ਵੀ ਸ਼ਾਮਲ ਹੋਇਆ।
                           ਦੂਜੇ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਮੇਜ਼ਬਾਨ ਮੁਲਕ ਹਾਲੈਂਡ ਅਤੇ ਭਾਰਤ ਦਰਮਿਆਂਨ ਖੇਡਿਆ ਗਿਆ ।। ਇਸ ਫ਼ਾਈਨਲ ਦੇ ਪਹਿਲੇ ਸੱਤ ਮਿੰਟਾਂ ਵਿੱਚ ਮਿਲੇ ਦੋ ਪਨੈਲਟੀ ਕਾਰਨਰਾਂ ਨੂੰ ਉੱਤੋ-ੜੁੱਤੀ ਜਦ ਸੁਰਜੀਤ ਨੇ ਕਰਾਰੇ ਸ਼ਾਟ ਲਾਉਂਦਿਆਂ ਗੋਲਾਂ ਵਿੱਚ ਬਦਲ ਦਿੱਤਾ ਤਾਂ ਭਾਰਤੀ ਹਾਕੀ ਪ੍ਰੇਮੀ ਜਿੱਤ ਨੂੰ ਯਕੀਨੀ ਸਮਝ ਪਟਾਖ਼ੇ ਚਲਾਉਣ ਅਤੇ ਖ਼ੁਸ਼ੀ ਦਾ ਇਜ਼ਹਾਰ ਕਰਨ ਲੱਗੇ ।। ਪਰ ਬਰਾਬਰੀ 'ਤੇ ਖ਼ਤਮ ਹੋਏ,ਮੈਚ ਦਾ ਆਖ਼ਰੀ ਨਤੀਜਾ ਪਨੈਲਟੀ ਸਟਰੌਕ ਜ਼ਰੀਏ 4-2 ਨਾਲ ਹਾਲੈਂਡ ਦੇ ਹੱਕ ਵਿੱਚ ਰਿਹਾ।
                     1974 ਤਹਿਰਾਨ ਏਸ਼ੀਆਈ ਖੇਡਾਂ,1975 ਕੁਆਲਾਲੰਪੁਰ ਵਿਸ਼ਵ ਹਾਕੀ ਕੱਪ,1976 ਮਾਂਟਰੀਆਲ ਓਲੰਪਿਕ,1978 ਬੈਂਗਕੌਕ ਏਸ਼ੀਆਈ ਖੇਡਾਂ, 1982 ਮੁੰਬਈ ਵਿਸ਼ਵ ਕੱਪ,ਖੇਡਦਿਆਂ ਸੁਰਜੀਤ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਫੁੱਲ ਬੈਕ ਵਜੋਂ ਖੇਡਣ 'ਤੇ “ਲੋਹੇ ਦੀ ਦੀਵਾਰ ” ਕਹਾਉਣ ਵਾਲੇ ਅਣਖ਼ੀ ਸੁਰਜੀਤ ਦਾ 1978 ਵਿੱਚ ਪ੍ਰਬੰਧਕਾਂ ਨਾਲ ਇੱਟ-ਖੜੱਕਾ ਵੀ ਹੋਇਆ । ਉਹ ਆਪਣੇ ਸਾਥੀਆਂ ਬਲਦੇਵ ਅਤੇ ਵਰਿੰਦਰ ਸਮੇਤ ਪਟਿਆਲੇ ਦੇ ਕੋਚਿੰਗ ਕੈਂਪ ਵਿੱਚੋਂ ਆਪਣਾ ਬਿਸਤਰਾ ਹੀ ਚੁੱਕ ਲਿਆਇਆ। ਇਸ ਮੌਕੇ ਕੋਚ ਵੱਲੋਂ ਕੀਤੀਆ ਟਿੱਪਣੀਆਂ ਦੀ ਤਾਂ ਚਿੰਤਾ ਕੀਤੀ ਪਰ ਡਰਾਵਿਆਂ ਦੀ ਚਿੰਤਾ ਨਹੀਂ ਸੀ ਕੀਤੀ।
              ਸੁਰਜੀਤ ਨੇ 1975 ਦੇ ਨਿਊਜ਼ੀਲੈਂਡ ਟੂਰ ਸਮੇਂ 17 ਗੋਲ ਕੀਤੇ,1979 ਪ੍ਰੀ-ਓਲੰਪਿਕ ,1981 ਚੈਂਪੀਅਨਜ਼ ਟਰਾਫ਼ੀ, ਸਮੇ ਕਪਤਾਨ ਵਜੋਂ,1979 ਪਰਥ ਮੁਕਾਬਲਿਆਂ ਸਮੇ ਉਪ-ਕਪਤਾਨ ਵਜੋਂ ਖੇਡ ਚੁੱਕੇ ਸੁਰਜੀਤ ਨੂੰ 1980 ਮਾਸਕੋ ਓਲੰਪਿਕ ਸਮੇ ਵੀ ਕਪਤਾਨ ਬਣਾਇਆ ਗਿਆ ਸੀ। ਪਰ ਇਸ ਮੌਕੇ ਇਹ ਕਪਤਾਨੀ ਫਿਰ ਵਿਵਾਦਾਂ ਵਿੱਚ ਘਿਰ ਗਈ ਅਤੇ ਇਹ ਫ਼ੈਸਲਾ ਵਾਪਸ ਲੈਂਦਿਆਂ ਕਪਤਾਨ ਦੀ ਬਦਲੀ ਕਰ ਦਿੱਤੀ ਗਈ।  1982 ਦੇ ਮੁੰਬਈ ਵਿਸ਼ਵ ਕੱਪ ਸਮੇ ਆਪ ਦੀ ਕਪਤਾਨੀ ਅਧੀਨ ਭਾਰਤੀ ਟੀਮ ਨੇ ਬਗੈਰ ਕਿਸੇ ਵਿਸ਼ੇਸ਼ ਪ੍ਰਾਪਤੀ ਤੋਂ ਹਿੱਸਾ ਲਿਆ। 
                                ਬਹੁਤਾ ਸਮਾ “ਰਾਕ ਰੋਵਰਜ਼ ਚੰਡੀਗੜ੍ਹ ਵੱਲੋਂ ਖੇਡਣ ਵਾਲੇ,ਸੁਰਜੀਤ ਸਿੰਘ ਨੇ “ਇੰਡੀਅਨ ਏਅਰ ਲਾਈਨਜ਼”ਲਈ ਵੀ ਕਈ ਜਿੱਤਾਂ ਦਰਜ ਕੀਤੀਆਂ। ਫਿਰ ਪੀ ਏ ਪੀ ਵਿੱਚ ਇੰਸਪੈਕਟਰ ਬਣਿਆਂ ਅਤੇ ਪ੍ਰਸਿੱਧ ਹਾਕੀ ਖਿਡਾਰਨ ਚੰਚਲ ਕੋਹਲੀ ਦਾ ਜੀਵਨ ਸਾਥੀ।। ਪਰ ਇਹ ਸਾਥ ਭਰ ਜੁਆਨੀ ਵਿੱਚ ਹੀ ਬ੍ਰਿਹਾ ਬਣ ਗਿਆ। ਸਿਰਫ਼ 33 ਵਰ੍ਹਿਆਂ ਦਾ ਸੁਰਜੀਤ ਸਿੰਘ 7 ਜਨਵਰੀ 1983 ਨੂੰ ਜਲੰਧਰ ਦੇ ਨੇੜੇ ,ਪ੍ਰਸ਼ੋਤਮ ਪਾਂਦੇ,ਨਾਲ ਸਖ਼ਤ ਸਰਦੀ ਅਤੇ ਸੰਘਣੀ ਧੁੰਦ ਦੌਰਾਂਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਉਦੋਂ ਵੀ ਉਹ ਇੱਕ ਮੈਚ ਦੀ ਤਿਆਰੀ ਵਜੋਂ ਭੱਜ-ਨੱਠ ਕਰ ਰਹੇ ਸਨ ।। ਉਹਨਾਂ ਦੀ ਯਾਦ ਵਿੱਚ ਹਰ ਸਾਲ ““ ਸੁਰਜੀਤ ਮੈਮੋਰੀਅਲ ਹਾਕੀ ਮੁਕਾਬਲਾ “ਹੁੰਦਾ ਹੈ। ਜਿਸ ਨੂੰ ਹੁਣ “ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਕਿਹਾ ਜਾਂਦਾ ਹੈ। ਇਹ ਮੁਕਾਬਲਾ “ਸੁਰਜੀਤ ਸਟੇਡੀਅਮ” ਵਿੱਚ 29ਵੀਂ ਵਾਰੀ ਹੋਇਆ ਅਤੇ ਇੰਡੀਅਨ ਆਇਲ  ਮੁੰਬਈ ਨੇ ਭਾਰਤ ਪੈਟਰੋਲੀਅਮ ਮੁੰਬਈ ਨੂੰ 4-3 ਨਾਲ ਹਰਾ ਕੇ ਜਿਤਿਆ। ਜੇਤੂ ਟੀਮ ਨੂੰ 3.50 ਲੱਖ,ਉਪ ਜੇਤੂ ਨੂੰ 2.50 ਲੱਖ ਮਿਲੇ। ਗੁਰਜਿੰਦਰ ਸਿੰਘ ਸਰਵੋਤਮ ਖਿਡਾਰੀ ਬਣਿਆਂ । ਇਸ ਮਹਾਂਨ ਖਿਡਾਰੀ ਸੁਰਜੀਤ ਸਿੰਘ ਦੇ ਨਾਂਅ 'ਤੇ “ ਹਾਕੀ ਅਕੈਡਮੀ ” ਦਾ ਵੀ ਗਠਨ ਕੀਤਾ ਗਿਆ ਹੈ।।ਜਿੱਥੇ ਵਧੀਆ ਖਿਡਾਰੀ ਤਿਆਰ ਕੀਤੇ ਜਾਂਦੇ ਹਨ। ਇਸ ਸਰਵਸ੍ਰੇਸ਼ਟ ਖਿਡਾਰੀ ਦੇ ਦਿਹਾਂਤ ਤੋਂ 15 ਸਾਲ ਮਗਰੋਂ 1998 ਵਿੱਚ ਅਰਜੁਨਾ ਐਵਾਰਡ ਦਿੱਤਾ ਗਿਆ ਅਤੇ ਬੁੱਤ ਲਗਾਇਆ ਗਿਆ । ।ਜਦ ਇਸ ਜਾਂਬਾਜ਼ ਖਿਡਾਰੀ ਦਾ ਅੰਤ ਹੋਇਆ ਤਾਂ ਗਿਆਂਨੀ ਜੈਲ ਸਿੰਘ ਜੀ ਨੇ ਇਹਨਾਂ ਸ਼ਬਦਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ। ਜੋ ਮਰਹੂਮ ਖਿਡਾਰੀ ਦੀ ਮਹਾਨਤਾ ਦਰਸਾਉਂਦੇ ਹਨ,“ਸੁਰਜੀਤ ਇੱਕ ਵਧੀਆ ਖਿਡਾਰੀ ਸੀ, ਜਿਸਨੇ ਭਾਰਤ ਦਾ ਨਾਂਅ ਰੌਸ਼ਨ ਕੀਤਾ”। 

ਸੰਪਰਕ:ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ) 
ਬੇ-ਤਾਰ:98157-07232

---------------------------

Friday, January 04, 2013

ਸੀਰਤ-ਸੂਰਤ ਦਾ ਸੁਮੇਲ ਤੀਨ ਦੇਵੀਆਂ ਵਾਲੀ ਕਲਪਨਾ ਮੋਹਨ

ਪਹਿਲੀ ਬਰਸੀ 'ਤੇ ਵਿਸ਼ੇਸ਼                                     --ਰਣਜੀਤ ਸਿੰਘ ਪ੍ਰੀਤ
ਫ਼ਿਲਮ ਪ੍ਰੋਫ਼ੈਸਰ,ਨੌਟੀ ਬੁਆਇ ਅਤੇ ਸਹੇਲੀ ਨਾਲ ਬਣੀ ਦਰਸ਼ਕਾਂ ਦੀ ਚਹੇਤੀ                                                                                                 
                                                         Courtesy Photo
ਜੇ ਖ਼ੂਬਸੂਰਤੀ ਅਤੇ ਕਲਾ ਦੀ ਗੱਲ ਕਰੀਏ ,ਤਾਂ ਬਹੁਤ ਘੱਟ ਅਜਿਹੀਆਂ ਅਦਾਕਾਰਾ ਹਨ,ਜਿਨ੍ਹਾਂ ਦੇ ਨਾਅ ਇਸ ਗਿਣਤੀ ਵਿੱਚ ਆਉਂਦੇ ਹਨ। ਪਰ ਕਲਪਨਾ ਮੋਹਨ ਦਾ ਨਾਂਅ ਇਸ ਦਰਜਾਬੰਦੀ ਵਿੱਚ ਵਿਸ਼ੇਸ਼ ਮੁਕਾਮ ਰਖਦਾ ਹੈ। ਬਹੁਤ ਛੋਟੀ ਹੀ ਸੀ ਜਦ ਉਸ ਬਾਰੇ ਚਰਚਾ ਚੱਲਿਆ ਕਰਦੀ ਸੀ। ਪੂਰੀ ਜ਼ਿੰਦਗੀ ਤਲਵਾਰ ਦੀ ਧਾਰ 'ਤੇ ਤੁਰਦੀ ਕਲਪਨਾ ਦੀਆਂ ਅੱਖਾਂ ਦੀ ਬਨਾਵਟ ਪੰਜਾਬੀਆਂ ਦੇ ਮੁੱਛਾਂ ਵਾਲੇ ਗੰਡਾਸੇ ਵਰਗੀ ਸੀ। ਅੱਖਾਂ ਚਿਹਰੇ ਦੀ ਕਸ਼ਿਸ਼ ਨੂੰ ਨਿਖ਼ਾਰ ਕੇ ਸੋਨੇ 'ਤੇ ਸੁਹਾਗੇ ਦਾ ਕੰਮ ਕਰਿਆ ਕਰਦੀਆਂ ਸਨ।।ਦਰਸ਼ਕਾਂ ਦੇ ਮਨ ਵਿੱਚ ਇਹ ਸੁਆਲ ਵੀ ਉਸਲਵੱਟੇ ਲਿਆ ਕਰਦਾ ਸੀ ਕਿ ““ਕੀ ਕਲਪਨਾ ਦੀ ਮਾਂ ਉਸ ਨੂੰ ਨਿੱਕੀ ਹੁੰਦੀ ਨੂੰ ਕੱਚੇ ਦੁੱਧ ਨਾਲ ਨੁਹਾਉਂਦੀ ਰਹੀ ਹੈ ?”” ਇਸ ਮਿਕਨਾਤੀਸੀ ਕਸ਼ਿਸ਼ ਦੀ ਮਾਲਕ ਕਲਪਨਾ ਮੋਹਨ ਦਾ ਜਨਮ ਸ਼੍ਰੀਨਗਰ ਵਿੱਚ 18 ਜੁਲਾਈ 1946 ਨੂੰ ਪਿਤਾ ਅਵਾਨੀ ਮੋਹਨ ਦੇ ਘਰ ਹੋਇਆ। ਅਵਾਨੀ ਮੋਹਨ ਜੀ ਸੁਤੰਤਰਤਾ ਸੇਨਾਨੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਐਕਟਿਵ ਮੈਂਬਰ ਤੋਂ ਇਲਾਵਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਦੇ ਬਹੁਤ ਨੇੜਲੇ ਸਾਥੀ ਸਨ। ਕੱਥਕ ਦੀ ਮਾਹਿਰ ਕਲਪਨਾ ਨੂੰ ਅਕਸਰ ਹੀ ਮਹਿਮਾਨਾਂ ਦੇ ਮਨਪ੍ਰਚਾਵੇ ਲਈ ਰਾਸ਼ਟਰਪਤੀ ਭਵਨ ਵਿੱਚ ਬੁਲਾਇਆ ਜਾਂਦਾ ਸੀ। ਭੂਰੀਆਂ ਅਤੇ ਤਿੱਖੇ ਕੋਇਆਂ ਵਾਲੀਆਂ ਅੱਖਾਂ ਦੇ ਵਾਰ ਬਹੁਤ ਦਿਲ ਚੀਰਵੇਂ ਹੋਇਆ ਕਰਦੇ ਸਨ ।
                        ਇੱਕ ਵਾਰ ਇੱਥੇ ਹੀ ਹੋਰਨਾਂ ਪ੍ਰਮੁੱਖ ਹਸਤੀਆਂ ਦੇ ਨਾਲ ਬਲਰਾਜ ਸਾਹਨੀ ਅਤੇ ਉਰਦੂ ਲੇਖਕ ਇਸਮਤ ਚੁਗਤਾਈ ਵੀ ਇੱਥੇ ਸਨ। ਜਿਹਨਾਂ ਨੇ ਕਲਪਨਾ ਮੋਹਨ ਨੂੰ ਬਹੁਤ ਹੌਂਸਲਾ ਦਿੱਤਾ ਅਤੇ ਮੁੰਬਈ ਆਉਂਣ ਲਈ ਕਿਹਾ। ਉਹ ਉਹਨਾਂ ਦੇ ਹੌਂਸਲੇ ਨਾਲ ਹੀ ਮੁੰਬਈ ਜਾ ਪਹੁੰਚੀ। ਬਲਰਾਜ ਸਾਹਨੀ ਨੇ ਉਸ ਨੂੰ ਕਈ ਪ੍ਰੋਡਿਊਸਰਾਂ ਅਤੇ ਡਾਇਰੈਕਟਰਾਂ ਨਾਲ ਮਿਲਾਇਆ। ਸਾਰੇ ਉਸ ਦੀ ਪ੍ਰਭਾਵਸ਼ਾਲੀ ਦਿੱਖ ਤੋਂ ਬਹੁਤ ਪ੍ਰਭਾਵਿਤ ਹੋਏ। ਪਰ ਪਹਿਲੀ ਜ਼ਿਕਰਯੋਗ ਬ੍ਰੇਕ 1962 ਵਿੱਚ ਫ਼ਿਲਮ ““ਪ੍ਰੌਫ਼ੈਸਰ”” ਨਾਲ ਮਿਲੀ । ਭਾਂਵੇਂ ਕਿ ਪਹਿਲੀ ਫ਼ਿਲਮ ਨਾਟੀ ਬੁਆਏ ਸੀ। ਇਸ ਫ਼ਿਲਮ ਵਿੱਚ ਨਾਮਵਰ ਅਦਾਕਾਰ ਸ਼ਮੀ ਕਪੂਰ ਨਾਲ ਨਿਭਾਇਆ ਗੀਤ :”“ ਖੁਲੀ ਪਲਕ ਮੇਂ ਝੂਠਾ ਗੁੱਸਾ ”” ਅੱਜ ਵੀ ਫ਼ਿਲਮ ਜਗਤ ਵਿੱਚ ਮੀਲ ਪੱਥਰ ਹੈ। ਉਸ ਦੇ ਰੁਮਾਂਟਿਕ ਕਿੱਸੇ ਜਿੱਥੇ ਸ਼ਮੀ ਕਪੂਰ ਨਾਲ ਚਰਚਾ ਵਿੱਚ ਰਹੇ,ਉੱਥੇ ਦੇਵਾ ਅਨੰਦ ਨਾਲ ਵੀ ਨਾਅ ਬੋਲਦਾ ਰਿਹਾ। ਦੇਵਾ ਆਨੰਦ ਨਾਲ ਕੀਤੀ ਫ਼ਿਲਮ ਤੀਨ ਦੇਵੀਆਂ ਵਿੱਚ ਨੰਦਾ ਅਤੇ ਸਿੰਮੀ ਗਰੇਵਾਲ ਨਾਲ ਕਲਪਨਾ ਵੀ ਸ਼ਾਮਲ ਸੀ। ਫ਼ਿਲਮ ““ਪ੍ਰੋਫ਼ੈਸਰ (1962)””,”“ਨੌਟੀ ਬੁਆਇ (1962)””,”“ਸਹੇਲੀ (1965)””, ““ਤੀਨ ਦੇਵੀਆਂ (1965)””,”“ਤਸਵੀਰ (1966)””,”“ਨਵਾਬ ਸਿਰਾਜੁਦੌਲਾ (1967)”” ਨੇ ਵੀ ਉਸ ਨੂੰ ਦਰਸ਼ਕਾਂ ਦੀ ਚਹੇਤੀ ਬਣਾਈ ਰੱਖਿਆ। 
                        ਕਲਪਨਾ ਮੋਹਨ ਜਿਸ ਨੂੰ ਜ਼ਿਆਦਾਤਰ ਕਲਪਨਾ ਦੇ ਨਾਅ ਨਾਲ ਹੀ ਜਾਣਿਆਂ ਜਾਂਦਾ ਹੈ ,ਨੇ 1960 ਤੋਂ 1970 ਤੱਕ ਬਾਲੀਵੁੱਡ ਵਿੱਚ ਬਰਫ਼ ਨੂੰ ਅੱਗ ਲਾਈ ਰੱਖੀ। ਫਿਰ ਦਰਸ਼ਕਾਂ ਦੀਆਂ ਸੋਚਾਂ ਤੋਂ ਉਲਟ 1967 ਵਿੱਚ ਇੱਕ ਸੇਵਾ ਮੁਕਤ ਨੇਵੀ ਅਫ਼ਸਰ ਨਾਲ ਵਿਆਹ ਕਰਵਾ ਲਿਆ। ਫ਼ਿਲਮਾਂ ਤੋਂ ਕਿਨਾਰਾਕਸ਼ੀ ਕਰਦਿਆਂ ਕਲਿਆਣੀ ਨਗਰ ਵਿੱਚ ਜਾ ਨਿਵਾਸ ਕੀਤਾ।  ਇਸ ਸ਼ਾਦੀ ਤੋਂ ਆਪ ਦੇ ਘਰ ਇੱਕ ਬੇਟੀ ਪ੍ਰੀਤੀ ਮਨਸੁਖਾਨੀ ਨੇ ਜਨਮ ਲਿਆ।  ਪਰ 1972 ਵਿੱਚ ਵਿੱਚ ਇਹ ਵਿਆਹ ਤਲਾਕ ਵਿੱਚ ਬਦਲ ਗਿਆ। 
                      ਤਲਾਕ ਤੋਂ ਪਿੱਛੋਂ ਉਹ ਅਕਸਰ ਹੀ ਤਣਾਅ ਵਿੱਚ ਰਹਿਣ ਲੱਗੀ, ਉਸ ਨੇ ਫ਼ਿਲਮਾਂ ਨਾਲੋਂ ਵੀ ਨਾਤਾ ਤੋੜ ਲਿਆ। ਸਨ 1992 ਦੇ ਆਸ ਪਾਸ ਜਦ ਉਸਦੀ ਸਿਹਤ ਵਿਗੜਨ ਲੱਗੀ ,ਤਾਂ ਡਾਕਟਰਾਂ ਨੇ ਕਲਪਨਾ ਨੂੰ ਰਿਹਾਇਸ਼ ਬਦਲੀ ਕਰਨ ਲਈ ਕਿਹਾ,ਅਤੇ ਉਹ ਕਰੀਬ 20 ਵਰ੍ਹੇ ਪਹਿਲਾਂ ਪੂਨੇ ਆ ਵਸੀ। ਅਮਰੀਕਾ ਰਹਿੰਦੇ ਉਸ ਦੇ ਦਾਮਾਦ ਹਰੀਸ਼ ਅਤੇ ਪ੍ਰੀਤੀ ਦਾ ਕਹਿਣਾ ਸੀ “ਕਿ “ਜਦ ਉਸ ਨੇ ਪ੍ਰੀਤੀ ਨਾਲ ਮਿਲਣਾ-ਜੁਲਣਾ ਸ਼ੁਰੂ ਕੀਤਾ,ਤਾਂ ਉਹ ਸਿੱਧੇ ਉਹਨਾਂ ਦੇ ਘਰ ਆਈ,ਅਤੇ ਪੂਰੇ ਰੋਹਬ ਨਾਲ ਕਿਹਾ ,“”ਬੋਲ ਤੇਰੇ ਇਰਾਦੇ ਕੀ ਹਨ ,ਸ਼ਾਦੀ ਕਰਨੀ ਹੈ ਕਿਆ ?””ਏਵੇਂ ਹੀ ਪ੍ਰੀਤੀ ਦਾ ਆਪਣੀ ਮਾਂ ਬਾਰੇ ਕਹਿਣਾ ਸੀ ਕਿ ““ਉਸ ਦੀ ਮਾਂ ਬਹੁਤ ਬਹਾਦਰ  ਸੀ, ਉਸ ਨੇ ਉਸ ਨੂੰ ਚੰਗੀ ਤਾਲੀਮਯਾਫ਼ਤਾ ਬਣਾਇਆ ਅਤੇ ਹਮੇਸ਼ਾਂ ਉਸਦਾ ਖ਼ਿਆਲ ਰੱਖਿਆ।” ।“ 
                  ਕਲਪਨਾ ਦੀ ਬਹੁ- ਕੀਮਤੀ ਜਾਇਦਾਦ 'ਤੇ ਕਈ ਲੋਕਾਂ ਦੀ ਨਿਗਾਹ ਟਿਕੀ ਹੋਈ ਸੀ। ਗੱਲ 2007 ਦੀ ਹੈ, ਜਦ ਉਹ ਪੂਨੇ ਰਹਿ ਰਹੀ ਸੀ, ਤਾਂ ਕਥਿਤ ਜਾਹਲੀ ਦਸਤਖ਼ਤਾਂ ਨਾਲ  ਮੈਮੋਰੈਂਡਮ ਆਫ਼ ਅੰਡਰਸਟੈਡਿੰਗ (ਐਮ ਓ ਯੂ) ਤਹਿਤ ਤਿੰਨ ਆਦਮੀਆਂ ਨੇ ਉਸ ਦੀ 56;18 ਹੈਕਟੇਅਰ ਪਲਾਟ ਪ੍ਰਾਪਰਟੀ ,ਸਹਾਰਾ ਵਾਲਿਆਂ ਨੂੰ ਵੇਚ ਦਿੱਤੀ। ਜੋ ਪਿੰਡ ਮੌਜੇ ਵਿਸਾਗਰ ਵਿੱਚ ਸਥਿੱਤ ਸੀ। ਇਸ ਸਬੰਧੀ ਪਤਾ ਲੱਗਣ 'ਤੇ ਜਦ ਕਲਪਨਾ ਨੇ ਪੌਡ ਪੁਲਿਸ ਸਟੇਸ਼ਨ ਵਿਖੇ ਸ਼ਿਕਾਇਤ ਦਰਜ ਕਰਵਾਉਣੀ ਚਾਹੀ,ਤਾਂ ਅਫ਼ਸਰ ਨੇ ਕਿਹਾ ਕਿ “ “ਇਹ ਕੇਸ ਖ਼ੜਕ ਥਾਣੇ ਅਧੀਨ ਪੈਂਦਾ ਹੈ,ਉੱਥੇ ਰਿਪੋਰਟ ਲਿਖਵਾਓ,ਕਿਉਂਕਿ ਐਮ ਓ ਯੂ ਖ਼ੜਕਮਲ ਦੀ ਹਵੇਲੀ ਤਹਿਸੀਲ ਤੋਂ ਹੀ 22 ਅਕਤੂਬਰ 2007 ਨੂੰ ਤਸਦੀਕ ਹੋਇਆ ਹੈ।”। ਸਿਨੀਅਰ ਪੁਲੀਸ ਇੰਸਪੈਕਟਰ ਜੀ ਵੀ ਨਿਕੰਮ ਨੇ ਕਿਹਾ ਕਿ “ਇਸ ਕਥਿੱਤ ਧੋਖਾਧੜੀ ਵਿੱਚ ਰਾਜ ਕੁਮਾਰ ਜੇਤਿਆਂਨ ਨਿਵਾਸੀ ਬਾਲਵਾੜੀ,ਨੌਟਰੀ ਪਰਮੋਦ ਸ਼ਰਮਾਂ (ਕੋਥੁਰਡ), ਅਤੇ ਗਵਾਹ ਅਸ਼ੋਕ ਅਮਭੁਰੇ, ਸ਼ਾਮਲ ਹਨ। 
                    ਪਿਛਲੇ 5 ਸਾਲ ਤੋਂ,ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨਾਲ ਲੜਦੀ ਆ ਰਹੀ ਕਲਪਨਾ ਦਾ ਇਲਾਜ ਰੂਬੀ ਹਾਲ ਕਲੀਨਿਕ ਤੋਂ ਚੱਲ ਰਿਹਾ ਸੀ। ਇਨਫੈਕਸ਼ਨ ਅਤੇ ਨਿਮੋਨੀਆਂ  ਹੋਣ ਦੀ ਵਜ੍ਹਾ  ਕਰਕੇ 3 ਦਸੰਬਰ 2011 ਨੂੰ ਉਸ ਨੂੰ ਪੂਨਾ ਰਿਸਰਚ ਸੈਂਟਰ ਵਿਖੇ ਦਾਖ਼ਲ ਕਰਵਾਇਆ ਗਿਆ ।। ਠੀਕ ਹੋਣ ਉਪਰੰਤ 13 ਦਸੰਬਰ ਨੂੰ ਘਰ ਭੇਜ ਦਿੱਤਾ ਗਿਆ ।। ਪਰ ਉਸੇ ਦਿਨ 2 ਕੁ ਘੰਟਿਆਂ ਬਾਅਦ ਹੀ ਖੱਬੇ ਪਾਸੇ ਦਰਦ ਹੋਣ ਸਦਕਾ ਫਿਰ ਹਸਪਤਾਲ ਲਿਜਾਇਆ ਗਿਆ,ਅਤੇ ਆਈ ਸੀ ਯੂ ਵਿੱਚ ਭਰਤੀ ਕਰਦਿਆਂ ਵੈਂਟੀਲੇਟਰ 'ਦੀ ਮਦਦ ਸਹਾਰੇ ਰੱਖਿਆ ਗਿਆ। ਜਿਸ ਦੀ ਮਦਦ ਨਾਲ ਉਹ ਉਵੇਂ 20-22 ਦਿਨ ਪਈ ਰਹੀ। ਅਖ਼ੀਰ ਇਹ ਖ਼ੂਬਸੂਰਤੀ ਦਾ ਧਰੂ ਤਾਰਾ 65 ਵਰ੍ਹਿਆਂ ਦੀ ਉਮਰ ਵਿੱਚ 4 ਜਨਵਰੀ 2012 ਬੁੱਧਵਾਰ ਦੀ ਸਵੇਰੇ ਸਦਾ ਸਦਾ ਲਈ ਅਸਤ ਹੋ ਗਿਆ। ਜਿਸ ਦਾ ਅੰਤਮ ਸੰਸਕਾਰ ਵੈਕੁੰਠ ਵਿੱਚ ਹਰੀਸ਼,ਪ੍ਰੀਤੀ,ਰਿਸ਼ਤੇਦਾਰਾਂ ਅਤੇ ਨਜ਼ਦੀਕੀ ਮਿਤਰਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਉਸ ਦੀ ਅਦਾਕਾਰੀ,ਹੁਸਨ ,ਨਾਚ ਦੇ ਕਿੱਸੇ ਕੱਲ੍ਹ ਵੀ ਲੋਕਾਂ ਦੀ ਜ਼ੁਬਾਂਨ 'ਤੇ ਸਨ,ਅੱਜ ਵੀ ਹਨ,ਅਤੇ ਕੱਲ੍ਹ ਵੀ ਹੋਣਗੇ। 
ਸੰਪਰਕ:ਰਣਜੀਤ ਸਿੰਘ ਪ੍ਰੀਤ; 
ਭਗਤਾ-151206 (ਬਠਿੰਡਾ); ਬੇ-ਤਾਰ:-98157-07232                                                       ------------------------------

Thursday, January 03, 2013

ਰੌਚਕਤਾ ਦਾ ਪ੍ਰਤੀਕ ਕੈਲੰਡਰ..2013//ਰਣਜੀਤ ਸਿੰਘ ਪ੍ਰੀਤ

 ਜੇਬੀ ਕੈਲੰਡਰ ਦੇ ਨਾਲ ਨਾਲ ਦਿਮਾਗੀ ਕੈਲੰਡਰ 
Calendar image from www.yourfreecalendar.com 
ਨਵੇਂ ਵਰ੍ਹੇ 2013 ਦੀਆਂ ਮੁਬਾਰਕਾਂ ਦੇ ਨਾਲ ਹੀ ਹਰੇਕ ਸਾਲ ਦੀ ਜ਼ਰੂਰਤ ਵਾਂਗ ਇਸ ਸਾਲ ਦੇ ਕੈਲੰਡਰ ਦੀ ਲੋੜ ਵੀ ਪੈਣੀ ਹੈ। ਹਰ ਵਾਰ ਦੀ ਤਰ੍ਹਾਂ ਇਸ ਸਾਲ ਵਿੱਚ ਵੀ 12 ਮਹੀਨੇ 52 ਐਤਵਾਰ ਅਤੇ 365 ਦਿਨ ਹਨ। ਇਹ ਸਾਲ ਮੰਗਲਵਾਰ ਨੂੰ ਹੀ ਸ਼ੁਰੂ ਹੋਇਆ ਹੈ ਅਤੇ ਮੰਗਲਵਾਰ ਨੂੰ ਹੀ ਇਸ ਸਾਲ ਦਾ ਆਖ਼ਰੀ ਦਿਨ ਹੋਵੇਗਾ। ਚਾਰ ਮਹੀਨੇ ਮਾਰਚ,ਜੂਨ,ਸਤੰਬਰ ਅਤੇ ਦਸੰਬਰ ਅਜਿਹੇ ਹਨ,ਜਿਹਨਾਂ ਵਿੱਚ 5-5 ਐਤਵਾਰ ਸ਼ਾਮਲ ਹਨ। ਇਸ ਤੋਂ ਇਲਾਵਾ ਆਪਾਂ ਇਹ ਵੀ ਜਾਣਦੇ ਹਾਂ ਕਿ ਹਰ ਮਹੀਨੇ ਦੀਆਂ ਤਰੀਖਾਂ ਦੇ ਦਿਨ ਵੱਖੋ-ਵੱਖਰੇ ਹੁੰਦੇ ਹਨ, ਜਿਹਨਾਂ ਬਾਰੇ ਜਾਨਣ ਲਈ ਸਾਨੂੰ ਕੈਲੰਡਰ ਦੀ ਜ਼ਰੂਰਤ ਪੈਂਦੀ ਹੈ। ਪਰ ਅੱਜ ਇਥੇ ਜਿਸ ਕੈਲੰਡਰ ਦੀ ਗੱਲ ਕਰ ਰਹੇ ਹਾਂ, ਇਹ ਬਹੁਤ ਹੀ ਦਿਲਚਸਪ ਅਤੇ ਅਨੋਖਾ ਕੈਲੰਡਰ ਹੈ। ਇਸ ਦੀ ਵਰਤੋਂ ਕਰਨ ਦਾ ਵੀ ਆਪਣਾ ਹੀ ਇਕ ਤਰੀਕਾ ਹੈ। ਇਸ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਮਹੀਨਿਆਂ ਅਤੇ ਦਿਨਾਂ ਦੇ ਕੋਡਜ਼ ਦੀ ਗਿਣਤੀ ਯਾਦ ਰੱਖਣ ਦੀ ਲੋੜ ਪਵੇਗੀ। ਇਹਨਾਂ ਨੂੰ ਰਤਾ ਧਿਆਨ ਨਾਲ ਵੇਖਣ-ਪਰਖ਼ਣ  ਅਤੇ ਯਾਦ ਰੱਖਣ ਦੀ ਖ਼ਾਸ ਲੋੜ ਹੈ। ਅਸੀਂ ਜਿਉਂ ਹੀ ਇਹ ਯਾਦ ਕਰ ਲਏ, ਤਾਂ ਸਾਡਾ ਜੇਬੀ ਕੈਲੰਡਰ ਵੀ ਤਿਆਰ ਹੋ ਜਾਣਾ ਹੈ। ਜੇਬੀ ਕੈਲੰਡਰ ਇਸ ਲਈ ਕਿਹਾ ਹੈ ਕਿ ਇਹ ਕੋਡ ਜੇ ਲੋੜ ਲੱਗੇ ਤਾਂ ਲਿਖ ਕੇ ਵੀ ਜੇਬ ਵਿੱਚ ਰੱਖੇ ਜਾ ਸਕਦੇ ਹਨ।
                    ਇੱਕ ਮਿੰਟ ਲਈ ਇਹ ਗੱਲ ਸੋਚੋ ਕਿ ਜੇ ਆਪਾਂ ਬੱਸ ਵਿੱਚ ਸਫ਼ਰ ਕਰਦੇ ਹਾਂ ਜਾਂ ਕਿਸੇ ਮਹਿਫ਼ਲ ਵਿੱਚ ਬੈਠੇ ਹਾਂ ਤੇ ਇਹ ਪਤਾ ਕਰਨਾ ਹੈ ਕਿ ਐਤਵਾਰ ਕਿਹੜੇ ਕਿਹੜੇ ਦਿਨਾਂ ਨੂੰ ਆਉਣਗੇ, ਅਰਥਾਤ 15 ਅਗਸਤ ਦੀ ਛੁੱਟੀ ਵਾਲਾ ਦਿਨ ਕਿਹੜਾ ਹੋਵੇਗਾ ਜਾਂ 2 ਅਕਤੂਬਰ ਨੂੰ ਕਿਹੜਾ ਦਿਨ ਆਵੇਗਾ ? ਇਸ ਗੱਲ ਦੀ ਚਿੰਤਾ ਮੰਨਣ ਦੀ ਜ਼ਰੂਰਤ ਨਹੀਂ ਹੈ। ਬਗੈਰ ਕਿਸੇ ਡਾਇਰੀ ਦੇ ਪੰਨੇ ਫ਼ਰੋਲਿਆਂ ਅਤੇ ਬਗੈਰ ਕੋਈ ਕੈਲੰਡਰ ਖਿਆਂ,ਬਗੈਰ ਉਸ ਸਥਾਨ ਤੋਂ ਹਿਲਿਆਂ-ਜੁਲਿਆਂ ਅਸਾਨੀ ਨਾਲ ਤੁਸੀਂ ਸਾਰੇ ਇਸ ਦਾ ਵੇਰਵਾ ਉੱਥੇ ਬੈਠੇ–ਬਿਠਾਏ ਹੀ ਹਾਸਲ ਕਰ ਸਕਦੇ ਹੋ। ਜਿਸ ਨੂੰ ਜੇਬੀ ਕੈਲੰਡਰ ਦੇ ਨਾਲ ਨਾਲ ਦਿਮਾਗੀ ਕੈਲੰਡਰ ਦਾ ਨਾਂਅ ਵੀ ਦੇ ਸਕਦੇ ਹੋ। ਬੜਾ ਸੌਖਾ ਤਰੀਕਾ ਹੈ। ਯਾਦ ਰੱਖਣ ਵਾਲੇ ਕੋਡ ਜਾਂ ਅੰਕਾਂ ਦਾ ਵੇਰਵਾ ਇਸ ਤਰ੍ਹਾਂ ਹੈ :- 
ਮਹੀਨਿਆਂ ਦੇ ਕੋਡ :- 

ਜਨਵਰੀ-1, 
ਫਰਵਰੀ-4, 
ਮਾਰਚ-4, 
ਅਪ੍ਰੈਲ-0, 
ਮਈ-2, 
ਜੂਨ-5, 
ਜੁਲਾਈ-0, 
ਅਗਸਤ-3, 
ਸਤੰਬਰ-6, 
ਅਕਤੂਬਰ-1, 
ਨਵੰਬਰ-4, 
ਦਸੰਬਰ-6 
ਦਿਨਾਂ ਦੇ ਕੋਡ:- 
ਐਤਵਾਰ-0, 
ਸੋਮਵਾਰ-1, 
ਮੰਗਲਵਾਰ-2, 
ਬੁੱਧਵਾਰ-3, 
ਵੀਰਵਾਰ-4, 
ਸ਼ੁੱਕਰਵਾਰ-5, 
ਸਨਿਚਰਵਾਰ-6
              ਇਹ ਕੋਡ ਵੇਖ ਕੇ ਤੁਹਾਨੂੰ ਥੋੜੀ ਜਿਹੀ ਹੈਰਾਨੀ ਹੋਈ ਹੋਵੇਗੀ ਕਿ ਇਹ ਕੀ ਬੁਝਾਰਤ ਹੈ। ਪਰ ਰਤਾ ਗਹੁ ਨਾਲ ਸਾਰੀ ਗੱਲ ਨੂੰ ਸਮਝੋ :-
                      ਤੁਸੀਂ ਆਪਣੀ ਇੱਛਾ ਨਾਲ  ਜਿਹੜੇ  ਵੀ ਮਰਜ਼ੀ ਮਹੀਨੇ ਦੀ ਜਿਹੜੀ ਵੀ ਤਰੀਕ ਦਾ ਦਿਨ-ਪਤਾ ਕਰਨ ਦੀ ਖ਼ਵਾਇਸ਼ ਰੱਖਦੇ ਹੋ, ਉਸ ਤਰੀਕ ਵਿਚ ਉਸ ਮਹੀਨੇ ਦਾ ਕੋਡ ਜੋੜ ਦਿਓ। ਇਸ ਤਰ੍ਹਾਂ  ਕਰਨ ਨਾਲ ਜੋ ਅੰਕ (ਜੋੜ) ਪ੍ਰਾਪਤ ਹੋਵੇਗਾ, ਉਸ ਨੂੰ ਹੁਣ 7 ਨਾਲ ਭਾਗ ਕਰ ਦਿਓ। ਜੋ ਬਾਕੀ ਬਚੇਗਾ ਉਸ ਅਨੁਸਾਰ ਹੀ ਦਿਨ ਦਾ ਪਤਾ ਲੱਗ ਜਾਵੇਗਾ। ਮੰਨ ਲਵੋ ਇੱਕ ਬਾਕੀ ਬਚਦਾ ਹੈ,ਤਾਂ ਦਿਨ ਸੋਮਵਾਰ ਬਣੇਗਾ।। ਅਗਰ ਸਿਫ਼ਰ ਬਚੇ ਤਾਂ ਦਿਨ ਐਤਵਾਰ ਹੋਵੇਗਾ। ਹੁਣ ਕੁੱਝ ਹੋਰ ਉਦਾਹਰਣਾਂ ਰਾਹੀਂ ਆਪਾਂ ਪਰਖ਼ ਕਰਦੇ ਹਾਂ ; 15 ਅਗਸਤ ਨੂੰ ਦਿਨ ਪਤਾ ਕਰਨ ਲਈ 15+3=18/7 ਬਾਕੀ 4 ਬਚੇ ਤਾਂ ਦਿਨ ਵੀਰਵਾਰ ਰਿਹਾ। ਹੁਣ 20 ਨਵੰਬਰ ਦਾ ਵੇਰਵਾ ਵੇਖੋ 20+4=24/7 ਬਾਕੀ 3 ਬਚਣ ਨਾਲ ਦਿਨ ਬੁੱਧਵਾਰ ਬਣਿਆਂ। ਨਵਾਂ ਸਾਲ 2014 ਬੁੱਧਵਾਰ ਨੂੰ 
ਚੜ੍ਹੇਗਾ। ਇਹ ਪਤਾ ਕਰਨ ਲਈ 31 ਦਸੰਬਰ ਦਾ ਦਿਨ ਵੇਖੋ 31+6=37/7 ਬਾਕੀ ਦੋ ਬਚਿਆ, ਅਤੇ 31 ਦਸੰਬਰ ਨੂੰ ਦਿਨ ਮੰਗਲਵਾਰ ਆਇਆ। ਇਸ ਤਰ੍ਹਾਂ ਪਹਿਲੀ ਤਾਰੀਖ਼ ਬੁੱਧਵਾਰ ਨੂੰ ਆਵੇਗੀ।                                               
                                ਇਸ ਨੂੰ ਹੋਰ ਆਸਾਨੀ ਨਾਲ ਸਮਝਣ ਲਈ ਕੁੱਝ ਹੋਰ ਉਦਾਹਰਣਾਂ ਨੂੰ ਵੇਖੋ: ਮੰਨ ਲਵੋ ਆਪਾਂ 26 ਜਨਵਰੀ ਦਾ ਦਿਨ ਪਤਾ ਕਰਨਾਂ ਹੈ ,ਤਾਂ ਮਹੀਨੇ ਦੀ ਤਾਰੀਖ਼ 26 ਵਿੱਚ ,ਜਨਵਰੀ ਮਹੀਨੇ ਦਾ ਕੋਡ ਇੱਕ ਜੋ ਤੁਸੀਂ ਯਾਦ ਕਰ ਰੱਖਿਆ ਹੈ , ਜੋੜ ਦਿਓ । ਦੋਹਾਂ ਦਾ ਜੋੜ 26+1= 27 ਬਣਦਾ ਹੈ,ਹੁਣ ਇਸ ਨੂੰ 7 ਨਾਲ ਭਾਗ ਕਰ ਦਿਓ 27/ 7 = ਜਵਾਬ 3 ਆਇਆ ਹੈ,ਪਰ ਅਸੀਂ ਬਗੈਰ ਉੱਤਰ ਦਾ ਧਿਆਨ ਕਰਿਆਂ, ਬਾਕੀ ਵੇਖਣਾ ਹੈ ਕਿ ਕੀ ਬਚਦਾ ਹੈ। ਇਸ ਭਾਗ ਨਾਲ ਬਾਕੀ 6 ਬਚਦੇ ਹਨ,ਇਸ ਤਰ੍ਹਾਂ 26 ਜਨਵਰੀ ਨੂੰ ਦਿਨ ਸਨਿਚਰਵਾਰ  ਆਵੇਗਾ। ਇਸ ਤੋਂ ਇਲਾਵਾ ਇੱਕ ਹੋਰ ਉਦਾਹਰਣ ਦਾ ਜ਼ਿਕਰ ਕਰਨਾਂ ਵੀ ਜ਼ਰੂਰੀ ਜਾਪਦਾ ਹੈ, ਮੰਨ ਲਵੋ ਕਿ ਜੋੜ ਕਰਨ 'ਤੇ ਜੋੜ 7 ਤੋਂ ਘੱਟ ਰਹਿੰਦਾ ਹੈ ਅਤੇ ਭਾਗ ਨਹੀਂ ਕੀਤਾ ਜਾ ਸਕਦਾ ਤਾਂ ਉਸ ਜੋੜ ਮੁਤਾਬਕ ਹੀ ਦਿਨ ਆਵੇਗਾ। ਇੱਕ ਉਦਾਹਰਣ ਵੇਖੋ ਜਨਵਰੀ ਮਹੀਨੇ ਦਾ ਕੋਡ ਇੱਕ ਹੈ ਅਤੇ ਅਸੀਂ 3 ਜਨਵਰੀ ਦਾ ਦਿਨ ਹੀ ਜਾਨਣਾ ਚਾਹੁੰਦੇ ਹਾਂ ਪਰ ਜੋੜ 3+1=4 ਹੀ ਬਣਦਾ ਹੈ, ਇਹ 7 ਨਾਲ ਭਾਗ ਨਹੀਂ ਕੀਤਾ ਜਾ ਸਕਦਾ। ਤਾਂ ਇਸ ਮੁਤਾਬਕ ਹੀ ਦਿਨ ਵੀਰਵਾਰ ਆਵੇਗਾ। ਏਸੇ ਹੀ ਤਰੀਕੇ ਨਾਲ ਇਸ ਹੈਰਤ-ਅੰਗੇਜ਼ ਕੈਲੰਡਰ ਰਾਹੀਂ ਬਾਕੀ ਦਿਨਾਂ ਦਾ ਵੀ ਏਵੇਂ ਹੀ ਪਤਾ ਲਾਇਆ ਜਾ ਸਕਦਾ ਹੈ। ਅਣਜਾਣ ਵਿਅਕਤੀ ਨਾਲ ਦਿਨ ਦੱਸਣ ਦੀ ਖੇਡ ਵੀ ਰੌਚਕਤਾ ਨਾਲ ਖੇਡੀ ਜਾ ਸਕਦੀ ਹੈ। ਉਹ ਹੈਰਾਨ ਹੋਵੇਗਾ ਕਿ ਇਸ ਨੇ ਏਨੀ ਜਲਦੀ ਦਿਨ ਕਿਵੇਂ ਬੁੱਝ ਲਿਆ ? ਬੱਚਿਆਂ ਲਈ ਇਹ ਇੱਕ ਬਹੁਤ ਹੀ ਦਿਲਚਸਪ ਖੇਡ ਹੈ,ਅਤੇ ਉਹ ਇਸ ਨੂੰ ਬਹੁਤ ਹੀ ਚਾਅ ਨਾਲ ਖੇਡਣਾ ਵੀ ਪਸੰਦ ਕਰਨਗੇ।                                        
ਸੰਪਰਕ:ਰਣਜੀਤ ਸਿੰਘ ਪ੍ਰੀਤ; ਭਗਤਾ (ਬਠਿੰਡਾ)-151206;(ਬੇ-ਤਾਰ;-98157-07232)
                                                                            -------------------------                                             

Thursday, December 20, 2012

ਭਾਰਤ-ਪਾਕਿਸਤਾਨ ਕ੍ਰਿਕਟ ਸਬੰਧਾਂ ਦੀ ਰੌਚਕ ਗਾਥਾ

                   ਭਾਰਤ -ਪਾਕਿਸਤਾਨ ਕ੍ਰਿਕਟ ਸੀਰੀਜ਼ ਹੋਣਾ ਇੱਕ ਸੁਭਾਗਾ ਮੌਕਾ ਹੈ। ਭਾਰਤ ਵਿੱਚ ਦੋਨੋਂ ਮੁਲਕਾਂ ਦੇ ਜਿੱਥੇ ਦਿੱਲੀ ਵਿਖੇ ਖੇਡੇ ਗਏ ਪਹਿਲੇ ਟੈਸਟ ਮੈਚ ਸਮੇ ਭਾਰਤ ਦੀ 70 ਦੌੜਾਂ ਨਾਲ 16 ਅਕਤੂਬਰ 1952 ਤੋਂ ਸਬੰਧ ਬਣੇ ਸਨ,ਉਥੇ ਦੋਹਾਂ ਮੁਲਕਾਂ ਨੇ ਆਖ਼ਰੀ ਟੈਸਟ ਮੈਚ 8 ਤੋਂ 12 ਦਸੰਬਰ 2007 ਤੱਕ ਬੰਗਲੌਰ ਵਿੱਚ ਬਰਾਬਰੀ 'ਤੇ ਖੇਡਿਆ ਸੀ। ਹੁਣ 25 ਦਸੰਬਰ ਕ੍ਰਿਸਮਿਸ ਦੇ ਦਿਨ ਤੋਂ ਦੋਨੋ ਮੁਲਕ ਫਿਰ ਇੱਕ ਦੂਜੇ ਨਾਲ ਪਿਆਰ ਸਾਂਝ ਤਹਿਤ ਕ੍ਰਿਕਟ ਮੈਚਾਂ ਦੀ ਸੀਰੀਜ਼ ਖੇਡਣ ਲਈ ਮੈਦਾਨ ਵਿੱਚ ਨਿੱਤਰ ਰਹੇ ਹਨ। ਇਸ ਪ੍ਰੋਗਰਾਮ ਤਹਿਤ 2 ਮੈਚ ਟੀ-20 ਅਤੇ 3 ਇੱਕ ਰੋਜ਼ਾ ਮੈਚ ਸ਼ਾਮਲ ਹਨ। ਦੋਹਾਂ ਮੁਲਕਾਂ ਨੇ ਹੁਣ ਤੱਕ 121 ਇੱਕ ਰੋਜ਼ਾ ਮੈਚ ਖੇਡੇ ਹਨ। ਜਿੰਨ•ਾ ਵਿੱਚੋਂ ਭਾਰਤ ਨੇ 48 ਅਤੇ ਪਾਕਿਸਤਾਨ ਨੇ 69 ਜਿੱਤੇ ਹਨ। ਜਦੋਂ ਕਿ 4 ਮੈਚ ਬੇ-ਨਤੀਜਾ ਰਹੇ ਹਨ। ਦੋਹਾਂ ਦਰਮਿਆਂਨ ਪਹਿਲਾ ਇੱਕ ਰੋਜ਼ਾ ਮੈਚ ਅਯੂਬ ਨੈਸ਼ਨਲ ਸਟੇਡੀਅਮ ਕੋਇਟਾ ਵਿਖੇ ਪਹਿਲੀ ਅਕਤੂਬਰ 1978 ਨੂੰ ਭਾਰਤ ਨੇ 4 ਦੌੜਾਂ ਨਾਲ ਜਿੱਤਿਆ ਸੀ। ਦੋਹਾਂ ਮੁਲਕਾਂ ਦੀਆਂ ਟੀਮਾਂ ਨੇ ਆਖ਼ਰੀ ਇੱਕ ਦਿਨਾਂ ਮੈਚ ਏਸ਼ੀਆ ਕੱਪ ਦੌਰਾਂਨ ਸ਼ੇਰ ਇ ਬੰਗਲਾ ਨੈਸ਼ਨਲ ਸਟੇਡੀਅਮ ਮੀਰਪੁਰ ਵਿਖੇ 18 ਮਾਰਚ 2012 ਦੇ ਐਤਵਾਰ ਨੂੰ ਖੇਡਿਆ ਅਤੇ ਇਹ ਵੀ ਭਾਰਤ ਨੇ 6 ਵਿਕਟਾਂ ਨਾਲ ਜਿੱਤਿਆ। ਪਾਕਿਸਤਾਨ ਵਿੱਚ ਖੇਡੇ ਗਏ 27 ਮੈਚਾਂ ਵਿੱਚੋਂ ਭਾਰਤ ਨੇ 10 ਅਤੇ ਪਾਕਿਸਤਾਨ ਨੇ 17 ਮੈਚ ਜਿੱਤੇ ਹਨ। ਏਨੇ ਹੀ ਮੈਚ ਭਾਰਤ ਵਿੱਚ ਹੋਏ ਹਨ,ਜਿੰਨ•ਾਂ ਵਿੱਚੋਂ ਪਾਕਿਸਤਾਨ ਨੇ 14,ਭਾਰਤ ਨੇ 11 ਵਿੱਚ ਜਿੱਤ ਹਾਸਲ ਕੀਤੀ ਹੈ ਅਤੇ 2 ਮੈਚ ਬੇ-ਨਤੀਜਾ ਰਹੇ ਹਨ । ਦੋਹਾਂ ਮੁਲਕਾਂ ਨੇ 67 ਮੈਚ ਹੋਰ ਕਿਸੇ ਸਥਾਨ ਉੱਤੇ ਖੇਡੇ ਹਨ,ਇਹਨਾਂ ਵਿੱਚੋਂ  ਪਾਕਿਸਤਾਨ ਨੇ 38, ਭਾਰਤ ਨੇ 27 ਜਿੱਤੇ ਹਨ। ਜਦੋਂ ਕਿ 2 ਮੈਚ ਬੇ- ਸਿੱਟਾ ਰਹੇ ਹਨ। ਵਸੀਮ ਅਕਰਮ ਵੱਲੋਂ 48 ਮੈਚਾਂ ਵਿੱਚ 60 ਵਿਕਟਾਂ ਲੈਣ ਦਾ,ਸਾਈਦ ਅਨਵਰ ਵੱਲੋਂ ਚਿਤੰਬਰਮ ਸਟੇਡੀਅਮ ਵਿੱਚ 21 ਮਈ 1997 ਨੂੰ ਨਿੱਜੀ ਉੱਚ ਸਕੋਰ 194 ਦੌੜਾਂ ਦਾ ਅਤੇ ਸਚਿਨ ਤੇਂਦੂਲਕਰ ਵੱਲੋਂ 66 ਪਾਰੀਆਂ ਵਿੱਚ 2474 ਰਨ ਬਣਾ ਕੇ ਰਿਕਾਰਡ ਬਣਾਇਆ ਹੋਇਆ ਹੈ।
                   ਦੋਨੋਂ ਮੁਲਕ ਟੀ-20 ਵਰਗ ਵਿੱਚ ਇੱਕ-ਦੂਜੇ ਨਾਲ 3 ਵਾਰੀ ਖੇਡੇ ਹਨ। ਇਹਨਾਂ ਵਿੱਚੋਂ 2 ਮੈਚ ਭਾਰਤ ਨੇ ਜਿੱਤੇ ਹਨ ,ਜਦੋਂ ਕਿ ਇੱਕ ਮੈਚ ਟਾਈਡ ਰਿਹਾ ਹੈ। ਵਿਸ਼ਵ ਕੱਪ ਦੌਰਾਂਨ ਦੋਨੋਂ ਮੁਲਕ ਕਿੰਗਜ਼ਮੀਡ,ਡਰਬਨ (ਦੱਖਣੀ ਅਫਰੀਕਾ) ਵਿਖੇ ਕੱਪ ਦੇ 10 ਵੇਂ ਮੈਚ ਵਜੋਂ ਗਰੁੱਪ ਡੀ ਵੱਲੋਂ 14 ਸਤੰਬਰ 2007 ਨੂੰ ਖੇਡੇ। ਦੋਹਾਂ ਦੀ ਪਹਿਲੀ ਹੀ ਭਿੜਤ ਰਿਕਾਰਡ ਬਣ ਗਈ। ਵਿਸ਼ਵ ਕੱਪ ਵਿੱਚ ਅੱਜ ਤੱਕ ਦਾ ਇਹੀ ਅਜਿਹਾ ਇੱਕੋ ਇੱਕ ਹੈਰਤ ਅੰਗੇਜ਼  ਰਿਕਾਰਡ ਬਣਿਆਂ ਕਿ ਜਦ ਮੈਚ ਟਾਈਡ ਹੋ ਗਿਆ,ਤਾਂ ਕ੍ਰਿਕਟ ਇਤਿਹਾਸ ਵਿੱਚ ਪਹਿਲਾ ਫੈਸਲਾ 3-0 ਨਾਲ ਬਾਲ ਆਊਟ ਜ਼ਰੀਏ ਭਾਰਤ ਦੇ ਹਿੱਸੇ ਰਿਹਾ। ਦੋਹਾਂ ਦਾ ਆਖ਼ਰੀ ਟੀ-20 ਸੁਪਰ ਅੱਠ ਦੇ ਗਰੁੱਪ ਦੋ ਵਿੱਚ ਆਰ ਪਰੇਮਦਾਸਾ ਸਟੇਡੀਅਮ ਕੋਲੰਬੋ ਵਿਖੇ 30 ਸਤੰਬਰ 2012 ਨੂੰ ਹੋਇਆ ਅਤੇ ਇਹ ਭਾਰਤ ਨੇ 8 ਵਿਕਟਾਂ ਦੇ ਫ਼ਰਕ ਨਾਲ ਜਿੱਤਿਆ।
                ਦੋਨੋ ਮੁਲਕਾਂ ਦੇ ਤਿੰਨ ਕ੍ਰਿਕਟਰ ਹੀ ਅਜਿਹੇ ਹਨ ਜੋ ਦੋਹਾਂ ਦੇਸ਼ਾਂ ਵੱਲੋਂ ਖੇਡੇ ਹਨ। ਅਮਿਰ ਇਲਾਹੀ ਨੇ ਭਾਰਤ ਵੱਲੋਂ ਸਿਡਨੀ ਵਿੱਚ 1947 ਨੂੰ ਇੱਕ ਟੈਸਟ ਮੈਚ ਖੇਡਿਆ। ਇਹੀ ਖਿਡਾਰੀ ਇਸ ਮਗਰੋਂ 1952-53 ਵਿੱਚ ਪਾਕਿਸਤਾਨੀ ਟੀਮ ਦਾ ਵੀ ਮੈਂਬਰ ਬਣਿਆਂ। ਗੁਲ ਮੁਹੰਮਦ ਭਾਰਤ ਦੀ ਟੀਮ ਵਿੱਚ 1946 - 1955 ਨੂੰ ਖੇਡਿਆ। ਜਦ ਭਾਰਤੀ ਟੀਮ ਨੇ 1951-52 ਵਿੱਚ ਪਾਕਿਸਤਾਨ ਦਾ ਪਹਿਲਾ ਟੂਰ ਲਾਇਆ,ਤਾਂ ਗੁਲ ਮੁਹੰਮਦ ਭਾਰਤੀ ਟੀਮ ਦਾ ਮੈਂਬਰ ਸੀ। ਫਿਰ ਇਸ ਨੇ ਇੱਕ ਟੈਸਟ ਮੈਚ ਵਿੱਚ 1956 ਨੂੰ  ਆਸਟਰੇਲੀਆ ਵਿਰੁੱਧ ਕਰਾਚੀ ਵਿਖੇ ਪਾਕਿਸਤਾਨ ਵੱਲੋਂ ਖੇਡਦਿਆਂ ਜ਼ੌਹਰ ਦਿਖਾਏ ।। ਅਬਦੁਲ ਹਫ਼ੀਜ਼ ਕਾਰਦਾਰ ਨੇ ਭਾਰਤ ਵੱਲੋਂ 1946 - 1948 ਅਤੇ ਪਾਕਿਸਤਾਨ ਵੱਲੋਂ 1948 - 1958 ਨੂੰ ਖੇਡਣ ਦਾ ਮਾਣ ਹਾਸਲ ਕਰਿਆ।
ਮੌਜੂਦਾ ਟੂਰ ਦਾ ਪੂਰਾ ਵੇਰਵਾ ਇਸ ਤਰ•ਾਂ ਹੈ ;-
25 ਦਸੰਬਰ;ਪਹਿਲਾ ਟੀ-20,ਸਮਾਂ 19.00 ਵਜੇ ,ਐਮ ਚਿੰਨਾਸਵਾਮੀ ਸਟੇਡੀਅਮ ਬੰਗਲੂਰੂ।।
28 ਦਸੰਬਰ ; ਦੂਜਾ ਟੀ-20 ਸਮਾਂ 19.00 ਵਜੇ, ਸਰਦਾਰ ਪਟੇਲ ਸਟੇਡੀਅਮ ਮੋਟੇਰਾ,ਅਹਿਮਦਾਬਾਦ। 
30 ਦਸੰਬਰ ; ਪਹਿਲਾ ਵੰਨ ਡੇਅ ,ਸਮਾਂ 14.30 ਵਜੇ,ਐਮ ਏ ਚਿਤੰਬਰਮ ਸਟੇਡੀਅਮ ਚਿਪੁਕ ਚੇਨੱਈ।
3 ਜਨਵਰੀ 2013, ਦੂਜਾ ਵੰਨ ਡੇਅ ,ਸਮਾਂ;14.30 ਵਜੇ,ਈਡਨ ਗਾਰਡਨ ਕੋਲਕਾਤਾ।।
6 ਜਨਵਰੀ ; ਤੀਜਾ ਵੰਨ ਡੇਅ ,ਸਮਾਂ 14.30 ਵਜੇ, ਫ਼ਿਰੋਜ਼ਸ਼ਾਹ ਕੋਟਲਾ ਦਿੱਲੀ। 
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;98157-07232