Showing posts with label ਖੇਡਾਂ. Show all posts
Showing posts with label ਖੇਡਾਂ. Show all posts

Sunday, January 19, 2014

ਜਰਖੜ ਅਕੈਡਮੀ ਨੇ SGPC ਨੂੰ 4-1 ਨਾਲ ਹਰਾ ਕੇ ਜਗਤਾਰ ਹਾਕੀ ਕੱਪ ਜਿੱਤਿਆ

Sun, Jan 19, 2014 at 8:17 PM
ਮਿਲਖਾ ਸਿੰਘ ਨੇ ਕੀਤਾ ਆਪਣੇ ਆਦਮ ਕੱਦ ਬੁੱਤ ਦਾ ਉਦਘਾਟਨ
ਲੁਧਿਆਣਾ: 19 ਜਨਵਰੀ 2014: (ਸਤਪਾਲ ਸੋਨੀ//ਪੰਜਾਬ ਸਕਰੀਨ):
ਅੱਜ ਕੋਕਾ ਕੋਲਾ ਜਰਖੜ ਫੈਸਟੀਵਲ ਨੇ ਪੇਂਡੂ ਖੇਡਾਂ ਦੀ ਦੁਨੀਆਂ 'ਚ ਇਤਿਹਾਸ ਰੱਚ ਦਿੱਤਾ, ਜਦੋਂ ਪਾਕਿਸਤਾਨ ਪੰਜਾਬ ਅਤੇ ਅਫਗਾਨਿਸਤਾਨ ਦੀਆਂ ਹਾਕੀ ਟੀਮਾਂ ਨੇ ਪੇਂਡੂ ਖੇਡਾਂ 'ਚ ਆਪਣੇ ਖੇਡ ਹੁਨਰ ਦੀ ਕਲਾਕਾਰੀ ਨਾਲ ਹਜ਼ਾਰਾਂ ਦਰਸ਼ਕਾਂ ਦਾ ਮਨ ਮੋਹਿਆ। ਜਰਖੜ ਖੇਡ ਮੁਕਾਬਲੇ ਇੱਕ ਪੇਂਡੂ ਖੇਡ ਮੁਕਾਬਲੇ ਹੀ ਨਹੀਂ ਸਗੋਂ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਦੀਆਂ ਖੇਡਾਂ ਹੋ ਨਿਬੜੀਆਂ, ਜਦਕਿ ਪਦਮ ਸ਼੍ਰੀ ਉਡਣਾ ਸਿੱਖ ਮਿਲਖਾ ਸਿੰਘ ਦੀ ਆਮਦ ਨੇ ਖੇਡਾਂ ਦੀ ਸ਼ਾਨ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ। ਜਿਉਂ ਹੀ ਮਿਲਖਾ ਸਿੰਘ ਸਟੇਡੀਅਮ ਵਿੱਚ ਐਂਟਰ ਹੋਏ ਹਜ਼ਾਰਾਂ ਦਰਸ਼ਕਾਂ ਦਾ ਹਜੂਮ ਤਾੜੀਆਂ ਨਾਲ ਮਿਲਖਾ ਸਿੰਘ ਦੇ ਸਵਾਗਤ 'ਚ ਗੂੰਜ ਉਠਿੱਆ। ਇਸ ਮੌਕੇ ਸ੍ਰ: ਮਿਲਖਾ ਸਿੰਘ ਨੇ ਆਖਿਆ ਕਿ ਮੈਨੂੰ ਇਹ ਦੁੱਖ ਹੈ ਕਿ 55 ਸਾਲ 'ਚ ਇਹ ਮੁਲਕ ਇੱਕ ਹੋਰ ਮਿਲਖਾ ਸਿੰਘ ਪੈਦਾ ਨਹੀਂ ਕਰ ਸਕਿਆ ਪਰ ਜੋ ਪਿਰਤ ਜਰਖੜ ਸਟੇਡੀਅਮ 'ਚ ਬੁੱਤ ਲਾਉਣ ਦੀ ਪਈ ਹੈ ਉਹ ਯਕੀਨਨ ਭਵਿੱਖ 'ਚ ਮਿਲਖਾ ਸਿੰਘ ਅਤੇ ਧਿਆਨ ਚੰਦ ਵਰਗੇ ਖਿਡਾਰੀ ਪੈਦਾ ਕਰੇਗੀ। ਇਸ ਤੋਂ ਇਲਾਵਾ ਓਲੰਪੀਅਨ ਮਨਦੀਪ ਕੌਰ, ਫਿਲਮ ਕਲਾਕਾਰ ਕਰਤਾਰ ਚੀਮਾ ਅਤੇ ਖੇਡ ਪ੍ਰਮੋਟਰ ਕੁੱਕੂ ਵਾਲੀਆ ਦਿੱਲੀ ਦਾ ਵੀ ਵੱਖ-ਵੱਖ ਐਵਾਰਡਾਂ ਨਾਲ ਖੁੱਲੀਆਂ ਜਿਪਸੀਆਂ 'ਚ ਹੋਇਆ ਸਨਮਾਨ ਦਰਸ਼ਕਾਂ ਦੇ ਦਿਲਾਂ 'ਤੇ ਅਮਿੱਟ ਯਾਦ ਛੱਡ ਗਿਆ। ਇਸ ਮੌਕੇ ਮਿਲਖਾ ਸਿੰਘ ਨੇ ਆਪਣੇ ਆਦਮ ਕੱਦ ਬੁੱਤ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਨੂੰ ਜਰਖੜ ਸਪੋਰਟਸ ਕਲੱਬ ਨੇ ਬੜਾ ਮਾਣ ਦਿੱਤਾ ਹੈ। ਉਨ੍ਹਾਂ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਮੇਰਾ ਇੱਥੇ ਆਉਣਾ ਤਾਂ ਹੀ ਸਫਲ ਹੋਵੇਗਾ ਜੇਕਰ ਜਰਖੜ ਸਟੇਡੀਅਮ ਵਿੱਚੋਂ ਕੋਈ ਮਿਲਖਾ ਸਿੰਘ ਪੈਦਾ ਹੋਵੇ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜਰਖੜ ਸਟੇਡੀਅਮ 'ਚ ਐਥਲੈਟਿਕਸ ਦਾ ਟ੍ਰੈਕ ਬਣਾਇਆ ਜਾਵੇ ਤਾਂ ਕਿ ਵਧੀਆ ਐਥਲੀਟ ਪੈਦਾ ਹੋ ਸਕਣ।
ਅੱਜ ਐਥਲੈਟਿਕ ਕਬੱਡੀ ਅਤੇ ਪਾਕਿਸਤਾਨ ਦਾ ਪ੍ਰਦਰਸ਼ਨੀ ਮੈਚ ਦਰਸ਼ਕਾਂ ਦਾ ਮੁੱਖ ਖਿੱਚ ਦਾ ਕੇਂਦਰ ਰਿਹਾ। ਅੱਜ ਵੱਖ-ਵੱਖ ਫਾਈਨਲ ਮੁਕਾਬਲਿਆਂ 'ਚ ਹਾਕੀ ਲੜਕੀਆਂ ਦੇ ਵਰਗ 'ਚ ਚੜ੍ਹਦੇ ਪੰਜਾਬ ਭਾਰਤ ਨੇ ਲਹਿੰਦੇ ਪੰਜਾਬ ਪਾਕਿਸਤਾਨ ਨੂੰ 1-0 ਨਾਲ ਹਰਾਇਆ। ਜਦਕਿ ਪ੍ਰਬਲ ਟੀ.ਐਮ.ਟੀ. ਸਰੀਆ ਮਾਤਾ ਸਾਹਿਬ ਕੌਰ ਗੋਲਡ ਕੱਪ ਹਾਕੀ ਦੇ ਫਾਈਨਲ 'ਚ ਪੰਜਾਬ ਪਾਵਰ ਕਾਰਪੋਰੇਸ਼ਨ ਪਟਿਆਲਾ ਨੇ ਬੀ.ਐਸ.ਐਫ.ਜਲੰਧਰ ਨੂੰ 4-0 ਨਾਲ ਹਰਾਇਆ। ਹਾਕੀ ਲੜਕੀਆਂ 'ਚ ਸ਼ਾਹਬਾਦ ਮਾਰਕੰਡਾ ਨੇ ਕੁਰਕੂਸ਼ੇਤਰ ਨੂੰ 3-1 ਨਾਲ ਹਰਾ ਕੇ ਸੁਰਿੰਦਰ ਸਿੰਘ ਕਾਹਲੋਂ ਹਾਕੀ ਕੱਪ ਜਿਤਿੱਆਿ। ਹਾਕੀ ਅੰਡਰ 17 ਵਿੱਚ ਜਰਖੜ ਅਕੈਡਮੀ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ 4-1 ਨਾਲ ਹਰਾ ਕੇ ਜਗਤਾਰ ਹਾਕੀ ਕੱਪ ਜਿੱਤਿਆ। ਕਬੱਡੀ ਇੱਕ ਪਿੰਡ ਓਪਨ ਵਿੱਚ ਯੋਧਾਂ ਨੇ ਰਸੂਲਪੁਰ ਨੂੰ ਹਰਾ ਕੇ ਪਿਆਰਾ ਸਿੰਘ ਕਬੱਡੀ ਕੱਪ ਜਿੱਤਿਆ। ਹੈਂਡਬਾਲ 'ਚ ਰੋਪੜ ਨੇ ਲੁਧਿਆਣਾ ਹਰਾਇਆ। ਬਾਸਕਟਬਾਲ 'ਚ ਲੁਧਿਆਣਾ ਅਕੈਡਮੀ ਨੇ ਪਟਿਆਲਾ ਨੂੰ ਹਰਾਇਆ। ਜਦਕਿ ਬਾਸਕਟਬਾਲ ਲੜਕੀਆਂ 'ਚ ਲੁਧਿਆਣਾ ਨੇ ਜਲੰਧਰ ਨੂੰ ਹਰਾਇਆ। ਕੁਸ਼ਤੀਆਂ 'ਚ ਜਸਦੀਪ ਸਿੰਘ ਮੰਡੋਰ ਨੇ ਗੁਰਪ੍ਰੀਤ ਪਟਿਆਲਾ ਨੂੰ ਝੰਡੀ ਦੀ ਕੁਸ਼ਤੀ ਜਿੱਤੀ, ਜਦਕਿ ਬਾਲ ਕੇਸਰੀ ਨਰਿੰਦਰ ਸਿੰਘ ਨਾਭਾ ਪਹਿਲੇ ਨੰਬਰ ਤੇ ਅਮਨਦੀਪ ਸਿੰਘ ਪਟਿਆਲਾ ਦੂਜੇ ਨੰਬਰ ਤੇ ਰਿਹਾ। ਇਸ ਮੌਕੇ ਸ਼ਰਨਜੀਤ ਸਿੰਘ ਢਿੱਲੋਂ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੀ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ। ਉਨ੍ਹਾਂ ਨੇ ਜਰਖੜ ਖੇਡਾਂ ਦੇ ਪ੍ਰਬੰਧਾਂ ਲਈ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਬਰਕੰਦੀ, ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਚੀਫ ਇੰਜੀਨੀਅਰ ਰਛਪਾਲ ਸਿੰਘ, ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਐਡਵੋਕੇਟ ਹਰਕਮਲ ਸਿੰਘ, ਪਾਕਿਸਤਾਨ ਹਾਕੀ ਦੇ ਓਲੰਪੀਅਨ ਗੁਲਰੇਜ ਅਖਤਰ, ਸ਼੍ਰੀਮਤੀ ਰਾਹਤ ਖਾਨ ਸਕੱਤਰ ਪੰਜਾਬ ਹਾਕੀ ਪਾਕਿਸਤਾਨ, ਅਬਦੁੱਲਾਨੂਰਸਤਾਨੀ ਵਾਈਸ ਪ੍ਰਧਾਨ ਅਫਗਾਨਿਸਤਾਨ ਹਾਕੀ, ਅਸ਼ਫਾਖ ਖਾਨ ਚੀਫ ਕੋਚ ਅਫਗਾਨਿਸਤਾਨ ਹਾਕੀ, ਭਾਰਤੀ ਕੁਸ਼ਤੀ ਟੀਮ ਦੇ ਚੀਫ ਕੋਚ ਪੀ. ਆਰ ਸੋਂਧੀ, ਬਰਜਿੰਦਰ ਸਿੰਘ ਲਤਾਲਾ, ਮਨਜੀਤ ਸਿੰਘ ਚਾਹਲ, ਜੋਗਿੰਦਰ ਸਿੰਘ ਗਰੇਵਾਲ ਕਨਗੋ, ਰਣਜੀਤ ਸਿੰਘ ਦੁਲੇਅ, ਪਰਮਜੀਤ ਸਿੰਘ ਨੀਟੂ, ਦੁਪਿੰਦਰ ਸਿੰਘ ਡਿੰਪੀ, ਹਰਪਿੰਦਰ ਸਿੰਘ ਗੱਗੀ, ਜਗਦੀਪ ਸਿੰਘ ਕਾਹਲੋਂ, ਇੰਸਪੈਕਟਰ ਬਲਵੀਰ ਸਿੰਘ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਬਾਈ ਸੁਰਜੀਤ ਸਿੰਘ ਸਾਹਨੇਵਾਲ ਆਦਿ ਹੋਰ ਖੇਡ ਪ੍ਰਬੰਧਕ ਵੱਡੀ ਗਿਣਤੀ 'ਚ ਸ਼ਾਮਲ ਸਨ। ਅੰਤ 'ਚ ਸੂਫੀ ਗਾਇਕ ਕਨਵਰ ਗਰੇਵਾਲ ਨੇ ਆਪਣੀ ਗਾਇਕੀ ਨਾਲ ਲੋਕਾਂ ਨੂੰ ਲੰਬਾ ਸਮਾਂ ਕੀਲ ਕੇ ਰੱਖਿਆ। ਕਲੱਬ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਨੇ ਅਗਲੇ ਵਰ੍ਹੇ ਜਰਖੜ ਖੇਡਾਂ ਨੂੰ ਹੋਰ ਅੰਤਰ ਰਾਸ਼ਟਰੀ ਮੁਕਾਮ ਦਿੱਤਾ ਜਾਵੇਗਾ।

Thursday, January 02, 2014

ਜਰਖੜ ਖੇਡ ਫੈਸਟੀਵਲ-16 ਤੋਂ 19 ਜਨਵਰੀ ਤੱਕ

ਪਾਕਿਸਤਾਨ ਤੋਂ 2 ਅਤੇ ਅਫਗਾਨਿਸਤਾਨ ਤੋਂ 1 ਹਾਕੀ ਟੀਮ ਲਵੇਗੀ ਹਿੱਸਾ
ਉਡੱਣਾ ਸਿੱਖ ਮਿਲਖਾ ਸਿੰਘ ਅਤੇ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਆਦਮ ਕੱਦ ਬੁੱਤਾਂ ਦੀ ਘੁੰਡ ਚੁਕਾਈ 17 ਨੂੰ 

ਲੁਧਿਆਣਾ, 2 ਜਨਵਰੀ 2014:(ਸਤਪਾਲ ਸੋਨੀ//ਪੰਜਾਬ ਸਕਰੀਨ):
ਮਾਤਾ ਸਾਹਿਬ ਕੌਰ ਸਪੋਰਟਸ ਕਲੱਬ ਜਰਖੜ ਵੱਲੋਂ ਪੰਜਾਬ ਦੀਆਂ ਬਹੁਚਰਚਿਤ ਮਾਡਰਨ ਪੇਂਡੂ ਮਿੰਨੀ ਉਲੰਪਿਕ ਖੇਡਾਂ ਵਜੋਂ ਜਾਣਿਆ ਜਾਂਦਾ 28ਵਾਂ ਕੋਕਾ ਕੋਲਾ ਖੇਡ ਜਰਖੜ ਫੈਸਟੀਵਲ 16 ਤੋਂ 19 ਜਨਵਰੀ ਤੱਕ 3 ਕਰੋੜ ਦੀ ਲਾਗਤ ਨਾਲ ਬਣੇ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਕਰਵਾਇਆ ਜਾਵੇਗਾ। ਜਰਖੜ ਕਲੱਬ ਦੀ ਮੀਟਿੰਗ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਪੀ.ਪੀ.ਐਸ. ਅਤੇ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਹਲਕਾ ਗਿੱਲ ਦੀ ਪ੍ਰਧਾਨਗੀ ਹੇਠ ਅੱਜ ਲੁਧਿਆਣਾ, ਨੀਲਗੀਰੀ ਹੋਟਲ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਕਲੱਬ ਦੇ ਪ੍ਰਧਾਨ ਹਰਕੰਵਲ ਸਿੰਘ ਐਡਵੋਕੇਟ ਅਤੇ ਹਰਪ੍ਰੀਤ ਸਿੰਘ ਸ਼ਿਵਾਲਿਕ ਨੇ ਦੱਸਿਆ ਕਿ ਇਸ ਵਾਰ ਜਰਖੜ ਖੇਡ ਫੈਸਟੀਵਲ ਆਪਣੀ ਅੰਤਰਰਾਸ਼ਟਰੀ ਪੱਧਰ ਦੀ ਦਿੱਖ ਪੈਦਾ ਕਰੇਗਾ। ਇਸ ਵਾਰ ਪਾਕਿਸਤਾਨ ਪੰਜਾਬ ਅਤੇ ਪਾਕਿਸਤਾਨ ਸਿੰਧ ਸੂਬੇ ਦੀਆਂ ਲੜਕੀਆਂ ਦੀਆਂ ਜਿਥੇ 2 ਹਾਕੀ ਟੀਮਾਂ ਹਿੱਸਾ ਲੈਣਗੀਆਂ ਉਥੇ ਅਫਗਾਨਿਸਤਾਨ ਦੀ ਮਰਦਾਂ ਦੀ ਕੌਮੀ ਹਾਕੀ ਟੀਮ ਵੀ ਟੂਰਨਾਮੈਂਟ ਦਾ ਸ਼ਿੰਗਾਰ ਬਣੇਗੀ। ਇਸ ਤੋਂ ਇਲਾਵਾ ਉਡੱਣਾ ਸਿੱਖ ਅਤੇ ਪਦਮ ਸ਼੍ਰੀ ਮਿਲਖਾ ਸਿੰਘ ਅਤੇ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਸਥਾਪਤ ਕੀਤੇ ਜਾ ਰਹੇ ਆਦਮ ਕੱਦ ਬੁੱਤ ਖੇਡਾਂ ਦੌਰਾਨ ਮੁੱਖ ਆਕਰਸ਼ਨ ਹੋਣਗੇ। ਇਨ•ਾਂ ਬੁੱਤਾਂ ਦੀ ਘੁੰਡ ਚੁਕਾਈ ਵੀ 17 ਜਨਵਰੀ ਨੂੰ ਖ਼ੁਦ ਮਿਲਖਾ ਸਿੰਘ, ਉਲੰਪੀਅਨ ਅਸ਼ੋਕ ਕੁਮਾਰ (ਸਪੁੱਤਰ ਧਿਆਨ ਚੰਦ), ਸ੍ਰੀ ਜੀਵ ਮਿਲਖਾ ਸਿੰਘ, ਵਿਸ਼ਵ ਚੈਂਪੀਅਨ ਮੁੱਕੇਬਾਜ਼ ਮੈਰੀਕਾਮ ਅਤੇ ਹੋਰ ਖੇਡ ਜਗਤ ਅਤੇ ਰਾਜਨੀਤਕ ਸ਼ਖਸੀਅਤਾਂ ਕਰਨਗੀਆਂ। ਉਡੱਣਾ ਸਿੱਖ ਮਿਲਖਾ ਸਿੰਘ ਅਤੇ ਹਾਕੀ ਜਾਦੂਗਰ ਧਿਆਨ ਚੰਦ ਦੇ ਆਦਮ ਕੱਦ ਬੁੱਤਾਂ ਦਾ ਨਿਰਮਾਣ ਮਨਜੀਤ ਸਿੰਘ ਘੱਲ ਕਲਾਂ ਅਤੇ ਹਰਜੀਤ ਸਿੰਘ ਨੇ ਕੀਤਾ ਹੈ। ਸਰਪੰਚ ਦਪਿੰਦਰ ਸਿੰਘ ਜਰਖੜ ਅਕੈਡਮੀ ਦੇ ਪ੍ਰਧਾਨ ਪਰਮਜੀਤ ਸਿੰਘ ਨੀਟੂ ਨੇ ਦੱਸਿਆ ਕਿ ਇਨ•ਾਂ ਖੇਡਾਂ ਦੌਰਾਨ ਹਾਕੀ ਸੀਨੀਅਰ ਲੜਕੇ, ਹਾਕੀ ਸੀਨੀਅਰ ਲੜਕੀਆਂ, ਹਾਕੀ ਅੰਡਰ 17 ਸਾਲ 7 ਏ-ਸਾਈਡ, ਬਾਸਕਟਬਾਲ, ਹੈਂਡਬਾਲ, ਵਾਲੀਵਾਲ ਲੜਕੇ ਲੜਕੀਆਂ ਦੇ ਖੇਡ ਮੁਕਾਬਲਿਆਂ ਤੋਂ ਇਲਾਵਾ ਕਬੱਡੀ ਅਕੈਡਮੀਆਂ, ਕਬੱਡੀ ਇਕ ਪਿੰਡ ਓਪਨ (ਦੋ ਖਿਡਾਰੀ ਬਾਹਰਲੇ), ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸਾਈਕਲਿੰਗ ਅਤੇ ਐਥਲੈਟਿਕਸ ਦੋ ਹੋਰ ਨਵੀਆਂ ਖੇਡਾਂ ਨੂੰ ਇਸ ਵਾਰ ਖੇਡਾਂ ਵਿਚ ਸ਼ਾਮਿਲ ਕੀਤਾ ਜਾਵੇਗਾ। ਇਨ•ਾਂ ਖੇਡਾਂ ਨੂੰ ਕੋਕਾ ਕੋਲਾ, ਏਵਨ ਸਾਈਕਲ, ਮਰੂਤੀ ਸਜੂਕੀ, ਪ੍ਰਬਲ ਟੀ.ਐਮ.ਟੀ.ਸਰੀਆ, ਹੀਰੋ ਕੋਪ ਆਦਿ ਕੰਪਨੀਆਂ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਖੇਡਾਂ ਦਾ ਉਦਘਾਟਨੀ ਸਮਾਰੋਹ ਵੀ 17 ਜਨਵਰੀ ਨੂੰ ਸ਼ਾਮ 3 ਵਜੇ ਤੋਂ ਰਾਤ 8 ਵਜੇ ਤੱਕ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਹੋਵੇਗਾ। ਇਸ ਮੌਕੇ 'ਤੇ ਪੰਜਾਬ ਦੀਆਂ ਖੇਡਾਂ ਦੀ ਤਰੱਕੀ ਬਾਰੇ ਕੋਰੀਓਗ੍ਰਾਫੀ, ਸਭਿਆਚਾਰਕ ਮੁਕਾਬਲੇ ਤੋਂ ਇਲਾਵਾ ਉਘੇ ਲੋਕ ਗਾਇਕ ਕਨਵਰ ਗਰੇਵਾਲ, ਹਰਭਜਨ ਮਾਨ, ਸਾਂਈਂ ਗੁਲਾਮ ਜੁਗਨੀ, ਹੈਪੀ ਜੱਸੋਵਾਲ ਆਦਿ ਹੋਰ ਗਾਇਕ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਅਕੈਡਮੀ ਦੇ ਮੀਤ ਪ੍ਰਧਾਨ ਸੰਦੀਪ ਸਿੰਘ ਅਤੇ ਮਨਮਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਦੀ ਸ਼ੁਰੂਆਤ 16 ਜਨਵਰੀ ਨੂੰ ਹੋ ਜਾਵੇਗੀ। ਇਸ ਮੌਕੇ 'ਤੇ 1 ਕਰੋੜ ਦੀ ਲਾਗਤ ਨਾਲ ਉਸਾਰੇ ਗਏ ਜਰਖੜ ਹਾਕੀ ਅਕੈਡਮੀ ਦੇ ਹੋਸਟਲ ਦਾ ਉਦਘਾਟਨ ਵੀ ਕੀਤਾ ਜਾਵੇਗਾ। ਖੇਡਾਂ ਦੌਰਾਨ ਉਘੀਆਂ 10 ਸ਼ਖਸੀਅਤਾਂ ਦਾ ਸਨਮਾਨ ਹੋਵੇਗਾ। ਜਿਸ ਵਿਚ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਐਵਾਰਡ, ਉਲੰਪੀਅਨ ਮਨਦੀਪ ਕੌਰ ਨੂੰ ਉਲੰਪੀਅਨ ਪ੍ਰਿਥੀਪਾਲ ਸਿੰਘ ਐਵਾਰਡ, ਅੰਤਰਰਾਸ਼ਟਰੀ ਹਾਕੀ ਅੰਪਾਇਰ ਕੁੱਕੂ ਵਾਲੀਆ ਨੂੰ ਖੇਡ ਪ੍ਰਮੋਟਰ ਅਮਰਜੀਤ ਗਰੇਵਾਲ ਐਵਾਰਡ, ਫਿਲਮ ਨਿਰਦੇਸ਼ਕ ਮਨਮੋਹਣ ਸਿੰਘ ਨੂੰ ਮਹਿੰਦਰ ਸਿੰਘ ਡੰਗੋਰੀ ਸਭਿਆਚਾਰ ਐਵਾਰਡ ਜਦਕਿ ਉਘੇ ਸਾਹਿਤਕਾਰ ਸੁਰਜੀਤ ਪਾਤਰ, ਜੀ.ਐਸ.ਬੈਂਸ ਆਈ.ਏ.ਐਸ. ਮੁੱਖ ਪ੍ਰਬੰਧਕ, ਲਿਬਰਲ ਹਾਕੀ ਨਾਭਾ, ਬੁੱਤ ਤਰਾਸ ਮਨਜੀਤ ਸਿੰਘ ਘੱਲ ਕਲਾਂ, ਸਰਬਜੀਤ ਸਿੰਘ ਡਿਪਟੀ ਡਾਇਰੈਕਟਰ ਖੇਡਾਂ ਸਿੱਖਿਆ ਵਿਭਾਗ, ਓਂਕਾਰ ਸਿੰਘ ਪਾਹਵਾ ਚੇਅਰਮੈਨ ਏਵਨ ਸਾਈਕਲ ਨੂੰ ਵੱਖ ਵੱਖ ਖੇਤਰਾਂ ਵਿਚ ਵਧੀਆ ਸੇਵਾਵਾਂ ਦੇਣ ਬਦਲੇ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਆ ਜਾਵੇਗਾ। ਅੱਜ ਦੀ ਮੀਟਿੰਗ ਦੌਰਾਨ ਤਜਿੰਦਰ ਸਿੰਘ ਖਜਾਨਚੀ, ਮਾਸਟਰ ਸ਼ਿੰਗਾਰਾ ਸਿੰਘ, ਮਨਦੀਪ ਸਿੰਘ, ਸ਼ਿੰਗਾਰਾ ਸਿੰਘ ਜਰਖੜ, ਦਲਜੀਤ ਸਿੰਘ ਜਰਖੜ ਕਨੇਡਾ, ਬਲਜਿੰਦਰ ਸਿੰਘ, ਅੰਤਰ ਰਾਸ਼ਟਰੀ ਸਾਈਕਲਿਸਟ ਜਗਦੀਪ ਸਿੰਘ ਕਾਹਲੋਂ, ਭਾਰਤੀ ਸਾਈਕਲਿੰਗ ਟੀਮ ਦੇ ਕੋਚ ਹਰਪਿੰਦਰ ਸਿੰਘ, ਹਰਮਿੰਦਰ ਪਾਲ ਸਿੰਘ, ਅਮਰਜੀਤ ਸਿੰਘ ਜੱਗੀ, ਪ੍ਰਵਾਸੀ ਬਰਜਿੰਦਰ ਸਿੰਘ ਲਤਾਲਾ, ਜਸ ਧਾਲੀਵਾਲ, ਰਣਜੀਤ ਸਿੰਘ ਦਲੇਂਅ, ਹਰਮੇਲ ਸਿੰਘ ਕਾਲਾ, ਹਰਦਿਆਲ ਸਿੰਘ ਅਮਨ ਅਤੇ ਇੰਸਪੈਕਟਰ ਬਲਬੀਰ ਸਿੰਘ ਆਦਿ ਕਈ ਹੋਰ ਉਘੀਆਂ ਸ਼ਖਸੀਅਤਾਂ  ਹਾਜ਼ਰ ਸਨ। ਖੇਡਾਂ ਦੀ ਤਿਆਰੀ ਸਬੰਧੀ ਕਲੱਬ ਦੀ ਅਗਲੀ ਮੀਟਿੰਗ 14 ਜਨਵਰੀ ਨੂੰ ਜਰਖੜ ਸਟੇਡੀਅਮ ਲੁਧਿਆਣਾ ਵਿਖੇ ਹੋਵੇਗੀ। 

Wednesday, January 01, 2014

ਭਾਰਤੀ ਖੇਡ ਜਗਤ ਲਈ 2013 ਰਿਹਾ ਖੱਟਾ-ਮਿੱਠ//ਰਣਜੀਤ ਸਿੰਘ ਪ੍ਰੀਤ

ਖੇਡ ਜਗਤ ਦਾ ਲੇਖਾਜੋਖਾ 
ਸਾਲ 2013 ਆਪਣਾ ਬਿਸਤਰਾ ਇਕੱਠਾ ਕਰਕੇ ਤੁਰ ਗਿਆ ਹੈ,ਅਤੇ ਅਗਲੇ ਵਰੇ 2014 ਨੇ ਆਪਣਾ ਬਿਸਤਰਾ ਵਿਛਾਉਂਣ ਵਿੱਚ ਦੇਰੀ ਨਹੀਂ ਕੀਤੀ । ਇਤਿਹਾਸ ਬਣੇੇ 2013 ਵਿੱਚ ਕੁਦਰਤ ਦੇ ਸੁਭਾਅ ਅਨੁਸਾਰ ਜ਼ਿੰਦਗੀ ਦੇ ਹਰ ਖੇਤਰ ਵਿੱਚ ਬੜਾ ਕੁੱਝ ਚੰਗਾ-ਮਾੜਾ ਵਾਪਰਦਾ ਰਿਹਾ ਏ । ਭਾਰਤੀ ਖੇਡਾਂ ਦਾ ਖੇਤਰ ਵੀ ਇਹਦੇ ਪ੍ਰਭਾਵ ਤੋਂ ਬਚ ਨਹੀਂ ਸਕਿਆ । ਖੇਡ ਜਗਤ ਵਿੱਚ ਭਾਰਤ ਦੀ ਗੱਲ ਸ਼ੁਰੂ ਕਰਨ ਲਈ ਪਹਿਲਾਂ ਅਹਿਮ ਗੱਲ ਵੱਲ ਉਂਗਲੀ ਸੇਧਤ ਕਰਦੇ ਹਾਂ। ਭਾਰਤ ਨੂੰ ਅਜੇ ਓਲੰਪਿਕ ਖੇਡਾਂ ਵਿੱਚ ਦਾਖ਼ਲਾ ਬਹਾਲੀ ਨਹੀਂ ਮਿਲੀ ਹੈ, ਏਵੇਂ ਹੀ ਭਾਰਤੀ ਬਾਕਸਿੰਗ ਫ਼ੈਡਰੇਸ਼ਨ (ਆਈ ਬੀ ਐਫ) ਵੀ ਪਾਬੰਦੀ ਦੀ ਮਾਰ ਹੇਠ ਹੈ। ਪਰ ਕੁਸ਼ਤੀ ਨੂੰ ਓਲੰਪਿਕ ਵਿੱਚ ਦਾਖਲਾ ਮਿਲਣਾ,ਦੂਜੀ ਵਾਰ ਟੋਕੀਓ (ਜਪਾਨ) ਨੂੰ 2020 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਨਸੀਬ ਹੋਣਾ ਅਤੇ ਓਲੰਪਿਕ ਕਮੇਟੀ ਦਾ ਨਵਾਂ ਪ੍ਰਧਾਨ ਜਰਮਨੀ ਦੇ ਥੌਮਸ ਬੈਚ ਦਾ ਚੁਣਿਆਂ ਜਾਣਾ ਜ਼ਿਕਰਯੋਗ ਐ ।
ਕ੍ਰਿਕਟ:--
ਬਜ਼ੁਰਗ ਹੋਏ ਵਰੇ ਦੀ ਭਾਰਤੀ ਸ਼ੁਰੂਆਤ 3 ਜਨਵਰੀ ਨੂੰ ਪਾਕਿਸਤਾਨ ਨਾਲ ਕੋਲਕਾਤਾ ਵਿੱਚ ਹਾਰੇ ਇੱਕ ਰੋਜਾ ਕਿ੍ਰਕਟ ਮੈਚ ਨਾਲ ਹੋਈ ਸੀ ਅਤੇ ਸਾਲ ਦਾ ਅੰਤ ਵੀ 22 ਦਸੰਬਰ ਨੂੰ ਇੰਗਲੈਂਡ ਵਿਰੁੱਧ ਹੋਣ ਵਾਲੇ ਟੀ-20 ਮੈਚ ਨਾਲ ਹੀ ਹੋਣਾ ਹੈ । ਪਾਕਿਸਤਾਨ ਨੇ ਭਾਰਤ ਨੂੰ 2-1 ਨਾਲ, ਭਾਰਤ ਨੇ ਇੰਗਲੈਂਡ ਨੂੰ 3-2 ਨਾਲ,ਜ਼ਿੰਬਾਬਵੇ ਨੂੰ 5-0 ਨਾਲ, ਆਸਟਰੇਲੀਆ ਨੂੰ 3-2 ਨਾਲ,ਵੈਸਟ ਇੰਡੀਜ਼ ਨੂੰ 2-0 ਨਾਲ,ਆਈ ਸੀ ਸੀ ਚੈਂਪੀਅਨ ਟਰਾਫ਼ੀ ਇੰਗਲੈਂਡ ਨੂੰ ਹਰਾ ਕੇ,ਵੈਸਟ ਇੰਡੀਜ਼ ਤਿੰਨ ਮੁਲਕੀ ਸੀਰੀਜ਼ ਸ਼੍ਰੀਲੰਕਾ ਨੂੰ ਹਰਾ ਕੇ, ਸਿੰਗਾਪੁਰ ਵਿਚਲਾ ਅੰਡਰ-23 ਮੁਕਾਬਲਾ ਪਾਕਿਸਤਾਨ ਨੂੰ ਹਰਾਕੇ ਭਾਰਤ ਨੇ, ਸਪਾਟ ਫ਼ਿਕਸਿੰਗ ਦੇ ਗਧੀ-ਗੇੜ ਵਾਲਾ ਆਈ ਪੀ ਐਲ ਮੁਕਾਬਲਾ ਮੁੰਬਈ ਇੰਡੀਅਨਜ਼ ਨੇ, ਇਰਾਨੀ ਕੱਪ ਰੈਸਟ ਆਫ਼ ਇੰਡੀਆ ਨੇ ਅਤੇ 10 ਵਾਂ ਮਹਿਲਾ ਵਿਸ਼ਵ ਕੱਪ 7 ਵੀਂ ਵਾਰੀ ਆਸਟਰੇਲੀਆ ਨੇ ਜਿੱਤਿਆ ਹੈ। ਭਾਰਤ ਦਾ ਪਾਕਿਸਤਾਨ ਨੂੰ ਹਰਾ ਕੇ ਸੱਤਵਾਂ ਸਥਾਨ ਰਿਹਾ । ਸਾਲ ਦੇ ਆਖ਼ਰ ਵਿੱਚ ਭਾਰਤ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਸੈਂਂਕੜਿਆਂ ਦਾ ਸੈਂਕੜਾ ਲਗਾਉਂਣ ਵਾਲੇ ਸਚਿਨ ਤੇਂਦੂਲਕਰ ਨੇ 14 ਨਵੰਬਰ ਨੂੰ ਮੁੰਬਈ ਵਿੱਚ ਆਪਣਾ 200 ਵਾਂ ਟੈਸਟ ਮੈਚ ਖੇਡਣ ਦੇ ਨਾਲ ਹੀ 15921 ਰਨ ਬਣਾਕੇ ਕਿ੍ਰਕਟ ਨੂੰ ਅਲਵਿਦਾ ਆਖ ਦਿੱਤੀ ਅਤੇ 26 ਜਨਵਰੀ 2014 ਨੂੰ ਭਾਰਤ ਰਤਨ ਲੈਣ ਵਾਲੇ ਪਹਿਲੇ ਖਿਡਾਰੀ ਬਣ ਜਾਣੇ ਹਨ।
   ਗੌਲਫ਼:-
 ਪਹਿਲੀ ਗੌਲਫ਼ ਪ੍ਰੀਮੀਅਰ ਲੀਗ 7 ਤੋਂ 10 ਫਰਵਰੀ ਤੱਕ ਫਰੈਂਚਾਈਜ ਗੌਲਫ਼ਰਾਂ ‘ਤੇ ਅਧਾਰਤ ਹੋਈ । ਕੁੱਲ 32 ਗੌਲਫ਼ਰ 8 ਟੀਮਾਂ ਵਿੱਚ ਸ਼ਾਮਲ ਸਨ । ਹਰੇਕ ਟੀਮ ਵਿੱਚ ਇੱਕ ਕੌਮਾਂਤਰੀ,ਇੱਕ ਭਾਰਤੀ,ਇੱਕ ਏਸ਼ੀਅਨ ਟੂਰ ਵਿੱਚੋਂ,ਅਤੇ ਇੱਕ ਭਾਰਤੀ ਗੌਲਫ਼ ਟੂਰ ਵਿੱਚੋਂ ਗੌਲਫ਼ਰ ਸ਼ਾਮਲ ਸੀ । ਇਸ ਮੁਕਾਬਲੇ ਦੇ ਦਿਨ ਸਮੇ ਅਭਿਆਸੀ ਮੈਚ ਅਤੇ ਫਲੱਡ ਲਾਈਟਾਂ ਵਿੱਚ ਰਾਤ ਸਮੇ ਮੁਕਾਬਲਾ ਮੈਚ ਖੇਡੇ ਗਏ ,ਉਤਰਾਖੰਡ ਲਾਇਨਜ਼ ਇਸ ਟੂਰਨਾਮੈਂਟ ਦਾ ਜੇਤੂ ਬਣਿਆਂ ।
ਹਾਕੀ:-
ਹੀਰੋ ਹਾਕੀ ਇੰਡੀਆ ਲੀਗ ਰਾਂਚੀ ਰਹਿਨੋਜ਼ ਨੇ ਦੇਹਲੀ ਵੇਵ ਰਾਈਡਰਜ਼ ਨੂੰ ਹਰਾਕੇ ਅਤੇ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਸੁਸ਼ੀਲਾ ਚਾਨੂੰ ਦੀ ਕਪਤਾਨੀ ਅਧੀਨ 7ਵੇਂ ਜੂਨੀਅਰ ਹਾਕੀ ਵਿਸ਼ਵ ਕੱਪ ਦੌਰਾਂਨ ਇੰਗਲੈਂਡ ਨੂੰ ਪੈਨਲਟੀ ਸ਼ੂਟ ਆਊਟ ਰਾਹੀਂ 3-2 ਨਾਲ ਹਰਾ ਕੇ ਪਹਿਲੀ ਵਾਰ ਕਾਂਸੀ ਦਾ ਤਮਗ਼ਾ ਹਾਸਲ ਕਰਿਆ ਏਸ਼ੀਅਨ ਚੈਪੀਅਨਜ਼ ਟਰਾਫ਼ੀ ਦੇ ਪੁਰਸ਼ ਵਰਗ ਵਿੱਚ ਭਾਰਤ ਦਾ ਪੰਜਵਾਂ ਅਤੇ ਮਹਿਲਾ ਵਰਗ ਵਿੱਚ ਦੂਜਾ ਸਥਾਨ ਰਿਹਾ । ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਆਸਟਰੇਲੀਆ ਨੇ 7 ਵੀਂ ਵਾਰੀ ਜਿੱਤਿਆ। ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਪੰਜਵੀਂ ਪੁਜੀਸ਼ਨ ਲਈ । ਵਿਸ਼ਵ ਹਾਕੀ ਲੀਗ ਦਿੱਲੀ ਦੇ ਦੂਜੇ ਗੇੜ ਦੌਰਾਂਨ ਭਾਰਤ ਅਤੇ ਆਇਰਲੈਂਡ ਨੇ ਪੁਰਸ਼ ਵਰਗ ਵਿੱਚੋਂ,ਭਾਰਤ ਅਤੇ ਜਪਾਨ ਨੇ ਮਹਿਲਾ ਵਰਗ ਵਿੱਚੋਂ ਸੈਮੀਫ਼ਾਈਨਲ ਲਈ ਕੁਆਲੀਫਾਈ ਕਰਿਆ । ਪਰ ਰੋਟਰਡਮ ਵਿੱਚ ਭਾਰਤੀ ਪੁਰਸ਼ ਟੀਮ ਛੇਵੇਂ,ਅਤੇ ਮਹਿਲਾ ਟੀਮ 7ਵੇਂ ਥਾਂ ਰਹੀ।  ਭਾਰਤ ਨੇ ਹਾਕੀ ਵਿਸ਼ਵ ਕੱਪ ਲਈ ਕੁਆਲੀਫ਼ਾਈ ਕਰ ਲਿਆ ਹੈ ਅਤੇ 2018 ਲਈ ਮੇਜ਼ਬਾਨੀ ਵੀ ਮਿਲੀ ਹੈ ।
ਫਾਰਮੂਲਾ-1 ਮੋਟਰ ਰੇਸ;-
27 ਅਕਤੂਬਰ ਨੂੰ ਫਾਰਮੂਲਾ-1 ਏਅਰ ਟੈੱਲ ਗ੍ਰਾਂ ਪ੍ਰੀ ਰੇਸ ਬੁੱਧ ਇੰਟਰਨੈਸ਼ਨਲ ਸਰਕਿਟ ਗਰੇਟਰ ਨੋਇਡਾ ਦੇ 60 ਲੈਪਸ ਅਧਾਰਤ ਹੋਈ । ਪਰਮਾਨੈਂਟ ਰੇਸਿੰਗ ਫਸੈਲਿਟੀ 5.137 ਕਿਲੋਮੀਟਰ ਸੀ । ਪੋਲ ਪੁਜੀਸ਼ਨ ਸਬਸਟੇਨ ਵੇਟਿੱਲ ਡ੍ਰਾਈਵਰ ਰੈੱਡ ਬੁੱਲ ਰਿਨੌਲਟ 1:24.119 ਸਮੇਂ ਨਾਲ,ਫਾਸਟਿਸਟ ਲੈਪ ਕਿਮੀ ਰਾਇਕੌਨਿਨ ਲੌਟੁਸ ਰਿਨੌਲਟ 1:27.679 ਸਮੇ ਨਾਲ ਰਿਹਾ । ਪੌਡੀਅਮ ਅਨੁਸਾਰ ਸਬਸਟੈਨ ਵੇਟਿੱਲ ਰੈਡ ਬੁੱਲ ਰਿਨੌਲਟ (ਪਹਿਲੀ) ਨਿਕੋ ਰੌਸਬਰਗ ਮਰਸੀਡੀਜ਼ ਰਿਨੌਲਟ (ਦੂਜੀ),ਰੋਮੈਨ ਗਰੋਸੀਅਨ ਲੌਟੁਸ ਰਿਨੌਲਟ (ਤੀਜੀ) ਪੁਜੀਸ਼ਨ ‘ਤੇ ਰਹੇ ।
ਅਥਲੈਟਿਕਸ:--
ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿੱਪ 20 ਵੀਂ ਵਾਰ ਮੁੱਖ ਮੰਤਰੀ ਜੈ ਲਲਿਤਾ ਵੱਲੋਂ ਇਨਕਾਰ ਕਰਨ ਮਗਰੋਂ ਚੇਨੱਈ ਦੀ ਥਾਂ ਪੂਨਾ ਵਿੱਚ ਕਰਵਾਉਂਣੀ ਪਈ । ਚੀਨ ਨੇ 16 ਸੋਨੇ ਦੇ,6 ਚਾਂਦੀ ਦੇ,5 ਤਾਂਬੇ ਦੇ ਤਮਗੇ ਜਿੱਤੇ, ਭਾਰਤ ਨੇ ਦੋ ਸੋਨੇ ਦੇ,9 ਕਾਂਸੀ ਦੇ ਅਤੇ 6 ਚਾਂਦੀ ਦੇ ਮੈਡਲ ਜਿੱਤ ਕੇ ਛੇਵਾਂ ਸਥਾਨ ਲਿਆ । ਫਰਾਂਸ ਵਿਚਲੀ ਵਿਸ਼ਵ ਚੈਂਪੀਅਨਸ਼ਿਪ ਦੌਰਾਂਨ ਰਿਕਾਰਡ ਨਾਲ ਨੇਜ਼ੇਬਾਜ਼ੀ ਵਿੱਚੋਂ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਪੈਰਾ ਅਥਲੀਟ ਦੇਵੇਂਦਰ ਝੱਝਰੀਆ ਤੇ ਲੰਡਨ ਪੈਰਾਓਲੰਪਿਕ ਦੇ ਉੱਚੀ ਛਾਲ ਵਿੱਚੋਂ ਚਾਂਦੀ ਦਾ ਤਮਗਾ ਜੇਤੂ ਐਚ.ਐਨ. ਗਿਰਿਸ਼ਾ ਨੇ ਕੇਂਦਰ ਸਰਕਾਰ ’ਤੇ ਪੈਰਾ ਅਥਲੀਟਾਂ ਨਾਲ ਪੱਖਪਾਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਪੈਰਾ ਅਥਲੀਟਾਂ ਨਾਲ ਜੋ ਮਤਰੇਆ ਸਲੂਕ ਕਰਦੀ ਹੈ,ਉਹ ਜਾਇਜ਼ ਨਹੀਂ ਐ ।
ਕੁਸ਼ਤੀ;--
                     ਭਾਰਤ ਨੇ ਮੰਗੋਲੀਆ ਦੇ ਸ਼ਹਿਰ ਉਲਾਨਬਟਾਰ ਵਿੱਚ ਏਸ਼ੀਅਨ ਕੈਡਿਟ ਫ੍ਰੀ-ਸਟਾਈਲ ਤੇ ਗਰੀਕੋ ਰੋਮਨ ਅਤੇ ਮਹਿਲਾ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕੁੱਲ ਤਿੰਨ ਸੋਨੇ ਦੇ ਅਤੇ ਚਾਰ ਚਾਂਦੀ ਦੇ ਤਮਗਿਆਂ ਸਣੇ ਕੁੱਲ 12 ਤਮਗੇ ਜਿੱਤੇ ਹਨ। ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਡੋਪ ਟੈਸਟ ਦੀ ਕੁਤਾਹੀ ਕਾਰਨ ਜੂਨੀਅਰ ਕੌਮੀ ਕੁਸ਼ਤੀ ਚੈਂਪੀਅਨਸ਼ਿਪ ‘ਚ ਜੇਤੂ ਰਹੇ 6 ਪਹਿਲਵਾਨਾਂ ਦੇ ਤਮਗੇ ਅਤੇ ਪ੍ਰਮਾਣ ਪੱਤਰ ਵਾਪਸ ਲੈਣ ਦੀ ਗੱਲ ਵੀ ਆਖੀ । ਬੁਡਾਪੈਸਟ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚੋਂ ਭਾਰਤ ਨੇ ਇੱਕ ਚਾਂਦੀ ਦਾ,2 ਕਾਂਸੀ ਦੇ ਤਮਗਿਆਂ ਸਮੇਤ ਤਿੰਨ ਤਮਗੇ ਜਿੱਤ ਕੇ 15 ਵਾਂ ਸਥਾਨ ਹਾਸਲ ਕਰਿਆ । ਭਲਵਾਨ ਵਿਜੇਂਦਰ ਬਾਰੇ ਵੀ ਚਰਚਾ ਛਿੜੀ ਰਹੀ । ਭਾਰਤ ਦੇ ਜੂਨੀਅਰ ਪਹਿਲਵਾਨਾਂ ਨੇ ਥਾਈਲੈਂਡ ਦੇ ਫੁਕੇਟ ‘ਚ ਖਤਮ ਹੋਈ ਏਸ਼ੀਆਈ ਜੂਨੀਅਰ ਕੁਸ਼ਤੀ ਪ੍ਰਤੀਯੋਗਿਤਾ ਵਿਚ ਕੁੱਲ 27 ਤਮਗਿਆਂ ਵਿੱਚੋਂ 3 ਸੋਨੇ ਦੇ,5 ਚਾਂਦੀ ਦੇ ਅਤੇ 9 ਕਾਂਸੀ ਦੇ ਤਮਗਿਆਂ ਸਮੇਤ 17 ਤਮਗੇ ਜਿੱਤ ਕੇ ਇਕ ਨਵਾਂ ਇਤਿਹਾਸ ਰਚਿਆ । ਦਿੱਲੀ ਵਿੱਚ 18-22 ਮਈ ਤੱਕ ਹੋਈ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿੱਪ ਦੌਰਾਂਨ ਦੱਖਣੀ ਕੋਰੀਆ ਨੇ 5 ਸੋਨੇ ਦੇ,2 ਚਾਂਦੀ ਦੇ,ਅਤੇ ਇੱਕ ਕਾਂਸੀ ਦਾ ਤਮਗਾ ਜਿੱਤ ਕੇ ਪਹਿਲਾ ਅਤੇ ਭਾਰਤ ਦਾ 2 ਸੋਨ,ਇੱਕ ਚਾਂਦੀ,6 ਕਾਂਸੀ ਦੇ ਤਮਗਿਆਂ ਸਮੇਤ 9 ਤਮਗਿਆਂ ਨਾਲ ਪੰਜਵਾਂ ਸਥਾਨ ਰਿਹਾ ।

ਸਨੂਕਰ:--
ਭਾਰਤ ਦੇ ਮੋਹਰੀ ਸਨੂਕਰ ਖਿਡਾਰੀ ਮਹਿਤਾ ਨੇ ਵਿਸ਼ਵ ਖੇਡਾਂ ’ਚ ਸੋਨ ਤਗਮਾ ਜਿੱਤ ਕੇ ਸਾਰੇ ਦੇਸ਼ ਨੂੰ ਮਾਣ ਦਿਵਾਇਆ । ਮਹਿਤਾ ਨੇ ਚੀਨੀ ਖਿਡਾਰੀ ਨੂੰ 3-0 ਦੇ ਅੰਤਰ ਨਾਲ ਹਰਾ ਕੇ ਸੋਨ ਤਮਗਾ ਲਿਆ।
ਫੁੱਟਬਾਲ;-
ਭਾਰਤ ਨੇ ਮੇਜ਼ਬਾਨ ਨੇਪਾਲ ਨੂੰ 1-0 ਨਾਲ ਹਰਾ ਕੇ ਦੂਜਾ ਅੰਡਰ -16 ਸੈਫ਼ ਫੁਟਬਾਲ ਟੂਰਨਾਮੈਂਟ ਜਿੱਤਿਆ,ਡੂਰੰਡ ਕੱਪ ਦੇ 165 ਵੇਂ ਟੂਰਨਾਮੈਂਟ ਵਿੱਚ ਮੁਹੰਮਦਨ ਕਲੱਬ,ਸੰਤੋਸ਼ ਟਰਾਫੀ ਦੇ 67 ਵੇਂ ਮੁਕਾਬਲੇ ਦੌਰਾਂਨ ਵਿੱਚ ਸਰਵਿਸਜ ਨੇ, ਸੀ ਆਰ ਐਫ ਸੀ ਸਟੇਡੀਅਮ ਕੋਲੰਬੋ (ਸ੍ਰੀਲੰਕਾ) ਵਿਖੇ ਦੂਜੀ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ (ਸੈਫ) ਮਹਿਲਾ ਫੁਟਬਾਲ ਚੈਂਪੀਅਨਸ਼ਿਪ ਭਾਰਤ ਨੇ ਨੇਪਾਲ ਨੂੰ 3-1 ਨਾਲ ਹਰਾ ਕੇ ਜਿੱਤੀ। ਪਰ ਪੁਰਸ਼ ਵਰਗ ਦੇ ਸੈਫ ਫੁੱਟਬਾਲ ਮੁਕਾਬਲੇ ਵਿੱਚ ਅਫਗਾਨਿਸਤਾਨ ਤੋਂ ਹਾਰਨ ਸਦਕਾ ਭਾਰਤ ਜੇਤੂ ਹੈਟਿ੍ਰਕ ਬਨਾਉਂਣ ਤੋਂ ਵਾਂਝਾ ਰਹਿ ਗਿਆ ।
ਤਾਇਕਵਾਂਡੋ;-
ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਸਮਾਪਤ ਹੋਈ ਨਾਰਥ ਓਪਨ ਤਾਇਕਵਾਂਡੋ ਚੈਂਪੀਅਨਸ਼ਿਪ, ਵਿੱਚ ਪੰਜਾਬ ਤੋਂ ਇਲਾਵਾ 9 ਵੱਖ-ਵੱਖ ਸੂਬਿਆਂ ਨੇ ਭਾਗ ਲਿਆ। ਤਾਇਕਵਾਂਡੋ ਅੰਡਰ-14 ਦੇ ਹੋਏ ਮੁਕਾਬਲਿਆਂ ਵਿੱਚ ਬਠਿੰਡਾ ਜ਼ਿਲੇ ਨਾਲ ਸਬੰਧਤ ਸਰਕਾਰੀ ਐਲੀਮੈਂਟਰੀ ਸਕੂਲ ਅਬਲੂ ਦੇ ਸੱਤਵੀਂ ਜਮਾਤ ਵਿੱਚ ਪੜਦੇ ਹਰਜੀਤ ਸਿੰਘ ਨੇ ਸੋਨੇ ਦਾ ਤਮਗਾ ਜਿੱਤ ਕੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ।
ਬਾਸਕਟਬਾਲ:-
ਫੀਬਾ ਮਹਿਲਾ ਏਸ਼ੀਆ ਚੈਂਪੀਅਨਸ਼ਿੱਪ 27 ਅਕਤੂਬਰ ਤੋਂ 3 ਨਵੰਬਰ ਤੱਕ ਬੈਂਕਾਕ (ਥਾਈਲੈਂਡ) ਵਿੱਚ 12 ਟੀਮਾਂ ਨੇ ਦੋ ਲੈਵਲਾਂ ਦੀ ਵੰਡ ਅਨੁਸਾਰ ਖੇਡੀ । ਲੈਵਲ ਇੱਕ ਵਿੱਚ ਭਾਰਤੀ ਟੀਮ 5 ਵਿੱਚੋਂ ਇੱਕ ਮੈਚ ਹੀ ਜਿੱਤ ਸਕੀ ਅਤੇ ਇਸ ਚੈਂਪੀਅਨਸ਼ਿੱਪ ਵਿੱਚੋਂ 5 ਵਾਂ ਹੀ ਸਥਾਨ ਲਿਆ । ਜਪਾਨ ਨੇ ਦੂਜੀ ਵਾਰ ਇਹ ਮੁਕਾਬਲਾ ਜਿੱਤਿਆ ।
ਬੈਡਮਿੰਟਨ;-
ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ (ਬੀ ਏ ਆਈ) ਵੱਲੋਂ ਕਰਵਾਈ ਗਈ ਪਹਿਲੀ ਇੰਡੀਅਨ ਬੈਡਮਿੰਟਨ ਲੀਗ (ਆਈ ਬੀ ਐੱਲ) 13 ਤੋਂ 31 ਅਗਸਤ ਤੱਕ ਚੱਲੀ,6 ਟੀਮਾਂ ਨੇ 16 ਮੈਚ ਖੇਡੇ । ਵਿਸ਼ਵ ਦੀ ਸੱਭ ਤੋਂ ਮਹਿੰਗੀ 10 ਲੱਖ ਡਾਲਰ ਵਾਲੀ ਇਸ ਲੀਗ ਦਾ ਪਹਿਲਾ ਜੇਤੂ ਹੈਦਰਾਬਾਦ ਹਾਟ ਸ਼ਾਟਜ ਬਣਿਆਂ ਅਤੇ ਸਵਾ ਕਰੋੜੀ ਇਨਾਮ ਜਿੱਤਿਆ । ਸਾਇਨਾ ਨੇਹਵਾਲ ਸਰਵੋਤਮ ਖਿਡਾਰਨ ਬਣੀ । ਪੁਸਾਰਲਾ ਵਿੰਕਟਾ ਸਿੰਧੂ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿੱਪ ਵਿਚੋਂ ਚੀਨ ਵਿਖੇ ਕਾਂਸੀ ਦਾ ਤਮਗਾ ਜਿੱਤ ਕੇ ਨਵਾਂ ਪੰਨਾ ਸਿਰਜਿਆ ਹੈ।
   ਤੀਰ-ਅੰਦਾਜ਼ੀ:-
18 ਵੀ ਏਸ਼ੀਅਨ ਤੀਰ ਅੰਦਾਜ਼ੀ ਚੈਂਪੀਅਨਸ਼ਿੱਪ 29 ਅਕਤੂਬਰ ਤੋਂ 2 ਨਵੰਬਰ ਤੱਕ ਚੀਨੀ ਤਾਈਪੇ ਵਿਖੇ ਹੋਈ ਅਤੇ ਭਾਰਤੀ ਖਿਡਾਰੀਆਂ ਅਭੀਸ਼ੇਕ ਵਰਮਾ, ਰਤਨ ਸਿੰਘ ਖੁਰਾਇਜਮ ਤੇ ਸੰਦੀਪ ਕੁਮਾਰ ਨੇ ਸਖ਼ਤ ਮੁਕਾਬਲੇ ‘ਚ ਕੋਰੀਆ ਦੀ ਤਿਕੜੀ ਲੀਹੋਂਗ ਮਿਨ, ਯੋਂਗ ਹੀ ਚੋਈ ਤੇ ਜੋਂਗਹੋ ਕਿਮ ਨੂੰ 233-231 ਨਾਲ ਪਛਾੜਕੇ ਸੰਯੁਕਤ ਵਰਗ ਦਾ ਸੋਨ ਤਮਗਾ ਜਿੱਤਿਆ । ਮਹਿਲਾ ਟੀਮ ਏਸੇ ਵਰਗ ਵਿੱਚੋਂ ਕੋਰੀਆਈ ਟੀਮ ਤੋਂ 217-222 ਦੇ ਅੰਕ ਅੰਤਰ ਨਾਲ ਹਾਰ ਗਈ । ਰਿਕਰਵ ਵਰਗ ਵਿੱਚ ਵੀ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ।
ਦੁਖਿਦ ਘਟਨਾਵਾਂ;-
           ਕੁੱਝ ਘਟਨਾਵਾਂ ਅਜਿਹੀਆਂ ਵੀ ਵਾਪਰੀਆਂ ਜਿੰਨਾਂ ਵਿੱਚ ਖਿਡਾਰੀਆਂ ਨੂੰ ਵੀ ਅਤੇ ਕੋਚਾਂ,ਖੇਡ ਪ੍ਰਮੋਟਰਾਂ ਨੂੰ ਵੀ ਇਸ ਦੁਨੀਆਂ ਤੋਂ ਰੁਖ਼ਸਤ ਹੋਣਾ ਪਿਆ । ਸਾਬਕਾ ਭਾਰਤੀ ਸਾਈਕਲਿਸਟ ਅਤੇ 10 ਸਾਲਾਂ ਤੋਂ ਕੌਮੀ ਕੋਚ 50 ਸਾਲਾ ਰੂਮਾ ਚੈਟਰਜੀ ਦੀ ਨੋਇਡਾ ਵਿਖੇ ਸੜਕ ਹਾਦਸੇ ਵਿਚ ਮੌਤ ਹੋ ਗਈ। ਕੋਲਕਾਤਾ ਦੀ ਰਹਿਣ ਵਾਲੀ ਚੈਟਰਜੀ ਸਵੇਰੇ ਸਵੇਰੇ ਭਾਰਤੀ ਜੂਨੀਅਰ ਰੋਡ ਸਾਈਕਲਿੰਗ ਟੀਮ ਨੂੰ ਪ੍ਰੈਕਟਿਸ ਕਰਾ ਕੇ ਲਿਆ ਰਹੇ ਸਨ ਕਿ ਨੋਇਡਾ ਦੇ ਸੈਕਟਰ-45 ਨਜ਼ਦੀਕ ਇਕ ਕਾਰ ਨੇ ਉਨਾਂ ਨੂੰ ਟੱਕਰ ਮਾਰ ਦਿੱਤੀ  ਜਿਸ ਕਾਰਨ ਉਨਾਂ ਦੀ ਮੌਕੇ ’ਤੇ ਮੌਤ ਹੋ ਗਈ । ਬਾਸਕਿਟ ਬਾਲ ਕੋਚ ਡਾ ਐਸ ਸੁਬਰਾਮਨੀਅਮ ਦਾ ਪਟਿਆਲਾ ਵਿਖੇ ਅਕਾਲ ਚਲਾਣਾ ਵੀ ਦਰਦਨਾਕ ਰਿਹਾ ।
       6 ਨਵੰਬਰ ਤੋਂ 26 ਨਵੰਬਰ ਤੱਕ ਵਿਸ਼ਵ ਚੈੱਸ ਚੈਂਪੀਅਨਸ਼ਿੱਪ ਚੇਨੱਈ,17 ਨਵੰਬਰ ਨੂੰ ਸੁਪਰਬਾਈਕ ਵਿਸ਼ਵ ਚੈਪੀਅਨਸ਼ਿੱਪ ਸੀਜਨ ਇੰਡੀਅਨ ਲੈੱਗ ਬੁੱਧ ਇੰਟਰਨੈਸ਼ਨਲ ਸਰਕਿਟ ਗਰੇਟਰ ਨੋਇਡਾ ਵਿਖੇ ਅਤੇ ਨਸ਼ਾ ਰਹਿਤ ਚੌਥਾ ਕਬੱਡੀ ਕੱਪ 30 ਨਵੰਬਰ ਤੋਂ 14 ਦਸੰਬਰ ਤੱਕ ਧੁੰਮਾਂ ਪਾਈ ਜਾ ਰਿਹਾ ਹੈ । ਮਹਿਲਾ ਟੀਮਾਂ ਲਈ ਇਨਾਮੀ ਰਾਸ਼ੀ ਵੀ ਦੁਗੁਣੀ ਕੀਤੀ ਗਈ ਹੈ । ਲੜਕਿਆਂ ਦੇ ਜੂਨੀਅਰ ਹਾਕੀ ਵਿਸ਼ਵ ਕੱਪ (ਭਾਰਤ) ਨੇ ਵੀ 6 ਤੋਂ 15 ਦਸੰਬਰ ਤੱਕ ਵੀ ਦਰਸ਼ਕਾਂ ਲਈ ਨਜ਼ਾਰਾ ਪੇਸ਼ ਕਰਨਾ ਹੈ ਅਤੇ ਸਾਲ ਦੇ ਆਖ਼ਰੀ ਸਾਹ ਤੱਕ ਇਹ ਨਜ਼ਾਰਾ ਮਾਣ ਮੱਤਾ ਬਣਿਆਂ ਰਹੇਗਾ ।
 ਰਣਜੀਤ ਸਿੰਘ ਪ੍ਰੀਤ
ਸੰਪਰਕ; 98157-07232   

Thursday, November 28, 2013

ਚੌਥੇ ਕਬੱਡੀ ਵਿਸ਼ਵ ਕੱਪ ਲਈ ਫਿਰ ਸਜ ਗਿਆ ਪਿੜ//ਰਣਜੀਤ ਸਿੰਘ ਪ੍ਰੀਤ

Mon, Nov 25, 2013 at 4:57 PM
ਚੌਥਾ ਵਿਸ਼ਵ ਕੱਪ 30 ਨਵੰਬਰ ਤੋਂ 14 ਦਸੰਬਰ ਤੱਕ
ਲੇਖਕ ਰਣਜੀਤ ਸਿੰਘ ਪ੍ਰੀਤ
ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਸਰਕਲ ਸਟਾਈਲ ਕਬੱਡੀ ਦਾ ਚੌਥਾ ਵਿਸ਼ਵ ਕੱਪ 30 ਨਵੰਬਰ ਤੋਂ 14 ਦਸੰਬਰ ਤੱਕ ਖੇਡਿਆ ਜਾਣਾਂ ਹੈ । ਜਿਸ ਵਿੱਚ 14 ਮੁਲਕਾਂ ਦੀਆਂ 20 ਟੀਮਾਂ ਹਿੱਸਾ ਲੈ ਰਹੀਆਂ ਹਨ । ਇਸ ਵਿਸ਼ਵ ਕੱਪ ਵਿੱਚ ਇਸ ਵਾਰ ਪੁਰਸ਼ ਵਰਗ ਦੀਆਂ 12 ਅਤੇ ਮਹਿਲਾ ਵਰਗ ਦੀਆਂ 8 ਟੀਮਾਂ ਸ਼ਮੂਲੀਅਤ ਕਰ ਰਹੀਆਂ ਹਨ । ਪੁਰਸ਼ ਵਰਗ ਵਿੱਚ ਭਾਰਤ, ਪਾਕਿਸਤਾਨ, ਇਰਾਨ, ਇੰਗਲੈਂਡ, ਸਪੇਨ, ਡੈਨਮਾਰਕ, ਸਕਾਟਲੈਂਡ, ਅਮਰੀਕਾ, ਕੈਨੇਡਾ, ਅਰਜਨਟੀਨਾ, ਸੀਅਰਾ ਲਿਓਨ , ਕੀਨੀਆ ਦੀਆਂ ਅਤੇ ਮਹਿਲਾ ਵਰਗ ਵਿੱਚ ਭਾਰਤ, ਪਾਕਿਸਤਾਨ, ਇੰਗਲੈਂਡ, ਡੈਨਮਾਰਕ, ਅਮਰੀਕਾ, ਮੈਕਸੀਕੋ, ਕੀਨੀਆ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਸ਼ਾਮਲ ਹਨ। ਪੁਰਸ਼ ਵਰਗ ਦੀਆਂ 12 ਟੀਮਾਂ ਨੂੰ 6-6 ਅਨੁਸਾਰ,ਅਤੇ ਮਹਿਲਾ ਵਰਗ ਦੀਆਂ 8 ਟੀਮਾਂ ਨੂੰ 4-4 ਦੇ ਹਿਸਾਬ ਨਾਲ ਏ ਅਤੇ ਬੀ ਗਰੁੱਪਾਂ ਵਿੱਚ ਵੰਡਿਆ ਗਿਆ ਹੈ । ਰਾਊਡ ਰਾਬਿਨ ਕਮ ਨਾਕ ਅਧਾਰ ਉੱਤੇ ਖੇਡੇ ਜਾਣ ਵਾਲੇ ਮੁਕਾਬਲੇ ਦੀ (ਪੁਰਸ਼ ਵਰਗ) ਜੇਤੂ ਟੀਮ ਨੂੰ 2 ਕਰੋੜ ਰੁਪਏ, ਦੂਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 1 ਕਰੋੜ ਰੁਪਏ ਅਤੇ ਤੀਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 51 ਲੱਖ ਰੁਪਏ ਦਾ ਇਨਾਮ ਦਿੱਤਾ ਜਾਣਾ ਹੈ। ਜਦੋਂ ਕਿ ਮਹਿਲਾ ਵਰਗ ਲਈ ਇਸ ਵਾਰੀ ਇਨਾਮੀ ਰਾਸ਼ੀ ਦੁਗੁਣੀ ਕਰਦਿਆਂ ਜੇਤੂ ਟੀਮ ਨੂੰ 1 ਕਰੋੜ ਰੁਪਏ, ਦੂਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 51 ਲੱਖ ਰੁਪਏ ਅਤੇ ਤੀਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਦੋਵੇਂ ਵਰਗਾਂ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ 10-10 ਲੱਖ ਰੁਪਏ ਮਿਲਣਗੇ। ਵਧੀਆ ਜਾਫੀ ਅਤੇ ਵਧੀਆ ਧਾਵੀ ਵੀ ਵਿਸ਼ੇਸ਼ ਇਨਾਮ ਹਾਸਲ ਕਰ ਸਕਣਗੇ । 
                       ਵਿਸ਼ਵ ਕੱਪ ਦਾ 3 ਤੋਂ 12 ਅਪਰੈਲ 2010 ਤੱਕ ਪਹਿਲਾ ਮੁਕਾਬਲਾ ਹੋਇਆ ਸੀ।  ਫਾਈਨਲ ਵਿੱਚ ਲੁਧਿਆਣਾ ਵਿਖੇ ਮੰਗਤ ਸਿੰਘ ਮੰਗੀ ਦੀ ਕਪਤਾਨੀ ਵਾਲਾ ਭਾਰਤ ਪਾਕਿਸਤਾਨ ਨੂੰ 58-24 ਨਾਲ ਹਰਾ ਕੇ ਇੱਕ ਕਰੋੜੀ ਇਨਾਮ ਅਤੇ ਪਰਲਜ਼ ਕਬੱਡੀ ਕੱਪ ਹਾਸਲ ਕਰਨ ਵਿੱਚ ਸਫਲ ਰਿਹਾ। ਮੰਗੀ ਅਤੇ ਕੈਨੇਡਾ ਦਾ ਕੁਲਵਿੰਦਰ ਕਿੰਦਾ ਸਵੈਰਾਜ ਟਰੈਕਟਰ ਜੇਤੂ ਬਣੇ ਸਨ। ਦੂਜਾ ਕਬੱਡੀ ਕੱਪ ਪਹਿਲੀ ਨਵੰਬਰ ਤੋਂ 20 ਨਵੰਬਰ 2011 ਤੱਕ 14 ਟੀਮਾਂ ਨੇ ਖੇਡਿਆ । ਇਹ ਮੁਕਾਬਲਾ ਵੀ ਕੈਨੇਡਾ ਨੂੰ ਲੁਧਿਆਣਾ ਵਿੱਚ 59-25 ਨਾਲ ਹਰਾਕੇ ਇੱਕ ਵਾਰ ਫਿਰ ਸੁਖਵੀਰ ਸਰਾਵਾਂ ਦੀ ਕਪਤਾਨੀ ਵਾਲੇ ਭਾਰਤ ਦੇ ਹੀ ਹਿੱਸੇ ਰਿਹਾ । ਭਾਰਤ ਦੇ ਗਗਨਦੀਪ ਗੱਗੀ ਅਤੇ ਮੰਗਤ ਮੰਗੀ ਪਰੀਤ ਟਰੈਕਟਰ ਜਿੱਤਣ ਵਿੱਚ ਸਫਲ ਰਹੇ । ਤੀਜਾ ਕਬੱਡੀ ਵਿਸ਼ਵ ਕੱਪ ਪਹਿਲੀ ਦਸੰਬਰ ਤੋਂ 15 ਦਸੰਬਰ 2012 ਤੱਕ,16 ਟੀਮਾਂ ਨੇ 4-4 ਦੇ ਗਰੁੱਪਾਂ ਦੀ ਵੰਡ ਅਨੁਸਾਰ 13 ਖੇਡ ਮੈਦਾਨਾਂ ਵਿੱਚ ਖੇਡਿਆ । ਇਸ ਵਾਰੀ ਇਨਾਮੀ ਰਾਸ਼ੀ 2. 2 ਕਰੋੜ ਤੋਂ ਵਧਾ ਕੇ 3.51 ਕਰੋੜ ਕੀਤੀ ਗਈ ਸੀ । ਕੱਪ ਜੇਤੂ ਨੂੰ 2 ਕਰੋੜ,ਉਪ ਜੇਤੂ ਨੂੰ ਇੱਕ ਕਰੋੜ,ਅਤੇ ਤੀਜੇ ਸਥਾਨ ਵਾਲੀ ਟੀਮ ਨੂੰ 51 ਲੱਖ ਦਿੱਤਾ ਗਿਆ । ਕੁੱਲ ਇਨਾਮੀ ਰਾਸ਼ੀ 6.29 ਕਰੋੜ ਸੀ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਜੇਤੂ ਹੈਟ੍ਰਿਕ ਪੂਰੀ ਕਰਦਿਆਂ ਭਾਰਤ ਨੇ ਪਾਕਿਸਤਾਨ ਨੂੰ 59-22 ਨਾਲ ਮਾਤ ਦਿੰਦਿਆ ਫਾਈਨਲ ਜਿੱਤਿਆ । ਗਗਨਦੀਪ ਗੱਗੀ ਖੀਰਾਂਵਾਲੀ ਅਤੇ  ਏਕਮ ਹਠੂਰ ਨੇ ਪਰੀਤ ਟਰੈਕਟਰ ਜਿੱਤੇ। 
             ਮਹਿਲਾ ਵਰਗ ਦਾ ਪਲੇਠਾ ਵਿਸ਼ਵ ਕੱਪ 11 ਤੋਂ 20 ਨਵੰਬਰ 2011 ਤੱਕ 4 ਟੀਮਾਂ ਨੇ ਖੇਡਿਆ । ਫਾਈਨਲ ਭਾਰਤੀ ਟੀਮ ਨੇ ਪ੍ਰਿਯੰਕਾ ਦੇਵੀ ਦੀ ਕਪਤਾਨੀ ਅਧੀਨ ਇੰਗਲੈਂਡ ਨੂੰ 44 - 17 ਨਾਲ ਹਰਾਕੇ ਜਿੱਤਿਆ । ਦੂਜੇ ਮੁਕਾਬਲੇ ਸਮੇ 5 ਤੋਂ 13 ਦਸੰਬਰ 2012 ਤੱਕ 7 ਟੀਮਾਂ ਖੇਡੀਆਂ ,ਪਰ ਇੱਕ ਵਾਰ ਫਿਰ ਭਾਰਤੀ ਟੀਮ ਮਲੇਸ਼ੀਆ ਨੂੰ 72-12 ਨਾਲ ਹਰਾ ਕੇ ਖ਼ਿਤਾਬਧਾਰੀ ਬਣੀ । ਪ੍ਰਿਯੰਕਾ ਦੇਵੀ ਅਤੇ ਜਤਿੰਦਰ ਕੌਰ ਨੇ ਮੋਟਰ ਸਾਇਕਲ ਜਿੱਤੇ । ਰੌਚਕ ਗੱਲ ਇਹ ਵੀ ਰਹੀ ਕਿ ਮਹਿਲਾ ਵਰਗ ਦੀ ਕੈਨੇਡੀਅਨ ਟੀਮ ਵਿੱਚ 3 ਜੋੜੀਆਂ ਮਾਵਾਂ  ਧੀਆਂ ਦੀਆਂ ਖੇਡੀਆਂ । ਇਹਨਾਂ ਖਿਡਾਰਨਾਂ ਵਿੱਚ 48 ਵਰ੍ਹਿਆਂ ਦੀ ਟੀਮ ਕਪਤਾਨ ਨਰਿੰਦਰ ਕੌਰ ਗਿੱਲ,ਉਸਦੀ ਧੀ ਨਵਰੀਤ ਕੌਰ ਗਿੱਲ,ਹਰਪ੍ਰੀਤ ਕੌਰ ਰੰਧਾਵਾ ਅਤੇ ਉਸਦੀ ਲਾਡੋ ਰਾਣੀ ਧੀ ਲਵਲੀਨ ਰੰਧਾਵਾ,ਲਖਵੀਰ ਕੌਰ ਖੰਗੂੜਾ ਅਤੇ ਉਸਦੀ ਬੇਟੀ ਗੁਨਵੀਰ ਕੌਰ ਖੰਗੂੜਾ ਸਾਮਲ ਸਨ । ਸੱਤ ਮਹੀਨਿਆਂ ਬਾਅਦ ਹੁਣ ਇੱਕ ਹੋਰ ਫੈਸਲਾ ਵੀ ਸਾਹਮਣੇ ਆਇਆ ਹੈ ਕਿ ਮਿਥੇ ਟੀਚੇ ਤੋਂ ਵੱਧ ਪੰਜਾਬੀ ਖਿਡਾਰਨਾਂ ਨੂੰ ਟੀਮ ਵਿੱਚ ਖਿਡਾਉਂਣ ਦੀ ਵਜ੍ਹਾ ਕਰਕੇ ਮਲੇਸ਼ੀਆ ਟੀਮ ਨੂੰ ਮੁਅੱਤਲ ਕਰਦਿਆਂ ਡੈਨਮਾਰਕ ਨੂੰ ਦੂਜਾ ਅਤੇ ਇੰਗਲੈਂਡ ਨੂੰ ਤੀਜਾ ਸਥਾਨ ਦੇ ਦਿੱਤਾ ਗਿਆ ਹੈ।
         ਪਹਿਲਾਂ ਚੌਥੇ ਵਿਸ਼ਵ ਕੱਪ ਦੇ ਮੈਚਾਂ ਦੀ ਸ਼ੁਰੂਆਤ ਸੰਗਰੂਰ ਤੋਂ ਹੋਣੀ ਸੀ,ਪਰ ਹੁਣ ਪਿਛਲੇ ਦੋਨੋਂ ਵਿਸ਼ਵ ਕੱਪ ਮੁਕਾਬਲਿਆਂ ਦੇ ਮੈਚਾਂ ਵਾਂਗ ਇਸ ਵਿਸ਼ਵ ਕੱਪ ਦੇ ਮੈਚਾਂ ਦੀ ਸ਼ੁਰੂਆਤ ਵੀ ਪਟਿਆਲਾ ਤੋਂ ਹੀ ਹੋ ਰਹੀ ਹੈ । ਖੇਡ ਵਿਭਾਗ ਪੰਜਾਬ ਵੱਲੋਂ ਪਹਿਲਾਂ ਜਾਰੀ ਪ੍ਰੋਗਰਾਮ ਅਨੁਸਾਰ ਦੋਦਾ (ਸ਼੍ਰੀ ਮੁਕਤਸਰ ਸਾਹਿਬ) ਤੇ ਜਲਾਲਾਬਾਦ ਵਿਖੇ ਹੋਣ ਵਾਲੇ ਮੈਚਾਂ ਦੀ ਰੂਪ-ਰੇਖਾ ਤੋਂ ਬਿਨਾਂ ਬਾਕੀ ਸਥਾਨਾਂ ਤੇ ਤਰੀਕਾਂ 'ਚ ਫੇਰਬਦਲ ਕੀਤਾ ਗਿਆ ਹੈ . ਬਠਿੰਡਾ ਵਿਖੇ 30 ਨਵੰਬਰ ਨੂੰ ਰੰਗਾ ਰੰਗ ਓਪਨਿੰਗ ਉਪਰੰਤ ਬਦਲੀ ਹੋਈ ਰੂਪ-ਰੇਖਾ ਅਨੁਸਾਰ 1 ਦਸੰਬਰ ਨੂੰ ਯਾਦਵਿੰਦਰਾ ਸਟੇਡੀਅਮ ਪਟਿਆਲਾ ਵਿਖੇ, 2 ਦਸੰਬਰ ਨੂੰ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਚੋਹਲਾ ਸਾਹਿਬ ਵਿਖੇ, 3 ਦਸੰਬਰ ਨੂੰ ਆਊਟ ਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ, 4 ਦਸੰਬਰ ਨੂੰ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ, 5 ਦਸੰਬਰ ਨੂੰ ਸਪੋਰਟਸ ਸਟੇਡੀਅਮ ਦੋਦਾ (ਮੁਕਤਸਰ) ਵਿਖੇ, 6 ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਅੰਮਿ}ਸਰ ਵਿਖੇ, 7 ਦਸੰਬਰ ਨੂੰ ਸਪੋਰਟਸ ਸਟੇਡੀਅਮ ਜਲਾਲਾਬਾਦ ਵਿਖੇ, 8 ਦਸੰਬਰ ਨੂੰ ਵਾਰ ਹੀਰੋਜ ਸਟੇਡੀਅਮ ਸੰਗਰੂਰ ਵਿਖੇ, 9 ਦਸੰਬਰ ਨੂੰ ਨਹਿਰੂ ਸਟੇਡੀਅਮ ਰੋਪੜ ਵਿਖੇ, 10 ਦਸੰਬਰ ਨੂੰ ਨਹਿਰੂ ਮੈਮੋਰੀਅਲ ਕਾਲਜ ਸਟੇਡੀਅਮ ਮਾਨਸਾ ਵਿਖੇ, ਵਿਸਵ ਕੱਪ ਦੇ ਦੋਨਾਂ ਵਰਗਾਂ ਦੇ ਲੀਗ ਮੁਕਾਬਲੇ ਹੋਣਗੇ । ਬਦਲੇ ਪ੍ਰੋਗਰਾਮ ਅਨੁਸਾਰ 12 ਦਸੰਬਰ ਨੂੰ ਬਹੁਮੰਤਵੀ ਸਟੇਡੀਅਮ ਬਠਿੰਡਾ ਵਿਖੇ ਪੁਰਸ ਤੇ ਔਰਤ ਵਰਗ ਦੇ ਸੈਮੀਫਾਈਨਲ ਮੁਕਾਬਲੇ ਅਤੇ 12 ਦਸੰਬਰ ਨੂੰ ਹੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਪੁਰਸਾਂ ਤੇ ਔਰਤਾਂ ਦੇ ਵਰਗ ਦੇ ਤੀਸਰੇ ਤੇ ਚੌਥੇ ਸਥਾਨ ਲਈ ਭੇੜ ਤੋਂ ਇਲਾਵਾ ਔਰਤ ਵਰਗ ਦਾ ਫਾਈਨਲ ਹੋਣਾ ਹੈ । ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 14 ਦਸੰਬਰ ਨੂੰ ਵਿਸਵ ਕੱਪ ਦੇ ਪੁਰਸ ਵਰਗ ਦਾ ਫਾਈਨਲ ਮੁਕਾਬਲਾ,ਇਨਾਮ ਵੰਡ ਰਸਮ ਅਤੇ ਸਮਾਪਤੀ ਸਮਾਰੋਹ ਹੋਵੇਗਾ।
ਰਣਜੀਤ ਸਿੰਘ ਪ੍ਰੀਤ
ਸੰਪਰਕ: 98157-07232

Friday, November 22, 2013

ਖੇਡ ਜਗਤ ਵਿੱਚ ਐਸਜੀਪੀਸੀ ਦੀ ਇੱਕ ਹੋਰ ਨਵੀਂ ਪ੍ਰਾਪਤੀ

Fri, Nov 22, 2013 at 2:19 PM
ਐਸਜੀਪੀਸੀ ਦੇ ਭਾਈ ਨੰਦ ਲਾਲ ਪਬਲਿਕ ਸਕੂਲ 'ਚ ਪੜ੍ਹਦੇ ਦੋ ਵਿਦਿਆਰਥੀ ਫੁੱਟਬਾਲ ਨੈਸ਼ਨਲ ਟੀਮ ਲਈ ਚੁਣੇ ਗਏ
ਅੰਮ੍ਰਿਤਸਰ: 22 ਨਵੰਬਰ 2013: (ਕਿੰਗ//ਕੁਲਵਿੰਦਰ ਸਿੰਘ 'ਰਮਦਾਸ'//ਪੰਜਾਬ ਸਕਰੀਨ): ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਮੂਹ ਸਕੂਲਾਂ ਨੂੰ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਸਕੂਲਾਂ ਵਿੱਚ ਬੱਚਿਆਂ ਨੂੰ ਮਿਆਰੀ ਵਿੱਦਿਆ ਦੇ ਨਾਲ-ਨਾਲ ਸਰੀਰਕ ਪੱਖੋਂ ਰਿਸ਼ਟ-ਪੁਸ਼ਟ ਤੇ ਚੁਸਤ-ਦਰੁਸਤ ਰੱਖਣ ਲਈ ਹਰੇਕ ਪ੍ਰਕਾਰ ਦੀਆਂ ਖੇਡਾਂ 'ਚ ਭਾਗ ਲੈਣ ਲਈ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਵੇ, ਤੇ ਅਮਲ ਕਰਦਿਆਂ ਬੀਬੀ ਹਰਜੀਤ ਕੌਰ ਪ੍ਰਿੰਸੀਪਲ ਭਾਈ ਨੰਦ ਲਾਲ ਪਬਲਿਕ ਸਕੂਲ ਸ੍ਰੀ ਅਨੰਦਪੁਰ ਸਾਹਿਬ ਨੇ ਫੁੱਟਬਾਲ ਤੇ ਹਾਕੀ ਦੀਆਂ ਟੀਮਾਂ ਤਿਆਰ ਕੀਤੀਆਂ ਤਕਰੀਬਨ 1 ਸਾਲ ਦੇ ਅਰਸੇ ਦੌਰਾਨ ਹੀ ਸਕੂਲ ਦੇ ਵਿਦਿਆਰਥੀ ਸ.ਚੰਨਪ੍ਰੀਤ ਸਿੰਘ ਕਲਾਸ 10ਵੀਂ ਅਤੇ ਸ.ਸੰਨਪ੍ਰੀਤ ਸਿੰਘ ਕਲਾਸ 9ਵੀਂ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਫੁੱਟਬਾਲ ਕੋਚ ਤੇ ਲੈਕਚਰਾਰ ਫਿਜ਼ੀਕਲ ਐਜ਼ੂਕੇਸ਼ਨ ਸ.ਸਰਬਜੀਤ ਸਿੰਘ ਦੀ ਅਗਵਾਈ 'ਚ ਸਖਤ ਮਿਹਨਤ ਕਰਕੇ ਝਾਰਖੰਡ ਦੇ ਸ਼ਹਿਰ ਰਾਂਚੀ ਵਿਖੇ ਅਗਲੇ ਕੁਝ ਦਿਨਾਂ 'ਚ ਨੈਸ਼ਨਲ ਪੱਧਰ ਦੀਆਂ ਹੋਣ ਜਾ ਰਹੀਆਂ ਖੇਡਾਂ ਵਿੱਚ ਫੁੱਟਬਾਲ ਦੀ ਟੀਮ ਲਈ ਥਾਂ ਬਣਾ ਲਈ। ਨੈਸ਼ਨਲ ਪੱਧਰ ਦੀਆਂ ਖੇਡਾਂ 'ਚ ਫੁੱਟਬਾਲ ਦੀ ਟੀਮ ਲਈ ਹੋਈ ਚੋਣ ਵਿੱਚ ਰੋਪੜ ਜ਼ਿਲੇ ਦੇ ਕੁੱਲ 4 ਖਿਡਾਰੀਆਂ ਵਿੱਚੋਂ ਦੋ ਖਿਡਾਰੀ ਸ਼੍ਰੋਮਣੀ ਕਮੇਟੀ ਦੇ ਭਾਈ ਨੰਦ ਲਾਲ ਪਬਲਿਕ ਸਕੂਲ ਸ੍ਰੀ ਅਨੰਦਪੁਰ ਸਾਹਿਬ ਦੇ ਹਨ।
ਪ੍ਰਿੰਸੀਪਲ ਹਰਜੀਤ ਕੌਰ ਦੀ ਅਗਵਾਈ 'ਚ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਵਿਖੇ ਹੋਈਆਂ ਖਾਲਸਾਈ ਖੇਡਾਂ ਦੀ ਸਮਾਪਤੀ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫਤਰ ਦੇਖਣ ਦੀ ਰੀਝ ਨਾਲ ਪੁੱਜੇ ਖਿਡਾਰੀ/ਖਿਡਾਰਨਾਂ ਵਿੱਚੋਂ ਨੈਸ਼ਨਲ ਪੱਧਰ ਤੇ ਖੇਡਣ ਲਈ ਚੁਣੇ ਗਏ ਸ.ਚੰਨਪ੍ਰੀਤ ਸਿੰਘ ਤੇ ਸ.ਸੰਨਪ੍ਰੀਤ ਸਿੰਘ ਅਤੇ ਪ੍ਰਿੰਸੀਪਲ ਹਰਜੀਤ ਕੌਰ ਨੂੰ ਵਧਾਈ ਦੇਂਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ.ਰੂਪ ਸਿੰਘ, ਸ.ਸਤਬੀਰ ਸਿੰਘ ਤੇ ਸ.ਮਨਜੀਤ ਸਿੰਘ ਅਤੇ ਓ.ਐਸ.ਡੀ. ਸ.ਜੋਗਿੰਦਰ ਸਿੰਘ ਨੇ ਸਾਂਝੇ ਰੂਪ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ.ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ, ਸ.ਜਗਜੀਤ ਸਿੰਘ ਮੀਤ ਸਕੱਤਰ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਪਰਮਿੰਦਰ ਸਿੰਘ ਇੰਚਾਰਜ ਯਾਤਰਾ ਤੇ ਸ.ਗੁਰਨਾਮ ਸਿੰਘ ਇੰਚਾਰਜ ਟ੍ਰਸਟ, ਸ.ਹਰਮਿੰਦਰ ਸਿੰਘ ਮੂਧਲ ਸੁਪ੍ਰਿੰਟੈਂਡੈਂਟ, ਸ.ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ ਆਦਿ ਮੌਜੂਦ ਸਨ।                 
                                                                                   

Tuesday, October 08, 2013

ਕੀ ਹੋਵੇਗੀ ਅਗਲੀ ਮੰਜ਼ਿਲ?

ਖੇਡ ਦੇ ਮੈਦਾਨ ਵਿੱਚ ਚਿੰਤਨ ਮੰਨਨ ਅਤੇ ਪੜਚੋਲ 
ਮੈਦਾਨ ਗੋਲਫ ਦੀ ਖੇਡ ਦਾ ਹੋਵੇ ਜਾਂ ਫਿਰ ਜਿੰਦਗੀ ਦੀ ਖੇਡ ਦਾ---ਸੋਚ-ਵਿਚਾਰ, ਚਿੰਤਨ ਮੰਨਨ ਸਭ ਕੁਝ ਨਾਲੋ ਨਾਲ ਚਲਦਾ ਹੈ।ਸੋਚਣਾ ਵਿਚਾਰਨਾ ਸਦਾ ਪਿਛਾ ਨਹੀਂ ਛੱਡਦਾ।  ਸੋਚ ਵਿਚਾਰ ਜਿਊਂਦੇ ਹੋਣ ਦੀ ਨਿਸ਼ਾਨੀ ਵੀ ਹੈ ਅਤੇ ਵਿਕਾਸ ਦਾ ਇੱਕ ਜਰੂਰੀ ਜ਼ਰੀਆ  ਵੀ।  ਖੇਡ ਦੇ ਮੈਦਾਨ ਵਿੱਚ ਕਈ ਵਾਰ ਅਜਿਹੇ ਪਲ ਵੀ ਆਉਂਦੇ ਹਨ ਜਦੋਂ ਮੁਕਾਬਲੇ ਵਾਲੀ ਭੱਜ ਨਠ ਤੋਂ ਦੂਰ ਫੁਰਸਤ ਦੇ ਕੁਝ ਅਜਿਹੇ ਪਲ ਵੀ ਨਸੀਬ ਹੁੰਦੇ ਹਨ ਜਦੋਂ ਖੇਡ ਵਿੱਚ ਹੋਈ ਜਾਂ ਹੋ ਰਹੀ ਹਾਰ ਦੇ ਸਾਰੇ ਪਹਿਲੂਆਂ ਬਾਰੇ ਚੰਗੀ ਤਰ੍ਹਾਂ ਸੋਚਿਆ ਵਿਚਾਰਿਆ ਜਾ  ਸਕਦਾ ਹੈ। ਨਵੇਂ ਨਿਸ਼ਾਨੇ ਮਿੱਥੇ ਜਾ ਸਕਦੇ ਹਨ। ਨਵੀਆਂ ਮੰਜਿਲਾਂ ਸਰ ਕਰਨ ਦੀ ਯੋਜਨਾ ਬਣਾਈ ਜਾ ਸਕਦੀ ਹੈ। ਕੁਝ ਅਜਿਹੇ ਹੀ ਪਲ ਮਿਲੇ ਲੱਗਦੇ ਹਨ ਗੋਲਫ ਦੀ ਇਸ ਖਿਡਾਰਨ ਐਮਾਂਡਾ ਡਫਨਰ ਨੂੰ। ਇਹ ਤਸਵੀਰ ਅਸੀਂ ਜਗਬਾਣੀ ਦੇ ਧੰਨਵਾਦ ਸਹਿਤ ਪ੍ਰਕਾਸ਼ਿਤ ਕ਼ਰ  ਰਹੇ ਹਾਂ। ਤੁਹਾਨੂੰ ਇਹ ਤਸਵੀਰ ਲੱਗੀ ਜਰੂਰ ਦੱਸਣਾ। ਜੇ ਤੁਹਾਡੇ ਕੋਲ ਵੀ ਕੋਈ  ਏਹੋ ਜਿਹੀ ਤਸਵੀਰ ਹੋਵੇ  ਤਾਂ ਜਰੂਰ ਭੇਜੋ। ਅਸੀਂ ਉਸਨੂੰ ਤੁਹਾਡੇ ਨਾਮ ਨਾਲ ਪ੍ਰਕਾਸ਼ਿਤ ਕਰਾਂਗੇ। ਜੇ ਤੁਹਾਡੇ ਨੇੜੇ ਤੇੜੇ ਕੋਈ ਖੇਡ ਮੁਕਾਬਲਾ ਹੋ ਰਿਹਾ ਹੋਵੇ ਜਾਂ ਅਜਿਹੇ ਹੀ ਕੁਝ ਪਲਾਂ ਦੌਰਾਨ ਕਿਸੇ ਖਿਡਾਰੀ ਖਿਡਾਰਨ ਨਾਲ ਗੱਲਬਾਤ ਦਾ ਕੋਈ  ਹੋਵੇ ਤਾਂ  ਵੀ ਭੇਜੋ। ਜੇ  ਨਾਲ  ਹੈ ਤਾਂ  ਵੀ ਭੇਜੋ। ਮੇਲ ਭੇਜਣ ਦਾ ਪਤਾ ਉਹੀ ਹੈ: punjabscreen@gmail.com

Monday, September 02, 2013

ਸਾਨੀਆ, ਪੇਸ ਅਤੇ ਬੋਪੰਨਾ ਨੇ ਗੱਡੇ ਜਿੱਤ ਦੇ ਝੰਡੇ

ਟੈਨਿਸ ਪ੍ਰੇਮੀਆਂ ਵਿੱਚ ਉਤਸ਼ਾਹ ਦੀ ਨਵੀਂ ਲਹਿਰ 
ਰੋਜ਼ਾਨਾ ਜਗਬਾਣੀ 'ਚ ਪ੍ਰਕਾਸ਼ਿਤ ਖਬਰ 
ਟੈਨਿਸ ਦੇ ਖੇਤਰ ਵਿੱਚ ਸਾਨੀਆ ਮਿਰਜ਼ਾ ਇੱਕ ਵਾਰ ਫੇਰ ਨਵੀਆਂ ਉਮੀਦਾਂ ਵਾਲੀ ਜੇਤੂ ਖਬਰ ਲੈ ਕੇ ਅਖਬਾਰੀ ਸੁਰਖੀਆਂ ਦਾ ਸ਼ਿੰਗਾਰ ਬਣੀ ਹੈ ਨਿਊਯਾਰਕ ਡੇਟ ਲਾਈਨ ਨਾਲ ਛਪੀਆਂ ਖਬਰਾਂ ਖੇਡ ਪ੍ਰੇਮੀਆਂ ਨੂੰ ਇੱਕ ਵਾਰ ਫੇਰ ਨਵੇਂ ਉਤਸ਼ਾਹ ਨਾਲ ਭਰ ਰਹੀਆਂ ਹਨ ਭਾਰਤੀ ਸਟਾਰ ਸਾਨੀਆ ਮਿਰਜ਼ਾ, ਰੋਹਨ ਬੋਪੰਨਾ, ਅਨੁਭਵੀ ਖਿਡਾਰੀ ਲੀਏਂਡਰ ਪੇਸ ਤੇ ਦਿਵਿਜ ਸ਼ਰਨ ਨੇ ਭਾਰਤੀ ਉਮੀਦਾਂ ਨੂੰ ਜਿਊਂਦਾ ਰੱਖਦੇ ਹੋਏ ਯੂ. ਐੱਸ. ਓਪਨ ਦੇ ਡਬਲਜ਼ ਵਿਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਅਗਲੇ ਦੌਰ ਵਿੱਚ ਪਨੀ ਐਂਟਰੀ ਪੱਕੀ ਕਰ ਲਈ ਹੈ। ਕਾਬਿਲ-ਏ-ਜ਼ਿਕਰ ਹੈ ਕਿ ਭਾਰਤ ਦੇ ਸੋਮਦੇਵ ਦੇਵਵਰਮਨ ਤੇ ਮਹੇਸ਼ ਭੂਪਤੀ ਦੀ ਹਾਰ ਤੋਂ ਬਾਅਦ ਭਾਰਤੀ ਉਮੀਦਾਂ ਨੂੰ ਤਕੜਾ ਝਟਕਾ ਲੱਗਾ ਸੀ ਪਰ ਸਾਲ ਦੇ ਆਖਰੀ ਗ੍ਰੈਂਡ ਸਲੈਮ ਵਿਚ ਉਤਰੇ ਹੋਰਨਾਂ ਭਾਰਤੀ ਟੈਨਿਸ ਖਿਡਾਰੀਆਂ ਨੇ ਜਿੱਤ ਵਾਲਾ ਝੰਡਾ ਬੁਲੰਦ ਰੱਖਿਆ।
10ਵੀਂ ਸੀਡ ਸਾਨੀਆ ਤੇ ਚੀਨ ਦੀ ਝੇਂਗ ਜੀ ਦੀ ਜੋੜੀ  ਨੇ ਹੰਗਰੀ ਦੀ ਕੈਟਾਲਿਨ ਮਰੋਸੀ ਤੇ ਅਮਰੀਕਾ ਦੀ ਮੇਗਨ ਮੋਲਟਨ ਲੇਵੀ ਨੂੰ 6-3, 7-5 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਦੀ ਐਂਟਰੀ ਸੁਨਿਸਚਿਤ ਕਰ ਲਈ।  ਦਿਵਿਜ ਸ਼ਰਨ ਤੇ ਉਸ ਦੇ ਜੋੜੀਦਾਰ ਚੀਨੀ ਤਾਈਪੇ ਦੇ ਯੇਨ ਸਨ ਲੂ ਨੇ ਇਸਰਾਈਲ ਦੇ ਜੋਨਾਥਨ ਏਰਲਿਚ ਤੇ ਐਂਡੀ ਰੈਮ ਦੀ ਜੋੜੀ ਨੂੰ 6-4, 5-7, 7-6 ਨਾਲ ਤੇ ਲੀਏੇਂਡਰ ਪੇਸ ਤੇ ਚੈੱਕ ਗਣਰਾਜ ਦੇ ਰਾਡੇਕ ਸਟੇਪਾਨੇਕ ਦੀ ਜੋੜੀ ਨੇ ਜਰਮਨੀ ਦੇ ਡੇਨੀਅਲ ਬ੍ਰਾਂਡਰਸ ਤੇ ਆਸਟਰੀਆ ਦੇ ਫਿਲਿਪ ਓਸਵਾਲਡ ਨੂੰ 4-6, 6-3, 6-4 ਨਾਲ ਹਰਾ ਕੇ ਤੀਸਰੇ ਦੌਰ ਵਿਚ ਪ੍ਰਵੇਸ਼ ਕਰ ਲਿਆ।  ਇਸ ਤੋਂ ਇਲਾਵਾ ਰੋਹਨ ਬੋਪੰਨਾ ਤੇ ਉਸ ਦੇ ਫ੍ਰਾਂਸੀਸੀ ਜੋੜੀਦਾਰ ਐਡੂਅਰਡ ਰੋਜਰ ਵੈਸੇਲਿਨ ਦੀ ਛੇਵਾਂ ਦਰਜਾ ਜੋੜੀ ਨੂੰ 7-6, 7-6 ਨਾਲ ਹਰਾ ਕੇ ਅਗਲੇ ਦੌਰ ‘ਚ ਪ੍ਰਵੇਸ਼ ਕੀਤਾ। ਹੁਣ ਦੇਖਣਾ ਹੈ ਕਿ ਇਹਨਾਂ ਉਮੀਦਾਂ ਨੂੰ ਬਰਕਰਾਰ ਰੱਖਨ ਵਿੱਚ ਹ ਖਿਡਾਰੀ ਕਿੰਨਾ ਕੁ ਕਾਮਯਾਬ ਰਹਿੰਦੇ ਹਨਇੱਕ ਵਾਰ ਫੇਰ

Tuesday, July 16, 2013

ਗੋਲਫ: ਬ੍ਰਿਟਿਸ਼ ਓਪਨ ਦੀ ਚੁਣੌਤੀ

ਹੁਣ ਮੈਂ ਪੂਰੀ ਤਰ੍ਹਾਂ ਤਿਆਰ: ਸ਼ਿਵ ਕਪੂਰ
ਮੁਦਰਫੀਲਡ: ਭਾਰਤੀ ਗੋਲਫਰ ਸ਼ਿਵ ਕਪੂਰ ਇੱਕ ਵਾਰ ਫਿਰ ਉਤਸ਼ਾਹ ਵਿੱਚ ਹੈ। ਉਸਨੇ ਕਿਹਾ ਹੈ ਕਿ ਮੇਜਰ ਚੈਂਪੀਅਨ ਸਰ ਨਿਕ ਫਾਲਦੋ ਤੋਂ ਮਿਲੀ ਸਲਾਹ ਤੋਂ ਬਾਅਦ ਉਸ ਨੂੰ ਲੱਗ ਰਿਹਾ ਹੈ ਕਿ ਉਹ ਵੀਰਵਾਰ ਤੋਂ ਸ਼ੁਰੂ ਹੋ ਰਹੇ ਬ੍ਰਿਟਿਸ਼ ਓਪਨ ਟੂਰਨਾਮੈਂਟ ਦੀ ਚੁਣੌਤੀ ਲਈ ਹੁਣ ਪੂਰੀ ਤਰ੍ਹਾਂ ਤਿਆਰ ਹੈ।
ਬ੍ਰਿਟਿਸ਼ ਓਪਨ ਵਿਚ ਭਾਰਤ ਦੀ ਅਗਵਾਈ ਕਰਨ ਵਾਲੇ ਇਕੋ ਇਕ ਗੋਲਫਰ ਸ਼ਿਵ ਨੇ ਕਿਹਾ ਕਿ ਮੈਨੂੰ ਲੱਗ ਰਿਹਾ ਹੈ ਕਿ ਚੈਂਪੀਅਨਸ਼ਿਪ ਵਿਚ ਇਕ ਭਾਰਤੀ ਖਿਡਾਰੀ ਦੇ ਤੌਰ 'ਤੇ ਮੇਰੇ ਕੋਲ  ਜਿੱਤਣ ਦਾ ਚੰਗਾ ਮੌਕਾ ਹੈ। ਉਸਨੇ ਬੜੇ ਹੀ ਜੋਸ਼ ਨਾਲ ਕਿਹਾ, "ਮੈਂ ਖੁਸ਼ ਹਾਂ ਕਿ ਇੱਥੇ ਮੈਂ ਭਾਰਤ ਦੀ ਅਗਵਾਈ ਕਰ ਰਿਹਾ ਹਾਂ। ਸਾਡੇ ਕੋਲ ਕਈ ਚੰਗੇ ਗੋਲਫਰ ਹਨ ਤੇ ਮੈਨੂੰ ਯਕੀਨ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਮੇਜਰ ਟੂਰਨਾਮੈਂਟ ਵਿਚ ਸਾਡੇ ਤਿੰਨ ਤੋਂ ਚਾਰ ਖਿਡਾਰੀ ਹਿੱਸਾ ਲੈਣਗੇ।'' ਸ਼ਿਵ ਕਪੂਰ ਦੇ ਇਸ ਬਿਆਨ ਨਾਲ ਭਾਰਤੀ ਗੋਲਫ ਪ੍ਰੇਮੀਆਂ ਵਿੱਚ ਕਾਫੀ ਉਤਸ਼ਾਹ ਹੈ। 
   ਇਸੇ ਦੌਰਾਨ ਬ੍ਰਿਟਿਸ਼ ਓਪਨ ਗੋਲ੍ਫ਼ ਚੈੰਪੀਅਨਸ਼ਿਪ ਦੇ ਅਭਿਆਸ ਸੈਸ਼ਨ ਦੌਰਾਨ ਅਮਰੀਕਾ ਦੀ ਲਿੰਡਸੇ ਵੋਨ ਵੀ ਉਚੇਚੇ ਤੌਰ ਤੇ ਪੁੱਜੀ। ਇਸ ਮੌਕੇ ਤੇ ਉਸਦੇ ਨਾਲ ਉਸਦਾ ਬੁਆਏ ਫਰੈਂਡ ਟਾਈਗਰ ਵੂਡਸ ਵੀ ਮੌਜੂਦ ਸੀ। ਲਿੰਡਸੇ ਦੇ ਚਿਹਰੇ ਦੀ ਚਮਕ ਤੁਸੀਂ ਇਸ ਤਸਵੀਰ ਰਹਿਣ ਵੀ ਮਹਿਸੂਸ ਕਰ ਸਕਦੇ ਹੋ। ਇਸ ਤਸਵੀਰ ਨੂੰ ਪ੍ਰਕਾਸ਼ਿਤ ਕੀਤਾ ਹੈ ਹਰਮਨ ਪਿਆਰੇ ਅਖਬਾਰ ਜਗ ਬਾਣੀ ਨੇ। ਧੰਨਵਾਦ ਸਹਿਤ ਇਹ ਤਸਵੀਰ ਇਥੇ ਵੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।

ਸਵਰਗੀ ਕਲਿਆਣ ਕੌਰ ਦੀਆਂ ਕੁਝ ਲਿਖਤਾਂ:--

Monday, July 08, 2013

ਮੁਰੇ ਦੀ ਸ਼ਾਨਦਾਰ ਜਿੱਤ

ਬ੍ਰਿਟੇਨ ਜਸ਼ਨ ਦੇ ਮਾਹੌਲ 'ਚ 
    ਲੰਡਨ- ਵਿੰਬਲਡਨ ਟੈਨਿਸ ਚੈਂਪੀਅਨਸ਼ਿਪ 'ਚ ਐਂਡੀ ਮੁਰੇ ਵੱਲੋਂ ਪੁਰਸ਼ ਸਿੰਗਲ ਵਰਗ ਦਾ ਖਿਤਾਬ ਆਪਣੇ ਨਾਂ ਕਰਨ ਤੋਂ ਬਾਅਦ ਪੂਰਾ ਬ੍ਰਿਟੇਨ ਜਸ਼ਨ ਦੇ ਮਾਹੌਲ 'ਚ ਡੁੱਬ ਗਿਆ। ਮੁਰੇ ਦੀ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਕਈ ਨੇਤਾਵਾਂ ਤੇ ਖਿਡਾਰੀਆਂ ਦੇ ਨਾਲ ਸਮਾਰੋਹ 'ਚ ਪਹੁੰਚੀ ਤੇ ਉਸ ਨੂੰ ਵਧਾਈ ਦਿੱਤੀ। 
     ਇਸ ਮੌਕੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਕਿਹਾ ਕਿ ਮੁਰੇ ਦਾ ਹੈਰਾਨੀਜਨਕ ਪ੍ਰਦਰਸ਼ਨ ਨਾ ਸਿਰਫ ਬ੍ਰਿਟਿਸ਼ ਟੈਨਿਸ ਸਗੋਂ ਦੇਸ਼ ਲਈ ਵੀ ਅਨੋਖਾ ਪਲ ਹੈ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। 
      ਕਈ ਖਿਡਾਰੀਆਂ ਤੇ ਨੇਤਾਵਾਂ ਨੇ ਮੁਰੇ ਨੂੰ ਟਵੀਟ ਕਰਕੇ ਵਧਾਈ ਦਿੱਤੀ। ਮੁਰੇ ਨੇ ਜੋਕੋਵਿਚ ਨਾਲ ਤਿੰਨ ਘੰਟੇ 9 ਮਿੰਟ ਤੱਕ ਚੱਲਿਆ ਉੱਚ ਪੱਧਰ ਦੀ ਟੈਨਿਸ ਦਾ ਇਹ ਮੁਕਾਬਲਾ ਜਿਵੇਂ ਹੀ ਜਿੱਤਿਆ ਪੂਰਾ ਬ੍ਰਿਟੇਨ ਖੁਸ਼ੀ 'ਚ ਲਹਿਰਾ ਉੱਠਿਆ।           ਇਹ ਮੁਕਾਬਲਾ ਅਜਿਹਾ ਸੀ ਜੋ ਬ੍ਰਿਟੇਨ ਦੇ ਇਤਿਹਾਸ 'ਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ।
(ਰੋਜ਼ਾਨਾ ਜਗ ਬਾਣੀ ਚੋਂ ਧੰਨਵਾਦ ਸਹਿਤ)

Saturday, June 01, 2013

ਅਗਲੀ ਵਾਰੀ ਕਿਸਦੇ ਹਥ

ਹੁਣ ਸ਼ਾਰਾਪੋਵਾ ਭਿੜੇਗੀ ਚੀਨ ਦੀ ਚਿਆਂਗ ਝੀ ਨਾਲ 
ਸੇਰੇਨਾ ਵਿਲੀਅਮਜ਼ ਦੀ ਸ਼ਾਨਦਾਰ ਜਿੱਤ 
ਇਸ ਖਬਰ ਦੀ ਤਸਵੀਰ ਰੋਜ਼ਾਨਾ ਜਗਬਾਣੀ ਬਣ ਚੋਂ ਧੰਨਵਾਦ ਸਹਿਤ 
ਸਿਆਸਤਦਾਨ ਆਪਣੀ ਸਿਆਸਤ ਵਿੱਚ ਰੁਝੇ ਹੋਏ ਹਨ, ਦਹਿਸ਼ਤਗਰਦ ਗਰੁੱਪ ਆਪਣੀਆਂ ਨਵੀਆਂ ਯੋਜਨਾਵਾਂ ਵਿੱਚ, ਵਪਾਰੀ ਅਤੇ ਕਾਰੋਬਾਰੀ ਆਪਣੇ ਨਵੇਂ ਨਿਸ਼ਾਨਿਆਂ ਵਿੱਚ ਅਤੇ ਸ਼ਰਾਰਤੀ ਆਪਣੀਆਂ ਸ਼ਰਾਰਤਾਂ ਵਿੱਚ ਪਰ ਸ ਸਭਕੁਝ ਦੇ ਦਰਮਿਆਨ ਖਿਡਾਰੀ ਅਤੇ ਖਿਡਾਰਨਾਂ ਆਪੋ ਆਪਣੀ ਖੇਡ ਦੇ ਖੇਤਰ ਵਿੱਚ ਨਵੀਆਂ ਮੰਜਿਲਾਂ ਸਰ ਕਰਨ ਵਿੱਚ ਮਸਰੂਫ ਹਨ। ਨਵੀਂ ਰਿਪੋਰਟ ਦੇ ਮੁਤਾਬਿਕ ਸ਼ਾਰਾਪੋਵਾ ਤੇ ਨਡਾਲ ਹੁਣ ਹੋਰ ਅੱਗੇ ਵਧੇ ਹਨ। ਪੈਰਿਸਡੇਟ ਲਾਈਨ ਨਾਲ ਮੀਡੀਆ ਦੀਆ ਖਬਰਾਂ ਦਸਦਿਆਂ ਹਨ ਕਿ ਗ੍ਰੈਂਡ ਸਲੈਮ ਖਿਤਾਬਾਂ ਦੇ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੇ ਦੁਨੀਆ ਦੀ ਨੰਬਰ ਇਕ ਖਿਡਾਰਨ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਸ਼ੁੱਕਰਵਾਰ 31 ਮਈ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਇਹ ਜਿੱਤ ਹਾਸਿਲ ਕਰਦਿਆਂ ਉਸਨੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਫਾਈਨਲ 'ਚ  ਜਗ੍ਹਾ ਵੀ ਬਣਾਈ ਹੈ, ਜਦਕਿ ਪਿਛਲੇ ਚੈਂਪੀਅਨ ਰਾਫੇਲ ਨਡਾਲ ਤੇ ਮਾਰੀਆ ਸ਼ਾਰਾਪੋਵਾ ਤੀਜੇ ਗੇੜ 'ਚ ਪਹੁੰਚ ਗਏ ਹਨ। ਦੂਜਾ ਦਰਜਾ ਹਾਸਲ ਫੈਡਰਰ ਨੇ ਤੀਜੇ ਗੇੜ 'ਚ ਫਰਾਂਸ ਦੇ ਜੂਲੀਅਨ ਬੇਨੇਤੂ ਨੂੰ ਇਕ ਘੰਟਾ 31 ਮਿੰਟਾਂ 'ਚ 6-3, 6-4, 7-5 ਨਾਲ ਹਰਾਇਆ ਜਦਕਿ ਟਾਪ ਸੀਡ ਸੇਰੇਨਾ ਨੇ ਰੋਮਾਨੀਆ ਦੀ ਸੋਰੇਨਾ ਕ੍ਰਿਸਟੀਆ ਨੂੰ ਇਕਪਾਸੜ ਮੈਚ 'ਚ 6-0, 6-2 ਨਾਲ ਹਰਾਇਆ। ਸੇਰੇਨਾ ਦੀ ਇਹ ਲਗਾਤਾਰ 26ਵੀਂ ਜਿੱਤ ਹੈ। 7 ਵਾਰ ਦੇ ਚੈਂਪੀਅਨ ਰਾਫੇਲ ਨਡਾਲ ਤੇ ਮਹਿਲਾ ਵਰਗ 'ਚ ਪਿਛਲੀ ਵਾਰ ਦੀ ਜੇਤੂ ਮਾਰੀਆ ਸ਼ਾਰਾਪੋਵਾ ਨੇ ਅੱਜ ਇਥੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ 'ਚ ਜਗ੍ਹਾ ਬਣਾ ਲਈ ਹੈ। ਮੀਂਹ ਕਾਰਨ ਨਡਾਲ ਕੱਲ ਕੋਰਟ 'ਤੇ ਨਹੀਂ ਉਤਰ ਸਕਿਆ ਸੀ। ਉਹ ਸਲੋਵਾਕਿਆ ਦੇ ਮਾਰਟਿਨ ਕਲੀਜਾਨ ਨੂੰ 4-6, 6-3, 6-3, 6-3 ਨਾਲ ਹਰਾਉਣ 'ਚ ਸਫਲ ਰਿਹਾ।  ਓਧਰ ਮਹਿਲਾ ਵਰਗ 'ਚ ਸ਼ਾਰਾਪੋਵਾ ਨੇ ਕੈਨੇਡਾ ਦੀ ਇਯੂਗੇਨੀ ਬੁਚਾਰਡ ਨੂੰ 6-2, 6-4 ਨਾਲ ਹਰਾ ਕੇ ਤੀਜੇ ਗੇੜ  'ਚ ਜਗ੍ਹਾ ਬਣਾਈ। ਦੂਜੇ ਗੇੜ ਦਾ ਇਹ ਮੈਚ ਵੀਰਵਾਰ ਨੂੰ ਪੂਰਾ ਨਹੀਂ ਸੀ ਹੋ ਸਕਿਆ ਸੀ। ਦੂਜਾ ਦਰਜਾ ਹਾਸਲ ਸ਼ਾਰਾਪੋਵਾ ਨੇ ਪਹਿਲਾ ਸੈੱਟ ਜਿੱਤਣ ਤੋਂ ਬਾਅਦ ਦੂਜੇ ਸੈੱਟ 'ਚ 4-2 ਦੀ ਬਡ਼੍ਹਤ ਬਣਾਈ ਹੋਈ ਸੀ। ਉਸ ਨੂੰ ਆਪਣਾ ਇਹ ਮੈਚ ਜਿੱਤਣ ਲਈ ਸਿਰਫ ਚਾਰ ਗੇਮਾਂ ਖੇਡਣੀਆਂ ਪਈਆਂ। ਸ਼ਾਰਾਪੋਵਾ ਅਗਲੇ ਗੇੜ 'ਚ ਚੀਨ ਦੀ ਚਿਆਂਗ ਝੀ ਨਾਲ ਭਿੜੇਗੀ, ਜਿਸ ਨੇ ਅਮਰੀਕਾ ਦੀ ਮੇਲੇਨੀ ਓਡਿਨ ਨੂੰ 6-3, 6-1 ਨਾਲ ਹਰਾਇਆ। ਮਹਿਲਾ ਵਰਗ ਦੇ ਹੋਰ ਮੈਚਾਂ 'ਚ ਰੂਸ ਦੀ 12ਵਾਂ ਦਰਜਾ ਹਾਸਲ ਮਾਰੀਆ ਕਿਰਲੈਂਕੋ ਤੇ ਫ੍ਰਾਂਸ ਦੀ 13ਵਾਂ ਦਰਜਾ ਹਾਸਲ ਮਾਰੀਅਨ ਬਾਰਤੋਲੀ ਨੇ ਵੀ ਤੀਜੇ ਗੇੜ 'ਚ ਜਗ੍ਹਾ ਬਣਾ ਲਈ ਹੈ। ਹੁਣ ਦੇਖਣਾ ਹੈ ਕਿ ਕਿਸਮਤ ਕਿਸ ਦਾ ਸਾਥ ਦੇਂਦੀ ਹੈ। ਨਤੀਜੇ ਕੁਝ ਵੀ ਹੋਣ ਪਰ ਲਗਾਤਾਰ ਸੰਘਰਸ਼ ਕਰਨਾ ਬਹੁਤ ਜਰੂਰੀ ਹੈ। 

ਹੁਣ ਪਟਕਾ ਬੰਨ੍ਹ ਕੇ ਫੁੱਟਬਾਲ ਖੇਡਣ 'ਤੇ ਵੀ ਪਾਬੰਦੀ

ਆਖਿਰ ਕਦੋਂ ਬੰਦ ਹੋਣਗੇ ਸਿੱਖਾਂ ਦੀ ਵੱਖਰੀ ਪਛਾਣ ਉੱਪਰ ਅਜਿਹੇ ਹਮਲੇ 
ਰੋਜ਼ਾਨਾ ਜਗ ਬਾਣੀ 'ਚ ਛਪੀ ਖਬਰ ਦੀ ਤਸਵੀਰ
ਪਹਿਲਾਂ ਤਾਂ ਵਿਵਾਦ ਚਲਦੇ ਸਨ ਸਿਰਫ ਦਸਤਾਰ ਨੂੰ ਲੈ ਕੇ ਪਰ ਹੁਣ ਪਟਕਾ ਬੰਨ੍ਹ ਕੇ ਫੁੱਟਬਾਲ ਖੇਡਣ 'ਤੇ ਵੀ ਪਾਬੰਦੀ ਲੱਗ  ਗਈ ਹੈ। ਇਸ ਪਾਬੰਦੀ ਦਾ ਸਿਧਾ ਅਸਰ ਪੈਣ ਵਾਲਾ ਹੈ ਸਿੱਖ ਖਿਡਾਰੀਆਂ ਤੇ। ਜਦੋਂ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਨੌਜਵਾਨਾਂ ਦੀ ਕਬੱਡੀ ਟੀਮ ਤਿਆਰ ਕਰਨ ਤੋਂ ਬਾਅਦ ਹੁਣ ਸਿੱਖ ਨੌਜਵਾਨਾਂ ਦੀ ਹਾਕੀ ਟੀਮ ਤਿਆਰ ਕਰਨ ਦੀਆਂ ਤਿਆਰੀਆਂ ਵਿੱਚ ਸਰਗਰਮ ਹੈ ਉਧਰ ਦੂਜੇ ਪਾਸੇ ਕੈਨੇਡਾ ਦੇ ਕਿਊਬਕ ਸੂਬੇ ਦੇ ਸਿੱਖ ਨੌਜਵਾਨਾਂ 'ਤੇ ਪਟਕਾ ਬੰਨ੍ਹ ਕੇ ਸਾਕਰ (ਫੁੱਟਬਾਲ) ਖੇਡਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਰੋਜ਼ਾਨਾ ਜਗ ਬਾਣੀ ਨੇ ਜਗਰਾਓਂ ਤੋਂ ਆਪਣੇ ਰਿਪੋਰਟਰ ਸ਼ੇਤਰਾ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਇੱਕ ਖਬਰ ਵਿੱਚ ਦੱਸਿਆ ਹੈ ਕਿ ਇਸ ਪਾਬੰਦੀ ਕਾਰਨ ਉਥੋਂ ਦੇ ਸਿੱਖ ਭਾਈਚਾਰੇ 'ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਕੈਨੇਡਾ ਦੇ ਕਿਊਬਕ ਸੂਬੇ 'ਚ ਪਟਕਾ ਬੰਨ੍ਹ ਕੇ ਫੁੱਟਬਾਲ ਖੇਡਣ 'ਤੇ ਲਾਈ ਗਈ ਪਾਬੰਦੀ ਸਬੰਧੀ ਫੈਸਲਾ ਹਫਤੇ ਦੇ ਅੰਦਰ ਆ ਜਾਵੇਗਾ। ਇਸ ਫੈਸਲੇ ਨਾਲ ਇਹ ਸਪੱਸ਼ਟ ਹੋ ਜਾਵੇਗਾ ਕਿ ਪਟਕਾ ਬੰਨ੍ਹਣ ਵਾਲੇ ਖਿਡਾਰੀ ਫੁੱਟਬਾਲ ਖੇਡ ਸਕਦੇ ਹਨ ਜਾਂ ਨਹੀਂ। ਕੈਨੇਡਾ ਦਾ ਸਿੱਖ ਭਾਈਚਾਰਾ ਇਸ ਨੂੰ ਨਸਲੀ ਵਿਤਕਰਾ ਦੱਸ ਕੇ ਆਪਣੀ ਪੱਧਰ 'ਤੇ ਇਹ ਪਾਬੰਦੀ ਹਟਵਾਉਣ ਲਈ ਜੱਦੋਜਹਿਦ ਕਰ ਰਿਹਾ ਹੈ ਪਰ ਉਸ 'ਚ ਸ਼੍ਰੋਮਣੀ ਕਮੇਟੀ ਪ੍ਰਤੀ ਰੋਸ ਦੀ ਭਾਵਨਾ ਹੈ ਜਿਸ ਨੇ ਸਿੱਖਾਂ ਨਾਲ ਜੁੜੇ ਇਸ ਗੰਭੀਰ ਮਾਮਲੇ 'ਚ ਕੋਈ ਮਦਦ ਤਾਂ ਕੀ ਦੇਣੀ ਸੀ, ਹਾਲੇ ਤੱਕ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ। 
ਅਖਬਾਰ ਦੀ ਖਬਰ ਮੁਤਾਬਿਕ ਪਿਛਲੇ ਸਾਲ ਗਰਮੀਆਂ ਦੌਰਾਨ ਕੁਝ ਸਿੱਖ ਨੌਜਵਾਨਾਂ ਨੂੰ ਸਾਕਰ ਖੇਡਣ ਤੋਂ ਸਿਰਫ ਇਸ ਲਈ ਰੋਕ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਪਟਕਾ ਬੰਨ੍ਹਿਆ ਹੋਇਆ ਸੀ। ਇਨ੍ਹਾਂ ਨੌਜਵਾਨਾਂ ਨੂੰ ਸਾਕਰ ਐਸੋਸੀਏਸ਼ਨ ਨੇ ਕਿਹਾ ਸੀ ਕਿ ਜੇਕਰ ਉਹ ਸਾਕਰ (ਫੁੱਟਬਾਲ) ਖੇਡਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਆਪਣੇ ਪਟਕੇ ਉਤਾਰਨੇ ਪੈਣਗੇ। ਇਸ ਮਾਮਲੇ 'ਤੇ ਹਾਈ ਰੈਂਕਿੰਗ ਮੈਂਬਰ ਆਫ ਸਾਕਰ ਫੈਡਰੇਸ਼ਨ ਵੱਲੋਂ ਇਸ ਹਫਤੇ ਹੋਣ ਵਾਲੀ ਜਨਰਲ ਅਸੈਂਬਲੀ ਦੌਰਾਨ ਵੋਟਾਂ ਪਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਸਿੱਖ ਖਿਡਾਰੀਆਂ ਵੱਲੋਂ ਪਟਕੇ ਬੰਨ੍ਹੇ ਜਾਣ ਕਾਰਨ ਉਨ੍ਹਾਂ ਨੂੰ ਕਿਊਬਕ 'ਚ ਸਾਕਰ ਖੇਡਣ ਤੋਂ ਰੋਕ ਦਿੱਤਾ ਗਿਆ ਸੀ। ਫੈਡਰੇਸ਼ਨ ਦੇ ਇਸ ਫੈਸਲੇ ਕਾਰਨ ਸਿੱਖ ਭਾਈਚਾਰੇ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਿੱਖ ਖਿਡਾਰੀ ਬੀਤੇ ਕਈ ਸਾਲਾਂ ਤੋਂ ਰਾਸ਼ਟਰੀ ਪੱਧਰ 'ਤੇ ਸਾਕਰ ਖੇਡਦੇ ਆ ਰਹੇ ਹਨ ਅਤੇ ਉਸ ਸਮੇਂ ਕਿਸੇ ਨੇ ਵੀ ਸਿੱਖ ਖਿਡਾਰੀਆਂ ਦੇ ਪਟਕੇ 'ਤੇ ਇਤਰਾਜ਼ ਨਹੀਂ ਕੀਤਾ। ਸਿੱਖ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਅਜਿਹਾ ਸਿਰਫ ਨਸਲੀ ਵਿਤਕਰੇ ਕਾਰਨ ਕੀਤਾ ਜਾ ਰਿਹਾ ਹੈ ਅਤੇ ਸਿੱਖ ਇਸ ਜ਼ਬਰਦਸਤੀ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ। 
ਕਿਊਬਕ ਵਿਚ ਰਹਿਣ ਵਾਲੇ ਸਿੱਖਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਨਾਲ ਇਹ ਵਿਤਕਰਾ ਬੰਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਕਿਸੇ ਵੀ ਹੋਰ ਖੇਡ ਵਿਚ ਹਿੱਸਾ ਨਹੀਂ ਲੈਣਗੇ। ਦੂਜੇ ਪਾਸੇ ਕੈਨੇਡਾ ਦੇ ਵਿਸ਼ਵ ਸਿੱਖ ਸੰਗਠਨ ਦੇ ਉਪ ਮੁਖੀ ਮੁਖਬੀਰ ਸਿੰਘ ਨੇ ਕਿਹਾ ਕਿ ਸਾਕਰ ਫੈਡਰੇਸ਼ਨ ਦਾ ਇਹ ਫੈਸਲਾ ਕਿਸੇ ਵੀ ਹਾਲਤ ਵਿਚ ਸਵੀਕਾਰਨਯੋਗ ਨਹੀਂ ਹੈ ਅਤੇ ਸਿੱਖ ਜਥੇਬੰਦੀਆਂ ਇਸ ਫੈਸਲੇ ਖਿਲਾਫ ਲਗਾਤਾਰ ਸੰਘਰਸ਼ ਕਰਨਗੀਆਂ। ਦੂਜੇ ਪਾਸੇ ਕਿਊਬਕ ਸਾਕਰ ਫੈਡਰੇਸ਼ਨ ਨੇ ਆਪਣੇ ਇਸ ਫੈਸਲੇ ਨੂੰ ਸਹੀ ਕਰਾਰ ਦਿੰਦੇ ਹੋਏ ਦਲੀਲ ਦਿੱਤੀ ਹੈ ਕਿ ਅੰਤਰਰਾਸ਼ਟਰੀ ਸਾਕਰ ਫੈਡਰੇਸ਼ਨ ਦੇ ਨਿਯਮਾਂ ਅਨੁਸਾਰ ਕੋਈ ਵੀ ਖਿਡਾਰੀ ਸਿਰ ਉਪਰ ਪੱਗ/ਪਟਕਾ ਬੰਨ੍ਹ ਕੇ ਨਹੀਂ ਖੇਡ ਸਕਦਾ, ਇਸ ਲਈ ਕਿਊਬਕ ਫੈਡਰੇਸ਼ਨ ਦਾ ਇਹ ਫੈਸਲਾ ਅੰਤਰਰਾਸ਼ਟਰੀ ਸਾਕਰ ਨਿਯਮਾਂ ਦੇ ਅਨੁਕੂਲ ਹੈ। 
 ਕੈਨੇਡਾ 'ਚ ਕਿਊਬਕ ਹੀ ਅਜਿਹਾ ਸੂਬਾ ਹੈ ਜਿਥੇ ਸਾਕਰ ਖੇਡਣ ਵਾਲੇ ਖਿਡਾਰੀਆਂ ਉਪਰ ਪੱਗ/ਪਟਕਾ ਬੰਨ੍ਹ ਕੇ ਖੇਡਣ ਉਪਰ ਪਾਬੰਦੀ ਲਗਾਈ ਗਈ ਹੈ ਜਦਕਿ ਦੇਸ਼ ਦੇ ਦੂਜੇ ਸੂਬਿਆਂ ਵਿਚ ਸਿੱਖ ਖਿਡਾਰੀਆਂ ਨੂੰ ਪੱਗ ਅਤੇ ਪਟਕੇ ਬੰਨ੍ਹ ਕੇ ਖੇਡਣ ਦੀ ਆਗਿਆ ਹੈ। ਇਸੇ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਇਸ ਫੈਸਲੇ ਦੀ ਸਖਤ ਆਲੋਚਨਾ ਕਰਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਉਹ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਧਿਆਨ 'ਚ ਮਾਮਲਾ ਲਿਆਉਣਗੇ ਅਤੇ ਇਸ ਸਬੰਧੀ ਕੈਨੇਡਾ ਦੇ ਸਿੱਖਾਂ ਨਾਲ ਰਾਬਤਾ ਕਾਇਮ ਕਰਕੇ ਸ਼੍ਰੋਮਣੀ ਕਮੇਟੀ ਯੋਗ ਕਦਮ ਚੁੱਕੇਗੀ। ਉਨ ਦੇਖਣਾ ਹੈ ਕਿ ਸਿੱਖਾਂ ਦੀ ਵੱਖਰੀ ਪਛਾਣ ਉੱਤੇ ਆਏ ਦਿਨ ਹੋਣ ਵਾਲੇ ਅਜਿਹੇ ਹਮਲੇ ਆਖਿਰ ਕਦੋਂ ਬੰਦ ਹੁੰਦੇ ਹਨ?

Tuesday, April 16, 2013

ਪੀ ਏ ਯੂ ਮੁਲਾਜ਼ਮ ਖੇਡ ਸਮਾਗਮ

ਅੱਜ ਚੌਥਾ ਦਿਨ ਅਤੇ ਕੱਲ ਨੂੰ ਆਖਰੀ ਦਿਨ
ਲੁਧਿਆਣਾ 16 ਅਪ੍ਰੈਲ (ਗੁਲਜ਼ਾਰ ਪੰਧੇਰ) ਪੀ ਏ ਯੂ ਇੰਪਲਾਈਜ਼ ਯੂਨੀਅਨ (ਮਾਨਤਾ ਪ੍ਰਾਪਤ) ਲੁਧਿਆਣਾ ਵੱਲੋਂ ਪਿਛਲੀ 10 ਅਪ੍ਰੈਲ ਤੋਂ ਮੁਲਾਜ਼ਮ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਅੱਜ ਚੌਥੇ ਦਿਨ ਕ੍ਰਿਕਟ ਦੇ ਮੈਚ ਹੋਏ। ਇਸ ਤੋਂ ਪਹਿਲਾਂ ਬੈਡਮਿੰਟਨ, ਟੇਬਰ ਟੈਨਿਸ, ਫੁੱਟਬਾਲ, ਬਾਲੀਬਾਲ, ਹਾਕੀ, ਕ੍ਰਿਕਟ ਦੇ ਮੈਚ ਹੋ ਚੁੱਕੇ ਹਨ। ਇਹ ਖੇਡਾਂ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਬਲਦੇਵ ਸਿੰਘ ਵਾਲੀਆ, ਲਖਵਿੰਦਰ ਸਿੰਘ ਸੰਧੂ ਅਤੇ ਗੁਰਮੇਲ ਸਿੰਘ ਤੁੰਗ, ਮਨਮੋਹਨ ਸਿੰਘ ਦੀ ਅਗਵਾਈ ਵਿੱਚ ਬਾਖੂਬੀ ਚੱਲ ਰਹੀਆਂ ਹਨ। 
ਕੱਲ ਯਾਨੀ 17 ਅਪ੍ਰੈਲ 2013 ਨੂੰ ਇਸ ਖੇਡ ਸਮਾਗਮ ਦਾ ਅੰਤਿਮ ਦਿਨ  ਹੋਵੇਗਾ। ਇਸ ਦਿਨ ਕਬੱਡੀ ਤੋਂ ਇਲਾਵਾ ਔਰਤਾਂ ਅਤੇ ਮਰਦਾਂ ਦੀਆਂ ਦੌੜਾਂ, ਗੋਲਾ ਸੁਟਣਾ, ਨੇਜਾ ਸੁੱਟਣਾ, ਪਾਥੀ ਸੁੱਟਣੀ, ਉੱਚੀ ਅਤੇ ਲੰਮੀ ਛਾਲ, ਰੱਸਾ ਖਿੱਚਣ ਦੇ ਮੁਕਾਬਲੇ ਹੋਣਗੇ। ਇਸਤਰੀਆਂ ਦੀ ਤਿੰਨ ਟੰਗੀ ਰੇਸ, ਨਿੰਬੂ ਚਮਚ ਰੇਸ ਅਤੇ ਸੰਗੀਤਕ ਕੁਰਸੀ ਦੀ ਗੇਮ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਇਸ ਦਿਨ ਪੀ ਏ ਯੂ ਦੇ ਰਜਿਸਟਰਾਰ ਸਾਹਿਬ ਡਾ. ਪੀ ਕੇ ਖੰਨਾ ਅਤੇ ਕੰਪਟਰੋਲਰ ਪੀ ਏ ਯੂ ਅਵਤਾਰ ਚੰਦ ਰਾਣਾ ਝੰਡਾ ਲਹਿਰਾਉਣ, ਉਦਘਾਟਨ ਕਰਨ ਦੀ ਰਸਮ ਅਦਾ ਕਰਨ ਦੇ ਨਾਲ ਨਾਲ ਕਬੱਡੀ ਅਤੇ ਐਥਲੈਟਿਕ ਦੀਆਂ ਗੇਮਾਂ ਸਮੇਂ ਹਾਜ਼ਰੀ ਭਰ ਕੇ ਖੇਡਾਂ ਦੀ ਰੋਣਕ ਨੂੰ ਵਧਾਉਣਗੇ। ਅੱਜ ਪੀ ਏ ਯੂ ਇੰਪਲਾਈਜ਼ ਯੂਨੀਅਨ ਦੇ ਸਾਬਕਾ ਜਰਨਲ ਸਕੱਤਰ ਅੰਮ੍ਰਿਤਪਾਲ ਸਿੰਘ ਜੀ ਨੇ ਖਿਡਾਰੀਆਂ, ਮੁਲਾਜ਼ਮਾਂ ਅਤੇ ਵਿਭਿੰਨ ਅਫਸਰਾਂ ਦਾ ਖੇਡਾਂ ਵਿੱਚ ਭਰਵੀਂ ਸ਼ਮੂਲੀਅਤ ਲਈ ਧੰਨਵਾਦ ਕੀਤਾ। ਯੁਨੀਅਨ ਦੇ ਪ੍ਰਧਾਨ ਸ. ਪਰਮਜੀਤ ਸਿੰਘ ਗਿੱਲ ਅਤੇ ਜਰਨਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਮੁੱਚੇ ਮੁਲਾਜ਼ਮਾਂ ਨੂੰ ਕੱਲ 17 ਅਪ੍ਰੈਲ ਨੂੰ ਖੇਡਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਇਨ੍ਰਾਂ ਖੇਡਾਂ ਦੇ ਮੰਤਵ ਲਈ 17 ਅਪ੍ਰੈਲ 2013 ਨੂੰ 10 ਵਜੇ ਤੋਂ 12 ਵਜੇ ਤੱਕ ਬਕਾਇਦਾ ਛੁੱਟੀ ਕਰਵਾਈ ਗਈ ਹੈ। ਇਹਨਾਂ  ਖੇਡਾਂ ਵਿੱਚ ਪੀ ਏ ਯੂ ਇੰਪਲਾਈਜ਼ ਯੂਨੀਅਨ ਦੇ ਵਿੱਤ ਸਕੱਤਰ ਜਰਨੈਲ ਸਿੰਘ, ਪ੍ਰਵੀਨ ਗਰਗ, ਸਕੱਤਰ ਲਾਲ ਬਹਾਦਰ ਯਾਦਵ, ਗੁਰਪ੍ਰੀਤ ਸਿੰਘ ਢਿੱਲੋਂ ਤੋਂ ਇਲਾਵਾ ਹਰਵਿੰਦਰ ਸਿੰਘ, ਕੁਲਦੀਪ ਸਿੰਘ, ਜੈਪਾਲ, ਮੋਹਨ ਲਾਲ ਆਦਿ ਸਾਰੇ ਮੈਂਬਰ ਸਰਗਰਮੀ ਨਾਲ ਕੰਮ ਕਰ ਰਹੇ ਹਨ। ਸੋ ਇਸ ਤਰ੍ਹਾਂ ਇਹ ਖੇਡਾਂ ਕਮ ਸੱਭਿਆਚਾਰਕ ਸਰਗਰਮੀਆਂ ਯੂਨੀਵਰਸਿਟੀ ਦੇ ਕੰਮ ਦੀ ਕਵਾਲਟੀ ਨੂੰ ਉੱਚਾ ਚੁੱਕਣ ਲਈ ਬਹੁਤ ਹੀ ਸਹਾਈ ਹੋਣਗੀਆਂ।

Monday, March 04, 2013

ਬਲਦੇਵ ਸਿੰਘ ਖੱਟੜਾ ਯਾਦਗਾਰੀ ਦੂਜਾ ਕਬੱਡੀ ਕੱਪ

ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਨੇ ਲਗਾਤਾਰ ਦੂਜੇ ਸਾਲ ਜਿੱਤਿਆ ਕਬੱਡੀ ਕੱਪ
ਖੰਨਾ, 3 ਮਾਰਚ:(ਪੰਜਾਬ ਸਕਰੀਨ// ਰੈਕਟਰ ਕਥੂਰੀਆ//ਐਸ ਕੇ ਗੋਗਨਾ)ਸ਼੍ਰੋਮਣੀ ਕਮੇਟੀ ਦੀ ਟੀਮ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਕਬੱਡੀ ਅਕੈਡਮੀ ਫਤਹਿਗੜ੍ਹ ਸਾਹਿਬ ਨੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਬਾਬਾ ਲਖਬੀਰ ਸਿੰਘ ਕਬੱਡੀ ਅਕੈਡਮੀ ਘਰਿਆਲਾ ਨੂੰ 45-19 ਨਾਲ ਹਰਾ ਕੇ ਸ. ਬਲਦੇਵ ਸਿੰਘ ਖੱਟੜਾ ਯਾਦਗਾਰੀ ਦੂਜੇ ਕਬੱਡੀ ਕੱਪ 'ਤੇ ਕਬਜ਼ਾ ਜਮਾਉਂਦਿਆ 1 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ.ਦਲਮੇਘ ਸਿੰਘ ਖੱਟੜਾ ਦੀ ਅਗਵਾਈ ਵਿੱਚ ਹਰਮਨ ਖੱਟੜਾ ਕਬੱਡੀ ਸਪੋਰਟਸ ਕਲੱਬ ਖੱਟੜਾ ਵੱਲੋਂ ਪਿੰਡ ਖੱਟੜਾ ਵਿਖੇ ਕਰਵਾਏ ਗਏ ਲਗਾਤਾਰ ਦੂਜੇ ਸਾਲ ਕਬੱਡੀ ਕੱਪ ਵਿੱਚ ਦਰਸ਼ਕਾਂ ਦੇ ਭਾਰੀ ਇਕੱਠ ਦੌਰਾਨ ਕਬੱਡੀ ਦੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਅੱਜ ਦੇ ਮੈਚਾਂ ਦੌਰਾਨ ਮੀਰੀ ਪੀਰੀ ਅਕੈਡਮੀ ਛੇਹਰਟਾ ਵੱਲੋਂ ਆਈਆਂ ਅਮਰੀਕੀ ਬੱਚਿਆਂ ਅਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲਾ (ਬਰਨਾਲਾ) ਦੀਆਂ ਵਿਦਿਆਰਥਣਾਂ ਨੇ ਗੱਤਕੇ ਦੇ ਹੈਰਤ ਅੰਗੇਜ਼ ਕਰਤੱਬ ਦਿਖਾਏ।

ਸਮਾਪਤੀ ਮੌਕੇ ਇਨਾਮਾਂ ਦੀ ਵੰਡ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਹਲਕਾ ਖੰਨਾ ਦੇ ਇੰਚਾਰਜ  ਸ. ਰਣਜੀਤ ਸਿੰਘ ਤਲਵੰਡੀ ਨੇ ਕੀਤੀ। ਸ਼੍ਰੋਮਣੀ ਕਮੇਟੀ ਦੀ ਜੇਤੂ ਟੀਮ ਨੇ 1 ਲੱਖ ਰੁਪਏ ਅਤੇ ਉਪ ਜੇਤੂ ਘਰਿਆਲਾ ਟੀਮ ਨੂੰ 75 ਹਜ਼ਾਰ ਰੁਪਏ ਦਾ ਨਗਦ ਇਨਾਮ ਅਤੇ ਟਰਾਫੀ ਦਿੱਤੀ। ਸ. ਲਖਬੀਰ ਸਿੰਘ ਕਲਾਲਮਾਜਰਾ ਵੱਲੋਂ ਆਪਣੇ ਸਵਰਗੀ ਪੁੱਤਰ ਕਾਕਾ ਸਰਬਜੀਤ ਸਿੰਘ ਕਾਲੀਰਾਓ ਦੀ ਯਾਦ ਵਿੱਚ ਸਰਵੋਤਮ ਰੇਡਰ ਗੁਰਮੀਤ ਸਿੰਘ ਮੰਡੀਆ ਅਤੇ ਸਰਵੋਤਮ ਜਾਫੀ ਸਾਂਝੇ ਤੌਰ ਗੁਰਪ੍ਰੀਤ ਗੋਪੀ ਮਾਣਕੀ ਤੇ ਸੱਤੂ ਖਡੂਰ ਸਾਹਿਬ ਨੂੰ 11-11 ਹਜ਼ਾਰ ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ।

ਸ. ਦਲਮੇਘ ਸਿੰਘ ਖੱਟੜਾ ਨੇ ਅੰਤ ਵਿੱਚ ਟੂਰਨਾਮੈਂਟ ਵਿੱਚ ਪਹੁੰਚੇ ਖਿਡਾਰੀਆਂ, ਪਿੰਡ ਵਾਸੀਆਂ, ਦਰਸ਼ਕਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਪਹਿਲੀ ਵਾਰ ਕਬੱਡੀ ਖੇਡ ਮੇਲਿਆਂ ਦੇ ਇਤਿਹਾਸ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਆਏ ਕੈਨੇਡੀਅਨ ਹਾਈ ਕਮਿਸ਼ਨ ਦੇ ਕਮਿਸ਼ਨਰ
ਮਿਸਟਰ ਸਕੌਟ ਸਲੈਸਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਵੱਲੋਂ ਖੇਡ ਕਲੱਬ ਨੂੰ ਦਿੱਤੇ 2 ਲੱਖ ਰੁਪਏ ਪਿੰਡ ਖੱਟੜਾ ਦੇ ਵਿਕਾਸ ਕੰਮਾਂ 'ਤੇ ਖਰਚਣ ਕਰਨ ਦਾ ਵੀ ਐਲਾਨ ਕੀਤੀ। ਉਨ੍ਹਾਂ ਸਵਰਗੀ ਭਰਾ ਸ. ਬਲਦੇਵ ਸਿੰਘ ਖੱਟੜਾ ਨੂੰ ਯਾਦ ਕਰਦਿਆਂ ਕਿਹਾ
ਕਿ ਇਹ ਉਨ੍ਹਾਂ ਦਾ ਸੁਪਨਾ ਸੀ ਕਿ ਨੌਜਵਾਨੀ ਨੂੰ ਖੇਡਾਂ ਦੇ ਰਾਹ ਪਾਇਆ ਜਾਵੇ ਤਾਂ ਜੋ ਨਸ਼ਿਆਂ ਨੂੰ ਠੱਲ੍ਹ ਪੈ ਸਕੇ।

ਸੈਮੀ ਫਾਈਨਲ ਮੈਚਾਂ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਕੈਨੇਡੀਅਨ ਹਾਈ ਕਮਿਸ਼ਨ ਦੇ ਕਮਿਸ਼ਨਰ ਮਿਸਟਰ ਸਕੌਟ ਸਲੈਸਰ, ਸੰਧੂ ਗਰੁੱਪ ਮੁੰਬਈ ਦੇ ਸ. ਕੰਵਰਜੀਤ ਸਿੰਘ ਸੰਧੂ, ਹਰਪ੍ਰੀਤ ਸਿੰਘ ਮਿਨਹਾਸ ਤੇ ਪਟਿਆਲਾ ਜ਼ੋਨ ਦੇ ਆਈ.ਜੀ. ਸ. ਪਰਮਜੀਤ ਸਿੰਘ ਗਿੱਲ
ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਸ ਤੋਂ ਪਹਿਲਾਂ ਸਵੇਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਬਲਦੇਵ ਸਿੰਘ ਖੱਟੜਾ ਯਾਦਗਾਰੀ ਦੂਜੇ ਕਬੱਡੀ ਕੱਪ ਦਾ ਰਸਮੀ ਉਦਘਾਟਨ ਕੀਤਾ।

ਫਾਈਨਲ ਵਿੱਚ ਪਹੁੰਚਣ ਵਾਲੀਆਂ ਦੋਵੇਂ ਟੀਮਾਂ ਨੇ ਸੈਮੀ ਫਾਈਨਲ ਦੇ ਫਸਵੇਂ ਮੁਕਾਬਲਿਆਂ ਵਿੱਚ ਜਿੱਤ ਹਾਸਲ ਕੀਤੀ। ਪਹਿਲੇ ਸੈਮੀ ਫਾਈਨਲ ਵਿੱਚ ਸ਼੍ਰੋਮਣੀ ਕਮੇਟੀ ਦੀ ਟੀਮ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਕਬੱਡੀ ਅਕੈਡਮੀ ਫਤਹਿਗੜ੍ਹ ਸਾਹਿਬ ਨੇ ਮਲੂਕਾ ਕਬੱਡੀ ਅਕੈਡਮੀ ਬਠਿੰਡਾ ਨੂੰ 41-12 ਅਤੇ ਦੂਜੇ ਸੈਮੀ ਫਾਈਨਲ ਵਿੱਚ ਬਾਬਾ ਲਖਬੀਰ ਸਿੰਘ ਕਬੱਡੀ ਅਕੈਡਮੀ ਘਰਿਆਲਾ ਨੇ ਮੀਰੀ ਪੀਰੀ ਸ਼ਹਿਨਸ਼ਾਹ ਯੂ.ਕੇ. ਕਬੱਡੀ ਕਲੱਬ ਬਠਿੰਡਾ ਨੂੰ 32-30 ਨਾਲ ਹਰਾ ਕੇ ਫਾਈਨਲ ਦੀ ਟਿਕਟ ਕਟਾਈ ਸੀ।

ਦਿਨ ਦੇ ਪਹਿਲੇ ਕੁਆਰਟਰ ਫਾਈਨਲ ਮੈਚ ਵਿੱਚ ਮਲੂਕਾ ਕਬੱਡੀ ਅਕੈਡਮੀ ਬਠਿੰਡਾ ਨੇ ਫਸਵੇਂ ਮੁਕਾਬਲੇ ਵਿੱਚ ਅਲੰਕਾਰ ਟੋਨੀ ਕਲੱਬ ਕੁੱਬੇ ਨੂੰ 32-31 ਨਾਲ ਹਰਾਇਆ। ਦੂਜੇ ਕੁਆਰਟਰ ਫਾਈਨਲ ਵਿੱਚ ਬਾਬਾ ਲਖਬੀਰ ਸਿੰਘ ਕਬੱਡੀ ਅਕੈਡਮੀ ਘਰਿਆਲਾ ਨੇ ਮਾਧੋਪੁਰ ਕਬੱਡੀ ਅਕੈਡਮੀ ਨੂੰ
29-27, ਤੀਜੇ ਕੁਆਰਟਰ ਫਾਈਨਲ ਵਿੱਚ ਸ਼੍ਰੋਮਣੀ ਕਮੇਟੀ ਦੀ ਟੀਮ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਕਬੱਡੀ ਅਕੈਡਮੀ ਫਤਹਿਗੜ੍ਹ ਸਾਹਿਬ ਨੇ ਭਾਈ ਲਹਿਣਾ ਜੀ ਕਬੱਡੀ ਅਕੈਡਮੀ ਸਰਾਏ ਨਾਗਾ (ਮੁਕਤਸਰ) ਨੂੰ 39-25 ਅਤੇ ਚੌਥੇ ਕੁਆਰਟਰ ਫਾਈਨਲ ਵਿੱਚ ਮੀਰੀ ਪੀਰੀ ਸ਼ਹਿਨਸ਼ਾਹ ਯੂ.ਕੇ.
ਕਬੱਡੀ ਕਲੱਬ ਬਠਿੰਡਾ ਨੇ ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਬਰਨਾਲਾ ਨੂੰ 38-25 ਨਾਲ ਹਰਾਇਆ।

ਇਸ ਮੌਕੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਸ. ਲਖਬੀਰ ਸਿੰਘ ਕਲਾਲਮਾਜਰਾ, ਆਈ.ਪੀ.ਐਸ. ਅਧਿਕਾਰੀ ਰਣਬੀਰ ਸਿੰਘ ਖੱਟੜਾ, ਫਤਹਿਗੜ੍ਹ ਸਾਹਿਬ ਦੇ ਐਸ.ਐਸ.ਪੀ. ਸ. ਹਰਦਿਆਲ ਸਿੰਘ ਮਾਨ, ਮਾਨਸਾ ਦੇ ਐਸ.ਐਸ.ਪੀ. ਡਾ.ਨਰਿੰਦਰ ਭਾਰਗਵ, ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲੇ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਸ. ਕਰਨੈਲ ਸਿੰਘ ਪੰਜੌਲੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ, ਸ਼੍ਰੋਮਣੀ ਕਮੇਟੀ ਦੇ ਡਾਇਰੈਕਟਰ ਸਿੱਖਿਆ ਡਾ. ਧਰਮਿੰਦਰ ਸਿੰਘ ਉੱਭਾ ਆਦਿ ਹਾਜ਼ਰ ਸਨ।

Thursday, January 31, 2013

77 ਵੀਆਂ ਕਿਲਾ ਰਾਇਪੁਰ ਪੇਂਡੂ ਖੇਡਾਂ//ਰਣਜੀਤ ਸਿੰਘ ਪ੍ਰੀਤ

ਰਸਮੀ ਉਦਘਾਟਨ ਪਹਿਲੀ ਫਰਵਰੀ ਨੂੰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ
                            ਪੰਜਾਬ ਵਿੱਚ ਪੇਂਡੂ ਖੇਡ ਮੇਲੇ ਤਾਂ ਭਾਵੇਂ ਹਰ ਆਏ ਰੋਜ਼ ਹੁੰਦੇ ਹੀ ਰਹਿੰਦੇ ਹਨ। ਪਰ ਮਿੰਨੀ ਓਲੰਪਿਕ ਵਜੋਂ ਪ੍ਰਸਿੱਧ ਕਿਲਾ ਰਾਇਪੁਰ ਦੀਆਂ ਪੇਂਡੂ ਖੇਡਾਂ ਦਾ ਕੋਈ ਹੋਰ ਖੇਡ ਮੇਲਾ ਸਾਨੀ ਨਹੀਂ ਹੈ। ਇਸ ਵਾਰੀ ਇਹ 31 ਜਨਵਰੀ ਤੋਂ 3 ਫਰਵਰੀ 2013 ਤੱਕ 77 ਵੀਂ ਵਾਰੀ ਹੋ ਰਿਹਾ ਹੈ। ਇਸ ਖੇਡੇ ਮੇਲੇ ਦਾ ਸ਼ਿੰਗਾਰ ਭਗਵੰਤ ਮੈਮੋਰੀਅਲ ਹਾਕੀ ਕੱਪ,ਬੈਲ ਗੱਡੀਆਂ ਦੀਆਂ ਦੌਡ਼ਾਂ,ਨਿਹੰਗ ਸਿੰਘਾਂ ਦੇ ਕਰਤੱਵ, ਕਬੱਡੀ, ਅਥਲੈਟਿਕਸ,ਕੁੱਤਿਆਂ ਦੀਆਂ ਦੌਡ਼ਾਂ,ਘੋਡ਼ ਦੌਡ਼,ਰੱਸਾਕਸ਼ੀ,ਜਿਮਨਾਸਟਿਕ,ਬਾਜ਼ੀਗਰਾਂ ਦੇ ਕਰਤੱਵ,ਕੁੱਕਡ਼ਾਂ ਦੀ ਲਡ਼ਾਈ, ਕਬੂਤਰਬਾਜ਼ੀ, ਸਾਹਨਾਂ ਦੇ ਭੇਡ਼,ਸ਼ਤਰਿਆਂ ਦੇ ਟਾਕਰੇ,ਦੰਦਾਂ ਨਾਲ ਹਲ਼ ਚੁੱਕਣਾ,ਕੁਡ਼ੀਆਂ ਦੀ ਹਾਕੀ, ਕੁਡ਼ੀਆਂ ਦੀ ਕਬੱਡੀ, ਵਾਲੀਬਾਲ,ਬਾਸਕਟਬਾਲ,ਧੌਲ ਦਾਡ਼ੀਆਂ ਵਾਲੇ ਬਾਬਿਆਂ ਦੀਆਂ ਖੇਡਾਂ ਆਦਿ ਨੂੰ ਦਰਸ਼ਕ ਸਾਹ ਰੋਕ ਰੋਕ ਕਿ ਵੇਖਿਆ ਕਰਦੇ ਹਨ। ਪਿਛਲੀਆਂ 2012 ਦੀਆਂ ਖੇਡਾਂ ਸਮੇ ਜਦ ਬੈਲ ਗੱਡੀਆਂ ਦੀਆਂ ਦੌਡ਼ਾਂ ਉੱਤੇ ਪਾਬੰਦੀ ਲਗਾਈ ਗਈ ਤਾਂ ਇੰਜ ਲੱਗਿਆ ਜਿਵੇਂ ਇਸ ਪੇਂਡੂ ਖੇਡ ਮੇਲੇ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ। ਪਰ ਪ੍ਰਵਾਨਗੀ ਮਿਲਣ ਮਗਰੋਂ ਇਸ ਵਾਰੀ ਨਗੌਰੀ ਬਲਦਾਂ ਵਾਲੀਆਂ ਗੱਡੀਆਂ ਦੀਆਂ ਦੌਡ਼ਾਂ ਫਿਰ ਤੋਂ ਖਿੱਚ ਦਾ ਕੇਂਦਰ ਬਣਨਗੀਆਂ।।
                  ਏਥੇ ਕੁੱਝ ਕੁ ਉਹਨਾਂ ਲੋਕਾਂ ਬਾਰੇ ਗੱਲ ਕਰਨੀ ਵੀ ਸ਼ਾਇਦ ਲਾਭਕਾਰੀ ਰਹੇਗੀ ਜੋ ਬਲਦਾਂ ਨੂੰ ਘਿਓ,ਬਦਾਮ,ਸਾਫ਼ –ਸੁਥਰੇ ਪੱਠੇ,ਵਧੀਆ ਖੁਰਾਕ ਅਤੇ ਸੁਧਰੀ ਸਾਂਭ ਸੰਭਾਲ ਦੀ ਥਾਂ ਦੌਡ਼ ਤੋਂ ਇੱਕ ਦਿਨ ਪਹਿਲਾਂ ਦੋ ਟੀਕੇ 'ਡੈਕਾਡੂਰਾਵੋਲੀਨ' ਸੌ ਮਿਲੀਗਰਾਮ, ਦੋ ਟੀਕੇ ਟੈਸਟਾਵੋਰੇਨ ਅਤੇ ਇਕ ਟੀਕਾ ਪਰੈਡਨੀਸੋਲ ਦਸ ਮਿਲੀ:, ਅਤਿ ਖਤਰਨਾਕ ਟੀਕਾ (ਟਰਮਿਨ 10 ਐਮ.ਐਲ) ਫੌਰਟਵਿਨ, ਨੌਰਫਿਨ ਅਤੇ ਸ਼ੀਕਲ ਵੀ ਆਪਣੀ ਲੋਡ਼ ਅਨੁਸਾਰ ਵਰਤਿਆ ਕਰਦੇ ਹਨ। ਦੌਡ਼ ਸ਼ੁਰੂ ਹੋਣ ਤੋਂ ਥੋਹਡ਼ਾ ਚਿਰ ਹੀ ਪਹਿਲਾਂ ਘਰਦੀ ਕੱਢੀ ਜਾਂ ਚੰਗੀ ਅੰਗਰੇਜ਼ੀ ਸ਼ਰਾਬ ਜਾਂ ਭੰਗ ਵੀ ਪਿਲਾਉਂਦੇ ਹਨ। ਗੱਡੀ ਚਾਲਕ ਦੇ ਹੱਥ ਵਿੱਚ ਫਡ਼ੀ ਸੋਟੀ ਦੇ ਅੱਗੇ ਕਰੀਬ ਡੇਢ ਕੁ ਇੰਚ ਦੀ ਮੇਖ ਲਗਾ ਕੇ ਆਰ ਵਜੋਂ ਵਰਤਦਿਆਂ ਬਲਦ ਨੂੰ ਲਹੂ-ਲੁਹਾਣ ਕੀਤਾ ਜਾਂਦਾ ਹੈ। ਆਪਣੀ ਜਿੱਤ ਦੀ ਖਾਤਰ ਬਲਦਾਂ ਉੱਤੇ ਅਨਿਆਂ ਕਰਨ ਵਾਲਿਆਂ ਨੂੰ ਇਸ ਵੱਲ ਬਹੁਤ ਧਿਆਨ ਦੇਣ ਦੀ ਲੋਡ਼ ਹੈ। ਜਿਵੇਂ ਬਹੁਤੇ ਗੱਡੀ ਚਾਲਕ ਬਲਦਾਂ ਨੂੰ ਬਹੁਤ ਪਿਆਰ ਨਾਲ ਪਾਲਦੇ ਅਤੇ ਸਹੀ ਸੰਭਾਲ ਕਰਦੇ ਹਨ,ਉਹਨਾਂ ਤੋਂ ਪ੍ਰੇਰਨਾ ਲੈਣ ਦੀ ਬਹੁਤ ਲੋਡ਼ ਹੈ।। ਇਸ ਦੌਡ਼ ਦਾ ਮੋਹਡ਼ੀ ਗੱਡ ਵੀ ਕਿਲਾ ਰਾਇਪੁਰ ਦਾ ਹੀ ਬਖ਼ਸ਼ੀਸ਼ ਸਿੰਘ ਗਰੇਵਾਲ ਸੀ। ਜਿਸ ਨੇ ਆਪ ਤਿਆਰ ਕੀਤੀ ਗੱਡੀ 1934 ਵਿੱਚ ਦੂਜੀਆਂ ਖੇਡਾਂ ਸਮੇ ਟਰੈਕ ਉੱਤੇ ਉਤਾਰੀ।
                           ਪਹਿਲੀ ਵਾਰ ਇਹ ਖੇਡਾਂ ਇੰਦਰ ਸਿੰਘ ਗਰੇਵਾਲ ਅਤੇ ਸਾਥੀਆਂ ਨੇ 1933 ਵਿੱਚ ਹਾਕੀ ਟੂਰਨਾਮੈਟ ਕਰਵਾਕੇ ਸ਼ੁਰੂ ਕੀਤੀਆਂ। ਪਿੰਡ ਨੌਰੰਗਵਾਲ ਦੇ ਹਾਕੀ ਪ੍ਰੇਮੀ ਪ੍ਰਹਿਲਾਦ ਸਿੰਘ ਨੇ ਆਪਣੇ ਪੁੱਤ ਭਗਵੰਤ ਸਿੰਘ ਦੀ ਯਾਦ ਵਿੱਚ 100 ਤੋਲੇ ਸੋਨੇ ਦਾ ਕੱਪ ਬਣਵਾਕੇ ਦਿੱਤਾ। ਏਥੇ ਕਰਵਾਏ ਜਾਂਦੇ ਹਾਕੀ ਮੁਕਾਬਲੇ ਵਿੱਚ ਧਿਆਂਨ ਚੰਦ,ਪ੍ਰਿਥੀਪਾਲ ਸਿੰਘ,ਊਧਮ ਸਿੰਘ,ਸੁਰਜੀਤ ਸਿੰਘ,ਅਤੇ ਪਰਗਟ ਸਿੰਘ ਆਦਿ ਵਰਗੇ ਹਾਕੀ ਦੇ ਜਾਦੂਗਰ ਵੀ ਖੇਡ ਦਾ ਜਾਦੂ ਦਿਖਾਉਂਦੇ ਰਹੇ ਹਨ। ਇਸ ਵਾਰੀ ਖੇਡ ਮੇਲੇ ਦਾ ਪੋਸਟਰ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਸ਼ਿਵਾਲਕ ਨੇ ਕੁੱਝ ਦਿਨ ਪਹਿਲਾਂ ਹੀ ਜਾਰੀ ਕਰਿਆ ਹੈ। ਗਰੇਵਾਲ ਸਪੋਟਸ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਰੇਵਾਲ ਬਹੁਤ ਸੁਲਝੇ ਅਤੇ ਠਰੰਮੇ ਵਾਲੇ ਵਿਅਕਤੀ ਹਨ। ਜੋ ਹਰ ਤਿਆਰੀ ਨੂੰ ਨੇਡ਼ਿਓਂ ਵੇਖਦੇ ਅਤੇ ਸੁਝਾਅ ਸਾਂਝੇ ਕਰਨ ਵਿੱਚ ਰੁੱਝੇ ਹੋਏ ਹਨ। ਇਨਾਮਾਂ ਦੀ ਰਾਸ਼ੀ ਵਿੱਚ ਵੀ ਵਾਧੇ ਦਾ ਐਲਾਨ ਕੀਤਾ ਗਿਆ ਹੈ। 
                                             ਹੁਣ ਕਬੱਡੀ ਪਿੰਡ ਓਪਨ ਨੂੰ ਇੱਕ ਲੱਖ,ਉਪ-ਜੇਤੂ ਨੂੰ 75 ਹਜ਼ਾਰ,ਬੈਲ ਗੱਡੀ ਦੌਡ਼ ਦੇ ਜੇਤੂ ਨੂੰ ਵੀ ਇੱਕ ਲੱਖ,ਉਪ ਜੇਤੂ ਨੂੰ 75 ਹਜ਼ਾਰ,ਘੋਡ਼ੀਆਂ ਦੀ ਦੌਡ਼ ਦੇ ਜੇਤੂ ਨੂੰ 11000 ਹਜ਼ਾਰ,ਦੂਜੇ ਸਥਾਨ ਵਾਲੇ ਨੂੰ 7100 ਰੁਪਏ,ਭਗਵੰਤ ਹਾਕੀ ਕੱਪ ਦੇ ਵਿਜੇਤਾ ਨੂੰ 51 ਹਜ਼ਾਰ,ਦੋਮ ਰਹਿਣ ਵਾਲੀ ਟੀਮ ਨੂੰ 41 ਹਜ਼ਾਰ ਮਿਲਣੇ ਹਨ। ਕਿਲਾ ਰਾਇਪੁਰ ਦੇ ਖੇਡ ਮੇਲੇ ਵਿੱਚ ਭਾਰਤ ਦੇ ਰਾਸ਼ਟਰਪਤੀ, ਪੰਜਾਬ ਦੇ ਰਾਜਪਾਲ ਅਤੇ ਦੇਸ਼-ਵਿਦੇਸ਼ ਦੇ ਹੋਰ ਆਗੂ ਮੁੱਖ ਮਹਿਮਾਨ ਵਜੋਂ ਅਤੇ ਚੋਟੀ ਦੇ ਕਲਾਕਾਰ,ਫ਼ਿਲਮੀ ਅਦਾਕਾਰ ਪਹੁੰਚਦੇ ਰਹੇ ਹਨ। ਖੇਡ ਮੇਲੇ ਦਾ ਰਸਮੀ ਉਦਘਾਟਨ ਪਹਿਲੀ ਫਰਵਰੀ ਨੂੰ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਰਨਾ ਹੈ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਵਿੱਚ ਗਿੱਧਾ,ਭੰਗਡ਼ਾ ਅਤੇ ਰਾਜਸਥਾਨੀ ਨਾਚ ਸ਼ਾਮਲ ਕੀਤਾ ਜਾਣਾ ਹੈ। ਦੂਜੇ ਦਿਨ ਕੇਂਦਰੀ ਮੰਤਰੀ ਮੁਨੀਸ਼ ਤਿਵਾਡ਼ੀ ਅਤੇ ਜਸਵੀਰ ਸਿੰਘ ਜੱਸੀ ਖੰਘੂਡ਼ਾ ਮਹਿਮਾਨ ਹੋਣਗੇ। ਤਿੰਨ ਫਰਵਰੀ ਨੂੰ ਇਨਾਮ ਵੰਡਣ ਦੀ ਰਸਮ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਨਿਭਾਉਣੀ ਏ। ਭਾਰਤ ਵਿੱਚ ਇਹ ਸੱਭ ਤੋਂ ਪੁਰਾਣਾ ਪੇਂਡੂ ਖੇਡ ਮੇਲਾ ਹੈ ਅਤੇ ਇਹ ਹਰ ਸਾਲ ਕਡ਼ਾਕੇ ਦੀ ਠੰਢ ਵਿੱਚ ਨੇਪਰੇ ਚਾਡ਼ਿਆ ਜਾਂਦਾ ਹੈ। ਸ਼ਾਲਾ ! ਇਹ ਖੇਡ ਮੇਲਾ ਨਿਰੰਤਰ-ਨਿਰਵਿਘਨ ਹੁੰਦਾ ਰਹੇ ਅਤੇ ਦਰਸ਼ਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਦਾ ਲੁਤਫ਼ ਲੈਂਦਾ ਰਹੇ।
  ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)

ਮਹਿਲਾ ਕ੍ਰਿਕਟ ਵਿਸ਼ਵ ਕੱਪ,ਤੀਜੀ ਵਾਰੀ ਭਾਰਤ 'ਚ

31 ਜਨਵਰੀ ਤੋਂ 17 ਫਰਵਰੀ 2013 ਤੱਕ ਭਾਰਤ ਦੀ ਮੇਜ਼ਬਾਨੀ ਅਧੀਨ
                                                                                                   --ਰਣਜੀਤ ਸਿੰਘ ਪ੍ਰੀਤ
        ਇੱਕ ਰੋਜ਼ਾ ਆਈ ਸੀ ਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ 31 ਜਨਵਰੀ ਤੋਂ 17 ਫਰਵਰੀ 2013 ਤੱਕ ਭਾਰਤ ਦੀ ਮੇਜ਼ਬਾਨੀ ਅਧੀਨ 10 ਵੇਂ ਮੁਕਾਬਲੇ ਵਜੋਂ ਖੇਡਿਆ ਜਾ ਰਿਹਾ ਏ । ਦੋ ਪੂਲਾਂ ਵਿੱਚ ਵੰਡੀਆਂ 8 ਟੀਮਾਂ ਨੇ ਕੁੱਲ 25 ਮੈਚ ਅਤੇ ਇਹਨਾਂ ਤੋਂ ਇਲਾਵਾ 8 ਗੈਰ ਰਸਮੀ ਵਾਰਮ-ਅੱਪ ਮੈਚ ਵੀ ਖੇਡਣੇ ਹਨ। ਪੂਲ ਏ 'ਚ ਇੰਗਲੈਂਡ, ਭਾਰਤ, ਸ਼੍ਰੀਲੰਕਾ,ਵੈਸਟ ਇੰਡੀਜ਼,ਪੂਲ ਬੀ ਵਿੱਚ ਪਾਕਿਸਤਾਨ,ਆਸਟਰੇਲੀਆ,ਨਿਊਜ਼ੀਲੈਂਡ,ਦੱਖਣੀ ਅਫ਼ਰੀਕਾ ਸ਼ਾਮਲ ਹਨ। ਇਹਨਾਂ ਗਰੁੱਪਾਂ ਦੀਆਂ ਵੱਧ ਅੰਕਾਂ ਵਾਲੀਆਂ 3-3 ਟੀਮਾਂ ਨੇ ਸੁਪਰ ਸਿਕਸ ਵਿੱਚ ਰਾਊਂਡ ਰਾਬਿਨ ਅਧਾਰ 'ਤੇ 9 ਤੋਂ 13 ਫਰਵਰੀ ਤੱਕ ਖੇਡਣਾ ਏ। ਇਸ ਉਪਰੰਤ ਪਲੇਅ ਆਫ਼ ਗੇੜ ਵਿੱਚ 15 ਫਰਵਰੀ ਨੂੰ ਤੀਜੀ ਤੋਂ 8 ਵੀਂ ਪੁਜ਼ੀਸ਼ਨ ਤੱਕ ਦੇ ਮੈਚ ਹੋਣੇ ਹਨ ਅਤੇ ਫਾਈਨਲ 17 ਫਰਵਰੀ ਨੂੰ ਮੁੰਬਈ ਵਿਖੇ ਦਿਨ-ਰਾਤ ਦੇ ਸਮੇ ਅਨੁਸਾਰ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇਗਾ। ਦਿਨ ਦੇ ਸਾਰੇ ਮੈਚ 9.00 ਵਜੇ ਅਤੇ ਦਿਨ/ਰਾਤ ਦੇ 14.30 ਵਜੇ ਸ਼ੁਰੂ ਹੋਇਆ ਕਰਨਗੇ। ਸਾਰੇ ਮੈਚਾਂ ਦਾ ਪ੍ਰਸਾਰਣ ਸਟਾਰ ਕ੍ਰਿਕਟ ਨੇ ਦਿਖਾਉਂਣਾ ਹੈ। ਅਰਾਮ ਦੇ ਦਿਨ 7 ਅਤੇ 8 ਫਰਵਰੀ ਹਨ, ਜਦੋਂ ਕਿ 10,12,14,ਅਤੇ 16 ਫਰਵਰੀ ਰਿਜ਼ਰਵ ਦਿਨ ਮਿਥੇ ਗਏ ਹਨ।
                          1973 ਤੋਂ ਸ਼ੁਰੂ ਹੋਏ ਵਿਸ਼ਵ ਕੱਪ ਦੇ 9 ਮੁਕਾਬਲਿਆਂ ਵਿੱਚੋਂ ਆਸਟਰੇਲੀਆ ਨੇ ਸੱਭ ਤੋਂ ਵੱਧ 5 (1978,1982,1988,1997,2005) ਖ਼ਿਤਾਬ ਜਿੱਤੇ ਹਨ, (1973,2000) ਉਪ-ਜੇਤੂ, (1993) ਵਿੱਚ ਤੀਜਾ ਸਥਾਨ ਲਿਆ ਏ। ਮੌਜੂਦਾ ਚੈਂਪੀਅਨ ਇੰਗਲੈਂਡ ਨੇ 3 ਜਿੱਤਾਂ (1973,1993,2009) ,ਤਿੰਨ ਵਾਰ ਦੂਜਾ ਸਥਾਨ (1978,1982,1988) ਲਿਆ ਹੈ। ਨਿਊਜ਼ੀਲੈਂਡ ਇੱਕ ਵਾਰੀ 2000 ਵਿੱਚ ਹੀ ਖ਼ਿਤਾਬਧਾਰੀ ਬਣਿਆਂ ਏ। ਇਸ ਨੇ 1993,1997,2009 ਵਿੱਚ ਦੂਜੀ ਅਤੇ 1973,1978,1982,1988 ਵਿੱਚ ਤੀਜੀ ਪੁਜ਼ੀਸ਼ਨ ਲਈ ਹੈ। ਭਾਰਤ ਕਦੇ ਵੀ ਖ਼ਿਤਾਬਧਾਰੀ ਤਾਂ ਨਹੀਂ ਬਣਿਆਂ, ਪਰ 2005 ਵਿੱਚ ਇੱਕ ਵਾਰੀ ਫਾਈਨਲ ਖੇਡਕੇ ਦੂਜਾ ਸਥਾਨ ਲੈਣਾ,ਅੱਜ ਤੱਕ ਦਾ ਸਰਵੋਤਮ ਪ੍ਰਦਰਸ਼ਨ ਰਿਹਾ ਏ। ਇਸ ਨੇ 2009 ਵਿੱਚ ਆਸਟਰੇਲੀਆ ਨੂੰ ਮਾਤ ਦੇ ਕੇ ਤੀਜੀ ਪੁਜ਼ੀਸ਼ਨ ਵੀ ਲਈ ਹੈ। ਇੰਗਲੈਂਡ ਨੇ ਪਲੇਠੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ 1973 ਵਿੱਚ ਕੀਤੀ ਅਤੇ ਦੁਬਾਰਾ 1993 ਨੂੰ ਹੋਸਟ ਬਣਿਆਂ।।ਭਾਰਤ 1978,1997,ਨਿਊਜ਼ੀਲੈਂਡ 1982,2000, ਆਸਟਰੇਲੀਆ  1988,2009 ਅਤੇ ਦੱਖਣੀ ਅਫਰੀਕਾ  2005 ਵਿੱਚ ਮੇਜ਼ਬਾਨੀ ਨਿਭਾਅ ਚੁੱਕਿਆ ਹੈ। ਅਜੇ ਤੱਕ ਸਿਰਫ਼ 4 ਦੇਸ਼ ਆਸਟਰੇਲੀਆ,ਇੰਗਲੈਂਡ,ਨਿਊਜ਼ੀਲੈਂਡ,ਭਾਰਤ ਹੀ ਫਾਈਨਲ ਖੇਡੇ ਹਨ।         
                  ਸੱਭ ਤੋਂ ਵੱਧ ਰਨ ਨਿਊਜ਼ੀਲੈਂਡ ਦੀ ਡੈਬੀ ਹੌਕਲੇ ਨੇ 1501 (1982-2000),ਵਿਅਕਤੀਗਤ ਉੱਚ ਸਕੋਰ ਆਸਟਰੇਲੀਆ ਦੀ ਬਲਿੰਡਾ ਕਲਾਰਕ ਨੇ ਨਾਟ ਆਊਟ ਰਹਿੰਦਿਆਂ 229 ਦੌੜਾ ਂ(1997),ਇੱਕ ਵਿਸ਼ਵ ਕੱਪ ਵਿੱਚ ਸੱਭ ਤੋਂ ਵੱਧ ਦੌੜਾਂ ਨਿਊਜ਼ੀਲੈਂਡ ਦੀ ਡੈਬੀ ਹੌਕਲੇ ਨੇ 456 (1997), ਸੱਭ ਤੋਂ ਵੱਧ 40 ਵਿਕਟਾਂ (1982–1988) ਆਸਟਰੇਲੀਆ ਦੀ ਲੇਨ ਫੁਲਸਟੋਨ ਨੇ,ਵਿਕਟ ਕੀਪਰ ਵਜੋਂ 40 ਸਟੰਪਸ/ਕੈਚ (1993–2005) ਇੰਗਲੈਂਡ ਦੀ ਜਾਨੇ ਸਮਿੱਤ ਨੇ ਅਤੇ ਫੀਲਡਰ ਵਜੋਂ 19 ਕੈਚ (1982–1997) ਇੰਗਲੈਂਡ ਦੀ ਜਿਨੇਟੇ ਬਰਿਟਿਨ ਨੇ ਲੈ ਕੇ ਰਿਕਾਰਡ ਬਣਾਏ ਹਨ। ਟੀਮ ਉੱਚ ਸਕੋਰ ਆਸਟਰੇਲੀਆ ਦਾ ਡੈਨਮਾਰਕ ਵਿਰੁੱਧ 412/3 (1997) ਅਤੇ ਨਿਊਨਤਮ ਸਕੋਰ ਪਾਕਿਸਤਾਨ ਦਾ ਆਸਟਰੇਲੀਆ ਖ਼ਿਲਾਫ਼ 1997 ਵਿੱਚ ਸਿਰਫ਼ 27 ਦੌੜਾਂ ਵਾਲਾ ਰਿਹਾ ਹੈ।
                         ਤੀਜੀ ਵਾਰ ਮੇਜ਼ਬਾਨ ਬਣੇ ਭਾਰਤ ਨੇ ਟੀਮ ਦੀ ਕਪਤਾਨੀ ਮਿਥਾਲੀ ਰਾਜ ਨੂੰ ਸੌਂਪੀ ਹੈ । ਪਹਿਲਾਂ ਪੂਲ ਏ ਦੇ ਸਾਰੇ ਮੈਚ ਵਾਨਖੇੜੇ ਸਟੇਡੀਅਮ ਮੁੰਬਈ ਵਿੱਚ ਹੋਣੇ ਸਨ। ਪਰ ਰਣਜੀ ਟਰਾਫ਼ੀ ਦੇ ਫ਼ਾਈਨਲ ਮੁੰਬਈ ਬਨਾਮ ਸੁਰਾਸ਼ਟਰਾ (26 ਤੋਂ 30 ਜਨਵਰੀ) ਸਦਕਾ ਹੁਣ ਇਸ ਸ਼ਡਿਊਲ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ । ਜਿਸ ਅਨੁਸਾਰ ਇਹ ਮੈਚ ਹੁਣ ਮਿਗ ਕਲੱਬ, ਬਰਾਬੌਰਨ ਅਤੇ ਬਾਂਦਰਾ ਕੁਰਲਾ ਵਿੱਚ ਖੇਡੇ ਜਾਣੇ ਹਨ । ਜਦੋਂ ਕਿ ਪਾਕਿਸਤਾਨ ਦੇ ਖੇਡ ਮੈਦਾਨਾਂ ਵਿੱਚ ਸੁਰੱਖਿਆ ਕਾਰਣਾਂ ਕਰਕੇ ਤਬਦੀਲੀ ਕਰਦਿਆਂ ਪੂਲ ਬੀ ਦੇ ਸਾਰੇ ਮੈਚ ਕੱਟਕ ਵਿੱਚ ਕਰਵਾਉਂਣੇ ਮਿਥੇ ਗਏ ਹਨ। 
ਤਾਜ਼ਾ-ਤਾਰੀ
 ਐਲਾਨ ਮੁਤਾਬਕ ਮੈਚਾਂ ਦਾ ਵੇਰਵਾ ;-- 
ਗਰੁੱਪ ਏ ;--31 ਜਨਵਰੀ;ਵੈਸਟ ਇੰਡੀਜ਼ ਬਨਾਮ ਭਾਰਤ (ਦਿਨ/ਰਾਤ) ਮੁੰਬਈ, 2 ਫਰਵਰੀ;ਇੰਗਲੈਂਡ –ਸ਼੍ਰੀਲੰਕਾ (ਦਿਨ) ਮੁੰਬਈ,4 ਫਰਵਰੀ;ਭਾਰਤ ਬਨਾਮ ਇੰਗਲੈਂਡ (ਦਿਨ) ਮੁੰਬਈ,ਸ਼੍ਰੀਲੰਕਾ-ਵੈਸਟ ਇੰਡੀਜ਼ (ਦਿਨ) ਮੁੰਬਈ, 6 ਫਰਵਰੀ : ਸ਼੍ਰੀਲੰਕਾ ਬਨਾਮ ਭਾਰਤ (ਦਿਨ) ਮੁੰਬਈ,ਇੰਗਲੈਂਡ-ਵੈਸਟ ਇੰਡੀਜ਼ (ਦਿਨ/ਰਾਤ) ਮੁੰਬਈ। 
ਗਰੁੱਪ ਬੀ :--31 ਜਨਵਰੀ; ਆਸਟਰੇਲੀਆ ਬਨਾਮ ਪਾਕਿਸਤਾਨ (ਦਿਨ) ਕੱਟਕ,ਪਹਿਲੀ ਫਰਵਰੀ; ਨਿਊਜ਼ੀਲੈਂਡ-ਦੱਖਣੀ ਅਫਰੀਕਾ (ਦਿਨ/ਰਾਤ) ਕੱਟਕ,3 ਫਰਵਰੀ; ਨਿਊਜ਼ੀਲੈਂਡ-ਪਾਕਿਸਤਾਨ (ਦਿਨ) ਕੱਟਕ,ਆਸਟਰੇਲੀਆ-ਦੱਖਣੀ ਅਫਰੀਕਾ (ਦਿਨ) ਕੱਟਕ,5 ਫਰਵਰੀ; ਪਾਕਿਸਤਾਨ-ਦੱਖਣੀ ਅਫਰੀਕਾ (ਦਿਨ) ਕੱਟਕ, ਆਸਟਰੇਲੀਆ-ਨਿਊਜ਼ੀਲੈਂਡ (ਦਿਨ/ਰਾਤ) ਕੱਟਕ । 

ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ:98157-07232

Monday, January 07, 2013

7 ਜਨਵਰੀ ਨੂੰ ਬਰਸੀ 'ਤੇ ਵਿਸ਼ੇਸ਼

ਸੰਸਾਰ ਪ੍ਰਸਿੱਧ ਹਾਕੀ ਖਿਡਾਰੀ ਸੁਰਜੀਤ ਸਿੰਘ ਨੂੰ ਚੇਤੇ ਕਰਦਿਆਂ 
                                                                                       ਰਣਜੀਤ ਸਿੰਘ ਪ੍ਰੀਤ
Courtesy Photo
ਭਾਰਤੀ ਹਾਕੀ ਦਾ ਥੰਮ ਅਖਵਾਉਂਣ ਵਾਲੇ ਸੁਰਜੀਤ ਸਿੰਘ ਦਾ ਜਨਮ 10 ਅਕਤੂਬਰ 1951 ਨੂੰ ਪਿੰਡ ਦਾਖ਼ਲਾ (ਗੁਰਦਾਸਪੁਰ),ਵਿੱਚ ਸ੍ਰ. ਮੱਘਰ ਸਿੰਘ ਦੇ ਘਰ ਹੋਇਆ।ਖ਼ਾਲਸਾ ਸਕੂਲ ਬਟਾਲਾ ਤੋਂ ਮੁੱਢਲੀ ਵਿਦਿਆ ਹਾਸਲ ਕਰਨ ਮਗਰੋਂ ਸਪੋਰਟਸ ਕਾਲਜ ਜਲੰਧਰ 'ਚ ਦਾਖ਼ਲਾ ਲਿਆ।
                       ਹਾਕੀ ਦੇ ਖ਼ੇਤਰ ਵਿੱਚ 1967 ਨੂੰ ਸਕੂਲੀ ਖੇਡਾਂ ਤੋਂ ਉਸ ਨੇ ਪ੍ਰਵੇਸ਼ ਕੀਤਾ। ਇਸ ਤੋਂ ਕਰੀਬ ਇੱਕ ਸਾਲ ਬਾਅਦ 1968 ਵਿੱਚ ਪੰਜਾਬ ਯੂਨੀਵਰਸਿਟੀ ਦੀ ਟੀਮ ਵਿੱਚ ਸ਼ਾਮਲ ਹੋ ਕੇ ਉਹਨਾ ਨੇ ਕਈ ਅਹਿਮ ਮੈਚ ਖੇਡੇ। ਇਹਨਾਂ ਮੈਚਾਂ ਦੀ ਕਾਰਗੁਜ਼ਾਰੀ ਸਦਕਾ ਹੀ ਯੂਨੀਵਰਸਿਟੀ ਦੀ ਸਾਂਝੀ ਟੀਮ ਦੇ ਮੈਂਬਰ ਬਣੇ,ਆਸਟਰੇਲੀਆ ਦਾ ਦੌਰਾ ਵੀ ਕੀਤਾ।। ਖਿਡਾਰੀ ਹੋਣ ਦੇ ਨਾਤੇ ਹੀ ਰੇਲਵੇ ਵਿੱਚ ਕਮਰਸ਼ੀਅਲ ਇੰਸਪੈਕਟਰ ਦੀ ਨੌਕਰੀ ਮਿਲੀ।
                        ਸੁਰਜੀਤ ਸਿੰਘ ਨੇ ਓਲੰਪਿਕ,ਏਸ਼ੀਆਈ,ਅਤੇ ਵਿਸ਼ਵ ਕੱਪ ਵਿੱਚ 13 ਵਾਰੀ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ,।1972 ਵਿੱਚ ਉਹ ਪੰਜਾਬ ਵੱਲੋਂ ਪਹਿਲੀ ਵਾਰੀ ਕੌਮੀ ਪੱਧਰ 'ਤੇ ਖੇਡਿਆ। ਇਸ ਪ੍ਰਫਾਰਮੈਂਸ ਦੇ ਅਧਾਰ 'ਤੇ ਹੀ 1973 ਦੇ ਐਮਸਟਰਡਮ ਵਿਸ਼ਵ ਕੱਪ ਵਿੱਚ ਖੇਡਣ ਵਾਲੀ ਭਾਰਤੀ ਟੀਮ ਦਾ ਮੈਬਰ ਬਣਾਇਆ ਗਿਆ।। ਉਹ1972 ਦੀ ਮਿਊਨਿਖ਼ ਓਲੰਪਿਕ ਵਿੱਚ ਵੀ ਸ਼ਾਮਲ ਹੋਇਆ।
                           ਦੂਜੇ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਮੇਜ਼ਬਾਨ ਮੁਲਕ ਹਾਲੈਂਡ ਅਤੇ ਭਾਰਤ ਦਰਮਿਆਂਨ ਖੇਡਿਆ ਗਿਆ ।। ਇਸ ਫ਼ਾਈਨਲ ਦੇ ਪਹਿਲੇ ਸੱਤ ਮਿੰਟਾਂ ਵਿੱਚ ਮਿਲੇ ਦੋ ਪਨੈਲਟੀ ਕਾਰਨਰਾਂ ਨੂੰ ਉੱਤੋ-ੜੁੱਤੀ ਜਦ ਸੁਰਜੀਤ ਨੇ ਕਰਾਰੇ ਸ਼ਾਟ ਲਾਉਂਦਿਆਂ ਗੋਲਾਂ ਵਿੱਚ ਬਦਲ ਦਿੱਤਾ ਤਾਂ ਭਾਰਤੀ ਹਾਕੀ ਪ੍ਰੇਮੀ ਜਿੱਤ ਨੂੰ ਯਕੀਨੀ ਸਮਝ ਪਟਾਖ਼ੇ ਚਲਾਉਣ ਅਤੇ ਖ਼ੁਸ਼ੀ ਦਾ ਇਜ਼ਹਾਰ ਕਰਨ ਲੱਗੇ ।। ਪਰ ਬਰਾਬਰੀ 'ਤੇ ਖ਼ਤਮ ਹੋਏ,ਮੈਚ ਦਾ ਆਖ਼ਰੀ ਨਤੀਜਾ ਪਨੈਲਟੀ ਸਟਰੌਕ ਜ਼ਰੀਏ 4-2 ਨਾਲ ਹਾਲੈਂਡ ਦੇ ਹੱਕ ਵਿੱਚ ਰਿਹਾ।
                     1974 ਤਹਿਰਾਨ ਏਸ਼ੀਆਈ ਖੇਡਾਂ,1975 ਕੁਆਲਾਲੰਪੁਰ ਵਿਸ਼ਵ ਹਾਕੀ ਕੱਪ,1976 ਮਾਂਟਰੀਆਲ ਓਲੰਪਿਕ,1978 ਬੈਂਗਕੌਕ ਏਸ਼ੀਆਈ ਖੇਡਾਂ, 1982 ਮੁੰਬਈ ਵਿਸ਼ਵ ਕੱਪ,ਖੇਡਦਿਆਂ ਸੁਰਜੀਤ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਫੁੱਲ ਬੈਕ ਵਜੋਂ ਖੇਡਣ 'ਤੇ “ਲੋਹੇ ਦੀ ਦੀਵਾਰ ” ਕਹਾਉਣ ਵਾਲੇ ਅਣਖ਼ੀ ਸੁਰਜੀਤ ਦਾ 1978 ਵਿੱਚ ਪ੍ਰਬੰਧਕਾਂ ਨਾਲ ਇੱਟ-ਖੜੱਕਾ ਵੀ ਹੋਇਆ । ਉਹ ਆਪਣੇ ਸਾਥੀਆਂ ਬਲਦੇਵ ਅਤੇ ਵਰਿੰਦਰ ਸਮੇਤ ਪਟਿਆਲੇ ਦੇ ਕੋਚਿੰਗ ਕੈਂਪ ਵਿੱਚੋਂ ਆਪਣਾ ਬਿਸਤਰਾ ਹੀ ਚੁੱਕ ਲਿਆਇਆ। ਇਸ ਮੌਕੇ ਕੋਚ ਵੱਲੋਂ ਕੀਤੀਆ ਟਿੱਪਣੀਆਂ ਦੀ ਤਾਂ ਚਿੰਤਾ ਕੀਤੀ ਪਰ ਡਰਾਵਿਆਂ ਦੀ ਚਿੰਤਾ ਨਹੀਂ ਸੀ ਕੀਤੀ।
              ਸੁਰਜੀਤ ਨੇ 1975 ਦੇ ਨਿਊਜ਼ੀਲੈਂਡ ਟੂਰ ਸਮੇਂ 17 ਗੋਲ ਕੀਤੇ,1979 ਪ੍ਰੀ-ਓਲੰਪਿਕ ,1981 ਚੈਂਪੀਅਨਜ਼ ਟਰਾਫ਼ੀ, ਸਮੇ ਕਪਤਾਨ ਵਜੋਂ,1979 ਪਰਥ ਮੁਕਾਬਲਿਆਂ ਸਮੇ ਉਪ-ਕਪਤਾਨ ਵਜੋਂ ਖੇਡ ਚੁੱਕੇ ਸੁਰਜੀਤ ਨੂੰ 1980 ਮਾਸਕੋ ਓਲੰਪਿਕ ਸਮੇ ਵੀ ਕਪਤਾਨ ਬਣਾਇਆ ਗਿਆ ਸੀ। ਪਰ ਇਸ ਮੌਕੇ ਇਹ ਕਪਤਾਨੀ ਫਿਰ ਵਿਵਾਦਾਂ ਵਿੱਚ ਘਿਰ ਗਈ ਅਤੇ ਇਹ ਫ਼ੈਸਲਾ ਵਾਪਸ ਲੈਂਦਿਆਂ ਕਪਤਾਨ ਦੀ ਬਦਲੀ ਕਰ ਦਿੱਤੀ ਗਈ।  1982 ਦੇ ਮੁੰਬਈ ਵਿਸ਼ਵ ਕੱਪ ਸਮੇ ਆਪ ਦੀ ਕਪਤਾਨੀ ਅਧੀਨ ਭਾਰਤੀ ਟੀਮ ਨੇ ਬਗੈਰ ਕਿਸੇ ਵਿਸ਼ੇਸ਼ ਪ੍ਰਾਪਤੀ ਤੋਂ ਹਿੱਸਾ ਲਿਆ। 
                                ਬਹੁਤਾ ਸਮਾ “ਰਾਕ ਰੋਵਰਜ਼ ਚੰਡੀਗੜ੍ਹ ਵੱਲੋਂ ਖੇਡਣ ਵਾਲੇ,ਸੁਰਜੀਤ ਸਿੰਘ ਨੇ “ਇੰਡੀਅਨ ਏਅਰ ਲਾਈਨਜ਼”ਲਈ ਵੀ ਕਈ ਜਿੱਤਾਂ ਦਰਜ ਕੀਤੀਆਂ। ਫਿਰ ਪੀ ਏ ਪੀ ਵਿੱਚ ਇੰਸਪੈਕਟਰ ਬਣਿਆਂ ਅਤੇ ਪ੍ਰਸਿੱਧ ਹਾਕੀ ਖਿਡਾਰਨ ਚੰਚਲ ਕੋਹਲੀ ਦਾ ਜੀਵਨ ਸਾਥੀ।। ਪਰ ਇਹ ਸਾਥ ਭਰ ਜੁਆਨੀ ਵਿੱਚ ਹੀ ਬ੍ਰਿਹਾ ਬਣ ਗਿਆ। ਸਿਰਫ਼ 33 ਵਰ੍ਹਿਆਂ ਦਾ ਸੁਰਜੀਤ ਸਿੰਘ 7 ਜਨਵਰੀ 1983 ਨੂੰ ਜਲੰਧਰ ਦੇ ਨੇੜੇ ,ਪ੍ਰਸ਼ੋਤਮ ਪਾਂਦੇ,ਨਾਲ ਸਖ਼ਤ ਸਰਦੀ ਅਤੇ ਸੰਘਣੀ ਧੁੰਦ ਦੌਰਾਂਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਉਦੋਂ ਵੀ ਉਹ ਇੱਕ ਮੈਚ ਦੀ ਤਿਆਰੀ ਵਜੋਂ ਭੱਜ-ਨੱਠ ਕਰ ਰਹੇ ਸਨ ।। ਉਹਨਾਂ ਦੀ ਯਾਦ ਵਿੱਚ ਹਰ ਸਾਲ ““ ਸੁਰਜੀਤ ਮੈਮੋਰੀਅਲ ਹਾਕੀ ਮੁਕਾਬਲਾ “ਹੁੰਦਾ ਹੈ। ਜਿਸ ਨੂੰ ਹੁਣ “ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਕਿਹਾ ਜਾਂਦਾ ਹੈ। ਇਹ ਮੁਕਾਬਲਾ “ਸੁਰਜੀਤ ਸਟੇਡੀਅਮ” ਵਿੱਚ 29ਵੀਂ ਵਾਰੀ ਹੋਇਆ ਅਤੇ ਇੰਡੀਅਨ ਆਇਲ  ਮੁੰਬਈ ਨੇ ਭਾਰਤ ਪੈਟਰੋਲੀਅਮ ਮੁੰਬਈ ਨੂੰ 4-3 ਨਾਲ ਹਰਾ ਕੇ ਜਿਤਿਆ। ਜੇਤੂ ਟੀਮ ਨੂੰ 3.50 ਲੱਖ,ਉਪ ਜੇਤੂ ਨੂੰ 2.50 ਲੱਖ ਮਿਲੇ। ਗੁਰਜਿੰਦਰ ਸਿੰਘ ਸਰਵੋਤਮ ਖਿਡਾਰੀ ਬਣਿਆਂ । ਇਸ ਮਹਾਂਨ ਖਿਡਾਰੀ ਸੁਰਜੀਤ ਸਿੰਘ ਦੇ ਨਾਂਅ 'ਤੇ “ ਹਾਕੀ ਅਕੈਡਮੀ ” ਦਾ ਵੀ ਗਠਨ ਕੀਤਾ ਗਿਆ ਹੈ।।ਜਿੱਥੇ ਵਧੀਆ ਖਿਡਾਰੀ ਤਿਆਰ ਕੀਤੇ ਜਾਂਦੇ ਹਨ। ਇਸ ਸਰਵਸ੍ਰੇਸ਼ਟ ਖਿਡਾਰੀ ਦੇ ਦਿਹਾਂਤ ਤੋਂ 15 ਸਾਲ ਮਗਰੋਂ 1998 ਵਿੱਚ ਅਰਜੁਨਾ ਐਵਾਰਡ ਦਿੱਤਾ ਗਿਆ ਅਤੇ ਬੁੱਤ ਲਗਾਇਆ ਗਿਆ । ।ਜਦ ਇਸ ਜਾਂਬਾਜ਼ ਖਿਡਾਰੀ ਦਾ ਅੰਤ ਹੋਇਆ ਤਾਂ ਗਿਆਂਨੀ ਜੈਲ ਸਿੰਘ ਜੀ ਨੇ ਇਹਨਾਂ ਸ਼ਬਦਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ। ਜੋ ਮਰਹੂਮ ਖਿਡਾਰੀ ਦੀ ਮਹਾਨਤਾ ਦਰਸਾਉਂਦੇ ਹਨ,“ਸੁਰਜੀਤ ਇੱਕ ਵਧੀਆ ਖਿਡਾਰੀ ਸੀ, ਜਿਸਨੇ ਭਾਰਤ ਦਾ ਨਾਂਅ ਰੌਸ਼ਨ ਕੀਤਾ”। 

ਸੰਪਰਕ:ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ) 
ਬੇ-ਤਾਰ:98157-07232

---------------------------

Monday, February 13, 2012

ਓਲੰਪਿਕ ਕੁਆਲੀਫ਼ਾਇੰਗ ਹਾਕੀ ਟੂਰਨਾਂਮੈਂਟ

16 ਫਰਵਰੀ ਤੋਂ 6 ਮਈ 2012 ਤੱਕ                         -ਰਣਜੀਤ ਸਿੰਘ ਪ੍ਰੀਤ
ਲੰਡਨ ਓਲੰਪਿਕ -2012 ਲਈ ਹੁਣ ਤੱਕ ਪੁਰਸ਼ ਅਤੇ ਮਹਿਲਾ ਵਰਗ ਦੀਆਂ 9-9 ਟੀਮਾਂ ਕੁਆਲੀਫ਼ਾਈ ਕਰ ਚੁੱਕੀਆਂ ਹਨ । ਦੋਹਾਂ ਵਰਗਾਂ ਲਈ 3-3 ਟੀਮਾਂ ਨੇ 16 ਫਰਵਰੀ ਤੋਂ 6 ਮਈ 2012 ਤੱਕ ਖੇਡੇ ਜਾਣ ਵਾਲੇ ਤਿੰਨ ਮੁਕਾਬਲਿਆਂ ਵਿੱਚੋਂ ਕੁਆਲੀਫ਼ਾਈ ਕਰਨਾਂ ਹੈ । ਦੱਖਣੀ ਅਫ਼ਰੀਕਾ ਦੀ ਮਹਿਲਾ ਟੀਮ ਨੇ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਸੀ,ਪਰ ਉਸ ਵੱਲੋਂ ਕੁਆਲੀਫਾਈ ਗੇਡ਼ ਰਾਹੀਂ ਪ੍ਰਵੇਸ਼ ਪਾਉਂਣ ਦੀ ਗੱਲ ਆਖਣ ਨਾਲ  ਅਰਜਨਟੀਨਾ ਨੂੰ ਸਿੱਧਾ ਦਾਖ਼ਲਾ ਮਿਲ ਗਿਆ ਹੈ । ਤਿੰਨ ਕੁਆਲੀਫਾਈ ਮੁਕਾਬਲਿਆਂ ਵਿੱਚ 18-18 ਟੀਮਾਂ ਨੇ 6-6 ਦੇ ਹਿਸਾਬ ਨਾਲ ਸ਼ਿਰਕਤ ਕਰਨੀ ਹੈ । ਇਸ ਤਰ੍ਹਾਂ 3 ਮਹਿਲਾ ਟੀਮਾਂ,ਅਤੇ 3 ਪੁਰਸ਼ ਟੀਮਾਂ ਜੇਤੂ ਰਹਿ ਕਿ ਓਲੰਪਿਕ ਲਈ ਕੁਆਲੀਫਾਈ ਕਰਨਗੀਆਂ । ਪੁਰਸ਼ ਅਤੇ ਮਹਿਲਾ ਵਰਗ ਦਾ ਪਹਿਲਾ ਗੇਡ਼ ਭਾਰਤ ਦੇ ਮੇਜਰ ਧਿਆਂਨ ਚੰਦ ਨੈਸ਼ਨਲ ਸਟੇਡੀਅਮ ਵਿੱਚ 18 ਤੋਂ 26 ਫ਼ਰਵਰੀ ਤੱਕ,ਖੇਡਿਆ ਜਾਣਾ ਹੈ । ਜਿਸ ਵਿੱਚ ਵਿਸ਼ਵ ਹਾਕੀ ਰੈਕਿੰਗ 'ਚ 10ਵੇਂ ਸਥਾਨ ਦੀ ਭਾਰਤੀ ਟੀਮ ਨੇ, ਕੈਨੇਡਾ, ਫਰਾਂਸ,ਪੋਲੈਂਡ,ਸਿੰਗਾਪੁਰ,ਅਤੇ ਇਟਲੀ ਨਾਲ ਖੇਡਦਿਆਂ, ਪੁਰਸ਼ ਵਰਗ ਵਿੱਚੋਂ ਜੇਤੂ ਹੋ ਕੇ ਕੁਆਲੀਫ਼ਾਈ ਕਰਨਾਂ ਹੈ। ਸਾਨੂੰ ਉਹ ਵੀ ਦੁਖਦਾਈ ਪਲ ਯਾਦ ਹਨ, ਜਦੋਂ ਸਿਡਨੀ ਓਲੰਪਿਕ ਸਮੇ ਇਸ ਓਲੰਪਿਕ ਕੁਆਫ਼ਾਇਰ ਮੁਕਾਬਲੇ ਵਿੱਚ ਖੇਡ ਰਹੀ ਪੋਲੈਂਡ ਟੀਮ ਨੇ ਸੈਮੀਫਾਈਨਲ ਦੇ ਬਹੁਤ ਕਰੀਬ ਪਹੁੰਚੀ  ਭਾਰਤੀ ਟੀਮ ਨੂੰ ਹਰਾ ਕੇ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ । ਇਸ ਤੋਂ ਬਿਨਾ ਦੂਜੀਆਂ ਟੀਮਾਂ ਦੀ ਜੋ ਵਿਸ਼ਵ ਪੱਧਰ 'ਤੇ ਕਾਰਗੁਜ਼ਾਰੀ ਵੇਖੀ ਪਰਖ਼ੀ ਗਈ ਹੈ, ਉਸ ਅਨੁਸਾਰ ਕੋਈ ਵੀ ਟੀਮ ਭਾਰਤ ਲਈ ਮੁਸ਼ਕਿਲ ਖਡ਼੍ਹੀ ਕਰ ਸਕਦੀ ਹੈ। ਕੁਝ ਚਿਰ ਪਹਿਲਾਂ ਚੈਂਪੀਅਨਜ਼ ਚੈਲੰਜ ਟੂਰਨਾਮੈਂਟ 'ਚ ਛੁਪੇ ਰੁਸਤਮ ਬੈਲਜ਼ੀਅਮ ਨੇ ਜਿਸ ਤਰ੍ਹਾਂ ਭਾਰਤ ਨੂੰ ਲੀਗ ਮੈਚ 'ਚ 3-3 ਦੀ ਬਰਾਬਰੀ ਤੇ ਰੋਕਿਆ,ਉੱਥੇ ਫਿਰ ਫਾਈਨਲ ਮੈਚ ਦੇ ਆਖਰੀ ਪਲਾਂ ਵਿਚ ਜਿੱਤ ਹਾਸਲ ਕਰਕੇ ਅਗਲੇ ਵਰ੍ਹੇ ਦੀ ਚੈਂਪੀਅਨਜ਼ ਟਰਾਫੀ ਖੇਡਣ ਤੋਂ ਵੀ ਵਾਂਝਾ ਕਰ ਦਿੱਤਾ । ਓਲੰਪਿਕ ਲਈ ਕੁਆਲੀਫਾਈ ਕਰਨ ਲਈ ਇਵੇਂ ਹੀ ਮਹਿਲਾ ਵਰਗ ਵਿੱਚ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ,ਇਟਲੀ, ਕੈਨੇਡਾ, ਯੂਕਰੇਨ, ਪੋਲੈਂਡ ਨਾਲ ਜ਼ੋਰ ਅਜ਼ਮਾਈ ਕਰਨੀ ਹੈ ।
                            ਪੁਰਸ਼ਵਰਗ ਦਾ ਦੂਜਾ ਗੇਡ਼ ਡਬਲਿਨ (ਆਇਰਲੈਂਡ) ਵਿੱਚ 10 ਤੋਂ 18 ਮਾਰਚ ਤੱਕ,ਅਤੇ ਮਹਿਲਾ ਵਰਗ ਦਾ ਦੂਜਾ ਗੇਡ਼ ਬੀਰਸਚੌਟ (ਬੈਲਜੀਅਮ) ਵਿੱਚ 17 ਤੋਂ 25 ਮਾਰਚ ਤੱਕ ਹੋਣਾ ਹੈ। ਜਦੋਂ ਕਿ ਤੀਜਾ ਅਤੇ ਆਖ਼ਰੀ ਪੁਰਸ਼,ਮਹਿਲਾ ਵਰਗ ਦਾ ਕੁਆਲੀਫ਼ਾਈ ਗੇਡ਼ ਮੁਕਾਬਲਾ ਕਾਕਾਮਿਗਾਹਰਾ (ਜਪਾਨ) ਵਿੱਚ 25 ਅਪ੍ਰੈਲ ਤੋਂ 6 ਮਈ 2012 ਤੱਕ ਖੇਡਿਆ ਜਾਣਾ ਹੈ । ਭਾਰਤ ਨੂੰ ਪਿਛਲੇ ਕੁੱਝ ਓਲੰਪਿਕ ਮੁਕਾਬਲਿਆਂ ਲਈ ਨਮੋਸ਼ੀ ਭਰਿਆ ਕੁਆਲੀਫ਼ਾਈ ਮੁਕਾਬਲਾ ਖੇਡਣਾ ਪੈ ਰਿਹਾ ਹੈ। ਜਦੋਂ ਕਿ ਬਹੁਤੇ ਮੁਲਕ ਸਿੱਧੇ ਤੌਰ ‘ਤੇ ਹੀ ਕੁਆਲੀਫ਼ਾਈ ਕਰ ਜਾਂਦੇ ਹਨ। ਕੌਣ ਭੁਲਾ ਸਕਦਾ ਹੈ 9 ਮਾਰਚ, 2008 ਦਾ ਉਹ ਮਨਹੂਸ ਦਿਨ ਜਦੋਂ ਸੈਂਟਿਆਗੋ (ਚਿੱਲੀ) ਵਿਖੇ ਖੇਡੇ ਜਾਣ ਵਾਲੇ ਬੀਜਿੰਗ ਉਲੰਪਿਕਸ-2008 ਲਈ, ਕੁਆਲੀਫਾਈ ਮੁਕਾਬਲੇ ਦੇ ਫਾਈਨਲ ਵਿੱਚ ਭਾਰਤੀ ਟੀਮ  ਬ੍ਰਿਟੇਨ ਤੋਂ  2-0 ਨਾਲ ਹਾਰ ਕੇ ਉਲੰਪਿਕ ਇਤਿਹਾਸ ਵਿੱਚ ਪਹਿਲੀ ਵਾਰ ਉਲੰਪਿਕ ਤੱਕ ਅਪਡ਼ਨ ਤੋਂ ਵਾਂਝੀ ਰਹਿ ਗਈ ਸੀ । ਵਿਸ਼ਵ ਹਾਕੀ ਇਤਿਹਾਸ ਦੇ ਅੰਕਡ਼ੇ ਗਵਾਹ ਹਨ ਕਿ ਭਾਰਤ ਅਜੇ ਤੱਕ ਕਦੇ ਵੀ ਵਿਸ਼ਪ ਕੱਪ ਕੁਆਲੀਫਾਇਰ ਜਾਂ ਉਲੰਪਿਕਸ ਕੁਆਲੀਫਾਇਰ ਮੁਕਾਬਲਾ ਨਹੀਂ ਜਿੱਤ ਸਕਿਆ ਹੈ। ਗੱਲ 1991 'ਚ ਆਕਲੈਂਡ (ਨਿਊਜ਼ੀਲੈਂਡ) ਵਿਖੇ ਖੇਡੇ ਜਾਣ ਵਾਲੇ ਉਲੰਪਿਕ ਕੁਆਲੀਫਾਇਰ ਮੁਕਾਬਲੇ ਤੋਂ ਸ਼ੁਰੂ ਕਰਦੇ ਹਾਂ । ਜਿੱਥੇ ਭਾਰਤ ਫਾਈਨਲ ਹਾਰ ਕੇ ਦੂਜੇ ਸਥਾਨ 'ਤੇ ਰਿਹਾ ਸੀ। ਬਾਰਸੀਲੋਨਾ (ਸਪੇਨ) ਵਿਖੇ 1995 'ਚ ਉਲੰਪਿਕ ਕੁਆਲੀਫਾਇਰ ਟੂਰਨਾਮੈਂਟ ਸਮੇ ਵੀ ਭਾਰਤ ਦਾ ਦੂਜਾ ਸਥਾਨ ਸੀ ਅਤੇ 2003 'ਚ ਏਥਨਜ਼ ਉਲੰਪਿਕ ਲਈ ਕੁਆਲੀਫਾਇਰ ਟੂਰਨਾਮੈਂਟ 'ਚ ਮੈਡਰਿਡ (ਸਪੇਨ) ਵਿਖੇ ਭਾਰਤ ਚੌਥੇ ਸਥਾਨ 'ਤੇ ਹੀ ਰਹਿ ਸਕਿਆ ਸੀ। ਪਰ ਉਦੋਂ ਕੁਆਲੀਫਾਇਰ ਟੂਰਨਾਮੈਂਟ ਦਾ ਫਾਰਮਿਟ ਕੁਝ ਵੱਖਰੀ ਤਰ੍ਹਾਂ ਦਾ ਸੀ। ਇਸ ਲਈ ਏਸ਼ੀਅਨ ਖੇਡਾਂ 'ਚ ਚੰਗੀ ਕਾਰਗੁਜ਼ਾਰੀ ਨਾ ਦਿਖਾ ਕੇ ਵੀ ਭਾਰਤ ਉਲੰਪਿਕ ਹਾਕੀ ਲਈ ਕੁਆਲੀਫਾਈ ਕਰ ਜਾਂਦਾ ਰਿਹਾ ਹੈ । ਪਰ ਮੌਜੂਦਾ ਸਮੇਂ ਉਲੰਪਿਕ ਕੁਆਲੀਫਾਇਰ ਟੂਰਨਾਮੈਂਟ ਦਾ ਜੋ ਫਾਰਮਿਟ ਹੈ, ਉਸ ਅਨੁਸਾਰ ਇਸ ਵਾਰੀ ਦੇ ਕੁਆਲੀਫ਼ਾਈ ਗੇਡ਼ ਵਿੱਚ ਵੀ ਕਈ ਚੁਣੌਤੀਆਂ ਮੌਜੂਦ ਹਨ । ਭਾਰਤੀ ਟੀਮ ਤੋਂ ਇਹ ਤਾਂ ਉਮੀਦਾਂ ਲਗਦੀਆਂ ਹਨ ਕਿ ਉਹ ਇਸ ਕੁਆਲੀਫਾਇਰ ਟੂਰਨਾਮੈਂਟ ਦੇ ਫਾਈਨਲ ਵਿਚ ਤਾਂ ਪਹੁੰਚ ਸਕਦੀ ਹੈ । ਪਰ ਇਸ ਟੂਰਨਾਮੈਂਟ 'ਚ ਚੈਂਪੀਅਨ ਬਣ ਕੇ ਉਲੰਪਿਕਸ ਲਈ ਟਿਕਟ ਕਟਾਉਣੀ ਸੌਖੀ ਨਹੀਂ ਹੈ । ਆਪਣੀ ਮੇਜ਼ਬਾਨੀ ਅਧੀਨ   ਆਪਣੇ ਹੀ ਦੇਸ਼ ਵਾਸੀਆਂ ਦੇ ਵੱਡੇ ਇਕੱਠ ਸਾਹਮਣੇ, ਤਾਡ਼ੀਆਂ ਦੀ ਗੂੰਜ , ਉਤਸ਼ਾਹਿਤ ਅਤੇ ਪ੍ਰੇਰਿਤ ਕਰਦੇ ਉੱਚੇ-ਉੱਚੇ ਨਾਅਰਿਆਂ ਨਾਲ ਲਬਰੇਜ਼ ਖੇਡ ਮੈਦਾਨ ਦੀ ਫਿਜ਼ਾ 'ਚ ਕੌਣ ਚਾਹੇਗਾ ਕਿ ਉਹ ਚੈਂਪੀਅਨ ਨਾ ਬਣ ਸਕੇ ? ਪਰ ਫਾਈਨਲ ਜਿੱਤਣ ਦਾ ਘਰੇਲੂ ਮੈਦਾਨ ਵਿੱਚ ਮਨੋਵਿਗਿਆਨਕ ਦਬਾਅ ਵੀ ਵੱਖਰਾ ਹੁੰਦਾ ਹੈ। ਘਰੇਲੂ ਮੈਦਾਨ 'ਚ ਹਾਰਨ ਦੀ ਨਮੋਸ਼ੀ ਦਾ ਵੀ ਖਿਡਾਰੀਆਂ 'ਤੇ ਬਹੁਤ ਜ਼ਿਆਦਾ ਮਾਨਸਿਕ ਦਬਾਅ ਬਣਿਆਂ ਰਹਿੰਦਾ ਹੈ। ਬੀਜਿੰਗ ਉਲੰਪਿਕਸ 'ਚੋਂ ਬਾਹਰ ਰਹਿਣ ਦੀ ਨਮੋਸ਼ੀ ਦਾ ਅਹਿਸਾਸ ਅਤੇ ਹੁਣ ਲੰਡਨ ਉਲੰਪਿਕਸ 'ਚ ਇਹ ਫਾਈਨਲ ਮੈਚ ਹਾਰ ਕੇ ਬਾਹਰ ਹੋਣ ਦਾ ਡਰ 70 ਮਿੰਟਾਂ ਦੇ ਫਾਈਨਲ ਵਿੱਚ ਮਨੋਵਿਗਿਆਨਕ ਅਸਰ ਹੰਢਾਉਂਣਾਂ ਵੀ ਸੌਖਾ ਨਹੀਂ ਹੈ। ਇਹ  ਉਲੰਪਿਕ ਹਾਕੀ ਦੇ ਬਾਦਸ਼ਾਹ  ਲਈ ਵੱਡੇ ਵੱਕਾਰ ਦਾ ਸਬੱਬ ਵੀ ਹੋਵੇਗਾ। ਹਾਕੀ ਸੰਸਥਾਵਾਂ ਦੀ ਖਿੱਚੋਤਾਣ ਦਰਮਿਆਂਨ ਹੁਣ ਭਰਤ ਸ਼ੇਤਰੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਦੀ ਕਾਰਗੁਜ਼ਾਰੀ ਵੇਖਣ ਦਾ ਮੌਕਾ ਵੀ ਮਿਲੇਗਾ । ਅਜਿਹੀ ਖਿਚੋਤਾਣ ਸਦਕਾ ਹੀ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਹੀ ਨਹੀਂ ਸੀ ਖੁੱਸੀ,ਸਗੋਂ ਮੇਜ਼ਬਾਨ ਵਜੋਂ ਟਰਾਫ਼ੀ ਖੇਡਣ ਤੋਂ ਵੀ ਭਾਰਤੀ ਟੀਮ ਖੁੰਜ ਗਈ ਸੀ,ਅਤੇ ਬੈਲਜੀਅਮ ਤੋਂ ਹਾਰਨ ਕਰਕੇ ਇਸ ਸਾਲ ਦੀ ਟਰਾਫ਼ੀ ਤੋਂ ਵੀ ਬਾਹਰ ਹੋ ਗਿਆ ਹੈ ।
ਓਲੰਪਿਕ ਕੁਆਲੀਫਾਈ ਮੁਕਾਬਲੇ ਵਿੱਚ ਕਿਸ ਟੀਮ ਨੇ ,ਕਿਸ ਟੀਮ ਨਾਲ,ਕਿਸ ਤਾਰੀਖ਼ ਨੂੰ ਕਿੰਨੇ ਵਜੇ ਮੈਚ ਖੇਡਣਾਂ ਹੈ,ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ:-
ਪੁਰਸ਼ ਵਰਗ:
18 ਫਰਵਰੀ: ਕੈਨੇਡਾ ਬਨਾਮ ਇਟਲੀ(2 ਵਜੇ),ਫ਼ਰਾਂਸ- ਪੋਲੈਂਡ(4 ਵਜੇ),ਭਾਰਤ-ਸਿੰਗਾਪੁਰ(8 ਵਜੇ),
19 ਫਰਵਰੀ: ਪੋਲੈਂਡ-ਕੈਨੇਡਾ(12 ਵਜੇ), ਸਿੰਗਾਪੁਰ -ਫ਼ਰਾਂਸ(4 ਵਜੇ),ਭਾਰਤ- ਇਟਲੀ (8 ਵਜੇ),
21 ਫਰਵਰੀ: ਸਿੰਗਾਪੁਰ -ਕੈਨੇਡਾ(2 ਵਜੇ),ਪੋਲੈਂਡ- ਇਟਲੀ (4ਵਜੇ),ਭਾਰਤ-ਫਰਾਂਸ(8 ਵਜੇ),
22 ਫਰਵਰੀ: ਸਿੰਗਾਪੁਰ -ਪੋਲੈਂਡ(12 ਵਜੇ),ਫਰਾਂਸ- ਇਟਲੀ (4 ਵਜੇ),ਭਾਰਤ-ਕੈਨੇਡਾ(8 ਵਜੇ),
24 ਫਰਵਰੀ: ਇਟਲੀ - ਸਿੰਗਾਪੁਰ (2 ਵਜੇ),ਫਰਾਂਸ-ਕੈਨੇਡਾ(4 ਵਜੇ),ਭਾਰਤ-ਪੋਲੈਂਡ(8 ਵਜੇ),
26 ਫਰਵਰੀ;ਕਲਾਸੀਫਿਕੇਸ਼ਨ ਮੈਚ:- ਸੱਭ ਤੋਂ ਘੱਟ ਅੰਕਾਂ ਵਾਲੀਆਂ ਦੋ ਟੀਮਾਂ ਦਾ 5ਵੇਂ,6ਵੇਂ ਸਥਾਨ ਲਈ ਮੈਚ(3 ਵਜੇ),ਵਿਚਕਾਰ ਰਹੀਆਂ ਦੋਨੋਂ ਟੀਮਾਂ ਦਾ ਤੀਜੇ-ਚੌਥੇ ਸਥਾਨ ਲਈ ਮੈਚ(5.30 ਵਜੇ), ਟਾਪਰ ਅੰਕਾਂ ਵਾਲੀਆਂ ਦੋ ਟੀਮਾਂ ਦਰਮਿਆਂਨ ਓਲੰਪਿਕ ਕੁਆਲੀਫਾਈ ਕਰਨ ਵਾਲਾ ਮੈਚ(ਰਾਤ 8 ਵਜੇ),।  

ਮਹਿਲਾ ਵਰਗ:-
18 ਫਰਵਰੀ;ਦੱਖਣੀ ਅਫ਼ਰੀਕਾ ਬਨਾਮ ਪੋਲੈਂਡ(10 ਵਜੇ),ਇਟਲੀ-ਕੈਨੇਡਾ(12 ਵਜੇ),ਭਾਰਤ-ਯੂਕਰੇਨ(6 ਵਜੇ),
19 ਫਰਵਰੀ: ਇਟਲੀ- ਪੋਲੈਂਡ(10 ਵਜੇ),ਦੱਖਣੀ ਅਫਰੀਕਾ-ਯੂਕਰੇਨ(2 ਵਜੇ),ਭਾਰਤ-ਕੈਨੇਡਾ(6 ਵਜੇ),
21 ਫਰਵਰੀ: ਕੈਨੇਡਾ-ਯੂਕਰੇਨ(10 ਵਜੇ),ਇਟਲੀ-ਦੱਖਣੀ ਅਫਰੀਕਾ(12 ਵਜੇ),ਪੋਲੈਂਡ-ਭਾਰਤ(6 ਵਜੇ),
22 ਫਰਵਰੀ: ਯੂਕਰੇਨ-ਇਟਲੀ(10 ਵਜੇ),ਕੈਨੇਡਾ-ਪੋਲੈਂਡ(2 ਵਜੇ),ਭਾਰਤ-ਦੱਖਣੀ ਅਫਰੀਕਾ(6 ਵਜੇ),
24 ਫਰਵਰੀ:ਦੱਖਣੀ ਅਫਰੀਕਾ-ਕੈਨੇਡਾ(10 ਵਜੇ),ਯੂਕਰੇਨ-ਪੋਲੈਂਡ(12 ਵਜੇ),
ਇਟਲੀ-ਭਾਰਤ(6 ਵਜੇ),
26 ਫਰਵਰੀ;ਕਲਾਸੀਫਿਕੇਸ਼ਨ ਮੈਚ:- ਸੱਭ ਤੋਂ ਘੱਟ ਅੰਕਾਂ ਵਾਲੀਆਂ ਦੋ ਟੀਮਾਂ ਦਾ 5 ਵੇਂ,6 ਵੇਂ ਸਥਾਨ ਲਈ ਮੈਚ(3 ਵਜੇ),ਵਿਚਕਾਰ ਰਹੀਆਂ ਦੋਨੋਂ ਟੀਮਾਂ ਦਾ ਤੀਜੇ-ਚੌਥੇ ਸਥਾਨ ਲਈ ਮੈਚ(5.30 ਵਜੇ), ਟਾਪਰ ਅੰਕਾਂ ਵਾਲੀਆਂ ਦੋ ਟੀਮਾਂ ਦਰਮਿਆਂਨ ਓਲੰਪਿਕ ਕੁਆਲੀਫਾਈ ਕਰਨ ਵਾਲਾ ਮੈਚ(ਰਾਤ 8 ਵਜੇ)।  

ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੋਬਾਈਲ ਸੰਪਰਕ:98157-07232

Saturday, February 11, 2012

ਇਸ ਸਾਲ ਭਾਰਤੀ ਕ੍ਰਿਕਟ ਟੀਮ ਦਾ ਰੁਝੇਵਾਂ

ਮਹਿਲਾਵਾਂ ਦਾ ਟੀ-20 ਵਿਸ਼ਵ ਕੱਪ 26 ਸਤੰਬਰ ਤੋਂ 7 ਅਕਤੂਬਰ ਤੱਕ
ਬੀਤਿਆ ਵਰ੍ਹਾ -2011 ਭਾਰਤ ਲਈ ਆਈ ਸੀ ਸੀ ਵਿਸ਼ਵ ਕੱਪ ਦੇ ਵਿਜੇਤਾ ਬਣਨ ਕਰਕੇ ਅਹਿਮ ਰਿਹਾ । ਇਸ ਸਾਲ ਸ਼੍ਰੀਲੰਕਾ ਵਿੱਚ ਹੋਣ ਵਾਲਾ ਟੀ-20 ਵਿਸ਼ਵ ਕੱਪ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗਾ । ਸ਼੍ਰੀਲੰਕਾ ਵਿੱਚ ਇਹ ਕ੍ਰਿਕਟ ਮੁਕਾਬਲਾ 12 ਟੀਮਾਂ ਨੇ 18 ਸਤੰਬਰ ਤੋਂ 12 ਅਕਤੂਬਰ 2012 ਤੱਕ ਖੇਡਣਾ ਹੈ । ਇਸ ਦੌਰਾਂਨ ਖੇਡੇ ਜਾਣ ਵਾਲੇ 26 ਮੈਚਾਂ ਦੀਆਂ 12 ਟੀਮਾਂ ਨੂੰ ਤਿੰਨ ਤਿੰਨ ਟੀਮਾਂ ਦੇ ਚਾਰ ਗਰੁੱਪਾਂ ਅਨੁਸਾਰ ਵੰਡਿਆ ਗਿਆ ਹੈ । ਬਾਕੀ ਦੋ ਟੀਮਾਂ ਐਸੋਸੀਏਟ ਜਾਂ ਅਫ਼ੀਲੀਏਟ ਟੀਮਾਂ ਨੇ ਦਾਖ਼ਲਾ ਪਾਉਂਣਾ ਹੈ ।  ਭਾਰਤ ਦੀ ਟੀਮ ਮੌਜੂਦਾ ਟੀ-20 ਚੈਂਪੀਅਨ ਇੰਗਲੈਡ ਨਾਲ ਪੂਲ ਏ ਵਿੱਚ ਹੈ ,ਤੀਜੀ ਟੀਮ ਦਾ ਫ਼ੈਸਲਾ ਕੁਆਲੀਫ਼ਾਈ ਗੇਡ਼ ਰਾਹੀਂ ਹੋਵੇਗਾ । ਸ਼੍ਰੀ ਲੰਕਾ ਵਿੱਚ ਹੀ ਮਹਿਲਾਵਾਂ ਦਾ ਟੀ-20 ਵਿਸ਼ਵ ਕੱਪ 26 ਸਤੰਬਰ ਤੋਂ 7 ਅਕਤੂਬਰ ਤੱਕ ਕਰਵਾਇਆ ਜਾਣਾ ਮਿਥਿਆ ਗਿਆ ਹੈ । ਜਿਸ ਵਿੱਚ 8 ਟੀਮਾਂ ਸ਼ਿਰਕਤ ਕਰਨਗੀਆਂ ।
 ਰਣਜੀਤ ਸਿੰਘ ਪ੍ਰੀਤ
ਭਾਵੇਂ ਭਾਰਤ ਨੇ ਇਹ ਅਹਿਮ ਮੁਕਾਬਲੇ ਖੇਡਣੇ ਹਨ,ਪਰ ਸਾਲ ਦੇ ਪਹਿਲੇ 8 ਮਹੀਨਿਆਂ ਵਿੱਚ ਭਾਰਤੀ ਕ੍ਰਿਕਟ ਪ੍ਰੇਮੀਆਂ ਨੂੰ ਕੋਈ ਵੱਡਾ ਕੌਮਾਂਤਰੀ ਮੁਕਾਬਲਾ ਭਾਰਤ ਵਿੱਚ ਵੇਖਣ ਨੂੰ  ਨਹੀਂ ਮਿਲੇਗਾ । ਉਂਝ ਹਾਰਾਂ ਨਾਲ ਭਾਰਤੀ ਟੀਮ ਨੇ ਆਸਟਰੇਲੀਆ ਵਿੱਚ ਸਾਲ ਦੀ ਸ਼ੁਰੂਆਤ ਕਰ ਲਈ ਹੈ । ਹੁਣ ਤੱਕ ਇੱਕੋ ਇੱਕ ਟੀ-20 ਭਾਰਤ ਨੇ 3 ਫਰਵਰੀ ਨੂੰ ਆਸਟਰੇਲੀਆ ਤੋਂ 8 ਵਿਕਟਾਂ ਨਾਲ ਜਿੱਤਿਆ ਹੈ । ਸਨ 2012 ਦੀ ਇਹ ਪਹਿਲੀ ਜਿੱਤ ਬਣੀ ਹੈ । ਆਸਟਰੇਲੀਆ ਵਿੱਚ ਹੀ 5 ਫਰਵਰੀ ਤੋਂ 8 ਮਾਰਚ ਤੱਕ ਮੇਜ਼ਬਾਨ ਆਸਟਰੇਲੀਆ ਭਾਰਤ,ਅਤੇ ਸ਼੍ਰੀ ਲੰਕਾ ਦੀਆਂ ਟੀਮਾਂ ਨੇ ਕਾਮਨਵੈਲਥ ਬੈਂਕ ਸੀਰੀਜ਼ (ਸੀ ਬੀ ਐਸ) ਵਿੱਚ ਜੇਤੂ ਬਣਨ ਲਈ ਜ਼ੋਰ ਅਜਮਾਈ ਸ਼ੁਰੂ ਕਰ ਦਿੱਤੀ ਹੈ । ਇਸ ਉਪਰੰਤ ਵਿਸ਼ੇਸ ਕ੍ਰਿਕਟ ਮੁਕਾਬਲਾ ਏਸ਼ੀਆ ਕੱਪ 12 ਤੋਂ 22 ਮਾਰਚ ਤੱਕ ਬੰਗਲਾ ਦੇਸ਼ ਵਿੱਚ ਖੇਡਣਾ ਹੈ । ਜਿਸ ਵਿੱਚ ਫਾਈਨਲ ਸਮੇਤ ਕੁੱਲ 7 ਮੈਚ ਖੇਡੇ ਜਾਣੇ ਹਨ।ਇੱਥੇ ਹੀ ਇਸ ਮੁਕਾਬਲੇ ਦੌਰਾਂਨ 18 ਮਾਰਚ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਦੀ ਸਖ਼ਤ ਟੱਕਰ ਦਾ ਦਰਸ਼ਕ ਨਜ਼ਾਰਾ ਮਾਣ ਸਕਣਗੇ । ਪਹਿਲਾਂ ਦੋਹਾਂ ਮੁਲਕਾਂ ਦਰਮਿਆਂਨ ਭਾਰਤ ਦੀ ਮੇਜ਼ਬਾਨੀ ਅਧੀਨ 3 ਟੈਸਟ ਮੈਚ ਅਤੇ 5 ਵੰਨ ਡੇਅ ਖੇਡਣਾ ਤੈਅ ਕੀਤਾ ਜਾ ਰਿਹਾ ਸੀ ,ਪਰ ਇਹ ਗੱਲ ਸਿਰੇ ਨਹੀਂ ਲੱਗ ਸਕੀ ।
                     ਏਸ਼ੀਆ ਕੱਪ ਤੋਂ ਬਾਅਦ ਵੀ ਭਾਰਤੀ ਟੀਮ ਕੋਲ ਜ਼ਿਆਦਾ ਫ਼ੁਰਸਤ ਦੇ ਪਲ ਨਹੀਂ ਹਨ,ਕਿਓਂਕਿ 4 ਅਪ੍ਰੈਲ ਤੋਂ 27 ਮਈ ਤੱਕ 74 ਮੈਚਾਂ ਵਾਲਾ ਆਈ ਪੀ ਐਲ ਮੁਕਾਬਲਾ ਹੋਣਾ ਹੈ । ਇਸ ਤੋਂ ਬਾਅਦ ਕਰੀਬ ਇੱਕ ਮਹੀਨਾ ਅਰਾਮ ਲਈ ਮਿਲ ਸਕਦਾ ਹੈ । ਇਹ ਵੀ ਤਾਂ ਹੀ ਸੰਭਵ ਹੋਵੇਗਾ ,ਜੇ ਕਰ ਬੀ ਸੀ ਸੀ ਆਈ ਕੋਈ ਨਵਾਂ ਪ੍ਰੋਗਰਾਮ ਨਹੀਂ ਉਲੀਕਦੀ । ਜੁਲਾਈ - ਅਗਸਤ ਵਿੱਚ ਭਾਰਤੀ ਟੀਮ ਨੇ ਸ਼੍ਰੀਲੰਕਾ ਵਿੱਚ 3 ਟੈਸਟ ਮੈਚ ਖੇਡਣ ਜਾਣਾ ਹੈ । ਭਾਰਤ ਦੀ ਸਰਜ਼ਮੀਨ ‘ਤੇ ਕ੍ਰਿਕਟ ਸੀਜ਼ਨ ਦੀ ਸ਼ੁਰੂਆਤ  ਅਗਸਤ-ਸਤੰਬਰ ਮਹੀਨੇ ਵਿੱਚ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੇ 3 ਟੈਸਟ ਮੈਚਾਂ ਨਾਲ ਹੋਣੀ ਹੈ । ਜੋ ਟੀ-20 ਵਿਸ਼ਵ ਕੱਪ ਤੱਕ ਚਲੇਗੀ । ਫਿਰ ਚੈਂਪੀਅਨਜ਼ ਲੀਗ ਟੀ-20 ਦੇ 23 ਮੈਚ ਅਤੇ ਨਵੰਬਰ -2012 ਤੋਂ ਜਨਵਰੀ 2013 ਤੱਕ  ਇੰਗਲੈਂਡ ਟੀਮ ਭਾਰਤ ਵਿੱਚ 4 ਟੈਸਟ ਮੈਚ, ਇੱਕ ਟੀ-20 ਅਤੇ 7 ਇੱਕ ਰੋਜ਼ਾ ਮੈਚ ਖੇਡੇਗੀ । ਇਸ ਤਰ੍ਹਾਂ ਜਿਵੇਂ 2011 ਦੀ ਸ਼ੁਰੂਆਤ ਭਾਰਤ ਨੇ ਆਪਣੀ ਹੀ ਧਰਤੀ ‘ਤੇ ਦੱਖਣੀ ਅਫਰੀਕਾ ਵਿਰੁੱਧ ਟੈਸਟ ਲਡ਼ੀ 1-1 ਨਾਲ ਬਰਾਬਰੀ ਉੱਤੇ ਖੇਡਣ ਨਾਲ ਕੀਤੀ ਸੀ,ਅਤੇ 2012 ਦੀ ਸ਼ੁਰੂਆਤ ਆਸਟਰੇਲੀਆ ਵਿੱਚ ਟੈਸਟ ਮੈਚ ਹਾਰਨ ਨਾਲ ਹੋਈ ਹੈ  । ਅਗਾਮੀ ਵਰ੍ਹਾ 2013 ਇਗਲੈਂਡ ਵਿਰੁੱਧ ਭਾਰਤ ਵਿੱਚ ਹੀ ਸ਼ੁਰੂ ਹੋਣਾਂ ਹੈ,ਇਹ ਕਿਵੇਂ ਅਤੇ ਕਿਸ ਤਰ੍ਹਾਂ ਹੋਵੇਗਾ ਬਾਰੇ ਅਜੇ ਲੰਮੀ ਉਡੀਕ ਕਰਨੀ ਪੈਣੀ ਹੈ,ਤਾਂ ਫਿਰ ਆਓ ਇਸ ਉਡੀਕ ਵਿੱਚ ਮਸਤ ਹੋ ਜਾਈਏ ,ਅਤੇ ਇਸ ਵਰ੍ਹੇ ਕੀ ਕੀ, ਕਿਹੋ ਜਿਹਾ ਵਾਪਰਦਾ ਹੈ,ਇਸ ਨੂੰ ਵੇਖੀਏ ?
                                            
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੋਬਾਈਲ ਸੰਪਰਕ:98157-07232