Showing posts with label Ram Raheem. Show all posts
Showing posts with label Ram Raheem. Show all posts

Friday, May 21, 2021

ਜੀਕੇ, ਸਰਨਾ ਅਤੇ ਰਾਜਾ ਵੱਲੋਂ ਰਾਮ ਰਹੀਮ ਦੀ ਪੈਰੋਲ 'ਤੇ ਤਿੱਖਾ ਪ੍ਰਤੀਕਰਮ

21st May 2021 at 7:31 PM

ਰਾਮ ਰਹੀਮ ਦੀ ਪੈਰੋਲ ਰੱਦ ਕਰਕੇ ਸਿਆਸੀ ਸਿੱਖ ਕੈਦੀਆਂ ਨੂੰ ਰਿਹਾ ਕਰੋ 

ਨਵੀਂ ਦਿੱਲੀ: 21 ਮਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):

ਸਿੱਖ ਕੌਮ ਦੇ ਸਿਆਸੀ ਕੈਦੀ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ  ਦੀ ਰਿਹਾਈ ਅਤੇ ਪੈਰੋਲ ਵਰਗੇ ਮਾਮਲਿਆਂ ਵਿੱਚ ਕੀਤੇ ਜਾ ਰਹੇ ਵਤੀਰੇ ਦਾ ਮਾਮਲਾ  ਡੇਰਾ ਮੁਖੀ ਨੂੰ ਪੈਰੋਲ ਦਿੱਤੇ ਜਾਣ ਮਗਰੋਂ ਇੱਕ ਵਾਰ ਫੇਰ ਖੜਾ ਹੋ ਗਿਆ ਹੈ। ਸਿੱਖ ਆਗੂਆਂ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਹੈ ਕਿ ਸਿੱਖ ਸਿਆਸੀ ਕੈਦੀਆਂ ਦੀਆਂ ਬਣਦੀਆਂ ਸਜ਼ਾਵਾਂ ਕਦੋਂ ਦੀਆਂ ਪੂਰੀਆਂ ਹੋ ਚੁੱਕਣ ਦੇ ਬਾਵਜੂਦ ਵੀ ਉਹਨਾਂ ਨੂੰ  ਤੇ ਨਾ ਹੀ ਪੈਰੋਲ ਦਿੱਤੀ ਜਾਂਦੀ ਹੈ ਪਰ ਡੇਰਾ ਮੁਖੀ ਨੂੰ ਇਹ ਸਹੂਲਤ ਫਟਾਫਟ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਜਿਹਨਾਂ ਜਿਹਨਾਂ ਨੂੰ ਵੀ ਸਿੱਖ ਆਗੂ ਆਪਣੇ ਸਿਆਸੀ ਕੈਦੀ ਆਖਦੇ ਹਨ ਓਹ ਸਰਕਾਰ ਦੀਆਂ ਨਜ਼ਰਾਂ ਵਿੱਚ "ਬੜੇ ਹੀ ਖਤਰਨਾਕ ਅੱਤਵਾਦੀ" ਹਨ। ਇਹਨਾਂ ਨੂੰ "ਹੋਰ ਸਖਤ ਸਜ਼ਾਵਾਂ" ਦੇਣ ਲਈ ਪੰਜਾਬ ਵਿੱਚ ਸਰਗਰਮ ਹਿੰਦੂਤਵੀ ਬ੍ਰਾਂਡ ਵਾਲੀ ਭਾਵਨਾ ਨਾਲ ਸਰਗਰਮ ਕਈ ਵੱਖ ਵੱਖ ਸੰਗਠਨ ਵੀ ਦਬਾਅ ਬਣਾਈ ਰੱਖਦੇ ਹਨ। 

ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਐਮਰਜੈਂਸੀ ਪੈਰੋਲ ਦਿੱਤੇ ਜਾਣ ਦਾ ਸਿੱਖ ਕੌਮ ਅੰਦਰ ਵਿਰੋਧ ਹੋ ਰਿਹਾ ਹੈ। ਰਾਮ ਰਹੀਮ ਇਸ ਸਮੇਂ ਸੰਗੀਨ ਧਾਰਾਵਾਂ ਹੇਠ ਜੇਲ੍ਹ ਅੰਦਰ ਬੰਦ ਸੀ। ਮਨਜੀਤ ਸਿੰਘ ਜੀਕੇ, ਪਰਮਜੀਤ ਸਿੰਘ ਸਰਨਾ, ਅਖੰਡ ਕੀਰਤਨੀ ਜੱਥੇ ਦੇ ਭਾਈ ਅਰਵਿੰਦਰ ਸਿੰਘ ਰਾਜਾ ਅਤੇ ਹੋਰ ਸਿੱਖ ਚਿੰਤਕਾਂ ਨੇ ਇਸ ਤੇ ਚਿੰਤਾ ਜ਼ਾਹਿਰ ਕਰਦਿਆਂ ਬਾਬਾ ਰਾਮ ਰਹੀਮ ਨੂੰ ਐਮਰਜੈਂਸੀ ਪੈਰੋਲ ਦਿੱਤੇ ਜਾਣ ਦਾ ਵਿਰੋਧ ਕਰਦਿਆਂ ਸਰਕਾਰ ਦੇ ਫੈਸਲੇ ਦੀ ਸਖਤ ਨਿਖੇਧੀ ਕੀਤੀ ਹੈ।  

ਉਨ੍ਹਾਂ ਕਿਹਾ ਕਿ ਸਾਧਵੀ ਦੇ ਜਿਨਸੀ ਸ਼ੋਸ਼ਣ ਅਤੇ ਕਤਲ ਦੇ ਦੋਸ਼ੀ ਰਾਮ ਰਹੀਮ ਵਰਗੇ ਖੌਫ਼ਨਾਕ ਕੈਦੀ ਨੂੰ ਪੈਰੋਲ ਦੇਣਾ ਨਿੰਦਣਯੋਗ ਹੈ। ਸਰਕਾਰ 'ਤੇ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਖੇਡ ਸਰਕਾਰ ਦੀ ਮਿਲੀਭੁਗਤ ਨਾਲ ਖੇਡੀ ਗਈ ਹੈ। 

ਇਨ੍ਹਾਂ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਦੇ ਸਿਆਸੀ ਕੈਦੀ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਆਪਣੀ ਬਣਦੀ ਸਜ਼ਾ ਤੋਂ ਵੀ ਵੱਧ ਜੇਲ੍ਹ ਕੱਟ ਚੁੱਕੇ ਹਨ ਤੇ ਇਨ੍ਹਾਂ ਨੂੰ ਇਕ ਦਿਨ ਦੀ ਵੀ ਪੈਰੋਲ ਨਹੀਂ ਦਿੱਤੀ ਗਈ ਹੈ ਸਾਡੀ ਸਰਕਾਰ ਤੋਂ ਮੰਗ ਹੈ ਕਿ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰਕੇ ਸਿਆਸੀ ਸਿੱਖ ਕੈਦੀਆਂ ਨੂੰ ਰਿਹਾ ਕੀਤਾ ਜਾਏ।

Wednesday, August 30, 2017

Dera:ਮੰਨੇ ਪ੍ਰਮੰਨੇ ਖਾੜਕੂ ਗੁਰਜੰਟ ਸਿੰਘ ਰਾਜਸਥਾਨੀ ਨਾਲ ਵੀ ਸੀ ਨੇੜਤਾ?

Tue, Aug 29, 2017 at 4:15 PM
ਉੱਘੇ ਕਾਲਮਨਵੀਸ ਕੁਲਵੰਤ ਸਿੰਘ 'ਢੇਸੀ' ਵੱਲੋਂ ਕਈ ਅਹਿਮ ਖੁਲਾਸੇ 
AK 7 ਦੀ ਨੋਕ ਤੇ ਦੁਆਈ ਗਈ ਸੀ ਰਾਮ ਰਹੀਮ ਨੂੰ ਗੱਦੀ?
ਪੰਦਰਾਂ ਸਾਲ ਦੀ ਲੰਬੀ ਜੱਦੋ ਜਹਿਦ ਮਗਰੋਂ ਸੌਦਾ ਸਾਧ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਕਾਨੂੰਨ ਦੇ ਪੰਜੇ ਵਿਚ ਮਸੀਂ ਹੀ ਫਸਿਆ ਹੈ। ਇਹ ਸਾਧ ਆਪਣੇ ਆਪ ਵਿਚ ਏਨਾ ਖੂੰਖਾਰ ਹੋ ਗਿਆ ਸੀ ਕਿ ਇਸ ਨੂੰ ਅਦਾਲਤੀ ਕਟਹਿਰੇ ਵਿਚ ਖੜ੍ਹੇ ਕਰਨ ਲਈ ਹਰਿਆਣੇ ਦੀ ਸਰਕਾਰ ਦੇ ਸਾਹ ਔਖੇ ਹੋਏ ਪਏ ਸਨ। 
25 ਅਗਸਤ ਨੂੰ ਪੰਚਕੂਲਾ ਦੀ ਸੀ ਬੀ ਆਈ ਅਦਾਲਤ ਵਿਚ ਸਾਧ ਦਾ ਫੈਸਲਾ ਹੋਣਾ ਸੀ ਜਿਸ ਸਬੰਧੀ ਉਸ ਦੇ ਹਿਮਾਇਤੀਆਂ ਵਲੋਂ ਸ਼ਰੇਆਮ ਧਮਕੀਆਂ ਆ ਰਹੀਆਂ ਸਨ ਕਿ ਜੇਕਰ ਫੈਸਲਾ ਉਹਨਾਂ ਦੇ ਪਿਤਾ ਦੇ ਖਿਲਾਫ ਆਇਆ ਤਾਂ ਉਹ ਭਾਰਤ ਨੂੰ ਦੁਨੀਆਂ? ਦੇ ਨਕਸ਼ੇ ਤੋਂ ਮਿਟਾ ਦੇਣਗੇ। ਇਹਨਾਂ ਧਮਕੀਆਂ ਦੇ ਹੁੰਦਿਆਂ ਹੋਇਆਂ ਵੀ ਹਰਿਆਣਾ ਸਰਕਾਰ ਸਥਿਤੀ ਨੂੰ ਕਾਬੂ ਕਰਨ ਵਿਚ ਨਿਪੁੰਸਕ ਰਹੀ ਅਤੇ ਡੇੜ ਲੱਖ ਡੇਰਾ ਸਮਰਥਕ ਪੰਚਕੂਲਾ ਦੇ ਸੈਕਟਰ 3 ਵਿਚ ਜਮ੍ਹਾ ਹੋ ਗਏ ਜੋ ਕਿ ਅਦਾਲਤੀ ਫੈਸਲਾ ਆਉਂਦੇ ਸਾਰ ਹੀ ਹਿੰਸਾ ਤੇ ਉਤਰ ਆਏ।  ਪੁਲਸ ਅਤੇ ਪ੍ਰਸ਼ਾਸਨ ਦੀ ਨਿਲਾਇਕੀ ਕਾਰਨ ਹੀ ਇਹ ਸਭ ਹੋਇਆ ਹੈ ਪਰ ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ ਕਿਓਂਕਿ ਕੇਂਦਰ ਵਿਚ ਭਾਜਪਾ ਬੈਠੀ ਹੈ ਅਤੇ ਵਿਰੋਧੀ ਧਿਰ ਵਿਚ ਏਨੀ ਹਿੰਮਤ ਨਹੀਂ ਹੈ ਕਿ ਹਰਿਆਣਾ ਦੀ ਭਾਜਪਾ ਦੀ ਖਟਾਰਾ ਸਰਕਾਰ ਨੂੰ ਚਣੌਤੀ ਦੇ ਸਕਣ।  
ਇਸ ਸਥਿਤੀ ਨੂੰ ਕਾਬੂ ਕਰਨ ਲਈ ਨੀਮ ਫੌਜੀ ਬਲਾਂ ਦੀਆਂ 150 ਕੰਪਨੀਆਂ ਦੀ ਮੰਗ ਕੀਤੀ ਗਈ ਸੀ। ਭਾਵੇਂ ਕਿ ਪੰਚਕੂਲਾ ਅਤੇ ਸਰਸਾ ਵਿਚ ਧਾਰਾ 144 ਲਾਉਣ ਦੀਆਂ ਖਬਰਾਂ ਸਨ ਪਰ ਪੁਲਸ ਅਤੇ ਪ੍ਰਸ਼ਾਸਨ ਡੇਰਾ ਸਮਰਥਕਾਂ ਨੂੰ ਕਾਬੂ ਕਰਨ ਜਾਂ ਖਿੰਡਾਉਣ ਵਿਚ ਬਿਲਕੁਲ ਫਿਹਲ ਰਹੇ। ਸਾਧ ਵਾਲੇ ਦੇ ਖਿਲਾਫ ਅਦਾਲਤੀ ਫੈਸਲਾ ਆਉਂਦੇ ਸਾਰ ਹੀ ਡੇਰਾ ਸਮਰਥਕਾਂ ਨੇ ਸਰੇਆਮ ਪੱਥਰ ਬਾਜੀ ਕੀਤੀ ਜਿਸ ਵਿਚ ਮੀਡੀਆ ਕਰਮੀਆਂ ਨੂੰ ਵੀ ਜ਼ਖਮੀ ਕਰ ਦਿੱਤਾ। ਸਰਕਾਰੀ ਵਾਹਨਾ, ਇਮਾਰਤਾਂ, ਰੇਲ ਗੱਡੀਆਂ ਅਤੇ ਰੇਲਵੇ ਸਟੇਸ਼ਨਾਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਕ੍ਰੋੜਾਂ ਦਾ ਨੁਕਸਾਨ ਹੋਇਆ ਅਤੇ ਇਹ ਸਤਰਾਂ ਲਿਖਣ ਵੇਲੇ ਤਕ 39 ਦੀ ਗਿਣਤੀ ਤਕ ਵਿਅਕਤੀਆਂ ਦੇ ਮਾਰੇ ਜਾਣ ਅਤੇ 250 ਦੇ ਕਰੀਬ ਜ਼ਖਮੀ ਹੋ ਜਾਣ ਦੀਆਂ ਖਬਰਾਂ ਹਨ। ਲਗਾਤਾਰ ਤਿੰਨ ਦਿਨ ਬੱਸ ਅਤੇ ਰੇਲ ਸੇਵਾਵਾਂ ਬੰਦ ਰਹੀਆਂ ਅਤੇ ਸਕੂਲ, ਕਾਲਜ ਅਤੇ ਹੋਰ ਸਰਕਾਰੀ ਅਦਾਰੇ ਬੰਦ ਰਹੇ। ਪੰਚ ਕੂਲਾ ਦੀ ਅਦਾਲਤ ਨੇ ਸੌਦੇ ਵਾਲੇ ਨੂੰ ਦੋਸ਼ੀ ਸਾਬਤ ਕੀਤਾ ਅਤੇ ਸੋਮਵਾਰ ਨੂੰ ਸਜਾ ਸੁਣਾ ਦੇਣ ਦਾ ਫੈਸਲਾ ਕੀਤਾ। ਜਿਸ ਵੇਲੇ ਪੰਚਕੂਲਾ ਦੀ ਅਦਾਲਤ ਵਿਚ ਸੌਦੇ ਵਾਲੇ ਨੂੰ ਫੈਸਲਾ ਸੁਣਾਇਆ ਜਾਣਾ ਸੀ ਉਸ ਵੇਲੇ ਉਸ ਦੇ ਹੱਥ ਜੁੜੇ ਹੋਏ ਸਨ ਅਤੇ ਮਾਨਯੋਗ ਜੱਜ ਜਗਦੀਪ ਸਿੰਘ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਤਾਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ ਅਤੇ ਆਪਣੇ ਵਕੀਲ ਦੇ ਮੋਢੇ ਤੇ ਹੱਥ ਧਰ ਕੇ ਬੈਂਚ ਤੇ ਬਹਿ ਗਿਆ। ਉਪਰੰਤ ਉਹ ਅਪਣੀ ਮੂੰਹ ਬੋਲੀ (ਵਿਵਾਦਤ) ਬੇਟੀ ਹਨੀਪ੍ਰੀਤ ਇੰਸਾ ਨਾਲ ਹੈਲੀਕਾਪਟਰ ਰਾਹੀਂ ਰੋਹਤਕ ਲਈ ਰਵਾਨਾ ਹੋਇਆ । ਤੋਂ ਉਪਰੰਤ ਸੌਦੇ ਵਾਲੇ ਨੂੰ ਰੋਹਤਕ ਦੀ ਜਿਹਲ ਵਿਚ ਬੰਦ ਕਰ ਦਿੱਤਾ ਗਿਆ। ਇਸ ਜਿਹਲ ਵਿਚ ਪਹਿਲੀ ਰਾਤ 5 ਵਜੇ ਤਕ ਸਾਧ ਨੂੰ ਨੀਂਦ ਨਹੀਂ ਆਈ ਕਿਓਂਕਿ ਉਸ ਨੂੰ ਵਿਸ਼ੇਸ਼ ਰਿਆਇਤਾਂ ਨਹੀਂ ਮਿਲੀਆਂ। 
ਰੋਹਤਕ ਜਿਹਲ ਦੀ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵਿਚ ਵੀ ਮਾਨਯੋਗ ਜੱਜ ਜਗਦੀਪ ਸਿੰਘ ਲੋਹਾਨ ਨੇ ਸੌਦੇ ਵਾਲੇ ਨੂੰ ਜਬਰਜਨਾਹ ਦੇ ਮਾਮਲੇ ਵਿਚ ਦੋਹਾਂ ਕੇਸਾਂ ਵਿਚ ਵੱਧ ਤੋਂ ਵੱਧ ਦਸ ਦਸ ਸਾਲ ਦੀ ਸਜਾ ਦਿੱਤੀ। ਇਹ ਫੈਸਲਾ ਸੁਣਦੇ ਸਾਰ ਸੌਦੇ ਵਾਲੇ ਦਾ ਪਿਸ਼ਾਬ ਨਿਕਲ ਗਿਆ ਦੱਸਿਆ ਜਾਂਦਾ ਹੈ ਪਰ ਉਸ ਨੂੰ ਜੱਜ ਵਾਲਾ ਪਾਖਾਨਾ ਵਰਤਣ ਦੀ ਇਜਾਜ਼ਤ ਨਾ ਮਿਲੀ ਅਤੇ ਉਸ ਨੂੰ ਸਧਾਰਨ ਪਾਖਾਨੇ ਵਿਚ ਹੀ ਜਾਣਾ ਪਿਆ। ਸੀ ਬੀ ਆਈ ਦੇ ਵਕੀਲ ਐਚ ਪੀ ਐਸ ਵਰਮਾ ਤੇ ਵੀ ਸਾਧ ਨੇ ਹਮਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸ ਨੂੰ ਵੀ ਵਿਸ਼ੇਸ਼ ਸੁਰੱਖਿਆ ਦਿੱਤੀ ਗਈ। ਵਕੀਲ ਵਰਮਾ ਮੁਤਾਬਕ 12 ਦਸੰਬਰ 2002 ਸਾਧ ਖਿਲਾਫ ਐਫ ਆਈ ਆਰ ਹੋਈ ਅਤੇ ਉਸ ਤੋਂ ਬਾਅਦ ਸਾਧਵੀਆਂ ਦੀ ਭਾਲ ਸ਼ੁਰੂ ਹੋਈ ਜਿਹਨਾ ਨੂੰ ਮੁਸ਼ਕਲ ਨਾਲ ਲੱਭਿਆ ਗਿਆ। ਇੱਕ ਸਾਧਵੀ ਨੂੰ ਖਾਨਪੁਰ ਕੋਲਿਆਂ (ਕੁਰੂਕਸ਼ੇਤਰ) ਤੋਂ ਲੱਭਿਆ ਗਿਆ ਜਿਸ ਨਾਲ ਸਾਧ ਨੇ ਦੋ ਵਾਰ ਬਲਾਤਕਾਰ ਕੀਤਾ ਸੀ ਅਤੇ ਦੂਸਰੀ ਸਾਧਵੀ ਫਤਿਹਾਬਾਦ ਦੀ ਸੀ ਜਿਸ ਨਾਲ ਸਾਧ ਨ ਇੱਕ ਵਾਰ ਬਲਾਤਕਾਰ ਕੀਤਾ ਸੀ। ਸਾਧ ਨੂੰ ਦੋਹਾਂ ਕੇਸਾਂ ਵਿਚ 10-10 ਸਾਲ ਦੀ ਸਜਾ ਸੁਣਾਈ ਗਈ ਹੈ ਅਤੇ ਇਹ ਸਜਾਵਾਂ ਇਕੱਠੀਆਂ ਨਹੀਂ ਚਲਣੀਆ। ਇਸੇ ਦੋਸ਼ ਵਿਚ ਉਸ ਨੂੰ 15-15 ਲੱਖ ਰੁਪਏ ਦਾ ਜੁਰਮਾਨਾ ਵੀ ਹੋਇਆ ਹੈ ਜਿਸ ਵਿਚੋਂ 14-14 ਲੱਖ ਰੁਪਇਆ ਪੀੜਤ ਲੜਕੀਆਂ ਨੂੰ ਮਿਲੇਗਾ। ਇਹ ਖਬਰ ਮਿਲਦਿਆਂ ਹੀ ਦੁਨੀਆਂ ਭਰ ਵਿਚ ਬੈਠੇ ਇਨਸਾਫ ਪਸੰਦ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਹ ਵੀ ਕਿਹਾ ਜਾਂਦਾ ਹੈ ਕਿ ਸੌਦੇ ਵਾਲੇ ਨੂੰ ਜਿਹਲ ਵਿਚ ਕੋਈ ਵੀ ਵਸ਼ੇਸ਼ ਰਿਆਇਤਾਂ ਨਹੀਂ ਦਿੱਤੀਆਂ ਜਾਣਗੀਆਂ ਭਾਵੇਂ ਕਿ ਸਾਧ ਦੇ ਵਕੀਲ ਸਜਾ ਵਿਚ ਰਹਿਮ ਦੀ ਅਪੀਲ ਦੇ ਬਿਆਨ ਦੇ ਰਹੇ ਹਨ। ਇਸ ਦੇ ਨਾਲ ਹੀ ਦੋਸ਼ੀ ਸਾਧ ਵਲੋਂ ਕਰਵਾਏ ਗਏ ਕਤਲਾਂ ਦੇ ਕੇਸਾਂ ਦੇ ਫੈਸਲੇ ਵੀ ਛੇਤੀ ਹੀ ਆਉਣ ਵਾਲੇ ਹਨ।
ਡੇਰੇ ਦਾ ਪਿਛੋਕੜ
ਡੇਰਾ ਸੱਚਾ ਸੌਦਾ ਦੀ ਸਥਾਪਨਾ ਸ਼ਾਹ ਮਸਤਾਨ ਨਾਮ ਦੇ ਵਿਅਕਤੀ ਕੀਤੀ ਜਿਸ ਨੇ ਸੰਨ 1947 ਮਗਰੋਂ ਬਲੋਚਸਤਾਨ ਤੋਂ ਆ ਕੇ ਪਿੰਡ ਬੇਗੂ ਜਿਲਾ ਸਿਰਸਾ ਵਿਚ ਡੇਰਾ ਲਾ ਲਿਆ । ਇਹ ਡੇਰਾ ਹਰਿਆਣਾ ਵਿਚ ਹੈ ਅਤੇ ਪੰਜਾਬ ਅਤੇ ਰਾਜਸਥਾਨ ਨਾਲ ਇਸ ਦੀਆਂ ਸਰਹੱਦਾਂ ਲੱਗਦੀਆਂ ਹਨ।ਸ਼ਾਹ ਮਸਤਾਨ ਨੰਗੇ ਪੈਰੀਂ ਤੁਰਿਆ ਫਿਰਨ ਵਾਲਾ ਇੱਕ ਰਮਤਾ ਸਾਧੂ ਹੀ ਸੀ। ਫਿਰ ਹਰਬੰਸ ਸਿੰਘ ਸਿੱਧੂ ਨਾਮ ਦੇ ਵਿਅਕਤੀ ਨੇ ਸ਼ਾਹ ਮਸਤਾਨ ਨਾਲ ਨੇੜਤਾ ਕਰਕੇ ਡੇਰੇ ਤੇ ਕਬਜਾ ਕਰ ਲਿਆ ਅਤੇ ਆਪਣਾ ਨਾਮ ਸ਼ਾਹ ਸਤਨਾਮ ਪ੍ਰਚਾਰਨ ਲੱਗ ਪਿਆ। ਇਹ ਬੰਦਾ ਇੱਕ ਚੰਗਾ ਬੁਲਾਰਾ, ਪੜਿਆ ਅਤੇ ਚੁਸਤ ਚਲਾਕ ਹੋਣ ਕਾਰਨ ਉਸ ਨੇ ਡੇਰੇ ਦਾ ਪ੍ਰਸਾਰ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਕਿ ਡੇਰੇ ਦੇ ਸਾਧੂਆਂ ਦੇ ਸਬੰਧ ਵਿਚ ਹੁੰਦਾ ਹੀ ਹੈ ਇਸ ਸ਼ਾਹ ਮਸਤਾਨ ਦੇ ਕ੍ਰਿਸ਼ਮਿਆਂ ਅਤੇ ਔਰਤਾਂ ਨਾਲ ਨਜਾਇਜ ਸਬੰਧਾਂ ਦੀਆਂ ਕਹਾਣੀਆਂ ਫੈਲਦੀਆਂ ਚਲੇ ਗਈਆਂ। ਚੁਰਾਸੀ ਦੀ ਸਿੱਖ ਖਾੜਕੂ ਲਹਿਰ ਵੇਲੇ ਇਹ ਡੇਰਾ ਬਹੁਤ ਫੈਲ ਚੁੱਕਿਆ ਸੀ। ਗੁਰਜੰਟ ਸਿੰਘ ਖਾਲਸਤਾਨੀ ਨਾਮ ਦੇ ਖਾੜਕੂ ਦਾ ਇਥੇ ਆਉਣਾ ਜਾਣਾ ਰਹਿੰਦਾ ਸੀ। ਗੁਰਮੀਤ ਸਿੰਘ (ਸੌਦਾ ਸਾਧ) ਅਤੇ ਗੁਰਜੰਟ ਸਿੰਘ ਦੀ ਆਪਸ ਵਿਚ ਬਹੁਤ ਨੇੜਤਾ ਸੀ ਅਤੇ ਇਸ ਨੇੜਤਾ ਦਾ ਸਿੱਟਾ ਗੁਰਮੀਤ ਨੂੰ ਸ਼ਾਹ ਮਸਤਾਨ ਦੀ ਗੱਦੀ ਤੇ ਬਿਠਾਉਣ ਦਾ ਕਾਰਨ ਬਣ ਗਿਆ। ਇਹ ਕਾਰਵਾਈ ਸੰਤਾਲੀ ਦੀ ਨੋਕ ਤੇ ਹੋਈ ਦੱਸੀ ਜਾਂਦੀ ਹੈ। ਹੁਣ ਦਸਵੀਂ ਫਿਹਲ ਸਾਧ ਏਨਾ ਤਾਕਤਵਰ ਹੋ ਗਿਆ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਲਾਉਣ ਅਤੇ ਸਿੱਖਾਂ ਨਾਲ ਸਿੱਧੇ ਮੁਕਾਬਲੇ ਤੇ ਆ ਗਿਆ ਤੇ ਖੁਦ ਨੂੰ ਹਜੂਰ ਮਹਾਂਰਾਜ ਗੁਰਮੀਤ ਰਾਮ ਰਹੀਮ ਇੰਸਾਂ ਕਹਾਉਣ ਲੱਗਾ। 
ਸੌਦੇ ਸਾਧ ਸਬੰਧੀ ਵਿਵਾਦ ਅਤੇ ਦੋਸ਼
1. 1998 ਵਿਚ ਡੇਰੇ ਦੀ ਜੀਪ ਥੱਲੇ ਬੱਚਾ ਆ ਗਿਆ ਅਤੇ ਪਤਰਕਾਰਾਂ ਨਾਲ ਵਿਵਾਦ ਹੋ ਗਿਆ
2. ਸੰਨ 2002 ਵਿਚ ਯੌਨ ਸ਼ੋਸ਼ਣ ਬਾਰੇ ਇੱਕ ਗੁਮਨਾਮ ਲੜਕੀ ਵਲੋਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਗਈ—ਡੇਰੇ ਦੇ ਨਜ਼ਦੀਕੀ ਰਣਜੀਤ ਸਿੰਘ ਦਾ ਕਤਲ ਕਰਵਾ ਦਿੱਤਾ ਗਿਆ—ਡੇਰੇ ਨੂੰ ਸ਼ੱਕ ਸੀ ਕਿ ਇਹ ਚਿੱਠੀ ਉਸ ਨੇ ਆਪਣੀ ਭੈਣ ਤੋਂ ਲਿਖਵਾਈ ਸੀ—ਸੀ ਬੀ ਆਈ ਦੀ ਜਾਂਚ ਸ਼ੁਰੂ।
3. 24 ਅਕਤੂਬਰ 2002 ਨੂੰ ਡੇਰੇ ਦੇ ਅਲੋਚਕ ‘ਪੂਰਾ ਸੱਚ’ ਅਕਬਾਰ ਦੇ ਸੰਪਾਦਕ ਰਾਮਚੰਦਰ ਛਤਰਪਤੀ ਦੀ ਉਸ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਛਤਰਪਤੀ ਨੇ ਇੱਕ ਪੀੜਤ ਕੁੜੀ ਦੀ ਉਹ ਚਿੱਠੀ ਛਾਪ ਦਿੱਤੀ ਸੀ ਜਿਸ ਵਿਚ ਸੌਦਾ ਸਾਧ ਵਲੋਂ ਕੀਤੇ ਯੌਨ ਸ਼ੋਸਣ ਦਾ ਜਿਕਰ ਹੈ। ਮੁਢਲੇ ਰੂਪ ਵਿਚ ਦਰਜ ਐਫ ਆਈ ਆਰ ਵਿਚ ਪੁਲਸ ਨੇ ਸੌਦਾ ਸਾਧ ਦਾ ਨਾਮ ਤਕ ਦਰਜ ਨਹੀਂ ਸੀ ਕੀਤਾ। 10 ਨਵੰਬਰ 2003 ਨੂੰ ਹਾਈਕੋਰਟ ਨੇ ਸੀ ਬੀ ਆਈ ਨੂੰ ਐਫ ਆਈ ਆਰ ਦਰਜ ਕਰਨ ਦੇ ਹੁਕਮ ਦੇ ਦਿੱਤੇ।
4. ਮਈ 2007 ਬਠਿੰਡਾ ਦੇ ਸਲਾਬਤਪੁਰਾ ਡੇਰੇ ਵਿਚ ਸੌਦੇ ਵਾਲੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਅਤੇ ਪੰਜਾਬ ਵਿਚ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਦਰਮਿਆਨ ਟਕਰਾਅ  ਵਧਿਆ।
5. 7 ਮਈ 2007 ਨੂੰ ਸੁਨਾਮ ਵਿਚ ਪ੍ਰਦਰਸ਼ਨ ਕਰ ਰਹੇ ਸਿੱਖਾਂ ਤੇ ਡੇਰਾ ਪ੍ਰੇਮੀ ਨੇ ਗੋਲੀਆਂ ਚਲਾਈਆਂ, ਸਿੱਖ ਨੌਜਵਾਨ ਕਮਲਜੀਤ ਸਿੰਘ ਦੀ ਮੌਤ ਹੋ ਗਈ। ਸੌਦੇ ਵਾਲੇ ਦੇ ਪੰਜਾਬ ਜਾਣ ਤੇ ਪਾਬੰਦੀ ਲੱਗ ਗਈ। 18 ਜੂਨ 2007 ਨੂੰ ਰਜਿੰਦਰ ਸਿੰਘ ਸਿੱਧੂ ਦੀ ਅਰਜੀ ਤੇ ਡੇਰਾ ਮੁਖੀ ਖਿਲਾਫ ਵਰੰਟ ਜਾਰੀ ਕਰ ਦਿੱਤੇ ਗਏ । ਪੰਜਾਬ ਵਿਚ ਡੇਰਾ ਪ੍ਰੇਮੀ ਹਿੰਸਕ ਵਿਖਾਵਿਆਂ ਤੇ ਉੱਤਰ ਆਏ।
6. ਪਾਬੰਦੀ ਦੇ ਬਾਵਜੂਦ ਵੀ ਅੱਕਾਂ ਵਾਲੀ ਪਿੰਡ ਵਿਚ 16 ਜੁਲਾਈ 2007 ਨੂੰ ਸੌਦੇ ਵਾਲੇ ਨੇ ਨਾਮ ਚਰਚਾ ਰੱਖ ਦਿੱਤੀ। ਦੋਹਾਂ ਧਿਰਾਂ ਵਲੋਂ ਪੱਥਰਬਾਜੀ ਹੋਈ। ਸਾਧ ਨੂੰ ਨਾਮ ਚਰਚਾ ਛੱਡ ਕੇ ਦੌੜਨਾ ਪਿਆ। 24 ਜੁਲਾਈ 2007 ਨੂੰ ਇੱਕ ਡੇਰਾ ਪਰੇਮੀ ਨੇ ਆਪਣੀ ਬੰਦੂਕ ਨਾਲ ਫਾਇਰ ਕੀਤੇ ਜਿਸ ਵਿਚ 3 ਪੁਲਿਸ ਵਾਲਿਆਂ ਸਮੇਤ 7 ਵਿਅਕਤੀ ਜ਼ਖਮੀ ਹੋ ਗਏ।
7. 31 ਜੁਲਾਈ 2007 ਨੂੰ ਸੀ ਬੀ ਆਈ ਨੇ ਡੇਰਾ ਮੁਖੀ ਨੂੰ ਕਤਲ ਅਤੇ ਸਾਧਵੀ ਯੌਨ ਸ਼ੋਸ਼ਣ ਦੇ ਮਾਮਲੇ ਵਿਚ ਪ੍ਰਮੁਖ ਦੋਸ਼ੀ ਸਾਬਤ ਕਰਦਿਆਂ ਅਦਾਲਤ ਵਿਚ ਚਲਾਣ ਪੇਸ਼ ਕਰ ਦਿੱਤਾ। ਡੇਰਾ ਮੁਖੀ ਨੂੰ 31  ਅਗਸਤ ਤਕ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ। ਇਸ ਦਰਮਿਆਨ ਸੀ ਬੀ ਆਈ ਦੇ ਜੱਜ ਨੂੰ ਵੀ ਧਮਕੀ ਦੀ ਚਿੱਠੀ ਮਿਲੀ ਅਤੇ ਉਸ ਨੂੰ ਸੁਰੱਖਿਆ ਮੰਗਣੀ ਪਈ।
8. ਸੰਨ 2010 ਵਿਚ ਡੇਰੇ ਦੇ ਸਾਬਕਾ ਸਾਧੂ ਰਾਮ ਕੁਮਾਰ ਬਿਸ਼ਨੋਈ ਨੇ ਹਾਈਕੋਰਟ ਵਿਚ ਅਰਜੀ ਪਾ ਕੇ ਡੇਰੇ ਦੇ ਸਾਬਕਾ ਮੈਨੇਜਰ ਫਕੀਰ ਚੰਦ ਦੇ ਗੁਮਸ਼ੁਦਾ ਹੋਣ ਬਾਰੇ ਜਾਂਚ ਦੀ ਮੰਗ ਕੀਤੀ। ਫਕੀਰ ਚੰਦ ਨੇ ਸੌਦੇ ਵਾਲੇ ਤੇ ਦੋਸ਼ ਲਾਇਆ ਕਿ ਉਸ ਨੇ ਫਕੀਰ ਚੰਦ ਨੂੰ ਕਤਲ ਕਰਵਾ ਦਿੱਤਾ ਹੈ। ਇਸ ਮਾਮਲੇ ਵਿਚ ਸੀ ਬੀ ਆਈ ਨੂੰ ਉੱਚ ਅਦਾਲਤ ਵਲੋਂ ਜਾਂਚ ਦੇ ਆਦੇਸ਼ ਹੋਣ ਤੇ ਡੇਰਾ ਪ੍ਰੇਮੀਆਂ ਨੇ ਪੰਜਾਬ, ਰਾਜਸਥਾਨ ਅਤੇ ਹਰਿਆਣਾ ਵਿਚ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਅਤੇ ਬੱਸਾਂ ਨੂੰ ਅੱਗਾਂ ਲਾਈਆਂ । ਸਬੂਤਾਂ ਦੀ ਘਾਟ ਕਾਰਨ ਸੀ ਬੀ ਆਈ ਨੇ ਫਾਈਲ ਬੰਦ ਕਰ ਦਿੱਤੀ ਜਿਸ ਨੂੰ ਬਿਸ਼ਨੋਈ ਨੇ ਉੱਚ ਅਦਾਲਤ ਵਿਚ ਚਣੌਤੀ ਦਿੱਤੀ ਹੋਈ ਹੈ।
9. ਦਸੰਬਰ 2012 ਨੂੰ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਦਰਮਿਆਨ ਵਿਚ ਖੜਕ ਪਈ ਜਦੋਂ ਡੇਰਾ ਪ੍ਰੇਮੀਆਂ ਤੇ ਇੱਕ ਗੁਰਦਵਾਰੇ ਤੇ ਧਾਵਾ ਬੋਲਣ ਅਤੇ ਸਿੱਖਾਂ ਦੀਆਂ ਗੱਡੀਆਂ ਨੂੰ ਸਾੜਨ ਦੇ ਦੋਸ਼ ਲੱਗੇ। ਹਾਲਾਤ ਤੇ ਕਾਬੂ ਪਾਉਣ ਲਈ ਕਰਫਿਊ ਲਾਉਣਾ ਪਿਆ ਅਤੇ ਡੇਰਾ ਪ੍ਰੇਮੀਆਂ ਤੇ ਕੇਸ ਦਰਜ ਹੋਇਆ।
10. 17 ਜੁਲਾਈ 2012 ਨੂੰ ਫਤਹਾਬਾਦ ਜਿਲੇ ਦੇ ਹੰਸਰਾਜ ਨੇ ਹਾਈਕੋਰਟ ਵਿਚ ਅਰਜੀ ਪਾ ਕੇ ਸੌਦੇ ਵਾਲੇ ਵਲੋਂ 400 ਸਾਧੂਆਂ ਨੂੰ ਨਿਪੁੰਸਕ ਬਨਾਉਣ ਦਾ ਦੋਸ਼ ਲਾਇਆ। ਇਸ ਮਗਰੋਂ ਪੜਤਾਲ ਦੇ ਹੁਕਮ ਹੋਏ ਅਤੇ ਡੇਰੇ ਦੇ ਸਾਧੂਆਂ ਨੇ ਮੰਨਿਆ ਕਿ ਉਹ ਨਿਪੁੰਸਕ ਹਨ ਅਤੇ ਉਹਨਾਂ ਆਪਣੀ ਮਰਜੀ ਨਾਲ ਅਪ੍ਰੇਸ਼ਨ ਕਰਵਾਇਆ ਹੈ। ਹੰਸਰਾਜ ਨੇ ਖੁਲਾਸਾ ਕੀਤਾ ਕਿ ਛਤਰਪਤੀ ਹੱਤਿਆ ਕਾਂਡ ਦੇ ਅਰੋਪੀ ਨਿਰਮਲ ਅਤੇ ਕੁਲਦੀਪ ਵੀ ਡੇਰੇ ਦੇ ਨਿਪੁੰਸਕ ਸਾਧੂ ਹਨ।
11. ਆਪਣੀ ਫਿਲਮ ਐਮ ਐਸ ਜੀ (ਮਸਿੰਜਰ ਆਫ ਗਾਡ) ਅਤੇ ਨਿੱਜੀ ਫੌਜ ਸਬੰਧੀ ਵੀ ਸੌਦੇ ਵਾਲਾ ਚਰਚਾ ਵਿਚ ਹੈ। ਇਸ ਫਿਲਮ ਵਿਚ ਉਹ ਸੁਪਰ ਬਾਬਾ ਬਣ ਕੇ ਸਮਾਜਕ ਬੁਰਾਈਆਂ ਰੋਕਦਾ ਹੈ ਪਰ ਇਹ ਫਿਲਮ ਦਰਸ਼ਕਾਂ ਨੂੰ ਬਿਲਕੁਲ ਪਸੰਦ ਨਹੀਂ ਆਈ ਅਤੇ ਹੁਣ ਉਹ ਇਸ ਦਾ ਦੂਜਾ ਹਿੱਸਾ ਬਣਾ ਰਿਹਾ ਹੈ ਜੋ ਕਿ ਜਨਵਰੀ ਵਿਚ ਰਲੀਜ਼ ਕੀਤਾ ਜਾਣਾ ਸੀ। ਇਹਨਾ ਫਿਲਮਾਂ ਵਿਚ ਉਹ ਲੇਖਕ,ਨਾਇਕ, ਨਿਰਦੇਸ਼ਕ, ਸੰਗੀਤਕਾਰ ਅਤੇ ਗੀਤਕਾਰ ਖੁਦ ਹੀ ਹੈ। ਇਸ ਦੀ ਫਿਲਮ ਨੂੰ ਮਨਜੂਰੀ ਮਿਲਣ ਮਗਰੋਂ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੀ ਮੁਖੀ ਲੀਲਾ ਸੇਮਸਨ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਸ ਨੇ ਬੋਰਡ ਵਿਚ ਕੁਰੱਪਸ਼ਨ ਦੇ ਦੋਸ਼ ਲਾਏ ਸਨ। 
ਡੇਰੇ ਵਾਲਾ ਐਲਾਨੀਆਂ ਤੌਰ ਤੇ ਮੋਦੀ ਦਾ ਹਿਮਾਇਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖਟੜ ਮੁਤਾਬਕ ਇਹ ਸਾਧ ਲੋਕ ਹਿਤੇਸ਼ੀ ਕੰਮ ਕਰਦਾ ਹੈ। ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨਾਲ ਸਾਧ ਦੇ ਨੇੜਲੇ ਸਬੰਧ ਹਨ। ਉਸ ਨੇ ਡੇਰੇ ਨੂੰ 51 ਲੱਖ ਰੁਪਏ ਫੰਡ ਵੀ ਦਿੱਤਾ ਸੀ। ਹਿਮਾਚਲ ਪ੍ਰਦੇਸ਼ ਦੇ ਹਮੀਰ ਪੁਰ ਤੋਂ ਬੀ ਜੇ ਪੀ ਸਾਂਸਦ ਅਨੁਰਾਗ ਠਾਕੁਰ ਦੇ ਵੀ ਡੇਰੇ ਵਾਲੇ ਨਾਲ ਨਜ਼ਦੀਕੀ ਸਬੰਧ ਹਨ ਜੋ ਕਿ ਸਵੱਛ ਭਾਰਤ ਦੇ ਮੁੱਦੇ ਤੇ ਸਾਧ ਦਾ ਭਗਤ ਹੈ। ਜਿਕਰ ਯੋਗ ਹੈ ਕਿ ਸੀ ਬੀ ਅਦਾਲਤ ਨੇ ਡੇਰਾ ਸਿਰਸਾ ਸਮੇਤ ਸਾਧ ਦੀਆਂ ਸਾਰੀਆਂ ਜਾਇਦਾਤਾਂ ਜ਼ਬਤ ਕਰਨ ਦੇ ਹੁਕਮ ਦੇ ਰੱਖੇ ਹਨ।
ਸਭ ਸਰਕਾਰਾਂ ਵਲੋਂ ਸਮਰਥਨ
ਜਿਸ ਵੇਲੇ ਡੇਰਾ ਸਾਧ ਦਾ ਮੁੱਦਾ ਉੱਠਿਆ ਉਦੋਂ ਹਰਿਆਣੇ ਵਿਚ ਚੌਟਾਲਿਆਂ ਦੀ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੀ ਸਰਕਾਰ ਸੀ । ਚੌਟਾਲਿਆਂ ਨੇ ਸੌਦੇ ਵਾਲੇ ਦਾ ਖੁਲ੍ਹ ਕੇ ਸਮਰਥਨ ਕੀਤਾ ਅਤੇ ਸੰਪਾਦਕ ਛਤਰਪਤੀ ਦਾ ਆਖਰੀ ਬਿਆਨ ਤਕ ਨਾ ਹੋਣ ਦਿੱਤਾ ਅਤੇ ਸੀ ਬੀ ਆਈ ਜਾਂਚ ਵਿਚ ਰੋੜੇ ਅਟਕਾਏ। 2009 ਵਿਚ ਕਾਂਗਰਸ ਦੀ ਹੁੱਡਾ ਸਰਕਾਰ ਵਿਚ ਸਾਧ ਨੂੰ ਵੀ ਆਈ ਪੀ ਰਿਸੈਪਸ਼ਨ ਪ੍ਰਾਪਤ ਸੀ। ਇਹ ਹੀ ਹਾਲ 2014  ਵਿਚ ਬੀ ਜੇ ਪੀ ਦੀ ਸਰਕਾਰ ਦਾ ਸੀ। ਇਹ ਵੀ ਅੰਦਾਜੇ ਲਾਏ ਜਾ ਰਹੇ ਹਨ ਕਿ ਰਾਜਨੀਤੀ ਵਿਚ ਦੂਹਰੀ ਖੇਡ ਖੇਡਣ ਦਾ ਕਾਰਨ ਹੀ ਆਖਰ ਸਾਧ ਦੇ ਫੰਦੇ ਦਾ ਕਾਰਨ ਬਣ ਗਿਆ ਕਿਓਂਕਿ ਸਾਧ ਦੇ ਪ੍ਰਭਾਵ ਹੇਠਲੇ ਇਲਾਕਿਆਂ ਵਿਚ ਇਨੈਲੋ ਜਿੱਤੀ ਸੀ।
ਬਾਦਲਾਂ ਅਤੇ ਜਥੇਦਾਰਾਂ ਵਲੋਂ ਸਾਧ ਦੀ ਹਿਮਾਇਤ
 ਇਹਨੀ ਦਿਨੀ ਸੋਸ਼ਲ ਸਾਈਟਾਂ ਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਸੌਦੇ ਵਾਲੇ ਦੀ ਤਾਬਿਆ ਬੈਠੇ ਦਿਖਾਇਆ ਗਿਆ ਹੈ। ਬਾਦਲਾਂ ਦੇ ਦਬਾਅ ਕਰਕੇ ਹੀ ਜਥੇਦਾਰ ਅਕਾਲ ਤਖਤ ਨੇ ਸੌਦਾ ਸਾਧ ਨੂੰ ਕਲੀਨ ਚਿੱਟ ਦਿੱਤੀ ਸੀ। ਕਿਹਾ ਜਾਂਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਦਾ ਅਜ ਕਲ ਪੰਜ ਤਾਰਾ ਹੋਟਲ ਬਣ ਰਿਹਾ ਹੈ । ਹੁਣ ਜਦੋਂ ਸੌਦਾ ਸਾਧ ਨੂੰ ਅਦਾਲਤ ਨੇ ਜਬਰਜਨਾਹ ਦੇ ਮਾਮਲੇ ਵਿਚ ਵੀਹ ਸਾਲ ਜਿਹਲ ਦੀ ਸਜਾ ਸੁਣਾ ਦਿੱਤੀ ਹੈ ਤਾਂ ਇਹਨਾ ਜਥੇਦਾਰਾਂ ਦਾ ਇਖਲਾਕੀ ਫਰਜ ਬਣਦਾ ਹੈ ਕਿ ਉਹ ਵੀ ਅਸਤੀਫਾ ਦੇ ਜਾਣ। ਵੈਸੇ ਵੀ ਇਹ ਪੁਜਾਰੀ ਮੁੱਦਤ ਤੋਂ ਸਿੱਖ ਸੰਗਤਾਂ ਦੇ ਮਨੋ ਲਹਿ ਚੁੱਕੇ ਹਨ। ਅੱਜਕਲ ਪੰਥ ਵਿਚ ਬਰਸੀਆਂ ਮਨਾਉਣ ਦਾ ਮੌਸਮ ਹੈ ਅਤੇ ਨਾਮ ਨਿਹਾਦ ‘ਪੰਥਕ ਬੁਲਾਰਿਆਂ’ ਦੇ ‘ਮਾਂਹਪੁਰਖ’ ‘ਮਹਾਪੁਰਖ’ ਕਰਦਿਆਂ ਦੇ ਤਾਲੂ ਸੁੱਕੇ ਪਏ ਹਨ ਪਰ ਕਿਸੇ ਇੱਕ ਵੀ ਬੁਲਾਰੇ ਨੇ ਵਿਕਾਊ ਸਰਕਾਰਾਂ, ਵਿਕਾਊ ਜਥੇਦਾਰਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਲਾਉਣ ਵਾਲੇ ਪੰਥ ਦੀ ਹਿਕ ਦੇ ਨਾਸੂਰ ਸੌਦੇ ਵਾਲੇ ਦਾ ਜਿਕਰ ਤਕ ਨਹੀਂ ਕੀਤਾ।ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਪੁਰਬਾਂ ਤੇ ਕਿਰਾਏ ਭਾੜੇ ਦੇ ਪ੍ਰਚਾਰਕਾਂ ਦੇ ਮੂੰਹੋਂ ਏਨਾ ਵੀ ਨਿਕਲਦਾ ਕਿ ਸਿੱਖਾਂ ਦੇ ਹਾਜ਼ਰ ਨਾਜ਼ਰ ਗੁਰੂ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਅਤੇ ਸਿੱਖ ਪੰਥ ਨੂੰ ਪ੍ਰਵਾਣਤ ਪੰਥਕ ਰਹਿਤ ਮਰਿਯਾਦਾ ਦੇ ਅਨੁਸਾਸ਼ਨ ਵਿਚ ਰਹਿ ਕੇ ਇੱਕਜੁੱਟ ਹੋਣਾ ਚਾਹੀਦਾ ਹੈ। ਸਿੱਖ ਪੰਥ ਵਿਚ ਡੇਰਾ ਵਾਦ ਅਤੇ ਬਾਬਾ ਵਾਦ ਦੀ ਚੜ੍ਹਤ ਨੇ ਹੀ ਇਹਨਾ ਬਾਬਿਆਂ ਦੇ ਹੌਸਲੇ ਵਧਾਏ ਹਨ। ਕਈ ਬਾਬੇ ਤਾਂ ਬੀਬੀਆਂ ਨੂੰ ਪੈਰਾਂ ਦਾ ਪਾਣੀ ਪਿਲਾਉਂਦੇ ਅਤੇ ਘੁੱਟ ਘੁੱਟ ਕੇ ਹਿੱਕੀਂ ਲਾਉਂਦੇ ਵੀ ਦੇਖੇ ਜਾ ਸਕਦੇ ਹਨ। ਇਹਨਾ ਕਾਰਵਾਈਆਂ ਨੇ ਦੋਸ਼ੀ ਸਾਧਾਂ ਦੇ ਹੌਸਲੇ ਵਧਾਏ ਹਨ ਅਤੇ ਸਿੱਖੀ ਦੇ ਪਹਿਰੇਦਾਰ ਜਥੇਦਾਰ ਨੂੰ ਉਹ ਟਿੱਚ ਜਾਣਦੇ ਹਨ ਜਦ ਕਿ ਸਰਕਾਰਾਂ ਉਹਨਾ ਦੇ ਪੈਰੀਂ ਪੈਂਦੀਆਂ ਹਨ।

Friday, August 25, 2017

ਇੱਕ ਗੁੰਮਨਾਮ ਚਿੱਠੀ ਤੋਂ ਲੱਭਿਆ ਸੀਬੀਆਈ ਨੇ ਸਾਰਾ ਵੇਰਵਾ

5 ਸਾਲਾਂ 'ਚ ਸਬੂਤ ਤੇ ਗਵਾਹ ਲੱਭੇ, 9 ਸਾਲ ਟ੍ਰਾਇਲ, ਹੁਣ ਫੈਸਲੇ ਦੀ ਘੜੀ
ਚੰਡੀਗੜ੍ਹ: 25 ਅਗਸਤ 2017: (ਅਮਨਦੀਪ ਬੇਦੀ ਦੀ ਫੇਸਬੁੱਕ ਪ੍ਰੋਫ਼ਾਈਲ ਤੋਂ ਧੰਨਵਾਦ ਸਹਿਤ):: 
ਸਾਧਵੀ ਯੌਨ ਸ਼ੋਸ਼ਣ ਮਾਮਲੇ ਦੀ ਜਾਂਚ ਕਰਨਾ ਸੀ. ਬੀ. ਆਈ. ਲਈ ਬਹੁਤ ਹੀ ਮੁਸ਼ਕਿਲ ਕੰਮ ਸੀ, ਨਾ ਸਬੂਤ ਤੇ ਨਾ ਹੀ ਗਵਾਹ। ਸੀ. ਬੀ. ਆਈ. ਕੋਲ ਜੇਕਰ ਕੁੱਝ ਸੀ ਸਿਰਫ਼ ਇਕ ਗੁੰਮਨਾਮ ਚਿੱਠੀ। ਇਸੇ ਚਿੱਠੀ ਦੇ ਸਹਾਰੇ ਹੀ ਸੀ. ਬੀ. ਆਈ ਨੇ ਸਾਲ 2002 ਵਿਚ ਆਪਣੀ ਜਾਂਚ ਪ੍ਰਕਿਰਿਆ ਸ਼ੁਰੂ ਕੀਤੀ ਸੀ, ਜੋ 5 ਸਾਲ ਦੀ ਲੰਬੀ ਮੁਸ਼ੱਕਤ ਤੋਂ ਬਾਅਦ 30 ਜੁਲਾਈ, 2007 ਨੂੰ ਪੂਰੀ ਹੋ ਸਕੀ। ਸੀ. ਬੀ. ਆਈ. ਨੇ ਪੰਜ ਸਾਲਾਂ ਵਿਚ ਗਵਾਹ ਲੱਭੇ। ਜਾਂਚ ਦਾ ਜ਼ਿੰਮਾ ਸੀ. ਬੀ. ਆਈ. ਦੇ ਵੱਡੇ ਅਫ਼ਸਰ ਡੀ. ਆਈ. ਜੀ. ਐੱਮ. ਨਰਾਇਣ ਤੇ ਡੀ. ਐੱਸ. ਪੀ. ਸਤੀਸ਼ ਡਾਗਰ ਨੂੰ ਸੌਂਪਿਆ ਗਿਆ ਸੀ। ਦੋਵਾਂ ਅਫ਼ਸਰਾਂ ਨੇ 30 ਜੁਲਾਈ 2007 ਨੂੰ ਅੰਬਾਲਾ ਵਿਚ ਵਿਸ਼ੇਸ਼ ਸੀ. ਬੀ. ਆਈ. ਜੱਜ ਦੇ ਨਿਵਾਸ 'ਤੇ ਚਾਰਜਸ਼ੀਟ ਦਾਇਰ ਕੀਤੀ ਸੀ। ਅਗਲੇ ਹੀ ਸਾਲ 2008 ਵਿਚ ਅੰਬਾਲਾ ਵਿਚ ਸੀ. ਬੀ. ਆਈ. ਅਦਾਲਤ ਵਿਚ ਡੇਰਾ ਮੁਖੀ ਦੇ ਖਿਲਾਫ਼ ਦੋਸ਼ ਤੈਅ ਕੀਤਾ ਗਿਆ ਸੀ। ਉਸ ਤੋਂ ਬਾਅਦ 9 ਸਾਲ ਤੱਕ ਟ੍ਰਾਇਲ ਦੀ ਪ੍ਰਕਿਰਿਆ ਚੱਲਦੀ ਰਹੀ, 52 ਵੱਖ-ਵੱਖ ਗਵਾਹਾਂ ਨੇ ਬਿਆਨ ਦਿੱਤੇ। 15 ਪ੍ਰੋਸੀਕਿਊਸ਼ਨ ਤੇ 37 ਡਿਫੈਂਸ ਦੇ ਗਵਾਹ ਇਸ ਲਿਸਟ ਵਿਚ ਸ਼ਾਮਲ ਸਨ। ਹੁਣ 25 ਅਗਸਤ ਨੂੰ ਫੈਸਲਾ ਆਉਣਾ ਹੈ। 
ਡੇਰਾ ਮੁਖੀ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਮੁਖ ਸਾਧਵੀ ਨੇ ਅਦਾਲਤ ਵਿਚ ਅਹਿਮ ਬਿਆਨ ਦਿੱਤਾ ਹੈ। ਸੀ. ਬੀ. ਆਈ. ਦੀ ਚਾਰਜਸ਼ੀਟ ਅਨੁਸਾਰ ਮੁਖ ਸਾਧਵੀ ਕੁਰੂਕਸ਼ੇਤਰ ਤੇ ਖਾਨਪੁਰ ਕੌਲੀਆਂ ਨਿਵਾਸੀ ਰਣਜੀਤ ਸਿੰਘ ਦੀ ਭੈਣ ਹੈ। ਰਣਜੀਤ ਸਿੰਘ ਦੀ 10 ਜੁਲਾਈ, 2002 ਨੂੰ ਗੋਲੀ ਮਾਰ ਦੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਵੀ ਡੇਰੇ ਦੇ ਲੋਕਾਂ 'ਤੇ ਹੀ ਹੱਤਿਆ ਦਾ ਦੋਸ਼ ਹੈ। ਰਣਜੀਤ ਲੰਬੇ ਸਮੇਂ ਤੋਂ ਡੇਰੇ ਦਾ ਭਗਤ ਸੀ ਤੇ ਉਹ ਪਰਿਵਾਰ ਸਮੇਤ ਡੇਰੇ ਵਿਚ ਹੀ ਰਹਿੰਦਾ ਸੀ। ਚਾਰਜਸ਼ੀਟ ਅਨੁਸਾਰ ਰਣਜੀਤ ਸਿੰਘ ਇਕ ਸਾਲ ਪਹਿਲਾਂ ਆਪਣੀ ਸਾਧਵੀ ਭੈਣ ਤੇ ਬੇਟੀਆਂ ਨਾਲ ਡੇਰਾ ਛੱਡ ਕੇ ਜਾ ਚੁੱਕਿਆ ਸੀ। ਸਾਧਵੀ ਨੇ ਦੱਸਿਆ ਕਿ ਉਹ 1999 ਵਿਚ ਡੇਰੇ 'ਚ ਆਈ ਸੀ, ਉਹ ਨਵੇਂ ਡੇਰੇ ਵਿਚ ਰਹਿੰਦੀ ਸੀ ਤੇ ਸਾਲ 2001 ਤੱਕ ਡੇਰੇ ਵਿਚ ਰਹੀ। ਇਸੇ ਦੌਰਾਨ ਅਕਤੂਬਰ ਵਿਚ ਉਸ ਦਾ ਵਿਆਹ ਹੋ ਗਿਆ। ਸਾਧਵੀ ਨੇ ਦੱਸਿਆ ਕਿ ਪੁਰਾਣੇ ਡੇਰੇ ਵਿਚ ਜਿਥੇ ਡੇਰਾ ਮੁਖੀ ਗੁਫ਼ਾ ਵਿਚ ਰਹਿੰਦੇ ਸਨ, ਉਥੇ ਸਾਧਵੀਆਂ ਦੀ ਸੰਤਰੀ ਡਿਊਟੀ ਲੱਗਦੀ ਸੀ। ਜਦ ਉਹ ਗੁਫ਼ਾ ਦੇ ਗੇਟ 'ਤੇ ਸੰਤਰੀ ਡਿਊਟੀ 'ਤੇ ਸੀ ਤਾਂ ਉਸ ਨੇ ਦੇਖਿਆ ਕਿ ਦੋ ਸਾਧਵੀਆਂ ਦੇਰ ਰਾਤ ਡੇਰੇ ਵੱਲ ਜਾ ਰਹੀਆਂ ਸਨ। ਕੁੱਝ ਸਮੇਂ ਬਾਅਦ ਇਕ ਨੇ ਡੇਰਾ ਪ੍ਰਮੁੱਖ ਨੂੰ ਗਾਲ੍ਹਾਂ ਕੱਢਦਿਆਂ ਡੇਰਾ ਛੱਡ ਦਿੱਤਾ। ਮੁੱਖ ਸਾਧਵੀ ਨੇ ਦੱਸਿਆ ਕਿ ਉਸ ਨੇ ਇਕ ਹੋਰ ਸਾਧਵੀ ਨੂੰ ਗੁਫ਼ਾ ਤੋਂ ਬਾਹਰ ਆਉਂਦਿਆਂ ਦੇਖਿਆ ਤੇ ਉਹ ਰੋ ਰਹੀ ਸੀ। ਉਸ ਦੇ ਅਗਲੇ ਦਿਨ ਉਸ ਦੇ ਪਰਿਵਾਰ ਵਾਲੇ ਡੇਰੇ ਵਿਚ ਆਏ ਤੇ ਫਿਰ ਇਕ ਸਾਧਵੀ ਨੇ ਡੇਰਾ ਮੁਖੀ ਨੂੰ ਰਾਕਸ਼ਸ਼ ਦੱਸਦਿਆਂ ਡੇਰਾ ਛੱਡ ਦਿੱਤਾ। ਇਸੇ ਤਰ੍ਹਾਂ ਇਕ ਹੋਰ ਸਾਧਵੀ ਨੇ ਵੀ ਬਾਬਾ ਦੇ ਵਿਵਹਾਰ ਨੂੰ ਗਲਤ ਦੱਸਦਿਆਂ ਡੇਰਾ ਛੱਡ ਦਿੱਤਾ ਸੀ। ਚਾਰਜਸ਼ੀਟ ਮੁਤਾਬਿਕ ਮੁੱਖ ਸਾਧਵੀ ਨਾਲ ਦੋ ਵਾਰ ਜਬਰ-ਜ਼ਨਾਹ ਕੀਤਾ ਗਿਆ। ਉਸ ਨੇ ਦੱਸਿਆ ਕਿ ਉਹ ਆਪਣੀ ਗੱਲ ਇਸ ਲਈ ਕਿਸੇ ਨੂੰ ਨਹੀਂ ਦੱਸ ਸਕਦੀ ਸੀ, ਕਿਉਂਕਿ ਡੇਰੇ ਦਾ ਰਾਜਨੀਤੀ ਤੇ ਪ੍ਰਸ਼ਾਸਨ 'ਤੇ ਦਬਾਅ ਸੀ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। 
ਬਾਬਾ ਨੇ ਦੇਰ ਰਾਤ ਬੁਲਾਇਆ ਸੀ ਆਪਣੀ ਗੁਫਾ 'ਚ...
ਸੀ. ਬੀ. ਆਈ. ਦੀ ਚਾਰਜਸ਼ੀਟ ਮੁਤਾਬਿਕ ਫਤਹਿਬਾਦ ਦੀ ਰਹਿਣ ਵਾਲੀ ਸਾਧਵੀ ਨੇ ਦੱਸਿਆ ਕਿ ਉਸ ਨੇ ਜੁਲਾਈ, 1998 ਵਿਚ ਡੇਰਾ ਜੁਆਇਨ ਕੀਤਾ ਸੀ ਤੇ ਉਸ ਦਾ ਕੰਮ ਉਥੇ ਬੱਚਿਆਂ ਨੂੰ ਪੜ੍ਹਾਉਣ ਦਾ ਸੀ। ਛੇ ਮਹੀਨੇ ਬਾਅਦ ਉਸ ਦੀ ਭੈਣ ਵੀ ਡੇਰੇ ਵਿਚ ਆ ਗਈ ਤੇ ਉਹ ਵੀ ਸਾਧਵੀ ਬਣ ਗਈ। ਚਾਰਜਸ਼ੀਟ ਅਨੁਸਾਰ ਇਨ੍ਹਾਂ ਦੋਵਾਂ ਸਾਧਵੀਆਂ ਦੀ ਡਿਊਟੀ ਵੀ ਸੰਤਰੀ ਦੇ ਤੌਰ 'ਤੇ ਡੇਰੇ ਦੇ ਬਾਹਰ ਲੱਗਦੀ ਸੀ। ਸਤੰਬਰ, 1999 ਵਿਚ ਉਸ ਦੀ ਰਾਤ ਨੂੰ 8 ਵਜੇ ਤੋਂ 12 ਵਜੇ ਤੱਕ ਸੰਤਰੀ ਦੇ ਤੌਰ 'ਤੇ ਗੁਫ਼ਾ ਦੇ ਬਾਹਰ ਡਿਊਟੀ ਸੀ ਤੇ ਰਾਤ ਦੇ ਕਰੀਬ ਦਸ ਵਜੇ ਬਾਬਾ ਨੇ ਉਸ ਨੂੰ ਗੁਫ਼ਾ ਵਿਚ ਬੁਲਾਇਆ। ਇਸ ਦੌਰਾਨ ਗੁਫ਼ਾ ਵਿਚ ਬਾਬਾ ਤੋਂ ਇਲਾਵਾ ਕੋਈ ਹੋਰ ਨਹੀਂ ਸੀ। ਬਾਬਾ ਨੇ ਕਿਹਾ ਉਸ ਨੂੰ ਕੁੱਝ ਕੰਮ ਹੈ ਤੇ ਉਹ ਗੁਫ਼ਾ ਦੇ ਅੰਦਰ ਚਲੀ ਗਈ। ਇਸ ਦੌਰਾਨ ਬਾਬਾ ਨੇ ਉਸ ਨੂੰ ਬੈੱਡ 'ਤੇ ਬੈਠਣ ਲਈ ਕਿਹਾ, ਉਹ ਝਿਜਕਦੀ ਹੋਈ ਥੱਲੇ ਫਰਸ਼ 'ਤੇ ਬੈਠਣ ਲੱਗੀ ਤਾਂ ਬਾਬਾ ਨੇ ਕਿਹਾ ਕਿ ਤੁਸੀਂ ਬੈੱਡ 'ਤੇ ਬੈਠੋ ਤੇ ਉਸ ਤੋਂ ਡੇਰੇ ਅਤੇ ਉਸ ਦੇ ਜੀਵਨ ਦੇ ਬਾਰੇ 'ਚ ਪੁੱੁਛਣ ਲੱਗਾ। ਸਾਧਵੀ ਅਨੁਸਾਰ ਉਸ ਨਾਲ ਗਲਤ ਕੰਮ ਕੀਤਾ ਗਿਆ ਤੇ ਉਸ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ।
ਸੀ. ਬੀ. ਆਈ. ਦੀ ਅਦਾਲਤ ਵਿਚ ਹੋਈ 28 ਲੋਕਾਂ ਦੀ ਗਵਾਹੀ 
ਸੀ. ਬੀ. ਆਈ. ਨੇ ਆਪਣੀ ਚਾਰਜਸ਼ੀਟ ਵਿਚ 28 ਗਵਾਹਾਂ ਤੇ 17 ਮਹੱਤਵਪੂਰਨ ਦਸਤਾਵੇਜ਼ ਸ਼ਾਮਲ ਕੀਤੇ ਹਨ। ਇਨ੍ਹਾਂ ਸਾਰੇ ਗਵਾਹਾਂ ਦੀ ਸੀ. ਬੀ. ਆਈ. ਅਦਾਲਤ ਵਿਚ ਗਵਾਹੀ ਹੋਈ ਤੇ ਸਾਰੇ ਸਬੂਤਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਗਵਾਹਾਂ ਦੀ ਲਿਸਟ ਵਿਚ ਹਾਈਕੋਰਟ ਦੇ ਡਿਸਪੈਚ ਕਲਰਕ ਰਮੇਸ਼ ਚੰਦ ਤੇ ਮੁਖ ਸਾਧਵੀ ਤੇ ਇਕ ਹੋਰ ਸਾਧਵੀ ਤੋਂ ਲੈ ਕੇ ਡੇਰਾ ਪ੍ਰਮੁੱਖ ਦੇ ਡਰਾਈਵਰ ਖੱਟਾ ਸਿੰਘ ਸ਼ਾਮਲ ਸਨ। ਇਸ ਤੋਂ ਇਲਾਵਾ ਸੀ. ਬੀ. ਆਈ. ਦੇ ਜਾਂਚ ਅਧਿਕਾਰੀਆਂ ਤੇ ਅੰਬਾਲਾ ਤੇ ਚੰਡੀਗੜ੍ਹ ਸੀ. ਬੀ. ਆਈ. ਦੇ ਜੱਜ ਦੀ ਵੀ ਗਵਾਹੀ ਹੋਈ ਹੈ। 
ਦਸਤਾਵੇਜ਼ਾਂ ਵਿਚ 3 ਡੇਰਾ ਸਮਰਥਕਾਂ ਦੀ ਪਾਲੀਗ੍ਰਾਫ਼ੀ ਰਿਪੋਰਟ ਸ਼ਾਮਲ 
ਸੀ. ਬੀ. ਆਈ. ਦੀ ਚਾਰਜਸ਼ੀਟ ਵਿਚ ਸ਼ਾਮਲ ਕੀਤੇ ਗਏ 17 ਦਸਤਾਵੇਜ਼ਾਂ ਵਿਚ ਡੇਰੇ ਦੇ ਪ੍ਰਬੰਧਕ ਸਮੇਤ 3 ਮੁੱਖ ਵਰਕਰਾਂ ਦੀ ਪਾਲੀਗ੍ਰਾਫ਼ੀ ਟੈਸਟ ਦੀ ਰਿਪੋਰਟ ਕਾਫ਼ੀ ਅਹਿਮ ਹੈ। ਸੀ. ਬੀ. ਆਈ. ਨੇ ਜਾਂਚ ਦੌਰਾਨ ਸਾਲ 2005 ਵਿਚ ਡੇਰਾ ਪ੍ਰਬੰਧਕ ਕ੍ਰਿਸ਼ਨ ਲਾਲ, ਇੰਦਰਸੇਨ ਤੇ ਅਵਤਾਰ ਦਾ ਸੀ. ਐੱਫ. ਐੱਸ. ਐੱਲ. ਨਵੀਂ ਦਿੱਲੀ ਵਿਚ ਪਾਲੀਗ੍ਰਾਫ਼ੀ ਟੈਸਟ ਕਰਵਾਇਆ ਸੀ, ਜਿਸ ਵਿਚ ਉਨ੍ਹਾਂ ਨੇ ਡੇਰੇ ਨਾਲ ਸਬੰਧਤ ਕਈ ਗੱਲਾਂ ਨੂੰ ਮੰਨਿਆ ਸੀ। ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਸਥਿਤ ਗਰਲਜ਼ ਕਾਲਜ ਦਾ ਨਕਸ਼ਾ, ਪਰਮਜੀਤ ਦਾ 164 ਦਾ ਬਿਆਨ, ਸਾਧਵੀ ਸਰਜੀਵਨ ਦਾ 164 ਦਾ ਬਿਆਨ, ਡੇਰਾ ਮੁਖੀ ਦੇ ਡਰਾਈਵਰ ਖੱਟਾ ਸਿੰਘ ਦਾ 164 ਦਾ ਬਿਆਨ ਤੇ ਡੇਰਾ ਛੱਡਣ ਵਾਲੀਆਂ ਸਾਧਵੀਆਂ ਦੀ ਸੂਚੀ ਵੀ ਚਾਰਜਸ਼ੀਟ ਵਿਚ ਸ਼ਾਮਲ ਕੀਤੀ ਗਈ। 
ਸੀ. ਬੀ. ਆਈ. ਦੀ ਜਾਂਚ ਵਿਚ ਮਿਲੇ ਪੁਖਤਾ ਸਬੂਤਾਂ ਤੇ ਤੱਥਾਂ ਨੂੰ ਅਦਾਲਤ ਦੇ ਸਾਹਮਣੇ ਰੱਖਿਆ ਜਾ ਚੁੱਕਿਆ ਹੈ। ਅਦਾਲਤ ਵਿਚ ਸਾਧਵੀਆਂ ਦੇ ਬਿਆਨ ਹੋਏ ਹਨ। ਸਾਨੂੰ ਭਰੋਸਾ ਹੈ ਕਿ ਸਬੂਤਾਂ ਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਸਾਧਵੀਆਂ ਨੂੰ ਨਿਆਂ ਮਿਲੇਗਾ। 
-ਐੱਚ. ਪੀ. ਐੱਸ. ਵਰਮਾ, ਸੀ. ਬੀ. ਆਈ. ਵਕੀਲ। (Friday 25th August 2017 at 1:51 PM)

Sunday, September 20, 2015

ਫਿਲਮ ਦਾ ਮਾਮਲਾ ਬਣਿਆ ਅੰਦੋਲਨ ਦਾ ਹਥਿਆਰ

ਡੇਰਾ ਪ੍ਰੇਮੀਆਂ ਨੇ ਬਾਰਿਸ਼ ਦੇ ਬਾਵਜੂਦ ਕੀਤਾ ਕਈ ਥਾਈਂ ਸ਼ਕਤੀ ਦਾ ਵਖਾਵਾ 
ਲੁਧਿਆਣਾ: 20 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀਆਂ ਦਾ ਅੰਦੋਲਨ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਸਰਕਾਰ ਬੜੀ ਬੇਬਸ ਜਿਹੀ ਨਜ਼ਰ ਆ ਰਹੀ ਹੈ। ਆਵਾਜਾਈ ਠੱਪ ਕਰਨਾ ਇਹਨਾਂ ਸ਼ਰਧਾਲੂਆਂ ਲਈ  ਆਮ ਜਿਹੀ ਗੱਲ ਹੈ।  
ਐਮ.ਐਸ.ਜੀ. 2 ਫ਼ਿਲਮ ਦੀ ਰਿਲੀਜ਼ ਦੀ ਮੰਗ ਨੂੰ ਲੈ ਕੇ ਪੰਜਾਬ 'ਚ ਡੇਰਾ ਸਿਰਸਾ ਸਮਰਥਕਾਂ ਨੇ ਆਪਣਾ ਸੰਘਰਸ਼ ਹੁਣ ਬਠਿੰਡਾ ਮੁਕਤਸਰ ਤੋਂ ਬਾਅਦ ਪੰਜਾਬ ਦੇ ਦੂਸਰੇ ਹਿੱਸਿਆਂ 'ਚ ਵੀ ਫੈਲਾ ਦਿੱਤਾ ਹੈ। ਅੱਜ ਵੀ 200 ਦੇ ਕਰੀਬ ਡੇਰਾ ਸਮਰਥਕਾਂ ਨੇ ਭਾਰੀ ਬਾਰਸ਼ ਦੇ ਬਾਵਜੂਦ ਸੰਗਰੂਰ ਰੇਲਵੇ ਸਟੇਸ਼ਨ 'ਤੇ ਬੈਠ ਕੇ ਫਿਰੋਜ਼ਪੁਰ-ਹਿਸਾਰ ਪੈਸੇਂਜਰ ਟਰੇਨ ਨੂੰ ਰੋਕ ਲਿਆ। ਇਸੇ ਤਰ੍ਹਾਂ  ਦਿੱਲੀ-ਲੁਧਿਆਣਾ ਰੇਲ ਟਰੈਕ 'ਤੇ ਬੈਠ ਕੇ ਅਨਿਸ਼ਚਿਤ ਸਮੇਂ ਲਈ ਰੂਟ ਨੂੰ ਠੱਪ ਕਰ ਦਿੱਤਾ। ਡੇਰਾ ਸਮਰਥਕ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ ਤੇ ਪੰਜਾਬ 'ਚ ਫ਼ਿਲਮ ਨੂੰ ਰਿਲੀਜ਼ ਕਰਨ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ, ਡੇਰਾ ਸਿਰਸਾ ਮੁਖੀ ਦੀ ਐਮ.ਐਸ.ਜੀ. 2 ਫਿਲਮ ਨੂੰ ਪੰਜਾਬ 'ਚ ਰਿਲੀਜ਼ ਨਾ ਕਰਨ ਤੋਂ ਨਿਰਾਸ਼ ਡੇਰਾ ਸਮਰਥਕਾਂ ਨੇ ਅੱਜ ਫਿਰੋਜ਼ਪੁਰ-ਫਾਜਿਲਕਾ ਰੇਲ ਮਾਰਗ ਨੂੰ ਬਲਾਕ ਕਰ ਦਿੱਤਾ ਹੈ। ਜਿਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿੰਗਾਈ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਲੜਕੀਆਂ ਨਾਲ ਨਿੱਤ ਦਿਹਾੜੇ ਹੋ ਰਹੇ ਬਲਾਤਕਾਰਾਂ ਦੇ ਖਿਲਾਫ਼ ਹੋ ਰਹੇ ਖੱਬੇ ਪੱਖੀ ਸੰਘਰਸ਼ਾਂ ਨੂੰ ਡੇਰਾ ਪ੍ਰੇਮੀਆਂ ਦੇ ਇਸ ਫਿਲਮ ਦਿਖਾਓ ਅੰਦੋਲਨ ਨੇ ਕਾਫੀ ਸੱਤ ਮਾਰੀ ਹੈ।  ਇਸ ਨਾਲ ਲੋਕਾਂ ਦਾ ਧੀਆਂ ਵੀ ਵੰਡਿਆ ਗਿਆ ਹੈ ਜਿਸਦਾ ਫਾਇਦਾ ਆਖਿਰ ਲੋਕ ਦੁਸ਼ਮਨਾਂ ਨੂੰ ਜਾਣਾ ਹੈ। ਹੁਣ ਦੇਖਣਾ ਹੈ ਕਿ ਸਰਕਾਰ ਆਪਣੇ ਵੋਟ ਬੈਂਕ ਦੀ ਚਿੰਤਾ ਕਰਦੀ ਹੈ ਜਾਂ ਫਿਰ ਰਾਜ ਧਰਮ ਨਿਭਾ ਕੇ ਉਹਨਾਂ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰਦੀ ਹੈ ਜਿਹਨਾਂ ਨੇ ਨਾ ਫਿਲਮਾਂ ਤੋਂ ਕੁਝ ਲੈਣਾ ਦੇਣਾ ਹੈ ਅਤੇ ਨਾ ਹੀ ਸਿਆਸਤ ਤੋਂ।
ਗਿੱਦੜਬਾਹਾ: ਡੇਰਾ ਪ੍ਰੇਮੀਆਂ ਨੇ ਪੰਜਾਬ ਦੇ ਕਈ ਹਿੱਸਿਆਂ ਵਿਚ੍ਚ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਸ੍ਰੀ ਗੰਗਾਨਗਰ-ਚੰਡੀਗੜ੍ਹ ਰਾਸ਼ਟਰੀ ਰਾਜ ਮਾਰਗ ਨੰਬਰ 15 'ਤੇ ਗਿੱਦੜਬਾਹਾ ਵਿਖੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਲੰਬੀ, ਮਲੋਟ ਤੇ ਗਿੱਦੜਬਾਹਾ ਦੇ ਡੇਰਾ ਪ੍ਰੇਮੀਆਂ ਨੇ ਡੇਰਾ ਸਿਰਸਾ ਮੁਖੀ ਵੱਲੋਂ ਬਣਾਈ ਗਈ ਫ਼ਿਲਮ ਐਮ.ਐਸ. ਜੀ. 2 'ਤੇ ਪੰਜਾਬ 'ਚ ਪਾਬੰਦੀ ਦੇ ਚੱਲਦਿਆਂ ਸਵੇਰੇ 4 ਵਜੇ ਤੋਂ ਅਣਮਿਥੇ ਸਮੇਂ ਲਈ ਸੜਕੀ ਆਵਾਜਾਈ ਠੱਪ ਕੀਤੀ। ਇਸ ਨਾਲ ਸਾਰਾ ਆਮ ਜਨਜੀਵਨ ਠੱਪ ਰਿਹਾ।  ਇਸ ਮੌਕੇ ਡੇਰਾ ਪ੍ਰੇਮੀਆਂ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਤਿੱਖੀ ਨਾਅਰੇਬਾਜ਼ੀ ਵੀ ਕੀਤੀ। ਵ੍ਖਾਵਾਕਾਰੀਆਂ ਦੇ ਇੱਕ ਆਗੂ  ਹਰਚਰਨ ਸਿੰਘ ਇੰਸਾਂ ਨੇ ਕਿਹਾ ਕਿ ਸੈਂਸਰ ਬੋਰਡ ਵੱਲੋਂ ਫ਼ਿਲਮ ਨੂੰ ਚਲਾਉਣ ਲਈ ਮਨਜ਼ੂਰੀ ਦਿੱਤੀ ਹੋਈ ਹੈ ਪਰ ਪੰਜਾਬ ਸਰਕਾਰ ਦੋਹਰੀ ਨੀਤੀ ਅਪਣਾ ਰਹੀ ਹੈ। ਇਸ ਨੀਤੀ ਦੇ ਤਹਿਤ ਪ੍ਰੇਮੀਆਂ ਨੂੰ ਤਾਂ ਫ਼ਿਲਮ ਚੱਲਣ ਬਾਰੇ ਕਹਿ ਰਹੀ ਹੈ ਤੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਸਿਨੇਮਾ ਮਾਲਕਾਂ ਨੂੰ ਡਰਾ ਧਮਕਾ ਕੇ ਫ਼ਿਲਮ ਨਾ ਚਲਾਉਣ ਦੇ ਜ਼ੁਬਾਨੀ ਆਦੇਸ਼ ਦੇ ਰਹੀ ਹੈ। ਇਸ ਮੌਕੇ ਨਰਿੰਦਰਪਾਲ ਸਿੰਘ ਸਿੱਧੂ ਐਸ. ਪੀ. ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਫ਼ਿਲਮ 'ਤੇ ਕੋਈ ਪਾਬੰਦੀ ਨਹੀਂ ਹੈ ਤੇ ਨਾ ਹੀ ਸਿਨੇਮਾ ਮਾਲਕਾਂ ਨੂੰ ਫ਼ਿਲਮ ਨਾ ਚਲਾਉਣ ਦੇ ਹੁਕਮ ਜਾਰੀ ਕੀਤੇ ਹਨ। ਧਰਨੇ ਦੌਰਾਨ ਐਸ.ਪੀ. ਨਰਿੰਦਰਪਾਲ ਸਿੰਘ ਸਿੱਧੂ, ਨਰਿੰਦਰ ਸਿੰਘ ਅੰਡਰ ਟ੍ਰੇਨਿੰਗ ਡੀ.ਐਸ.ਪੀ.ਤੇ ਐਸ.ਐਚ.ਓ ਗਿੱਦੜਬਾਹਾ, ਤਹਿਸੀਲਦਾਰ ਸੁਖਵੀਰ ਸਿੰਘ ਬਰਾੜ ਮੌਕੇ ਤੇ ਇਸ ਮਸਲੇ ਨੂੰ ਸੁਲਝਾਉਣ 'ਚ ਲੱਗੇ ਹੋਏ ਸਨ। ਇਸ ਮੌਕੇ ਵੱਡੀ ਗਿਣਤੀ 'ਚ ਡੇਰਾ ਪ੍ਰੇਮੀ ਹਾਜ਼ਰ ਸਨ। ਹੁਣ ਦੇਖਣਾ ਹੈ ਕਿ ਫਿਲਮ ਦਾ ਇਹ ਵਿਵਾਦ ਕੀ ਰੁੱਖ ਅਖਤਿਆਰ ਕਰਦਾ ਹੈ।