5 ਸਾਲਾਂ 'ਚ ਸਬੂਤ ਤੇ ਗਵਾਹ ਲੱਭੇ, 9 ਸਾਲ ਟ੍ਰਾਇਲ, ਹੁਣ ਫੈਸਲੇ ਦੀ ਘੜੀ
ਚੰਡੀਗੜ੍ਹ: 25 ਅਗਸਤ 2017: (ਅਮਨਦੀਪ ਬੇਦੀ ਦੀ ਫੇਸਬੁੱਕ ਪ੍ਰੋਫ਼ਾਈਲ ਤੋਂ ਧੰਨਵਾਦ ਸਹਿਤ)::
ਸਾਧਵੀ ਯੌਨ ਸ਼ੋਸ਼ਣ ਮਾਮਲੇ ਦੀ ਜਾਂਚ ਕਰਨਾ ਸੀ. ਬੀ. ਆਈ. ਲਈ ਬਹੁਤ ਹੀ ਮੁਸ਼ਕਿਲ ਕੰਮ ਸੀ, ਨਾ ਸਬੂਤ ਤੇ ਨਾ ਹੀ ਗਵਾਹ। ਸੀ. ਬੀ. ਆਈ. ਕੋਲ ਜੇਕਰ ਕੁੱਝ ਸੀ ਸਿਰਫ਼ ਇਕ ਗੁੰਮਨਾਮ ਚਿੱਠੀ। ਇਸੇ ਚਿੱਠੀ ਦੇ ਸਹਾਰੇ ਹੀ ਸੀ. ਬੀ. ਆਈ ਨੇ ਸਾਲ 2002 ਵਿਚ ਆਪਣੀ ਜਾਂਚ ਪ੍ਰਕਿਰਿਆ ਸ਼ੁਰੂ ਕੀਤੀ ਸੀ, ਜੋ 5 ਸਾਲ ਦੀ ਲੰਬੀ ਮੁਸ਼ੱਕਤ ਤੋਂ ਬਾਅਦ 30 ਜੁਲਾਈ, 2007 ਨੂੰ ਪੂਰੀ ਹੋ ਸਕੀ। ਸੀ. ਬੀ. ਆਈ. ਨੇ ਪੰਜ ਸਾਲਾਂ ਵਿਚ ਗਵਾਹ ਲੱਭੇ। ਜਾਂਚ ਦਾ ਜ਼ਿੰਮਾ ਸੀ. ਬੀ. ਆਈ. ਦੇ ਵੱਡੇ ਅਫ਼ਸਰ ਡੀ. ਆਈ. ਜੀ. ਐੱਮ. ਨਰਾਇਣ ਤੇ ਡੀ. ਐੱਸ. ਪੀ. ਸਤੀਸ਼ ਡਾਗਰ ਨੂੰ ਸੌਂਪਿਆ ਗਿਆ ਸੀ। ਦੋਵਾਂ ਅਫ਼ਸਰਾਂ ਨੇ 30 ਜੁਲਾਈ 2007 ਨੂੰ ਅੰਬਾਲਾ ਵਿਚ ਵਿਸ਼ੇਸ਼ ਸੀ. ਬੀ. ਆਈ. ਜੱਜ ਦੇ ਨਿਵਾਸ 'ਤੇ ਚਾਰਜਸ਼ੀਟ ਦਾਇਰ ਕੀਤੀ ਸੀ। ਅਗਲੇ ਹੀ ਸਾਲ 2008 ਵਿਚ ਅੰਬਾਲਾ ਵਿਚ ਸੀ. ਬੀ. ਆਈ. ਅਦਾਲਤ ਵਿਚ ਡੇਰਾ ਮੁਖੀ ਦੇ ਖਿਲਾਫ਼ ਦੋਸ਼ ਤੈਅ ਕੀਤਾ ਗਿਆ ਸੀ। ਉਸ ਤੋਂ ਬਾਅਦ 9 ਸਾਲ ਤੱਕ ਟ੍ਰਾਇਲ ਦੀ ਪ੍ਰਕਿਰਿਆ ਚੱਲਦੀ ਰਹੀ, 52 ਵੱਖ-ਵੱਖ ਗਵਾਹਾਂ ਨੇ ਬਿਆਨ ਦਿੱਤੇ। 15 ਪ੍ਰੋਸੀਕਿਊਸ਼ਨ ਤੇ 37 ਡਿਫੈਂਸ ਦੇ ਗਵਾਹ ਇਸ ਲਿਸਟ ਵਿਚ ਸ਼ਾਮਲ ਸਨ। ਹੁਣ 25 ਅਗਸਤ ਨੂੰ ਫੈਸਲਾ ਆਉਣਾ ਹੈ।
ਡੇਰਾ ਮੁਖੀ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਮੁਖ ਸਾਧਵੀ ਨੇ ਅਦਾਲਤ ਵਿਚ ਅਹਿਮ ਬਿਆਨ ਦਿੱਤਾ ਹੈ। ਸੀ. ਬੀ. ਆਈ. ਦੀ ਚਾਰਜਸ਼ੀਟ ਅਨੁਸਾਰ ਮੁਖ ਸਾਧਵੀ ਕੁਰੂਕਸ਼ੇਤਰ ਤੇ ਖਾਨਪੁਰ ਕੌਲੀਆਂ ਨਿਵਾਸੀ ਰਣਜੀਤ ਸਿੰਘ ਦੀ ਭੈਣ ਹੈ। ਰਣਜੀਤ ਸਿੰਘ ਦੀ 10 ਜੁਲਾਈ, 2002 ਨੂੰ ਗੋਲੀ ਮਾਰ ਦੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਵੀ ਡੇਰੇ ਦੇ ਲੋਕਾਂ 'ਤੇ ਹੀ ਹੱਤਿਆ ਦਾ ਦੋਸ਼ ਹੈ। ਰਣਜੀਤ ਲੰਬੇ ਸਮੇਂ ਤੋਂ ਡੇਰੇ ਦਾ ਭਗਤ ਸੀ ਤੇ ਉਹ ਪਰਿਵਾਰ ਸਮੇਤ ਡੇਰੇ ਵਿਚ ਹੀ ਰਹਿੰਦਾ ਸੀ। ਚਾਰਜਸ਼ੀਟ ਅਨੁਸਾਰ ਰਣਜੀਤ ਸਿੰਘ ਇਕ ਸਾਲ ਪਹਿਲਾਂ ਆਪਣੀ ਸਾਧਵੀ ਭੈਣ ਤੇ ਬੇਟੀਆਂ ਨਾਲ ਡੇਰਾ ਛੱਡ ਕੇ ਜਾ ਚੁੱਕਿਆ ਸੀ। ਸਾਧਵੀ ਨੇ ਦੱਸਿਆ ਕਿ ਉਹ 1999 ਵਿਚ ਡੇਰੇ 'ਚ ਆਈ ਸੀ, ਉਹ ਨਵੇਂ ਡੇਰੇ ਵਿਚ ਰਹਿੰਦੀ ਸੀ ਤੇ ਸਾਲ 2001 ਤੱਕ ਡੇਰੇ ਵਿਚ ਰਹੀ। ਇਸੇ ਦੌਰਾਨ ਅਕਤੂਬਰ ਵਿਚ ਉਸ ਦਾ ਵਿਆਹ ਹੋ ਗਿਆ। ਸਾਧਵੀ ਨੇ ਦੱਸਿਆ ਕਿ ਪੁਰਾਣੇ ਡੇਰੇ ਵਿਚ ਜਿਥੇ ਡੇਰਾ ਮੁਖੀ ਗੁਫ਼ਾ ਵਿਚ ਰਹਿੰਦੇ ਸਨ, ਉਥੇ ਸਾਧਵੀਆਂ ਦੀ ਸੰਤਰੀ ਡਿਊਟੀ ਲੱਗਦੀ ਸੀ। ਜਦ ਉਹ ਗੁਫ਼ਾ ਦੇ ਗੇਟ 'ਤੇ ਸੰਤਰੀ ਡਿਊਟੀ 'ਤੇ ਸੀ ਤਾਂ ਉਸ ਨੇ ਦੇਖਿਆ ਕਿ ਦੋ ਸਾਧਵੀਆਂ ਦੇਰ ਰਾਤ ਡੇਰੇ ਵੱਲ ਜਾ ਰਹੀਆਂ ਸਨ। ਕੁੱਝ ਸਮੇਂ ਬਾਅਦ ਇਕ ਨੇ ਡੇਰਾ ਪ੍ਰਮੁੱਖ ਨੂੰ ਗਾਲ੍ਹਾਂ ਕੱਢਦਿਆਂ ਡੇਰਾ ਛੱਡ ਦਿੱਤਾ। ਮੁੱਖ ਸਾਧਵੀ ਨੇ ਦੱਸਿਆ ਕਿ ਉਸ ਨੇ ਇਕ ਹੋਰ ਸਾਧਵੀ ਨੂੰ ਗੁਫ਼ਾ ਤੋਂ ਬਾਹਰ ਆਉਂਦਿਆਂ ਦੇਖਿਆ ਤੇ ਉਹ ਰੋ ਰਹੀ ਸੀ। ਉਸ ਦੇ ਅਗਲੇ ਦਿਨ ਉਸ ਦੇ ਪਰਿਵਾਰ ਵਾਲੇ ਡੇਰੇ ਵਿਚ ਆਏ ਤੇ ਫਿਰ ਇਕ ਸਾਧਵੀ ਨੇ ਡੇਰਾ ਮੁਖੀ ਨੂੰ ਰਾਕਸ਼ਸ਼ ਦੱਸਦਿਆਂ ਡੇਰਾ ਛੱਡ ਦਿੱਤਾ। ਇਸੇ ਤਰ੍ਹਾਂ ਇਕ ਹੋਰ ਸਾਧਵੀ ਨੇ ਵੀ ਬਾਬਾ ਦੇ ਵਿਵਹਾਰ ਨੂੰ ਗਲਤ ਦੱਸਦਿਆਂ ਡੇਰਾ ਛੱਡ ਦਿੱਤਾ ਸੀ। ਚਾਰਜਸ਼ੀਟ ਮੁਤਾਬਿਕ ਮੁੱਖ ਸਾਧਵੀ ਨਾਲ ਦੋ ਵਾਰ ਜਬਰ-ਜ਼ਨਾਹ ਕੀਤਾ ਗਿਆ। ਉਸ ਨੇ ਦੱਸਿਆ ਕਿ ਉਹ ਆਪਣੀ ਗੱਲ ਇਸ ਲਈ ਕਿਸੇ ਨੂੰ ਨਹੀਂ ਦੱਸ ਸਕਦੀ ਸੀ, ਕਿਉਂਕਿ ਡੇਰੇ ਦਾ ਰਾਜਨੀਤੀ ਤੇ ਪ੍ਰਸ਼ਾਸਨ 'ਤੇ ਦਬਾਅ ਸੀ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ।
ਬਾਬਾ ਨੇ ਦੇਰ ਰਾਤ ਬੁਲਾਇਆ ਸੀ ਆਪਣੀ ਗੁਫਾ 'ਚ...
ਸੀ. ਬੀ. ਆਈ. ਦੀ ਚਾਰਜਸ਼ੀਟ ਮੁਤਾਬਿਕ ਫਤਹਿਬਾਦ ਦੀ ਰਹਿਣ ਵਾਲੀ ਸਾਧਵੀ ਨੇ ਦੱਸਿਆ ਕਿ ਉਸ ਨੇ ਜੁਲਾਈ, 1998 ਵਿਚ ਡੇਰਾ ਜੁਆਇਨ ਕੀਤਾ ਸੀ ਤੇ ਉਸ ਦਾ ਕੰਮ ਉਥੇ ਬੱਚਿਆਂ ਨੂੰ ਪੜ੍ਹਾਉਣ ਦਾ ਸੀ। ਛੇ ਮਹੀਨੇ ਬਾਅਦ ਉਸ ਦੀ ਭੈਣ ਵੀ ਡੇਰੇ ਵਿਚ ਆ ਗਈ ਤੇ ਉਹ ਵੀ ਸਾਧਵੀ ਬਣ ਗਈ। ਚਾਰਜਸ਼ੀਟ ਅਨੁਸਾਰ ਇਨ੍ਹਾਂ ਦੋਵਾਂ ਸਾਧਵੀਆਂ ਦੀ ਡਿਊਟੀ ਵੀ ਸੰਤਰੀ ਦੇ ਤੌਰ 'ਤੇ ਡੇਰੇ ਦੇ ਬਾਹਰ ਲੱਗਦੀ ਸੀ। ਸਤੰਬਰ, 1999 ਵਿਚ ਉਸ ਦੀ ਰਾਤ ਨੂੰ 8 ਵਜੇ ਤੋਂ 12 ਵਜੇ ਤੱਕ ਸੰਤਰੀ ਦੇ ਤੌਰ 'ਤੇ ਗੁਫ਼ਾ ਦੇ ਬਾਹਰ ਡਿਊਟੀ ਸੀ ਤੇ ਰਾਤ ਦੇ ਕਰੀਬ ਦਸ ਵਜੇ ਬਾਬਾ ਨੇ ਉਸ ਨੂੰ ਗੁਫ਼ਾ ਵਿਚ ਬੁਲਾਇਆ। ਇਸ ਦੌਰਾਨ ਗੁਫ਼ਾ ਵਿਚ ਬਾਬਾ ਤੋਂ ਇਲਾਵਾ ਕੋਈ ਹੋਰ ਨਹੀਂ ਸੀ। ਬਾਬਾ ਨੇ ਕਿਹਾ ਉਸ ਨੂੰ ਕੁੱਝ ਕੰਮ ਹੈ ਤੇ ਉਹ ਗੁਫ਼ਾ ਦੇ ਅੰਦਰ ਚਲੀ ਗਈ। ਇਸ ਦੌਰਾਨ ਬਾਬਾ ਨੇ ਉਸ ਨੂੰ ਬੈੱਡ 'ਤੇ ਬੈਠਣ ਲਈ ਕਿਹਾ, ਉਹ ਝਿਜਕਦੀ ਹੋਈ ਥੱਲੇ ਫਰਸ਼ 'ਤੇ ਬੈਠਣ ਲੱਗੀ ਤਾਂ ਬਾਬਾ ਨੇ ਕਿਹਾ ਕਿ ਤੁਸੀਂ ਬੈੱਡ 'ਤੇ ਬੈਠੋ ਤੇ ਉਸ ਤੋਂ ਡੇਰੇ ਅਤੇ ਉਸ ਦੇ ਜੀਵਨ ਦੇ ਬਾਰੇ 'ਚ ਪੁੱੁਛਣ ਲੱਗਾ। ਸਾਧਵੀ ਅਨੁਸਾਰ ਉਸ ਨਾਲ ਗਲਤ ਕੰਮ ਕੀਤਾ ਗਿਆ ਤੇ ਉਸ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ।
ਸੀ. ਬੀ. ਆਈ. ਦੀ ਅਦਾਲਤ ਵਿਚ ਹੋਈ 28 ਲੋਕਾਂ ਦੀ ਗਵਾਹੀ
ਸੀ. ਬੀ. ਆਈ. ਨੇ ਆਪਣੀ ਚਾਰਜਸ਼ੀਟ ਵਿਚ 28 ਗਵਾਹਾਂ ਤੇ 17 ਮਹੱਤਵਪੂਰਨ ਦਸਤਾਵੇਜ਼ ਸ਼ਾਮਲ ਕੀਤੇ ਹਨ। ਇਨ੍ਹਾਂ ਸਾਰੇ ਗਵਾਹਾਂ ਦੀ ਸੀ. ਬੀ. ਆਈ. ਅਦਾਲਤ ਵਿਚ ਗਵਾਹੀ ਹੋਈ ਤੇ ਸਾਰੇ ਸਬੂਤਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਗਵਾਹਾਂ ਦੀ ਲਿਸਟ ਵਿਚ ਹਾਈਕੋਰਟ ਦੇ ਡਿਸਪੈਚ ਕਲਰਕ ਰਮੇਸ਼ ਚੰਦ ਤੇ ਮੁਖ ਸਾਧਵੀ ਤੇ ਇਕ ਹੋਰ ਸਾਧਵੀ ਤੋਂ ਲੈ ਕੇ ਡੇਰਾ ਪ੍ਰਮੁੱਖ ਦੇ ਡਰਾਈਵਰ ਖੱਟਾ ਸਿੰਘ ਸ਼ਾਮਲ ਸਨ। ਇਸ ਤੋਂ ਇਲਾਵਾ ਸੀ. ਬੀ. ਆਈ. ਦੇ ਜਾਂਚ ਅਧਿਕਾਰੀਆਂ ਤੇ ਅੰਬਾਲਾ ਤੇ ਚੰਡੀਗੜ੍ਹ ਸੀ. ਬੀ. ਆਈ. ਦੇ ਜੱਜ ਦੀ ਵੀ ਗਵਾਹੀ ਹੋਈ ਹੈ।
ਦਸਤਾਵੇਜ਼ਾਂ ਵਿਚ 3 ਡੇਰਾ ਸਮਰਥਕਾਂ ਦੀ ਪਾਲੀਗ੍ਰਾਫ਼ੀ ਰਿਪੋਰਟ ਸ਼ਾਮਲ
ਸੀ. ਬੀ. ਆਈ. ਦੀ ਚਾਰਜਸ਼ੀਟ ਵਿਚ ਸ਼ਾਮਲ ਕੀਤੇ ਗਏ 17 ਦਸਤਾਵੇਜ਼ਾਂ ਵਿਚ ਡੇਰੇ ਦੇ ਪ੍ਰਬੰਧਕ ਸਮੇਤ 3 ਮੁੱਖ ਵਰਕਰਾਂ ਦੀ ਪਾਲੀਗ੍ਰਾਫ਼ੀ ਟੈਸਟ ਦੀ ਰਿਪੋਰਟ ਕਾਫ਼ੀ ਅਹਿਮ ਹੈ। ਸੀ. ਬੀ. ਆਈ. ਨੇ ਜਾਂਚ ਦੌਰਾਨ ਸਾਲ 2005 ਵਿਚ ਡੇਰਾ ਪ੍ਰਬੰਧਕ ਕ੍ਰਿਸ਼ਨ ਲਾਲ, ਇੰਦਰਸੇਨ ਤੇ ਅਵਤਾਰ ਦਾ ਸੀ. ਐੱਫ. ਐੱਸ. ਐੱਲ. ਨਵੀਂ ਦਿੱਲੀ ਵਿਚ ਪਾਲੀਗ੍ਰਾਫ਼ੀ ਟੈਸਟ ਕਰਵਾਇਆ ਸੀ, ਜਿਸ ਵਿਚ ਉਨ੍ਹਾਂ ਨੇ ਡੇਰੇ ਨਾਲ ਸਬੰਧਤ ਕਈ ਗੱਲਾਂ ਨੂੰ ਮੰਨਿਆ ਸੀ। ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਸਥਿਤ ਗਰਲਜ਼ ਕਾਲਜ ਦਾ ਨਕਸ਼ਾ, ਪਰਮਜੀਤ ਦਾ 164 ਦਾ ਬਿਆਨ, ਸਾਧਵੀ ਸਰਜੀਵਨ ਦਾ 164 ਦਾ ਬਿਆਨ, ਡੇਰਾ ਮੁਖੀ ਦੇ ਡਰਾਈਵਰ ਖੱਟਾ ਸਿੰਘ ਦਾ 164 ਦਾ ਬਿਆਨ ਤੇ ਡੇਰਾ ਛੱਡਣ ਵਾਲੀਆਂ ਸਾਧਵੀਆਂ ਦੀ ਸੂਚੀ ਵੀ ਚਾਰਜਸ਼ੀਟ ਵਿਚ ਸ਼ਾਮਲ ਕੀਤੀ ਗਈ।
ਸੀ. ਬੀ. ਆਈ. ਦੀ ਜਾਂਚ ਵਿਚ ਮਿਲੇ ਪੁਖਤਾ ਸਬੂਤਾਂ ਤੇ ਤੱਥਾਂ ਨੂੰ ਅਦਾਲਤ ਦੇ ਸਾਹਮਣੇ ਰੱਖਿਆ ਜਾ ਚੁੱਕਿਆ ਹੈ। ਅਦਾਲਤ ਵਿਚ ਸਾਧਵੀਆਂ ਦੇ ਬਿਆਨ ਹੋਏ ਹਨ। ਸਾਨੂੰ ਭਰੋਸਾ ਹੈ ਕਿ ਸਬੂਤਾਂ ਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਸਾਧਵੀਆਂ ਨੂੰ ਨਿਆਂ ਮਿਲੇਗਾ।
-ਐੱਚ. ਪੀ. ਐੱਸ. ਵਰਮਾ, ਸੀ. ਬੀ. ਆਈ. ਵਕੀਲ। (Friday 25th August 2017 at 1:51 PM)
No comments:
Post a Comment