ਬਿਨ ਮੰਗਿਆਂ ਕੁਝ ਨਹੀਂ ਮਿਲਦਾ: ਰਾਮ ਸਿੰਘ
ਚੰਡੀਗੜ੍ਹ: 8 ਫਰਵਰੀ 2017: (ਪੰਜਾਬ ਸਕਰੀਨ ਬਿਊਰੋ):
ਸਿਆਸੀ ਲਾਭ ਲਈ ਧਰਮ ਦੀ ਦੁਰਵਰਤੋਂ ਦੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸਦੇ ਬਾਵਜੂਦ ਸਿਆਸਤ ਅਤੇ ਧਰਮ ਦਾ ਗੈਰ ਸਿਧਾਂਤਕ ਗਠਜੋੜ ਜਾਰੀ ਹੈ। ਡੇਰਾ ਸੱਚਾ ਸੌਦਾ ਸਿਰਸਾ ਦੀ ਹਮਾਇਤ ਦੇ ਮਾਮਲੇ ਵਿੱਚ ਵੋਟਾਂ ਪੈਣ ਦਾ ਕੰਮ ਪੁੱਗਣ ਮਗਰੋਂ ਬਣਾਈ ਗਈ ਜਾਂਚ ਕਮੇਟੀ ਸ਼ਾਇਦ ਇੱਕ ਡਰਾਮੇ ਤੋਂ ਵੱਧ ਕੁਝ ਨਹੀਂ। ਇਸੇ ਦੌਰਾਨ ਡੇਰੇ ਦੇ ਸਿਆਸੀ ਵਿੰਗ ਨੇ ਆਪਣੀ ਸਥਿਤੀ ਅਤੇ ਸਟੈਂਡ ਸਪਸ਼ਟ ਕਰਦਿਆਂ ਉਹਨਾਂ ਲੋਕਾਂ ਨੂੰ ਸੰਕਟ ਵਿੱਚ ਪਾ ਦਿੱਤਾ ਹੈ ਜਿਹੜੇ ਆਪਣੇ ਆਪ ਨੂੰ ਪਥਨਕ ਅਖਵਾਉਂਦੇ ਨਹੀਂ ਥੱਕਦੇ।
ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦਾ ਸਮੱਰਥਨ ਲੈਣ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਘਿਰਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਡੇਰੇ ਤੋਂ ਕੋਈ ਹਮਾਇਤ ਨਹੀਂ ਮੰਗੀ ਸਗੋਂ ਡੇਰੇ ਨੇ ਖੁਦ ਹੀ ਹਮਾਇਤ ਕੀਤੀ ਹੈ। ਦੂਜੇ ਪਾਸੇ ਡੇਰੇ ਦੇ ਸਿਆਸੀ ਵਿੰਗ ਨੇ ਦਾਅਵਾ ਕੀਤਾ ਹੈ ਕਿ ਐਤਕੀਂ ਡੇਰੇ ਦਾ ਸਮੱਰਥਨ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਰਮਨਾਕ ਹਾਰ ਤੋਂ ਬਚਾਏਗਾ। ਉਨ੍ਹਾਂ ਇਹ ਵੀ ਕਿਹਾ ਹੈ ਕਿ ਅਕਾਲੀ ਦਲ ਦੇ ਮੰਗਣ 'ਤੇ ਹੀ ਹਮਾਇਤ ਕੀਤੀ ਗਈ ਹੈ। ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ 3 ਮੈਂਬਰੀ ਕਮੇਟੀ 'ਤੇ ਹੀ ਸਭ ਦੀਆਂ ਨਜ਼ਰਾਂ ਹਨ। ਜ਼ਿਕਰਯੋਗ ਹੈ ਕਿ ਜਦੋਂ ਡੇਰੇ ਜਾਣ ਵਾਲੇ ਸਾਰੇ ਸਿੱਖ ਉਮੀਦਵਾਰਾਂ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਸੀ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਉਨ੍ਹਾਂ ਨੇ ਡੇਰਾ ਸਿਰਸਾ ਤੋਂ ਸਿਆਸੀ ਹਮਾਇਤ ਨਹੀਂ ਮੰਗੀ। ਬਾਦਲ ਦੇ ਇਸ ਬਿਆਨ ਤੋਂ ਬਾਅਦ ਡੇਰੇ ਦੇ ਸਿਆਸੀ ਵਿੰਗ ਨੇ ਬਾਦਲ ਦੇ ਹਮਾਇਤ ਨਾ ਮੰਗਣ ਵਾਲੇ ਬਿਆਨ ਨਾਲ ਅਸਹਿਮਤੀ ਜਤਾਈ ਹੈ। ਡੇਰੇ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਕਿਹਾ ਹੈ ਕਿ ਬਿਨਾਂ ਮੰਗਿਆਂ ਕੁਝ ਨਹੀਂ ਮਿਲਦਾ।ਰਾਮ ਸਿੰਘ ਨੇ ਬਠਿੰਡਾ ਵਿੱਚ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਪੰਜਾਬ ਚੋਣਾਂ ਵਿੱਚ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਹਮਾਇਤ ਵਿੱਚ ਵੋਟਾਂ ਪਾਈਆਂ ਹਨ।
ਇਨ੍ਹਾਂ ਵੋਟਾਂ ਕਰਕੇ ਹੀ ਅਕਾਲੀ ਦਲ ਦੇ ਉਮੀਦਵਾਰ ਨਮੋਸ਼ੀਜਨਕ ਹਾਰ ਤੋਂ ਬਚਣਗੇ।ਉਨ੍ਹਾਂ ਦਾਅਵਾ ਕੀਤਾ ਕਿ ਸਿਆਸੀ ਵਿੰਗ ਦੀ ਅਪੀਲ ਮਗਰੋਂ 80 ਫੀਸਦੀ ਡੇਰਾ ਪੈਰੋਕਾਰਾਂ ਨੇ ਅਕਾਲੀ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਹਨ। ਉਨ੍ਹਾਂ ਅਕਾਲੀ ਦਲ ਤੋਂ ਇਲਾਵਾ ਕਾਂਗਰਸ ਅਤੇ ਆਪ ਉਮੀਦਵਾਰਾਂ ਵੱਲੋਂ ਡੇਰੇ ਤੋਂ ਹਮਾਇਤ ਮੰਗੇ ਜਾਣ ਦੀ ਗੱਲ ਕਬੂਲੀ, ਪਰ ਡੇਰੇ ਨੇ ਸਿਰਫ ਅਕਾਲੀ ਦਲ ਦੀ ਹਮਾਇਤ ਦਾ ਐਲਾਨ ਕੀਤਾ ਸੀ।
No comments:
Post a Comment