Showing posts with label JNU. Show all posts
Showing posts with label JNU. Show all posts

Monday, January 06, 2020

ਜੇਐਨਯੂ ਵਿੱਚ ਵਿਦਿਆਰਥੀਆਂ ਉੱਤੇ ਹਮਲੇ ਨਾਲ ਬੇਨਕਾਬ ਹੋਏ ਫਾਸ਼ੀ ਚਿਹਰੇ

ਆਪਣੀ ਰਾਖੀ ਆਪ ਕਰਨ ਵਾਲੀ ਸੋਚ ਨੂੰ ਅਮਲ ਵਿੱਚ ਲਿਆਉਣ ਦੀ ਤਿਆਰੀ 
ਨਵੀਂ ਦਿੱਲੀ: 6 ਜਨਵਰੀ 2020: (ਪੰਜਾਬ ਸਕਰੀਨ ਡੈਸਕ)::  
ਫਾਸ਼ੀਵਾਦੀ ਇੱਕ ਵਾਰ ਫੇਰ ਬੇਨਕਾਬ ਹੋ ਗਏ ਹਨ। ਉਹਨਾਂ ਦਾ ਇਹ ਫਾਸ਼ੀ ਚੇਹਰਾ ਇੱਕ ਵਾਰ ਫੇਰ ਸਾਹਮਣੇ ਆ ਗਿਆ ਹੈ। ਉਹਨਾਂ ਦੱਸ ਦਿੱਤਾ ਹੈ ਕਿ ਉਹ ਕਿੱਥੋਂ ਤੱਕ ਜਾ ਸਕਦੇ ਹਨ। ਸਿਸਟਮ ਅਤੇ ਸਰਕਾਰਾਂ ਯੂਨੀਵਰਸਿਟੀ ਅੰਦਰ ਪੜ੍ਹਦੇ ਅਤੇ ਰਹਿੰਦੇ ਵਿਦਿਆਰਥੀਆਂ ਦੀ ਸੁਰੱਖਿਆ ਕਰਨ ਵਿੱਚ ਵੀ ਨਾਕਾਮ ਰਹੀਆਂ ਹਨ। ਇਸ ਵਹਿਸ਼ੀ ਹਮਲੇ ਦੇ ਸਿੱਟੇ ਵੱਜੋਂ ਹੁਣ ਉਹ ਨਾਅਰਾ ਇੱਕ ਵਾਰ ਫੇਰ ਮਹੱਤਵਪੂਰਨ ਹੋ ਗਿਆ ਹੈ ਜਿਸ ਵਿੱਚ ਆਖਿਆ ਜਾਂਦਾ ਹੈ-
ਸਰਕਾਰਾਂ ਤੋਂ ਨਾ ਝਾਕ ਕਰੋ-
ਆਪਣੀ ਰਾਖੀ ਆਪ ਕਰੋ। 
ਹੁਣ ਵਿਦਿਆਰਥੀਆਂ ਉੱਤੇ ਹੋਏ ਹਮਲੇ ਨੇ ਇਸ ਨਾਅਰੇ ਨੂੰ ਹਕੀਕੀ ਜ਼ਿੰਦਗੀ ਦੇ ਅਮਲ ਵਿੱਚ ਬਦਲਣਾ ਹੈ। ਇਹ ਸੁਨੇਹਾ ਹੁਣ ਘਰ ਘਰ, ਪਿੰਡ ਪਿੰਡ ਪਹੁੰਚ ਚੁੱਕਿਆ ਹੈ।  
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਐਤਵਾਰ ਰਾਤ ਨੂੰ ਗੁੰਡਿਆਂ ਵੱਲੋਂ ਕੀਤੇ ਗਏ ਹਮਲੇ ਵਿਚ ਫੱਟੜ ਹੋਏ ਵਿਦਿਆਰਥੀਆਂ ਦੇ ਫੱਟਾਂ ਦੀਆਂ ਫੁਹਾਰਾਂ ਦੇਸ਼ ਹੀ ਨਹੀਂ, ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਤੱਕ ਪਈਆਂ ਹਨ। ਦੇਸ਼-ਭਰ ਦੇ ਯੂਨੀਵਰਸਿਟੀ ਕੈਂਪਸਾਂ ਦੇ ਨਾਲ-ਨਾਲ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਵੀ ਸੋਮਵਾਰ ਰੋਸ ਮੁਜ਼ਾਹਰੇ ਹੋਏ, ਜਿਨ੍ਹਾਂ ਵਿਚ ਹਮਲੇ ਦੀ ਕਰੜੀ ਨਿੰਦਾ ਕੀਤੀ ਗਈ ਤੇ ਹਮਲੇ ਦਾ ਸ਼ਿਕਾਰ ਹੋਣ ਵਾਲਿਆਂ ਨਾਲ ਇੱਕਜੁੱਟਤਾ ਪ੍ਰਗਟਾਈ ਗਈ। ਭਾਰਤ ਵਿਚ ਪਾਂਡੀਚਰੀ ਯੂਨੀਵਰਸਿਟੀ, ਬੇਂਗਲੁਰੂ ਯੂਨੀਵਰਸਿਟੀ, ਯੂਨੀਵਰਸਿਟੀ ਆਫ ਹੈਦਰਾਬਾਦ, ਅਲੀਗੜ੍ਹ ਯੂਨੀਵਰਸਿਟੀ, ਜਾਧਵਪੁਰ ਯੂਨੀਵਰਸਿਟੀ, ਰਾਇਪੁਰ ਯੂਨੀਵਰਸਿਟੀ, ਕੋਚੀ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਵਿਚ ਪ੍ਰੋਟੈੱਸਟ ਕੀਤੇ ਗਏ। ਔਕਸਫੋਰਡ ਤੇ ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਪ੍ਰੋਟੈੱਸਟ ਕਰਕੇ ਵਿਦਿਆਰਥੀਆਂ ਦੀ ਸੁਰੱਖਿਆ ਦੀ ਮੰਗ ਕੀਤੀ। ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਵੀ ਰੋਸ ਵਖਾਵੇ ਹੋਏ।  
ਪਾਂਡੀਚਰੀ ਯੂਨੀਵਰਸਿਟੀ ਦੇ ਵਿਦਿਆਰਥੀ ਰਾਈਜ਼ਾ ਨੇ ਕਿਹਾ, 'ਅੱਜ ਉਨ੍ਹਾਂ 'ਤੇ ਹਿੰਸਾ ਹੋਈ, ਭਲਕੇ ਸਾਡੇ 'ਤੇ ਹੋਵੇਗੀ। ਹਰ ਕਿਸਮ ਦੀ ਹਿੰਸਾ ਨਿਖੇਧੀਯੋਗ ਹੈ। ਅਸੀਂ ਜੇ ਐੱਨ ਯੂ ਦੇ ਦੋਸਤਾਂ ਨਾਲ ਖੜ੍ਹੇ ਹਾਂ।' ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੇ ਹਰਿਆਣਾ ਅਸੰਬਲੀ ਦੇ ਸਪੀਕਰ ਗਿਆਨ ਚੰਦ ਗੁਪਤਾ ਦੇ ਭਾਸ਼ਣ ਦੌਰਾਨ ਨਾਅਰੇਬਾਜ਼ੀ ਕਰਕੇ ਇਸ ਭਾਸ਼ਣ ਨੂੰ ਡਿਸਟਰਬ ਕੀਤਾ ਅਤੇ ਇਸ ਮਸਲੇ ਨੂੰ ਪੂਰੀ ਗੰਭੀਰਤਾ ਨਾਲ ਉਠਾਇਆ। ਏਨੀ ਵੱਡੀ ਘਟਨਾ ਹੋਣ ਤੋਂ ਬਾਅਦ ਸਭ ਕੁਝ ਨਾਰਮਲ  ਚੱਲ ਵੀ ਕਿਵੇਂ ਸਕਦਾ ਸੀ?
ਇਹੀ ਰੋਸ--ਇਹੀ ਬੇਚੈਨੀ, ਇਹੀ ਗੁੱਸਾ ਦੇਸ਼ ਦੇ ਹਰ ਕੋਨੇ ਵਿੱਚ ਦੇਖਿਆ ਗਿਆ। ਇਸੇ ਤਰਾਂ ਮੁੰਬਈ ਵਿੱਚ ਕਾਲਜਾਂ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਗੇਟਵੇ ਆਫ ਇੰਡੀਆ ਨੇੜੇ ਤਾਜ ਮਹਿਲ ਹੋਟਲ ਕੋਲ ਪ੍ਰੋਟੈੱਸਟ ਕੀਤਾ। ਜਾਧਵਪੁਰ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਤੇ ਆਲ ਬੰਗਾਲ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਨੇ ਹਮਲੇ ਦੀ ਨਿੰਦਾ ਕੀਤੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਨੇ ਹਮਲੇ ਦੀ ਨਿੰਦਾ ਕੀਤੀ ਤੇ ਚੀਫ ਜਸਟਿਸ ਤੋਂ ਇਸ ਹਮਲੇ ਦਾ ਨੋਟਿਸ ਲੈਣ ਦੀ ਮੰਗ ਕੀਤੀ। ਇਸ ਤਰਾਂ ਦੇਸ਼ ਦੇ ਹਰ ਕੋਨੇ ਵਿੱਚ ਇਸ ਹਮਲੇ ਦੇ ਵਿਰੋਧ ਦੀ ਅੱਗਨੀ ਫੈਲੀ ਹੋਈ ਸੀ। 
ਲਹੂਲੁਹਾਨ ਹੋਏ ਵਿਦਿਆਰਥੀ ਹੁਣ ਪੜ੍ਹਨਗੇ ਜਾਂ ਸਰ ਆ ਪਈ ਇਸ ਮੁਸੀਬਤ ਦੇ ਮੁਕਾਬਲੇ ਲਈ ਸੋਚਣਗੇ? ਨਿਸਚੇ ਹੀ ਇਸ ਹਮਲੇ ਨੇ ਹੁਣ ਵਿਦਿਆਰਥੀਆਂ ਦੇ ਦਿਲਾਂ ਵਿੱਚ ਇੱਕ ਅੱਗ ਬਾਲ ਦਿੱਤੀ ਹੈ। ਜੇ ਐੱਨ ਯੂ ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼, ਜਿਸ ਦਾ ਸਿਰ ਪਾਟ ਗਿਆ, ਨੇ ਅੱਜ ਸੋਮਵਾਰ ਵਾਲੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਰ ਐੱਸ ਐਸ ਨਾਲ ਸੰਬੰਧਤ ਕੁਝ ਪ੍ਰੋਫੈਸਰਾਂ ਨੇ ਉਨ੍ਹਾ ਦੇ ਅੰਦੋਲਨ ਨੂੰ ਤੋੜਨ ਲਈ ਹਿੰਸਾ ਉਕਸਾਈ ਹੈ। ਉਹ ਇਸ ਕੰਮ ਵਿਚ ਚਾਰ-ਪੰਜ ਦਿਨਾਂ ਤੋਂ ਲੱਗੇ ਹੋਏ ਸਨ। ਪੁਲਸ ਨੇ ਗੁੰਡਿਆਂ ਨੂੰ ਨਹੀਂ ਰੋਕਿਆ। ਵਾਈਸ ਚਾਂਸਲਰ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਘੋਸ਼ ਨੇ ਕਿਹਾ, 'ਮੇਰੇ 'ਤੇ ਗਿਣ-ਮਿਥ ਕੇ ਰਾਡ ਨਾਲ ਹਮਲਾ ਕੀਤਾ ਗਿਆ। ਗੁੰਡੇ ਸਾਨੂੰ ਲਿੰਚ ਕਰਨ ਵਾਲੇ ਸਨ। ਹਮਲਾਵਰਾਂ ਕੋਲ ਹਥੌੜੇ ਵੀ ਸਨ। ਹਿੰਸਕ ਭੀੜ ਨੇ ਕਈ ਹੋਸਟਲਾਂ ਵਿਚ ਭੰਨ-ਤੋੜ ਕੀਤੀ। ਵਿਦਿਆਰਥੀਆਂ ਨੇ ਐੱਸ ਐੱਚ ਓ ਤੇ ਏ ਸੀ ਪੀ ਨੂੰ ਵੀ ਅਲਰਟ ਕੀਤਾ, ਪਰ ਕੋਈ ਮਦਦ ਲਈ ਨਹੀਂ ਬਹੁੜਿਆ।'  ਇਹੀ ਵਰਤਾਰਾ ਦਿੱਲੀ ਦੇ ਸਿੱਖਾਂ ਨੇ ਨਵੰਬਰ-84 ਵਿੱਚ ਵੀ ਦੇਖਿਆ ਸੀ ਜਦੋਂ ਪੁਲਿਸ ਮੂਕ ਦਰਸ਼ਕ ਬਣੀ ਹੋਈ ਸੀ। ਹੁਣ ਦੀ ਹਕੂਮਤ ਵੀ ਉਹਨਾਂ ਪਦਚਿਨ੍ਹਾਂ ਤੇ ਹੀ ਚੱਲ ਰਹੀ ਹੈ। ਇਹ ਸਥਿਤੀ ਆਮ ਲੋਕਾਂ ਲਈ ਬਹੁਤ ਗੰਭੀਰ ਅਤੇ ਖਤਰਨਾਕ ਹੈ। 
ਸਿਆਸੀ ਦਲ ਸਿਆਸੀ ਕਿਸਮ ਦੇ ਬਿਆਨ ਦੇ ਰਹੇ ਹਨ। ਇਸਦੇ ਫੌਰੀ ਹਲ ਦੀ ਕੋਈ ਗੱਲ ਨਹੀਂ ਕਰ ਰਿਹਾ। ਇਸ ਵਿਰੋਧ ਵਿੱਚ ਸ਼ਾਮਲ ਹੁੰਦਿਆਂ ਜਨਤਾ ਦਲ ਯੂਨਾਈਟਿਡ ਦੇ ਕੇ ਸੀ ਤਿਆਗੀ ਨੇ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਏ। ਜੇ ਐੱਨ ਯੂ ਦੇ ਸਾਬਕਾ ਚਾਂਸਲਰ ਕਰਨ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਐੱਮ ਜਗਦੇਸ਼ ਨਾਅਹਿਲ ਸਾਬਤ ਹੋਏ ਹਨ ਤੇ ਉਨ੍ਹਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਨੂੰ ਕਿਹਾ ਕਿ ਉਹ ਸਾਰੇ ਪੱਖਾਂ ਦੀ ਮੀਟਿੰਗ ਸੱਦ ਕੇ ਮਸਲੇ ਦਾ ਹੱਲ ਕਰਨ। ਪੁਲਸ ਨੇ ਕੁਝ ਅਣਪਛਾਤਿਆਂ ਵਿਰੁੱਧ ਹਿੰਸਾ ਕਰਨ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਕੇਸ ਦਰਜ ਕੀਤਾ ਹੈ। ਹਮਲੇ ਵਿਚ 26 ਵਿਦਿਆਰਥੀ ਤੇ ਟੀਚਰ ਜ਼ਖਮੀ ਹੋਏ ਸਨ। ਹੁਣ ਦੇਖਣਾ ਹੈ ਕਿ ਕਾਨੂੰਨ ਲਾਗੂ ਕਰਨ ਵਾਲਿਆਂ ਏਜੰਸੀਆਂ ਕੋਈ ਠੋਸ ਕਦਮ ਚੁੱਕ ਕੇ ਹਮਲਾਵਰਾਂ ਨੂੰ ਕਾਬੂ ਕਰਦੀਆਂ ਹਨ ਜਾਂ ਨਹੀਂ?
ਲੁਧਿਆਣਾ ਵਿੱਚ ਬਸ ਅੱਡੇ ਵਿੱਚ ਇਕੱਤਰ ਹੋਈਆਂ ਟਰੇਡ ਯੂਨੀਅਨਾਂ ਨੇ ਇਸ ਮੁੱਦੇ ਨੂੰ ਲੈ ਕੇ ਬਹੁਤ ਹੰਗਾਮਾ ਕੀਤਾ। ਪ੍ਰਗਤੀਸ਼ੀਲ ਲੇਖਕ ਸਿੰਘ ਵੱਲੋਂ ਲੇਖਕਾਂ ਅਤੇ ਬੁਧੀਜੀਵੀਆਂ ਨੇ ਵੀ ਇਸ ਹਮਲੇ ਦੀ ਤਿੱਖੀ ਨਿਖੇਧੀ ਕੀਤੀ। ਰੋਹ ਭਰੀ ਨਾਅਰੇਬਾਜ਼ੀ ਅਤੇ ਮਾਰਚ ਨੂੰ ਦੇਖ ਕੇ ਬਸ ਅੱਡੇ ਵਿੱਚ ਮੌਜੂਦ ਸਵਾਰੀਆਂ ਵੀ ਹੈਰਾਨ ਸਨ ਅਤੇ ਬਸ ਸਟੈਂਡ ਦਾ ਸਟਾਫ ਵੀ। 

Thursday, October 20, 2016

ਵਿਦਿਆਰਥੀ ਆਗੂ ਕਨ੍ਹਈਆ ਕੁਮਾਰ 23 ਨੂੰ ਲੁਧਿਆਣਾ ਵਿੱਚ

Thu, Oct 20, 2016 at 11:35 AM
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਹੋਵੇਗਾ ਵਿਸ਼ੇਸ਼ ਸੈਮੀਨਾਰ 
ਮਹਿੰਗੀ ਵਿੱਦਿਆ-ਘਟਦੇ ਰੁਜ਼ਗਾਰ ਵਿਸ਼ੇ ’ਤੇ ਸਿੱਖਿਆ ਸੈਮੀਨਾਰ
ਆਯੋਜਨ ਸਾਂਝ: ਸੋਸ਼ਲ ਥਿੰਕਰਜ਼ ਫ਼ੋਰਮ ਲੁਧਿਆਣਾ
ਲੁਧਿਆਣਾ : 19 ਅਕਤੂਬਰ  2016: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਸੋਸ਼ਲ ਥਿੰਕਰਜ਼ ਫ਼ੋਰਮ ਲੁਧਿਆਣਾ ਵੱਲੋਂ 23 ਅਕਤੂਬਰ ਬਾਅਦ ਦੁਪਹਿਰ 1.30 ਵਜੇ ‘ਮਹਿੰਗੀ ਵਿੱਦਿਆ-ਘਟਦੇ ਰੁਜ਼ਗਾਰ’ ਵਿਸ਼ੇ ’ਤੇ ਸਿੱਖਿਆ ਸੈਮੀਨਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਦਸਿਆ ਕਿ ਅਜੋਕੇ ਸਮਿਆਂ ਵਿਚ ਸਿੱਖਿਆ ਦਾ ਵਪਾਰੀਕਰਣ ਅਤੇ ਭਗਵਾਕਰਣ ਵਿਸ਼ੇਸ਼ ਕਿਸਮ ਦੇ ਮਸਲੇ ਖੜ੍ਹੇ ਕਰ ਰਿਹਾ ਹੈ। ਸੋ ਸਾਡੀ ਸਮੁੱਚੀ ਸਿੱਖਿਆ ਪ੍ਰਣਾਲੀ ਤੇ ਚਿੰਤਨ ਮੰਥਨ ਹੋਣਾ ਅਤਿ ਜ਼ਰੂਰੀ ਹੋ ਗਿਆ ਹੈ। ਇਸ ਮੰਤਵ ਲਈ ਵਿਸ਼ੇਸ਼ ਤੌਰ ’ਤੇ ਨਵੀਂ ਸਿੱਖਿਆ ਨੀਤੀ ਸੰਬੰਧੀ ਵਿਚਾਰ ਕਰਨ ਲਈ ਚੇਅਰਮੈਨ ਪੰਜਾਬ ਐਜ਼ੂਕੇਸ਼ਨਿਸਟ ਫ਼ੋਰਮ ਪ੍ਰੋ. ਤਰਸੇਮ ਬਾਹੀਆ ਜੀ ਨੂੰ ਬੁਲਾਇਆ ਗਿਆ ਹੈ। ਤੇ ਇਸੇ ਸੰਦਰਭ ਵਿਚ ਵਿਦਿਆਰਥੀਆਂ ‘ਜੋ ਕਿ ਵਿੱਦਿਆ ਪ੍ਰਬੰਧ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ।’ ਦਾ ਪੱਖ ਪੇਸ਼ ਕਰਨ ਲਈ ਏ.ਆਈ.ਐਸ.ਐਫ਼. ਆਗੂ ਪ੍ਰਧਾਨ ਜੇ.ਐਨ.ਯੂ., ਕਨ੍ਹਈਆ ਕੁਮਾਰ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਹੈ। ਇਸ ਸਮਾਗਮ ਵਿਚ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਸੁਆਗਤੀ ਸ਼ਬਦ ਕਹਿਣਗੇ। ਸੋਸ਼ਲ ਥਿੰਕਰਜ਼ ਫ਼ੋਰਮ ਦੇ ਕਨਵੀਨਰ ਡਾ. ਅਰੁਣ ਮਿੱਤਰਾ ਵਿਸ਼ੇ ਦਾ ਸੰਦਰਭ ਸਾਂਝਾ ਕਰਨਗੇ। 
ਉਪਰੰਤ ਸਮੁੱਚੀ ਵਿਚਾਰ ਚਰਚਾ ਤੋਂ ਬਾਅਦ ਦਿੱਲੀ ਤੋਂ ਆਏ ਕੌਮੀ ਪੱਧਰ ਦੇ ਆਗੂ ਅਮਰਜੀਤ ਕੌਰ ਦਰਪੇਸ਼ ਚੁਣੌਤੀਆਂ ਬਾਰੇ ਆਪਣੇ ਸੁਝਾਅ ਸਾਂਝੇੇ ਕਰਨਗੇ। ਅੰਤ ਵਿਚ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਚਰਚਾ ਦਾ ਤੱਤਸਾਰ ਸਾਂਝਾ ਕਰਨਗੇ ਅਤੇ ਇਸ ਮਹੱਤਵਪੂਰਨ ਸੈਮੀਨਾਰ ਵਿਚ ਸ਼ਮੂਲੀਅਤ ਕਰਨ ਵਾਲੀਆਂ ਸ਼ਖ਼ਸੀਅਤਾਂ ਅਤੇ ਧਿਰਾਂ ਦਾ ਧੰਨਵਾਦ ਕਰਨਗੇ। ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ ਤ੍ਰੈਲੋਚਨ ਲੋਚੀ, ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸ੍ਰੀ ਮਨਜਿੰਦਰ ਸਿੰਘ ਧਨੋਆ ਅਤੇ ਸ. ਭੁਪਿੰਦਰ ਸਿੰਘ ਸੰਧੂ ਅਤੇ ਸੋਸ਼ਲ ਥਿੰਕਰਜ਼ ਦਾ ਸਹਿ ਕਨਵੀਨਰ ਐਮ.ਐਸ.ਭਾਟੀਆ ਨੇ ਸਮੂਹ ਸਾਹਿਤ ਪ੍ਰੇਮੀ, ਸਿੱਖਿਆ ਪ੍ਰੇਮੀ ਅਤੇ ਚਿੰਤਨ ਮੰਥਨ ਦੇ ਸ਼ੌਕੀਨ ਲੋਕਾਂ ਨੂੰ ਇਸ ਸਮਾਗਮ ਵਿਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ।

Sunday, August 07, 2016

ਉਮਰ ਖਾਲਿਦ ਵੱਲੋਂ "ਸੱਚੀ ਆਜ਼ਾਦੀ" ਲਈ "ਜੱਦੋਜਹਿਦ" ਦੀ ਹਮਾਇਤ ਦਾ ਸੱਦਾ

ਅਜਿਹੀ ਹਮਾਇਤ ਹੀ ਫਾਸ਼ੀਵਾਦ ਦੇ ਹਮਲੇ ਨੂੰ ਠੱਲ ਪਾ ਸਕਦੀ ਹੈ 
ਪੱਤਰਕਾਰ ਮਾਲਿਨੀ ਸੁਬਰਾਮਨੀਅਮ ਨੇ ਬਿਆਨ ਕੀਤੀ ਬਸਤਰ ਵਿਚਲੀ ਹਕੀਕਤ
ਲੁਧਿਆਣਾ: 7 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਅੱਜ ਵੀ ਪੰਜਾਬੀ ਭਵਨ ਵਿੱਚ ਆਮ ਦਿਨਾਂ ਵਰਗੀ ਚਹਿਲ ਪਹਿਲ ਸੀ। ਬਾਹਰ ਵੀ ਬਹੁਤ ਸਾਰੀਆਂ ਗੱਡੀਆਂ ਖੜੀਆਂ ਸਨ ਅਤੇ ਅੰਦਰ ਵੀ।  ਪਤਾ ਲੱਗਿਆ ਕਿ ਅੱਜ ਜੇ ਐਨ ਯੂ ਤੋਂ ਉਮਰ ਖਾਲਿਦ ਅਤੇ ਬਸਤਰ ਤੋਂ ਮਾਲਿਨੀ ਸੁਬਰਾਮਨੀਅਮ ਆਏ ਹੋਏ ਸਨ। ਮਾਲਿਨੀ ਨੇ ਬਸਤਰ ਦੀਆਂ ਮੌਜੂਦਾ ਹਾਲਤਾਂ ਅਤੇ ਉੱਥੋਂ ਦੀ ਔਖੀ ਪੱਤਰਕਾਰੀ ਬਾਰੇ ਦੱਸਿਆ ਜਦਕਿ ਉਮਰ ਖਾਲਿਦ ਨੇ ਆਜ਼ਾਦੀ ਅਤੇ ਜਮਹੂਰੀਅਤ ਦੀ ਹਕੀਕਤ ਬਾਰੇ ਤੱਥਾਂ ਅਤੇ ਅੰਕੜਿਆਂ ਸਮੇਤ ਵੱਖ ਵੱਖ ਸਮੇਂ ਵਾਪਰੀਆਂ ਸੱਚੀਆਂ ਦਾਸਤਾਨਾਂ ਨਾਲ ਆਪਣਾ ਸੁਨੇਹਾ ਦਿੱਤਾ। ਹਾਲ ਪੂਰੀ ਤਰਾਂ ਭਰਿਆ ਹੋਇਆ ਸੀ।  ਮੀਡੀਆ ਦੇ ਫੋਟੋਗ੍ਰਾਫਰਾਂ ਲਈ ਵੀ ਇੱਕ ਇੱਕ ਕਦਮ ਚੁੱਕ ਕੇ ਏਧਰੋਂ ਓਧਰ ਜਾਣਾ ਬੇਹੱਦ ਮੁਸ਼ਕਿਲ ਵਾਲਾ ਕੰਮ ਸੀ। ਸਰੋਤਿਆਂ ਵਿੱਚ ਛੋਟੀ ਉਮਰ ਦੇ ਲੋਕ ਵੀ ਸਨ ਅਤੇ ਵੱਡੀ ਵਡੇਰੀ ਉਮਰ ਦੇ ਵਿਅਕਤੀ ਵੀ ਜਿਹਨਾਂ ਨੂੰ ਮਗਰ ਲਾਉਣਾ ਸੌਖਾ ਨਹੀਂ ਹੁੰਦਾ। ਗੱਲ ਗੱਲ 'ਤੇ ਨੁਕਤਾਚੀਨੀ ਕਰਨ ਵਾਲੇ ਗਿਆਨਵਾਨ ਬੁਧੀਜੀਵੀ ਵੀ ਸਨ।  ਪਾਰ ਹੈਰਾਨੀ ਦੀ ਗੱਲ ਕਿ ਸਾਰੇ ਇੱਕ ਸਾਹ ਹੋ ਕੇ ਸੁਣ ਰਹੇ ਸਨ। ਇਹਨਾਂ ਦਰਸ਼ਕਾਂ ਸਰੋਤਿਆਂ ਨੇ ਪਾਣੀ ਵੀ ਉਦੋਂ ਪੀਤਾ ਜਦੋਂ ਪ੍ਰਬੰਧਕਾਂ ਨੇ ਮਾਲਿਨੀ ਸੁਬਰਾਮਨੀਅਮ ਦੇ ਬੋਲ ਹਟਣ ਮਗਰੋਂ ਪੰਜਾਂ ਕੁ ਮਿੰਟਾਂ ਦੀ ਬ੍ਰੇਕ ਦਾ ਐਲਾਨ ਕੀਤਾ। ਮਾਲਿਨੀ ਅਤੇ ਉਮਰ-ਦੋਹਾਂ ਨੇ ਬੜੇ ਹੀ ਸੰਤੁਲਿਤ ਸ਼ਬਦਾਂ ਵਿੱਚ ਅਸੰਤੁਲਿਤ ਹਾਲਤਾਂ ਦਾ ਵੇਰਵਾ ਦਿੱਤਾ। ਉਹਨਾਂ ਬੇਹੱਦ ਆਉਦੀਆਂ ਹਕੀਕਤਾਂ ਬਾਰੇ ਦੱਸਿਆ।
ਉਹਨਾਂ ਕਿਹਾ-ਜਿਸ ਰਾਜ ਪ੍ਰਬੰਧ ਵਿਚ ਸੋਨੀ ਸੋਰੀ ਨੂੰ ਜਿਣਸੀ ਤਸੀਹੇ ਦੇਣ ਵਾਲਾ ਬਹਾਦਰੀ ਮੈਡਲ ਨਾਲ ਸਨਮਾਨਤ ਕੀਤਾ ਜਾਂਦਾ ਹੈ ਅਤੇ 2000 ਲੋਕਾਂ ਦਾ ਕਾਤਲ ਜੇਲ੍ਹ ਦੀ ਬਜਾਏ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹੁੰਦਾ ਹੈ ਤਾਂ ਇਹ ਸਹੀ ਮਾਇਨਿਆਂ ਵਿਚ ਜਮਹੂਰੀਅਤ ਅਤੇ ਆਜ਼ਾਦੀ ਨਹੀਂ ਹੈ ਚਾਹੇ ਇਹ ਚੁਣੇ ਹੋਏ ਨੁਮਾਇੰਦਿਆਂ ਦੀ ਸਰਕਾਰ ਕਿਉਂ ਨਾ ਹੋਵੇ, ਸਾਨੂੰ ਸੱਚੀ ਜਮਹੂਰੀਅਤ ਅਤੇ ਆਜ਼ਾਦੀ ਲਈ ਲੜਨਾ ਹੋਵੇਗਾ।”  
ਇਹ ਵਿਚਾਰ ਅੱਜ ਇਥੇ ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਵਲੋਂ ਅੱਜ ਸਥਾਨਕ ਪੰਜਾਬੀ ਭਵਨ ਵਿਖੇ ਹਿੰਦੂਤਵੀ ਫ਼ਾਸ਼ੀਵਾਦ ਦਾ ਟਾਕਰਾ ਅਤੇ ਬਸਤਰ ਵਿਚ ਦਮਨ” ਵਿਸ਼ੇ ਬਾਰੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਜੇ.ਐਨ.ਯੂ. ਤੋਂ ਵਿਦਿਆਰਥੀ ਆਗੂ ਉਮਰ ਖ਼ਾਲਿਦ ਨੇ ਪ੍ਰਗਟ ਕੀਤੇ। ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਉਮਰ ਖ਼ਾਲਿਦ, ਮਾਲਿਨੀ ਸੁਬਰਾਮਨੀਅਤ, ਪ੍ਰੋਫੈਸਰ ਜਗਮੋਹਣ ਸਿੰਘ, ਪ੍ਰੋਫੈਸਰ ਏ.ਕੇ.ਮਲੇਰੀ, ਸਤੀਸ਼ ਸਚਦੇਵਾ ਸ਼ੁਸ਼ੋਭਿਤ ਸਨ। ਉਨ੍ਹਾਂ ਕਿਹਾ ਕਿ ਅਸੀਂ ਤੈਅ ਕਰਨਾ ਹੈ ਕਿ ਕਿਸ ਤਰ੍ਹਾਂ ਦੀ ਆਜ਼ਾਦੀ ਨੂੰ ਮਨਜ਼ੂਰ ਕਰਨਾ ਹੈ। ਲਾਲ ਕਿਲ੍ਹੇ ਤੋਂ ਆਜ਼ਾਦੀ ਦੇ ਖੋਖਲੇ ਭਾਸ਼ਣਾਂ ਨੂੰ ਜਾਂ ਸੱਚੀ ਆਜ਼ਾਦੀ ਲਈ ਸੰਘਰਸ਼ਾਂ ਨੂੰ। ਬਸਤਰ ਦੇ ਵਿਕਾਸ ਮਾਡਲ ਦੇ ਦਾਅਵਿਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਿਕਾਸ ਲਈ ਆਦਿਵਾਸੀਆਂ ਦੀ ਬਲੀ ਨੂੰ ਜਾਇਜ਼ ਠਹਿਰਾਉਣ ਵਾਲਾ ਵਿਕਾਸ ਮਾਡਲ ਹੱਲ ਨਹੀਂ ਦਰਅਸਲ ਖ਼ੁਦ ਹੀ ਸਮੱਸਿਆ ਹੈ ਜਿਸ ਤਹਿਤ ਚਾਰ­-ਮਾਰਗੀ ਸੜਕਾਂ ਉਥੇ ਤੇਜ਼ੀ ਨਾਲ ਸੁਰੱਖਿਆ ਤਾਕਤਾਂ ਭੇਜਣ ਲਈ ਵਿਛਾਈਆਂ ਜਾ ਰਹੀਆਂ ਹਨ, ਜੋ ਲੋਕਾਂ ਲਈ ਸਿਹਤ ਤੇ ਸਿਖਿਆ ਸਹੂਲਤਾਂ ਨਹੀਂ ਸਗੋਂ ਵਿਨਾਸ਼ ਅਤੇ ਤਬਾਹੀ ਦਾ ਸਾਧਨ ਹਨ। ਜਿਥੇ ਹੁਣ ਮਿਸ਼ਨ-2016 ਤਹਿਤ ਹਵਾਈ ਬੰਬਾਰੀ ਰਾਹੀਂ ਆਦਿਵਾਸੀ ਵਸੋਂ ਨੂੰ ਨੇਸਤੋਨਾਬੂਦ ਕੀਤਾ ਜਾ ਰਿਹਾ ਹੈ। ਇਹ ਕਹਿਣਾ ਗ਼ਲਤ ਹੈ ਕਿ ਲੋਕ ਮਾਓਵਾਦੀਆਂ ਅਤੇ ਸੁਰੱਖਿਆ ਤਾਕਤਾਂ ਦਰਮਿਆਨ ਪਿਸ ਰਹੇ ਹਨ, ਲੋਕ ਆਪਣੇ ਜੀਵਨ-ਵਸੀਲਿਆਂ ਅਤੇ ਸਵੈਮਾਣ ਦੀ ਰਾਖੀ ਲਈ ਲੜ ਰਹੇ ਹਨ। ਇਹ ਲੜਾਈ ਹੀ ਅਖਾਉਤੀ ਵਿਕਾਸ ਮਾਡਲ ਅਤੇ ਹਿੰਦੂਤਵੀ ਫਾਸ਼ੀਵਾਦ ਦੇ ਜੁੜਵੇਂ ਹਮਲੇ ਨੂੰ ਠੱਲ ਪਾ ਸਕਦੀ ਹੈ। ਸਾਨੂੰ ਇਸ ਲੜਾਈ ਦੀ ਡੱਟਕੇ ਹਮਾਇਤ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਸਰਕਾਰੀ ਪ੍ਰਾਪੇਗੰਡੇ ਤੋਂ ਸੁਚੇਤ ਕਰਦਿਆਂ ਕਿਹਾ ਕਿ ਜੇ ਲੋਕਾਂ ਦੇ ਟੈਕਸਾਂ ਦਾ ਪੈਸਾ ਜੇ ਗ਼ਰੀਬੀ, ਭੁੱਖਮਰੀ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੀ ਬਜਾਏ ਲੋਕਾਂ ਦੀ ਹੱਕ­-ਜਤਾਈ ਨੂੰ ਦਬਾਉਣ ਲਈ ਸੁਰੱਖਿਆ ਤਾਕਤਾਂ ਉੱਪਰ ਖ਼ਰਚਿਆ ਜਾ ਰਿਹਾ ਹੈ ਤਾਂ ਇਹ ਸਭ ਤੋਂ ਵੱਡਾ ਘਪਲਾ ਹੈ ਜਿਸ ਉੱਪਰ ਹਰ ਜਾਗਰੂਕ ਨਾਗਰਿਕ ਨੂੰ ਸਵਾਲ ਉਠਾਉਣਾ ਚਾਹੀਦਾ ਹੈ। ਮੁੱਖਧਾਰਾ ਦੀ ਸੁਰੱਖਿਆ ਕੇਂਦਰਤ ਰਾਸ਼ਟਰਵਾਦੀ ਨੂੰ ਚੁਣੌਤੀ ਦਿੰਦਿਆਂ ਉਨ੍ਹਾਂ ਕਿਹਾ ਕਿ ਦੁਨੀਆ ਵਿਚ ਅੱਜ ਤਕ ਐਸੀ ਕੋਈ ਫ਼ੌਜ ਨਹੀਂ ਜੋ ਅਵਾਮ ਦੀ ਆਜ਼ਾਦੀ ਦੀ ਰੀਝ ਨੂੰ ਖ਼ਤਮ ਕਰ ਸਕੇ। ਕਸ਼ਮੀਰ ਵਿਚ ਹਾਲੀਆ ਵਿਰੋਧ ਲਹਿਰ ਦੀ ਗੱਲ ਕਰਦਿਆਂ ਉਨ੍ਹਾਂ ਕਿ ਸਥਾਪਤੀ ਦਾ ਪ੍ਰਚਾਰ ਹਮੇਸ਼ਾ ਲਈ ਲੋਕਾਂ ਨੂੰ ਗੁੰਮਰਾਹ ਕਰਕੇ ਹਨੇਰੇ ਵਿਚ ਨਹੀਂ ਰੱਖ ਸਕਦਾ।
ਕੌਮਾਂਤਰੀ ਪੱਤਰਕਾਰ ਸਨਮਾਨ ਨਾਲ ਸਨਮਾਨਿਤ ਪੱਤਰਕਾਰ ਮਾਲਿਨੀ ਸੁਬਰਾਮਨੀਅਮ ਨੇ ਬਸਤਰ ਵਿਚ ਆਦਿਵਾਸੀਆਂ ਵਿਰੁੱਧ ਲੜੀ ਜਾ ਰਹੀ ਨਹੱਕੀ ਜੰਗ ਬਾਰੇ ਆਪਣੇ ਸਿੱਧੇ ਅਨੁਭਵ ਬਿਆਨ ਕਰਦਿਆਂ ਉਨ੍ਹਾਂ ਕਿਹਾ ਕਿ ਉਥੇ ਪ੍ਰੈੱਸ ਦੀ ਆਜ਼ਾਦੀ ਸਹਿਮ ਦੇ ਸਾਏ ਹੇਠ ਹੈ ਜਿਥੇ ਜਾਂ ਤਾਂ ਪੁਲਿਸ ਦੇ ਪ੍ਰੈੱਸ ਨੋਟ ਖ਼ਬਰ ਵਜੋਂ ਛਾਪਣੇ ਪੈਂਦੇ ਹਨ ਜਾਂ ਫਿਰ ਬਸਤਰ ਛੱਡਣਾ ਪੈਂਦਾ ਹੈ। ਇਸ ਅਖਾਉਤੀ ਵਿਕਾਸ ਮਾਡਲ ਨੂੰ ਰੱਦ ਕਰਦੇ ਹੋਏ ਵਿਕਾਸ ਨੂੰ ਮੁੜ ਪ੍ਰੀਭਾਸ਼ਤ ਕਰਨਾ ਹੋਵੇਗਾ। ਵਿਕਾਸ ਲਈ ਕੁਦਰਤੀ ਵਸੀਲਿਆਂ ਦੀ ਵਰਤੋਂ ਦੇ ਨਾਂ ਹੇਠ ਐਸੇ ਵਿਕਾਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਜੋ ਵਿਸ਼ਾਲ ਅਵਾਮ ਦੇ ਉਜਾੜੇ, ਬਰਬਾਦੀ ਅਤੇ ਮਨੁੱਖੀ ਹੱਕਾਂ ਦੇ ਘਾਣ ਦੀ ਵਾਹਕ ਹੋਵੇ। ਐਸੇ ਮਾਡਲ ਵਿਰੁੱਧ ਲੋਕਾਂ ਦੀ ਜੱਦੋਜਹਿਦ ਦਾ ਸਾਥ ਦੇਕੇ ਹੀ ਕਾਰਪੋਰੇਟ ਵਿਕਾਸ ਦੀ ਦਰਿੰਦਗੀ ਨੂੰ ਰੋਕਿਆ ਜਾ ਸਕਦਾ ਹੈ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਕਿਹਾ ਕਿ ਫਾਸ਼ੀਵਾਦ ਦੀ ਬੁਨਿਆਦ ਝੂਠ ਦੇ ਪ੍ਰਚਾਰ ਅਤੇ ਅਫ਼ਵਾਹਾਂ ਉੱਪਰ ਹੁੰਦੀ ਹੈ ਜਿਸ ਨੂੰ ਬੇਨਕਾਬ ਕਰਨ ਲਈ ਹਰ ਵਰਤਾਰੇ ਦੇ ਸਹੀ ਤੱਥ ਲੋਕਾਂ ਵਿਚ ਲਿਜਾਕੇ ਲੋਕਰਾਇ ਬਣਾਉਣ ਜ਼ਰੂਰੀ ਹੈ, ਤੱਥਾਂ ਨੂੰ ਸਾਹਮਣੇ ਆਉਣ ਤੋਂ ਰੋਕਣ ਲਈ ਪੱਤਰਕਾਰਾਂ, ਵਕੀਲਾਂ ਅਤੇ ਜਮਹੂਰੀਅਤ ਪਸੰਦ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰੋਫੈਸਰ ਮਲੇਰੀ ਵਲੋਂ ਪੇਸ਼ ਕੀਤੇ ਮਤਿਆਂ ਵਿਚ ਕਸ਼ਮੀਰ ਵਿਚ ਢਾਹੇ ਜਾ ਰਹੇ ਜਬਰ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਕਸ਼ਮੀਰੀ ਲੋਕਾਂ ਨੂੰ ਸਵੈਨਿਰਣੇ ਦਾ ਹੱਕ ਦੇਣ, ਉਥੋਂ ਫ਼ੌਜੀ ਤਾਕਤਾਂ ਬਾਹਰ ਕੱਢਣ, ਅਫ਼ਸਪਾ ਅਤੇ ਹੋਰ ਜ਼ਾਲਮ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ। ਇਕ ਹੋਰ ਮਤੇ ਰਾਹੀਂ ਗੁਜਰਾਤ ਵਿਚ ਗਊ ਹੱਤਿਆ ਦੇ ਨਾਂ ਹੇਠ ਦਲਿਤਾਂ ਉੱਪਰ ਢਾਹੇ ਵਹਿਸ਼ੀ ਤਸ਼ੱਦਦ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ ਅਤੇ ਇਸ ਦੇ ਖਿ਼ਲਾਫ਼ ਦਲਿਤਾਂ ਦੇ ਸੰਘਰਸ਼ ਅਤੇ ਫ਼ਗਵਾੜਾ ਵਿਚ ਦਲਿਤ, ਸਿੱਖ ਅਤੇ ਮੁਸਲਿਮ ਭਾਈਚਾਰਿਆਂ ਵਲੋਂ ਹਿੰਦੂ ਫਾਸ਼ੀਵਾਦ ਦੇ ਸਾਂਝੇ ਵਿਰੋਧ ਨਾਲ ਇਕਮੁੱਠਤਾ ਪ੍ਰਗਟਾਈ ਗਈ।

Saturday, July 16, 2016

‘‘ਰਾਸ਼ਟਰਵਾਦ ਬਨਾਮ ਜਨਵਾਦ: ‘ਉਦਾਸ ਮੌਸਮ’ ਮੇਂ ਏਕ ਪੁਨਰ ਵਿਚਾਰ’’

Sat, Jul 16, 2016 at 4:59 PM
ਜੇ.ਐਨ.ਯੂ. ਤੋਂ ਡਾ. ਨਿਵੇਦਤਾ ਮੈਨਨ ਹੋਣਗੇ ਮੁੱਖ ਵਕਤਾ
ਜਲੰਧਰ, 16 ਜੁਲਾਈ 2016: (ਪੰਜਾਬ ਸਕਰੀਨ ਬਿਊਰੋ):
‘‘ਰਾਸ਼ਟਰਵਾਦ ਬਨਾਮ ਜਨਵਾਦ: ‘ਉਦਾਸ ਮੌਸਮ’ ਮੇਂ ਏਕ ਪੁਨਰ ਵਿਚਾਰ’’ ਵਿਸ਼ੇ ਉਪਰ 3 ਸਤੰਬਰ ਦਿਨ ਸ਼ਨਿਚਰਵਾਰ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਸੈਮੀਨਾਰ ਕੀਤਾ ਜਾ ਰਿਹਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸੈਮੀਨਾਰ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਜੋਕੇ ਸਮੇਂ ਦੇ ਅਤੀਅੰਤ ਭਖ਼ਵੇਂ ਇਸ ਮੁੱਦੇ ਬਾਰੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ’ਚ ਸਕੂਲ ਆਫ਼ ਇੰਟਰਨੈਸ਼ਨਲ ਰੀਲੇਸ਼ਨ ਦੇ ਪ੍ਰੋ. ਨਿਵੇਦਤਾ ਮੈਨਨ (ਡਾ.) ਮੁੱਖ ਵਕਤਾ ਹੋਣਗੇ।
ਉਹਨਾਂ ਦੱਸਿਆ ਕਿ ਲੋਕ-ਪੱਖੀ, ਅਗਾਂਹਵਧੂ, ਵਿਗਿਆਨਕ ਸੋਚ ਨੂੰ ਪਰਨਾਈਆਂ ਸ਼ਕਤੀਆਂ ਉਪਰ ਰਾਸ਼ਟਰਵਾਦ ਦੇ ਨਾਮ ਹੇਠ ਹੱਲੇ ਬੋਲੇ ਜਾ ਰਹੇ ਹਨ। ਖਾਸ ਕਰਕੇ ਕਸ਼ਮੀਰ ਸਮੇਤ ਮੁਲਕ ਦੇ ਵੱਖ-ਵੱਖ ਖਿੱਤਿਆਂ ਅੰਦਰ ਲੋਕਾਂ ਵਿਸ਼ੇਸ਼ ਕਰਕੇ ਔਰਤ ਵਰਗ ਦੇ ਮੌਲਿਕ ਜਮਹੂਰੀ ਹੱਕਾਂ ਦਾ ਸ਼ਰੇਆਮ ਘਾਣ ਕੀਤਾ ਜਾ ਰਿਹਾ ਹੈ।  ਅਜੇਹੇ ‘ਉਦਾਸ ਮੌਸਮ’ ਅੰਦਰ ਡਾ. ਨਿਵੇਦਤਾ ਮੈਨਨ, ‘ਉਦਾਸ ਮੌਸਮ’ ਬਦਲਣ ਲਈ ਗ਼ਦਰੀ ਦੇਸ਼ ਭਗਤਾਂ ਦੀ ਵਿਰਾਸਤ ਨੂੰ ਉਭਾਰਦਿਆਂ, ਲੋਕਾਂ ਦੀ ਬਾਂਹ ਫੜਨ ਵਾਲੀਆਂ ਸ਼ਕਤੀਆਂ ਨੂੰ ਚੁਣੌਤੀ ਭਰੇ ਮਾਹੌਲ ਅੰਦਰ ਪੁਨਰ ਵਿਚਾਰ ਦਾ ਸੱਦਾ ਦੇਣਗੇ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਲੋਕ-ਦਰਦੀ, ਦੇਸ਼ ਭਗਤ, ਜਮਹੂਰੀ ਤਾਕਤਾਂ, ਬੁੱਧੀਜੀਵੀਆਂ, ਲੇਖਕਾਂ, ਸੰਘਰਸ਼ਸ਼ੀਲ ਹਿੱਸਿਆਂ ਅਤੇ ਲੋਕਾਂ ਨੂੰ ਸੈਮੀਨਾਰ ’ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।

Tuesday, April 26, 2016

ਡਾ.ਬਿੰਦਰ ਨੇ ਕੀਤਾ ਕਨ੍ਹਈਆ ਨੂੰ ਹੋਏ ਜੁਰਮਾਨੇ ਦੀ ਰਕਮ ਦੇਣ ਦਾ ਐਲਾਨ

ਦਮਨਕਾਰੀ ਕਦਮਾਂ ਨਾਲ ਹੋਰ ਵਧ ਰਿਹਾ ਹੈ ਕਨ੍ਹਈਆ ਕੁਮਾਰ ਦਾ ਆਧਾਰ 
ਵੀਂ ਦਿੱਲੀ: 25 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ): 
ਕਿਸੇ ਵੇਲੇ ਕਿਸੇ ਸ਼ਾਇਰ ਨੇ ਲਿਖਿਆ ਸੀ:
ਇੱਕ ਬਿੰਦੂ ਫੈਲ ਕੇ ਦਾਇਰੇ ਬਰਾਬਰ ਹੋ ਗਿਆ 
ਤੇਰਾ ਗਮ ਕਤਰੇ ਜਿਹਾ ਸੀ ਹੁਣ ਸਮੁੰਦਰ ਹੋ ਗਿਆ। 
ਕਨ੍ਹਈਆ ਕੁਮਾਰ ਦੇ ਮਾਮਲੇ ਵਿੱਚ ਇਹ ਸ਼ੇਅਰ ਇੱਕ ਵਾਰ ਫੇਰ ਆਪਣਾ ਰੰਗ ਦਿਖਾ ਰਿਹਾ ਹੈ।  ਦੇਸ਼ ਧ੍ਰੋਹ ਵਰਗੇ ਦੋਸ਼ ਦਾ ਸਾਹਮਣਾ ਕਰ ਰਹੇ ਕਨ੍ਹਈਆ ਕੁਮਾਰ ਦਾ ਅਧਾਰ ਲਗਾਤਾਰ ਵਧ ਰਿਹਾ ਹੈ। ਜੇ ਕੋਈ ਸਾਜਿਸ਼ੀ ਉਸ ਦੇ ਗਲੇ ਨੂੰ ਘੁੱਟਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਦਬੋਚਣ ਵਾਸਤੇ ਬਾਜ਼ ਵਾਲੀ ਅੱਖ ਰੱਖ ਰਹੇ ਸਾਥੀ ਝੱਟ ਹਰਕਤ ਵਿੱਚ ਆ ਜਾਂਦੇ ਹਨ। ਕਨ੍ਹਈਆ ਕੁਮਾਰ ਦੇ ਵਧ ਰਹੇ ਲੋਕ ਪਿਆਰ ਨੂੰ ਲੈ ਕੇ ਉਸਦੇ ਦੁਸ਼ਮਣ ਚਿੰਤਿਤ ਹਨ। ਹੁਣ ਜਦੋਂ ਉਸਦੇ ਖਿਲਾਫ਼ ਜੁਰਮਾਨੇ ਦੀ ਖਬਰ ਆਈ ਤਾਂ ਉਸਦਾ ਪ੍ਰਤੀਕਰਮ ਲੁਧਿਆਣਾ ਵਿੱਚ ਵੀ ਦੇਖਿਆ ਗਿਆ।  ਲੁਧਿਆਣਾ ਦੇ ਅਗਾਂਹਵਧੂ ਨੌਜਵਾਨ ਡਾਕਟਰ ਕੁਲਦੀਪ ਬਿੰਦਰ ਨੇ ਦਸ ਹਜ਼ਾਰ ਰੁਪੇ ਦੀ ਇਹ ਰਕਮ ਆਪਣੇ ਸਾਥੀਆਂ ਕੋਲੋਂ ਇਕੱਤਰ  ਕਰਕੇ ਦੇਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਉਹਨਾਂ ਇਹ ਐਲਾਨ ਦੀ ਖਬਰ ਆਉਂਦਿਆਂ  ਸਾਰ "ਪੰਜਾਬ ਸਕਰੀਨ" ਨੂੰ ਫੋਨ ਕਰਕੇ ਦਿੱਤੀ। 
ਡਾ ਕੁਲਦੀਪ ਬਿੰਦਰ 
ਜ਼ਿਕਰਯੋਗ  ਹੈ ਕਿ ਦੇਸ਼ਧ੍ਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਫੈਡਰੇਸ਼ਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੂੰ ਅਨੁਸ਼ਾਸਨਹੀਣਤਾ ਦੇ ਮਾਮਲੇ 'ਚ ਯੂਨੀਵਰਸਿਟੀ ਪ੍ਰਸ਼ਾਸਨ ਨੇ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ। ਇਸ ਦੇ ਨਾਲ ਹੀ ਇਕ ਹੋਰ ਵਿਦਿਆਰਥੀ ਉਮਰ ਖਾਲਿਦ ਨੂੰ ਇਕ ਸਮੈਸਟਰ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਜੇ ਐੱਨ ਯੂ ਦੀ ਪੰਜ ਮੈਂਬਰੀ ਉਚ ਪੱਧਰੀ ਜਾਂਚ ਕਮੇਟੀ ਨੇ ਇਸ ਤੋਂ ਇਲਾਵਾ ਰਾਮਾ ਨਾਗਾ ਨੂੰ ਵੀ 20 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ। 
ਇਸ ਤੋਂ ਇਲਾਵਾ ਆਸ਼ੂਤੋਸ਼ ਕੁਮਾਰ ਨੂੰ ਇਕ ਸਾਲ ਲਈ ਹੋਸਟਲ 'ਚੋਂ ਕੱਢ ਦਿੱਤਾ ਗਿਆ ਹੈ ਅਤੇ ਨਾਲ ਹੀ ਉਸ ਨੂੰ 20 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਕ ਹੋਰ ਵਿਦਿਆਰਥੀ ਅਨੀਬਰਨ ਭੱਟਾਚਾਰੀਆ ਨੂੰ 15 ਜੁਲਾਈ ਤੱਕ ਅਤੇ ਮੁਜੀਬ ਗੱਟੂ ਨੂੰ ਦੋ ਸਮੈਸਟਰਾਂ ਲਈ ਕੱਢ ਦਿੱਤਾ ਗਿਆ ਹੈ। ਫੈਸਲੇ ਮੁਤਾਬਿਕ ਭੱਟਾਚਾਰੀਆ ਦੇ ਅਗਲੇ ਪੰਜ ਸਾਲ ਤੱਕ ਜੇ ਐੱਨ ਯੂ 'ਚ ਕਿਸੇ ਵੀ ਤਰ੍ਹਾਂ ਦੀ ਪੜਵਾਈ ਕਰਨ ਦੀ ਰੋਕ ਲਗਾ ਦਿੱਤੀ ਗਈ ਹੈ।
ਕਾਬਿਲੇ ਜ਼ਿਕਰ ਹੈ ਕਿ ਪੜ੍ਹਾਈ ਦੇ ਦਿਨਾਂ ਵਿੱਚ ਡਾ. ਬਿੰਦਰ ਨੂੰ ਵੀ ਅਜਿਹੀਆਂ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਹਨਾਂ ਦਾ ਜ਼ਿਕਰ ਉਹਨਾਂ ਹਾਲ ਹੀ ਵਿੱਚ ਹੋਏ ਇੱਕ  ਸੈਮੀਨਾਰ ਦੌਰਾਨ ਵੀ ਕੀਤਾ ਸੀ। 

Sunday, April 24, 2016

ਲੁਧਿਆਣਾ ਵਿੱਚ ਵੀ ਬੁਲੰਦ ਹੋਈ ਜੇ ਐਨ ਯੂ ਵਾਲੀ ਆਵਾਜ਼

ਕਿਸੇ ਨੂੰ ਵੀ ਦੇਸ਼ ਧਰੋਹੀ ਕਰਾਰ ਦੇਣ ਦੇ ਮਨਸੂਬੇ ਕਦੇ ਕਾਮਯਾਬ ਨਹੀ ਹੋਣਗੇ
ਲੁਧਿਆਣਾ: 24 ਅਪ੍ਰੈਲ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):

ਜੇ ਐਨ ਯੂ ਅਰਥਾਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਚੋਂ ਗੂੰਜੀ ਲੋਕਤੰਤਰ ਅਤੇ ਆਜ਼ਾਦੀ ਦੀ ਆਵਾਜ਼ ਅੱਜ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਵੀ ਬੁਲੰਦ ਹੋਈ। ਹਾਲ ਖਚਾਖਚ ਭਰਿਆ ਹੋਇਆ ਸੀ ਅਤੇ ਸਰੋਤੇ ਹਰ ਬੁਲਾਰੇ ਨੂੰ ਧਿਆਨ ਨਾਲ ਸੁਣ ਰਹੇ ਸਨ।  ਉਸ ਆਜ਼ਾਦੀ ਦੀ ਅਵਾਜ਼ ਜਿਹੜੀ ਹਰ ਨਾਗਰਿਕ ਨੂੰ ਚਾਹੀਦੀ ਹੈ। ਭੁੱਖ ਤੋਂ ਆਜ਼ਾਦੀ, ਗਰੀਬੀ ਤੋਂ ਆਜ਼ਾਦੀ, ਝੂਠੇ ਵਾਅਦਿਆਂ ਦੇ ਲਗਾਤਾਰ ਫਰੇਬ ਤੋਂ ਆਜ਼ਾਦੀ। ਅੱਜ ਪਰਦਾਫਾਸ਼ ਕੀਤਾ ਗਿਆ ਕਿ ਕਿਓਂ ਬਣਾਇਆ ਗਿਆ ਜੇ ਐਨ ਯੂ ਨੂੰ ਸਾਜ਼ਿਸ਼ੀ ਜੰਗ ਦਾ ਮੈਦਾਨ ਅਤੇ ਕਿਓਂ ਖੜਾ ਕੀਤਾ ਗਿਆ ਵੱਖ ਵੱਖ ਨਾਅਰਿਆਂ ਦਾ ਵਾਵੇਲਾ? ਜੇ ਐਨ ਯੂ ਤੋਂ ਆਈ ਮੁੱਖ ਮਹਿਮਾਣ ਪ੍ਰੋਫੈਸਰ ਮਿਰੁਦਲਾ ਮੁਖਰਜੀ ਨੇ ਬੜੀ ਸਾਦਗੀ ਭਰੇ ਸ਼ਬਦਾਂ ਵਿੱਚ ਕੀਤੇ ਅਹਿਮ ਇੰਕਸ਼ਾਫ। ਇਹ ਉਹੀ ਮਿਰ੍ਦੁਲਾ ਹੈ ਜਿਸਨੇ ਪੰਜਾਬ ਵਿੱਚ ਖੇਤੀਬਾੜੀ ਅਤੇ ਜ਼ਮੀਨ ਖਿਲਾਫ਼ ਬਹੁਤ ਪਹਿਲਾਂ ਡੂੰਘੀ ਖੋਜ ਕੀਤੀ ਸੀ। ਉਹਨਾਂ ਦੇ ਨਾਲ ਉਹਨਾਂ ਦੇ ਪਤੀ ਆਦਿਤਯ ਮੁਖਰਜੀ ਅਤੇ ਸੀਪੀਆਈ ਦੀ ਕੌਮੀ ਕੋਂਸਲ ਦੀ ਮੈਂਬਰ ਅਮਰਜੀਤ ਕੌਰ ਨੇ ਵੀ ਬਹੁਤ ਕੁਝ ਅਜਿਹਾ ਦੱਸਿਆ ਜਿਹੜਾ ਅਜੇ ਤੱਕ ਪੰਜਾਬ ਦੇ ਲੋਕਾਂ ਤੱਕ ਨਹੀਂ ਸੀ ਪਹੁੰਚਿਆ।
ਆਰ ਐਸ ਐਸ ਅਤੇ ਇਸਦੇ ਸਹਿਯੋਗੀਆਂ ਦੇ ਭਾਰਤ ਵਿੱਚ ਇੱਕ ਕਟੜਪੰਥੀ ਤੇ ਇੱਕਸਾਰਤਾ ਵਾਲੇ ਸਭਿਆਚਾਰ ਨੂੰ ਥੋਪਣ ਦੇ ਅਤੇ ਆਪਣੀ ਇੱਛਾ ਅਨੁਸਾਰ ਕਿਸੇ ਨੂੰ ਵੀ ਦੇਸ਼ ਭਗਤ ਯਾ ਦੇਸ਼ ਧਰੋਹੀ ਕਰਾਰ ਦੇਣ ਦੇ ਮਨਸੂਬੇ ਕਦੇ ਕਾਮਯਾਬ ਨਹੀ ਹੋਣਗੇ। ਭਾਰਤ ਦੀ ਅਜਾਦੀ ਦੀ ਲਹਿਰ, ਜੋ ਕਿ ਪਹਿਲਾਂ ਤੋ ਹੀ ਚਲ ਰਹੀ ਸੀ ਤੇ ਸੰਨ 1857 ਵਿੱਚ ਭਾਰਤ ਦੀ ਪਹਿਲੇ ਸੁਤੰਤਰਤਾ ਸੰਗਰਾਮ ਵਜੋ ਇੱਕ ਮੁਠ ਹੋ ਗਈ। ਇਸ ਉਪਰੰਤ ਲਗਾਤਾਰ ਚੱਲੇ ਸੁਤੰਤਰਤਾ ਸੰਘਰਸ਼ ਵਿੱਚ  ਹਰ ਧਰਮ, ਜਾਤ, ਖੇਤਰ ਤੇ ਹਰ ਵਰਗ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ।  ਉਹਨਾਂ ਸਭ ਦਾ ਇੱਕੋ ਇੱਕ ਨਿਸ਼ਾਨਾ ਸੀ ਕਿ ਬਰਤਾਨਵੀ ਸਾਮਰਾਜ ਨੂੰ ਇੱਥੋ ਕੱਢਣਾ ਤੇ ਖ਼ੁਦਮੁਖ਼ਤਾਰ, ਲੋਕਤੰਤਰਿਕ ਅਤੇ ਧਰਮ ਨਿਰਪੱਖ ਭਾਰਤ ਦੀ ਸਿਰਜਣਾ ਕਰਨਾ ਸੀ। ਇਸ ਸੰਗਰਾਮ ਵਿੱਚ ਹਜ਼ਾਰਾਂ ਲੋਕਾਂ ਨੇ ਅਥਾਹ ਕੁਰਬਾਨੀਆਂ ਦਿੱਤੀਆਂ।  ਪਰ ਅੱਜ ਆਰ ਐਸ ਐਸ ਤੇ ਇਸਦੇ ਸਹਿਯੋਗੀ ਜਿਹੜੇ ਲੋਕ ਦੇਸ਼ ਭਗਤ ਹੋਣ ਦਾ ਦਾਅਵਾ ਕਰਦੇ ਹਨ  ਉਹਨਾਂ ਨੇ ਇਸ ਲੰਮੇ ਚੱਲੇ ਸੁਤੰਤਰਤਾ ਸੰਗਰਾਮ ਵਿੱਚ ਅੰਗ੍ਰੇਜੀ ਸਾਮਰਾਜ ਦੇ ਵਿਰੁੱਧ ਇਕ ਵੀ ਨਾਅਰਾ ਨਹੀ ਮਾਰਿਆ ਸਗੋ ਅੰਗ੍ਰਜੀ ਸਰਕਾਰ ਦੀ ਮੁਖਬਰੀ ਕੀਤੀ ਤੇ ਅਨੇਕਾਂ ਸੁਤੰਤਰਤਾ ਸੰਗਰਾਮੀਆਂ ਨੂੰ ਫੜਵਾਇਆ। ਇਹ ਵਿਚਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਇਤਹਾਸ ਦੇ  ਪ੍ਰੌਫੈਸਰ ਤੇ ਸਮਾਜੀ ਵਿਗਿਆਨ ਵਿਭਾਗ ਦੇ ਸਾਬਕਾ ਡੀਨ ਅਤੇ ਨਹਿਰੂ ਮੈੋਰੀਅਲ ਮੂਜ਼ੀਅਮ ਲਾਇਬ੍ਰੇਰੀ ਦੇ ਸਾਬਕਾ ਨਿਰਦੇਸ਼ਕ ਪ੍ਰੌ: ਮਿ੍ਰਦੁਲਾ ਮੁਖਰਜੀ ਨੇ ਅੱਜ ਇੱਥੇ ਵਿਸ਼ਵ ਪੰਜਾਬੀ ਸਹਿਤ ਵਿਚਾਰ ਮੰਚ ਅਤੇ ਸੋਸ਼ਲ ਥਿੰਕਰਜ ਫੋਰਮ ਵਲੋ ਭਾਰਤੀ ਰਾਸਟਰ ਦਾ ਵਿਕਾਸ ਅਤੇ ਚੁਣੌਤੀਆਂ ਵਿਸ਼ੇ ਤੇ ਕਰਵਾਈ ਗਈ ਵਿਚਾਰ ਗੋਸ਼ਟੀ ਵਿੱਚ ਬੋਲਦਿਆਂ ਦਿੱਤੇ।  ਉਹਨਾਂ ਨੇ ਕਿਹਾ ਕਿ ਸਾਵਰਕਰ, ਜਿਸਦੀ ਇਹ ਲੋਕ ਬਹੁਤ ਵਡਿਆਈ ਕਰਦੇ ਹਨ ਅੰਡੇਮਾਨ ਜੇਲ ਵਿਚੋ ਇਹ ਮਾਫੀ ਮੰਗ ਕੇ ਬਾਹਰ ਆਇਆ ਸੀ ਕਿ ਉਹ ਬਰਤਾਨਵੀ ਸਰਕਾਰ ਦੇ ਨਾਲ ਸਹਿਯੋਗ ਕਰੇਗਾ।  ਉਸਨੇ ਸਭ ਤੋ ਪਹਿਲਾਂ ਇਹ ਸਿਧਾਂਤ ਦਿੱਤਾ ਕਿ ਹਿੰਦੂ ਤੇ ਮੁਸਲਮਾਨ ਦੋ ਵੱਖ ਵੱਖ ਕੌਮਾਂ ਹਨ। ਇਸ ਸਿਧਾਂਤ ਨੇ ਦੋ ਰਾਸ਼ਟਰ ਦੇ ਵਿਚਾਰ ਨੂੰ ਜਨਮ ਦਿੱਤਾ ਤੇ ਭਾਰਤ ਦੀ ਵੰਡ ਹੋਈ। ਜਦੋ ਕਿ ਪਾਕਿਸਤਾਨ ਇੱਕ ਇਸਲਾਮੀ ਦੇਸ਼ ਦੇ ਤੌਰ ਤੇ ਬਣਿਆ ਪਰ ਭਾਰਤ ਇੰਨਕਲਾਬੀਆਂ, ਗਾਂਧੀ , ਨਹਿਰੂ ਅਤੇ ਕਮਿਉਨਿਸਟਾਂ ਦੀ ਦੂਰਦਰਸ਼ਿਤਾ ਦੇ ਨਤੀਜੇ ਵਜੋ ਇੱਕ ਧਰਮ ਨਿਰਪੱਖ ਦੇਸ਼ ਦੇ ਤੌਰ ਤੇ ਬਣਿਆ। ਇਹੀ ਕਾਰਨ ਸੀ ਕਿ ਅਜ਼ਾਦੀ ਉਪਰੰਤ ਪਹਿਲੀਆਂ ਆਮ ਚੋਣਾ ਵਿੱਚ ਇਹਨਾਂ ਫ਼ਿਰਕੂ ਸ਼ਕਤੀਆਂ ਦੀ ਬੁਰੀ ਤਰਾਂ ਹਾਰ ਹੋਈ ਸੀ। ਪਰ ਇਹ ਚਿੰਤਾ ਦਾ ਵਿਸ਼ਾ ਹੈ ਕਿ ਇਹ ਹੁਣ ਸੱਤਾ ਤੇ ਕਾਬਿਜ਼ ਹਨ।  
ਇਸ ਮੌਕੇ ਤੇ ਬੋਲਦਿਆਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਹੀ ਇਤਹਾਸ ਦੇ  ਪ੍ਰੌਫ਼ੈਸਰ ਤੇ ਸਮਾਜੀ ਵਿਗਿਆਨ ਵਿਭਾਗ ਦੇ ਸਾਬਕਾ ਡੀਨ, ਆਦਿਤਿਆ ਮੁਖਰਜੀ ਨੇ ਕਿਹਾ ਕਿ ਇਹ ਗੱਲ ਕੋਈ ਲੁਕੀ ਹੋਈ ਨਹੀ ਕਿ ਕੱਟੜਪੰਥੀਆਂ ਨੇ ਬਰਤਾਨਵੀ ਸਾਮਰਾਜ ਦਾ ਕਦੇ ਵੀ ਵਿਰੋਧ ਨਹੀ ਕੀਤਾ ਤੇ ਅਜ਼ਾਦੀ ਦੇ ਸਘਰਸ਼ ਦੇ ਦੌਰਾਨ ਉਹ ਉਹਨਾਂ ਵੱਲ ਹੀ ਸਨ ਜਦੋ ਕਿ  ਸਮੂਚਾ ਹਾਂ ਪੱਖੀ ਰਾਜਨੀਤਿਕ ਅੰਦੋਲਨ ਬਰਤਾਨਵੀ ਸਾਮਰਾਜ ਦੀਆਂ ਜੜਾਂ ਉਖਾੜਨ ਲਈ ਤਤਪਰ ਸੀ। ਇਸ ਤਰਾਂ ਸਾਡੀ ਵਿਭਿੰਨਤਾ, ਆਰਥਿਕ, ਸਭਿਆਚਾਰਕ ਤੇ ਸਮਾਜਿਕ ਇੱਕਮੁਠਤਾ ਹੀ ਸਾਡੇ ਰਾਸ਼ਟਰ ਦਾ ਅਧਾਰ ਬਣਿਆ।  ਪਰ ਇਹ ਸਾਫ਼ ਹੈ ਕਿ ਅਜ਼ਾਦੀ ਤੋ ਬਾਅਦ ਸਡੇ ਦੇਸ਼ ਨੇਪੂੰਜੀਪਤੀ ਵਿਕਾਸ ਦਾ ਜੋ ਰਾਹ ਅਪਣਾਇਆ ਉਸਦੇ ਕਾਰਨ ਸਮਾਜ ਵਿੱਚ ਨਾਬਰਾਬਰੀ, ਆਰਥਿਕ ਪਾੜਾ, ਅਸਮਾਨ ਇਲਾਕਾਈ ਵਿਕਾਸ ਹੋਣਾ ਸੁਭਾਵਿਕ ਹੀ ਸੀ।  ਇਸਦੇ ਨਤੀਜੇ ਵਜੋ ਬਹੁਤ ਸਾਰੇ ਸਮਾਜਿਕ ਤੇ ਆਰਥਿਕ ਮਸਲੇ ਪੈਦਾ ਹੋਏ ਜੋ ਕਿ ਇਸ ਪ੍ਰਬੰਧ  ਵਲੋ ਹੱਲ  ਨਹੀ ਹੋ ਸਕੇ। ਪਰ ਅਜ਼ਾਦੀ ਤੋ ਤੁਰੰਤ ਬਾਅਦ ਦੇ ਸਮੇ ਵਿੱਚ ਸਮਾਜਵਾਦੀ ਦਿਸ਼ਾ ਗੱਲਾਂ ਕੀਤੀਆਂ ਗਈਆਂ। ਸਮੂਚੇ ਤੌਰ ਤੇ ਕਾਬਿਜ਼ ਪੂੰਜੀਵਾਦੀ ਪ੍ਰਬੰਧ ਵਿੱਚ ਇਹ ਹੋਣਾ ਸੰਭਵ ਨਹੀ ਸੀ। ਪਰ ਦੇਸ਼ ਦੇ ਕੁਝ ਸੋਮਿਆਂ ਦੇ ਕੌਮੀਕਰਨ ਵਰਗੇ ਐਸੇ ਕਦਮ ਚੁੱਕੇ ਗਏ ਜਿਹਨਾਂ ਨੇ ਅਜਾਰੇਦਾਰੀ ਨੂੰ ਕੁਝ ਹੱਦ ਤੱਕ ਠੱਲ੍ਹ ਪਾਈ। ਇਸੇ ਸਮੇ ਵਿੱਚ ਹੀ ਰਾਜਿਆਂ ਦੇ ਭੱਤੇ ਬੰਦ ਕੀਤੇ ਗਏ।  
ਆਲ ਇੰਡੀਆ ਟ੍ਰੇਡ ਯੂਨੀਅਨ ਦੇ ਕੌਮੀ ਸਕੱਤਰ ਕਾ: ਅਮਰਜੀਤ ਕੌਰ ਨੇ ਕਿਹਾ ਕਿ ਹੁਣ ਪਿਛਲੇ ਲਗਭਗ 25 ਸਲਾਂ ਤੋ ਅਪਣਾਈਆਂ ਗਈਆਂ ਨਵ ਉਦਾਰਵਾਦੀ ਨੀਤੀਆਂ ਕਰਕੇ ਆਮ ਲੋਕਾਂ ਦੇ ਮਸਲੇ ਕਈ ਗੁਣਾ ਵੱਧ ਗਏ ਤੇ ਸਮਾਜਿਕ ਨਾ ਬਰਾਬਰੀ ਦਾ ਪਾੜਾ ਹਰ ਖੇਤਰ  ਵਿੱਚ ਵੱਧ ਗਿਆ ਹੈ। ਮੌਜੂਦਾ ਸਰਕਾਰ ਦੇ ਆਉਣ ਦੇ ਬਾਅਦ ਇਹਨਾਂ ਨੀਤੀਆਂ ਦੀ ਗਤੀ ਬਹੁਤ ਵੱਧ ਗਈ ਹੈ ਤੇ ਸਾਡਾ ਦੇਸ਼ ਦੇਸੀ ਅਤੇ ਵਿਦੇਸ਼ੀ ਅਜਾਰੇਦਾਰੀ ਦੀ ਝੋਲੀ ਪੈਦਾ ਜਾ ਰਿਹਾ ਹੈ। ਇਹ ਹਾਲਾਤ 1930ਵੇ ਦੇ ਜਰਮਨੀ ਦੀਆਂ ਘਟਨਾਵਾਂ ਯਾਦ ਦਿਲਾਉਦੇ ਹਨ ਜਦੋ ਜਰਮਨੀ ਦੇ ਕਾਰਪੋਰੇਟ ਖੇਤਰ ਨੇ ਹਿਟਲਰ ਨੂੰ ਖੜਾ ਕੀਤਾ ਅਤੇ ਜਰਮਨ ਕੌਮ ਦੇ ਸਰਵ ਉੱਚ ਆਰਿਅਨ ਕੌਮ ਹੋਣ ਦਾ ਨਾਅਰਾ ਦਿੱਤਾ ਅਤੇ  ਬਨਾਵਟੀ ਜਰਮਨ ਕੌਮਵਾਦ ਨੂੰ ਉਭਾਰਿਆ।  ਇਹ ਅਸਲ ਵਿੱਚ ਜਰਮਨ ਕਾਰਪੋਰੇਟ ਖੇਤਰ ਦੀ ਦੁਨੀਆਂ ਦੇ ਅਰਥਚਾਰੇ ਤੇ ਗ਼ਲਬਾ ਪਾਉਣ ਦੀ ਖ਼ਾਹਿਸ਼ ਸੀ।  ਅੱਜ ਉਸੇ ਕਿਸਮ ਦੀਆਂ ਘਟਨਾਵਾਂ ਸਾਡੇ ਦੇਸ਼ ਵਿੱਚ ਘਟ ਰਹੀਆਂ ਹਨ। ਇੱਕੋ ਵਿਅਕਤੀ ਨੂੰ ਉਭਾਰਿਆ ਜਾ ਰਿਹਾ ਹੈ ਤੇ ਪ੍ਰਚਾਰਿਆ ਜਾ ਰਿਹਾ ਹੈ ਕਿ ਉਹ ਹੀ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਜਾ ਕੇ ਭਾਰਤ ਨੰੂ ਦੁਨੀਆਂ ਦੀ ਮਹਾਨ ਸ਼ਕਤੀ ਬਣਾ ਦੇਵੇਗਾ।  ਇਸ ਲਈ ਇੱਕੋ ਕਿਸਮ ਦੇ ਸਭਿਆਚਾਰ ਨੂੰ ਪ੍ਰਫ਼ੁਲਿੱਤ ਕਰਕੇ ਥੋਪਿਆ ਅਤੇ ਦੂਸਰੇ ਵਿਚਾਰਾਂ ਨੂੰ ਦਬਾਇਆ ਜਾ ਰਿਹਾ ਹੈ। ਜਿਹੜੇ ਇਹਨਾਂ ਨਾਲ ਸਹਿਮਤ ਨਾਂ ਹੋਣ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਤੇ ਜਾਨੋ ਵੀ ਮਾਰਿਆ ਜਾ ਰਿਹਾ ਹੈ। ਪਿਛਲੇ ਸਮੇ ਦਭੋਲਕਰ, ਪੰਸਰੇ ਅਤੇ ਕੁਲਬਰਗੀ ਦੀਆਂ ਹੱਤਿਆਵਾਂ ਇਸਦੀਆਂ ਜਿਊਦੀਆਂ ਜਾਗਦੀਆਂ ਮਿਸਾਲਾਂ ਹਨ। ਜਿਹੜੇ ਤਰਕਸ਼ੀਲ ਤੇ ਵਿਗਿਆਨਿਕ ਸੋਚ ਰਖਦੇ ਹਨ ਉਹਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਹਿਟਲਰ ਦੇ ਪ੍ਰਚਾਰ ਸਕੱਤਰ ਗੌਬਲ ਦੇ ਸਿਧਾਂਤ ਕਿ ਇੱਕ ਝੂਠ ਨੰੂ ਵਾਰ ਵਾਰ ਬੋਲੋ ਤਾਂ ਉਹ ਸੱਚ ਬਣ ਜਾਂਦਾ ਹੈ, ਨੂੰ ਲਾਗੂ ਕੀਤਾ ਜਾ ਰਿਹਾ ਹੈ।  ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਚੁਣੇ ਹੋਏ ਵਿਦਿਆਰਥੀ ਯੁਨੀਅਨ ਦੇ ਪ੍ਰਧਾਨ ਕਨ੍ਹਈਆਂ ਕੁਮਾਰ ਨੂੰ ਦੇਸ਼ ਧਰੋਹ ਦੇ ਕੇਸ ਵਿੱਚ ਫਸਾਉਣ ਦੇ ਲਈ ਘਟਨਾਵਾਂ ਦੇ ਤੱਥਾਂ ਨੂੰ ਤੋੜ ਮਰੋੜ ਕੇ ਅਤੇ ਵੀਡੀਓ ਫ਼ਿਲਮ ਨੂੰ ਕੁਝ ਚੈਨਲਾਂ ਦੀ ਮਦਦ ਨਾਲ ਤੋੜ ਮਰੇੜ ਕੇ ਇੰਝ ਪੇਸ਼ ਕੀਤਾ ਗਿਆ ਜਿਵੇ ਕਿ ਉਹ ਦੋਸ਼ੀ ਹੈ। ਪਰ ਜਲਦੀ ਹੀ ਇਸ ਸਾਜ਼ਿਸ਼ ਦਾ ਪਰਦਾ ਫ਼ਾਸ਼ ਹੋ ਗਿਆ। 
ਪਰ ਭਾਰਤ ਜਰਮਨੀ ਨਹੀ ਹੈ। ਸਾਡੇ ਦੇਸ਼ ਵਿੱਚ ਉਸ ਨਾਲੋ ਬਹੁਤ ਸਾਰੇ ਵਖਰੇਵੇ ਹਨ।  ਸਾਡੇ ਇੱਥੇ ਬਹੁਪੱਖੀ ਸਭਿਆਚਾਰ ਹੈ। ਦੂਜੇ ਸਭਿਆਚਾਰਾਂ ਦੇ ਲੋਕ ਵੀ ਹੁਣ  ਹਰ ਤਰਾਂ ਦੀ ਜ਼ਿਆਦਤੀ ਦੇ ਵਿਰੁੱਧ ਲਗਾਤਾਰ ਅਵਾਜ਼ ਬੁਲੰਦ ਕਰ ਰਹੇ ਹਨ।  ਪਰ ਇਸਤੋ ਵੀ ਵੱਡੀ ਗੱਲ ਇਹ ਹੈ ਕਿ ਸਾਡੇ ਅਜ਼ਾਦੀ ਦੇ ਸੰਗ੍ਰਾਮ ਦੇ ਦੌਰਾਨ ਸਾਮਰਾਜ ਵਿਰੋਧੀ ਵਿਚਾਰਧਾਰਾ ਸਾਡੇ ਅੰਦਰ ਘਰ ਕਰ ਗਈ ਹੈ। 
ਪਰ ਅਵੇਸਲੇ ਹੋਣ ਦਾ ਸਮਾਂ ਨਹੀ ਅਤੇ ਇਹਨਾਂ ਕੱਟੜਪੰਥੀਆਂ ਅਤੇ ਰੂੜ੍ਹੀਵਾਦੀਆਂ ਨੂੰ  ਘਟਾ ਕੇ ਨਹੀ ਦੇਖਿਆ ਜਾਣਾ ਚਾਹੀਦਾ। ਇਹਨਾਂ ਦੇ ਖਿਲਾਫ਼ ਸਾਰੇ ਦੇਸ਼ ਭਗਤ ਤੇ ਅਗਾਂਹਵਧੂ ਲੋਕਾਂ ਵਲੋ ਲਗਾਤਾਰ ਵਿਸ਼ਾਲ ਵਿਚਾਰਧਾਰਕ, ਰਾਜਨੀਤਿਕ ਤੇ ਸਮਾਜਿਕ ਸੰਘਰਸ਼ ਜਾਰੀ ਰੱਖਣਾ ਸਮੇ ਦੀ ਲੋੜ ਹੈ। 
ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਐਮ ਐਸ ਭਾਟੀਆ ਨੇ ਕੀਤਾ; ਡਾ: ਗੁਲਜ਼ਾਰ ਸਿੰਘ ਪੰਧੇਰ ਤੇ ਦਲਬੀਰ ਲੁਧਿਆਨਵੀ  ਨੇ ਪ੍ਰਮੁੱਖ ਬੁਲਾਰਿਆਂ ਦਾ ਸੁਆਗਤ ਕੀਤਾ ਤੇ ਡਾ: ਅਰੁਣ ਮਿੱਤਰਾ ਨੇ ਸਮਾਗਮ ਦੀ ਵਿਆਖਿਆ ਕੀਤੀ ਅਤੇ ਸਭ ਦਾ ਧੰਨਵਾਦ ਕੀਤਾ।

Saturday, February 20, 2016

JNU ਦਾ ਮਾਮਲਾ ਹੋਰ ਭਖਿਆ-ਲੁਧਿਆਣਾ ਵਿੱਚ ਵੀ ਰੋਸ ਵਖਾਵਾ

ਖੱਬੀਆਂ ਧਿਰਾਂ ਨੇ ਕੀਤੀ ਰੋਸ ਰੈਲੀ ਅਤੇ ਵਿਸ਼ਾਲ ਮਾਰਚ 
ਲੁਧਿਆਣਾ 20 ਫ਼ਰਵਰੀ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ  ਹੋਈ ਨਾਅਰੇਬਾਜ਼ੀ ਅਤੇ ਕੁਝ ਘਟਨਾਵਾਂ ਮਗਰੋਂ ਭਖਿਆ ਵਿਵਾਦ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਇਹ ਲੜਾਈ ਹੁਣ ਖੱਬੀਆਂ ਸੈਕੁਲਰ ਧਿਰਾਂ ਅਤੇ ਭਾਜਪਾ ਦਰਮਿਆਨ  ਹੈ। ਭਾਜਪਾ ਵਾਲੇ ਖੱਬੀਆਂ ਧਿਰਾਂ  ਅਤੇ  ਗੱਦਾਰ ਆਖ  ਰਹੇ ਹਨ ਅਤੇ  ਖੱਬੇ  ਨਾਲ ਜੁੜੇ ਆਗੂ ਭਾਜਪਾ ਨੂੰ ਫਾਸ਼ੀ ਦੱਸਦੇ ਹੋਏ ਹਿਟਲਰ ਨਾਲ ਜੋੜ ਰਹੇ ਹਨ। ਅੱਜ ਲੁਧਿਆਣਾ ਵਿੱਚ ਖੱਬੀਆਂ ਧਿਰਾਂ ਨੇ ਜ਼ੋਰਦਾਰ ਰੋਸ ਵਖਾਵਾ ਕਰਨ ਲਈ ਭਾਈ  ਨੇੜੇ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਵਿੱਚ ਭਰਵੀਂ ਰੋਸ  ਰੈਲੀ ਕੀਤੀ ਅਤੇ ਮਗਰੋਂ ਜਗਰਾਓਂ ਪੁਲ 'ਤੇ ਬਣੀ ਸ਼ਹੀਦੀ ਯਾਦਗਾਰ ਤੱਕ ਜੋਸ਼ੀਲਾ ਰੋਸ ਮਾਰਚ ਵੀ ਕੀਤਾ।  ਆਗੂਆਂ ਦੇ ਮੁਤਾਬਿਕ ਅਚਾਨਕ ਐਲਾਨੇ ਪ੍ਰੋਗਰਾਮ ਕਾਰਨ ਵਰਕਰਾਂ ਦੀ ਗਿਣਤੀ ਜਿਆਦਾ ਨਹੀਂ ਸੀ ਪਰ ਜਿਹੜੇ ਆਏ ਸਨ ਓਹ  ਪੂਰੇ ਜਾਹੋ ਜਲਾਲ ਵਿੱਚ ਸਨ। ਮਾਰਚ ਸ਼ਾਂਤਮਈ ਸੀ ਪਰ ਫਿਰ ਵੀ ਪੁਲਿਸ ਦੀ ਭਾਰੀ ਫੋਰਸ ਨਾਲ ਨਾਲ ਰਹੀ।  
ਦੇਸ਼ ਵਿੱਚ ਆਰ ਐਸ ਐਸ ਅਤੇ ਭਾਜਪਾ ਦੇ ਵਧ ਰਹੇ ਫ਼ਾਸ਼ੀਵਾਦੀ ਰੁਝਾਨ ਦੇ ਖ਼ਿਲਾਫ਼ ਫ਼ਿਰਕਾਪ੍ਰਸਤੀ ਵਿਰੋਧੀ ਸਾਂਝਾ ਮੰਚ ਵਲੋ ਇੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਤੇ ਰੈਲੀ ਕਰਕੇ ਤੇ  ਉਪਰੰਤ ਜਗਰਾਓ ਤੱਕ ਜਲੂਸ ਕੱਢ ਕੇ ਕਾਮਰੇਡ ਕਨ੍ਹਈਆ ਕੁਮਾਰ ਦੀ ਬਿਨਾ ਸ਼ਰਤ ਰਿਹਾਈ ਦੀ ਮੰਗ ਕੀਤੀ। ਬੁਲਾਰਿਆਂ ਨੇ ਯਾਦ ਕਰਾਇਆ ਕਿ ਅੱਜ  ਦੇ ਹੀ ਦਿਨ ਇੱਕ ਸਾਲ ਪਹਿਲਾਂ ਫ਼ਾਸ਼ੀਵਾਦੀ ਸ਼ਕਤੀਆਂ ਵਲੋ ਕਾਮਰੇਡ ਗੋਵਿੰਦ ਪੰਸਰੇ ਨੁੰ ਸ਼ਹੀਦ ਕੀਤਾ ਗਿਆ ਸੀ। ਉਹਨਾਂ ਸ਼ਕਤੀਆਂ ਵਲੋ ਹੀ 9 ਫ਼ਰਵਰੀ ਨੂੰ  ਦਿੱਲੀ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ ਇੱਕ ਡੰੂਘੀ ਸਾਜ਼ਿਸ਼ ਤਹਿਤ ਚਣੇ ਹੋਏ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਾਮਰੇਡ ਕਨ੍ਹਈਆ ਕੁਮਾਰ ਨੂੰ ਦੇਸ਼ ਧਰੋਹ ਦੇ ਝੂਠੇ ਦੋਸ਼ ਲਾ ਕੇ ਗਿਰਫ਼ਤਾਰ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ  ਸਰਕਾਰ ਤੇ ਪੁਲਿਸ ਦੀ ਧੱਕੇਸ਼ਾਹੀ,  ਏ ਬੀ ਵੀ ਪੀ ਦੀ ਗੁੰਡਾਗਰਦੀ ਅਤੇ ਬਾਅਦ ਵਿੱਚ ਪਟਿਆਲਾ ਹਾਊਸ ਕੋਰਟ ਵਿੱਚ ਕਾਨੂੰਨ ਦੇ ਰਖਵਾਲੇ ਅਖਵਾਉਣ ਵਾਲੇ ਕੁੱਝ ਵਕੀਲਾਂ ਵਲੋ ਪੱਤਰਕਾਰਾਂ, ਵਿਦਿਆਰਥੀਆਂ ਅਤੇ   ਅਧਿਆਪਕਾਂ ਦੀ ਕੁੱਟਮਾਰ ਅਤੇ ਭਾ ਜ ਪਾ ਦੇ ਐਮ ਐਲ ਏ ਉਮ ਪ੍ਰਕਾਸ ਸ਼ਰਮਾ ਦੁਆਰਾ ਕੁੱਟਮਾਰ ਤੇ ਜਾਨੋ ਮਾਰ ਦੇਣ ਦੀਆਂ ਧਮਕੀਆਂ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ। ਸੌੜੇ ਰਾਸ਼ਟਰਵਾਦ ਦੇ ਨਾਮ ਹੇਠ ਆਪਣੇ ਆਪ ਨੂੰ ਦੇਸ਼ਭਗਤ ਅਖਵਾਉਣ ਵਾਲੇ ਆਰ ਐਸ ਐਸ ਦੇ ਆਗੂਆਂ, ਉਹਨਾਂ ਦੇ ਨਾਲ ਸਬੰਧਤ ਹੋਰ ਜੱਥੇਬੰਦੀਆਂ ਅਤੇ ਭਾ ਜ ਪਾ ਦੇ ਆਗੂਆਂ ਦੀ ਸੱਚਾਈ ਸਾ੍ਹਮਣੇ ਆ ਗਈ ਹੈ। ਇਹ ਗੱਲ ਦੇਖਣ ਤੇ ਸਮਝਣ ਦੀ ਲੋੜ ਅੱਜ ਬਹੁਤ ਵੱਧ ਗਈ ਹੈ ਕਿ ਦੇਸ਼ ਭਗਤ ਹੈ ਕੌਣ। ਉਹ ਕਨ੍ਹਈਆ ਕੁਮਾਰ ਜੋ ਕਿ ਗਰੀਬਾਂ ਦੀ ਗੱਲ ਕਰਦਾ ਹੈ ਤੇ ਆਪਣੇ ਜੀਵਨ ਨੂੰ ਖਤਰੇ ਵਿੱਚ ਪਾ ਕੇ 9 ਫਰਵਰੀ ਦੀ ਸ਼ਾਮ ਨੂੰ ਝਗੜ ਰਹੇ ਵਿਦਿਅਰਥੀ ਗੁੱਟਾਂ ਨੂੰ ਸਮਝਾਣ ਦੀ ਕੋਸ਼ਿਸ਼ ਕਰਦਾ ਹੈ ਯਾ ਉਹ ਜੋ ਕਿ ਉਸਤੇ ਗਲਤ ਇਲਜਾਮ ਲਾ ਕੇ ਤੇ ਵੀਡਿਓ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ। ਪਰ ਹੁਣ ਹੌਲੀ ਹੌਲੀ  ਸੱਚਾਈ ਸਾ੍ਹਮਣੇ ਆ ਰਹੀ ਹੈ ਕਿ ਕਿਵੇ ਵੀਡਿਓ ਦੇ ਨਾਲ ਛੇੜਛਾੜ ਆਪਣੇ ਮਕਸਦ ਦੀ ਪੂਰਤੀ ਲਈ ਕੀਤੀ ਗਈ। ਐਵੈ ਤੇ ਨਹੀ ਕਿ ਪੁਲਸ ਮੁਖੀ ਕਹਿਣ ਲੱਗ ਪਿਆ ਹੈ ਕਿ ਉਹ ਕਨ੍ਹਈਆ ਦੀ ਜਮਾਨਤ ਦਾ ਵਿਰੋਧ ਨਹੀ ਕਰਨਗੇ।
ਜੇ ਐਨ ਯੂ ਲਗਾਤਾਰ ਵਿਚਾਰਾਂ ਦੀ ਸੁਤੰਤਰਤਾ ਦਾ ਇੱਕ ਕੇਦਰ ਰਿਹਾ ਹੈ ਜਿੱਥੇ  ਗਰੀਬ ਤੋ ਗਰੀਬ ਵਿਦਿਆਰਥੀ ਵੀ ਮੈਰਿਟ ਦੇ ਅਧਾਰ ਤੇ ਆ ਕੇ ਪੜ੍ਹਾਈ ਕਰ ਸਕਦਾ ਹੈ ਤੇ ਅਜ਼ਾਦ ਵਿਚਾਰਾਂ ਵਾਲਾ ਚੇਤਨ ਵਿਅਕਤੀ ਬਣ ਸਕਦਾ ਹੈ। ਪਰ ਇਹ ਸਰਕਾਰ ਜੋ ਕਿ ਵਿੱਦਿਆ ਦਾ ਬਜ਼ਾਰੀਕਰਨ ਕਰਕੇ ਵੇਚਣ ਤੇ ਤੁਲੀ ਹੋਈ ਹੈ।  ਇਸ ਵਿਸ਼ਵਵਿਦਿਅਆਲੇ ਦੇ ਇਸ ਸਰੂਪ ਨੂੰ ਖਤਮ ਕਰਨਾ ਚਾਹੁੰਦੀ ਹੈ ਤਾਂ ਕਿ ਗਰੀਬ ਲੋਕ ਇਸਤੋ ਇਸਤੋ ਵਾਂਝੇ ਹੋ ਜਾਣ। ਇਸ ਲਈ ਇੱਕ ਸਾਜ਼ਿਸ਼ ਦੇ ਤਹਿਤ  ਪਹਿਲਾਂ ਕੁਝ ਵਿਦਿਆਰਥੀਆਂ ਨੂੰ ਇੱਕ ਮੀਟਿੰਗ ਦੀ ਇਜ਼ਾਜ਼ਤ ਦਿੱਤੀ ਗਈ ਤੇ ਐਨ ਮੌਕੇ ਤੇ ਰੋਕ ਲਾਈ ਗਈ। ਕਨ੍ਹਈਆ ਦਾ ਇਸਦੇ ਨਾਲ ਕੋਈ ਸਰੋਕਾਰ ਨਹੀ ਸੀ। ਉਸਨੂੰ ਤਾਂ ਸਿਕਿਉਰਿਟੀ ਨੇ ਲਗਭਗ ਡੇਢ ਘੰਟਾ ਬਾਅਦ ਬੁਲਾਇਆ ਸੀ ਕਿ ਉਹ ਉੱਥੇ ਵਿਗੜਦੇ ਹਾਲਾਤ ਨੂੰ ਸੰਭਾਲੇ। ਉਹ ਆਪਣੀ ਡਿਉਟੀ ਸਮਝ ਕੇ ਉੱਥੇ ਆਇਆ ਤੇ ਸਮਝਾਣ ਬੁਝਾਣ ਲੱਗਾ। ਉਸੇ ਸਮੇ ਏ ਬੀ ਵੀ ਪੀ ਵਾਲੇ ਵੀਡੀਓ ਬਣਾ ਰਹੇ ਸਨ। ਪਰ ਬਾਅਦ ਵਿੱਚ ਉਸ ਵੀਡੀਓ ਦੀ ਛੇੜਛਾੜ ਕਰਕੇ ਕਨ੍ਹਈਆ ਨੂੰ ਨਾਅਰੇ ਮਾਰਦੇ ਦਿਖਾਇਆ ਗਿਆ।
ਦੇਸ਼ ਦੀ ਅਜ਼ਾਦੀ ਦੇ ਸੰਘਰਸ ਦੇ ਇਤਿਹਾਸ ਵਿੱਚ ਇਹਨਾਂ ਅਖੌਤੀ ਦੇਸ਼ ਭਗਤਾਂ ਨੇ ਅੰਗਰੇਜ ਸਰਕਾਰ ਦੇ ਖਿਲਾਫ ਇੱਕ ਵੀ ਨਾਅਰਾ ਨਹੀ ਮਾਰਿਆ ਬਲਕਿ ਉਹਨਾਂ ਦੀ ਮੁਖਬਰੀ ਕੀਤੀ।  ਆਰ ਐਸ ਐਸ ਦੇ ਦੂਜੇ ਸੰਘ ਸੰਚਾਲਕ ਗੋਲਵਲਕਰ ਨੇ ਆਪਣੇ ਵਿਚਾਰਾਂ ਵਿੱਚ ਸਾਫ਼ ਲਿਖਿਆ ਹੈ ਕਿ ‘ਹਿੰਦੂਓ, ਅੰਗਰੇਜਾਂ ਦੇ ਖਿਲਾਫ ਲੜਨ ਵਿੱਚ ਆਪਣੀ ਤਾਕਤ ਵਿਅਰਥ ਨਾਂ ਗਵਾਉ।  ਇਸਨੂੰ ਆਪਣੇ ਅੰਦਰੂਨੀ ਦੁਸ਼ਮਨ ਯਾਨਿ ਕਿ ਇਸਾਈ, ਮੁਸਲਮਾਨਾਂ ਤੇ ਕਮਿਉਨਿਸਟਾਂ ਦੇ ਖਿਲਾਫ ਲੜਨ ਲਈ ਬਚਾ ਕੇ ਰੱਖੋ’। ਇਸ ਕਥਨ ਨੇ ਭਗਤ ਸਿੰਘ ਤੇ ਹੋਰ ਇੰਨਕਲਾਬੀਆਂ ਦੀ ਸਹਾਦਤ ਨੂੰ ਬਿਲਕੁਲ ਨਕਾਰ ਦਿੱਤਾ ਜਿਹਨਾ ਕਿ ਇੱਕ ਧਰਮ ਨਿਰਪੱਖ, ਜਮਹੂਰੀ ਤੇ ਨਿਆ ਤੇ ਅਧਾਰਿਤ ਦੇਸ ਦਾ ਸੁਪਣਾ ਸਿਰਜਿਆ ਸੀ। 
ਆਰ ਐਸ ਐਸ ਦੀ ਵਿਚਾਰਧਾਰਾ ਨੂੰ ਪਰਨਾਏ ਇਹ ਲੋਕ ਦੇਸ਼ ਵਿੱਚ ਕੱਟੜਪੰਥੀ ਹਿੰਦੂ ਰਾਸ਼ਟਰ ਸਥਾਪਤ ਕਰਨਾ ਚਾਹੁੰਦੇ ਹਨ ਜਿਸ ਵਿੱਚ ਘੱਟ ਗਿਣਤੀਆਂ ਤੇ ਦਲਿਤ ਇਹਨਾਂ ਦੇ ਰਹਿਮੋ ਕਰਮ ਤੇ ਹੋਣ। ਇਸਦੀਆਂ ਮਿਸਾਲਾਂ ਇਹਨਾਂ ਵਲੋ ਘਰ ਵਾਪਸੀ ਦੇ ਨਾਮ ਹੇਠ ਧਰਮ ਪਰਿਵਰਤਨ, ਹੈਦਰਾਬਾਦ ਵਿਖੇ ਰੋਹਿਤ ਵੈਮੂਲਾ ਵਰਗੇ ਹੋਨਹਾਰ ਵਿਦਿਆਰਥੀਆਂ ਨੂੰ ਆਤਮ ਹੱਤਿਆ ਦੇ ਲਈ ਮਜ਼ਬੂਰ ਕਰਨਾ ਕਿਉਕਿ ਉਹ ਦਲਿਤ ਸੀ, ਔਰਤਾਂ ਨੂੰ ਸਤੀ ਸਵਿਤਰੀ ਆਖ ਕੇ ਉਹਨਾਂ ਦੇ ਅਸਲੀ ਅਧਿਕਾਰਾਂ ਤੋ ਵਾਂਝੇ ਰੱਖਣਾ ਹੈ।  
ਇਸਨੂੰ ਸੰਬੋਧਨ ਕਰਨ ਵਾਲੇ ਸਨ ਕਾਮਰੇਡ, ਕਾ: ਕਰਤਾਰ ਸਿੰਘ ਬੁਆਣੀ,  ਪ੍ਰੌ: ਜਗਮੋਹਨ ਸਿੰਘ,  ਕਾ: ਡੀ ਪੀ ਮੌੜ , ਡਾ: ਅਰੁਣ ਮਿੱਤਰਾ,  ਕਾ: ਜਗਦੀਸ ਚੰਦ, ਕਾ: ਲਖਵਿੰਦਰ ਸਿੰਘ, ਕਾ: ਚਰਨ ਸਰਾਭਾ , ਕਾ: ਗੁਰਨਾਮ ਸਿੱਧੂ , ਕਾ: ਰਮੇਸ਼ ਰਤਨ, ਕਾ: ਕਸਤੂਰੀ ਲਾਲ, ਪ੍ਰੋ: ਏ ਕੇ ਮਲੇਰੀ,  ਕਾ: ਜਸਵੰਤ ਜ਼ੀਰਖ, ਕਾ: ਕੇਵਲ ਬਨਵੈਤ, ਕਾ: ਸਤੀਸ਼ ਸਚਦੇਵਾਕਾ: ਜਸਦੇਵ ਲਲਤੋ, , ਕਾ: ਵਿਜੈ ਨਰਾਇਣ, ਕਾ: ਕੁਲਦੀਪ ਸਿੰਘ ਐਡਵੋਕੇਟ, ਕਾ: ਤਰਸੇਮ ਜੋਧਾਂ। 

JNU: ਫਿਰਕੂ ਤਾਕਤਾਂ ਆਪਣਾ ਏਜੰਡਾ ਲਾਗੂ ਕਰਨ ਲਈ ਉਤਾਰੂ- Left

ਲੋਕਾਂ ਦਾ ਧਿਆਨ ਅਸਲੀ ਮਸਲਿਆਂ ਤੋਂ ਹਟਾਉਣ ਦੀ ਸਾਜ਼ਿਸ਼ 
                                                                                                                           ਆਨੰਦ ਪ੍ਰਕਾਸ਼ ਤਿਵਾੜੀ ਦੀ ਪ੍ਰੋਫਾਈਲ ਤੋਂ ਧੰਨਵਾਦ ਸਹਿਤ 
ਨਵੀਂ ਦਿੱਲੀ: 19 ਫਰਵਰੀ 2016:  (ਪੰਜਾਬ ਸਕਰੀਨ ਬਿਊਰੋ): 
ਆਨੰਦ ਪ੍ਰਕਾਸ਼ ਤਿਵਾੜੀ ਦੀ ਪ੍ਰੋਫਾਈਲ ਤੋਂ ਧੰਨਵਾਦ ਸਹਿਤ 
ਜੇ ਐਨ ਯੂ ਮੁੱਦੇ ਨੂੰ ਲੈ ਕੇ ਪੈਦਾ ਹੋਈ ਜਨਤਕ ਕਤਾਰਬੰਦੀ ਲਗਾਤਾਰ ਤਿੱਖੀ ਹੋ ਰਹੀ ਹੈ। ਖੱਬੇ ਪੱਖੀ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੀ ਹਰਮਨ ਪਿਆਰਤਾ ਵਿੱਚ ਤੇਜ਼ੀ ਨਾਲ ਵਾਧਾ ਜਾਰੀ ਹੈ।  ਉਸਦੀ ਤਸਵੀਰ ਵਾਲੀਆਂ ਟੀਸ਼ਰਟਾਂ ਵੀ ਬਾਜ਼ਾਰ ਵਿੱਚ ਹਨ। ਇੱਕ ਪਾਸੇ ਬੀਜੇਪੀ ਸਮਰਥਕ ਹਿੰਦੂ ਸੰਗਠਨ ਅਤੇ ਦੂਜੇ ਪਾਸੇ ਦੇਸ਼ ਭਰ ਦੇ ਸੈਕੂਲਰ ਸੰਗਠਨ ਖੱਬੀਆਂ ਧਿਰਾਂ ਨਾਲ ਆ ਰਹੇ ਹਨ। ਕੁਲ ਮਿਲਾ ਕੇ ਦੇਸ਼ ਲਗਾਤਾਰ ਵਿਦਿਆਰਥੀ ਕ੍ਰਾਂਤੀ ਵੱਲ ਵਧ ਰਿਹਾ ਪ੍ਰਤੀਤ ਹੋ ਰਿਹਾ ਹੈ। ਵਿਦਿਆਰਥੀ ਵਰਗ ਦੇ ਨਾਲ ਨਾਲ ਹੁਣ ਵਕੀਲਾਂ ਅਤੇ ਮੀਡੀਆ ਵਿੱਚ ਵੀ ਲਕੀਰ ਗੂਹੜੀ ਹੋ ਰਹੀ ਹੈ। ਹਰ ਖੇਤਰ  ਵਿੱਚ ਦੋ ਧਿਰਾਂ ਦੀ ਪਛਾਣ ਖੁਲ੍ਹ ਕੇ ਸਾਹਮਣੇ ਆ ਰਹੀ ਹੈ।  
ਇਸੇ ਦੌਰਾਨ 6 ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਐਮ, ਆਰ ਐਸ ਪੀ, ਆਲ ਇੰਡੀਆ ਫਾਰਵਰਡ ਬਲਾਕ, ਸੀ ਪੀ ਆਈ (ਐਮ ਐਲ) ਅਤੇ ਐਸ ਯੂ ਸੀ ਆਈ (ਸੀ) ਦੇ ਆਗੂਆਂ ਦੀ ਅੱਜ ਹੋਈ ਮੀਟਿੰਗ 'ਚ ਸੰਘ ਅਤੇ ਭਾਜਪਾ ਵੱਲੋਂ ਖੱਬੀਆਂ ਅਤੇ ਹੋਰ ਪ੍ਰੋਗਰੈਸਿਵ ਤਾਕਤਾਂ 'ਤੇ ਹਮਲੇ ਦੀ ਨਿਖੇਧੀ ਕੀਤੀ ਗਈ। ਖੱਬੇ ਪੱਖੀ ਆਗੂਆਂ ਨੇ ਕਿਹਾ ਕਿ ਦੇਸ਼ ਧਰੋਹੀ ਹੋਣ ਦੇ ਝੂਠੇ ਦੋਸ਼ ਲਾ ਕੇ ਸੰਘ ਅਤੇ ਭਾਜਪਾ ਨੇ ਭਾਰਤੀ ਲੋਕਾਂ 'ਤੇ ਦੇਸ਼ ਭਰ 'ਚ ਹਮਲੇ ਤੇਜ਼ ਕਰ ਦਿੱਤੇ ਹਨ। ਮੀਟਿੰਗ 'ਚ ਕਿਹਾ ਗਿਆ ਕਿ ਫਿਰਕੂ ਤਾਕਤਾਂ ਉੱਚ ਸਿੱਖਿਆ ਸੰਸਥਾਵਾਂ 'ਚ ਆਪਣਾ ਏਜੰਡਾ ਲਾਗੂ ਕਰਨ ਲਈ ਸਭ ਕੁਝ ਕਰ ਰਹੀਆਂ ਹਨ ਅਤੇ ਜੇ ਐਨ ਯੂ ਵਿਵਾਦ, ਫ਼ਿਲਮ ਐਂਡ ਟੈਲੀਵੀਜ਼ਨ ਇੰਸਟੀਚਿਊਟ ਆਫ਼ ਇੰਡੀਆ ਦੀਆਂ ਘਟਨਾਵਾਂ ਅਤੇ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਦੀ ਘਟਨਾ, ਜਿਸ ਕਰਕੇ ਰੋਹਿਤ ਵੇਮੁੱਲਾ ਨੇ ਖੁਦਕੁਸ਼ੀ ਕਰ ਲਈ ਅਤੇ ਹੁਣ ਆਈ ਆਈ ਟੀ ਚੇਨਈ ਅਤੇ ਜਾਦਵਪੁਰ ਯੂਨੀਵਰਸਿਟੀ ਦੀਆਂ ਘਟਨਾਵਾਂ ਤੋਂ ਪੂਰੀ ਤਰ੍ਹਾਂ ਸਾਫ਼ ਹੈ ਕਿ ਫ਼ਿਰਕੂ ਤਾਕਤਾਂ ਸਿੱਖਿਆ ਸੰਸਥਾਵਾਂ 'ਚ ਆਪਣਾ ਏਜੰਡਾ ਲਾਗੂ ਕਰਨ ਲਈ ਹਰ ਹਰਬਾ ਵਰਤਣ ਦੇ ਰਾਹ ਤੁਰ ਪਈਆਂ ਹਨ। ਇਸ ਲੁਕਵੇਂ ਏਜੰਡੇ ਦਾ ਵਿਰੋਧ ਵੀ ਲਗਾਤਾਰ ਤਿੱਖਾ ਹੋ ਰਿਹਾ ਹੈ। 
ਆਨੰਦ ਪ੍ਰਕਾਸ਼ ਤਿਵਾੜੀ ਦੀ ਪ੍ਰੋਫਾਈਲ ਤੋਂ ਧੰਨਵਾਦ ਸਹਿਤ 
ਖੱਬੇ ਪੱਖੀ ਆਗੂਆਂ ਨੇ ਕਿਹਾ ਕਿ ਸੰਘ ਅਤੇ ਭਾਜਪਾ ਵੱਲੋਂ ਲੋਕਾਂ ਦੇ ਜਮਹੂਰੀ ਅਤੇ ਸੰਵਿਧਾਨਕ ਹੱਕਾਂ 'ਤੇ ਹਮਲੇ ਕੀਤੇ ਜਾ ਰਹੇ ਹਨ ਅਤੇ ਦੇਸ਼ ਦਾ ਫ਼ਿਰਕੂ ਅਧਾਰ 'ਤੇ ਧਰੁਵੀਕਰਨ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਇਹ ਸਭ ਕੁਝ ਲੋਕਾਂ ਦਾ ਅਸਲੀ ਮਸਲਿਆਂ ਤੋਂ ਧਿਆਨ ਹਟਾਉਣ ਲਈ ਕੀਤਾ ਜਾ ਰਿਹਾ ਹੈ, ਕਿਉਂਕਿ ਮੋਦੀ ਸਰਕਾਰ ਹਰੇਕ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ। ਮੀਟਿੰਗ 'ਚ ਮੰਗ ਕੀਤੀ ਗਈ ਕਿ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਵਿਦਿਆਰਥੀਆਂ ਵਿਰੁੱਧ ਦੇਸ਼ ਧਰੋਹ ਦੇ ਸਾਰੇ ਕੇਸ ਵਾਪਸ ਲਏ ਜਾਣ। ਉਨ੍ਹਾ ਕਿਹਾ ਕਿ ਸੱਚ ਸਾਹਮਣੇ ਆ ਗਿਆ ਹੈ ਕਿ ਕਨ੍ਹੱਈਆ ਕੁਮਾਰ ਵਿਰੁੱਧ ਸਾਰੇ ਦੋਸ਼ ਗਲਤ ਅਤੇ ਮਨਘੜ੍ਹਤ ਹਨ। ਉਨ੍ਹਾ ਕਿਹਾ ਕਿ ਝੂਠੇ ਦੋਸ਼ ਲਾਉਣ ਵਾਲਿਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਇਸ ਮੰਗ ਨੂੰ ਲੈ ਕੇ ਰੋਸ ਵਖਾਵੇ ਤੇਜ਼ ਹੋ ਰਹੇ ਹਨ। 
ਇਸ ਹੰਗਾਮੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਸੀ ਪੀ ਐਮ ਦੇ ਸੀਤਾ ਰਾਮ ਯੇਚੁਰੀ, ਪ੍ਰਕਾਸ਼ ਕਰਤ ਅਤੇ ਐਸ ਰਾਮਚੰਦਰਨ ਪਿਲੈ, ਸੀ ਪੀ ਆਈ ਦੇ ਸੁਧਾਕਰ ਰੈਡੀ, ਗੁਰਦਾਸ ਦਾਸ ਗੁਪਤਾ ਅਤੇ ਡੀ ਰਾਜਾ, ਸੀ ਪੀ ਐਮ ਲਿਬਰੇਸ਼ਨ ਵੱਲੋਂ ਸਵੱਪਨ ਮੁਖਰਜੀ, ਆਰ ਐਸ ਪੀ ਦੇ ਅਬਾਨੀ ਰਾਏ, ਐਸ ਯੂ ਸੀ ਆਈ (ਸੀ) ਦੇ ਪ੍ਰਧਾਨ ਸ਼ਰਮਾ ਅਤੇ ਆਲ ਇੰਡੀਆ ਫਾਰਵਰਡ ਬਲਾਕ ਦੇ ਦੇਬਬ੍ਰਤ ਬਿਸਵਾਸ ਹਾਜ਼ਰ ਸਨ। ਇਸ ਮੀਟਿੰਗ ਦੇ ਫੈਸਲੇ ਅਤੇ ਪਹੁੰਚ ਸਰਦੇ ਦੇਸ਼ ਵਿਚਹ ਆਪਣਾ ਅਸਰ ਦਿਖਾਉਣ ਵਾਲੀ ਹੈ। 

Thursday, February 18, 2016

ਭਾਜਪਾ ਕਾਰਕੁਨਾਂ ਦਾ ਰਵੱਈਆ ਗੁੰਡਿਆਂ ਵਰਗਾ--CPI

ਮੈਡੀਕਲ ਟੀਮ ਨੇ ਵੀ ਕੀਤੀ ਮਾਰਕੁਟ ਦੌਰਾਨ ਸੱਟਾਂ ਲਗਣ ਦੀ ਪੁਸ਼ਟੀ 
ਨਵੀਂ ਦਿੱਲੀ: 17 ਫਰਵਰੀ 2016: (ਪੰਜਾਬ ਸਕਰੀਨ ਬਿਊਰੋ)
ਜੇ.ਐਨ.ਯੂ. "ਦੇਸ਼ ਧ੍ਰੋਹ" ਦੇ ਮਾਮਲੇ 'ਚ ਗ੍ਰਿਫਤਾਰ ਖੱਬੇ ਪੱਖੀ ਵਿਦਿਆਰਥੀ ਆਗੂ ਕਨੱਈਆ ਕੁਮਾਰ ਨੂੰ 2 ਮਾਰਚ ਤੱਕ ਜੇਲ੍ਹ ਭੇਜ ਦਿੱਤਾ ਗਿਆ ਹੈ। ਇਹ ਫੈਸਲਾ ਪਟਿਆਲਾ ਹਾਊਸ ਅਦਾਲਤ ਨੇ ਸੁਣਾਇਆ। ਸੀਪੀਆਈ ਨਾਲ ਸਬੰਧਤ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਆਗੂ  ਕਨੱਈਆ ਕੁਮਾਰ 'ਤੇ ਪਟਿਆਲਾ ਹਾਊਸ ਅਦਾਲਤ 'ਚ ਪੁਲਿਸ ਦੇ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵਕੀਲਾਂ ਨੇ ਇਕ ਵਾਰ ਫਿਰ ਹਮਲਾ ਕਰ ਦਿੱਤਾ ਪਰ ਪੁਲਿਸ ਨੇ ਕਨੱਈਆ ਕੁਮਾਰ ਨੂੰ ਬਚਾ ਲਿਆ। ਜਿਕਰਯੋਗ ਹੈ ਕਿ ਕਨੱਈਆ ਕੁਮਾਰ ਨੂੰ ਪਟਿਆਲਾ ਹਾਊਸ 'ਚ ਪੇਸ਼ੀ ਲਈ ਲਿਆਂਦਾ ਗਿਆ ਸੀ। ਜੇਲ੍ਹ ਭੇਜਣ ਤੋਂ ਪਹਿਲਾਂ ਜੇ ਐੱਨ ਯੂ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨੱਈਆ ਕੁਮਾਰ ਦੀ ਮੈਡੀਕਲ ਜਾਂਚ ਕਰਵਾਈ ਗਈ। ਮੈਡੀਕਲ ਟੀਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕਨ੍ਹੱਈਆ ਦੀ ਮਾਰਕੁਟ ਕੀਤੀ ਗਈ ਹੈ, ਜਿਸ ਦੌਰਾਨ ਉਸ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਕਨ੍ਹੱਈਆ ਨੂੰ ਤੇਹਾੜ ਜੇਲ੍ਹ ਦੀ ਤਿੰਨ ਨੰਬਰ ਜੇਲ੍ਹ ਵਿਚ ਰੱਖਿਆ ਜਾਵੇਗਾ। ਜੇਲ੍ਹ ਪ੍ਰਸ਼ਾਸਨ ਮੁਤਾਬਕ ਉਸ ਨੂੰ ਸਖਤ ਸੁਰੱਖਿਆ ਇੰਤਜ਼ਾਮ ਕਰਨ ਦੇ ਹੁਕਮ ਮਿਲੇ ਹਨ। ਇਸ ਲਈ ਉਸ ਨੂੰ ਬਾਕੀ ਕੈਦੀਆਂ ਨਾਲੋਂ ਅਲੱਗ ਰੱਖਿਆ ਜਾ ਸਕਦਾ ਹੈ।
ਲਗਾਤਾਰ ਹਰਮਨ ਪਿਆਰਾ ਹੋ ਰਿਹਾ ਹੈ ਕਨੱਈਆ
"ਦੇਸ਼ ਧ੍ਰੋਹ" ਦਾ ਕੇਸ ਬਣਾਏ ਜਾਣ ਤੋਂ ਬਾਅਦ ਕਨੱਈਆ ਕੁਮਾਰ ਲਗਾਤਾਰ ਹਰਮਨ ਪਿਆਰਾ ਹੋ ਰੋਹ ਹੈ। ਸੋਸ਼ਲ ਮੀਡੀਆ 'ਤੇ ਉਸਦੇ ਸਾਥੀ ਲਗਾਤਾਰ ਇੱਕ ਇੱਕ ਪਲ ਦੀ ਰਿਪੋਰਟ ਦੇ ਰਹੇ ਹਨ ਅਤੇ ਉਸਦੇ ਵਿਚਾਰਾਂ ਨੂੰ ਲਗਾਤਾਰ ਲੋਕਾਂ ਸਾਹਮਣੇ ਲਿਆ ਰਹੇ ਹਨ। ਸੋਸ਼ਲ ਮੀਡੀਆ ਵਿਚ ਇਸ ਮੁੱਦੇ ਨੂੰ ਲੈ ਕੇ ਪਲ ਪਲ ਨਵੀਆਂ ਜਾਣਕਾਰੀਆਂ ਪੋਸਟ ਹੋ ਰਹੀਆਂ ਹਨ। ਦੇਸ਼ ਧ੍ਰੋਹ ਦੇ ਦੋਸ਼ ਦਾ ਸਾਹਮਣਾ ਕਰ ਰਹੇ ਇਸ ਖੱਬੇ ਪੱਖੀ ਵਿਦਿਆਰਥੀ ਆਗੂ ਦੀਆਂ ਤਸਵੀਰਾਂ ਨੂੰ ਪਸੰਦ ਕਰਨ ਵਾਲੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। 
ਦੇਸ਼ ਧ੍ਰੋਹ ਅਤੇ ਦੇਸ਼ ਭਗਤੀ ਦੀ ਪਰਿਭਾਸ਼ਾ ਬਾਰੇ ਬਹਿਸ ਤਿੱਖੀ  
ਇਸ ਸਾਰੇ ਮਾਮਲੇ ਦੇ ਨਾਲ ਹੀ ਦੇਸ਼ ਧ੍ਰੋਹ ਅਤੇ ਦੇਸ਼ ਭਗਤੀ ਦੀ ਪਰਿਭਾਸ਼ਾ ਬਾਰੇ ਤਿੱਖੀ ਬਹਿਸ ਵੀ ਸ਼ੁਰੂ ਹੋ ਗਈ ਹੈ।  ਖੱਬੇ ਪੱਖੀ ਵਿਚਾਰਾਂ ਵਾਲੇ ਲਗਾਤਾਰ ਆਖ ਰਹੇ ਹਨ ਕਿ ਉਹਨਾਂ ਨੇ ਮਹਾਤਮਾ ਗਾਂਧੀ ਦੇ ਕਾਤਲ ਗੋਡਸੇ ਦੇ ਵਾਰਸਾਂ ਕੋਲੋਂ ਦੇਸ਼ ਭਗਤੀ ਦਾ ਸਬਕ ਨਹੀਂ ਸਿੱਖਣਾ। ਕੁਲ ਮਿਲਾ ਕੇ ਇਹ ਮੁੱਦਾ ਦੇਸ਼ ਭਰ ਵਿੱਚ ਵਿਦਿਆਰਥੀ ਵਰਗ ਨੂੰ ਲਾਮਬੰਦ ਕਰਨ ਵਿੱਚ ਸਹੀ ਸਾਬਤ ਹੋ ਰਿਹਾ ਹੈ। ਫਿਰਕਾਪ੍ਰਸਤ ਅਤੇ ਸੈਕੁਲਰ ਤਾਕਤਾਂ ਦਰਮਿਆਨ ਲਕੀਰ ਇਸ ਨਾਲ ਹੋਰ ਗੂਹੜੀ ਹੋ ਰਹੀ ਹੈ। ਇਸੇ ਦੌਰਾਨ ਵਿਦਿਆਰਥੀ ਅੰਦੋਲਨ ਦੇ ਇਹ ਅਗਨੀ ਪੰਜਾਬ ਵਿੱਚ ਵੀ ਪਹੁੰਚ ਗਈ ਹੈ। ਇਸਦੇ ਨਾਲ ਹੀ ਖੱਬੀਆਂ ਧਿਰਾਂ ਇਸ ਮੁੱਦੇ ਤੇ ਇੱਕਜੁੱਟ ਹੋਣ ਲੱਗ ਪਈਆਂ ਹਨ ਜਿਸ ਕਾਰਨ ਖੱਬੀਆਂ ਸਫਾਂ ਨਾਲ ਜੁੜੇ ਕਾਰਕੁੰਨ ਹੁਣ ਉਤਸ਼ਾਹ ਵਿੱਚ ਹਨ। 
ਸੀ ਪੀ ਆਈ ਵੱਲੋਂ ਅਦਾਲਤ ਵਿੱਚ ਦੋਬਾਰਾ ਹਮਲੇ ਦੀ ਨਿਖੇਧੀ 
ਸੀ ਪੀ ਆਈ ਦੀ ਕੇਂਦਰੀ ਸਕੱਤਰੇਤ ਨੇ ਅੱਜ ਪਟਿਆਲਾ ਹਾਊਸ ਅਦਾਲਤ 'ਚ ਪੇਸ਼ੀ ਮੌਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨੱਈਆ ਕੁਮਾਰ 'ਤੇ ਕਥਿਤ ਵਕੀਲਾਂ ਵੱਲੋਂ ਕੀਤੇ ਗਏ ਹਮਲੇ ਦੀ ਨਿਖੇਧੀ ਕੀਤੀ ਹੈ। ਇੱਕ ਬਿਆਨ 'ਚ ਸਕੱਤਰੇਤ ਨੇ ਕਿਹਾ ਕਿ ਭਾਜਪਾ ਨਾਲ ਸੰਬੰਧਤ ਵਕੀਲਾਂ ਅਤੇ ਸੰਘ ਦੇ ਗੁੰਡਿਆਂ ਵੱਲੋਂ ਕੌਮੀ ਝੰਡੇ ਫੜ ਕੇ ਕਨ੍ਹੱਈਆ ਹਮਾਇਤੀ ਵਕੀਲਾਂ ਅਤੇ ਪੱਤਰਕਾਰਾਂ ਨਾਲ ਵੀ ਕੁੱਟਮਾਰ ਕੀਤੀ ਗਈ ਅਤੇ ਇਹ ਸਭ ਕੁਝ ਸਖਤ ਸੁਰੱਖਿਆ ਮੁਹੱਈਆ ਕਰਾਉਣ ਦੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਕੀਤਾ ਗਿਆ। ਪਾਰਟੀ ਨੇ ਕਿਹਾ ਕਿ ਅਜਿਹਾ ਪੁਲਸ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ। ਭਾਜਪਾ ਕਾਰਕੁਨਾਂ ਦੇ ਮਨਾਂ 'ਚ ਨਿਆਂਪਾਲਿਕਾ ਅਤੇ ਲੋਕਤੰਤਰ ਦਾ ਸਨਮਾਨ ਨਹੀਂ ਅਤੇ ਉਹਨਾਂ ਦਾ ਰਵੱਈਆ ਗੁੰਡਿਆਂ ਵਰਗਾ ਹੈ। ਸਕੱਤਰੇਤ ਨੇ ਕਿਹਾ ਕਿ ਸਾਰਾ ਮਾਮਲਾ ਘੜਿਆ-ਘੜਾਇਆ ਹੈ ਅਤੇ ਇਹ ਸਭ ਕੁਝ ਸਿਖਿਆ ਸੰਸਥਾਵਾਂ ਦੇ ਭਗਵੇਂਕਰਨ ਦੀ ਸਾਜ਼ਿਸ਼ ਹੇਠ ਕੀਤਾ ਜਾ ਰਿਹਾ ਹੈ।
ਪਾਰਟੀ ਨੇ ਕਨੱਈਆ ਕੁਮਾਰ, ਵਕੀਲਾਂ ਅਤੇ ਪੱਤਰਕਾਰਾਂ 'ਤੇ ਹਮਲੇ ਕਰਨ ਵਾਲੇ ਕਥਿਤ ਵਕੀਲਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਅਤੇ ਮੰਗ ਕੀਤੀ ਕਿ ਪੁਲਸ ਕਮਿਸ਼ਨਰ ਨੂੰ ਸਾਰੀਆਂ ਘਟਨਾਵਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਵੇ ਅਤੇ ਅਮਨ ਕਾਨੂੰਨ ਬਣਾਈ ਰੱਖਣ 'ਚ ਨਾਕਾਮ ਰਹਿਣ 'ਤੇ ਗ੍ਰਹਿ ਮੰਤਰਾਲਾ ਜੁਆਬ ਦੇਵੇ।
ਕਨ੍ਹੱਈਆ ਕੁਮਾਰ ਨੂੰ ਗਲਤ ਢੰਗ ਨਾਲ ਫਸਾਇਆ ਗਿਆ-- ਪ੍ਰਸ਼ਾਂਤ ਭੂਸ਼ਨ
ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਨ ਨੇ ਕਿਹਾ ਹੈ ਕਿ ਕਨ੍ਹੱਈਆ ਕੁਮਾਰ ਨੂੰ ਗਲਤ ਢੰਗ ਨਾਲ ਫਸਾਇਆ ਗਿਆ ਹੈ। ਪ੍ਰਸ਼ਾਂਤ ਨੇ ਕਿਹਾ ਹੈ ਕਿ ਉਹ ਕਨ੍ਹੱਈਆ ਕੁਮਾਰ ਦੇ ਕੇਸ ਦੀ ਪੈਰਵੀ ਕਰਨ ਲਈ ਤਿਆਰ ਹਨ। ਭੂਸ਼ਨ ਨੇ ਕਿਹਾ ਕਿ ਉਹ ਆਮ ਤੌਰ 'ਤੇ ਸੁਪਰੀਮ ਕੋਰਟ 'ਚ ਰੁੱਝੇ ਹੁੰਦੇ ਹਨ, ਫੇਰ ਵੀ ਜੇ ਲੋੜ ਪਵੇ ਤਾਂ ਉਹ ਕਨੱ੍ਹਈਆ ਦੇ ਕੇਸ ਦੀ ਪੈਰਵੀ ਕਰਨਗੇ, ਕਿਉਂਕਿ ਉਹ ਇੱਕ ਚੰਗਾ ਵਿਦਿਆਰਥੀ ਹੈ ਅਤੇ ਉਸ ਨੂੰ ਝੂਠੇ ਕੇਸ 'ਚ ਫਸਾਇਆ ਗਿਆ ਹੈ। ਭੂਸ਼ਨ ਅਤੇ ਯੋਗੇਂਦਰ ਯਾਦਵ ਵੱਲੋਂ ਬਣਾਇਆ ਗਿਆ ਸੰਗਠਨ ਸਵਰਾਜ ਅਭਿਆਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਹਮਾਇਤ ਕਰ ਰਹੇ ਹਨ, ਜੋ ਕਿ ਕਨੱ੍ਹਈਆ ਦੀ ਗ੍ਰਿਫਤਾਰੀ ਦੇ ਮੱਦੇਨਜ਼ਰ ਅੰਦੋਲਨ ਕਰ ਰਹੇ ਹਨ। ਇਸੇ ਸੰਗਠਨ ਦੇ ਇੱਕ ਹੋਰ ਆਗੂ ਆਨੰਦ ਕੁਮਾਰ ਨੇ ਪੁਲਸ ਕਾਰਵਾਈ ਦੀ ਨਿੰਦਿਆ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਸਿਆਸੀ ਹਿੱਤ ਸਾਧਣ ਲਈ ਸੂਬੇ ਦੀ ਤਾਕਤ ਦੀ ਸ਼ਰਮਨਾਕ ਦੁਰਵਰਤੋਂ ਹੈ, ਜਿਸ ਵਿੱਚ ਲੋਕਤੰਤਰ ਦਾ ਮਜ਼ਾਕ ਉੜਾਇਆ ਗਿਆ ਹੈ।

Sunday, February 14, 2016

ਖੱਬੇਪੱਖੀ ਵਿਦਿਆਰਥੀ ਆਗੂ ਦੀ ਗ੍ਰਿਫਤਾਰੀ ਨੂੰ ਲੈ ਕੇ ਰੋਹ ਤਿੱਖਾ

JNU ਦਾ ਅੰਦੋਲਨ ਸਾਰੇ ਦੇਸ਼ ਵਿੱਚ ਭੜਕਣ ਦੀ ਆਸ਼ੰਕਾ 
ਨਵੀਂ ਦਿੱਲੀ: 14 ਫਰਵਰੀ 2016: (ਪੰਜਾਬ ਸਕਰੀਨ ਬਿਊਰੋ): 
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਕੁਝ ਨਾਅਰੇ ਲੱਗਣ ਮਗਰੋਂ ਸ਼ੁਰੂ ਹੋਏ ਵਿਵਾਦ ਦੀ ਅੱਗ ਦੇਸ਼ ਭਰ ਵਿੱਚ ਫੈਲਣ ਦੇ ਆਸਾਰ ਨਜਰ ਆ ਰਹੇ ਹਨ। ਅੱਤਵਾਦ ਅਤੇ ਵੱਖਵਾਦ ਵਿਰੁਧ ਆਪਣੇ ਅਨਗਿਣਤ ਸਾਥੀ ਸ਼ਹੀਦ ਕਰਾਉਣ ਵਾਲੀਆਂ ਖੱਬੀਆਂ ਧਿਰਾਂ ਨਾਲ ਸਬੰਧਤ ਵਿਦਿਆਰਥੀ ਆਗੂ ਉੱਪਰ ਬਣਾਏ ਗਏ ਦੇਸ਼ ਧ੍ਰੋਹ ਦੇ ਮਾਮਲੇ ਨੇ ਇਸ ਅੱਗ ਵਿੱਚ ਪੈਟ੍ਰੋਲ ਦਾ ਕੰਮ ਕੀਤਾ ਹੈ ਅਤੇ ਕਾਰਵਾਈ ਦੇ ਇਰਾਦੇ ਸ਼ੱਕੀ ਹੁੰਦੇ ਨਜਰ ਆ ਰਹੇ ਹਨ। ਸੀਪੀਆਈ ਆਗੂ ਨੂੰ ਮਿਲ ਰਹੀਆਂ ਧਮਕੀਆਂ ਨੇ ਇਸ ਸਾਰੇ ਮਾਮਲੇ ਨੂੰ ਹੋਰ ਸਾਜਿਸ਼ੀ ਬਣਾ ਦਿੱਤਾ ਹੈ। 
ਸੱਤ ਹੋਰ ਵਿਦਿਆਰਥੀ ਹਿਰਾਸਤ ਵਿੱਚ 
ਇਸੇ ਦੌਰਾਨ ਸਰਕਾਰ ਨੇ ਆਪਣਾ ਰੁੱਖ ਹੋਰ ਸਖਤ ਕਰ ਲਿਆ ਹੈ। ਜੇ ਐੱਨ ਯੂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਦੀ ਦੇਸ਼-ਧਰੋਹ ਦੇ ਕੇਸ 'ਚ ਹੋਈ ਗ੍ਰਿਫ਼ਤਾਰੀ ਤੋਂ ਇੱਕ ਦਿਨ ਬਾਅਦ ਯੂਨੀਵਰਸਿਟੀ 'ਚੋਂ 7 ਹੋਰ ਵਿਦਿਆਰਥੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਪੁੱਛਗਿੱਛ ਲਈ ਪਾਰਲੀਮੈਂਟ ਸਟਰੀਟ ਥਾਣੇ ਲਿਜਾਇਆ ਗਿਆ ਹੈ। ਦਿੱਲੀ ਪੁਲਸ ਨੇ ਸ਼ੁੱਕਰਵਾਰ ਦੇਰ ਸ਼ਾਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਚਿੱਠੀ ਲਿਖ ਕੇ ਬਾਕੀ ਵਿਦਿਆਰਥੀਆਂ ਨੂੰ ਫੜਨ ਲਈ ਸਹਿਯੋਗ ਦੀ ਮੰਗ ਕੀਤੀ ਸੀ, ਜੋ ਪੁਲਸ ਅਨੁਸਾਰ ਭਗੌੜੇ ਸਨ। ਕਨ੍ਹਈਆ ਦੀ ਹਿਰਾਸਤ ਦੀ ਮੰਗ ਕਰਦਿਆਂ ਸ਼ੁੱਕਰਵਾਰ ਨੂੰ ਪੁਲਸ ਨੇ ਅਦਾਲਤ ਨੂੰ 5 ਹੋਰ ਨਾਂਅ ਦਿੱਤੇ ਸਨ, ਜਿਨ੍ਹਾਂ ਕੈਂਪਸ ਵਿੱਚ ਅਫ਼ਜ਼ਲ ਗੁਰੂ ਬਾਰੇ ਪ੍ਰੋਗਰਾਮ ਦੇ ਜਥੇਬੰਦਕਾਂ 'ਚੋਂ ਇੱਕ ਉਮਰ ਖਾਲਿਦ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦਾ ਮੈਂਬਰ ਰਾਮ ਨਾਗਾ ਵੀ ਸ਼ਾਮਲ ਹਨ।
ਇਸ ਸਾਰੇ ਘਟਨਾਕ੍ਰਮ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਜੇ ਐੱਨ ਯੂ ਨੂੰ ਦੇਸ਼-ਧਰੋਹ ਦਾ ਅੱਡਾ ਨਹੀਂ ਬਣਨ ਦਿੱਤਾ ਜਾਵੇਗਾ। ਮਾਮਲੇ 'ਤੇ ਟਿੱਪਣੀ ਕਰਦਿਆਂ ਰਿਜਿਜੂ ਨੇ ਕਿਹਾ ਕਿ ਇਹ ਕੋਈ ਛੋਟੇ ਬੱਚੇ ਨਹੀਂ ਹਨ, ਜਿਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕੀ ਕਰ ਰਹੇ ਹਨ। ਬੋਲਣ ਦੀ ਆਜ਼ਾਦੀ ਦੇ ਨਾਂਅ 'ਤੇ ਤੁਸੀਂ ਰਾਸ਼ਟਰ ਨੂੰ ਗਾਲ੍ਹਾਂ ਨਹੀਂ ਕੱਢ ਸਕਦੇ। ਇਹ ਦੁਖਦਾਈ ਘਟਨਾ ਹੈ। ਅਸੀਂ ਜੇ ਐੱਨ ਯੂ ਨੂੰ ਰਾਸ਼ਟਰ ਵਿਰੋਧੀ ਸਰਗਰਮੀਆਂ ਦਾ ਅੱਡਾ ਨਹੀਂ ਬਣਨ ਦੇਵਾਂਗੇ।
ਦੂਜੇ ਪਾਸੇ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਸ਼ਨੀਵਾਰ ਸ਼ਾਮ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਪਹੁੰਚੇ। ਰਾਹੁਲ ਗਾਂਧੀ ਦੀ ਆਮਦ 'ਤੇ ਕੁਝ ਵਿਦਿਆਰਥੀਆਂ ਨੇ ਉਨ੍ਹਾ ਨੂੰ ਕਾਲੇ ਝੰਡੇ ਦਿਖਾਏ। ਵਿਦਿਆਰਥੀਆਂ ਦੀ ਨਾਅਰੇਬਾਜ਼ੀ ਨੂੰ ਦੇਖਦਿਆਂ ਰਜਿਸਟਰਾਰ ਨੇ ਮਾਈਕ ਬੰਦ ਕਰਨ ਦੇ ਆਦੇਸ਼ ਦੇ ਦਿੱਤੇ। 
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਮੁੱਦਾ ਉਠਾਇਆ। ਉਨ੍ਹਾ ਕਿਹਾ, 'ਮੈਂ ਕੁਝ ਦਿਨ ਪਹਿਲਾਂ ਹੇਦਰਾਬਾਦ ਸੀ। ਉਦੋਂ ਵੀ ਕੁਝ ਆਗੂ ਰੋਹਿਤ ਵੇਮੁੱਲਾ ਨੂੰ ਦੇਸ਼-ਧਰੋਹੀ ਦੱਸ ਰਹੇ ਸਨ। ਸਭ ਤੋਂ ਵੱਡੇ ਦੇਸ਼-ਧਰੋਹੀ ਤਾਂ ਉਹ ਲੋਕ ਹਨ, ਜਿਹੜੇ ਇਸ ਸੰਸਥਾਨ ਦੇ ਅੰਦਰੋਂ ਨਿਕਲਣ ਵਾਲੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹਨ।' ਯੂਨੀਵਰਸਿਟੀ ਕੈਂਪਸ 'ਚ ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ, ਸੀ ਪੀ ਆਈ ਆਗੂ ਡੀ ਰਾਜਾ, ਕਾਂਗਰਸ ਆਗੂ ਅਨੰਦ ਸ਼ਰਮਾ ਤੇ ਅਜੈ ਮਾਕਨ ਵੀ ਮੌਜੂਦ ਸਨ।
ਡੀ ਰਾਜਾ ਦੀ ਬੇਟੀ ਵੱਲ ਵੀ ਉਂਗਲੀ 
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਭਾਰਤ ਵਿਰੋਧੀ ਨਾਅਰੇਬਾਜ਼ੀ ਤੋਂ ਸ਼ੁਰੂ ਹੋਇਆ ਵਿਵਾਦ ਗੰਭੀਰ ਰੁਖ ਅਖਤਿਆਰ ਕਰਦਾ ਜਾ ਰਿਹਾ ਹੈ। ਨਾਅਰੇਬਾਜ਼ੀ ਕਰਨ ਵਾਲਿਆਂ ਦੀ ਸੂਚੀ 'ਚ ਸੀ ਪੀ ਆਈ ਦੇ ਸੀਨੀਅਰ ਆਗੂ ਡੀ ਰਾਜਾ ਦੀ ਬੇਟੀ ਦੇ ਨਾਂਅ ਨੂੰ ਸ਼ਾਮਲ ਕੀਤੇ ਜਾਣ ਨੇ ਕਈ ਸੰਸੇ ਖੜੇ ਕਰ ਦਿੱਤੇ ਹਨ, ਕਿਉਂਕਿ ਦੇਸ਼ ਧਰੋਹ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਜੇ ਐੱਨ ਯੂ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਕਨ੍ਹਈਆ ਕੁਮਾਰ ਵੀ ਏ ਆਈ ਐੱਸ ਐੱਫ਼ ਨਾਲ ਸੰਬੰਧਤ ਹੈ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ
ਇਸ ਗ੍ਰਿਫ਼ਤਾਰੀ ਦੇ ਵਿਰੋਧ 'ਚ ਸੀ ਪੀ ਆਈ, ਸੀ ਪੀ ਐੱਮ ਅਤੇ ਜਨਤਾ ਦਲ (ਯੂ) ਦੇ ਆਗੂਆਂ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ, ਜਦਕਿ ਭਾਜਪਾ ਨੇ ਵਿਦਿਆਰਥੀਆਂ ਦੀ ਭਾਸ਼ਾ ਨੂੰ ਅੱਤਵਾਦੀ ਹਾਫ਼ਿਜ਼ ਵਰਗੀ ਦੱਸਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਕਨ੍ਹਈਆ ਕੁਮਾਰ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਸੀ ਪੀ ਆਈ (ਐੱਮ) ਆਗੂ ਸੀਤਾ ਰਾਮ ਯੇਚੁਰੀ, ਸੀ ਪੀ ਆਈ ਆਗੂ ਡੀ ਰਾਜਾ ਅਤੇ ਜਨਤਾ ਦਲ (ਯੂ) ਦੇ ਕੇ ਸੀ ਤਿਆਗੀ ਨੇ ਸ਼ਨੀਵਾਰ ਨੂੰ ਸਵੇਰੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਯੇਚੁਰੀ ਨੇ ਕਿਹਾ ਕਿ ਇਹ ਇੱਕ ਗੰਭੀਰ ਮਾਮਲਾ ਹੈ, ਜਿਸ ਤਰੀਕੇ ਨਾਲ ਪੂਰੀ ਯੂਨੀਵਰਸਿਟੀ 'ਤੇ ਦੇਸ਼-ਧਰੋਹ ਦਾ ਠੱਪਾ ਲਾ ਕੇ ਕਾਰਵਾਈ ਕੀਤੀ ਜਾ ਰਹੀ ਹੈ। 
ਇਹ ਐਮਰਜੈਂਸੀ ਤੋਂ ਵੀ ਬਦਤਰ ਹੈ
ਮੁਲਾਕਾਤ ਤੋਂ ਬਾਅਦ ਯੇਚੁਰੀ ਨੇ ਕਿਹਾ ਕਿ ਇਹ ਇੱਕ ਗੰਭੀਰ ਮਾਮਲਾ ਹੈ, ਜਿਸ ਤਰੀਕੇ ਨਾਲ ਪੂਰੀ ਯੂਨੀਵਰਸਿਟੀ 'ਤੇ ਦੇਸ਼-ਧਰੋਹ ਦਾ ਠੱਪਾ ਲਾ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਹ ਐਮਰਜੈਂਸੀ ਤੋਂ ਵੀ ਬਦਤਰ ਹੈ।  ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਕੋਈ ਨਹੀਂ ਮੰਨੇਗਾ ਕਿ ਜੇ ਐੱਨ ਯੂ ਦੇ ਵਿਦਿਆਰਥੀ ਦੇਸ਼-ਧਰੋਹੀ ਹਨ। ਦੇਸ਼ ਦੇ ਸਭ ਤੋਂ ਵੱਡੇ ਅਫ਼ਸਰ, ਆਈ ਏ ਐੱਸ, ਆਈ ਐੱਫ਼ ਐੱਸ ਇਥੋਂ ਨਿਕਲੇ ਹਨ। 
ਆਰ ਐੱਸ ਐੱਸ ਦੀ ਵਿਚਾਰਧਾਰਾ ਲਾਗੂ ਕਰਨ ਦੀ ਸਾਜਿਸ਼ ?
ਉਨ੍ਹਾ ਦੋਸ਼ ਲਾਇਆ ਕਿ ਆਰ ਐੱਸ ਐੱਸ ਦੀ ਵਿਚਾਰਧਾਰਾ ਲਾਗੂ ਕਰਨ ਲਈ ਵਿਦਿਅਕ ਸੰਸਥਾਵਾਂ 'ਤੇ ਹਮਲਾ ਹੋ ਰਿਹਾ ਹੈ। ਉਨ੍ਹਾ ਦੱਸਿਆ ਕਿ ਉਨ੍ਹਾ ਗ੍ਰਹਿ ਮੰਤਰੀ ਰਾਜਨਾਥ ਨੂੰ ਮਿਲ ਕੇ ਕਨ੍ਹਈਆ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ ਅਤੇ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਨਿਰਦੋਸ਼ ਨੂੰ ਨਹੀਂ ਫਸਾਇਆ ਜਾਵੇਗਾ। ਜਦ ਮੀਡੀਆ ਨੇ ਯੇਚੁਰੀ ਤੋਂ ਪੁੱਛਿਆ ਕਿ ਕੀ ਭਾਰਤ ਵਿਰੋਧੀ ਨਾਅਰੇ ਲਾਉਣਾ ਸਹੀ ਹੈ ਤਾਂ ਉਨ੍ਹਾ ਕਿਹਾ ਕਿ ਜਿਸ ਵੀਡਿਓ ਦੀ ਗੱਲ ਕੀਤੀ ਜਾ ਰਹੀ ਹੈ, ਉਸ ਦੀ ਪ੍ਰਮਾਣਿਕਤਾ ਕੀ ਹੈ? ਜੇ ਐੱਨ ਯੂ ਕੈਂਪਸ 'ਚ ਕੈਮਰੇ ਹੈ ਹੀ ਨਹੀਂ ਤਾਂ ਵੀਡਿਓ ਕਿਸ ਨੇ ਬਣਾਇਆ ਤੇ ਕਿਉਂ ਬਣਾਇਆ? ਸਾਬਤ ਕਰ ਦਿਓ ਕਿ ਵੀਡਿਓ ਸਹੀ ਹੈ, ਫਿਰ ਗੱਲ ਕਰਿਓ। ਉਨ੍ਹਾ ਕਿਹਾ ਕਿ ਅਸੀਂ ਉਸ ਸਬੂਤ ਦੀ ਪ੍ਰਾਮਣਿਕਤਾ ਦੀ ਜਾਂਚ ਚਾਹੁੰਦੇ ਹਾਂ, ਜੋ ਪੁਲਸ ਨੇ ਅਦਾਲਤ ਅੱਗੇ ਪੇਸ਼ ਕੀਤਾ। ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਨਾਅਰੇ ਲਾਉਣ ਵਾਲੇ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਜਾਂ ਬਾਹਰੋਂ ਆਏ ਸਨ। ਉਨ੍ਹਾ ਕਿਹਾ ਕਿ ਜਿਨ੍ਹਾਂ 20 ਦੀ ਸੂਚੀ ਬਣਾਈ ਗਈ ਹੈ, ਉਹ ਨਾਅਰੇਬਾਜ਼ੀ 'ਚ ਨਜ਼ਰ ਹੀ ਨਹੀਂ ਆਉਂਦੇ। ਇਨ੍ਹਾਂ 'ਚ ਡੀ ਰਾਜਾ ਦੀ ਬੇਟੀ ਦਾ ਨਾਂਅ ਵੀ ਸ਼ਾਮਲ ਹੈ, ਇਹ ਬਿਲਕੁਲ ਗਲਤ ਹੈ।
ਵੀ ਸੀ 'ਤੇ ਵੀ ਸੁਆਲ ਉਠਾਏ
ਸ੍ਰੀ ਯੇਚੁਰੀ ਨੇ ਯੂਨੀਵਰਸਿਟੀ ਦੇ ਵੀ ਸੀ 'ਤੇ ਵੀ ਸੁਆਲ ਉਠਾਏ ਅਤੇ ਕਿਹਾ ਕਿ ਇਸ ਤਰ੍ਹਾਂ ਪੁਲਸ ਨੂੰ ਕੈਂਪਸ 'ਚ ਦਾਖ਼ਲ ਹੋਣ ਦੀ ਇਜਾਜ਼ਤ ਦੇਣਾ ਸਰਾਸਰ ਗਲਤ ਹੈ।
ਦੂਜੇ ਪਾਸੇ ਭਾਜਪਾ ਦੇ ਸੰਸਦ ਮੈਂਬਰ ਮਹੇਸ਼ ਗਿਰੀ ਦੇ ਇੱਕ ਟਵੀਟ ਨੇ ਸੋਸ਼ਲ ਮੀਡੀਆ 'ਤੇ ਨਵੀਂ ਬਹਿਸ ਛੇੜ ਦਿੱਤੀ ਹੈ। ਗਿਰੀ ਨੇ ਇੱਕ ਵੀਡਿਓ ਸ਼ੇਅਰ ਕਰਦਿਆਂ ਲਿਖਿਆ ਕਿ ਸੀ ਪੀ ਆਈ ਆਗੂ ਡੀ ਰਾਜਾ ਦੀ ਬੇਟੀ ਅਪਰਾਜਿਤਾ ਵੀ ਮੁਜ਼ਾਹਰੇ ਦੌਰਾਨ ਉਥੇ ਮੌਜੂਦ ਸੀ। ਇਸ ਵੀਡਿਓ 'ਚ ਅਪਰਾਜਿਤਾ ਕੁਝ ਲੋਕਾਂ ਨਾਲ ਬਹਿਸ ਕਰਦੀ ਹੋਈ ਨਜ਼ਰ ਆ ਰਹੀ ਹੈ।
ਭਾਜਪਾ ਦੇ ਕੌਮੀ ਸਕੱਤਰ ਸ੍ਰੀਕਾਂਤ ਸ਼ਰਮਾ ਨੇ ਕਿਹਾ ਕਿ ਜੇ ਐੱਨ ਯੂ 'ਚ ਹੋਈ ਦੇਸ਼-ਵਿਰੋਧੀ ਨਾਅਰੇਬਾਜ਼ੀ ਦੀ ਨਿਖੇਧੀ ਕਰਨ ਦੀ ਬਜਾਏ ਕੁਝ ਪਾਰਟੀਆਂ ਅੱਤਵਾਦੀ ਹਾਫ਼ਿਜ਼ ਸਈਦ ਦੀ ਭਾਸ਼ਾ ਬੋਲ ਰਹੀਆਂ ਹਨ।
ਸੀ ਪੀ ਆਈ ਆਗੂ ਡੀ ਰਾਜਾ ਚੁਣੌਤੀ 
ਸੀ ਪੀ ਆਈ ਆਗੂ ਡੀ ਰਾਜਾ ਨੇ ਮਹੇਸ਼ ਗਿਰੀ ਦੇ ਦੋਸ਼ ਦਾ ਜੁਆਬ ਦਿੰਦਿਆਂ ਕਿਹਾ ਕਿ ਮੇਰੀ ਬੇਟੀ ਅਪਰਾਜਿਤਾ ਦੀ ਦੇਸ਼ ਭਗਤੀ 'ਤੇ ਕੋਈ ਸੁਆਲ ਨਹੀਂ ਉਠਾ ਸਕਦਾ। ਉਨ੍ਹਾ ਕਿ ਮੈਂ ਚੁਣੌਤੀ ਦਿੰਦਾ ਹਾਂ ਉਨ੍ਹਾਂ ਨੂੰ ਕਿ ਉਸ ਵੀਡਿਓ ਦੀ ਜਾਂਚ ਹੋਵੇ, ਆਖਿਰ ਇਹ ਵੀਡਿਓ ਉਨ੍ਹਾਂ ਨੂੰ ਕਿਸ ਨੇ ਦਿੱਤਾ। ਜੇ ਐੱਨ ਯੂ ਕੈਂਪਸ 'ਚ ਤਾਂ ਕੈਮਰੇ ਵੀ ਨਹੀਂ ਹਨ।
ਖੱਬੇਪੱਖੀ ਆਗੂਆਂ ਦੀ ਕੇਜਰੀਵਾਲ ਨਾਲ ਮੁਲਾਕਾਤ 
ਯੇਚੁਰੀ, ਡੀ ਰਾਜਾ ਅਤੇ ਕੇ ਸੀ ਤਿਆਗੀ ਨੇ ਬਾਅਦ 'ਚ ਇਸ ਮੁੱਦੇ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਅਤੇ ਮਜਿਸਟੀਰੀਅਲ ਜਾਂਚ ਦੀ ਮੰਗ ਕੀਤੀ ਤਾਂ ਕਿ ਕਨ੍ਹੱਈਆ ਕੁਮਾਰ ਵਿਰੁੱਧ ਪੇਸ਼ ਕੀਤੇ ਗਏ ਸਬੂਤ ਦੀ ਪ੍ਰਮਾਣਿਕਤਾ ਦਾ ਪਤਾ ਲਾਇਆ ਜਾ ਸਕੇ। ਮੁਲਾਕਾਤ ਤੋਂ ਬਾਅਦ ਯੇਚੁਰੀ ਨੇ ਕਿਹਾ ਕਿ ਦਿੱਲੀ ਪੁਲਸ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਦੀ ਜਾਂਚ ਲਈ ਇੱਕ ਅਜ਼ਾਦਾਨਾ ਜਾਂਚ ਦੀ ਲੋੜ ਹੈ। ਇਹ ਪੁੱਛੇ ਜਾਣ 'ਤੇ ਕਿ ਵਫ਼ਦ ਰਾਜਨਾਥ ਸਿੰਘ ਨੂੰ ਮਿਲਣ ਤੋਂ ਬਾਅਦ ਕੇਜਰੀਵਾਲ ਨੂੰ ਕਿਉਂ ਮਿਲਿਆ, ਯੇਚੁਰੀ ਨੇ ਕਿਹਾ ਕਿ ਇਹ ਸਮੁੱਚੀ ਘਟਨਾ ਦਿੱਲੀ ਖੇਤਰ ਵਿੱਚ ਵਾਪਰੀ ਹੈ। ਦਿੱਲੀ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਕੇਜਰੀਵਾਲ ਨੂੰ ਜਾਂਚ ਕਰਵਾਉਣ ਅਤੇ ਸਬੂਤ ਦੀ ਪ੍ਰਮਾਣਿਕਤਾ ਸਥਾਪਤ ਕਰਨ ਦਾ ਅਧਿਕਾਰ ਹੈ। ਇਸ ਮੌਕੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਿਨ੍ਹਾਂ ਨੇ ਦੇਸ਼ ਵਿਰੋਧੀ ਨਾਅਰੇ ਲਾਏ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ, ਪਰ ਜੋ ਇਸ ਨੂੰ ਬਹਾਨਾ ਬਣਾ ਕੇ ਪੂਰੀ ਯੂਨੀਵਰਸਿਟੀ 'ਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਉਹ ਪੂਰੀ ਤਰ੍ਹਾਂ ਗਲਤ ਹੈ।
ਜਨਤਾ ਦਲ (ਯੂ) ਵੱਲੋਂ ਵੀ ਸਰਕਾਰੀ ਐਕਸ਼ਨ ਦੀ ਆਲੋਚਨਾ 
ਜਨਤਾ ਦਲ (ਯੂ) ਆਗੂ ਕੇ ਸੀ ਤਿਆਗੀ ਨੇ ਕਿਹਾ ਕਿ ਇਸ ਮੌਕੇ ਦੀ ਪੂਰੀ ਵੀਡਿਓ ਦੇਖੀ ਜਾਵੇ ਤਾਂ ਇਸ ਵਿੱਚ ਕਿਸੇ ਵੀ ਖੱਬੇ-ਪੱਖੀ ਵਿਦਿਆਰਥੀ ਜਥੇਬੰਦੀ ਦੇ ਆਗੂਆਂ ਜਾਂ ਮੈਂਬਰਾਂ ਨੇ ਇੱਕ ਵੀ ਦੇਸ਼ ਵਿਰੋਧੀ ਨਾਅਰਾ ਨਹੀਂ ਲਾਇਆ। ਉਨ੍ਹਾ ਕਿਹਾ ਕਿ ਆਰ ਐੱਸ ਐੱਸ, ਭਾਜਪਾ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦੀ ਆਲੋਚਨਾ ਕਰਕੇ ਕਨ੍ਹੱਈਆ ਕੁਮਾਰ ਨੇ ਕੁਝ ਵੀ ਗਲਤ ਨਹੀਂ ਕੀਤਾ।
ਸੰਘ-ਪਰਵਾਰ ਦੀ ਬਦਲਾ-ਲਊ ਕਾਰਵਾਈ-ਅਰਸ਼ੀ 
ਚੰਡੀਗੜ੍ਹ:ਸੀ ਪੀ ਆਈ ਦੀ ਪੰਜਾਬ ਇਕਾਈ ਦੇ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਸਾਥੀ ਕਨੱ੍ਹਈਆ ਕੁਮਾਰ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਸਖਤ ਨਿਖੇਧੀ ਕੀਤੀ। ਸਾਥੀ ਅਰਸ਼ੀ ਨੇ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਜੇ ਐੱਨ ਯੂ ਵਿਚ ਦੇਸ਼-ਵਿਰੋਧੀ, ਪਾਕਿਸਤਾਨ ਪੱਖੀ ਅਤੇ ਵੱਖਵਾਦੀ ਨਾਅਰੇ ਲਾਏ ਜਾਣ ਦੀ ਨਿੰਦਿਆ ਕਰਦਿਆਂ ਮੰਗ ਕੀਤੀ ਕਿ ਬਕਾਇਦਾ ਜਾਂਚ ਕਰਕੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜਾ ਕੀਤਾ ਜਾਵੇ, ਨਾ ਕਿ ਨਿਰਦੋਸ਼ਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਕਨ੍ਹਈਆ ਕੁਮਾਰ ਉਤੇ ਦੇਸ਼-ਧ੍ਰੋਹ ਦੀ ਧਾਰਾ ਲਾ ਕੇ ਗ੍ਰਿਫਤਾਰ ਕਰਨ ਨੂੰ ਸੰਘ-ਪਰਵਾਰ ਦੀ ਬਦਲਾ-ਲਊ ਕਾਰਵਾਈ ਕਰਾਰ ਦਿੱਤਾ। ਕਨ੍ਹਈਆ ਕੁਮਾਰ ਏ ਆਈ ਐੱਸ ਐੱਫ ਦਾ ਆਗੂ ਅਤੇ ਖੱਬੇ-ਪੱਖੀ ਹੋਣ ਵਜੋਂ ਦੇਸ਼ਭਗਤ, ਇਨਕਲਾਬੀ ਹੈ, ਉਹਦੀ ਜਥੇਬੰਦੀ ਦਾ ਦੇਸ਼ ਦੀ ਆਜ਼ਾਦੀ ਅਤੇ ਦੇਸ਼ ਦੀ ਰੱਖਿਆ ਹਿੱਤ ਬਹੁਤ ਸ਼ਾਨਦਾਰ ਰੋਲ ਰਿਹਾ ਹੈ।
ਸਾਥੀ ਅਰਸ਼ੀ ਨੇ ਸੰਘ-ਪਰਵਾਰ ਦੀਆਂ ਜੇ ਐੱਨ ਯੂ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਦੀ ਨਿਖੇਧੀ ਕੀਤੀ ਅਤੇ ਸਾਥੀ ਕਨ੍ਹਈਆ ਕੁਮਾਰ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਏ ਆਈ ਐੱਸ ਐੱਫ ਦਾ ਹਰ ਕਿਸਮ ਦੇ ਅੱਤਵਾਦ ਵਿਰੁੱਧ, ਸਾਮਰਾਜ ਵਿਰੁੱਧ ਲੜਦਿਆਂ, ਸ਼ਹੀਦ ਭਗਤ ਸਿੰਘ ਦੀਆਂ ਰਵਾਇਤਾਂ ਉਤੇ ਚਲਦਿਆਂ ਵਿਦਿਆਰਥੀਆਂ, ਸਿੱਖਿਆ ਪ੍ਰਣਾਲੀ, ਸਮਾਜਿਕ ਪ੍ਰਗਤੀ ਅਤੇ ਦੇਸ ਦੀ ਏਕਤਾ-ਅਖੰਡਤਾ ਲਈ ਕੁਰਬਾਨੀਆਂ ਦੇਣ ਦਾ ਸ਼ਾਨਦਾਰ ਇਤਿਹਾਸ ਹੈ, ਜਿਸਨੂੰ ਫਿਰਕੂ ਤੇ ਫਾਸ਼ੀ ਮੁਖੀ ਸੰਘ-ਪਰਵਾਰ ਤੋਂ 'ਦੇਸ਼ਭਗਤੀ' ਦਾ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ। ਉਹਨਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਵਿਦਿਆਰਥੀ ਅਤੇ ਲੋਕ ਨਾ ਸਾਡੇ ਬਾਹਰਲੇ ਤੇ ਨਾ ਹੀ ਅੰਦਰਲੇ ਦੁਸ਼ਮਣਾਂ ਦੀਆਂ ਸਾਡੀ ਸਾਂਝ ਨੂੰ ਤੋੜਣ ਦੀਆਂ ਤਰਕੀਬਾਂ ਕਾਮਯਾਬ ਹੋਣ ਦੇਣਗੇ। ਉਹਨਾਂ ਨੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾਕਟਰ ਅਲੀ ਜਾਵੇਦ ਨੂੰ ਵੀ ਬਿਨਾਂ ਵਜ੍ਹਾ ਤੰਗ-ਪਰੇਸ਼ਾਨ ਕਰਨ ਅਤੇ ਝੂਠੇ ਕੇਸਾਂ ਵਿਚ ਲਪੇਟਣ ਦੀ ਕੋਸ਼ਿਸ਼ ਦੀ ਨਿੰਦਿਆ ਕੀਤੀ ਅਤੇ ਕਿਹਾ ਕਿ ਬਕਾਇਦਾ ਨਿਆਂਪੂਰਨ ਜਾਂਚ ਕਰਕੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜੇ ਕੀਤਾ ਜਾਵੇ ਅਤੇ ਖੱਬੇ-ਪੱਖੀ ਆਗੂਆਂ ਨੂੰ ਫਸਾਉਣ ਲਈ ਕੁਚਾਲਾਂ ਨਾ ਚੱਲੀਆਂ ਜਾਣ।
ਇਸੇ ਦੌਰਾਨ ਇਸ ਮੁੱਦੇ ਨੂੰ ਲੈ ਕੇ ਪੰਜਾਬ ਵਿਕ੍ਚ ਵੀ ਅੰਦੋਲਨ ਦਾ ਐਲਾਨ ਕੀਤਾ ਗਿਆ ਹੈ। ਜਦੋਂ ਸਾਰਾ ਦੇਸ਼ 14 ਫਰਵਰੀ ਨੂੰ ਸੰਤ ਵੈਲੇੰਟਾਈਨ ਦਾ ਦਿਨ ਮਨਾ ਰਿਹਾ ਹੋਵੇਗਾ ਉਦੋਂ ਸੀਪੀਆਈ ਦੇ ਕਾਰਕੁਨ ਆਪਣੇ ਨੌਜਵਾਨ ਆਗੂ ਦੀ ਰਿਹਾਈ ਲਈ ਸੜਕਾਂ ਤੇ ਨਾਰੇਬਾਜੀ ਕਰ ਰਹੇ ਹੋਣਗੇ।  

Friday, February 12, 2016

JNU ਸਟੂਡੈਂਟ ਯੂਨੀਅਨ ਦਾ ਪ੍ਰਧਾਨ ਕਨਹੀਆ ਕੁਮਾਰ ਗਿ੍ਫਤਾਰ

ਖੱਬੇ ਪੱਖੀ ਆਗੂ ਡੀ ਰਾਜਾ ਵੱਲੋਂ ਗ੍ਰਿਫਤਾਰੀ ਦੀ ਸਖਤ ਨਿਖੇਧੀ
ਨਵੀਂ ਦਿੱਲੀ: 12 ਫਰਵਰੀ 2016:ਜਵਾਹਰ  (ਪੰਜਾਬ ਸਕਰੀਨ ਬਿਊਰੋ):
ਦੇਸ਼ ਅਤੇ ਤਿਰੰਗੇ ਦੇ ਖਿਲਾਫ਼ ਸਰਗਰਮੀਆਂ ਦਾ ਸਰਕਾਰ ਨੇ ਦੇਰ ਨਾਲ ਪਰ ਗੰਭੀਰ ਨੋਟਿਸ ਲਿਆ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.) ਵਿਚ ਦੇਸ਼ ਵਿਰੋਧੀ ਨਾਅਰੇਬਾਜ਼ੀ ਅਤੇ ਸੰਸਦ ਹਮਲੇ ਦੇ ਦੋਸ਼ੀ ਅਫਜਲ ਗੁਰੂ ਦੀ ਬਰਸੀ ਮਨਾਏ ਜਾਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇਹਨਾਂ ਸਰਗਰਮੀਆਂ ਦੇ ਤਿੱਖੇ ਵਿਰੋਧ ਦੀਆਂ ਖਬਰਾਂ ਮੀਡੀਆ ਵਿੱਚ ਆਉਣ ਤੋਂ ਬਾਅਦ  ਜੇ ਐਨ ਯੂ. ਸਟੂਡੈਂਟ ਯੂਨੀਅਨ ਦੇ ਪ੍ਰਧਾਨ ਕਨਹੀਆ ਕੁਮਾਰ ਨੂੰ ਦੇਸ਼ ਧ੍ਰੋਹ ਅਤੇ ਅਪਰਾਧਿਕ ਸਾਜਿਸ਼ ਦੇ ਦੋਸ਼ 'ਚ ਗਿ੍ਫਤਾਰ ਕੀਤਾ ਗਿਆ ਹੈ। ਉਸ ਨੂੰ ਬਾਅਦ 'ਚ ਦਿੱਲੀ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ  ਜਿੱਥੇ ਅਦਾਲਤ ਨੇ ਉਸ ਨੂੰ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਦੱਸਿਆ ਜਾਂਦਾ ਹੈ ਜੇਐਨਯੂ 'ਚ ਕਰਵਾਏ ਪ੍ਰੋਗਰਾਮ 'ਚ ਕਥਿਤ ਤੌਰ 'ਤੇ ਦੇਸ਼ ਖਿਲਾਫ ਤੇ ਅੱਤਵਾਦੀਆਂ ਦੇ ਸਮਰਥਨ 'ਚ ਨਾਅਰੇਬਾਜ਼ੀ ਕੀਤੀ ਗਈ ਸੀ। ਦਿੱਲੀ ਤੋਂ ਭਾਜਪਾ ਸਾਂਸਦ ਮਹੇਸ਼ ਗਿਰੀ ਅਤੇ ਏ.ਬੀ.ਵੀ.ਪੀ. ਦੀ ਸ਼ਿਕਾਇਤ 'ਤੇ ਵਸੰਤ ਕੁੰਜ ਥਾਣੇ ਵਿਚ ਧਾਰਾ 124-ਏ ਅਤੇ 120 ਬੀ ਤਹਿਤ ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਪ੍ਰੈਸ ਕਲੱਬ 'ਚ ਹੋਏ ਇਕ ਪ੍ਰੋਗਰਾਮ ਨੂੰ ਲੈ ਕੇ ਵੀ ਦਿੱਲੀ ਪੁਲਿਸ ਨੇ ਐਫ.ਆਈ.ਆਰ. ਦਰਜ ਕੀਤੀ ਹੈ, ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੋਗਰਾਮ ਵੀ ਅਫਜਲ ਗੁਰੂ ਦੇ ਸਮਰਥਨ 'ਚ ਕੀਤਾ ਗਿਆ ਸੀ ਤੇੇ ਇਸ ਸਮਾਰੋਹ ਦੇ ਪ੍ਰਬੰਧਕ ਜਾਵੇਦ ਅਲੀ ਨੂੰ ਦਿੱਲੀ ਪੁਲਿਸ ਨੇ ਸੰਸਦ ਮਾਰਗ ਸਥਿਤ ਪੁਲਿਸ ਸਟੇਸ਼ਨ 'ਚ ਪੁੱਛਗਿੱਛ ਲਈ ਸੱਦਿਆ। ਸੋਸ਼ਲ ਮੀਡੀਆ 'ਤੇ ਇਹਨਾਂ ਸਰਗਰਮੀਆਂ ਦਾ ਤਿੱਖਾ ਵਿਰੋਧ ਦੇਖਣ ਵਿੱਚ ਆਇਆ।
ਸੀਪੀਆਈ ਵੱਲੋਂ ਗ੍ਰਿਫਤਾਰੀ ਦੀ ਤਿੱਖੀ ਆਲੋਚਨਾ 
ਸੀ ਪੀ ਆਈ ਦੀ ਕੇਂਦਰੀ ਸਕੱਤਰੇਤ ਨੇ ਦਿੱਲੀ ਪੁਲਸ ਵੱਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਛਾਪਾ ਮਾਰ ਕੇ ਜੇ ਐੱਨ ਯੂ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨੱਈਆ ਲਾਲ ਦੀ ਗ੍ਰਿਫਤਾਰੀ ਦੀ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਕਿ ਕਨੱਈਆ ਦਾ ਸੰਬੰਧ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨਾਲ ਹੈ, ਜਿਸ ਦਾ ਦੇਸ਼ 'ਚ ਸ਼ਾਨਦਾਰ ਇਤਿਹਾਸ ਹੈ। ਪਾਰਟੀ ਨੇ ਕਿਹਾ ਕਿ ਦਿੱਲੀ ਪੁਲਸ ਨੂੰ ਪਹਿਲਾਂ ਇਸ ਗੱਲ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਯੂਨੀਵਰਸਿਟੀ 'ਚ ਦੇਸ਼ ਵਿਰੋਧੀ ਨਾਅਰੇਬਾਜ਼ੀ ਕਰਨ ਵਾਲੇ ਕੌਣ ਸਨ ਅਤੇ ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ। ਪਾਰਟੀ ਨੇ ਵਿਦਿਆਰਥੀ ਆਗੂ ਅਤੇ ਹੋਰਨਾਂ ਆਗੂਆਂ ਦੀ ਤੁਰੰਤ ਰਿਹਾਈ ਅਤੇ ਯੂਨੀਵਰਸਿਟੀ ਕੈਂਪਸ 'ਚੋਂ ਪੁਲਸ ਹਟਾਉਣ ਦੀ ਮੰਗ ਕੀਤੀ।
ਅੱਤਵਾਦੀ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਦੇ ਵਿਰੋਧ 'ਚ ਜੇ ਐੱਨ ਯੂ 'ਚ ਆਯੋਜਿਤ ਪ੍ਰੋਗਰਾਮ ਮਗਰੋਂ ਉਠਿਆ ਵਿਵਾਦ ਹੋਰ ਵਧ ਗਿਆ ਹੈ। ਦਿੱਲੀ ਪੁਲਸ ਨੇ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੂੰ ਦੇਸ਼ ਵਿਰੋਧੀ ਨਾਅਰੇ ਲਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਲੀ ਜਾਵੇਦ ਨੂੰ ਵੀ ਪੁਛਗਿੱਛ ਲਈ ਤਲਬ ਕੀਤਾ ਗਿਆ ਹੈ।
ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨੱਈਆ ਕੁਮਾਰ ਦਾ ਅਦਾਲਤ ਨੇ ਤਿੰਨ ਦਿਨਾਂ ਦਾ ਪੁਲਸ ਰਿਮਾਂਡ ਦੇ ਦਿੱਤਾ 
ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨੱਈਆ ਕੁਮਾਰ ਦਾ ਅਦਾਲਤ ਨੇ ਤਿੰਨ ਦਿਨਾਂ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ। ਅਦਾਲਤ 'ਚ ਪੇਸ਼ੀ ਮੌਕੇ ਉਨ੍ਹਾ ਕਿਹਾ ਕਿ ਏ ਬੀ ਵੀ ਪੀ ਚੋਣਾਂ 'ਚ ਹਾਰ ਕਾਰਨ ਉਹਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾ ਕਿਹਾ ਕਿ ਨਾਅਰੇਬਾਜ਼ੀ ਕਰਨ ਵਾਲਿਆਂ ਦਾ ਸਟੂਡੈਂਟਸ ਯੂਨੀਅਨ ਨਾਲ ਕੋਈ ਸੰਬੰਧ ਨਹੀਂ। ਉਨ੍ਹਾ ਕਿਹਾ ਕਿ ਜਦੋਂ ਨਾਅਰੇਬਾਜ਼ੀ ਕਰ ਰਹੇ ਵਿਦਿਆਰਥੀਆਂ ਅਤੇ ਏ ਬੀ ਵੀ ਪੀ ਵਾਲਿਆਂ ਵਿਚਕਾਰ ਝੜਪ ਹੋਈ, ਉਹ ਉਸ ਵੇਲੇ ਮੌਕੇ 'ਤੇ ਪਹੁੰਚੇ ਸਨ।
ਪੁਲਸ ਨੇ ਅੱਜ ਕਨੱਈਆ ਕੁਮਾਰ ਨੂੰ ਅਦਾਲਤ 'ਚ ਪੇਸ਼ ਕੀਤਾ ਅਤੇ ਉਹਨਾਂ ਦੇ 5 ਦਿਨ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ। ਕਨ੍ਹੱਈਆ ਕੁਮਾਰ ਨੇ ਕਿਹਾ ਕਿ ਉਹਨਾਂ ਦਾ ਪ੍ਰੋਗਰਾਮ ਨਾਲ ਕੋਈ ਸੰਬੰਧ ਨਹੀਂ ਅਤੇ ਉਹ ਪ੍ਰੋਗਰਾਮ ਦੇ ਆਯੋਜਕ ਨਹੀਂ ਸਨ।
ਉਧਰ ਪੁਲਸ ਨੇ ਪ੍ਰੋਫੈਸਰ ਅਲੀ ਜਾਵੇਦ ਨੂੰ ਵੀ ਪੁਛਗਿੱਛ ਲਈ ਤਲਬ ਕੀਤਾ ਹੈ। ਉਹ ਪ੍ਰੈੱਸ ਕਲੱਬ 'ਚ ਆਯੋਜਿਤ ਪ੍ਰੋਗਰਾਮ 'ਚ ਮੌਜੂਦ ਸਨ ਜਿੱਥੇ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ ਸੀ। ਪ੍ਰੈੱਸ ਕਲੱਬ ਨੇ ਵੀ ਜਾਵੇਦ ਅਲੀ ਦੀ ਮੈਂਬਰੀ ਖਾਰਜ ਕਰ ਦਿੱਤੀ ਹੈ।
ਭਾਰਤ ਵਿਰੋਧੀ ਨਾਅਰੇਬਾਜ਼ੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਹੁਕਮ 
ਅਜਿਹੀਆਂ ਸਰਗਰਮੀਆਂ ਦੀ ਰੋਕਥਾਮ ਲਈ ਸਖਤ ਹੋਈ ਸਰਕਾਰ ਦੇ ਰੁੱਖ ਦੇ ਅਹਿਸਾਸ ਕਰਾਉਂਦਿਆਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਵਿਚ ਰਹਿ ਕੇ ਰਾਸ਼ਟਰਵਿਰੋਧੀ ਨਾਅਰੇ ਲਗਾਉਣ ਵਾਲਿਆਂ ਨੂੰ ਕਿਸੇ ਵੀ ਸੂਰਤ 'ਚ ਮੁਆਫ ਨਹੀਂ ਕੀਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਭਾਰਤੀ ਵਿਰੋਧੀ ਨਾਅਰੇ ਲਾਉਂਦਾ ਹੈ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ 'ਤੇ ਸਵਾਲ ਖੜੇ ਕਰਦਾ ਹੈ ਤਾਂ ਅਜਿਹੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।  ਉਨ੍ਹਾਂ ਕਿਹਾ ਕਿ ਜੇ ਐਨ ਯੂ ਵਿਚ ਜੋ ਕੁੱਝ ਵੀ ਹੋਇਆ ਉਸ ਬਾਰੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਜ਼ਰੂਰੀ ਹਦਾਇਤ ਦੇ ਦਿੱਤੀ ਗਈ ਹੈ। ਖੱਬੇ ਪੱਖੀ ਆਗੂ ਡੀ. ਰਾਜਾ ਨੇ ਕੱਨਹੀਆ ਦੀ ਗਿ੍ਫਤਾਰੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਏ.ਬੀ.ਵੀ.ਪੀ., ਹੁਣ ਏ.ਆਈ.ਐਸ.ਐਫ. ਨੂੰ ਰਾਸ਼ਟਰਵਾਦ ਨਾ ਸਮਝਾਏ, ਉਨ੍ਹਾਂ ਕਿਹਾ ਕਿ ਏ ਆਈ ਐਸ ਐਫ ਦੇ ਆਗੂਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।  ਇਸ ਮਾਮਲੇ ਸਬੰਧੀ ਏ.ਬੀ.ਵੀ.ਪੀ. ਨੇ ਪ੍ਰਦਰਸ਼ਨ ਤੇਜ਼ ਕਰ ਦਿੱਤਾ ਤੇ ਰੈਲੀ ਕੱਢ ਕੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ।  ਏ ਬੀ ਵੀ ਪੀ ਵਲੋਂ ਇੰਡੀਆ ਗੇਟ 'ਤੇ ਰੋਸ ਮਾਰਚ ਕੱਢਿਆ ਗਿਆ। ਪੁਲਿਸ ਨੇ ਉਨ੍ਹਾਂ 'ਚੋਂ 90 ਨੂੰ ਹਿਰਾਸਤ 'ਚ ਲੈ ਲਿਆ ਹੈ।ਇਸ ਵਿਵਾਦ ਦੇ ਹੋਣ ਵਧਣ ਦੇ ਆਸਾਰ ਹਨ। 
ਯੂਨੀਵਰਸਿਟੀ ਨੇ 8 ਵਿਦਿਆਰਥੀਆਂ ਨੂੰ ਵਿਦਿਅਕ ਗਤੀਵਿਧੀਆਂ 'ਚ ਹਿੱਸਾ ਲੈਣ ਤੋਂ ਰੋਕਿਆ
ਇਸੇ ਦੌਰਾਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਬੀਤੇ ਦਿਨੀਂ ਇੱਕ ਸਮਾਗਮ ਵਿੱਚ ਅਫਜ਼ਲ ਗੁਰੂ ਨੂੰ ਸ਼ਹੀਦ ਕਹੇ ਜਾਣ ਦੇ ਮਾਮਲੇ ਵਿਚ ਯੂਨੀਵਰਸਿਟੀ ਪ੍ਰਸਾਸ਼ਨ ਨੇ 8 ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀਆਂ ਵਿਦਿਅਕ ਗਤੀਵਿਧੀਆਂ 'ਚ ਹਿੱਸਾ ਲੈਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਵਿਦਿਆਰਥੀਆਂ ਖਿਲਾਫ ਕਾਰਵਾਈ ਅਨੁਸ਼ਾਸ਼ਨੀ ਕਮੇਟੀ ਦੀ ਆਰਜੀ ਰਿਪੋਰਟ ਦੇ ਅਧਾਰ ਤੌਰ 'ਤੇ ਕੀਤੀ ਗਈ ਹੈ | ਹਾਲਾਂਕਿ ਨਿਰਪੱਖ ਜਾਂਚ ਲਈ ਉਨ੍ਹਾਂ ਨੂੰ ਹੋਸਟਲ ਵਿਚ ਰਹਿਣ ਦੀ ਇਜ਼ਾਜਤ ਦਿੱਤੀ ਗਈ ਹੈ। ਯੂਨੀਵਰਸਿਟੀ ਵੱਲੋਂ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਨੁਸ਼ਾਸ਼ਨੀ ਕਮੇਟੀ ਦੀ ਆਰਜੀ ਰਿਪੋਰਟ ਦੇ ਅਧਾਰ 'ਤੇ ਕਾਰਵਾਈ ਕੀਤੀ ਗਈ ਹੈ ਅਤੇ ਅੰਤਿਮ ਰਿਪੋਰਟ 2 ਹਫਤਿਆ ਵਿਚ ਆਵੇਗੀ। ਕਾਬਿਲ-ਏ-ਜ਼ਿਕਰ ਹੈ ਕਿ ਪੰਜਾਬ ਵਿੱਚ ਭਾਜਪਾ ਆਗੂ ਲਕਸ਼ਮੀ ਕਾਂਤਾ ਚਾਵਲਾ ਅਤੇ ਕਈ ਹੋਰਨਾਂ ਨੇ ਵੀ ਇਸ ਮੁੱਦੇ ਨੂੰ ਲੈ ਕੇ ਆਵਾਜ਼ ਉਠਾਈ ਸੀ। ਸੋਸ਼ਲ ਮੀਡੀਆ ਤੇ ਇਸ ਮੁੱਦੇ ਨੂੰ ਲੈ ਕਾਫੀ ਕੁਝ ਪੋਸਟ ਕੀਤਾ ਗਿਆ ਸੀ। 
ABVP  ਵੱਲੋਂ ਦੇਸ਼ ਭਰ ਵਿੱਚ ਅੰਦੋਲਨ ਦਾ ਐਲਾਨ 
ਆਲ ਇੰਡੀਆ ਵਿਦਿਆਰਥੀ ਪ੍ਰੀਸ਼ਦ (ਏ ਬੀ ਵੀ ਪੀ) ਨੇ ਘਟਨਾ ਦੇ ਵਿਰੋਧ 'ਚ ਦੇਸ਼ ਵਾਪੀ ਅੰਦੋਲਨ ਦਾ ਐਲਾਨ ਕੀਤਾ ਹੈ।
ਜਥੇਬੰਦੀ ਨੇ ਕਿਹਾ ਕਿ ਯੂਨੀਵਰਸਿਟੀ 'ਚ ਵਾਪਰੀ ਘਟਨਾ ਦੇਸ਼ ਦਾ ਅਪਮਾਨ ਹੈ ਅਤੇ ਅਜਿਹੇ ਕੰਮਾਂ ਰਾਹੀਂ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੀਸ਼ਦ ਨੇ ਘਟਨਾ 'ਚ ਸ਼ਾਮਲ ਲੋਕਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਸਟੂਡੈਂਟਸ ਯੂਨੀਅਨ ਵੱਲੋਂ ABVP ਦੀ ਆਲੋਚਨਾ 
ਦੂਜੇ ਪਾਸੇ ਜੇ ਐੱਨ ਯੂ ਸਟੂਡੈਂਟਸ ਯੂਨੀਅਨ ਨੇ ਖੁਦ ਨੂੰ ਸਾਰੇ ਵਿਵਾਦ ਤੋਂ ਵੱਖ ਕਰਦਿਆਂ ਕਿਹਾ ਕਿ ਏ ਬੀ ਵੀ ਪੀ ਯੂਨੀਵਰਸਿਟੀ 'ਚ ਲੋਕਤੰਤਰੀ ਪ੍ਰੰਪਰਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਜਵਾਹਰ ਲਾਲ ਨਹਿਰੂ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੇ ਕਿਹਾ ਕਿ ਅਸੀਂ ਖੁਦ ਨੂੰ ਵਿਵਾਦ ਤੋਂ ਵੱਖ ਕਰਦੇ ਹਾਂ ਤੇ ਇਸ ਤਰ੍ਹਾਂ ਇਸ ਮੁੱਦੇ 'ਤੇ ਹੰਗਾਮਾ ਖੜਾ ਕੀਤਾ ਗਿਆ ਹੈ, ਉਸ ਤੋਂ ਹੈਰਾਨ ਹਾਂ। ਉਨ੍ਹਾ ਕਿਹਾ ਕਿ ਅਸੀਂ ਯੂਨੀਵਰਸਿਟੀ ਕੈਂਪਸ 'ਚ ਲਾਏ ਗਏ ਦੇਸ਼ ਵਿਰੋਧੀ ਨਾਅਰਿਆਂ ਦੀ ਨਿਖੇਧੀ ਕਰਦੇ ਹਾਂ, ਪਰ ਇਹ ਯੂਨੀਵਰਸਿਟੀ ਦਾ ਅਕਸ ਖਰਾਬ ਕਰਨ ਅਤੇ ਯੂਨੀਵਰਸਿਟੀ ਦੀ ਲੋਕਤੰਤਰੀ ਪ੍ਰੰਪਰਾ ਨੂੰ ਰੋਕਣ ਦੀ ਏ ਬੀ ਵੀ ਪੀ ਦੀ ਸਾਜ਼ਿਸ਼ ਹੈ।
ਜ਼ਿਕਰਯੋਗ ਹੈ ਕਿ ਜੇ ਐੱਨ ਯੂ 'ਚ ਮੰਗਲਵਾਰ ਸ਼ਾਮ ਸੰਸਦ ਹਮਲੇ 'ਚ ਸ਼ਾਮਲ ਅੱਤਵਾਦੀ ਅਫਜ਼ਲ ਗੁਰੂ ਅਤੇ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਸੰਸਥਾਪਕ ਮੁਕਬੂਲ ਭੱਟ ਦੀ ਯਾਦ 'ਚ ਸੱਭਿਆਚਾਰਕ ਸ਼ਾਮ ਦਾ ਆਯੋਜਨ ਕੀਤਾ ਗਿਆ ਸੀ ਅਤੇ ਇਹ ਆਯੋਜਨ ਡੈਮੋਕਰੇਟਿਕ ਸਟੂਡੈਂਟਸ ਯੂਨੀਅਨ ਨਾਲ ਸੰਬੰਧ ਰੱਖਣ ਵਾਲੇ 10 ਵਿਦਿਆਰਥੀਆਂ ਨੇ ਕੀਤਾ ਸੀ। ਏ ਬੀ ਵੀ ਪੀ ਨੇ ਸਮਾਗਮ ਦਾ ਵਿਰੋਧ ਕਰਦਿਆਂ ਹੰਗਾਮਾ ਕੀਤਾ ਅਤੇ ਗੱਲ ਮਾਰਕੁੱਟ ਤੱਕ ਪੁੱਜ ਗਈ, ਜਿਸ 'ਤੇ ਹਾਲਾਤ 'ਤੇ ਕਾਬੂ ਪਾਉਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪੁਲਸ ਸੱਦਣੀ ਪਈ। ਹੁਣ ਦੇਖਣਾ ਹੈ ਕਿ ਮਾਮਲਾ ਕੀ ਰੁੱਖ ਅਖਤਿਆਰ ਕਰਦਾ ਹੈ?