ਆਪਣੀ ਰਾਖੀ ਆਪ ਕਰਨ ਵਾਲੀ ਸੋਚ ਨੂੰ ਅਮਲ ਵਿੱਚ ਲਿਆਉਣ ਦੀ ਤਿਆਰੀ
ਨਵੀਂ ਦਿੱਲੀ: 6 ਜਨਵਰੀ 2020: (ਪੰਜਾਬ ਸਕਰੀਨ ਡੈਸਕ)::
ਨਵੀਂ ਦਿੱਲੀ: 6 ਜਨਵਰੀ 2020: (ਪੰਜਾਬ ਸਕਰੀਨ ਡੈਸਕ)::
ਫਾਸ਼ੀਵਾਦੀ ਇੱਕ ਵਾਰ ਫੇਰ ਬੇਨਕਾਬ ਹੋ ਗਏ ਹਨ। ਉਹਨਾਂ ਦਾ ਇਹ ਫਾਸ਼ੀ ਚੇਹਰਾ ਇੱਕ ਵਾਰ ਫੇਰ ਸਾਹਮਣੇ ਆ ਗਿਆ ਹੈ। ਉਹਨਾਂ ਦੱਸ ਦਿੱਤਾ ਹੈ ਕਿ ਉਹ ਕਿੱਥੋਂ ਤੱਕ ਜਾ ਸਕਦੇ ਹਨ। ਸਿਸਟਮ ਅਤੇ ਸਰਕਾਰਾਂ ਯੂਨੀਵਰਸਿਟੀ ਅੰਦਰ ਪੜ੍ਹਦੇ ਅਤੇ ਰਹਿੰਦੇ ਵਿਦਿਆਰਥੀਆਂ ਦੀ ਸੁਰੱਖਿਆ ਕਰਨ ਵਿੱਚ ਵੀ ਨਾਕਾਮ ਰਹੀਆਂ ਹਨ। ਇਸ ਵਹਿਸ਼ੀ ਹਮਲੇ ਦੇ ਸਿੱਟੇ ਵੱਜੋਂ ਹੁਣ ਉਹ ਨਾਅਰਾ ਇੱਕ ਵਾਰ ਫੇਰ ਮਹੱਤਵਪੂਰਨ ਹੋ ਗਿਆ ਹੈ ਜਿਸ ਵਿੱਚ ਆਖਿਆ ਜਾਂਦਾ ਹੈ-
ਸਰਕਾਰਾਂ ਤੋਂ ਨਾ ਝਾਕ ਕਰੋ-
ਆਪਣੀ ਰਾਖੀ ਆਪ ਕਰੋ।
ਹੁਣ ਵਿਦਿਆਰਥੀਆਂ ਉੱਤੇ ਹੋਏ ਹਮਲੇ ਨੇ ਇਸ ਨਾਅਰੇ ਨੂੰ ਹਕੀਕੀ ਜ਼ਿੰਦਗੀ ਦੇ ਅਮਲ ਵਿੱਚ ਬਦਲਣਾ ਹੈ। ਇਹ ਸੁਨੇਹਾ ਹੁਣ ਘਰ ਘਰ, ਪਿੰਡ ਪਿੰਡ ਪਹੁੰਚ ਚੁੱਕਿਆ ਹੈ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਐਤਵਾਰ ਰਾਤ ਨੂੰ ਗੁੰਡਿਆਂ ਵੱਲੋਂ ਕੀਤੇ ਗਏ ਹਮਲੇ ਵਿਚ ਫੱਟੜ ਹੋਏ ਵਿਦਿਆਰਥੀਆਂ ਦੇ ਫੱਟਾਂ ਦੀਆਂ ਫੁਹਾਰਾਂ ਦੇਸ਼ ਹੀ ਨਹੀਂ, ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਤੱਕ ਪਈਆਂ ਹਨ। ਦੇਸ਼-ਭਰ ਦੇ ਯੂਨੀਵਰਸਿਟੀ ਕੈਂਪਸਾਂ ਦੇ ਨਾਲ-ਨਾਲ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਵੀ ਸੋਮਵਾਰ ਰੋਸ ਮੁਜ਼ਾਹਰੇ ਹੋਏ, ਜਿਨ੍ਹਾਂ ਵਿਚ ਹਮਲੇ ਦੀ ਕਰੜੀ ਨਿੰਦਾ ਕੀਤੀ ਗਈ ਤੇ ਹਮਲੇ ਦਾ ਸ਼ਿਕਾਰ ਹੋਣ ਵਾਲਿਆਂ ਨਾਲ ਇੱਕਜੁੱਟਤਾ ਪ੍ਰਗਟਾਈ ਗਈ। ਭਾਰਤ ਵਿਚ ਪਾਂਡੀਚਰੀ ਯੂਨੀਵਰਸਿਟੀ, ਬੇਂਗਲੁਰੂ ਯੂਨੀਵਰਸਿਟੀ, ਯੂਨੀਵਰਸਿਟੀ ਆਫ ਹੈਦਰਾਬਾਦ, ਅਲੀਗੜ੍ਹ ਯੂਨੀਵਰਸਿਟੀ, ਜਾਧਵਪੁਰ ਯੂਨੀਵਰਸਿਟੀ, ਰਾਇਪੁਰ ਯੂਨੀਵਰਸਿਟੀ, ਕੋਚੀ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਵਿਚ ਪ੍ਰੋਟੈੱਸਟ ਕੀਤੇ ਗਏ। ਔਕਸਫੋਰਡ ਤੇ ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਪ੍ਰੋਟੈੱਸਟ ਕਰਕੇ ਵਿਦਿਆਰਥੀਆਂ ਦੀ ਸੁਰੱਖਿਆ ਦੀ ਮੰਗ ਕੀਤੀ। ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਵੀ ਰੋਸ ਵਖਾਵੇ ਹੋਏ।
ਪਾਂਡੀਚਰੀ ਯੂਨੀਵਰਸਿਟੀ ਦੇ ਵਿਦਿਆਰਥੀ ਰਾਈਜ਼ਾ ਨੇ ਕਿਹਾ, 'ਅੱਜ ਉਨ੍ਹਾਂ 'ਤੇ ਹਿੰਸਾ ਹੋਈ, ਭਲਕੇ ਸਾਡੇ 'ਤੇ ਹੋਵੇਗੀ। ਹਰ ਕਿਸਮ ਦੀ ਹਿੰਸਾ ਨਿਖੇਧੀਯੋਗ ਹੈ। ਅਸੀਂ ਜੇ ਐੱਨ ਯੂ ਦੇ ਦੋਸਤਾਂ ਨਾਲ ਖੜ੍ਹੇ ਹਾਂ।' ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੇ ਹਰਿਆਣਾ ਅਸੰਬਲੀ ਦੇ ਸਪੀਕਰ ਗਿਆਨ ਚੰਦ ਗੁਪਤਾ ਦੇ ਭਾਸ਼ਣ ਦੌਰਾਨ ਨਾਅਰੇਬਾਜ਼ੀ ਕਰਕੇ ਇਸ ਭਾਸ਼ਣ ਨੂੰ ਡਿਸਟਰਬ ਕੀਤਾ ਅਤੇ ਇਸ ਮਸਲੇ ਨੂੰ ਪੂਰੀ ਗੰਭੀਰਤਾ ਨਾਲ ਉਠਾਇਆ। ਏਨੀ ਵੱਡੀ ਘਟਨਾ ਹੋਣ ਤੋਂ ਬਾਅਦ ਸਭ ਕੁਝ ਨਾਰਮਲ ਚੱਲ ਵੀ ਕਿਵੇਂ ਸਕਦਾ ਸੀ?
ਇਹੀ ਰੋਸ--ਇਹੀ ਬੇਚੈਨੀ, ਇਹੀ ਗੁੱਸਾ ਦੇਸ਼ ਦੇ ਹਰ ਕੋਨੇ ਵਿੱਚ ਦੇਖਿਆ ਗਿਆ। ਇਸੇ ਤਰਾਂ ਮੁੰਬਈ ਵਿੱਚ ਕਾਲਜਾਂ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਗੇਟਵੇ ਆਫ ਇੰਡੀਆ ਨੇੜੇ ਤਾਜ ਮਹਿਲ ਹੋਟਲ ਕੋਲ ਪ੍ਰੋਟੈੱਸਟ ਕੀਤਾ। ਜਾਧਵਪੁਰ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਤੇ ਆਲ ਬੰਗਾਲ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਨੇ ਹਮਲੇ ਦੀ ਨਿੰਦਾ ਕੀਤੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਨੇ ਹਮਲੇ ਦੀ ਨਿੰਦਾ ਕੀਤੀ ਤੇ ਚੀਫ ਜਸਟਿਸ ਤੋਂ ਇਸ ਹਮਲੇ ਦਾ ਨੋਟਿਸ ਲੈਣ ਦੀ ਮੰਗ ਕੀਤੀ। ਇਸ ਤਰਾਂ ਦੇਸ਼ ਦੇ ਹਰ ਕੋਨੇ ਵਿੱਚ ਇਸ ਹਮਲੇ ਦੇ ਵਿਰੋਧ ਦੀ ਅੱਗਨੀ ਫੈਲੀ ਹੋਈ ਸੀ।
ਲਹੂਲੁਹਾਨ ਹੋਏ ਵਿਦਿਆਰਥੀ ਹੁਣ ਪੜ੍ਹਨਗੇ ਜਾਂ ਸਰ ਆ ਪਈ ਇਸ ਮੁਸੀਬਤ ਦੇ ਮੁਕਾਬਲੇ ਲਈ ਸੋਚਣਗੇ? ਨਿਸਚੇ ਹੀ ਇਸ ਹਮਲੇ ਨੇ ਹੁਣ ਵਿਦਿਆਰਥੀਆਂ ਦੇ ਦਿਲਾਂ ਵਿੱਚ ਇੱਕ ਅੱਗ ਬਾਲ ਦਿੱਤੀ ਹੈ। ਜੇ ਐੱਨ ਯੂ ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼, ਜਿਸ ਦਾ ਸਿਰ ਪਾਟ ਗਿਆ, ਨੇ ਅੱਜ ਸੋਮਵਾਰ ਵਾਲੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਰ ਐੱਸ ਐਸ ਨਾਲ ਸੰਬੰਧਤ ਕੁਝ ਪ੍ਰੋਫੈਸਰਾਂ ਨੇ ਉਨ੍ਹਾ ਦੇ ਅੰਦੋਲਨ ਨੂੰ ਤੋੜਨ ਲਈ ਹਿੰਸਾ ਉਕਸਾਈ ਹੈ। ਉਹ ਇਸ ਕੰਮ ਵਿਚ ਚਾਰ-ਪੰਜ ਦਿਨਾਂ ਤੋਂ ਲੱਗੇ ਹੋਏ ਸਨ। ਪੁਲਸ ਨੇ ਗੁੰਡਿਆਂ ਨੂੰ ਨਹੀਂ ਰੋਕਿਆ। ਵਾਈਸ ਚਾਂਸਲਰ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਘੋਸ਼ ਨੇ ਕਿਹਾ, 'ਮੇਰੇ 'ਤੇ ਗਿਣ-ਮਿਥ ਕੇ ਰਾਡ ਨਾਲ ਹਮਲਾ ਕੀਤਾ ਗਿਆ। ਗੁੰਡੇ ਸਾਨੂੰ ਲਿੰਚ ਕਰਨ ਵਾਲੇ ਸਨ। ਹਮਲਾਵਰਾਂ ਕੋਲ ਹਥੌੜੇ ਵੀ ਸਨ। ਹਿੰਸਕ ਭੀੜ ਨੇ ਕਈ ਹੋਸਟਲਾਂ ਵਿਚ ਭੰਨ-ਤੋੜ ਕੀਤੀ। ਵਿਦਿਆਰਥੀਆਂ ਨੇ ਐੱਸ ਐੱਚ ਓ ਤੇ ਏ ਸੀ ਪੀ ਨੂੰ ਵੀ ਅਲਰਟ ਕੀਤਾ, ਪਰ ਕੋਈ ਮਦਦ ਲਈ ਨਹੀਂ ਬਹੁੜਿਆ।' ਇਹੀ ਵਰਤਾਰਾ ਦਿੱਲੀ ਦੇ ਸਿੱਖਾਂ ਨੇ ਨਵੰਬਰ-84 ਵਿੱਚ ਵੀ ਦੇਖਿਆ ਸੀ ਜਦੋਂ ਪੁਲਿਸ ਮੂਕ ਦਰਸ਼ਕ ਬਣੀ ਹੋਈ ਸੀ। ਹੁਣ ਦੀ ਹਕੂਮਤ ਵੀ ਉਹਨਾਂ ਪਦਚਿਨ੍ਹਾਂ ਤੇ ਹੀ ਚੱਲ ਰਹੀ ਹੈ। ਇਹ ਸਥਿਤੀ ਆਮ ਲੋਕਾਂ ਲਈ ਬਹੁਤ ਗੰਭੀਰ ਅਤੇ ਖਤਰਨਾਕ ਹੈ।
ਸਿਆਸੀ ਦਲ ਸਿਆਸੀ ਕਿਸਮ ਦੇ ਬਿਆਨ ਦੇ ਰਹੇ ਹਨ। ਇਸਦੇ ਫੌਰੀ ਹਲ ਦੀ ਕੋਈ ਗੱਲ ਨਹੀਂ ਕਰ ਰਿਹਾ। ਇਸ ਵਿਰੋਧ ਵਿੱਚ ਸ਼ਾਮਲ ਹੁੰਦਿਆਂ ਜਨਤਾ ਦਲ ਯੂਨਾਈਟਿਡ ਦੇ ਕੇ ਸੀ ਤਿਆਗੀ ਨੇ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਏ। ਜੇ ਐੱਨ ਯੂ ਦੇ ਸਾਬਕਾ ਚਾਂਸਲਰ ਕਰਨ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਐੱਮ ਜਗਦੇਸ਼ ਨਾਅਹਿਲ ਸਾਬਤ ਹੋਏ ਹਨ ਤੇ ਉਨ੍ਹਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਨੂੰ ਕਿਹਾ ਕਿ ਉਹ ਸਾਰੇ ਪੱਖਾਂ ਦੀ ਮੀਟਿੰਗ ਸੱਦ ਕੇ ਮਸਲੇ ਦਾ ਹੱਲ ਕਰਨ। ਪੁਲਸ ਨੇ ਕੁਝ ਅਣਪਛਾਤਿਆਂ ਵਿਰੁੱਧ ਹਿੰਸਾ ਕਰਨ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਕੇਸ ਦਰਜ ਕੀਤਾ ਹੈ। ਹਮਲੇ ਵਿਚ 26 ਵਿਦਿਆਰਥੀ ਤੇ ਟੀਚਰ ਜ਼ਖਮੀ ਹੋਏ ਸਨ। ਹੁਣ ਦੇਖਣਾ ਹੈ ਕਿ ਕਾਨੂੰਨ ਲਾਗੂ ਕਰਨ ਵਾਲਿਆਂ ਏਜੰਸੀਆਂ ਕੋਈ ਠੋਸ ਕਦਮ ਚੁੱਕ ਕੇ ਹਮਲਾਵਰਾਂ ਨੂੰ ਕਾਬੂ ਕਰਦੀਆਂ ਹਨ ਜਾਂ ਨਹੀਂ?
ਲੁਧਿਆਣਾ ਵਿੱਚ ਬਸ ਅੱਡੇ ਵਿੱਚ ਇਕੱਤਰ ਹੋਈਆਂ ਟਰੇਡ ਯੂਨੀਅਨਾਂ ਨੇ ਇਸ ਮੁੱਦੇ ਨੂੰ ਲੈ ਕੇ ਬਹੁਤ ਹੰਗਾਮਾ ਕੀਤਾ। ਪ੍ਰਗਤੀਸ਼ੀਲ ਲੇਖਕ ਸਿੰਘ ਵੱਲੋਂ ਲੇਖਕਾਂ ਅਤੇ ਬੁਧੀਜੀਵੀਆਂ ਨੇ ਵੀ ਇਸ ਹਮਲੇ ਦੀ ਤਿੱਖੀ ਨਿਖੇਧੀ ਕੀਤੀ। ਰੋਹ ਭਰੀ ਨਾਅਰੇਬਾਜ਼ੀ ਅਤੇ ਮਾਰਚ ਨੂੰ ਦੇਖ ਕੇ ਬਸ ਅੱਡੇ ਵਿੱਚ ਮੌਜੂਦ ਸਵਾਰੀਆਂ ਵੀ ਹੈਰਾਨ ਸਨ ਅਤੇ ਬਸ ਸਟੈਂਡ ਦਾ ਸਟਾਫ ਵੀ।
ਲੁਧਿਆਣਾ ਵਿੱਚ ਬਸ ਅੱਡੇ ਵਿੱਚ ਇਕੱਤਰ ਹੋਈਆਂ ਟਰੇਡ ਯੂਨੀਅਨਾਂ ਨੇ ਇਸ ਮੁੱਦੇ ਨੂੰ ਲੈ ਕੇ ਬਹੁਤ ਹੰਗਾਮਾ ਕੀਤਾ। ਪ੍ਰਗਤੀਸ਼ੀਲ ਲੇਖਕ ਸਿੰਘ ਵੱਲੋਂ ਲੇਖਕਾਂ ਅਤੇ ਬੁਧੀਜੀਵੀਆਂ ਨੇ ਵੀ ਇਸ ਹਮਲੇ ਦੀ ਤਿੱਖੀ ਨਿਖੇਧੀ ਕੀਤੀ। ਰੋਹ ਭਰੀ ਨਾਅਰੇਬਾਜ਼ੀ ਅਤੇ ਮਾਰਚ ਨੂੰ ਦੇਖ ਕੇ ਬਸ ਅੱਡੇ ਵਿੱਚ ਮੌਜੂਦ ਸਵਾਰੀਆਂ ਵੀ ਹੈਰਾਨ ਸਨ ਅਤੇ ਬਸ ਸਟੈਂਡ ਦਾ ਸਟਾਫ ਵੀ।
No comments:
Post a Comment