ਰੋਜ਼ਾਨਾ ਜਗ ਬਾਣੀ 'ਚ ਛਪੀ ਖਬਰ ਦੀ ਤਸਵੀਰ |
ਅਖਬਾਰ ਦੀ ਖਬਰ ਮੁਤਾਬਿਕ ਪਿਛਲੇ ਸਾਲ ਗਰਮੀਆਂ ਦੌਰਾਨ ਕੁਝ ਸਿੱਖ ਨੌਜਵਾਨਾਂ ਨੂੰ ਸਾਕਰ ਖੇਡਣ ਤੋਂ ਸਿਰਫ ਇਸ ਲਈ ਰੋਕ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਪਟਕਾ ਬੰਨ੍ਹਿਆ ਹੋਇਆ ਸੀ। ਇਨ੍ਹਾਂ ਨੌਜਵਾਨਾਂ ਨੂੰ ਸਾਕਰ ਐਸੋਸੀਏਸ਼ਨ ਨੇ ਕਿਹਾ ਸੀ ਕਿ ਜੇਕਰ ਉਹ ਸਾਕਰ (ਫੁੱਟਬਾਲ) ਖੇਡਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਆਪਣੇ ਪਟਕੇ ਉਤਾਰਨੇ ਪੈਣਗੇ। ਇਸ ਮਾਮਲੇ 'ਤੇ ਹਾਈ ਰੈਂਕਿੰਗ ਮੈਂਬਰ ਆਫ ਸਾਕਰ ਫੈਡਰੇਸ਼ਨ ਵੱਲੋਂ ਇਸ ਹਫਤੇ ਹੋਣ ਵਾਲੀ ਜਨਰਲ ਅਸੈਂਬਲੀ ਦੌਰਾਨ ਵੋਟਾਂ ਪਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਸਿੱਖ ਖਿਡਾਰੀਆਂ ਵੱਲੋਂ ਪਟਕੇ ਬੰਨ੍ਹੇ ਜਾਣ ਕਾਰਨ ਉਨ੍ਹਾਂ ਨੂੰ ਕਿਊਬਕ 'ਚ ਸਾਕਰ ਖੇਡਣ ਤੋਂ ਰੋਕ ਦਿੱਤਾ ਗਿਆ ਸੀ। ਫੈਡਰੇਸ਼ਨ ਦੇ ਇਸ ਫੈਸਲੇ ਕਾਰਨ ਸਿੱਖ ਭਾਈਚਾਰੇ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਿੱਖ ਖਿਡਾਰੀ ਬੀਤੇ ਕਈ ਸਾਲਾਂ ਤੋਂ ਰਾਸ਼ਟਰੀ ਪੱਧਰ 'ਤੇ ਸਾਕਰ ਖੇਡਦੇ ਆ ਰਹੇ ਹਨ ਅਤੇ ਉਸ ਸਮੇਂ ਕਿਸੇ ਨੇ ਵੀ ਸਿੱਖ ਖਿਡਾਰੀਆਂ ਦੇ ਪਟਕੇ 'ਤੇ ਇਤਰਾਜ਼ ਨਹੀਂ ਕੀਤਾ। ਸਿੱਖ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਅਜਿਹਾ ਸਿਰਫ ਨਸਲੀ ਵਿਤਕਰੇ ਕਾਰਨ ਕੀਤਾ ਜਾ ਰਿਹਾ ਹੈ ਅਤੇ ਸਿੱਖ ਇਸ ਜ਼ਬਰਦਸਤੀ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ।
ਕਿਊਬਕ ਵਿਚ ਰਹਿਣ ਵਾਲੇ ਸਿੱਖਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਨਾਲ ਇਹ ਵਿਤਕਰਾ ਬੰਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਕਿਸੇ ਵੀ ਹੋਰ ਖੇਡ ਵਿਚ ਹਿੱਸਾ ਨਹੀਂ ਲੈਣਗੇ। ਦੂਜੇ ਪਾਸੇ ਕੈਨੇਡਾ ਦੇ ਵਿਸ਼ਵ ਸਿੱਖ ਸੰਗਠਨ ਦੇ ਉਪ ਮੁਖੀ ਮੁਖਬੀਰ ਸਿੰਘ ਨੇ ਕਿਹਾ ਕਿ ਸਾਕਰ ਫੈਡਰੇਸ਼ਨ ਦਾ ਇਹ ਫੈਸਲਾ ਕਿਸੇ ਵੀ ਹਾਲਤ ਵਿਚ ਸਵੀਕਾਰਨਯੋਗ ਨਹੀਂ ਹੈ ਅਤੇ ਸਿੱਖ ਜਥੇਬੰਦੀਆਂ ਇਸ ਫੈਸਲੇ ਖਿਲਾਫ ਲਗਾਤਾਰ ਸੰਘਰਸ਼ ਕਰਨਗੀਆਂ। ਦੂਜੇ ਪਾਸੇ ਕਿਊਬਕ ਸਾਕਰ ਫੈਡਰੇਸ਼ਨ ਨੇ ਆਪਣੇ ਇਸ ਫੈਸਲੇ ਨੂੰ ਸਹੀ ਕਰਾਰ ਦਿੰਦੇ ਹੋਏ ਦਲੀਲ ਦਿੱਤੀ ਹੈ ਕਿ ਅੰਤਰਰਾਸ਼ਟਰੀ ਸਾਕਰ ਫੈਡਰੇਸ਼ਨ ਦੇ ਨਿਯਮਾਂ ਅਨੁਸਾਰ ਕੋਈ ਵੀ ਖਿਡਾਰੀ ਸਿਰ ਉਪਰ ਪੱਗ/ਪਟਕਾ ਬੰਨ੍ਹ ਕੇ ਨਹੀਂ ਖੇਡ ਸਕਦਾ, ਇਸ ਲਈ ਕਿਊਬਕ ਫੈਡਰੇਸ਼ਨ ਦਾ ਇਹ ਫੈਸਲਾ ਅੰਤਰਰਾਸ਼ਟਰੀ ਸਾਕਰ ਨਿਯਮਾਂ ਦੇ ਅਨੁਕੂਲ ਹੈ।
ਕੈਨੇਡਾ 'ਚ ਕਿਊਬਕ ਹੀ ਅਜਿਹਾ ਸੂਬਾ ਹੈ ਜਿਥੇ ਸਾਕਰ ਖੇਡਣ ਵਾਲੇ ਖਿਡਾਰੀਆਂ ਉਪਰ ਪੱਗ/ਪਟਕਾ ਬੰਨ੍ਹ ਕੇ ਖੇਡਣ ਉਪਰ ਪਾਬੰਦੀ ਲਗਾਈ ਗਈ ਹੈ ਜਦਕਿ ਦੇਸ਼ ਦੇ ਦੂਜੇ ਸੂਬਿਆਂ ਵਿਚ ਸਿੱਖ ਖਿਡਾਰੀਆਂ ਨੂੰ ਪੱਗ ਅਤੇ ਪਟਕੇ ਬੰਨ੍ਹ ਕੇ ਖੇਡਣ ਦੀ ਆਗਿਆ ਹੈ। ਇਸੇ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਇਸ ਫੈਸਲੇ ਦੀ ਸਖਤ ਆਲੋਚਨਾ ਕਰਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਉਹ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਧਿਆਨ 'ਚ ਮਾਮਲਾ ਲਿਆਉਣਗੇ ਅਤੇ ਇਸ ਸਬੰਧੀ ਕੈਨੇਡਾ ਦੇ ਸਿੱਖਾਂ ਨਾਲ ਰਾਬਤਾ ਕਾਇਮ ਕਰਕੇ ਸ਼੍ਰੋਮਣੀ ਕਮੇਟੀ ਯੋਗ ਕਦਮ ਚੁੱਕੇਗੀ। ਉਨ ਦੇਖਣਾ ਹੈ ਕਿ ਸਿੱਖਾਂ ਦੀ ਵੱਖਰੀ ਪਛਾਣ ਉੱਤੇ ਆਏ ਦਿਨ ਹੋਣ ਵਾਲੇ ਅਜਿਹੇ ਹਮਲੇ ਆਖਿਰ ਕਦੋਂ ਬੰਦ ਹੁੰਦੇ ਹਨ?
No comments:
Post a Comment