Friday, July 04, 2025

ਸੁਪਰਮਾਰਕੀਟ ਬਣਾਈ ਜਾਵੇਗੀ, ਜਿਥੋਂ ਖਰੜ ਸ਼ਹਿਰ ਨੂੰ ਆਮਦਨ ਆਵੇਗੀ

Final Report Received on Friday 4th July 2025 at 5:37 PM//ਐਸ.ਏ.ਐਸ ਨਗਰ,  04 ਜੁਲਾਈ, 2025

ਅੰਜੂ ਚੰਦਰ ਨੇ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਮੌਕੇ ਦੱਸੀ ਵਿਕਾਸ ਦੀ ਯੋਜਨਾ  
ਇਤਿਹਾਸਕ ਤੇ ਪੁਰਾਤਨ ਸ਼ਹਿਰ ਖਰੜ ਦੀ ਬੇਹਤਰੀ ਲਈ ਕੀਤਾ ਵਿਸ਼ੇਸ਼ ਉਪਰਾਲਿਆਂ ਦਾ ਵਾਅਦਾ

ਖਰੜ
//ਮੋਹਾਲੀ4 ਜੁਲਾਈ 2025: (ਹੈਪੀ ਗੁਰਬਖਸ਼ ਸਿੰਘ//ਮੋਹਾਲੀ ਸਕਰੀਨ ਡੈਸਕ)::

ਖਰੜ ਦੇ ਲੋਕਾਂ ਨੂੰ ਦਰਪੇਸ਼ ਬਹੁਤ ਸਾਰੀਆਂ ਚਣੌਤੀਆਂ ਦੇ ਦਰਮਿਆਨ ਸ੍ਰੀਮਤੀ ਅੰਜੂ ਚੰਦਰ ਨੇ ਅੱਜ ਸਫਲਤਾ ਨਾਲ ਆਪਣਾ ਅਹੁਦਾ ਸੰਭਾਲ ਲਿਆ। ਅੱਜ ਨਗਰ ਕੌਂਸਲ ਖਰੜ, ਜ਼ਿਲ੍ਹਾ ਐਸ.ਏ.ਐਸ.ਨਗਰ  ਵਿਖੇ ਵਿਸ਼ੇਸ਼ ਆਯੋਜਨ ਵੀ ਹੋਇਆ। ਪੂਜਾ ਪਾਠ ਅਤੇ ਕੀਰਤਨ ਇਸ ਮਾਹੌਲ ਨੂੰ ਹੋਰ ਵੀ ਚੰਗਾ ਬਣਾ ਰਿਹਾ ਸੀ। ਉਹਨਾਂ ਨਗਰ ਕਾਉਂਸਿਲ ਖਰੜ ਦੇ ਪ੍ਰਧਾਨ ਦਾ ਅਹੁਦਾ ਅੱਜ ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਸਿੰਘ, ਡਾ. ਗੁਰਪ੍ਰੀਤ ਕੌਰ (ਪਤਨੀ ਮਾਨਯੋਗ ਮੁੱਖ ਮੰਤਰੀ ਪੰਜਾਬ) ਅਤੇ ਐਮ.ਐਲ.ਏ ਖਰੜ ਅਨਮੋਲ ਗਗਨ ਮਾਨ  ਦੀ ਹਾਜ਼ਰੀ ਵਿੱਚ ਸੰਭਾਲਿਆ।

ਇਸ ਮੌਕੇ ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਸਿੰਘ ਨੇ ਨਗਰ ਕੌਂਸਲ ਦੇ ਨਵੇਂ ਬਣੇ ਪ੍ਰਧਾਨ ਸ਼੍ਰੀਮਤੀ ਅੰਜੂ ਚੰਦਰ ਨੂੰ ਵਧਾਈ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਬਿਹਤਰੀਨ ਵਿਕਾਸ ਲਈ ਵਚਨਬੱਧ ਹੈ। 

ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਖਰੜ, ਅਨਮੋਲ ਗਗਨ ਮਾਨ ਨੇ ਖਰੜ ਦੇ ਵਿਕਾਸ ਲਈ ਅਤੇ ਸ਼ਹਿਰ ਵਾਸੀਆਂ ਦੀ ਮੰਗ ਤੇ ਕਜੌਲੀ ਵਾਟਰ ਵਰਕਸ ਤੋਂ ਨਹਿਰੀ ਪਾਣੀ ਦੀ ਸਪਲਾਈ ਦਾ 100 ਕਰੋੜ ਰੁਪਏ ਦਾ ਪ੍ਰਾਜੈਕਟ ਸਰਕਾਰ ਪਾਸੋਂ ਪ੍ਰਵਾਨ ਕਰਵਾਇਆ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਖਰੜ ਸ਼ਹਿਰ ਵਿੱਚ 30 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਵੀ ਕੀਤਾ ਗਿਆ ਹੈ।

ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਕਿ ਨਵ ਨਿਯੁਕਤ ਪ੍ਰਧਾਨ ਅੰਜੂ ਚੰਦਰ ਇਮਾਨਦਾਰ, ਮਿਹਨਤੀ, ਨਿਰਪੱਖ ਅਤੇ ਅਗਾਂਹਵਧੂ ਸੋਚ ਵਾਲੇ ਹਨ ਅਤੇ ਨਗਰ ਕੌਂਸਲ ਖਰੜ, ਦੇ ਪ੍ਰਧਾਨ ਵਜੋਂ ਬਾਖੂਬੀ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਅਦਾਰੇ ਤੇ ਸੰਸਥਾ ਦੀ ਜ਼ਿੰਮੇਵਾਰੀ ਇਮਾਨਦਾਰ ਤੇ ਮਿਹਨਤੀ ਲੋਕਾਂ ਨੂੰ ਸੌਂਪ ਰਹੀ ਹੈ। ਜਦੋਂ ਵੱਖੋ ਵੱਖੋ ਸੰਸਥਾਵਾਂ ਤੇ ਅਦਾਰੇ ਪੂਰਨ ਇਮਾਨਦਾਰੀ ਨਾਲ ਕੰਮ ਕਰਨਗੇ ਤਾਂ ਪੰਜਾਬ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰਨਾ ਭਰੋਸਾ ਹੈ ਕਿ ਸ਼੍ਰੀਮਤੀ ਅੰਜੂ ਚੰਦਰ ਵੀ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਣਗੇ।

ਉਨਾਂ ਸ਼ਹਿਰ ਦੇ ਵਿਕਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਨਗਰ ਕੌਂਸਲ ਖਰੜ ਵੱਲੋਂ ਪਹਿਲਾਂ ਵੀ ਸ਼ਹਿਰ ਦੇ ਵਿਕਾਸ ਸਬੰਧੀ ਸਾਰੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਂਦੇ ਹਨ। ਸ਼ਹਿਰ ਵਿਖੇ ਸੁਪਰਮਾਰਕੀਟ ਬਣਾਈ ਜਾਵੇਗੀ, ਜਿਥੋਂ ਖਰੜ ਸ਼ਹਿਰ ਨੂੰ ਆਮਦਨ ਆਵੇਗੀ, ਖਰੜ ਵਿਖੇ ਪਾਰਕ, ਮਲਟੀਸਟੇਡੀਅਮ, ਸੜਕਾਂ, ਸ਼ਾਨਦਾਰ ਕਮਿਊਨਿਟੀ ਸੈਂਟਰ, ਬੱਸ ਸਟੈਂਡ ਆਦਿ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖਰੜ ਸ਼ਹਿਰ ਨੂੰ ਸੁੰਦਰ ਬਣਾੳਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਸ਼ਹਿਰ ਵਿਚਲਾ ਕਮਿਊਨਿਟੀ ਸੈਂਟਰ ਵੀ ਜਲਦ ਹੀ ਲੋਕ ਅਰਪਣ ਕਰ ਦਿੱਤਾ ਜਾਵੇਗਾ।  

ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸ੍ਰੀਮਤੀ ਅੰਜੂ ਚੰਦਰ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਨ, ਜਿਹਨਾਂ ਨੇ ਉਨ੍ਹਾਂ 'ਤੇ ਭਰੋਸਾ ਪ੍ਰਗਟਾ ਕੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਪ੍ਰਤੀਬੱਧਤਾ ਨਾਲ ਨਿਭਾਉਣਗੇ। 

ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਾਂ ਦੀਆਂ ਆਸਾਂ 'ਤੇ  ਖ਼ਰਾ ਉਤਰਨ ਲਈ ਪੂਰੇ ਪੂਰੇ ਯਤਨ ਕੀਤੇ ਜਾਣਗੇ। ਖਰੜ ਦੀ ਤਰੱਕੀ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਵਾਸਤੇ ਪੁਰਜ਼ੋਰ ਕੰਮ ਕਰਨਗੇ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।

ਪਰ ਇਸ ਅਹੁਦੇ ਸਾਹਮਣੇ ਮੌਜੂਦ ਕਈ ਚੁਣੌਤੀਆਂ ਅਜੇ ਵੀ ਬਰਕਰਾਰ ਹਨ। ਪੀਣ ਵਾਲੇ ਪਾਣੀ ਦੀ ਸਮੱਸਿਆ ਹੀ ਬਹੁਤ ਵੱਡੀ ਹੈ। ਪਾਣੀ ਦੀ ਸਪਲਾਈ ਦਾ ਢਾਂਚਾ ਉਹੀ ਹੈ ਜਿਹੜਾ ਕਈ ਸਾਲ ਪਹਿਲਾਂ ਸੀ। ਉਦੋਂ ਦੀ ਵੱਸੋਂ ਅਤੇ ਹੁਣ ਦੀ ਵੱਸੋਂ ਵਿੱਚ ਬਹੁਤ ਫਰਕ ਪੈ ਗਿਆ ਹੈ। ਘਰ ਘਰ ਪੀ ਜੀ ਵੀ ਖੁੱਲ੍ਹ ਗਏ ਹਨ ਛੋਟੇ ਛੋਟੇ ਰੈਸਟੋਰੈਂਟ ਅਤੇ ਢਾਬੇ ਵੀ। ਖੁੱਲ੍ਹ ਗਏ ਹਨ ਜਿਥੇ ਪਾਣੀ ਦੀ ਖੁਲ੍ਹੀ ਵਰਤੋਂ ਹੁੰਦੀ ਹੀ ਹੈ। 

ਪੀ ਜੀ ਵਾਲੀਆਂ ਇਮਾਰਤਾਂ ਵਿੱਚ ਦੋ ਦੋ ਤਿੰਨ ਤਿੰਨ  ਟੈਂਕੀਆਂ ਹਨ। ਪਾਣੀ ਦੀ ਸਪਲਾਈ ਆਮ ਤੌਰ ਤੇ ਇਹਨਾਂ ਟੈਂਕੀਆਂ ਨੂੰ ਭਰਦਿਆਂ ਭਰਦਿਆਂ ਹੀ ਮੁੱਕ ਜਾਂਦੀ ਹੈ ਜਦਕਿ ਇੱਕ ਇੱਕ ਟੈਂਕੀ ਵਾਲੇ ਕਈ ਘਰ ਪਾਣੀ ਤੋਂ ਵਾਂਝੇ ਰਹਿ ਜਾਂਦੇ ਹਨ। ਸਪਲਾਈ ਦੀ ਘੱਟ ਰਫਤਾਰ ਅਤੇ ਘੱਟ ਫਲੋ ਕਾਰਣ ਵੀ ਆਖ਼ਿਰੀ ਕਤਾਰ ਵਾਲੇ ਘਰਾਂ ਤੱਕ ਪਾਣੀ ਨਹੀਂ ਪਹੁੰਚਦਾ। 

ਭਾਂਵੇਂ ਕਜੌਲੀ ਵਾਟਰ ਵਰਕਸ ਤੋਂ ਨਹਿਰੀ ਪਾਣੀ ਦੀ ਸਪਲਾਈ ਦਾ 100 ਕਰੋੜ ਰੁਪਏ ਦਾ ਪ੍ਰਾਜੈਕਟ ਸਰਕਾਰ ਪਾਸੋਂ ਪ੍ਰਵਾਨ ਕਰਵਾਇਆ ਗਿਆ ਹੈ ਇਸ ਨਾਲ ਲੋਕਾਂ ਵਿੱਚ ਖੁਸ਼ੀ ਵੀ ਹੈ ਪਰ ਦੇਖਣਾ ਹੈ ਕਿ ਹਰ ਘਰ ਤੱਕ ਪਾਣੀ ਦਾ ਪਹੁੰਚਣਾ ਕਦੋਂ ਤੱਕ ਯਕੀਨੀ ਬਣਦਾ ਹੈ।

ਚੇਤੇ ਰਹੇ ਕਿ ਖਰੜ ਨਗਰ ਕੌਂਸਲ ਦੀ ਨਵੀਂ ਪ੍ਰਧਾਨ ਦੀ ਚੋਣ ਕੁਝ ਕੁ  ਦਿਨ ਪਹਿਲਾਂ ਹੀ 27 ਜੂਨ ਨੂੰ  ਚੋਣ ਹੋਈ। ਉਸ ਸਮੇਂ ਨਗਰ ਕੌਂਸਲ ਖਰੜ ਦੇ 28 ਐਮਸੀ ਵਿਚੋਂ 26 ਐਮਸੀ ਹਾਜ਼ਰ ਹੋਏ। ਸਥਾਨਕ ਸਿਆਸਤ ਵਿੱਚ ਇਹ ਇੱਕ ਵੱਡਾ ਧਮਾਕਾ ਸੀ। ਇਸ ਤਰ੍ਹਾਂ ਸਰਬਸੰਮਤੀ ਨਾਲ ਅੰਜੂ ਚੰਦਰ ਨੂੰ ਖਰੜ ਨਗਰ ਕੌਂਸਿਲ ਦਾ ਪ੍ਰਧਾਨ ਚੁਣ ਲਿਆ ਸੀ। ਸਿਆਸੀ ਹਲਕਿਆਂ ਵਿੱਚ ਇਹ ਵਰਤਾਰਾ ਬੜਾ ਹੈਰਾਨ ਕਰਨ ਵਾਲਾ ਸੀ। 

ਇਹ ਰਸਮੀ ਜਿਹਾ ਸਮਾਗਮ ਬਹੁਤ ਹੀ ਸਾਦਾ ਪਰ ਪ੍ਰਭਾਵਸ਼ਾਲੀ ਸੀ। ਇਸ ਮੌਕੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਹਾਊਸ ਵਿੱਚ ਮੌਜੂਦ ਸਾਰੇ 26 ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦੀ ਅੰਜੂ ਚੰਦਰ ਦੇ ਹੱਕ ਸਹਿਮਤੀ ਜਤਾਈ ਹੈ। ਇਸ ਲਈ ਸਭਨਾਂ ਦੀ ਆਵਾਜ਼ ਨੂੰ ਸੁਣਦਿਆਂ ਸਰਬਸੰਮਤੀ ਨਾਲ ਉਨ੍ਹਾਂ ਨੂੰ ਪ੍ਰਧਾਨ ਚੁਣਿਆ ਗਿਆ ਹੈ। ਇਹ ਲੋਕਰਾਜ ਦੀ ਜਿੱਤ ਹੈ। 

ਜ਼ਿਕਰਯੋਗ ਹੈ ਕਿ ਇਸ ਨਵੀਂ ਚੋਣ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਰੋਧ ਨਹੀਂ ਹੋਇਆ। ਇਸ ਮੌਕੇ ਪੂਰੀ ਏਕਤਾ ਵੀ ਰਹੀ ਹੈ। ਉਨ੍ਹਾਂ ਕਿਹਾ ਅਸੀਂ ਮੈਡਮ ਅੰਜੂ ਚੰਦਰ ਨੂੰ ਆਮ ਆਦਮੀ ਪਾਰਟੀ ਵੱਲੋਂ ਨਵਾਂ ਪ੍ਰਧਾਨ ਬਣਾਇਆ ਹੈ। ਖ਼ਰੜ ਦੇ ਨਵੀਂ MC ਪ੍ਰਧਾਨ ਬਣਨ ਤੇ ਅਸੀਂ ਦਿਲੋਂ ਵਧਾਈ ਵੀ ਦੇਂਦੇ ਹਾਂ। ਉਹਨਾਂ ਕਿਹਾ ਕਿ ਮੈਂ ਸਭ MC ਸਹਿਬਾਨਾਂ ਅਤੇ ਪਿਆਰੇ ਖ਼ਰੜ ਵਾਸੀਆਂ ਦੇ ਸਹਿਯੋਗ ਲਈ ਦਿਲੋਂ ਧੰਨਵਾਦ ਕਰਦੀ ਹਾਂ। ਇਹ ਸਿਰਫ਼ ਸ਼ੁਰੂਆਤ ਹੈ ਅੱਗੇ ਕਈ ਸੁਨਹਿਰੇ ਪੰਨੇ ਲਿਖੇ ਜਾਣੇ ਹਨ। ਉਨ੍ਹਾਂ ਕਿਹਾ ਕਿ ਹੁਣ ਖਰੜ ਦਾ ਵਿਕਾਸ ਬੜੀ ਤੇਜ਼ੀ ਨਾਲ ਹੋਵੇਗਾ। ਵਿਕਾਸ ਦੀ ਇਸ  ਰਫਤਾਰ ਨੂੰ ਹੁਣ ਦੁਨੀਆ ਦੇਖੇਗੀ। 

ਇਥੇ ਜ਼ਿਕਰਯੋਗ ਹੈ ਕਿ ਸ਼੍ਰੀਮਤੀ ਅੰਜੂ ਚੰਦਰ ਵਾਰਡ 16 ਤੋਂ ਕੌਸਲਰ ਚੁਣੇ ਗਏ ਸਨ ਅਤੇ ਏ ਪੀ ਜੇ ਸਕੂਲ ਦੇ ਮਾਲਕ ਵੀ ਹਨ। 

No comments: