Showing posts with label Sanjeev Arora. Show all posts
Showing posts with label Sanjeev Arora. Show all posts

Monday, June 23, 2025

ਜ਼ਿਮਨੀ ਚੋਣ:ਆਪ ਨੇ ਫਿਰ ਜਿੱਤੀ ਲੁਧਿਆਣਾ ਪੱਛਮੀ ਵਾਲੀ ਸੀਟ

From Media Link on Monday 23rd June 2025 at 3:22 PM Regarding ByPoll Election Results 

ਪੰਜਾਬ ਵਿੱਚ ਆਮ ਆਦਮੀ ਪਾਰਟੀ ਲਈ ਅਜੇ ਵੀ ਚੁਣੌਤੀਆਂ ਬਾਕੀ ਹਨ 


ਲੁਧਿਆਣਾ: 23 ਜੂਨ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਦੀ ਇਸ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਸਰਗਰਮ ਉਮੀਦਵਾਰ ਸੰਜੀਵ ਅਰੋੜਾ ਜੇਤੂ ਰਹੇ ਹਨ। ਉਨ੍ਹਾਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਦੇ ਫਰਕ ਨਾਲ ਹਰਾਇਆ। ਚੇਤੇ ਰਹੇ ਕਿ ਇਸ ਸਾਲ ਜਨਵਰੀ ਵਿੱਚ ‘ਆਪ’ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।

ਇਸ ਚੋਣ ਦੇ ਨਤੀਜੇ ਸਾਹਮਣੇ ਆਏ ਤਾਂ ਅਰੋੜਾ ਨੂੰ 35179 ਵੋਟਾਂ ਮਿਲੀਆਂ, ਜਦਕਿ ਆਸ਼ੂ ਨੂੰ 24542 ਵੋਟਾਂ ਪਈਆਂ।ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਭਾਰਤ ਭੂਸ਼ਨ ਆਸ਼ੂ ਨੇ ਇਸ ਚੋਣ ਦੌਰਾਨ ਸ਼੍ਰੀ ਅਰੋੜਾ ਨੂੰ ਵੱਡੀ ਟੱਕਰ ਦਿੱਤੀ। ਚੋਣ ਜੰਗ ਵਿੱਚ ਬਿਲਕੁਲ ਆਖ਼ਿਰੀ ਪਲਾਂ ਮੌਕੇ ਕੁੱਦਣ ਵਾਲੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਨੇ 20323 ਵੋਟਾਂ ਲਈਆਂ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ 8203 ਵੋਟਾਂ ਪ੍ਰਾਪਤ ਹੋਈਆਂ। ਏਨੇ ਨਿਰਾਸ਼ਾਜਨਕ ਨਤੀਜੇ ਦੀ ਉਮੀਦ ਤਾਂ ਅਕਾਲੀ ਦਲ ਦੇ ਸਿਆਸੀ ਵਿਰੋਧੀਆਂ ਨੂੰ ਵੀ ਨਹੀਂ ਸੀ। 

ਜ਼ਿਕਰਯੋਗ ਹੈ ਕਿ ਇਸ ਸੀਟ ਲਈ 14 ਉਮੀਦਵਾਰ ਮੈਦਾਨ ਵਿੱਚ ਸਨ। ਈਸਾਈ ਭਾਈਚਾਰੇ ਦੇ ਸਰਗਰਮ ਆਗੂ ਵੱਜੋਂ ਜਾਣੇ ਜਾਂਦੇ ਅਲਬਰਟ ਦੁਆ ਅਨੂ ਨੂੰ ਇਸ ਸੀਟ ਤੋਂ 280 ਵੋਟਾਂ ਮਿਲੀਆਂ, ਨੈਸ਼ਨਲ ਲੋਕ ਸੇਵਾ ਪਾਰਟੀ ਦੇ ਜਤਿੰਦਰ ਕੁਮਾਰ ਸ਼ਰਮਾ ਨੂੰ 173 ਵੋਟਾਂ, ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਉਮੀਦਵਾਰ ਨਵਨੀਤ ਕੁਮਾਰ ਗੋਪੀ ਨੂੰ 171 ਵੋਟਾਂ ਪ੍ਰਾਪਤ ਹੋਈਆਂ।ਆਜ਼ਾਦ ਉਮੀਦਵਾਰ ਨੀਟੂ ਨੂੰ 112, ਰੇਣੂ ਨੂੰ 108, ਬਲਦੇਵ ਰਾਜ ਕਤਨਾ ਦੇਬੀ ਨੂੰ 102, ਰਾਜੇਸ਼ ਸ਼ਰਮਾ ਨੂੰ 87, ਪਵਨਦੀਪ ਸਿੰਘ ਨੂੰ 37, ਇੰਜੀਨੀਅਰ ਪਰਮਜੀਤ ਸਿੰਘ ਭਰਾਜ ਨੂੰ 27 ਤੇ ਗੁਰਦੀਪ ਸਿੰਘ ਕਾਹਲੋਂ ਨੂੰ 21 ਵੋਟਾਂ ਪਈਆਂ। ਨੋਟਾ ਦਾ ਬਟਨ 793 ਲੋਕਾਂ ਨੇ ਦੱਬਿਆ। ਇਹ ਗੱਲ ਸਾਰੀਆਂ ਸਿਆਸੀ ਪਾਰਟੀਆਂ ਲਈ ਸੋਚਣ ਵਾਲੀ ਹੈ ਕਿ ਇਹਨਾਂ 793 ਵੋਟਰਾਂ ਨੂੰ ਕੋਈ ਵੀ ਉਮੀਦਵਾਰ ਪਸੰਦ ਕਿਓਂ ਨਹੀਂ ਆਇਆ?

ਇਸੇ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਉਮੀਦਵਾਰ ਦੇ ਹਾਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਅਤੇ ਕਿਹਾ ਕਿ ਭਾਜਪਾ ਭਾਵੇਂ ਜਿੱਤ ਨਹੀਂ ਸਕੀ, ਪਰ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਨੇ ਜੋ ਵੋਟਾਂ ਹਾਸਲ ਕੀਤੀਆਂ, ਉਹ ਕਾਬਿਲ-ਏ-ਤਾਰੀਫ ਹਨ। ਬਿੱਟੂ ਨੇ ਕਿਹਾ ਕਿ ‘ਆਪ’ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਮਿਲੀਆਂ 35,179 ਵੋਟਾਂ ਦੇ ਮੁਕਾਬਲੇ ਜੇ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦਾ ਜੋੜ ਦੇਖਿਆ ਜਾਵੇ ਤਾਂ ਉਹ ਤਕਰੀਬਨ 52,000 ਦਾ ਅੰਕੜਾ ਪਾਰ ਕਰਦਾ ਹੈ ਜਿਸ ਤੋਂ ਸਾਫ ਸੰਕੇਤ ਦਿਖਾਈ ਦਿੰਦਾ ਹੈ ਕਿ ਲੋਕ ਅੱਜ ਵੀ ‘ਆਪ’ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹਨ। 

ਸ਼੍ਰੀ ਬਿੱਟੂ ਨੇ ਸਪਸ਼ਟ ਕਿਹਾ ਕਿ ਇਹ ਨਤੀਜਾ ਸਾਫ ਦੱਸ ਰਿਹਾ ਹੈ ਕਿ ਲੋਕਾਂ ਨੇ ‘ਆਪ’ ਖਿਲਾਫ ਫਤਵਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ ਮਿਲੀਆਂ 20323 ਵੋਟਾਂ ਦਾ ਅੰਕੜਾ ਦੱਸਦਾ ਹੈ ਕਿ ਭਾਜਪਾ ਲੰਮੀ ਰੇਸ ਦੇ ਘੋੜੇ ਵਾਂਗ ਆਪਣੀ ਸ਼ਕਤੀ, ਸਮਰਥਾ ਅਤੇ ਅਧਾਰ ਨੂੰ ਮਜ਼ਬੂਤ ਕਰ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਭਾਜਪਾ ਸਿਆਸੀ ਕਿਆਸ ਅਰਾਈਆਂ ਦੇ ਉਲਟ ਜ਼ਿਆਦਾ ਹੈਰਾਨਕੁੰਨ ਨਤੀਜਿਆਂ ਨਾਲ ਸਾਹਮਣੇ ਆਵੇਗੀ। 

ਭਾਜਪਾ ਲੀਡਰ ਬਿੱਟੂ ਨੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੀ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਹੋਏ ਕਿਹਾ ਕਿ ਭਾਜਪਾ ਜ਼ਮੀਨੀ ਹਕੀਕਤਾਂ ਨੂੰ ਸਮਝਦੇ ਹੋਏ 2027 ਵਿੱਚ ਪੂਰੀ ਤਾਕਤ ਨਾਲ ਪੰਜਾਬ ਵਿੱਚ ਵਾਪਸੀ ਕਰੇਗੀ।

ਗੁਜਰਾਤ ਦੀ ਚਰਚਾ ਵੀ:

‘ਆਪ’ ਉਮੀਦਵਾਰ ਇਤਾਲੀਆ ਗੋਪਾਲ ਨੇ ਗੁਜਰਾਤ ਦੇ ਵਿਸਾਵਦਰ ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ਜਿੱਤ ਲਈ ਹੈ। ਗੋਪਾਲ ਨੇ ਭਾਜਪਾ ਦੇ ਕਿਰਿਤ ਪਟੇਲ ਨੂੰ 17554 ਵੋਟਾਂ ਨਾਲ ਹਰਾਇਆ। ਗੋਪਾਲ ਨੂੰ ਕੁੱਲ 75942 ਵੋਟਾਂ ਪਈਆਂ। ਪਟੇਲ 58388 ਵੋਟਾਂ ਨਾਲ ਦੂਜੇ ਜਦੋਂਕਿ ਕਾਂਗਰਸੀ ਉਮੀਦਵਾਰ ਨਿਤਿਨ ਰਣਪਾਰੀਆ 5501 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ। ਵਿਸਾਵਦਰ ਸੀਟ ਦਸੰਬਰ 2023 ਵਿੱਚ ਤਤਕਾਲੀ ‘ਆਪ’ ਵਿਧਾਇਕ ਭੂਪੇਂਦਰ ਭਯਾਨੀ ਦੇ ਅਸਤੀਫਾ ਦੇਣ ਅਤੇ ਸੱਤਾਧਾਰੀ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਾਲੀ ਹੋ ਗਈ ਸੀ। 

ਕਾਡੀ ਸੀਟ ਤੋਂ ਭਾਜਪਾ ਵੱਡੇ ਫਰਕ ਨਾਲ ਜੇਤੂ 

ਉਧਰ ਕਾਡੀ ਸੀਟ ਤੋਂ ਭਾਜਪਾ ਉਮੀਦਵਾਰ ਰਾਜੇਂਦਰ ਚਾਵੜਾ 39,452 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ। ਰਾਜੇਂਦਰ ਚਾਵੜਾ ਨੂੰ 99742 ਵੋਟਾਂ ਪਈਆਂ ਜਦੋਂਕਿ ਦੂਜੇ ਨੰਬਰ ’ਤੇ ਰਹੇ ਕਾਂਗਰਸ ਦੇ ਰਮੇਸ਼ਭਾਈ ਚਾਵੜਾ ਨੂੰ 60290 ਵੋਟਾਂ ਮਿਲੀਆਂ। ਅਨੁਸੂਚਿਤ ਜਾਤੀ (ਐੱਸ ਸੀ) ਉਮੀਦਵਾਰ ਲਈ ਰਾਖਵਾਂ ਕਾਡੀ ਹਲਕਾ ਫਰਵਰੀ ਵਿੱਚ ਭਾਜਪਾ ਵਿਧਾਇਕ ਕਰਸਨ ਸੋਲੰਕੀ ਦੀ ਮੌਤ ਤੋਂ ਬਾਅਦ ਖਾਲੀ ਹੋ ਗਿਆ ਸੀ

।

ਦੋ ਸੀਟਾਂ ’ਤੇ ਮਿਲੀ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੋਵਾਂ ਸੀਟਾਂ ’ਤੇ ਜਨਤਾ ਨੇ ਭਾਜਪਾ ਤੇ ਕਾਂਗਰਸ ਨੂੰ ਨਕਾਰ ਦਿੱਤਾ ਹੈ। ਉਨ੍ਹਾ ਐਕਸ ’ਤੇ ਪੋਸਟ ’ਚ ਲਿਖਿਆ, ਗੁਜਰਾਤ ਦੀ ਵਿਸਾਵਦਰ ਅਤੇ ਪੰਜਾਬ ਦੀ ਲੁਧਿਆਣਾ ਪੱਛਮੀ ਸੀਟ ’ਤੇ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ’ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਗੁਜਰਾਤ ਅਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਵਧਾਈ ਅਤੇ ਧੰਨਵਾਦ। ਦੋਵਾਂ ਥਾਵਾਂ ’ਤੇ ਪਿਛਲੀਆਂ ਚੋਣਾਂ ਦੇ ਮੁਕਾਬਲੇ ਲੱਗਭੱਗ ਦੋ ਗੁਣਾ ਮਾਰਜਨ ਨਾਲ ਜਿੱਤ ਹੋਈ ਹੈ। ਇਹ ਦਿਖਾਉਂਦਾ ਹੈ ਕਿ ਪੰਜਾਬ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ ਅਤੇ ਉਨ੍ਹਾ ਨੇ 2022 ਤੋਂ ਵੀ ਜ਼ਿਆਦਾ ਵੋਟ ਦਿੱਤਾ ਹੈ। ਗੁਜਰਾਤ ਦੀ ਜਨਤਾ ਹੁਣ ਭਾਜਪਾ ਤੋਂ ਪ੍ਰੇਸ਼ਾਨ ਹੋ ਚੁੱਕੀ ਹੈ ਅਤੇ ਉਨ੍ਹਾ ਨੂੰ ਆਮ ਆਦਮੀ ਪਾਰਟੀ ’ਚ ਉਮੀਦ ਦਿਖਾਈ ਦੇ ਰਹੀ ਹੈ।

ਪੰਜਾਬ ਵਿੱਚ ਚੁਣੌਤੀਆਂ ਬਰਕਰਾਰ ਹਨ:

ਲੁਧਿਆਣਾ ਪੱਛਮੀ ਵਾਲੀ ਸੀਟ ਤੋਂ ਮਿਲੀ ਜਿੱਤ ਦੇ ਬਾਵਜੂਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣੌਤੀਆਂ ਬਰਕਰਾਰ ਹਨ। ਆਮ ਲੋਕਾਂ ਨਾਲ ਰਾਬਤਾ, ਆਮ ਲੋਕਾਂ ਦੇ ਕੰਮ, ਕੁਰੱਪਸ਼ਨ ਵਰਗੇ ਦੋਸ਼ਾਂ ਦੀ ਜਾਂਚ ਅਤੇ ਪੁਲਿਸ ਵਧੀਕੀਆਂ ਬਾਰੇ ਸੱਤਾ ਨੂੰ ਜਲਦੀ ਹੀ ਠੋਸ ਕਦਮ ਚੁੱਕਣੇ ਪੈਣੇ ਹਨ। 

ਆਮ ਆਦਮੀ ਪਾਰਟੀ ਅੰਦਰ  ਬਹੁਤ ਸਾਰੇ ਲੋਕ ਅਜੇ ਅਸੰਤੁਸ਼ਟ ਹਨ। ਇਹਨਾਂ ਵਿੱਚ ਬੁਧੀਜੀਵੀ ਵੀ ਹਨ ਅਤੇ ਮਹਿਲਾ ਵਰਕਰ ਵੀ। ਇਹ ਲੋਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪੈਰ ਲਾਉਣ ਵਿੱਚ ਮੋਹਰੀ ਰਹੇ ਹਨ। ਇਹਨਾਂ ਵਿੱਚੋਂ ਕਈ ਤਾਂ ਵਿਦੇਸ਼ ਚਲੇ ਗਏ ਹਨ ਪਾਰ ਬਹੁਤ ਸਾਰੇ ਅਜੇ ਵੀ ਪੰਜਾਬ ਵਿੱਚ ਹੀ ਹਨ। ਇਹਨਾਂ ਨੂੰ ਨਜ਼ਰ ਅੰਦਾਜ਼ ਕਰਨਾ ਆਮ ਆਦਮੀ ਪਾਰਟੀ ਨੂੰ ਮਹਿੰਗਾ ਪੈ ਸਕਦਾ ਹੈ। 

Tuesday, February 07, 2023

ਕੇਂਦਰ ਸਰਕਾਰ MSP ਦੇ ਮਾਮਲੇ ਨੂੰ ਪੈਂਡਿੰਗ ਰੱਖਣ ਦੀ ਕੋਸ਼ਿਸ਼ ਵਿੱਚ?

 Tuesday 7th February 2023 at 01:04 PM 

ਐਮ.ਪੀ. ਸੰਜੀਵ ਅਰੋੜਾ ਵੱਲੋਂ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਜੁਆਬ 'ਤੇ ਅਸੰਤੁਸ਼ਟੀ ਦਾ ਪ੍ਰਗਟਾਵਾ 

ਲੁਧਿਆਣਾ: 7 ਫਰਵਰੀ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਆਮ ਆਦਮੀ ਪਾਰਟੀ (ਆਪ) ਦੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ (ਰਾਜ ਸਭਾ) ਸੰਜੀਵ ਅਰੋੜਾ ਨੇ ਕਿਹਾ ਹੈ ਕਿ ਇਹ ਅਫਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਘੱਟੋ ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਪ੍ਰਣਾਲੀ ਨੂੰ ਕਾਨੂੰਨੀ ਗਰੰਟੀ ਜਾਂ ਪ੍ਰਵਾਨਗੀ ਦੇਣ ਲਈ ਹੁਣ ਤੱਕ ਕੋਈ ਫੈਸਲਾ ਨਹੀਂ ਲਿਆ ਹੈ।

ਅੱਜ ਇੱਥੇ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਕੇਂਦਰ ਸਰਕਾਰ ਇਸ ਮਾਮਲੇ ਨੂੰ ਪੈਂਡਿੰਗ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਦੇ ਕਾਰਨਾਂ ਬਾਰੇ ਉਸ ਨੂੰ ਬੇਹਤਰ ਢੰਗ ਨਾਲ ਪਤਾ ਹੈ।

ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇ ਸਵਾਲ ਦੇ ਜਵਾਬ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ 12 ਜੁਲਾਈ, 2022 ਦੇ ਨੋਟੀਫਿਕੇਸ਼ਨ ਤਹਿਤ ਸਰਕਾਰ ਨੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ,ਖੇਤੀ ਦੇ ਪੈਟਰਨ ਵਿੱਚ ਬਦਲਾਅ ਲਈ ਕਿਸਾਨਾਂ ਦੀਆਂ ਬਦਲਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ, ਅਤੇ  ਐਮਐਸਪੀ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਦੀਆਂ ਮੀਟਿੰਗਾਂ ਨਿਯਮਤ ਤੌਰ 'ਤੇ ਇਸ ਨੂੰ ਸੌਂਪੇ ਗਏ ਵਿਸ਼ੇ 'ਤੇ ਵਿਚਾਰ ਕਰਨ ਲਈ ਹੁੰਦੀਆਂ ਹਨ।

ਆਪਣੇ ਸਵਾਲ ਵਿੱਚ, ਅਰੋੜਾ ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.), ਕੁਦਰਤੀ ਖੇਤੀ ਅਤੇ ਫਸਲੀ ਵਿਭਿੰਨਤਾ 'ਤੇ ਹਾਲ ਹੀ ਵਿੱਚ ਗਠਿਤ ਕਮੇਟੀ ਦੀ ਰਿਪੋਰਟ/ਸਿਫਾਰਿਸ਼ਾਂ ਨੂੰ ਪੇਸ਼ ਕਰਨ ਲਈ ਸਮਾਂ ਸੀਮਾ ਬਾਰੇ ਪੁੱਛਿਆ ਸੀ। ਇਹ ਵੀ ਪੁੱਛਿਆ ਸੀ ਕਿ ਕੀ ਸਰਕਾਰ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਪ੍ਰਣਾਲੀ ਬਾਰੇ ਕਾਨੂੰਨੀ ਗਾਰੰਟੀ/ਪ੍ਰਵਾਨਗੀ ਪ੍ਰਦਾਨ ਕਰਨ ਲਈ ਕੋਈ ਉਪਾਅ ਕਰ ਰਹੀ ਹੈ।

ਮੈਂਬਰ ਪਾਰਲੀਮੈਂਟ ਅਰੋੜਾ ਨੇ ਕਿਹਾ ਕਿ ਕੇਂਦਰੀ ਮੰਤਰੀ ਵੱਲੋਂ ਸਦਨ ਦੇ ਫਲੋਰ 'ਤੇ ਦਿੱਤਾ ਗਿਆ ਜਵਾਬ ਤਸੱਲੀਬਖਸ਼ ਨਹੀਂ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, "ਇੰਝ ਲੱਗਦਾ ਹੈ ਕਿ ਕੇਂਦਰ ਦੇਰੀ ਦੀ ਰਣਨੀਤੀ ਅਪਣਾ ਰਿਹਾ ਹੈ ਅਤੇ ਇਸ ਮੁੱਦੇ ਨੂੰ ਲਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂ ਕਿ ਇਹ ਇੱਕ ਤੱਥ ਹੈ ਕਿ ਕਿਸਾਨਾਂ ਦੇ ਵਡੇਰੇ ਹਿੱਤ ਵਿੱਚ ਐਮਐਸਪੀ ਪ੍ਰਣਾਲੀ ਨੂੰ ਕਾਨੂੰਨੀ ਗਾਰੰਟੀ/ਪ੍ਰਵਾਨਗੀ ਦੇਣ ਦੀ ਦਿਸ਼ਾ ਵੱਲ ਕੁਝ ਠੋਸ ਉਪਾਅ ਕਰਨ ਦੀ ਫੌਰੀ ਲੋੜ ਹੈ।"

ਰਾਜਸਭਾ ਮੈਂਬਰ ਅਰੋੜਾ ਨੇ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖਾਸ ਕਰਕੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਪੁੱਛਿਆ ਸੀ। ਜਵਾਬ ਵਿੱਚ, ਤੋਮਰ ਨੇ ਜਵਾਬ ਦਿੱਤਾ ਕਿ "ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਈ ਵਿਕਾਸ ਪ੍ਰੋਗਰਾਮਾਂ, ਯੋਜਨਾਵਾਂ, ਸੁਧਾਰਾਂ ਅਤੇ ਨੀਤੀਆਂ ਨੂੰ ਅਪਣਾਇਆ/ਲਾਗੂ ਕੀਤਾ ਹੈ।" ਇਨ੍ਹਾਂ ਵਿੱਚ ਬਜਟ ਅਲਾਟਮੈਂਟ ਵਿੱਚ ਬੇਮਿਸਾਲ ਵਾਧਾ, ਪੀਐਮ ਰਾਹੀਂ ਕਿਸਾਨਾਂ ਨੂੰ ਇਨਕਮ ਸਪੋਰਟ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐਮਐਫਬੀਵਾਈ), ਖੇਤੀਬਾੜੀ ਖੇਤਰ ਲਈ ਸੰਸਥਾਗਤ ਕਰਜ਼ਾ, ਦੇਸ਼ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨਾ, ਸੂਖਮ ਸਿੰਚਾਈ ਫੰਡ, ਕਿਸਾਨ ਉਤਪਾਦਕ ਸੰਗਠਨਾਂ (ਐਫਪੀਓਜ਼) ਰਾਹੀਂ ਕਿਸਾਨਾਂ ਨੂੰ ਆਮਦਨ ਸਹਾਇਤਾ  ਦੇਣਾ, ਖੇਤੀ ਮਸ਼ੀਨੀਕਰਨ, ਕਿਸਾਨਾਂ ਨੂੰ ਸੋਇਲ ਹੈਲਥ ਕਾਰਡ ਪ੍ਰਦਾਨ ਕਰਨਾ, ਐਗਰੀ ਇਨਫਰਾਸਟਰਕਚਰ ਫੰਡ (ਏ.ਆਈ.ਐਫ.) ਅਤੇ ਖੇਤੀ ਉਪਜ ਲੌਜਿਸਟਿਕਸ ਵਿੱਚ ਸੁਧਾਰ ਕਰਨਾ, ਕਿਸਾਨ ਰੇਲ ਦੀ ਸ਼ੁਰੂਆਤ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਆਮਦਨ ਦੇ ਇੱਕ ਵਾਧੂ ਸਰੋਤ ਵਜੋਂ ਪੋਲੀਨੇਸ਼ਨ ਰਾਹੀਂ ਫਸਲਾਂ ਦੀ ਉਤਪਾਦਕਤਾ ਵਧਾਉਣ ਅਤੇ ਸ਼ਹਿਦ ਦੇ ਉਤਪਾਦਨ ਵਿਚ ਵਾਧਾ ਕਰਨ ਲਈ ਆਤਮਨਿਰਭਰ ਭਾਰਤ ਮੁਹਿੰਮ ਦੇ ਹਿੱਸੇ ਵਜੋਂ  ਨੈਸ਼ਨਲ ਬੀਕੀਪਿੰਗ ਐਂਡ ਹਨੀ ਮਿਸ਼ਨ (ਐਨ.ਬੀ.ਐਚ.ਐਮ.) ਸ਼ੁਰੂ ਕੀਤਾ ਗਿਆ ਹੈ।


Thursday, November 17, 2022

GCG ਕਨਵੋਕੇਸ਼ਨ ਵਿੱਚ ਪੁੱਜੇ ਸੰਸਦ ਮੈਂਬਰ ਸੰਜੀਵ ਅਰੋੜਾ

Thursday 17th November 2022 at 09:54 AM

ਕਾਲਜ ਲਈ 50 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਦਾ ਐਲਾਨ ਕੀਤਾ


ਲੁਧਿਆਣਾ: 16 ਨਵੰਬਰ, 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 

ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਸਾਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਸ਼ਾਨਦਾਰ ਮਿਆਰ ਨੂੰ ਬਰਕਰਾਰ ਰੱਖਣ ਲਈ ਪ੍ਰਿੰਸੀਪਲ ਸੁਮਨ ਲਤਾ ਨੂੰ ਵਧਾਈ ਦਿੱਤੀ। ਇਸ ਮੌਕੇ ਨਵੀਆਂ ਪੁਰਾਣੀਆਂ ਵਿਦਿਆਰਥਣਾਂ ਦੇ ਜੋਸ਼ੋ ਖਰੋਸ਼ ਦਾ ਰੰਗ ਛਾਇਆ ਰਿਹਾ। ਇੱਕ ਵਿਦਿਆਰਥਣ ਬਾਕਾਇਦਾ ਵੀਲ ਚੇਅਰ 'ਤੇ ਆਪਣੀ ਡਿਗਰੀ ਲੈਣ ਲਈ ਪੁੱਜੀ। ਮੁਖ ਮਹਿਮਾਨ ਸੰਜੀਵ ਅਰੋੜਾ ਅਤੇ ਹੋਰਾਂ ਬਾਕਾਇਦਾ ਮੰਚ ਤੋਂ ਹੇਠਾਂ ਉਤਰ ਕੇ ਉਸ ਨੂੰ ਡਿਗਰੀ ਵੀ ਪ੍ਰਦਾਨ ਕੀਤੀ ਅਤੇ ਇਸ ਹਿੰਮਤ ਭਰੀ ਪ੍ਰਾਪਤੀ ਲਈ ਸ਼ਾਬਾਸ਼ੀ ਵੀ ਦਿੱਤੀ। ਕਨਵੋਕੇਸ਼ਨ ਦੇ ਮੁਖ ਮਹਿਮਾਨ ਵੱਜੋਂ ਸ਼੍ਰੀ ਅਰੋੜਾ ਨੇ  766 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ। ਉਹਨਾਂ ਦੇ ਨਾਲ ਇਸ ਮੌਕੇ ਸੀਆਈਆਈ ਪੰਜਾਬ ਦੇ ਚੇਅਰਮੈਨ ਅਮਿਤ ਥਾਪਰ ਵਿਸ਼ੇਸ਼ ਮਹਿਮਾਨ ਵੱਜੋਂ ਮੌਜੂਦ ਰਹੇ। 

ਐਮ ਪੀ ਸ਼੍ਰੀ ਅਰੋੜਾ ਨੇ ਡਿਗਰੀ ਧਾਰਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੱਕ ਚੰਗੇ ਰਾਸ਼ਟਰ ਦੇ ਨਿਰਮਾਣ ਲਈ ਮਹਿਲਾ ਸਸ਼ਕਤੀਕਰਨ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇੱਕ ਪੜ੍ਹੀ-ਲਿਖੀ ਔਰਤ ਦੇਸ਼ ਦੇ ਭਵਿੱਖ ਦੇ ਬੱਚਿਆਂ ਨੂੰ ਉਭਾਰਨ ਵਿੱਚ ਹਮੇਸ਼ਾ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਡਿਗਰੀ ਧਾਰਕਾਂ ਨੂੰ ਕਿਹਾ ਕਿ ਉਹ ਵਿਆਹ ਤੋਂ ਬਾਅਦ ਵੀ ਸਿਰਫ਼ ਘਰੇਲੂ ਔਰਤ ਨਾ ਬਣਨ ਸਗੋਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨ ਅਤੇ ਆਪਣੀ ਪੜ੍ਹਾਈ ਦਾ ਪੂਰਾ ਲਾਭ ਉਠਾਉਣ।

ਸੰਸਦ ਮੈਂਬਰ ਅਰੋੜਾ ਨੇ ਡਿਗਰੀ ਧਾਰਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੱਚਮੁੱਚ ਚੰਗੀ ਗੱਲ ਹੈ ਕਿ ਸਾਰੇ ਵਿਦਿਆਰਥੀ ਆਪਣੇ ਚਿਹਰੇ 'ਤੇ ਮੁਸਕਾਨ ਲੈ ਕੇ ਡਿਗਰੀ ਪ੍ਰਾਪਤ ਕਰਨ ਲਈ ਪਹੁੰਚੇ। ਉਨ੍ਹਾਂ ਕਾਲਜ ਵੱਲੋਂ ਲੜਕੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਹ ਕਾਲਜ ਸਿਰਫ਼ 25 ਲੜਕੀਆਂ ਨਾਲ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਸਥਿਤੀ ਬਦਲ ਗਈ ਹੈ ਕਿਉਂਕਿ ਵੱਧ ਤੋਂ ਵੱਧ ਲੜਕੀਆਂ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੀਆਂ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਦਿਆਰਥੀਆਂ ਦੀ ਗਿਣਤੀ 3000 ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੰਕ ਇੰਨੇ ਮਹੱਤਵਪੂਰਨ ਨਹੀਂ ਹਨ ਪਰ ਤੁਸੀਂ ਜੀਵਨ ਵਿੱਚ ਜੋ ਨਿਸ਼ਾਨ ਬਣਾਉਂਦੇ ਹੋ, ਉਹ ਜ਼ਿਆਦਾ ਸਾਰਥਕ ਹੈ। ਉਹਨਾਂ ਸੁਪਨਿਆਂ ਨੂੰ ਸਾਕਾਰ ਕਰਨ  ਅਤੇ ਹਿੰਮਤ ਪ੍ਰਤੀ ਵੀ  ਚੇਤੇ ਕਰਾਇਆ। ਉਹਨਾਂ ਕਿਹਾ ਕਿ ਸੁਪਨਿਆਂ ਨੂੰ ਮਰਨ ਨਾ ਦਿਓ। ਇਹ ਵੀ ਨਾ ਦੇਖੋ ਕਿ ਕੌਣ ਕੀ ਕਰ ਰਿਹਾ ਹੈ ਅਤੇ ਕੀਈ ਨਹੀਂ ਕਰ ਰਿਹਾ ਤੁਸੀਂ ਬਸ ਆਪਣੇ ਨਿਸ਼ਾਨੇ ਪ੍ਰਤੀ ਸਮਰਪਿਤ ਰਹੋ। 

ਕੈਨੇਡਾ ਜਾਂ ਦੇ ਰੁਝਾਣ ਵਿੱਚ ਹੋ ਰਹੇ ਵਾਧੇ ਦੀ ਗੱਲ ਕਰਦਿਆਂ ਉਨ੍ਹਾਂ ਡਿਗਰੀ ਧਾਰਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਦੂਜਿਆਂ ਦੇ ਪਿੱਛੇ ਨਾ ਚੱਲਣ ਅਤੇ ਵਿਦੇਸ਼ ਵਿੱਚ ਵਸਣ ਦਾ ਫੈਸਲਾ ਕਰਨ ਤੋਂ ਪਹਿਲਾਂ ਸੋਚਣ। ਉਨ੍ਹਾਂ ਕਿਹਾ ਕਿ ਹੁਣ ਸਥਿਤੀ ਬਦਲ ਗਈ ਹੈ ਅਤੇ ਵਿਦੇਸ਼ਾਂ ਤੋਂ ਲੋਕ ਵਾਪਸ ਆਪਣੀ ਮਾਤ ਭੂਮੀ ਪਰਤ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇੱਥੇ ਬਿਹਤਰ ਮੌਕੇ ਮਿਲ ਰਹੇ ਹਨ। ਨਕਸ਼ਾ ਬਦਲ ਰਿਹਾ ਹੈ। ਹਾਲਾਤ ਬਦਲ ਰਹੇ ਹਨ। ਲੋਕ ਮੁੜ ਭਾਰਤ ਨੂੰ ਤਰਜੀਹ ਦੇ ਰਹੇ ਹਨ। 

ਉਨ੍ਹਾਂ ਵਿਦਿਆਰਥੀਆਂ ਨੂੰ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਦੇ ਸੁਧਾਰ ਅਤੇ ਸੁਰੱਖਿਆ ਲਈ ਕੰਮ ਕਰਨ ਦੀ ਸਲਾਹ ਵੀ ਦਿੱਤੀ। ਜ਼ਿਕਰਯੋਗ ਹੈ ਕਿ ਮੰਚ ਵੱਲ ਵਧਦੀਆਂ ਉਹਨਾਂ ਰਸਤੇ ਵਿੱਚ ਸਾਰੇ ਸਟਾਫ ਦੇ ਨਾਲ ਮੁਲਾਕਾਤ ਵੀ ਕੀਤੀ। ਇਸ ਮੌਕੇ ਉਹਨਾਂ ਵਾਤਾਵਰਨ ਦੀ ਪੜ੍ਹਾਈ ਕਰਾਉਣ ਵਾਲੇ ਪ੍ਰੋਫੈਸਰ ਅੰਮ੍ਰਿਤਪਾਲ ਸਿੰਘ ਨਾਲ ਉਚੇਚੇ ਤੌਰ ਤੇ ਖੜੋ ਕੇ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਚਰਚਾ ਕੀਤੀ। 

ਇਸ ਮੌਕੇ ਵਿਸ਼ੇਸ਼ ਮਹਿਮਾਨ ਅਮਿਤ ਥਾਪਰ ਅਤੇ ਪ੍ਰਿੰਸੀਪਲ ਸੁਮਨਲਤਾ ਨੇ ਮੈਂਬਰ ਪਾਰਲੀਮੈਂਟ ਸ਼੍ਰੀ ਅਰੋੜਾ ਦੀ ਨਿਮਰਤਾ ਅਤੇ ਕੈਂਸਰ ਚੈਰੀਟੇਬਲ ਟਰੱਸਟ ਦੇ ਰੂਪ ਵਿੱਚ ਕੀਤੇ ਜਾ ਰਹੇ ਚੈਰਿਟੀ ਕੰਮਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।

ਸ਼੍ਰੀ ਅਰੋੜਾ ਨੇ ਕਾਲਜ ਪ੍ਰਿੰਸੀਪਲ ਸੁਮਨ ਲਤਾ ਅਤੇ ਸਟਾਫ਼ ਦੀਆਂ ਆਸਾਂ ਉੱਮੀਦਾਂਬ 'ਤੇ  ਉਤਰਦਿਆਂ ਐਮ.ਪੀ.ਐਲ.ਏ.ਡੀ ਫੰਡ ਵਿੱਚੋਂ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਰਕਮ ਵਿੱਚੋਂ 25 ਲੱਖ ਰੁਪਏ ਇਸੀ ਵਿਤਤੀ ਸਾਲ ਵਿੱਚ ਅਦਾ ਕਰ ਦਿੱਤੇ ਜਾਣਗੇ ਅਤੇ ਬਾਕੀ ਦੇ 25 ਲੱਖ ਰੁਪਏ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਸਾਲ ਵਿੱਚ ਅਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਗਰਾਂਟ ਕਾਲਜ ਦੇ ਸਮੁੱਚੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਚਾਲੂ ਅਤੇ ਅਗਲੇ ਵਿੱਤੀ ਸਾਲ ਦੌਰਾਨ ਦੋ ਕਿਸ਼ਤਾਂ ਵਿੱਚ ਬਰਾਬਰ ਵੰਡੀ ਜਾਵੇਗੀ।

ਇਸ ਮੌਕੇ ਕਨਵੋਕੇਸ਼ਨ ਦੇ ਮੁੱਖ ਮਹਿਮਾਨ ਅਤੇ ਸੀ.ਆਈ.ਆਈ ਪੰਜਾਬ ਦੇ ਚੇਅਰਮੈਨ ਅਮਿਤ ਥਾਪਰ ਨੇ ਅਰੋੜਾ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਰੋੜਾ ਧਰਤੀ ਨਾਲ ਜੁੜੇ ਹੋਏ ਹਨ ਅਤੇ ਨਿਮਰ ਸ਼ਖ਼ਸੀਅਤ ਦੇ ਮਾਲਕ ਹਨ।

ਇਸ ਮੌਕੇ ਹਰ ਕਿਸੇ ਨੇ ਸ਼੍ਰੀ ਅਰੋੜਾ ਦੀ ਨਿਮਰਤਾ ਦੇਖੀ ਜਦੋਂ ਉਹ ਵ੍ਹੀਲਚੇਅਰ ਵਾਲੀ ਵਿਦਿਆਰਥਣ ਉਰਵਸ਼ੀ ਸ਼ਰਮਾ ਨੂੰ ਡਿਗਰੀ ਸੌਂਪਣ ਲਈ ਸਟੇਜ ਤੋਂ ਹੇਠਾਂ ਆਏ। ਇਸ ਮੌਕੇ ਕਾਲਜ ਦੀ ਵਾਈਸ ਪ੍ਰਿੰਸੀਪਲ ਗੁਰਜਿੰਦਰ ਕੌਰ ਅਤੇ ਰਜਿਸਟਰਾਰ ਡਾ: ਸ਼ਰਨਜੀਤ ਕੌਰ ਪਰਮਾਰ ਨੇ ਵੀ ਸੰਬੋਧਨ ਕੀਤਾ।

ਕਾਲਜ ਦੀਆਂ ਵਿਦਿਆਰਥਣਾਂ ਦਾ ਗੀਤ-ਸੰਗੀਤ ਅਤੇ ਗਾਇਨ ਵੀ ਯਾਦਗਾਰਿਉ ਰਿਹਾ। ਖਾਸ ਕਰ--ਰਸਮ-ਏ-ਉਲਫ਼ਤ ਕੋ ਨਿਭਾਏਂ ਤੋਂ ਨਿਭਾਏਂ ਕੈਸੇ!

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।