Tuesday, June 17, 2025

ਬੇਲਣ ਬ੍ਰਿਗੇਡ ਨੇ ਫਿਰ ਅਪਣਾਇਆ ਆਪਣਾ ਪੁਰਾਣਾ ਪੈਂਤੜਾ

From Belan Brigade on Tuesday 17th June 2025 at 14:30 Regarding Nashabandi 

ਉਮੀਦਵਾਰਾਂ ਨੂੰ ਹੀ ਕਿਹਾ ਕਿ ਸਰਕਾਰੀ ਸ਼ਰਾਬ 'ਤੇ ਪਾਬੰਦੀ ਦਾ ਵਾਅਦਾ ਕਰੋ-ਬੇਲਨ ਬ੍ਰਿਗੇਡ


ਲੁਧਿਆਣਾ
: 17 ਜੂਨ 2025: (ਕਾਰਤਿਕਾ ਕਲਿਆਣੀ ਸਿੰਘ//ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::
ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ!
ਉਦੋਂ ਜੰਗ ਵਿੱਚ ਜਾਣ ਵਾਲੇ ਆਮ ਨਹੀਂਓ ਹੁੰਦੇ...!
ਜਦੋਂ ਪਤਾ ਹੋਵੇ ਨ੍ਹੇਰੀਆਂ ਤੂਫ਼ਾਨ ਆਉਣਗੇ;
ਉਦੋਂ ਦੀਵੇ ਵੀ ਜਗਾਉਣ ਵਾਲੇ ਆਮ ਨਹੀਂਓਂ ਹੁੰਦੇ....!

ਹੁਣ ਫੈਸਲਾ ਤੁਸੀਂ ਕਰਨਾ ਹੈ ਕਿ ਨਸ਼ਿਆਂ ਦੀਆਂ ਹਨੇਰੀਆਂ ਨਾਲ ਟੱਕਰ ਲੈਣ ਲਈ ਤੁਰੇ ਇਸ ਜਾਂਬਾਜ਼ ਕਾਫ਼ਿਲੇ ਦਾ ਸਾਥ ਦੇਣਾ ਹੈ ਜਾਂ ਨਹੀਂ ਦੇਣਾ? ਇਹ ਤੁਸੀਂ ਦੇਖਣਾ ਹੈ ਕਿ ਕਿੰਨੇ ਵੱਡੇ ਖਤਰੇ ਉਠਾ ਕੇ ਸਮਾਜ ਦੀ ਨਵ ਉਸਾਰੀ ਲਈ ਨਿਕਲਿਆ ਇਹ ਕਾਫ਼ਿਲਾ ਪੂਰੇ ਸਮਾਜ ਲਈ ਕਿੰਨਾ ਮਹੱਤਵਪੂਰਨ ਹੈ? ਇਹ ਤੁਸੀਂ ਆਪਣੇ ਆਪ ਕੋਲੋਂ ਪੁੱਛਣਾ ਹੈ ਕਿ ਤੁਹਾਡਾ ਇਸ ਮੁੱਦੇ 'ਤੇ ਕੋਈ ਫਰਜ਼ ਬਣਦਾ ਹੈ ਜਾਂ ਨਹੀਂ ਬਣਦਾ.....?

ਇਹ ਉਹੀ ਸੰਘਰਸ਼ ਹੈ ਜਿਸ ਨੂੰ ਦਹਾਕਿਆਂ ਪਹਿਲਾਂ ਅਨੀਤਾ ਸ਼ਰਮਾ ਨੇ ਆਪਣੀਆਂ ਕੁਝ ਕੁ ਸਾਥਣਾਂ ਨਾਲ ਸ਼ੁਰੂ ਕੀਤਾ ਸੀ। ਸਕੂਲ ਪੜ੍ਹਦੀਆਂ ਆਪਣੀਆਂ ਦੋਹਾਂ ਨਿੱਕੀਆਂ ਨਿੱਕੀਆਂ ਧੀਆਂ ਨੂੰ ਘਰ ਵਿੱਚ ਤਾੜ ਕੇ ਬਾਹਰੋਂ ਤਾਲਾ ਮਾਰਨਾ ਅਤੇ ਖੁਦ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਲੇ ਮਿਸ਼ਨ 'ਤੇ ਨਿਕਲਣਾ ਆਸਾਨ ਤਾਂ ਨਹੀਂ ਸੀ!

ਨਸ਼ਿਆਂ ਦੇ ਸਮਗਲਰ ਅਤੇ ਨਸ਼ਿਆਂ ਦੇ ਵਪਾਰੀ ਕੁਝ ਵੀ ਅਣਹੋਣੀ ਕਰ ਸਕਦੇ ਸਨ। ਰਾਏਕੋਟ ਵਾਲੇ ਪ੍ਰਸਿੱਧ ਬੈਨਰਜੀ ਪਰਿਵਾਰ ਦੇ ਇਕਲੌਤੇ ਨੌਜਵਾਨ ਦਾ ਉਹਨਾਂ ਰੋਜ਼ ਗਾਰਡਨ ਨੇੜੇ ਕਤਲ ਕਰ ਵੀ ਦਿੱਤਾ ਸੀ। ਕਹਾਣੀ ਬਣਾ ਦਿੱਤੀ ਗਈ ਸੀ ਓਵਰ ਡੋਜ਼ ਵਾਲੀ! ਅਜਿਹੇ ਹੋਰ ਮਾਮਲੇ ਵੀ ਇੰਟਰਨੈਟ ਤੇ ਲਭ ਸਕਦੇ ਹਨ। 

ਅੱਜ ਵੀ ਯਾਦ ਹੈ ਕਿ ਉਦੋਂ ਸਰਦੀਆਂ ਦੇ ਦਿਨ ਸ਼ੁਰੂ ਹੋ ਚੁੱਕੇ ਸਨ ਅਤੇ ਥਾਣਿਆਂ ਸਾਹਮਣੇ ਧਰਨੇ ਦੇਂਦਿਆਂ ਰਾਤ ਦਾ ਹਨੇਰਾ ਬਹੁਤ ਸੰਘਣਾ ਹੋ ਜਾਂਦਾ ਸੀ। ਅਨੀਤਾ ਸ਼ਰਮਾ ਦੇ ਪਤੀ ਇਸ ਮਿਸ਼ਨ ਲਈ ਪ੍ਰਤੀਬੱਧ ਹੋ ਕੇ ਕੈਮਰੇ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਅਤੇ ਕਾਰ ਦੀ ਡਰਾਈਵਿੰਗ ਵੀ ਸੰਭਾਲਦੇ। ਕਾਫ਼ਿਲੇ ਵਿੱਚ ਦੋਗਲੇ ਲੋਕ ਵੀ ਸਨ। ਇਧਰਲੀਆਂ ਖਬਰਾਬ ਓਧਰ ਪਹੁੰਚਾਉਣ ਵਾਲੇ ਵੀ ਸਨ।  ਸਵਾਰਥੀ ਲੋਕ ਵੀ ਸਨ। ਮੌਕਾਪ੍ਰਸਤ ਵੀ ਸਨ। ਪਰ ਇਹ ਕਾਫ਼ਿਲਾ ਸਭਨਾਂ ਤੇ ਨਜ਼ਰ ਰੱਖਦਾ ਹੋਇਆ ਚੱਲਦਾ ਰਿਹਾ। ਬੜਾ ਸੁਚੇਤ ਹੋ ਕੇ ਅਗਲੀਆਂ ਮੰਜ਼ਿਲਾਂ ਤੇਬਾਪੜਨ ਦੀ ਯੋਜਨਾ ਬਣਾ ਰਿਹਾ ਸੀ। 

ਇਕ ਦਿਨ ਪੰਜਾਬੀ ਭਵਨ ਅਤੇ ਗੁਰੂਨਾਨਕ ਭਵਨ ਦੇ ਦਰਮਿਆਨ ਬਣੀ ਪਾਰਕਿੰਗ 'ਤੇ  ਅਚਾਨਕ ਮਿਲੇ ਜਨਾਬ ਬਲਕੌਰ ਸਿੰਘ ਗਿੱਲ। ਬਹੁਤ ਪੜ੍ਹੇ ਲਿਖੇ ਅਤੇ ਬੜੇ ਹੀ ਸਾਦਗੀ ਪਸੰਦ। ਉਹ ਅਨੀਤਾ ਸ਼ਰਮਾ ਦੇ ਸਿਰ;ਤੇ ਬਜ਼ੁਰਗਾਂ ਵਾਲਾ ਹੱਥ ਰੱਖ ਕੇ ਆਖਣ ਲੱਗੇ ਸ਼ਰਾਬ ਦਾ ਕਾਰੋਬਾਰ ਅਤੇ ਨਸ਼ਿਆਂ ਦੇ ਧੰਦੇ ਸ਼ਰੀਫ ਲੋਕ ਨਹੀਂ ਕਰਦੇ। ਇਹ ਲੋਕ ਆਪਣੇ ਰਸਤੇ ਵਿਚ ਆਉਣ ਵਾਲੇ ਕਿਸੇ ਨੂੰ ਵੀ ਰਸਤੇ ਵਿੱਚੋਂ ਹਟਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸ ਲਈ ਜਰਾ ਸੰਭਲ ਕੇ। ਉਦੋਂ ਆਮ ਤੌਰ 'ਤੇ ਨਾਅਰੇ ਮਾਰਨ ਵਾਲੇ ਸਭ ਤੋਂ ਪਹਿਲਾਂ ਦੌੜ ਜਾਂਦੇ ਹਨ। ਬਲਕੌਰ ਗਿੱਲ ਹੁਰਾਂ ਦੀ ਇਸ ਚੇਤਾਵਨੀ ਬਾਰੇ ਕਿਸੇ ਦਿਨ ਵੱਖਰੀ ਪੋਸਟ ਵੀ ਲਿਖੀ ਜਾਵੇਗੀ ਪਰ ਇਹ ਚੇਤਾਵਨੀ ਹੈ ਤਾਂ ਹਕੀਕਤ ਦੀ ਤਸਵੀਰ। ਕਿਸੇ ਹੋਰ ਨੇ ਤਾਂ ਸਾਵਧਾਨ ਵੀ ਨਹੀਂ ਕੀਤਾ। ਕੀ ਸਮਾਜ ਨੂੰ ਅਨੀਤਾ ਸ਼ਰਮਾ ਅਤੇ ਇਸ ਕਾਫ਼ਿਲੇ ਲਈ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਨਹੀਂ ਕਰਨੀ ਚਾਹੀਦੀ? ਕੀ ਅਸੀਂ ਕਿਸੇ ਅਣਹੋਣੀ ਦੇ ਤਮਾਸ਼ੇ ਦੀ ਉਡੀਕ ਵਿੱਚ ਬੈਠੇ ਰਹਾਂਗੇ?

ਹੁਣ ਸੁੱਖ ਨਾਲ ਇਸ ਸ਼ਰਮਾ ਪਰਿਵਾਰ ਦੀਆਂ ਇਹ ਦੋਵੇਂ ਧੀਆਂ ਵੱਡੀਆਂ ਹੋ ਗਈਆਂ ਹਨ ਅਤੇ ਆਪਣੀ ਸੁਰੱਖਿਆ ਕਰਨਾ ਵੀ ਚੰਗੀ ਤਰ੍ਹਾਂ ਜਾਣਦੀਆਂ ਹਨ ਪਰ ਉਦੋਂ ਤਾਂ ਹਾਲਾਤ ਬਿਲਕੁਲ ਹੀ ਹੋਰ ਸਨ।  ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਜਾਦੂ ਨੂੰ ਜਗਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪ੍ਰਸਿੱਧ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਬੇਲਣ ਬ੍ਰਿਗੇਡ ਦੇ ਮਿਸ਼ਨ ਅਤੇ ਮਕਸਦ ਨਾਲ ਬੜੀ ਜੋਸ਼ੀਲੀ ਸਹਿਮਤੀ ਵੀ ਜਤਾਈ ਸੀ। 

ਤਕਰੀਬਨ ਸਾਰੀਆਂ ਹੀ ਸਿਆਸੀ ਪਾਰਟੀਆਂ ਵੀ ਇਸ ਮਕਸਦ ਲਈ ਬਾਹਰਮੁਖੀ ਤੌਰ 'ਤੇ ਸਹਿਮਤ ਸਨ। ਇਹਨਾਂ ਗੱਲਾਂ ਦੇ ਗਵਾਹ ਰਹੇ ਬਹੁਤ ਸਾਰੇ ਸਿਆਸੀ ਆਗੂ ਅੱਜ ਵੀ ਮੌਜੂਦ ਹਨ। ਬਲਬੀਰ ਅੱਗਰਵਾਲ, ਸਤਪਾਲ ਸ਼ਰਮਾ, ਮਨਵਿੰਦਰ ਸਿੰਘ ਗਿਆਸਪੁਰਾ ਵਰਗੇ ਲੀਡਰ ਜਮਾਲਪੁਰ ਇਲਾਕੇ ਵਿੱਚ ਵਿੱਚ ਹੁੰਦੀਆਂ ਰਹੀਆਂ ਨੁੱਕੜ ਬੈਠਕਾਂ ਵਿੱਚ ਵੀ ਸ਼ਾਮਲ ਰਹੇ। 

ਰੰਗਰੂਪ  ਬਦਲ ਕੇ ਕਿਸੇ ਨ ਕਿਸੇ ਬਹਾਨੇ ਧਮਕੀਆਂ ਵੀ ਮਿਲਦੀਆਂ ਰਹੀਆਂ। ਫਿਰ ਵੀ ਅਨੀਤਾ ਸ਼ਰਮਾ ਬੇਖੌਫ ਰਹੀ। ਨਸ਼ਾ ਮੁਕਤ ਪੰਜਾਬ ਦਾ ਸੁਪਨਾ ਉਸਦਾ ਜਨੂੰਨ ਬਣ ਗਿਆ ਸੀ। ਕਾਂਗਰਸ ਦੀ ਲੀਡਰ ਸਤਿੰਦਰ ਬਿੱਟੀ ਵੀ ਬਹੁਤ ਪ੍ਰਭਾਵਿਤ ਹੋਇਆ ਅਤੇ ਖੁੱਲ੍ਹ ਕੇ ਇਸ ਕਾਫ਼ਿਲੇ ਦੀ ਪਿੱਠ 'ਤੇ ਆ ਗਈ ਸੀ। ਕਾਂਗਰਸ ਪਾਰਟੀ ਦੀ ਸਰਗਰਮ ਮਹਿਲਾ ਲੀਡਰ ਸਤਿੰਦਰ ਬਿੱਟੀ ਦੀਆਂ ਬਹੁਤ ਸਾਰੀਆਂ ਵਰਕਰਾਂ ਨੂੰ ਵੀ ਇਸ ਮਿਸ਼ਨ ਦੀ ਬਹੁਤ ਖੁਸ਼ੀ ਹੋਈ ਸੀ। ਰਹੀ ਗੱਲ ਬਾਕੀਆਂ ਦੀ ਉਹਨਾਂ ਦੀ ਚਰਚਾ ਛੇਤੀ ਹੀ ਕਿਸੇ ਵੱਖਰੀ ਪੋਸਟ ਵਿੱਚ ਕੀਤੀ ਜਾਏਗੀ ਕਿਓਂਕਿ ਅਜਿਹੇ ਲੋਕ ਵੀ ਹਰ ਮਿਸ਼ਨ ਵਿੱਚ ਆ ਹੀ ਜਾਂਦੇ ਹਨ। 
 
ਸਨਅਤਕਾਰ ਮੇਵਾ ਸਿੰਘ ਕੁਲਾਰ ਅਤੇ ਪੱਤਰਕਾਰੀ ਤੋਂ ਸਿਆਸਤ ਵਿੱਚ ਆਏ ਸੁਸ਼ੀਲ ਮਲਹੋਤਰਾ ਵੀ ਇਸ ਕਾਫ਼ਿਲੇ ਦੇ ਨਾਲ ਜੁੜੇ ਰਹੇ। ਫਿਰੋਜ਼ਪੁਰ ਰੋਡ ਤੇ ਸਥਿੱਤ ਹੋਟਲ ਲੀ ਬੈਰੋਨ ਸਮੇਤ ਕਈਆਂ ਥਾਂਵਾਂ ਤੇ ਖੁਲ੍ਹੀਆਂ ਬੈਠਕਾਂ ਬੜੀ ਵੱਡੀ ਪੱਧਰ ਤੇ ਵੀ ਹੋਈਆਂ। ਕਾਫ਼ਿਲੇ ਵੀ ਲੰਮੇ ਰੂਟਾਂ ਤੇ ਚੱਲਦੇ ਰਹੇ। ਅਯਾਲੀ ਨੇੜੇ ਐਡਵੋਕੇਟ ਐਚ ਐਸ ਫੂਲਕਾ ਦੇ ਚੋਣ ਦਫਤਰ ਵੀ ਇਹਨਾਂ ਸਰਗਰਮੀਆਂ ਦੇ ਕੇਂਦਰ ਰਹੇ। ਬੜਾ ਜ਼ੋਰ ਪਾ ਕੇ ਬੇਲਣ ਬ੍ਰਿਗੇਡ ਕਾਫ਼ਿਲੇ ਨੂੰ ਉਥੇ ਲੰਗਰ ਪਾਣੀ ਵੀ ਛਕਾਇਆ ਜਾਂਦਾ ਸੀ ਅਤੇ ਸਾਥ ਦੇਣ ਦਾ ਵਾਅਦਾ ਵੀ ਦੁਹਰਾਇਆ ਜਾਂਦਾ ਸੀ। ਮਨਪ੍ਰੀਤ ਅਯਾਲੀ ਵੀ ਇਸ ਪੱਖੋਂ ਪਿਛੇ ਨਹੀਂ ਸਨ। 

ਸ਼ਹਿਰੀ ਹਲਕਿਆਂ ਵਿੱਚ ਮਦਨਲਾਲ ਬੱਗਾ ਅਤੇ ਕਈ ਹੋਰ ਲੀਡਰ ਵੀ ਇਸ ਕਾਫ਼ਿਲੇ ਦਾ ਸਾਥ ਦੇਂਦੇ ਰਹੇ। ਚੌੜੇ ਬਾਜ਼ਾਰ ਵਿੱਚ ਬਹੁਤ ਸਾਰੇ ਦੁਕਾਨਦਾਰ ਇਸ ਕਾਫ਼ਿਲੇ ਦਾ ਰਸਤਾ ਬੜੇ ਪਿਆਰ ਅਤੇ ਸਤਿਕਾਰ ਨਾਲ ਰੋਕ ਰੋਕ ਚਾਹ ਪਾਣੀ ਛਕਾਉਂਦੇ ਸਨ। ਸੁੰਦਰ ਨਗਰ ਅਤੇ ਮੁੰਡੀਆਂ ਇਲਾਕੇ ਦੀਆਂ ਕਈ ਔਰਤਾਂ ਵੀ ਸਰਗਰਮੀ ਨਾਲ ਸਾਥ ਦੇਂਦੀਆਂ ਸਨ। ਨਸ਼ੇ ਦੇ ਖਿਲਾਫ ਇਹ ਜਨ-ਤੂਫ਼ਾਨ ਖੜਾ ਕਰਨਾ ਸੌਖਾ ਤਾਂ ਨਹੀਂ ਸੀ। ਪਰ ਸਮਾਜ ਨੇ ਕੀ ਹੁੰਗਾਰਾ ਭਰਿਆ? ਇਹ ਨੇਕ ਮਿਸ਼ਨ ਪੂਰੀ ਤਰ੍ਹਾਂ ਸਫਲ ਕਿਓਂ ਨਾ ਹੋਇਆ? ਫਿਰ ਵੀ ਅਨੀਤਾ ਸ਼ਰਮਾ ਨੇ ਹਰ ਨਹੀਂ ਮੰਨੀ। 

ਜ਼ਿੰਦਗੀ ਵਿੱਚ ਉਮਰ ਦਾ ਇੱਕ ਸੁਨਹਿਰੀ ਦੌਰ ਹੁੰਦਾ ਹੈ ਜਦੋਂ ਤਨ ਮਨ ਦੋਵੇਂ ਤਕੜੇ ਹੁੰਦੇ ਹਨ। ਪਹਾੜ ਚੀਰਨਾ ਵੀ ਮੁਸ਼ਕਲ ਨਹੀਂ ਲੱਗਦਾ ,ਸਮੁੰਦਰ ਪਾਰ ਕਰਨਾ ਵੀ ਖੇਡ ਲਗਦਾ ਹੈ। ਅਨੀਤਾ ਸ਼ਰਮਾ ਨੇ ਉਹ ਸਾਰਾ ਸੁਨਹਿਰੀ ਸਮਾਂ ਇਸ ਮਿਸ਼ਨ 'ਤੇ ਲਗਾ ਦਿੱਤਾ। ਕੀ ਸਾਡਾ ਸਮਾਜ ਸਮਾਜ ਸੋਚੇਗਾ ਉਸਦੀ ਇਸ ਕੁਰਬਾਨੀ ਬਾਰੇ ਕੁਝ? ਕਿਸੇ ਵੇਲੇ ਇੱਕ ਸ਼ੇਅਰ ਬੜਾ ਮਸ਼ਹੂਰ ਹੋਇਆ ਸੀ-
ਨ ਸਮਝੋਗੇ ਤੋਂ ਮਿਟ ਜਾਓਗੇ ਐ ਹਿੰਦੋਸਤਾਂ ਵੱਲੋ.....!
ਤੁਮ੍ਹਾਰੀ ਦਾਸਤਾਂ ਤਕ ਭੀ ਨ ਹੋਗੀ ਦਾਸਤਾਨੋਂ ਮੈਂ.....!

ਇਸ ਵੇਲੇ ਇਹੀ ਗੱਲ ਪੰਜਾਬ ਬਾਰੇ ਵੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਖਤਮ ਹੋ ਰਿਹਾ ਹੈ। ਇਹਨਾਂ ਹਰਬਿਆਂ ਅਤੇ ਹਥਿਆਰਾਂ ਵਿੱਚ ਸ਼ਰਾਬ ਅਤੇ ਕੁਝ ਹੋਰ ਨਸ਼ੇ ਵੀ ਇੱਕ ਹਨ ਜਿਹਨਾਂ ਨਾਲ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਹੈ। 

ਬੇਲਣ ਬ੍ਰਿਗੇਡ ਨੇ ਇੱਕ ,ਵਾਰ ਫੇਰ ਨਸ਼ਿਆਂ ਦੇ ਖਿਲਾਫ ਜੰਗ ਵਿੱਢ ਦਿੱਤੀ ਹੈ। ਇਸ ਵਾਰ ਇਸ ਮਹਿਲਾ ਸੰਗਠਨ ਨੇ ਸਾਰੇ ਉਮੀਦਵਾਰਾਂ ਕੋਲੋਂ ਨਿਜੀ ਤੌਰ ਤੇ ਜਾ ਕੇ ਸਿੱਧਾ ਸੁਆਲ ਕੀਤਾ ਹੈ ਕਿ ਉਹ ਨਸ਼ਾ ਬੰਦ ਕਰਾਉਣ ਦੀ ਹਿੰਮਤ ਕਰਨਗੇ ਜਾਂ ਨਹੀਂ? ਪਰ ਸੁਆਲ ਜਿੰਨਾ ਸਿੱਧਾ ਕੀਤਾ ਗਿਆ ਇਸਦਾ ਜੁਆਬ ਓਨਾ ਸਿੱਧਾ ਨਹੀਂ ਮਿਲਿਆ। 

ਜਿਹੜੀ ਸ਼ਰਾਬ ਸਰਕਾਰ ਦੀ ਆਮਦਨ ਦਾ ਜ਼ਰੀਆ ਬਣੀ ਹੋਵੇ--ਉਸਦੇ ਖਿਲਾਫ ਕੌਣ ਚੱਲੇ?  ਸੰਪੂਰਨ ਕ੍ਰਾਂਤੀ ਵਾਲੇ ਨਾਅਰੇ ਦੀ ਹਿੰਮਤ ਹੁਣ ਕੌਣ ਕਰੇ? ਹੁਣ ਤਾਂ ਸਾਡੇ ਕੋਲ ਜੈਪ੍ਰਕਾਸ਼ ਨਾਰਾਇਣ ਵੀ ਨਹੀਂ ਹਨ। 

ਫਿਰ ਵੀ ਇਹ ਮੁਹਿੰਮ ਦੋਬਾਰਾ ਭਾਂਵੇਂ ਫਿਰ ਜੋਸ਼ ਨਾਲ ਚੱਲ ਪਈ ਹੈ ਪਰ ਸਫਲਤਾ ਅਜੇ ਦੂਰ ਲੱਗਦੀ ਹੈ। ਬੇਲਨ ਬ੍ਰਿਗੇਡ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਉਦੋਂ ਹੀ ਸਫਲ ਹੋਵੇਗੀ ਜਦੋਂ ਪੰਜਾਬ ਸਰਕਾਰ ਸ਼ਰਾਬ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਏਗੀ ਤੇ ਪੰਜਾਬ ਸਰਕਾਰ ਭਲਾ ਅਜਿਹਾ ਕਿਓਂ ਕਰੇਗੀ? ਹਾਂ ਜੇਕਰ ਰਾਸ਼ਟਰਵਾਦੀ ਸੋਚ ਭਾਰੂ ਹੋ ਜਾਵੇ ਤਾਂ ਸ਼ਾਇਦ ਇਹ ਕ੍ਰਿਸ਼ਮਾ ਵੀ ਹੋ ਜਾਵੇ। ਗਾਂਧੀ ਜੀ ਦੇ ਵਿਚਾਰ ਫਿਰ ਜ਼ੋਰ ਫੜ ਲੈਣ ਤਾਂ ਇਹ ਵੀ ਸੰਭਵ ਹੈ। ਇਸ ਮੁੱਦੇ 'ਤੇ ਬੇਲਨ ਬ੍ਰਿਗੇਡ ਦੇ ਮੈਂਬਰਾਂ ਨੇ ਲੁਧਿਆਣਾ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ।

ਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਅਨੀਤਾ ਸ਼ਰਮਾ ਨੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ, ਭਾਜਪਾ ਉਮੀਦਵਾਰ ਜੀਵਨ ਗੁਪਤਾ ਅਤੇ ਅਕਾਲੀ ਉਮੀਦਵਾਰ ਪਰੋਪਕਾਰ ਸਿੰਘ ਘੁੰਮਣ ਤੋਂ ਮੰਗ ਕੀਤੀ ਹੈ | ਜੇਕਰ ਅਸੀਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸ਼ਰਾਬ ਵਰਗੇ ਸਰਕਾਰੀ ਨਸ਼ੇ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

ਇਸ ਸੰਗਠਨ ਦੀ ਮੁਖੀ ਅਨੀਤਾ ਸ਼ਰਮਾ ਨੇ ਅੱਗੇ ਕਿਹਾ ਕਿ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਸ਼ਰਾਬ ਤੋਂ ਟੈਕਸ ਇਕੱਠਾ ਕਰਦੀਆਂ ਹਨ ਅਤੇ ਫਿਰ ਸਮਾਜ ਦੀ ਭਲਾਈ ਲਈ ਕੰਮ ਕਰਦੀਆਂ ਹਨ ਜਿਸ ਵਿੱਚ ਸਰਕਾਰ ਇਸਨੂੰ ਸਕੂਲਾਂ ਵਿੱਚ ਬੱਚਿਆਂ ਦੀ ਸਿੱਖਿਆ, ਗਰੀਬ ਲੋਕਾਂ ਦੇ ਇਲਾਜ ਆਦਿ 'ਤੇ ਖਰਚ ਕਰਦੀ ਹੈ।

ਅੰਤ ਵਿੱਚ, ਅਨੀਤਾ ਸ਼ਰਮਾ, ਸ਼ੋਭਾ ਦੀਦੀ, ਕੋਮਲ ਅਤੇ ਤੇਜਸਵੀ ਨੇ ਸਾਰੇ ਉਮੀਦਵਾਰਾਂ ਨੂੰ ਆਪਣੀ ਇੱਛਾ ਪ੍ਰਗਟ ਕੀਤੀ ਕਿ ਜਿਸ ਵੀ ਪਾਰਟੀ ਦਾ ਉਮੀਦਵਾਰ ਜਿੱਤਦਾ ਹੈ, ਉਹ ਪੰਜਾਬ ਸਰਕਾਰ ਦੀ ਸ਼ਰਾਬ ਨੀਤੀ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਸ਼ਰਾਬਬੰਦੀ ਲਾਗੂ ਕਰਨ ਲਈ ਪਹਿਲ ਕਰੇ। 

ਇਥੇ ਹੀ ਇੱਕ ਗੱਲ ਹੋਰ ਵੀ। ਸਾਡੀ ਮੀਡੀਆ ਟੀਮ ਨੇ ਮੈਡਮ ਅਨੀਤਾ ਸ਼ਰਮਾ ਕੋਲੋਂ ਪੁੱਛਿਆ ਸੀ ਕਿ ਸਰਕਾਰ ਨੂੰ ਸ਼ਰਾਬਬੰਦੀ ਨਾਲ ਪੈਣ ਵਾਲਾ ਘਾਟਾ ਕਿਵੇਂ ਪੂਰਾ ਹੋਵੇਗਾ ਤਾਂ ਮੈਡਮ ਅਨੀਤਾ ਸ਼ਰਮਾ ਦਾ ਕਹਿਣਾ ਸੀ ਇਸ ਦਾ ਹਲ ਉਹਨਾਂ ਕੋਲ ਹੈ ਪਰ ਉਹ ਇਸ ਤਰ੍ਹਾਂ ਮੀਡੀਆ ਰਾਹੀਂ ਡਿਸਕਸ ਨਹੀਂ ਕੀਤਾ ਜਾ ਸਕਦਾ। ਜਦੋਂ ਸਰਕਾਰ ਚਾਹੇਗੀ ਅਸੀਂ ਆਮਦਨ ਵਧਾਉਣ ਦਾ ਪੂਰਾ ਬਲਿਊ ਪ੍ਰਿੰਟ ਸਰਕਾਰ ਨੂੰ ਦਿਆਂਗੇ। 
ਉਦੋਂ ਇੱਕ ਨਾਅਰਾ ਬੜਾ ਹਰਮਨਪਿਆਰਾ ਹੋਇਆ ਸੀ। 
ਨਿਕਲੋ ਬਾਹਰ ਮਕਾਨੋਂ ਸੇ!
ਜੰਗ ਲੜੋ ਬੇਈਮਾਨੋਂ ਸੇ!
ਪਰ ਜਿਹੜੇ ਉਦੋਂ ਤੋਂ ਹੀ ਘਰ ਘਾਟ ਛੱਡ ਕੇ ਬਾਹਰ ਨਿਕਲੇ ਹੋਏ ਹਨ ਅਤੇ ਜੰਗ ਲੜ ਰਹੇ ਹਨ ਉਹਨਾਂ ਪਾਰਟੀ ਅਸੀਂ ਆਪਾਂ ਆਪਣੇ ਫਰਜ਼ ਕਦੋਂ ਪਛਾਣਾਂਗੇ? ਆਓ ਇਸ ਮਿਸ਼ਨ ਨੂੰ ਮਜ਼ਬੂਤ ਕਰੀਏ। 

No comments: