Monday, June 23, 2025

ਜ਼ਿਮਨੀ ਚੋਣ:ਆਪ ਨੇ ਫਿਰ ਜਿੱਤੀ ਲੁਧਿਆਣਾ ਪੱਛਮੀ ਵਾਲੀ ਸੀਟ

From Media Link on Monday 23rd June 2025 at 3:22 PM Regarding ByPoll Election Results 

ਪੰਜਾਬ ਵਿੱਚ ਆਮ ਆਦਮੀ ਪਾਰਟੀ ਲਈ ਅਜੇ ਵੀ ਚੁਣੌਤੀਆਂ ਬਾਕੀ ਹਨ 


ਲੁਧਿਆਣਾ: 23 ਜੂਨ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਦੀ ਇਸ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਸਰਗਰਮ ਉਮੀਦਵਾਰ ਸੰਜੀਵ ਅਰੋੜਾ ਜੇਤੂ ਰਹੇ ਹਨ। ਉਨ੍ਹਾਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਦੇ ਫਰਕ ਨਾਲ ਹਰਾਇਆ। ਚੇਤੇ ਰਹੇ ਕਿ ਇਸ ਸਾਲ ਜਨਵਰੀ ਵਿੱਚ ‘ਆਪ’ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।

ਇਸ ਚੋਣ ਦੇ ਨਤੀਜੇ ਸਾਹਮਣੇ ਆਏ ਤਾਂ ਅਰੋੜਾ ਨੂੰ 35179 ਵੋਟਾਂ ਮਿਲੀਆਂ, ਜਦਕਿ ਆਸ਼ੂ ਨੂੰ 24542 ਵੋਟਾਂ ਪਈਆਂ।ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਭਾਰਤ ਭੂਸ਼ਨ ਆਸ਼ੂ ਨੇ ਇਸ ਚੋਣ ਦੌਰਾਨ ਸ਼੍ਰੀ ਅਰੋੜਾ ਨੂੰ ਵੱਡੀ ਟੱਕਰ ਦਿੱਤੀ। ਚੋਣ ਜੰਗ ਵਿੱਚ ਬਿਲਕੁਲ ਆਖ਼ਿਰੀ ਪਲਾਂ ਮੌਕੇ ਕੁੱਦਣ ਵਾਲੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਨੇ 20323 ਵੋਟਾਂ ਲਈਆਂ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ 8203 ਵੋਟਾਂ ਪ੍ਰਾਪਤ ਹੋਈਆਂ। ਏਨੇ ਨਿਰਾਸ਼ਾਜਨਕ ਨਤੀਜੇ ਦੀ ਉਮੀਦ ਤਾਂ ਅਕਾਲੀ ਦਲ ਦੇ ਸਿਆਸੀ ਵਿਰੋਧੀਆਂ ਨੂੰ ਵੀ ਨਹੀਂ ਸੀ। 

ਜ਼ਿਕਰਯੋਗ ਹੈ ਕਿ ਇਸ ਸੀਟ ਲਈ 14 ਉਮੀਦਵਾਰ ਮੈਦਾਨ ਵਿੱਚ ਸਨ। ਈਸਾਈ ਭਾਈਚਾਰੇ ਦੇ ਸਰਗਰਮ ਆਗੂ ਵੱਜੋਂ ਜਾਣੇ ਜਾਂਦੇ ਅਲਬਰਟ ਦੁਆ ਅਨੂ ਨੂੰ ਇਸ ਸੀਟ ਤੋਂ 280 ਵੋਟਾਂ ਮਿਲੀਆਂ, ਨੈਸ਼ਨਲ ਲੋਕ ਸੇਵਾ ਪਾਰਟੀ ਦੇ ਜਤਿੰਦਰ ਕੁਮਾਰ ਸ਼ਰਮਾ ਨੂੰ 173 ਵੋਟਾਂ, ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਉਮੀਦਵਾਰ ਨਵਨੀਤ ਕੁਮਾਰ ਗੋਪੀ ਨੂੰ 171 ਵੋਟਾਂ ਪ੍ਰਾਪਤ ਹੋਈਆਂ।ਆਜ਼ਾਦ ਉਮੀਦਵਾਰ ਨੀਟੂ ਨੂੰ 112, ਰੇਣੂ ਨੂੰ 108, ਬਲਦੇਵ ਰਾਜ ਕਤਨਾ ਦੇਬੀ ਨੂੰ 102, ਰਾਜੇਸ਼ ਸ਼ਰਮਾ ਨੂੰ 87, ਪਵਨਦੀਪ ਸਿੰਘ ਨੂੰ 37, ਇੰਜੀਨੀਅਰ ਪਰਮਜੀਤ ਸਿੰਘ ਭਰਾਜ ਨੂੰ 27 ਤੇ ਗੁਰਦੀਪ ਸਿੰਘ ਕਾਹਲੋਂ ਨੂੰ 21 ਵੋਟਾਂ ਪਈਆਂ। ਨੋਟਾ ਦਾ ਬਟਨ 793 ਲੋਕਾਂ ਨੇ ਦੱਬਿਆ। ਇਹ ਗੱਲ ਸਾਰੀਆਂ ਸਿਆਸੀ ਪਾਰਟੀਆਂ ਲਈ ਸੋਚਣ ਵਾਲੀ ਹੈ ਕਿ ਇਹਨਾਂ 793 ਵੋਟਰਾਂ ਨੂੰ ਕੋਈ ਵੀ ਉਮੀਦਵਾਰ ਪਸੰਦ ਕਿਓਂ ਨਹੀਂ ਆਇਆ?

ਇਸੇ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਉਮੀਦਵਾਰ ਦੇ ਹਾਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਅਤੇ ਕਿਹਾ ਕਿ ਭਾਜਪਾ ਭਾਵੇਂ ਜਿੱਤ ਨਹੀਂ ਸਕੀ, ਪਰ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਨੇ ਜੋ ਵੋਟਾਂ ਹਾਸਲ ਕੀਤੀਆਂ, ਉਹ ਕਾਬਿਲ-ਏ-ਤਾਰੀਫ ਹਨ। ਬਿੱਟੂ ਨੇ ਕਿਹਾ ਕਿ ‘ਆਪ’ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਮਿਲੀਆਂ 35,179 ਵੋਟਾਂ ਦੇ ਮੁਕਾਬਲੇ ਜੇ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦਾ ਜੋੜ ਦੇਖਿਆ ਜਾਵੇ ਤਾਂ ਉਹ ਤਕਰੀਬਨ 52,000 ਦਾ ਅੰਕੜਾ ਪਾਰ ਕਰਦਾ ਹੈ ਜਿਸ ਤੋਂ ਸਾਫ ਸੰਕੇਤ ਦਿਖਾਈ ਦਿੰਦਾ ਹੈ ਕਿ ਲੋਕ ਅੱਜ ਵੀ ‘ਆਪ’ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹਨ। 

ਸ਼੍ਰੀ ਬਿੱਟੂ ਨੇ ਸਪਸ਼ਟ ਕਿਹਾ ਕਿ ਇਹ ਨਤੀਜਾ ਸਾਫ ਦੱਸ ਰਿਹਾ ਹੈ ਕਿ ਲੋਕਾਂ ਨੇ ‘ਆਪ’ ਖਿਲਾਫ ਫਤਵਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ ਮਿਲੀਆਂ 20323 ਵੋਟਾਂ ਦਾ ਅੰਕੜਾ ਦੱਸਦਾ ਹੈ ਕਿ ਭਾਜਪਾ ਲੰਮੀ ਰੇਸ ਦੇ ਘੋੜੇ ਵਾਂਗ ਆਪਣੀ ਸ਼ਕਤੀ, ਸਮਰਥਾ ਅਤੇ ਅਧਾਰ ਨੂੰ ਮਜ਼ਬੂਤ ਕਰ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਭਾਜਪਾ ਸਿਆਸੀ ਕਿਆਸ ਅਰਾਈਆਂ ਦੇ ਉਲਟ ਜ਼ਿਆਦਾ ਹੈਰਾਨਕੁੰਨ ਨਤੀਜਿਆਂ ਨਾਲ ਸਾਹਮਣੇ ਆਵੇਗੀ। 

ਭਾਜਪਾ ਲੀਡਰ ਬਿੱਟੂ ਨੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੀ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਹੋਏ ਕਿਹਾ ਕਿ ਭਾਜਪਾ ਜ਼ਮੀਨੀ ਹਕੀਕਤਾਂ ਨੂੰ ਸਮਝਦੇ ਹੋਏ 2027 ਵਿੱਚ ਪੂਰੀ ਤਾਕਤ ਨਾਲ ਪੰਜਾਬ ਵਿੱਚ ਵਾਪਸੀ ਕਰੇਗੀ।

ਗੁਜਰਾਤ ਦੀ ਚਰਚਾ ਵੀ:

‘ਆਪ’ ਉਮੀਦਵਾਰ ਇਤਾਲੀਆ ਗੋਪਾਲ ਨੇ ਗੁਜਰਾਤ ਦੇ ਵਿਸਾਵਦਰ ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ਜਿੱਤ ਲਈ ਹੈ। ਗੋਪਾਲ ਨੇ ਭਾਜਪਾ ਦੇ ਕਿਰਿਤ ਪਟੇਲ ਨੂੰ 17554 ਵੋਟਾਂ ਨਾਲ ਹਰਾਇਆ। ਗੋਪਾਲ ਨੂੰ ਕੁੱਲ 75942 ਵੋਟਾਂ ਪਈਆਂ। ਪਟੇਲ 58388 ਵੋਟਾਂ ਨਾਲ ਦੂਜੇ ਜਦੋਂਕਿ ਕਾਂਗਰਸੀ ਉਮੀਦਵਾਰ ਨਿਤਿਨ ਰਣਪਾਰੀਆ 5501 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ। ਵਿਸਾਵਦਰ ਸੀਟ ਦਸੰਬਰ 2023 ਵਿੱਚ ਤਤਕਾਲੀ ‘ਆਪ’ ਵਿਧਾਇਕ ਭੂਪੇਂਦਰ ਭਯਾਨੀ ਦੇ ਅਸਤੀਫਾ ਦੇਣ ਅਤੇ ਸੱਤਾਧਾਰੀ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਾਲੀ ਹੋ ਗਈ ਸੀ। 

ਕਾਡੀ ਸੀਟ ਤੋਂ ਭਾਜਪਾ ਵੱਡੇ ਫਰਕ ਨਾਲ ਜੇਤੂ 

ਉਧਰ ਕਾਡੀ ਸੀਟ ਤੋਂ ਭਾਜਪਾ ਉਮੀਦਵਾਰ ਰਾਜੇਂਦਰ ਚਾਵੜਾ 39,452 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ। ਰਾਜੇਂਦਰ ਚਾਵੜਾ ਨੂੰ 99742 ਵੋਟਾਂ ਪਈਆਂ ਜਦੋਂਕਿ ਦੂਜੇ ਨੰਬਰ ’ਤੇ ਰਹੇ ਕਾਂਗਰਸ ਦੇ ਰਮੇਸ਼ਭਾਈ ਚਾਵੜਾ ਨੂੰ 60290 ਵੋਟਾਂ ਮਿਲੀਆਂ। ਅਨੁਸੂਚਿਤ ਜਾਤੀ (ਐੱਸ ਸੀ) ਉਮੀਦਵਾਰ ਲਈ ਰਾਖਵਾਂ ਕਾਡੀ ਹਲਕਾ ਫਰਵਰੀ ਵਿੱਚ ਭਾਜਪਾ ਵਿਧਾਇਕ ਕਰਸਨ ਸੋਲੰਕੀ ਦੀ ਮੌਤ ਤੋਂ ਬਾਅਦ ਖਾਲੀ ਹੋ ਗਿਆ ਸੀ

ਦੋ ਸੀਟਾਂ ’ਤੇ ਮਿਲੀ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੋਵਾਂ ਸੀਟਾਂ ’ਤੇ ਜਨਤਾ ਨੇ ਭਾਜਪਾ ਤੇ ਕਾਂਗਰਸ ਨੂੰ ਨਕਾਰ ਦਿੱਤਾ ਹੈ। ਉਨ੍ਹਾ ਐਕਸ ’ਤੇ ਪੋਸਟ ’ਚ ਲਿਖਿਆ, ਗੁਜਰਾਤ ਦੀ ਵਿਸਾਵਦਰ ਅਤੇ ਪੰਜਾਬ ਦੀ ਲੁਧਿਆਣਾ ਪੱਛਮੀ ਸੀਟ ’ਤੇ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ’ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਗੁਜਰਾਤ ਅਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਵਧਾਈ ਅਤੇ ਧੰਨਵਾਦ। ਦੋਵਾਂ ਥਾਵਾਂ ’ਤੇ ਪਿਛਲੀਆਂ ਚੋਣਾਂ ਦੇ ਮੁਕਾਬਲੇ ਲੱਗਭੱਗ ਦੋ ਗੁਣਾ ਮਾਰਜਨ ਨਾਲ ਜਿੱਤ ਹੋਈ ਹੈ। ਇਹ ਦਿਖਾਉਂਦਾ ਹੈ ਕਿ ਪੰਜਾਬ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ ਅਤੇ ਉਨ੍ਹਾ ਨੇ 2022 ਤੋਂ ਵੀ ਜ਼ਿਆਦਾ ਵੋਟ ਦਿੱਤਾ ਹੈ। ਗੁਜਰਾਤ ਦੀ ਜਨਤਾ ਹੁਣ ਭਾਜਪਾ ਤੋਂ ਪ੍ਰੇਸ਼ਾਨ ਹੋ ਚੁੱਕੀ ਹੈ ਅਤੇ ਉਨ੍ਹਾ ਨੂੰ ਆਮ ਆਦਮੀ ਪਾਰਟੀ ’ਚ ਉਮੀਦ ਦਿਖਾਈ ਦੇ ਰਹੀ ਹੈ।

ਪੰਜਾਬ ਵਿੱਚ ਚੁਣੌਤੀਆਂ ਬਰਕਰਾਰ ਹਨ:

ਲੁਧਿਆਣਾ ਪੱਛਮੀ ਵਾਲੀ ਸੀਟ ਤੋਂ ਮਿਲੀ ਜਿੱਤ ਦੇ ਬਾਵਜੂਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣੌਤੀਆਂ ਬਰਕਰਾਰ ਹਨ। ਆਮ ਲੋਕਾਂ ਨਾਲ ਰਾਬਤਾ, ਆਮ ਲੋਕਾਂ ਦੇ ਕੰਮ, ਕੁਰੱਪਸ਼ਨ ਵਰਗੇ ਦੋਸ਼ਾਂ ਦੀ ਜਾਂਚ ਅਤੇ ਪੁਲਿਸ ਵਧੀਕੀਆਂ ਬਾਰੇ ਸੱਤਾ ਨੂੰ ਜਲਦੀ ਹੀ ਠੋਸ ਕਦਮ ਚੁੱਕਣੇ ਪੈਣੇ ਹਨ। 

ਆਮ ਆਦਮੀ ਪਾਰਟੀ ਅੰਦਰ  ਬਹੁਤ ਸਾਰੇ ਲੋਕ ਅਜੇ ਅਸੰਤੁਸ਼ਟ ਹਨ। ਇਹਨਾਂ ਵਿੱਚ ਬੁਧੀਜੀਵੀ ਵੀ ਹਨ ਅਤੇ ਮਹਿਲਾ ਵਰਕਰ ਵੀ। ਇਹ ਲੋਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪੈਰ ਲਾਉਣ ਵਿੱਚ ਮੋਹਰੀ ਰਹੇ ਹਨ। ਇਹਨਾਂ ਵਿੱਚੋਂ ਕਈ ਤਾਂ ਵਿਦੇਸ਼ ਚਲੇ ਗਏ ਹਨ ਪਾਰ ਬਹੁਤ ਸਾਰੇ ਅਜੇ ਵੀ ਪੰਜਾਬ ਵਿੱਚ ਹੀ ਹਨ। ਇਹਨਾਂ ਨੂੰ ਨਜ਼ਰ ਅੰਦਾਜ਼ ਕਰਨਾ ਆਮ ਆਦਮੀ ਪਾਰਟੀ ਨੂੰ ਮਹਿੰਗਾ ਪੈ ਸਕਦਾ ਹੈ। 

No comments: