From Ludhiana Screen Team on Friday 20th June 2025 at 14:42 Against Drugs Smuggling
ਨਸ਼ਾ ਸਮਗਲਿੰਗ ਨੂੰ ਜੜ੍ਹੋਂ ਪੁੱਟਣ ਦੀ ਮੁਹਿੰਮ ਹੁਣ ਆਰ ਪਾਰ ਵਾਲੀ ਜੰਗ
*ਮਲੌਦ ਵਿਖੇ ਨਗਰ ਪੰਚਾਇਤ ਤੋਂ ਬਿਨਾਂ ਮੰਨਜ਼ੂਰੀ ਲਏ ਬਣੇ ਸਨ ਗੈਰ-ਕਾਨੂੰਨੀ ਮਕਾਨ
*ਇਹਨਾਂ ਗੈਰਕਾਨੂੰਨੀ ਢੰਗ ਨਾਲ ਬਣਾਏ ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ
*ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ
*ਐਸ.ਪੀ (ਐਚ) ਤੇਜਵੀਰ ਸਿੰਘ ਹੁੰਦਲ ਦੀ ਅਗਵਾਈ ਹੇਠ ਪੁਲਿਸ ਨੇ ਕੀਤੀ ਕਾਰਵਾਈ
ਗੁਰਬਾਣੀ ਕਹਿੰਦੀ ਹੈ: ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥
ਹਕੀਕਤ ਨੂੰ ਦਰਸਾਉਣ ਵਾਲੇ ਇਹਨਾਂ ਸਾਰੇ ਉਪਦੇਸ਼ਾਂ ਦੇ ਬਾਵਜੂਦ ਇਹਨਾਂ ਬਭੀਦੇ ਪਾਸੇ ਪਏ ਲੋਕ ਬਾਜ਼ ਨਹੀਂ ਆਏ। ਅਕਸਰ ਇਸ ਮਾਇਆ ਨੂੰ ਜੋੜਣ ਲਈ ਹੀ ਬਹੁਤੇ ਪਾਪ ਹੁੰਦੇ ਨੇ। ਸਭਨਾਂ ਨੰ ਪਤਾ ਵੀ ਹੈ ਕਿ ਇਸ ਨੇ ਸਾਡੇ ਨਾਲ ਵੀ ਨਹੀਂ ਜਾਣਾ ਪਰ ਫਿਰ ਦੁਨੀਆ ਮਾਇਆ ਪਿਛੇ ਕਮਲੀ ਹੋਈ ਰਹਿੰਦੀ ਹੈ।
ਇਸ ਮਾਇਆ ਨਾਲ ਹੀ ਬਣਦੇ ਨੇ ਬੈਂਕ ਬੈਲੈਂਸ, ਕਾਰਾਂ-ਕੋਠੀਆਂ ਅਤੇ ਉੱਚੇ ਉੱਚੇ ਮਕਾਨ। ਸਰਕਾਰ ਨੇ ਨਸ਼ਿਆਂ ਨੂੰ ਹਟਾਉਣ ਲਈ ਪਹਿਲਾਂ ਵੀ ਬੜੇ ਕਦਮ ਪੁੱਟੇ ਹਨ ਪਰ ਜ਼ਿਆਦਾ ਅਸਰ ਨਹੀਂ ਸੀ ਹੁੰਦਾ। ਨਸ਼ਿਆਂ ਨਾਲ ਕਮਾਏ ਪੈਸੇ ਨੂੰ ਵੰਡ ਵੰਡਾ ਕੇ ਹੀ ਕਾਬੂ ਆਏ ਦੋਸ਼ੀ ਵੀ ਛੁੱਟ ਜਾਇਆ ਕਰਦੇ ਸਨ।
ਅਪਰਾਧੀ ਕਿਸਮ ਦੇ ਇਹਨਾਂ ਲੋਕਾਂ ਦੇ ਖਿਲਾਫ ਕੁਝ ਸਮਾਂ ਪਹਿਲਾਂ ਯੂਪੀ ਸਰਕਾਰ ਨੇ ਬੁਲਡੋਜ਼ਰ ਵਾਲਾ ਤਜਰਬਾ ਵੀ ਬੜੀ ਸਫਲਤਾ ਨਾਲ ਕੀਤਾ ਸੀ। ਹੁਣ ਉਹੀ ਤਜਰਬਾ ਪੰਜਾਬ ਸਰਕਾਰ ਨੇ ਵੀ ਆਪਣਾ ਲਿਆ ਹੈ। ਬਹੁਤ ਸਾਰੇ ਨਸ਼ਾ ਕਾਰੋਬਾਰੀਆਂ ਦੇ ਮਹਿੰਗੇ ਮਹਿੰਗੇ ਘਰ ਮਕਾਨ ਢਾਹ ਢੇਰੀ ਕਰ ਦਿੱਤੇ ਗਏ ਹਨ।
ਅੱਜ ਮਲੌਦ, ਪਾਇਲ, ਖੰਨਾ ਵਿਖੇ ਵੀ ਬੋਲਡੋਜ਼ਰ ਐਕਸ਼ਨ ਦੀ ਸਖਤੀ ਵੱਡੀ ਪੱਧਰ ਤੇ ਦੇਖੀ ਗਈ। ਪੰਜਾਬ ਸਰਕਾਰ ਸਮਗਲਿੰਗ ਨੂੰ ਜੜ੍ਹੋਂ ਪੁੱਟਣ ਲਈ ਪੂਰੀ ਮੁਹਿੰਮ ਚਲਾ ਰਹੀ ਜਲਦੀ ਹੈ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਜੰਗੀ ਪੱਧਰ 'ਤੇ ਸ਼ੁਰੂ ਹੈ।
ਇਸ ਕਾਰਵਾਈ ਤਹਿਤ ਸ਼ੁੱਕਰਵਾਰ ਨੂੰ ਖੰਨਾ ਦੇ ਐਸ.ਪੀ (ਹੈਡਕੁਆਰਟਰ) ਸ੍ਰੀ ਤੇਜਵੀਰ ਸਿੰਘ ਹੁੰਦਲ ਦੀ ਅਗਵਾਈ ਹੇਠ ਨਸ਼ਾ ਤਸਕਰ ਅਮਰੀਕ ਸਿੰਘ ਉਰਫ ਰਿੰਕੂ ਪੁੱਤਰ ਬਲਦੇਵ ਸਿੰਘ ਵਾਸੀ ਵਾਰਡ ਨੰਬਰ 02, ਮਲੌਦ, ਜ਼ਿਲ੍ਹਾ ਲੁਧਿਆਣਾ ਦਾ ਘਰ ਢਾਹਿਆ ਗਿਆ। ਇਹ ਮਕਾਨ ਨਗਰ ਪੰਚਾਇਤ ਮਲੌਦ ਤੋਂ ਬਿਨਾਂ ਮੰਨਜ਼ੂਰੀ ਲਏ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਹੋਇਆ ਸੀ।
ਇਸ ਮੌਕੇ ਨਗਰ ਪੰਚਾਇਤ ਮਲੌਦ ਦੇ ਕਾਰਜਸਾਧਕ ਅਫਸਰ ਸ੍ਰੀ ਹਰਨਰਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਅਮਰੀਕ ਸਿੰਘ ਉਰਫ ਰਿੰਕੂ ਪੁੱਤਰ ਬਲਦੇਵ ਸਿੰਘ ਇਸ ਵੱਲੋਂ ਮਿਊਸਪਲ ਸਪਲ ਐਕਟ ਦੀ ਉਲੰਘਣਾ ਕਰਕੇ ਮਕਾਨ ਦੀ ਨਜਾਇਜ ਉਸਾਰੀ ਕੀਤੀ ਗਈ ਸੀ ਅਤੇ ਇਸ ਵੱਲੋਂ ਮਕਾਨ ਦਾ ਕੋਈ ਨਕਸ਼ਾ ਨਗਰ ਪੰਚਾਇਤ ਮਲੌਦ ਤੋਂ ਪਾਸ ਨਹੀਂ ਕਰਵਾਇਆ ਗਿਆ ਸੀ। ਮਿਊਸਪਲ ਐਕਟ ਦੇ ਤਹਿਤ ਇਸ ਮਕਾਨ ਨੂੰ ਢਾਹੁਣ ਲਈ 4 ਨੋਟਿਸ ਵੀ ਭੇਜੇ ਗਏ ਸਨ। ਸੋ ਅੱਜ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਗੈਰ-ਕਾਨੂੰਨੀ ਉਸਾਰੀ ਨੂੰ ਢਾਹਿਆ ਗਿਆ ਹੈ।
ਖੰਨਾ ਦੇ ਐਸ.ਪੀ (ਹੈਡਕੁਆਰਟਰ) ਸ੍ਰੀ ਤੇਜਵੀਰ ਸਿੰਘ ਹੁੰਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਿਆਂ ਦੇ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਉਰਫ ਰਿੰਕੂ ਪੁੱਤਰ ਬਲਦੇਵ ਸਿੰਘ ਵਾਸੀ ਵਾਰਡ ਨੰ 02, ਮਲੌਦ ਦੇ ਉੱਪਰ ਐਨ.ਡੀ.ਪੀ.ਐਸ.ਐਕਟ ਅਧੀਨ ਵੱਖ-ਵੱਖ 3 ਮੁਕੱਦਮੇ ਦਰਜ਼ ਹਨ। ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਉਰਫ ਰਿੰਕੂ ਪੁੱਤਰ ਬਲਦੇਵ ਸਿੰਘ ਦੋ ਦਿਨ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਹੈ।
ਉਨ੍ਹਾਂ ਨਸ਼ਿਆਂ ਦੇ ਸੌਦਾਗਰਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ੇ ਵੇਚਣ ਦਾ ਕੰਮ ਛੱਡ ਦੇਣ ਨਹੀਂ ਤਾਂ ਉਨ੍ਹਾਂ ਵਿਰੁੱਧ ਵੀ ਇਹੋ ਜਿਹੀ ਕਾਰਵਾਈ ਕੀਤੀ ਜਾਵੇਗੀ।
ਤੇਜਵੀਰ ਸਿੰਘ ਹੁੰਦਲ ਨੇ ਦੱਸਿਆ ਕਿ ਨਸ਼ੇ ਦੇ ਸੌਦਾਗਰਾਂ ਨੇ ਸੂਬੇ ਦੀ ਜਵਾਨੀ ਨੂੰ ਕੁਰਾਹੇ ਪਾਇਆ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਦ੍ਰਿੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਕਾਰੋਬਾਰੀਆਂ ਦੀ ਸ਼ਿਕਾਇਤ ਕਰਨ ਲਈ ਆਪਣੇ ਨੇੜਲੇ ਪੁਲਿਸ ਸਟੇਸ਼ਨ ਵਿਖੇ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨਿਰੰਤਰ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਅੰਦਰ ਨਸ਼ਾ ਤਸਕਰਾਂ ਲਈ ਕੋਈ ਥਾਂ ਨਹੀਂ ਹੈ।
ਇਥੇ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਦੀ ਇਲਾਕਾ ਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੁਲਿਸ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਡੀ.ਐਸ.ਪੀ ਪਾਇਲ ਹੇਮੰਤ ਮਲਹੋਤਰਾ, ਡੀ.ਐਸ.ਪੀ ਸੀ.ਏ.ਡਬਲਯੂ.ਸੀ ਕਰਮਵੀਰ ਤੂਰ, ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
No comments:
Post a Comment